ਮਨੁੱਖਤਾ ਦੇ ਗੁਰੂੂ - ਸ੍ਰੀ ਗੁਰੂੁ ਨਾਨਕ ਦੇਵ ਜੀ - ਗੁਰਸ਼ਰਨ ਸਿੰਘ ਕੁਮਾਰ
ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਸਨ। ਉਨ੍ਹਾਂ ਦਾ ਪ੍ਰਕਾਸ਼ 1469 ਈਸਵੀ ਵਿਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਰਾਏ ਭੋਇ ਦੀ ਤਲਵੰਡੀ (ਪਾਕਿਸਤਾਨ) ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਹੋਇਆ। 2019 ਵਿਚ ਉਨ੍ਹਾਂ ਦਾ 550ਵਾਂ ਪ੍ਰਕਾਸ਼ ਉਤਸਵ ਦੁਨੀਆਂ ਭਰ ਦੇ ਸਾਰੇ ਦੇਸ਼ਾਂ ਵਿਚ ਪੂਰਾ ਸਾਲ ਭਰ ਬੜੇ ਉਤਸ਼ਾਹ, ਉਲਾਸ ਅਤੇ ਸ਼ਰਧਾ ਪੂਰਵਕ ਮਨਾਇਆ ਜਾ ਰਿਹਾ ਹੈ।ਅਸੀਂ ਭਾਗਾਂ ਵਾਲੇ ਹੋਵਾਂਗੇ ਜਦੋ ਸਾਨੂੰ ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮਨਾਉਣ ਦਾ ਅਤੇ ਇਸ ਦੇ ਜਲੌਅ ਦੁਨੀਆਂ ਭਰ ਵਿਚ ਦੇਖਣ ਦਾ ਸੁਭਾਗ ਪ੍ਰਾਪਤ ਹੋਵੇਗਾ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਸ ਸੰਸਾਰ ਵਿਚ ਆਉਣ ਤੋਂ ਪਹਿਲਾਂ ਸਮਾਜ ਦਾ ਬਹੁਤ ਬੁਰਾ ਹਾਲ ਸੀ। ਸਮਾਜ ਚਾਰ ਵਰਣਾ (ਬਾ੍ਰਹਮਣ, ਖੱਤਰੀ, ਵੈਸ਼ ਅਤੇ ਸ਼ੂਦਰ) ਵਿਚ ਵੰਡਿਆ ਹੋਇਆ ਸੀ। ਹਿੰਦੂ ਅਤੇ ਮੁਸਲਮਾਨ ਇਕ ਦੂਸਰੇ ਨੂੰ ਘਟੀਆ ਅਤੇ ਆਪਣੇ ਦੁਸ਼ਮਣ ਸਮਝਦੇ ਸਨ। ਚਾਰੇ ਪਾਸੇ ਕੂੜ ਦਾ ਬੋਲਬਾਲਾ ਸੀ। ਦੁਖੀਆਂ ਦੀ ਬਾਂਹ ਫੜਨ ਵਾਲਾ ਕੋਈ ਰਹਿਨੁਮਾ ਨਹੀਂ ਸੀ ਦਿੱਸਦਾ। ਆਸਮਾਨ 'ਤੇ ਜ਼ੁਲਮ ਅਤੇ ਦਹਿਸ਼ਤਗਰਦੀ ਦੇ ਕਾਲੇ ਬੱਦਲ ਛਾਏ ਹੋਏ ਸਨ। ਸਭ ਪਾਸੇ ਹਨ੍ਹੇਰਾ ਹੀ ਹਨ੍ਹੇਰਾ ਸੀ। ਗੁਰੂੁ ਨਾਨਕ ਦੇਵ ਜੀ ਦੇ ਇਸ ਸੰਸਾਰ 'ਤੇ ਆਉਣ 'ਤੇ ਜਿਵੇਂ ਇਕ ਦਮ ਗਿਆਨ ਦਾ ਚਾਨਣ ਹੋ ਗਿਆ। ਇਸੇ ਲਈ ਭਾਈ ਗੁਰਦਾਸ ਜੀ ਲਿਖਦੇ ਹਨ:
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧੁ ਜਗਿ ਚਾਨਣੁ ਹੋਆ॥
ਸੀ੍ਰ ਗੁਰੂੁ ਨਾਨਕ ਸਾਹਿਬ ਦੀ ਬਾਣੀ ਅਤੇ ਉਨ੍ਹਾਂ ਦੇ ਜੀਵਨ ਫਲਸਫੇ ਨੂੰ ਸਮਝਣ ਲਈ ਗੁਰੂੁ ਨਾਨਕ ਸਾਹਿਬ ਜਿੰਨਾ ਉੱਚਾ ਹੋਣ ਦੀ ਹੀ ਲੋੜ ਹੈ। ਅਸੀਂ ਦੁਨਿਆਵੀ ਲੋਕ ਗੁਰੂ ਸਾਹਿਬ ਦੇ ਪੈਰਾਂ ਦੀ ਧੂੜ ਦੇ ਕਿਨਕਾ ਮਾਤਰ ਵੀ ਨਹੀਂ ਹਾਂ। ਇਸ ਲਈ ਅਲਪ ਬੁੱਧੀ ਅਤੇ ਅਲਪ ਦ੍ਰਿਸ਼ਟੀ ਹੋਣ ਕਾਰਨ ਸਾਨੂੰ ਉਨ੍ਹਾਂ ਦੇ ਜੀਵਨ ਫਲਸਫੇ ਦੇ ਕੁਝ ਨਾਮ ਮਾਤਰ ਪਹਿਲੂਆਂ ਦਾ ਹੀ ਪਤਾ ਚੱਲਦਾ ਹੈ।
ਜੇ ਅਸੀਂ ਇਕ ਯਾਤਰੂ ਦੇ ਤੌਰ 'ਤੇ ਹੀ ਉਨ੍ਹਾਂ ਦੇ ਜੀਵਨ 'ਤੇ ਝਾਤੀ ਮਾਰਦੇ ਹਾਂ ਤਾਂ ਉਨ੍ਹਾਂ ਜਿਹਾ ਮਹਾਨ ਯਾਤਰੂ ਦੁਨੀਆਂ ਭਰ ਵਿਚ ਕੋਈ ਨਹੀਂ ਦਿੱਸਦਾ। ਉਨ੍ਹਾਂ ਨੇ ਸੀਮਤ ਸਾਧਨਾਂ ਦੇ ਹੋਣ ਦੇ ਬਾਵਜੂਦ ਵੀ ਪੈਦਲ ਚਾਰ ਦਿਸ਼ਾਵਾਂ ਵੱਲ ਚਾਰ ਵੱਡੀਆਂ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਚਾਰ ਉਦਾਸੀਆਂ ਵੀ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦੌਰਾਨ ਆਪ ਜੈਨੀਆਂ, ਬੋਧੀਆਂ, ਹਿੰਦੂਆਂ ਦੇ ਵੱਖ-ਵੱਖ ਤੀਰਥ ਸਥਾਨਾਂ ਅਤੇ ਮੁਸਲਮਾਨਾਂ ਦੇ ਧਾਰਮਿਕ ਸਥਾਨਾਂ 'ਤੇ ਵੀ ਗਏ। ਜਿਵੇਂ ਕੁਰਕਸ਼ੇਤਰ, ਹਰਿਦੁਆਰ, ਮਥੁਰਾ, ਬਨਾਰਸ, ਆਸਾਮ, ਗਯਾ, ਢਾਕਾ, ਜਗਨ ਨਾਥ ਪੁਰੀ, ਲਾਹੌਰ, ਸੰਗਲਾਦੀਪ, ਹੈਦਰਾਬਾਦ, ਗੋਲਕੰਡਾ, ਬਦਰੀਨਾਥ, ਕੈਲਾਸ਼ ਮਾਨਸਰੋਵਰ, ਨੇਪਾਲ, ਸਿਕਮ, ਭੁਟਾਨ, ਡੇਰਾ ਗਾਜੀ ਖਾਂ, ਡੇਰਾ ਇਸਮਾਇਲ ਖਾਂ, ਮੱਕਾ, ਮਦੀਨਾ, ਬਗ਼ਦਾਦ, ਬੁਖਾਰਾ, ਹਸਨ ਅਬਦਾਲ ਅਤੇ ਤੁਰਕੀ ਆਦਿ ਸਥਾਨਾਂ 'ਤੇ ਗਏ। ਉੱਥੇ ਆਪ ਨੇ ਕਾਜ਼ੀਆਂ, ਬ੍ਰਾਹਮਣਾ, ਜੋਗੀਆਂ, ਸਿੱਧਾਂ ਅਤੇ ਮੁਲਾਂ-ਮੁਲਾਣਿਆਂ ਦੇ ਨਾਲ ਗੋਸ਼ਟੀਆਂ ਕੀਤੀਆਂ। ਆਪ ਜੀ ਨੇ ਸੱਜਣ ਠੱਗ, ਕੌਡੇ ਰਾਖ਼ਸ਼ ਅਤੇ ਮਲਿਕ ਭਾਗੋ ਜਿਹਾਂ ਨੂੰ ਸਿੱਧੇ ਰਾਹ ਪਾਇਆ ਅਤੇ ਲੋਕਾਂ ਨੂੰ ਵਹਿਮਾਂ-ਭਰਮਾਂ ਅਤੇ ਪਾਖੰਡਾਂ ਵਿਚੋਂ ਨਿਕਲ ਕੇ ਧਰਮ ਦੇ ਰਸਤੇ 'ਤੇ ਚੱਲਣ ਦਾ ਉਪਦੇਸ਼ ਦਿੱਤਾ ਅਤੇ ਭੁੱਲੇ-ਭਟਕੇ ਲੋਕਾਂ ਨੂੰ ਸਹੀ ਰਸਤਾ ਦਿਖਾਇਆ।ਉਹ ਵਹਾਅ ਦਾ ਰੁਖ ਮੋੜਨ ਵਾਲੇ ਸਨ।ਉਨ੍ਹਾਂ ਨੇ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜੀ ਅਤੇ ਝੂਠੇ ਆਡੰਬਰਾਂ ਦੇ ਖਿਲਾਫ਼ ਆਵਾਜ਼ ਬੁਲੰਦ ਕੀਤੀ। ਇਸ ਤਰ੍ਹਾਂ ਉਹ ਇਕ ਮਹਾਨ ਯਾਤਰੀ ਅਤੇ ਮਹਾਨ ਧਾਰਮਿਕ ਆਗੂ ਸਨ।
ਜੇ ਇਕ ਗ੍ਰਹਿਸਥੀ ਦੇ ਤੌਰ 'ਤੇ ਜਾਂ ਕਾਮੇ ਦੇ ਤੌਰ 'ਤੇ ਦੇਖੀਏ ਤਾਂ ਉਹ ਧਾਰਮਿਕ ਆਗੂ ਦੇ ਨਾਲ-ਨਾਲ ਪੂਰੇ ਗ੍ਰਹਿਸਥੀ ਅਤੇ ਮਹਾਨ ਕਾਮੇ ਵੀ ਸਨ। ਉਨ੍ਹਾਂ ਨੇ ਗ੍ਰਹਿਸਥ ਧਰਮ ਨਿਭਾਉਂਦਿਆਂ ਹੋਇਆਂ 18 ਸਾਲ ਦੀ ਉਮਰ ਵਿਚ ਬੀਬੀ ਸੁਲੱਖਨੀ ਜੀ ਨਾਲ ਸ਼ਾਦੀ ਕੀਤੀ, ਜਿਸ ਵਿਚੋਂ ਉਨ੍ਹਾਂ ਦੇ ਦੋ ਬੇਟੇ ਬਾਬਾ ਲਖਮੀ ਦਾਸ ਅਤੇ ਬਾਬਾ ਸੀ੍ਰ ਚੰਦ ਪੈਦਾ ਹੋਏ। ਦੋਵੇਂ ਬੇਟੇ ਬਹੁਤ ਧਾਰਮਿਕ ਅਤੇ ਤਿਆਗੀ ਸੁਭਾਅ ਦੇ ਸਨ। ਇਕ ਕਿਰਤੀ ਦੇ ਤੌਰ 'ਤੇ ਬਚਪਨ ਵਿਚ ਆਪ ਨੇ ਮੱਝਾਂ ਚਾਰੀਆਂ, ਜੁਆਨੀ ਵਿਚ ਆਪਣੀ ਵੱਡੀ ਭੈਣ ਨਾਨਕੀ ਜੀ ਅਤੇ ਭਣਵੱਈਏ ਜੈ ਰਾਮ ਜੀ ਦੇ ਕਹਿਣ 'ਤੇ ਮੋਦੀਖਾਨੇ ਦੀ ਨੌਕਰੀ ਕੀਤੀ ਅਤੇ ਬੁਢਾਪੇ ਵਿਚ ਕਰਤਾਰਪੁਰ ਵਿਖੇ ਆਪਣੇ ਅੰਤਿਮ 17 ਸਾਲ ਆਪਣੀ ਖੇਤੀ ਕੀਤੀ। ਇਸ ਤਰ੍ਹਾਂ ਗ੍ਰਹਿਸਥ ਧਰਮ ਨਿਭਾਉਂਦੇ ਹੋਏ ਉਨ੍ਹਾਂ ਕਦੀ ਕਿਰਤ ਤੋਂ ਵੀ ਮੂੰਹ ਨਹੀਂ ਮੋੜਿਆ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਹੀ ਉਨ੍ਹਾਂ ਦਾ ਸੰਦੇਸ਼ ਸੀ।
ਸ੍ਰੀ ਗੁਰੂੁ ਨਾਨਕ ਦੇਵ ਜੀ ਧਾਰਮਿਕ ਆਗੂ ਹੋਣ ਦੇ ਨਾਲ-ਨਾਲ ਬਹੁਤ ਸ਼ਾਂਤ ਸੁਭਾਅ ਦੇ ਅਤੇ ਮਿੱਠ ਬੋਲੜੇ ਵੀ ਸਨ। ਜੋ ਵੀ ਇਕ ਵਾਰੀ ਆਪ ਜੀ ਦੇ ਦਰਸ਼ਨ ਕਰ ਲੈਂਦਾ, ਉਹ ਆਪ ਜੀ ਦਾ ਹੀ ਹੋ ਕੇ ਰਹਿ ਜਾਂਦਾ। ਇਸੇ ਲਈ ਉਹ ਜਿਸ ਵੀ ਦੇਸ਼ ਵਿਚ ਗਏ ਉੱਥੋਂ ਦੇ ਲੋਕਾਂ ਨੇ ਆਪ ਜੀ ਨੂੰ ਆਪਣਾ ਧਾਰਮਿਕ ਗੁਰੂ ਮੰਨਿਆ। ਆਪ ਜੀ ਅਲੱਗ-ਅਲੱਗ ਦੇਸ਼ਾਂ ਵਿਚ ਅਲੱਗ-ਅਲੱਗ ਨਾਵਾਂ ਨਾਲ ਜਾਣੇ ਜਾਂਦੇ ਸਨ, ਜਿਵੇਂ:
ਸਿਰੀ ਲੰਕਾ ਨਾਨਕਚਾਰੀਆ
ਤਿੱਬਤ ਨਾਨਕ ਲਾਮਾ
ਸਿੱਕਮ ਅਤੇ ਭੁਟਾਨ ਗੁਰੂ ਰਿੰਪੋਚੀਓ
ਨੇਪਾਲ ਨਾਨਕ ਰਿਸ਼ੀ
ਬਗ਼ਦਾਦ ਨਾਨਕ ਪੀਰ
ਮੱਕਾ ਵਲੀ ਹਿੰਦ
ਮਿਸਰ ਨਾਨਕ ਵਲੀ
ਰੂਸ ਨਾਨਕ ਕਦਮਦਾਰ
ਇਰਾਕ ਬਾਬਾ ਨਾਨਕ
ਮਜ਼ਹਰ ਸ਼ਰੀਫ਼ ਪੀਰ ਬਲਾਗਦਾਨ
ਚੀਨ ਬਾਬਾ ਫੂਸਾ
ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਭਾਰਤ ਵਿਚ ਦੋ ਹੀ ਧਰਮ ਸਥਾਪਤ ਸਨ-ਹਿੰਦੂ ਅਤੇ ਮੁਸਲਮਾਨ। ਆਪ ਜੀ ਨੇ ਸਿੱਖ ਧਰਮ ਦੀ ਨੀਂਹ ਰੱਖੀ। ਇਹ ਸਿੱਖ ਧਰਮ ਵੱਖ-ਵੱਖ ਗੁਰੂ ਸਾਹਿਬਾਨ ਦੀ ਰਹਿਨੁਮਾਈ ਵਿਚੋਂ ਹੁੰਦਾ ਹੋਇਆ ਜਦ ਦਸਵੇਂ ਪਾਤਸ਼ਾਹ ਗੁਰੂੁ ਗੋਬਿੰਦ ਸਿੰਘ ਜੀ ਪਾਸ ਪੁੱਜਿਆ ਤਾਂ ਉਨ੍ਹਾਂ ਨੇ ਖ਼ਾਲਸਾ ਪੰਥ ਦੀ ਸਥਾਪਨਾ ਕਰ ਕੇ ਇਸ ਧਰਮ ਨੂੰ ਇਕ ਵੱਖਰੀ ਪਹਿਚਾਨ ਦਿੱਤੀ ਅਤੇ ਸਿੱਖਾਂ ਤੋਂ ਸਿੰਘ ਸਜਾਏ। ਉਨ੍ਹਾਂ ਨੇ ਸਿੱਖਾਂ ਨੂੰ ਸੰਤ ਤੋਂ ਸੰਤ- ਸਿਪਾਹੀ ਬਣਾਇਆ ਤਾਂ ਕਿ ਗ਼ਰੀਬਾਂ ਅਤੇ ਮਜ਼ਲੂਮਾਂ ਦੀ ਜਾਬਰਾਂ ਤੋਂ ਰੱਖਿਆ ਹੋ ਸਕੇ। ਇਸ ਤਰ੍ਹਾਂ ਸਿੱਖਾਂ ਦੀ ਇਕ ਵੱਖਰੀ ਕੌਮ ਹੋਂਦ ਵਿਚ ਆਈ। ਅੱਜ ਜਿੱਥੇ ਵੀ ਸਿੱਖ ਜਾਂਦੇ ਹਨ ਆਪਣੀ ਸਫ਼ਲਤਾ ਦੇ ਝੰਡੇ ਬੁਲੰਦ ਕਰਦੇ ਹਨ।ਦੁਨੀਆਂ ਭਰ ਦੇ ਦੇਸ਼ਾਂ ਵਿਚ ਸਿੱਖ ਆਪਣੀ ਲਿਆਕਤ ਨਾਲ ਉੱਚੀਆਂ ਪਦਵੀਆਂ 'ਤੇ ਬਿਰਾਜਮਾਨ ਹਨ ਅਤੇ ਆਪਣੀ ਕੌਮ ਦਾ ਸਿਰ ਉੱਚਾ ਕਰ ਕੇ ਛਾਏ ਹੋਏ ਹਨ।
ਗੁਰੂੂੂੂੂੂੂੂੂੂੂੂੂੂੂੂੂੂੁ ਨਾਨਕ ਦੇਵ ਜੀ ਇਕ ਮਹਾਨ ਸਾਹਿਤਕਾਰ ਵੀ ਸਨ। ਉਹ ਪੰਜਾਬੀ, ਸੰਸਕ੍ਰਿਤ ਅਤੇ ਪਾਰਸੀ ਭਾਸ਼ਾ ਦੇ ਮਾਹਿਰ ਸਨ। ਉਨ੍ਹਾਂ ਨੇ 19 ਰਾਗਾਂ ਵਿਚ (974 ਸ਼ਬਦ) ਬੜੀ ਸਰਲ ਭਾਸ਼ਾ ਵਿਚ ਬਾਣੀ ਉਚਾਰਨ ਕੀਤੀ। ਆਪ ਜੀ ਦੀਆਂ ਬਾਣੀਆਂ ਜਪੁ ਜੀ ਸਾਹਿਬ, ਆਸਾ ਦੀ ਵਾਰ, ਸਿੱਧ ਗੋਸ਼ਟਿ, ਪਹਿਰੇ, ਦੱਖਣੀ ਓਅੰਕਾਰ ਅਤੇ ਬਾਰਹ ਮਾਹ ਤੁਖਾਰੀ ਆਦਿ ਹਨ। ਉਨ੍ਹਾਂ ਨੇ ਆਪਣੀ ਬਾਣੀ ਦੇ ਨਾਲ-ਨਾਲ ਆਪਣੇ ਤੋਂ ਪਹਿਲਾਂ ਹੋ ਚੁੱਕੇ ਬਾਬਾ ਫ਼ਰੀਦ ਜੀ ਦੀ ਬਾਣੀ ਨੂੰ ਵੀ ਸੰਭਾਲਿਆ।ਇਹ ਸਾਰੀ ਹੀ ਬਾਣੀ ਵੱਖ-ਵੱਖ ਗੁਰੂੂ ਸਾਹਿਬਾਨ ਦੇ ਹੱਥੋਂ ਹੁੰਦੀ ਹੋਈ ਪੰਜਵੇਂ ਪਾਤਸ਼ਾਹ ਗੁਰੂੂੂੁ ਅਰਜਨ ਦੇਵ ਜੀ ਪਾਸ ਪਹੁੰਚੀ। ਉਨ੍ਹਾਂ ਨੇ ਸਾਰੀ ਬਾਣੀ (ਆਪਣੇ ਤੋਂ ਪਹਿਲਾਂ ਹੋ ਚੁੱਕੇ ਗੁਰੂ ਸਾਹਿਬਾਨ ਦੀ ਅਤੇ ਭਗਤਾਂ ਦੀ ਬਾਣੀ) ਦੀ ਚੰਗੀ ਤਰ੍ਹਾਂ ਪਰਖ ਕਰ ਕੇ ਨਾਲ ਆਪਣੀ ਬਾਣੀ ਸ਼ਾਮਲ ਕਰ ਕੇ ਪਵਿੱਤਰ ਗ੍ਰੰਥ, ਗੁਰੂੁ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਅਤੇ ਉਸ ਦਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ। ਗੁਰੂ ਨਾਨਕ ਦੇਵ ਜੀ ਦੀ ਬਾਣੀ 'ਜਪੁ ਜੀ ਸਾਹਿਬ' ਸਿੱਖ ਧਰਮ ਦੀ ਮੁੱਢਲੀ ਬਾਣੀ ਹੈ, ਜਿਸ ਦਾ ਪਾਠ ਹਰ ਸਿੱਖ ਘਰ ਵਿਚ ਰੋਜ਼ਾਨਾ ਹੁੰਦਾ ਹੈ। 'ਜਪੁ ਜੀ ਸਾਹਿਬ' ਨੂੰ ਗੁਰੂੁ ਗ੍ਰੰਥ ਸਾਹਿਬ ਵਿਚ ਸਭ ਤੋਂ ਪਹਿਲਾਂ ਲਿਖੇ ਜਾਣ ਦਾ ਵੀ ਸੁਭਾਗ ਪ੍ਰਾਪਤ ਹੈ।
