
ਆ ਗਈ ਰੋਡਵੇਜ਼ ਦੀ ਲਾਰੀ - ਨਿਰਮਲ ਸਿੰਘ ਕੰਧਾਲਵੀ
ਪੰਜਾਬ ਦਾ ਸ਼ਾਇਦ ਹੀ ਐਸਾ ਕੋਈ ਸ਼ਖ਼ਸ ਹੋਵੇਗਾ ਜਿਸ ਦਾ ਬੱਸਾਂ ਦੇ ਸਫ਼ਰ ਦਾ ਕੋਈ ਮਿੱਠਾ-ਕੌੜਾ ਤਜਰਬਾ ਨਾ ਹੋਵੇ। ਕੌੜਾ ਵਧੇਰੇ ਅਤੇ ਮਿੱਠਾ ਘੱਟ। ਬਜ਼ੁਰਗ਼ਾਂ ਵਾਸਤੇ ਤੇ ਬਿਮਾਰ ਲੋਕਾਂ ਲਈ ਤਾਂ ਬੱਸ ਦਾ ਸਫ਼ਰ ਭਵ-ਸਾਗਰ ਪਾਰ ਕਰਨ ਵਾਂਗ ਹੀ ਹੈ। ਬੱਸ ਦੀਆਂ ਉੱਚੀਆਂ ਪੌੜੀਆਂ ਚੜ੍ਹਨੀਆਂ ਚੁਬਾਰੇ ਉੱਤੇ ਚੜ੍ਹਨ ਵਾਂਗ ਹੈ। ਪੱਛਮੀ ਦੇਸ਼ਾਂ ਵਰਗੀਆਂ ਸਹੂਲਤਾਂ ਅਜੇ ਨਸੀਬ ਨਹੀਂ ਹੋਈਆਂ ਉੱਥੇ, ਜਿੱਥੇ ਬੱਸ ਨੂੰ ਹਾਈਡ੍ਰਾਲਿਕ ਸਿਸਟਮ ਨਾਲ ਫੁੱਟਪਾਥ ਦੇ ਲੈਵਲ ‘ਤੇ ਕਰ ਦਿਤਾ ਜਾਂਦਾ ਹੈ। ਵ੍ਹੀਲਚੇਅਰ ਵੀ ਬੱਸ ਦੇ ਅੰਦਰ ਜਾ ਸਕਦੀ ਹੈ। ਅਸੀਂ ਆਪ ਵੀ ਅਜੇ ਕਤਾਰ ‘ਚ ਖੜ੍ਹੇ ਹੋ ਕੇ ਆਪਣੀ ਵਾਰੀ ਦੀ ਉਡੀਕ ਕਰਨੀ ਨਹੀਂ ਸਿੱਖੀ। ਧੱਕੋ-ਮੁੱਕੀ ਨੂੰ ਹੀ ਪਰਮੋ- ਧਰਮਾ ਸਮਝਦੇ ਹਾਂ। ਅਸੀਂ ਤਾਂ ਹਵਾਈ ਜਹਾਜ਼ ਤੇ ਚੜ੍ਹਨ ਲੱਗਿਆਂ ਵੀ ਇਕ ਦੂਜੇ ਦੀਆਂ ਖੁੱਚਾਂ ਵੱਢਣੋਂ ਨਹੀਂ ਹਟਦੇ ਹਾਲਾਂ ਕਿ ਪਤਾ ਹੈ ਕਿ ਜਹਾਜ਼ ਨੇ ਸਭ ਨੂੰ ਹੀ ਲੈ ਕੇ ਜਾਣਾ ਹੈ।
ਗੀਤਕਾਰਾਂ ਨੇ ਵੀ ਇਹਨਾਂ ਤਜਰਬਿਆਂ ਨੂੰ ਆਪਣੇ ਸ਼ਬਦਾਂ ‘ਚ ਖੂਬ ਬੰਨ੍ਹਿਆਂ ਹੈ। ਉੱਪਰਲਾ ਗੀਤ ਕਿ ‘ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ’ ਬੜਾ ਮਕਬੂਲ ਹੋਇਆ ਸੀ। ਮੈਂ ਜਦੋਂ ਵੀ ਪੰਜਾਬ ਜਾਂਦਾ ਹਾਂ ਤਾਂ ਥੋੜ੍ਹਾ ਬਹੁਤ ਬੱਸ ਦਾ ਸਫ਼ਰ ਜ਼ਰੂਰ ਕਰਦਾ ਹਾਂ, ਇਕ ਤਾਂ ਮੈਨੂੰ ਆਪਣਾ ਕਾਲਜ ਦਾ ਉਹ ਜ਼ਮਾਨਾ ਯਾਦ ਆ ਜਾਂਦਾ ਹੈ ਜਦੋਂ ਅਸੀਂ ਵੀ ਇਨ੍ਹਾਂ ਵਰਤਾਰਿਆਂ ‘ਚ ਸ਼ਾਮਲ ਹੁੰਦੇ ਸਾਂ ਤੇ ਦੂਸਰਾ ਤੁਹਾਨੂੰ ਆਲ਼ੇ ਦੁਆਲੇ ਬੈਠੇ ਲੋਕਾਂ ਦੀਆਂ ਗੱਲਾਂ ਸੁਣਨ ਨੂੰ ਮਿਲਦੀਆਂ ਹਨ ਤੇ ਉਨ੍ਹਾਂ ਦੀ ਗੱਲਬਾਤ ਤੋਂ ਸਮਾਜਿਕ ਵਰਤਾਰੇ ਬਾਰੇ ਪਤਾ ਲਗਦਾ ਹੈ।
