ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਬੋਲੇ ਲਫ਼ਜ਼ ਤੇਰੇ, ਬਿੰਨ ਖੰਭਾਂ ਡਾਰ ਬਣਗੇ।
ਉਹ ਕੁਝ ਦੇ ਲਈ ਸਤਿਕਾਰ ਕੁਝ ਨੂੰ ਭਾਰ ਬਣਗੇ।
ਚੰਗੇ ਦਿਨ ਗੁਜਰ ਦੇ ਹਨ ਖੁਦਾ ਦੇ ਫਜ਼ਲ ਕਰਕੇ,
ਉਸ ਦੇ ਹੀ ਰਹਿਮਤੇ - ਕਰਮ ਸੇਵਾਦਾਰ ਬਣਗੇ।
ਲੋਕਾ ਦਾ ਪਿਆਰ ਗਵਾਹ ਤਾਂ ਇਸ ਗੱਲ ਦਾ ਹੈ,
ਜੋ ਮੈਨੂੰ ਮਿਲਣ ਆਏ ਮਿਰੇ ਦਿਲਦਾਰ ਬਣਗੇ।
ਪੈਂਦਾ ਮੁੱਲ ਹੈ ਇੱਥੇ ਅਕਲ ਤੋਂ ਵੱਧ ਹੁਸ਼ਨ ਦਾ,
ਮਿਲਗੇ ਜਦ ਅਕਲ ਤੇ ਹੁਸਨ ਉਹ ਸਰਦਾਰ ਬਣਗੇ।
ਮਿਲਦਾ ਸੁੱਖ ਜਦ ਵੀ ਹੈ ਕਲਾ ਦਾ ਮੁੱਲ ਪੈਂਦਾ,
ਹੁੰਦਾ ਦੁੱਖ ਹੈ ਜਦ ਆਖਣ ਇਹ ਨਚਾਰ ਬਣਗੇ।
ਲੱਗਣ ਪੈਰ ਨਾ ਧਰਤੀ ਉਪਰ ਉਸਦੇ ਪਿਆਰ ਕਰਕੇ,
ਖੰਭਾਂ ਬਿੰਨ ਉਡਦਾਂ ਨੈਣ ਦੋ ਜਦ ਚਾਰ ਬਣਗੇ।
ਜਿਉਂਦੇ ਜੀਅ ਜਿੰਨਾਂ ਬਾਤ ਨਾ ਪੁੱਛੀ ਕਦੇ ਆ,
ਉਹਦੇ ਮਰਨ ਦੀ ਸੀ ਦੇਰ ਉਹ ਹੱਕਦਾਰ ਬਣਗੇ।
ਸੀ ਮੁਸ਼ਕਲ ਸਮੇਂ ਵਿਚ ਰੱਖਿਆ ਜਿਸ ਮੂੰਹ ਵੱਟੀ,
ਹੁਣ ਸੁੱਖਾਂ ਸਮੇਂ ਉਹ ਆ ਮਿਰੇ ਦਿਲਯਾਰ ਬਣਗੇ।
ਸਿੱਧੂ ਆਖਦਾ ਹੈ ਕੇ ਅਸੀਂ ਆਜ਼ਾਦ ਹੋਗੇ,
ਕਿਉਂ ਕੇ ਹੁਣ ਅਜਾਸ਼ੀ ਦੇ ਲਈ ਬਾਜ਼ਾਰ ਬਣਗੇ।
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਹੈ ਚਾਰੇ ਪਾਸੇ ਮੱਚੀ ਹਾਹਾਕਾਰ ਵੇਖੋ।
ਤਰ ਤੇ ਲੂਣ ਘਸਾਉਂਦੀ ਇਹ ਸਰਕਾਰ ਵੇਖੋ।
