ਇਕ ਸ਼ਖ਼ਸੀਅਤ........ਇਕ ਯਾਦ - ਨਿਰਮਲ ਸਿੰਘ ਕੰਧਾਲਵੀ

ਪਿੱਛੇ ਜਿਹੇ ਸ੍ਰ. ਤਰਲੋਚਨ ਸਿੰਘ ਦੁਪਾਲਪੁਰ ਜੀ ਵਲੋਂ ਗਿਆਨੀ ਹਰਬੰਸ ਸਿੰਘ ਤੇਗ਼ ਹੋਰਾਂ ਬਾਰੇ ਬਹੁਤ ਸੁੰਦਰ ਸ਼ਬਦ ਅਖ਼ਬਾਰਾਂ ‘ਚ ਅਤੇ ਸੋਸ਼ਲ ਮੀਡੀਆਂ ‘ਤੇ ਪੜ੍ਹਨ ਨੂੰ ਮਿਲੇ ਜਿਨ੍ਹਾਂ ‘ਚ ਗਿਆਨੀ ਜੀ ਦੇ ਕਿਰਦਾਰ ਬਾਰੇ ਉਨ੍ਹਾਂ ਨੇ ਇਕ ਘਟਨਾ ਦਾ ਜ਼ਿਕਰ ਕੀਤਾ ਹੈ। ‘ਤੇਗ਼’ ਸਾਹਿਬ ਬਹੁਤ ਹੀ ਨਫ਼ੀਸ ਅਤੇ ਸਿੱਖ ਸਿਧਾਂਤਾਂ ਨੂੰ ਪ੍ਰਣਾਏ ਹੋਏ ਇਨਸਾਨ ਸਨ। ਉਨ੍ਹਾਂ ਨਾਲ ਦਾਸ ਦਾ ਸਬੰਧ 1986 ‘ਚ ਬਣਿਆ ਜਦੋਂ ਗੁਰੂ ਨਾਨਕ ਗੁਰਦੁਆਰਾ ਵਿਲਨਹਾਲ (ਵੈਸਟ ਮਿਡਲੈਂਡਜ਼ ਯੂ.ਕੇ.) ਵਿਖੇ ਉਹ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਨਿਭਾਉਣ ਲਈ ਆਏ। ਉਸ ਸਮੇਂ ਇਸ ਗੁਰਦੁਆਰਾ ਸਾਹਿਬ ਦੀ ਕੋਈ ਚੁਣੀ ਹੋਈ ਕਮੇਟੀ ਨਹੀਂ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਲਈ ਗ੍ਰੰਥੀ ਸਿੰਘ ਵੀ ਨਹੀਂ ਸੀ। ਟਰਸਟੀ ਚੁਣੀ ਹੋਈ ਕਮੇਟੀ ਬਣਾਉਣੀ ਹੀ ਨਹੀਂ ਸਨ ਚਾਹੁੰਦੇ ਤੇ ਨਾ ਹੀ ਗ੍ਰੰਥੀ ਸਿੰਘ ਰੱਖਣਾ ਚਾਹੁੰਦੇ ਸਨ। ਇਸੇ ਗੱਲ ਤੋਂ ਨਾਰਾਜ਼ ਸੰਗਤ ਦੇ ਕਈ ਵਿਅਕਤੀ ਗੁਰਦੁਆਰਾ ਸਾਹਿਬ ਤੋਂ ਦੂਰ ਹੋ ਗਏ, ਜਿਨ੍ਹਾਂ ‘ਚ ਦਾਸ ਵੀ ਸ਼ਾਮਲ ਸੀ। 
ਜਦੋਂ ਲੋਕਾਂ ਵਲੋਂ ਕਾਫੀ ਵਿਰੋਧ ਹੁੰਦਾ ਦੇਖਿਆ ਤਾਂ ਟਰਸਟੀਆਂ ਨੇ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਰੱਖ ਦਿਤੀਆਂ ਕਿ ਜਿਸ ਨੇ ਪ੍ਰਬੰਧ ਸੰਭਾਲਣਾ ਹੈ ਸੰਭਾਲ ਲਵੇ। ਉਨ੍ਹਾਂ ਨੂੰ ਇਹ ਵਹਿਮ ਸੀ ਕਿ ਉਨ੍ਹਾਂ ਦੇ ਧੜੇ ਸਾਹਮਣੇ ਆਉਣ ਦੀ ਕੋਈ ਵੀ ਜ਼ੁਰਅਤ ਨਹੀਂ ਕਰੇਗਾ। ਭਾਈ ਸਰਵਣ ਸਿੰਘ ਜੀ ਬਿਬੇਕੀ ਹੋਰੀਂ ਜ਼ਿੰਮੇਵਾਰੀ ਚੁੱਕ ਲਈ ਤੇ ਉਹ ਗਿਆਨੀ ਹਰਬੰਸ ਸਿੰਘ ਤੇਗ਼ ਹੋਰਾਂ ਨੂੰ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਨਿਭਾਉਣ ਲਈ ਬਰਮਿੰਘਮ ਤੋਂ ਲੈ ਆਏ। ਤੇਗ਼ ਸਾਹਿਬ ਨੇ ਬਿਬੇਕੀ ਜੀ ਨੂੰ ਸਲਾਹ ਦਿਤੀ ਕਿ ਇਕੱਲਾ ਗ੍ਰੰਥੀ ਗੁਰਦੁਆਰਾ ਨਹੀਂ ਚਲਾ ਸਕਦਾ ਸੋ ਉਹ ਕੁਝ ਸੂਝਵਾਨ ਸੱਜਣਾਂ ਨੂੰ ਇਕੱਠੇ ਕਰ ਕੇ ਕਮੇਟੀ ਬਣਾਉਣ ਦਾ ਉਪਰਾਲਾ ਕਰਨ। ਦਾਸ ਉਨ੍ਹਾਂ ਦਿਨਾਂ ‘ਚ ਮੈਨਪਾਵਰ ਸਰਵਿਸਜ਼ ਕਮਿਸ਼ਨ ਅਧੀਨ ਸਥਾਨਕ ਲਾਇਬ੍ਰੇਰੀ ਦੀ ਇਮਾਰਤ ਵਿਚ ਇਕ ਪ੍ਰਾਜੈਕਟ ਚਲਾਉਂਦਾ ਸੀ। ਬਿਬੇਕੀ ਜੀ ਨੇ ਤੇਗ਼ ਸਾਹਿਬ ਨੂੰ ਮੇਰੇ ਕੋਲ ਭੇਜਿਆ। ਮੈਂ ਤਾਂ ਉਨ੍ਹਾਂ ਨੂੰ ਜਾਣਦਾ ਨਹੀਂ ਸਾਂ। ਮੈਂ ਸਮਝਿਆ ਇਹ ਸੱਜਣ ਸ਼ਾਇਦ ਕੋਈ ਸਲਾਹ ਮਸ਼ਵਰਾ ਲੈਣ ਆਏ ਹਨ। ਤੇਗ਼ ਸਾਹਿਬ ਨੇ ਆਪਣੀ ਜਾਣ ਪਛਾਣ ਕਰਵਾਈ। ਕੁਝ ਰਸਮੀ ਗੱਲਾਂ ਹੋਈਆਂ ਅਤੇ ਉਨ੍ਹਾਂ ਨੇ ਮੈਨੂੰ ਗੁਰਦੁਆਰਾ ਸਾਹਿਬ ਦੀ ਕਮੇਟੀ ਬਣਾਉਣ ‘ਚ ਸਹਿਯੋਗ ਦੇਣ ਲਈ ਕਿਹਾ। ਮੈਂ ਬਹੁਤ ਨਾਂਹ-ਨੁੱਕਰ ਕੀਤੀ। ਜਦੋਂ ਉਨ੍ਹਾਂ ਨੇ ਦੇਖਿਆ ਮੈਂ ਨਹੀਂ ਮੰਨ ਰਿਹਾ ਤਾਂ ਉਨ੍ਹਾਂ ਪੰਥਕ ਰਹੁ-ਰੀਤ ਦਾ ਤੀਰ ਮਾਰਿਆ ਤੇ ਕਹਿਣ ਲਗੇ ਕਿ ਜੇ ਕੱਲ੍ਹ ਨੂੰ ਪੰਜ ਸਿੰਘ ਆ ਕੇ ਹੁਕਮ ਕਰਨਗੇ ਫਿਰ ਵੀ ਨਾਂਹ ਕਰੋਗੇ। ਸੋ, ਮੈਂ ਹਥਿਆਰ ਸੁੱਟ ਦਿਤੇ ਤੇ ਕਿਹਾ ਕਿ ਦਾਸ ਗੁਰਦੁਆਰਾ ਸਾਹਿਬ ਦਾ ਸੰਵਿਧਾਨ ਬਣਾ ਕੇ ਰਜਿਸਟਰੇਸ਼ਨ ਵੀ ਕਰਵਾ ਦੇਵੇਗਾ ਤੇ ਕਮੇਟੀ ਬਣਨ ਤੋਂ ਬਾਅਦ ਛੁੱਟੀ ਲੈ ਲਵੇਗਾ। ਉਹ ਸਹਿਮਤ ਹੋ ਗਏ। ਸੰਵਿਧਾਨ ਲਿਖਣ ਲੱਗਿਆਂ ਦਾਸ ਨੇ ਇਸ ਵਿਚੋਂ ਪ੍ਰਧਾਨ ਦਾ ਅਹੁਦਾ ਖ਼ਤਮ ਕਰ ਦਿਤਾ। ਜਨਰਲ ਸਕੱਤਰ ਨੂੰ ਹੀ ਮੁੱਖ ਸੇਵਾਦਾਰ ਰੱਖਿਆ। ਕਮੇਟੀ ਚੁਣੀ ਜਾਣ ਤੋਂ ਬਾਅਦ ਦਾਸ ਨੂੰ ਫਿਰ ਮਜਬੂਰ ਕੀਤਾ ਗਿਆ ਕਿ ਮੈਂ ਮੁੱਖ ਸੇਵਾਦਾਰ
ਦੇ ਅਹੁਦੇ ਨੂੰ ਸਵੀਕਾਰ ਕਰਾਂ। ਦਾਸ ਨੂੰ ਫਿਰ ਚੁਣੇ ਗਏ ਮੈਂਬਰਾਂ ਦੇ ਹੁਕਮ ਅੱਗੇ ਸਿਰ ਝੁਕਾਉਣਾ ਪਿਆ।
ਪਰ ਕੁਝ ਲੋਕ ਨਹੀਂ ਸਨ ਚਾਹੁੰਦੇ ਕਿ ਇਕ ਗ਼ੈਰ-ਜੱਟ ਇਸ ਗੁਰਦੁਆਰਾ ਸਾਹਿਬ ਦਾ ਮੁੱਖ ਸੇਵਾਦਾਰ ਬਣੇ। ਕੁਝ ਲੋਕਾਂ ਵਲੋਂ ਜਾਤੀ ਸੂਚਕ ਸ਼ਬਦ ਵੀ ਮੇਰੇ ਖ਼ਿਲਾਫ਼ ਵਰਤੇ ਗਏ। ਕਾਫੀ ਕੂੜ ਪ੍ਰਚਾਰ ਮੇਰੇ ਵਿਰੁੱਧ ਕੀਤਾ ਗਿਆ। ਸ਼ੁਰੂ ਸ਼ੁਰੂ ‘ਚ ਕਮੇਟੀ ਅੱਗੇ ਕਈ ਅੜਚਨਾਂ ਖੜ੍ਹੀਆਂ ਕੀਤੀ ਗਈਆਂ ਤੇ ਕਈ ਮੌਕੇ ਐਸੇ ਵੀ ਆਏ ਕਿ ਮੈਂ ਅਸਤੀਫ਼ਾ ਦੇਣ ਬਾਰੇ ਵੀ ਸੋਚਿਆ ਪਰ ਤੇਗ਼ ਸਾਹਿਬ ਦੇ ਸਹਾਰੇ ਨੇ ਡੋਲਣ ਤੋਂ ਬਚਾਈ ਰੱਖਿਆ। ਗੁਰਬਾਣੀ ਦੇ ਗਿਆਨ ਤੋਂ ਇਲਾਵਾ ਗਿਆਨੀ ਜੀ ਪਾਸ ਗੁਰਦੁਆਰਾ ਪ੍ਰਬੰਧ ਦਾ ਤਜਰਬਾ ਵੀ ਸੀ ਜਿਸ ਦਾ ਮੈਨੂੰ ਬਹੁਤ ਲਾਭ ਹੋਇਆ। ਉਨ੍ਹਾਂ ਨੇ ਆਪਣੇ ਨਾਲ ਵਾਪਰੀਆਂ ਕਈ ਘਟਨਾਵਾਂ ਮੇਰੇ ਨਾਲ ਸਾਂਝੀਆਂ ਕੀਤੀਆਂ। 
ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਿੱਟ-ਸਿਆਪਾ ਹੁਣ ਨਿੱਤ ਦਿਨ ਪੈ ਰਿਹਾ ਹੈ ਇਹ ਕੋਈ ਨਵਾਂ ਨਹੀਂ।  ਪ੍ਰਧਾਨ ਧਾਮੀ ਸਾਹਿਬ ਤਾਂ ਆਪ ਕਹਿ ਚੁੱਕੇ ਹਨ ਕਿ ਦਸ ਵੀਹ ਘਪਲੇ ਤਾਂ ਰੋਜ਼ ਹੀ ਸ਼੍ਰੋਮਣੀ ਕਮੇਟੀ ‘ਚ ਹੁੰਦੇ ਰਹਿੰਦੇ ਹਨ। ਇਹ ਘਪਲੇ, ਬੇਈਮਾਨੀਆਂ, ਹੇਰਾਫੇਰੀਆਂ ਅੱਜ ਹੀ ਨਹੀਂ ਹੋਣ ਲੱਗੀਆਂ, ਇਹ ਬਹੁਤ ਦੇਰ ਤੋਂ ਹੁੰਦੀਆਂ ਆ ਰਹੀਆਂ ਹਨ। ਹਾਂ, ਪਹਿਲਾਂ ਨਾਲੋਂ ਗਿਣਤੀ ਕਈ ਗੁਣਾਂ ਵਧ ਗਈ ਹੈ। ਭਾਈ ਭਤੀਜਾਵਾਦ ਹੁਣ ਚਰਮ ਸੀਮਾਂ ‘ਤੇ ਹੈ।  ਅੱਜ ਕਲ ਬਹਿਰੀਨ ਵਾਲੀ ਬੀਬੀ ਨੇ ਪ੍ਰਧਾਨ ਸਾਹਿਬ ਅਤੇ ਹੋਰ ਕਈਆਂ ਦੀ ਨੀਂਦ ਉਡਾਈ ਹੋਈ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਰੋਜ਼ ਸੋਸ਼ਲ ਮੀਡੀਆ ‘ਤੇ ਇਨ੍ਹਾਂ ਦੇ ਪੋਤੜੇ ਫ਼ੋਲਦੇ ਰਹਿੰਦੇ ਹਨ। ਸ਼੍ਰੋਮਣੀ ਕਮੇਟੀ ਦੇ ਚੌਧਰੀਆਂ ਦੀ ਅੱਜ ਤਕ ਜ਼ੁਰਅਤ ਨਹੀਂ ਪਈ ਕਿ ਭਾਈ ਰਣਜੀਤ ਸਿੰਘ ਵਲੋਂ ਲਗਾਏ ਗਏ ਇਲਜ਼ਾਮਾਂ ਨੂੰ ਝੂਠੇ ਸਾਬਤ ਕਰ ਸਕਣ। 