ਕੰਡਕਟਰਾਂ ਤੇ ਸਵਾਰੀਆਂ ਦੀ ਬਹੁਤੀ ਤੂੰ ਤੂੰ ਮੈਂ ਮੈਂ ਟੁੱਟੇ ਹੋਏ ਪੈਸਿਆਂ ਤੋਂ ਹੀ ਹੁੰਦੀ ਹੈ। ਦੋਵੇਂ ਧਿਰਾਂ ਇਸ ਦੀ ਜ਼ਿੰਮੇਵਾਰੀ ਇਕ ਦੂਜੇ ‘ਤੇ ਸੁੱਟਦੀਆਂ ਹਨ। ਕੰਡਕਟਰ ਦੀ ਦਲੀਲ ਕਿ ਸਵਾਰੀ ਘਰੋਂ ਹੀ ਟੁੱਟੇ ਹੋਏ ਪੈਸੇ ਲੈ ਕੇ ਤੁਰੇ ਤੇ ਸਵਾਰੀ ਦੀ ਦਲੀਲ ਕਿ ਕੰਡਕਟਰ ਕੋਲ ਭਾਨ ਹੋਣੀ ਚਾਹੀਦੀ ਹੈ। ਕਈ ਵਾਰੀ ਛੋਟੇ ਬੱਚਿਆਂ ਦੀ ਉਮਰ ਬਾਰੇ ਵੀ ਝਗੜਾ ਖੜ੍ਹਾ ਹੋ ਜਾਂਦਾ ਹੈ। ਮਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਬੱਚੇ ਦੀ ਉਮਰ ਘੱਟ ਦੱਸੀ ਜਾਵੇ ਜਿਸ ਨਾਲ ਟਿਕਟ ਨਾ ਲੱਗੇ ਜਾਂ ਅੱਧੀ ਲੱਗੇ। ਬੱਸਾਂ ਦੇ ਸਫ਼ਰ ਨੂੰ ਲੈ ਕੇ ਕਾਲਜਾਂ ਦੇ ਵਿਦਿਆਰਥੀਆਂ ਦੀਆਂ ਹੜਤਾਲਾਂ ਕਿਸ ਨੂੰ ਯਾਦ ਨਹੀਂ! ਆਮ ਲੋਕ ਖੱਜਲ ਖੁਆਰ ਹੁੰਦੇ, ਉਹ ਕਦੇ ਵਿਦਿਆਰਥੀਆਂ ਨੂੰ ਤੇ ਕਦੇ ਬੱਸਾਂ ਵਾਲਿਆਂ ਨੂੰ ਬੁਰਾ ਭਲਾ ਬੋਲਦੇ।
ਕੈ.ਅਮਰਿੰਦਰ ਸਿੰਘ ਦੀ ਸਰਕਾਰ ਨੇ ਬੀਬੀਆਂ ਲਈ ਬੱਸਾਂ ‘ਚ ਸਫ਼ਰ ਮੁਫ਼ਤ ਕਰ ਦਿਤਾ। ਬੀਬੀਆਂ ਦੀਆਂ ਵੋਟਾਂ ਪੱਕੀਆਂ, ਪਰ ਇਸ ਨੇ ਵੀ ਬੜੇ ਪੁਆੜੇ ਪਾਏ। ਨਿਤ ਦਿਨ ਕੰਡਕਟਰਾਂ ਦੀ ਬੀਬੀਆਂ ਨਾਲ ਹੁੰਦੀ ਤੂੰ ਤੂੰ ਮੈਂ ਮੈਂ ਅਖ਼ਬਾਰਾਂ ਤੇ ਸੋਸ਼ਲ ਮੀਡੀਆ ਦਾ ਸ਼ਿੰਗਾਰ ਬਣਦੀ ਹੈ। ਜੇ ਬੀਬੀਆਂ ਕਿਸੇ ਸਟਾਪ ‘ਤੇ ਜ਼ਿਆਦਾ ਖੜ੍ਹੀਆਂ ਹਨ ਤਾਂ ਡਰਾਈਵਰ ਬੱਸ ਨੂੰ ਜਾਂ ਤਾਂ ਪਿੱਛੇ ਹੀ ਰੋਕ ਲੈਂਦੇ ਹਨ ਜਾਂ ਅਗਾਂਹ ਜਾ ਕੇ ਰੁਕਦੇ ਹਨ ਤਾਂ ਕਿ ਬੀਬੀਆਂ ਨੂੰ ਚੜ੍ਹਾਉਣਾ ਨਾ ਪਵੇ। ਬਹੁਤ ਲੋਕ ਇਸ ਗੱਲ ਦਾ ਵੀ ਇਤਰਾਜ਼ ਕਰਦੇ ਹਨ ਕਿ ਜਿਹੜੀਆਂ ਬੀਬੀਆਂ ਨੌਕਰੀ ਕਰਦੀਆਂ ਤੇ ਮੋਟੀਆਂ ਤਨਖ਼ਾਹਾਂ ਲੈਂਦੀਆਂ ਹਨ ਜਾਂ ਉਂਜ ਘਰੋਂ ਰੱਜੀਆਂ ਪੁੱਜੀਆਂ ਹਨ ਉਨ੍ਹਾਂ ਨੂੰ ਇਹ ਸਹੂਲਤ ਕਿਉਂ? ਪਰ ਮਸਲਾ ਤਾਂ ਵੋਟਾਂ ਨਾਲ ਜੁੜਿਆ ਹੋਇਆ ਹੈ। ਜੇ ਕੇਂਦਰ ਸਰਕਾਰ ਇੰਜ ਵੋਟਾਂ ਬਟੋਰਦੀ ਹੈ ਤਾਂ ਸੂਬੇ ਕਿਉਂ ਪਿੱਛੇ ਰਹਿਣ? ਤਾਏ ਦੀ ਚੱਲੀ ਤਾਂ ਮੈਂ ਕਿਉਂ ਰਹਾਂ ਇਕੱਲੀ।
ਉੱਪਰਲੇ ਗੀਤ ਨਾਲ਼ ਸਬੰਧਤ ਇਕ ਬੜੀ ਰੌਚਕ ਘਟਨਾ ਪੇਸ਼ ਹੈ। ਮੇਰੇ ਮਹਿਕਮੇ ਨੇ ਮੇਰੀ ਬਦਲੀ ਅਚਾਨਕ ਹੀ ਕੋਟਕਪੂਰੇ ਦੀ ਕਰ ਦਿਤੀ। ਉੱਥੇ ਮੇਰਾ ਸਹਾਇਕ ਬਹੁਤ ਹੀ ਹਾਜ਼ਰ ਜਵਾਬ ਤੇ ਟਿਚਕਰਬਾਜ਼ੀ ‘ਚ ਬੜਾ ਮਾਹਰ ਬੰਦਾ ਸੀ। ਇਕ ਦਿਨ ਅਸੀਂ ਦੋਵਾਂ ਨੇ ਕਿਸੇ ਸਰਕਾਰੀ ਕੰਮ ਲਈ ਫ਼ਰੀਦਕੋਟ ਜਾਣਾ ਸੀ। ਪੰਜਾਬ ਰੋਡਵੇਜ਼ ਦੀ ਜਿਸ ਬੱਸ ‘ਚ ਚੜ੍ਹੇ ਉਸ ਦੀ ਬੜੀ ਖ਼ਸਤਾ ਹਾਲਤ ਸੀ। ਖਿੜਕੀਆਂ ਦਾ ਟਾਂਵਾਂ ਟਾਂਵਾਂ ਸ਼ੀਸ਼ਾ ਹੀ ਸਾਬਤ ਸੀ ਤੇ ਉੱਪਰੋਂ ਕਹਿਰ ਦੀ ਸਰਦੀ। ਠੰਢੀ-ਸੀਤ ਹਵਾ ਹੱਡਾਂ ਨੂੰ ਚੀਰਦੀ ਜਾਂਦੀ ਸੀ। ਕੰਡਕਟਰ ਜਦੋਂ ਟਿਕਟਾਂ ਕੱਟਦਾ ਹੋਇਆ ਸਾਡੇ ਕੋਲ ਆਇਆ ਤਾਂ ਮੇਰੇ ਸਹਾਇਕ ਨੇ ਉਸ ਨੂੰ ਅਜੀਬੋ-ਗ਼ਰੀਬ ਜਿਹਾ ਸਵਾਲ ਕਰ ਦਿਤਾ, “ ਬਾਈ, ਐਹ ਬੱਸ ਵੇਚਣੀ ਐ ਤੁਸੀਂ?” ਵਿਚਾਰਾ ਕੰਡਕਟਰ ਇਕ ਵਾਰੀ ਤਾਂ ਭਮੰਤਰ ਗਿਆ ਸਵਾਲ ਸੁਣ ਕੇ ਪਰ ਫੇਰ ਵੀ ਉਸ ਨੇ ਜਵਾਬੀ ਸਵਾਲ ਕੀਤਾ, “ ਬਾਈ, ਤੁਸੀਂ ਕੀ ਕਰਨੀ ਐ?”
