Mohinder Singh Mann

ਦੋ ਧੀਆਂ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਮਲਵਿੰਦਰ ਸਿੰਘ ਦੇ ਗੁਆਂਢੀ ਸ਼ਮਸ਼ੇਰ ਦਾ ਵੱਡਾ ਮੁੰਡਾ ਮਾੜੇ ਮੁੰਡਿਆਂ ਦੀ ਸੰਗਤ ਵਿੱਚ ਪੈ ਕੇ ਕਈ ਸਾਲਾਂ ਤੋਂ ਨਸ਼ੇ ਕਰ ਰਿਹਾ ਹੈ। ਘਰ ਦੀ ਜੋ ਚੀਜ਼ ਉਸ ਨੂੰ ਦਿਸਦੀ ਹੈ, ਉਸ ਨੂੰ ਵੇਚਣ ਤੁਰ ਪੈਂਦਾ ਹੈ। ਕਿਸੇ ਨਾ ਕਿਸੇ ਬਹਾਨੇ ਨਸ਼ਾ ਕਰਨ ਲਈ ਸ਼ਮਸ਼ੇਰ ਤੋਂ ਪੈਸੇ ਮੰਗਦਾ ਰਹਿੰਦਾ ਹੈ। ਉਸ ਨੂੰ ਗਾਲ਼ਾਂ ਵੀ ਕੱਢਦਾ ਰਹਿੰਦਾ ਹੈ। ਮੋਟਰਸਾਈਕਲ ਲੈ ਕੇ ਪਤਾ ਨਹੀਂ ਕਿੱਥੇ ਕਿੱਥੇ ਘੁੰਮਦਾ ਰਹਿੰਦਾ ਹੈ। ਕੱਲ੍ਹ ਵੀ ਉਹ ਮੋਟਰਸਾਈਕਲ ਲੈ ਕੇ ਕਿਤੇ ਗਿਆ ਹੋਇਆ ਸੀ। ਕਿਸੇ ਗੱਲ ਕਰਕੇ ਉਹ ਆਪਣੇ ਸਾਥੀਆਂ ਨਾਲ ਖਹਿਬੜ ਪਿਆ। ਗੁੱਸੇ ਵਿੱਚ ਆ ਕੇ ਉਨ੍ਹਾਂ ਨੇ ਉਸ ਦੇ ਸਿਰ ਵਿੱਚ ਪਤਾ ਨਹੀਂ ਕੀ ਮਾਰਿਆ, ਉਸ ਦੇ ਸਿਰ ਵਿੱਚੋਂ ਖੂਨ ਵਹਿਣ ਲੱਗ ਪਿਆ ਸੀ।
ਅੱਜ ਜਦੋਂ ਮਲਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਸ਼ਮਸ਼ੇਰ ਦੇ ਘਰ ਉਸ ਦੇ ਮੁੰਡੇ ਦੀ ਖ਼ਬਰ ਲੈਣ ਭੇਜਿਆ, ਤਾਂ ਉਸ ਦੀ ਪਤਨੀ ਆਖਣ ਲੱਗੀ," ਭੈਣ ਜੀ, ਮੈਂ ਤਾਂ ਇਸ ਮੁੰਡੇ ਤੋਂ ਬੜਾ ਦੁਖੀ ਆਂ। ਸਾਰਾ ਦਿਨ ਮੋਟਰਸਾਈਕਲ ਲੈ ਕੇ ਬਾਹਰ ਫਿਰਦਾ ਰਹਿੰਦਾ ਆ। ਜਦ ਘਰ ਆ ਜਾਂਦਾ ਆ, ਭੜਥੂ ਪਾ ਦਿੰਦਾ ਆ। ਕੱਲ੍ਹ ਪਤਾ ਨਹੀਂ ਕਿੱਥੋਂ ਸਿਰ ਵਿੱਚ ਸੱਟ ਲੁਆ ਕੇ ਆ ਗਿਆ ਆ। ਮੈਂ ਤਾਂ ਕਹਿੰਨੀ ਆਂ, ਰੱਬ ਮੈਨੂੰ ਇਦ੍ਹੇ ਨਾਲੋਂ ਦੋ ਧੀਆਂ ਦੇ ਦਿੰਦਾ, ਜਿਨ੍ਹਾਂ ਨੂੰ ਮੈਂ ਚੱਜ ਨਾਲ ਪੜ੍ਹਾ ਲੈਂਦੀ। ਵਿਆਹ ਕੇ ਸਹੁਰੇ ਘਰ ਭੇਜ ਦਿੰਦੀ। ਹੁਣ ਮੈਂ ਇਦ੍ਹਾ ਕੀ ਕਰਾਂ?" ਇਹ ਕਹਿੰਦਿਆਂ ਉਸ ਦੀਆਂ ਅੱਖਾਂ  ਵਿੱਚੋਂ ਹੰਝੂ ਵਹਿ ਤੁਰੇ। ਮਲਵਿੰਦਰ ਸਿੰਘ ਦੀ ਪਤਨੀ ਕੁੱਝ ਨਾ ਬੋਲ ਸਕੀ ਕਿਉਂ ਕਿ ਹੌਸਲਾ ਦੇਣ ਦੇ ਦੋ ਸ਼ਬਦ ਵੀ ਉੱਥੇ ਕੁੱਝ ਨਹੀਂ ਸੀ ਕਰ ਸਕਦੇ।

