MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੰਜਾਬ ਕਾਂਗਰਸ ਨੁੰ ਇਕੱਠੇ ਰੱਖਣਾ ਵੱਡੀ ਚੁਣੌਤੀ  - ਗੁਰਦੀਸ਼ ਪਾਲ ਕੌਰ ਬਾਜਵਾ

ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਇਸ ਸਮੇਂ ਸਭ ਤੋਂ ਵੱਧ ਚਰਚਾ ਵਿੱਚ ਹੈ। ਇਸ ਸਮੇਂ ਪੰਜਾਬ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਜਾ ਚੁੱਕੀ ਹੈ। ਕਾਂਗਰਸ ਹਾਈਕਮਾਨ ਨੇ ਬੀਤੇ ਦਿਨ ਪੰਜਾਬ ਕਾਂਗਰਸ ਦੀ ਕਮਾਨ ਨਵਜੋਤ ਸਿੰਘ ਸਿੱਧੂ ਦੇ ਹੱਥ ਫੜਾ ਦਿੱਤੀ ਸੀ, ਉਸ ਨੂੰ ਆਸ ਸੀ ਕਿ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਇਸ ਨਾਲ ਕਾਫੀ ਹੱਦ ਤੱਕ ਖਤਮ ਹੋ ਜਾਵੇਗਾ ਪਰ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਜਲਦੀ ਹਾਰ ਮੰਨਣ ਵਾਲੇ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਨਾ ਬਣਾਏ ਜਾਣ ਲਈ ਬਹੁਤ ਹੱਥ ਪੈਰ ਮਾਰੇ ਪਰ ਉਨ੍ਹਾਂ ਇਸ ਵਿੱਚ ਤਾਂ ਨਾਕਮਾਯਾਬ ਹੋਏ ਪਰ ਉਹ ਕਾਂਗਰਸ ਨੂੰ ਲਗਭਗ ਦੋਫਾੜ ਕਰਨ ਵਿੱਚ ਕਾਮਯਾਬ ਹੋ ਗਏ ਲਗਦੇ ਹਨ। ਇਸ ਸਮੇਂ ਕੁਝ ਵਿਧਾਇਕ ਅਤੇ ਮੰਤਰੀ ਪਾਲਾ ਬਦਲ ਕੇ ਨਵਜੋਤ ਸਿੰਘ ਸਿੱਧੂ ਧੜੇ ਵਿੱਚ ਜਾ ਸ਼ਾਮਲ ਹੋਏ ਹਨ ਪਰ ਕੁਝ ਇਕ ਮੰਤਰੀ ਅਤੇ ਵਿਧਾਇਕ ਇਹੋ ਜਿਹੇ ਹਨ ਜਿਹੜੇ ਮੁੱਖ ਮੰਤਰੀ ਦੇ ਖਾਸਮ-ਖਾਸ ਹਨ ਅਤੇ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਚਟਾਨ ਵਾਂਗ ਖੜ੍ਹੇ ਹਨ। ਉਨ੍ਹਾ ਨੇ ਨਾ ਤਾਂ ਨਵਜੋਤ ਸਿੰਘ ਸਿੱਧੂ ਨੂੰ ਵਧਾਈ ਹੀ ਦਿੱਤੀ ਹੈ ਅਤੇ ਨਾ ਹੀ ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਮਿਲਣਾ ਹੀ ਮੁਨਾਸਿਬ ਸਮਝਿਆ ਹੈ। ਬੀਤੇ ਦਿਨ ਨਵਜੋਤ ਸਿੰਘ ਸਿੱਧੂ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਉਨ੍ਹਾਂ ਦੀ ਸਮਾਧ ਤੇ ਪਹੁੰਚ ਕੇ ਨਤ-ਮਸਤਕ ਹੋ ਕੇ ਅੰਮ੍ਰਿਤਸਰ ਨੂੰ ਚਾਲੇ ਪਾਏ ਉਨ੍ਹਾਂ ਦਾ ਰਸਤੇ ਵਿੱਚ ਵੱਖ ਵੱਖ ਵਿਧਾਇਕਾਂ ਅਤੇ ਮੰਤਰੀਆਂ ਨੇ ਉਨ੍ਹਾਂ ਦਾ ਜ਼ੋਰਦਾਰ ਸਵਾਗਤ ਕੀਤਾ। ਦੋਆਬੇ ਵਿੱਚ ਜਲੰਧਰ ਦੇ ਵਿਧਾਇਕਾਂ ਨੇ ਵਿਚੋਂ ਸਿਰਫ ਪਰਗਟ ਸਿੰਘ ਅਤੇ ਬਾਵਾ ਹੈਨਰੀ ਨੇ ਹੀ ਉਨ੍ਹਾਂ ਦਾ ਸਵਾਗਤ ਕੀਤਾ ਜਦਕਿ ਬਾਕੀ ਵਿਧਾਇਕ ਅਤੇ ਹੋਰ ਨੇਤਾ ਇਸ ਸਮੇਂ 'ਵੇਟ ਐਂਡ ਵਾਚ' ਵਾਲੀ ਸਥਿਤੀ ਵਿੱਚ ਹਨ। ਉਹ ਦੇਖ ਰਹੇ ਹਨ ਕਿ 'ਊਠ ਕਿਸ ਕਰਵਟ ਬੈਠਦਾ ਹੈ' ਉਸ ਹਿਸਾਬ ਨਾਲ ਹੀ ਉਹ ਆਪਣੇ ਪੱਤੇ ਖੋਲਣਗੇ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਵੀ ਮਾਝੇ ਦੇ ਵਿਧਾਇਕਾਂ ਨੇ ਸਿੱਧੂ ਦੇ ਸਵਾਗਤ ਸਮਾਰੋਹ ਤੋਂ ਦੂਰ ਹੀ ਰਹਿਣ ਦਾ ਫੈਸਲਾ ਕਰਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਕਾਂਗਰਸ ਵਿੱਚ ਅਜੇ ਵੀ ਬਹੁਤ ਵੱਡਾ ਕਲੇਸ਼ ਹੈ ਜਿਸ ਨੂੰ ਖਤਮ ਕਰਨਾ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਈ ਸਭ ਤੋਂ ਵੱਡੀ ਸਿਰਦਰਦੀ ਹੈ। ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਨੇ ਬਿਆਨ ਜਾਰੀ ਕੀਤਾ ਹੈ ਕਿ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵਜੋਂ ਹਰ ਪੁਰਾਣੇ ਅਤੇ ਨਵੇਂ ਕਾਂਗਰਸੀ ਨੂੰ ਨਾਲ ਲੈ ਕੇ ਚਲਣਗੇ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੇ ਖਾਸਮ-ਖਾਸ ਮੰਤਰੀ ਬ੍ਰਹਮ ਮਹਿੰਦਰਾ ਨੇ ਇਹ ਬਿਆਨ ਜਾਰੀ ਕੀਤਾ ਹੈ ਕਿ ਜਦੋਂ ਤੱਕ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਨਾਲ ਆਪਣੇ ਕਲੇਸ਼ ਨੂੰ ਖਤਮ ਨਹੀਂ ਕਰ ਲੈਂਦੇ ਭਾਵ ਕੈਪਟਨ ਤੋਂ ਜਨਤਕ ਤੌਰ ਤੇ ਮਾਫੀ ਨਹੀਂ ਮੰਗ ਲੈਂਦੇ ਉਦੋਂ ਤੱਕ ਉਹ ਨਵਜੋਤ ਸਿੰਘ ਸਿੱਧੂ ਨਾਲ ਕੋਈ ਮੁਲਾਕਾਤ ਨਹੀਂ ਕਰਨਗੇ। ਭਾਂਵੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਨਵੇਂ ਬਣੇ ਕਪਤਾਨ ਨਵਜੋਤ ਸਿੰਘ ਸਿੱਧੂ ਤੋਂ ਬਾਜ਼ੀ ਲਗਭਗ ਹਾਰ ਗਏ ਹਨ ਪਰ ਸਾਬਕਾ ਫੌਜੀ ਹੋਣ ਦੇ ਨਾਤੇ ਉਹ ਹਾਰ ਮੰਨਣ ਵਾਲੇ ਨਹੀਂ। ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਦਾ ਪ੍ਰਧਾਨ ਐਲਾਨ ਕੇ ਸ਼ਾਂਤ ਹੋ ਕੇ ਬੈਠ ਗਈ ਹੈ ਪਰ ਪੰਜਾਬ ਕਾਂਗਰਸ ਦੀ ਅੰਦਰੂਨੀ ਖਾਨਜੰਗੀ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੀ ਸਿਆਸਤ ਵਿੱਚ ਵੱਡੇ ਬਦਲਾਅ ਲਿਆ ਸਕਦੀ ਹੈ।