Chunjhan Ponche

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

13 Aug. 2018

ਭਾਜਪਾ ਨੇ ਰਾਜ ਸਭਾ ਦੇ ਡਿਪਟੀ ਚੇਅਰਮੈਨ ਲਈ ਅਕਾਲੀ ਦਲ ਦਾ ਦਾਅਵਾ ਰੱਦ ਕੀਤਾ - ਇਕ ਖ਼ਬਰ
ਗੋਰੇ ਰੰਗ 'ਤੇ ਝਰੀਟਾਂ ਵੱਜੀਆਂ, ਬੇਰੀਆਂ ਦੇ ਬੇਰ ਖਾਣੀਏਂ।

ਬਰਗਾੜੀ ਇਨਸਾਫ਼ ਮੋਰਚੇ 'ਚ ਤਰੇੜਾਂ ਪਈਆਂ- ਇਕ ਖ਼ਬਰ
ਕੂੰਡੇ ਭੱਜ ਗਏ ਘੋਟਣੇ ਟੁੱਟ ਗਏ, ਤਕੀਏ ਮਲੰਗ ਲੜ ਪਏ।

ਖਹਿਰਾ ਧੜੇ ਵਲੋਂ ਭਗਵੰਤ ਮਾਨ ਦੀ ਦੋ ਸਾਲ ਪੁਰਾਣੀ ਆਡੀਓ ਜਾਰੀ- ਇਕ ਖ਼ਬਰ
ਤੇਰੇ ਛੱਲੇ ਨੇ ਪੁਆੜੇ ਪਾਏ, ਲਿਆ ਭਾਬੀ ਨੇ ਪਛਾਣ ਮਿੱਤਰਾ।

ਲੋਕਾਂ ਕੋਲ਼ ਪਾਉਣ ਨੂੰ ਕੱਪੜੇ ਨਹੀਂ ਤੇ ਸਰਕਾਰ ਵਾਸ਼ਿੰਗ ਮਸ਼ੀਨਾਂ ਵੰਡ ਰਹੀ ਹੈ- ਸੁਪਰੀਮ ਕੋਰਟ
ਢਿੱਡੋਂ ਭੁੱਖੀ ਤੇ ਘੀਸੀ 'ਤੇ ਜ਼ੋਰ।

ਬਾਦਲੀਆਂ ਨੇ ਭਾਜਪਾ ਨਾਲ਼ ਨਾਰਾਜ਼ਗੀ ਸਹੇੜਨ ਦਾ ਇਰਾਦਾ ਟਾਲ਼ਿਆ- ਇਕ ਖ਼ਬਰ
ਹੁਣ ਅੱਕਾਂ ਤੋਂ ਭਾਲ਼ਦੇ ਡੇਲੇ, ਜੱਟਾਂ ਨੇ ਕਰੀਰ ਪੁੱਟ ਲਏ।

ਮਾਨ ਨੇ ਅਸਤੀਫ਼ੇ ਦਾ ਕੀਤਾ ਸੀ ਸਿਰਫ਼ ਡਰਾਮਾ- ਸੁਖਪਾਲ ਖਹਿਰਾ
ਮੂੰਹ ਦਾ ਮਿੱਠੜਾ ਮੁੰਡਾ, ਦਿਲ 'ਚ ਰੱਖੇ ਬੇਈਮਾਨੀ।

ਪਾਰਟੀ ਦੇ ਏਕੇ ਲਈ ਅਹੁੱਦਾ ਛੱਡਣ ਲਈ ਤਿਆਰ ਹਾਂ- ਹਰਪਾਲ ਚੀਮਾ
ਡੋਰ ਵੱਟ ਕੇ ਗਲ਼ੇ ਦੇ ਵਿਚ ਪਾਵਾਂ, ਮਿੱਤਰਾ ਤਵੀਤ ਬਣ ਜਾ।

ਬਰਗਾੜੀ ਦੀ ਦੁਖਦਾਈ ਘਟਨਾ 'ਤੇ ਸਰਕਾਰ ਨੇ ਧਾਰੀ ਚੁੱਪ- ਇਕ ਖ਼ਬਰ
ਕੁਝ ਬੋਲ ਵੇ ਦਿਲਾਂ ਦੀ ਘੁੰਡੀ ਖੋਲ੍ਹ ਵੇ, ਕਿ ਅੱਧੀ ਰਾਤੋਂ ਰਾਤ ਟੱਪ ਗਈ।