ਗੁਰੂੂ ਨਾਨਕ ਦੇਵ ਜੀ ਇਕ ਧਰਮ ਨਿਰਪੱਖ ਆਗੂ ਵੀ ਸਨ। ਉਹ ਹਿੰਦੂ ਜਾਂ ਮੁਸਲਮਾਨ ਵਿਚ ਕੋਈ ਫ਼ਰਕ ਨਹੀਂ ਸਨ ਸਮਝਦੇ। ਜੇ ਉਹ ਆਪਣੇ ਪ੍ਰਚਾਰ ਲਈ ਹਿੰਦੂਆਂ ਦੇ ਮੰਦਰਾਂ ਅਤੇ ਤੀਰਥਾਂ 'ਤੇ ਗਏ ਤਾਂ ਉਹ ਮੁਸਲਮਾਨਾਂ ਦੇ ਤੀਰਥ ਸਥਾਨਾਂ 'ਤੇ ਵੀ ਗਏ। ਆਪ 22 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਵਿਖੇ ਜੋਤੀ-ਜੋਤਿ ਸਮਾਏ। ਆਪ ਜੀ ਦੇ ਜੋਤੀ-ਜੋਤਿ ਸਮਾਉਣ 'ਤੇ ਹਿੰਦੂਆਂ 'ਤੇ ਮੁਸਲਮਾਨਾਂ ਵਿਚ ਝਗੜਾ ਹੋ ਗਿਆ। ਹਿੰਦੂ ਆਖਣ ਇਹ ਸਾਡੇ ਗੁਰੂੂੂੂੁ ਹਨ ਇਸ ਲਈ ਅਸੀਂ ਇਨ੍ਹਾਂ ਦੇ ਮ੍ਰਿਤਕ ਸਰੀਰ ਦਾ ਸਸਕਾਰ ਕਰਾਂਗੇ ਅਤੇ ਮੁਸਲਮਾਨ ਆਖਣ ਕਿ ਇਹ ਸਾਡੇ ਪੀਰ ਹਨ ਇਸ ਲਈ ਅਸੀਂ ਇਨ੍ਹਾਂ ਦੇ ਮ੍ਰਿਤਕ ਸਰੀਰ ਨੂੰ ਆਪਣੀ ਮਰਿਆਦਾ ਅਨੁਸਾਰ ਦਫ਼ਨਾਵਾਂਗੇ। ਉਨ੍ਹਾਂ ਦੀ ਯਾਦ ਵਿਚ ਕਰਤਾਰਪੁਰ ਵਿਖੇ ਗੁਰਦੁਆਰਾ ਅਤੇ ਕਬਰ ਨਾਲ-ਨਾਲ ਹੀ ਬਣੇ ਹੋਏ ਹਨ।ਗੁਰੂੂੂੂੁ ਨਾਨਕ ਦੇਵ ਜੀ ਨੇ ਸਾਰੀ ਉਮਰ ਭਾਈ ਮਰਦਾਨੇ ਨੂੰ ਜੋ ਕਿ ਇਕ ਮੁਸਲਮਾਨ ਸੀ, ਆਪਣੇ ਨਾਲ ਰੱਖਿਆ। ਆਪ ਜੀ ਜਦ ਵੀ ਬਾਣੀ ਰਚਦੇ ਸਨ ਤਾਂ ਮਰਦਾਨੇ ਨੂੰ ਰਬਾਬ ਵਜਾਉਣ ਲਈ ਕਹਿੰਦੇ ਸਨ। ਭਾਈ ਮਰਦਾਨਾ ਜੀ ਨੇ ਆਪਣੇ ਅੰਤਿਮ ਸਵਾਸ ਵੀ ਗੁਰੂੁ ਨਾਨਕ ਦੇਵ ਜੀ ਦੀ ਗੋਦ ਵਿਚ ਹੀ ਲਏ। ਅੱਜ ਵੀ ਭਾਈ ਮਰਦਾਨਾ ਜੀ ਦੀ ਪੀੜ੍ਹੀ-ਦਰ-ਪੀੜ੍ਹੀ ਪਾਕਿਸਤਾਨ ਵਿਚ ਸੁੱਖੀ ਜੀਵਨ ਬਿਤਾ ਰਹੀ ਹੈ ਅਤੇ ਨਿਰੋਲ ਕੀਰਤਨ ਦੁਆਰਾ ਬਾਣੀ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰ ਰਹੀ ਹੈ। ਰਹਿੰਦੀ ਦੁਨੀਆਂ ਤੱਕ ਗੁਰੂੁ ਨਾਨਕ ਦੇਵ ਜੀ ਦੇ ਨਾਲ ਭਾਈ ਮਰਦਾਨਾ ਜੀ ਦਾ ਨਾਮ ਬੜੇ ਸਤਿਕਾਰ ਅਤੇ ਸ਼ਰਧਾ ਨਾਲ ਲਿਆ ਜਾਵੇਗਾ।
ਗੁਰੂ ਨਾਨਕ ਦੇਵ ਜੀ ਇਕ ਸਮਾਜਵਾਦੀ ਅਤੇ ਮਹਾਨ ਕ੍ਰਾਂਤੀਕਾਰੀ ਆਗੂ ਵੀ ਸਨ। ਆਪ ਜੀ ਦਾ ਇਹ ਸੁਭਾਅ ਬਚਪਨ ਤੋਂ ਹੀ ਪ੍ਰਗਟ ਹੋ ਗਿਆ ਸੀ, ਜਦ 11 ਸਾਲ ਦੀ ਉਮਰ ਵਿਚ ਆਪ ਜੀ ਨੇ ਪੰਡਿਤ ਤੋਂ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ। ਆਪ ਜੀ ਨੇ ਸੱਚ ਅਤੇ ਧਰਮ ਦੀ ਆਵਾਜ਼ ਬੁਲੰਦ ਕੀਤੀ ਅਤੇ ਲੋਕਾਂ ਨੂੰ ਵਹਿਮਾਂ-ਭਰਮਾਂ ਵਿਚੋਂ ਨਿਕਲ ਕੇ ਨੇਕੀ 'ਤੇ ਚੱਲਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਹੀ ਆਪ ਨਿੱਡਰ ਸੁਭਾਅ ਦੇ ਵੀ ਸਨ। ਸੱਚੀ ਗੱਲ ਕਹਿਣ ਲੱਗਿਆਂ ਆਪ ਕਿਸੇ ਤੋਂ ਵੀ ਨਹੀਂ ਸਨ ਡਰਦੇ। ਆਪ ਨੇ ਮਲਕ ਭਾਗੋ ਦੀ ਰੋਟੀ ਵਿਚੋਂ ਲਹੂ ਨਿਚੋੜ ਕੇ ਉਸ ਨੂੰ ਗ਼ਰੀਬਾਂ 'ਤੇ ਜ਼ੁਲਮ ਕਰਨ ਤੋਂ ਵਰਜਿਆ। ਆਪ ਮੁਸਲਮਾਨਾਂ ਦੇ ਪਵਿੱਤਰ ਸਥਾਨ ਮੱਕੇ- ਮਦੀਨੇ ਵੀ ਗਏ। ਉਨ੍ਹਾਂ ਦੱਸਿਆ ਕਿ ਪ੍ਰਮਾਤਮਾ ਸਭ ਥਾਂ ਮੌਜੂਦ ਹੈ। ਆਪ ਸੁਮੇਰ ਪਰਬਤ 'ਤੇ ਗਏ ਅਤੇ ਜੋਗੀਆਂ ਨੂੰ ਦੱਸਿਆ ਕਿ ਜੇ ਧਾਰਮਿਕ ਲੋਕ ਹੀ ਦੁਨੀਆਂਦਾਰੀ ਨੂੰ ਛੱਡ ਕੇ ਪਰਬਤਾਂ 'ਤੇ ਜਾ ਬੈਠਣਗੇ ਤਾਂ ਗ਼ਰੀਬਾਂ ਅਤੇ ਬੇਸਹਾਰਿਆਂ ਦੀ ਬਾਂਹ ਕੌਣ ਫੜੇਗਾ? ਇਸ ਤਰ੍ਹਾਂ ਆਪ ਜੀ ਨੇ ਹਰਿਦੁਆਰ ਜਾ ਕੇ ਪੱਛਮ ਵੱਲ ਪਾਣੀ ਦੇ ਕੇ ਪੰਡਿਤਾਂ ਨੂੰ ਸਮਝਾਇਆ ਕਿ ਜੇ ਮੇਰਾ ਪਾਣੀ ਕੁਝ ਮੀਲਾਂ ਦੀ ਦੂਰੀ 'ਤੇ ਮੇਰੇ ਖੇਤਾਂ ਨੂੰ ਨਹੀਂ ਪਹੁੰਚ ਸਕਦਾ ਤਾਂ ਤੁਹਾਡਾ ਪਾਣੀ ਲੱਖਾਂ ਮੀਲ ਦੀ ਦੂਰੀ 'ਤੇ ਸੂਰਜ ਕੋਲ ਕਿਵੇਂ ਪਹੁੰਚ ਸਕਦਾ ਹੈ? ਇਸ ਲਈ ਝੂਠੇ ਆਡੰਬਰ ਛੱਡੋ। ਆਪ ਨੇ ਬਾਹਰਲੇ ਧਾੜਵੀ ਰਾਜਾ ਬਾਬਰ ਨੂੰ ਵੀ ਜਾਬਰ ਕਹਿਣ ਦਾ ਹੌਂਸਲਾ ਕੀਤਾ ਅਤੇ ਰੱਬ ਨੂੰ ਵੀ ਮਿੱਠਾ ਉਲ੍ਹਂਾਭਾ ਦਿੱਤਾ:
ਏਤੀ ਮਾਰ ਪਈ ਕਰਲਾਣੇ (ਅੰਗ 360)
ਤੈਂ ਕੀ ਦਰਦੁ ਨਾ ਆਇਆ॥
ਭਾਰਤ ਵਿਚ ਸਦੀਆਂ ਤੋਂ ਔਰਤ ਦੀ ਹਾਲਤ ਬਹੁਤ ਤਰਸਯੋਗ ਸੀ। ਉਸ ਨੂੰ ਪੈਰ ਦੀ ਜੁੱਤੀ ਅਤੇ ਕੇਵਲ ਭੋਗ ਦੀ ਵਸਤੂ ਹੀ ਸਮਝਿਆ ਜਾਂਦਾ ਸੀ। ਗੁਰੂੂੁ ਨਾਨਕ ਦੇਵ ਜੀ ਨੇ ਔਰਤ ਦੀ ਇਸ ਦੁਰਦਸ਼ਾ ਨੂੰ ਬਹੁਤ ਸ਼ਿੱਦਤ ਨਾਲ ਮਹਿਸੂਸ ਕੀਤਾ ਅਤੇ ਉਸ ਨੂੰ ਸਮਾਜ ਵਿਚ ਮਰਦਾਂ ਦੇ ਬਰਾਬਰ ਦਰਜਾ ਦਿੱਤਾ।
ਗੁਰੂੂੁ ਨਾਨਕ ਦੇਵ ਜੀ ਨੇ ਕਿਹਾ ਕਿ ਔਰਤ ਨੂੰ ਮਰਦ ਤੋਂ ਮਾੜਾ ਜਾਂ ਨੀਵਾਂ ਨਹੀਂ ਸਮਝਣਾ ਚਾਹੀਦਾ ਕਿਉਂਕਿ ਰਾਜੇ-ਮਹਾਰਾਜਿਆਂ ਅਤੇ ਪੀਰ-ਪੈਗੰਬਰਾਂ ਨੂੰ ਜਨਮ ਦੇਣ ਵਾਲੀ ਔਰਤ ਹੀ ਹੈ। ਇਸ ਲਈ ਉਹ ਕਿਸੇ ਗੱਲੋਂ ਘਟੀਆ ਨਹੀਂ ਸਗੋਂ ਮਹਾਨ ਹੈ। ਔਰਤ ਦੇ ਹੱਕ 'ਚ ਆਵਾਜ਼ ਉਠਾਉਂਦੇ ਹੋਏ ਆਪ ਜੀ ਨੇ ਫ਼ੁਰਮਾਇਆ:
ਸੋ ਕਿਉ ਮੰਦਾ ਆਖੀਐ
ਜਿਤੁ ਜੰਮਹਿ ਰਾਜਾਨ॥ (ਅੰਗ 473)
ਗੁਰੂੁ ਜੀ ਨੇ ਪੁਰਾਣੀਆਂ ਗ਼ਲਤ ਪਰੰਪਰਾਵਾਂ ਨੂੰ ਵੰਗਾਰਿਆ ਅਤੇ ਨਵੀਆਂ ਪੈੜਾਂ ਪਾਈਆਂ। ਮਹਾਂ ਭਾਰਤ ਅਤੇ ਰਾਮਾਇਣ ਦੇ ਪਾਠ ਤੋਂ ਪਤਾ ਚੱਲਦਾ ਹੈ ਕਿ ਉਸ ਸਮੇਂ ਦੇ ਰਾਜੇ-ਮਹਾਰਾਜੇ ਆਪਣੇ ਪੁੱਤਰ-ਮੋਹ ਵਿਚ ਬੁਰੀ ਤਰ੍ਹਾਂ ਫਸੇ ਹੋਏ ਸਨ। ਉਨ੍ਹਾਂ ਸਾਹਮਣੇ ਇਹ ਹੀ ਆਸ਼ਾ ਸੀ ਕਿ ਮੇਰੇ ਤੋਂ ਬਾਅਦ ਮੇਰੀ ਰਾਜਗੱਦੀ ਮੇਰੇ ਪੁੱਤਰ ਨੂੰ ਹੀ ਮਿਲੇ। ਇਸ ਲਈ ਭਾਵੇਂ ਜਿੰਨੀਆਂ ਮਰਜ਼ੀ ਕੀਮਤੀ ਜਾਨਾਂ ਕਿਉਂ ਨਾ ਚਲੀਆਂ ਜਾਣ। ਇਹ ਹੀ ਪੁੱਤਰ-ਮੋਹ ਭਾਰਤ ਵਿਚ ਅੱਜ ਵੀ ਬੁਰੀ ਤਰ੍ਹਾਂ ਫੈਲਿਆ ਹੋਇਆ ਹੈ। ਹਰ ਰਾਜ ਨੇਤਾ ਇਹ ਹੀ ਚਾਹੁੰਦਾ ਹੈ ਕਿ ਮੇਰੇ ਬਾਅਦ ਮੇਰੀ ਕੁਰਸੀ ਮੇਰੇ ਪੁੱਤਰ ਨੂੰ ਹੀ ਮਿਲੇ। ਇਸ ਲਈ ਲਿਆਕਤ ਅਤੇ ਯੋਗਤਾ ਨੂੰ ਪੂਰੀ ਤਰ੍ਹਾਂ ਨਕਾਰਿਆ ਜਾਂਦਾ ਹੈ। ਪਰ ਗੁਰੂੁ ਨਾਨਕ ਦੇਵ ਜੀ ਇਸ ਮੋਹ ਮਾਇਆ ਤੋਂ ਬਿਲਕੁਲ ਨਿਰਲੇਪ ਸਨ। ਉਨ੍ਹਾਂ ਨੇ ਪੁੱਤਰ-ਮੋਹ ਤੋਂ ਉੱਪਰ ਉੱਠ ਕੇ ਯੋਗਤਾ ਨੂੰ ਪਹਿਲ ਦਿੱਤੀ ਅਤੇ ਆਪਣੀ ਗੁਰਿਆਈ ਗੱਦੀ ਆਪਣੇ ਦੋਹਾਂ ਪੁੱਤਰਾਂ ਵਿਚੋਂ ਕਿਸੇ ਨੂੰ ਵੀ ਨਹੀਂ ਦਿੱਤੀ, ਸਗੋਂ ਭਾਈ ਲਹਿਣਾ ਜੀ ਨੂੰ ਆਪਣੇ ਜਿਉਂਦੇ ਜੀਅ ਗੁਰ-ਗੱਦੀ ਦੇ ਕੇ ਇਕ ਨਵੀਂ ਪਿਰਤ ਪਾਈ। ਲਹਿਣਾ ਜੀ ਨਾਲ ਉਨ੍ਹਾਂ ਦਾ ਕੋਈ ਦੁਨਿਆਵੀ ਰਿਸ਼ਤਾ ਨਹੀਂ ਸੀ। ਗੁਰੂੂੁ ਜੀ ਜਾਣਦੇ ਸਨ ਕਿ ਉਨ੍ਹਾਂ ਦੇ ਸੇਵਕ ਲਹਿਣਾ ਜੀ ਇਸ ਬਹੁਤ ਵੱਡੀ ਜ਼ਿੰਮੇਵਾਰੀ ਨੂੰ ਸੰਭਾਲਣ ਲਈ ਸਭ ਤੋਂ ਯੋਗ ਹਨ।ਭਾਈ ਲਹਿਣਾ ਜੀ ਵੀ ਗੁਰੂ ਆਸ਼ੇ ਦੇ ਪੂਰੀ ਤਰ੍ਹਾਂ ਯੋਗ ਨਿਕਲੇ ਅਤੇ ਗੁਰੂੁ ਨਾਨਕ ਦੇਵ ਜੀ ਦੇ ਮਿਸ਼ਨ ਨੂੰ ਅੱਗੇ ਤੋਰਿਆ। ਇਸ ਆਸ਼ੇ ਨੂੰ ਪੂਰਨ ਕਰਨ ਲਈ ਆਪ ਜੀ ਨੇ ਕਈ ਮਹਾਨ ਕਾਰਜ ਕੀਤੇ। ਇਸੇ ਲਈ ਆਪ ਲਹਿਣਾ ਤੋਂ ਗੁਰੂੂੂੂੂੂੂ ਅੰਗਦ, ਭਾਵ ਗੁਰੂ ਦੇ ਅੰਗ ਤੋਂ ਪੈਦਾ ਹੋਏ, ਬਣ ਕੇ ਵਿਚਰੇ।ਇਸ ਤੋਂ ਬਾਅਦ ਗੁਰੂੁ ਅਮਰਦਾਸ ਜੀ ਤੋਂ ਲੈ ਕੇ ਗੁਰੂੂੁ ਗੋਬਿੰਦ ਸਿੰਘ ਜੀ ਨੇ ਇਸ ਮਿਸ਼ਨ ਨੂੰ ਅੱਗੇ ਤੋਰਿਆ।
ਗੁਰੂ ਸਾਹਿਬ ਇਕ ਮਹਾਨ ਦਾਨੀ ਵੀ ਸਨ। 34 ਸਾਲ ਦੀ ਉਮਰ ਵਿਚ ਉਨ੍ਹਾਂ ਦੇ ਪਿਤਾ ਮਹਿਤਾ ਕਾਲੂ ਜੀ ਨੇ ਆਪ ਜੀ ਨੂੰ 20 ਰੁਪਏ ਦੇ ਕੇ ਭਾਈ ਬਾਲੇ ਨਾਲ ਕੋਈ ਸੱਚਾ ਸੌਦਾ ਕਰਨ ਲਈ ਭੇਜਿਆ ਤਾਂ ਕਿ ਵੱਡੇ ਹੋ ਕੇ ਆਪ ਇਕ ਕਾਮਯਾਬ ਵਪਾਰੀ ਬਣ ਸਕਣ। ਰਸਤੇ ਵਿਚ ਆਪ ਨੇ ਕੁਝ ਸਾਧੂਆਂ ਨੂੰ ਦੇਖਿਆ ਜੋ ਕਈ ਦਿਨਾਂ ਤੋਂ ਭੁੱਖੇ ਸਨ। ਗੁਰੂੁ ਸਾਹਿਬ ਨੇ ਉਨ੍ਹਾਂ ਵੀਹ ਰੁਪਏ ਦੀ ਰਸਦ ਖ਼ਰੀਦ ਕੇ ਉਸ ਦਾ ਭੋਜਨ ਤਿਆਰ ਕਰ ਕੇ ਭੁੱਖੇ ਸਾਧੂਆਂ ਨੂੰ ਖੁਆ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਸਾਰੀ ਰਾਸ ਪੂੰਜੀ ਦਾਨ ਕਰ ਦਿੱਤੀ ਅਤੇ ਸਿੱਖ ਧਰਮ ਵਿਚ ਲੰਗਰ ਦੀ ਰਸਮ ਚਲਾਈ, ਜੋ ਅੱਜ ਦੁਨੀਆਂ ਭਰ ਵਿਚ ਫੈਲ ਕੇ ਆਪਣੀ ਖ਼ੁਸ਼ਬੂ ਫੈਲਾਅ ਰਹੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀਹ ਰੁਪਏ ਨਾਲ ਭੁੱਖੇ ਸਾਧੂਆਂ ਨੂੰ ਭੋਜਨ ਕਰਾ ਕੇ ਸਿੱਖ-ਮੱਤ ਵਿਚ ਜਿਹੜੀ ਲੰਗਰ ਦੀ ਸੇਵਾ ਸ਼ੁਰੂ ਕੀਤੀ ਸੀ, ਉਹ ਅੱਜ ਇਕ ਮਜ਼ਬੂਤ ਫ਼ਲਦਾਰ ਰੁੱਖ ਬਣ ਕੇ ਉਭਰੀ ਹੈ। ਦੁਨੀਆਂ ਭਰ ਵਿਚ ਸਿੱਖ ਨਿਰਸੁਆਰਥ ਹੋ ਕੇ ਬਿਨਾਂ ਕਿਸੇ ਭੇਦ-ਭਾਵ ਦੇ ਥਾਂ-ਥਾਂ ਲੰਗਰ ਲਾ ਰਹੇ ਹਨ ਤਾਂ ਕਿ ਕੋਈ ਮਨੁੱਖ ਭੁੱਖ ਨਾਲ ਨਾ ਮਰੇ ਕਿਉਂਕਿ ਭੋਜਨ ਹਰ ਪ੍ਰਾਣੀ ਦੀ ਮੁਢਲੀ ਜ਼ਰੂਰਤ ਹੈ। ਇਸ ਸਮੇਂ ਦੁਨੀਆਂ ਵਿਚ ਸਿੱਖਾਂ ਦੀ ਆਬਾਦੀ ਕੇਵਲ ਢਾਈ ਕਰੋੜ ਹੈ, ਪਰ ਉਹ ਰੋਜ਼ਾਨਾ ਪੰਜ ਕਰੋੜ ਲੋਕਾਂ ਨੂੰ ਮੁਫ਼ਤ ਭੋਜਨ ਕਰਾ ਕੇ ਸੌਂਦੇ ਹਨ। ਇਕੱਲੇ ਅੰਮ੍ਰਿਤਸਰ ਦੇ ਗੁਰੂੁ ਰਾਮਦਾਸ ਲੰਗਰ ਵਿਚ ਹੀ ਰੋਜ਼ਾਨਾ ਇਕ ਲੱਖ ਤੋਂ ਵੱਧ ਲੋਕ ਬਿਨਾਂ ਕਿਸੇ ਭੇਦ-ਭਾਵ ਤੋਂ ਮੁਫ਼ਤ ਭੋਜਨ ਕਰਦੇ ਹਨ। ਇਸ ਨੂੰ ਦੁਨੀਆਂ ਦੀ ਸਭ ਤੋਂ ਵੱਡੀ ਰਸੋਈ ਵੀ ਕਿਹਾ ਜਾਂਦਾ ਹੈ। ਸੇਵਾ ਦਾ ਇਕ ਮਹਾਨ ਕਾਰਜ ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਬਾਕੀ ਗੁਰੂੁ ਸਾਹਿਬਾਨ ਨੇ ਬਾਖੂਬੀ ਅੱਗੇ ਤੋਰਿਆ।ਸਿੱਖਾਂ ਦੇ ਅੱਠਵੇਂ ਗੁਰੂ, ਗੁਰੂ ਹਰਕ੍ਰਿਸ਼ਨ ਜੀ ਹਾਲੇ ਬਾਲ ਅਵਸਥਾ ਵਿਚ ਹੀ ਸਨ ਕਿ ਦਿੱਲੀ ਵਿਚ ਚੇਚਕ ਦਾ ਰੋਗ ਫੈਲ ਗਿਆ, ਜੋ ਇਕ ਛੂਤ ਦਾ ਰੋਗ ਹੈ। ਚੇਚਕ ਦੇ ਰੋਗੀ ਕੋਲ ਉਸ ਦੇ ਘਰਵਾਲੇ ਵੀ ਜਾਣ ਤੋਂ ਕਤਰਾਉਂਦੇ ਹਨ ਤਾਂ ਕਿ ਕਿਧਰੇ ਉਨ੍ਹਾਂ ਨੂੰ ਵੀ ਇਹ ਰੋਗ ਨਾ ਲੱਗ ਜਾਏ, ਪਰ ਛੋਟੀ ਜਿਹੀ ਉਮਰ ਹੁੰਦਿਆਂ ਹੋਇਆਂ ਵੀ ਗੁਰੂ ਜੀ ਨੇ ਇਨ੍ਹਾਂ ਰੋਗੀਆਂ ਦੇ ਘਰ-ਘਰ ਜਾ ਕੇ ਉਨ੍ਹਾਂ ਦੀ ਹੱਥੀਂ ਸੇਵਾ ਕੀਤੀ ਅਤੇ ਉਨ੍ਹਾਂ ਦੇ ਦਵਾ-ਦਾਰੂ ਅਤੇ ਭੋਜਨ ਦਾ ਵੀ ਪ੍ਰਬੰਧ ਕੀਤਾ। ਇਸ ਸੇਵਾ ਦੇ ਕਾਰਨ ਹੀ ਉਨ੍ਹਾਂ ਨੂੰ ਚੇਚਕ ਦਾ ਰੋਗ ਹੋ ਗਿਆ ਅਤੇ ਉਨ੍ਹਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਦਿੱਤੀ। ਇਸ ਤੋਂ ਬਾਅਦ ਗੁਰੂ ਦੇ ਸਿੱਖਾਂ ਨੇ ਵੀ ਸੇਵਾ ਦੇ ਇਸ ਸਿਧਾਂਤ ਨੂੰ ਪੂਰੀ ਤਰ੍ਹਾਂ ਨਿਭਾਇਆ।
ਭਾਈ ਕਨ੍ਹੱਈਆ ਜੀ ਜੰਗ ਵਿਚ ਮੁਸਲਮਾਨਾਂ ਅਤੇ ਸਿੱਖਾਂ ਨੂੰ ਨਿਰਵੈਰ ਹੋ ਕੇ ਜਲ ਛਕਾਉਂਦੇ ਸਨ। ਉਨ੍ਹਾਂ ਨੂੰ ਰੈਡ ਕਰਾਸ ਦਾ ਮੋਢੀ ਵੀ ਕਿਹਾ ਜਾ ਸਕਦਾ ਹੈ। ਗੁਰੂੁ ਗੋਬਿੰਦ ਸਿੰਘ ਜੀ ਨੇ ਉਨ੍ਹਾਂ ਨੂੰ ਮਲ੍ਹਮ ਦੀ ਡੱਬੀ ਦੇ ਕੇ ਸਾਰੇ ਹੀ ਜ਼ਖ਼ਮੀਆਂ ਦੇ ਫੱਟਾਂ 'ਤੇ ਬਿਨਾਂ ਕਿਸੇ ਵਿਤਕਰੇ ਦੇ ਮਲ੍ਹਮ ਲਾਉਣ ਲਈ ਕਿਹਾ ਅਤੇ 'ਨਾ ਕੋ ਬੈਰੀ ਨਹੀ ਬਿਗਾਨਾ' ਦਾ ਪਾਠ ਹੋਰ ਵੀ ਦ੍ਰਿੜ ਕਰਾਇਆ। ਮਹਾਰਾਜਾ ਰਣਜੀਤ ਸਿੰਘ ਨੇ ਮਹਾਰਾਜਾ ਹੋਣ ਦੇ ਬਾਵਜੂਦ ਵੀ ਸੇਵਾ ਦੀ ਇਸ ਮਹਾਨਤਾ ਨੂੰ ਸਮਝਿਆ ਅਤੇ ਇਕ ਗ਼ਰੀਬ ਬੁੱਢੇ ਦੀ ਰਾਸ਼ਨ ਦੀ ਭਰੀ ਹੋਈ ਪੰਡ ਆਪਣੇ ਸਿਰ 'ਤੇ ਚੁੱਕ ਕੇ ਉਸ ਦੇ ਘਰ ਪਹੁੰਚਾਈ। ਇਸ ਤੋਂ ਇਲਾਵਾ ਭਗਤ ਪੂਰਨ ਸਿੰਘ ਜੀ ਨੂੰ ਸੇਵਾ ਦਾ ਪੁੰਜ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਅੰਮ੍ਰਿਤਸਰ ਵਿਚ ਪਹਿਲਾ ਪਿੰਗਲਵਾੜਾ ਸਥਾਪਤ ਕੀਤਾ, ਜਿੱਥੇ ਲਾਚਾਰ ਬਿਮਾਰਾਂ ਦਾ, ਜੋ ਆਪਣਾ ਨਿੱਤ ਕਰਮ ਵੀ ਠੀਕ ਤਰ੍ਹਾਂ ਨਹੀਂ ਕਰ ਸਕਦੇ, ਉਨ੍ਹਾਂ ਦੇ ਪਰਿਵਾਰ ਵਾਲੇ ਵੀ ਉਨ੍ਹਾਂ ਨੂੰ ਤਿਆਗ ਚੁੱਕੇ ਹਨ, ਮੁਫ਼ਤ ਇਲਾਜ ਅਤੇ ਦੇਖ ਭਾਲ ਕੀਤੀ ਜਾਂਦੀ ਹੈ । ਅੱਜ ਪਿੰਗਲਵਾੜੇ ਦੀ ਸੰਸਥਾ ਦੁਨੀਆਂ ਭਰ ਵਿਚ ਇਕ ਲਹਿਰ ਬਣ ਕੇ ਉਭਰੀ ਹੈ।
ਸਿੱਖ ਮਿਸ਼ਨ ਵਿਚ ਇਹ ਸੇਵਾ ਕੇਵਲ ਲੰਗਰ ਤਕ ਹੀ ਸੀਮਤ ਨਹੀਂ ਰਹੀ ਕਿਉਂਕਿ ਮਨੁੱਖਤਾ ਦੀ ਸੇਵਾ ਹੋਰ ਵੀ ਕਈ ਢੰਗਾਂ ਨਾਲ ਕੀਤੀ ਜਾ ਸਕਦੀ ਹੈ, ਜਿਵੇਂ:- ਆਰਥਿਕ ਮਦਦ ਅਤੇ ਸਰੀਰਕ ਸੇਵਾ, ਭਾਵ ਆਪਣਾ ਕੀਮਤੀ ਸਮਾਂ ਕੱਢ ਕੇ ਆਪਣੇ ਹੱਥਾਂ-ਪੈਰਾਂ ਅਤੇ ਹੋਰ ਵਸੀਲਿਆਂ ਨਾਲ ਲੋੜਵੰਦਾਂ ਦੀ ਸੇਵਾ ਆਦਿ। ਗੁਰੂ ਘਰ ਵਿਚ ਗ਼ਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਕਿਹਾ ਜਾਂਦਾ ਹੈ। ਸਿੱਖ ਆਪਣੇ ਹੱਥਾਂ-ਪੈਰਾਂ ਨੂੰ, ਧਨ-ਦੌਲਤ ਨੂੰ ਅਤੇ ਬਾਕੀ ਸਾਧਨਾਂ ਨੂੰ ਕੇਵਲ ਆਪਣੀ ਜ਼ਿੰਦਗੀ ਦੇ ਸੁੱਖ ਲਈ ਹੀ ਨਹੀਂ ਵਰਤਦੇ, ਸਗੋਂ ਉਹ ਇਨ੍ਹਾਂ ਸਾਧਨਾਂ ਨਾਲ ਕਮਜ਼ੋਰ ਅਤੇ ਜ਼ਰੂਰਤ-ਮੰਦਾਂ ਦੀ ਮਦਦ ਕਰਦੇ ਹਨ ਤਾਂ ਕਿ ਉਨ੍ਹਾਂ ਦੇ ਦੁੱਖ ਘਟਣ ਅਤੇ ਉਹ ਸਮਾਜ ਦਾ ਨਰੋਇਆ ਅੰਗ ਬਣ ਕੇ ਵਿਚਰ ਸਕਣ। ਹੁਣ ਸਿੱਖ ਸੰਸਥਾਵਾਂ ਹਸਪਤਾਲਾਂ ਵਿਚ ਜਾ ਕੇ ਲੰਗਰ ਦੀ ਸੇਵਾ ਦੇ ਨਾਲ-ਨਾਲ ਮਰੀਜ਼ਾਂ ਦੇ ਦਵਾ-ਦਾਰੂ ਅਤੇ ਰਿਹਾਇਸ਼ ਵਗੈਰਾ ਦਾ ਵੀ ਪ੍ਰਬੰਧ ਕਰਦੀਆਂ ਹਨ। ਸਿੱਖਾਂ ਦੀ ਇਹ ਸੇਵਾ ਕੇਵਲ ਭਾਰਤ ਦੇਸ਼ ਤੱਕ ਹੀ ਸੀਮਤ ਨਹੀਂ ਰਹੀ, ਸਗੋਂ ਉਹ ਕਿਸੇ ਵੀ ਕੁਦਰਤੀ ਆਫ਼ਤ ਜਾਂ ਬਿਪਤਾ ਸਮੇਂ ਦੁਰਗ਼ਮ ਹਾਲਾਤ ਅਤੇ ਬਿਖੜੇ ਮਾਰਗ ਦੀ ਪਰਵਾਹ ਨਾ ਕਰਦੇ ਹੋਏ, ਦੁਨੀਆਂ ਦੇ ਹਰ ਕੋਨੇ ਵਿਚ ਮਦਦ ਲਈ ਸਭ ਤੋਂ ਪਹਿਲਾਂ ਪਹੁੰਚਦੇ ਹਨ ਅਤੇ ਕਈ ਕੀਮਤੀ ਜਾਨਾਂ ਬਚਾਉੰਦੇ ਹਨ। ਉਨ੍ਹਾਂ ਲਈ ਦਵਾ-ਦਾਰੂ, ਭੋਜਨ, ਕਪੜੇ ਅਤੇ ਰਿਹਾਇਸ਼ ਦਾ ਪ੍ਰਬੰਧ ਕਰਕੇ ਉਨ੍ਹਾਂ ਨੂੰ ਫਿਰ ਤੋਂ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿਚ ਮਦਦ ਕਰਦੇ ਹਨ ਤਾਂ ਕਿ ਉਹ ਇੱਜ਼ਤ ਨਾਲ ਆਪਣੀ ਰੋਜ਼ੀ-ਰੋਟੀ ਕਮਾ ਸਕਣ ਅਤੇ ਦੂਜਿਆਂ ਦੇ ਬਰਾਬਰ ਆਪਣੇ ਪਰਿਵਾਰਾਂ ਨਾਲ ਜ਼ਿੰਦਗੀ ਬਸਰ ਕਰ ਸਕਣ। ਇਸ ਲਈ ਸਿੱਖਾਂ ਦੀਆਂ ਵੱਖ-ਵੱਖ ਸੰਸਥਾਵਾਂ ਜਿਵੇਂ ਸਿੱਖ ਏਡ, ਯੁਨਾਇਟਿਡ ਸਿੱਖ ਆਰਗੇੇਨਾਈਜੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ, ਸ਼੍ਰੋਮਣੀ ਕਮੇਟੀ ਦਿੱਲੀ ਅਤੇ ਹੋਰ ਅਨੇਕਾਂ ਸਿੱਖ ਸੰਸਥਾਵਾਂ ਸਰਗਰਮ ਹਨ। ਇਨ੍ਹਾਂ ਸੰਸਥਾਵਾਂ ਨੇ ਸੇਵਾ ਦੇ ਇਸ ਮਹਾਨ ਕਾਰਜ ਨਾਲ ਉੱਤਰਾ-ਖੰਡ, ਕੇਰਲਾ, ਰੋਹੰਗੀਆਂ ਮੁਲਸਮਾਨਾਂ ਦੀ ਮੁਸੀਬਤ ਅਤੇ ਇੰਡੋਨੇਸ਼ੀਆਂ ਦੇ ਭੁਚਾਲਾਂ ਅਤੇ ਸੁਨਾਮੀਆਂ ਸਮੇਂ ਮਨੁੱਖਤਾ ਦੇ ਭਲੇ ਲਈ ਸੇਵਾ ਕਰਕੇ ਦੁਨੀਆਂ ਭਰ ਵਿਚ ਇਕ ਮਿਸਾਲ ਕਾਇਮ ਕੀਤੀ ਹੈ।ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਲਾਇਆ ਹੋਇਆ ਮਿਸ਼ਨ ਕੇਵਲ ਇਕ ਫ਼ਿਰਕੇ ਤੱਕ ਹੀ ਸੀਮਤ ਨਹੀਂ, ਸਗੋਂ ਇਹ ਪੂਰੀ ਤਰ੍ਹਾਂ ਸਾਰੇ ਸੰਸਾਰ ਲਈ ਇਕ ਮਾਨਵਵਾਦੀ ਧਰਮ ਹੈ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਾਰੀ ਮਨੁੱਖਤਾ ਦੇ ਸਾਂਝੇ ਗੁਰੂੂੂੂ ਸਨ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in
10 Nov. 2018
ਜ਼ਿੰਦਗੀ ਦੇ ਹਨੇਰੇ-ਸਵੇਰੇ - ਗੁਰਸ਼ਰਨ ਸਿੰਘ ਕੁਮਾਰ
ਦਿਨ ਅਤੇ ਰਾਤ ਕੁਦਰਤ ਦੇ ਵਰਤਾਰੇ ਹਨ। ਇਕ ਨਿਯਮ ਦੇ ਅਨੁਸਾਰ ਹਰ ਰਾਤ ਤੋਂ ਬਾਅਦ ਦਿਨ ਦਾ ਚੜ੍ਹਨਾ ਜ਼ਰੂਰੀ ਹੈ। ਹਰ ਰਾਤ ਦਾ ਇਕ ਸਵੇਰਾ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਹਰ ਦਿਨ ਤੋਂ ਬਾਅਦ ਰਾਤ ਦਾ ਆਉਣਾ ਵੀ ਤਹਿ ਹੈ। ਗ਼ਹਿਰੇ ਤੋਂ ਗ਼ਹਿਰੇ ਹਨੇਰੇ ਦੇ ਬੱਦਲ ਵੀ ਕਦੀ ਸੂਰਜ ਨੂੰ ਨਿਕਲਣ ਤੋਂ ਨਹੀਂ ਰੋਕ ਸਕਦੇ। ਮਨੁੱਖੀ ਜੀਵਨ ਵਿਚ ਦਿਨ ਅਤੇ ਰਾਤ ਦੀ ਤਰ੍ਹਾਂ ਦੁੱਖ ਅਤੇ ਸੁੱਖ ਵੀ ਆਉਂਦੇ ਹੀ ਰਹਿੰਦੇ ਹਨ। ਦੁੱਖ ਅਤੇ ਸੁੱਖ ਇੱਕੋ ਸਿੱਕੇ ਦੇ ਹੀ ਦੋ ਪਹਿਲੂ ਹਨ। ਪੁਰਾਣੇ ਪੱਤੇ ਝੱੜਦੇ ਹਨ ਤਾਂ ਹੀ ਨਵੀਂਆਂ ਕਰੂੰਬਲਾਂ ਫੁੱਟਦੀਆਂ ਹਨ। ਕੁਦਰਤ ਮੌਲਦੀ ਹੈ ਅਤੇ ਹਰ ਜੀਵ ਖੇੜੇ ਵਿਚ ਆਉਂਦਾ ਹੈ। ਇਸੇ ਤਰ੍ਹਾਂ ਪੁਰਾਣੇ ਲੋਕ ਧਰਤੀ ਤੋਂ ਰੁਖਸਤ ਹੁੰਦੇ ਹਨ ਤੇ ਧਰਤੀ 'ਤੇ ਇਕ ਨਵੀਂ ਪੀੜ੍ਹੀ ਦਾ ਜਨਮ ਹੁੰਦਾ ਹੈ।
ਮਨੁੱਖੀ ਜ਼ਿੰਦਗੀ ਵਿਚ ਹਨੇਰਾ ਦੁੱਖਾਂ ਦਾ ਪ੍ਰਤੀਕ ਹੈ। ਹਨੇਰੇ ਵਿਚ ਸਾਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਇਸ ਲਈ ਹਨੇਰੇ ਵਿਚ ਅਸੀਂ ਕੋਈ ਵੀ ਕੰਮ ਠੀਕ ਢੰਗ ਨਾਲ ਨਹੀਂ ਕਰ ਸਕਦੇ। ਹਨੇਰੇ ਵਿਚ ਸਾਨੂੰ ਕੋਈ ਵਸਤੂ ਥਾਂ ਟਿਕਾਣੇ ਰੱਖਣ ਵਿਚ ਅਤੇ ਢੂੰਡਣ ਵਿਚ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਹਨੇਰੇ ਵਿਚ ਅਸੀਂ ਆਪਣਾ ਰਸਤਾ ਵੀ ਨਹੀਂ ਤਲਾਸ਼ ਕਰ ਸਕਦੇ। ਜੇ ਅਸੀਂ ਹਨੇਰੇ ਵਿਚ ਸਫ਼ਰ 'ਤੇ ਨਿਕਲ ਵੀ ਜਾਈਏ ਤਾਂ ਰਸਤਾ ਭਟਕਣ ਦਾ ਡਰ ਰਹਿੰਦਾ ਹੈ। ਹਨੇਰੇ ਵਿਚ ਅਸੀਂ ਕਿਸੇ ਦੀਵਾਰ, ਵਸਤੂ ਜਾਂ ਮਨੁੱਖ ਨਾਲ ਟਕਰਾ ਸਕਦੇ ਹਾਂ, ਜਾਂ ਠੇਡਾ ਖਾ ਕੇ ਡਿੱਗ ਵੀ ਸਕਦੇ ਹਾਂ। ਸਾਨੂੰ ਕੋਈ ਸੱਟ-ਫੇਟ ਵੀ ਲੱਗ ਸਕਦੀ ਹੈ। ਇਸ ਲਈ ਹਨੇਰੇ ਨੂੰ ਦੁੱਖਾਂ ਦਾ ਪ੍ਰਤੀਕ ਮੰਨਿਆ ਗਿਆ ਹੈ। ਹਨੇਰੇ ਵਿਚ ਅਸੀਂ ਆਰਾਮ ਹੀ ਕਰ ਸਕਦੇ ਹਾਂ ਜਾਂ ਸੌਂ ਸਕਦੇ ਹਾਂ। ਉਸ ਸਮੇਂ ਸਾਨੂੰ ਹਨੇਰਾ ਚੰਗਾ ਲਗਦਾ ਹੈ।
ਦੂਜੇ ਪਾਸੇ ਚਾਨਣ ਨੂੰ ਉਤਸ਼ਾਹ ਅਤੇ ਸੁੱਖਾਂ ਦਾ ਪ੍ਰਤੀਕ ਮੰਨਿਆ ਗਿਆ ਹੈ। ਜਦ ਜ਼ਿੰਦਗੀ ਵਿਚ ਚਾਨਣ ਹੋ ਜਾਂਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਹੁਣ ਦੁੱਖਾਂ ਦੇ ਬੱਦਲ ਛਟ ਗਏ ਹਨ। ਅਸੀਂ ਹਰ ਕੰਮ ਪੂਰੇ ਜੋਸ਼ ਨਾਲ ਕਰਦੇ ਹਾਂ। ਸਾਨੂੰ ਪਤਾ ਚੱਲ ਜਾਂਦਾ ਹੈ ਕਿ ਅਸੀਂ ਜੋ ਕੰਮ ਕਰ ਰਹੇ ਹਾਂ ਉਹ ਠੀਕ ਕਰ ਰਹੇ ਹਾਂ। ਜੇ ਅਸੀਂ ਚਾਨਣ ਵਿਚ ਸਫ਼ਰ ਵੀ ਕਰਦੇ ਹਾਂ ਤਾਂ ਸਾਨੂੰ ਆਪਣਾ ਰਸਤਾ ਸਾਫ਼ ਨਜ਼ਰ ਆਉਂਦਾ ਹੈ।ਚਾਨਣ ਵਿਚ ਭਟਕਣ ਦਾ ਅਤੇ ਠੋਹਕਰਾਂ ਖਾਣ ਦਾ ਜਾਂ ਸੱਟ ਫੇਟ ਲੱਗਣ ਦਾ ਕੋਈ ਡਰ ਨਹੀਂ ਰਹਿੰਦਾ। ਇਸ ਲਈੇ ਸਾਨੂੰ ਯਕੀਨ ਹੁੰਦਾ ਹੈ ਕਿ ਅਸੀਂ ਆਪਣੀ ਮੰਜ਼ਿਲ 'ਤੇ ਠੀਕ-ਠਾਕ ਪਹੁੰਚ ਜਾਵਾਂਗੇ।ਇਸੇ ਲਈ ਚਾਨਣ ਨੂੰ ਸੁੱਖ ਦਾ ਪ੍ਰਤੀਕ ਮੰਨਿਆ ਗਿਆ ਹੈ।
ਕਈ ਲੋਕ ਦੁੱਖ ਵਿਚ ਘਬਰਾ ਜਾਂਦੇ ਹਨ ਅਤੇ ਹੌਸਲਾ ਛੱਡ ਜਾਂਦੇ ਹਨ।ਉਨ੍ਹਾਂ ਨੂੰ ਇਸ ਸਮੇਂ ਕੋਈ ਸਹਾਰਾ ਨਜ਼ਰ ਨਹੀਂ ਆਉਂਦਾ, ਜੋ ਉਨ੍ਹਾਂ ਨੂੰ ਇਨ੍ਹਾਂ ਦੁੱਖਾਂ ਵਿਚੋਂ ਸਹੀ ਸਲਾਮਤ ਕੱਢ ਲਏ। ਉਨ੍ਹਾਂ ਨੂੰ ਦੁੱਖ ਤੋਂ ਛੁਟਕਾਰਾ ਪਾਉਣ ਦਾ ਮੌਤ ਤੋਂ ਇਲਾਵਾ ਕੋਈ ਰਸਤਾ ਨਜ਼ਰ ਨਹੀਂ ਆਉਂਦਾ। ਉਹ ਸੋਚਦੇ ਹਨ ਕਿ ਇੰਨੇ ਦੁਖੀ ਹੋਣ ਨਾਲੋਂ ਤਾਂ ਮੌਤ ਹੀ ਚੰਗੀ ਹੈ। ਉਨ੍ਹਾਂ ਦੀ ਉਸਾਰੂ ਸੋਚ ਖ਼ਤਮ ਹੋ ਜਾਂਦੀ ਹੈ ਅਤੇ ਉਹ ਆਪਣਾ ਮਾਨਸਿਕ ਸੰਤੁਲਨ ਗੁਆ ਬੈਠਦੇ ਹਨ। ਇਹ ਹੀ ਕਾਰਨ ਹੈ ਕਿ ਭਾਰਤ ਵਿਚ ਹਰ ਸਾਲ ਕਰੀਬ ਇੱਕ ਲੱਖ ਪੈਂਤੀ ਹਜ਼ਾਰ ਲੋਕ ਖ਼ੁਦਕੁਸ਼ੀ ਕਰਦੇ ਹਨ। ਅਜਿਹੇ ਲੋਕਾਂ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਖ਼ੁਦਕੁਸ਼ੀ ਕਿਸੇ ਸਮੱਸਿਆ ਦਾ ਹੱਲ ਨਹੀਂ। ਜ਼ਿੰਦਗੀ ਤਿਆਗਣ ਦਾ ਕੋਈ ਫ਼ਾਇਦਾ ਨਹੀਂ। ਜੇ ਕੁਝ ਤਿਆਗਣਾ ਹੀ ਹੈ ਤਾਂ ਆਪਣੀਆਂ ਫਾਲਤੂ ਖ਼ਾਹਿਸ਼ਾਂ ਅਤੇ ਦੂਸਰੇ ਤੋਂ ਝੂਠੀਆਂ ਉਮੀਦਾਂ ਤਿਆਗੋ। ਤੁਹਾਡੇ ਦੁੱਖ ਕਾਫ਼ੀ ਘਟ ਜਾਣਗੇ। ਜ਼ਿੰਦਗੀ ਦਾ ਹਨੇਰਾ ਖਤਮ ਹੋ ਜਾਏਗਾ। ਸਿਆਣੇ ਲੋਕ ਕਹਿੰਦੇ ਹਨ ਕਿ 'ਜੇ ਮਰ ਕੇ ਵੀ ਚੈਨ ਨਾ ਪਾਇਆ ਤਾਂ ਕਿੱਥੇ ਜਾਵੋਗੇ?' ਭਾਵ ਇਹ ਹੈ ਕਿ ਜੇ ਮਰਨ ਤੋਂ ਬਾਅਦ ਵੀ ਦੁੱਖਾਂ ਨੇ ਪਿੱਛਾ ਨਾ ਛੱਡਿਆ ਤਾਂ ਕੀ ਕਰੋਗੇ? ਤ੍ਰਿਸ਼ੰਕੂ ਦੀ ਤਰ੍ਹਾਂ ਆਕਾਸ਼ ਅਤੇ ਧਰਤੀ ਦੇ ਵਿਚਕਾਰ ਹੀ ਲਟਕਦੇ ਰਹੋਗੇ? ਅਜਿਹੇ ਲੋਕਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਮੌਤ ਨੂੰ ਤਾਂ ਕਦੀ ਵੀ ਗਲੇ ਲਾਇਆ ਜਾ ਸਕਦਾ ਹੈ ਪਰ ਇਹ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਇਸ ਲਈ ਥੋੜ੍ਹਾ ਸਬਰ ਰੱਖ ਕੇ ਚੰਗੇ ਦਿਨਾਂ ਦੇ ਆਉਣ ਦੀ ਇੰਤਜ਼ਾਰ ਕਰਨੀ ਚਾਹੀਦੀ ਹੈ। ਜਿਵੇਂ ਹਰ ਰਾਤ ਦਾ ਸਵੇਰਾ ਹੁੰਦਾ ਹੈ ਉਵੇਂ ਹੀ ਦੁੱਖਾਂ ਤੋਂ ਬਾਅਦ ਸੁੱਖਾਂ ਦਾ ਆਉਣਾ ਵੀ ਜ਼ਰੂਰੀ ਹੈ। ਇਹ ਕਦੀ ਨਹੀਂ ਹੋ ਸਕਦਾ ਕਿ ਦੁੱਖ ਕਿਸੇ ਬੰਦੇ ਕੋਲ ਪੱਕਾ ਹੀ ਡੇਰਾ ਬਣਾ ਲੈਣ। ਇਹ ਹੋ ਸਕਦਾ ਹੈ ਕਿ ਉਨ੍ਹਾਂ ਦੇ ਦੁੱਖਾਂ ਦਾ ਸਮਾਂ ਕੁਝ ਜ਼ਿਆਦਾ ਹੀ ਲੰਮਾ ਹੋ ਜਾਏ । ਇਹ ਦੁੱਖਾਂ ਦੀ ਘੜੀ ਉਨ੍ਹਾਂ ਲਈ ਕੁਝ ਔਖੀ ਘੜੀ ਹੁੰਦੀ ਹੈ। ਇਸ ਔਖੀ ਘੜੀ ਨੂੰ ਕੱਟਣਾ ਬਹੁਤ ਮੁਸ਼ਕਲ ਹੁੰਦਾ ਹੈ। ਇਸੇ ਲਈ ਗੁਰਬਾਣੀ ਵਿਚ ਵੀ ਲਿਖਿਆ ਹੈ:
ਅਉਖੀ ਘੜੀ ਨ ਦੇਖਣ ਦੇਈ
ਅਪਨਾ ਬਿਰਦੁ ਸਮਾਲੇ॥ ਅੰਗ 682
ਭਾਵ ਇਹ ਕਿ ਹੇ ਸੱਚੇ ਪਾਤਸ਼ਾਹ ਮੈਨੂੰ ਔਖੀ ਘੜ੍ਹੀ ਨਾ ਦੇਖਣ ਦਈਂ। ਇਸ ਔਖੀ ਘੜੀ ਵਿਚੋਂ ਮੈਨੂੰ ਆਪਣਾ ਸਹਾਰਾ ਦੇ ਕੇ ਕੱਢ ਲਈਂ।ਪਰ ਇਸ ਔਖੀ ਘੜੀ ਦਾ ਵੀ ਇਕ ਦਿਨ ਖ਼ਤਮ ਹੋਣਾ ਜ਼ਰੂਰੀ ਹੁੰਦਾ ਹੈ। ਇਸ ਤੋਂ ਬਾਅਦ ਬੰਦਾ ਸਹਿਜ ਹੋਣਾ ਸ਼ੁਰੂ ਹੋ ਜਾਂਦਾ ਹੈ। ਅੰਗਰੇਜ਼ੀ ਵਿਚ ਕਹਿੰਦੇ ਹਨ Time is a great healer. ਭਾਵ ਇਹ ਹੈ ਕਿ ਸਮਾਂ ਵੱਡ-ਵੱਡੇ ਜ਼ਖ਼ਮ ਭਰ ਦਿੰਦਾ ਹੈ। ਜਿਸ ਘਰ ਵਿਚ ਕਦੀ ਵੈਣ ਪੈਂਦੇ ਸਨ ਉਸ ਘਰ ਵਿਚ ਫਿਰ ਤੋਂ ਕਿਲਕਾਰੀਆਂ ਗੂੰਜਣ ਲੱਗ ਪੈਂਦੀਆਂ ਹਨ।
ਜ਼ਿੰਦਗੀ ਵਿਚ ਹਾਦਸੇ ਵਾਪਰਦੇ ਹੀ ਰਹਿੰਦੇ ਹਨ। ਹਾਦਸੇ ਹੌਸਲੇ ਨਾਲ ਹੀ ਕੱਟੇ ਜਾਂਦੇ ਹਨ। ਦਿਲ ਛੱਡਿਆਂ ਗੱਲ ਨਹੀਂ ਬਣਦੀ। ਜੇ ਅਸੀਂ ਘਬਰਾ ਕੇ ਦਿਲ ਛੱਡ ਦਿੰਦੇ ਹਾਂ ਤਾਂ ਸਾਡੇ ਇਹ ਦੁੱਖ ਹੌਲੀ-ਹੌਲੀ ਧੂਏਂ ਦਾ ਭੂਤ ਬਣ ਕੇ ਸਾਨੂੰ ਡਰਾਉਂਦੇ ਰਹਿੰਦੇ ਹਨ। ਇਸ ਲਈ ਦੁੱਖਾਂ ਤੋਂ ਨਾ ਹੀ ਘਬਰਾਓ ਅਤੇ ਨਾ ਹੀ ਦਿਲ ਛੱਡੋ। ਜੇ ਚਾਨਣ ਦੀ ਇਕ ਬਰੀਕ ਜਿਹੀ ਕਿਰਨ ਗ਼ਹਿਰੇ ਤੋਂ ਗ਼ਹਿਰੇ ਹਨੇਰੇ ਨੂੰ ਚੀਰਨ ਦੀ ਸ਼ਕਤੀ ਰੱਖਦੀ ਹੈ ਤਾਂ ਤੁਹਾਡਾ ਥੋੜ੍ਹਾ ਜਿਹਾ ਹੌਸਲਾ ਹੀ ਤੁਹਾਨੂੰ ਗਮਾਂ ਦੇ ਹਨੇਰੇ ਵਿਚੋਂ ਕੱਢਣ ਦੀ ਤਾਕਤ ਰੱਖਦਾ ਹੈ। ਆਪਣੇ ਨਿੱਜ-ਬਲ 'ਤੇ ਯਕੀਨ ਰੱਖੋ। ਯਾਦ ਰੱਖੋ ਕਿ ਉੱਗਣ ਵਾਲੇ ਤਾਂ ਪੱਥਰ ਦਾ ਸੀਨਾ ਪਾੜ ਕੇ ਵੀ ਉੱਗ ਪੈਂਦੇ ਹਨ ਅਤੇ ਦੁਨੀਆਂ ਨੂੰ ਆਪਣਾ ਸਿਰ ਉੱਚਾ ਚੁੱਕ ਕੇ ਆਪਣੀ ਹਸਤੀ ਪ੍ਰਗਟ ਕਰਦੇ ਹਨ। ਕੋਈ ਤਫ਼ਾਨ, ਕੋਈ ਭੁਚਾਲ ਉਨ੍ਹਾਂ ਨੂੰ ਖ਼ਤਮ ਨਹੀਂ ਕਰ ਸਕਦਾ। ਉਨ੍ਹਾਂ ਦਾ ਤਾਂ ਜਨਮ ਹੀ ਤੁਫ਼ਾਨਾਂ ਦਾ ਮੁਕਾਬਲਾ ਕਰਨ ਲਈ ਹੁੰਦਾ ਹੈ। ਇਸ ਬਾਰੇ ਕਵੀ ਇਕਬਾਲ ਨੇ ਠੀਕ ਲਿਖਿਆ ਹੈ ਕਿ:
ਕੁੱਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ,
ਸਦੀਉਂ ਰਹਾ ਹੈ ਦੁਸ਼ਮਨ, ਦੌਰੇ ਜ਼ਮਾਂ ਹਮਾਰਾ।
ਇੱਥੇ ਸਾਨੂੰ ਇਹ ਗੱਲ ਵੀ ਮਨ ਵਿਚ ਵਸਾ ਲੈਣੀ ਚਾਹੀਦੀ ਹੈ ਕਿ ਇਹ ਦੁੱਖ ਦੇ ਬੱਦਲ ਸਾਡੇ ਤੇ ਹਮੇਸ਼ਾਂ ਲਈ ਹੀ ਨਹੀਂ ਮੰਡਰਾਉਂਦੇ ਰਹਿ ਸਕਦੇ। ਇਹ ਤਾਂ ਜ਼ਿੰਦਗੀ ਦਾ ਇਕ ਹਿੱਸਾ ਹੀ ਹੈ। ਦੁੱਖ ਤੋਂ ਬਾਅਦ ਸੁੱਖ ਨੇ ਤਾਂ ਇਕ ਦਿਨ ਆਉਣਾ ਹੀ ਹੈ। ਜੇ ਸਾਡੇ ਸੁੱਖ ਦੇ ਦਿਨ ਨਹੀਂ ਰਹੇ ਤਾਂ ਦੁੱਖ ਦੇ ਦਿਨ ਵੀ ਨਹੀਂ ਰਹਿਣ ਵਾਲੇ। ਇਨ੍ਹਾਂ ਨੂੰ ਵੀ ਇਕ ਦਿਨ ਜਾਣਾ ਹੀ ਪੈਣਾ ਹੈ। ਅਜਿਹੀ ਉਸਾਰੂ ਸੋਚ ਵੀ ਸਾਡੇ ਔਖੇ ਸਫ਼ਰ ਨੂੰ ਸੌਖਾ ਕਰਨ ਵਿਚ ਸਹਾਈ ਹੁੰਦੀ ਹੈ। ਕਹਿੰਦੇ ਹਨ ਜਬ ਤੱਕ ਸਾਸ ਤਬ ਤੱਕ ਆਸ। ਜਾਣੀ ਬੰਦਾ ਉਮੀਦ ਦੇ ਹੀ ਸਹਾਰੇ ਜ਼ਿੰਦਾ ਹੈ।
ਇਕ ਹਿੰਦੀ ਫਿਲਮ ਦਾ ਗੀਤ ਬਹੁਤ ਹੀ ਸੁੰਦਰ ਹੈ ਜੋ ਬੰਦੇ ਨੂੰ ਦੁੱਖਾਂ ਵਿਚੋਂ ਕੱਢ ਕੇ ਉਤਸ਼ਾਹ ਦੇਣ ਵਾਲਾ ਹੈ:
ਕਿਸ ਕੇ ਰੋਕੇ ਰੁਕਾ ਹੈ ਸਵੇਰਾ
ਰਾਤ ਭਰ ਕਾ ਹੈ ਮਹਿਮਾਂ ਅੰਧੇਰਾ
ਰਾਤ ਜਿਤਨੀ ਭੀ ਸੰਗੀਨ ਹੋਗੀ
ਸੁਬਹਾ ਉਤਨੀ ਹੀ ਰੰਗੀਨ ਹੋਗੀ।
ਰਾਤ ਦੇ ਹਨੇਰੇ ਨੂੰ ਤਾਂ ਅਸੀਂ ਬਲਬ ਜਾਂ ਟਿਊਬ ਦੀ ਰੌਸ਼ਨੀ ਨਾਲ ਵੀ ਦੂਰ ਕਰ ਸਕਦੇ ਹਾਂ। ਰਸਤੇ ਦਾ ਹਨੇਰਾ ਵੀ ਸਟਰੀਟ ਲਾਈਟ ਜਾਂ ਸਕੂਟਰ ਅਤੇ ਕਾਰ ਦੀ ਰੌਸ਼ਨੀ ਨਾਲ ਦੂਰ ਕੀਤਾ ਜਾ ਸਕਦਾ ਹੈ ਪਰ ਇੱਥੇ ਕਵੀ ਦਾ ਮਤਲਬ ਗ਼ਮਾਂ ਦੇ ਹਨੇਰੇ ਤੋਂ ਹੈ। ਗ਼ਮ ਬਹੁਤੀ ਦੇਰ ਟਿਕਣ ਵਾਲੇ ਨਹੀਂ। ਇਕ ਦਿਨ ਜ਼ਿੰਦਗੀ ਵਿਚ ਸਵੇਰਾ ਜ਼ਰੂਰ ਹੋਵੇਗਾ ਭਾਵ ਤੁਹਾਡੇ ਦੁੱਖ ਦੂਰ ਹੋਣਗੇ ਅਤੇ ਜ਼ਿੰਦਗੀ ਵਿਚ ਖ਼ੁਸ਼ੀ ਵੀ ਜ਼ਰੂਰ ਆਏਗੀ।
ਜ਼ਿੰਦਗੀ ਵਿਚ ਦੁੱਖ ਕੇਵਲ ਮਨੁੱਖ ਨੂੰ ਢਾਹ ਲਾਉਣ ਲਈ ਹੀ ਨਹੀਂ ਆਉਂਦੇ ਸਗੋਂ ਦੁੱਖਾਂ ਦਾ ਉਸਾਰੂ ਪੱਖ ਵੀ ਹੈ। ਦੁੱਖ ਦੀ ਘੜੀ ਦੇ ਲਾਭ ਵੀ ਹਨ। ਜਿਸ ਨੇ ਕੋਈ ਦੁੱਖ ਨਹੀਂ ਦੇਖਿਆ ਉਹ ਸੁੱਖ ਦਾ ਵੀ ਆਨੰਦ ਨਹੀਂ ਮਾਣ ਸਕਦਾ। ਜਿਸ ਬੰਦੇ ਨੂੰ ਮਿਹਨਤ ਤੋਂ ਬਿਨਾਂ ਅਣ-ਕਮਾਇਆ ਧਨ ਜਾਂ ਉੱਚਾ ਅਹੁਦਾ ਮਿਲ ਜਾਏ ਉਹ ਐਸ਼ ਪ੍ਰਸਤੀ ਅਤੇ ਵਿਸ਼ੇ ਵਿਕਾਰਾਂ ਵਿਚ ਪੈ ਜਾਂਦਾ ਹੈ ਅਤੇ ਦੂਜੇ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਉਸ ਨੂੰ ਸਖ਼ਤ ਮਿਹਨਤ ਕਰਨ ਦੀ ਆਦਤ ਵੀ ਨਹੀਂ ਪੈਂਦੀ। ਮਿਹਨਤ ਨਾਲ ਹੀ ਸਰੀਰ ਅਤੇ ਦਿਮਾਗ਼ ਦਾ ਵਿਕਾਸ ਹੁੰਦਾ ਹੈ। ਉਹ ਲਗਾਤਾਰ ਸਫ਼ਲਤਾ ਦੀਆਂ ਪੌੜਆਂ ਚੜ੍ਹਦਾ ਹੈ ਅਤੇ ਉਸ ਨੂੰ ਖ਼ੁਸ਼ੀ ਪ੍ਰਾਪਤ ਹੁੰਦੀ ਹੈ। ਇਸੇ ਲਈ ਗੁਰਬਾਣੀ ਵਿਚ ਲਿਖਿਆ ਹੈ ਕਿ, ''ਦੁੱਖ ਦਾਰੂ ਸੁੱਖ ਰੋਗ ਭਇਆ।'' ਬੰਦੇ ਦੇ ਦੁੱਖ ਮਿੱਤਰਤਾ ਨੂੰ ਪਰਖਣ ਦੀ ਸਭ ਤੋਂ ਵੱਡੀ ਕਸੌਟੀ ਹੈ। ਦੁੱਖ ਸਮੇਂ ਹੀ ਮਨੁੱਖ ਨੂੰ ਆਪਣੇ ਅਤੇ ਬੇਗਾਨੇ ਦੀ ਸਮਝ ਪੈਂਦੀ ਹੈ। ਦੁੱਖ ਵਿਚ ਮਤਲਬੀ ਯਾਰ ਸਾਥ ਛੱਡ ਜਾਂਦੇ ਹਨ।
ਦੁੱਖ ਵਿਚ ਹੀ ਮਨੁੱਖ ਨੂੰ ਸਬਰ-ਸੰਤੋਖ ਦੀ ਆਦਤ ਪੈਂਦੀ ਹੈ। ਦੁੱਖ ਵਿਚ ਮਨੁੱਖ ਦਾ ਹੰਕਾਰ ਘਟਦਾ ਹੈ। ਉਸ ਨੂੰ ਆਪਣੇ ਸਾਥੀਆਂ ਦੇ ਸਾਥ ਦੀ ਜ਼ਰੂਰਤ ਮਹਿਸੂਸ ਹੁੰਦੀ ਹੈ। ਉਹ ਆਪਣੇ ਆਪ ਨਾਲ ਅਤੇ ਸਮਾਜ ਨਾਲ ਜੁੜਦਾ ਹੈ। ਉਹ ਆਪਣੇ ਕਰਮਾਂ ਦੀ ਨਿਰਪੱਖ ਹੋ ਕੇ ਪੜਚੋਲ ਕਰਦਾ ਹੈ। ਉਹ ਪ੍ਰਮਾਤਮਾ ਦੀ ਸ਼ਰਨ ਵਿਚ ਵੀ ਆਉਂਦਾ ਹੈ ਅਤੇ ਮਾੜੇ ਕੰਮਾਂ ਤੋਂ ਤੋਬਾ ਕਰਦਾ ਹੈ। ਉਹ ਨਵੇਂ ਉਤਸ਼ਾਹ ਨਾਲ ਹੰਭਲਾ ਮਾਰਦਾ ਹੈ ਅਤੇ ਆਪਣੀ ਹਾਰ ਨੂੰ ਹਰ ਹੀਲੇ ਜਿੱਤ ਵਿਚ ਬਦਲਣ ਦੀ ਕੋਸ਼ਿਸ਼ ਕਰਦਾ ਹੈ। ਉਹ ਅਸਫ਼ਲਤਾ ਤੋਂ ਕੁਝ ਸਿਖੱਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਪਤਾ ਚਲਦਾ ਹੈ ਕਿ ਅਸਫ਼ਲਤਾ ਵੀ ਸਫ਼ਲਤਾ ਦੀ ਪੌੜੀ ਹੈ। ਸੁੱਖ ਦੀ ਆਸ ਮਨੁੱਖ ਲਈ ਰੌਸ਼ਨ ਮਿਨਾਰੇ ਦਾ ਕੰਮ ਕਰਦੀ ਹੈ।ਆਉਣ ਵਾਲੇ ਸੁੱਖ ਦੀ ਆਸ ਉਸ ਦਾ ਹਨੇਰੇ ਵਿਚ ਮਾਰਗ ਦਰਸ਼ਨ ਕਰਦੀ ਹੈ। ਉਸ ਵਿਚ ਇਕ ਨਵਾਂ ਉਤਸ਼ਾਹ ਪੈਦਾ ਹੁੰਦਾ ਹੈ।
ਕਿਸਮਤ ਦੀ ਬਜਾਏ ਹਮੇਸ਼ਾਂ ਆਪਣੇ ਕਰਮ 'ਤੇ ਵਿਸ਼ਵਾਸ ਰੱਖੋ। ਆਪਣੇ ਆਉਣ ਵਾਲੇ ਸੁੱਖਾਂ ਦਾ ਅਤੇ ਦੁੱਖਾਂ ਤੋਂ ਬਚਣ ਦਾ ਵਸੀਲਾ ਆਪਣੇ ਕਰਮਾਂ ਨਾਲ ਕਰੋ। ਗ਼ਰੀਬੀ ਇਕ ਬਹੁਤ ਵੱਡੀ ਲਾਹਣਤ ਹੈ। ਇਸ ਤੋਂ ਬਚਣਾ ਚਾਹੀਦਾ ਹੈ। ਆਉਣ ਵਾਲੇ ਕਿਸੇ ਅਚਾਨਕ ਖ਼ਰਚੇ ਨੂੰ ਪੂਰਾ ਕਰਨ ਲਈ ਅੱਜ ਹੀ ਥੋੜ੍ਹੀ ਥੋੜ੍ਹੀ ਬੱਚਤ ਕਰਨ ਦੀ ਆਦਤ ਪਾਓ ਤਾਂ ਕਿ ਕਿਸੇ ਬਿਮਾਰੀ, ਦੁਰਘਟਨਾ ਜਾਂ ਕਿਸੇ ਹੋਰ ਨੁਕਾਸਾਨ ਦੀ ਭਰਪਾਈ ਉਸ ਬੱਚਤ ਵਿਚੋਂ ਅਸਾਨੀ ਨਾਲ ਕੀਤੀ ਜਾ ਸਕੱੇ। ਐਵੇਂ ਕਿਸੇ ਦੂਸਰੇ ਅੱਗੇ ਅਜਿਹੇ ਸਮੇਂ ਹੱਥ ਨਾ ਅੱਡਣਾ ਪਏ। ਦੂਸਰਾ ਸਾਨੂੰ ਸਾਥੀਆਂ ਨਾਲ ਸਬੰਧ ਸੁਖਾਵੇਂ ਬਣਾ ਕੇ ਰੱਖਣੇ ਚਾਹੀਦੇ ਹਨ ਤਾਂ ਕਿ ਔਖੀ ਘੜੀ ਵਿਚ ਉਹ ਸਾਡੇ ਨਾਲ ਖੜ੍ਹ ਸਕੱਣ ਅਤੇ ਸਾਡੀ ਮਦਦ ਕਰ ਸਕਣ। ਔਖੀ ਘੜ੍ਹੀ ਵਿਚ ਜੇ ਕੋਈ ਹਮਦਰਦ ਨਾਲ ਹੋਵੇ ਤਾਂ ਬੰਦੇ ਦਾ ਹੌਸਲਾ ਵਧਦਾ ਹੈ। ਉਹ ਇਸ ਔਖੇ ਸਮੇਂ ਨੂੰ ਉਹ ਆਸਾਨੀ ਨਾਲ ਟਪਾ ਲੈਂਦਾ ਹੈ। ਇਸ ਤੋਂ ਇਲਾਵਾ ਸਾਨੂੰ ਦੂਜੇ ਲੋਕਾਂ ਨਾਲ, ਭਾਵੇਂ ਉਹ ਆਰਥਿਕ ਪੱਖ ਤੋਂ ਸਾਡੇ ਨਾਲੋਂ ਕਮਜੋਰ ਹੀ ਕਿਉਂ ਨਾ ਹੋਣ, ਪਿਆਰ ਅਤੇ ਹਮਦਰਦੀ ਨਾਲ ਰਹਿਣਾ ਚਾਹੀਦਾ ਹੈ। ਉਨ੍ਹਾਂ ਨਾਲ ਕਿਸੇ ਕਿਸਮ ਦੀ ਨਫ਼ਰਤ ਨਹੀਂ ਕਰਨੀ ਚਾਹੀਦੀ, ਨਾ ਹੀ ਉਨ੍ਹਾਂ ਨੂੰ ਆਪਣੇ ਤੋਂ ਕਿਸੇ ਗੱਲੋਂ ਘਟੀਆ ਸਮਝਣਾ ਚਾਹੀਦਾ ਹੈ। ਸਾਨੂੰ ਦੀਨ ਦੁੱਖੀ ਦੀ ਆਪਣੀ ਸਮਰੱਥਾ ਅਨੁਸਾਰ ਮਦਦ ਕਰਨੀ ਚਾਹੀਦੀ ਹੈ। ਜੇ ਅੱਜ ਅਸੀਂ ਕਿਸੇ ਦੀ ਮਦਦ ਕਰਾਂਗੇ ਤਾਂ ਕੱਲ੍ਹ ਨੂੰ ਸਾਡੇ ਔਖੇ ਸਮੇਂ ਵੀ ਸਾਡੀ ਮਦਦ ਲਈ ਦੋ ਹੱਥ ਜ਼ਰੂਰ ਅੱਗੇ ਆਉਣਗੇ। ਇੱਥੇ ਕਰਮਾਂ 'ਤੇ ਹੀ ਨਿਬੇੜੇ ਹੁੰਦੇ ਹਨ। ਆਪਣਾ ਬੀਜਿਆ ਹੋਇਆ ਹੀ ਵੱਢਣਾ ਪੈਂਦਾ ਹੈ। ਕਦੀ ਕਿਸੇ ਦੁਖੀ ਅਤੇ ਲਾਚਾਰ ਬੰਦੇ ਦਾ ਮਜ਼ਾਕ ਨਾ ਉਡਾਓ, ਨਾ ਹੀ ਉਸ ਦੀ ਬੇਵੱਸੀ ਦਾ ਫ਼ਾਇਦਾ ਉਠਾਉ। ਜਦ ਜੀਵਨ ਵਿਚ ਸਫ਼ਲਤਾ ਮਿਲੇ ਜਾਂ ਚੰਗੇ ਦਿਨ ਆਉਣ ਤਾਂ ਘੁਮੰਡ ਨਾ ਕਰੋ ਕਿਉਂਕਿ ਸਮਾਂ ਤਾਂ ਬਦਲਦਾ ਹੀ ਰਹਿੰਦਾ ਹੈ। ਦੁੱਖ ਸੁੱਖ ਤਾਂ ਜ਼ਿੰਦਗੀ ਵਿਚ ਆਉਂਦੇ ਜਾਂਦੇ ਹੀ ਰਹਿੰਦੇ ਹਨ। ਚੰਗੇ ਸਮੇਂ ਵਿਚ ਆਪਣੀ ਔਕਾਤ ਨਾ ਭੁੱਲੋ ਅਤੇ ਨਾ ਹੀ ਦੂਸਰਿਆਂ ਨਾਲ ਨਫ਼ਰਤ ਕਰੋ।
ਜਦ ਦੀ ਮਨੁੱਖਤਾ ਹੌਂਦ ਵਿਚ ਆਈ ਹੈ ਤਦ ਦੀਆਂ ਕੁਦਰਤ ਦੀਆਂ ਕੁਰੋਪੀਆਂ ਵੀ ਆਉਂਦੀਆਂ ਹੀ ਰਹੀਆਂ ਹਨ ਅਤੇ ਤਬਾਹੀ ਮਚਾਉਂਦੀਆਂ ਹੀ ਰਹੀਆਂ ਹਨ ਪਰ ਮਨੁੱਖਤਾ ਫਿਰ ਵੀ ਜਿਊਂਦੀ ਰਹੀ ਹੈ।ਮਨੁੱਖ ਮਰ ਮਰ ਕੇ ਫਿਰ ਵੀ ਉੱਠਦਾ ਰਿਹਾ ਹੈ। ਉਹ ਬਚੇ ਹੋਏ ਤੀਲਿਆਂ ਨਾਲ ਹੀ ਫਿਰ ਤੋਂ ਆਪਣਾ ਆਸ਼ਿਆਨਾ ਬਣਾਉਂਦਾ ਰਿਹਾ ਹੈ ਅਤੇ ਆਪਣੀ ਹੌਂਦ ਪ੍ਰਗਟ ਕਰਦਾ ਰਿਹਾ ਹੈ। ਹਰ ਤੁਫ਼ਾਨ ਤੋਂ ਬਾਅਦ ਮਨੁੱਖ ਜੇਤੂ ਬਣ ਕੇ ਹੀ ਉਭਰਿਆ ਹੈ। ਮਨੁੱਖ ਹਮੇਸ਼ਾਂ ਕੁਦਰਤ ਨਾਲ ਲੋਹਾ ਲੈਂਦਾ ਹੀ ਰਿਹਾ ਹੈ। ਅੱਜ ਤੱਕ ਕੋਈ ਤੁਫ਼ਾਨ, ਕੋਈ ਭੁਚਾਲ ਜਾਂ ਹੋਰ ਕੋਈ ਆਫ਼ਤ ਮਨੁੱਖ ਨੂੰ ਹਰਾ ਕੇ ਉਸ ਦੀ ਹੋਂਦ ਖ਼ਤਮ ਨਹੀਂ ਕਰ ਸਕੀ। ਉਹ ਬੁਲੰਦੀਆਂ ਨੂੰ ਸਰ ਕਰਦਾ ਹੋਇਆ ਹੀ ਅੱਜ ਦੇ ਮੁਕਾਮ 'ਤੇ ਪਹੁੰਚਿਆ ਹੈ। ਇਸ ਸਮੇਂ ਉਸ ਦੀ ਧਰਤੀ, ਅਕਾਸ਼ ਅਤੇ ਸਮੁੰਦਰ 'ਤੇ ਪੂਰੀ ਸਰਦਾਰੀ ਹੈ।
ਤੁਸੀਂ ਵੀ ਇਕ ਮਨੁੱਖ ਹੋ। ਇਸ ਲਈ ਉੱਠੋ ਅਤੇ ਹੌਸਲਾ ਕਰੋ। ਹੰਭਲਾ ਮਾਰੋ। ਇਕ ਨਵਾਂ ਸਵੇਰਾ ਤੁਹਾਡਾ ਇੰਤਜ਼ਾਰ ਕਰ ਰਿਹਾ ਹੈ। ਦੁੱਖਾਂ ਤਕਲੀਫ਼ਾਂ ਤੋਂ ਨਾ ਘਬਰਾਉ। ਦੁੱਖ ਤਾਂ ਆਉਂਦੇ ਹੀ ਰਹਿੰਦੇ ਹਨ। ਤੁਸੀਂ ਕੋਈ ਲੂਣ ਨਹੀਂ ਜੋ ਪਾਣੀ ਦੇ ਦੋ ਥਪੇੜਿਆਂ ਵਿਚ ਘੁਲ ਜਾਓਗੇ। ਨਾ ਹੀ ਤੁਸੀਂ ਕੋਈ ਮੋਮ ਦਾ ਟੁੱਕੜਾ ਹੋ ਜੋ ਥੋੜ੍ਹੀ ਜਿਹੀ ਧੁੱਪ ਨਾਲ ਹੀ ਪਿਘਲ ਜਾਉਗੇ। ਤੁਸੀਂ ਇਕ ਇਨਸਾਨ ਹੋ। ਇਕ ਬਹਾਦੁਰ ਇਨਸਾਨ। ਫਿਰ ਡਰ ਕਾਹਦਾ? ਆਪਣੀ ਸ਼ਕਤੀ ਨੂੰ ਪਛਾਣੋ ਅਤੇ ਦੁੱਖਾਂ ਦਾ ਸਾਹਮਣਾ ਕਰੋ। ਇਕ ਦਿਨ ਜਿੱਤ ਤੁਹਾਡੀ ਹੀ ਹੋਣੀ ਹੈ। ਇਨ੍ਹਾਂ ਦੁੱਖਾਂ ਨੇ ਹਨੇਰੇ ਦੀ ਤਰ੍ਹਾਂ ਹੀ ਭੱਜ ਜਾਣਾ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan@yahoo.in
01 Oct. 2018
ਮਾਨਸਿਕ ਤੰਦਰੁਸਤੀ - ਗੁਰਸ਼ਰਨ ਸਿੰਘ ਕੁਮਾਰ
ਜ਼ਿੰਦਗੀ ਦਾ ਸਫ਼ਰ ਕੋਈ ਸਿੱਧੀ ਸੜਕ ਦੇ ਸਫ਼ਰ ਦੀ ਤਰ੍ਹਾਂ ਆਸਾਨ ਨਹੀਂ। ਜ਼ਿੰਦਗੀ ਦੇ ਰਸਤੇ ਟੇਢੇ-ਮੇਢੇ, ਪਥਰੀਲੇ ਅਤੇ ਕੰਡਿਆਂ ਭਰੇ ਹਨ। ਮਨੁੱਖ ਨੂੰ ਕਦਮ ਕਦਮ 'ਤੇ ਅਨੇਕਾਂ ਸਮੱਸਿਆਵਾਂ ਅਤੇ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਲਈ ਉਹ ਹਮੇਸ਼ਾਂ ਪ੍ਰੇਸ਼ਾਨੀਆਂ ਵਿਚ ਹੀ ਘਿਰਿਆ ਰਹਿੰਦਾ ਹੈ। ਉਸ ਦੀਆਂ ਇਹ ਮਾਨਸਿਕ ਗੁੰਝਲਾਂ ਵਧਦੀਆਂ ਰਹਿੰਦੀਆਂ ਹਨ। ਇਸੇ ਲਈ ਤਾਂ ਕਈ ਫ਼ਿਲਾਸਫਰ ਕਹਿੰਦੇ ਹਨ ਕਿ ਜ਼ਿੰਦਗੀ ਇਕ ਸਜ਼ਾ ਹੈ ਜਿਸ ਦੇ ਜ਼ੁਰਮ ਦਾ ਪਤਾ ਹੀ ਨਹੀਂ।
ਅਸੀਂ ਸਹਿਮ ਦੇ ਮਾਹੌਲ ਵਿਚ ਆਪਣੀ ਜ਼ਿੰਦਗੀ ਜੀਅ ਰਹੇ ਹਾਂ। ਸਾਡਾ ਦਮ ਘੁੱਟ ਰਿਹਾ ਹੈ। ਸਮਾਜ ਦੇ ਵਖਰੇਵੇਂ ਅਤੇ ਗੁੰਡਾ ਅਨਸਰ ਸਾਡਾ ਖ਼ੂਨ ਪੀ ਰਿਹਾ ਹੈ। ਕਾਨੂਨ ਦੇ ਰਖਵਾਲੇ ਵੀ ਸਾਡੀ ਹਿਫ਼ਾਜ਼ਤ ਕਰਨ ਦੀ ਥਾਂ ਸਾਨੂੰ ਡਰਾ ਰਹੇ ਹਨ।ਮਾਨਸਿਕ ਤੌਰ 'ਤੇ ਸਾਡੇ ਅੰਦਰ ਕਈ ਗੁੰਝਲਾਂ ਪੈਦਾ ਹੋ ਗਈਆਂ ਹਨ। ਅਸੀਂ ਮਾਨਸਿਕ ਰੋਗੀ ਬਣਦੇ ਜਾ ਰਹੇ ਹਾਂ। ਕੋਈ ਵਿਅਕਤੀ ਦੇਖਣ ਵਿਚ ਬੇਸ਼ੱਕ ਸੁੰਦਰ ਅਤੇ ਸੁਡੌਲ ਹੋਏ ਪਰ ਜ਼ਰੂਰੀ ਨਹੀਂ ਕਿ ਉਹ ਮਾਨਸਿਕ ਤੌਰ 'ਤੇ ਵੀ ਓਨਾ ਹੀ ਤੰਦਰੁਸਤ ਹੋਵੇਗਾ॥ ਸਾਡੇ ਦੇਸ਼ ਅਤੇ ਸਮਾਜ ਵਿਚ ਕਈ ਭਿੰਨ ਭੇਦ, ਵਖਰੇਵੇਂ, ਲੋੜਾਂ-ਥੋੜਾਂ, ਕਮੀਆਂ ਅਤੇ ਬੇਇਨਸਾਫ਼ੀਆਂ ਹਨ। ਸਮਾਜ ਜਾਤ-ਪਾਤ, ਲਿੰਗ-ਭੇਦ, ਛੂਆ-ਛਾਤ, ਪੇਂਡੂ ਅਤੇ ਸ਼ਹਿਰੀ, ਸੂਬੇ ਅਤੇ ਧਰਮ ਦੇ ਆਧਾਰ 'ਤੇ ਵੰਡਿਆ ਹੋਇਆ ਹੈ। ਇਸ ਤੋਂ ਇਲਾਵਾ ਬੇਰੁਜ਼ਗਾਰੀ, ਨਸ਼ੇ, ਗ਼ਰੀਬੀ ਅਤੇ ਕੁਪੋਸ਼ਨ ਆਦਿ ਸਮੱਸਿਆਵਾਂ ਵੀ ਮੂੰਹ ਅੱਡ ਕੇ ਮਨੁੱਖ ਨੂੰ ਨਿਗਲਣ ਨੂੰ ਤਿਆਰ ਖੜ੍ਹੀਆਂ ਹਨ। ਅੰਗਰੇਜ਼ ਵੀ ਸਾਡੇ ਮੁਲਕ 'ਚੋਂ ਜਾਂਦੇ-ਜਾਂਦੇ ਅੱਜ ਦੇ ਹਾਕਮਾਂ ਨੂੰ ਵਿਰਾਸਤ ਵਿਚ ਪਾੜੋ ਅਤੇ ਰਾਜ ਕਰੋ ਦਾ ਤੋਹਫ਼ਾ ਦੇ ਗਏ ਹਨ ਜੋ ਇਨ੍ਹਾਂ ਨੂੰ ਬਹੁਤ ਰਾਸ ਆ ਰਿਹਾ ਹੈ।ਇਨ੍ਹਾਂ ਨਾ-ਬਰਾਬਰੀਆਂ ਅਤੇ ਬੇਇਨਸਾਫ਼ੀਆਂ ਕਾਰਨ ਲੋਕਾਂ ਵਿਚ ਰੋਹ ਪੈਦਾ ਹੁੰਦਾ ਹੈ ਪਰ ਉਹ ਕੁਝ ਕਰ ਨਹੀਂ ਸਕਦੇ। ਇਸ ਲਈ ਮਾਨਸਿਕ ਪ੍ਰੇਸ਼ਾਨੀ ਵਿਚ ਚਲੇ ਜਾਂਦੇ ਹਨ। ਜੇ ਇਸ ਦਾ ਕੋਈ ਹੱਲ ਨਾ ਨਿਕਲੇ ਤਾਂ ਕਈ ਵਾਰੀ ਉਹ ਨਸ਼ੇ ਦਾ ਸ਼ਿਕਾਰ ਹੋ ਜਾਂਦੇ ਹਨ ਜਾਂ ਮਾਨਸਿਕ ਰੋਗੀ ਬਣ ਜਾਂਦੇ ਹਨ। ਜਦ ਉਨ੍ਹਾਂ ਦੀਆਂ ਸਾਰੀਆਂ ਆਸਾਂ ਉਮੀਦਾਂ ਟੁੱਟ ਜਾਂਦੀਆਂ ਹਨ ਤਾਂ ਉਹ ਖ਼ੁਦਕੁਸ਼ੀਆਂ ਦੇ ਰਾਹ 'ਤੇ ਤੁਰ ਪੈਂਦੇ ਹਨ।
ਵਿਕੀਪੀਡੀਆ ਅਤੇ ਸੰਸਾਰ ਸਿਹਤ ਸੰਸਥਾ ਦੇ ਸਰਵੇ ਦੇ ਅਨੁਸਾਰ ਹਰ ਸਾਲ ਕਰੀਬ ੧੩੫੦੦੦ ਲੋਕ ਭਾਰਤ ਵਿਚ ਖ਼ੁਦਕੁਸ਼ੀ ਕਰਦੇ ਹਨ। ਫਿਰ ਭਾਵੇਂ ਉਹ ਕਰਜ਼ੇ ਦੇ ਮਾਰੇ ਕਿਸਾਨ ਹੋਣ, ਬੱਚਿਆਂ ਦੀ ਅਣਗਹਿਲੀ ਜਾਂ ਕਿਸੇ ਬਿਮਾਰੀ ਦੇ ਮਾਰੇ ਬਜ਼ੁਰਗ ਹੋਣ, ਜਾਂ ਪਿਆਰ ਦੇ ਠੁਕਰਾਏ ਪ੍ਰੇਮੀ ਹੋਣ, ਬੇਰੁਜ਼ਗਾਰ ਨੌਜੁਆਨ ਹੋਣ ਜਾਂ ਫਿਰ ਭੁੱਖ-ਮਰੀ ਨਾਲ ਜੂਝਦੇ ਗ਼ਰੀਬ ਲੋਕ ਹੋਣ, ਸਭ ਦਾ ਕਾਰਨ ਮਾਨਸਿਕ ਉਲਾਰਤਾ ਹੀ ਹੁੰਦਾ ਹੈ। ਆਮ ਤੌਰ ਤੇ ਵਧ ਰਹੀਆਂ ਸੜਕ ਦੁਰਘਟਨਾਵਾਂ ਦਾ ਕਾਰਨ ਵੀ ਮਨੁੱਖ ਦਾ ਕਿਸੇ ਮਾਨਸਿਕ ਸਮੱਸਿਆ ਵਿਚ ਉਲਝੇ ਹੋਣ ਕਾਰਨ ਸਾਵਧਾਨੀ ਦਾ ਘਟਣਾ ਹੀ ਹੁੰਦਾ ਹੈ। ਇਸੇ ਲਈ ਕਹਿੰਦੇ ਹਨ-''ਸਾਵਧਾਨੀ ਹਟੀ, ਦੁਰਘਟਨਾ ਘਟੀ।'' ਮਾਨਸਿਕ ਪੀੜਾ ਦਾ ਰੁਝਾਨ ਕੇਵਲ ਅਨਪੜ੍ਹ ਲੋਕਾਂ ਵਿਚ ਹੀ ਨਹੀਂ ਸਗੋਂ ਪੜ੍ਹੇ ਲਿਖੇ ਲੋਕਾਂ ਦੀ ਪੀੜਾ ਕਿਧਰੇ ਜ਼ਿਆਦਾ ਹੈ। ਇੰਜ ਲਗਦਾ ਹੈ ਕਿ ਮਾਨਸਿਕ ਸਮੱਸਿਆਵਾਂ ਕਾਰਨ ਸਾਰੀ ਦੁਨੀਆਂ ਹੀ ਇਕ ਵੱਡਾ ਪਾਗਲਖ਼ਾਨਾ ਬਣਦੀ ਜਾ ਰਹੀ ਹੈ। ਸਾਡੇ ਦੇਸ਼ ਵਿਚ ਕੁਨਬਾਪ੍ਰਸਤੀ ਪ੍ਰਧਾਨ ਹੈ। ਹਰ ਰਾਜ ਨੇਤਾ ਇਹ ਹੀ ਚਾਹੁੰਦਾ ਹੈ ਕਿ ਮੇਰੇ ਪਿੱਛੋਂ ਮੇਰਾ ਪੁੱਤਰ ਹੀ ਮੇਰੀ ਕੁਰਸੀ ਦਾ ਵਾਰਸ ਬਣੇ ਇਸ ਲਈ ਯੋਗਤਾ ਅਤੇ ਵਫ਼ਾਦਾਰੀ ਨੂੰ ਛਿੱਕੇ ਟੰਗ ਦਿੱਤਾ ਜਾਂਦਾ ਹੈ। ਇਸ ਨਾਲ ਜਿਨ੍ਹਾਂ ਦਾ ਹੱਕ ਮਾਰਿਆ ਜਾਂਦਾ ਹ,ੈ ਉਨ੍ਹਾਂ ਵਿਚ ਨਰਾਜ਼ਗੀ ਅਤੇ ਮਾਨਸਿਕ ਪ੍ਰੇਸ਼ਾਨੀ ਪੈਦਾ ਹੋ ਜਾਂਦੀ ਹੈ।ਜੇ ਇਸ ਸਮੱਸਿਆ ਦਾ ਜਲਦੀ ਹੀ ਕੋਈ ਹੱਲ ਨਾ ਕੱਢਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਬਹੁਤ ਭਿਆਨਕ ਸਿੱਟੇ ਨਿਕਲ ਸਕਦੇ ਹਨ।
ਜੁਆਨ ਬੱਚਿਆਂ ਦੀਆਂ ਕੁਝ ਆਪਣੀਆਂ ਮਾਨਸਿਕ ਸਮੱਸਿਆਵਾਂ ਹੁੰਦੀਆਂ ਹਨ। ਇਸ ਉਮਰ ਵਿਚ ਉਨ੍ਹਾਂ ਦੇ ਸਰੀਰ ਵਿਚ ਕੁਝ ਕੁਦਰਤੀ ਤਬਦੀਲੀਆਂ ਆਉਂਦੀਆਂ ਹਨ, ਜਿਨ੍ਹਾਂ ਬਾਰੇ ਉਨ੍ਹਾਂ ਨੇ ਕਦੀ ਸੋਚਿਆ ਵੀ ਨਹੀਂ ਹੁੰਦਾ। ਉਨ੍ਹਾਂ ਦੇ ਮਨ ਵਿਚ ਕਈ ਸ਼ੰਕਾਵਾਂ ਉੱਠ ਖੜ੍ਹੀਆਂ ਹੁੰਦੀਆਂ ਹਨ। ਇਸ ਵਿਸ਼ੇ 'ਤੇ ਗੱਲ ਬਾਤ ਕਰਨਾ ਉਨ੍ਹਾਂ ਨੂੰ ਆਚਰਣ-ਹੀਨ ਲੱਗਦਾ ਹੈ। ਇਸ ਸ਼ਰਮ ਕਾਰਨ ਉਹ ਆਪਣੇ ਮਾਤਾ-ਪਿਤਾ ਜਾਂ ਅਧਿਆਪਕਾਂ ਨਾਲ ਖੁੱਲ੍ਹ ਕੇ ਗੱਲ ਨਹੀਂ ਕਰ ਸਕਦੇ। ਕਈ ਵਾਰੀ ਉਹ ਬੁਰੀ ਸੰਗਤ ਵਿਚ ਵੀ ਫਸ ਜਾਂਦੇ ਹਨ। ਸਾਡੇ ਦੇਸ਼ ਵਿਚ ਨੌਜੁਆਨਾਂ ਦੀਆਂ ਅਜਿਹੀਆਂ ਸਮੱਸਿਆਵਾਂ ਨੂੰ ਸੁਲਝਾਉਣ ਲਈ ਕੋਈ ਖ਼ਾਸ ਇੰਤਜਾਮ ਜਾਂ ਸੰਸਥਾ ਨਹੀਂ।
ਮਾਂ-ਪਿਓ ਬੱਚੇ ਨੂੰ ਕੇਵਲ ਜਨਮ ਹੀ ਨਹੀਂ ਦਿੰਦੇ, ਉਸ ਨੂੰ ਸੰਸਕਾਰ ਵੀ ਦਿੰਦੇ ਹਨ। ਉਸ ਨੂੰ ਪਾਲ ਪੋਸ ਕੇ ਅਤੇ ਆਪਣਾ ਪਿਆਰ ਦੇ ਕੇ ਇਕ ਕਾਮਯਾਬ ਮਨੁੱਖ ਬਣਾਉਂਦੇ ਹਨ। ਕਈ ਵਾਰੀ ਬੱਚੇ ਆਪਣੇ ਫ਼ਰਜ਼ ਨੂੰ ਨਹੀਂ ਪਛਾਣਦੇ ਅਤੇ ਮਾਂ-ਬਾਪ ਦੀ ਅਣਗਹਿਲੀ ਕਰਦੇ ਹਨ। ਕਈ ਵਾਰੀ ਤਾਂ ਮੂੰਹ ਪਾੜ ਕੇ ਕਹਿ ਦਿੰਦੇ ਹਨ ਕਿ ਤੁਸੀਂ ਸਾਡੇ ਲਈ ਕੀਤਾ ਹੀ ਕੀ ਹੈ? ਇਸ ਸਮੇਂ ਬੁੱਢੇ ਮਾਂ-ਬਾਪ ਦੇ ਦਿਲ 'ਤੇ ਕੀ ਬੀਤਦੀ ਹੈ ਇਹ ਉਹ ਹੀ ਜਾਣਦੇ ਹਨ। ਉਹ ਗ਼ਹਿਰੇ ਸਦਮੇਂ ਵਿਚ ਆ ਜਾਂਦੇ ਹਨ। ਕਈ ਬਜ਼ੁਰਗਾਂ ਨੂੰ ਬੱਚਿਆਂ ਦੀ ਬੇਰੁਖ਼ੀ ਕਾਰਨ ਬਾਕੀ ਜੀਵਨ ਬ੍ਰਿਧ ਆਸ਼ਰਮ ਵਿਚ ਕੱਟਣਾ ਪੈਂਦਾ ਹੈ। ਜਿੱਥੇ ਉਹ ਹਮੇਸ਼ਾਂ ਮਾਨਸਿਕ ਪ੍ਰੇਸ਼ਾਨੀ ਵਿਚ ਰਹਿੰਦੇ ਹਨ। ਇੰਜ ਜਾਪਦਾ ਹੈ ਜਿਵੇਂ ਬੱਚੇ ਉਨ੍ਹਾਂ ਨੂੰ ਮੌਤ ਦਾ ਇੰਤਜਾਰ ਕਰਨ ਲਈ ਉੱਥੇ ਇਕੱਲੇ ਛੱਡ ਗਏ ਹੋਏ ਹੋਣ।
ਆਰਥਿਕ ਖ਼ੁਸ਼ਹਾਲੀ ਅਤੇ ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਜ਼ਰੂਰੀ ਹੈ। ਬੰਦਾ ਮਾਨਸਿਕ ਤੌਰ 'ਤੇ ਬਿਲਕੁਲ ਤੰਦਰੁਸਤ ਹੋਣਾ ਚਾਹੀਦਾ ਹੈ, ਨਹੀਂ ਤੇ ਜ਼ਿੰਦਗੀ ਦਾ ਕੋਈ ਮਜ਼ਾ ਨਹੀਂ। ਜ਼ਿੰਦਗੀ ਕਦੀ ਨਹੀਂ ਰੁਕਦੀ ਪਰ ਮਾਨਸਿਕ ਰੋਗੀਆਂ ਦਾ ਵਿਕਾਸ ਰੁਕ ਜਾਂਦਾ ਹੈ। ਅਜਿਹੇ ਲੋਕ ਕੇਵਲ ਸਮਾਜ 'ਤੇ ਹੀ ਬੋਝ ਨਹੀਂ ਬਣਦੇ, ਸਗੋਂ ਉਹ ਆਪਣੇ-ਆਪ ਲਈ ਵੀ ਇਕ ਬੋਝ ਬਣ ਜਾਂਦੇ ਹਨ। ਉਨ੍ਹਾਂ ਨੂੰ ਜਾਪਦਾ ਹੈ ਜਿਵੇਂ ਹਰ ਕੋਈ ਉੇਨ੍ਹਾਂ ਦਾ ਦੁਸ਼ਮਣ ਹੋਏ ਅਤੇ ਉਨ੍ਹਾਂ ਦਾ ਮਜ਼ਾਕ ਉਡਾ ਰਿਹਾ ਹੋਵੇ। ਅਜਿਹੇ ਲੋਕ ਆਪਣੀ ਜ਼ਿੰਦਗੀ ਜੀਅ ਨਹੀਂ ਰਹੇ ਹੁੰਦੇ, ਸਗੋਂ ਆਪਣੀ ਜ਼ਿੰਦਗੀ ਦੀ ਲਾਸ਼ ਨੂੰ ਆਪਣੇ ਮੋਢੇ ਉੱਤੇ ਚੁੱਕ ਕੇ ਮੌਤ ਵੱਲ ਜਾ ਰਹੇ ਹੁੰਦੇ ਹਨ।ਕਈ ਲੋਕਾਂ ਵਿਚ ਹਉਮੈਂ ਬਹੁਤ ਹੁੰਦੀ ਹੈ। ਉਹ ਇਹ ਹੀ ਸਮਝਦੇ ਹਨ ਕਿ ਅਸੀ ਸਭ ਤੋਂ ਸਿਆਣੇ ਹਾਂ। ਅਜਿਹੇ ਮਨੁੱਖਾਂ ਵਿਚ ਕੁਝ ਹੋਰ ਸਿੱਖਣ ਦੀ ਸੰਭਾਵਨਾ ਖ਼ਤਮ ਹੋ ਜਾਂਦੀ ਹੈ ਕਿਉਂਕਿ ਹਮੇਸ਼ਾਂ ਖਾਲੀ ਘੜਾ ਹੀ ਭਰਦਾ ਹੈ। ਭਰੇ ਹੋਏ ਘੜੇ ਵਿਚ ਹੋਰ ਕੁਝ ਨਹੀਂ ਸਮਾ ਸਕਦਾ।
ਮਨੁੱਖਾ ਜੀਵਨ ਅਨਮੋਲ ਹ।ੈ ਇਸ ਨੂੰ ਵਿਅਰਥ ਨਹੀਂ ਗੁਆਉਣਾ ਚਾਹੀਦਾ। ਛੋਟੀਆਂ-ਛੋਟੀਆਂ ਗੱਲਾਂ ਨੂੰ ਦਿਲ 'ਤੇ ਨਾ ਲਾਉ, ਨਹੀਂ ਤੇ ਇਨ੍ਹਾਂ ਦਾ ਬੋਝ ਇਕ ਦਿਨ ਨਾਕਾਬਿਲੇ ਬਰਦਾਸ਼ਤ ਹੋ ਜਾਏਗਾ। ਕਦੀ ਬਾਤ ਦਾ ਬਤੰਗੜ ਨਾ ਬਣਾਓ। ਸਮੱਸਿਆ ਨੂੰ ਨਿਰਲੇਪ ਹੋ ਕੇ ਨਿਰਪੱਖ ਦ੍ਰਿਸ਼ਟੀਕੋਣ ਤੋਂ ਆਪਣੀ ਅੰਦਰਲੀ ਤੀਸਰੀ ਅੱਖ ਨਾਲ ਦੇਖੋ। ਤਣਾਅ ਨੂੰ ਆਪਣੇ ਅੰਦਰ ਜ਼ਿਆਦਾ ਦੇਰ ਨਾ ਟਿਕਣ ਦਿਓ। ਮਨ ਦੀਆਂ ਗੰਢਾਂ ਖੋਲ੍ਹੋ। ਜੇ ਲੋੜ ਪਏ ਤਾਂ ਕਿਸੇ ਹਮਦਰਦ ਦੀ ਮਦਦ ਲਓ। ਆਪਣੇ ਅੰਦਰ ਕਝੁ ਭੁੱਲਣ ਦੀ, ਕੁਝ ਅਣਦੇਖਿਆਂ ਕਰਨ ਦੀ, ਕੁਝ ਬਰਦਾਸ਼ਤ ਕਰਨ ਦੀ ਅਤੇ ਕੁਝ ਮੁਆਫ਼ ਕਰਨ ਦੀ ਆਦਤ ਪਾਉ, ਸੌਖੇ ਰਹੋਗੇ। ਹਮੇਸ਼ਾਂ ਸਹਿਜ ਵਿਚ ਰਹੋ। ਆਪ ਖ਼ੁਸ਼ ਰਹੋ ਅਤੇ ਦੂਜਿਆਂ ਨੂੰ ਵੀ ਖ਼ੁਸ਼ ਰੱਖੋ। ਆਪ ਹੱਸੋ ਅਤੇ ਦੂਸਰਿਆਂ ਨੂੰ ਵੀ ਹਸਾਓ। ਇਸੇ ਲਈ ਸਿਆਣੇ ਕਹਿੰਦੇ ਹਨ-
''ਹਰ ਮਰਜ਼ ਕਾ ਇਲਾਜ਼ ਨਹੀਂ ਦਵਾਖ਼ਾਨੇ ਮੇਂ,
ਕੁਝ ਦਰਦ ਮਿਟ ਜਾਤੇ ਹੈਂ ਕੇਵਲ ਮੁਸਕਰਾਨੇ ਸੇ।''
ਬੇਸ਼ੱਕ ਨੱਚੋ, ਟੱਪੋ, ਭੰਗੜੇ ਪਾਉ ਅਤੇ ਖ਼ੁਸ਼ੀ ਦੇ ਗੀਤ ਗਾਉ। ਕੱਲ੍ਹ ਬਾਰੇ ਜ਼ਿਆਦਾ ਨਾ ਸੋਚੋ। ਬੀਤੇ ਕੱਲ੍ਹ ਨੂੰ ਤੁਸੀਂ ਬਦਲ ਨਹੀਂ ਸਕਦੇ ਅਤੇ ਆਉਣ ਵਾਲੇ ਕੱਲ੍ਹ ਦਾ ਕੋਈ ਭਰੋਸਾ ਨਹੀਂ ਕਿ ਆਉਣਾ ਵੀ ਹੈ ਕਿ ਨਹੀਂ, ਕਿਉਂਕਿ ਸਾਨੂੰ ਸਾਹਾਂ ਦਾ ਕੋਈ ਭਰੋਸਾ ਨਹੀਂ ਕਿ ਅਗਲਾ ਸਾਹ ਆਉਣਾ ਹੈ ਕਿ ਨਹੀਂ। ਨਾ ਹੀ ਅਸੀਂ ਕਿਸੇ ਆਉਣ ਵਾਲੀ ਅਣਹੋਣੀ ਨੂੰ ਟਾਲ ਸਕਦੇ ਹਾਂ। ਤੁਹਾਡੇ ਕੋਲ ਕੇਵਲ ਆਪਣਾ ਅੱਜ ਹੈ। ਜੇ ਤੁਸੀਂ ਇਸ ਅੱਜ ਨੂੰ ਖ਼ੁਸ਼ੀ ਨਾਲ ਜੀਅ ਲਿਆ ਤਾਂ ਸਮਝੋ ਕਿ ਤੁਸੀਂ ਇਕ ਕਾਮਯਾਬ ਮਨੁੱਖ ਹੋ। ਇਸ ਲਈ ਸਦਾ ਖੇੜੇ ਵਿਚ ਰਹੋ।
ਦੂਜਿਆਂ ਨਾਲ ਜ਼ਿਆਦਾ ਦੇਰ ਨਾ ਰੁਸੋ, ਨਾ ਹੀ ਕਿਸੇ ਪ੍ਰਤੀ ਕੋਈ ਈਰਖਾ ਜਾਂ ਕੋਈ ਵੈਰ ਵਿਰੋਧ ਰੱਖੋ। ਜੇ ਕਿਸੇ ਨਾਲ ਤੁਹਾਡੇ ਵਿਚਾਰ ਨਹੀਂ ਮਿਲਦੇ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਉਹ ਤੁਹਾਡਾ ਵਿਰੋਧੀ ਹੈ। ਤੁਸੀਂ ਉਸ ਨਾਲ ਬਹਿਸ ਵਿਚ ਪੈ ਕੇ ਉਸ ਨੂੰ ਹਰਾਉਣਾ ਨਹੀਂ। ਇਸ ਤਰ੍ਹਾਂ ਉਸ ਨਾਲ ਤੁਹਾਡਾ ਰਿਸ਼ਤਾ ਟੁੱਟਦਾ ਹੈ। ਤੁਸੀਂ ਉਸ ਦਾ ਮਨ ਜਿੱਤ ਕੇ ਸਦਾ ਲਈ ਉਸ ਨੂੰ ਆਪਣਾ ਬਣਾਉਣਾ ਹੈ। ਤੁਸੀਂ ਇਹ ਸੋਚੋ ਕਿ ਕਿਸੇ ਚੀਜ਼ ਨੂੰ ਦੇਖਣ-ਪਰਖਣ ਦਾ ਅਤੇ ਸੋਚਣ ਦਾ ਉਸ ਦਾ ਨੁਕਤਾ ਤੁਹਾਡੇ ਤੋਂ ਕੁਝ ਅਲੱਗ ਹੈ। ਫਿਰ ਸ਼ਾਇਦ ਤੁਸੀ ਦੋਵੇਂ ਕਿਸੇ ਇਕ ਨੁਕਤੇ 'ਤੇ ਸਹਿਮਤ ਹੋ ਜਾਉ।
