
ਪੁਲਿਸ ਅਤੇ ਅਪਰਾਧੀਆਂ ਦੇ ਗਠਜੋੜ ਦੇ ਖਿਲਾਫ਼ ਸੰਯੁਕਤ ਸਮਾਜ ਸੁਧਾਰ ਸੰਸਥਾ ਵੱਲੋਂ ਪੁਤਲਾ-ਫ਼ੂਕ ਪ੍ਰਦਰਸ਼ਨਾਂ ਦਾ ਹੋਵੇਗਾ ਆਰੰਭ

ਸ਼੍ਰੀ ਮੁਕਤਸਰ ਸਾਹਿਬ/ਮੰਡੀ ਬਰੀਵਾਲਾ, 26 ਅਕਤੂਬਰ (ਸੁਰਿੰਦਰ ਸਿੰਘ ਚੱਠਾ)-ਬੀਤੇ ਦੋ ਹਫ਼ਤਿਆਂ ਤੋਂ ਸਬ-ਡਿਵੀਜ਼ਨ ਸ਼੍ਰੀ ਮੁਕਤਸਰ ਸਾਹਿਬ 'ਚ ਲਗ਼ਾਤਾਰ ਵੱਧ ਰਹੇ ਅਪਰਾਧਾਂ ਅਤੇ ਅਪਰਾਧੀਆਂ ਦੀ ਹੌਂਸਲਾ ਅਫ਼ਜਾਈ ਵਾਸਤੇ ਸਥਾਨਕ ਪੁਲਿਸ ਵੱਲੋਂ ਅਪਣਾਏ ਨਵੇਂ ਪੈਟਰਨ ਦੇ ਖਿਲਾਫ਼ ਸਮਾਜ ਅੰਦਰ ਲਹਿਰ ਖੜ੍ਹੀ ਹੋਣ ਲੱਗੀ ਹੈ। ਅਕਤੂਬਰ ਮਹੀਨੇਂ ਦੇ ਅਰੰਭ 'ਚ ਸੰਯੁਕਤ ਸਮਾਜ ਸੁਧਾਰ ਸੰਸਥਾ (ਰਜਿ) ਪੰਜਾਬ ਵੱਲੋਂ ਚਿੱਟਾ ਅਤੇ ਚਿੱਟੇ ਦੇ ਸਮੱਰਥਕਾਂ ਖਿਲਾਫ਼ ਮੁਹਿੰਮ ਦਾ ਆਗਾਜ਼ ਕੀਤਾ ਗਿਆ ਸੀ। ਸੰਸਥਾ ਨੇਂ ਨਸ਼ਾ ਤੱਸਕਰਾਂ ਦੀ ਜ਼ਮਾਨਤ ਮੰਨਜ਼ੂਰ ਹੋਣ ਉਪਰੰਤ ਐੱਮ.ਸੀ. ਜਾਂ ਨੰਬਰਦਾਰ ਵੱਲੋਂ ਕੀਤੀ ਜਾਂਦੀ ਸ਼ਨਾਖ਼ਤ ਦਾ ਵਿਰੋਧ ਕਰਦਿਆਂ ਅਪੀਲ ਕੀਤੀ ਸੀ ਕਿ ਚਿੱਟੇ ਅਤੇ ਹੋਰਨਾਂ ਤੱਸਕਰਾਂ ਦੀ ਸ਼ਨਾਖ਼ਤ ਤਸਦੀਕ ਨਾ ਕੀਤੀ ਜਾਵੇ। ਜਿਸ ਦੇ ਨਤੀਜੇ ਵਜੋਂ ਚਿੱਟੇ ਦਾ ਨੈੱਟਵਰਕ ਟੁੱਟਿਆ। ਪੁਲਿਸ ਦੀਆਂ ਕੁਝ ਇੱਕਾ-ਦੁੱਕਾ ਕਾਲੀਆਂ ਭੇਡਾਂ 'ਤੇ ਬੋਲਦਿਆਂ ਸੰਯੁਕਤ ਸਮਾਜ ਸੁਧਾਰ ਸੰਸਥਾ (ਰਜਿ) ਦੇ ਪੰਜਾਬ ਪ੍ਰਧਾਨ ਪਰਮਿੰਦਰ ਪਾਸ਼ਾ ਅਤੇ ਮੁੱਖ ਪ੍ਰਬੰਧਕ ਪਿਆਰਾ ਸਿੰਘ ਨੇਂ ਦੱਸਿਆ ਕਿ ਤੱਸਕਰਾਂ ਤੋਂ ਹੁੰਦੀ ਕਾਲੀ ਕਮਾਈ ਘੱਟਣ ਕਰਕੇ ਕੁਝ ਭ੍ਰਿਸ਼ਟਾਚਾਰੀ ਪ੍ਰੇਸ਼ਾਨ ਹਨ। ਜਿਸ ਕਾਲੀ ਕਮਾਈ ਦਾ ਘਾਟਾ ਪੂਰਨ ਵਾਸਤੇ ਹੁਣ ਪੁਲਿਸ ਨੇਂ ਨਵਾਂ ਢੰਗ ਅਪਣਾਉਂਦਿਆਂ ਚੋਰ-ਲੁਟੇਰਿਆਂ ਅਤੇ ਗੁੰਡਾਗਰਦੀ ਕਰਨ ਵਾਲਿਆਂ ਦੀ ਪਿੱਠ ਥਾਪੜਨੀ ਸ਼ੁਰੂ ਕੀਤੀ ਹੈ। ਜਿਸ ਦੇ ਨਤੀਜੇ ਵਜੋਂ ਹੁਣ ਲਗਾਤਾਰ ਵਾਪਰ ਰਹੀਆਂ ਲੁੱਟਾਂ-ਖੋਹਾਂ ਅਤੇ ਗੁੰਡਾਗ਼ਰਦੀ ਤੋਂ ਪੀੜ੍ਹਤ ਆਮ ਲੋਕ ਅਪਰਾਧੀਆਂ ਦੇ ਖਿਲਾਫ਼ ਜੁਬਾਨ ਨਹੀਂ ਖੋਲ੍ਹਦੇ। ਉਹਨਾਂ ਦੱਸਿਆ ਕਿ ਅਪਰਾਧ ਪੀੜ੍ਹਤ ਲੋਕਾਂ ਨੂੰ ਪੁਲਿਸ ਡਰਾਵਾ ਦਿੰਦੀ ਹੈ ਕਿ ਅਪਰਾਧੀ ਅਨਸਰ, ਐੱਸ.ਸੀ. ਸ਼੍ਰੇਣੀਂ ਨਾਲ ਸਬੰਧਤ ਹਨ। ਜੇਕਰ ਅਪਰਾਧੀਆਂ ਖਿਲਾਫ਼ ਸ਼ਿਕਾਇਤ ਜਾਂ ਪਰਚਾ ਦਰਜ ਕਰਵਾਇਆ ਤਾਂ ਇਹ ਅਪਰਾਧੀ ਵੀ ਪੀੜ੍ਹਤਾਂ ਦੇ ਖਿਲਾਫ਼ ਐਸ.ਸੀ./ਐਸ.ਟੀ. ਐਕਟ ਅਧੀਂਨ ਜਾਤੀ ਸੂਚਕ ਸ਼ਬਦ ਬੋਲਣ ਦਾ ਪਰਚਾ ਦਰਜ ਕਰਵਾ ਦੇਣਗੇ। ਸ਼੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ ਹੁਣ ਐਸ.ਸੀ./ਐਸ.