MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪ੍ਰਸਿੱਧ ਵਕੀਲ ਸੀਮਾ ਖੁਸ਼ਵਾਹਾ ਤੇ ਬਸਪਾ ਦੀ ਸੰਸਦ ਮੈਂਬਰ ਸੰਗੀਤਾ ਨੇ ਫੜਿਆ BJP ਦਾ ਪੱਲਾ


ਨਵੀਂ ਦਿੱਲੀ- ਉੱਤਰ ਪ੍ਰਦੇਸ਼ ਦੇ ਲਾਲਗੰਜ ਤੋਂ ਬਹੁਜਨ ਸਮਾਜ ਪਾਰਟੀ (ਬਸਪਾ) ਦੀ ਸੰਸਦ ਮੈਂਬਰ ਸੰਗੀਤਾ ਆਜ਼ਾਦ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਪੱਲਾ ਫੜ ਲਿਆ ਹੈ। ਉਨ੍ਹਾਂ ਨੇ ਭਾਜਪਾ ਹੈੱਡਕੁਆਰਟਰ 'ਚ ਪਾਰਟੀ ਜਨਰਲ ਸਕੱਤਰ ਵਿਨੋਦ ਤਾਵੜੇ ਅਤੇ ਉੱਤਰ ਪ੍ਰਦੇਸ਼ ਦੇ ਉੱਪ ਮੁੱਖ ਮੰਤਰੀ ਬ੍ਰਿਜੇਸ਼ ਪਾਠਕ ਅਤੇ ਪ੍ਰਦੇਸ਼ ਭਾਜਪਾ ਪ੍ਰਧਾਨ ਭੁਪਿੰਦਰ ਚੌਧਰੀ ਦੀ ਮੌਜੂਦਗੀ 'ਚ ਕੇਂਦਰ ਅਤੇ ਸੂਬੇ ਵਿਚ ਸੱਤਾਧਾਰੀ ਪਾਰਟੀ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਆਜ਼ਾਦ ਨਾਲ ਹੀ ਉਨ੍ਹਾਂ ਦੇ ਪਤੀ ਅਰਿਮਰਦਨ ਆਜ਼ਾਦ ਅਤੇ ਪ੍ਰਸਿੱਧ ਵਕੀਲ ਤੇ ਨਿਰਭਯਾ ਕਾਂਡ 'ਚ ਪੀੜਤ ਪੱਖ ਲਈ ਅਦਾਲਤੀ ਲੜਾਈ ਲੜਨ ਵਾਲੀ ਸੀਮਾ ਖੁਸ਼ਵਾਹਾ ਨੇ ਵੀ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਕੁਸ਼ਵਾਹਾ ਸਾਲ 2020 ਵਿਚ ਬਸਪਾ ਵਿਚ ਸ਼ਾਮਲ ਹੋਈ ਸੀ, ਜਦਕਿ ਅਰਿਮਰਦਨ ਲਾਲਗੰਜ ਤੋਂ ਵਿਧਾਇਕ ਰਹਿ ਚੁੱਕੇ ਹਨ। ਸੰਗੀਤਾ ਨੇ ਸਾਲ 2019 ਵਿਚ ਲਾਲਗੰਜ ਤੋਂ ਭਾਜਪਾ ਦੀ ਉਸ ਵੇਲੇ ਦੀ ਸੰਸਦ ਮੈਂਬਰ ਨੀਲਮ ਸੋਨਕਰ ਨੂੰ 1.61 ਲੱਖ ਤੋਂ ਵੱਧ ਵੋਟਾਂ ਨਾਲ ਹਰਾਇਆ ਸੀ।  ਸੰਗੀਤਾ ਦੇ ਪਰਿਵਾਰ ਦਾ ਉੱਤਰ ਪ੍ਰਦੇਸ਼ ਦੇ ਪੂਰਵਾਂਚਲ ਦੀ ਸਿਆਸਤ ਵਿਚ ਖ਼ਾਸਾ ਪ੍ਰਭਾਵ ਹੈ। ਸੰਗੀਤਾ ਦੇ ਸਹੁਰੇ ਗਾਂਧੀ ਆਜ਼ਾਦ ਖੇਤਰ ਦੇ ਜਾਣੇ-ਪਛਾਣੇ ਚਿਹਰੇ ਰਹੇ ਹਨ ਅਤੇ ਬਸਪਾ ਦੇ ਸੰਸਥਾਪਕ ਮੈਂਬਰਾਂ ਵਿਚੋਂ ਇਕ ਸਨ। ਸੰਗੀਤਾ ਆਜ਼ਾਦ ਨੇ ਕੁਝ ਸਮੇਂ ਤੋਂ ਆਪਣੇ ਆਪ ਨੂੰ ਬਸਪਾ ਤੋਂ ਦੂਰ ਕਰ ਲਿਆ ਸੀ ਅਤੇ ਪਾਰਟੀ ਦੇ ਸਮਾਗਮਾਂ ਵਿਚ ਵੀ ਸ਼ਾਮਲ ਨਹੀਂ ਹੋਈ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਮੁਲਾਕਾਤ ਕੀਤੀ। ਉਦੋਂ ਤੋਂ ਹੀ ਉਨ੍ਹਾਂ ਦੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸਨ।