ਚੁੰਝਾਂ-ਪ੍ਹੌਂਚੇ

27.07.2026                         

 ਮੌਜੂਦਾ ਹਾਲਾਤ ਵਿਚ ਸਮੁੱਚੇ ਸਿੱਖ ਪੰਥ ਦਾ ਇਕੱਠੇ ਹੋਣਾ ਬਹੁਤ ਜ਼ਰੂਰੀ- ਗਿ.ਹਰਪ੍ਰੀਤ ਸਿੰਘ

ਸ਼ਾਹ ਮੁਹੰਮਦਾ ਆਖਦੇ ਲੋਕ ਸਿੰਘ ਜੀ, ਤੁਸੀਂ ਚੰਗੀਆਂ ਪੂਰੀਆਂ ਪਾ ਆਏ।

ਸੰਸਦ ਦੇ ਬਾਹਰ ਐਨ.ਡੀ.ਏ. ਅਤੇ ਇੰਡੀਆ ਬਲਾਕ ਆਹਮੋ-ਸਾਹਮਣੇ- ਇਕ ਖ਼ਬਰ

ਕੁੰਢੀਆਂ ਦੇ ਸਿੰਙ ਫ਼ਸ ਗਏ, ਕੋਈ ਨਿੱਤਰੂ ਵੜੇਵੇਂ ਖਾਣੀ।

ਪ੍ਰਧਾਨ ਮੰਤਰੀ ਮੋਦੀ ਦੇ ਨਿਵਾਸ ਅੱਗੇ ਕਾਂਗਰਸ ਦਾ ਪ੍ਰਦਰਸ਼ਨ- ਇਕ ਖ਼ਬਰ

ਤੇਰੇ ਬੂਹੇ ਅੱਗੇ ਡਾਂਗ ਖੜਕਾਉਣੀ, ਦਾਰੂ ਪੀ ਕੇ ਮਿੱਤਰਾਂ ਨੇ।

ਝੂੰਦਾਂ ਤੇ ਉਮੈਦਪੁਰ ਸਮੇਤ ਕਈ ਆਗੂਆਂ ਵਲੋਂ ਵਾਰਸ ਪੰਜਾਬ ਦਾ ਸਮਰਥਨ- ਇਕ ਖ਼ਬਰ

ਛੱਡ ਗਈ ਯਾਰ ਪੁਰਾਣੇ, ਨਵਿਆਂ ਦੇ ਸੰਗ ਲੱਗ ਕੇ।

ਈਰਾਨ ਨਾਲ ਜੰਗ ਵਿਚ ਅਮਰੀਕਾ ਨੇ 37.5 ਅਰਬ ਡਾਲਰ ਕੀਤੇ ਸੁਆਹ- ਇਕ ਖ਼ਬਰ

ਢਿੱਡ ਛਿੱਲ ਲਿਆ ਬੋਸਕੀ ਵਰਗਾ, ਰੋੜਾਂ ਵਾਲ਼ੀ ਕੰਧ ਟੱਪ ਕੇ।

ਪਾਕਿਸਤਾਨ ਨੇ ਅਮਰੀਕਾ ਤੋਂ ਮੰਗੀ 10 ਅਰਬ ਡਾਲਰ ਦੀ ਮਦਦ- ਇਕ ਖ਼ਬਰ

ਤੁਸੀਂ ਕਰੋ ਅਸਾਡੀ ਕਾਰੀ ਜੀ, ਹੁਣ ਹੋ ਗਈ ਮੁਸ਼ਕਿਲ ਭਾਰੀ ਜੀ।

ਭਾਜਪਾ ਪੰਜਾਬ ਨੂੰ ਮੁੜ ਨੰਬਰ ਇਕ ‘ਤੇ ਲਿਆਵੇਗੀ- ਜਾਖੜ

ਲੱਸੀ ਲੈਣ ਦੇ ਬਹਾਨੇ ਆਉਂਦੇ, ਛੜਿਆਂ ਦੀ ਨੀਤ ਬੁਰੀ।

ਹਰਿਆਣੇ ਦੇ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਸ਼ੰਭੂ ਬਾਰਡਰ ‘ਤੇ ਕਿਸਾਨਾਂ ਦਾ ਧਰਨਾ ਸਮਾਪਤ- ਇਕ ਖ਼ਬਰ

