
ਏ.ਆਈ.ਅਤੇ ਟੈਕਨਾਲੋਜੀ - ਸਿੱਖਿਆ ਲਈ ਵਰਦਾਨ ਜਾਂ ਅਭਿਸ਼ਾਪ - ਪ੍ਰਿੰਸੀਪਲ ਵਿਪਨ ਚਾਵਲਾ
ਗਿਆਨ ਦੀ ਰੌਸ਼ਨੀ ਉਹ ਦੀਵਾ ਹੈ ਜੋ ਕਦੇ ਬੁੱਝਦਾ ਨਹੀਂ, ਮਨੁੱਖੀ ਬੁੱਧੀ ਉਹ ਸ਼ਕਤੀ ਹੈ ਜਿਸ ਨੇ ਸੰਸਾਰ ਨੂੰ ਹਨੇਰੇ ਤੋਂ ਚਾਨਣ ਵੱਲ ਧੱਕਿਆ ਹੈ, ਪਰ ਜਦੋਂ ਮਨੁੱਖ ਆਪਣੇ ਹੀ ਹੱਥਾਂ ਨਾਲ ਬਣਾਈ ਏ. ਆਈ.ਅਤੇ ਆਧੁਨਿਕ ਟੈਕਨਾਲੋਜੀ ਨੂੰ ਸਿੱਖਿਆ ਦੇ ਖੇਤਰ ਵਿੱਚ ਲਿਆਉਂਦਾ ਹੈ ਤਾਂ ਇਹ ਸਵਾਲ ਖੜ੍ਹਾ ਹੋ ਜਾਂਦਾ ਹੈ ਕਿ ਕੀ ਇਹ ਸੱਚਮੁੱਚ ਮਨੁੱਖਤਾ ਲਈ ਵਰਦਾਨ ਹੈ ਜਾਂ ਫਿਰ ਕਿਸੇ ਵੱਡੇ ਅਭਿਸ਼ਾਪ ਦੀ ਸ਼ੁਰੂਆਤ। ਸਿੱਖਿਆ ਦੇ ਇਤਿਹਾਸ ਨੂੰ ਦੇਖਿਆ ਜਾਵੇ ਤਾਂ ਕਦੇ ਗੁਰੂਕੁਲਾਂ ਵਿੱਚ ਮੂੰਹ-ਜ਼ਬਾਨੀ ਸਿੱਖਿਆ ਮਿਲਦੀ ਸੀ, ਫਿਰ ਤਖ਼ਤੀਆਂ, ਕਲਮ-ਦਵਾਤ, ਪੁਸਤਕਾਂ, ਬਲੈਕਬੋਰਡ ਅਤੇ ਚਾਕ ਆਏ, ਫਿਰ ਪ੍ਰੋਜੈਕਟਰ, ਕੰਪਿਊਟਰ ਲੈਬਾਂ, ਸਮਾਰਟ ਕਲਾਸਾਂ ਅਤੇ ਡਿਜੀਟਲ ਬੋਰਡਾਂ ਦਾ ਯੁੱਗ ਸ਼ੁਰੂ ਹੋਇਆ, ਅਤੇ ਹੁਣ 21ਵੀਂ ਸਈ ਦੇ ਦੂਜੇ ਪੜਾਅ ਵਿੱਚ ਅਸੀਂ ਏ.ਆਈ. ਅਧਾਰਤ ਸਿੱਖਿਆ ਦੇ ਸਾਹਮਣੇ ਖੜ੍ਹੇ ਹਾਂ। ਏ.ਆਈ. ਦੇ ਆਉਣ ਨਾਲ ਪੜ੍ਹਨ-ਸਿਖਾਉਣ ਦੇ ਤਰੀਕਿਆਂ ਵਿੱਚ ਵੱਡਾ ਬਦਲਾਅ ਆਇਆ ਹੈ, ਵਿਦਿਆਰਥੀ ਹੁਣ ਸਿਰਫ਼ ਪੁਸਤਕਾਂ ਜਾਂ ਅਧਿਆਪਕਾਂ 'ਤੇ ਨਿਰਭਰ ਨਹੀਂ ਰਹਿ ਗਏ, ਉਹ ਏ ਆਈ ਅਧਾਰਤ ਐਪਲੀਕੇਸ਼ਨਾਂ ਰਾਹੀਂ ਆਪਣੇ ਸਤਰ ਦੇ ਮੁਤਾਬਕ ਸਵਾਲਾਂ ਦੇ ਉੱਤਰ ਲੈ ਸਕਦੇ ਹਨ, ਆਪਣੀ ਸਿੱਖਣ ਦੀ ਗਤੀ ਅਨੁਸਾਰ ਅੱਗੇ ਵੱਧ ਸਕਦੇ ਹਨ ਅਤੇ ਤੁਰੰਤ ਫੀਡਬੈਕ ਪ੍ਰਾਪਤ ਕਰ ਸਕਦੇ ਹਨ। ਵਰਚੁਅਲ ਲੈਬਾਂ, ਸਿਮੂਲੇਸ਼ਨ, 3 ਡੀ ਮਾਡਲਾਂ ਅਤੇ ਆਨਲਾਈਨ ਲਾਇਬ੍ਰੇਰੀਆਂ ਨੇ ਸਿੱਖਿਆ ਨੂੰ ਹੋਰ ਵੀ ਰੁਚਿਕਰ ਤੇ ਜੀਵੰਤ ਬਣਾ ਦਿੱਤਾ ਹੈ। ਅਧਿਆਪਕਾਂ ਲਈ ਵੀ ਇਹ ਇਕ ਵੱਡਾ ਸਹਾਰਾ ਹੇ ਕਿਉਂਕਿ ਨਤੀਜੇ ਤਿਆਰ ਕਰਨ, ਪ੍ਰਸ਼ਨ-ਪੱਤਰ ਬਣਾਉਣ, ਵਿਦਿਆਰਥੀਆਂ ਦੀ ਪ੍ਰਗਤੀ ਦਾ ਵਿਸ਼ਲੇਸ਼ਣ ਕਰਨ ਅਤੇ ਕਲਾਸਰੂਮ ਪ੍ਰਬੰਧਨ ਲਈ ਏ ਆਈ ਬਹੁਤ ਸਹੂਲਤ ਦਿੰਦਾ ਹੈ। ਇੱਕ ਅਧਿਆਪਕ ਜੋ ਪਹਿਲਾਂ ਰੁਟੀਨੀ ਕੰਮਾਂ ਵਿੱਚ ਆਪਣਾ ਸਮਾਂ ਖਰਚ ਕਰਦਾ ਸੀ, ਹੁਣ ਉਹ ਹੋਰ ਵੱਧ ਸਮਾਂ ਬੱਚਿਆਂ ਨੂੰ ਸਮਝਣ ਉਹਨਾਂ ਦੀਆਂ ਜ਼ਰੂਰਤਾਂ ਨੂੰ ਪਛਾਣਣ ਅਤੇ ਉਹਨਾਂ ਦੇ ਮਨੁੱਖੀ ਵਿਕਾਸ ਲਈ ਦੇ ਸਕਦਾ ਹੈ। ਪਰ ਜਿਵੇਂ ਹਰ ਨਵੀਂ ਖੋਜ ਦੇ ਫਾਇਦੇ ਹਨ, ਉਸੇ ਤਰ੍ਹਾਂ ਖ਼ਤਰੇ ਵੀ ਹਨ। ਸਭ ਤੋਂ ਵੱਡਾ ਖ਼ਤਰਾ ਇਹ ਹੈ ਕਿ ਬੱਚੇ ਏ.ਆਈ. 'ਤੇ ਬੇਹੱਦ ਨਿਰਭਰ ਹੋ ਰਹੇ ਹਨ। ਉਹਨਾਂ ਵਿੱਚ ਖੁਦ ਸੋਚਣ, ਤਰਕ ਕਰਨ ਅਤੇ ਸਮੱਸਿਆ ਹੱਲ ਕਰਨ ਦੀ ਸਮਰੱਥਾ ਘਟਦੀ ਜਾ ਰਹੀ ਹੈ। ਜੇ ਬੱਚੇ ਹਰ ਸਵਾਲ ਦਾ ਜਵਾਬ ਗੂਗਲ ਜਾਂ ਏ ਆਈ ਚੈਟਬੇਟ ਤੋਂ ਲੈਣ ਲੱਗ ਜਾਣਗੇ ਤਾਂ ਉਹਨਾਂ ਦੀ ਦਿਮਾਗੀ ਕਸਰਤ ਘੱਟ ਹੋ ਜਾਵੇਗੀ ਅਤੇ ਕਲਪਨਾ-ਸ਼ਕਤੀ ਸੁੱਕਣ ਲੱਗ ਪਵੇਗੀ। ਸਿੱਖਿਆ ਦਾ ਅਸਲ ਉਦੇਸ਼ ਸਿਰਫ਼ ਜਾਣਕਾਰੀ ਇਕੱਠੀ ਕਰਨਾ ਨਹੀਂ, ਬਲਕਿ ਵਿਦਿਆਰਥੀ ਵਿੱਚ ਆਤਮ-ਨਿਰਭਰਤਾ ਸਿਰਜਣਾਤਮਕਤਾ ਆਲੋਚਨਾਤਮਕ ਸੋਚ ਅਤੇ ਮਨੁੱਖੀ ਮੁੱਲਾਂ ਦਾ ਵਿਕਾਸ ਕਰਨਾ ਹੈ। ਏ.