Mohinder Singh Mann

ਕਿਸੇ ਨੂੰ ਕੀ ਪਤਾ....ਮਹਿੰਦਰ ਸਿੰਘ ਮਾਨ

ਮੈਂ ਕਿਸ ਨੂੰ ਕਰਦਾ ਹਾਂ ਪਿਆਰ, ਕਿਸੇ ਨੂੰ ਕੀ ਪਤਾ?
ਕੌਣ ਹੈ ਮੇਰਾ ਦੁਸ਼ਮਣ ਜਾਂ ਯਾਰ, ਕਿਸੇ ਨੂੰ ਕੀ ਪਤਾ?
ਇਸ ਨੂੰ ਵੇਖ ਕੇ ਲੋਕ ਮੈਨੂੰ ਕਰਦੇ ਨੇ ਨਫਰਤ,
ਪਰ ਮੈਂ ਕਿਉਂ ਪਾਇਆ ਗਲ਼ ਕੰਡਿਆਂ ਦਾ ਹਾਰ, ਕਿਸੇ ਨੂੰ ਕੀ ਪਤਾ?
ਜ਼ਿੰਦਗੀ 'ਚ ਮਿਲੀਆਂ ਮੈਨੂੰ ਕਈ ਅਸਫਲਤਾਵਾਂ,
ਜੀਵਨ ਦੇ ਗਈਆਂ ਜਾਂ ਗਈਆਂ ਮਾਰ, ਕਿਸੇ ਨੂੰ ਕੀ ਪਤਾ?
ਇਸ ਸੰਸਾਰ 'ਚ ਰਹਿ ਕੇ ਮੈਨੂੰ ਕੁਝ ਨਹੀਂ ਮਿਲਦਾ,
ਮੈਂ ਕਿਉਂ ਨਹੀਂ ਛੱਡਦਾ ਇਹ ਸੰਸਾਰ, ਕਿਸੇ ਨੂੰ ਕੀ ਪਤਾ?
ਹਰ ਕੋਈ ਕਹਿੰਦਾ ਹੈ, "ਮੇਰੇ ਤੇ ਇਤਬਾਰ ਕਰ ਲੈ,"
ਪਰ ਮੈਂ ਕਿਸੇ ਤੇ ਕਰਦਾ ਕਿਉਂ ਨਹੀਂ ਇਤਬਾਰ, ਕਿਸੇ ਨੂੰ ਕੀ ਪਤਾ?
ਬਹੁਤ ਵਾਰ ਮੈਂ ਉਸ ਨੂੰ ਆਪਣੇ ਘਰ ਬੁਲਾਇਆ ਹੈ,
ਉਹ ਹਰ ਵਾਰ ਕਿਉਂ ਕਰੇ ਇਨਕਾਰ, ਕਿਸੇ ਨੂੰ ਕੀ ਪਤਾ?
ਮੈਂ ਜੀਵਨ 'ਚ ਉਸ ਤੋਂ ਕਦੇ ਕੁਝ ਨਹੀਂ ਮੰਗਿਆ,
ਫਿਰ ਵੀ ਉਹ ਕਿਉਂ ਸਮਝੇ ਮੈਨੂੰ ਭਾਰ, ਕਿਸੇ ਨੂੰ ਕੀ ਪਤਾ?
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ 
ਫੋਨ 9915803554