“ ਯਾਰ, ਮੈਂ ਮੁਰਗ਼ੀਖਾਨਾ ਖੋਲ੍ਹਣਾ, ਬਸ ਇਹਨੂੰ ਤਾਂ ਜਾਲ਼ੀ ਹੀ ਲਾਉਣੀ ਪੈਣੀ ਆਂ ਆਲ਼ੇ ਦੁਆਲੇ, ਬਾਕੀ ਤਾਂ ਇਹ ਬਣਿਆ ਬਣਾਇਆ ਈ ਮੁਰਗ਼ੀ ਖਾਨਾ ਐ, ਨਾਲੇ ਮੁਰਗੀਆਂ ਸੀਟਾਂ ‘ਤੇ ਬੈਠ ਕੇ ਆਂਡੇ ਦਿਆ ਕਰਨਗੀਆਂ।” ਸਾਰੀਆਂ ਸਵਾਰੀਆਂ ਖਿੜ ਖਿੜਾ ਕੇ ਹੱਸ ਪਈਆਂ ਤੇ
ਕੰਡਕਟਰ ਵਿਚਾਰਾ ਸ਼ਰਮਿੰਦਾ ਹੋਇਆ ਕੁਝ ਨਾ ਬੋਲ ਸਕਿਆ ਤੇ ਹੀਂ ਹੀਂ ਕਰਦਾ ਅਗਾਂਹ ਹੋਇਆ।
ਕਈ ਵਾਰੀ ਕੰਡਕਟਰ ਮੁਸਾਫ਼ਰਾਂ ਦਾ ਬਕਾਇਆ ਟਿਕਟ ਦੇ ਪਿੱਛੇ ਲਿਖ ਦਿੰਦੇ ਹਨ। ਜੇ ਉਹ ਵਿਚਾਰਾ ਵਾਰ ਵਾਰ ਮੰਗ ਲਵੇ ਤਾਂ ਕਈ ਕੰਡਕਟਰ ਆਪੇ ਤੋਂ ਬਾਹਰ ਹੋ ਜਾਂਦੇ ਹਨ। ਮੈਨੂੰ 1991 ‘ਚ ਅਚਾਨਕ ਪੰਜਾਬ ਜਾਣਾ ਪਿਆ। ਪੰਜਾਬ ‘ਚ ਉਸ ਵੇਲੇ ਜੁਗ- ਗ਼ਰਦੀ ਚਲ ਰਹੀ ਸੀ। ਮੈਂ ਭੋਗ ਪੁਰ ਰਿਸ਼ਤੇਦਾਰੀ ‘ਚ ਜਾਣਾ ਸੀ। ਮੈਨੂੰ ਸਲਾਹ ਦਿਤੀ ਗਈ ਕਿ ਬੱਸ ‘ਚ ਜਾਣਾ ਠੀਕ ਰਹੇਗਾ ਕਿਉਂਕਿ ਪ੍ਰਾਈਵੇਟ ਵਾਹਨਾਂ ਦੀ ਚੈਕਿੰਗ ਬਹੁਤ ਹੁੰਦੀ ਸੀ, ਚੈਕਿੰਗ ਭਾਵ ਕੋਈ ਪੰਗਾ। ਟਾਂਡਾ ਉੜਮੁੜ ਪਹੁੰਚ ਕੇ ਮੈਨੂੰ ਜੇ. ਐਂਡ ਕੇ. ਦੀ ਜੰਮੂ ਤੋਂ ਦਿੱਲੀ ਵਾਲੀ ਬੱਸ ਮਿਲ ਗਈ। ਟਾਂਡੇ ਤੋਂ ਭੋਗ ਪੁਰ ਦਾ ਕਿਰਾਇਆ ਢਾਈ ਰੁਪਏ ਸੀ ਉਸ ਵੇਲੇ। ਮੈਂ ਕੰਡਕਟਰ ਨੂੰ ਪੰਜ ਰੁਪਏ ਦਾ ਨੋਟ ਦਿਤਾ। ਟੁੱਟੇ ਹੋਏ ਪੈਸੇ ਨਹੀਂ ਸਨ ਮੇਰੇ ਕੋਲ। ਉਸ ਨੇ ਬਕਾਇਆ ਟਿਕਟ ਦੇ ਪਿੱਛੇ ਲਿਖ ਦਿਤਾ।
ਦੋ ਤਿੰਨ ਵਾਰੀ ਕੰਡਕਟਰ ਮੇਰੇ ਕੋਲੋਂ ਦੀ ਲੰਘਿਆ, ਮੈਂ ਬਕਾਇਆ ਮੰਗਿਆ। ਉਹ ਘੇਸਲ ਮਾਰ ਕੇ ਲੰਘ ਜਾਂਦਾ ਰਿਹਾ। ਜਦ ਭੋਗ ਪੁਰ ਦਾ ਪੈਂਡਾ ਥੋੜ੍ਹਾ ਹੀ ਰਹਿ ਗਿਆ ਤਾਂ ਮੈਂ ਕੰਡਕਟਰ ਤੋਂ ਫਿਰ ਬਕਾਇਆ ਮੰਗਿਆ ਤਾਂ ਉਹ ਗਰਜ ਕੇ ਬੋਲਿਆ, “ ਮਾਰ ਲਿਆ ਯਾਰ ਤੇਰੇ ਬਕਾਏ ਨੇ, ਮੈਂ ਕੋਠੀ ਤਾਂ ਨਹੀਂ ਪਾ ਲਈ ਤੇਰੇ ਬਕਾਏ ਨਾਲ, ਐਹ ਲੀਡਰ ਤੇ ਵੱਡੇ ਅਫ਼ਸਰ ਸਭ ਕੁਝ ਲੁੱਟ ਲੁੱਟ ਖਾਈ ਜਾਂਦੇ ਐ, ਉਨ੍ਹਾਂ ਨੂੰ ਕੋਈ ਨਹੀਂ ਪੁੱਛਦਾ।”
