ਤੁਰਕੀ ਦੀ ਹੁਣ ਕਿਹੜੀ ਸਾਜ਼ਿਸ਼ ? ਇਸਲਾਮੀ ਗਰੁੱਪ ਨੇ ਜਾਰੀ ਕੀਤਾ 'ਗ੍ਰੇਟਰ ਬੰਗਲਾਦੇਸ਼' ਦਾ ਨਕਸ਼ਾ, ਭਾਰਤ ਦੇ ਕਈ ਸੂਬਿਆਂ ਨੂੰ ਕੀਤਾ ਸ਼ਾਮਲ
ਨਵੀਂ ਦਿੱਲੀ : ਆਪ੍ਰੇਸ਼ਨ ਸਿੰਦੂਰ ਦੌਰਾਨ ਪੂਰੀ ਦੁਨੀਆ ਨੇ ਤੁਰਕੀ ਅਤੇ ਪਾਕਿਸਤਾਨ ਦੀ ਦੋਸਤੀ ਦੇਖੀ। ਤੁਰਕੀ ਖੁੱਲ੍ਹ ਕੇ ਅੱਤਵਾਦ ਦਾ ਸਮਰਥਨ ਕਰਨ ਵਾਲੇ ਦੇਸ਼ ਦੇ ਨਾਲ ਖੜ੍ਹਾ ਸੀ। ਇੰਨਾ ਹੀ ਨਹੀਂ, ਜਿਨ੍ਹਾਂ ਡਰੋਨਾਂ ਨਾਲ ਪਾਕਿਸਤਾਨ ਨੇ ਭਾਰਤ 'ਤੇ ਹਮਲਾ ਕੀਤਾ ਸੀ, ਉਹ ਵੀ ਤੁਰਕੀ ਨੇ ਪਾਕਿਸਤਾਨ ਨੂੰ ਚੈਰਿਟੀ ਵਜੋਂ ਦਿੱਤੇ ਸਨ। ਤੁਰਕੀ ਦੀ ਇਸ ਕਾਰਵਾਈ ਤੋਂ ਬਾਅਦ ਭਾਰਤ ਨੇ ਸਖ਼ਤ ਰੁਖ਼ ਅਪਣਾਇਆ ਹੈ। ਹਾਲਾਂਕਿ, ਤੁਰਕੀ ਆਪਣੀਆਂ ਗਤੀਵਿਧੀਆਂ ਨੂੰ ਨਹੀਂ ਰੋਕ ਰਿਹਾ ਹੈ। ਰਿਪੋਰਟ ਅਨੁਸਾਰ ਇਹ ਨਕਸ਼ਾ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਯੂਨੀਵਰਸਿਟੀ 'ਚ ਦੇਖਿਆ ਗਿਆ ਸੀ। 'ਗ੍ਰੇਟਰ ਬੰਗਲਾਦੇਸ਼' ਦਾ ਇਹ ਨਕਸ਼ਾ ਯੂਨੀਵਰਸਿਟੀ ਹਾਲ 'ਚ ਲਗਾਇਆ ਗਿਆ ਹੈ, ਜਿਸਦੀ ਵਰਤੋਂ ਬਹੁਤ ਸਾਰੇ ਵਿਦਿਆਰਥੀ ਕਰ ਰਹੇ ਹਨ। ਨਕਸ਼ੇ ਦੀ ਫੋਟੋ ਪਹਿਲਾਂ ਹੀ ਸਾਹਮਣੇ ਆ ਚੁੱਕੀ ਹੈ। ਜੇਕਰ ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ, ਤਾਂ ਇਹ ਨਕਸ਼ਾ ਮੁਹੰਮਦ ਯੂਨਸ ਦੇ ਉਸ ਬਿਆਨ ਦੇ ਮੱਦੇਨਜ਼ਰ ਬਣਾਇਆ ਗਿਆ ਹੈ ਜਿਸ ਵਿੱਚ ਉਨ੍ਹਾਂ ਨੇ ਭਾਰਤ ਦੇ ਉੱਤਰ-ਪੂਰਬੀ ਰਾਜਾਂ ਨੂੰ ਬੰਗਲਾਦੇਸ਼ 'ਚ ਮਿਲਾਉਣ ਦੀ ਗੱਲ ਕੀਤੀ ਸੀ। ਅਪ੍ਰੈਲ ਵਿੱਚ, ਢਾਕਾ ਯੂਨੀਵਰਸਿਟੀ ਦੀ ਇੱਕ ਫੋਟੋ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਸੀ ਜਿਸ ਵਿਚ ਇਕ ਆਦਮੀ ਨੂੰ 'ਗ੍ਰੇਟਰ ਬੰਗਲਾਦੇਸ਼' ਦਾ ਨਕਸ਼ਾ ਫੜੇ ਦੇਖਿਆ ਜਾ ਸਕਦਾ ਹੈ। ਇਸ ਨਕਸ਼ੇ 'ਤੇ 'ਸਲਤਨਤ-ਏ-ਬਾਂਗਲਾ' ਲਿਖਿਆ ਹੋਇਆ ਸੀ। ਬੰਗਲਾਦੇਸ਼ ਦਾ ਸਮਰਥਨ ਕਰ ਰਿਹਾ ਹੈ ਤੁਰਕੀ
ਦ ਇਕਨਾਮਿਕ ਟਾਈਮਜ਼ ਦੇ ਅਨੁਸਾਰ, ਪਾਕਿਸਤਾਨ ਦਾ ਸਮਰਥਨ ਕਰਨ ਤੋਂ ਇਲਾਵਾ, ਤੁਰਕੀ ਨੇ ਬੰਗਲਾਦੇਸ਼ 'ਚ ਆਪਣਾ ਪ੍ਰਭਾਵ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਤੁਰਕੀ ਬੰਗਲਾਦੇਸ਼ੀ ਫੌਜ ਨੂੰ ਵੱਡੇ ਪੱਧਰ 'ਤੇ ਫੌਜੀ ਹਥਿਆਰ ਸਪਲਾਈ ਕਰ ਰਿਹਾ ਹੈ। ਮਾਹਿਰਾਂ ਅਨੁਸਾਰ, ਹੁਣ ਤੁਰਕੀ ਦੇ ਇੱਕ ਐਨਜੀਓ ਵੱਲੋਂ ਅਜਿਹਾ ਨਕਸ਼ਾ ਜਾਰੀ ਕਰਨਾ ਇਕ ਵੱਡੇ ਖ਼ਤਰੇ ਦਾ ਸੰਕੇਤ ਹੋ ਸਕਦਾ ਹੈ।