ਵੋਟਾਂ ਪੈਣ ਦਾ ਕੰਮ..ਮਹਿੰਦਰ ਸਿੰਘ ਮਾਨ

ਜਦ ਦਾ ਐਲਾਨ ਹੋਇਆ ਹੈ ਵੋਟਾਂ ਪੈਣ ਦਾ
ਨੇਤਾ ਮਾਰਨ ਲੱਗ ਪਏ ਵੱਡੇ, ਵੱਡੇ ਗੱਪ ਬੇਲੀ।
ਜਿਨ੍ਹਾਂ ਤੋਂ ਇਨ੍ਹਾਂ ਨੂੰ ਪਹਿਲਾਂ ਮੁਸ਼ਕ ਆਉਂਦਾ ਸੀ
ਉਨ੍ਹਾਂ ਨਾਲ ਬਹਿ ਕੇ ਪੀਣ ਲੱਗੇ ਚਾਹ ਦਾ ਕੱਪ
ਬੇਲੀ।
ਦੂਜੀ ਪਾਰਟੀ ਦੇ ਨੇਤਾਵਾਂ ਨੂੰ ਨੀਵਾਂ ਵਿਖਾਉਣ ਖਾਤਰ
ਉਨ੍ਹਾਂ ਵਿਰੁੱਧ ਕੱਢ ਲਿਆਉਣ ਕੋਈ ਨਵਾਂ ਸੱਪ ਬੇਲੀ।
ਐਸਾ ਭਾਸ਼ਣ ਦੇਣ ਉਹ ਲੋਕਾਂ ਦੇ ਵਿੱਚ ਖੜ੍ਹ ਕੇ 
ਲੋਕ ਜਿਸ ਨੂੰ ਸੁਣ ਕੇ ਪਾਉਣ ਲੱਗ ਪੈਣ ਖੱਪ ਬੇਲੀ।
ਇਕ, ਦੂਜੇ ਵਿਰੁੱਧ ਐਸਾ ਦੁਸ਼ਟ ਪ੍ਰਚਾਰ ਕਰਨ
ਸ਼ਰਮ ਹਯਾ ਦੀਆਂ ਸਭ ਹੱਦਾਂ ਜਾਣ ਟੱਪ ਬੇਲੀ।
ਜਿੰਨਾ ਚਿਰ ਵੋਟਾਂ ਪੈ ਕੇ ਹਟਦੀਆਂ ਨਹੀਂ 
ਉੱਨਾ ਚਿਰ ਤਰੱਕੀ ਦੇ ਸਭ ਕੰਮ ਹੋ ਜਾਣ ਠੱਪ
ਬੇਲੀ।
ਵੋਟਾਂ ਪੈਣ ਦਾ ਕੰਮ ਜਿਵੇਂ ਹੀ ਖਤਮ ਹੋਇਆ 
ਇਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਲੈਣਾ ਨੱਪ ਬੇਲੀ।
ਮਹਿੰਦਰ ਸਿੰਘ ਮਾਨ
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ
ਫੋਨ  -9915803554

 

ਗ਼ਜ਼ਲ...ਮਹਿੰਦਰ ਸਿੰਘ ਮਾਨ 

ਟੱਬਰ ਪਾਲਣ ਖਾਤਰ ਕੰਮ ਕਰਨਾ ਪੈਂਦਾ ਹੈ,
ਤਨ 'ਤੇ ਗਰਮੀ, ਸਰਦੀ ਨੂੰ ਜਰਨਾ ਪੈਂਦਾ ਹੈ।
ਐਵੇਂ ਪਿਆਰ ਕਿਸੇ ਦਾ ਨਹੀਂ ਮਿਲ ਜਾਂਦਾ ਇੱਥੇ,
ਪਿਆਰ ਦੇ ਵਿਚ ਕੁਝ ਤਾਂ ਯਾਰੋ, ਹਰਨਾ ਪੈਂਦਾ ਹੈ।
ਜੀਵਨ 'ਚ ਪਤਾ ਨਹੀਂ ਕਦ ਔਖਾ ਵੇਲਾ ਆ ਜਾਵੇ,
ਔਖੇ ਵੇਲੇ ਲਈ ਗੱਲਾ ਭਰਨਾ ਪੈਂਦਾ ਹੈ।
ਵੈਰੀ ਨੇ ਹਮਲਾ ਕੀਤਾ ਹੋਵੇ ਪਿੱਛੇ ਤੋਂ,
ਸੂਰਮਿਆਂ ਨੂੰ ਦਰਿਆ ਵੀ ਤਰਨਾ ਪੈਂਦਾ ਹੈ।
ਆਪਣੇ ਪਿਆਰੇ ਦੇਸ਼ ਦੇ ਲੋਕਾਂ ਦੀ ਰਾਖੀ ਲਈ,
ਸੂਰਮਿਆਂ ਨੂੰ ਹੱਦਾਂ 'ਤੇ ਮਰਨਾ ਪੈਂਦਾ ਹੈ।
ਜਿੱਥੇ ਸੱਚ ਬੋਲਣ ਦੀ ਸਖਤ ਮਨਾਹੀ ਹੋਵੇ,
ਉੱਥੇ ਫਿਰ ਸੱਚ ਬੋਲਣ ਤੋਂ ਡਰਨਾ ਪੈਂਦਾ ਹੈ।
ਜੇ ਆਪਣੇ ਲਈ ਕੁਝ ਲੈਣਾ ਹੋਵੇ ਮੁਰਸ਼ਦ ਤੋਂ,
ਉਸ ਦੇ ਅੱਗੇ ਸਿਰ ਆਪਣਾ ਧਰਨਾ ਪੈਂਦਾ ਹੈ।
ਮਹਿੰਦਰ ਸਿੰਘ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ 
ਫੋਨ  -9915803554