“ ਭਾਈ ਸਾਬ ਏਸ ਗੱਲ ਦਾ ਮੇਰੇ ਬਕਾਏ ਨਾਲ ਕੀ ਸਬੰਧ ਐ, ਅਸੂਲ ਦੇ ਮੁਤਾਬਕ ਤੈਨੂੰ ਸਵਾਰੀਆਂ ਦਾ ਬਕਾਇਆ ਆਪ ਹੀ ਮੋੜ ਦੇਣਾ ਚਾਹੀਦੈ,” ਮੈਂ ਕਿਹਾ।
“ਬਾਹਰੋਂ ਆਇਆ ਲਗਦੈਂ,” ਮੱਥੇ ਤਿਊੜੀ ਪਾ ਕੇ ਉਹ ਬੋਲਿਆ
“ਇੰਜ ਹੀ ਸਮਝ ਲੈ,” ਮੈਂ ਵੀ ਰੋਅਬ ਨਾਲ ਕਿਹਾ
“ਤਾਂ ਹੀ ਤੀਂਘੜਦੈਂ ਤੇ ਅਸੂਲ ਸਮਝਾਉਨੈਂ ਮੈਨੂੰ, ਬਾਹਰ ਦੇ ਅਸੂਲ ਬਾਹਰ ਹੀ ਰੱਖ ਕੇ ਆਇਆ ਕਰੋ, ਜਿੱਦਾਂ ਅਸੀਂ ਏਥੇ ਰਹਿੰਨੇ ਆਂ ਇੰਜ ਹੀ ਰਿਹਾ ਕਰੋ ਜਿਹੜੇ ਚਾਰ ਦਿਨ ਰਹਿਣਾ ਹੁੰਦੈ। ਔਹ ਪਿੱਛੇ ਬੈਠੇ ਦੋ ਸਿਪਾਹੀ ਦੇਖੇ ਐ ਗੰਨਾਂ ਵਾਲ਼ੇ ਜਲੰਧਰ ਜਾ ਕੇ ਇਨ੍ਹਾਂ ਨੇ ਪੱਤੀ ਵਾਲਾ ਦੁੱਧ ਪੀਣੈ ਮੇਰੇ ਕੋਲੋਂ, ਮੈਂ ਆਪਣੀ ਤਨਖ਼ਾਹ ‘ਚੋਂ ਪਿਆਵਾਂ?” ਉਹ ਗੁੱਸੇ ਨਾਲ ਬੋਲਿਆ। ਉਨ੍ਹਾਂ ਦਿਨਾਂ ‘ਚ ਮੁਸਾਫ਼ਰਾਂ ਦੀ ਸੁਰੱਖਿਆ ਲਈ ਲੰਬੇ ਰੂਟ ਦੀਆਂ ਬੱਸਾਂ ਨਾਲ ਦੋ ਦੋ ਗੰਨਮੈਨ ਤਾਇਨਾਤ ਕੀਤੇ ਹੁੰਦੇ ਸਨ।
“ ਜੇ ਇਨ੍ਹਾਂ ਨੂੰ ਪੱਤੀ ਵਾਲਾ ਦੁੱਧ ਪੀਣ ਦਾ ਸ਼ੌਕ ਐ ਤਾਂ ਆਪਣੇ ਪੈਸਿਆਂ ਦਾ ਪੀਣ, ਕੀ ਇਨ੍ਹਾਂ ਨੂੰ ਤਨਖ਼ਾਹਾਂ ਨਹੀਂ ਮਿਲਦੀਆਂ?” ਮੈਂ ਸਿਪਾਹੀਆਂ ਵਲ ਦੇਖ ਕੇ ਕਿਹਾ।
ਏਨੀ ਦੇਰ ਨੂੰ ਭੋਗ ਪੁਰ ਦਾ ਅੱਡਾ ਆ ਗਿਆ। ਦੋਨਾਂ ਦਰਵਾਜ਼ਿਆਂ ‘ਚ ਧੱਕਾ-ਮੁੱਕੀ ਸ਼ੁਰੂ ਹੋ ਗਈ। ਬਾਹਰ ਵਾਲੇ ਅੰਦਰ ਆਉਣ ਲਈ ਤੇ ਅੰਦਰ ਵਾਲੇ ਬਾਹਰ ਜਾਣ ਲਈ ਜ਼ੋਰ ਆਜ਼ਮਾਈ ਲੱਗੇ ਕਰਨ। ਹੁਣ ਮੈਨੂੰ ਬਕਾਇਆ ਭੁੱਲ ਗਿਆ ਤੇ ਬਾਹਰ ਨਿਕਲਣ ਦੀ ਮੁਸੀਬਤ ਨਾਲ ਲੱਗਾ ਜੂਝਣ।