ਸਵੇਰ ਦਾ ਭੁੱਲਿਆ / ਮਿੰਨੀ ਕਹਾਣੀ  - ਮਹਿੰਦਰ ਸਿੰਘ ਮਾਨ

ਰਮੇਸ਼ ਦਾ ਸੁਖਜਿੰਦਰ ਨਾਲ ਵਿਆਹ ਹੋਏ ਨੂੰ ਪੰਜ ਸਾਲ ਹੋ ਗਏ ਸਨ। ਇਹ ਪੰਜ ਸਾਲ ਰਮੇਸ਼ ਨੇ ਸੁਖਜਿੰਦਰ ਨਾਲ ਨਰਕ ਵਰਗੇ ਬਿਤਾਏ ਸਨ। ਇਸ ਦਾ ਕਾਰਨ ਇਹ ਸੀ ਕਿ ਸੁਖਜਿੰਦਰ ਸਹੁਰੇ ਘਰ ਦੀਆਂ ਸਾਰੀਆਂ ਗੱਲਾਂ ਆਪਣੀ ਮੰਮੀ ਨਾਲ ਸਾਂਝੀਆਂ ਕਰਦੀ ਰਹਿੰਦੀ ਸੀ। ਉਸ ਦੀ ਮੰਮੀ ਉਸ ਨੂੰ ਗਲਤ ਸਲਾਹਾਂ ਦਿੰਦੀ ਰਹਿੰਦੀ ਸੀ, ਜਿਨ੍ਹਾਂ ਨੂੰ ਉਹ ਮੰਨ ਕੇ ਘਰ ਵਿੱਚ ਕਲੇਸ਼ ਪਾਈ ਰੱਖਦੀ ਸੀ। ਪਰ ਪਿਛਲੇ ਇੱਕ ਮਹੀਨੇ ਤੋਂ ਰਮੇਸ਼ ਉਸ ਦੀ ਬੋਲ-ਚਾਲ ਤੇ ਵਰਤਾਉ ਵਿੱਚ ਹੈਰਾਨ ਕਰਨ ਵਾਲਾ ਪਰਿਵਰਤਨ ਦੇਖ ਰਿਹਾ ਸੀ। ਰਮੇਸ਼ ਨੂੰ ਇਹ ਪਤਾ ਨਹੀ ਸੀ ਲੱਗ ਰਿਹਾ ਕਿ ਉਸ ਵਿੱਚ ਇਹ ਪਰਿਵਰਤਨ ਕਿਵੇਂ ਆ ਗਿਆ?
ਅੱਜ ਜਦੋਂ ਸੁਖਜਿੰਦਰ ਦੀ ਮੰਮੀ ਦਾ ਫੋਨ ਆਇਆ, ਤਾਂ ਉਹ ਫੋਨ ਸੁਣਨ ਲਈ ਰਮੇਸ਼ ਕੋਲੋਂ ਉੱਠ ਕੇ ਨਹੀਂ ਗਈ, ਸਗੋਂ ਉਹ ਰਮੇਸ਼ ਕੋਲ ਬੈਠੀ ਹੀ ਉਸ ਦਾ ਫੋਨ ਸੁਣਨ ਲੱਗ ਪਈ," ਹਾਂ ਮੰਮੀ, ਦੱਸ ਕੀ ਗੱਲ ਆ?"
" ਪੁੱਤ ਗੱਲ ਤਾਂ ਕੁਛ ਨ੍ਹੀ। ਮੈਂ ਤੇਰਾ ਹਾਲ ਪੁੱਛਣ ਲਈ ਫੋਨ ਕੀਤਾ ਆ।"
" ਮੰਮੀ ਮੈਂ ਆਪਣੇ ਘਰ ਠੀਕ -ਠਾਕ ਹਾਂ। ਜੇ ਮੈਨੂੰ ਕੁਛ ਹੋਇਆ, ਤਾਂ ਮੈਂ ਤੈਨੂੰ ਆਪ ਫੋਨ ਕਰਕੇ ਦੱਸ ਦਿਆਂਗੀ।ਤੂੰ
ਮੈਨੂੰ ਬਹੁਤੇ ਫੋਨ ਨਾ ਕਰਿਆ ਕਰ। ਮਸੀਂ ਸਾਡੇ ਘਰ 'ਚ ਕਲੇਸ਼ ਨੂੰ ਠੱਲ੍ਹ ਪਈ ਆ। ਮੈਂ ਨ੍ਹੀ ਚਾਹੁੰਦੀ ਕਿ ਸਾਡੇ ਘਰ 'ਚ ਦੁਬਾਰਾ ਕਲੇਸ਼ ਪਏ।" ਏਨਾ ਕਹਿ ਕੇ ਸੁਖਜਿੰਦਰ ਨੇ ਫੋਨ ਕੱਟ ਦਿੱਤਾ। ਫੇਰ ਉਹ ਰਮੇਸ਼ ਨੂੰ ਮੁਖ਼ਾਤਿਬ ਹੋ ਕੇ ਬੋਲੀ," ਰਮੇਸ਼ ਮੈਨੂੰ ਮਾਫ਼ ਕਰ ਦਈਂ। ਮੈਂ ਪੰਜ ਸਾਲ ਤੈਨੂੰ
ਮੰਮੀ ਦੇ ਕਹੇ ਤੇ ਬਹੁਤ ਚੰਗਾ-ਮੰਦਾ ਬੋਲਿਆ ਆ। ਹੁਣ ਮੈਂ ਫੈਸਲਾ ਕੀਤਾ ਆ ਕਿ ਤੇਰੇ ਨਾਲ ਚੱਜ ਨਾਲ ਗੱਲ ਕਰਿਆ ਕਰਾਂਗੀ ਤੇ ਤੇਰਾ ਹਰ ਕਹਿਣਾ ਮੰਨਿਆ ਕਰਾਂਗੀ। ਕਿਸੇ ਤੀਜੇ ਬੰਦੇ ਨੂੰ ਆਪਣੇ ਘਰ 'ਚ ਦਖਲ ਨਹੀਂ ਦੇਣ ਦਿਆਂਗੀ।"
" ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਆ ਜਾਵੇ, ਤਾਂ ਉਸ ਨੂੰ ਭੁੱਲਿਆ ਨਹੀਂ ਕਹਿੰਦੇ। ਸੁਖਜਿੰਦਰ ਤੂੰ ਸਹੀ ਸਮੇਂ ਤੇ ਸਹੀ ਫੈਸਲਾ ਕੀਤਾ ਆ। ਮੈਂ ਤੇਰੇ ਇਸ ਫੈਸਲੇ ਤੋਂ ਬਹੁਤ ਖ਼ੁਸ਼ ਹਾਂ," ਰਮੇਸ਼ ਨੇ ਆਖਿਆ।
ਮਹਿੰਦਰ ਸਿੰਘ ਮਾਨ(ਮੁੱਖ ਅਧਿਆਪਕ)
ਪਿੰਡ ਤੇ ਡਾਕ ਰੱਕੜਾਂ ਢਾਹਾ
(ਸ਼ਹੀਦ ਭਗਤ ਸਿੰਘ ਨਗਰ)
ਪਿੰਨ  144526
ਫੋਨ  9915803554

ਕਰਵਾ ਚੌਥ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਜੱਸੀ ਦੀ ਪਤਨੀ ਹਰ ਸਾਲ ਕਰਵਾ ਚੌਥ ਦਾ ਵਰਤ  ਰੱਖਦੀ ਸੀ,ਪਰ ਐਤਕੀਂ ਉਸ ਨੇ ਵਰਤ ਨਹੀਂ ਰੱਖਿਆ ਸੀ। ਜੱਸੀ ਇਸ ਗੱਲ ਤੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ ਸੀ। ਉਸ ਨੇ ਹੌਸਲਾ ਕਰਕੇ ਪੁੱਛ ਹੀ ਲਿਆ, "ਪੰਮੀ, ਮੈਂ ਤੈਨੂੰ ਹਰ ਸਾਲ ਵਰਤ ਰੱਖਣ ਦਾ ਸਾਰਾ ਸਾਮਾਨ, ਸੂਟ ਤੇ ਚੂੜੀਆਂ ਲੈ ਕੇ ਦਿੰਦਾ ਰਿਹਾਂ। ਫੇਰ ਤੂੰ ਐਤਕੀਂ
 ਵਰਤ ਕਿਉਂ ਨ੍ਹੀ ਰੱਖਿਆ?"
" ਦੇਖੋ ਜੀ, ਮੈਂ ਅੱਜ ਤੋਂ ਇਹ ਮਨ ਬਣਾਇਐ ਕਿ ਮੈਂ ਇੱਕ ਦਿਨ ਵਰਤ ਰੱਖ ਕੇ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਨ ਦੀ ਥਾਂ ਹਰ ਰੋਜ਼ ਸਾਰੇ ਪਰਿਵਾਰ ਦੀ
ਚੰਗੀ ਸਿਹਤ ਤੇ ਸੁੱਖ, ਸ਼ਾਂਤੀ ਪ੍ਰਮਾਤਮਾ ਪਾਸੋਂ ਮੰਗਿਆ ਕਰਾਂਗੀ।ਤੁਹਾਨੂੰ ਕੋਈ ਇਤਰਾਜ਼ ਤਾਂ ਨ੍ਹੀ।"
"ਮੈਨੂੰ ਇਤਰਾਜ਼ ਕੀ ਹੋ ਸਕਦਾ? ਮੈਨੂੰ ਤਾਂ ਇਸ ਗੱਲ ਦੀ ਖ਼ੁਸ਼ੀ ਆ ਕਿ ਤੇਰੇ ਵਿਚਾਰਾਂ 'ਚ ਕਿੰਨੀ ਵੱਡੀ ਤਬਦੀਲੀ ਆ ਗਈ ਆ। ਪਰਿਵਾਰ ਦੇ ਇਕ ਜੀਅ ਦੇ ਥਾਂ ਸਾਰੇ ਜੀਆਂ ਨੂੰ ਸਿਹਤਮੰਦ ਤੇ ਖ਼ੁਸ਼ ਦੇਖਣ ਦੀ ਕਾਮਨਾ ਕਰਨੀ ਕੋਈ ਸਾਧਾਰਨ ਗੱਲ ਨ੍ਹੀ।ਮੇਰੇ ਦਿਲ 'ਚ ਪਹਿਲਾਂ ਵੀ ਤੇਰੇ ਲਈ ਬਹੁਤ ਸਤਿਕਾਰ ਸੀ, ਹੁਣ ਇਹ ਹੋਰ ਵੀ ਵੱਧ ਗਿਆ ਆ।"
ਏਨਾ ਕਹਿ ਕੇ ਉਹ ਪੰਮੀ ਵੱੱਲ ਵੇਖਣ ਲੱਗ ਪਿਆ ਤੇ ਫਿਰ ਉਹ ਦੋਵੇਂ ਜਣੇ ਮੁਸਕਰਾ ਪਏ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਬੱਸ ਕੰਡਕਟਰ/ ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਫੇਸਬੁੱਕ ਤੇ ਬਣੇ ਆਪਣੇ ਮਿੱਤਰ ਨੂੰ ਮਿਲਣ ਲਈ ਅੱਜ ਇਕਬਾਲ ਸਿੰਘ ਬੁਢਲਾਡੇ ਜਾ ਰਿਹਾ ਸੀ।ਪਹਿਲਾਂ ਉਹ ਨਵਾਂ ਸ਼ਹਿਰ ਤੋਂ ਲੁਧਿਆਣੇ ਤੇ ਫਿਰ ਲੁਧਿਆਣੇ ਤੋਂ ਬਰਨਾਲੇ ਬੱਸ ਰਾਹੀਂ ਪਹੁੰਚ ਗਿਆ। ਫਿਰ ਉਹ ਬਰਨਾਲੇ ਤੋਂ ਬੁਢਲਾਡੇ ਜਾਣ ਵਾਲੀ  ਪੈਪਸੂ ਬੱਸ  ਵਿੱਚ ਬੈਠ ਗਿਆ। ਬਰਨਾਲੇ ਦੇ ਬੱਸ ਅੱਡੇ ਤੋਂ ਤੁਰਨ ਵੇਲੇ ਇਸ ਵਿੱਚ ਪੰਦਰਾਂ, ਸੋਲਾਂ ਸਵਾਰੀਆਂ ਬੈਠੀਆਂ ਸਨ। ਅੱਡੇ ਤੋਂ ਬੱਸ ਦੇ ਬਾਹਰ ਨਿਕਲਣ ਪਿੱਛੋਂ  ਬੱਸ ਕੰਡਕਟਰ ਟਿਕਟਾਂ ਕੱਟਣ ਲੱਗ ਪਿਆ। ਕੁਝ ਸਵਾਰੀਆਂ ਨੇ ਉਸ ਨੂੰ ਪੂਰਾ ਕਿਰਾਇਆ ਦਿੱਤਾ ਤੇ ਕੁਝ ਨੇ ਕਿਰਾਏ ਤੋਂ ਵੱਧ ਪੈਸੇ ਦਿੱਤੇ। ਉਹ ਸਭ ਨੂੰ ਟਿਕਟਾਂ ਦੇ ਕੇ ਬਕਾਇਆ ਮੋੜੇ ਬਿਨਾਂ ਅੱਗੇ ਲੰਘ ਗਿਆ ਤੇ ਡਰਾਈਵਰ ਦੇ ਲਾਗੇ ਜਾ ਕੇ ਬੈਠ ਗਿਆ।
ਬਰਨਾਲੇ ਤੋਂ ਬੁਢਲਾਡੇ ਤੱਕ ਡੇਢ ਘੰਟੇ ਦਾ ਸਫਰ ਸੀ। ਜਿਸ ਬੱਸ ਅੱਡੇ ਤੇ ਬੱਸ ਕੰਡਕਟਰ ਨੂੰ ਸਵਾਰੀਆਂ ਖੜ੍ਹੀਆਂ ਦਿੱਸੀਆਂ, ਉੱਥੋਂ ਉਹ ਉਨ੍ਹਾਂ ਨੂੰ ਚੜ੍ਹਾਂਦਾ ਗਿਆ। ਜਦੋਂ ਉਹ ਨਵੀਆਂ ਆਈਆਂ ਸਵਾਰੀਆ ਦੇ ਟਿਕਟ ਕੱਟਦਾ ਪਹਿਲਾਂ ਬੈਠੀਆਂ ਸਵਾਰੀਆਂ ਕੋਲੋਂ ਲੰਘਦਾ, ਉਹ ਉਸ ਕੋਲੋਂ ਬਕਾਇਆ ਮੰਗਣ ਲੱਗ ਪੈਂਦੀਆਂ ਪਰ ਉਹ "ਠਹਿਰ ਕੇ ਦਿੰਦੇ ਆਂ" ਕਹਿ ਕੇ ਅੱਗੇ ਲੰਘ ਜਾਂਦਾ। ਅਖੀਰ ਬੱਸ ਬੁਢਲਾਡੇ ਦੇ ਬੱਸ ਅੱਡੇ ਪਹੁੰਚ ਗਈ। ਸਾਰੀਆਂ ਸਵਾਰੀਆਂ ਬੱਸ ਚੋਂ ਉਤਰ ਗਈਆਂ।  ਬਕਾਇਆ ਲੈਣ ਵਾਲੀਆਂ ਸਵਾਰੀਆਂ ਬੱਸ ਕੰਡਕਟਰ  ਦੇ ਆਲੇ- ਦੁਆਲੇ ਖੜ੍ਹ ਗਈਆਂ। ਕੁਝ ਨੂੰ ਉਸ ਨੇ ਬਕਾਇਆ ਦੇ ਦਿੱਤਾ ਤੇ ਕੁਝ ਨੂੰ ਇਹ ਕਹਿ ਕੇ ਟਾਲ ਦਿੱਤਾ ਕਿ ਉਨ੍ਹਾਂ ਦੇ ਟਿਕਟਾਂ ਪਿੱਛੇ ਬਕਾਇਆ ਲਿਖਿਆ ਹੋਇਆ ਨਹੀਂ। ਸਵਾਰੀਆਂ ਕੋਲ ਉਸ ਨਾਲ ਬਹਿਸ ਕਰਨ ਦਾ ਸਮਾਂ ਕਿੱਥੇ ਸੀ? ਉਹ ਛੇਤੀ ਹੀ ਉੱਥੋਂ ਚਲੇ ਗਈਆਂ। ਇਸੇ ਸਮੇਂ ਦੌਰਾਨ ਇਕਬਾਲ ਸਿੰਘ ਦਾ ਫੇਸਬੁੱਕ ਤੇ ਬਣਿਆ ਮਿੱਤਰ ਉਸ ਨੂੰ ਆਪਣੇ ਘਰ ਲਿਜਾਣ ਲਈ ਆ ਗਿਆ। ਉਹ ਇਕਬਾਲ ਸਿੰਘ ਨੂੰ ਮੋਟਰਸਾਈਕਲ ਤੇ ਬੈਠਾ ਕੇ ਆਪਣੇ ਘਰ ਵੱਲ ਨੂੰ ਤੁਰ ਪਿਆ।

ਮੋਹਰੀ ਸੂਬਾ- ਮਹਿੰਦਰ ਸਿੰਘ ਮਾਨ

ਹੜ੍ਹ ਦੇ ਪਾਣੀ ਨੇ ਕਰ ਦਿੱਤੀਆਂ ਫ਼ਸਲਾਂ ਤਬਾਹ ਨੇ,
ਘਰਾਂ ਨੂੰ ਜਾਣ ਵਾਲੇ ਸਭ ਟੁੱਟ ਗਏ ਰਾਹ ਨੇ।
ਪਸ਼ੂ ਤੇ ਬੰਦੇ ਪਾਣੀ ਦੇ ਵਿੱਚ ਰੁੜ੍ਹੀ ਜਾਂਦੇ ਨੇ,
ਮੋਟਰ ਸਾਈਕਲ ਤੇ ਸਕੂਟਰ ਆਪੇ ਖੜ੍ਹੀ ਜਾਂਦੇ ਨੇ।
ਜਿਨ੍ਹਾਂ ਦੀਆਂ ਫ਼ਸਲਾਂ, ਪਸ਼ੂ ਤੇ ਘਰ ਰਹੇ ਨਾ,
ਉਨ੍ਹਾਂ ਨੂੰ ਕਿਸੇ ਨੇ ਪੈਸੇ ਦੇਣੇ ਉਧਾਰੇ ਨਾ।
ਮਾੜੀ ਨੀਅਤ ਵਾਲੇ ਨੇਤਾ ਬਹਿਸ ਕਰੀ ਜਾਂਦੇ ਨੇ,
ਗੱਲੀਂ ਬਾਤੀਂ ਲੋਕਾਂ ਨੂੰ ਸਭ ਕੁਝ ਦਈ ਜਾਂਦੇ ਨੇ।
ਰੱਬ ਤੱਕ ਵੀ ਕਿਸੇ ਦੀ ਪੁੱਜੀ ਅਰਦਾਸ ਨਾ,
ਹੜ੍ਹ ਦੇ ਪਾਣੀ ਨੇ ਕਿਸੇ ਦੀ ਕੀਤੀ ਪ੍ਰਵਾਹ ਨਾ।
ਹੜ੍ਹ ਪੀੜਤ ਆਪਣੇ ਪੈਰਾਂ ਤੇ ਖੜ੍ਹੇ ਕਿਵੇਂ ਹੋਣਗੇ ?
ਢੇਰੀ ਹੋਏ ਘਰਾਂ 'ਚ ਉਨ੍ਹਾਂ ਦੇ ਵਾਸੇ ਕਿਵੇਂ ਹੋਣਗੇ?
ਗੁਰੂ ਨਾਨਕ ਦੇ ਜਿਹੜੇ ਸੱਚੇ ਪੈਰੋਕਾਰ ਨੇ,
ਉਹ ਉਨ੍ਹਾਂ ਲਈ ਸਭ ਕੁਝ ਕਰਨ ਨੂੰ ਤਿਆਰ ਨੇ।
ਸਮਾਂ ਪੈ ਕੇ 'ਮਾਨ' ਸਭ ਕੁਝ ਠੀਕ ਹੋ ਜਾਣਾ ਏਂ,
ਉਜੜੇ ਪੰਜਾਬ ਨੇ ਫਿਰ ਮੋਹਰੀ ਸੂਬਾ ਬਣ ਜਾਣਾ ਏਂ।
ਪਿੰਡ ਤੇ ਡਾਕ ਰੱਕੜਾਂ ਢਾਹਾ 
(ਸ਼ਹੀਦ ਭਗਤ ਸਿੰਘ ਨਗਰ)-144526
ਫੋਨ  9915803554

ਨਿੱਕੇ ਨਿੱਕੇ ਹੱਥਾਂ ਨਾਲ/ ਕਵਿਤਾ - ਮਹਿੰਦਰ ਸਿੰਘ ਮਾਨ

ਆਪਣੇ ਭਾਰੇ ਬੈਗ ਚੁੱਕੀਏ, ਨਿੱਕੇ ਨਿੱਕੇ ਹੱਥਾਂ ਨਾਲ।
ਕਿਤਾਬਾਂ ਖੋਲ੍ਹ ਕੇ ਪੜ੍ਹੀਏ, ਨਿੱਕੇ ਨਿੱਕੇ ਹੱਥਾਂ ਨਾਲ।
ਹੋਮਵਰਕ ਦੇਣ ਸਾਡੇ ਟੀਚਰ ਸਾਨੂੰ ਬਥੇਰਾ,
ਉਸ ਨੂੰ ਪੂਰਾ ਕਰੀਏ, ਨਿੱਕੇ ਨਿੱਕੇ ਹੱਥਾਂ ਨਾਲ।
ਆਪਣੀ ਲਿਖਾਈ ਸੁੰਦਰ ਬਣਾਉਣ ਦੀ ਖਾਤਰ,
ਅੱਖਰ ਵਾਰ ਵਾਰ ਲਿਖੀਏ, ਨਿੱਕੇ ਨਿੱਕੇ ਹੱਥਾਂ ਨਾਲ।
ਨਿੱਕੇ ਨਿੱਕੇ ਬੂਟੇ ਲਾ ਕੇ ਕਿਆਰੀਆਂ ਵਿੱਚ,
ਉਨ੍ਹਾਂ ਨੂੰ ਪਾਣੀ ਨਾਲ ਭਰੀਏ, ਨਿੱਕੇ ਨਿੱਕੇ ਹੱਥਾਂ ਨਾਲ।
ਵਿਹਲੇ ਸਮੇਂ ਦੇ ਵਿੱਚ ਝੂਲਿਆਂ ਉੱਤੇ ਬੈਠ ਕੇ,
ਹਰ ਰੋਜ਼ ਝੂਟੇ ਲਈਏ, ਨਿੱਕੇ ਨਿੱਕੇ ਹੱਥਾਂ ਨਾਲ।
ਮੰਮੀ ਨੂੰ ਤੰਗ ਨਾ ਕਰੀਏ ਸਕੂਲ ਤੋਂ ਆ ਕੇ,
ਵਰਦੀ ਆਪੇ ਖੋਲ੍ਹੀਏ, ਨਿੱਕੇ ਨਿੱਕੇ ਹੱਥਾਂ ਨਾਲ।
ਰੋਟੀ ਖਾਣ ਲਈ ਮੰਮੀ ਨੂੰ ਪਿੱਛੇ ਨਾ ਘੁੰਮਾਈਏ,
ਆਪੇ ਰੋਟੀ ਖਾਈਏ, ਨਿੱਕੇ ਨਿੱਕੇ ਹੱਥਾਂ ਨਾਲ।
ਵੱਡੇ ਹੋ ਕੇ ਅਸੀਂ ਸੰਭਾਲਣਾ ਹੈ ਇਸ ਦੇਸ਼ ਨੂੰ,
ਤਾਂ ਹੀ ਸਭ ਕੰਮ ਕਰੀਏ, ਨਿੱਕੇ ਨਿੱਕੇ ਹੱਥਾਂ ਨਾਲ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ  -9915803554

ਮੇਰੀ ਮਾਂ/ ਕਵਿਤਾ - ਮਹਿੰਦਰ ਸਿੰਘ ਮਾਨ

ਤੂੰ ਮੈਨੂੰ ਗੋਦੀ ਚੁੱਕ ਕੇ ਖਿਡਾਇਆ,
ਮੈਨੂੰ ਰੋਂਦੇ ਨੂੰ ਗਲ਼ ਨਾਲ ਲਾਇਆ।
ਤੇਰੀਆਂ ਸੁਣ ਕੇ ਲੋਰੀਆਂ ਤੇ ਬਾਤਾਂ,
ਮੇਰੀਆਂ ਚੰਗੀਆਂ ਲੰਘਦੀਆਂ ਸੀ ਰਾਤਾਂ।
ਹੌਲੀ ਹੌਲੀ ਮੈਨੂੰ ਬੋਲਣਾ ਸਿਖਾਇਆ,
ਵੱਡਿਆਂ ਦਾ ਆਦਰ ਕਰਨਾ ਸਿਖਾਇਆ।
ਤੂੰ ਮੇਰੇ ਲਈ ਕੀਤੀਆਂ ਦਿਨ ਰਾਤ ਦੁਆਵਾਂ,
ਤਾਂ ਹੀ ਨੇੜੇ ਮੇਰੇ ਆਈਆਂ ਨਾ ਬਲਾਵਾਂ।
ਫਿਰ ਤੂੰ ਮੈਨੂੰ ਸਕੂਲੇ ਪੜ੍ਹਨਾ ਪਾਇਆ,
ਘਰ ਆਏ ਨੂੰ ਹੋਮ ਵਰਕ ਕਰਾਇਆ।
ਹੌਲੀ ਹੌਲੀ ਕੀਤੀ ਪੜ੍ਹਾਈ ਮੈਂ ਪੂਰੀ,
ਮੈਨੂੰ ਮਿਲੇ ਨੌਕਰੀ, ਖਾਹਿਸ਼ ਸੀ ਤੇਰੀ।
ਫਿਰ ਮੈਂ ਕੀਤਾ ਬੈਂਕ ਦਾ ਟੈਸਟ ਪਾਸ,
ਨੌਕਰੀ ਮਿਲਣ ਦੀ ਬੱਝ ਗਈ ਆਸ।
ਇੰਟਰਵਿਊ ਪਿੱਛੋਂ ਮਿਲ ਗਈ ਨੌਕਰੀ,
ਰੱਬ ਨੇ ਤੇਰੀ ਫਰਿਆਦ ਸੁਣ ਲਈ।
ਮਾਏ ਮੇਰੀਏ ਇਹੋ ਹੈ ਖਾਹਿਸ਼ ਮੇਰੀ,
ਮਿਲਦੀ ਰਹੇ ਮੈਨੂੰ ਸਦਾ ਠੰਢੀ ਛਾਂ ਤੇਰੀ।

