
ਮਲਸੀਆਂ ਵਿਖੇ ਕਾਰ ਬਜ਼ਾਰ ਦੇ ਬਾਹਰ ਖੜ੍ਹੀਆਂ ਕਾਰਾਂ ’ਤੇ ਰੇਤ ਨਾਲ ਭਰਿਆ ਟਿੱਪਰ ਪਲਟਿਆ
* ਕਾਰ ਬਜਾਰ ਦੇ ਬਾਹਰ ਖੜ੍ਹੀਆ ਕਾਰਾਂ ਨੂੰ ਪੁੱਜਾ ਨੁਕਸਾਨ
ਸ਼ਾਹਕੋਟ/ਮਲਸੀਆਂ, 16 ਅਕਤੂੁਬਰ (ਮੀਡੀਆ ਪੰਜਾਬ ਬਿਊਰੋ) ਸ਼ਾਹਕੋਟ-ਨਕੋਦਰ ਨੈਸ਼ਨਲ ਹਾਈਵੇ ‘ਤੇ ਮਲਸੀਆਂ ਵਿਖੇ ਕਾਰ ਬਜ਼ਾਰ ਦੇ ਬਾਹਰ ਖੜ੍ਹੀਆਂ ਕਾਰਾਂ ’ਤੇ ਰੇਤਾਂ ਨਾਲ ਭਰਿਆ ਟਿੱਪਰ ਪਲਟਣ ਕਾਰਨ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਜਾਣਕਾਰੀ ਅਨੁਸਾਰ ਰੇਤਾ ਨਾਲ ਭਰਿਆ ਟਿੱਪਰ ਨੰਬਰ ਪੀ.ਬੀ.08-ਡੀ.ਐਸ.-3987 ਸ਼ਾਹਕੋਟ ਵਾਲੇ ਪਾਸੇ ਤੋਂ ਜਲੰਧਰ ਵੱਲ ਜਾ ਰਿਹਾ ਸੀ, ਜਿਸਨੂੰ ਜਗਦੀਪ ਸਿੰਘ ਵਾਸੀ ਕਾਲਾ ਸੰਘਿਆ (ਕਪੂਰਥਲਾ) ਚਲਾ ਰਿਹਾ ਸੀ। ਮਲਸੀਆਂ ਫਲਾਈਓਵਰ ਤੋਂ ਹੇਠਾਂ ਉੱਤਰਦੇ ਸਾਰ ਨਕੋਦਰ ਵਾਲੇ ਪਾਸੇ ਸਿਮਰਨ ਕਾਰ ਬਜ਼ਾਰ ਦੇ ਬਾਹਰ ਕੌਮੀ ਮਾਰਗ ’ਤੇ ਟਿੱਪਰ ਦੀ ਰਫ਼ਤਾਰ ਤੇਜ਼ ਹੋਣ ਕਾਰਨ ਉਹ ਅਚਾਨਕ ਹੀ ਬੇਕਾਬੂ ਹੋ ਕੇ ਕਾਰ ਬਜ਼ਾਰ ਦੇ ਬਾਹਰ ਖੜ੍ਹੀਆਂ ਕਾਰਾਂ ’ਤੇ ਪਲਟ ਗਿਆ। ਖੁਸ਼ਕਿਸਮਤੀ ਇਹ ਰਹੀ ਕਿ ਹਾਦਸੇ ਦੌਰਾਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਕਾਰ ਬਜ਼ਾਰ ਦੇ ਮਾਲਕ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਹਾਂਡਾ ਅਮੇਜ਼ ਤੇ ਸਫ਼ਿਟਰ (ਵੀ.ਡੀ.ਆਈ.) ਕਾਰਾਂ ਚਕਨਾਚੂਰ ਹੋ ਗਈਆਂ, ਜਦਕਿ ਵਰਨਾ, ਸਵਿਫ਼ਟ ਤੇ ਆਈ.-20 ਕਾਰਾਂ ਨੁਕਸਾਨੀਆਂ ਗਈਆਂ। ਇਸ ਦੌਰਾਨ ਸਾਡਾ ਕਰੀਬ 22 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਹਾਦਸੇ ਬਾਰੇ ਪਤਾ ਲੱਗਣ ’ਤੇ ਮਾਡਲ ਥਾਣਾ ਸ਼ਾਹਕੋਟ ਦੇ ਐਸ.ਐਚ.ਓ. ਇੰਸਪੈਕਟਰ ਬਲਵਿੰਦਰ ਸਿੰਘ ਭੁੱਲਰ, ਐਸ.ਆਈ. ਸੁਖਵਿੰਦਰ ਸਿੰਘ ਅਤੇ ਮਲਸੀਆਂ ਪੁਲਿਸ ਚੌਂਕੀ ਦੇ ਏ.ਐਸ.ਆਈ. ਜਗਦੇਵ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ।