ਵਕਤਾਂ ਦਾ ਸੱਚ ਅਤੇ ਖਾਮੋਸ਼ੀ - ਸ਼ਾਮ ਸਿੰਘ ਅੰਗ-ਸੰਗ

ਵਕਤਾਂ ਵਿੱਚ ਵਿਚਰਦਿਆਂ ਹਰ ਉਹ ਸ਼ਖਸ ਆਪਣੀ ਸਮਝ ਵਿੱਚ ਆਉਂਦੇ ਸੱਚ ਬੋਲਣ ਤੋਂ ਗੁਰੇਜ਼ ਨਹੀਂ ਕਰਦਾ, ਜਿਸ ਵਿੱਚ ਦਲੇਰੀ ਹੋਵੇ ਅਤੇ ਅਣਖ ਵੀ। ਅਜਿਹਾ ਕਿਰਦਾਰ ਰੱਖਣ ਵਾਲਿਆਂ ਦੀ ਗਿਣਤੀ ਭਾਵੇਂ ਬਹੁਤੀ ਨਹੀਂ ਹੁੰਦੀ, ਪਰ ਇਤਿਹਾਸ 'ਤੇ ਝਾਤੀ ਮਾਰਦਿਆਂ ਪਤਾ ਲੱਗਦਾ ਹੈ ਕਿ ਜ਼ਾਲਮ ਬਾਦਸ਼ਾਹਾਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਣ ਵਾਲੇ ਆਪਣੀ ਭੂਮਿਕਾ ਸਦਾ ਨਿਭਾਉਂਦੇ ਹੀ ਰਹੇ। ਇਹ ਲੋਕ ਵੱਖ-ਵੱਖ ਦੇਸ਼ਾਂ ਵਿੱਚ ਜਨਮੇ, ਵੱਖ-ਵੱਖ ਧਰਮਾਂ ਦੇ ਵੀ ਸਨ ਅਤੇ ਵਰਗਾਂ ਦੇ ਵੀ। ਉਨ੍ਹਾਂ ਨੂੰ ਜਿੰਨੀਆਂ ਮਰਜ਼ੀ ਪੀੜਾਂ ਅਤੇ ਤਸੀਹੇ ਝੱਲਣੇ ਪਏ, ਪਰ ਉਹ ਨਾ ਕਦੇ ਅਸਮਰੱਥ ਰਹੇ ਅਤੇ ਨਾ ਅਸਫ਼ਲ। ਇਸ ਕਰ ਕੇ ਉਨ੍ਹਾਂ ਦਾ ਨਾਂਅ ਇਤਿਹਾਸ ਦੇ ਵਰਕਿਆਂ 'ਤੇ ਵੀ ਹੈ ਅਤੇ ਲੋਕ-ਦਿਲਾਂ ਵਿੱਚ ਵੀ।
        ਰਿਸ਼ੀਆਂ-ਮੁਨੀਆਂ ਦੇ ਜ਼ਮਾਨੇ ਵਿੱਚ ਉਹ ਜਾਗਦੇ ਰਹੇ ਅਤੇ ਉਨ੍ਹਾਂ ਆਪਣੇ ਬੋਲਾਂ ਨੂੰ ਜੰਦਰੇ ਨਹੀਂ ਲਾਏ। ਉਹ ਜ਼ਰੂਰਤ ਮੁਤਾਬਕ ਬੋਲਦੇ ਰਹੇ। ਫੇਰ ਪੀਰ-ਪੈਗੰਬਰ, ਗੁਰੂ ਅਤੇ ਭਗਤ ਆ ਗਏ, ਜਿਨ੍ਹਾਂ ਨੇ ਆਪਣੀ ਆਤਮਿਕ ਸ਼ਕਤੀ ਅਤੇ ਨਿੱਗਰ ਮਾਨਸਿਕਤਾ ਨਾਲ ਵਕਤਾਂ ਦੇ ਸੱਚ ਨੂੰ ਸਮਝਿਆ ਅਤੇ ਉਸ ਲਈ ਪੱਕੇ ਪੈਰੀਂ ਖੜ ਗਏ। ਨਾਲ ਦੀ ਨਾਲ ਉਹ ਲੋਕ ਮਸਲਿਆਂ ਨੂੰ ਉਠਾਉਂਦੇ ਰਹੇ ਅਤੇ ਲੋਕ-ਹਿੱਤਾਂ ਵਾਸਤੇ ਲੜਦੇ ਰਹੇ। ਉਨ੍ਹਾਂ ਨਾ ਕਦੇ ਤਕਲੀਫ਼ਾਂ ਦੀ ਪਰਵਾਹ ਕੀਤੀ ਅਤੇ ਨਾ ਅੰਤਾਂ ਦੇ ਤਸੀਹਿਆਂ ਦੀ। ਉਹ ਆਪਣੇ ਸਮੇਂ ਦੇ ਰਾਜਿਆਂ ਤੇ ਹਕੂਮਤਾਂ ਲਈ ਚੁਣੌਤੀ ਬਣਦੇ ਰਹੇ। ਉਨ੍ਹਾਂ ਖਾਮੋਸ਼ੀ ਨਹੀਂ ਧਾਰੀ, ਸਗੋਂ ਜਿੱਥੇ ਜ਼ਰੂਰੀ ਸੀ, ਉੱਥੇ ਸੱਚ ਲਈ ਬੋਲਦੇ ਰਹੇ।
       ਜਾਗਦੇ ਅਤੇ ਜਾਗਰਤ ਮਨੁੱਖਾਂ ਲਈ ਖਾਮੋਸ਼ ਰਹਿਣਾ ਸ਼ੋਭਦਾ ਨਹੀਂ। ਖ਼ਾਸ ਕਰ ਕੇ ਉਦੋਂ, ਜਦੋਂ ਜ਼ੁਲਮ ਹੋ ਰਿਹਾ ਹੋਵੇ, ਜਬਰ ਢਾਹਿਆ ਜਾ ਰਿਹਾ ਹੋਵੇ ਅਤੇ ਜਨਤਾ ਨੂੰ ਬੇਵੱਸੀ ਦੇ ਹਵਾਲੇ ਕਰ ਦਿੱਤਾ ਗਿਆ ਹੋਵੇ। ਅਜਿਹੇ ਮੌਕੇ ਖਾਮੋਸ਼ ਰਹਿਣਾ ਪਾਪ ਵੀ ਹੈ ਅਤੇ ਅਪਰਾਧ ਵੀ, ਕਿਉਂਕਿ ਪੀੜਤਾਂ ਨਾਲ ਨਾ ਖੜਨ ਦਾ ਅਰਥ ਜਾਬਰਾਂ ਦੇ ਹੱਕ ਵਿੱਚ ਖਲੋਣਾ ਵੀ ਹੈ ਅਤੇ ਅਪਰਾਧੀਆਂ ਦਾ ਸਾਥ ਦੇਣਾ ਵੀ। ਮੁਗਲਾਂ ਨੇ ਭਾਰਤ ਵਿੱਚ ਏਨਾ ਜ਼ੁਲਮ ਕੀਤਾ ਕਿ ਕੋਈ ਹੱਦ ਨਾ ਰਹਿਣ ਦਿੱਤੀ। ਉਦੋਂ ਉਨ੍ਹਾਂ ਦਾ ਮੁਕਾਬਲਾ ਤਿੱਖੇ ਬੋਲਾਂ ਨਾਲ ਵੀ ਕੀਤਾ ਗਿਆ ਅਤੇ ਜੁਰਅੱਤ ਦੀ ਪ੍ਰੀਖਿਆ ਦੇ ਕੇ ਵੀ। ਏਥੋਂ ਤੱਕ ਕਿ ਬਹਾਦਰਾਂ ਨੇ ਜਿਸਮਾਂ ਨੂੰ ਵਾਰ ਕੇ ਖਾਮੋਸ਼ੀ ਨੂੰ ਬੋਲ ਦਿੱਤੇ।
