ਕੀ ਰੂਸ-ਯੂਕਰੇਨ ਯੁੱਧ ਰੁਕੇਗਾ? ਟਰੰਪ ਨਾਲ ਗੱਲਬਾਤ ਤੋਂ ਬਾਅਦ ਪੁਤਿਨ 30 ਦਿਨਾਂ ਦੀ ਜੰਗਬੰਦੀ ਲਈ ਹੋਏ ਸਹਿਮਤ
ਵਾਸ਼ਿੰਗਟਨ, ਤਿੰਨ ਸਾਲ ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਖ਼ਤਮ ਹੋਣ ਦਾ ਰਸਤਾ ਪੱਧਰਾ ਹੁੰਦਾ ਨਜ਼ਰ ਆ ਰਿਹਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਪਾਵਰ ਪਲਾਂਟਾਂ ’ਤੇ 30 ਦਿਨਾਂ ਲਈ ਹਮਲੇ ਰੋਕਣ ’ਤੇ ਸਹਿਮਤ ਹੋ ਗਏ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਲ ਫ਼ੋਨ ’ਤੇ ਗੱਲਬਾਤ ਤੋਂ ਬਾਅਦ ਪੁਤਿਨ ਨੇ ਅਮਰੀਕੀ ਪ੍ਰਸਤਾਵ ’ਤੇ ਸਹਿਮਤੀ ਜ਼ਾਹਰ ਕੀਤੀ ਜਿਸ ’ਚ ਰੂਸ ਅਤੇ ਯੂਕਰੇਨ ਨੂੰ 30 ਦਿਨਾਂ ਲਈ ਇਕ ਦੂਜੇ ਦੇ ਊਰਜਾ ਬੁਨਿਆਦੀ ਢਾਂਚੇ ’ਤੇ ਹਮਲਾ ਬੰਦ ਕਰਨ ਲਈ ਕਿਹਾ ਗਿਆ ਹੈ। ਯੂਕਰੇਨ ਜੰਗ ਖ਼ਤਮ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਆਪਣੇ ਰੂਸੀ ਹਮਰੁਤਬਾ ਪੁਤਿਨ ਨਾਲ ਫ਼ੋਨ ’ਤੇ ਗੱਲਬਾਤ ਕੀਤਾ। ਦੋਵਾਂ ਨੇ ਯੂਕਰੇਨ ਯੁੱਧ ਖ਼ਤਮ ਕਰਨ ਤੇ ਸ਼ਾਂਤੀ ਦਾ ਰਾਹ ਰਸਤਾ ਲੱਭਣ ਲਈ ਚਰਚਾ ਕੀਤੀ। ਵਾੲ੍ਹੀਟ ਹਾਊਸ ਅਨੁਸਾਰ ਟਰੰਪ-ਪੁਤਿਨ ਨੇ ਫ਼ੋਨ ’ਤੇ ਗੱਲਬਾਤ ਦੌਰਾਨ ਰੂਸ-ਯੂਕਰੇਨ ਲੜਾਈ ’ਚ ਪਾਵਰ ਪਲਾਂਟਾਂ ਅਤੇ ਬੁਨਿਆਦੀ ਢਾਂਚੇ ਦੇ ਟੀਚਿਆਂ ਵਿਰੁੱਧ ਸੀਮਤ ਜੰਗਬੰਦੀ ਤੇ ਸਹਿਮਤੀ ਪ੍ਰਗਟਾਈ। ਵਾੲ੍ਹੀਟ ਹਾਊਸ ਨੇ ਇਸ ਨੂੰ ‘ਸ਼ਾਂਤੀ ਦੀ ਦਿਸ਼ਾ ’ਚ ਵੱਡਾ ਕਦਮ’ ਦੱਸਿਆ ਅਤੇ ਉਮੀਦ ਜਤਾਈ ਕਿ ਇਸ ਜਲਦੀ ਹੀ ਇਹ ਲੜਾਈ ਸਥਾਈ ਰੂਪ ’ਚ ਖ਼ਤਮ ਹੋ ਜਾਵੇਗੀ। ਇਨ੍ਹਾਂ ਮੁੱਦਿਆਂ ’ਤੇ ਤੁਰੰਤ ਗੱਲਬਾਤ ਸ਼ੁਰੂ ਹੋਵੇਗੀ। ਇਹ ਸਪੱਸ਼ਟ ਨਹੀਂ ਹੈ ਕਿ ਯੂਕਰੇਨ ਲੜੀਬੱਧ ਜੰਗਬੰਦੀ ਯੋਜਨਾ ਦੇ ਨਾਲ ਹੈ ਜਾ ਨਹੀਂ। ਕ੍ਰੇਮਲਿਨ ਅਨੁਸਾਰ, ਪੁਤਿਨ ਨੇ ਟਰੰਪ ਨਾਲ ਯੂਕਰੇਨ ਨੂੰ ਵਿਦੇਸ਼ੀ ਸੈਨਿਕ ਅਤੇ ਖ਼ੁਫ਼ੀਆ ਸਹਾਇਤਾ ਬੰਦ ਕਰਨ ਦਾ ਵੀ ਐਲਾਨ ਕੀਤਾ। ਇਸ ਗੱਲ ’ਤੇ ਵੀ ਸਹਿਮਤੀ ਬਣੀ ਕਿ ਰੂਸ ਅਤੇ ਯੂਕਰੇਨ ਇਕ ਦੂਜੇ ਦੇ 175-175 ਜੰਗ ਬੰਦੀਆ ਨੂੰ ਰਿਹਾਅ ਕਰਨਗੇ। ਰੂਸ 23 ਗੰਭੀਰ ਯੂਕਰੇਨੀ ਜ਼ਖ਼ਮੀ ਸੈਨਿਕਾਂ ਨੂੰ ਕੀਵ ਨੂੰ ਸੌਂਪੇਗਾ। ਪੁਤਿਨ ਨੇ ਕਾਲੇ ਸਾਗਰ ਦੇ ਨੌਵਹਨ ਦੀ ਸੁਰੱਖਿਆ ਬਾਰੇ ’ਚ ਟਰੰਪ ਨਾਲ ਵਿਚਾਰ ’ਤੇ ਰਚਨਾਤਮਕ ਪ੍ਰਤੀਕਿਰਿਆ ਦਿੱਤੀ ਅਤੇ ਗੱਲਬਾਤ ਸ਼ੁਰੂ ਕਰਨ ’ਤੇ ਰਾਜੀ ਹੋ ਗਏ। ਦੋਵੇਂ ਦੇਸ਼ ਕਾਲੇ ਸਾਗਰ ਵਿਚ ਸਮੁੰਦਰੀ ਜੰਗਬੰਦੀ ਲਾਗੂ ਕਰਨ ’ਤੇ ਤਕਨੀਕੀ ਗੱਲਬਾਤ ਸ਼ੁਰੂ ਕਰਨ ਲਈ ਵੀ ਸਹਿਮਤ ਹੋਏ ਹਨ। ਕ੍ਰੇਮਲਿਨ ਦੇ ਇਕ ਪ੍ਰਤੀਨਿਧੀ ਨੇ ਇਸ ਨੂੰ "ਇਤਿਹਾਸਕ" ਪਲ ਕਿਹਾ। ਪੁਤਿਨ ਦੇ ਅੰਤਰਰਾਸ਼ਟਰੀ ਸਹਿਯੋਗ ਲਈ ਦੂਤ ਕਿਰਿਲ ਦਮਿਤਰੀਵ ਨੇ ਐਕਸ ’ਤੇ ਪੋਸਟ ਕੀਤਾ, ਰਾਸ਼ਟਰਪਤੀ ਪੁਤਿਨ ਅਤੇ ਰਾਸ਼ਟਰਪਤੀ ਟਰੰਪ ਦੀ ਅਗਵਾਈ ਹੇਠ, ਦੁਨੀਆ ਅੱਜ ਬਹੁਤ ਸੁਰੱਖਿਅਤ ਜਗ੍ਹਾ ਬਣ ਗਈ ਹੈ! ਇਤਿਹਾਸਕ! ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ, ਜੋ ਮੰਗਲਵਾਰ ਨੂੰ ਯੂਕਰੇਨ ਲਈ ਸਮਰਥਨ ਇਕੱਠਾ ਕਰਨ ਬਾਰੇ ਚਰਚਾ ਕਰਨ ਲਈ ਫਿਨਲੈਂਡ ਪਹੁੰਚੇ ਸਨ, ਨੇ ਕਿਹਾ ਕਿ ਯੂਕਰੇਨ ਦੀ ਪ੍ਰਭੂਸੱਤਾ ਨਾਲ ਕੋਈ ਸਮਝੌਤਾ ਨਹੀਂ ਹੋ ਸਕਦਾ। ਰੂਸ ਨੂੰ ਆਪਣਾ ਕਬਜ਼ਾ ਕੀਤਾ ਹੋਇਆ ਇਲਾਕਾ ਵਾਪਸ ਕਰਨਾ ਪਵੇਗਾ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵੈਨ ਡੇਰ ਲੇਅਨ ਨੇ ਚੇਤਾਵਨੀ ਦਿੱਤੀ ਕਿ ਰੂਸ ਨੇ ਯੂਰਪੀਅਨ ਦੇਸ਼ਾਂ ਨਾਲ ਭਵਿੱਖ ਵਿਚ ਹੋਣ ਵਾਲੇ ਟਕਰਾਅ ਦੀ ਤਿਆਰੀ ਲਈ ਆਪਣੀਆਂ ਫ਼ੌਜੀ ਸਮਰੱਥਾਵਾਂ ਦਾ ਵਿਸਥਾਰ ਕੀਤਾ ਹੈ।