
ਇੰਗਲੈਂਡ ਦੇ ਉਦਯੋਗਿਕ ਟਾਊਨ ‘ਵਿਲਨਹਾਲ’ ਦੀ ਗਾਥਾ - ਨਿਰਮਲ ਸਿੰਘ ਕੰਧਾਲਵੀ
ਹਰੇਕ ਦੇਸ਼ ਵਿਚ ਆਪਣੇ ਆਪਣੇ ਇਲਾਕੇ ਦੀ ਕੋਈ ਨਾ ਕੋਈ ਵਿਸ਼ੇਸ਼ਤਾ ਹੁੰਦੀ ਹੈ। ਕੁਝ ਇਲਾਕੇ ਇਤਿਹਾਸਕ ਤੌਰ ‘ਤੇ ਵਿਸ਼ੇਸ਼ ਖਿੱਚ ਰੱਖਦੇ ਹਨ। ਕਈ ਇਲਾਕੇ ਆਪਣੀ ਸੁੰਦਰਤਾ ਕਰਕੇ ਮਸ਼ਹੂਰ ਹੁੰਦੇ ਹਨ। ਹੋਰ ਵੀ ਸੈਂਕੜੇ ਕਾਰਨ ਹੋ ਸਕਦੇ ਹਨ। ਪਿਆਰੇ ਪਾਠਕੋ! ਮੈਂ ਇੰਗਲੈਂਡ ਦੇ ਜਿਸ ਇਲਾਕੇ ਦੀ ਗੱਲ ਕਰਨ ਲੱਗਾ ਹਾਂ ਇਹ ਇਲਾਕਾ ਆਪਣੇ ਉਦਯੋਗ ਕਰ ਕੇ ਬਹੁਤ ਮਸ਼ਹੂਰ ਹੈ, ਉਦਯੋਗ ਵੀ ਵਿਸ਼ੇਸ਼ ਕਰ ਕੇ ਜੰਦਰਿਆਂ,ਚਾਬੀਆਂ ਅਤੇ ਸੁਰੱਖਿਅਤਾ ਨਾਲ ਸਬੰਧਤ ਹੋਰ ਵਸਤੂਆਂ ਦੀ ਬਦੌਲਤ। ਮੈਨੂੰ ਆਪ ਵੀ ਇਸ ਟਾਊਨ ‘ਚ ਰਹਿੰਦਿਆਂ 49 ਸਾਲ ਹੋ ਗਏ ਹਨ। ਵੈਸਟ ਮਿਡਲੈਂਡਜ਼ ਦੇ ਇਸ ਛੋਟੇ ਜਿਹੇ ਟਾਊਨ ਦਾ ਨਾਮ ਹੈ ‘ਵਿਲਨਹਾਲ’। ਅੱਠਵੀਂ ਸਦੀ ‘ਚ ਇਸ ਟਾਊਨ ਦਾ ਮੁੱਢ ਮਰਸੀਆ ਦੇ ਰਾਜੇ ਈਥਲਬਾਲਡ ਨਾਲ ਇਕ ਸਮਝੌਤੇ ਰਾਹੀਂ ਬੱਝਿਆ। ਪਹਿਲਾਂ ਪਹਿਲ ਇਸ ਟਾਊਨ ਨੂੰ ਵਿਲਨਹਾਲਚ ਕਿਹਾ ਜਾਂਦਾ ਸੀ। ਡੂਮਜ਼ਡੇਅ ਬੁੱਕ ‘ਚ ਇਸ ਦਾ ਨਾਮ ਵਿਲਨਹਾਲਾ (1086) ਲਿਖਿਆ ਗਿਆ ਹੈ। 