ਲਗਦਾ ਹੈ ਭਾਸ਼ਾ ਭੁੱਲ ਪਿਆਰਾਂ ਦੀ ਗਏ ਉਹ।
ਤਾਂ ਹੀ ਬੋਲਾਂ ਚੋ ਨੇ ਕਿਰਦੇ ਅੰਗਾਰ ਵੇਖੋ।
ਬੰਦੇ ਸਿਰ ਥੋਪਾਂ ਜਾਂ ਆਖਾਂ ਕਹਿਰ ਕੁਦਰਤ ਦਾ,
ਇਹ ਨਾਲ ਨਸ਼ੇ ਦੇ ਵਿਲਕਣ ਜੋ ਪਰਵਾਰ ਵੇਖੋ।
ਜੋ ਲਾਸ਼ਾਂ ਦੇ ਢੇਰਾਂ ਨੂੰ ਵੇਖ ਪਸੀਜ ਦੇ ਨਾਂ,
ਹੁਣ ਦੇ ਇੰਨਾਂ ਨੇਤਾਵਾਂ ਦਾ ਕਿਰਦਾਰ ਵੇਖੋ।
ਮਿਲਦੀ ਮੌਤ ਸਜਾ ਹੈ ਜਿੱਥੇ ਬੇਕਸੂਰਾ ਨੂੰ,
ਉਸ ਥਾਂ ਹੀ ਕਾਤਲ ਦਾ ਹੁੰਦਾ ਸਤਕਾਰ ਵੇਖੋ।
ਚਾਰੇ ਪਾਸੇ ਝਾਕੋ ਅੱਖਾਂ ਖੋਲ੍ਹ ਨਗਰੀ ਵਿਚ,
ਅੱਧੋਂ ਬਹੁਤੇ ਭੁੱਖੇ ਤੇ ਕੁਝ ਕੁ ਬਿਮਾਰ ਵੇਖੋ।
ਹੁਣ ਦੇ ਨੇਤਾ ਤੇ ਪਹਿਲੇ ਵਿਚ ਕੀ ਫਰਕ ਸਿੱਧੂ,
ਦੋਹਾਂ 'ਚੋਂ ਉੱਚਾ ਕਿਸ ਦਾ ਹੈ ਕਿਰਦਾਰ ਵੇਖੋ।
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਇਹ ਵੇਖੋ ਕੈਸਾ ਰਾਜ ਹੈ ਮੀਆਂ।
ਬਦਮਾਸ਼ਾਂ ਦੇ ਸਿਰ ਤਾਜ ਹੈ ਮੀਆਂ।
ਗਾਉਣ ਦੀ ਜਿਹੜਾ ਸਾਰ ਨਾ ਜਾਣੇ,
ਹੁਣ ਉਸ ਦੇ ਹੱਥ ਚ ਸਾਜ ਹੈ ਮੀਆਂ।
ਹੈ ਰੰਗ ਲਗਾ ਅੱਜ ਸ਼ਕਲ ਬਦਲ ਕੇ,
ਇਕ ਚਿੱੜੀ ਬਣਗੀ ਬਾਜ ਹੈ ਮੀਆਂ।
ਸੱਚੇ ਨੂੰ ਫੜ ਜੇਲ ਵਿਚ ਪਾ ਦਿੱਤਾ,
ਝੂਠੇ ਦੀ ਉੱਚੀ ਅਵਾਜ਼ ਹੈ ਮੀਆਂ।
ਤਾਕਤ ਲੁੱਚੇ ਦੇ ਹੱਥ ਜਦ ਆਈ,
ਰਾਹਾਂ ਵਿਚ ਰੁਲਦੀ ਲਾਜ ਹੈ ਮੀਆਂ।
ਨਾਂ ਤੇਰਾ ਲੈ ਕੇ ਲੁੱਟਦੇ ਸਾਰੇ,
ਪੜਦੇ ਬਾਣੀ ਜਾਂ ਨਮਾਜ ਹੈ ਮੀਆਂ।
ਖੁਦ ਹੀ ਕਰਕੇ ਦੂਸ਼ਤ ਹਵਾ ਪਾਣੀ,
