MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਜਦੋਂ-ਜਦੋਂ ਫ਼ੌਜਾਂ ਕਮਜ਼ੋਰ ਹੋਈਆਂ, ਉਦੋਂ-ਉਦੋਂ ਹਮਲਾਵਰਾਂ ਨੇ ਭਾਰਤ ਨੂੰ ਨੁਕਸਾਨ ਪਹੁੰਚਾਇਆ - ਰਾਜਨਾਥ

ਨਵੀਂ ਦਿੱਲੀ 3 ਜੂਨ (ਮਪ) ਭਾਰਤ ਦਾ ਇਤਿਹਾਸ ਇਸ ਗੱਲ ਦੀ ਉਦਾਹਰਣ ਹੈ ਕਿ ਜਦੋਂ-ਜਦੋਂ ਭਾਰਤ ’ਚ ਫ਼ੌਜਾਂ ਕਮਜ਼ੋਰ ਹੋਈਆਂ ਹਨ, ਉਦੋਂ-ਉਦੋਂ ਹਮਲਾਵਰਾਂ ਨੇ ਭਾਰਤ ਨੂੰ ਨੁਕਸਾਨ ਪਹੁੰਚਾਇਆ ਹੈ। ਫ਼ੌਜ ਕਿਸੇ ਵੀ ਰਾਸ਼ਟਰ ਦੀ ਸਿਰਫ ਸਰਹੱਦਾਂ ਦੀ ਸੁਰੱਖਿਆ ਨਹੀਂ ਕਰਦੀ, ਸਗੋਂ ਉਹ ਉਸ ਦੇਸ਼ ਦੀ ਸੰਸਕ੍ਰਿਤਕ, ਆਰਥਿਕ ਅਤੇ ਇਕ ਤਰ੍ਹਾਂ ਨਾਲ ਉਸ ਦੇਸ਼ ਦੀ ਪੂਰੀ ਸੱਭਿਅਤਾ ਦੀ ਸੁਰੱਖਿਆ ਕਰਦੀ ਹੈ। ਸ਼ੁੱਕਰਵਾਰ ਨੂੰ ਇੱਥੇ ਆਯੋਜਿਤ ਇਕ ਸਮਾਰੋਹ ਦੌਰਾਨ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਹ ਗੱਲਾਂ ਕੀਤੀਆਂ। ਉਨ੍ਹਾਂ ਕਿਹਾ ਕਿ ਇਸ ਲਈ ਇਕ ਸਰਕਾਰ ਦੇ ਰੂਪ ’ਚ ਅਸੀਂ ਇਹ ਯਕੀਨੀ ਕੀਤਾ ਹੈ ਕਿ ਸਾਡੀਆਂ ਫ਼ੌਜਾਂ ਸਸ਼ਕਤ ਹੋਣ, ਉਨ੍ਹਾਂ ਕੋਲ ਅਤਿ-ਆਧੁਨਿਕ ਹਥਿਆਰ ਹੋਣ ਅਤੇ ਉਨ੍ਹਾਂ ’ਚ ਯੁਵਾ ਸ਼ਕਤੀ ਬਣੀ ਰਹੇ। ਅਸੀਂ ਹਰ ਉਹ ਕਦਮ ਉਠਾਇਆ ਹੈ, ਜਿਸ ਨਾਲ ਭਾਰਤ ਦੀ ਫੌਜੀ ਤਾਕਤ ਵਧੇ ਅਤੇ ਅਸੀਂ ਵਾਪਸ ਭਾਰਤ ਨੂੰ ਇਕ ਸੁਪਰ ਪਾਵਰ ਬਣਾ ਸਕੀਏ। ਰੱਖਿਆ ਮੰਤਰੀ ਨੇ ਹਾਲੀਵੁੱਡ ਦੀ ਸਫਲ ਫਿਲਮ ‘ਸਪਾਈਡਰਮੈਨ’ ਦੇ ਪ੍ਰਸਿੱਧ ਸੰਵਾਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ‘ਤਾਕਤ ਦੇ ਨਾਲ ਜ਼ਿੰਮੇਵਾਰੀ ਵੀ ਵਧਦੀ’ ਹੈ ਅਤੇ ਭਾਰਤ ਦੇ ਕੌਮਾਂਤਰੀ ਪੱਧਰ ’ਤੇ ਵਧਦੇ ਕੱਦ ਦੇ ਨਾਲ-ਨਾਲ ਉਸਦੀ ਜ਼ਿੰਮੇਵਾਰੀ ਵੀ ਵਧੇਗੀ। ਰਾਜਨਾਥ ਨੇ ਕਿਹਾ ਕਿ ਜਦੋਂ ਭਾਰਤ ਇਕ ਮਹਾਂਸ਼ਕਤੀ ਦੇ ਰੂਪ ’ਚ ਉਭਰੇਗਾ ਤਾਂ ਉਸ ਨੂੰ ਇਹ ਯਕੀਨੀ ਕਰਨਾ ਹੋਵੇਗਾ ਕਿ ਲੋਕਤੰਤਰ, ਧਾਰਮਿਕ ਸੁਤੰਤਰਤਾ, ਮਨੁੱਖਾਂ ਦੀ ਗਰਿਮਾ ਅਤੇ ਸੰਸਾਰਿਕ ਸ਼ਾਂਤੀ ਵਰਗੀਆਂ ਵਿਸ਼ਵਵਿਆਪੀ ਕਦਰਾਂ-ਕੀਮਤਾਂ ਦੁਨੀਆ ’ਚ ਸਾਰੀਆਂ ਥਾਵਾਂ ’ਤੇ ਸਥਾਪਿਤ ਹੋਣ।