ਗ਼ਜ਼ਲ,,,,,,,ਮਹਿੰਦਰ ਸਿੰਘ ਮਾਨ 

ਵਿਹਲੇ ਬਹਿ ਕੇ ਜਿਨ੍ਹਾਂ ਲੰਘਾਇਆ ਸੰਡੇ,
ਉਹਨਾਂ ਨੂੰ ਕੀ ਮਿਲਣੇ ਹਲਵਾ-ਮੰਡੇ।
ਉਹ ਜੀਵਨ 'ਚ ਤਰੱਕੀ ਕਰਦੇ ਜਾਵਣ,
ਖਾਧੇ ਜਿਹਨਾਂ ਉਸਤਾਦਾਂ ਦੇ ਡੰਡੇ।
ਜਦ ਔਖੇ ਵੇਲੇ ਅਸੀਂ ਉਸ ਨਾਲ ਰਹੇ,
ਫਿਰ ਉਹ ਕਿਉਂ ਸਾਨੂੰ ਥਾਂ ਥਾਂ ਭੰਡੇ?
ਤੇਰੇ ਰਾਹ ਵਿਚ ਉਹ ਕੰਡੇ ਬੋ ਸਕਦਾ,
ਵੈਰੀ ਦੇ ਰਾਹ ਵਿਚ ਬੋਈਂ ਨਾ ਕੰਡੇ।
ਉਸ ਨੇਤਾ ਦਾ ਸਤਿਕਾਰ ਕਿਵੇਂ ਕਰੀਏ?
ਜੋ ਸਾਨੂੰ ਧਰਮਾਂ ਦੇ ਨਾਂ ਤੇ ਵੰਡੇ।
ਲੋਕਾਂ ਕੋਲੋਂ ਵੋਟਾਂ ਲੈਣ ਦੀ ਖਾਤਰ,
ਅੱਜ ਕੱਲ੍ਹ ਨੇਤਾ ਵਰਤਣ ਸਭ ਹੱਥਕੰਡੇ।
ਚੋਰਾਂ ਦੇ ਘਰ ਸੱਨਾਟਾ ਛਾਇਆ ਰਹੇ,
ਉਹਨਾਂ ਦੇ ਘਰ ਨਾ ਕਦੇ ਝੂਲਣ ਝੰਡੇ।
ਮਹਿੰਦਰ ਸਿੰਘ ਮਾਨ 
ਪਿੰਡ ਤੇ ਡਾਕ ਰੱਕੜਾਂ ਢਾਹਾ-144526
ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ 
ਫੋਨ  -9915803554

 

ਬੋਲੀਆਂ - ਮਹਿੰਦਰ ਸਿੰਘ ਮਾਨ

ਲੋਕਾਂ ਦੀਆਂ ਜੇਬਾਂ ਖਾਲੀ ਕਰਾਈ ਜਾਂਦੇ,
ਬਾਬੇ ਗੋਲ,ਮੋਲ ਗੱਲਾਂ ਕਰਕੇ।
ਬਿਜਲੀ ਕੱਟਾਂ ਨੇ ਹਰ ਪਾਸੇ ਕੀਤਾ ਨ੍ਹੇਰਾ,
ਡੇਰੇ ਰੁਸ਼ਨਾਏ ਜਨਰੇਟਰਾਂ ਨੇ।
ਤੜਕੇ ਉੱਠ ਕੇ ਡੇਰਿਆਂ ਨੂੰ ਜਾਂਦੀਆਂ,
ਬੀਬੀਆਂ ਸਵਰਗਾਂ ਨੂੰ ਜਾਣ ਦੇ ਲਈ।
ਜਿਹੜੀਆਂ ਘਰੀਂ ਡੱਕਾ ਨਾ ਤੋੜਨ,
ਉਹ ਡੇਰਿਆਂ ਵਿੱਚ ਜੂਠੇ ਭਾਂਡੇ ਧੋਂਦੀਆਂ।
ਰੋਹਬ ਜਮਾਣ ਲਈ ਲਏ ਜਿਨ੍ਹਾਂ ਨੇ ਕਰਜ਼ੇ,
ਉਹ ਮੁੜ ਨਾ ਪੈਰਾਂ ਤੇ ਖੜ੍ਹੇ ਹੋਏ।
ਦੇਸ਼ ਖਾ ਲਿਆ ਬਾਬਿਆਂ ਤੇ ਨੇਤਾਵਾਂ,
ਉਹ ਮਾੜਾ ਬੋਲੀ ਜਾਂਦੇ ਲੋਕਾਂ ਨੂੰ।
ਉਨ੍ਹਾਂ ਵਰਗਾ ਬਦਕਿਸਮਤ ਨਾ ਕੋਈ,
ਜਿਨ੍ਹਾਂ ਦੇ ਪੁੱਤ ਲੱਗ ਗਏ ਨਸ਼ਿਆਂ ਨੂੰ।
ਆਪਣੇ ਗੁਆਂਢੀ ਨੂੰ ਖੁਸ਼ੀ ਵਸਦਾ ਵੇਖ,
ਤੇਰੀ ਹਿੱਕ ਤੇ ਕਿਉਂ ਸੱਪ ਲੇਟਦਾ?

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ   9915803554

ਹਾਕਮ ਨੂੰ ਕੀ ਪਤਾ ਸੀ - ਮਹਿੰਦਰ ਸਿੰਘ ਮਾਨ

ਸਮੇਂ ਦੇ ਹਾਕਮ ਦੇ ਹੁਕਮ ਤੇ
ਬੀਬੀ ਭਾਨੀ ਦੇ ਚੰਨ ਨੂੰ
ਸਖ਼ਤ ਗਰਮੀ ਦੇ ਮੌਸਮ ਵਿੱਚ
ਬਿਠਾਇਆ ਗਿਆ
ਤੱਤੀ ਤਵੀ ਉੱਤੇ
ਤੇ ਪਾਈ ਗਈ
ਸੀਸ ਤੇ ਸੜਦੀ, ਬਲਦੀ ਰੇਤ।
ਉਸ ਨੂੰ ਕੀ ਪਤਾ ਸੀ
ਉਸ ਦੀ ਧਾਰਮਿਕ ਕੱਟੜਤਾ
ਤੇ ਤੰਗ ਦਿਲੀ
ਕੁੱਝ ਨਹੀਂ ਵਿਗਾੜ ਸਕਦੀ
ਬੀਬੀ ਭਾਨੀ ਦੇ ਚੰਨ ਦਾ
ਤੇ ਨਿਮਰਤਾ ਦੇ ਪੁੰਜ,
ਸ਼ਾਂਤੀ ਸਰੂਪ ਨੇ
ਇਹ ਅਸਹਿ ਸਰੀਰਕ ਕਸ਼ਟ
ਸਹਾਰ ਲੈਣੇ ਨੇ
" ਤੇਰਾ ਕੀਆ ਮੀਠਾ ਲਾਗੈ।
ਹਰਿ ਨਾਮੁ ਪਦਾਰਥੁ ਨਾਨਕੁ ਮਾਂਗੈ।" ਕਹਿ ਕੇ
ਤੇ ਉਸ ਦੀ ਸ਼ਹਾਦਤ ਨੇ
ਉਸ ਦੇ ਸਿੱਖਾਂ ਨੂੰ
ਜਬਰ, ਜ਼ੁਲਮ ਦੇ ਟਾਕਰੇ ਲਈ
ਸਦਾ ਤਿਆਰ ਰਹਿਣ ਦਾ ਪਾਠ
ਪੜ੍ਹਾ ਦੇਣਾ ਹੈ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ   9915803554

