ਚੁੰਝਾਂ-ਪ੍ਹੌਂਚੇ

20/07/2026

17 ਜੁਲਾਈ ਨੂੰ ਮੋਦੀ ਦੇ ਦੌਰੇ ਤੋਂ ਪਹਿਲਾਂ ਪੰਜਾਬ ਭਾਜਪਾ 15-16 ਜੁਲਾਈ ਨੂੰ ਚਲਾਏਗੀ ਸਵੱਛਤਾ ਮੁਹਿੰਮ- ਇਕ ਖ਼ਬਰ

ਵਿਹੜੇ ਆਈ ਜੰਞ, ਵਿੰਨ੍ਹੋਂ ਕੁੜੀ ਦੇ ਕੰਨ।

ਅਮਰੀਕਾ ਅਤੇ ਇਰਾਨ ਵਲੋਂ ਹੋਰਮੁਜ਼ ਉੱਪਰ ਆਪਣੇ ਆਪਣੇ ਕਬਜ਼ੇ ਦਾ ਦਾਅਵਾ- ਇਕ ਖ਼ਬਰ

ਵਾਰਿਸਸ਼ਾਹ ਦੋ ਲੜਨ ਮਾਸ਼ੂਕ ਏਥੇ, ਮੇਰੀ ਸੰਗਲੀ ਸ਼ਗਨ ਵਿਚਾਰਦੀ ਏ।

ਭਾਜਪਾ ਨੇ ਉਮਰ ਅਬਦੁੱਲਾ ਨੂੰ ਭੇਜਿਆ ਕਾਨੂੰਨੀ ਨੋਟਿਸ- ਇਕ ਖ਼ਬਰ

ਬਾਂਹ ਮਾਰ ਕੇ ਘੋਟਣਾ ਭੰਨ ‘ਤੀ, ਜੇਠ ਦੀ ਮੈਂ ਗੱਲ ਨਾ ਮੰਨੀ।

ਪ੍ਰਧਾਨ ਮੰਤਰੀ ਨੇ ਪੰਜਾਬ ਦੇ ਹਰੇਕ ਵਰਗ ਨੂੰ ਨਿਰਾਸ਼ ਕੀਤਾ- ਹਰਪਾਲ ਚੀਮਾ

ਉਜੜੀਆਂ ਭਰਜਾਈਆਂ, ਵਲੀ ਜਿਨ੍ਹਾਂ ਦੇ ਜੇਠ।

ਭਾਜਪਾ ਦੀ ਮਦਦ ਕਰਨ ਵਾਲੇ ਸੰਸਦ ਮੈਂਬਰ ਹੋਣਗੇ ‘ਲੋਕਤੰਤਰ ਦੇ ਕਾਤਲ’- ਵਕੀਲ ਕਪਿਲ ਸਿੱਬਲ

ਨਹੀਂ ਕੰਮ ਪਿਆਰਿਉ ਇਹ ਚੰਗਾ, ਮਾਰੀ ਸੱਜਣਾ ‘ਤੇ ਤਲਵਾਰ ਬੇਲੀ।

ਟਰੰਪ ਨੇ ਚੀਨ ਉੱਤੇ ਲਗਾਏ 2020 ਦੀਆਂ ਚੋਣਾਂ ‘ਚ ਦਖ਼ਲਅੰਦਾਜ਼ੀ ਦੇ ਦੋਸ਼- ਇਕ ਖ਼ਬਰ

ਟੁੱਟ ਪੈਣੇ ਦਰਜੀ ਨੇ, ਮੇਰੀ ਰੱਖ ਲਈ ਸੁੱਥਣ ‘ਚੋਂ ਟਾਕੀ।

ਪਾਕਿਸਤਾਨ ਦੀਆਂ ਅਮਰੀਕਾ-ਇਰਾਨ ਵਿਚਕਾਰ ਸਮਝੌਤੇ ਦੀ ਕੋਸ਼ਿਸ਼ਾਂ ਫੇਲ੍ਹ- ਇਕ ਖ਼ਬਰ

ਮੇਰੀ ਕੱਚੇ ਘੜੇ ਦੀ ਬੇੜੀ, ਜੇ ਰੱਬ ਪਾਰ ਕਰੇ।

ਸੁਖਬੀਰ ਬਾਦਲ ਨੂੰ ਆਪਣਾ ਹੀ ਧਰਮ ਯੁੱਧ ਦਾ ਐਲਾਨ ਭੁੱਲਿਆ- ਬਲਤੇਜ ਪੰਨੂੰ

ਕਿਹੜਾ ਧਰਮ-ਯੁੱਧ? ਖਾਧੀ ਪੀਤੀ ‘ਚ ਕਹਿ ਹੋ ਗਿਆ, ਸੀਰੀਅਸ ਨਾ ਲਿਆ ਕਰੋ ਯਾਰ!