ਤੇਗ਼ ਹੋਰੀਂ ਆਪਣੇ ਨਾਲ ਵਾਪਰੀ ਹੋਈ ਘਟਨਾ ਸੁਣਾਈ ਕਿ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਤੋਂ ਵਿਦਿਆ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਨੇ ਧਰਮ ਪ੍ਰਚਾਰਕ ਦੇ ਤੌਰ ‘ਤੇ ਨੌਕਰੀ ਦੇ ਦਿਤੀ। ਧਰਮ ਪਰਚਾਰ ਕਮੇਟੀ ਦਾ ਇੰਸਪੈਕਟਰ ਜੋ ਕਿ ਸਮੇਂ ਸਮੇਂ ਸਾਰੇ ਕੰਮ-ਕਾਰ ਦੀ ਪੜਤਾਲ ਕਰਨ ਆਉਂਦਾ ਸੀ, ਜਦ ਉਹ ਪਹਿਲੀ ਵਾਰੀ ਤੇਗ਼ ਹੋਰਾਂ ਦੇ ਕੰਮ ਦਾ ਲੇਖਾ ਜੋਖਾ ਕਰਨ ਆਇਆ ਤਾਂ ਤੇਗ਼ ਹੋਰਾਂ ਨੂੰ ਸਲਾਹ ਦੇਣ ਲੱਗਾ ਕਿ ਉਹ ਐਵੇਂ ਨਾ ਬਹੁਤੀ ਨੱਠ-ਭੱਜ ਕਰਿਆ ਕਰੇ, ਝੂਠੀਆਂ ਮੂਠੀਆਂ ਐਂਟਰੀਆਂ ਪਾ ਦਿਆ ਕਰੇ ਤੇ ਉਹਨੂੰ ਮਿਲਣ ਵਾਲੀ ਤਨਖ਼ਾਹ ਦੀ ਹਿੱਸਾ-ਪੱਤੀ ਕਰ ਲਿਆ ਕਰਾਂਗੇ। ਤੇਗ਼ ਸਾਹਿਬ ਨੇ ਉਸ ਨੂੰ ਤਾਂ ਕੁਝ ਨਾ ਕਿਹਾ ਪਰ ਆਪਣੇ ਪਿਤਾ ਜੀ ਨੂੰ ਸਾਰੀ ਗੱਲ ਦੱਸੀ ਜੋ ਕਿ ਸੁਣ ਕੇ ਅੱਗ ਬਗੂਲਾ ਹੋ ਗਏ। ਉਹ ਖ਼ੁਦ ਪੱਕੇ ਟਕਸਾਲੀ ਅਕਾਲੀ ਸਨ। ਤੇਗ਼ ਸਾਹਿਬ ਨੂੰ ਅਜਿਹੀ ਬੇਈਮਾਨੀ ਮੰਨਜ਼ੂਰ ਨਹੀਂ ਸੀ ਸੋ ਉਨ੍ਹਾਂ ਨੇ  ਨੌਕਰੀ ਤੋਂ ਅਸਤੀਫ਼ਾ ਦੇ ਦਿਤਾ। ਸ਼੍ਰੋਮਣੀ ਕਮੇਟੀ ਨੂੰ ਸ਼ਿਕਾਇਤ ਕੀਤੀ ਗਈ ਪਰ ਕੋਈ ਸਿੱਟਾ ਨਾ ਨਿਕਲਿਆ। ਇਹ ਘਟਨਾ ਘੱਟੋ ਘੱਟ ਪੰਜਾਹ ਪਚਵੰਜਾ ਸਾਲ ਪੁਰਾਣੀ ਹੈ।