ਆਈ. ਦੇ ਜ਼ਰੀਏ ਜਿੱਥੇ ਬੱਚੇ ਘਰ ਬੈਠੇ ਦੁਨੀਆ ਦੀ ਸਭ ਤੋਂ ਵੱਡੀ ਲਾਇਬ੍ਰੇਰੀ ਤੱਕ ਪਹੁੰਚ ਸਕਦੇ ਹਨ, ਉਥੇ ਹੀ ਜੇ ਉਹਨਾਂ ਨੂੰ ਤਿਆਰ-ਸ਼ੁਦਾ ਜਵਾਬ ਆਸਾਨੀ ਨਾਲ ਮਿਲਦੇ ਰਹੇ ਤਾਂ ਉਹ ਆਪਣੀ ਸਿੱਖਣ ਦੀ ਲਗਨ ਅਤੇ ਖੋਜੀ-ਭਾਵਨਾ ਗੁਆ ਸਕਦੇ ਹਨ। ਡਿਜ਼ੀਟਲ ਡਿਵਾਈਡ ਵੀ ਇਕ ਵੱਡਾ ਮੁੱਦਾ ਹੈ। ਸ਼ਹਿਰੀ ਬੱਚਿਆਂ ਕੋਲ ਆਧੁਨਿਕ ਫੋਨ, ਲੈਪਟਾਪ ਅਤੇ ਤੇਜ਼ ਇੰਟਰਨੈੱਟ ਉਪਲਬਧ ਹੈ, ਪਰ ਪਿੰਡਾਂ ਦੇ ਬਹੁਤ ਸਾਰੇ ਬੱਚਿਆਂ ਕੋਲ ਅਜੇ ਵੀ ਇਹ ਸਹੂਲਤ ਨਹੀਂ। ਨਤੀਜੇ ਵਜੋਂ ਸਿੱਖਿਆ ਵਿੱਚ ਅਸਮਾਨਤਾ ਹੋਰ ਵਧ ਰਹੀ ਹੈ। ਅਮੀਰ ਬੱਚੇ ਏ ਆਈ ਦੇ ਜ਼ਰੀਏ ਅੱਗੇ ਵੱਧ ਰਹੇ ਹਨ, ਜਦੋਂ ਕਿ ਗਰੀਬ ਬੱਚੇ ਪਿੱਛੜਦੇ ਜਾ ਰਹੇ ਹਨ। ਇਹ ਸਿਰਫ਼ ਸਿੱਖਿਆ ਹੀ ਨਹੀਂ ਬਲਕਿ ਸਮਾਜਿਕ ਨਿਆਂ ਦਾ ਵੀ ਮੁੱਦਾ ਬਣ ਜਾਂਦਾ ਹੈ। ਇਸ ਤੋਂ ਇਲਾਵਾ ਡੇਟਾ ਪ੍ਰਾਈਵੇਸੀ ਇੱਕ ਹੋਰ ਗੰਭੀਰ ਚੁਣੌਤੀ ਹੈ। ਏ ਆਈ ਅਧਾਰਤ ਐਪਲੀਕੇਸ਼ਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਨਿੱਜੀ ਜਾਣਕਾਰੀ ਇਕੱਠੀ ਕਰਦੀਆਂ ਹਨ—ਉਹਨਾਂ ਦੀਆਂ ਰੁਚੀਆਂ, ਆਦਤਾਂ, ਪ੍ਰਦਰਸ਼ਨ ਆਦਿ-ਅਤੇ ਜੇ ਇਹ ਡੇਟਾ ਗਲਤ ਹੱਥਾਂ ਵਿੱਚ ਚਲਾ ਜਾਵੇ ਤਾਂ ਇਸਦਾ ਦੁਰਪਯੋਗ ਵੀ ਹੋ ਸਕਦਾ ਹੈ। ਇਕ ਹੋਰ ਮਹੱਤਵਪੂਰਨ ਪੱਖ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨਾਲ ਜੁੜਿਆ ਹੈ। ਅਧਿਆਪਕ ਸਿਰਫ਼ ਗਿਆਨ ਨਹੀਂ ਦਿੰਦਾ, ਉਹ ਪ੍ਰੇਰਨਾ, ਸੰਸਕਾਰ, ਅਨੁਸ਼ਾਸਨ ਅਤੇ ਜੀਵਨ ਮੁੱਲਾਂ ਦੀ ਸਿੱਖਿਆ ਵੀ ਦਿੰਦਾ ਹੈ। ਏ ਆਈ ਕਿਸੇ ਵਿਦਿਆਰਥੀ ਨੂੰ ਡਰਦਿਆਂ ਹੌਂਸਲਾ ਨਹੀਂ ਦੇ ਸਕਦਾ ਗਲਤੀ ਕਰਨ 'ਤੇ ਪਿਆਰ ਨਾਲ ਨਹੀਂ ਸਮਝਾ ਸਕਦਾ ਅਤੇ ਸਫਲਤਾ-ਅਸਫਲਤਾ ਦੇ ਜੀਵਨ ਪਾਠ ਨਹੀਂ ਦੇ ਸਕਦਾ। ਮਸ਼ੀਨਾਂ ਤੱਥ ਦੇ ਸਕਦੀਆਂ ਹਨ ਪਰ ਜੀਵਨ ਦੀ ਦਿਸ਼ਾ ਸਿਰਫ਼ ਮਨੁੱਖੀ ਸਪਰਸ਼ ਹੀ ਦੇ ਸਕਦਾ ਹੈ। ਇਸ ਲਈ ਜੇ ਸਿੱਖਿਆ ਪੂਰੀ ਤਰ੍ਹਾਂ ਮਸ਼ੀਨਾਂ ਦੇ ਹਵਾਲੇ ਹੋ ਗਈ ਤਾਂ ਮਨੁੱਖੀ ਗਰਮੀ ਅਤੇ ਭਾਵਨਾਤਮਕ ਸੰਬੰਧ ਖਤਰੇ ਵਿੱਚ ਪੈ ਸਕਦੇ ਹਨ।ਵਿਸ਼ਵ ਪੱਧਰ 'ਤੇ ਦੇਖਿਆ ਜਾਵੇ ਤਾਂ ਅਮਰੀਕਾ, ਜਪਾਨ, ਚੀਨ ਆਦਿ ਦੇਸ਼ਾਂ ਵਿੱਚ ਏ ਆਈ ਅਧਾਰਤ ਸਿੱਖਿਆ ਸਿਸਟਮ ਤੇਜ਼ੀ ਨਾਲ ਫੈਲ ਰਹੇ ਹਨ। ਉਥੇ ਬੱਚੇ ਛੋਟੀ ਉਮਰ ਤੋਂ ਹੀ ਰੋਬੋਟਿਕਸ, ਕੋਡਿੰਗ ਅਤੇ ਏ ਆਈ ਬਾਰੇ ਸਿੱਖਣ ਲੱਗ ਪੈਂਦੇ ਹਨ। ਭਾਰਤ ਵਿੱਚ ਵੀ "ਡਿਜੀਟਲ ਇੰਡੀਆ" "ਸਮਾਰਟ ਕਲਾਸਰੂਮ", "ਆਨਲਾਈਨ ਲਰਨਿੰਗ ਪਲੇਟਫਾਰਮ" ਵਰਗੀਆਂ ਯੋਜਨਾਵਾਂ ਚੱਲ ਰਹੀਆਂ ਹਨ, ਪਰ ਅਜੇ ਵੀ ਸ਼ਹਿਰ ਅਤੇ ਪਿੰਡ ਵਿੱਚ ਵੱਡਾ ਅੰਤਰ ਮੌਜੂਦ ਹੈ। ਸਰਕਾਰੀ ਸਕੂਲਾਂ ਵਿੱਚ ਬਹੁਤ ਸਾਰੇ ਬੱਚਿਆਂ ਕੋਲ ਮੋਬਾਈਲ ਵੀ ਨਹੀਂ, ਜਦੋਂ ਕਿ ਨਿੱਜੀ ਸਕੂਲਾਂ ਦੇ ਬੱਚੇ ਵਰਚੁਅਲ ਲੇਬਾਂ ਅਤੇ ਏ.ਆਈ. ਐਪਸ ਨਾਲ ਪੜ੍ਹ ਰਹੇ ਹਨ। ਜੇ ਇਹ ਅਸਮਾਨਤਾ ਦੂਰ ਨਾ ਕੀਤੀ ਗਈ ਤਾਂ ਭਵਿੱਖ ਵਿੱਚ ਸਿੱਖਿਆ ਦੋ ਵਰਗਾਂ ਵਿੱਚ ਵੰਡ ਸਕਦੀ ਹੈ-ਇੱਕ ਉਹ ਜੋ ਏ ਆਈ ਦੇ ਸਹਾਰੇ ਅੱਗੇ ਵਧੇਗਾ ਅਤੇ ਦੂਜਾ ਉਹ ਜੋ ਪਿੱਛੜਦਾ ਜਾਵੇਗਾ। ਇਸ ਤੋਂ ਇਲਾਵਾ, ਏ ਆਈ ਦੇ ਐਲਗੋਰਿਦਮ ਵਿੱਚ ਵੀ ਪੱਖਪਾਤ ਹੋ ਸਕਦਾ ਹੈ। ਜੇ ਡੇਟਾ ਵਿੱਚ ਗਲਤੀਆਂ ਜਾਂ ਪੱਖਪਾਤ ਹੈ ਤਾਂ ਨਤੀਜੇ ਵੀ ਗਲਤ ਹੋ ਸਕਦੇ ਹਨ। ਉਦਾਹਰਣ ਵਜੋਂ, ਜੇ ਕਿਸੇ ਵਿਦਿਆਰਥੀ ਦੇ ਪ੍ਰਦਰਸ਼ਨ ਨੂੰ ਏ ਆਈ ਗਲਤ ਅੰਕਾਂ ਨਾਲ ਮਾਪ ਲਵੇ ਤਾਂ ਉਸਦੇ ਭਵਿੱਖੀ ਮੌਕੇ ਪ੍ਰਭਾਵਿਤ ਹੋ ਸਕਦੇ ਹਨ। ਇਸੇ ਤਰ੍ਹਾਂ ਏ ਆਈ ਟੂਲਾਂ ਦੇ ਜ਼ਰੀਏ ਪਲੇਜਰਿਜ਼ਮ (ਨਕਲ) ਦੀ ਆਦਤ ਵੀ ਵੱਧ ਰਹੀ ਹੈ। ਬੱਚੇ ਅਸਾਈਨਮੈਂਟ ਖੁਦ ਕਰਨ ਦੀ ਬਜਾਏ ਏ ਆਈ ਤੋਂ ਤਿਆਰ ਕਰਵਾ ਲੈਂਦੇ ਹਨ, ਜਿਸ ਨਾਲ ਸਿੱਖਿਆ ਦੀ ਗੁਣਵੱਤਾ ਘਟਦੀ ਹੈ। ਭਵਿੱਖ ਵਿੱਚ ਸਿੱਖਿਆ ਦੀ ਤਸਵੀਰ "ਹਾਈਬ੍ਰਿਡ ਲਰਨਿੰਗ" ਦੀ ਹੋਵੇਗੀ-ਜਿੱਥੇ ਟੈਕਨਾਲੋਜੀ ਅਤੇ ਮਨੁੱਖੀ ਸਪਰਸ਼ ਦੋਵੇਂ ਮਿਲ ਕੇ ਬੱਚੇ ਦੇ ਸਰਵੰਗੀਣ ਵਿਕਾਸ ਨੂੰ ਯਕੀਨੀ ਬਣਾਉਣਗੇ। ਏ ਆਈ ਨੂੰ ਸਹਾਇਕ ਸਾਧਨ ਵਜੋਂ ਵਰਤਣਾ ਚਾਹੀਦਾ ਹੈ, ਨਾ ਕਿ ਅਧਿਆਪਕ ਦਾ ਬਦਲ ਬਣਾਉਣਾ ਚਾਹੀਦਾ ਹੈ। ਅਧਿਆਪਕ ਦੀ ਭੂਮਿਕਾ ਹਮੇਸ਼ਾਂ ਕੇਂਦਰ ਵਿੱਚ ਰਹੇਗੀ ਕਿਉਂਕਿ ਸਿੱਖਿਆ ਸਿਰਫ਼ ਤੱਥਾਂ ਦਾ ਨਾਮ ਨਹੀਂ, ਇਹ ਮਨੁੱਖੀ ਸੰਵੇਦਨਾਵਾਂ, ਮੁੱਲਾਂ ਅਤੇ ਜੀਵਨ ਜਾਗਰੂਕਤਾ ਦਾ ਸੰਚਾਰ ਹੈ। ਏ.ਆਈ. ਸਿੱਖਣ ਦੇ ਤਰੀਕੇ ਬਦਲ ਸਕਦਾ ਹੈ ਪਰ ਉਹ ਕਦੇ ਵੀ ਮਨੁੱਖੀ ਪ੍ਰੇਰਨਾ, ਹੌਸਲਾ-ਅਫ਼ਜ਼ਾਈ ਅਤੇ ਚਰਿੱਤਰ ਨਿਰਮਾਣ ਦੀ ਥਾਂ ਨਹੀਂ ਲੈ ਸਕਦਾ। ਇਸ ਲਈ ਨਤੀਜੇ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ ਏ.ਆਈ. ਅਤੇ ਟੈਕਨਾਲੋਜੀ ਸਿੱਖਿਆ ਲਈ ਨਾ ਪੁਰਾ ਵਰਦਾਨ ਹਨ ਅਤੇ ਨਾ ਹੀ ਪੂਰਾ ਅਭਿਸ਼ਾਪ। ਇਹ ਉਸ ਤਰੀਕੇ 'ਤੇ ਨਿਰਭਰ ਕਰਦਾ ਹੈ ਜਿਥੇ ਅਸੀਂ ਇਸਨੂੰ ਵਰਤਦੇ ਹਾਂ। ਜੇ ਸੰਤੁਲਨ ਨਾਲ, ਨੈਤਿਕਤਾ ਨਾਲ ਅਤੇ ਮਨੁੱਖੀ ਮੁੱਲਾਂ ਨੂੰ ਕੇਂਦਰ ਵਿੱਚ ਰੱਖ ਕੇ ਵਰਤਿਆ ਜਾਵੇ ਤਾਂ ਇਹ ਸਿੱਖਿਆ ਵਿੱਚ ਨਵੀਂ ਕ੍ਰਾਂਤੀ ਲਿਆ ਸਕਦੇ ਹਨ, ਪਰ ਜੇ ਅਸੀਂ ਅੰਧੇ ਹੋ ਕੇ ਇਸ 'ਤੇ ਨਿਰਭਰ ਹੋ ਜਾਈਏ ਤਾਂ ਇਹ ਬੱਚਿਆਂ ਦੀ ਰਚਨਾਤਮਕਤਾ, ਮਨੁੱਖੀ ਸੰਬੰਧ ਅਤੇ ਚਰਿੱਤਰ ਨੂੰ ਕਮਜ਼ੋਰ ਕਰ ਸਕਦੇ ਹਨ। ਅਸੀਂ ਟੈਕਨਾਲੋਜੀ ਨਾਲ ਕਦਮ ਮਿਲਾ ਕੇ ਚੱਲੀਏ ਪਰ ਉਸਨੂੰ ਆਪਣਾ ਮਾਲਕ ਨਾ ਬਣਾਈਏ। ਸਿੱਖਿਆ ਦਾ ਅਸਲ ਮੰਤਵ ਮਨੁੱਖ ਨੂੰ ਸਿਰਫ਼ ਜਾਣਕਾਰੀ ਦੇਣਾ ਨਹੀਂ ਬਲਕਿ ਉਸਦੇ ਦਿਲ ਤੇ ਦਿਮਾਗ ਦੋਹਾਂ ਨੂੰ ਰੌਸ਼ਨ ਕਰਨਾ ਹੈ, ਅਤੇ ਇਹ ਰੌਸ਼ਨੀ ਹਮੇਸ਼ਾਂ ਅਧਿਆਪਕਾਂ ਦੇ ਮਨੁੱਖੀ ਸਪਰਸ਼ ਤੋਂ ਹੀ ਮਿਲ ਸਕਦੀ ਹੈ।
ਪ੍ਰਿੰਸੀਪਲ ਵਿਪਨ ਚਾਵਲਾ
ਸੰਗਰੂਰ