ਕਰਦੇ ਹੋ ਕਿਸ ਦਾ ਨਾਜ ਹੈ ਮੀਆਂ।
ਹੱਕਾਂ ਦੀ ਖਾਤਰ ਵਾਰਨਾ ਆਪਾ,
ਇਹ ਹੀ ਅਸਲੀ ਪਰਵਾਜ ਹੈ ਮੀਆਂ।
ਇਹ ਕੁਦਰਤ ਦਾ ਕਰਦੇ ਵਿਨਾਸ਼ ਬੜਾ,
ਰੋਂਦਾ ਧਾਹਾਂ ਮਾਰ ਸਮਾਜ ਹੈ ਮੀਆਂ।
ਇਹ ਫੁੱਲ ਕਲੀਆਂ ਤੇ ਹਵਾ ਪਾਣੀ,
ਅੱਲ੍ਹਾ ਨੇ ਦਿੱਤਾ ਦਾਜ ਹੈ ਮੀਆਂ।
ਹੈ ਮਨ ਵਿਚ ਸਿੱਧੂ ਧਾਰ ਕੇ ਤੁਰਿਆ,
ਭੈੜੇ ਦਾ ਖੋਲਣਾ ਪਾਜ ਹੈ ਮੀਆਂ।
ਅਮਰਜੀਤ ਸਿੰਘ ਸਿੱਧੂ
ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਸਰਕਾਰੀ ਅਫਸਰ ਲੀਡਰ ਸਾਧ ਅਖੌਤੀ ਡੇਰੇਦਾਰ ਇਹ ।
ਜੋ ਲਿਸ਼ਕ ਪੁਸ਼ਕ ਕੇ ਰਹਿਣ ਸਦਾ ਕਰਦੇ ਨੇ ਮਾੜੀ ਕਾਰ ਇਹ।
ਵੇਖ ਜਵਾਨੀ ਦਿੱਤੀ ਇੰਨਾਂ ਨੇ ਘੱਟੇ ਦੇ ਵਿਚ ਰੋਲ ਹੈ,
ਪੈਸੇ ਕੱਠੇ ਕਰਨ ਲਈ ਖੁਦ ਚਿੱਟੇ ਦਾ ਕਰਨ ਵਪਾਰ ਇਹ।
ਕੰਮ ਅਸਾਂ ਨੂੰ ਦੇਣ ਦੀ ਥਾਂ ਭੀਖ ਰਹੇ ਸਾਡੀ ਝੋਲੀ ਚ ਪਾ,
ਮੰਗਤਿਆਂ ਦੇ ਵਾਂਗ ਵਿਹਾਰ ਕਰ ਰਹੀ ਸਾਡੀ ਸਰਕਾਰ ਇਹ।
ਵਾਂਗ ਗੁਲਾਬ ਦਿਆਂ ਫੁੱਲਾਂ ਦੇ ਮਹਿਕ ਰਿਹਾ ਸੀ ਪੰਜਾਬ ਜਦ,
ਛਿੱੜਕ ਤੇਲ ਜੜਾਂ ਚ ਗਏ ਰਾਖੇ ਕਸ਼ਮੀਰੀ ਸਰਦਾਰ ਇਹ।
ਚਾਨਣ ਦੇ ਬਨਜ਼ਾਰੇ ਜਿੱਥੇ ਲੋਭ ਚ ਆ ਨੇਰਾ ਵੰਡਦੇ,
ਅੱਜ ਉਨ੍ਹਾਂ ਦੇ ਹੱਕ ਚ ਵੇਖੋ ਲੀਡਰ ਕਰਦੇ ਪਰਚਾਰ ਇਹ।
ਵਾਰਸ ਬਣਜੋ ਵਿਰਸੇ ਦੇ ਸਿੱਧੂ ਸਭ ਨੂੰ ਹੈ ਇਹ ਆਖਦਾ,
