ਪੰਥ ਨੇ ਸ਼ਤਾਬਦੀਆਂ ਤਾਂ ਮੰਨਾਈਆਂ ਹਨ, ਪ੍ਰੰਤੂ...! - ਜਸਵੰਤ ਸਿੰਘ 'ਅਜੀਤ'

ਸਿੱਖ ਜਗਤ ਨੇ ਬੀਤੇ ਲਗਪਗ ਪੰਜਾਹ ਵਰ੍ਹਿਆਂ ਵਿਚ, ਅਰਥਾਤ 1969 ਤੋਂ ਹੁਣ ਤਕ, ਸਿਖ ਇਤਿਹਾਸ ਨਾਲ ਸੰਬੰਧਤ ਕਈ ਸ਼ਤਾਬਦੀਆਂ ਮੰਨਾਈਆਂ ਹਨ, ਹੁਣ ਤਾਂ ਅਰਧ-ਸ਼ਤਾਬਦੀਆਂ ਮਨਾੰਉਣ ਵਲ ਵੀ ਰੁਝਾਨ ਵਧਣ ਲਗ ਪਿਆ ਹੈ। ਇਸੇ ਰੁਝਾਨ ਦੇ ਤਹਿਤ ਹੀ ਅਗਲੇ ਵਰ੍ਹੇ ਅਰਥਾਤ 2019 ਵਿੱਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਬ ਮਾਏ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹੋਈਆਂ ਹਨ। ਇਤਨਾ ਹੀ ਨਹੀਂ ਇਨ੍ਹਾਂ ਤੋਂ ਬਿਨਾਂ ਹਰ ਵਰ੍ਹੇ ਗੁਰੂ ਸਾਹਿਬਾਨ ਦੇ ਜੀਵਨ ਨਾਲ ਸੰਬੰਧਤ ਕਈ ਪੁਰਬ ਵੀ ਲਗਾਤਾਰ ਮਨਾਏ ਜਾਂਦੇ ਚਲੇ ਆ ਰਹੇ ਹਨ। ਸ਼ਤਾਬਦੀਆਂ ਮੰਨਾਉਂਦਿਆਂ ਹੋਇਆਂ ਦੇਸ਼-ਵਿਦੇਸ਼ ਵਿਚ ਅਨੇਕਾਂ ਸਮਾਗਮ ਕੀਤੇ ਗਏ, ਚੇਤਨਾ ਅਤੇ ਖਾਲਸਾ ਮਾਰਚਾਂ ਦਾ ਆਯੋਜਨ ਵੀ ਕੀਤਾ ਗਿਆ, ਸੈਮੀਨਾਰ ਵੀ ਹੋਏ ਅਤੇ ਵਡੇ ਪੈਮਾਨੇ ਤੇ ਸਾਹਿਤ ਵੀ ਪ੍ਰਕਾਸ਼ਤ ਕਰ ਕੇ ਵੰਡਿਆ ਗਿਆ। ਇਨ੍ਹਾਂ ਕਾਰਜਾਂ ਪੁਰ ਕੌਮ ਦੇ ਕਰੋੜਾਂ ਹੀ ਨਹੀਂ ਅਰਬਾਂ ਰੁਪਏ ਖਰਚ ਹੋਏ। ਸਿੱਖ ਜਗਤ ਵਲੋਂ, ਜੋ ਪੁਰਬ ਮੰਨਾਏ ਜਾਂਦੇ ਚਲੇ ਆ ਰਹੇ ਹਨ, ਉਨ੍ਹਾਂ ਨੂੰ ਮੰਨਾਉਣ ਲਈ ਵੀ ਦੇਸ਼ ਵਿਚਲੀਆਂ ਲਗਭਗ ਸਾਰੀਆਂ ਹੀ ਛੋਟੀਆਂ-ਵੱਡੀਆਂ ਸਿੱਖ ਜਥੇਬੰਦੀਆਂ ਵਲੋਂ ਆਪੋ-ਆਪਣੀ ਸਮਰਥਾ ਅਨੁਸਾਰ ਛੋਟੇ-ਵਡੇ ਪੈਮਾਨੇ ਤੇ ਦੀਵਾਨ ਸਜਾਏ ਜਾਂਦੇ ਹਨ, ਕਥਾ-ਕੀਰਤਨ ਦਾ ਪ੍ਰਵਾਹ ਚਲਾਇਆ ਜਾਂਦਾ ਹੈ, ਕਵੀ ਦਰਬਾਰ ਵੀ ਹੁੰਦੇ ਹਨ ਅਤੇ ਪੰਥਕ ਆਗੂ, ਧਾਰਮਕ ਵਿਦਵਾਨ ਤੇ ਬੁਧੀਜੀਵੀ ਆਪਣੇ ਭਾਸ਼ਣਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਤੇ ਉਪਦੇਸ਼ਾਂ ਬਾਰੇ ਜਾਣਕਾਰੀ ਦਿੰਦਿਆਂ, ਸੰਗਤਾਂ ਨੂੰ ਉਨ੍ਹਾਂ ਦੇ ਦਰਸਾਏ ਮਾਰਗ ਤੇ ਚਲਣ ਦੀ ਪ੍ਰੇਰਨਾ ਵੀ ਕਰਦੇ ਹਨ। ਕਈ ਥਾਂਵਾਂ ਤੇ ਨਗਰ-ਕੀਰਤਨ ਤੇ ਅੰਮ੍ਰਿਤ ਸੰਚਾਰ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾਂਦਾ ਹੈ। ਇਨ੍ਹਾਂ ਸਮਾਗਮਾਂ ਵਿਚ ਇਲਾਕੇ, ਪ੍ਰਦੇਸ਼ ਜਾਂ ਕੇਂਦਰ ਦੇ ਰਾਜਸੀ ਆਗੂਆਂ ਨੂੰ ਬੁਲਾ, ਉਨ੍ਹਾਂ ਦਾ ਗੁਣਗਾਨ ਕਰਨ ਦੇ ਨਾਲ ਹੀ, ਉਨ੍ਹਾਂ ਨੂੰ ਸਿਰੋਪਾਉ ਦੀ ਬਖਸ਼ਸ਼ ਕਰਕੇ ਸਨਮਾਨਤ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਨੂੰ ਕਿਰਪਾਨਾਂ, ਧਾਰਮਕ ਚਿੰਨ੍ਹ ਤੇ ਸਿੱਖ ਧਰਮ ਤੇ ਇਤਿਹਾਸ ਨਾਲ ਸੰਬੰਧਤ ਸਾਹਿਤ ਦੀਆਂ ਅਜਿਹੀਆਂ ਮੋਟੀਆਂ-ਮੋਟੀਆਂ ਪੁਸਤਕਾਂ ਵੀ ਭੇਂਟ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਪੜ੍ਹਨ ਜਾਂ ਸੰਭਾਲਣ ਦਾ ਸਮਾਂ ਸ਼ਾਇਦ ਹੀ ਉਨ੍ਹਾਂ ਵਿਚੋਂ ਕਿਸੇ ਪਾਸ ਹੁੰਦਾ ਹੋਵੇ।
