ਜਿੰਦਗੀ ਦੀ ਲੁੱਕਣ ਮੀਚੀ - ਫੈਸਲ ਖਾਨ

ਹਮੀਦਾ ਉੱਚੀ ਉੱਚੀ ਬੋਲਦਾ ਘਰੋਂ ਸਾਈਕਲ ਲੈ ਕੇ ਨਿਕਲ ਗਿਆ।ਅੱਜ ਕੱਲ ਉਹ ਆਮ ਨਾਲੋਂ ਬਹੁਤ ਜਿਆਦਾ ਬੋਲਦਾ ਹੈ।ਘਰੇਂ ਵੀ ਬਿਨਾਂ ਮਤਲਬ ਤੋ ਗਾਲਾਂ ਕੱਢਦਾ ਰਹਿੰਦਾ ਹੈ।ਕਹਿੰਦੇ ਹਨ ਕਿ ਉਸ ਦੀ ਸੁਰਤੀ ਚਲੀ ਗਈ ਹੈ।ਕਿੰਨੇ ਹੀ ਚਾਵਾਂ ਨਾਲ ਉਸ ਨੇ ਆਪਣੀ ਵੱਡੀ ਕੁੜੀ ਦਾ ਵਿਆਹ ਕੀਤਾ ਸੀ।ਮੁੰਡੇ ਦਾ ਕੰਮ ਵਧੀਆ ਚਲਦਾ ਸੀ ਜਿਸ ਕਰਕੇ ਘਰ ਦੀ ਹਾਲਤ ਚੰਗੀ ਨਾ ਹੋਣ ਦੇ ਬਾਵਜੂਦ ਉਸ ਨੇ ਸਿਰ ਤੋਂ ਉਚਾ ਕਰਜ਼ਾ ਲੈ ਕੇ ਬੜੀ ਹੀ ਧੂਮ ਧਾਮ ਨਾਲ ਵਿਆਹ ਕੀਤਾ ਸੀ।ਮੁੰਡੇ ਦਾ ਕੰਮ ਚੰਗਾ ਹੋਣ ਕਰਕੇ ਲੋਕਾਂ ਨੇ ਵੀ ਬੜੀ ਅਸਾਨੀ ਨਾਲ ਵਿਆਜ ਤੇ ਕਰਜ਼ਾ ਦੇ ਦਿੱਤਾ।ਸਮਾਂ ਆਪਣੀ ਚਾਲ ਚੱਲਦਾ ਰਿਹਾ।ਮੁੰਡਾ ਇੱਕ ਵੱਡੇ ਸਹਿਰ ਵਿਚ ਸਬਜੀ ਅਤੇ ਫਲਾਂ ਦੀ ਰੇਹੜੀ ਲਗਾਉਂਦਾ ਸੀ।ਦਿਹਾੜੀ ਦੇ ਹਜਾਰ, ਦੋ ਹਜਾਰ ਬਚ ਹੀ ਜਾਂਦੇ ਸਨ।ਪੂਰਾ ਪਰਿਵਾਰ ਬਹੁਤ ਖੁਸ ਸੀ ਪਰ ਕੁੜੀ ਦੇ ਵਿਆਹ ਤੋ ਬਾਅਦ ਤਾਂ ਮੰਨੋਂ ਪਰਿਵਾਰ ਤੇ ਦੁੱਖਾਂ ਦਾ ਪਹਾੜ ਹੀ ਟੁੱਟ ਪਿਆ। ਸਰਕਾਰ ਨੇ ਸਫਾਈ ਅਤੇ ਹੋਰ ਕਾਰਨਾਂ ਕਰਕੇ ਸਹਿਰ ਵਿਚ ਲੱਗਦੀਆਂ ਰੇਹੜੀਆਂ ਬੰਦ ਕਰਵਾ ਦਿੱਤੀਆਂ।ਆਮਦਨ ਦਾ ਇਕੋ ਇਕ ਵਸੀਲਾ ਖਤਮ ਹੋ ਗਿਆ।ਕਰਜ਼ਦਾਰ ਪੂਰੇ ਪਰਿਵਾਰ ਦੀ ਜਾਨ ਖਾਣ ਲੱਗੇ ਤੇ ਉਹ ਘਰ ਆ ਕੇ ਗਾਲਾਂ ਕੱਢਦੇ। ਹਮੀਦਾ ਦੀ ਪਤਨੀ ਇਸ ਰੋਜ਼ ਰੋਜ਼ ਦੇ ਕਲੇਸ ਤੋ ਤੰਗ ਆ ਕੇ ਰੋ-ਰੋ ਕੇ ਮਰ ਗਈ।ਕੁਝ ਕਹਿੰਦੇ ਹਨ ਕਿ ਉਸ ਨੇ ਕੁਝ ਖਾ ਹੀ ਲਿਆ ਹੋਵੇ। ਪਤਨੀ ਦੀ ਮੌਤ ਤੋਂ ਬਾਅਦ ਹਮੀਦਾ ਆਪਣੀ ਸੋਚਣ ਅਤੇ ਸਮਝਣ ਦੀ ਸਕਤੀ ਲਗਭਗ ਖੋ ਚੁੱਕਾ ਹੈ।ਮੁੰਡਾ ਜਿਹਨੇ ਆਪਣੀ ਨਵੀਂ ਵਹੁਟੀ ਨਾਲ ਲੁੱਕਣ ਮੀਚੀ ਖੇਡਣੀ ਸੀ ਹੁਣ ਕਾਰਜਦਾਰਾਂ ਨਾਲ ਲੁੱਕਣ ਮੀਚੀ ਖੇਡਦਾ ਫਿਰਦਾ ਹੈ।
ਫੈਸਲ ਖਾਨ
ਜਿਲਾ ਰੋਪੜ
ਮੋਬ:99149-65937