Avijit-Pathak

ਮਾਨਵਤਾ ਤੋਂ ਸੱਖਣੀ ਸਿੱਖਿਆ - ਅਵੀਜੀਤ ਪਾਠਕ

ਸਿੱਖਿਆ ਮੰਤਰਾਲੇ ਵੱਲੋਂ ਰਾਜ ਸਭਾ ਵਿਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਿਕ ਦੇਸ਼ ਦੇ ਸਿਰਮੌਰ ਤਕਨੀਕੀ ਸਿੱਖਿਆ ਸੰਸਥਾਨ (ਆਈਆਈਟੀਜ਼) ਵਿਚ 2018 ਤੋਂ ਲੈ ਕੇ ਹੁਣ ਤੱਕ 33 ਵਿਦਿਆਰਥੀ ਖ਼ੁਦਕੁਸ਼ੀ ਕਰ ਚੁੱਕੇ ਹਨ। ਕੀ ਇਹ ਅੰਕੜਾ ਸਾਡੀ ਬਾਕਮਾਲ ਸਿੱਖਿਆ ਪ੍ਰਣਾਲੀ ਅੰਦਰ ਪੜ੍ਹਾਈ ਦਾ ਬੋਝ ਬਰਦਾਸ਼ਤ ਨਾ ਕਰ ਸਕਣ ਵਾਲੇ ਕੁਝ ਕੁ ‘ਕਮਜ਼ੋਰ’ ਵਿਦਿਆਰਥੀਆਂ ਦੀ ਅਸਮੱਰਥਾ ਜ਼ਾਹਿਰ ਕਰਦਾ ਹੈ ਜਾਂ ਇਹ ਮੈਰਿਟੋਕ੍ਰੇਸੀ ਦਾ ਸਿਤਮ ਹੈ ਜਿਸ ਨੇ ਇਨ੍ਹਾਂ ਬਿਹਤਰੀਨ ਸਿੱਖਿਆ ਅਦਾਰਿਆਂ ਦੀ ਜ਼ਹਿਨੀਅਤ ਅਤੇ ਸਭਿਆਚਾਰ ਨੂੰ ਪਲੀਤ ਕਰ ਦਿੱਤਾ ਹੈ ਅਤੇ ਸਾਨੂੰ ਗਹਿਰਾਈ ਵਿਚ ਜਾ ਕੇ ਇਸ ਸੰਕਟ ਦੀ ਥਾਹ ਪਾਉਣ ਦਾ ਸਾਹਸ ਜੁਟਾਉਣ ਦੀ ਲੋੜ ਹੈ?
ਅਸਲ ਵਿਚ ਇਹ ਸਹੀ ਸਮਾਂ ਹੈ ਜਦੋਂ ਅਸੀਂ ਇਹ ਪ੍ਰਵਾਨ ਕਰਨਾ ਸ਼ੁੁਰੂ ਕਰ ਦੇਈਏ ਕਿ ਆਈਆਈਟੀਜ਼ ਜਿਹੇ ਸਿੱਖਿਆ ਸੰਸਥਾਨ ਵਿਚਲੇ ਜਿਸ ਮੈਰਿਟੋਕ੍ਰੇਸੀ ਦੇ ਮੱਠ ਨਾਲ ਅਸੀਂ ਜੁੜੇ ਹੋਏ ਹਾਂ ਉਹ ਸੜ੍ਹਾਂਦ ਮਾਰ ਰਿਹਾ ਹੈ, ਇਹ ਹਿੰਸਾ ਫੈਲਾਉਂਦਾ ਹੈ, ਮਨੁੱਖੀ ਸੰਵੇਦਨਾਵਾਂ ਨੂੰ ਕੁੰਦ ਕਰਦਾ ਹੈ ਅਤੇ ਆਪਣੇ ਅੰਦਰ ਹੈਵਾਨੀ ਬਿਰਤੀਆਂ ਨੂੰ ਜਗਾਉਂਦਾ ਹੈ। ਸ਼ੁਰੂਆਤ ਦੇ ਤੌਰ ’ਤੇ ਜ਼ਰਾ ਖ਼ਿਆਲ ਕਰੋ ਕਿ ਆਈਆਈਟੀ ਜੇਈਈ ਪ੍ਰੀਖਿਆ ’ਚੋਂ ਪਾਸ ਹੋਣ ਲਈ ਸਾਡੇ ਨੌਜਵਾਨਾਂ ਨੂੰ ਕਿਹੋ ਜਿਹੀ ਸਿਖਲਾਈ ਦਿੱਤੀ ਜਾ ਰਹੀ ਹੈ। ਸਕੂਲ ਦੇ ਦਿਨਾਂ ਤੋਂ ਹੀ ਕੋਚਿੰਗ ਫੈਕਟਰੀਆਂ ਵੱਲੋਂ ਸਿੱਖਿਆ ਦਾ ਮਕੈਨਕੀ ਅੱਲਮ-ਗੱਲਮ ਵੇਚਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਬੱਚੇ ’ਤੇ ਆਪਣੀ ਮੈਰਿਟ ਸਿੱਧ ਕਰਨ ਅਤੇ ਮਾਪਿਆਂ ਦੀਆਂ ਖ਼ੁਆਹਿਸ਼ਾਂ ਦੀ ਪੂਰਤੀ ਕਰਨ ਦਾ ਸਮਾਜਿਕ ਦਬਾਓ ਅਤੇ ਸਿੱਟੇ ਵਜੋਂ ਨਾਕਾਮ ਹੋਣ ਦੀ ਘਬਰਾਹਟ ਜਾਂ ਖੌਫ਼ - ਬਹੁ-ਪ੍ਰਚਾਰਿਤ ਆਈਆਈਟੀਜ਼ ਵੱਲ ਜਾਂਦਾ ਰਾਹ ਧੁਰ ਅੰਦਰ ਤੱਕ ਹਿੰਸਕ ਅਤੇ ਮਾਨਸਿਕ ਤੌਰ ’ਤੇ ਵਿਸ਼ੈਲਾ ਹੁੰਦਾ ਹੈ। ਇਸ ’ਚੋਂ ਕੋਈ ਖ਼ੁਸ਼ੀ ਜਾਂ ਰਚਨਾਤਮਕ ਆਨੰਦ ਹਾਸਲ ਨਹੀਂ ਹੁੰਦਾ। ਫਿਰ ਇਹ ਮਿੱਥ ਬਣਾ ਦਿੱਤਾ ਗਿਆ ਹੈ ਕਿ ਇਕੇਰਾਂ ਤੁਸੀਂ ਇਸ ਕਵਾਇਦ ’ਚੋਂ ਲੰਘ ਕੇ ਕਿਸੇ ਆਈਆਈਟੀ ਵਿਚ ਦਾਖ਼ਲ ਹੋ ਗਏ ਤਾਂ ਜ਼ਿੰਦਗੀ ‘ਸੈਟਲ’ ਹੋ ਜਾਵੇਗੀ ਪਰ ਜਲਦੀ ਹੀ ਇਹ ਮਿੱਥ ਟੁੱਟ ਜਾਂਦੀ ਹੈ। ਇਸ ਦਾ ਕਾਰਨ ਹੈ ਜਦੋਂ ਆਖ਼ਰਕਾਰ ਤੁਸੀਂ ਆਈਆਈਟੀ ਵਿਚ ਦਾਖ਼ਲ ਹੋ ਜਾਂਦੇ ਹੋ ਤਾਂ ਉਸ ਸਮਾਜਿਕ ਡਾਰਵਿਨਵਾਦ ਜਾਂ ਅਤਿ ਦੀ ਮੁਕਾਬਲੇਬਾਜ਼ੀ ਦੇ ਸਿਧਾਂਤ ਨਾਲ ਜੁੜੀ ਇਹ ਹਮਲਾਵਰ ਖਬਤ ਕੋਈ ਹੋਰ ਰੂਪ ਧਾਰ ਲੈਂਦੀ ਹੈ। ਫਿਰ ‘ਟੌਪਰ’ ਬਣਨ ਦਾ ਭੂਤ ਸਵਾਰ ਹੋ ਜਾਂਦਾ ਹੈ, ਲਗਾਤਾਰ ਚੰਗੀ ਅਕਾਦਮਿਕ ਕਾਰਗੁਜ਼ਾਰੀ ਰਾਹੀਂ ਪ੍ਰੋਫੈਸਰਾਂ ਦੀ ਤਸੱਲੀ ਕਰਾਉਣ ਦਾ ਨਿਰੰਤਰ ਦਬਾਓ ਬਣਿਆ ਰਹਿੰਦਾ ਹੈ, ਤੇ ਸਭ ਤੋਂ ਉਪਰ, ਪਲੇਸਮੈਂਟਾਂ ਅਤੇ ਤਨਖਾਹ ਪੈਕੇਜਾਂ ਦੇ ਲਿਹਾਜ਼ ਨਾਲ ਮਾਪੀ ਜਾਂਦੀ ਸਫ਼ਲਤਾ ਲਈ ਅਮੁੱਕ ਦੌੜ ਚਲਦੀ ਰਹਿੰਦੀ ਹੈ। ਜੀ ਹਾਂ, ਇਹ ਬਿਲਕੁਲ ਜੰਗ ਦੇ ਮੈਦਾਨ ਵਰਗਾ ਹੈ। ਇਸ ਕਿਸਮ ਦੀ ਮੈਰਿਟੋਕ੍ਰੇਸੀ ਸਿਆਸੀ ਤੌਰ ’ਤੇ ਸੰਵੇਦਨਹੀਣ, ਸੁਹਜ ਪੱਖੋਂ ਨੀਰਸ ਅਤੇ ਅਧਿਆਤਮਿਕ ਤੌਰ ’ਤੇ ਖਸਤਾਹਾਲ ਹੁੰਦੀ ਹੈ। ਜੇ ਤੁਸੀਂ ਆਪਣੇ ਆਪ ਨੂੰ ਇਕ ‘ਸਫ਼ਲ ਯੋਧੇ’ ਵਜੋਂ ਸਾਬਿਤ ਕਰਨ ਵਿਚ ਨਾਕਾਮ ਰਹਿੰਦੇ ਹੋ ਤਾਂ ਤੁਹਾਨੂੰ ਸ਼ਰਮਿੰਦਗੀ ਤੇ ਪਛਤਾਵੇ ਦਾ ਅਹਿਸਾਸ ਢੋਹਣਾ ਪੈਂਦਾ ਹੈ, ਤੁਸੀਂ ਪ੍ਰੋਫੈਸ਼ਨਲ ਮਨੋਵਿਗਿਆਨੀਆਂ ਲਈ ਆਈਆਈਟੀ ਬੰਬਈ ਦੇ ਇਕ ਦਲਿਤ ਵਿਦਿਆਰਥੀ ਦਰਸ਼ਨ ਸੋਲੰਕੀ ਦੀ ਤਰ੍ਹਾਂ ਇਕ ਕੇਸ ਸਟੱਡੀ ਬਣ ਜਾਂਦੇ ਹੋ ਜਿਸ ਦੀ ਕੁਝ ਸਮਾਂ ਪਹਿਲਾਂ ਖ਼ੁਦਕੁਸ਼ੀ ਦੀ ‘ਬ੍ਰੇਕਿੰਗ ਨਿਊਜ਼’ ਆਈ ਸੀ, ਤੁਸੀਂ ਵੀ ਆਪਣੇ ਹੋਸਟਲ ਦੀ ਅੱਠਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜ਼ਿੰਦਗੀ ਖ਼ਤਮ ਕਰ ਸਕਦੇ ਹੋ। ਪ੍ਰਬੀਨਤਾ ਦੇ ਨਾਂ ’ਤੇ ਇੰਜਨੀਅਰਾਂ ਅਤੇ ਟੈਕਨੋ-ਮੈਨੇਜਰਾਂ ਦਾ ਫੈਕਟਰੀ ਵਾਂਗ ਕੀਤਾ ਜਾਂਦਾ ਉਤਪਾਦਨ ਉਸ ਆਤਮਾ ਨੂੰ ਹੀ ਖ਼ਤਮ ਕਰ ਰਿਹਾ ਹੈ ਜਿਸ ਨਾਲ ਅਸੀਂ ਆਪਣੀ ਇਨਸਾਨੀਅਤ ਨੂੰ ਬਚਾ ਕੇ ਰੱਖਦੇ ਹਾਂ ਅਤੇ ਕਰੁਣਾ ਤੇ ਸੰਚਾਰ, ਦੋਸਤੀ ਤੇ ਸੰਵਾਦ ਜਾਂ ਰਚਨਾਤਮਿਕਤਾ ਤੇ ਫਰਾਖ਼ਦਿਲੀ ਜਿਹੇ ਗੁਣ ਧਾਰਨ ਕਰਦੇ ਹਾਂ।
      ਵੱਡੀ ਗੱਲ ਇਹ ਹੈ ਕਿ ਸੰਸਥਾਗਤ ਜਾਤੀ ਦਰਜਾਬੰਦੀ ’ਚ ਸਮਾਈ ਇਹ ਜਿਸਮਾਨੀ ਜਾਂ ਸੰਕੇਤਕ ਹਿੰਸਾ ਵਾਰ ਵਾਰ ਸਿਰ ਚੁੱਕਦੀ ਰਹਿੰਦੀ ਹੈ। ਸਿਤਮ ਦੀ ਗੱਲ ਇਹ ਹੈ ਕਿ ਆਈਆਈਟੀਜ਼ ਵਰਗੇ ਕੇਂਦਰ ਜੋ ਵਿਗਿਆਨਕ ਮਿਜਾਜ਼ ਦਾ ਜਸ਼ਨ ਮਨਾਉਣ ਅਤੇ ਨਵਉਦਾਰਵਾਦੀ ਟੈਕਨੋ-ਪੂੰਜੀਵਾਦੀ ਮੰਡੀ ਲਈ ਹੁਨਰਮੰਦ ਕਿਰਤ ਸ਼ਕਤੀ ਪੈਦਾ ਕਰਨ ਲਈ ਸਿਰਜੇ ਗਏ ਸਨ, ਉਹ ਵੀ ਇਸ ਹਿੰਸਾ ਤੋਂ ਅਛੂਤੇ ਨਹੀਂ ਰਹਿ ਸਕੇ ਜੋ ਉਨ੍ਹਾਂ ਨੌਜਵਾਨਾਂ ਨੂੰ ਅਲੱਗ ਥਲੱਗ, ਅਪਮਾਨਿਤ ਜਾਂ ਦਾਗ਼ੀ ਕਰਦੀ ਰਹਿੰਦੇ ਹਨ ਜੋ ਅਖੌਤੀ ਉੱਚ ਜਾਤੀਆਂ ਤੋਂ ਨਹੀਂ ਆਏ ਹੁੰਦੇ। ਦਰਅਸਲ, ਜਿਸ ਮੈਰਿਟੋਕ੍ਰੇਸੀ ਦੇ ਮੱਠ ਦਾ ਜ਼ਿਕਰ ਅਸੀਂ ਕਰ ਰਹੇ ਹਾਂ, ਉਹ ਜਾਤੀ ਨਿਰਲੇਪ ਨਹੀਂ ਹੁੰਦਾ, ਇਹ ਜਿਸ ਤਰ੍ਹਾਂ ਦੀ ਨਿਰਲੇਪਤਾ ਨੂੰ ਸਲਾਹੁੰਦਾ ਹੈ, ਉਹ ਇਕ ਮਿੱਥ ਹੈ ਕਿਉਂਕਿ ਇਹ ਧੁਰ ਅੰਦਰੋਂ ਹੀ ਉਸ ਸੱਭਿਆਚਾਰਕ ਪੂੰਜੀ ਵੱਲ ਉਲਾਰ ਹੁੰਦਾ ਹੈ ਜਿਸ ਦੀ ਭਾਰਤੀ ਸਮਾਜ ਦੀਆਂ ਉੱਚ ਜਾਤੀਆਂ ਸ਼੍ਰੇਣੀਆਂ ਕਾਮਨਾ ਕਰਦੀਆਂ ਹਨ - ਭਾਵੇਂ ਉਹ ਅੰਗਰੇਜ਼ੀ ਸਿੱਖਿਆ ਹੋਵੇ ਜਾਂ ਫਿਰ ਸਮਾਜਿਕ ਨੈੱਟਵਰਕਿੰਗ ਅਤੇ ਸਾਇੰਸ ਤੇ ਗਣਿਤ ਵਿਚ ਢੁਕਵੀਂ ਸਿੱਖਿਆ ਸਮੱਗਰੀ ਨਾਲ ਜਾਣ ਪਛਾਣ ਹੋਵੇ। ਉਨ੍ਹਾਂ ਦਾ ਖ਼ਿਆਲ ਹੈ ਕਿ ਗੁਣੀ ਹੋਣਾ ਉਨ੍ਹਾਂ ਦਾ ਪਰਮ ਅਧਿਕਾਰ ਹੈ ਅਤੇ ਜੋ ਕਥਿਤ ਨੀਵੀਆਂ ਜਾਤੀਆਂ ਦੇ ਲੋਕਾਂ ਨੂੰ ਇੰਝ ਦਰਸਾਇਆ ਜਾਂਦਾ ਹੈ ਕਿ ਉਹ ਇਸ ਦੇ ਬਹੁਤੇ ਲਾਇਕ ਨਹੀਂ ਹੁੰਦੇ ਤੇ ਤਰਸ ਦੇ ਪਾਤਰ ਹੁੰਦੇ ਹਨ ਜਾਂ ਇੱਕਾ ਦੁੱਕਾ ਨੂੰ ਸਹਿਣ ਤਾਂ ਕਰ ਲਿਆ ਜਾਂਦਾ ਹੈ ਪਰ ਉਨ੍ਹਾਂ ਨੂੰ ਹਿਕਾਰਤ ਦੀ ਨਜ਼ਰ ਨਾਲ ਹੀ ਦੇਖਿਆ ਪਰਖਿਆ ਜਾਂਦਾ ਹੈ। ਮਸਲਨ, ਕਲਾਸਰੂਮ, ਹੋਸਟਲ ਅਤੇ ਕੰਟੀਨ ਵਿਚ ਦਰਸ਼ਨ ਸੋਲੰਕੀ ਵਰਗੇ ਵਿਦਿਆਰਥੀਆਂ ਤੋਂ ਅਕਸਰ ਧੜੱਲੇ ਨਾਲ ਪੁੱਛਿਆ ਜਾਂਦਾ ਹੈ: ‘ਆਈਆਈਟੀ-ਜੇਈਈ ਵਿਚ ਤੁਹਾਡੀ ਰੈਂਕਿੰਗ ਕੀ ਹੈ?’ ਰਾਖਵੇਂ ਵਰਗ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਘਟੀਆਪਣ ਜਾਂ ਅਣਚਾਹੇ ਹੋਣ ਦਾ ਅਹਿਸਾਸ ਕਰਾਇਆ ਜਾਂਦਾ ਹੈ। ਸਮਾਜ ਸ਼ਾਸਤਰ ਅਤੇ ਨਸਲਵਾਦ ਬਾਰੇ ਕੁਝ ਗੰਭੀਰ ਅਧਿਐਨਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਆਈਆਈਟੀਜ਼ ਅੰਦਰ ਵੀ ਇਹ ਦੋ ਜਗਤ ਮੌਜੂਦ ਹਨ ਅਤੇ ਖ਼ੁਦਕੁਸ਼ੀ ਨੋਟਾਂ ਤੋਂ ਸੰਵਾਦਹੀਣਤਾ ਦੀਆਂ ਦਿਲਕੰਬਾਊ ਕਹਾਣੀਆਂ ਦਾ ਪਤਾ ਚੱਲਿਆ ਹੈ। ਦਰਅਸਲ, ਜਦੋਂ ਅੰਬੇਡਕਰ ਪੇਰੀਆਰ ਸਟੱਡੀ ਸਰਕਲ ਨਾਲ ਜੁੜੇ ਕੁਝ ਸਿਆਸੀ ਤੌਰ ’ਤੇ ਚੇਤੰਨ ਆਈਆਈਟੀ ਵਿਦਿਆਰਥੀ ਸਾਨੂੰ ਐੱਸਸੀ/ਐੱਸਟੀ/ ਓਬੀਸੀ/ ਘੱਟਗਿਣਤੀ ਭਾਈਚਾਰਿਆਂ ਦੇ ਵਿਦਿਆਰਥੀਆਂ ਨਾਲ ਹੁੰਦੇ ਵਿਤਕਰੇ ਦਾ ਚੇਤਾ ਕਰਾਉਂਦੇ ਹਨ ਤਾਂ ਅਕਾਦਮਿਕ ਨੌਕਰਸ਼ਾਹੀ ਮੈਰਿਟੋਕ੍ਰੇਸੀ ਦੇ ਤਰਕ ਗਿਣਾ ਕੇ ਜਾਤੀਵਾਦੀ ਹਰਬਿਆਂ ਅਤੇ ਮਾਨਸਿਕ ਹਿੰਸਾ ਨੂੰ ਛੁਪਾਉਣ ਦੇ ਯਤਨ ਕਰਦੀ ਦਿਸਦੀ ਹੈ।
ਮੈਰਿਟੋਕ੍ਰੇਸੀ ਦੇ ਇਸ ਤਰਕ ਨਾਲ ਜੁੜੀ ਸੱਭਿਆਚਾਰਕ ਵਖਰੇਵੇਂ ਦੀ ਪ੍ਰਥਾ ਨੂੰ ਬਦਲਣਾ ਮੁਸ਼ਕਿਲ ਹੈ। ਸਤਾਏ ਹੋਏ ਵਿਦਿਆਰਥੀਆਂ ਨੂੰ ਗਹਿਗੱਚ ਅਕਾਦਮਿਕ ਤਣਾਓ ਜਾਂ ਸੰਕੇਤਕ ਹਿੰਸਾ ਦੇ ਹੋਰ ਰੂਪਾਂ ਨੂੰ ਬਰਦਾਸ਼ਤ ਕਰਨ ਦੇ ਨੁਸਖੇ ਵਖਾਨਣ ਲਈ ਕੁਝ ਕੌਂਸਲਰ ਜਾਂ ਦਿਲਕਸ਼ ਮੋਟੀਵੇਸ਼ਨ ਵਕਤਿਆਂ ਦਾ ਪ੍ਰਬੰਧ ਕਰਨ ਦੇ ਰਵਾਇਤੀ ਸਰਕਾਰੀ/ਨੌਕਰਸ਼ਾਹ ਪ੍ਰਤੀਕਰਮ ਦਾ ਕੋਈ ਅਰਥ ਨਹੀਂ ਹੁੰਦਾ। ਇਸੇ ਤਰ੍ਹਾਂ, ਸੱਭਿਆਚਾਰਕ ਮੇਲੇ ਕਰਾਉਣ ਜਾਂ ਕਦੇ ਸਪਿਕ ਮੈਕੇਅ ਪ੍ਰੋਗਰਾਮ ਜਾਂ ਯੋਗਾ ਕਲਾਸਾਂ ਨਾਲ ਇਹ ਜ਼ਖ਼ਮ ਨਹੀਂ ਭਰ ਸਕਦੇ। ਮੈਂਟਰ ਦੇ ਰੂਪ ਵਿਚ ਅਧਿਆਪਕ ਇਸ ਮਾਮਲੇ ਵਿਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਅਧਿਆਪਨ ਬਰਾਦਰੀ ਦਾ ਇਕ ਵੱਡਾ ਹਿੱਸਾ ਆਪਣੇ ਮਨ ਮਸਤਕ ’ਤੇ ਜਾਤੀਵਾਦੀ ਚੇਤਨਾ ਅਤੇ ਬੌਧਿਕ ਗੁਮਾਨ ਦਾ ਬੋਝ ਚੁੱਕੀ ਫਿਰਦਾ ਹੈ। ਇਸੇ ਕਰਕੇ ਕੋਈ ਅਣਹੋਣੀ ਗੱਲ ਨਹੀਂ ਕਿ ਅਕਸਰ ਕਲਾਸਰੂਮ ਹੀ ਉਹ ਹਿੰਸਾਗਾਹ ਬਣ ਜਾਂਦੇ ਹਨ ਜਿੱਥੇ ਰਾਖਵੇਂ ਵਰਗਾਂ ਨਾਲ ਸਬੰਧਿਤ ਵਿਦਿਆਰਥੀਆਂ ਨੂੰ ਦਰਜਾਬੰਦ ਕਰ ਕੇ ਅਤੇ ਮੌਜੂ ਉਡਾ ਕੇ ਬੌਧਿਕ ਤੌਰ ’ਤੇ ਕਮਜ਼ੋਰ ਵਿਦਿਆਰਥੀ ਕਰਾਰ ਦਿੱਤਾ ਜਾਂਦਾ ਹੈ। ਤਕਨੀਕੀ ਸਾਖਰਤਾ ਦੇ ਨਾਂ ’ਤੇ ਜਿਉਂ ਜਿਉਂ ਕਰੁਣਾ ਭਾਵ ਅਤੇ ਸੁਣਨ ਦਾ ਸੁਹਜ ਖੰਭ ਲਾ ਕੇ ਉੱਡਦਾ ਜਾ ਰਿਹਾ ਹੈ ਤਾਂ ਉਤਪਾਦਕਤਾ, ਕੁਸ਼ਲਤਾ ਅਤੇ ਅਕਾਦਮਿਕ ਪ੍ਰਬੀਨਤਾ ਦੇ ਰੂਪ ਵਿਚ ਕੁਝ ਛਿੱਲੜ ਬਚ ਜਾਂਦੇ ਹਨ। ਕਹਿਣ ਦੀ ਲੋੜ ਨਹੀਂ ਕਿ ਸਿੱਖਿਆ ਦਾ ਸੱਭਿਆਚਾਰ ਬਹੁਤ ਹੀ ਮਕੈਨੀਕਲ ਅਤੇ ਅਮਾਨਵੀ ਬਣਦਾ ਜਾ ਰਿਹਾ ਹੈ ਜਿਸ ਵਿਚ ਟਿਊਟੋਰੀਅਲਾਂ, ਅਸਾਈਨਮੈਂਟਾਂ, ਪ੍ਰਾਜੈਕਟਾਂ, ਟੈਸਟਾਂ ਤੇ ਗ੍ਰੇਡਾਂ ਦਾ ਅਮੁੱਕ ਚੱਕਰ ਗਿੜਦਾ ਰਹਿੰਦਾ ਹੈ। ਇਹੋ ਜਿਹੇ ਹਾਲਾਤ ਵਿਚ ‘ਸਫ਼ਲ’ ਆਈਆਈਟੀਅਨਾਂ (ਜਿਨ੍ਹਾਂ ਨੂੰ ਪਹਿਲਾਂ ਹੀ ਅਭਿਲਾਸ਼ੀ ਜਮਾਤ ਕਹਿ ਕੇ ਬਹੁਤ ਚਮ੍ਹਲਾਇਆ ਜਾਂਦਾ ਹੈ) ਨੂੰ ਇਸ ਚੂਹਾ ਦੌੜ ’ਚੋਂ ਨਿਕਲ ਕੇ ਜ਼ਮੀਨ ’ਤੇ ਪੈਰ ਪਾਉਣ, ਅੱਖਾਂ ਖੋਲ੍ਹਣ, ਨਿਮਰਤਾ ਦੇ ਕੁਝ ਸਬਕ ਸਿਖਾਉਣ ਅਤੇ ਉਨ੍ਹਾਂ ਅੰਦਰ ਸਾਰਥਿਕ ਜੀਵਨ ਜਿਊਣ ਦਾ ਅਹਿਸਾਸ ਜਗਾਉਣਾ ਸੌਖਾ ਕੰਮ ਨਹੀਂ ਹੈ।
* ਲੇਖਕ ਸਮਾਜ ਸ਼ਾਸਤਰੀ ਹੈ।

ਲਗਾਤਾਰ ਟਕਰਾਅ ਦੀ ਸਿਆਸਤ - ਅਵਿਜੀਤ ਪਾਠਕ

ਹਾਲਾਤ ਬਾਰੇ ਸਵਾਲ ਪੁੱਛਣ ਵਾਲੀ ਪੜ੍ਹਨ-ਪੜ੍ਹਾਉਣ ਦੀ ਕਵਾਇਦ ਸੱਤਾ ਦੇ ਵੱਖ-ਵੱਖ ਵਰਤਾਰਿਆਂ ਦੀ ਚੀਰ ਫਾੜ ਕਰਦੀ ਹੈ, ਹਰ ਤਰ੍ਹਾਂ ਦੇ ਜਬਰ ਅਤੇ ਅਨਿਆਂ ਨੂੰ ਘੋਖਦੀ ਅਤੇ ਵਿਚਾਰ-ਵਟਾਂਦਰੇ ਦੀ ਰਵਾਇਤ ਅਤੇ ਸੁਣਨ ਦੇ ਸੁਹਜ ਨੂੰ ਹੱਲਾਸ਼ੇਰੀ ਦਿੰਦੀ ਹੈ। ਇਹ ਕਵਾਇਦ ਸਿੱਖਿਆ ਨੂੰ ਬਾਜ਼ਾਰਮੁਖੀ ਤਕਨੀਕੀ ਮੁਹਾਰਤ ਹਾਸਿਲ ਕਰਨ ਦੀ ਸ਼ੈਅ ਤੋਂ ਵੱਖ ਕਰ ਕੇ ਦੇਖਦੀ ਹੈ ਅਤੇ ਜਾਗਰੂਕ/ਜਮਹੂਰੀ ਸਮਾਜ ਬਣਾਉਣ ਲਈ ਜੂਝਦੀ ਹੈ। ਬਹਰਹਾਲ, ਚਾਰੇ ਪਾਸੇ ਫੈਲੀ ਵਿਸ਼ੈਲੀ ਰਾਜਨੀਤੀ ਅਤੇ ਸਭਿਆਚਾਰਕ ਪ੍ਰਦੂਸ਼ਣ ਦੀ ਦੁਰਗੰਧ ਵਿਚ ਮਾਯੂਸ ਹੋਏ ਸਾਡੇ ’ਚੋਂ ਬਹੁਤ ਸਾਰੇ ਅਧਿਆਪਕ ਇਸ ਤਰ੍ਹਾਂ ਦੇ ਅਧਿਆਪਨ ਦੀ ਇਸ ਕਲਾ ਨੂੰ ਸਲਾਹੁਣ ਜਾਂ ਅਮਲ ਵਿਚ ਲਿਆਉਣ ਤੋਂ ਟਾਲਾ ਵੱਟ ਲੈਂਦੇ ਹਨ।
