MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕਾਂਗਰਸ ਦੀ ਹੱਲਾਸ਼ੇਰੀ ਦੇ ਬਾਵਜੂਦ ਸ਼ਾਹਜਹਾਂਪੁਰ ਬਾਰਡਰ ਤੇ ਨਹੀਂ ਪਹੁੰਚ ਰਹੇ ਕਿਸਾਨ

ਜੈਪੁਰ 16 ਜਨਵਰੀ (ਮਪ)  ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਰਾਜਸਥਾਨ ’ਚ ਪੈਰ ਨਹੀਂ ਜਮਾ ਪਾ ਰਿਹਾ ਹੈ। ਰਾਜਸਥਾਨ ਦੀ ਕਾਂਗਰਸ ਸਰਕਾਰ ਦੀ ਹੱਲਾਸ਼ੇਰੀ ਦੇ ਬਾਵਜੂਦ ਕਿਸਾਨ ਅੰਦੋਲਨ ਨਾਲ ਨਹੀਂ ਜੁੜ ਰਹੇ ਹਨ। ਰਾਜਸਥਾਨ ਜਾਟ ਮਹਾਸਭਾ ਦੇ ਪ੍ਰਧਾਨ ਰਾਜਾਰਾਮ ਮੀਲ ਪਿਛਲੇ ਕਈ ਦਿਨਾਂ ਤੋਂ ਆਪਣੇ ਸਾਥੀਆਂ ਨਾਲ ਸ਼ਾਹਜਹਾਂਪੁਰ ਬਾਰਡਰ ’ਤੇ ਬੈਠੇ ਹਨ। ਸਰਕਾਰੀ ਹੱਲਾਸ਼ੇਰੀ ਦੇ ਬਾਵਜੂਦ ਗਿਣਤੀ ’ਚ ਲਗਾਤਾਰ ਕਮੀ ਆ ਰਹੀ ਹੈ। ਰਾਜਾਰਾਮ ਮੀਲ ਕਾਂਗਰਸ ਦੇ ਸਾਬਕਾ ਵਿਧਾਇਕ ਗੰਗਾਜਲ ਮੀਲ ਤੇ ਸਰਕਾਰ ਦੇ ਕਰੀਬੀ ਕਾਰੋਬਾਰੀ ਸੁਰਜਾਰਾਮ ਮੀਲ ਦੇ ਵੱਡੇ ਭਰਾ ਹਨ। ਮੀਲ ਪਰਿਵਾਰ ਦੇ ਜਵਾਈ ਅਮਿਤ ਢਾਕਾ ਮੁੱਖ ਮੰਤਰੀ ਸਕੱਤਰੇਤ ’ਤ ਤਾਇਨਾਤ ਹਨ। ਪੰਜਾਬ ਕੇਡਰ ਦੇ ਆਈਏਐੱਸ ਅਧਿਕਾਰੀ ਢਾਕਾ ਤਿੰਨ ਸਾਲ ਦੀ ਡੈਪੂਟੇਸ਼ਨ ’ਤੇ ਰਾਜਸਥਾਨ ਆਏ ਹਨ। ਸਰਕਾਰ ’ਚ ਹੋਣ ਵਾਲੇ ਸਿਆਸੀ ਫ਼ੈਸਲਿਆਂ ’ਚ ਢਾਕਾ ਦੀ ਭੂਮਿਕਾ ਮਹੱਤਵਪੂਰਨ ਹੁੰਦੀ ਹੈ। ਰਾਜਾਰਾਮ ਮੀਲ ਵਾਰ-ਵਾਰ ਅਪੀਲ ਕਰ ਕੇ ਲੋਕਾਂ ਨੂੰ ਸ਼ਾਹਜਹਾਂਪੁਰ ਬਾਰਡਰ ’ਤੇ ਪਹੁੰਚਣ ਦ ਅਪੀਲ ਕਰ ਰਹੇ ਹਨ ਪਰ ਕਿਸਾਨ ਨਹੀਂ ਪਹੁੰਚ ਰਹੇ। ਨਾਗੌਰ, ਬੀਕਾਨੇਰ, ਸੀਕਰ ਤੇ ਭਰਤਪੁਰ ਜ਼ਿਲ੍ਹਿਆਂ ’ਚ ਵੀ ਕਿਸਾਨ ਅੰਦੋਲਨ ਦਾ ਅਸਰ ਨਹੀਂ ਦਿਖ ਰਿਹਾ। ਪੰਜਾਬ ਤੇ ਹਰਿਆਣਾ ਨਾਲ ਲੱਗਦੇ ਸ਼੍ਰੀਗੰਗਾਨਗਰ ਤੇ ਹਨੂਮਾਨਗੜ੍ਹ ਜ਼ਿਲ੍ਹਿਆਂ ਤੋਂ ਕੁਝ ਕਿਸਾਨ ਸ਼ਾਹਜਹਾਂਪੁਰ ਬਾਰਡਰ ਪਹੁੰਚ ਰਹੇ ਸਨ ਪਰ ਹੁਣ ਉਹ ਪਰਤਣ ਲੱਗੇ ਹਨ। ਮਾਕਪਾ ਕਿਸਾਨ ਅੰਦੋਲਨ ਨੂੰ ਹਵਾ ਦੇਣ ’ਚ ਲੱਗੀ ਹੈ। ਹਾਲਾਂਕਿ ਮਾਕਪਾ ਦੇ ਪ੍ਰਭਾਵ ਵਾਲੇ ਸੀਕਰ ਜ਼ਿਲ੍ਹੇ ਦੇ ਕਿਸਾਨ ਵੀ ਅੰਦੋਲਨ ਨਾਲ ਨਹੀਂ ਜੁੜ ਰਹੇ ਹਨ। ਅੰਦੋਲਨ ’ਚ ਕਿਸਾਨਾਂ ਦੇ ਨਾ ਪਹੁੰਚਣ ਤੋਂ ਚਿੰਤਤ ਨੇਤਾ ਹੁਣ ਹਮਾਇਤ ਹਾਸਲ ਕਰਨ ਲਈ ਜ਼ਿਲ੍ਹਿਆਂ ਜ਼ਿਲ੍ਹਿਆਂ ’ਚ ਜਾ ਰਹੇ ਹਨ। ਕਿਸਾਨ ਨੇਤਾ ਰਾਕੇਸ਼ ਟਿਕੈਤ ਪਿਛਲੇ ਹਫਤੇ ਅਲਵਰ ਆ ਕੇ ਗਏ ਤੇ ਹੁਣ ਮਾਕਪਾ ਨੇਤਾ ਅਮਰਾਰਾਮ ਦੀ ਪਹਿਲ ’ਤੇ ਉਹ 23 ਫਰਵਰੀ ਨੂੰ ਸੀਕਰ ਪਹੁੰਚਣਗੇ। ਮਾਕਪਾ ਦੇ ਸਾਬਕਾ ਵਿਧਾਇਕ ਅਮਰਾਰਾਮ ਤੇ ਪੇਮਾਰਾਮ ਸੂਬੇ ਦੇ ਸ਼ੇਖਾਵਾਟੀ ਇਲਾਕਿਆਂ ’ਚ ਘੁੰਮ ਕੇ ਕਿਸਾਨਾਂ ਨੂੰ ਸ਼ਾਹਜਹਾਂਪੁਰ ਬਾਰਡਰ ’ਤੇ ਪਹੁੰਚਣ ਦੀ ਅਪੀਲ ਕਰਨ ’ਚ ਜੁਟੇ ਹਨ।