MediaPunjab
ਮੀਡੀਆ ਪੰਜਾਬ ਦੀਆਂ ਖ਼ਬਰਾਂ

ਪੰਜਵੇਂ ਪੜਾਅ ’ਚ 49 ਸੀਟਾਂ ’ਤੇ ਹੋਵੇਗਾ ਸੱਤਾ ਸੰਘਰਸ਼, ਪਿਛਲੀਆਂ ਚੋਣਾਂ ’ਚ ਕਾਂਗਰਸ ਕੋਲ ਸੀ ਇਕ ਸੀਟ


ਪੰਜਵੇਂ ਪੜਾਅ ’ਚ 20 ਮਈ ਨੂੰ 8 ਸੂਬਿਆਂ ਦੀਆਂ 49 ਲੋਕ ਸਭਾ ਸੀਟਾਂ ’ਤੇ ਹੋਣ ਜਾ ਰਹੀਆਂ ਚੋਣਾਂ ਵਿਰੋਧੀ ਧਿਰ ਇੰਡੀਆ ਬਲਾਕ ਲਈ ਵੱਡੀ ਚੁਣੌਤੀ ਹਨ। ਮਾਹਿਰਾਂ ਦੀ ਮੰਨੀਏ ਤਾਂ ਪੰਜਵੇਂ ਪੜਾਅ ਦੀਆਂ ਚੋਣਾਂ ’ਚ ਵਿਰੋਧੀ ਧਿਰ ਜੇਕਰ ਐੱਨ. ਡੀ. ਏ. ਨੂੰ ਰੋਕਣ ’ਚ ਕਾਮਯਾਬ ਹੋ ਜਾਂਦੀ ਹੈ ਤਾਂ ਸੱਤਾ ਸੰਘਰਸ਼ ਬਹੁਤ ਦਿਲਚਸਪ ਹੋ ਜਾਵੇਗਾ। ਪੰਜਵੇਂ ਪੜਾਅ ਦੀਆਂ ਇਨ੍ਹਾਂ 49 ਸੀਟਾਂ ’ਚੋਂ ਕਾਂਗਰਸ ਕੋਲ ਰਾਏਬਰੇਲੀ ਦੀ ਸਿਰਫ਼ ਇਕ ਸੀਟ ਹੈ। ਸੋਨੀਆ ਗਾਂਧੀ ਨੂੰ ਰਾਏਬਰੇਲੀ ਤੋਂ ਹੀ ਜਿੱਤ ਮਿਲੀ ਸੀ, ਜਦਕਿ ਅਮੇਠੀ ਸੀਟ ਰਾਹੁਲ ਗਾਂਧੀ ਦੇ ਹੱਥੋਂ ਨਿਕਲ ਗਈ ਸੀ। ਪੰਜਵੇਂ ਪੜਾਅ ’ਚ ਉੱਤਰ ਪ੍ਰਦੇਸ਼ ਦੀਆਂ 14, ਮਹਾਰਾਸ਼ਟਰ ਦੀਆਂ 13, ਪੱਛਮੀ ਬੰਗਾਲ ਦੀਆਂ 7, ਓਡਿਸ਼ਾ ਦੀਆਂ 5, ਬਿਹਾਰ ਦੀਆਂ 5, ਝਾਰਖੰਡ ਦੀਆਂ 3, ਜੰਮੂ-ਕਸ਼ਮੀਰ ਅਤੇ ਲੱਦਾਖ ਦੀ 1-1 ਸੀਟ ’ਤੇ ਵੋਟਿੰਗ ਹੋਵੇਗੀ, ਜਿਸ ਤੋਂ ਬਾਅਦ ਦੇਸ਼ ਦੀਆਂ ਕੁੱਲ 428 ਲੋਕ ਸਭਾ ਸੀਟਾਂ ’ਤੇ ਚੋਣਾਂ ਖਤਮ ਹੋ ਜਾਣਗੀਆਂ।
49 ’ਚੋਂ ਭਾਜਪਾ ਨੂੰ ਮਿਲੀਆਂ ਸਨ 32 ਸੀਟਾਂ