ਟੱਪੇ - ਮਹਿੰਦਰ ਸਿੰਘ ਮਾਨ

ਨਸ਼ੇ ਗੱਭਰੂ ਕਰੀ ਜਾਂਦੇ ਨੇ,
ਮਾਪੇ ਰੋਂਦੇ ਰਹਿ ਜਾਂਦੇ ਨੇ
ਪੁੱਤ ਜਵਾਨੀ 'ਚ ਮਰੀ ਜਾਂਦੇ ਨੇ।
ਜਾਤਾਂ-ਪਾਤਾਂ 'ਚ ਕੁਝ ਨਹੀਂ ਰੱਖਿਆ,
ਆਪਸ 'ਚ ਲੜ ਕੇ ਮਰ ਜਾਓਗੇ
ਜੇ ਨਾ ਇਨ੍ਹਾਂ ਦਾ ਖਹਿੜਾ ਛੱਡਿਆ।
ਮਾਂ ਬੋਲੀ ਨੂੰ ਵਿਸਾਰੀ ਜਾਂਦੇ ਨੇ,
ਸ਼ਹਿਦ ਵਰਗੀ ਮਿੱਠੀ ਪੰਜਾਬੀ ਛੱਡ ਕੇ
ਗੱਲਾਂ ਅੰਗਰੇਜ਼ੀ 'ਚ ਮਾਰੀ ਜਾਂਦੇ ਨੇ।
ਧੀਆਂ ਕੁੱਖਾਂ 'ਚ ਮਾਰੀ ਜਾਂਦੇ ਨੇ,
ਧੀਆਂ ਤੋਂ ਸੱਖਣੇ ਘਰ ਕਰਕੇ
ਨੂੰਹਾਂ ਸੋਹਣੀਆਂ ਭਾਲੀ ਜਾਂਦੇ ਨੇ।
ਪੀਜ਼ੇ, ਬਰਗਰ ਖੁਸ਼ ਹੋ ਕੇ ਖਾ ਲਏ ਨੇ,
ਜਦ ਬਣਿਆ ਤੇਜ਼ਾਬ ਢਿੱਡਾਂ 'ਚ
ਡਾਕਟਰਾਂ ਕੋਲ ਜਾ ਡੇਰੇ ਲਾ ਲਏ ਨੇ।
ਸਰਦੀ ਪਿੱਛੋਂ ਗਰਮੀ ਆ ਗਈ ਏ,
ਪਾਣੀ ਮਿਲੇ ਚਾਹੇ ਨਾ ਮਿਲੇ
ਬੋਤਲ ਜੂਸ ਦੀ ਮੂੰਹ ਨੂੰ ਲਾ ਲਈ ਏ।
ਹਰ ਰੁੱਤ ਦਾ ਆਪਣਾ ਰੰਗ ਹੁੰਦਾ ਏ,
ਹੋਰਾਂ ਤੋਂ ਵੱਖਰਾ ਸੋਚਣ ਵਾਲਿਆਂ ਦਾ
ਜਿਉਣ ਦਾ ਵੱਖਰਾ ਢੰਗ ਹੁੰਦਾ ਏ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਕੈਨਾਲ ਰੋਡ
ਨਵਾਂ ਸ਼ਹਿਰ-144514
ਫੋਨ  -9915803554