ਤਦ ਹੀ ਖੇਤ ਬਚੂਗਾ ਜੇਕਰ ਬਦਲਾਂਗੇ ਚੌਕੀਦਾਰ ਇਹ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਕਿੱਦਾਂ ਆਖਾਂ ਹੋਏ ਹਾਂ ਆਜ਼ਾਦ ਅਸੀਂ।
ਆਜ਼ਾਦੀ ਨੇ ਕਰ ਦਿੱਤੇ ਬਰਬਾਦ ਅਸੀਂ।
ਇਸ ਵੰਡ ਅਸਾਂ ਤੋਂ ਜੋ ਕੀਤੇ ਨੇ ਵੱਖਰੇ,
ਹਰ ਵੇਲੇ ਕਰਦੇ ਉਹਨਾਂ ਨੂੰ ਯਾਦ ਅਸੀਂ।
ਜਿਸ ਨੇ ਸੰਤਾਲੀ 'ਚ ਗਦਾਰੀ ਕੀਤੀ ਸੀ,
ਰਾਜ ਕਰੇਂਦੀ ਉਸ ਦੀ ਵੇਖੀ ਉਲਾਦ ਅਸੀਂ।
ਕਿਰਤੀ ਕਾਮੇ ਭੁੱਖੇ ਮਰਦੇ ਵੇਖ ਲਵੋ,
ਖਾਂਦਾ ਵਿਹਲੜ ਤੱਕਿਆ ਨਾਲ ਸਵਾਦ ਅਸੀਂ।
ਜੇ ਮਾਲੀ ਖੁਦ ਕਰਦਾ ਹੋਵੇ ਅਲਗਰਜੀ,
ਕਿੱਥੋਂ ਵੇਖਾਂਗੇ ਉਹ ਬਾਗ ਅਬਾਦ ਅਸੀਂ।
ਮਾਂ ਬੋਲੀ ਨੂੰ ਬੋਲਣ ਤੋਂ ਹੈ ਇਹ ਡਰਦਾ,
ਵੇਖ ਲਿਆ ਹੁਣ ਅੱਖੀਂ ਇਹ ਪੰਜਾਬ ਅਸੀਂ।
ਬਣਦਾ ਵੇਖ ਰਹੇ ਹਾਂ ਸਿੱਧੂ ਮਾਰੂਥਲ,
ਵੇਖੇ ਜਿੱਥੇ ਵਗਦੇ ਸੀ ਪੰਜ ਆਬ ਅਸੀਂ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ।
ਕੰਮ ਪੁਠੇ ਹਨ ਕਰਦੇ ਨੇਤਾ।
ਪਿੱਛੇ ਰਹਿ ਕੇ ਪਰਦੇ ਨੇਤਾ।
ਵੋਟਾਂ ਦੇ ਵਿਚ ਜਿੱਤਣ ਖਾਤਰ,
ਸਾਧਾਂ ਦੀ ਚੌਕੀ ਭਰਦੇ ਨੇਤਾ।
ਦਿਨ ਰਾਤਾਂ ਨੂੰ ਭੱਜੇ ਫਿਰਦੇ,
ਪੈਸਾ ਕੱਠਾ ਕਰਦੇ ਨੇਤਾ।
ਕਾਤਲ ਡਾਕੂ ਚੋਰ ਲੁਟੇਰੇ,
ਦੀ ਹਾਮੀ ਹਨ ਭਰਦੇ ਨੇਤਾ।
ਮਜਲੂਮਾਂ ਦੀ ਅਜਮਤ ਲੁੱਟਣ,
ਭੋਰਾ ਸਰਮ ਨ ਕਰਦੇ ਨੇਤਾ।
ਲਾਰੇ ਲਾ ਕੇ ਵੋਟਾਂ ਲੈ ਇਹ,
ਉੱਲੂ ਸਿੱਧਾ ਕਰਦੇ ਨੇਤਾ।