ਸਿਆਸਤਦਾਨ ਅਤੇ ਪੁਲਿਸ ਵਿਭਾਗ ਨਸ਼ੇ ਖ਼ਤਮ ਕਰਨ ਪ੍ਰਤੀ ਸੁਹਿਰਦ ਨਹੀਂ- ਡਾ. ਸੋਹਲ
ਕੋਈ ਊਠਾਂ ਵਾਲ਼ੇ ਨੀਂ, ਲੁੱਟ ਕੇ ਸੇਜ ਸੱਸੀ ਦੀ ਲੈ ਗਏ।

ਪੰਜਾਬ 'ਚ ਫ਼ਿਕਰਮੰਦੀ ਅਤੇ ਫ਼ਰਜ਼ ਦੀ ਰਾਜਨੀਤੀ ਨਹੀਂ, ਖਰਮਸਤੀਆਂ ਦੀ ਰਾਜਨੀਤੀ ਹੋ ਰਹੀ ਹੈ-ਰਾਮੂਵਾਲੀਆ
ਜ਼ਖ਼ਮ ਮਿਲਾਉਣਾ ਔਖਾ ਤੇ ਤਲਵਾਰ ਚਲਾਉਣੀ ਸੌਖੀ ਆ।

ਸਾਖਰਤਾ ਕਮੇਟੀ ਦੇ ਸਟੋਰ 'ਚ ਰੱਦੀ ਦਾ ਢੇਰ ਬਣੀਆਂ ਹਜ਼ਾਰਾਂ ਕਿਤਾਬਾਂ- ਇਕ ਖ਼ਬਰ
ਬੋਤਲਾਂ ਹੁੰਦੀਆਂ ਤਾਂ ਸਾਂਭਦੇ ਲੱਖ ਵਾਰੀ, ਕੀ ਕਰੀਏ ਕਾਲ਼ੇ ਕਾਗ਼ਜ਼ਾਂ ਨੂੰ।

'ਆਪ' ਦੀਆਂ ਦੋਵੇਂ ਧਿਰਾਂ 'ਚ ਟਕਰਾਅ ਵਧਣ ਦੇ ਆਸਾਰ- ਇਕ ਖ਼ਬਰ
ਹੁਕਮ ਹੋਵੇ ਤਾਂ ਤੇਗ਼ਾਂ ਨੂੰ ਖਿੱਚ ਲਈਏ,ਵਿਚ ਲੜਨ ਦੇ ਨਾਹੀਂ ਕੁਝ ਦੇਰ ਮੀਆਂ।

ਸੁਖਪਾਲ ਖਹਿਰਾ ਤੋਂ ਅਹੁੱਦਾ ਸੰਭਾਲਿਆ ਨਹੀਂ ਗਿਆ- ਭਗਵੰਤ ਮਾਨ
ਲਓ ਕਰ ਲਉ ਗੱਲ ਬਈ! ਕੀਤੀ ਨਾ ਝੰਡੇ ਅਮਲੀ ਵਾਲ਼ੀ ਗੱਲ।

ਮੋਰਚੇ ਨਾਲ ਨਿਬੇੜਾ ਹੋ ਜਾਵੇਗਾ ਕਿ ਅਸਲੀ ਸਿੱਖ ਕੌਣ ਹੈ ਤੇ ਸੌਦਾ ਸਾਧ ਦਾ ਚੇਲਾ ਕੌਣ ਹੈ- ਦਾਦੂਵਾਲ
ਵਾਰਸਸ਼ਾਹ ਇਸ ਕੂੜ ਦੀ ਜ਼ਿੰਦਗੀ ਤੋਂ, ਕਿਉਂ ਵੇਚੀਏ ਮੁਫ਼ਤ ਈਮਾਨ ਮੀਆਂ।