        ਬਾਬਰ ਤੋਂ ਔਰੰਗਜ਼ੇਬ ਦਾ ਸਮਾਂ ਕਿਸ ਨੂੰ ਯਾਦ ਨਹੀਂ, ਜਿਨ੍ਹਾਂ ਨੇ ਜਨਤਾ ਦੀ ਪਰਵਾਹ ਨਾ ਕਰਦਿਆਂ ਮਨਮਰਜ਼ੀ ਦੇ ਝੰਡੇ ਝੁਲਾਈ ਰੱਖੇ ਅਤੇ ਲੋਕਾਂ ਨੂੰ ਨਿਮਾਣੇ ਬਣਾ ਕੇ ਰੱਖਿਆ, ਪਰ ਜਿਨ੍ਹਾਂ ਵਿੱਚ ਜੁਰਅੱਤ ਸੀ, ਉਹ ਤਾਂ ਟਿਕ ਕੇ ਨਾ ਬੈਠੇ। ਉਨ੍ਹਾਂ ਲੱਖਾਂ ਦੀਆਂ ਫ਼ੌਜਾਂ ਦੇ ਪੈਰਾਂ ਹੇਠ ਭੁੱਬਲ ਧੁਖਾ ਕੇ ਜਾਨਦਾਰ ਅਤੇ ਸ਼ਾਨਦਾਰ ਮੁਕਾਬਲੇ ਕੀਤੇ ਅਤੇ ਇਤਿਹਾਸ ਦੇ ਸੁਨਹਿਰੀ ਵਰਕਿਆਂ 'ਤੇ ਆਪਣਾ ਨਾਂਅ ਲਿਖਵਾਇਆ।  ਜੁਰਅੱਤ ਕਰ ਕੇ ਹੀ ਨਿਮਾਣਿਆਂ ਨੇ ਕੇਰਾਂ ਜ਼ੋਰਾਵਰਾਂ ਦਾ ਹੰਕਾਰ ਤੋੜ ਕੇ ਰੱਖ ਦਿੱਤਾ। ਸਿੰਘਾਂ ਤੋਂ ਹਾਥੀ ਦੁੜਵਾਏ, ਚਿੜੀਆਂ ਕੋਲੋਂ ਬਾਜ਼ ਤੁੜਵਾਏ। ਇਹ ਵਕਤਾਂ ਦੇ ਸੱਚ ਨੂੰ ਸਮਝਣ ਦੀ ਗਾਥਾ ਵੀ ਹੈ ਅਤੇ ਉਸ ਮੁਤਾਬਕ ਜਾਬਰਾਂ ਨੂੰ ਬਣਦਾ ਸਬਕ ਸਿਖਾਉਣ ਦੀ ਵੀ।
       ਵਾਰੀ ਆਈ ਭਾਰਤੀ ਰਾਜਿਆਂ ਦੀ, ਜਿਨ੍ਹਾਂ ਨੇ ਆਪਣੀ ਪਰਜਾ ਨੂੰ ਸਮਝਿਆ ਅਤੇ ਚੰਗੇ ਰਾਜ-ਭਾਗ ਦੇ ਨਾਲ-ਨਾਲ ਲੋਕਾਂ ਨੂੰ ਖੁੱਲ੍ਹਾਂ ਵੀ ਦਿੱਤੀਆਂ। ਵਿਰੋਧੀਆਂ ਦੀ ਆਵਾਜ਼ ਨੂੰ ਉਦੋਂ ਤੱਕ ਉੱਕਾ ਨਹੀਂ ਦਬਾਇਆ ਗਿਆ, ਜਦੋਂ ਤੱਕ ਆਵਾਜ਼ ਬਗ਼ਾਵਤ ਨਾ ਬਣ ਗਈ। ਮਹਾਰਾਜਾ ਰਣਜੀਤ ਸਿੰਘ ਵਿੱਚ ਜਿੰਨੇ ਮਰਜ਼ੀ ਐਬ ਹੋਣ, ਪਰ ਉਸ ਦੇ ਰਾਜ ਕਰਨ ਦੇ ਤੌਰ-ਤਰੀਕਿਆਂ ਨੇ ਉਹ ਸਭ ਢੱਕ ਲਏ ਅਤੇ ਜੱਗ-ਜ਼ਾਹਰ ਨਾ ਹੋਣ ਦਿੱਤੇ। ਇਹ ਉਸ ਦੀ ਦੂਰ-ਅੰਦੇਸ਼ੀ ਹੀ ਕਹੀ ਜਾ ਸਕਦੀ ਹੈ ਕਿ ਉਸ ਨੇ ਜਨਤਾ ਨੂੰ ਖ਼ੁਸ਼ ਰੱਖਿਆ, ਬੋਲਣ 'ਤੇ ਬੰਦਸ਼ ਨਾ ਲਾਈ। ਆਪ ਵੀ ਮੌਜਾਂ ਮਾਣਦਾ ਰਿਹਾ ਅਤੇ ਲੋਕ ਵੀ ਮਸਤੀ ਮਾਣਦੇ ਰਹੇ।
       ਅੰਗਰੇਜ਼ ਆਏ ਤਾਂ ਉਨ੍ਹਾਂ ਆਪਣਾ ਦਾਬਾ ਪਾ ਲਿਆ। ਜਨਤਾ ਨੂੰ ਨਿਹੱਥੀ ਕਰੀ ਰੱਖਿਆ। ਆਪਣੀ ਭਾਸ਼ਾ ਅਤੇ ਆਪਣੇ ਸੱਭਿਆਚਾਰ ਦਾ ਗਲਬਾ ਪਾ ਲਿਆ, ਜੋ ਅਜੇ ਤੱਕ ਭਾਰਤੀਆਂ ਦਾ ਪਿੱਛਾ ਨਹੀਂ ਛੱਡ ਰਹੇ। ਉਨ੍ਹਾਂ ਨੇ ਇੱਥੋਂ ਦੇ ਲੋਕਾਂ ਦੀ ਜੁਰਅੱਤ ਨੂੰ ਖ਼ਤਮ ਕਰਨ ਲਈ ਕਈ ਤਰ੍ਹਾਂ ਦੇ ਹਰਬੇ ਵਰਤੇ। ਉਨ੍ਹਾਂ ਵਿਰੁੱਧ ਅਤੇ ਉਨ੍ਹਾਂ ਦੀ ਹਕੂਮਤ ਵਿਰੁੱਧ ਬੋਲਣ ਵਾਲਿਆਂ ਨੂੰ ਤੰਗੀਆਂ ਕੱਟਣੀਆਂ ਪਈਆਂ। ਲੋਕ ਵਕਤ ਨੂੰ ਸਮਝ ਕੇ ਆਪਣੇ ਦੇਸ਼ ਨੂੰ ਗ਼ੁਲਾਮੀ ਦੇ ਜੂਲੇ ਤੋਂ ਮੁਕਤ ਕਰਵਾਉਣ ਲਈ ਖਾਮੋਸ਼ੀ ਦੀ ਗੁਫ਼ਾ ਵਿੱਚ ਜਾਣ ਦੀ ਬਜਾਏ ਜੁਰਅੱਤ ਨਾਲ ਬੋਲਦੇ ਰਹੇ ਅਤੇ ਆਜ਼ਾਦੀ ਲਈ ਬਹਾਦਰੀ ਨਾਲ ਖੂਬ ਲੜਦੇ ਰਹੇ।