ਟੀ. ਐਕਟ ਦੀ ਆੜ 'ਚ ਅਪਰਾਧੀਆਂ ਨੂੰ ਬਚਾਉਣ ਦੇ ਵਿੱਢੇ ਰੁਝਾਨ ਦੀਆਂ ਉਦਾਹਰਨਾਂ ਦਿੰਦਿਆਂ ਪੰਜਾਬ ਪ੍ਰਧਾਨ ਪਰਮਿੰਦਰ ਪਾਸ਼ਾ ਨੇਂ ਦੱਸਿਆ ਕਿ ਉਹਨਾਂ ਨੂੰ ਅਬੋਹਰ ਰੋਡ 'ਤੇ ਮਿਲੀ ਇੱਕ ਬਜ਼ੁਰਗ ਔਰਤ ਨੇਂ ਦੱਸਿਆ ਕਿ ਉਸ ਦੀ ਕੰਨ ਵਿੱਚੋਂ ਵਾਲੀ ਖਿੱਚ ਕੇ ਭੱਜਣ ਵਾਲੇ ਵਿਅਕਤੀ ਦੀ ਸੀਸੀਟੀਵੀ ਤਸਵੀਰ ਜਦੋਂ ਪੁਲਿਸ ਨੂੰ ਦਿਖਾਈ ਤਾਂ ਜਵੲਬ ਮਿਲਿਆ ਕਿ ਇਹ ਬੰਦਾ ਤਾਂ ਸ਼ਡਿਊਲ ਕਾਸਟ ਨਾਲ ਸਬੰਧਤ ਹੈ ਜੇਕਰ ਤੁਸੀ ਲੁੱਟ-ਖੋਹ ਦਾ ਪਰਚਾ ਦਰਜ ਕਰਵਾਇਆ ਤਾਂ ਉਹ (ਅਪਰਾਧੀ) ਵੀ ਤੁਹਾਡੇ ਖਿਲਾਫ਼ ਜਾਤੀ ਸੂਚਕ ਸ਼ਬਦਾਂ ਦਾ ਪਰਚਾ ਦਰਜ ਕਰਵਾ ਸਕਦਾ ਹੈ। ਪੁਲਿਸ ਦੇ ਇਸ ਬਿਆਨ ਨਾਲ ਬਜੁਰਗ ਨੇਂ ਆਖਿਆ ਕਿ ਉਹ ਡਰ ਗਈ ਅਤੇ ਹੁਣ ਚੁੱਪ ਹੈ ਕਿ ਕਿੱਧਰੇ ਕੰਨ ਦੀ ਵਾਲੀ ਲੱਭਦੇ ਹੋਏ ਹੋਰ ਪਰਚਾ ਨਾ ਕਰਵਾ ਲਈਏ। ਅਜਿਹੇ ਦੂਜੇ ਮਾਮਲੇ ਬਾਰੇ ਸੰਸਥਾ ਦੇ ਮੀਡੀਆ ਸਲਾਹਕਾਰ ਪੰਜਾਬ, ਅੰਮ੍ਰਿਤ ਪਾਲ ਨੇਂ ਦੱਸਿਆ ਕਿ ਉਹਨਾਂ ਦੇ ਖੁਦ ਦੇ ਘਰ ਦੇ ਮੇਨ ਗੇਟ ਰਾਹੀਂ ਘਰ 'ਚ ਵੜ ਕੇ 8-9 ਹਮਲਾਵਰਾਂ ਨੇਂ ਉਸ ਦੇ ਭਰਾ ਦੀ ਕੁੱਟਮਾਰ ਅਤੇ ਬਚਾਅ ਕਰਨ ਆਏ ਬਜ਼ੁਰਗ ਪਿਤਾ ਨਾਲ ਧੱਕਾ ਮੁੱਕੀ ਕਰਦਿਆਂ, ਮੇਨ ਗੇਟ ਤੋਂ ਅੰਦਰ ਰੱਜ ਕੇ ਗੁੰਡਾਗਰਦੀ ਕੀਤੀ। ਸਾਰੇ ਵਰਤਾਰੇ ਦੀ ਵੀਡੀਓ ਦਿਖਾ ਕੇ ਇਸ ਕਾਂਡ ਦੀ ਪੁਲਿਸ ਨੂੰ ਕੀਤੀ ਸ਼ਿਕਾਇਤ ਦੇ ਜੁਆਬ 'ਚ ਪੁਲਿਸ ਨੇਂ ਹਮਲਾਵਰ ਧਿਰ ਵੱਲੋਂ ਪੀੜ੍ਹਤ ਧਿਰ ਦੇ ਖਿਲਾਫ਼ ਜਾਤੀ ਸੂਚਕ ਸ਼ਬਦ ਬੋਲਣ ਦੀ ਦਰਖਾਸਤ ਲੈ ਲਈ। ਖੁਦ 'ਤੇ ਜਾਤੀ ਸੂਚਕ ਸ਼ਬਦਾਂ ਦਾ ਝੂਠਾ ਪਰਚਾ ਦਰਜ ਹੋਣ ਦੇ ਡਰੋਂ ਐਸ.