ਬਰਨਾਲੇ ਦੀ ਸਾਹਿਤਕ ਲਹਿਰ ਵਿੱਚ ਪਲਿਆ ਅਤੇ ਸੱਚੀ-ਸੁੱਚੀ ਪੱਤਰਕਾਰੀ ਵਿੱਚੋਂ ਉਭਰਿਆ ਬਘੇਲ ਸਿੰਘ ਧਾਲੀਵਾਲ ਇੱਕ ਚੇਤਨ ਕਵੀ - ਅਰਵਿੰਦਰ ਕੌਰ ਸੰਧੂ

ਬਰਨਾਲੇ ਦੀ ਸਾਹਿਤਕ ਲਹਿਰ ਵਿੱਚ ਪਲਿਆ ਅਤੇ ਸੱਚੀ-ਸੁੱਚੀ ਪੱਤਰਕਾਰੀ ਵਿੱਚੋਂ ਉਭਰਿਆ ਬਘੇਲ ਸਿੰਘ ਧਾਲੀਵਾਲ ਇੱਕ ਚੇਤਨ ਕਵੀ ਹੈ।ਬਘੇਲ ਸਿੰਘ ਧਾਲੀਵਾਲ ਦੀ 'ਅਹਿਸਾਸ' ਪਲੇਠੀ ਕਾਵਿ-ਰਚਨਾ ਹੈ।  ਬਘੇਲ ਸਿੰਘ ਧਾਲੀਵਾਲ ਜੀ ਨੂੰ ਅਕਸਰ ਹੀ , ਰੇਡੀਓ, ਅਖਬਾਰਾਂ ਅਤੇ ਫੇਸਬੁੱਕ ਰਾਹੀਂ ਪੜ੍ਹਨ, ਸੁਣਨ ਦਾ ਸਬੱਬ ਬਣਦਾ ਰਿਹਾ ਹੈ।  ਉਸ ਨੇ ਆਪਣੀਆਂ ਨਜ਼ਮਾਂ ਰਾਹੀਂ ਆਪਣੀ ਖ਼ਾਸ ਪਛਾਣ ਬਣਾ ਲਈ ਹੈ। ਬਘੇਲ ਸਿੰਘ ਧਾਲੀਵਾਲ ਇਕ ਸੰਵੇਦਨਸ਼ੀਲ ਸ਼ਖਸ਼ੀਅਤ ਹੈ ਤੇ ਉਸਨੇ ਆਪਣੀ ਸੰਵੇਦਨਾ ਨੂੰ ਕਵਿਤਾ ਰਾਹੀਂ ਬੜੀ ਖੂਬਸੂਰਤੀ ਨਾਲ ਪ੍ਰਗਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਪੁਸਤਕ ਵਿਚ ਉਸਦੀਆ ਕਵਿਤਾਵਾਂ ਸਮਾਜਿਕ ਸਰੋਕਾਰਾਂ,ਸੱਚੀ ਸੱੁਚੀ  ਪਿਆਰ ਮੁਹੱਬਤ,ਮਨੁੱਖੀ ਫਿਤਰਤ, ਲੋਕ ਗੀਤ, ਪਿਆਰ ਤੋਂ ਪਰਮਾਤਮਾ ਤੱਕ ,ਮੈਂ ਸੀ ਘੁੱਗ ਵਸਦਾ ਪੰਜਾਬ ,ਵਿਰਾਸਤ ਮਰਦ ਪ੍ਰਧਾਨ ਸਮਾਜ ਦੀ ,ਕਿਸਾਨ ਦੀ ਅਸਲੀਅਤ ,ਪੰਜਾਬ ਦੀ ਆਵਾਜ਼ ,ਲ਼ੋਕਤੰਤਰ ਪ੍ਰਣਾਲੀ ਅਤੇ ਖਾਲਸਾ ਪੰਥ,ਕੌਮੀ ਪਰਵਾਨੇ ,ਨਦੀਆਂ ਨਹਿਰਾਂ ਅਤੇ ਦਰਿਆਵਾਂ ਦੀਆਂ ਲਹਿਰਾਂ ਦੇ ਵਹਿਣ ਵਿਚ ਰੰਗੀਆਂ ਹੋਈਆਂ ਹਨ।


