
ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ
13-07-2026
ਬਘੇਲ ਨਾਲ ਮੀਟਿੰਗ ਮਗਰੋਂ ਵੀ ਕਾਂਗਰਸ ‘ਚ ਰੇੜਕਾ ਬਰਕਰਾਰ- ਇਕ ਖ਼ਬਰ
ਸਭੇ ਕੰਨ ਪੜਵਾ ਕੇ ਬੈਠ ਜਾਂਦੇ, ਮੁਸ਼ਕਿਲ ਜੋਗ ਦਾ ਤੋੜ ਚੜ੍ਹਾਉਣ ਬੇਟਾ।
ਅਯਾਤੁੱਲਾ ਅਲੀ ਖ਼ਾਮੇਨੇਈ ਦੇ ਖ਼ੂਨ ਦਾ ਬਦਲਾ ਜ਼ਰੂਰ ਲਵਾਂਗਾ- ਮੁਜਤਬਾ ਖ਼ਾਮੇਨੇਈ
ਵੱਢ ਕੇ ਡੋਗਰ ਨੂੰ, ਪੱਕੇ ਪੁਲ ‘ਤੇ ਗੰਡਾਸੀ ਮਾਂਜੀ।
ਇਜ਼ਰਾਈਲ ਦੇ ਮੁੱਦੇ ਉਤੇ ਮੋਦੀ ਦੀ ਚੁੱਪੀ ‘ਤੇ ਕਾਂਗਰਸ ਦਾ ਤਿੱਖਾ ਹਮਲਾ- ਇਕ ਖ਼ਬਰ
ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ ਕਿ ਅੱਧੀ ਰਾਤੋਂ ਰਾਤ ਟੱਪ ਗਈ।
300 ਗ੍ਰਾਮ ਹੈਰੋਇਨ ਅਤੇ ਡਰੱਗ ਮਨੀ ਸਮੇਤ ਪੁਲਿਸ ਸਬ-ਇੰਸਪੈਕਟਰ ਗ੍ਰਿਫ਼ਤਾਰ- ਇਕ ਖ਼ਬਰ
ਉਸ ਖੇਤ ‘ਤੇ ਕੀ ਬਹਾਰ ਆਉਣੀ, ਜਿੱਥੇ ਵਾੜ ਹੀ ਉਸ ਨੂੰ ਖਾਂਵਦੀ ਏ।
ਇਰਾਨ ਨੇ ਹੋਰਮੁਜ਼ ਜਲਡਮਰੂਮੱਧ ‘ਚ ਭਾਰਤੀ ਤੇਲ ਟੈਂਕਰ ਦਾ ਰਸਤਾ ਰੋਕਿਆ- ਇਕ ਖ਼ਬਰ
ਹੱਥ ਸੋਚ ਕੇ ਗੰਦਲ ਨੂੰ ਪਾਈਂ, ਕਿਹੜੀ ਏਂ ਤੂੰ ਸਾਗ ਤੋੜਦੀ।
ਜੰਮੂੰ –ਕਸ਼ਮੀਰ ਨੂੰ ਤੁਰਤ ਪੂਰਨ ਰਾਜ ਦਾ ਦਰਜਾ ਦਿਤਾ ਜਾਵੇ- ਫਾਰੂਕ ਅਬਦੁੱਲਾ
ਸਾਡਾ ਹੱਕ, ਐਥੇ ਰੱਖ।
ਪਾਕਿਸਤਾਨ ਅਤੇ ਅਰਬ ਦੇਸ਼ਾਂ ਨਾਲ ਪੰਜਾਬ ਰਾਹੀਂ ਕਿਉਂ ਨਹੀਂ ਹੋ ਸਕਦਾ ਵਪਾਰ?- ਇਕ ਸਵਾਲ
ਜਿਸ ਬੰਦੇ ਨੂੰ ਤੁਸੀਂ ਭੁੱਖਾ ਮਾਰਨਾ ਚਾਹੁੰਦੇ ਹੋ, ਕੀ ਉਸ ਨੂੰ ਰੋਟੀ ਦਿਉਗੇ?
ਦੋ ਦਸੰਬਰ ਦੇ ਹੁਕਨਾਮਿਆਂ ਤੋਂ ਮੁਕਰਨ ਵਾਲਿਆਂ ਵਿਰੁੱਧ ਪੰਥਕ ਇਕੱਠ ਕਿਉਂ ਨਾ ਕੀਤਾ ਗਿਆ?-ਗਿ. ਹਰਪ੍ਰੀਤ ਸਿੰਘ
ਜਿਸ ਦੀ ਖਾਈਏ ਬਾਜਰੀ, ਉਸ ਦੀ ਭਰੀਏ ਹਾਜ਼ਰੀ।
ਹਾਈ ਕਮਾਨ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਬਘੇਲ ਦੀ ਚਿਤਾਵਨੀ- ਇਕ ਖ਼ਬਰ
ਆਉਂਦੀ ਜਾਂਦੀ ਨੂੰ ਘੜਾ ਚੁਕਾਉਂਦਾ, ਮਗਰੋਂ ਮਾਰਦਾ ਗੋਡਾ।
ਗ੍ਰੀਨਲੈਂਡ ਵਿਕਾਊ ਨਹੀਂ ਹੈ- ਡੈਨਿਸ਼ ਪ੍ਰਧਾਨ ਮੰਤਰੀ
ਰੰਗ ਮੁਸ਼ਕੀ ਦੇਖ ਕੇ ਮੇਰਾ, ਮੁੰਡਾ ਮਾਰਦਾ ਗੇੜੇ ਤੇ ਗੇੜਾ।
ਪੰਜਾਬ ਕਾਂਗਰਸ 2027 ਦੀਆਂ ਚੋਣਾਂ ਲਈ ਤਿਆਰ- ਭੂਪੇਸ਼ ਪਟੇਲ
ਚਲ ਚੱਲੀਏ ਵਿਸਾਖੀ ਵਾਲੇ ਮੇਲੇ, ਮੁੰਡਾ ਤੇਰਾ ਮੈਂ ਚੁੱਕ ਲਊਂ।
ਇਸ਼ਤਿਹਾਰਾਂ ‘ਤੇ ਕਰੋੜਾਂ ਫੂਕਣ ਵਾਲ਼ੀ ਸਰਕਾਰ ਕੋਲ ਕਰਮਚਾਰੀਆਂ ਲਈ ਖ਼ਜ਼ਾਨਾ ਖ਼ਾਲੀ- ਇਕ ਖ਼ਬਰ
ਮੇਰਾ ਮੋਰਨੀ ਜਿਹੀ ਦਾ ਗਲ਼ ਖਾਲੀ, ਆਪ ਤਾਂ ਜ਼ੰਜੀਰੀ ਰੱਖਦਾ।
ਪੰਜਾਬ ਦੇ ਮੰਤਰੀਆਂ ਅਤੇ ਵਿਧਾਇਕਾਂ ਨੇ ਪੰਜਾਬ ਭਰ ‘ਚ ਕੀਤੀਆਂ ਲੋਕ ਮਿਲਣੀਆਂ- ਇਕ ਖ਼ਬਰ
ਰੁੱਤ ਯਾਰੀਆਂ ਲਾਉਣ ਦੀ ਆਈ, ਬੇਰੀਆਂ ਦੇ ਬੇਰ ਪੱਕ ਗਏ।
ਵਿਦਵਾਨ ਬੁਲਾਰਿਆਂ ਨੇ ਪੰਜਾਬ ਦੇ ਪਾਣੀਆਂ ਦੇ ਵਿਸ਼ੇ ‘ਤੇ ਕੀਤੀ ਭਰਵੀਂ ਵਿਚਾਰ-ਚਰਚਾ- ਇਕ ਖ਼ਬਰ
ਸੱਪ ਤਾਂ ਕਦੋਂ ਦਾ ਲੰਘ ਚੁੱਕਿਐ, ਐਵੇਂ ਜ਼ਮੀਨ ‘ਤੇ ਲਾਠੀਆਂ ਮਾਰੀ ਚਲੋ।
‘ਆਪ’ ਸਰਕਾਰ ਵਾਰ ਵਾਰ ਕਰਜ਼ਾ ਲੈ ਕੇ ਸੂਬੇ ਨੂੰ ਵਿਤੀ ਸੰਕਟ ਵਲ ਧੱਕ ਰਹੀ ਹੈ- ਕੇਵਲ ਸਿੰਘ ਢਿੱਲੋਂ
ਲੌਂਗ ਘੜਾ ਦਊਂਗਾ, ਗੁੱਸਾ ਛੱਡ ਮੁਟਿਆਰੇ।