ਮਾੜੇ ਤੇ ਇਹ ਜ਼ੋਰ ਵਿਖਾਉਣ,
ਤਕੜੇ ਤੋਂ ਹਨ ਡਰਦੇ ਨੇਤਾ।
ਰਾਜ ਨਹੀਂ ਜੀ ਸੇਵਾ ਕਰਨੀ,
ਕਹਿ ਝੋਲੀਆਂ ਭਰਦੇ ਨੇਤਾ।
ਕੋਹਾਂ ਦੂਰ ਰਹਿਣ ਸੱਚੇ ਤੋਂ,
ਝੂਠੇ ਦਾ ਦਮ ਭਰਦੇ ਨੇਤਾ।
ਦੇਣ ਬਲੀ ਮਿੱਤਰ ਦੀ ਸਿੱਧੂ,
ਜੇਕਰ ਹੋਵਣ ਹਰਦੇ ਨੇਤਾ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ।
ਗ਼ਜ਼ਲ - ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਆਪੇ ਮੰਜਿਲ ਮਿਲ ਜਾਵੇਗੀ ਖੁਦ ਵੇਖ ਲਈਂ।
ਖਾਲੀ ਝੋਲੀ ਭਰ ਜਾਵੇਗੀ ਖੁਦ ਵੇਖ ਲਈਂ।
ਵਿਹੜੇ ਬੈਠੀ ਬਿਰਹੋਂ ਦੇ ਜੋ ਵੈਣ ਰਹੀ ਪਾ,
ਸੱਜਣ ਆ ਗੇ ਹੁਣ ਗਾਵੇਗੀ ਖੁਦ ਵੇਖ ਲਈਂ।
ਲੁੱਟਾਂ ਖੋਹਾਂ ਕਰਨਾ ਜੇ ਹੈ ਕੰਮ ਉਨ੍ਹਾਂ ਦਾ,
ਕੀਤੇ ਦਾ ਫਲ ਉਹ ਪਾਵੇਗੀ ਖੁਦ ਵੇਖ ਲਈਂ।
ਨਸ਼ਿਆਂ ਦੀ ਇਹ ਨੇਰ੍ਹੀ ਹੈ ਨੇਤਾ ਦੀ ਰਹਿਮਤ,
ਵੋਟਾਂ ਵੇਲੇ ਤੜਫਾਵੇਗੀ ਖੁਦ ਵੇਖ ਲਈਂ।
ਨੇਰ੍ਹੇ ਮਗਰੋਂ ਚਾਨਣ ਆ ਜਦ ਪੈਰ ਪਸਾਰੂ,
ਹਰ ਚਿਹਰੇ ਰੌਣਕ ਆਵੇਗੀ ਖੁਦ ਵੇਖ ਲਈਂ।
ਆਖਰ ਨੂੰ ਤੂੰ ਤੱਕ ਲਈਂ ਜਿੱਤੇਗਾ ਸੱਚਾ,
ਨੀਵੀਂ ਝੂਠ ਦੀ ਪੈ ਜਾਵੇਗੀ ਖੁਦ ਵੇਖ ਲਈਂ।
ਉਸ ਨਾਲ ਮੁਹੱਬਤ ਦੀਆਂ ਸਿੱਧੂ ਕਰ ਗੱਲਾਂ,
ਆਪੇ ਦੂਰੀ ਮਿਟ ਜਾਵੇਗੀ ਖੁਦ ਵੇਖ ਲਈਂ।
ਅਮਰਜੀਤ ਸਿੰਘ ਸਿੱਧੂ ਬੱਧਨੀ ਕਲਾਂ
