ਬਾਬਾ ਤੇ ਜੀਪਨਿਰਮਲ ਸਿੰਘ ਕੰਧਾਲਵੀ

ਵੇਚ ਮਾਰੂਤੀ ਮਾਹਣਾ ਸਿਉਂ ਨੇ, ਜੀਪ ਨਵੀਂ ਕਢਵਾਈ।
ਸੱਜਣਾਂ ਮਿੱਤਰਾਂ, ਆਂਢ ਗੁਆਂਢ ਨੇ ਦਿਤੀ ਆਣ ਵਧਾਈ।
ਡੇਰੇ ਵਾਲ਼ੇ ਬਾਬੇ ਦਾ ਸੀ, ਮਾਹਣਾ ਸਿਉਂ ਬੜਾ ਸ਼ਰਧਾਲੂ।
ਸਭ ਨੂੰ ਦੱਸੇ ਮਾਣ ਨਾਲ,  ਹੈ ਬਾਬਾ ਜੀ ਬੜਾ ਕ੍ਰਿਪਾਲੂ।
ਬੜੀ ਪਹੁੰਚ ਹੈ ਬਾਬਾ ਜੀ ਦੀ, ਸਰਕਾਰੇ ਤੇ ਦਰਬਾਰੇ।
ਡੇਰੇ ਨਾਲ ਜੋ ਪਾਵੇ ਪੰਗਾ,  ਬਾਬਾ ਦਿਨੇ ਦਿਖਾਵੇ ਤਾਰੇ।
ਸਾਰਾ ਟੱਬਰ ਡੇਰੇ ਨੂੰ ਤੁਰਿਆ, ਨਾਲ਼ ਲਈ ਮਠਿਆਈ।
ਜੀਪ ਵਾਸਤੇ ਬਾਬਾ ਜੀ ਕੋਲੋਂ,  ਜਾ ਅਰਦਾਸ ਕਰਾਈ।
ਨਵੀਂ ਨਕੋਰ ਜੀਪ ਵੇਖ ਕੇ, ਬਾਬੇ  ਦੇ ਫੁੱਲ ਗਏ ਡੇਲੇ।
ਭੂੰਡਾਂ ਵਾਂਗੂੰ ਜੀਪ ਦੁਆਲੇ, ਪਏ ਘੁੰਮਣ ਸਾਧ ਦੇ ਚੇਲੇ।
ਇਕ ਦਿਨ ਮਾਹਣਾ ਸਿਉਂ ਨੂੰ, ਫ਼ੂਨ ਡੇਰੇ ਤੋਂ ਆਇਆ।
ਸਿੰਘਾ ਤੇਰੀ ਜੀਪ ਲਿਜਾਣੀ,  ਬਾਬੇ ਨੇ ਫ਼ੁਰਮਾਇਆ।
ਉਂਜ ਭਗਤਾ ਕਈ ਗੱਡੀਆਂ, ਖੜ੍ਹੀਆਂ  ਨੇ ਸਾਡੇ ਡੇਰੇ।
ਤੇਰੀ ਜੀਪ ਲਿਜਾ ਕੇ ਭਗਤਾ,  ਭਾਗ ਬਦਲਣੇ ਤੇਰੇ।
ਮੁਲਾਕਾਤ ਹੈ ਨਾਲ ਮੰਤਰੀ, ਹੈ ਚੰਡੀਗੜ੍ਹ ਨੂੰ ਜਾਣਾ।
ਸੁਬਾਹ ਸਵੇਰੇ ਜਾ ਕੇ ਅਸੀਂ, ਸ਼ਾਮੀਂ ਹੈ ਮੁੜ ਆਉਣਾ।
ਟੱਬਰ ਖ਼ੁਸ਼,  ਚਰਨ ਬਾਬੇ ਦੇ, ਗੱਡੀ ਦੇ ਵਿਚ ਪੈਣੇ।
ਹੋ ਜਾਣੀ ਏ ਜੀਪ ਪਵਿੱਤਰ, ਦੁੱਖ ਦਲਿੱਦਰ ਢਹਿਣੇ। 
ਦੋ ਦਿਨ ਲੰਘੇ ਜੀਪ ਮੁੜੀ ਨਾ, ਡੇਰੇ ਨੂੰ ਫ਼ੂਨ ਘੁੰਮਾਇਆ।
ਬਾਬਾ ਜੀ ਤਾਂ ਤੁਰ ਗਏ ਸ਼ਿਮਲੇ, ਚੇਲੇ ਨੇ ਫ਼ੁਰਮਾਇਆ।
ਮੁੜਿਆ ਪੂਰੇ ਹਫ਼ਤੇ ਮਗਰੋਂ, ਹੁਣ ਜੀਪ ਨਾ ਮੋੜੇ ਬਾਬਾ।
ਜੀਪ ਚੜ੍ਹਾਵੇ ਵਿਚ ਮੈਂ ਲੈਣੀ, ਬਾਬੇ ਨੇ ਮਾਰਿਆ ਦਾਬਾ।
ਬਾਬੇ ਦੇ ਲਫ਼ਟੈਣਾਂ ਪਾਸ, ਮਾਹਣਾਂ ਸਿਉਂ ਨੇ ਕੱਢੇ ਗੇੜੇ।
ਬਾਬੇ ਕੋਲੋਂ ਮੇਰੀ ਜੀਪ ਦੁਆਵੋ, ਨਾਲ਼ ਚੱਲੋ ਤੁਸੀਂ ਮੇਰੇ।
ਗੋਂਗਲੂਆਂ ਤੋਂ ਮਿੱਟੀ ਝਾੜਨ, ਨਾਲ਼ ਨਾ ਤੁਰਿਆ ਕੋਈ।
ਥੱਕ ਹਾਰ ਕੇ ਮਾਹਣਾ ਸਿਉਂ ਨੇ,  ਤੱਕੀ ਥਾਣੇ ਦੀ ਢੋਈ। 
ਥਾਣੇਦਾਰ ਵੀ ਅੱਖੜ ਡਾਢਾ, ਉਹ ਵੱਢ ਖਾਣ ਨੂੰ ਆਵੇ।
ਹਰ ਵਾਰ ਉਹ ਨਵਾਂ ਬਹਾਨਾ, ਮਾਹਣਾ ਸਿਉਂ ਨੂੰ ਲਾਵੇ।
ਅੱਕ ਹਾਰ ਕੇ ਦਰ ਉਸ ਨੇ, ਐਸ.ਪੀ. ਦਾ ਖੜਕਾਇਆ।
ਵੱਡੇ ਸਾਬ ਨੇ ਕਿੱਸਾ ਸੁਣ ਕੇ, ਧੀਰਜ ਉਹਨੂੰ ਬੰਨ੍ਹਾਇਆ। 
ਮਨਿਸਟਰ ਸਾਂਢੂ ਵੱਡੇ ਸਾਬ ਦਾ, ਨਾਲ ਬਾਬੇ ਦੇ ਯਾਰੀ।
ਦੋਹਾਂ ਨੇ ਕੁਝ ਗਿਟ ਮਿਟ ਕੀਤੀ, ਸਕੀਮ ਬਣਾਈ ਸਾਰੀ। 
ਵੱਡੇ ਸਾਬ ਨੇ ਥਾਣੇਦਾਰ ਨੂੰ, ਦਫ਼ਤਰ ਵਿਚ ਬੁਲਾਇਆ।
ਹੱਲ ਮਸਲੇ ਦਾ ਲੱਭਣ ਲਈ, ਨੁਕਤਾ ਇਕ ਸਮਝਾਇਆ।
ਨਾਕੇ ਵਾਲ਼ੀ ਪੁਲਿਸ ਨੇ ਮੁੰਡਾ, ਮਾਹਣਾ ਸਿਉਂ ਦਾ ਚੁੱਕਿਆ।