ਲੋਹੇ ਦਾ ਕਿੱਲ ਮਿੱਤਰੋ  - ਮਹਿੰਦਰ ਸਿੰਘ ਮਾਨ

ਲੋਹੇ ਦਾ ਕਿੱਲ ਮਿੱਤਰੋ,
ਬੱਚੇ ਰੱਖੀਏ ਚੰਡ ਕੇ ਸਦਾ
ਬਹੁਤੀ ਦਈਏ ਨਾ ਢਿੱਲ ਮਿੱਤਰੋ।
ਕੋਠੇ ਤੇ ਚਿੜੀਆਂ ਨੇ,
ਇਹ ਰਹਿਣ ਸਲਾਮਤ ਸਦਾ
ਕਾਫੀ ਚਿਰ ਪਿੱਛੋਂ ਦਿੱਸੀਆਂ ਨੇ।
ਅੰਬਰ ਤੇ ਫਿਰ ਘਟਾ ਛਾਈ ਏ,
ਰੱਬ ਕਰਕੇ ਮੀਂਹ ਨਾ ਪਵੇ
ਪਹਿਲਾਂ ਹੀ ਹੋਈ ਬਹੁਤ ਤਬਾਹੀ ਏ।
ਬੱਸ ਅੱਡੇ ਤੋਂ ਤੁਰ ਪਈ ਏ,
ਖੜੀਆਂ ਸਵਾਰੀਆਂ ਨੇ ਔਖੀਆਂ
ਇਹ ਪੂਰੀ ਭਰੀ ਹੋਈ ਏ।
ਪੱਥਰ ਸੜਕ ਵਿਚਕਾਰ ਪਿਆ,
ਏਨੀ ਮਹਿੰਗਾਈ ਦੇ ਵਿੱਚ
ਜਿਉਣ ਦਾ ਕੋਈ ਮਜ਼ਾ ਨਾ ਰਿਹਾ।
ਕੁਰੱਪਸ਼ਨ ਵਿਰੁੱਧ ਮੁਹਿੰਮ ਚੱਲ ਰਹੀ,
ਲੋਕਾਂ ਦੇ ਜਾਇਜ਼ ਕੰਮ ਵੀ
ਕਰਨੋਂ ਹੱਟ ਗਏ ਅਫਸਰ ਕਈ।
ਬਦਲਾਅ ਹੋਇਆ ਲੱਗਦਾ ਏ,
ਲੋਕਾਂ ਨੂੰ ਘਰ ਬਣਾਉਣ ਲਈ
ਰੇਤਾ ਬੜਾ ਔਖਾ ਮਿਲਦਾ ਏ।

ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554 

ਟੱਪੇ - ਮਹਿੰਦਰ ਸਿੰਘ ਮਾਨ

 ਨਲਕਾ ਦਿਸੇ ਨਾ ਚਲਦਾ ਕੋਈ,
ਅੱਜ ਦੇ ਮਨੁੱਖ ਦੇ ਕੰਮਾਂ ਨਾਲ
ਪਾਣੀ ਦੀ ਇਹ ਹਾਲਤ ਹੋਈ।
ਕਾਮਾ ਰੱਜ ਕੇ ਮਿਹਨਤ ਕਰੇ,
ਫੇਰ ਵੀ ਦੋ ਵੇਲੇ ਦੀ ਰੋਟੀ
ਨਾ ਪੱਕਦੀ ਉਸ ਦੇ ਘਰੇ।
ਕਾਰਾਂ ਸੌ ਦੀ ਸਪੀਡ ਤੇ ਚਲਾਣ ਲੋਕੀਂ,
ਜਦ ਵੱਜ ਜਾਵੇ ਆਸੇ,ਪਾਸੇ
ਫੇਰ ਡਾਢਾ ਪਛਤਾਣ ਲੋਕੀਂ।
ਮੇਜ਼ ਤੇ ਅਖਬਾਰ ਪਈ ਅੱਜ ਦੀ,     
ਮਾਰ-ਧਾੜ ਦੀਆਂ ਖਬਰਾਂ ਤੋਂ ਬਿਨਾਂ
ਹੋਰ ਕੋਈ ਖਬਰ ਦਿਸੇ ਨਾ ਚੱਜਦੀ।
ਬੱਸਾਂ ਰੋਡਵੇਜ਼ ਦੀਆਂ ਚਲਦੀਆਂ ਨੇ,
ਫਰੀ ਸਫਰ ਦੀ ਸਹੂਲਤ ਕਰਕੇ
ਇਹ ਔਰਤਾਂ ਨਾਲ ਭਰੀਆਂ ਲਗਦੀਆਂ ਨੇ।
  ਸਰਕਾਰੀ ਸਕੂਲ, ਕਾਲਜ ਬਥੇਰੇ ਨੇ,