ਮੇਰੇ ਪਿਤਾ/ ਕਵਿਤਾ - ਮਹਿੰਦਰ ਸਿੰਘ ਮਾਨ

ਤੂੰ ਉਂਗਲ ਫੜ ਕੇ ਪਹਿਲੀ ਵਾਰ
ਮੈਨੂੰ ਤੁਰਨਾ ਸਿਖਾਇਆ।
ਮੇਰੀਆਂ ਲੋੜਾਂ ਪੂਰੀਆਂ ਕਰਨ ਲਈ
ਅੱਡੀ ਚੋਟੀ ਦਾ ਜ਼ੋਰ ਲਾਇਆ।
ਜਦ ਵੀ ਕੋਈ ਰੋੜਾ ਬਣ ਕੇ
ਖੜ੍ਹਾ ਹੋਇਆ ਮੇਰੇ ਅੱਗੇ,
ਤੂੰ ਮੇਰੇ ਨਾਲ ਡਟ ਕੇ ਖੜ੍ਹਾ ਹੋ ਕੇ
ਉਸ ਨੂੰ ਲਾਇਆ ਆਪਣੇ ਅੱਗੇ।
ਕਦੇ ਕਦੇ ਸਖਤ ਭਾਸ਼ਾ 'ਚ ਬੋਲਿਆ
ਮੈਨੂੰ ਚੰਗਾ ਨਹੀਂ ਸੀ ਲੱਗਾ,
ਪਰ ਇਹ ਬਹੁਤ ਕੰਮ ਆਇਆ
ਸੁਆਰਨ ਲਈ ਮੇਰਾ ਅੱਗਾ।
ਤੇਰੇ ਸਹਿਯੋਗ ਤੇ ਸੇਧ ਨਾਲ
ਮੈਂ ਪੁੱਜਾ ਆਪਣੇ ਮੁਕਾਮ ਤੱਕ।
ਤੇਰੇ ਕਰਕੇ ਹੀ ਮਿਲੀਆਂ ਨੇ
ਜੋ ਖੁਸ਼ੀਆਂ ਨੇ ਮੇਰੇ ਕੋਲ ਅੱਜ।
ਮੈਨੂੰ ਤੇਰੀ ਵਧਦੀ ਉਮਰ ਨੇ
ਹੈ ਡਾਢਾ ਫਿਕਰਾਂ ਵਿੱਚ ਪਾਇਆ।
ਡਰਦਾ ਹਾਂ ਕਿਤੇ ਖੋਹ ਨਾ ਲਵੇ
ਰੱਬ ਮੇਰੇ ਕੋਲੋਂ ਇਹ ਸਰਮਾਇਆ।
ਮਿਲਦਾ ਰਹੇ ਮੈਨੂੰ ਤੇਰਾ ਪਿਆਰ
ਰੱਬ ਅੱਗੇ ਕਰਾਂ ਇਹੋ ਦੁਆਵਾਂ।
'ਮਾਨ' ਮੈਂ ਤੇਰੇ ਨਾਲ ਰਹਾਂ  
ਸਦਾ ਬਣ ਤੇਰਾ ਪ੍ਰਛਾਵਾਂ।

ਕਰਵਾ ਚੌਥ - ਮਹਿੰਦਰ ਸਿੰਘ ਮਾਨ

ਜੱਸੀ ਦੀ ਪਤਨੀ ਹਰ ਸਾਲ ਕਰਵਾ ਚੌਥ ਦਾ ਵਰਤ  ਰੱਖਦੀ ਸੀ,ਪਰ ਐਤਕੀਂ ਉਸ ਨੇ ਵਰਤ ਨਹੀਂ ਰੱਖਿਆ ਸੀ। ਜੱਸੀ ਇਸ ਗੱਲ ਤੇ ਹੈਰਾਨ ਵੀ ਸੀ ਤੇ ਪਰੇਸ਼ਾਨ ਵੀ ਸੀ। ਉਸ ਨੇ ਹੌਸਲਾ ਕਰਕੇ ਪੁੱਛ ਹੀ ਲਿਆ, "ਪੰਮੀ, ਮੈਂ ਤੈਨੂੰ ਹਰ ਸਾਲ ਵਰਤ ਰੱਖਣ ਦਾ ਸਾਰਾ ਸਾਮਾਨ, ਸੂਟ ਤੇ ਚੂੜੀਆਂ ਲੈ ਕੇ ਦਿੰਦਾ ਰਿਹਾਂ। ਫੇਰ ਤੂੰ ਐਤਕੀਂ ਵਰਤ ਕਿਉਂ ਨ੍ਹੀ ਰੱਖਿਆ?"
" ਦੇਖੋ ਜੀ, ਮੈਂ ਅੱਜ ਤੋਂ ਇਹ ਮਨ ਬਣਾਇਐ ਕਿ ਮੈਂ ਇੱਕ ਦਿਨ ਵਰਤ ਰੱਖ ਕੇ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਨ ਦੀ ਥਾਂ ਹਰ ਰੋਜ਼ ਸਾਰੇ ਪਰਿਵਾਰ ਦੀ
ਚੰਗੀ ਸਿਹਤ ਤੇ ਸੁੱਖ, ਸ਼ਾਂਤੀ ਪ੍ਰਮਾਤਮਾ ਪਾਸੋਂ ਮੰਗਿਆ ਕਰਾਂਗੀ।ਤੁਹਾਨੂੰ ਕੋਈ ਇਤਰਾਜ਼ ਤਾਂ ਨ੍ਹੀ।"
"ਮੈਨੂੰ ਇਤਰਾਜ਼ ਕੀ ਹੋ ਸਕਦਾ? ਮੈਨੂੰ ਤਾਂ ਇਸ ਗੱਲ ਦੀ ਖ਼ੁਸ਼ੀ ਆ ਕਿ ਤੇਰੇ ਵਿਚਾਰਾਂ 'ਚ ਕਿੰਨੀ ਵੱਡੀ ਤਬਦੀਲੀ ਆ ਗਈ ਆ। ਪਰਿਵਾਰ ਦੇ ਇਕ ਜੀਅ ਦੇ ਥਾਂ ਸਾਰੇ ਜੀਆਂ ਨੂੰ ਸਿਹਤਮੰਦ ਤੇ ਖ਼ੁਸ਼ ਦੇਖਣ ਦੀ ਕਾਮਨਾ ਕਰਨੀ ਕੋਈ ਸਾਧਾਰਨ ਗੱਲ ਨ੍ਹੀ।ਮੇਰੇ ਦਿਲ 'ਚ ਪਹਿਲਾਂ ਵੀ ਤੇਰੇ ਲਈ ਬਹੁਤ ਸਤਿਕਾਰ ਸੀ, ਹੁਣ ਇਹ ਹੋਰ ਵੀ ਵੱਧ ਗਿਆ ਆ।"
ਏਨਾ ਕਹਿ ਕੇ ਉਹ ਪੰਮੀ ਵੱੱਲ ਵੇਖਣ ਲੱਗ ਪਿਆ ਤੇ ਫਿਰ ਉਹ ਦੋਵੇਂ ਜਣੇ ਮੁਸਕਰਾ ਪਏ।
**********