18ਵੀਂ ਸਦੀ ਤੱਕ ਇਸ ਦਾ ਬਹੁਤਾ ਵਿਸਥਾਰ ਨਹੀਂ ਹੋਇਆ। ਭਾਵੇਂ ਕਿ ਇਸ ਦਾ ਆਪਣਾ ਛੋਟਾ ਜਿਹਾ ਚਰਚ ਸੀ ਪਰ ਵਿਆਹ ਸ਼ਾਦੀਆਂ ਅਤੇ ਮੌਤ ਨਾਲ ਸਬੰਧਤ ਸੰਸਕਾਰਾਂ ਵਾਸਤੇ ਵੁਲਵਰਹੈਂਪਟਨ ਦੇ ਪੈਰਿਸ਼ ਚਰਚ ‘ਚ ਜਾਣਾ ਪੈਂਦਾ ਸੀ। 1840 ‘ਚ ਇਸ ਟਾਊਨ ਦਾ ਆਪਣਾ ਚਰਚ ‘ਸੇਂਟ ਜਾਈਲਜ਼’ ਸਥਾਪਤ ਹੋਇਆ। ਸ਼ੁਰੂ ਸ਼ੁਰੂ ‘ਚ ਇਸ ਇਲਾਕੇ ‘ਚ ਥੋੜ੍ਹੀ ਬਹੁਤ ਖੇਤੀ-ਬਾੜੀ ਹੀ ਹੁੰਦੀ ਸੀ। 1666 ‘ਚ ਇਸ ਟਾਊਨ ਦੀ ਆਬਾਦੀ ਸਿਰਫ਼ 300 ਸੀ। 18ਵੀਂ ਸਦੀ ‘ਚ ਉਦਯੋਗਿਕ ਕ੍ਰਾਂਤੀ ਨਾਲ਼ ਆਬਾਦੀ ਇਕ ਦਮ ਵਧਣ ਲੱਗੀ।
ਮੈਂ ਜਿਨ੍ਹਾਂ ਸੱਜਣਾਂ ਕੋਲ ਆਇਆ ਸਾਂ, ਉਹ ਇਸੇ ਟਾਊਨ ਵਿਚ ਹੀ ਰਹਿੰਦੇ ਸਨ ਤੇ ਸਭ ਫਾਊਂਡਰੀਆਂ, ਫੈਕਟਰੀਆਂ ਵਿਚ ਹੀ ਕੰਮ ਕਰਦੇ ਸਨ, ਕੰਮ ਲੱਭਣਾ ਬਹੁਤਾ ਔਖਾ ਨਹੀਂ ਸੀ। ਉਨ੍ਹਾਂ ਦਿਨਾਂ ‘ਚ ਏਸ਼ੀਅਨ ਦੇਸ਼ਾਂ ਤੋਂ ਲਿਆਂਦੇ ਹੋਏ ਡਿਗਰੀਆਂ, ਡਿਪਲੋਮਿਆਂ ਨੂੰ ਤਾਂ ਗੋਰੇ ਚਿਮਟੇ ਨਾਲ ਵੀ ਨਹੀਂ ਸਨ ਛੂੰਹਦੇ, ਸੋ ਨਵੇਂ ਆਏ ਆਵਾਸੀਆਂ ਲਈ ਫਾਊਂਡਰੀਆਂ, ਫੈਕਟਰੀਆਂ ਹੀ ਰੋਜ਼ਗਾਰ ਦਾ ਸਾਧਨ ਬਣਦੀਆਂ ਸਨ। ਮੈਂ ਆਪ ਵੀ ਅੱਠ ਕੁ ਮਹੀਨੇ ਫਾਊਂਡਰੀ ‘ਚ ਕੰਮ ਕੀਤਾ ਸੀ। ਮੈਨੂੰ ਯਾਦ ਐ ਜਦ ਪਹਿਲੇ ਦਿਨ ਫੋਰਮੈਨ ਦੇ ਪੁੱਛਣ ‘ਤੇ ਮੈਂ ਉਸ ਨੂੰ ਆਪਣੀ ਡਿਗਰੀ ਤੇ ਡਿਪਲੋਮੇ ਬਾਰੇ ਦੱਸਿਆ ਤਾਂ ਉਸ ਨੇ ਜਿਹੜੀ ਖਚਰੀ ਮੁਸਕਰਾਹਟ ਨਾਲ ਮੇਰੇ ਵਲ ਦੇਖਿਆ ਸੀ, ਮੈਂ ਅੱਜ ਤੱਕ ਨਹੀਂ ਭੁੱਲਿਆ, ਜਿਵੇਂ ਉਸ ਨੇ ਕਿਹਾ ਹੋਵੇ ਕਿ ‘ਪੁੱਤਰਾ ਅੰਦਰ ਚਲ ਇਕ ਵਾਰੀ, ਤੇਰੇ ਡਿਗਰੀਆਂ ਡਿਪਲੋਮੇ ਢਾਲ਼ਦੇ ਆਂ ਪਿਘਲਦੇ ਲੋਹੇ ‘ਚ’। ਹਿੰਮਤ ਵਾਲੇ ਲੋਕ ਹੌਲੀ ਹੌਲੀ ਸਿਸਟਮ ਨੂੰ ਸਮਝ ਕੇ ਇਸ ਚੱਕਰ ‘ਚੋਂ ਨਿਕਲ ਕੇ ਤਰੱਕੀ ਵੀ ਕਰ ਜਾਂਦੇ ਸਨ। ਨਸਲ, ਰੰਗ-ਭੇਦ ਦਾ ਵਿਤਕਰਾ ਵੀ ਪੂਰੇ ਜੋਬਨ ‘ਤੇ ਸੀ।
ਬਹੁਤਾ ਇਸ ਪਾਸੇ ਨਾ ਜਾਂਦੇ ਹੋਏ ਆਉ ਵੈਸਟ ਮਿਡਲੈਂਡਜ਼ ਦੇ ਇਸ ਛੋਟੇ ਜਿਹੇ ਟਾਊਨ ਵਿਲਨਹਾਲ ਦੇ ਉਦਯੋਗਿਕ ਪਿਛੋਕੜ ਬਾਰੇ ਕੁਝ ਰੌਚਕ ਗੱਲਾਂ ਸਾਂਝੀਆਂ ਕਰੀਏ। ਵਿਲਨਹਾਲ ਅਤੇ ਵੁਲਵਰਹੈਂਪਟਨ (ਹੁਣ ਸਿਟੀ ਆਫ਼ ਵੁਲਵਰਹੈਂਪਟਨ) ਦੀ 400 ਸਾਲ ਤੋਂ ਵੀ ਵੱਧ ਸਮੇਂ ਲਈ ਜੰਦਰੇ, ਕੁੰਜੀਆਂ ਬਣਾਉਣ ਵਾਲੇ ਉਦਯੋਗ ਦੇ ਤੌਰ ‘ਤੇ ਸਰਦਾਰੀ ਰਹੀ ਹੈ। ਸੋਲ੍ਹਵੀਂ ਸਦੀ ਵਿਚ ਇਸ ਇਲਾਕੇ ਵਿਚ ਲੋਹੇ ਅਤੇ ਕੋਲੇ ਦੀ ਭਰਮਾਰ ਹੋਣ ਕਰ ਕੇ ਇਹ ਘਰੇਲੂ ਉਦਯੋਗ ਪਨਪਿਆ ਅਤੇ ਅਕਸਰ ਸਾਰਾ ਪਰਵਾਰ ਹੀ ਜੰਦਰੇ, ਕੁੰਜੀਆਂ ਬਣਾਉਣ ‘ਚ ਹਿੱਸਾ ਲੈਂਦਾ ਸੀ। ਤੁਹਾਨੂੰ ਇਹ ਜਾਣ ਕੇ ਅਚੰਭਾ ਲੱਗੇਗਾ ਕਿ 19ਵੀਂ ਸਦੀ ਦੇ ਅੱਧ ਤੱਕ ਇੰਗਲੈਂਡ ਵਿਚ ਜਿਤਨੇ ਜੰਦਰੇ ਬਣਦੇ ਸਨ ਉਸ ਦਾ 90% ਵਿਲਨਹਾਲ ਵਿਚ ਹੀ ਬਣਦਾ ਸੀ।
