ਟੱਬਰ ਪਾਲਣ ਖਾਤਰ ਕੰਮ ਕਰਨਾ ਪੈਂਦਾ ਹੈ,
ਤਨ 'ਤੇ ਗਰਮੀ, ਸਰਦੀ ਨੂੰ ਜਰਨਾ ਪੈਂਦਾ ਹੈ।
ਐਵੇਂ ਪਿਆਰ ਕਿਸੇ ਦਾ ਨਹੀਂ ਮਿਲ ਜਾਂਦਾ ਇੱਥੇ,
ਪਿਆਰ ਦੇ ਵਿਚ ਕੁਝ ਤਾਂ ਯਾਰੋ, ਹਰਨਾ ਪੈਂਦਾ ਹੈ।
ਜੀਵਨ 'ਚ ਪਤਾ ਨਹੀਂ ਕਦ ਔਖਾ ਵੇਲਾ ਆ ਜਾਵੇ,
ਔਖੇ ਵੇਲੇ ਲਈ ਗੱਲਾ ਭਰਨਾ ਪੈਂਦਾ ਹੈ।
ਵੈਰੀ ਨੇ ਹਮਲਾ ਕੀਤਾ ਹੋਵੇ ਪਿੱਛੇ ਤੋਂ,
ਸੂਰਮਿਆਂ ਨੂੰ ਦਰਿਆ ਵੀ ਤਰਨਾ ਪੈਂਦਾ ਹੈ।
ਆਪਣੇ ਪਿਆਰੇ ਦੇਸ਼ ਦੇ ਲੋਕਾਂ ਦੀ ਰਾਖੀ ਲਈ,
ਸੂਰਮਿਆਂ ਨੂੰ ਹੱਦਾਂ 'ਤੇ ਮਰਨਾ ਪੈਂਦਾ ਹੈ।
ਜਿੱਥੇ ਸੱਚ ਬੋਲਣ ਦੀ ਸਖਤ ਮਨਾਹੀ ਹੋਵੇ,
ਉੱਥੇ ਫਿਰ ਸੱਚ ਬੋਲਣ ਤੋਂ ਡਰਨਾ ਪੈਂਦਾ ਹੈ।
ਜੇ ਆਪਣੇ ਲਈ ਕੁਝ ਲੈਣਾ ਹੋਵੇ ਮੁਰਸ਼ਦ ਤੋਂ,
ਉਸ ਦੇ ਅੱਗੇ ਸਿਰ ਆਪਣਾ ਧਰਨਾ ਪੈਂਦਾ ਹੈ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ -9915803554