ਪਲਾਟ - ਮਹਿੰਦਰ ਸਿੰਘ ਮਾਨ
ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋਣ ਪਿੱਛੋਂ ਮਾਸਟਰ ਹਰੀ ਰਾਮ ਨੇ ਮਾਹਿਲਪੁਰ ਇੱਕ ਪੰਦਰਾਂ ਮਰਲੇ ਦਾ ਪਲਾਟ ਖਰੀਦ ਲਿਆ ਤੇ ਉਸ ਵਿੱਚ ਘਰ ਬਣਵਾਉਣਾ ਸ਼ੁਰੂ ਕਰ ਦਿੱਤਾ। ਇੱਕ ਦਿਨ ਉਸ ਕੋਲ ਦੋ ਜਣੇ ਆ ਕੇ ਖੜ੍ਹ ਗਏ, ਜਿਨ੍ਹਾਂ ਚੋਂ ਇੱਕ ਲੜਕੀ ਸੀ। ਲੜਕੀ ਉਸ ਨੂੰ ਆਖਣ ਲੱਗੀ,"ਅੰਕਲ ਜੀ, ਕੀ ਤੁਸੀਂ ਰਵਨਜੀਤ ਦੇ ਫਾਦਰ ਇਨ ਲਾਅ ਹੋ?"
ਮਾਸਟਰ ਹਰੀ ਰਾਮ ਨੇ "ਹਾਂ" ਵਿੱਚ ਉੱਤਰ ਦਿੱਤਾ।
ਫੇਰ ਉਹ ਆਖਣ ਲੱਗੀ,"ਮੈਂ ਰਵਨਜੀਤ ਦੀ ਸਹੇਲੀ ਆਂ। ਕੁੱਝ ਦਿਨ ਪਹਿਲਾਂ ਉਹ ਮੈਨੂੰ ਹੁਸ਼ਿਆਰਪੁਰ ਬੱਸ ਸਟੈਂਡ ਤੇ ਮਿਲੀ ਸੀ। ਉਸ ਨੇ ਮੈਨੂੰ ਦੱਸਿਆ ਸੀ ਕਿ ਤੁਸੀਂ ਮਾਹਿਲਪੁਰ ਪਲਾਟ ਲੈ ਕੇ ਨਵਾਂ ਘਰ ਬਣਵਾ ਰਹੇ ਹੋ ਤੇ ਤੁਹਾਡੇ ਪਲਾਟ ਦੇ ਸਾਮ੍ਹਣੇ ਕਈ ਪਲਾਟ ਵਿਕਾਊ ਪਏ ਆ। ਅਸੀਂ ਵੀ ਇੱਕ ਦਸ ਕੁ ਮਰਲੇ ਦਾ ਪਲਾਟ ਲੈਣਾ ਚਾਹੰਨੇ ਆਂ। ਪਿੰਡ ਵਾਲਾ ਘਰ ਰਹਿਣ ਲਈ ਬੜਾ ਛੋਟਾ ਆ। ਨਾਲੇ ਸ਼ਹਿਰ ਦਾ ਮਹੌਲ ਕੁੱਝ ਵੱਖਰਾ ਹੁੰਦਾ ਆ। ਪਲਾਟ ਤਾਂ ਹੋਰ ਵੀ ਆਲੇ, ਦੁਆਲੇ ਬਥੇਰੇ ਖਾਲੀ ਪਏ ਆ, ਪਰ ਮੈਂ ਚਾਹੰਨੀ ਆਂ ਕਿ ਕੋਈ ਜਾਣ, ਪਛਾਣ ਵਾਲਾ ਕੋਲ ਰਹਿੰਦਾ ਹੋਵੇ, ਤਾਂ ਚੰਗੀ ਗੱਲ ਆ।"
"ਠੀਕ ਆ ਬੇਟੀ, ਆਉ ਫੇਰ ਪਲਾਟ ਵੇਖ ਲਈਏ।"ਮਾਸਟਰ ਹਰੀ ਰਾਮ ਨੇ ਆਖਿਆ।
ਇੱਕ ਘੰਟਾ ਫਿਰ, ਤੁਰ ਕੇ ਪਲਾਟ ਵੇਖਣ ਪਿੱਛੋਂ ਉਨ੍ਹਾਂ ਨੂੰ ਇੱਕ ਦਸ ਮਰਲੇ ਦਾ ਪਲਾਟ ਪਸੰਦ ਆ ਗਿਆ, ਜਿਹੜਾ ਕਿ ਉਸ ਦੇ ਬਣ ਰਹੇ ਘਰ ਦੇ ਬਿਲਕੁਲ ਸਾਮ੍ਹਣੇ ਸੀ।
ਫੇਰ ਲੜਕੀ ਦੇ ਡੈਡੀ ਨੇ ਉਸ ਨੂੰ ਆਖਿਆ,"ਤੁਹਾਡੇ ਨਾਲ ਲੱਗਦੇ ਦੋ ਘਰ ਕਿਨ੍ਹਾਂ ਦੇ ਆ?"
"ਇਹ ਦੋਵੇਂ ਘਰ ਕੰਮੀਆਂ ਦੇ ਆ।" ਮਾਸਟਰ ਹਰੀ ਰਾਮ ਨੇ ਸੱਚ ਆਖ ਦਿੱਤਾ।
ਉਸ ਦੇ ਏਨਾ ਕਹਿਣ ਦੀ ਦੇਰ ਸੀ ਕਿ ਉਹ ਬਗੈਰ ਕੁੱਝ ਬੋਲੇ ਆਪਣੀ ਧੀ ਨੂੰ ਲੈ ਕੇ ਤੁਰਦਾ ਬਣਿਆ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ  -9915803554