ਮੋਦੀ ਨੂੰ ਭਾਰਤ-ਅਮਰੀਕਾ ਵਪਾਰ ਸਮਝੌਤੇ ਵਰਗੇ ਗੰਭੀਰ ਮੁੱਦਿਆਂ ‘ਤੇ ਬੋਲਣਾ ਚਾਹੀਦਾ ਸੀ- ਪਰਗਟ ਸਿੰਘ

ਕਾਦਰਯਾਰ ਕਹਿੰਦਾ ਸਲਵਾਨ ਰਾਜਾ, ਪਿੱਛੇ ਕੀ ਕਰਤੂਤ ਕਰ ਆਇਉਂ ਈ।

ਕਿਸਾਨ-ਮਜ਼ਦੂਰ ਮੋਰਚਾ ਮੋਦੀ ਦੇ ਦੌਰੇ ਦੌਰਾਨ ਜ਼ਿਲ੍ਹਿਆਂ ‘ਚ ਰੋਸ ਮਾਰਚ ਕਰੇਗਾ- ਇਕ ਖ਼ਬਰ

ਸੱਸ ਪਿੱਟਣੀ ਪੰਜੇਬਾਂ ਪਾ ਕੇ, ਜੱਗ ਚਾਹੇ ਕਰੇ ਨਿੰਦਿਆ।

ਕੇਂਦਰ ਸਰਕਾਰ ਪੰਜਾਬ ਦੇ ਰੁਕੇ ਹੋਏ ਫੰਡ ਜਾਰੀ ਕਰੇ- ਸਿਹਤ ਮੰਤਰੀ ਬਲਬੀਰ ਸਿੰਘ

ਝਾਂਜਰਾਂ ਘੜਾ ਦੇ ਮਿੱਤਰਾ, ਅੱਡੀ ਮਾਰ ਕੇ ਲੰਘੂੰਗੀ ਦਰ ਤੇਰਾ।

ਪੰਜਾਬ ਕਾਂਗਰਸ ਦੇ ਮਸਲੇ ਦੇ ਹੱਲ ਲਈ ਹਾਈ ਕਮਾਂਡ ਦੀ ਮੀਟਿੰਗ ਦੂਜੇ ਦਿਨ ਵੀ ਜਾਰੀ- ਇਕ ਖ਼ਬਰ

ਕਿਹੜੇ ਯਾਰ ਦਾ ਗੁਤਾਵਾ ਕੀਤਾ, ਅੱਖ ਵਿਚ ਕੱਖ ਪੈ ਗਿਆ।

ਬਹਿਬਲ ਕਲਾਂ-ਕੋਟ ਕਪੂਰਾ ਗੋਲੀ ਕਾਂਡ ‘ਚ ਸੁਖਬੀਰ ਬਾਦਲ ਨੂੰ ਸਿੱਟ ਨੇ ਪੇਸ਼ੀ ਲਈ ਸੱਦਿਆ- ਇਕ ਖ਼ਬਰ

ਕਾਦਰਯਾਰ ਅਣਹੋਣੀਆਂ ਕਰਨ ਜਿਹੜੇ, ਆਖਰਵਾਰ ਉਨ੍ਹਾਂ ਪੱਛੋਤਾਵਣਾ ਈ।

ਨਿਜੀ ਸਕੂਲਾਂ ‘ਤੇ ਲਗਾਈ ਲਗਾਮ ਮਾਪਿਆਂ ਲਈ ਵੱਡੀ ਰਾਹਤ- ਡਿਪਟੀ ਸਪੀਕਰ ਰੋੜੀ

ਤੀਆਂ ਨੂੰ ਲਵਾਉਣ ਵਾਲ਼ਿਆ, ਤੇਰਾ ਹੋਵੇ ਸੁਰਗਾਂ ਵਿਚ ਵਾਸਾ।

ਸੱਚ ਸਾਹਮਣੇ ਲਿਆਉਣ ਲਈ ਲੋਕ ਕਮਿਸ਼ਨ ਦਾ ਗਠਨ ਕੀਤਾ ਜਾਵੇ- ਬੀਬੀ ਪਰਮਜੀਤ ਕੌਰ ਖਾਲੜਾ

ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ, ਹੋਣ ਪੰਜਾਬ ਦੇ ਵਿਚ ਖੁਆਰੀਆਂ ਜੀ।

-----------------------------------------------------------------------------------------------------------------