MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਕੇਜਰੀਵਾਲ ਖ਼ਿਲਾਫ਼ ਰਚੀ ਜਾ ਰਹੀ ਸਾਜਿਸ਼, ਜੇਲ੍ਹ 'ਚ ਕੁਝ ਵੀ ਹੋ ਸਕਦਾ ਹੈ : ਸੰਜੇ ਸਿੰਘ


ਨਵੀਂ ਦਿੱਲੀ - ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਸ਼ੁੱਕਰਵਾਰ ਨੂੰ ਆਪਣੀ ਪਾਰਟੀ ਦਾ ਇਹ ਦੋਸ਼ ਮੁੜ ਦੋਹਰਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖ਼ਿਲਾਫ਼ ਡੂੰਘੀ ਸਾਜਿਸ਼ ਰਚੀ ਜਾ ਰਹੀ ਹੈ ਅਤੇ ਜੇਲ੍ਹ 'ਚ ਉਨ੍ਹਾਂ ਨਾਲ ਕੁਝ ਵੀ ਹੋ ਸਕਦਾ ਹੈ। ਇੱਥੇ ਇਕ ਪੱਤਰਕਾਰ ਸੰਮੇਲਨ 'ਚ ਸੰਜੇ ਸਿੰਘ ਨੇ ਦੋਸ਼ ਲਗਾਇਆ ਕਿ ਭਾਜਪਾ 'ਤੰਤਰ' ਕਿਸੇ ਦਾ ਕਤਲ ਕਰਨ ਦੇ ਪੱਧਰ ਤੱਕ ਡਿੱਗ ਸਕਦਾ ਹੈ। ਸੰਜੇ ਸਿੰਘ ਦੇ ਦੋਸ਼ਾਂ 'ਤੇ ਭਾਜਪਾ ਨੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। ਰਾਜ ਸਭਾ ਸੰਸਦ ਮੈਂਬਰ ਨੇ ਕੇਜਰੀਵਾਲ ਦੀ ਬੀਮਾਰੀ ਦਾ 'ਮਜ਼ਾਕ ਉਡਾਉਣ' ਲਈ ਭਾਜਪਾ ਨੇਤਾਵਾਂ ਦੀ ਆਲੋਚਨਾ ਕੀਤੀ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਬਾਰੇ ਮੀਡੀਆ ਦੇ ਮਾਧਿਅਮ ਨਾਲ 'ਭਰਮ ਫੈਲਾਉਣ ਵਾਲੀਆਂ ਖ਼ਬਰਾਂ' ਫੈਲਾਈਆਂ ਜਾ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ,''ਜੇਕਰ ਜੇਲ੍ਹ ਦੇ ਨਿਯਮਾਂ ਅਨੁਸਾਰ ਕਿਸੇ ਕੈਦੀ ਦੀਆਂ ਸਿਹਤ ਸੰਬੰਧੀ ਜਾਣਕਾਰੀਆਂ ਸਾਂਝੀਆਂ ਕਰਨ ਦੀ ਮਨਜ਼ੂਰੀ ਨਹੀਂ ਹੁੰਦੀ ਹੈ ਤਾਂ ਈ.ਡੀ. ਨੇ ਵੀਰਵਾਰ ਨੂੰ ਮੀਡੀਆ 'ਚ ਕੇਜਰੀਵਾਲ ਦਾ ਫਰਜ਼ੀ ਆਹਾਰ ਚਾਰਟ ਕਿਉਂ ਸਾਂਝਾ ਕੀਤਾ?'' ਸੰਜੇ ਸਿੰਘ ਦੇ ਦੋਸ਼ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਨਾ ਤਾਂ ਟੁੱਟਣਗੇ ਅਤੇ ਨਾ ਹੀ ਝੁਕਣਗੇ। ਦਿੱਲੀ ਦੀ ਕੈਬਨਿਟ ਮੰਤਰੀ ਆਤਿਸ਼ੀ ਨੇ ਵੀਰਵਾਰ ਨੂੰ ਇਹ ਦੋਸ਼ ਲਗਾਇਆ ਸੀ ਕਿ ਮੁੱਖ ਮੰਤਰੀ ਕੇਜਰੀਵਾਲ ਨੂੰ ਜੇਲ੍ਹ 'ਚ ਘਰ ਦੇ ਬਣੇ ਭੋਜਨ ਅਤੇ ਇੰਸੁਲਿਨ ਤੋਂ ਵਾਂਝੇ ਕਰ ਕੇ ਮਾਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਪਰ ਜੇਲ੍ਹ ਅਧਿਕਾਰੀਆਂ ਨੇ ਉਨ੍ਹਾਂ ਦੇ ਇਸ ਦੋਸ਼ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਈ.ਡੀ. ਨੇ ਦਿੱਲੀ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ 'ਚ ਕੇਜਰੀਵਾਲ ਨੂੰ 21 ਮਾਰਚ ਨੂੰ ਗ੍ਰਿਫ਼ਤਾਰ ਕੀਤਾ ਸੀ।