ਨਾ ਪਾ ਕਹਾਣੀਆਂ .... ਰਵਿੰਦਰ ਸਿੰਘ ਕੁੰਦਰਾ

ਛੱਡ ਦੇ ਪਾਣੀਆਂ, ਕਹਾਣੀਆਂ ਮੇਰੇ ਹਾਣੀਆਂ,
ਗੱਲੀਂ ਬਾਤੀਂ ਹਕੀਕਤਾਂ, ਲੁਕ ਨਹੀਂ ਜਾਣੀਆਂ।

ਤੂੰ ਜੋ ਵਾਰ ਵਾਰ ਮੈਨੂੰ, ਜਤਾ ਰਿਹਾ ਹੈਂ ਅਹਿਸਾਨ,
ਬੰਦ ਕਰ ਮੋਮੋਠਗਣੀਆਂ, ਹੁਣ ਤੂੰ ਮੇਰੇ ਜਾਨੀਆ।

ਤੈਨੂੰ ਵਹਿਮ ਹੈ ਕਿ ਤੇਰੇ ਸਦਕੇ, ਦੁਨੀਆ ਹੈ ਵਸਦੀ,
ਇਹ ਦੁਨੀਆ ਹੈ 'ਤੇ ਤਾਂ ਤੂੰ ਹੈਂ, ਐ ਫੋਕੇ ਦਾਨੀਆ!

ਮੇਰੇ ਵਰਗੇ ਜੇ ਉਠ ਖੜੇ, ਪੜਦਾ ਤੇਰਾ ਪਾੜਨ ਲਈ,
ਤਾਰ ਤਾਰ ਹੋ ਜਾਣਗੀਆਂ, ਤੇਰੀਆਂ ਪਰਦਾ ਦਾਨੀਆਂ।

ਨੈਤਿਕਤਾ ਸਿਖਾਵੇਂ ਫਿਰਦਾ, ਨਿੱਤ ਸਾਰੇ ਲੋਕਾਂ ਨੂੰ,
ਖੋਖਲੇਪਨ ਨਾਲ ਨਹੀਂ, ਰਹਿਣੀਆਂ ਪਰਧਾਨੀਆਂ।

ਤੈਨੂੰ ਸਦਾ ਆਪਣੇ ਘਰ ਦੀ, ਬਣੀ ਰਹਿੰਦੀ ਹੈ ਚਿੰਤਾ,
ਸਵਾਦ ਆਵੇ ਜੇ ਕਿਸੇ ਦੇ ਘਰ, ਲਾਵੇਂ ਰੌਸ਼ਨਦਾਨੀਆਂ।

ਤੂੰ ਜੇ ਜਾਗ ਸਕਦਾ ਹੈਂ, ਤਾਂ ਜਾਗ ਗੂੜੀ ਨੀਂਦ ਚੋਂ,
ਪਛਾਣ ਲੈ ਸਮੇਂ ਦੀਆਂ, ਹੁਣ ਚਾਲਾਂ ਨਿਰਾਲੀਆਂ।

ਤਾਰੀਖਾਂ ਲਿਖਣਗੇ ਜਦੋਂ, ਸੱਚੇ ਅਤੇ ਸੁੱਚੇ ਲੋਕ,
ਉਕਰਨਗੀਆਂ ਖ਼ੂਬ ਤੇਰੀਆਂ, ਕਰਤੂਤਾਂ ਬਹੁ ਕਾਲ਼ੀਆਂ।


ਕੌਵੈਂਟਰੀ
ਯੂ ਕੇ