ਵਿਹਲੇ ਨਾ ਰਹੋ। ਕਿਸੇ ਨਾ ਕਿਸੇ ਕੰਮ ਵਿਚ ਜ਼ਰੂਰ ਰੁੱਝੇ ਰਹੋ। ਵਿਹਲਾ ਦਿਮਾਗ਼ ਸ਼ੈਤਾਨ ਦਾ ਕਾਰਖ਼ਾਨਾ ਹੈ ਇਸੇ ਲਈ ਕਹਿੰਦੇ ਹਨ ਕਿ 'ਬੇਕਾਰ ਸੇ ਬੇਗਾਰ ਭਲੀ'। ਕੋਈ ਨਾ ਕੋਈ ਸ਼ੌਂਕ ਜ਼ਰੂਰ ਰੱਖੋ। ਕਈ ਲੋਕ ਪੰਜਾਹ-ਸੱਠ ਸਾਲ ਦੀ ਉਮਰ ਦੇ ਹੋ ਜਾਂਦੇ ਹਨ ਤਾਂ ਉਹ ਕੰਮ ਕਰਨਾ ਛੱਡ ਜਾਂਦੇ ਹਨ ਕਿ ਅਸੀਂ ਹੁਣ ਬੁੱਢੇ ਹੋ ਗਏ ਹਾਂ, ਬਥੇਰਾ ਕੰਮ ਕਰ ਲਿਆ ਹੈ। ਹੁਣ ਸਾਡੇ ਆਰਾਮ ਦੇ ਦਿਨ ਹਨ। ਇਹ ਇਕ ਗ਼ਲਤ ਵਿਚਾਰ ਹੈ। ਇਹ ਰਸਤਾ ਸਿੱਧਾ ਬਿਮਾਰੀ ਵਿਚੋਂ ਹੋ ਕੇ ਮੌਤ ਵਲ ਜਾਂਦਾ ਹੈ। ਸਦਾ ਫੁਰਤੀ ਵਿਚ ਰਹੋ। ਜੇ ਤੁਸੀਂ ਬਜ਼ੁਰਗ ਹੋ ਗਏ ਹੋ ਤਾਂ ਵੀ ਸਮਾਜ ਦਾ ਅੰਗ ਬਣ ਕੇ ਰਹੋ ਅਤੇ ਸਮਾਜ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਉ। ਤੁਸੀਂ ਸਾਬਤ ਕਰੋ ਕਿ ਤੁਸੀਂ ਹਾਲੀ ਜ਼ਿੰਦਾ ਹੋ। ਆਪਣੇ ਸਾਥੀਆਂ ਅਤੇ ਬੱਚਿਆਂ ਦੀ ਮਦਦ ਕਰੋ। ਉਨ੍ਹਾਂ ਵਿਚ ਆਪਣੇ ਕੀਮਤੀ ਤਜ਼ਰਬੇ ਵੰਡੋ ਅਤੇ ਉਨ੍ਹਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਵਿਚ ਮਦਦ ਕਰੋ। ਇਕੱਲੇ ਰਹਿਣਾ, ਵਿਹਲੇ ਰਹਿਣ ਦਾ ਹੀ ਇਕ ਦੂਸਰਾ ਪਹਿਲੂ ਹੈ। ਆਪਣੇ ਸਾਥੀਆਂ ਨਾਲ ਹਮੇਸ਼ਾਂ ਮਿਲ ਜੁਲ ਕੇ ਰਹੋ। ਹਿੰਦੀ ਦੇ ਪ੍ਰਸਿੱਧ ਕਵੀ ਗੁਲਜ਼ਾਰ ਬਹੁਤ ਸੋਹਣਾ ਲਿਖਦੇ ਹਨ:
ਥੋੜ੍ਹੀ ਥੋੜ੍ਹੀ ਗੁਫ਼ਤਗੂ ਦੋਸਤੋਂ ਸੇ ਕਰਤੇ ਰਹੀਏ।
ਜਾਲੇ ਲਗ ਜਾਤੇ ਹੈਂ ਅਕਸਰ, ਬੰਦ ਮਕਾਨੋਂ ਮੇਂ॥
ਇਕੱਲੇ ਰਹਿਣ ਵਾਲੇ ਬੰਦੇ ਅਕਸਰ ਐਲਰਜ਼ਾਈਮਰ ਨਾਮ ਦੀ ਬਿਮਾਰੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਸਮਾਜ ਨਾਲੋਂ ਟੁੱਟ ਜਾਂਦੇ ਹਨ। ਉਨ੍ਹਾਂ ਦਾ ਮਾਨਸਿਕ ਸੰਤੁਲਨ ਵੀ ਵਿਗੜ ਜਾਂਦਾ ਹੈ ਅਤੇ ਹੌਲੀ-ਹੌਲੀ ਸਰੀਰ ਦੇ ਅੰਗ ਵੀ ਠੀਕ ਤਰ੍ਹਾਂ ਕੰਮ ਕਰਨੋ ਹਟ ਜਾਂਦੇ ਹਨ। ਇਸ ਲਈ ਇਕੱਲੇਪਣ ਤੋਂ ਸਦਾ ਦੂਰ ਰਹੋ। ਵਿਹਲੇ ਅਤੇ ਇਕੱਲੇ ਬੰਦੇ ਡਰ ਨਾਲ ਆਪਣੀ ਮੌਤ ਤੋਂ ਪਹਿਲਾਂ ਹੀ ਕਈ ਵਾਰੀ ਮਰਦੇ ਹਨ ਪਰ ਊਸਾਰੂ ਸੋਚ ਵਾਲੇ ਮਨੁੱਖ ਹਰ ਸਮੇਂ ਕਿਸੇ ਨਾ ਕਿਸੇ ਕੰਮ ਵਿਚ ਰੁੱਝੇ ਰਹਿੰਦੇ ਹਨ। ਉਨ੍ਹਾਂ ਕੋਲ ਬਿਮਾਰ ਹੋਣ ਦਾ ਸਮਾਂ ਹੀ ਨਹੀਂ ਹੁੰਦਾ। ਉਹ ਜ਼ਿੰਦਗੀ ਦਾ ਭਰਪੂਰ ਲੁੱਤਫ਼ ਲੈਂਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਅਖ਼ੀਰ ਤੱਕ ਖੇੜੇ ਵਿਚ ਰਹਿੰਦੇ ਹਨ।
ਮਾਨਸਿਕ ਸਿਹਤ ਦਾ ਮਤਲਬ ਇਹ ਨਹੀਂ ਕਿ ਸਾਡੇ ਆਲੇ-ਦੁਆਲੇ ਕੀ ਵਰਤਾਰਾ ਵਰਤ ਰਿਹਾ ਹੈ ਸਗੋਂ ਇਹ ਹੈ ਕਿ ਜੋ ਵਰਤ ਰਿਹਾ ਹੈ ਉਸ ਬਾਰੇ ਅਸੀਂ ਕੀ ਮਹਿਸੂਸ ਕਰਦੇ ਹਾਂ। ਜੇ ਅਸੀਂ ਛੋਟੀ-ਛੋਟੀ ਗੱਲ ਨੂੰ ਦਿਲ'ਤੇ ਲਾ ਬੈਠਾਂਗੇ ਤਾਂ ਇਹ ਸਾਡੀ ਮਾਨਸਿਕ ਤੰਦਰੁਸਤੀ ਲਈ ਹਾਨੀਕਾਰਕ ਹੋਵੇਗਾ। ਦੂਜੇ ਪਾਸੇ ਜੇ ਅਸੀਂ ਕਿਸੇ ਵੱਡੀ ਦੁਰਘਟਨਾ ਜਾਂ ਮਾੜੇ ਹਾਲਾਤ ਨੂੰ ਕੁਦਰਤ ਦਾ ਨਿਯਮ ਸਮਝ ਕੇ ਲਵਾਂਗੇ ਤਾਂ ਉਸ ਦਾ ਸਾਡੀ ਸਰੀਰਕ ਅਤੇ ਮਾਨਸਿਕ ਸਿਹਤ 'ਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ। ਸਾਨੂੰ ਇਹ ਵੀ ਸਮਝਣਾ ਪਏਗਾ ਕਿ ਮਨੁੱਖ ਦੀ ਮਾਨਸਿਕ ਸਥਿੱਤੀ ਹਮੇਸ਼ਾਂ ਦੋ ਅਤੇ ਦੋ ਚਾਰ ਦੀ ਤਰ੍ਹਾਂ ਨਹੀਂ ਹੁੰਦੀ। ਮਨੁੱਖੀ ਮਨ ਕੋਈ ਮਸ਼ੀਨਰੀ ਨਹੀਂ ਹੈ ਜੋ ਸਦਾ ਇਕੋ ਜਿਹਾ ਨਤੀਜਾ ਹੀ ਦੇਵੇਗੀ। ਦੋ ਅਲੱਗ-ਅਲੱਗ ਮਨੁੱਖਾਂ ਲਈ ਜ਼ਰੂਰੀ ਨਹੀਂ ਕਿ ਇਕੋ ਫਾਰਮੂਲਾ ਹੀ ਲਾਗੂ ਹੋਵੇ। ਕਈ ਮਾਨਸਿਕ ਰੋਗੀ ਡਾਕਟਰ ਨਾਲ ਸਹਿਯੋਗ ਹੀ ਨਹੀਂ ਕਰਦ,ੇ ਇਸ ਲਈ ਉਹ ਸਿਹਤਯਾਬ ਨਹੀਂ ਹੁੰਦੇ। ਉਨ੍ਹਾਂ ਪ੍ਰਤੀ ਸਮਾਜ ਦੇ ਪਿਆਰ ਅਤੇ ਹਮਦਰਦੀ ਦੀ ਬਹੁਤ ਲੋੜ ਹੈ। ਉਨ੍ਹਾਂ ਨੂੰ ਪਿਆਰ ਨਾਲ ਪ੍ਰੇਰ ਕੇ ਉਨ੍ਹਾਂ ਦੇ ਦਿਮਾਗ਼ ਦੀਆਂ ਜਲਿਟ ਗੁੰਝਲਾਂ ਖੋਲ੍ਹੀਆਂ ਜਾ ਸਕਦੀਆਂ ਹਨ ਤਾਂ ਹੀ ਉਹ ਸਮਾਜ ਦਾ ਨਰੋਇਆ ਅੰਗ ਬਣ ਸਕਦੇ ਹਨ। ਜਿਥੋਂ ਤੱਕ ਹੋ ਸਕੇ ਉਨ੍ਹਾਂ ਦੀਆਂ ਸ਼ਿਕਾਇਤਾਂ, ਰੋਸੇ ਅਤੇ ਗੁੱਸੇ ਗਿਲੇ ਦੂਰ ਕਰਨ ਦੀ ਕੋਸ਼ਿਸ਼ ਕਰਨੀ ਚਹੀਦੀ ਹੈ। ਉਨ੍ਹਾਂ ਦੀ ਮਾਨਸਿਕਤਾ ਨੂੰ ਸਮਝਿਆ ਜਾਏ ਅਤੇ ਉਨ੍ਹਾਂ ਨੂੰ ਸਮਝਾਇਆ ਜਾਏ ਕਿ ਇਹ ਅਣਹੋਣੀਆਂ ਅਤੇ ਮੁਸੀਬਤਾਂ ਕੇਵਲ ਉਨ੍ਹਾਂ ਇਕੱਲਿਆਂ 'ਤੇ ਹੀ ਨਹੀਂ ਆਈਆਂ ਸਗੋਂ ਇਹ ਕੁਦਰਤ ਦਾ ਇਕ ਆਮ ਵਰਤਾਰਾ ਹੈ ਅਤੇ ਸਭ ਨੂੰ ਕੇਵਲ ਹਿੰਮਤ ਨਾਲ ਹੀ ਇਨ੍ਹਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਦਿਲ ਛੱਡਿਆਂ ਕੋਈ ਗੱਲ ਨਹੀਂ ਬਣਦੀ। ਉਨ੍ਹਾਂ ਦੇ ਮਨ ਵਿਚੋਂ ਅਜਿਹੇ ਵਹਿਮ ਕੱਢੇ ਜਾਣ ਕਿ ਉਹ ਘਟੀਆ ਹਨ ਜਾਂ ਉਨ੍ਹਾਂ ਵਿਚ ਕੋਈ ਕਮੀ ਹੈ।
ਸਾਨੂੰ ਜ਼ਰੂਰਤ ਹੈ ਕਿ ਅਸੀਂ ਮਾਨਸਿਕ ਬਿਮਾਰੀ ਦੇ ਕਾਰਨਾ ਨੂੰ ਸਮਝ ਕੇ ਉਸ ਦਾ ਪੱਕੇ ਪੈਰੀਂ ਇਲਾਜ ਕਰੀਏ। ਮਾਨਸਿਕ ਤੌਰ 'ਤੇ ਉਲਾਰ ਵਿਅਕਤੀਆਂ ਨੂੰ ਕੇਵਲ ਡਾਕਟਰਾਂ ਦੇ ਸਹਾਰੇ ਨਹੀਂ ਛੱਡਿਆ ਜਾ ਸਕਦਾ। ਅਜਿਹੇ ਮਰੀਜ਼ਾਂ ਨਾਲ ਕੋਈ ਵਿਤਕਰਾ ਜਾਂ ਨਫ਼ਰਤ ਵੀ ਨਹੀਂ ਕਰਨੀ ਚਾਹੀਦੀ। ਉਹ ਜਿੰਨੇ ਜੋਗੇ ਹਨ, ਉਨ੍ਹਾਂ ਗੁਣਾਂ ਕਰ ਕੇ ਉਨ੍ਹਾਂ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ। ਅਜਿਹੇ ਮਾਨਸਿਕ ਰੋਗੀ ਨੂੰ ਦੱਸਣਾ ਚਾਹੀਦਾ ਹੈ ਕਿ ਤੂੰ ਬਹੁਤ ਚੰਗਾ ਹੈਂ। ਤੂੰ ਇਹ ਕੰਮ ਕਰ ਸਕਦਾ ਹੈਂ। ਇਕ ਦਿਨ ਤੂੰ ਜ਼ਰੂਰ ਕਾਮਯਾਬ ਹੋਵੇਂਗਾ। ਅਸੀਂ ਤੇਰੇ ਨਾਲ ਹਾਂ ਆਦਿ। ਇਸ ਕੰਮ ਲਈ ਸਰਕਾਰ ਅਤੇ ਬਾਕੀ ਸਮਾਜ ਦੇ ਭਰਪੂਰ ਸਹਿਯੋਗ ਦੀ ਲੋੜ ਹੈ ਕਿਉਂਕਿ ਮਾਨਸਿਕ ਅਤੇ ਸਰੀਰਕ ਤੰਦਰੁਸਤੀ ਹਰ ਮਨੁੱਖ ਦਾ ਮੁਢਲਾ ਅਧਿਕਾਰ ਹੈ।
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in
26 Oct. 2018
ਕੀ ਅਸੀਂ ਸਿਆਣੇ ਹੋ ਗਏ ਹਾਂ? - ਗੁਰਸ਼ਰਨ ਸਿੰਘ ਕੁਮਾਰ
ਅੱਜ ਅਸੀਂ ਬਹੁਤ ਸਿਆਣੇ ਹੋ ਗਏ ਹਾਂ। ਅਸੀਂ ਧਰਤੀ ਤੋਂ ਸਾਲ ਵਿਚ ਚਾਰ ਚਾਰ ਫ਼ਸਲਾਂ ਪੈਦਾ ਕਰ ਰਹੇ ਹਾਂ। ਕਈ ਕਾਰਖ਼ਾਨੇ ਅਤੇ ਸੁੰਦਰ ਇਮਾਰਤਾਂ ਖੜੀਆਂ ਕਰ ਲਈਆਂ ਹਨ। ਰੇਲ ਲਾਈਨਾਂ, ਸੜਕਾਂ ਅਤੇ ਨਹਿਰਾਂ ਦੇ ਜਾਲ ਵਿਛਾ ਦਿੱਤੇ ਹਨ। ਅਸੀ ਪਹਾੜਾਂ ਦੀਆਂ ਉੱਚੀਆਂ ਚੋਟੀਆਂ ਨੂੰ ਸਰ ਕਰ ਲਿਆ ਹੈ। ਗ਼ਹਿਰੇ ਸਮੁੰਦਰਾਂ ਨੂੰ ਹੰਗਾਲ ਕੇ ਕਈ ਖ਼ਜ਼ਾਨੇ ਲੱਭ ਲਏ ਹਨ।ਅਸੀਂ ਪੁਲਾੜ ਵਿਚ ਲਗਾਤਾਰ ਉਡਾਰੀਆਂ ਮਾਰ ਕੇ ਬੁਲੰਦੀਆਂ ਨੂੰ ਛੂਹ ਰਹੇ ਹਾਂ। ਚੰਨ 'ਤੇ ਤਾਂ ਅਸੀਂ ਕਈ ਸਾਲ ਪਹਿਲਾਂ (1969 ਵਿਚ) ਹੀ ਆਪਣੇ ਕਦਮ ਰੱਖ ਲਏ ਸਨ। ਹੁਣ ਜਲਦੀ ਹੀ ਮੰਗਲ ਗ੍ਰਹਿ 'ਤੇ ਵੀ ਆਪਣੇ ਪੈਰ ਪਸਾਰਨ ਵਾਲੇ ਹਾਂ। ਅਸੀ ਆਸਮਾਨ ਨੂੰ ਚੀਰ ਕੇ ਅੱਗੇ ਵਧ ਰਹੇ ਹਾਂ ਅਤੇ ਸਿਤਾਰਿਆਂ ਨੂੰ ਛੂਹ ਰਹੇ ਹਾਂ। ਇਸ ਪ੍ਰਕਾਰ ਅਸੀਂ ਕੁਦਰਤ ਦੇ ਕਈ ਗੁੱਝੇ ਭੇਦ ਉਜਾਗਰ ਕੀਤੇ ਹਨ।
ਸਾਡੇ ਕੋਲ ਸੰਚਾਰ ਸਾਧਨ ਵੀ ਬਹੁਤ ਹੋ ਗਏ ਹਨ। ਸਾਡੇ ਹਵਾਈ ਜਹਾਜ਼ ਬਹੁਤ ਤੇਜ਼ ਰਫ਼ਤਾਰ ਨਾਲ ਚੱਲਣ ਵਾਲੇ ਹਨ ਕਿ ਜੇ ਅਸੀਂ ਸਵੇਰ ਦਾ ਨਾਸ਼ਤਾ ਦਿੱਲੀ ਵਿਚ ਕਰੀਏ ਤਾਂ ਦੁਪਹਿਰ ਦਾ ਖਾਣਸਾਸਸਸ ਲੰਡਨ ਅਤੇ ਰਾਤ ਦਾ ਭੋਜਨ ਅਮਰੀਕਾ ਵਿਚ ਕਰ ਸਕਦੇ ਹਾਂ॥ ਇੰਟਰਨੱੈਟ ਅਤੇ ਕੰਪਿਊਟਰ ਦੀ ਖੋਜ ਨੇ ਪ੍ਰਦੇਸ਼ਾਂ ਦੀਆਂ ਦੂਰੀਆਂ ਖ਼ਤਮ ਕਰ ਦਿੱਤੀਆਂ ਹਨ। ਆਪਣੇ ਕੰਪਿਊਟਰ ਦਾ ਬਟਨ ਦਬਾਉਂਦੇ ਹੀ ਦੁਨੀਆਂ ਦਾ ਮਨਚਾਹਿਆ ਗਿਆਨ ਸਾਡੇ ਕੰਪਿਊਟਰ ਦੇ ਪਰਦੇ ਤੇ ਆ ਜਾਂਦਾ ਹੈ। ਅੱਖ ਝਪਕਦੇ ਹੀ ਅਸੀਂ ਸਾਰੀ ਦੁਨੀਆਂ ਦੀ ਖ਼ਬਰ ਹਾਸਿਲ ਕਰ ਲੈਂਦੇ ਹਾਂ।ਕੰਪਿਊਟਰ ਹਮੇਸ਼ਾਂ ਸਾਡਾ ਹੁਕਮ ਮੰਨਣ ਲਈ ਇਕ ਜਿੰਨ ਦੀ ਤਰ੍ਹਾਂ ਸਾਡੇ ਕੋਲ ਤਿਆਰ-ਬਰ-ਤਿਆਰ ਰਹਿੰਦਾ ਹੈ।
ਅਸੀਂ ਰੋਬੋਟ (ਨਕਲੀ ਮਨੁੱਖ) ਅਤੇ ਕਈ ਹੋਰ ਮਸ਼ੀਨਾਂ ਤਿਆਰ ਕਰ ਲਈਆਂ ਹਨ ਜੋ ਘੱਟ ਮਿਹਨਤ ਅਤੇ ਘੱਟ ਸਮੇਂ ਨਾਲ ਸਾਡੇ ਆਪਣੇ ਹੱਥਾਂ ਨਾਲ ਕਰਨ ਵਾਲੇ ਕੰਮ ਮਿੰਟਾਂ-ਸਕਿੰਟਾਂ ਵਿਚ ਜ਼ਿਆਦਾ ਸੁਚੱਜਤਾ ਨਾਲ ਕਰ ਦਿੰਦੀਆਂ ਹਨ।ਇਸ ਨਾਲ ਸਾਨੂੰ ਘੱਟ ਮੁਸ਼ੱਕਤ ਕਰਨੀ ਪੈਂਦੀ ਹੈ ਅਤੇ ਸਾਡੀ ਜ਼ਿੰਦਗੀ ਸੌਖੀ ਹੋ ਗਈ ਹੈ। ਅਸੀਂ ਸੋਹਣੀਆਂ-ਸੋਹਣੀਆਂ ਗਗਨ ਚੁੰਬੀ ਇਮਾਰਤਾਂ ਵੀ ਖੜੀਆਂ ਕਰ ਲਈਆਂ ਹਨ। ਅਸੀਂ ਕਈ ਹਵਾਈ ਅੱਡੇ ਅਤੇ ਸੋਹਣੇ ਸੋਹਣੇ ਸਕੂਲ਼ ਵੀ ਬਣਾ ਲਏ ਹਨ। ਸਾਡੇ ਬੱਚਿਆਂ ਨੂੰ ਮਹਿੰਗੇ ਕੱਪੜੇ, ਸੋਹਣੀਆਂ ਸਕੂਲ਼ ਡਰੈਸਾਂ, ਭਰਪੂਰ ਖ਼ੁਰਾਕ, ਮਹਿੰਗੇ ਮੋਬਾਇਲ, ਕੰਪਿਊਟਰ ਅਤੇ ਹੋਰ ਸਭ ਸੁੱਖ ਸਹੂਲਤਾਂ ਮਿਲ ਰਹੀਆਂ ਹਨ। ਸਾਡੀ ਦਿਖ ਸੁੰਦਰ ਬਣ ਗਈ ਹੈ। ਅਸੀਂ ਮੈਨ ਤੋਂ ਜੈਂਟਲਮੈਨ ਬਣ ਗਏ ਹਾਂ ਜਾਂ ਇਉਂ ਕਹਿ ਲਉ ਕਿ ਅਸੀਂ ਬਨਮਾਨਸ ਤੋਂ ਸੁਲਝੇ ਹੋਏ ਸ਼ਹਿਰੀ ਮਨੁੱਖ ਬਣ ਗਏ ਹਾਂ।ਸਾਨੂੰ ਘਰ ਬੈਠਿਆਂ ਹੀ ਦੁਨੀਆਂ ਦੀਆਂ ਸਭ ਸੁੱਖ ਸਹੂਲਤਾਂ ਉਪਲੱਬਤ ਹੋ ਜਾਂਦੀਆਂ ਹਨ। ਹੋਰ ਸਾਨੂੰ ਕੀ ਚਾਹੀਦਾ ਹੈ?