       ਇਸ ਮਸਲੇ ਨੂੰ ਵਿਚਾਰਨ ਤੋਂ ਪਹਿਲਾਂ ਆਓ ਇਕ ਸਿੱਧ-ਪੱਧਰੇ ਤੱਥ ਨੂੰ ਪ੍ਰਵਾਨ ਕਰੀਏ: ਜੇ ਮਨ ਮਸਤਕ ’ਤੇ ਡਰ ਹਾਵੀ ਹੋਣ ਕਰ ਕੇ ਸਾਡੀ ਜ਼ਬਾਨ ਨੂੰ ਤਾਲਾ ਵੱਜ ਗਿਆ ਹੈ ਤਾਂ ਕਿਸੇ ਕਿਸਮ ਦੀ ਅਰਥਭਰਪੂਰ ਪੜ੍ਹਾਈ ਲਿਖਾਈ ਸੰਭਵ ਹੀ ਨਹੀਂ ਹੋ ਸਕਦੀ। ਦਰਅਸਲ, ਸਾਡੇ ਦੁਆਲੇ ਪਸਰੀ ਵਿਸ਼ੈਲੀ ਰਾਜਨੀਤੀ ਨੇ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ ਜਿਸ ਵਿਚ ਸਥਾਪਤੀ ਦੇ ਤਰਕ ’ਤੇ ਕਿੰਤੂ ਕਰਨ ਵਾਲੀ ਕਿਸੇ ਵੀ ਆਲੋਚਕ ਜ਼ਬਾਨ ਨੂੰ ਦਬਾਇਆ ਜਾ ਸਕਦਾ ਹੈ, ਉਸ ਨੂੰ ਸਜ਼ਾ ਦਿੱਤੀ ਜਾ ਸਕਦੀ ਹੈ। ਇਸ ਕਵਾਇਦ ਦੇ ਪ੍ਰਮੁੱਖ ਵਰਤਾਰੇ ਇਹ ਹਨ : ਸੱਤਾਧਾਰੀ ਪਾਰਟੀ ਦੇ ਸਰਬਰਾਹ ਨੂੰ ਇਕ ਅਜਿਹਾ ਮਸੀਹਾ ਬਣਾ ਦੇਣਾ ਜਿਸ ਬਾਰੇ ਕੋਈ ਸਵਾਲ ਨਹੀਂ ਕੀਤਾ ਜਾ ਸਕਦਾ, ਉਸ ਦੀ ਹਰ ਕਾਰਵਾਈ, ਤਕਰੀਰ ਜਾਂ ਨੀਤੀ ਨੂੰ ਲੋਕਪ੍ਰਿਅਤਾ ਅਤੇ ਚੁਣਾਵੀ ਅੰਕੜਿਆਂ ਦੇ ਤਰਕ ਤੋਂ ਜਾਇਜ਼ ਠਹਿਰਾਉਣਾ ਅਤੇ ਲੋਕਾਂ ਨੂੰ ਦੇਸ਼ਭਗਤਾਂ ਅਤੇ ਦੇਸ਼ਧ੍ਰੋਹੀਆਂ ਦੀਆਂ ਦੋ ਸਫ਼ਾਂ ਵਿਚ ਵੰਡ ਦੇਣਾ।
ਇਹ ਮਾਨਸਿਕਤਾ ਸਿਆਸੀ ਤੌਰ ’ਤੇ ਨਿਯੁਕਤ ਕੀਤੇ ਗਏ ਅਕਾਦਮਿਕ ਨੌਕਰਸ਼ਾਹਾਂ ਜ਼ਰੀਏ ਸਾਡੇ ਕੈਂਪਸਾਂ ਅਤੇ ਕਲਾਸਰੂਮਾਂ ’ਚ ਛਾ ਗਈ ਹੈ ਇਸ ਨੇ ਕਿੰਤੂ ਕਰਨ ਵਾਲੇ ਅਧਿਆਪਨ ਦੀ ਰੂਹ ਨੂੰ ਛਲਣੀ ਕਰ ਦਿੱਤਾ ਹੈ ਅਤੇ ਸਵਾਲਾਂ, ਵਿਚਾਰ ਚਰਚਾ ਤੇ ਸੰਵਾਦ ਜ਼ਰੀਏ ਸਿੱਖਣਾ ਤੇ ਭਾਰਮੁਕਤ ਹੋਣਾ ਔਖਾ ਹੋ ਗਿਆ ਹੈ। ਖ਼ਤਰੇ ਦੀ ਸ਼ਿੱਦਤ ਦਾ ਅੰਦਾਜ਼ਾ ਲਾਓ : ਜੇ ਕੋਈ ਵਿਦਿਆਰਥੀ ਜਾਂ ਅਧਿਆਪਕ 2002 ਵਿਚ ਹੋਏ ਗੁਜਰਾਤ ਦੰਗਿਆਂ ’ਤੇ ਬੀਬੀਸੀ ਦੀ ਦਸਤਾਵੇਜ਼ੀ ਦੇਖਣ ਦੀ ਹਿੰਮਤ ਕਰੇ ਤਾਂ ਉਸ ਨੂੰ ਮੁਅੱਤਲ ਜਾਂ ਬਰਤਰਫ਼ ਕੀਤਾ ਜਾ ਸਕਦਾ ਹੈ, ਜੇ ਤੁਸੀਂ ਮੌਜੂਦਾ ਸਰਕਾਰ ਪ੍ਰਤੀ ਆਪਣੀ ਨਾਖੁਸ਼ੀ ਜਤਾਉਣ ਲਈ ਕੋਈ ਪੋਸਟਰ ਲਾਉਂਦੇ ਹੋ ਤਾਂ ਤੁਹਾਡੇ ਖ਼ਿਲਾਫ਼ ਕੇਸ (ਐਫ਼ਆਈਆਰ) ਦਰਜ ਕੀਤਾ ਜਾ ਸਕਦਾ ਹੈ, ਜੇ ਤੁਹਾਡੀ ਕਿਸੇ ਗੱਲ ਨਾਲ ਧਾਰਮਿਕ ਬੁਨਿਆਦਪ੍ਰਸਤੀ /ਮੂਲਵਾਦ (Fundamentalism) ਦੀ ਅੱਗ ਨਾਲ ਖੇਡਣ ਵਾਲੇ ਅੰਧ-ਰਾਸ਼ਟਰਵਾਦੀਆਂ ਦੀ ਭਾਵਨਾ ‘ਜ਼ਖ਼ਮੀ’ ਹੋ ਜਾਂਦੀ ਹੈ ਤਾਂ ਤੁਹਾਨੂੰ ਜੇਲ੍ਹ ਭੇਜਿਆ ਜਾ ਸਕਦਾ ਹੈ, ਤਾਂ ਫਿਰ ਸੰਵਾਦ ਅਤੇ ਸੁਣਨ ਦੇ ਸੁਹਜ ਨੂੰ ਹੱਲਾਸ਼ੇਰੀ ਦੇਣ ਅਤੇ ਸਾਨੂੰ ਕਠਿਨ ਸਵਾਲ ਪੁੱਛਣ ਦਾ ਜੇਰਾ ਪੈਦਾ ਕਰਨ ਵਾਲਾ ਸਭਿਆਚਾਰ ਕਿਵੇਂ ਸਿਰਜਿਆ ਜਾਵੇਗਾ? ਤੱਥ ਇਹ ਹੈ ਕਿ ਨਿਰੰਕੁਸ਼ਪੁਣੇ ਅਤੇ ਇੱਥੋਂ ਤਕ ਕਿ ਚੋਣਾਂ ਰਾਹੀਂ ਪ੍ਰਾਪਤ ਕੀਤੇ ਗਏ ਬਹੁਮਤ ਦੀ ਤਾਨਾਸ਼ਾਹੀ ਦਾ ਮੱਠ ਚਲਾਉਣ ਲਈ ਲਕੀਰ ਦੇ ਫ਼ਕੀਰਾਂ ਜਾਂ ਬੇਅਕਲ ਖ਼ਪਤਕਾਰਾਂ ਦੀ ਲੋੜ ਹੁੰਦੀ ਹੈ ਜਿਵੇਂ ਕਿ ਮੰਡੀ ਮੂਲਵਾਦ ਅਤੇ ਧਾਰਮਿਕ ਕੱਟੜਪੁਣਾ ਨਾਲੋ-ਨਾਲ ਚੱਲਦੇ ਹਨ। ਇਹ ਇਕ ਤਰ੍ਹਾਂ ਕਿੰਤੂ ਕਰਨ ਵਾਲੀ ਪੜ੍ਹਾਈ ਲਿਖਾਈ ਦੀ ਰੂਹ ਨੂੰ ਕਤਲ ਕਰਨ ਦੇ ਤੁੱਲ ਹੈ।
     ਇਸੇ ਤਰ੍ਹਾਂ, ਕਿੰਤੂ ਕਰਨ ਵਾਲੀ ਪੜ੍ਹਾਈ-ਲਿਖਾਈ ਲਈ ਇਕ ਤਰ੍ਹਾਂ ਦੀ ਦਿਮਾਗੀ/ਬੌਧਿਕ ਖ਼ੂਬੀ ਦਰਕਾਰ ਹੈ, ਉਹ ਹੈ ਰਾਜਨੀਤੀ, ਸਭਿਆਚਾਰ, ਧਰਮ ਜਾਂ ਅਰਥਸ਼ਾਸਤਰ ਨਾਲ ਜੁੜੇ ਕਿਸੇ ਵੀ ਮੁੱਦੇ ਦੀ ਚੌਕਸੀ ਅਤੇ ਸਿਧਾਂਤਕ ਸਪੱਸ਼ਟਤਾ ਨਾਲ ਘੋਖ ਕਰਨਾ, ਅਜਿਹੀ ਘੋਖ ਕਰਨ ਲਈ ਧੀਰਜ ਨਾਲ ਕੰਮ ਕਰਨਾ। ਸੁਲਝੇ ਹੋਏ ਬਹਿਸ ਮੁਬਾਹਿਸੇ ਤੇ ਸੰਵਾਦ ਜ਼ਰੀਏ ਆਪਣੀ ਪੁਜ਼ੀਸ਼ਨ ਵਿਚ ਸੋਧ ਜਾਂ ਫੇਰਬਦਲ ਕਰਨ ਦੀ ਦਲੇਰੀ। ਵਿਸ਼ੈਲੀ ਰਾਜਨੀਤੀ ਦਾ ਖਾਸਾ ਹੀ ਬੜਬੋਲਾਪਣ, ਸ਼ੋਰ ਸ਼ਰਾਬਾ ਅਤੇ ਗਾਲੀ ਗਲੋਚ ਹੁੰਦਾ ਹੈ ਅਤੇ ਪ੍ਰਾਪੇਗੰਡਾ ਮਸ਼ੀਨਰੀ ਅਤੇ ਸੋਸ਼ਲ ਮੀਡੀਆ ਦੀ ਨਿਰੰਤਰਤਾ ਨਾਲ ਇਸ ਦੀ ਧਾਰ ਤਿੱਖੀ ਹੁੰਦੀ ਜਾਂਦੀ ਹੈ। ਜੇ ਤੁਸੀਂ ਹਰ ਕਿਸੇ ਨੂੰ ਇਕ ਦੂਜੇ ਦਾ ਵਿਰੋਧੀ ਬਣਾਉਣ ’ਤੇ ਤੁਲੇ ਕਿਸੇ ਸ਼ੋਰਪਾਊ ਟੈਲੀਵਿਜ਼ਨ ਐਂਕਰ ਨੂੰ ਆਪਣਾ ਮੁੱਖ ਉਸਤਾਦ ਧਾਰ ਲੈਂਦੇ ਹੋ ਜਾਂ ਤੁਸੀਂ ਵੱਖੋ ਵੱਖਰੇ ਰੰਗਾਂ ਦੇ ਸਿਆਸੀ ਤਰਜਮਾਨਾਂ ਨੂੰ ਬੇਸ਼ਰਮੀ ਨਾਲ ਝੂਠ ਫੈਲਾਉਂਦੇ ਦੇਖਦੇ ਰਹਿੰਦੇ ਹੋ ਅਤੇ ਜੇ ਸੋਸ਼ਲ ਮੀਡੀਆ ’ਤੇ ਪ੍ਰਸਾਰੇ ਜਾਂਦੇ ਗ਼ੈਰ-ਜ਼ਿੰਮੇਵਰਾਨਾ ਤੇ ਭੜਕਾਊ ਸੰਦੇਸ਼ ਪੜ੍ਹ ਕੇ ਤੁਹਾਨੂੰ ਕੋਫ਼ਤ ਮਹਿਸੂਸ ਨਹੀਂ ਹੁੰਦੀ ਤਾਂ ਤੁਹਾਡੇ ਲਈ ਤੱਥਾਂ ਦੀ ਪੁਣਛਾਣ ਕਰਨ, ਸਪੱਸ਼ਟਤਾ ਤੇ ਆਲੋਚਨਾਤਮਕ ਤਰੀਕੇ ਨਾਲ ਸੋਚਣਾ ਅਤੇ ਇਕ ਜਾਗਰੂਕ ਰਾਇ ਬਣਾਉਣਾ ਕਿਵੇਂ ਸੰਭਵ ਹੈ?
      ਮਿਸਾਲ ਦੇ ਤੌਰ ’ਤੇ ਆਓ ਇਕ ਸਵਾਲ ਪੁੱਛਦੇ ਹਾਂ : ਕੀ ਰਾਹੁਲ ਗਾਂਧੀ ਨੇ ਇੰਗਲੈਂਡ ਕੈਂਬਰਿਜ ਯੂਨੀਵਰਸਿਟੀ ਵਿਚ ਦਿੱਤੇ ਆਪਣੇ ਭਾਸ਼ਨ ਵਿਚ ਭਾਰਤੀ ਜਮਹੂਰੀਅਤ ਨੂੰ ਬਚਾਉਣ ਲਈ ਵਾਕਈ ਵਿਦੇਸ਼ੀ ਦਖ਼ਲ ਦੀ ਅਪੀਲ ਕੀਤੀ ਸੀ? ਜਾਂ ਸਾਡੇ ਲੋਕਤੰਤਰ ਲਈ ਵਧਦੇ ਖ਼ਤਰੇ ਦੀ ਅੰਦਰੂਨੀ ਸਮੱਸਿਆ ’ਤੇ ਜ਼ੋਰ ਦਿੰਦੇ ਹੋਏ ਉਸ ਨੇ ਹਾਜ਼ਰੀਨ ਨੂੰ ਸਿਰਫ਼ ਇਸ ਬਾਰੇ ਸੁਚੇਤ ਹੋਣ ਦੀ ਬੇਨਤੀ ਹੀ ਕੀਤੀ ਸੀ? ਤੁਸੀਂ ਤੱਥਾਂ ਦੀ ਤਸਦੀਕ ਤਦ ਹੀ ਕਰ ਸਕਦੇ ਹੋ ਅਤੇ ਨੈਤਿਕ ਜ਼ਿੰਮੇਵਾਰੀ ਨਾਲ ਤਦ ਹੀ ਜਵਾਬ ਦੇ ਸਕਦੇ ਹੋ ਜਦੋਂ ਤੁਸੀਂ ਵਾਇਰਲ ਵੀਡੀਓਜ਼, ਤਿੱਖੀਆਂ ਪ੍ਰੈੱਸ ਕਾਨਫ਼ਰੰਸਾਂ, ਚਟਕਾਰੇਦਾਰ ਟਵਿੱਟਰ ਸੰਦੇਸ਼ਾਂ ਤੋਂ ਪਰੇ ਦੇਖਣ ਦੀ ਜ਼ਹਿਮਤ ਕਰੋਗੇ ਅਤੇ ਰਾਹੁਲ ਦੇ ਲੰਮੇ ਭਾਸ਼ਨ ਨੂੰ ਧਿਆਨ ਨਾਲ ਸੁਣੋਗੇ। ਇਸੇ ਤਰ੍ਹਾਂ ਗਹਿਰਾਈ ਨਾਲ ਸੁਣਨ ਅਤੇ ਸੁਚੇਤ ਹੋ ਕੇ ਸੋਚਣ ਨਾਲ ਹੀ ਤੁਸੀਂ ਸਮਝ ਸਕਦੇ ਹੋ ਕਿ ਜੇ ਤੁਸੀਂ ਲਲਿਤ ਮੋਦੀ ਜਾਂ ਨੀਰਵ ਮੋਦੀ ਦੇ ਆਲੋਚਕ ਹੋ ਤਾਂ ਇਸ ਦਾ ਹਰਗਿਜ਼ ਇਹ ਮਤਲਬ ਨਹੀਂ ਹੈ ਕਿ ਜਿਨ੍ਹਾਂ ਦੇ ਨਾਂ ਪਿੱਛੇ ‘ਮੋਦੀ’ ਲੱਗਿਆ ਹੈ, ਉਹ ਸਭ ਉਨ੍ਹਾਂ ਦੀ ਹੀ ਤਰ੍ਹਾਂ ਭ੍ਰਿਸ਼ਟਾਚਾਰੀ ਹਨ। ਠੀਕ ਇਵੇਂ ਹੀ ਹਰੇਕ ਗਾਂਧੀ ਜ਼ਰੂਰੀ ਨਹੀਂ ਕਿ ਉਹ ਮਹਾਤਮਾ ਗਾਂਧੀ ਹੋਵੇ ਅਤੇ ਹਰੇਕ ਸਾਵਰਕਰ ਕੱਟੜ ਹਿੰਦੂਤਵ ਦਾ ਪੈਰੋਕਾਰ ਹੋਵੇ। ਸੋਚੋ ਕਿ ਵਿਸ਼ੈਲੀ ਰਾਜਨੀਤੀ ਦੇ ਨਸ਼ੇ ਅਤੇ ਇਸ ਦੇ ਨਾਲ ਜੁੜੀਆਂ ਝੂਠੀਆਂ ਖ਼ਬਰਾਂ ਨੇ ਸਾਡੀ ਸਮੂਹਿਕ ਚੇਤਨਾ ਦਾ ਕਿੰਨਾ ਘਾਣ ਕਰ ਦਿੱਤਾ ਹੈ। ਅਸਲ ਵਿਚ ਦੁਨੀਆ ਭਰ ਵਿਚ ਤਾਨਾਸ਼ਾਹ ਖੁਦਪ੍ਰਸਤ ਹਾਕਮ ਕਿੰਤੂ ਕਰਨ ਵਾਲੀ ਪੜ੍ਹਾਈ ਲਿਖਾਈ ਦਾ ਘਾਤ ਕਰਨਾ ਚਾਹੁੰਦੇ ਹਨ।
      ਤੇ ਆਖ਼ਰੀ ਗੱਲ ਇਹ ਕਿ ਕਿੰਤੂ ਕਰਨ ਵਾਲੀ ਪੜ੍ਹਾਈ ਲਿਖਾਈ ਉਮੀਦ ਦਾ ਸ਼ਾਸਤਰ ਵੀ ਹੁੰਦੀ ਹੈ। ਉਂਝ, ਜਿਵੇਂ ਜ਼ਹਿਰੀਲਾ ਸਿਆਸੀ ਸਭਿਆਚਾਰ ਸਾਡੇ ਬੱਚਿਆਂ ਤੇ ਨੌਜਵਾਨਾਂ ਨੂੰ ਸੁਪਨੇ ਲੈਣ ਦੀ ਥਾਂ ਸਨਕੀ ਤੇ ਨਿਰ੍ਹੇ ਵਿਹਾਰਕਵਾਦੀ ਬਣਾਉਂਦਾ ਜਾ ਰਿਹਾ ਹੈ ਤਾਂ ਇਹ ਉਮੀਦ ਵੀ ਘਟਦੀ ਜਾ ਰਹੀ ਹੈ। ਜ਼ਰਾ ਸੋਚੋ ਕਿ ਅਜਿਹੀ ਦੁਨੀਆ ਵਿਚ ਰਹਿਣ ਦਾ ਕੀ ਮਤਲਬ ਹੋਵੇਗਾ ਜਿੱਥੇ ਸਾਡੇ ਸਿਆਸੀ ਆਕਾਵਾਂ, ਮੰਤਰੀਆਂ ਤੇ ਦਮਗਜ਼ੇਬਾਜ਼ਾਂ ਨੂੰ ਆਪਣੇ ਵਿਰੋਧੀਆਂ ਖ਼ਿਲਾਫ਼ ਭੱਦੇ ਤੇ ਗੰਦੇ ਲਫ਼ਜ਼ ਵਰਤਣ ਵਿਚ ਰੱਤੀ ਭਰ ਗੁਰੇਜ਼ ਨਹੀਂ ਹੈ। ਕੀ ਅਸੀਂ ਇਹੋ ਜਿਹੇ ਨਫ਼ਰਤੀ ਭਾਸ਼ਣਾਂ ਜਿਵੇਂ ‘ਯੇ ਕਾਂਗਰਸ ਕੀ ਕੌਨ ਸੀ ਵਿਧਵਾ ਥੀ, ਜਿਸਕੇ ਖਾਤੇ ਮੇਂ ਰੁਪਿਆ ਜਾਤਾ ਥਾ’, ‘ਗੋਲੀ ਮਾਰੋ ਸਾਲੋਂ ਕੋ’, ਜਾਂ ‘ ਆਪਨੇ ਕਭੀ ਦੇਖਾ ਹੈ 50 ਕਰੋੜ ਕਾ ਗਰਲਫ੍ਰੈਂਡ’, ਨੂੰ ਆਮ ਚਲਨ ਬਣਾ ਰਹੇ ਹਾਂ? ਇਹੋ ਜਿਹੀ ਅਸ਼ਲੀਲ ਭਾਸ਼ਾ ਸਾਡੇ ਹਰੇਕ ਗਲੀ ਕੋਨੇ ਵਿਚ ਦਾਖ਼ਲ ਹੋ ਗਈ ਹੈ, ਅਤੇ ਸਿਤਮ ਦੀ ਗੱਲ ਇਹ ਹੈ ਕਿ ਜੇ ਕੋਈ ਜਨਤਕ ਜੀਵਨ ਵਿਚ ਸ਼ਾਲੀਨਤਾ ਨਾਲ ਪੇਸ਼ ਆਉਂਦਾ ਹੈ ਤਾਂ ਉਸ ਨੂੰ ‘ਜਨਾਨੜਾ’ ਸਮਝਿਆ ਜਾਂਦਾ ਹੈ ਕਿਉਂਕਿ ਅਸੀਂ ਤਾਨਾਸ਼ਾਹੀ, ਧਾਰਮਿਕ ਬੁਨਿਆਦਪ੍ਰਸਤੀ/ਮੂਲਵਾਦ ਅਤੇ ਧੜਵੈਲਪੁਣੇ ਅੱਗੇ ਨਤਮਸਤਕ ਹੋਣ ਲੱਗ ਪਏ ਹਾਂ। ਕੀ ਅਸੀਂ ਸੱਭਿਅਕ ਭਾਸ਼ਾ ਜਾਂ ਇਖ਼ਲਾਕੀ ਤੌਰ ’ਤੇ ਜ਼ਿੰਮੇਵਾਰਾਨਾ ਅਤੇ ਬੌਧਿਕ ਤੌਰ ’ਤੇ ਸੁਚੱਜੀ ਭਾਸ਼ਾ ਨੂੰ ਮੁੜ ਹਾਸਿਲ ਕਰ ਸਕਦੇ ਹਾਂ?
