MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਬਾਲਾਸੋਰ 'ਚ 3 ਟਰੇਨਾਂ ਦੀ ਟੱਕਰ 'ਚ ਹੁਣ ਤੱਕ 288 ਲੋਕਾਂ ਦੀ ਮੌਤ, 900 ਤੋਂ ਜ਼ਿਆਦਾ ਜ਼ਖਮੀ

ਬਾਲਾਸੋਰ 03 ਜੂਨ 2023 (ਮਪ) ਓਡੀਸ਼ਾ 'ਚ ਵਾਪਰਿਆ ਇਹ ਰੇਲ ਹਾਦਸਾ ਰੇਲ ਇਤਿਹਾਸ ਦੇ ਸਭ ਤੋਂ ਭਿਆਨਕ ਹਾਦਸਿਆਂ 'ਚੋਂ ਇਕ ਹੈ। ਓਡੀਸ਼ਾ ਦੇ ਬਾਲਾਸੋਰ ਜ਼ਿਲ੍ਹੇ 'ਚ ਸ਼ੁੱਕਰਵਾਰ ਸ਼ਾਮ ਨੂੰ ਕੋਰੋਮੰਡਲ ਐਕਸਪ੍ਰੈੱਸ ਅਤੇ ਬੈਂਗਲੁਰੂ-ਹਾਵੜਾ ਐਕਸਪ੍ਰੈੱਸ ਰੇਲ ਦੇ ਪਟੜੀ ਤੋਂ ਉਤਰ ਜਾਣ ਅਤੇ ਇਕ ਮਾਲਗੱਡੀ ਨਾਲ ਟਕਰਾਉਣ ਮਗਰੋਂ ਰੇਲ ਹਾਦਸਾ ਵਾਪਰ ਗਿਆ। ਇਸ ਰੇਲ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 288 ਹੋ ਗਈ ਹੈ। ਦੱਖਣੀ-ਪੂਰਬੀ ਰੇਲਵੇ ਦੇ ਇਕ ਬੁਲਾਰੇ ਆਦਿਤਿਆ ਚੌਧਰੀ ਨੇ ਕਿਹਾ ਕਿ ਸ਼ੁੱਕਰਵਾਰ ਨੂੰ ਵਾਪਰੇ ਇਸ ਰੇਲ ਹਾਦਸੇ 'ਚ ਮ੍ਰਿਤਕਾਂ ਦੀ ਗਿਣਤੀ ਵੱਧ ਕੇ 288 ਹੋ ਗਈ ਹੈ ਅਤੇ ਹੋਰ 650 ਜ਼ਖ਼ਮੀਆਂ ਦਾ ਓਡੀਸ਼ਾ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਜਾਰੀ ਹੈ। ਦੱਸਣਯੋਗ ਹੈ ਕਿ ਕੋਲਕਾਤਾ ਤੋਂ ਕਰੀਬ 250 ਕਿਲੋਮੀਟਰ ਦੱਖਣ ਵਿਚ ਬਾਲਾਸੋਰ ਜ਼ਿਲ੍ਹੇ ਦੇ ਬਾਹਾਨਗਾ ਬਾਜ਼ਾਰ ਸਟੇਸ਼ਨ ਨੇੜੇ ਸ਼ੁੱਕਰਵਾਰ ਸ਼ਾਮ ਕਰੀਬ 7 ਵਜੇ ਇਹ ਹਾਦਸਾ ਵਾਪਰਿਆ। ਹਾਵੜਾ ਜਾ ਰਹੀ 12864 ਬੈਂਗਲੁਰੂ-ਹਾਵੜਾ ਸੁਪਰਫਾਸਟ ਐਕਸਪ੍ਰੈੱਸ ਦੇ ਕਈ ਡੱਬੇ ਬਾਹਾਨਗਾ ਬਜ਼ਾਰ ਵਿਚ ਪਟੜੀ ਤੋਂ ਉਤਰ ਗਏ ਅਤੇ ਦੂਜੀ ਪਟੜੀ 'ਤੇ ਜਾ ਡਿੱਗੇ। ਪਟੜੀ ਤੋਂ ਉਤਰੇ ਇਹ ਡੱਬੇ 12841 ਸ਼ਾਲੀਮਾਰ-ਚੇਨਈ ਕੋਰੋਮੰਡਲ ਐਕਸਪ੍ਰੈੱਸ ਨਾਲ ਟਕਰਾ ਗਏ ਅਤੇ ਇਸ ਦੇ ਡੱਬੇ ਵੀ ਪਲਟ ਗਏ। ਡੱਬੇ ਪਟੜੀ ਤੋਂ ਉਤਰਨ ਮਗਰੋਂ ਇਕ ਮਾਲ ਗੱਡੀ ਨਾਲ ਟਕਰਾ ਗਏ, ਜਿਸ ਕਾਰਨ ਮਾਲ ਗੱਡੀ ਵੀ ਹਾਦਸੇ ਦੀ ਲਪੇਟ ਵਿਚ ਆ ਗਈ। ਇਹ ਹਾਦਸਾ ਭਾਰਤੀ ਰੇਲ ਇਤਿਹਾਸ ਦੇ ਸਭ ਤੋਂ ਭਿਆਨਕ ਹਾਦਸਿਆਂ 'ਚ ਸ਼ਾਮਲ ਹੈ। ਰੇਲ ਮੰਤਰਾਲਾ ਨੇ ਇਸ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਭਾਰਤੀ ਰੇਲਵੇ ਨੇ ਇਕ ਬਿਆਨ ਵਿਚ ਦੱਸਿਆ ਕਿ ਇਸ ਰੇਲ ਹਾਦਸੇ ਦੀ ਜਾਂਚ ਦੱਖਣੀ-ਪੂਰਬੀ ਡਵੀਜਨ ਦੇ ਰੇਲਵੇ ਸੁਰੱਖਿਆ ਕਮਿਸ਼ਨਰ ਏ. ਐੱਮ. ਚੌਧਰੀ ਕਰਨਗੇ। ਰੇਲ ਮੰਤਰੀ ਅਸ਼ਵਨੀ ਵੈਸ਼ਣਵ ਨੇ ਅੱਜ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਕਿਹਾ ਸੀ ਕਿ ਬਚਾਅ ਅਤੇ ਰਾਹਤ ਕੰਮ 'ਤੇ ਸਾਡਾ ਪੂਰਾ ਧਿਆਨ ਹੈ।