ਅਸੀਂ ਕਈ ਮਾਰੂ ਬਿਮਾਰੀਆਂ ਦਾ ਇਲਾਜ ਲੱਭ ਲਿਆ ਹੈ। ਪਲੇਗ, ਹੈਜ਼ਾ ਅਤੇ ਟੀ. ਬੀ. ਆਦਿ ਬਿਮਾਰੀਆਂ ਹੁਣ ਬੀਤੇ ਦੀਆਂ ਗੱਲਾਂ ਹੋ ਗਈਆਂ ਹਨ। ਮਨੁੱਖ ਦੀ ਆਮ ਉਮਰ ਵਧ ਗਈ ਹੈ। ਇੱਥੇ ਸੁਆਲ ਇਹ ਪੈਦਾ ਹੁੰਦਾ ਹੈ ਕਿ ਕੀ ਅਸੀਂ ਵਾਕਿਆ ਹੀ ਪੂਰਨ ਮਨੁੱਖ ਬਣ ਗਏ ਹਾਂ ਅਤੇ ਸਿਆਣੇ ਹੋ ਗਏ ਹਾਂ? ਕੀ ਅਸੀਂ ਪਹਿਲਾਂ ਨਾਲੋਂ ਸੁਖੀ ਹਾਂ? ਜੇ ਅਸੀਂ ਸੁਖੀ ਹਾਂ ਤਾਂ ਸਾਡੇ ਮਨ ਵਿਚ ਬੇਚੈਨੀ ਕਿਉਂ ਹੈ? ਅਸੀਂ ਘੁਟਣ ਜਹੀ ਕਿਉਂ ਮਹਿਸੂਸ ਕਰ ਰਹੇ ਹਾਂ? ਅਸੀਂ ਕਿਉਂ ਹਰ ਸਮੇਂ ਸਹਿਮ ਦੇ ਮਾਹੌਲ ਵਿਚ ਜੀਅ ਰਹੇ ਹਾਂ। ਸਾਡੇ ਸੁੰਦਰ ਕੱਪੜੇ ਅਤੇ ਚਮਕਦੇ ਚਿਹਰੇ ਕਿਧਰੇ ਝੂਠ ਤਾਂ ਨਹੀਂ ਬੋਲ ਰਹੇ? ਇਸ ਦੀ ਅਸਲੀਅਤ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਦੇਖਣਾ ਇਹ ਹੈ ਕਿ ਕੌਣ ਸਭ ਤੋਂ ਜ਼ਿਆਦਾ ਸੁਖੀ ਹੈ, ਸੋਨੇ ਦੀ ਚੇਨ ਵਾਲਾ ਜਾਂ ਚੈਨ ਨਾਲ ਸੌਣ ਵਾਲਾ? ਸਾਡੀ ਪ੍ਰੇਸ਼ਾਨੀ ਦਾ ਇਹ ਵੀ ਕਾਰਨ ਹੈ ਕਿ ਅਸੀਂ ਆਪਣੇ ਆਪ ਤੋਂ ਟੁੱਟ ਚੁੱਕੇ ਹਾਂ। ਜਿਵੇਂ ਕੋਈ ਪੌਦਾ ਜੇ ਆਪਣੀਆਂ ਜੜ੍ਹਾਂ ਤੋਂ ਉੱਖੜ ਜਾਏ ਤਾਂ ਉਹ ਸੁੱਕ ਜਾਂਦਾ ਹੈ। ਅਸੀਂ ਆਪਣੀ ਬਾਹਰੀ ਦਿਖ ਨੂੰ ਸਜਾ ਲਿਆ ਹੈ ਪਰ ਅਸੀਂ ਆਪਣੀ ਅੰਤਰ-ਆਤਮਾ ਤੋਂ ਟੁੱਟ ਚੁੱਕੇ ਹਾਂ। ਕਿਸੇ ਸੁੰਦਰ ਸੁਡੋਲ ਸਰੀਰ ਦਾ ਮਤਲਬ ਇਹ ਨਹੀਂ ਕਿ ਉਹ ਮਾਨਸਿਕ ਤੋਰ 'ਤੇ ਵੀ ਓਨਾ ਹੀ ਤੰਦਰੁਸਤ ਹੋਵੇਗਾ ਅਤੇ ਉਸ ਦੀ ਆਤਮਾ ਵੀ ਓਨੀ ਹੀ ਬਲਵਾਨ ਹੋਵੇਗੀ।
ਸ਼ਾਡੇ ਉਪਰੋਕਤ ਵਿਚਾਰਾਂ ਦਾ ਉੱਤਰ ਸਾਨੂੰ ਹਾਂ ਵਿਚ ਨਹੀਂ ਮਿਲਦਾ। ਇਸ ਦਾ ਮਤਲਬ ਹੈ ਕਿ ਅਸੀਂ ਜ਼ਰੂਰ ਕਿਧਰੇ ਨਾ ਕਿਧਰੇ ਕੋਈ ਗ਼ਲਤੀ ਕਰ ਰਹੇ ਹਾਂ। ਸਾਡੇ ਅੰਦਰ ਕੋਈ ਨਾ ਕੋਈ ਟੀਸ ਹੈ ਜੋ ਸਾਨੂੰ ਹਰ ਸਮੇਂ ਕਟੋਚਦੀ ਰਹਿੰਦੀ ਹੈ। ਐਨਾ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅਸੀਂ ਜ਼ਿਆਦਾ ਸਮਝਦਾਰ ਨਹੀਂ ਬਣੇ। ਅੱਜ ਸਾਡੇ ਕੋਲ ਸਕੂਲ ਬਹੁਤ ਹਨ ਪਰ ਅਸਲੀ ਵਿੱਦਆ ਘੱਟ ਹੈ। ਸਾਡੇ ਕੋਲ ਡਿਗਰੀਆਂ ਬਹੁਤ ਹਨ ਪਰ ਤਮੀਜ਼ ਘੱਟ ਹੈ। ਦਵਾਈਆਂ, ਡਾਕਟਰ ਅਤੇ ਹਸਪਤਾਲ ਬਹੁਤ ਹਨ ਪਰ ਤੰਦਰੁਸਤੀ ਘੱਟ ਹੈ। ਮੋਬਾਈਲ 'ਤੇ ਦੋਸਤ ਬਹੁਤ ਹਨ ਪਰ ਵਫ਼ਾਦਾਰੀ ਘੱਟ ਹੈ। ਅਸੀਂ ਸਾਰੀ ਦੁਨੀਆਂ ਦੀ ਖ਼ਬਰ ਰੱਖਦੇ ਹਾਂ ਪਰ ਗੁਆਂਢੀ ਬਾਰੇ ਕੋਈ ਜਾਣਕਾਰੀ ਨਹੀਂ। ਸਾਡੇ ਕੋਲ ਪੈਸਾ ਬਹੁਤ ਹੈ ਪਰ ਮਨ ਦਾ ਸਕੂਨ ਨਹੀਂ। ਫਿਰ ਅਸੀਂ ਕਿਹੜੀ ਤਰੱਕੀ ਕੀਤੀ ਹੈ? ਸਾਨੂੰ ਕਿਸ 'ਤੇ ਮਾਣ ਹੈ? ਕਹਿੰਦੇ ਹਨ ਕਿ ਕੋਈ ਪੰਛੀ ਆਸਮਾਨ ਵਿਚ ਜਿੰਨਾਂ ਮਰਜ਼ੀ ਉੱਚਾ ਉੱਡ ਲਏ ਪਰ ਭੋਜਨ ਕਰਨ ਲਈ ਉਸ ਨੂੰ ਹੇਠਾਂ ਧਰਤੀ 'ਤੇ ਹੀ ਆਉਣਾ ਪਵੇਗਾ।
ਅਸੀਂ ਅੱਗਾ ਦੌੜ ਅਤੇ ਪਿੱਛਾ ਚੌੜ ਕਰੀ ਜਾ ਰਹੇ ਹਾਂ। ਅਸੀਂ ਝੂਠ ਨੂੰ ਸੱਚ ਦਾ ਬੁਰਕਾ ਪੁਆ ਕੇ ਪੇਸ਼ ਕਰ ਰਹੇ ਹਾਂ। ਕਹਿੰਦੇ ਹਨ ਕਿ ਨਾਲਾਇਕ ਬੱਚਿਆਂ ਦੇ ਬਸਤੇ ਭਾਰੀ। ਅਸੀਂ ਬਹੁਤ ਪੜ੍ਹੇ ਲਿਖੇ ਹਾਂ ਪਰ ਸਮਝਦਾਰ ਨਹੀਂ। ਜਿੱਥੇ ਅਸੀਂ ਤੇਜ਼ ਰਫ਼ਤਾਰ ਰਾਕਟ ਬਣਾ ਲਏ ਹਨ ਅਤੇ ਹੋਰ ਸੁੱਖ ਸਹੂਲਤਾਂ ਦੇ ਸਾਧਨ ਤਿਆਰ ਕਰ ਲਏ ਹਨ ਉੱਥੇ ਅਸੀਂ ਕਈ ਮਾਰੂ ਹੱਿਥਆਰ, ਹਵਾ ਤੋਂ ਹਵਾ ਵਿਚ ਦੂਰ ਤੱਕ ਮਾਰ ਕਰਨ ਵਾਲੀਆਂ ਮਿਜ਼ਾਇਲਾਂ, ਐਟਮ ਬੰਬ ਅਤੇ ਹਾਈਡਰੋਜਨ ਬੰਬ ਵੀ ਬਣਾ ਲਏ ਹਨ ਜੋ ਇਕ ਬਟਨ ਦੱਬਦਿਆਂ ਹੀ ਸਾਰੀ ਦੁਨੀਆਂ ਨੂੰ ਤਬਾਹ ਕਰ ਸਕਦੇ ਹਨ। ਸਾਰੀ ਦੁਨੀਆਂ ਇਕ ਬਾਰੂਦ ਦੇ ਢੇਰ 'ਤੇ ਬੈਠੀ ਹੈ। ਇਕ ਪਾਸੇ ਅਸੀਂ ਬੁਲੰਦੀਆਂ ਨੂੰ ਛੂਹ ਰਹੇ ਹਾਂ ਦੂਜੇ ਪਾਸੇ ਅਸੀਂ ਰਸਾਤਲ ਵਿਚ ਗ਼ਰਕ ਹੁੰਦੇ ਜਾ ਰਹੇ ਹਾਂ।
ਅਸੀਂ ਬਹੁਤ ਹੇਰਾ ਫੇਰੀਆਂ ਅਤੇ ਭ੍ਰਿਸ਼ਟਾਚਾਰ ਕਰ ਕੇ ਅਤੇ ਨਕਲੀ ਵਸਤੂਆਂ ਬਾਜ਼ਾਰ ਵਿਚ ਉਤਾਰ ਕੇ ਧਨ ਵੀ ਬਹੁਤ ਕਮਾ ਲਿਆ ਹੈ। ਸਾਡੇ ਇਹ ਗ਼ਲਤ ਕੰਮ ਹੀ ਸਾਨੂੰ ਅੰਦਰੋਂ ਘੁਣ ਵਾਂਗ ਖੋਖਲਾ ਕਰ ਰਹੇ ਹਨ। ਅਸੀਂ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦੇ ਹਾਂ ਕਿ ਅਸੀਂ ਨਕਲੀ ਦੁੱਧ ਤਿਆਰ ਕਰਨ ਵਿਚ ਕਾਮਯਾਬ ਹੋ ਗਏ ਹਾਂ ਪਰ ਇਹ ਹੀ ਨਕਲੀ ਦੁੱਧ ਰੋਜ਼ਾਨਾ ਸਾਨੂੰ ਅਤੇ ਸਾਡੇ ਬੱਚਿਆਂ ਨੂੰ ਵੀ ਪੀਣ ਨੰ ਮਿਲ ਰਿਹਾ ਹੈ। ਅੰਤਰ ਰਾਸ਼ਟਰੀ ਸਿਹਤ ਸੰਸਥਾ (WHO) ਦੀ ਇਕ ਰਿਪੋਰਟ ਸਾਡੇ ਬੰਦ ਕਪਾਟ ਖੋਲ੍ਹਣ ਵਾਲੀ ਹੈ। ਜੋ ਇਸ ਪ੍ਰਕਾਰ ਹੈ,''2025 ਤੱਕ 87% ਭਾਰਤੀ ਕੈਂਸਰ ਦਾ ਸ਼ਿਕਾਰ ਹੋ ਸਕਦੇ ਹਨ। ਵਿਸ਼ਵ ਸਿਹਤ ਸੰਸਥਾ ਵੱਲੋਂ ਜਾਰੀ ਕੀਤੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭਾਰਤ ਦੇ ਬਾਜ਼ਾਰਾਂ ਵਿਚ ਵਿਕ ਰਹੇ ਦੁੱਧ ਵਿਚ ਮਿਲਾਵਟ ਹੈ। ਇਸ ਦੁੱਧ ਨੂੰ ਪੀਣ ਨਾਲ ਕੈਂਸਰ ਹੋਣ ਦਾ ਖ਼ਤਰਾ ਹੈ। ਜੇ ਇਸ ਮਿਲਾਵਟ ਨੂੰ ਖ਼ਤਮ ਨਾ ਕੀਤਾ ਗਿਆ ਤਾਂ ਭਾਰਤ ਵਿਚ ਵੱਡੀ ਆਬਾਦੀ ਕੈਂਸਰ ਦੀ ਲਪੇਟ ਵਿਚ ਆ ਜਾਵੇਗੀ।ਭਾਰਤ ਵਿਚ ਵਿਕਣ ਵਾਲਾ 68.7% ਦੁੱਧ ਮਿਲਾਵਟੀ ਹੈ।''
ਇੱਥੇ ਹੀ ਬਸ ਨਹੀਂ ਅਸੀਂ ਖਾਣ ਪੀਣ ਦੀਆਂ ਬਾਕੀ ਵਸਤੂਆਂ ਵਿਚ ਵੀ ਮਿਲਾਵਟ ਕਰਨੀ ਸ਼ੁਰੂ ਕਰ ਦਿੱਤੀ ਹੈ ਜੋ ਸਾਡੀ ਆਪਣੀ ਹੀ ਸਿਹਤ ਲਈ ਬਹੁਤ ਘਾਤਕ ਹੈ। ਸਾਡੇ ਲਈ ਪੈਸਾ ਬਹੁਤ ਅਹਿਮ ਹੋ ਗਿਆ ਹੈ। ਸਾਨੂੰ ਪੈਸਾ ਮਿਲਣਾ ਚਾਹੀਦਾ ਹੈ, ਬਾਕੀ ਦੁਨੀਆਂ ਮਰਦੀ ਹੈ ਤਾਂ ਮਰੇ ਪਈ, ਸਾਨੂੰ ਇਸ ਨਾਲ ਕੀ? ਹਰ ਚੀਜ਼ ਦੀ ਹੱਦ ਹੁੰਦੀ ਹੈ ਪਰ ਅਸੀਂ ਬੇਇਮਾਨੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਰਹੇ ਹਾਂ।ਬਨਸਪਤੀ ਦੀ ਉੱਪਜ ਵਧਾਉਣ ਲਈ ਅਸੀਂ ਰਸਾਇਣਿਕ ਖਾਦਾਂ ਵਰਤ ਰਹੇ ਹਾਂ। ਫ਼ਲਾਂ ਅਤੇ ਸਬਜ਼ੀਆਂ ਦਾ ਸਾਈਜ਼ ਵਧਾਉਣ ਲਈ ਉਨ੍ਹਾਂ ਨੂੰ ਟੀਕੇ ਲਾ ਰਹੇ ਹਾਂ ਅਤੇ ਉਨ੍ਹਾਂ ਦੀ ਦਿੱਖ ਸੋਹਣੀ ਕਰਨ ਲਈ ਉਨ੍ਹਾਂ 'ਤੇ ਰਸਾਇਨਿਕ ਰੰਗ ਚਾੜ੍ਹਿਆ ਜਾ ਰਿਹਾ ਹੈ। ਇਹ ਸਭ ਕੁਝ ਸਿਹਤ ਲਈ ਬਹੁਤ ਖ਼ਤਰਨਾਕ ਹੈ। ਘਿਓ, ਪਨੀਰ ਅਤੇ ਖੋਇਆ ਵੀ ਨਕਲੀ ਬਣਨ ਲੱਗ ਪਏ ਹਨ। ਚਾਵਲ, ਚੀਨੀ ਅਤੇ ਕਣਕ ਆਦਿ ਵੀ ਪਲਾਸਟਿਕ ਦੇ ਬਣਨ ਲੱਗ ਪਏ ਹਨ। ਜ਼ਰਾ ਸੋਚੋ ਇਹ ਸਭ ਕੁਝ ਮਨੁੱਖ ਦੇ ਅੰਦਰ ਜਾ ਕੇ ਕਿੰਨਾਂ ਮਾੜਾ ਅਸਰ ਕਰੇਗਾ? ਫਿਰ ਵੀ ਇਹ ਸਭ ਕੁਝ ਹੋ ਰਿਹਾ ਹੈ। ਸਰਕਾਰ ਵੀ ਇਸ ਮਿਲਾਵਟ ਨੂੰ ਰੋਕਣ ਵਿਚ ਅਸਮਰੱਥ ਹੈ। ਮਨੁੱਖਤਾ ਭਿਆਨਕ ਰੋਗਾਂ ਵਿਚ ਗ੍ਰਸਤ ਹੋ ਰਹੀ ਹੈ। ਨਵੀਆਂ-ਨਵੀਆਂ ਭਿਅੰਕਰ ਬਿਮਾਰੀਆਂ ਸਾਹਮਣੇ ਆ ਰਹੀਆਂ ਹਨ।ਦੇਸ਼ ਦੀਆਂ ਅੱਧਿਓਂ ਜ਼ਿਆਦਾ ਗਰਭਵਤੀ ਔਰਤਾਂ ਅਤੇ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ਵਿਚ ਜਾ ਰਹੇ ਹਨ।
ਅਸੀਂ ਦਰਖ਼ਤਾਂ ਦੀ ਅੰਨ੍ਹੇ ਵਾਹ ਕਟਾਈ ਕਰ ਕੇ ਲਗਾਤਾਰ ਕੁਦਰਤ ਨਾਲ ਖਿਲਵਾੜ ਕਰ ਰਹੇ ਹਾਂ। ਹਵਾ, ਪਾਣੀ ਅਤੇ ਸ਼ੋਰ ਦਾ ਪ੍ਰਦੂਸ਼ਣ ਵਧਾ ਰਹੇ ਹਾਂ। ਅਸੀਂ ਧਰਤੀ ਅਤੇ ਨਦੀਆਂ ਵਿਚ ਲਗਾਤਾਰ ਕਾਰਖ਼ਾਨਿਆਂ ਦਾ ਗੰਦਾ ਰਸਾਨਿਕ ਪਾਣੀ ਮਿਲਾਉਂਦੇ ਜਾ ਰਹੇ ਹਾਂ। ਹਵਾ ਵਿਚ ਗੱਡੀਆਂ ਅਤੇ ਕਾਰਖ਼ਾਨਿਆਂ ਦਾ ਜ਼ਹਿਰੀਲਾ ਧੂਆਂ ਮਿਲਾਇਆ ਜਾ ਰਿਹਾ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਰਿਹਾ ਹੈ। ਲੋਕ ਦਮੇਂ ਅਤੇ ਹੋਰ ਸਾਹ ਦੀਆਂ ਬਿਮਾਰੀਆਂ ਨਾਲ ਦੁਖੀ ਹਨ। ਵਾਤਾਵਰਨ ਵਿਚ ਸਾਡੇ ਸਪੀਕਰ ਅਤੇ ਗੱਡੀਆਂ ਦੇ ਹਾਰਨਾਂ ਦੀ ਕੰਨ ਪਾੜ੍ਹਵੀਂ ਆਵਾਜ਼ ਸਾਨੂੰ ਇਕ ਮਿੰਟ ਵੀ ਚੈਨ ਨਾਲ ਬੈਠਣ ਨਹੀਂ ਦਿੰਦੀ। ਅਸੀਂ ਮਨ ਦਾ ਸਕੂਨ ਗੁਆ ਲਿਆ ਹੈ।
ਸਾਡੇ ਅੰਦਰੋਂ ਮਨੁੱਖਤਾ ਮਰਦੀ ਜਾ ਰਹੀ ਹੈ। ਬੇਇਮਾਨੀ ਨਾਲ ਧਨ ਕਮਾਉਣ ਦਾ ਕੀ ਫਾਇਦਾ? ਯਾਦ ਰੱਖੋ ਕਿ ਤੁਹਾਡਾ ਕਮਾਇਆ ਹੋਇਆ ਧਨ ਤੁਹਾਡੀ ਥਾਂ 'ਤੇ ਕੋਈ ਦੂਸਰਾ ਇਸਤੇਮਾਲ ਕਰ ਸਕਦਾ ਹੈ ਅਤੇ ਉਸ ਦਾ ਸੁੱਖ ਵੀ ਉਠਾ ਸਕਦਾ ਹੈ ਪਰ ਜੇ ਤੁਸੀਂ ਕਿਸੇ ਭਿਆਨਕ ਬਿਮਾਰੀ ਵਿਚ ਫਸ ਜਾਂਦੇ ਹੋ ਤਾਂ ਤੁਹਾਡੀ ਇਹ ਬਿਮਾਰੀ ਕੋਈ ਦੂਸਰਾ ਨਹੀਂ ਵੰਡਾ ਸਕਦਾ। ਸਾਰਾ ਕਸ਼ਟ ਤੁਹਾਨੂੰ ਆਪਣੇ ਸਰੀਰ 'ਤੇ ਹੀ ਝੱਲਣਾ ਪਏਗਾ। ਬੰਦੇ ਦੀ ਆਰਥਿਕ ਸਥਿੱਤੀ ਭਾਵੇਂ ਜਿੰਨੀ ਮਰਜ਼ੀ ਚੰਗੀ ਹੋਏ ਪਰ ਜੀਵਨ ਦਾ ਆਨੰਦ ਲੈਣ ਲਈ ਉਸ ਦੀ ਮਾਨਸਿਕ ਸਥਿੱਤੀ ਵੀ ਚੰਗੀ ਹੋਣੀ ਚਾਹੀਦੀ ਹੈ।
ਜੇ ਅਸੀਂ ਸੱਚ-ਮੁੱਚ ਹੀ ਸਿਆਣੇ ਬਣ ਗਏ ਹਾਂ ਅਸੀਂ ਅਮਨ ਅਤੇ ਸ਼ਾਂਤੀ ਨਾਲ ਰਹਿਣਾ ਕਿਉਂ ਨਹੀਂ ਸਿੱਖਦੇ? ਅਸੀਂ ਧਰਤੀ 'ਤੇ ਲੀਕਾਂ ਪਾ ਕੇ ਦੇਸ਼ਾਂ ਦਰਮਿਆਨ ਸਰਹੱਦਾਂ ਬਣਾ ਲਈਆਂ ਹਨ। ਇਹ ਹੀ ਵਖਰੇਵਾਂ ਸਾਡੇ ਦਿਲਾਂ ਵਿਚ ਵੀ ਪੈਦਾ ਹੋ ਗਿਆ ਹੈ। ਹਰ ਮਨੁੱਖ ਗੁਆਂਢੀ ਦੇਸ਼ ਦੇ ਸ਼ਹਿਰੀ ਨੂੰ ਦੁਸ਼ਮਣ ਦੀ ਤਰ੍ਹਾਂ ਸ਼ੱਕ ਦੀ ਨਜ਼ਰ ਨਾਲ ਦੇਖਦਾ ਹੈ। ਪੂਰੀ ਦੁਨੀਆਂ ਵਿਚ ਅੱਤਵਾਦ ਦਾ ਜਿੰਨ ਸਾਰੀ ਮਨੁੱਖਤਾ ਨੂੰ ਨਿਗਲਣ ਲਈ ਤਿਆਰ ਖੜ੍ਹਾ ਹੈ। ਸਾਨੂੰ ਕੋਈ ਪਤਾ ਨਹੀਂ ਕਿ ਕਦ ਕੋਈ ਗੋਲੀ ਆ ਕੇ ਸਾਡੀ ਜ਼ਿੰਦਗੀ ਦਾ ਕੰਮ ਤਮਾਮ ਕਰ ਦੇਵੇ। ਸਾਡੇ ਅੰਦਰੋਂ ਮਨੁੱਖਤਾ ਮਰਦੀ ਜਾ ਰਹੀ ਹੈ। ਹਰ ਦੇਸ਼ ਹਰ ਸਾਲ ਖ਼ਰਬਾਂ ਰੁਪਏ ਹੱਥਿਆਰਾਂ ਅਤੇ ਫ਼ੌਜ਼ਾਂ 'ਤੇ ਖ਼ਰਚ ਕਰਦਾ ਹੈ। ਫਿਰ ਵੀ ਸਰਹੱਦਾਂ 'ਤੇ ਹਰ ਸਾਲ ਲੱਖਾਂ ਫ਼ੌਜ਼ੀ ਹਰ ਸਾਲ ਮਰ ਰਹੇ ਹਨ।ਕੀਮਤੀ ਜਾਨਾਂ ਬੇਕਾਰ ਜਾ ਰਹੀਆਂ ਹਨ। ਅਸੀਂ ਪਹਿਲੀਆਂ ਦੋ ਭਿਆਨਕ ਸੰਸਾਰ ਜੰਗਾਂ ਤੋਂ ਕੁਝ ਨਹੀਂ ਸਿੱਖਿਆ। ਅਸੀਂ ਫਿਰ ਤੋਂ ਆਪਣੀ ਹੀ ਤਬਾਹੀ 'ਤੇ ਤੁਰੇ ਹੋਏ ਹਾਂ। ਜੇ ਅਸੀਂ ਸਿਆਣੇ ਬਣੀਏ ਅਤੇ ਆਪਣੇ ਸਾਰੇ ਹੁਨਰ ਅਤੇ ਗੁਣਾਂ ਨੂੰ ਸਮਝਦਾਰੀ ਨਾਲ ਗ਼ਲਤ ਪਾਸੇ ਦੀ ਥਾਂ ਉਸਾਰੂ ਪਾਸੇ ਵਰਤੀਏ ਅਤੇ ਆਪਸ ਵਿਚ ਸੁਲਾਹ ਸਫ਼ਾਈ ਨਾਲ ਰਹੀਏ ਤਾਂ ਇਹ ਹੀ ਧਨ ਸਾਡੇ ਵਿਕਾਸ 'ਤੇ ਲੱਗ ਸਕਦਾ ਹੈ। ਕੁਪੋਸ਼ਨ ਨਾਲ ਮਰ ਰਹੇ ਬੱਚਿਆਂ ਨੂੰ ਚੰਗੀ ਖ਼ੁਰਾਕ, ਚੰਗੀ ਵਿੱਦਿਆ, ਪਹਿਨਣ ਨੂੰ ਕੱਪੜਾ 'ਤੇ ਹੋਰ ਸੁੱਖ-ਸਹੂਲਤਾਂ ਮਿਲ ਸਕਦੀਆਂ ਹਨ। ਇਸ ਧਰਤੀ 'ਤੇ ਹੀ ਸਵਰਗ ਬਣ ਸਕਦਾ ਹੈ ਅਤੇ ਸਭ ਦੀ ਜ਼ਿੰਦਗੀ ਖ਼ੁਸ਼ਹਾਲ ਅਤੇ ਸੁੱਖਮਈ ਹੋ ਸਕਦੀ ਹੈ। ਇਸ ਤਰ੍ਹਾਂ ਸਾਡੀਆਂ ਅੱਧੀਆਂ ਸਮੱਸਿਆਵਾਂ ਆਪੇ ਹੀ ਖ਼ਤਮ ਹੋ ਜਾਣਗੀਆਂ। ਕਿਉਂ ਨਾ ਅਸੀਂ ਦਿਲ ਵੱਡਾ ਰੱਖੀਏ ਅਤੇ ਆਪਣੇ ਸਾਰੇ ਹਥਿਆਰ ਨਸ਼ਟ ਕਰ ਦਈਏ ਅਤੇ ਆਪਸ ਵਿਚ ਪਿਆਰ ਦੀਆਂ ਗਲਵੱਕੜੀਆਂ ਪਾਈਏ। ਆਖ਼ਿਰ ਅਸੀਂ 'ਏਕੁ ਪਿਤਾ ਏਕਸ ਕੇ ਹਮ ਬਾਰਿਕ' ਹਾਂ। ਕੀ ਸਾਡੇ ਰਹਿਨੁਮਾਂ ਇਸ ਬਾਰੇ ਸੋਚਣਗੇ?
*****
ਗੁਰਸ਼ਰਨ ਸਿੰਘ ਕੁਮਾਰ
# 1183, ਫੇਜ਼-10, ਮੁਹਾਲੀ
ਮੋਬਾਇਲ:-8360842861
email:gursharan1183@yahoo.in