ਜੀਪ ’ਚ ਸੁੱਟਿਆ ਬੋਰੀ ਵਾਂਗੂੰ, ਥਾਣੇ ਦੇ ਵਿਚ ਡੱਕਿਆ।
ਮਾਹਣਾ ਸਿਉਂ ਨੂੰ ਖ਼ਬਰ ਹੋਈ,  ਜਾ ਥਾਣੇ ਉਹ ਵੜਿਆ।
ਪੁਲਿਸ ਕਹੇ ਇਹ ਵੇਚੇ ਚਿੱਟਾ, ਅਸੀਂ ਰੰਗੇ ਹੱਥੀਂ ਫੜਿਆ। 
ਥਾਣੇਦਾਰ ਕਹੇ  ਮੈਂ ਮੁੰਡੇ ਉੱਤੇ, ਕੇਸ ਅਜੇ ਨਹੀਂ ਪਾਇਆ।
ਗੱਲ ਮੰਨ ਲੈ  ਬਾਬੇ ਦੀ, ਚਾਹੁੰਨੈ ਜੇ ਮੁੰਡਾ ਛੁਡਵਾਇਆ।
ਜੀਪ ਚਾੜ੍ਹ ਦੇ ਬਾਬੇ ਦੇ ਡੇਰੇ, ਬਹੁਤੇ ਸੋਚ ਨਾ ਭੱਬੇ ਲੱਲੇ।
ਵਿਚ ਅਖ਼ਬਾਰਾਂ ਖ਼ਬਰ ਲੱਗੂਗੀ, ਹੋ ਜਾਊਗੀ ਬੱਲੇ ਬੱਲੇ।
ਚਿੱਟੇ ਵਿਚ ਜ਼ਮਾਨਤ ਹੁਣ, ਹੁਣ ਛੇ ਮਹੀਨੇ ਨਹੀਂ ਹੁੰਦੀ।
ਕਈ ਸਾਲਾਂ ਦਾ ਖੇਹ-ਖ਼ਰਾਬਾ, ਤੇ ਸਜ਼ਾ ਵੀ ਹੁੰਦੀ ਲੰਬੀ।
ਕੱਲ੍ਹ ਤੱਕ ਮਨ ਬਣਾ ਕੇ ਆਪਣਾ, ਦੱਸ ਦੇਵੀਂ ਤੂੰ ਆ ਕੇ।
ਧੂੰ ਨਾ ਗੱਲ ਦੀ ਬਾਹਰ ਕੱਢੀਂ, ਕਰੀਂ ਸਲਾਹ ਘਰ ਜਾ ਕੇ।  
ਬਾਬੇ ਤੋਂ ਛੁਟਕਾਰੇ ਦਾ ਜਦ, ਰਾਹ ਹੋਰ ਕੋਈ ਨਾ ਲੱਭਿਆ। 
ਸੋਚ  ਸਾਚ  ਕੇ ਮਾਹਣਾ ਸਿਉਂ ਨੇ, ਅੱਕ ਅੰਤ ਨੂੰ ਚੱਬਿਆ।
ਵਿਚ ਅਖ਼ਬਾਰਾਂ ਤਸਵੀਰ ਸਣੇ, ਬਾਬੇ ਨੇ ਖ਼ਬਰ ਲੁਆਈ।
ਸਾਧ ਸੰਗਤ ਜੀ ਮਾਹਣਾ ਸਿਉਂ ਨੇ, ਡੇਰੇ ਨੂੰ ਜੀਪ ਚੜ੍ਹਾਈ।
ਰੋਜ਼ ਰੋਜ਼ ਨਹੀਂ ਲੱਭਦੇ ਭਾਈ, ਮਾਹਣਾ ਸਿਉਂ ਵਰਗੇ ਦਾਨੀ।
ਕੌਣ ਕਰੇਗਾ ਰੀਸ ਇਨ੍ਹਾਂ ਦੀ, ਨਹੀਂ ਕੋਈ ਇਨ੍ਹਾਂ ਦਾ ਸਾਨੀ?