ਪਿਛਲੀਆਂ ਚੋਣਾਂ ’ਚ ਉਪਰੋਕਤ 49 ਸੀਟਾਂ ’ਚੋਂ ਭਾਜਪਾ ਨੇ 32 ਸੀਟਾਂ ਜਿੱਤੀਆਂ ਸਨ। ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਨੂੰ ਇਕ, ਲੋਕ ਜਨਸ਼ਕਤੀ ਪਾਰਟੀ (ਐੱਲ. ਜੇ. ਪੀ.) ਨੂੰ ਇਕ, ਸ਼ਿਵ ਸੈਨਾ ਨੂੰ 7, ਬੀਜੂ ਜਨਤਾ ਦਲ (ਬੀ. ਜੇ. ਡੀ.) ਨੂੰ ਇਕ, ਨੈਸ਼ਨਲ ਕਾਨਫਰੰਸ ਨੂੰ ਇਕ ਅਤੇ ਤ੍ਰਿਣਮੂਲ (ਟੀ. ਐੱਮ. ਸੀ.) ਨੂੰ 4 ਸੀਟਾਂ ਮਿਲੀਆਂ ਹਨ। ਗੱਠਜੋੜ ਦੀ ਗੱਲ ਕਰੀਏ ਤਾਂ ਇਨ੍ਹਾਂ ਚੋਣਾਂ ’ਚ ਐੱਨ. ਡੀ. ਏ. ਨੂੰ 41 ਅਤੇ ਯੂ. ਪੀ. ਏ. ਨੇ ਸਿਰਫ਼ 2 ਸੀਟਾਂ ਹੀ ਜਿੱਤੀਆਂ ਸਨ, ਜਦਕਿ ਬਾਕੀਆਂ ਨੂੰ ਪੰਜ ਸੀਟਾਂ ਮਿਲੀਆਂ ਸਨ।
ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ’ਤੇ ਵੋਟਿੰਗ
ਪੰਜਵੇਂ ਪੜਾਅ ’ਚ ਉੱਤਰ ਪ੍ਰਦੇਸ਼ ਦੀਆਂ 14 ਲੋਕ ਸਭਾ ਸੀਟਾਂ ਲਈ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ’ਚ ਲਖਨਊ, ਮੋਹਨਲਾਲਗੰਜ, ਅਮੇਠੀ, ਰਾਏਬਰੇਲੀ, ਜਾਲੌਨ, ਝਾਂਸੀ, ਹਮੀਰਪੁਰ, ਬਾਂਦਾ, ਕੌਸ਼ਾਂਬੀ, ਫਤਿਹਪੁਰ, ਗੋਂਡਾ, ਕੈਸਰਗੰਜ, ਬਾਰਾਬੰਕੀ ਅਤੇ ਫੈਜ਼ਾਬਾਦ ਸੀਟਾਂ ਸ਼ਾਮਲ ਹਨ। ਇਨ੍ਹਾਂ 14 ’ਚੋਂ ਕਾਂਗਰਸ 1 ਸੀਟ ਜਿੱਤਣ ’ਚ ਕਾਮਯਾਬ ਰਹੀ, ਜਦਕਿ ਬਾਕੀ 13 ਸੀਟਾਂ ’ਤੇ ਭਾਜਪਾ ਜਿੱਤਣ ’ਚ ਸਫਲ ਰਹੀ। ਇਸ ਚੋਣ ਵਿਚ ਭਾਜਪਾ ਨੇ ਆਪਣੀਆਂ ਸਾਰੀਆਂ 14 ਸੀਟਾਂ ’ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਸਪਾ ਦੇ ਉਮੀਦਵਾਰ 10 ਸੀਟਾਂ ’ਤੇ ਅਤੇ ਕਾਂਗਰਸ ਦੇ ਉਮੀਦਵਾਰ ਚਾਰ ਸੀਟਾਂ ’ਤੇ ਚੋਣ ਲੜ ਰਹੇ ਹਨ। ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਵੀ ਸਾਰੀਆਂ 14 ਸੀਟਾਂ ’ਤੇ ਚੋਣ ਲੜ ਰਹੀ ਹੈ। ਕਾਂਗਰਸ ਕੋਲ ਰਾਏਬਰੇਲੀ ਸੀਟ ਬਰਕਰਾਰ ਰੱਖਣ ਦੇ ਨਾਲ-ਨਾਲ ਆਪਣੇ ਕੋਟੇ ਦੀਆਂ ਚਾਰ ਸੀਟਾਂ ’ਚੋਂ ਜ਼ਿਆਦਾਤਰ ਸੀਟਾਂ ਜਿੱਤਣ ਦੀ ਚੁਣੌਤੀ ਹੋਵੇਗੀ।
ਬਿਹਾਰ ਅਤੇ ਝਾਰਖੰਡ ’ਚ 8 ਸੀਟਾਂ ’ਤੇ ਚੋਣਾਂਪੰਜਵੇਂ ਪੜਾਅ ’ਚ ਬਿਹਾਰ ਦੀਆਂ 5 ਅਤੇ ਝਾਰਖੰਡ ਦੀਆਂ 3 ਸੀਟਾਂ ’ਤੇ ਵੀ ਵੋਟਿੰਗ ਹੋ ਰਹੀ ਹੈ। ਬਿਹਾਰ ’ਚ ਸੀਤਾਮੜੀ, ਮਧੁਬਨੀ, ਮੁਜ਼ੱਫਰਪੁਰ, ਸਾਰਣ ਅਤੇ ਹਾਜੀਪੁਰ ਸੀਟਾਂ ’ਤੇ ਚੋਣਾਂ ਹਨ। 2019 ’ਚ ਇਨ੍ਹਾਂ ਸੀਟਾਂ ’ਤੇ ਐੱਨ. ਡੀ. ਏ. ਦਾ ਕਬਜ਼ਾ ਰਿਹਾ ਸੀ। ਜੇ. ਡੀ. ਯੂ.-ਐੱਲ. ਜੇ. ਪੀ. ਇਕ-ਇਕ ਸੀਟ ਜਿੱਤਣ ’ਚ ਸਫਲ ਰਹੀਆਂ ਅਤੇ ਭਾਜਪਾ ਤਿੰਨ ਸੀਟਾਂ ਜਿੱਤਣ ’ਚ ਸਫਲ ਰਹੀ ਸੀ। ਝਾਰਖੰਡ ਦੀਆਂ ਜਿਨ੍ਹਾਂ ਤਿੰਨ ਸੀਟਾਂ ’ਤੇ ਚੋਣਾਂ ਹੋ ਰਹੀਆਂ ਹਨ, ਉਨ੍ਹਾਂ ’ਤੇ ਭਾਜਪਾ ਦਾ ਕਬਜ਼ਾ ਹੈ। ਇਨ੍ਹਾਂ ’ਚੋਂ ਚਤਰਾ, ਕੋਡਰਮਾ ਅਤੇ ਹਜ਼ਾਰੀਬਾਗ ਸੀਟਾਂ ’ਤੇ ਇੰਡੀਆ ਗੱਠਜੋੜ ਅਤੇ ਐੱਨ. ਡੀ. ਏ. ਵਿਚਕਾਰ ਸਖ਼ਤ ਮੁਕਾਬਲਾ ਹੈ।
ਮਹਾਰਾਸ਼ਟਰ ’ਚ ਵੀ ਬਦਲੇ ਸਮੀਕਰਨ
ਮਹਾਰਾਸ਼ਟਰ ’ਚ ਪੰਜਵੇਂ ਪੜਾਅ ’ਚ 13 ਲੋਕ ਸਭਾ ਸੀਟਾਂ ’ਤੇ ਚੋਣਾਂ ਹੋ ਰਹੀਆਂ ਹਨ, ਜਿਸ ’ਚ ਧੁਲੇ, ਡਿੰਡੋਰੀ, ਨਾਸਿਕ, ਕਲਿਆਣ, ਪਾਲਘਰ, ਭਿਵੰਡੀ, ਠਾਣੇ, ਮੁੰਬਈ ਉੱਤਰੀ, ਮੁੰਬਈ ਉੱਤਰ ਪੂਰਬ, ਮੁੰਬਈ ਦੱਖਣੀ ਮੱਧ, ਮੁੰਬਈ ਦੱਖਣੀ, ਮੁੰਬਈ ਉੱਤਰ ਪੱਛਮੀ ਅਤੇ ਮੁੰਬਈ ਉੱਤਰੀ ਕੇਂਦਰੀ ਸੀਟਾਂ ਸ਼ਾਮਲ ਹਨ। 