ਆਪਣੇ ਇਸ ਸਨਮਾਨ-ਸਤਿਕਾਰ ਦੇ ਜਵਾਬ ਵਿਚ ਉਨ੍ਹਾਂ ਰਾਜਸੀ ਵਿਅਕਤੀਆਂ ਵਲੋਂ ਸਿੱਖਾਂ ਦਾ ਧੰਨਵਾਦ ਕਰਦਿਆਂ ਗੁਰੂ ਸਾਹਿਬ ਪ੍ਰਤੀ ਸ਼ਰਧਾ ਦੇ ਫੁਲ ਭੇਂਟ ਕੀਤੇ ਜਾਂਦੇ ਅਤੇ ਸਿੱਖਾਂ ਦੇਸ਼ ਪ੍ਰਤੀ ਕੀਤੀਆਂ ਕੁਰਬਾਨੀਆਂ ਤੇ ਸੇਵਾਵਾਂ ਦੀ ਰਸਮੀ ਪ੍ਰਸ਼ੰਸਾ ਕੀਤੀ ਜਾਂਦੀ ਹੈ ਅਤੇ ਜੈਕਾਰੇ ਲਗਵਾਏ ਜਾਂਦੇ ਹਨ। ਪਤਾ ਨਹੀਂ ਉਨ੍ਹਾਂ ਵਿਚੋਂ ਕਿਸੇ ਨੂੰ ਸਿੱਖਾਂ ਦੀਆਂ ਕੁਰਬਾਨੀਆਂ ਤੇ ਸੇਵਾਵਾਂ ਬਾਰੇ ਜਾਣਕਾਰੀ ਹੁੰਦੀ ਵੀ ਹੈ ਜਾਂ ਨਹੀਂ। ਇਹ ਸਭ-ਕੁਝ ਹੋ ਜਾਣ ਤੋਂ ਬਾਅਦ ਇਹ ਆਖ, ਆਪਣੇ-ਆਪ ਨੂੰ ਸੰਤੁਸ਼ਟ ਕਰ ਲਿਆ ਜਾਂਦਾ ਹੈ ਕਿ ਸ਼ੁਕਰ ਹੈ ਕਿ ਇਤਨਾ ਵਡਾ ਕਾਰਜ 'ਨਿਰਵਿਘਨ' ਸਿਰੇ ਚੜ੍ਹ ਗਿਆ ਹੈ। ਇਹ ਸਭ-ਕੁਝ ਦਹਾਕਿਆਂ ਤੋਂ ਹੁੰਦਾ ਚਲਿਆ ਆ ਰਿਹਾ ਹੈ। ਹੁਣ ਫਿਰ ਅਸੀਂ ਅਗਲੇ ਵਰ੍ਹੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550-ਸਾਲਾ ਪ੍ਰਕਾਸ਼ ਪੁਰਮ ਮੰਨਾਉਣ ਜਾ ਰਹੇ ਹਾਂ। ਇਸ ਮੌਕੇ ਤੇ ਵੀ ਪਹਿਲਾਂ ਵਾਂਗ ਹੀ ਮਾਰਚਾਂ ਦਾ ਆਯੋਜਨ ਕੀਤਾ ਜਾਇਗਾ ਧਾਰਮਕ ਦੀਵਾਨ ਸਜਾਏ ਜਾਣਗੇ, ਗੁਰੂ ਸਾਹਿਬ ਦੇ ਜੀਵਨ-ਕਰਜਾਂ ਦੀ ਚਰਚਾ ਕਰਦਿਆਂ ਸਟੇਜ ਪੁਰ ਲੰਮੇਂ-ਲੰਮੇਂ ਭਾਸ਼ਣ ਦਿਤੇ ਜਾਣਗੇ। ਸੈਮੀਨਾਰ ਵੀ ਹੋਣਗੇ ਅਤੇ ਸਾਹਿਤ ਵੀ ਪ੍ਰਕਾਸ਼ਤ ਕੀਤਾ ਜਾਇਗਾ। ਇਸਤਰ੍ਹਾਂ ਪੂਰਾਣੀ ਸਮੁਚੀ ਰੀਤੀ ਤੇ ਨੀਤੀ ਹੀ ਨਿਭਾਈ ਜਾਇਗੀ।
ਪ੍ਰੰਤੂ ਸੁਆਲ ਉਠਦਾ ਹੈ ਕਿ ਕੀ ਇਸ ਲੰਮੇ ਸਮੇਂ ਦੌਰਾਨ ਕਦੀ ਵੀ ਕਿਸੇ ਪੰਥਕ ਸੰਸਥਾ ਜਾਂ ਕੰਿਹੰਦੇ-ਕਹਾਉੇਂਦੇ ਪੰਥਕ ਆਗੂਆਂ ਵਿਚੋਂ ਕਿਸੇ ਨੇ ਇਸ ਬਾਰੇ ਸੋਚਣ ਅਤੇ ਸਮਝਣ ਦੀ ਲੋੜ ਸਮਝੀ ਕਿ ਇਸਤਰ੍ਹਾਂ ਹਰ ਸਾਲ ਪੁਰਬ ਅਤੇ ਸ਼ਤਾਬਦੀਆਂ ਮੰਨਾਉਂਦਿਆਂ ਕੌਮ ਦੇ ਕਰੋੜਾਂ ਰੁਪਏ ਖਰਚ ਕਰਕੇ ਉਹ ਉਸਨੂੰ ਕੀ ਪ੍ਰਾਪਤੀਆਂ ਕਰਕੇ ਦੇ ਰਹੇ ਹਨ? ਕੀ ਗੁਰੂ ਸਾਹਿਬ ਦੇ ਜੀਵਨ-ਉਪਦੇਸ਼ਾਂ ਤੋਂ ਉਨ੍ਹਾਂ ਆਪ ਕੋਈ ਸੇਧ ਲਈ ਹੈ, ਜਾਂ ਉਨ੍ਹਾਂ ਗੁਰੂ ਸਾਹਿਬ ਦੇ ਸਰਬ-ਸਾਂਝੀਵਾਲਤਾ, ਸਰਬ-ਕਲਿਆਣਤਾ ਅਤੇ ਸਦਭਾਵਨਾ ਦੇ ਸੰਦੇਸ਼ ਨੂੰ ਆਮ ਲੋਕਾਂ ਤਕ ਪਹੁੰਚਾਣ ਦਾ ਕੋਈ ਸਾਰਥਕ ਉਪਰਾਲਾ ਕੀਤਾ ਹੈ ਜਾਂ ਕਰ ਰਹੇ ਹਨ, ਜਾਂ ਫਿਰ ਪੁਰਬ ਤੇ ਸ਼ਤਾਬਦੀਆਂ ਮੰਨਾ, ਕੇਵਲ ਰਸਮ-ਅਦਾਇਗੀ ਹੀ ਕੀਤੀ ਜਾ ਰਹੀ ਹੈ? ਸ਼ਾਇਦ ਹੀ ਕਿਸੇ 'ਪੰਥ ਸੇਵਕ' ਜਾਂ 'ਪੰਥ ਦਰਦੀ' ਜਾਂ ਸਿੱਖੀ ਨੂੰ ਲਗ ਰਹੀ ਢਾਹ ਪੁਰ ਅਥਰੂ ਵਹਾਣ ਵਾਲੇ ਕਿਸੇ 'ਧਰਮੀ ਆਗੂ' ਨੇ ਇਸ ਬਾਰੇ ਕਦੀ ਸੋਚਣ ਤੇ ਸਮਝਣ ਦੀ ਲੋੜ ਮਹਿਸੂਸ ਕੀਤੀ ਹੋਵੇ? ਸਿੱਖਾਂ ਦੀਆਂ ਕਈ ਧਾਰਮਕ, ਵਿਦਿਅਕ ਤੇ ਸਮਾਜਕ ਸੰਸਥਾਵਾਂ ਅਜਿਹੀਆਂ ਹਨ, ਜੋ ਸਮੇਂ-ਸਮੇਂ ਦੇਸ਼, ਸਮਾਜ, ਕੌਮ ਆਦਿ ਨਾਲ ਸੰਬੰਧਿਤ ਵਿਸ਼ਿਆਂ ਤੇ ਸੈਮੀਨਾਰਾਂ ਦਾ ਆਯੋਜਨ ਕਰਦੀਆਂ ਰਹਿੰਦੀਆਂ ਹਨ, ਪ੍ਰੰਤੂ ਇਨ੍ਹਾਂ ਵਿਚੋਂ ਕਿਸੇ ਨੇ ਵੀ ਅਜਤਕ ਕੋਈ ਅਜਿਹਾ ਸੈਮੀਨਾਰ ਆਯੋਜਿਤ ਕਰਨ ਬਾਰੇ ਨਾ ਤਾਂ ਕੋਈ ਅਜਿਹਾ ਸੈਮੀਨਾਰ ਜਾਂ ਗੋਸ਼ਟੀ ਕਰਵਾਉਣ ਦੀ ਲੋੜ ਨਹੀਂ ਸਮਝੀ ਜਿਸ ਵਿਚ, 'ਬੀਤੇ ਪੰਜਾਹ-ਕੁ ਵਰ੍ਹਿਆਂ ਵਿਚ ਮੰਨਾਈਆਂ ਗਈਆਂ ਸ਼ਤਾਬਦੀਆਂ ਰਾਹੀਂ ਕੀ ਪਾਇਆ ਅਤੇ ਕੀ ਗਵਾਇਆ ਹੈ?' ਵਿਸ਼ੇ ਤੇ ਵਿਚਾਰ ਕੀਤੀ ਜਾ ਸਕੇ।