ਡਰਾਈਵਰ ਰੇਸ ‘ਤੇ ਪੈਰ ਮਾਰ ਮਾਰ ਕੇ ਬੱਸ ਦੀਆਂ ਚੀਕਾਂ ਕਢਾਈ ਜਾ ਰਿਹਾ ਸੀ, ਮਤਲਬ ਕਿ ਜਲਦੀ ਕਰੋ ਦਾ ਇਸ਼ਾਰਾ ਦੇ ਰਿਹਾ ਸੀ। ਖ਼ੈਰ, ਕਾਫ਼ੀ ਖਿੱਚਾਧੂਈ ਤੋਂ ਬਾਅਦ ਮੈਂ ਬਾਹਰ ਨਿਕਲਿਆ। ਮੈਨੂੰ ਇੰਜ ਲੱਗਿਆ ਜਿਵੇਂ ਮੈਂ ਪਟਕੇ ਦਾ ਘੋਲ਼ ਜਿੱਤਿਆ ਹੋਵੇ। ਇਕ ਉੱਚੇ ਲੰਮੇ ਬਜ਼ੁਰਗ਼ ਨੇ ਮੈਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਬੋਲਿਆ, “ ਕਾਕਾ ਜੀ, ਤੁਸੀਂ ਕੰਡਕਟਰ ਨਾਲ ਬਹਿਸ ਕਰ ਕੇ ਚੰਗਾ ਨਹੀਂ ਕੀਤਾ, ਤੁਹਾਨੂੰ ਪਤੈ ਕਿ ਪੰਜਾਬ ‘ਚ ਜੰਗਲ ਰਾਜ ਐ ਅੱਜ ਕਲ। ਤੁਹਾਡੀ ਕਿਸਮਤ ਚੰਗੀ ਸੀ ਕਿ ਗੱਲ ਅਗਾਂਹ ਨਹੀਂ ਵਧੀ, ਨਹੀਂ ਤਾਂ ਸਰਕਾਰੀ ਕੰਮ ‘ਚ ਦਖ਼ਲ ਦੇਣ ‘ਚ ਤੁਹਾਨੂੰ ਫ਼ਸਾਇਆ ਜਾ ਸਕਦਾ ਸੀ। ਅੱਤਵਾਦੀ ਕਹਿ ਕੇ ਤੁਹਾਡੇ ‘ਤੇ ਅਸਲਾ ਵੀ ਪਾਇਆ ਜਾ ਸਕਦੈ। ਨਕਦ ਇਨਾਮਾਂ ਤੇ ਮੋਢਿਆਂ ਉੱਤੇ ਫ਼ੀਤੀਆਂ ਲੁਆਉਣ ਲਈ ਫਰਜ਼ੀ ਮੁਕਾਬਲੇ ਵੀ ਬਣਾਏ ਜਾਂਦੇ ਐ। ਬਾਕੀ ਤੁਸੀਂ ਸਿਆਣੇ ਹੋ, ਮੈਨੂੰ ਨਹੀਂ ਪਤਾ ਤੁਸੀਂ ਕਿਹੜੇ ਮੁਲਕ ‘ਚ ਰਹਿੰਦੇ ਹੋ ਪਰ ਇੱਥੇ ਦੀਆਂ ਖ਼ਬਰਾਂ ਤਾਂ ਥੋੜ੍ਹੀਆਂ ਬਹੁਤ ਪਹੁੰਚਦੀਆਂ ਹੀ ਹੋਣਗੀਆਂ ਤੁਹਾਡੇ ਕੋਲ ਵੀ। ਅਗਾਂਹ ਤੋਂ ਅਜਿਹੀ ਗ਼ਲਤੀ ਨਾ ਕਰਿਉ, ਚੰਗਾ ਜੀ ਸਤਿ ਸ੍ਰੀ ਅਕਾਲ।”
ਏਨੀ ਗੱਲ ਕਹਿ ਕੇ ਬਜ਼ੁਰਗ਼ ਤਾਂ ਇਕ ਦੁਕਾਨ ‘ਚ ਵੜ ਗਿਆ ਤੇ ਮੇਰੀਆਂ ਅੱਖਾਂ ਅੱਗੇ ਇੰਗਲੈਂਡ ਦੀਆਂ ਅਖ਼ਬਾਰਾਂ ‘ਚ ਪੁਲਿਸ ਦੇ ਝੂਠੇ ਮੁਕਾਬਲਿਆਂ ਤੇ ਹੋਰ ਅੱਤਿਆਚਾਰਾਂ ਦੀਆਂ ਛਪੀਆਂ ਖ਼ਬਰਾਂ ਆਉਣ ਲੱਗੀਆਂ ਤੇ ਸਰਦੀ ਦਾ ਮੌਸਮ ਹੋਣ ਦੇ ਬਾਵਜੂਦ ਵੀ ਮੈਂ ਪਸੀਨੋ-ਪਸੀਨੀ ਹੋਇਆ ਪਿਆ ਸਾਂ।
ਬਹੁਤੇ ਕੰਡਕਟਰਾਂ ਦੇ ਵਤੀਰੇ ਬਾਰੇ ਤੇ ਉਨ੍ਹਾਂ ਵਲੋਂ ਵਰਤੀ ਜਾਂਦੀ ਭਾਸ਼ਾ ਬਾਰੇ ਕੌਣ ਨਹੀਂ ਜਾਣਦਾ?
