
ਭਾਈਚਾਰਕ ਸਾਂਝ ਕਾਇਮ ਰੱਖਣਾ ਕਿਸੇ ਇੱਕ ਫਿਰਕੇ ਦੀ ਜ਼ਿੰਮੇਵਾਰੀ ਨਹੀਂ,ਸਗੋਂ ਸਭਨਾਂ ਦਾ ਫਰਜ਼ ਹੈ...ਬਘੇਲ ਸਿੰਘ ਧਾਲੀਵਾਲ
ਭਾਰਤ ਦੁਨੀਆ ਦਾ ਅਜਿਹਾ ਮੁਲਕ ਹੈ ਜਿੱਥੇ ਵੱਖ-ਵੱਖ ਸੂਬਿਆਂ ਅੰਦਰ ਵੱਖ ਵੱਖ ਭਾਸ਼ਾਵਾਂ, ਧਰਮਾਂ, ਮਜ਼ਹਬਾਂ ਅਤੇ ਫਿਰਕਿਆਂ ਨਾਲ ਸਬੰਧਤ ਲੋਕ ਵੱਸਦੇ ਹਨ। ਭਾਰਤ ਦੀ ਅਸਲ ਖੂਬਸੂਰਤੀ ਹੀ ਇਸ ਦੀ ਵੰਨ-ਸੁਵੰਨਤਾ ਵਿੱਚ ਹੈ। ਇਸੇ ਵੰਨ-ਸੁਵੰਨਤਾ ਨੇ ਭਾਰਤ ਨੂੰ ਦੁਨੀਆ ਵਿੱਚ ਇੱਕ ਵੱਖਰੀ ਪਛਾਣ ਦਿੱਤੀ ਹੈ। ਪਰ ਇਸ ਖੂਬਸੂਰਤੀ ਨੂੰ ਕਾਇਮ ਰੱਖਣਾ ਅਤੇ ਦੇਸ਼ ਦੀ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨਾ ਕਿਸੇ ਇੱਕ ਧਰਮ ਜਾਂ ਫਿਰਕੇ ਦੀ ਜ਼ਿੰਮੇਵਾਰੀ ਨਹੀਂ ਹੋ ਸਕਦੀ। ਇਸ ਲਈ ਦੇਸ਼ ਦੇ ਸਾਰੇ ਧਰਮਾਂ, ਮਜ਼ਹਬਾਂ ਅਤੇ ਭਾਈਚਾਰਿਆਂ ਨੂੰ ਆਪਣੀ ਬਣਦੀ ਭੂਮਿਕਾ ਨਿਭਾਉਣੀ ਪਵੇਗੀ। ਖ਼ਾਸ ਕਰਕੇ ਉਸ ਬਹੁਗਿਣਤੀ ਭਾਈਚਾਰੇ ਅਤੇ ਉਸ ਦੀ ਨੁਮਾਇੰਦਗੀ ਕਰਨ ਵਾਲੀ ਸਿਆਸੀ ਧਿਰ ਦੀ ਜ਼ਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ, ਜਿਸ ਦੇ ਹੱਥਾਂ ਵਿੱਚ ਦੇਸ਼ ਦੀ ਸੱਤਾ ਹੈ ਅਤੇ ਜੋ 140 ਕਰੋੜ ਲੋਕਾਂ ਦੇ ਮੁਲਕ ਦੀ ਅਗਵਾਈ ਕਰ ਰਹੀ ਹੈ। ਮੈਂ ਇਹ ਗੱਲ ਕਿਸੇ ਸਿਧਾਂਤਕ ਬਹਿਸ ਦੇ ਆਧਾਰ ਉੱਤੇ ਨਹੀਂ ਕਰ ਰਿਹਾ, ਬਲਕਿ ਹੁਣੇ ਹੀ ਆਪਣੇ ਇੱਕ ਨਿੱਜੀ ਤਜਰਬੇ ਵਿੱਚੋਂ ਮੈਨੂੰ ਅਜਿਹਾ ਮਹਿਸੂਸ ਹੋਇਆ ਹੈ। ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਮਿਲੀਆਂ ਸ਼ੁਭਕਾਮਨਾਵਾਂ ਦੇ ਸੁਨੇਹਿਆਂ ਨੂੰ ਦੇਖਦਿਆਂ ਮੈਨੂੰ ਇੱਕ ਅਜਿਹਾ ਵਿਤਕਰਾ ਅਤੇ ਭੇਦ ਭਾਵ ਮਹਿਸੂਸ ਹੋਇਆ, ਜਿਸ ਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ।ਬੰਦੀ ਛੋੜ ਦਿਵਸ ਅਤੇ ਦਿਵਾਲੀ ਮੌਕੇ ਸੈਂਕੜਿਆਂ ਦੀ ਗਿਣਤੀ ਵਿੱਚ ਆਏ ਸ਼ੁਭਕਾਮਨਾਵਾਂ ਦੇ ਸੁਨੇਹਿਆਂ ਵਿੱਚ ਮੇਰੇ ਧਿਆਨ ਵਿੱਚ ਕੋਈ ਅਜਿਹਾ ਸੁਨੇਹਾ ਨਹੀਂ ਆਇਆ, ਜਿਸ ਵਿੱਚ ਕਿਸੇ ਹਿੰਦੂ ਭਰਾ ਵੱਲੋਂ ਦੀਵਾਲੀ ਦੇ ਨਾਲ ਬੰਦੀ ਛੋੜ ਦਿਵਸ ਦੀਆਂ ਮੁਬਾਰਕਾਂ ਵੀ ਦਿੱਤੀਆਂ ਗਈਆਂ ਹੋਣ। ਉਨ੍ਹਾਂ ਵੱਲੋਂ ਭੇਜੇ ਗਏ ਗ੍ਰੀਟਿੰਗ ਕਾਰਡਾਂ ਵਿੱਚ ਸਿਰਫ਼ ਦੀਵਾਲੀ ਦੀ ਖੁਸ਼ੀ ਦਾ ਪ੍ਰਗਟਾਵਾ ਸੀ। ਇਹ ਗੱਲ ਮੇਰੇ ਲਈ ਹੈਰਾਨੀ ਅਤੇ ਅਫ਼ਸੋਸ ਦਾ ਕਾਰਨ ਬਣੀ। ਇਸ ਦੇ ਉਲਟ ਸਿੱਖਾਂ ਵੱਲੋਂ ਭੇਜੇ ਗਏ ਸ਼ੁਭਕਾਮਨਾਵਾਂ ਦੇ ਸੁਨੇਹਿਆਂ ਵਿੱਚ, ਭਾਵੇਂ ਉਹ ਕਿਸੇ ਵੀ ਧਰਮ ਜਾਂ ਫਿਰਕੇ ਨਾਲ ਸਬੰਧਤ ਵਿਅਕਤੀ ਨੂੰ ਭੇਜੇ ਗਏ ਹੋਣ, ਬੰਦੀ ਛੋੜ ਦਿਵਸ ਦੇ ਨਾਲ ਦਿਵਾਲੀ ਦਾ ਜ਼ਿਕਰ ਵੀ ਓਨੀ ਹੀ ਸ਼ਿੱਦਤ ਨਾਲ ਕੀਤਾ ਗਿਆ। ਇਸ ਦਾ ਕਾਰਨ ਇਹ ਹੈ ਕਿ ਸਿੱਖਾਂ ਦੀ ਸੋਚ ਵਿੱਚ ਦੂਜੇ ਧਰਮਾਂ ਦੇ ਤਿਉਹਾਰਾਂ ਅਤੇ ਖੁਸ਼ੀਆਂ ਨੂੰ ਸਤਿਕਾਰ ਦੇਣ ਦੀ ਭਾਵਨਾ ਉਹਨਾਂ ਦੇ ਜਿਹਨ ਵਿੱਚ ਗਹਿਰੀ ਉੱਤਰੀ ਹੋਈ ਹੈ। ਸਿੱਖ ਕਿਸੇ ਕੁਦਰਤੀ ਕਰੋਪੀ ਦੇ ਸਮਿਆਂ ਵਿੱਚ ਸੇਵਾਵਾਂ ਨਿਭਾਉਂਦਿਆਂ ਕਦੇ ਵੀ ਇਹ ਨਹੀਂ ਦੇਖਦੇ ਕਿ ਸਾਹਮਣੇ ਵਾਲਾ ਵਿਅਕਤੀ ਕਿਸ ਧਰਮ ਜਾਂ ਮਜ਼ਹਬ ਨਾਲ ਸਬੰਧਤ ਹੈ। ਪਰ ਸਵਾਲ ਇਹ ਹੈ ਕਿ ਕੀ ਇਹ ਸਤਿਕਾਰ ਅਤੇ ਸਾਂਝ ਦੋਵੇਂ ਪਾਸਿਆਂ ਤੋਂ ਨਹੀਂ ਹੋਣੀ ਚਾਹੀਦੀ ? ਇਹ ਗੱਲ ਸਮਝਣ ਦੀ ਲੋੜ ਹੈ ਕਿ ਬੰਦੀ ਛੋੜ ਦਿਵਸ ਸਿਰਫ਼ ਸਿੱਖਾਂ ਦਾ ਤਿਉਹਾਰ ਨਹੀਂ, ਸਗੋਂ ਇਸ ਦਾ ਇਤਿਹਾਸ ਹਿੰਦੂ ਭਾਈਚਾਰੇ ਨਾਲ ਵੀ ਡੂੰਘਾ ਸਬੰਧ ਰੱਖਦਾ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਜਦੋਂ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਹੋਏ ਤਾਂ ਉਨ੍ਹਾਂ ਨੇ ਆਪਣੀ ਰਿਹਾਈ ਦੇ ਨਾਲ ਉੱਥੇ ਕੈਦ 52 ਹਿੰਦੂ ਰਾਜਿਆਂ ਦੀ ਰਿਹਾਈ ਦੀ ਸ਼ਰਤ ਵੀ ਰੱਖੀ ਸੀ। ਗੁਰੂ ਸਾਹਿਬ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਇਕੱਲੇ ਆਜ਼ਾਦ ਹੋ ਕੇ ਕਿਲ੍ਹੇ ਵਿੱਚੋਂ ਬਾਹਰ ਨਹੀਂ ਜਾਣਗੇ, ਸਗੋਂ ਬਾਕੀ ਕੈਦੀਆਂ ਨੂੰ ਵੀ ਨਾਲ ਲੈ ਕੇ ਜਾਣਗੇ। ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਸਾਹਿਬ ਦੀ ਇਹ ਸ਼ਰਤ ਪ੍ਰਵਾਨ ਕੀਤੀ ਅਤੇ 52 ਰਾਜਿਆਂ ਨੂੰ ਵੀ ਰਿਹਾਅ ਕਰ ਦਿੱਤਾ ਗਿਆ। ਇਸੇ ਮਹਾਨ ਪਰਉਪਕਾਰ ਕਰਕੇ ਗੁਰੂ ਸਾਹਿਬ ਨੂੰ ਬੰਦੀ ਛੋੜ ਦਾਤਾ ਕਿਹਾ ਜਾਣ ਲੱਗਾ। ਜੇਕਰ ਇਸ ਘਟਨਾ ਨੂੰ ਕੁੱਝ ਗੰਭੀਰਤਾ ਨਾਲ ਸਮਝਿਆ ਜਾਵੇ ਤਾਂ ਸਿੱਖਾਂ ਲਈ ਇਹ ਦਿਨ ਆਪਣੇ ਗੁਰੂ ਪਾਤਸ਼ਾਹ ਦੀ ਰਿਹਾਈ ਦੀ ਖੁਸ਼ੀ ਦਾ ਦਿਨ ਹੈ, ਪਰ ਹਿੰਦੂ ਭਾਈਚਾਰੇ ਲਈ ਵੀ ਇਹ ਦਿਨ ਘੱਟ ਮਹੱਤਵਪੂਰਨ ਨਹੀਂ ਹੋਣਾ ਚਾਹੀਦਾ, ਕਿਉਂਕਿ ਉਨ੍ਹਾਂ ਦੇ 52 ਰਾਜਿਆਂ ਨੂੰ ਵੀ ਗੁਰੂ ਸਾਹਿਬ ਦੀ ਮਿਹਰਬਾਨੀ ਸਦਕਾ ਉਸੇ ਦਿਨ ਬੰਦੀਖਾਨੇ ਵਿੱਚੋਂ ਆਜ਼ਾਦੀ ਮਿਲੀ ਸੀ। ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੀ ਰਿਹਾਈ ਨੂੰ ਦੂਜਿਆਂ ਦੀ ਰਿਹਾਈ ਨਾਲ ਜੋੜ ਕੇ ਮਨੁੱਖਤਾ, ਨਿਆਂ ਅਤੇ ਪਰਉਪਕਾਰ ਦੀ ਜਿਹੜੀ ਮਿਸਾਲ ਕਾਇਮ ਕੀਤੀ, ਉਹ ਦੁਨੀਆ ਦੇ ਇਤਿਹਾਸ ਵਿੱਚ ਬੇਮਿਸਾਲ ਹੈ। ਇਸ ਲਈ ਜੇਕਰ ਹਿੰਦੂ ਭਾਈਚਾਰਾ ਵੀ ਦੀਵਾਲੀ ਦੇ ਨਾਲ ਬੰਦੀ ਛੋੜ ਦਿਵਸ ਨੂੰ ਯਾਦ ਕਰਦਾ ਹੈ ਤਾਂ ਇਸ ਵਿੱਚ ਸਿੱਖਾਂ ਉੱਤੇ ਕੋਈ ਅਹਿਸਾਨ ਨਹੀਂ ਹੋਵੇਗਾ, ਸਗੋਂ ਆਪਣੇ ਹੀ ਇਤਿਹਾਸ ਦੇ ਇੱਕ ਮਹੱਤਵਪੂਰਨ ਪੱਖ ਨੂੰ ਸਤਿਕਾਰ ਦੇਣਾ ਹੋਵੇਗਾ। ਇਸ ਮਾਮਲੇ ਵਿੱਚ ਮੈਨੂੰ ਇਸ ਤੋਂ ਵੀ ਵੱਧ ਅਫ਼ਸੋਸ ਉਨ੍ਹਾਂ ਸਿੱਖਾਂ ਦੇ ਸੁਨੇਹਿਆਂ ਨੂੰ ਦੇਖ ਕੇ ਹੋਇਆ, ਜਿਹੜੇ ਆਪਣੇ ਆਪ ਨੂੰ ਲਿਬਰਲ ਅਤੇ ਧਰਮਾਂ ਤੋਂ ਉੱਪਰ ਉੱਠ ਕੇ ਸੋਚਣ ਵਾਲੇ ਸਮਝਦੇ ਹਨ। ਉਨ੍ਹਾਂ ਵੱਲੋਂ ਵੀ ਸਿਰਫ਼ ਦੀਵਾਲੀ ਦੀਆਂ ਮੁਬਾਰਕਾਂ ਹੀ ਭੇਜੀਆਂ ਗਈਆਂ। ਸਵਾਲ ਇਹ ਹੈ ਕਿ ਜੇਕਰ ਅਸੀਂ ਆਪਣੇ ਇਤਿਹਾਸ, ਆਪਣੀ ਪਛਾਣ ਅਤੇ ਆਪਣੇ ਗੁਰੂ ਸਾਹਿਬਾਨ ਨਾਲ ਜੁੜੇ ਪਵਿੱਤਰ ਦਿਹਾੜਿਆਂ ਨੂੰ ਹੀ ਆਪਣੀ ਸਮਾਜਿਕ ਸੋਚ ਵਿੱਚੋਂ ਮਨਫ਼ੀ ਕਰਨਾ ਸ਼ੁਰੂ ਕਰ ਦੇਵਾਂਗੇ ਤਾਂ ਫਿਰ ਸਾਡੀ ਮੌਲਿਕਤਾ ਕਿੱਥੇ ਰਹਿ ਜਾਵੇਗੀ ? ਦੂਜੇ ਧਰਮਾਂ ਦਾ ਸਤਿਕਾਰ ਕਰਨਾ ਅਤੇ ਆਪਣੀ ਪਛਾਣ ਨੂੰ ਭੁਲਾ ਦੇਣਾ ਦੋ ਵੱਖਰੀਆਂ ਗੱਲਾਂ ਹਨ। ਮੇਰੇ ਖ਼ਿਆਲ ਵਿੱਚ ਕਿਸੇ ਨੂੰ ਲਿਬਰਲ ਹੋਣ ਲਈ ਆਪਣੀ ਵਿਰਾਸਤ ਤੋਂ ਦੂਰ ਹੋਣ ਦੀ ਕੋਈ ਲੋੜ ਨਹੀਂ ਹੋਣੀ ਚਾਹੀਦੀ।