ਸਾਹਿਤ ਨੂੰ ਸਮਾਜ ਦਾ ਦਰਪਣ ਕਿਹਾ ਜਾਂਦਾ ਹੈ । ਜੋ ਸਮਾਜ ਵਿੱਚ ਵਾਪਰ ਰਿਹਾ ਹੁੰਦਾ ਹੈ ਉਸੇ ਤਰ੍ਹਾਂ ਦੀ ਪੇਸ਼ਕਾਰੀ ਸਾਹਿਤ ਪੇਸ਼ ਕਰਦਾ ਹੈ ਲੇਖਕ ਦਾ ਕੰਮ ਸਮਾਜ ਵਿਚ ਫੈਲੇ ਮਾੜੇ ਵਰਤਾਰਿਆ ਨੂੰ ਉਜਾਗਰ ਕਰਨਾ ਅਤੇ ਉਹਨਾ ਤੇ ਤਿੱਖਾ ਵਿਅੰਗ ਜਾਂ ਤਿੱਖਾ ਰੋਸ ਕਰਨਾ ਵੀ ਹੁੰਦਾ ਹੈ
ਕਵੀ ਕੇਵਲ ਬਾਹਰੀ ਅੱਖਾਂ ਨਾਲ ਹੀ ਨਹੀਂ ਦੇਖਦਾ ਤੇ ਦਿਮਾਗ ਨਾਲ ਹੀ ਨਹੀਂ  ਸੋਚਦਾ ,ਬਲਕਿ ਉਹ ਤਾਂ ਮਨ ਦੀਆਂ ਅੱਖਾਂ ਨਾਲ  ਵੀ ਨੀਝ ਲਾ ਕੇ ਹਰ ਸ਼ੈਅ ਨੂੰ ਵੱਖਰੇ ਨਜ਼ਰੀਏ ਨਾਲ ਦੇਖਦਾ ਹੈ
ਬਘੇਲ ਸਿੰਘ ਧਾਲੀਵਾਲ ਨੂੰ ਆਪਣੇ ਪਿਤਾ ਜੀ ਵੱਲੋਂ ਵਿਰਾਸਤ ਵਿੱਚ  ਇਮਾਨਦਾਰੀ ਦੀ ਗੁਤ੍ਹਤੀ ਮਿਲੀ ਹੈ, ਜਿਹੜੀ ਉਹਨਾਂ ਦੀਆਂ ਲਿਖਤਾਂ ਚੋ ਪ੍ਰਤੱਖ ਝਲਕਦੀ ਹੈ।
ਬਘੇਲ ਸਿੰਘ ਧਾਲੀਵਾਲ ਤਾਂ ਸੱਚੇ  ਪਿਆਰ ਦੀ ਤੁਲਨਾ ਭਗਤੀ ਦੇ ਬਰਾਬਰ  ਕਰਦਾ ਹੈ  ਸਾਰੇ  ਹੀ ਧਰਮ ਪਿਆਰ ਮੁਹੱਬਤ ਦਾ ਸੁਨੇਹਾ ਦਿੰਦੇ ਹਨ।
ਪਿਆਰ ਦਾ ਮਤਲਬ
ਮਹਿਜ ਵਾਸ਼ਨਾ ਨਹੀਂ
ਇਹ ਤਾਂ ਰੁਹਾਨੀਅਤ ਦੇ ਨੇੜੇ
ਜਾਣ  ਦਾ ਔਖਾ ਮਾਰਗ ਹੈ
ਝੱਲੀਏ
ਪਿਆਰ ਸੂਰਤਾਂ ਦਾ ਨਹੀਂ
ਸੀਰਤਾਂ ਦਾ ਹੁੰਦੇ
ਸਰੀਰਾਂ ਦਾ ਨਹੀਂ
ਰੂਹਾਂ ਦਾ ਹੁੰਦੇ
ਇਸ ਰਾਹ ਤੇ ਚੱਲਣ  ਵਾਲੇ ਤਾਂ
ਆਪਣੇ ਪਿਆਰਿਆਂ ਚੋਂ ਵੀ
 ਰੱਬ ਨੂੰ ਪਾ ਲੈਂਦੇ ਨੇ
ਦੇਖੀ ਇਸ  ਪਿਆਰ ਦੇ
ਅਰਥ ਬਿਗਾੜ ਨਾਂ ਦੇਵੀਂ  ਮੇਰੀ ਦੋਸਤ
ਇਹ ਗੁਸਤਾਖੀ ਨਾ ਕਰੀਂ ।
ਝੱਲੀਏ।
ਕਦੇ ਆਪਣੇ ਅੰਦਰਲੀ ਵਾਸ਼ਨਾ ਤੇ ਨਫ਼ਰਤ ਨੂੰ
ਮਾਰ ਕੇ ਤਾਂ ਦੇਖ
ਪਿਆਰ ਤੋਂ ਪਰਮਾਤਮਾ ਤੱਕ
ਮਹਿਸੂਸ ਕਰਕੇ ਤਾਂ ਦੇਖ
ਮੈਂ ਬਘੇਲ ਸਿੰਘ ਧਾਲੀਵਾਲ ਨੂੰ  ਇਸ ਪੁਸਤਕ ਦੀ ਸੰਪੂਰਨਤਾ  ਤੇ ਵਧਾਈ ਦਿੰਦੀ ਹੋਈ ਉਸ ਤੋਂ ਅਜਿਹੀਆਂ ਚੰਗੀਆਂ ਤੇ ਨਿੱਗਰ ਰਚਨਾਵਾਂ ਦੀ ਆਸ ਕਰਦੀ ਹਾਂ ।ਦੁਆ ਕਰਦੀ ਹਾਂ ਉਸ ਦੀ ਕਲਮ ਨਿਰੰਤਰ ਕਾਰਜਸ਼ੀਲ ਰਹੇ ।
ਸ਼ੁੱਭ ਕਾਮਨਾਵਾਂ ਦੇ ਨਾਲ ਕੁਝ ਕਾਵਿ ਸਤਰਾਂ  'ਅਹਿਸਾਸ'  ਚੋਂ ਆਪ ਜੀ ਦੀ ਦੀ ਨਜ਼ਰ ਕਰਦੀ ਹਾਂ
ਮੈਨੂੰ ਹਰ ਪਲ ਰਹਿੰਦਾ ਅਹਿਸਾਸ
ਤੇਰੇ ਨਾਲ ਕੀਤੇ ਇੱਕ ਇੱਕ ਇਕਰਾਰ ਦਾ
ਤਾਹੀਓਂ ਤਾਂ ਇਹ ਲਿਖਤਾਂ ਦੀ ਪੂੰਜੀ
ਤੇਰੇ ਨਾਮ ਕਰ ਦਿੱਤੀ ਮੈਂ


ਅਰਵਿੰਦਰ ਕੌਰ ਸੰਧੂ
ਸਿਰਸਾ ਹਰਿਆਣਾ

23 Feb. 2018