     ਜੁਰਅੱਤ, ਦਲੇਰੀ ਵਕਤ ਸਿਰ ਬੋਲਣ ਤੋਂ ਨਹੀਂ ਰੁਕਦੀਆਂ। ਅੰਗਰੇਜ਼ਾਂ ਨੂੰ ਸਿੱਧੀਆਂ-ਸਪੱਸ਼ਟ ਚੁਣੌਤੀਆਂ ਦੇਣ ਤੋਂ ਡਰਿਆ ਨਹੀਂ ਗਿਆ। ਕਿੰਨੇ ਵੀਰ ਤੱਤੇ ਬੋਲ ਵੀ ਬੋਲਦੇ ਰਹੇ ਤੇ ਬੌਧਿਕ ਦਾਅ-ਪੇਚ ਵੀ ਵਰਤਦੇ ਰਹੇ, ਪਰ ਹਕੂਮਤ ਕਰਨ ਵਾਲਿਆਂ ਹਮੇਸ਼ਾ ਇਹ ਹੀ ਚਾਹਿਆ ਕਿ ਲੋਕ ਖਾਮੋਸ਼ ਰਹਿਣ ਅਤੇ ਸਿਰ ਨਾ ਚੁੱਕਣ। ਲੋਕ ਖਾਮੋਸ਼ੀਆਂ ਤੋੜ ਕੇ ਨਾਹਰੇ ਬਣਦੇ/ਮਾਰਦੇ ਰਹੇ ਅਤੇ ਦੁੱਖ ਸਹਿੰਦੇ ਰਹੇ। ਜੇਲ੍ਹਾਂ ਵਿੱਚ ਤੰਗੀਆਂ ਦੀ ਪਰਵਾਹ ਨਾ ਕੀਤੀ ਅਤੇ ਹੱਸ-ਹੱਸ ਕੇ ਫ਼ਾਂਸੀਆਂ 'ਤੇ ਚੜ੍ਹਦੇ ਰਹੇ। ਇਹ ਹੈ ਵਕਤਾਂ ਦਾ ਸੱਚ, ਜੋ ਧਰਤੀ 'ਤੇ ਅਸਲੀਅਤ ਹੋ ਕੇ ਵਾਪਰਿਆ ਅਤੇ ਇਤਿਹਾਸ 'ਚੋਂ ਪੜ੍ਹਿਆ ਜਾ ਸਕਦਾ ਹੈ।
       ਪਹਿਲਾਂ-ਪਹਿਲ ਕਾਂਗਰਸ ਪਾਰਟੀ ਹੀ ਦੇਸ ਦੀ ਵੱਡੀ ਸਿਆਸੀ ਜਮਾਤ ਸੀ, ਜਿਸ ਨੇ ਜਿੱਥੇ ਆਜ਼ਾਦੀਆਂ ਲਈ ਕੰਮ ਕੀਤਾ, ਉੱਥੇ ਲੋਕਾਂ ਨੂੰ ਖਾਮੋਸ਼ੀ ਧਾਰਨ ਕਰਨ ਵੱਲ ਵੀ ਧੱਕੀ ਰੱਖਿਆ, ਪਰ ਜੁਰਅੱਤ ਵਾਲੇ ਲੋਕਾਂ ਨੇ ਕੋਈ ਬੰਦਸ਼ ਨਾ ਮੰਨੀ ਅਤੇ ਸਮੇਂ ਮੁਤਾਬਕ ਢੁੱਕਵੇਂ ਅੰਦਾਜ਼ ਵਿੱਚ ਬੋਲਦੇ ਰਹੇ, ਜਿਸ ਕਾਰਨ ਪਾਰਟੀ ਵਿੱਚ ਵਿਰੋਧੀ ਸੁਰਾਂ ਵੀ ਉੱਠਦੀਆਂ ਰਹੀਆਂ ਅਤੇ ਪਾਰਟੀ ਕਈ ਥਾਂ ਵੰਡ ਹੋ ਗਈ। ਭਾਜਪਾ ਨੇ ਜੁਰਅੱਤ ਕੀਤੀ ਅਤੇ ਕਾਂਗਰਸ ਨੂੰ ਮਾਤ ਦੇ ਦਿੱਤੀ। ਦੇਰ ਤੋਂ ਚੁੱਪ-ਗੜੁੱਪ ਇਹ ਪਾਰਟੀ ਬੋਲਾਂ ਦੇ ਸਹਾਰੇ ਹਕੂਮਤ 'ਤੇ ਛਾ ਗਈ। ਬੋਲ ਜਿਹੋ ਜਿਹੇ ਵੀ ਸਨ, ਪਰ ਲੋਕਾਂ 'ਤੇ ਪ੍ਰਭਾਵ ਪਾਉਣ ਵਿੱਚ ਸਫ਼ਲ ਰਹੇ।
      ਕਾਮਰੇਡ ਲੋਕ-ਹਿੱਤਾਂ ਲਈ ਖੜੇ, ਲੋਕਾਂ ਦੀ ਜ਼ੁਬਾਨ ਬੋਲੇ ਅਤੇ ਉਨ੍ਹਾਂ ਦੀ ਆਵਾਜ਼ ਬਣਨ ਦਾ ਵਿਸ਼ਵਾਸ ਦੁਆਇਆ। ਕੁਝ ਰਾਜਾਂ ਅੰਦਰ ਉਨ੍ਹਾਂ ਦੀਆਂ ਹਕੂਮਤਾਂ ਬਣ ਗਈਆਂ। ਉਨ੍ਹਾਂ ਰਾਜਾਂ ਦਾ ਹਾਲ ਸਭ ਦੇ ਸਾਹਮਣੇ ਹੈ, ਜਿੱਥੇ ਲੋਕ ਕਦੇ ਖਾਮੋਸ਼ ਨਹੀਂ ਰਹੇ। ਪੰਜਾਬ ਵਿੱਚ ਅਕਾਲੀ ਦਲ ਭਾਰੂ ਰਿਹਾ, ਪਰ ਵਕਤ-ਵਕਤ 'ਤੇ ਇਸ ਦੇ ਪ੍ਰਧਾਨਾਂ ਦੀ ਤਾਨਾਸ਼ਾਹੀ ਕਾਰਨ ਦਲ ਕਈ ਥਾਂ ਵੰਡਿਆ ਗਿਆ। ਜਿੱਥੇ-ਜਿੱਥੇ ਖਾਮੋਸ਼ੀ ਅਪਣਾਉਣ ਲਈ ਮਜਬੂਰ ਕੀਤਾ ਜਾਵੇਗਾ, ਉੱਥੇ-ਉੱਥੇ ਲੋਕ ਉੱਚੀ ਸੁਰ 'ਚ ਬੋਲਣਗੇ। ਹੁਣ ਤਾਂ ਹੱਦ ਹੀ ਹੋ ਗਈ ਕਿ ਹਰ ਰੋਜ਼ ਦਲ ਦੇ ਟੁੱਟਣ ਦੀਆਂ ਖ਼ਬਰਾਂ ਆ ਰਹੀਆਂ ਹਨ, ਪਰ ਬੋਲ ਨਹੀਂ ਦੱਬ ਰਹੇ।
      ਹੁਣ ਹੋਰ ਨਵਾਂ ਅਕਾਲੀ ਦਲ ਬਣ ਜਾਵੇਗਾ, ਜੋ ਤਾਨਾਸ਼ਾਹੀ ਨਾ ਝੱਲਦਿਆਂ ਰੋਹ 'ਚੋਂ ਪੈਦਾ ਹੋਵੇਗਾ। ਓਧਰ ਨਵੀਂ ਬਣੀ ਸਿਆਸੀ ਪਾਰਟੀ 'ਆਪ' ਦਾ ਝਾੜੂ ਤੀਲਾ-ਤੀਲਾ ਹੋ ਕੇ ਰਹਿ ਗਿਆ। ਹਕੂਮਤ ਕਰਨ ਤੁਰੀ ਪਾਰਟੀ ਨੂੰ ਵੀ ਤਾਨਾਸ਼ਾਹੀ ਨੇ ਮਾਰ ਲਿਆ। ਇਸ ਪਾਰਟੀ ਦਾ ਕੌਮੀ ਮੁਖੀ ਚਾਹੁੰਦਾ ਸੀ ਕਿ ਜੋ ਵੀ ਬੋਲ ਕੱਢਦਾ ਹੈ, ਉਸ ਨੂੰ ਹਰ ਹੀਲੇ ਖਾਮੋਸ਼ ਕਰਵਾ ਦਿੱਤਾ ਜਾਵੇ, ਪਰ ਅਣਖੀਲੇ ਅਤੇ ਬਹਾਦਰ ਲੋਕਾਂ ਨੇ ਖਾਮੋਸ਼ ਹੋਣ ਨਾਲੋਂ ਵਕਤ ਦੇ ਸੱਚ ਨੂੰ ਪਛਾਣਿਆਂ ਅਤੇ ਦਿੱਲੀ ਵੱਲ ਪਿੱਠ ਕਰ ਲਈ। ਹੁਣ ਕੀ ਬਣੇਗਾ, ਉਡੀਕ ਕਰਨੀ ਪਵੇਗੀ।
       ਅਕਾਲੀ ਦਲ ਦੇ ਸੇਖਵਾਂ ਅਤੇ ਬ੍ਰਹਮਪੁਰਾ ਹੋਰਾਂ ਦੇਰ ਕਰ ਦਿੱਤੀ। ਜੇ ਵਕਤ ਦੀ ਨਜ਼ਾਕਤ ਨੂੰ ਦੇਖਦਿਆਂ ਪਹਿਲਾਂ ਬੋਲ ਪੈਂਦੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਹੱਥਾਂ 'ਤੇ ਚੁੱਕ ਲੈਣਾ ਸੀ, ਪਰ ਉਹ ਪਛੜ ਗਏ। ਕੁਝ ਇਸੇ ਤਰ੍ਹਾਂ 'ਆਪ' ਦੇ ਖਹਿਰਾ ਅਤੇ ਕੰਵਰ ਧੜੇ ਨੇ ਕੀਤਾ। ਉਹ ਵੀ ਦੇਰ ਤੱਕ ਦਿੱਲੀ ਦੇ ਨੇਤਾਵਾਂ ਦੀਆਂ ਲੇਲ੍ਹੜੀਆਂ ਕੱਢਦੇ ਰਹੇ ਅਤੇ ਆਪਣੀਆਂ ਬੈਠਕਾਂ ਵਿੱਚ ਉਨ੍ਹਾਂ ਦੀਆਂ ਤਸਵੀਰਾਂ ਲਾਉਂਦੇ ਰਹੇ, ਜੋ ਇਸ ਕਰ ਕੇ ਜਾਇਜ਼ ਨਹੀਂ ਸਨ, ਕਿਉਂਕਿ ਬੈਠਕਾਂ ਵਿੱਚ ਉਨ੍ਹਾਂ ਦਾ ਖੁੱਲ੍ਹਮ-ਖੁੱਲ੍ਹਾ ਵਿਰੋਧ ਕਰਦੇ ਰਹੇ।