ਪੋਸਟਾਂ ਭਰੀਆਂ ਨਾ ਹੋਣ ਕਰਕੇ 
ਇਨ੍ਹਾਂ ਵਿੱਚ ਘੁੱਪ ਹਨੇਰੇ ਨੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554

ਟੱਪੇ - ਮਹਿੰਦਰ ਸਿੰਘ ਮਾਨ

ਨਹਿਰ 'ਚ ਪਾਣੀ ਹੁਣੇ ਹੁਣੇ ਆਇਆ ਏ,
ਟੂਣੇ ਵਾਲੀਆਂ ਬਹੁਤ ਸਾਰੀਆਂ ਚੀਜ਼ਾਂ
ਆਪਣੇ ਨਾਲ ਰੋੜ੍ਹ ਲਿਆਇਆ ਏ।
ਪੰਮਾ ਗਲੀਆਂ 'ਚ ਫਿਰੇ ਸ਼ਰਾਬੀ ਹੋ ਕੇ,
ਕੋਈ ਪੈਸਾ ਕਮਾ ਕੇ ਲਿਆਵੇ ਨਾ ਘਰ ਨੂੰ
ਪਤਨੀ ਨੇ ਬੁਰਾ ਹਾਲ ਕੀਤਾ ਏ ਰੋ ਰੋ ਕੇ।
ਬਾਲਟੀ ਪਾਣੀ ਨਾਲ ਭਰੀ ਹੋਈ ਏ,
ਉਸ ਨੇ ਰਿਸ਼ਵਤ ਲੈਣੋਂ ਨਹੀਂ ਹੱਟਣਾ
ਜਿਸ ਦੀ ਜ਼ਮੀਰ ਮਰੀ ਹੋਈ ਏ।
ਪਾਂਡਾ ਦਰਵਾਜ਼ੇ ਤੇ ਖੜ੍ਹ ਗਿਆ ਆ ਕੇ,
ਉਸ ਨੇ ਚੁੱਪ ਕਰਕੇ ਨਹੀਂ ਜਾਣਾ
ਉਹ ਜਾਊ ਘਰ ਵਿੱਚ ਅੱਗ ਲਾ ਕੇ।
ਲਿਫਾਫੇ ਤੇ ਕੂੜਾ ਪਿਆ ਏ ਚਾਰੇ ਪਾਸੇ,
ਜਿੱਥੇ ਏਨਾ ਗੰਦ ਪਿਆ ਹੋਵੇ
ਉੱਥੇ ਰਹਿੰਦੇ ਲੋਕਾਂ ਨੂੰ ਕੀ ਆਣੇ ਹਾਸੇ?
ਬੰਦਾ ਕੁਦਰਤ ਨਾਲ ਖਿਲਵਾੜ ਕਰੀ ਜਾਵੇ,
ਕਿਤੇ ਉਹ ਪਹਾੜਾਂ ਨੂੰ ਤੋੜੀ ਜਾਵੇ
ਕਿਤੇ ਜੰਗਲਾਂ ਨੂੰ ਅੰਨ੍ਹੇ ਵਾਹ ਕੱਟੀ ਜਾਵੇ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554