ਇਸੇ ਸਬੰਧੀ ਇਕ ਘਟਨਾ ਯਾਦ ਆ ਗਈ। ਮੇਰੇ ਸਮੇਤ ਕੁਝ ਸਵਾਰੀਆਂ ਪੰਜਾਬ ਰੋਡਵੇਜ਼ ਦੀ ਬੱਸ ‘ਚ ਚੜ੍ਹੀਆਂ। ਥੋੜ੍ਹੀ ਥੋੜ੍ਹੀ ਬਾਰਸ਼ ਹੋ ਰਹੀ ਸੀ। ਬੱਸ ਪਹਿਲਾਂ ਹੀ ਮੁਰੱਬੇ ਵਾਲੇ ਮਰਤਬਾਨ ਵਾਂਗ ਠੂਸੀ ਪਈ ਸੀ। ਖ਼ੈਰ, ਸਭ ਨੂੰ ਖੜ੍ਹੇ ਹੋਣ ਲਈ ਜਗ੍ਹਾ ਮਿਲ ਗਈ। ਇਕ ਮਾਈ ਵਿਚਾਰੀ ਜਿੱਥੇ ਖੜ੍ਹੀ ਸੀ, ਛੱਤ ‘ਚੋਂ ਪਾਣੀ ਚੋ ਕੇ ਸਿੱਧਾ ਉਸ ਦੇ ਸਿਰ ‘ਚ ਪੈ ਰਿਹਾ ਸੀ। ਮਾਈ ਨੇ ਸ਼ਿਕਾਇਤ ਕੀਤੀ ਤਾਂ ਕੰਡਕਟਰ ਗਰਜਿਆ, “ ਮਾਈ ਤੈਨੂੰ ਹੁਣ ਮੈਂ ਬਾਲਕੋਨੀ ‘ਚ ਬਿਠਾ ਦਿਆਂ, ਖੜ੍ਹੀ ਰਹਿ ਰਮਾਨ ਨਾਲ, ਬਾਹਰੋਂ ਕਿਹੜਾ ਸੁੱਕੀ ਆਈ ਐਂ ਤੂੰ। ਨਾਲੇ ਇਨ੍ਹਾਂ ਨੂੰ ਬੱਸੇ ਚੜ੍ਹਾਉ ਤੇ ਨਾਲੇ ਨਖ਼ਰੇ ਸੁਣੋ,” ਮਾਈ ਵਿਚਾਰੀ ‘ਰੱਬ ਦਾ ਭਾਣਾ’ ਮੰਨ ਕੇ ਚੁੱਪ ਕਰ ਕੇ ਖੜ੍ਹੀ ਰਹੀ।
ਪੰਜਾਬ ਰੋਡਵੇਜ਼ ਦੀਆਂ ਲਾਰੀਆਂ ਨੂੰ ਕੁਝ ਸਾਲ ਚੱਲ ਕੇ ਪਤਾ ਨਹੀਂ ਕੀ ਹੋ ਜਾਂਦਾ ਸੀ ਕਿ ਉਸ ਦਾ ਅਗਲਾ ਪਾਸਾ ਕਿਸੇ ਹੋਰ ਪਾਸੇ ਨੂੰ ਹੁੰਦਾ ਸੀ ਤੇ ਪਿਛਲੀ ਬਾਡੀ ਕਿਸੇ ਹੋਰ ਪਾਸੇ ਨੂੰ। ਕਦੀ ਕਿਸੇ ਪ੍ਰਾਈਵੇਟ ਕੰਪਨੀ ਦੀ ਬੱਸ ਅਜਿਹੀ ਹਾਲਤ ਵਿਚ ਨਹੀਂ ਸੀ ਦੇਖੀ। ਅੱਜ ਤੱਕ ਇਸ ਦੀ ਸਮਝ ਨਹੀਂ ਆਈ।
ਮੇਰੇ ਇਕ ਹੋਰ ਮਿੱਤਰ ਪਿਆਰੇ, ਜਿਸ ਨੂੰ ਇੰਗਲੈਂਡ ‘ਚ ਰਹਿੰਦਿਆ ਪੰਜਾਹ ਸਾਲ ਹੋ ਗਏ ਹਨ, ਨੂੰ ਵੀ ਪੰਜਾਬ ਜਾ ਕੇ ਬੱਸਾਂ ‘ਚ ਸਫ਼ਰ ਕਰਨ ਦਾ ਖ਼ਬਤ ਹੈ। ਉਸ ਨੇ ਉੱਥੇ ਦਾ ਇਕ ਤਜਰਬਾ ਮੇਰੇ ਨਾਲ ਸਾਂਝਾ ਕੀਤਾ। ਹੋਇਆ ਇੰਜ ਕਿ ਉਸ ਨੇ ਇਕ ਵਾਰੀ ਬੱਸ ਡਾਰਾਈਵਰ ਨੂੰ ਬੱਸ ਚਲਾਉਂਦਿਆਂ ਮੋਬਾਈਲ ਫ਼ੂਨ ਵਰਤਣ ਤੋਂ ਰੋਕਿਆ ਤਾਂ ਡਰਾਈਵਰ ਨੇ ਅਣਸੁਣਿਆ ਕਰ ਦਿਤਾ। ਡਰਾਈਵਰ ਨੇ ਫ਼ੂਨ ਆਪਣੇ ਮੋਢੇ ਅਤੇ ਧੌਣ ਵਿਚਕਾਰ ਫ਼ਸਾਇਆ ਹੋਇਆ ਸੀ। ਸਟੇਅਰਿੰਗ ਛੱਡ ਕੇ ਉਹ ਤਾੜੀ ਮਾਰਦਾ ਤੇ ਉੱਚੀ ਉੱਚੀ ਹੱਸਦਾ। ਇਕ ਵਾਰੀ ਫੇਰ ਜਦੋਂ ਉਸ ਨੂੰ ਫ਼ੂਨ ਨਾ ਵਰਤਣ ਲਈ ਕਿਹਾ ਗਿਆ ਤਾਂ ਡਰਾਈਵਰ ਆਪੇ ਤੋਂ ਬਾਹਰ ਹੋ ਗਿਆ ਤੇ ਬੁੜ ਬੁੜ ਲੱਗ ਪਿਆ ਕਰਨ ਤੇ ਹੁਣ ਸਗੋਂ ਕੰਡਕਟਰ ਵੀ ਡਰਾਈਵਰ ਦੀ ਮਦਦ ‘ਤੇ ਆ ਗਿਆ। ਫ਼ੂਨ ਬੰਦ ਨਾ ਕੀਤਾ ਉਸ ਨੇ।