2019 ’ਚ ਇਨ੍ਹਾਂ 13 ’ਚੋਂ 7 ਸੀਟਾਂ ਸ਼ਿਵ ਸੈਨਾ ਜਿੱਤਣ ’ਚ ਸਫਲ ਰਹੀ ਸੀ ਅਤੇ ਭਾਜਪਾ 6 ਸੀਟਾਂ ਜਿੱਤਣ ਵਿਚ ਸਫਲ ਰਹੀ ਸੀ। ਇਸ ਵਾਰ ਮਹਾਰਾਸ਼ਟਰ ’ਚ ਚੋਣਾਂ ਭਾਜਪਾ ਲਈ ਵੱਡੀ ਚੁਣੌਤੀ ਹੈ, ਕਿਉਂਕਿ ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਿਚਾਲੇ ਫੁੱਟ ਕਾਰਨ ਸੂਬੇ ’ਚ ਸਮੀਕਰਨ ਬਦਲ ਗਏ ਹਨ।
ਬੰਗਾਲ ਅਤੇ ਓਡਿਸ਼ਾ ’ਚ ਵੀ ਖਤਮ ਹੋਣਗੀਆਂ ਚੋਣਾਂ
ਪੱਛਮੀ ਬੰਗਾਲ ਦੀਆਂ ਸੱਤ ਲੋਕ ਸਭਾ ਸੀਟਾਂ ਬਨਗਾਂਵ, ਹਾਵੜਾ, ਉੱਲੂਬੇਰੀਆ, ਸ਼੍ਰੀਰਾਮਪੁਰ, ਹੁਗਲੀ, ਆਰਾਮਬਾਗ ਅਤੇ ਬੈਰਕਪੁਰ ’ਚ ਵੀ ਪੰਜਵੇਂ ਪੜਾਅ ’ਚ ਚੋਣਾਂ ਹੋ ਰਹੀਆਂ ਹਨ। 2019 ’ਚ ਇਨ੍ਹਾਂ 7 ’ਚੋਂ 4 ਸੀਟਾਂ ਟੀ. ਐੱਮ. ਸੀ. ਜਿੱਤਣ ’ਚ ਸਫਲ ਰਹੀ ਸੀ, ਜਦਕਿ ਭਾਜਪਾ ਸਿਰਫ 3 ਸੀਟਾਂ ਹੀ ਜਿੱਤ ਸਕੀ ਸੀ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰੀਬੀ ਟੱਕਰ ਮੰਨੀ ਜਾ ਰਹੀ ਹੈ। ਇਸ ਦੇ ਨਾਲ ਹੀ ਓਡਿਸ਼ਾ ’ਚ ਲੋਕ ਸਭਾ ਦੀਆਂ ਪੰਜ ਸੀਟਾਂ ਲਈ ਪੰਜਵੇਂ ਪੜਾਅ ਵਿਚ ਚੋਣਾਂ ਹੋ ਰਹੀਆਂ ਹਨ। ਇਸ ਪੜਾਅ ’ਚ ਬਾਰਗੜ੍ਹ, ਸੁੰਦਰਗੜ੍ਹ, ਬੋਲੰਗੀਰ, ਕੰਧਮਾਲ ਅਤੇ ਅਸਕਾ ਸੀਟਾਂ ਸ਼ਾਮਲ ਹਨ। 2019 ’ਚ ਇਨ੍ਹਾਂ 5 ’ਚੋਂ 4 ਸੀਟਾਂ ਭਾਜਪਾ ਜਿੱਤਣ ’ਚ ਸਫਲ ਰਹੀ ਸੀ, ਜਦਕਿ ਬੀ. ਜੇ. ਡੀ. ਸਿਰਫ ਇਕ ਸੀਟ ਜਿੱਤ ਸਕੀ ਸੀ।