ਇੱਥੇ ਇਹ ਸਪੱਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਮੇਰਾ ਮਕਸਦ ਕਿਸੇ ਹਿੰਦੂ ਭਰਾ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਜਾਂ ਸਮੁੱਚੇ ਹਿੰਦੂ ਭਾਈਚਾਰੇ ਨੂੰ ਕਟਹਿਰੇ ਵਿੱਚ ਖੜ੍ਹਾ ਕਰਨਾ ਨਹੀਂ ਹੈ। ਮੈਂ ਤਾਂ ਸਿਰਫ਼ ਉਸ ਸੋਚ ਉੱਤੇ ਸਵਾਲ ਉਠਾ ਰਿਹਾ ਹਾਂ, ਜਿਸ ਵਿੱਚ ਦੂਜੇ ਭਾਈਚਾਰੇ ਦੀਆਂ ਇਤਿਹਾਸਕ ਅਤੇ ਧਾਰਮਿਕ ਭਾਵਨਾਵਾਂ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਹੈ। ਮੇਰੇ ਅਜਿਹੇ ਬਹੁਤ ਸਾਰੇ ਹਿੰਦੂ ਮਿੱਤਰ ਵੀ ਹਨ, ਜਿਨ੍ਹਾਂ ਨੇ ਹਮੇਸ਼ਾ ਸਿੱਖ ਭਾਵਨਾਵਾਂ ਦਾ ਸਤਿਕਾਰ ਕੀਤਾ ਹੈ। ਪਰ ਕੁਝ ਲੋਕਾਂ ਦੇ ਵਿਹਾਰ ਨੂੰ ਦੇਖ ਕੇ ਸਮਾਜ ਵਿੱਚ ਪੈਦਾ ਹੋ ਰਹੀ ਦੂਰੀ ਬਾਰੇ ਗੱਲ ਕਰਨੀ ਵੀ ਜ਼ਰੂਰੀ ਹੈ। ਭਾਰਤੀ ਸੰਵਿਧਾਨ ਦੀ ਧਾਰਾ 51ਏ (ਈ) ਵੀ ਹਰ ਨਾਗਰਿਕ ਦਾ ਮੁੱਢਲਾ ਫ਼ਰਜ਼ ਤੈਅ ਕਰਦੀ ਹੈ ਕਿ ਉਹ ਧਾਰਮਿਕ, ਭਾਸ਼ਾਈ ਅਤੇ ਖੇਤਰੀ ਵਖਰੇਵਿਆਂ ਤੋਂ ਉੱਪਰ ਉੱਠ ਕੇ ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰੇ। ਇਸ ਦਾ ਮਤਲਬ ਸਿਰਫ਼ ਇਹ ਨਹੀਂ ਕਿ ਅਸੀਂ ਇੱਕ-ਦੂਜੇ ਦੇ ਤਿਉਹਾਰਾਂ ਉੱਤੇ ਵਧਾਈ ਦੇ ਦੇਈਏ, ਸਗੋਂ ਸਾਨੂੰ ਇੱਕ-ਦੂਜੇ ਦੇ ਇਤਿਹਾਸ, ਧਾਰਮਿਕ ਭਾਵਨਾਵਾਂ ਅਤੇ ਪਛਾਣ ਦਾ ਵੀ ਸਤਿਕਾਰ ਕਰਨਾ ਚਾਹੀਦਾ ਹੈ। ਜੇਕਰ ਦੇਸ਼ ਦੀ ਬਹੁਗਿਣਤੀ ਵੱਲੋਂ ਇਸ ਸੰਵਿਧਾਨਕ ਜ਼ਿੰਮੇਵਾਰੀ ਨੂੰ ਸਮਝਿਆ ਜਾਵੇ ਤਾਂ ਸਮਾਜ ਵਿੱਚ ਬਹੁਤ ਸਾਰੀਆਂ ਦੂਰੀਆਂ ਆਪਣੇ ਆਪ ਖ਼ਤਮ ਹੋ ਸਕਦੀਆਂ ਹਨ। ਇਸ ਸੰਦਰਭ ਵਿੱਚ ਪੰਜਾਬ ਦੀ ਉਦਾਹਰਨ ਵੀ ਬਹੁਤ ਮਹੱਤਵਪੂਰਨ ਹੈ। ਪੰਜਾਬ ਨੇ ਬੇਹੱਦ ਸੰਵੇਦਨਸ਼ੀਲ ਅਤੇ ਮੁਸ਼ਕਲ ਦੌਰ ਦੇਖੇ ਹਨ। ਖ਼ਾਸ ਕਰਕੇ 31 ਅਕਤੂਬਰ 1984 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਨਵੰਬਰ ਦੇ ਪਹਿਲੇ ਹਫ਼ਤੇ ਦਿੱਲੀ ਸਮੇਤ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਸਿੱਖਾਂ ਦਾ ਜੋ ਯੋਜਨਾਬੱਧ ਕਤਲੇਆਮ ਹੋਇਆ, ਉਹ ਭਾਰਤ ਦੇ ਇਤਿਹਾਸ ਦਾ ਇੱਕ ਬੇਹੱਦ ਕਾਲਾ ਅਧਿਆਇ ਹੈ। ਹਜ਼ਾਰਾਂ ਸਿੱਖਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ, ਉਨ੍ਹਾਂ ਦੇ ਘਰ ਅਤੇ ਕਾਰੋਬਾਰ ਸਾੜੇ ਗਏ, ਪਰਿਵਾਰ ਤਬਾਹ ਕੀਤੇ ਗਏ ਅਤੇ ਔਰਤਾਂ ਨਾਲ ਅਣਮਨੁੱਖੀ ਜ਼ੁਲਮ ਹੋਏ। ਜਸਟਿਸ ਨਾਨਾਵਤੀ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਇਨ੍ਹਾਂ ਹਮਲਿਆਂ ਅਤੇ ਸਿੱਖਾਂ ਦੀਆਂ ਜਾਨਾਂ ਤੇ ਜਾਇਦਾਦਾਂ ਨੂੰ ਹੋਏ ਨੁਕਸਾਨ ਦਾ ਵਿਸਥਾਰ ਨਾਲ ਜ਼ਿਕਰ ਦਰਜ ਹੈ। ਇੰਨੀ ਵੱਡੀ ਤ੍ਰਾਸਦੀ ਦੇ ਬਾਵਜੂਦ ਪੰਜਾਬ ਦੀ ਧਰਤੀ ਉੱਤੇ ਸਿੱਖ ਕੌਮ ਨੇ ਬਦਲੇ ਦੀ ਫਿਰਕੂ ਭਾਵਨਾ ਨੂੰ ਸਮਾਜਿਕ ਜੀਵਨ ਦਾ ਹਿੱਸਾ ਨਹੀਂ ਬਣਨ ਦਿੱਤਾ। ਪੰਜਾਬ ਵਿੱਚ ਹਿੰਦੂ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਇੱਕ-ਦੂਜੇ ਨਾਲ ਰਹਿਣ, ਦੁੱਖ-ਸੁੱਖ ਵੰਡਣ ਅਤੇ ਸਮਾਜਿਕ ਰਿਸ਼ਤੇ ਕਾਇਮ ਰੱਖਣ ਦੀ ਪਰੰਪਰਾ ਨੂੰ ਬਹੁਤ ਹੱਦ ਤੱਕ ਬਚਾਈ ਰੱਖਿਆ। ਇਹ ਸਿੱਖ ਕੌਮ ਦੀ ਉਦਾਰਤਾ, ਸਹਿਣਸ਼ੀਲਤਾ ਅਤੇ ਮਨੁੱਖਤਾ ਪ੍ਰਤੀ ਵਚਨਬੱਧਤਾ ਦੀ ਇੱਕ ਵੱਡੀ ਉਦਾਹਰਨ ਹੈ। ਜਿਨ੍ਹਾਂ ਲੋਕਾਂ ਨੇ ਦੇਸ਼ ਦੇ ਹੋਰਨਾਂ ਹਿੱਸਿਆਂ ਵਿੱਚ ਸਿੱਖਾਂ ਨੂੰ ਉਨ੍ਹਾਂ ਦੀ ਪਛਾਣ ਕਰਕੇ ਨਿਸ਼ਾਨਾ ਬਣਾਇਆ, ਉਨ੍ਹਾਂ ਦੇ ਭਾਈਚਾਰੇ ਨਾਲ ਸਬੰਧਤ ਹੋਣ ਕਰਕੇ ਪੰਜਾਬ ਵਿੱਚ ਰਹਿੰਦੇ ਆਮ ਹਿੰਦੂ ਲੋਕਾਂ ਨੂੰ ਨਿਸ਼ਾਨਾ ਨਾ ਬਣਾਉਣਾ ਸਿੱਖ ਸਮਾਜ ਦੀ ਸੂਝ-ਬੂਝ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੀ ਸਰਬਤ ਦੇ ਭਲੇ ਦੀ ਸਿੱਖਿਆ ਅਤੇ ਸਿਧਾਂਤਕ ਪਰਿਪੱਕਤਾ ਨੂੰ ਦਰਸਾਉਂਦਾ ਹੈ। ਇਹ ਵੀ ਸੱਚ ਹੈ ਕਿ ਪੰਜਾਬ ਵਿੱਚ ਭਾਈਚਾਰਕ ਸਾਂਝ ਕਾਇਮ ਰੱਖਣ ਵਿੱਚ ਸਾਰੇ ਭਾਈਚਾਰਿਆਂ ਦੇ ਆਮ ਲੋਕਾਂ ਦਾ ਯੋਗਦਾਨ ਰਿਹਾ ਹੈ,ਪਰ ਜਦੋ ਅਜਿਹੇ ਤਿਉਹਾਰ ਆਉਂਦੇ ਹਨ,ਤਾਂ ਉਹਨਾਂ ਪਵਿੱਤਰ ਦਿਹਾੜਿਆਂ ਨੂੰ ਵੀ ਵਿਤਕਰੇ ਅਤੇ ਭੇਦ ਭਾਵ ਵਾਲੀ ਫਿਰਕੂ ਸੋਚ ਤੋ ਬਚਾ ਕੇ ਰੱਖਣ ਦੀ ਜਿੰਮੇਵਾਰੀ ਉਸ ਖਿੱਤੇ ਦੇ ਸਮੂਹ ਭਾਈਚਾਰਿਆਂ ਦੀ ਹੋਣੀ ਚਾਹੀਦੀ ਹੈ,ਜਿਹੜੇ ਸਬੰਧਤ ਖਿੱਤੇ ਦੇ ਬਸਿੰਦੇ ਹਨ,ਤਾਂਕਿ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਇਹ ਭਾਈਚਾਰਕ ਸਾਂਝਾਂ ਹੀ ਦੇਸ ਦੀ ਵੰਨ-ਸੁਵੰਨਤਾ ਨੂੰ ਬਚਾ ਸਕਦੀਆਂ ਹਨ।
ਬਘੇਲ ਸਿੰਘ ਧਾਲੀਵਾਲ
99142-58142