       ਮੁੱਕਦੀ ਗੱਲ ਤਾਂ ਇਹੀ ਹੈ ਕਿ ਮੰਤਰੀ ਹੋਣ ਜਾਂ ਅਧਿਕਾਰੀ, ਜੱਜ ਹੋਣ ਜਾਂ ਕਿਸੇ ਵੀ ਵਿਭਾਗ ਦੇ ਮੁਖੀ, ਉਨ੍ਹਾਂ ਨੂੰ ਜੁਰਅੱਤ ਨਾਲ ਰਹਿ ਕੇ ਕੰਮ ਕਰਨਾ ਚਾਹੀਦਾ ਹੈ, ਪੂਛ ਹਿਲਾ ਕੇ ਨਹੀਂ। ਉਹ ਦੂਜਿਆਂ ਲਈ ਮਿਸਾਲ ਬਣਨ ਅਤੇ ਵਕਤ ਮੁਤਾਬਕ ਸਹੀ ਭੂਮਿਕਾ ਨਿਭਾਉਣ, ਤਾਂ ਕਿ ਸਮਾਂ ਉਨ੍ਹਾਂ ਨੂੰ ਯਾਦ ਕਰਦਾ ਰਹੇ। ਅਜਿਹਾ ਤਾਂ ਹੀ ਸੰਭਵ ਹੈ, ਜੇ ਉਹ ਸਹੀ ਸਮੇਂ ਸਹੀ ਬੋਲਣ, ਖਾਮੋਸ਼ ਤਾਂ ਬਿਲਕੁਲ ਹੀ ਨਾ ਰਹਿਣ। ਅਜਿਹਾ ਰਹਿਣ ਅਤੇ ਕਹਿਣ ਵਾਲੇ ਹੀ ਦੂਜਿਆਂ ਵਾਸਤੇ ਰਾਹ-ਦਸੇਰਾ ਬਣਨਗੇ ਅਤੇ ਖਾਮੋਸ਼ੀ ਦੀ ਥਾਂ ਵਕਤ ਦੇ ਸੱਚ ਦੀ ਗਵਾਹੀ ਭਰਨਗੇ।


ਲਤੀਫ਼ੇ ਦਾ ਚਿਹਰਾ-ਮੋਹਰਾ

ਇੱਕ ਬੀਬੀ ਚਿੱਤਰ ਪ੍ਰਦਰਸ਼ਨੀ ਦੇਖ ਕੇ ਚਿੱਤਰਕਾਰ ਨੂੰ ਕਹਿਣ ਲੱਗੀ ਕਿ ਇਹ ਏਨੀ ਬਦਸ਼ਕਲ ਤਸਵੀਰ ਵਾਲੀ ਪ੍ਰਦਰਸ਼ਨੀ ਤੁਸੀਂ ਕਿਉਂ ਲਾਈ?
ਚਿੱਤਰਕਾਰ : ਮਾਫ਼ ਕਰਨਾ ਬੀਬੀ ਜੀ, ਤੁਸੀਂ ਕਿਸੇ ਚਿੱਤਰ ਅੱਗੇ ਨਹੀਂ, ਸਗੋਂ ਸਾਫ਼ ਸ਼ੀਸ਼ੇ ਮੂਹਰੇ ਖੜ੍ਹੇ ਹੋ।
"'
ਦੁਕਾਨਦਾਰ : ਹਾਂ ਜੀ ਭਗਵਾਨ ਰੂਪੀ ਗਾਹਕ ਜੀ, ਤੁਹਾਨੂੰ ਕੀ ਚਾਹੀਦਾ ਹੈ?
ਗਾਹਕ   :    ਪਹਿਲਾਂ ਲਾੜੀ ਦਿਖਾਉ ਜੀ!
ਦੁਕਾਨਦਾਰ : ਇਹ ਤੁਸੀਂ ਕੀ ਕਹਿ ਰਹੇ ਹੋ?
ਗਾਹਕ : ਤੁਸੀਂ ਬਾਹਰ ਲਿਖ ਕੇ ਲਾਇਆ ਹੋਇਆ ਕਿ ਇੱਥੇ ਵਿਆਹ ਸੰਬੰਧੀ ਸਾਰਾ ਕੁੱਝ ਮਿਲਦੈ।

ਸੰਪਰਕ : 98141-13338

19 Dec. 2018