ਦਰਦ ਦੀ ਦਵਾ / ਮਿੰਨੀ ਕਹਾਣੀ - ਮਹਿੰਦਰ ਸਿੰਘ ਮਾਨ

ਗਰਮੀਆਂ ਦੇ ਦਿਨ ਸਨ। ਰਾਤ ਦੇ ਦਸ ਕੁ ਵੱਜਣ ਵਾਲੇ ਸਨ। ਪਿੰਡ ਨੂੰ ਆਉਂਦੀ ਲਿੰਕ ਰੋਡ ਤੇ ਪਿੰਡ ਵਿੱਚ ਦਾਖਲ ਹੋਣ ਲੱਗਿਆਂ ਸਭ ਤੋਂ ਪਹਿਲਾਂ ਮੱਖਣ ਸਿੰਘ ਦਾ ਘਰ ਹੀ ਆਉਂਦਾ ਹੈ। ਅਚਾਨਕ ਉਸ ਦੇ ਘਰ ਦਾ ਗੇਟ ਕਿਸੇ ਨੇ ਖੜਕਾਇਆ। ਉਸ ਨੇ ਆਪਣੇ ਕਮਰੇ ਤੋਂ ਬਾਹਰ ਆ ਕੇ ਗੇਟ ਖੋਲ੍ਹਿਆ। ਇੱਕ 25 ਕੁ ਸਾਲ ਦਾ ਨੌਜਵਾਨ ਗੇਟ ਵਿੱਚ ਖੜ੍ਹਾ ਸੀ। ਸੜਕ ਤੇ ਖੜ੍ਹੀ ਕਾਰ ਵਿੱਚ ਕੋਈ ਔਰਤ ਦਰਦ ਨਾਲ ਕੁਰਲਾ ਰਹੀ ਸੀ। ਨੌਜਵਾਨ ਨੇ ਉਸ ਨੂੰ ਆਖਿਆ," ਇੱਥੇ ਡਾਕਟਰ ਰਵੀ  ਦਾ ਘਰ ਕਿੱਥੇ ਕੁ ਆ? ਉਸ ਨੇ ਸਾਡੇ ਪਿੰਡ ਕਲੀਨਿਕ ਖੋਲ੍ਹਿਆ ਹੋਇਐ। ਕਾਰ 'ਚ ਬੈਠੀ ਮੇਰੀ ਛੋਟੀ ਭੈਣ ਦੇ ਦਿਲ ਤੇ ਬਹੁਤ ਦਰਦ ਹੋ ਰਿਹੈ। ਅਸੀਂ ਉਸ ਨੂੰ ਫੋਨ ਕਰਨ ਦਾ ਬਹੁਤ ਯਤਨ ਕੀਤਾ, ਪਰ ਉਸ ਦਾ ਫੋਨ ਬੰਦ ਆ ਰਿਹੈ। ਮੇਰੀ ਛੋਟੀ ਭੈਣ ਪਹਿਲਾਂ ਵੀ ਉਸ ਤੋਂ ਦਵਾਈ ਲੈਂਦੀ ਆ।"
" ਉਸ ਦਾ ਘਰ ਪਿੰਡ 'ਚ ਤੰਗ ਗਲੀ 'ਚ ਆ। ਤੁਹਾਨੂੰ ਲੱਭਣ 'ਚ ਔਖ ਆਵੇਗੀ। ਇਸ ਕਰਕੇ ਮੈਂ ਤੁਹਾਡੇ ਨਾਲ ਚੱਲਦਾਂ," ਕੁੜੀ ਨੂੰ ਦਰਦ ਨਾਲ ਕੁਰਲਾਂਦੇ ਵੇਖ ਕੇ ਮੱਖਣ ਸਿੰਘ ਨੇ ਆਖਿਆ।
ਨੌਜਵਾਨ ਨੇ ਮੱਖਣ ਸਿੰਘ ਨੂੰ ਕਾਰ ਵਿੱਚ ਬਿਠਾ ਕੇ ਕਾਰ ਸਟਾਰਟ ਕੀਤੀ। ਅੱਧਾ ਕੁ ਕਿਲੋਮੀਟਰ ਜਾ ਕੇ ਮੱਖਣ ਸਿੰਘ ਨੇ ਨੌਜਵਾਨ ਨੂੰ ਕਾਰ ਰੋਕਣ ਲਈ ਕਿਹਾ। ਮੱਖਣ ਸਿੰਘ, ਨੌਜਵਾਨ ਤੇ ਉਸ ਦੀ ਛੋਟੀ ਭੈਣ ਕਾਰ ਚੋਂ ਉਤਰ ਕੇ ਡਾਕਟਰ ਰਵੀ ਦੇ ਘਰ ਵੱਲ ਨੂੰ ਤੁਰ ਪਏ। ਉਸ ਦੇ ਘਰ ਪਹੁੰਚ ਕੇ ਮੱਖਣ ਸਿੰਘ ਨੇ ਉਸ ਦੇ ਘਰ ਦਾ ਗੇਟ ਖੜਕਾਇਆ। ਉਸ ਦੇ ਡੈਡੀ ਨੇ ਗੇਟ ਖੋਲ੍ਹਿਆ ਤੇ ਉਹ ਕੁਰਸੀਆਂ ਤੇ ਬੈਠ ਕੇ ਉਸ ਦਾ ਇੰਤਜ਼ਾਰ ਕਰਨ ਲੱਗੇ। ਉਸ ਨੇ ਆਉਂਦੇ ਸਾਰ ਕੁੜੀ ਦਾ ਬਲੱਡ ਪ੍ਰੈਸ਼ਰ ਵੇਖਿਆ, ਜੋ ਕਿ ਨਾਰਮਲ ਤੋਂ ਕੁੱਝ ਵੱਧ ਸੀ। ਫੇਰ ਉਸ ਨੇ ਕੁੜੀ ਦੇ ਦਰਦ ਦਾ ਟੀਕਾ ਲਾਇਆ ਤੇ ਖਾਣ ਨੂੰ ਦੋ ਗੋਲੀਆਂ ਦਿੱਤੀਆਂ। ਦਸ ਕੁ ਮਿੰਟਾਂ ਵਿੱਚ ਉਸ ਨੂੰ ਦਰਦ ਤੋਂ ਕਾਫੀ ਰਾਹਤ ਮਿਲ ਗਈ। ਡਾਕਟਰ ਰਵੀ ਦਾ ਹਾਲੇ ਵਿਆਹ ਨਹੀਂ ਸੀ ਹੋਇਆ। ਉਹ ਵੇਖਣ ਨੂੰ ਬੜਾ ਸੋਹਣਾ ਲੱਗਦਾ ਸੀ। ਉਸ ਦੇ ਡੈਡੀ ਨੇ ਸੋਚਿਆ, ਕਿਤੇ ਉਸ ਦਾ ਮੁੰਡਾ ਇਸੇ ਕੁੜੀ ਨਾਲ ਵਿਆਹ ਨਾ ਕਰਵਾ ਲਵੇ। ਆਣ ਵਾਲੇ ਖਤਰੇ ਨੂੰ ਭਾਂਪਦੇ ਹੋਏ  ਉਸ ਨੇ ਕੁੜੀ ਦੇ ਵੱਡੇ ਭਰਾ ਨੂੰ ਆਖਿਆ," ਵੇਖ ਪੁੱਤ, ਮੇਰੀ ਗੱਲ ਦਾ ਗੁੱਸਾ ਨਾ ਕਰੀਂ। ਇਸ ਵੇਲੇ ਤੇਰੀ ਭੈਣ ਵਿਆਹੇ ਜਾਣ ਦੇ ਯੋਗ ਆ। ਇਦ੍ਹੇ ਲਈ ਚੰਗਾ ਜਿਹਾ ਮੁੰਡਾ ਲੱਭੋ। ਇਸ ਦੇ ਦਿਲ ਤੇ ਜਿਹੜਾ ਦਰਦ ਹੁੰਦਾ ਆ, ਇਹ ਟੈਂਪਰੇਰੀ ਆ। ਇਹ ਕੋਈ ਗੰਭੀਰ ਬੀਮਾਰੀ ਨਹੀਂ। ਇਸ ਦਾ ਵਿਆਹ ਹੋਣ ਨਾਲ  ਸਭ ਕੁੱਝ ਠੀਕ ਹੋ ਜਾਵੇਗਾ।"
ਇਸ ਤੋਂ ਪਹਿਲਾਂ ਕਿ ਉਹ ਹੋਰ ਕੁੱਝ ਬੋਲਦਾ, ਉਹ ਡਾਕਟਰ ਰਵੀ ਦੇ ਘਰ ਤੋਂ ਬਾਹਰ ਆ ਗਏ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554