ਐਸ.ਪੀ. ਸ਼੍ਰੀ ਮੁਕਤਸਰ ਸਾਹਿਬ ਨੂੰ ਸ਼ਿਕਾਇਤ ਦੇਣ ਉਪਰੰਤ ਉਕਤ ਪਰਿਵਾਰ ਹੁਣ ਚੁੱਪ ਕਰ ਚੁੱਕਿਆ ਹੈ ਅਤੇ ਹਮਲੇ ਦੇ ਦਸ ਦਿਨਾਂ ਬਾਅਦ ਵੀ ਪੁਲਿਸ ਦੀ ਸਰਪ੍ਰਸਤੀ ਕਾਰਨ ਹਮਲਾਵਰ ਬੇਖੌਫ਼ ਘੁੰਮ ਰਹੇ ਹਨ। ਚੋਰ-ਪੁਲਿਸ ਗਠਜੋੜ ਬਿਆਨ ਕਰਦੀਆਂ ਭਿਆਨਕ ਤਸਵੀਰਾਂ ਦੀ ਸੀਸੀਟੀਵੀ ਸਾਹਮਣੇਂ ਆਈ ਜਦੋਂ ਨਵੀਂ ਦਾਣਾ ਮੰਡੀ 'ਚ ਇੱਕ ਖੋਖੇ ਨੂੰ ਪਾੜ ਲਗਾ ਕੇ ਚੋਰੀ ਕਰਦਾ ਵਿਅਕਤੀ ਸੀਸੀਟੀਵੀ 'ਚ ਕੈਦ ਹੋਣ ਉਪਰੰਤ ਪੀੜ੍ਹਤ ਨੇਂ ਇਸ ਸਬੰਧੀ ਪੁਲਿਸ ਨੂੰ ਦੱਸਣਾ ਵੀ ਜਰੂਰੀ ਨਹੀਂ ਸਮਝਿਆ। ਇੱਕ ਹੋਰ ਸੀਸੀਟੀਵੀ ਵੀ ਦਿਖਾ ਰਹੀ ਹੈ ਮਲੋਟ ਰੋਡ 'ਤੇ ਅਰਮਾਨ ਮੋਬਾਈਲ ਦੁਕਾਨ ਤੋਂ ਫ਼ੋਨ ਚੋਰੀ ਕਰਕੇ ਭੱਜੇ ਚੋਰ ਨੇਂ ਕੋਟਕਪੂਰਾ ਚੌਂਕ 'ਚ ਹਰਮਨ ਟੈਲੀਕੌਮ 'ਤੇ ਵੀ ਮੋਬਾਈਲ ਚੋਰੀ ਕੀਤੇ। ਇਹਨਾਂ ਸਾਰੇ ਮਾਮਲਿਆਂ 'ਚ ਪੁਲਿਸ ਦੇ ਹੱਥ ਖਾਲੀ ਹਨ। ਤਿੰਨ ਚੋਰਾਂ ਦੀ ਚਰਚਿਤ ਤ੍ਰੀ-ਮੂਰਤੀ ਜਿਸ ਨੇਂ ਚਾਰ ਦਿਨਾਂ 'ਚ ਲਗਾਤਾਰ ਚਾਰ ਕਾਂਡ ਕੀਤੇ। ਇਨਾ ਚੋਰਾਂ ਨੇ ਸ਼ੁਕਰਵਾਰ ਨੂੰ ਇੱਕ ਸੈਲਰ ਵਿੱਚ ਚੋਰੀ ਦੀ ਵਾਰਦਾਤ ਕੀਤੀ। ਸ਼ਨੀਵਾਰ ਦੀ ਰਾਤ ਸ੍ਰੀ ਦਰਬਾਰ ਸਾਹਿਬ ਦੇ ਇੱਕ ਮੁਲਾਜ਼ਮ ਦੇ ਨਿਰਮਾਣ ਅਧੀਂਨ ਘਰ 'ਚੋਂ ਮੋਟਰਾਂ ਚੋਰੀ ਕਰ ਲਈਆਂ। ਐਤਵਾਰ ਦੁਪਿਹਰ ਸਮੇਂ ਇਹ ਚੋਰ ਗੁਰਦੁਆਰਾ ਸਾਹਿਬ ਵਿੱਚ ਕਾਬੂ ਆ ਗਏ। ਪੁਲਿਸ ਨੇਂ ਸ਼੍ਰੀ ਦਰਬਾਰ ਸਾਹਿਬ ਅੰਦਰੋਂ ਇਹਨਾਂ ਨੂੰ ਫ਼ੜ ਕੇ ਛੱਡ ਦਿੱਤਾ। ਸੋਮਵਾਰ ਨੂੰ ਇਹਨਾਂ ਚੋਰਾਂ ਨੇ ਟਰੱਕਾਂ ਵਾਲੇ ਜੈਕ ਅਤੇ ਰਾੜਾਂ ਦੀ ਚੋਰੀ ਕੀਤੀ ਅਤੇ ਫ਼ੜੇ ਗਏ। ਭੀੜਤੰਤਰ ਨੇ ਇਹਨਾਂ ਦੀ ਕੁੱਟਮਾਰ ਕਰਕੇ ਹੀ ਇਹਨਾਂ ਨੂੰ ਛੱਡ ਦਿੱਤਾ। ਪੁਲਿਸ ਦੀ ਨਵੀਂ ਬਣੀਂ ਛਵੀ ਦੇ ਕਾਰਨ ਲੋਕਾਂ ਨੇ ਇਹ ਚੋਰ ਪੁਲਿਸ ਦੇ ਹਵਾਲੇ ਕਰਨ ਦੀ ਜਰੂਰਤ ਨਹੀਂ ਸਮਝੀ। ਸੰਯੁਕਤ ਸਮਾਜ ਸੁਧਾਰ ਸੰਸਥਾ (ਰਜਿ) ਪੰਜਾਬ ਨੇ ਉਪਰੋਕਤ ਸਾਰੀਆਂ ਘਟਨਾਵਾਂ ਦਾ ਬੀਤੇ ਕਈ ਦਿਨ ਲਗਾਤਾਰ ਨੋਟਿਸ ਲੈਣ ਉਪਰੰਤ ਅੱਜ ਇੱਕ ਹੰਗਾਮੀ ਬੈਠਕ ਦੌਰਾਨ ਐਲਾਨ ਕੀਤਾ ਹੈ ਕਿ ਆਉਂਦੇ ਸੋਮਵਾਰ, 30 ਅਕਤੂਬਰ ਤੋਂ ਲਗਾਤਾਰ ਬੱਸ ਸਟੈਂਡ ਪੁਲਿਸ ਚੌਂਕੀ, ਥਾਣਾ ਸਿਟੀ ਅਤੇ ਡੀਐਸਪੀ ਦਫਤਰ ਵਿਖੇ ਪੁਤਲੇ ਫੂਕਣ ਉਪਰੰਤ ਅਗਲੇ ਹਫਤੇ 6 ਨਵੰਬਰ ਤੋਂ ਐਸ.ਐਸ.ਪੀ. ਦਫਤਰ ਮੂਹਰੇ ਲਗਾਤਾਰ ਪੁਤਲਾ ਫੂਕ ਪ੍ਰਦਰਸ਼ਨ ਦਾ ਦੌਰ ਜਾਰੀ ਰੱਖਿਆ ਜਾਵੇਗਾ ਤਾਂ ਜੋ ਪੁਲਿਸ ਅਤੇ ਅਪਰਾਧੀਆਂ ਦਾ ਗੱਠਜੋੜ ਨੂੰ ਪੀੜ੍ਹਤਾਂ ਅਤੇ ਆਮ ਲੋਕਾਂ ਦੇ ਦਰਦ ਦਾ ਅਹਿਸਾਸ ਹੋਵੇ ਅਤੇ ਪੀੜਤਾਂ ਨੂੰ ਨਿਆ ਮਿਲ ਸਕੇ।