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਤੂੰ ਕੰਮ ਅਜਿਹਾ ਕਰ ਕਦੇ ਉਹ ਭੁੱਲੇ ਨਾਂ।
ਤੂੰ ਦੁੱਖ ਮਾੜੇ ਦਾ ਹਰ ਕਦੇ ਉਹ ਭੁੱਲੇ ਨਾ।
ਤੂੰ ਹੱਥ ਫੜ ਮਜਦੂਰ ਦਾ ਲੈ ਛਾਤੀ ਲਾ,
ਦੇ ਤਾਕਤ ਉਸ 'ਚ ਭਰ ਕਦੇ ਉਹ ਭੁੱਲੇ ਨਾਂ।
ਆ ਸੱਜਣਾ ਦੇ ਸੰਗ ਮਿਲ ਕੇ ਖੇਡੀਏ ,
ਤੂੰ ਜਿੱਤ ਕੇ ਬਾਜੀ ਹਰ ਕਦੇ ਉਹ ਭੁੱਲੇ ਨਾ।
ਸਿਰ ਬੰਨ ਕੱਫਣ ਤੁਰ ਪਈ ਸੀ ਹਿੰਮਤ ਕਰ,
ਜੇ ਜਾਣ ਕੱਚੇ ਤਰ ਕਦੇ ਉਹ ਭੁੱਲੇ ਨਾਂ।
ਰਾਖੀ ਕਰੇ ਬੇਖੌਫ ਲੜਦਾ ਸੱਚ ਲਈ,
ਜੋ ਮੌਤ ਦਾ ਹੈ ਡਰ ਕਦੇ ਉਹ ਭੁੱਲੇ ਨਾ।
ਹੈ ਸੋਚ ਸਿੱਧੂ ਖੰਭ ਕੱਟ ਦਿਆਂ ਉਹਦੇ,
ਕੱਟੇ ਗਏ ਜੇ ਪਰ ਕਦੇ ਉਹ ਭੁੱਲੇ ਨਾ।
ਅਮਰਜੀਤ ਸਿੰਘ ਸਿੱਧੂ
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਭੁਲਦੇ ਨਾਂ ਉਹ ਦਿਨ ਤੇਰੇ ਨਾਲ ਬਿਤਾਏ ਜੋ।
ਗਮ ਬਣਗੇ ਸਰਮਾਇਆ ਤੂੰ ਝੋਲੀ ਪਾਏ ਜੋ।
ਉਹ ਤੇਰੇ ਮੱਥੇ ਦਾ ਨਾ ਬਣਨ ਕਲੰਕ ਦਿੱਤੇ,
ਦੂਸ਼ਣ ਸਾਡੇ ਸਿਰ ਇੰਨਾਂ ਲੋਕਾਂ ਲਾਏ ਜੋ।
ਉਹ ਭੁਲ ਜਾਵਣਗੇ ਕਿੱਦਾਂ ਤੂੰ ਸਮਝਾ ਮੈਨੂੰ,
ਮੇਰੇ ਤੇ ਸੀ ਝੂਠੇ ਇਲਜਾਮ ਲਗਾਏ ਜੋ।
ਇਹ ਹੌਕੇ ਹੰਝੂ ਹਾਵੇ ਤੋਹਫੇ ਬਿਰਹੋਂ ਦੇ,
ਤੂੰ ਸਾਡੀ ਝੋਲੀ ਦੇ ਵਿਚ ਯਾਰਾ ਪਾਏ ਜੋ।
ਜਦ ਤਾਈਂ ਚੱਲਣਗੇ ਸਾਹ ਕਦੇ ਭੁਲਣੇ ਨਾਂ,
ਤੂੰ ਸਾਡੇ ਜਖਮਾਂ ਵਿਚ ਸੀ ਲੂਣ ਭਰਾਏ ਜੋ।
ਕਿੱਦਾਂ ਦੱਸ ਭੁਲਾਈਏ ਸਾਨੂੰ ਤੂੰ ਸਮਝਾ,