ਚੁੰਝਾਂ-ਪ੍ਹੌਂਚੇ - ਨਿਰਮਲ ਸਿੰਘ ਕੰਧਾਲਵੀ

ਵਿਧਾਨ ਸਭਾ 'ਚ ਕਾਂਗਰਸੀਆਂ ਵਲੋਂ ਬੋਲਿਆ ਕੂੜ ਇਤਿਹਾਸ 'ਚ ਕਾਲੇ ਅੱਖਰਾਂ ਨਾਲ ਲਿਖਿਆ ਜਾਵੇਗਾ-ਢੀਂਡਸਾ
'ਕਾਰਨਾਮੇ' ਤੁਹਾਡੇ ਵੀ ਅਕਾਲੀਓ ਸੁਨਹਿਰੀ ਅੱਖਰਾਂ 'ਚ ਨਹੀਂ ਲਿਖੇ ਜਾਣੇ।

ਭਾਰਤ 'ਚ ਸੱਚ ਬੋਲਣ ਵਾਲ਼ਿਆਂ ਲਈ ਖ਼ਤਰਨਾਕ ਸਮਾਂ- ਅਮਨੈਸਟੀ ਇੰਟਰਨੈਸ਼ਨਲ
ਘਰ ਬਾਰ ਲੈ ਗਈ ਲੁੱਟ ਕੇ, ਯਾਰੀ ਲਾਈ ਸੀ ਗੁਆਂਢਣ ਕਰ ਕੇ।

ਦੋ ਹਫ਼ਤਿਆਂ ਮਗਰੋਂ ਸੰਗਤ 'ਚ ਦਿਖ਼ਾਈ ਦਿੱਤੇ ਅਕਾਲ ਤਖ਼ਤ ਦੇ ਜਥੇਦਾਰ- ਇਕ ਖ਼ਬਰ
ਜੇਠ ਕੋਲ਼ੋਂ ਸੰਗ ਲਗਦੀ, ਨੀਂ ਮੈਂ ਕਿਵੇਂ ਗਿੱਧੇ ਵਿਚ ਆਵਾਂ।

ਗਿਆਨੀ ਗੁਰਮੁਖ ਸਿੰਘ ਗੁਰੂ ਕੀ ਗੋਲਕ 'ਤੇ ਬੋਝ ਸਾਬਤ ਹੋ ਰਹੇ ਹਨ- ਇਕ ਖ਼ਬਰ
ਬੱਚੀਆਂ ਪਾਉਂਦਾ ਰਹਿੰਦਾ ਨੀਂ, ਮੁੰਡਾ ਮੁਟਿਆਰ ਦੀਆਂ।

'ਆਪ' ਵਲੋਂ ਪੰਜਾਬ 'ਚ ਕਾਂਗਰਸ ਨਾਲ਼ ਗੱਠਜੋੜ ਦੇ ਆਸਾਰ ਬਹੁਤ ਮੱਧਮ- ਇਕ ਖ਼ਬਰ
ਤੇਰੀ ਮੇਰੀ ਨਹੀਂ ਨਿਭਣੀ, ਤੂੰ ਤੇਲਣ ਮੈਂ ਸੁਨਿਆਰਾ।

ਪੰਥ ਦੇ ਨਾਂ 'ਤੇ ਰਾਜਨੀਤੀ ਕਰਨ ਵਾਲ਼ਾ ਬਾਦਲ ਪਰਵਾਰ ਸੰਕਟ ਵਿਚ- ਇਕ ਖ਼ਬਰ
ਅੱਗੇ ਤਾਂ ਟੱਪਦਾ ਸੀ ਨੌਂ ਨੌਂ ਕੋਠੇ, ਹੁਣ ਨਹੀਂ ਟਪੀਂਦੀਆਂ ਖਾਈਆਂ।

ਸਿੱਧੂ ਨੇ ਵੀਡੀਓ ਜਾਰੀ ਕਰ ਕੇ ਕੋਟ ਕਪੂਰਾ ਗੋਲ਼ੀ ਕਾਂਡ ਦੇ ਦੱਬੇ ਵਰਕੇ ਫ਼ਰੋਲੇ- ਇਕ ਖ਼ਬਰ
ਲੱਡੂ ਖਾ ਕੇ ਚੁਬਾਰੇ ਵਿਚੋਂ ਨਿੱਕਲੀ, ਮੱਖੀਆਂ ਨੇ ਪੈੜ ਨੱਪ ਲਈ।

ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੇ ਮੁੱਖ ਨੁਮਾਇੰਦਿਆਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ- ਪੰਜੌਲੀ
ਨਾਮ ਜਪਿਆ ਨਾ ਭਗਤੀ ਕੀਤੀ, ਕਿੱਥੋਂ ਭਾਲ਼ੇਂ ਰਾਜਗੱਦੀਆਂ

ਖਾਧ-ਪਦਾਰਥਾਂ 'ਚ ਮਿਲਾਵਟ ਕਰਨ ਵਾਲ਼ਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਬ੍ਰਹਮ ਮਹਿੰਦਰਾ
ਚਾਰ ਦਿਨ ਦੇ ਫੋਕੇ ਦਮਗ਼ਜ਼ੇ ਜੀ, ਖੋਤੀ ਬੋਹੜ ਹੇਠਾਂ ਮੁੜ ਆਵਣੀ ਏਂ।

ਖਹਿਰਾ ਦੀ ਰੈਲੀ 'ਚ ਸ਼ਾਮਲ ਹੋਣਗੇ ਡਾ.ਧਰਮਵੀਰ ਗਾਂਧੀ- ਇਕ ਖ਼ਬਰ
ਮਿੱਠੇ ਬੇਰ ਸੁਰਗਾਂ ਦਾ ਮੇਵਾ, ਕੋਲ਼ ਬਹਿ ਕੇ ਚੁਗ ਮਿੱਤਰਾ।

ਲੋਕ ਸਭਾ ਚੋਣਾਂ 'ਚ ਸਾਨੂੰ ਕੋਈ ਚੁਣੌਤੀ ਨਹੀਂ ਦਿਸਦੀ- ਮੋਦੀ
ਪਰ ਅੰਦਰੋਂ ਡਰ ਲਗਦਾ, ਬੁਰਛਾ ਦਿਓਰ ਕੁਆਰਾ।

ਰਾਮ ਮੰਦਰ ਬਣ ਕੇ ਰਹੇਗਾ ਕਿਉਂਕਿ ਸੁਪਰੀਮ ਕੋਰਟ ਵੀ ਸਾਡੀ ਹੈ- ਭਾਜਪਾ ਵਿਧਾਇਕ
ਮੈਂ ਡਿਪਟੀ ਦੀ ਸਾਲ਼ੀ, ਕੈਦ ਕਰਾ ਦਊਂਗੀ।

ਆਰ.ਬੀ.ਆਈ ਨੂੰ ਕਿਉਂ ਨਹੀਂ ਦਿਸਦੀ ਕਾਰਪੋਰੇਟ ਸੈਕਟਰ ਦੀ ਕਰਜ਼ਾ ਮੁਆਫ਼ੀ- ਇਕ ਸਵਾਲ
ਸਿਰ ਫੌਜ ਦੇ ਰਿਹਾ ਨਾ ਕੋਈ ਕੁੰਡਾ, ਹੋਵੇ ਸ਼ੁਤਰ ਜਿਉਂ ਬਾਝ ਮੁਹਾਰ ਮੀਆਂ।

ਗੁਰੂ ਗ੍ਰੰਥ ਸਾਹਿਬ ਦੀ ਸ਼ਾਨ ਲਈ ਸਭ ਕੁਰਬਾਨ- ਬਾਦਲ
ਇਹ ਤਾਂ ਚਿੱਟੇ ਦਿਨ ਵਾਂਗ ਸਾਫ਼ ਹੋ ਗਿਆ ਬਾਦਲ ਸਾਹਿਬ ਜੀ।

ਸਰਕਾਰ ਦੀਆਂ ਗ਼ਲਤ ਅਤੇ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਦੇਸ਼ 'ਚ ਆਰਥਿਕ ਸੰਕਟ 'ਚ-ਡਾ.ਦਿਆਲ
ਕੁਝ ਲੁੱਟ ਲਈ ਮੈਂ ਪਿੰਡ ਦਿਆਂ ਪੰਚਾਂ, ਕੁਝ ਲੁੱਟ ਲਈ ਸਰਕਾਰਾਂ।