ਇਸੇ ਅਣਗਹਿਲੀ ਦਾ ਹੀ ਨਤੀਜਾ ਹੈ ਕਿ ਸਿੱਖਾਂ ਦੇ ਵੱਡੇ-ਵੱਡੇ ਧਾਰਮਕ ਸਮਾਗਮ ਮੇਲੇ ਬਣ ਕੇ ਰਹਿ ਗਏ ਹੋਏ ਹਨ। ਜੇ ਸਮਾਂ ਰਹਿੰਦਿਆਂ ਅਜੇ ਵੀ ਨਾ ਚੇਤੇ ਤਾਂ ਅਗੋਂ ਵੀ ਗੁਰਪੁਰਬਾਂ ਅਤੇ ਸ਼ਤਾਬਦੀਆਂ- ਅਰਧ ਸ਼ਤਾਬਦੀਆਂ ਨਾਲ ਸੰਬੰਧਤ ਸਮਾਗਮ ਮੇਲੇ ਹੀ ਬਣਦੇ ਰਹਿਣਗੇ। ਹਰ ਕੋਈ ਜਾਣਦਾ ਹੈ ਕਿ ਪੰਡਾਲ ਵਿਚ ਕਥਾ-ਕੀਰਤਨ ਸ੍ਰਵਣ ਕਰਨ ਲਈ ਜੁੜੀਆਂ ਸੰਗਤਾਂ ਨਾਲੋਂ ਕਿਤੇ ਵਧ 'ਸੰਗਤਾਂ' ਪੰਡਾਲ ਤੋਂ ਬਾਹਰ ਲਗੇ ਖਾਣੇ ਦੇ ਵੱਖ-ਵੱਖ ਸਟਾਲਾਂ ਤੇ ਚਟਕਾਰੇ ਲੈਂਦੀਆਂ ਵਿਖਾਈ ਦਿੰਦੀਆਂ ਹਨ। ਸੱਚਾਈ ਤਾਂ ਇਹ ਵੀ ਹੈ ਕਿ ਆਸਾ ਦੀ ਵਾਰ ਤੋਂ ਰਹਿਰਾਸ ਸਾਹਿਬ ਦੇ ਪਾਠ ਤਕ ਦੇ ਸਮੇਂ ਦੌਰਾਨ, ਪੰਡਾਲ ਵਿਚ ਬੈਠੀਆਂ 'ਸੰਗਤਾਂ' ਵਿਚੋਂ ਵੀ ਕੁਝ ਹੀ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦਾ ਮਨ ਕਥਾ-ਕੀਰਤਨ ਵਿਚ ਜੁੜਿਆ ਹੁੰਦਾ ਹੈ, ਵਧੇਰੇ ਤਾਂ ਆਪੋ-ਵਿਚ ਗਲਾਂ ਕਰਦੀਆਂ ਤੇ ਇਕ-ਦੂਜੇ ਨਾਲ ਦੁਖ-ਸੁਖ ਫਰੋਲਦੀਆਂ ਜਾਂ ਫਿਰ ਆਉਣ-ਜਾਣ ਵਾਲਿਆਂ ਵਿਚੋਂ ਆਪਣੇ ਰਿਸ਼ਤੇਦਾਰਾਂ ਜਾਂ ਜਾਣ-ਪਹਿਚਾਣ ਵਾਲਿਆਂ ਦੇ ਚੇਹਰੇ ਪਛਾਨਣ ਦੀ ਕੋਸ਼ਿਸ਼ ਕਰਦੀਆਂ ਹੀ ਨਜ਼ਰ ਆਉਂਦੀਆਂ ਹਨ।


ਸੰਕੀਰਣ ਸੋਚ : ਸ਼ਾਇਦ ਹੀ ਕਦੀ ਕਿਸੇ ਸਿੱਖ ਆਗੂ ਵਲੋਂ ਗੁਰੂ ਸਾਹਿਬਾਂ ਦੇ ਜੀਵਨ-ਇਤਿਹਾਸ ਦੇ ਉਨ੍ਹਾਂ ਪੰਨਿਆਂ ਨੂੰ ਪੜ੍ਹਿਆ, ਫਰੋਲਿਆ ਜਾਂ ਘੋਖਿਆ ਗਿਆ ਹੋਵੇ, ਜਿਨ੍ਹਾਂ ਵਿਚ ਦਰਜ ਹੈ, ਕਿ ਗੁਰੂ ਸਾਹਿਬਾਨ ਸਿੱਖੀ ਦੇ ਪ੍ਰਚਾਰ ਲਈ, ਪੈਦਲ ਤੇ ਕਈ ਵਾਰੀ ਨੰਗੇ ਪੈਰੀਂ ਵੀ ਖਤਰਨਾਕ ਜੰਗਲਾਂ-ਬੇਲਿਆਂ ਵਿਚੋਂ ਦੀ ਹੁੰਦੇ ਹੋਏ ਦੂਰ-ਦਰਾਜ਼ ਤਕ ਦੀਆਂ ਲੰਮੀਆਂ ਅਤੇ ਕਸ਼ਟਦਾਇਕ ਯਾਤ੍ਰਾਵਾਂ ਕਰਿਆ ਕਰਦੇ ਸਨ। ਉਹ ਦੂਜੇ ਧਰਮਾਂ ਦੇ ਤਿਉਹਾਰਾਂ ਦੇ ਮੌਕੇ 'ਤੇ ਉਨ੍ਹਾਂ ਦੇ ਧਰਮ ਅਸਥਾਨਾਂ ਤੇ ਜਾਂਦੇ ਤੇ ਉਨ੍ਹਾਂ ਦੀਆਂ ਪੂਜਾ-ਅਰਚਨਾ ਕਰਨ ਦੀਆਂ ਮਾਨਤਾਵਾਂ ਤੇ ਪਰੰਪਰਾਵਾਂ ਨੂੰ ਗੰਭੀਰਤਾ ਨਾਲ ਵੇਖਦੇ ਤੇ ਸਮਝਦੇ ਸਨ। ਫਿਰ ਉਨ੍ਹਾਂ ਨੂੰ ਹੀ ਆਧਾਰ ਬਣਾ ਕੇ ਉਥੇ ਜੁੜੇ ਲੋਕਾਂ ਨੂੰ ਸਿੱਖੀ ਦੇ ਪੂਜਾ-ਅਰਚਨਾ ਕਰਨ ਦੇ ਸਿਧਾਂਤਾਂ ਬਾਰੇ ਜਾਣਕਾਰੀ ਦਿੰਦੇ ਤੇ ਸਿੱਖੀ ਦਾ ਪ੍ਰਚਾਰ ਕਰਦੇ ਤੇ ਉਨ੍ਹਾਂ ਨੂੰ ਪ੍ਰਭਾਵਤ ਕਰ ਆਪਣੇ ਨਾਲ ਜੋੜਦੇ ਸਨ।
ਅਜ ਦੇ ਸਿੱਖੀ ਪ੍ਰਤੀ ਸਮਰਪਤ ਹੋਣ ਦੇ ਦਾਅਵੇਦਾਰ ਪ੍ਰਚਾਰਕਾਂ ਤੇ ਧਾਰਮਕ ਆਗੂਆਂ ਦਾ ਦੂਜੇ ਧਰਮਾਂ ਦੇ ਅਸਥਾਨਾਂ ਤੇ ਜਾ ਸਿੱਖੀ ਦਾ ਸੰਦੇਸ਼ ਦੇਣਾ ਤਾਂ ਦੂਰ ਰਿਹਾ, ਉਹ ਉਨ੍ਹਾਂ ਮਹਾਂਪੁਰਖਾਂ ਦੇ ਜਨਮ ਦਿਨਾਂ ਜਾਂ ਉਨ੍ਹਾਂ ਦੇ ਜੀਵਨ ਨਾਲ ਸੰਬੰਧਤ ਹੋਣ ਵਾਲੇ ਕਿਸੇ ਸਮਾਗਮ ਵਿਚ ਸ਼ਾਮਲ ਹੋਣਾ ਜਾਂ ਇਨ੍ਹਾਂ ਮੌਕਿਆਂ ਤੇ ਉਨ੍ਹਾਂ ਦੇ ਪੈਰੋਕਾਰਾਂ ਦੇ ਨਾਲ ਮਿਲ ਬੈਠਣਾ ਵੀ ਜ਼ਰੂਰੀ ਨਹੀਂ ਸਮਝਦੇ, ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਗੁਰੂ ਸਾਹਿਬਾਨ ਦੀ ਬਾਣੀ ਦੇ ਬਰਾਬਰ ਦਾ ਸਨਮਾਨ ਦਿਤਾ ਹੋਇਆ ਹੈ।


...ਅਤੇ ਅੰਤ ਵਿੱਚ : ਅਜਕਲ ਸਿੱਖ ਧਰਮ ਦੇ ਵਿਦਵਾਨਾਂ ਤੇ ਬੁਧੀਜੀਵੀਆਂ ਵਲੋਂ ਸਿੱਖੀ ਦਾ ਪ੍ਰਚਾਰ ਤੇ ਪਸਾਰ ਕਰਨ ਵਿਚ ਆਪਣੇ ਗਿਆਨ ਦੀ ਵਰਤੋਂ ਕਰਨ ਦੀ ਬਜਾਏ, ਪੂਰਾ ਜ਼ੋਰ ਇਸ ਗਲ ਤੇ ਲਾਇਆ ਜਾਂਦਾ ਹੈ ਕਿ ਕਿਸੇ ਤਰ੍ਹਾਂ ਉਹ ਆਪਣੇ ਆਪਨੂੰ ਸਾਰਿਆਂ ਨਾਲੋਂ ਵਧ ਵਿਦਵਾਨ ਅਤੇ ਸਿੱਖ ਧਰਮ ਅਤੇ ਇਤਿਹਾਸ ਦੇ ਖੋਜੀ ਸਾਬਤ ਕਰ ਸਕਣ। ਇਸ ਉਦੇਸ਼ ਲਈ ਉਹ ਪਹਿਲਾਂ ਤੋਂ ਹੀ ਪਏ ਹੋਏ ਭੁਲੇਖਿਆਂ ਨੂੰ ਦੂਰ ਕਰਨ ਦੇ ਨਾਂ ਤੇ ਅਜਿਹੇ ਨਵੇਂ ਭਰਮ-ਭੁਲੇਖੇ ਤੇ ਵਿਵਾਦ ਪੈਦਾ ਕਰ ਰਹੇ ਹਨ, ਜਿਨ੍ਹਾਂ ਨਾਲ ਸਮੁਚਾ ਸਿਖ ਜਗਤ ਦੁਬਿਧਾ ਵਿਚ ਪੈਂਦਾ ਜਾ ਰਿਹਾ ਹੈ। ਉਸਨੂੰ ਸਮਝ ਨਹੀਂ ਆ ਰਹੀ ਕਿ ਉਹ ਸਥਾਪਤ ਮਰਿਆਦਾਵਾਂ ਤੇ ਪਰੰਪਰਾਵਾਂ ਪੁਰ ਵਿਸ਼ਵਾਸ ਕਰੇ ਜਾਂ ਬੁਧੀਜੀਵੀਆਂ ਵਲੋਂ ਨਵੀਆਂ ਦਰਸਾਈਆਂ ਜਾ ਰਹੀਆਂ ਮਰਿਆਦਾਵਾਂ ਤੇ ਪਰੰਪਰਾਵਾਂ ਪੁਰ। ਇਸੇ ਦੁਬਿਧਾ ਦੇ ਫਲਸਰੂਪ ਉਸਦੇ ਦਿਲ ਵਿਚ ਵਿਸ਼ਵਾਸ ਅਤੇ ਅਵਿਸ਼ਵਾਸ ਵਿਚ ਸੰਘਰਸ਼ ਦੀ ਸਥਿਤੀ ਪੈਦਾ ਹੋ ਰਹੀ ਹੈ। ਇਸੇ ਦੁਬਿਧਾ ਭਰੇ ਸੰਘਰਸ਼ ਵਿਚੋਂ ਉਭਰਨ ਲਈ ਕੁਝ ਤਾਂ ਡੇਰਿਆਂ ਵਲ ਮੂੰਹ ਕਰ ਰਹੇ ਹਨ ਤੇ ਕੁਝ ਸਿੱਖੀ ਵਿਰਸੇ ਨਾਲੋਂ ਟੁਟ ਸਿੱਖੀ ਸਰੂਪ ਨੂੰ ਤਿਲਾਂਜਲੀ ਦੇਣ ਲਈ ਪ੍ਰੇਰਿਤ ਹੋ ਰਹੇ ਹਨ।

Mobile : + 91 95 82 71 98 90
E-mail : jaswantsinghajit@gmail.com

Address : Jaswant Singh ‘Ajit’, Flat No. 51, Sheetal Apartment, Plot No. 12,
 Sector – 14, Rohini,  DELHI-110085

15 Nov. 2018