ਜਦੋਂ ਪਾਣੀ ਸਿਰੋਂ ਲੰਘ ਗਿਆ ਤਾਂ ਮੇਰੇ ਮਿੱਤਰ ਨੇ ਆਪਣੇ ਫ਼ੂਨ ਤੋਂ ਇਕ ਨੰਬਰ ਮਿਲਾਇਆ ਤੇ ਦੋ ਕੁ ਮਿੰਟ ਗੱਲ ਕਰਨ ਤੋਂ ਬਾਅਦ ਫ਼ੂਨ ਡਰਾਈਵਰ ਦੇ ਕੰਨ ਨੂੰ ਲਗਾ ਦਿਤਾ। ਡਰਾਈਵਰ ਦੀ ਸਾਰੀ ਬੋਲਤੀ ਬੰਦ ਹੋ ਗਈ ਤੇ ਉਸ ਨੇ ਬੱਸ ਕੱਚੇ ਉਤਾਰ ਕੇ ਖੜ੍ਹੀ ਕਰ ਦਿਤੀ ਤੇ ਮੇਰੇ ਮਿੱਤਰ ਦੇ ਗੋਡੇ ਫੜ ਲਏ ਤੇ ਗਿੜਗੜਾਉਣ ਲੱਗਾ ਕਿ ਉਸ ਨੂੰ ਬਚਾ ਲਵੇ, ਉਹਦੀ ਨੌਕਰੀ ਦਾ ਸਵਾਲ ਸੀ।
ਮੇਰੇ ਮਿੱਤਰ ਦਾ ਨਜ਼ਦੀਕੀ ਰਿਸ਼ਤੇਦਾਰ ਉਸੇ ਬੱਸ ਡੀਪੂ ਦਾ ਜਨਰਲ ਮੈਨੇਜਰ ਸੀ।
ਜਿਵੇਂ ਕਹਿੰਦੇ ਆ ਕਿ ਕਿਸੇ ਚੀਜ਼ ਦਾ ਬੀਜ ਨਾਸ ਨਹੀਂ ਹੁੰਦਾ ਇਵੇਂ ਹੀ ਚੰਗੇ ਵਤੀਰੇ ਵਾਲੇ ਕੰਡਕਟਰ ਵੀ ਹੈਗੇ ਨੇ ਪਰ ਵਿਰਲੇ ਵਿਰਲੇ। ਜਿਸ ਕੰਡਕਟਰ ਦੀ ਮੈਂ ਗੱਲ ਕਰਨ ਲੱਗਾ ਹਾਂ, ਇਹ ਅੰਮ੍ਰਿਤਧਾਰੀ ਨੌਜਵਾਨ ਸੀ। ਬੜੇ ਸਲੀਕੇ ਨਾਲ ਬੋਲਣ ਵਾਲਾ। ਇਕ ਸ਼ਹਿਰੀ ਲਾਲਾ ਜਿਹਾ ਲਗਦਾ ਨੌਜਵਾਨ ਸੀਟ ‘ਤੇ ਬੜਾ ਚੌੜਾ ਹੋ ਕੇ ਬੈਠਾ ਸੀ ਤੇ ਨੇੜੇ ਹੀ ਇਕ ਬਜ਼ੁਰਗ਼ ਮਾਈ ਖੜ੍ਹੀ ਸੀ। ਕੰਡਕਟਰ ਬੋਲਿਆ, “ ਲਾਲਾ ਜੀ, ਜ਼ਰਾ ਪਰ੍ਹਾਂ ਨੂੰ ਸਰਕੋ, ਮਾਤਾ ਜੀ ਨੂੰ ਵੀ ਬੈਠਣ ਦਿਉ।”
ਉਹ ਨੌਜਵਾਨ ਥੋੜ੍ਹਾ ਔਖਾ ਹੋ ਕੇ ਬੋਲਿਆ, “ ਮੈਂ ਲਾਲਾ ਨਹੀਂ, ਢਿੱਲੋਂ ਸਰਦਾਰ ਹੁੰਨੇ ਆਂ ਅਸੀਂ।”
“ ਵੀਰ ਜੀ ਗੁੱਸਾ ਨਾ ਕਰਿਉ, ਢਿੱਲੋਂ ਸਰਦਾਰ ਏਸ ਤਰ੍ਹਾਂ ਦੇ ਨਹੀਂ ਹੁੰਦੇ, ਘਰੇ ਜਾ ਕੇ ਸ਼ੀਸ਼ਾ ਦੇਖਿਉ,” ਕੰਡਕਟਰ ਨੇ ਬੜੀ ਰੋਹਬਦਾਰ ਆਵਾਜ਼ ‘ਚ ਨਸੀਹਤ ਦਿਤੀ।
ਨੌਜਵਾਨ ਨੂੰ ਕੰਡਕਟਰ ਦਾ ਮਿਹਣਾ ਮਾਰ ਗਇਆ, ਦੂਸਰੇ ਦਿਨ ‘ਢਿੱਲੋਂ ਸਰਦਾਰ’ ਨੇ ਸਿਰ ‘ਤੇ ਦਸਤਾਰ ਸਜਾਈ ਹੋਈ ਸੀ ਤੇ ਸ਼ੇਵ ਵੀ ਨਹੀਂ ਸੀ ਕੀਤੀ ਹੋਈ।
=======================================================================