ਮਚਦੇ ਟਾਇਰ ਸੀ ਸਾਡੇ ਗਲ ਵਿਚ ਪਾਏ ਜੋ।
ਚਮਕੇ ਚੰਦਰਮਾਂ ਵਾਗੂੰ ਜੱਗ ਚ ਉਹਦਾ ਨਾਂ,
ਖਾਤਰ ਦੂਜੇ ਦੀ ਅਪਣਾ ਸੀਸ ਲਗਾਏ ਜੋ।
ਉਹ ਤਾਂ ਸਾਰੀ ਉਮਰ ਜਿਹਨ ਵਿਚ ਰੜਕਣਗੇ,
ਤੂੰ ਸੱਥ ਚ ਖੜਕੇ ਮੈਨੂੰ ਬੋਲ ਸੁਣਾਏ ਜੋ।
ਜੀਵਨ ਵਿਚ ਪਾ ਨੀ ਸਕਦਾ ਅਪਣੀ ਮੰਜਿਲ ਉਹ,
ਪਹਿਲਾ ਕਦਮ ਧਰਨ ਤੋਂ ਸਿੱਧੂ ਘਬਰਾਏ ਜੋ।
ਅਮਰਜੀਤ ਸਿੰਘ ਸਿੱਧੂ
+4917664197996
ਗ਼ਜ਼ਲ - ਅਮਰਜੀਤ ਸਿੰਘ ਸਿੱਧੂ
ਤੇਰੀਆਂ ਯਾਦਾ 'ਚ ਅਸੀਂ ਗਜਰਾਤੇ ਕਰਦੇ ਰਹੇ
ਦੀਪ ਜਗਾ ਕੇ ਆਸਾਂ ਦੇ ਲੋਅ ਅਸੀਂ ਕਰਦੇ ਰਹੇ।
ਚਾਹਤ ਦਿਲ ਵਿਚ ਸੀ ਮੇਰੇ ਤੈਨੂੰ ਖੁਸ਼ ਵੇਖਾਂ ਸਦਾ,
ਜਿਸ ਦੇ ਕਰਕੇ ਹੀ ਜਿੱਤੀ ਬਾਜੀ ਨੂੰ ਹਰਦੇ ਰਹੇ।
ਤੇਰੇ ਆਖੇ ਬੋਲਾਂ ਤੇ ਸੀ ਫੁੱਲ ਚੜਾਉਣ ਲਈ,
ਪੱਥਰ ਰੱਖ ਦਿਲ ਉਪਰ ਸਾਰਾ ਕੁਝ ਜਰਦੇ ਰਹੇ।
ਨਾਂ ਦਾਗੀ ਹੋ ਜਾਵੇ ਚਿੱਟੀ ਇੱਸ਼ਕ ਦੀ ਪੱਗੜੀ,
ਤਾਂ ਹੀ ਤਾਂ ਉਹ ਕੱਚੇ ਤੇ ਰਾਤਾਂ ਨੂੰ ਤਰਦੇ ਰਹੇ।
ਇਹ ਬੱਚੇ ਨੇ ਗਿੱਦੜ ਦੇ ਬੜ ਘੁਰਨੇ ਵਿਚ ਸ਼ੇਰ ਦੇ,
ਨਾਲ ਚਲਾਕੀ ਦੇ ਇਹ ਰਾਜ ਸਦਾ ਹੀ ਕਰਦੇ ਰਹੇ।
ਉਹ ਸਾਡੀ ਹੀ ਭੇਲੀ ਨੂੰ ਘਰ ਅਪਣੇ ਸੀ ਰੱਖਕੇ,
ਇਲਜਾਮ ਕਿਵੇਂ ਚੋਰੀ ਦਾ ਸਾਡੇ ਸਿਰ ਧਰਦੇ ਰਹੇ।
ਮਿੱਠੀ ਬੋਲੀ ਸੁਣ ਸਿੱਧੂ ਵਿਚ ਚਾਲਾਂ ਦੇ ਫਸ ਅਸੀਂ,
ਬਣ ਦੇਸ਼ ਭਗਤ ਵੱਡੇ ਹੁਣ ਤਾਈਂ ਹਾਂ ਮਰਦੇ ਰਹੇ।