ਮੇਰੇ ਜੇਠ ਦੇ ਪੁੱਠੇ ਦਿਨ ਆਏ, ਕਿੱਕਰਾਂ ਨੂੰ ਪਾਵੇ ਜੱਫੀਆਂ।

ਪੰਜਾਬ ਕਾਂਗਰਸ ਦੇ ਸਾਰੇ ਆਗੂ ਹੁਣ ਇਕਜੁੱਟ- ਭੂਪੇਸ਼ ਪਟੇਲ

ਟੱਪ ਟੱਪ ਮਾਰਦੀ ਛੜੱਪੇ, ਪੰਸੇਰੀ ਡੱਡੂਆਂ ਦੀ।

ਜੰਤਰ ਮੰਤਰ ਦੇ ਪ੍ਰਦਰਸ਼ਨਕਾਰੀਆਂ ਲਈ ਖੁੱਲ੍ਹੇ ਬੰਗਲਾ ਸਾਹਿਬ ਗੁਰਦੁਆਰੇ ਦੇ ਦਰਵਾਜ਼ੇ- ਇਕ ਖ਼ਬਰ

ਗੁੜ੍ਹਤੀ ਗੁਰੂ ਨੇ ਸਿੱਖ ਨੂੰ ਦਿਤੀ ਐਸੀ, ਵਿਚ ਜੰਗ ਦੇ ਵੀ ਵੈਰੀ ਨੂੰ ਪਿਆਏ ਪਾਣੀ।

ਇਰਾਨ ਦੀ ਯੂ.ਏ.ਈ. ਨੂੰ ਧਮਕੀ, ਅਮਰੀਕਾ ਦਾ ਸਾਥ ਨਾ ਛੱਡਣ ‘ਤੇ ਹੋਵੇਗਾ ਭਾਰੀ ਨੁਕਸਾਨ- ਇਕ ਖ਼ਬਰ

ਦਾਲ ਦਗ਼ਾ ਫਿਰੰਗੀਆਂ ਵਿਚ ਭਾਰਾ, ਆਕਲ ਆਖਦੇ ਆਦਿ ਜੁਗਾਦਿ ਸਾਰੇ।

ਨੀਟ 2024 ਦੇ ਪੇਪਰ ਲੀਕ ਮਾਮਲੇ ਦੇ ਮੁੱਖ ਦੋਸ਼ੀ ਨੂੰ ਮਿਲੀ ਕਲੀਨ ਚਿਟ-  ਖ਼ਬਰ

ਕਲੀਨ ਚਿਟ ਨਾ ਦੇ ਕੇ ਅਗਲਿਆਂ ਨੇ ਲੱਖਾਂ ਕਰੋੜਾਂ ਦੇ ਕਾਰੋਬਾਰ ਦਾ ਭੱਠਾ ਬਿਠਾਉਣਾ।

ਪੰਜਾਬ ਕਾਂਗਰਸ ਦੇ ਮਾਮਲੇ ‘ਚ ਰਾਹੁਲ ਗਾਂਧੀ ਸਿੱਧਾ ਦਖ਼ਲ ਕਿਉਂ ਨਹੀਂ ਦੇ ਰਹੇ?- ਇਕ ਸਵਾਲ

ਦਲਾਲੀ ਕੋਲ਼ਿਆਂ ਦੀ, ਮੂੰਹ ਕਾਲ਼ਾ ਨਾ ਕਰਵਾਈਏ।

ਕੈਨੇਡਾ ‘ਚ ਚੋਰੀਆਂ ਕਰਦੇ ਪੰਜਾਬੀਆਂ ਸਮੇਤ 32 ਵਿਅਕਤੀ ਗ੍ਰਿਫ਼ਤਾਰ- ਇਕ ਖ਼ਬਰ

ਬਦਨਾਮ ਭੀ ਹੋਂਗੇ ਤੋ ਕਿਆ ਨਾਮ ਨਾ ਹੋਗਾ।

ਜੇ ਕਰ ਟਰੰਪ ਨੇ ਨਵੇਂ ਟੈਰਿਫ਼ ਲਗਾਏ ਤਾਂ ਕੈਨੇਡਾ ਜਵਾਬ ਦੇਵੇਗਾ- ਪ੍ਰਧਾਨ ਮੰਤਰੀ ਕਾਰਨੀ

ਜਦੋਂ ਕੱਢ ਕੇ ਵਹੀ ਲੇਖਾ ਮੰਗਿਆ, ਫੇਰ ਕੀ ਜਵਾਬ ਦੇਵੇਂਗਾ।

============================================================