
ਮੁਆਫ਼ੀ ਦਿਓ ਜੀ,,ਰਵਿੰਦਰ ਸਿੰਘ ਕੁੰਦਰਾ
ਜੇ ਨਹੀਂ ਕਬੂਲ ਮੇਰੇ ਅਸੂਲ, ਤਾਂ ਮੈਨੂੰ ਮੁਆਫ਼ੀ ਦਿਓ ਜੀ,
ਜੇ ਮੇਰੀ ਗੱਲ ਨਾ ਲੱਗੇ ਸਥੂਲ, ਤਾਂ ਮੈਨੂੰ ਮੁਆਫ਼ੀ ਦਿਓ ਜੀ।
ਮੇਰੀ ਜ਼ਮੀਰ ਨੂੰ ਤੁਹਾਡੇ ਹੁਕਮਾਂ ਤੋਂ, ਸਖ਼ਤ ਹੈ ਨਫ਼ਰਤ,
ਇਸ ਗੁਸਤਾਖ਼ੀ ਲਈ ਹਜ਼ੂਰ, ਮੈਨੂੰ ਮੁਆਫ਼ੀ ਦਿਓ ਜੀ।
ਮਜਬੂਰੀ ਹੈ ਕਿ ਮੈਨੂੰ ਸੱਚੀ ਗੱਲ, ਕਹਿਣੀ ਹੈ ਪੈਂਦੀ,
ਜੇਕਰ ਸੱਚ ਨਹੀਂ ਮਨਜ਼ੂਰ, ਤਾਂ ਮੈਨੂੰ ਮੁਆਫ਼ੀ ਦਿਓ ਜੀ।
ਕੀਮਤ ਘਟਾ ਕੇ ਆਪਣੀ, ਮੈਂ ਜਿਉਣਾ ਨਹੀਂ ਚਾਹੁੰਦਾ,
ਜੇ ਮੈਂ ਲੱਗਾਂ ਤੁਹਾਨੂੰ ਮਗ਼ਰੂਰ, ਤਾਂ ਮੈਨੂੰ ਮੁਆਫ਼ੀ ਦਿਓ ਜੀ।
ਨਾ ਰੱਖਿਓ ਮੈਥੋਂ ਉਮੀਦ, ਕਿਤੇ ਝੁਕ ਜਾਵਣ ਦੀ,
ਜੇ ਮੈਂ ਬਣ ਜਾਵਾਂ ਮਨੂਰ, ਤਾਂ ਮੈਨੂੰ ਮੁਆਫ਼ੀ ਦਿਓ ਜੀ।
ਨਰਕਾਂ ਤੱਕ ਵੀ ਤੁਸੀਂ ਜੇ, ਪਹੁੰਚ ਗਏ ਮੇਰੇ ਪਿੱਛੇ,
ਜੇ ਯਮਰਾਜ ਵੀ ਦਿਸੇ ਕਰੂੜ, ਤਾਂ ਮੈਨੂੰ ਮੁਆਫ਼ੀ ਦਿਓ ਜੀ।
ਸਵਰਗਾਂ ਵਿੱਚ ਤਾਂ ਮੇਰੀ, ਸ਼ਾਇਦ ਨਾ ਹੋਵੇ ਵੁੱਕਤ,
ਜੇ ਧਰਮਰਾਜ ਝਿੜਕੇ ਭਰਪੂਰ, ਤਾਂ ਮੈਨੂੰ ਮੁਆਫ਼ੀ ਦਿਓ ਜੀ।
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ
ਯੂ ਕੇ