ਇਸ ਇਲਾਕੇ ਦੀਆਂ ਜੜ੍ਹਾਂ ਲੋਹੇ ਦੇ ਕੰਮ-ਕਾਰ ‘ਚ ਹੋਣ ਕਰ ਕੇ ਇਹ ਟਾਊਨ ਬੜੇ ਵਿਸ਼ੇਸ਼ ਅਤੇ ਜਟਿਲ ਕਿਸਮ ਦੇ ਜੰਦਰਿਆਂ ਅਤੇ ਚਾਬੀਆਂ ਬਣਾਉਣ ਵਾਲੇ ਟਾਊਨ ਦੇ ਤੌਰ ‘ਤੇ ਉੱਭਰਿਆ। ਸੋਲ੍ਹਵੀਂ ਸਦੀ ਵਿਚ ਇਤਿਹਾਸਕ ਤੌਰ ‘ਤੇ ਇਸ ਨੂੰ ਮਾਣ ਮਿਲਿਆ ਜਦੋਂ ਸਰਕਾਰ ਵਾਸਤੇ ਵੀ ਜੰਦਰੇ ਇੱਥੋਂ ਹੀ ਬਣ ਕੇ ਜਾਂਦੇ ਸਨ, ਤੇ ਇਸ ਤਰ੍ਹਾਂ ਵਿਲਨਹਾਲ ਦਾ ਇਸ ਉਦਯੋਗ ਉੱਪਰ ਏਕਾਧਿਕਾਰ ਹੋ ਗਿਆ।
1850 ਤੱਕ ਬਹੁਤਾ ਕਰ ਕੇ ਇਹ ਉਦਯੋਗ ਘਰਾਂ ਦੇ ਵਿਹੜਿਆਂ ਤੱਕ ਹੀ ਸੀਮਿਤ ਰਿਹਾ, ਜਿੱਥੇ ਕਿ 300 ਤੋਂ ਵਧੇਰੇ ਕਾਰੀਗਰ ਜੰਦਰੇ ਬਣਾਉਣ ਵਾਲੇ ਅਤੇ 90 ਚਾਬੀਆਂ ਬਣਾਉਣ ਵਾਲੇ ਕੰਮ ਕਰਦੇ ਸਨ ਪਰ ਜਦੋਂ ਇੰਗਲੈਂਡ ‘ਚ ਉਦਯੋਗਿਕ ਕ੍ਰਾਂਤੀ ਆਈ ਤਾਂ ਸੰਸਾਰ ਪੱਧਰ ‘ਤੇ ਮਾਲ ਦੀ ਮੰਗ ਵਧਣ ਕਰ ਕੇ ਵੱਡੀਆਂ ਫੈਕਟਰੀਆਂ ਖੁੱਲ੍ਹ ਗਈਆਂ ਤੇ ਇਹ ਲੋਕ ਉੱਥੇ ਕੰਮ ਕਰਨ ਲੱਗੇ। ਸ਼ੁਰੂ ਸ਼ੁਰੂ ‘ਚ ਜੰਦਰੇ ਦੇ ਸਾਰੇ ਪੁਰਜ਼ੇ ਹੱਥਾਂ ਨਾਲ ਜਾਂ ਭੱਠੀ ‘ਚ ਘੜੇ ਜਾਂਦੇ ਸਨ ਅਤੇ ਰੇਤੀ ਨਾਲ ਰਗੜ ਰਗੜ ਕੇ ਉਨ੍ਹਾਂ ਨੂੰ ਆਕਾਰ ਦਿਤਾ ਜਾਂਦਾ ਸੀ। ਛੇਕ ਕਰਨ ਵਾਸਤੇ ਸ਼ਿਕੰਜਾ ਜਾਂ ਅਹਿਰਣ ਵਰਤੀ ਜਾਂਦੀ ਸੀ ਤੇ ਛੇਕ ਨਿਹਾਣਚੇ ਨਾਲ ਪਾਇਆ ਜਾਂਦਾ ਸੀ। ਅੱਜ ਵਰਗੇ ਔਜ਼ਾਰ ਨਹੀਂ ਉਪਲਬਧ ਸਨ ਉਦੋਂ। ਜੰਦਰੇ ਬਣਾਉਣ ਵਾਲੇ ਕਾਰੀਗਰ ਵਾਸਤੇ ਉਸ ਦਾ ਸਭ ਤੋਂ ਉਪਯੋਗੀ ਸੰਦ ਰੇਤੀ ਹੀ ਹੁੰਦਾ ਸੀ। ਕਿਸ਼ੋਰ-ਅਵਸਥਾ ਦੇ ਬੱਚਿਆਂ ਨੂੰ ਕਈ ਕਈ ਘੰਟੇ ਰੇਤੀ ਨੂੰ ਵਰਤਣ ਦੇ ਢੰਗ ਬਾਰੇ ਸਿਖਲਾਈ ਦਿਤੀ ਜਾਂਦੀ ਸੀ ਤੇ ਇਸ ਦੌਰਾਨ ਉਨ੍ਹਾਂ ਨੂੰ ਲਗਾਤਾਰ ਝੁਕ ਕੇ ਬੈਠਣਾ ਪੈਂਦਾ ਸੀ, ਨਤੀਜੇ ਵਜੋਂ ਛੋਟੀ ਉਮਰੇ ਹੀ ਕਈ ਨੌਜਵਾਨਾਂ ਦੇ ਕੁੱਬ ਨਿੱਕਲ ਆਉਂਦੇ ਸਨ, ਮੋਢੇ ਵਿੰਗੇ ਹੋ ਜਾਂਦੇ ਸਨ ਅਤੇ ਬਾਲਗ਼ ਹੁੰਦਿਆਂ ਤੱਕ ਲੱਤਾਂ ਵਿੰਗੀਆਂ ਹੋ ਜਾਂਦੀਆਂ ਸਨ। ਇਸੇ ਕਰ ਕੇ ਇਸ ਟਾਊਨ ਦਾ ਨਾਮ ‘ਹੰਪਸ਼ਾਇਰ’ ਭਾਵ ਕਿ ਕੁੱਬਿਆਂ ਦਾ ਸ਼ਹਿਰ ਪੈ ਗਿਆ ਸੀ। ਪਾਠਕ ਇਹ ਪੜ੍ਹ ਕੇ ਹੈਰਾਨ ਹੋਣਗੇ ਕਿ ਕਈ ਪੱਬਾਂ ਵਿਚ ਬੈਂਚਾਂ ਦੇ ਪਿਛਲੇ ਪਾਸੇ ਕੰਧਾਂ ਵਿਚ ਆਲ਼ੇ ਜਿਹੇ ਬਣਾਏ ਜਾਂਦੇ ਸਨ ਤਾਂ ਕਿ ਕੁੱਬੇ ਵਿਅਕਤੀ ਦਾ ਕੁੱਬ ਆਲ਼ੇ ‘ਚ ਫਿੱਟ ਹੋ ਜਾਵੇ ਤੇ ਉਹ ਆਰਾਮ ਨਾਲ ਬੈਠ ਸਕੇ।
1830 ਦੇ ਅਖੀਰ ਤੱਕ ਜਦ ਤਾਈਂ ਢਲਾਈ ਦੇ ਬਣੇ ਬਣਾਏ ਤੇ ਸਸਤੇ ਪੁਰਜ਼ੇ ਉਪਲਬਧ ਨਹੀਂ ਹੋਏ, ਜੰਦਰੇ ਬਣਾਉਣ ਦੇ ਕੰਮ ‘ਚ ਬਹੁਤੀ ਤੇਜ਼ੀ ਨਹੀਂ ਆਈ। ਇਨ੍ਹਾਂ ਨਵੇਂ ਆਏ ਪੁਰਜ਼ਿਆਂ ‘ਤੇ ਬਹੁਤੀ ਮਿਹਨਤ ਨਹੀਂ ਸੀ ਕਰਨੀ ਪੈਂਦੀ। ਇਹ ਕੰਮ ਹੋਰ ਵੀ ਆਸਾਨ ਹੋ ਗਿਆ ਜਦੋਂ ਇਸ ਉਦਯੋਗ ਵਿਚ ਫਲਾਈ-ਪਰੈੱਸ ਦਾ ਆਗਮਨ ਹੋਇਆ ਜਿਸ ਨਾਲ ਪੁਰਜ਼ਿਆਂ ਨੂੰ ਛੇਤੀ ਅਤੇ ਸਹੀ ਢੰਗ ਨਾਲ ਜੋੜਿਆ ਜਾ ਸਕਦਾ ਸੀ, ਇਸ ਨਾਲ ਸਮਾਂ ਅਤੇ ਮਿਹਨਤ ਦੋਵੇਂ ਬਚਦੇ ਸਨ।
ਜਦੋਂ ਜੰਦਰੇ ਬਣਾਉਣ ਦਾ ਇਹ ਉਦਯੋਗ ਆਪਣੇ ਸਿਖਰ ‘ਤੇ ਸੀ ਤਾਂ ਇਸ ਟਾਊਨ ਵਿਚ 4000 ਤੋਂ ਵਧੇਰੇ ਕਾਰੀਗਰ ਕੰਮ ਕਰਦੇ ਸਨ, ਜੋਜ਼ਾਇਆ ਪਾਰਕਸ, ਯੇਲ ਐਂਡ ਟਾਊਨ, ਜਾਹਨ ਹਾਰਪਰ ਆਦਿ ਸੰਸਾਰ ਪ੍ਰਸਿੱਧ ਕੰਪਨੀਆਂ ਜੰਦਰੇ ਅਤੇ ਸੁਰੱਖਿਅਤਾ ਦੇ ਹੋਰ ਸਾਧਨ ਤਿਆਰ ਕਰਦੀਆਂ ਸਨ। ਸੰਨ 1990 ਆਉਂਦਿਆਂ ਤੱਕ ਇਹ ਕਾਰੋਬਾਰ ਘਟਦਾ ਹੀ ਗਿਆ ਅਤੇ ਹੁਣ ਕੁਝ ਗਿਣਤੀ ਦੇ ਕਾਰੀਗਰ ਹੀ ਰਹਿ ਗਏ ਹਨ ਜੋ ਇਸ ਕੰਮ ਦੇ ਮਾਹਰ ਹਨ। ਇਸ ਸਮੇਂ ਇਕ ਹੀ ਵੱਡੀ ਫੈਕਟਰੀ ‘ਆਸਾ ਅਬਲਾਇ’ ਹੀ ਇਸ ਟਾਊਨ ਵਿਚ ਬਚੀ ਹੈ।
ਵਿਲਨਹਾਲ ‘ਚ ਇਸ ਉਦਯੋਗ ਦਾ ਇਤਿਹਾਸ ਸੰਭਾਲਣ ਲਈ 19ਵੀਂ ਸਦੀ ਦੇ ਜੰਦਰਿਆਂ ਦੇ ਇਕ ਕਾਰੀਗਰ ਦੇ ਘਰ ਨੂੰ ਅਜਾਇਬਘਰ ਦੇ ਤੌਰ ‘ਤੇ ਜਿਉਂ ਦਾ ਤਿਉਂ ਰੱਖਿਆ ਹੋਇਆ ਹੈ। ਇਸ ਦੀ ਦੇਖਭਾਲ ਦੀ ਜ਼ਿੰਮੇਵਾਰੀ ‘ਬਲੈਕ ਕੰਟਰੀ ਲਿਵਿੰਗ ਮਿਊਜ਼ੀਅਮ’ ਕੋਲ ਹੈ।