ਤੇਗ਼ ਸਾਹਿਬ ਹੋਰੀਂ  ਪ੍ਰੋਫ਼ੈਸਰ ਸਾਹਿਬ ਸਿੰਘ ਜੀ ਪਾਸੋਂ ਪੜ੍ਹੇ ਹੋਏ ਸਨ। ਸਿਧਾਂਤਕ ਤੌਰ ‘ਤੇ ਗੁਰਬਾਣੀ ਦੀ ਕਥਾ ਕਰਦੇ ਸਨ। ਪੰਜਾਬ ਵਿਚ ਉਹ ਗੁਰਦੁਆਰਾ ਚਰਨ ਕੰਵਲ ਬੰਗਾ ਵਿਖੇ ਮੈਨੇਜਰ-ਕਮ-ਕਥਾਵਾਚਕ ਦੇ ਤੌਰ ‘ਤੇ ਕੰਮ ਕਰਦੇ ਰਹੇ ਸਨ। ਸੰਨ 1984 ਦੇ ਸ਼ੁਰੂ ‘ਚ ਉਹ ਆਪਣੇ ਛੋਟੇ ਭਰਾ ਹਰਦਿਆਲ ਸਿੰਘ ਧਮੜੈਤ ਨੂੰ ਮਿਲਣ ਲਈ ਟੂਰਿਸਟ ਵੀਜ਼ੇ ‘ਤੇ ਯੂ.ਕੇ.ਆਏ ਤੇ ਉਧਰੋਂ ਜੂਨ 84 ਦਾ ਘੱਲੂਘਾਰਾ ਵਾਪਰ ਗਿਆ। ਤੇਗ਼ ਜੀ ਦੇ ਦੱਸਣ ਮੁਤਾਬਕ ਗੁਰਦੁਆਰਾ ਚਰਨ ਕੰਵਲ ਬੰਗਾ ਵਿਚ ਵੀ ਪੁਲਿਸ ਨੇ ਛਾਪੇ ਮਾਰੇ ਤੇ ਉੱਥੇ ਅਸਲਾ ਹੋਣ ਦੇ ਪਰਚੇ ਦਰਜ ਕੀਤੇ, ਸੋ ਤੇਗ਼ ਹੋਰੀਂ ਯੂ.ਕੇ. ‘ਚ ਫ਼ਸ ਗਏ। 
ਗੁਰਦੁਆਰਾ ਵਿਲਨਹਾਲ ਵਿਖੇ ਉਨ੍ਹਾਂ ਕੋਈ ਸਾਢੇ ਚਾਰ ਸਾਲ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਨਿਭਾਈਆਂ। ਸਿੱਖ ਧਰਮ ‘ਚ ਪਾਏ ਕਈ ਭਰਮ ਭੁਲੇਖੇ ਉਨ੍ਹਾਂ ਨੇ ਗੁਰਬਾਣੀ ਦੀ ਰੌਸ਼ਨੀ ‘ਚ ਦੂਰ ਕੀਤੇ। 
ਕੁਝ ਅਰਸਾ ਹੋਇਆ ਉਹ ਆਪਣੇ ਪਿੰਡ ਵਿਚ ਹੀ ਉਹ ਇਕ ਭਿਆਨਕ ਹਾਦਸੇ ‘ਚ ਗੰਭੀਰ ਜ਼ਖ਼ਮੀ ਹੋ ਗਏ ਤੇ ਕੁਝ ਸਮਾਂ ਹਸਪਤਾਲ ‘ਚ ਰਹਿਣ ਬਾਅਦ ਗੁਰ ਚਰਨਾਂ ‘ਚ ਜਾ ਬਿਰਾਜੇ। ਅੱਜ ਵੀ ਉਨ੍ਹਾਂ ਨਾਲ ਬਿਤਾਏ ਹੋਏ ਪਲ ਯਾਦਾਂ ‘ਚ ਹਨ। 
ਨਿਰਮਲ ਸਿੰਘ ਕੰਧਾਲਵੀ