     ਵਾਕਈ, ਅਸੀਂ ਬਹੁਤ ਹੀ ਔਖੇ ਸਮਿਆਂ ’ਚੋਂ ਲੰਘ ਰਹੇ ਹਾਂ ਪਰ ਫਿਰ ਇਹ ਵੀ ਹੈ ਕਿ ਜਿਹੜੇ ਲੋਕ ਤਬਦੀਲੀ ਦੀ ਵਾਹਕ ਸਿੱਖਿਆ ਦੀ ਕਾਰਗਰ ਹੋਣ ਵਿਚ ਯਕੀਨ ਰੱਖਦੇ ਹਨ, ਉਨ੍ਹਾਂ ਨੂੰ ਇਕੱਠੇ ਹੋ ਕੇ, ਆਪਣੀ ਆਵਾਜ਼ ਬੁਲੰਦ ਕਰਨੀ ਪੈਣੀ ਹੈ ਅਤੇ ਹੋਰਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਰਲ-ਮਿਲ ਕੇ ਇਸ ਆਲੋਚਨਾਤਮਕ ਸਿੱਖਿਆ ਦੀ ਜ਼ਮੀਨ ਨੂੰ ਸਿੰਜਣਾ ਪਵੇਗਾ ਜਿਸ ਵਿਚ ਪਿਆਰ, ਵਿਰੋਧ ਅਤੇ ਸਮਾਜਿਕ ਤਬਦੀਲੀ ਦਾ ਸ਼ਾਸਤਰ ਛੁਪਿਆ ਹੋਇਆ ਹੈ।
ਲੇਖਕ ਸਮਾਜ ਸ਼ਾਸਤਰੀ ਹੈ।

ਕੋਚਿੰਗ ਫੈਕਟਰੀਆਂ ਦਾ ਸਾਮਰਾਜ -  ਅਵਿਜੀਤ ਪਾਠਕ

ਸਾਡੇ ਦੇਸ਼ ਵਿਚ ਉਚੇਰੀ ਵਿੱਦਿਆ ਅਤੇ ਖ਼ਾਸ ਕਰਕੇ ਡਾਕਟਰੀ ਤੇ ਇੰਜਨੀਅਰਿੰਗ ਦੇ ਪੇਸ਼ੇ ਨਾਲ ਜੁੜੇ ਅਦਾਰਿਆਂ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ਦਾ ਕੋਚਿੰਗ ਸੈਂਟਰਾਂ ਵਿਚ ਪੜ੍ਹਨਾ ਸਮੂਹਿਕ ਵਰਤਾਰਾ ਬਣ ਗਿਆ ਹੈ। ਦੇਸ਼ ਦੀ ਮੱਧਵਰਗੀ ਜਮਾਤ ਦੇ ਲੋਕਾਂ ਨੂੰ ਇਉਂ ਲੱਗਦਾ ਹੈ ਜਿਵੇਂ ਉਨ੍ਹਾਂ ਕੋਲ ਆਪਣੇ ਬੱਚਿਆਂ ਨੂੰ ਡਾਕਟਰ ਜਾਂ ਇੰਜਨੀਅਰ ਬਣਾਉਣ ਤੋਂ ਬਿਨਾਂ ਕੋਈ ਵਿਕਲਪ ਨਹੀਂ। ਉਨ੍ਹਾਂ ਦੀ ਅਸੁਰੱਖਿਆ ਦੀ ਭਾਵਨਾ ਕੁਝ ਹੱਦ ਤਕ ਇਸ ਲਈ ਸਹੀ ਹੈ ਕਿਉਂਕਿ ਹੋਰ ਖੇਤਰਾਂ ਵਿਚ ਰੁਜ਼ਗਾਰ ਦੀ ਵੱਡੀ ਕਮੀ ਹੈ। ਸਮਾਜ ਵਜੋਂ ਅਸੀਂ ਇਹ ਮਹਿਸੂਸ ਹੀ ਨਹੀਂ ਕਰ ਰਹੇ ਕਿ ਇਹ ਸਿਸਟਮ ਆਪਣੇ ਆਪ ਵਿਚ ਬਿਮਾਰ ਹੈ। ਮੱਧਵਰਗੀ ਜਮਾਤ ਦੁਆਰਾ ਸਵੀਕਾਰ ਕੀਤੇ ਇਸ ਵਰਤਾਰੇ ਕਾਰਨ ਸਾਡੇ ਨੌਜਵਾਨ ਸਿਰਜਣਾਤਮਕਤਾ ਤੋਂ ਲਗਾਤਾਰ ਵਾਂਝੇ ਹੋ ਰਹੇ ਹਨ। ਇਹ ਮਹਾਮਾਰੀ ਹੈ, ਅਸੀਂ ਇਸ ਦਾ ਸ਼ਿਕਾਰ ਹੋ ਰਹੇ ਹਾਂ ਅਤੇ ਇਸੇ ਰਾਹੀਂ ਸਫ਼ਲਤਾ ਲੱਭ ਰਹੇ ਹਾਂ। ਮੱਧਵਰਗ ਦਾ ਸੁਪਨਾ ਹੀ ਉਸ ਦਾ ਸਰਾਪ ਹੈ।
ਦੇਸ਼ ਦੇ ਉਚੇਰੇ ਵਿੱਦਿਅਕ ਅਦਾਰਿਆਂ ਵਿਚ ਦਾਖਲੇ ਲਈ ਕਰਾਏ ਜਾਂਦੇ ਮੁਕਾਬਲਾ-ਇਮਤਿਹਾਨਾਂ ਵਿਚ ਸਫ਼ਲਤਾ ਦਿਵਾਉਣ ਲਈ ਪ੍ਰਸਿੱਧ ਰਾਜਸਥਾਨ ਦੇ ਕੋਟਾ ਸ਼ਹਿਰ ਤੋਂ ਨੌਜਵਾਨ ਵਿਦਿਆਰਥੀਆਂ ਦੀਆਂ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਵਰਤਾਰਾ ਹੁਣ ਆਮ ਹੋ ਗਿਆ ਹੈ। ਇਹ ਜਾਪਦਾ ਹੈ ਕਿ ਅਸੀਂ ਸਭ ਨੇ ਇਸ ਨੂੰ ਸਹਿਜ ਰੂਪ ਵਿਚ ਸਵੀਕਾਰ ਵੀ ਕਰ ਲਿਆ ਹੈ। ਸਾਡੇ ਨੌਜਵਾਨ ਵਿਦਿਆਰਥੀ ਭਾਵੇਂ ਕਿੰਨੀ ਵੀ ਮਾਨਸਿਕ ਪੀੜ ਤੇ ਸਦਮੇ ’ਚੋਂ ਲੰਘਣ ਪਰ ਅਸੀਂ ਆਪਣੇ ਬੱਚਿਆਂ ਨੂੰ ਕੋਟਾ ਭੇਜਣਾ ਬੰਦ ਨਹੀਂ ਕਰਾਂਗੇ ਅਤੇ ਉਨ੍ਹਾਂ ਨੂੰ ਇਹ ਪ੍ਰਵਾਨ ਕਰਨ ਲਈ ਮਜਬੂਰ ਕਰਦੇ ਰਹਾਂਗੇ ਕਿ ਜਿੰਨੀ ਦੇਰ ਤੱਕ ਉਹ ਇਨ੍ਹਾਂ ’ਚੋਂ ਕੋਈ ਦਾਖ਼ਲਾ ਟੈਸਟ ਪਾਸ ਕਰ ਕੇ ਡਾਕਟਰ ਜਾਂ ਕੰਪਿਊਟਰ ਇੰਜਨੀਅਰ ਬਣਨ ਵਿਚ ਸਫ਼ਲ ਨਹੀਂ ਹੋ ਜਾਂਦੇ, ਓਨਾ ਚਿਰ ਉਨ੍ਹਾਂ ਦੀ ਜ਼ਿੰਦਗੀ ਦਾ ਕੋਈ ਮਾਅਨਾ ਨਹੀਂ ਹੈ। ਜਾਂ ਫਿਰ ਸਾਡੇ ’ਚੋਂ ਕੁਝ ਲੋਕ ਆਪਣੇ ਬੱਚਿਆਂ ਦਾ ਤਣਾਅ ਘਟਾਉਣ ਲਈ ਜ਼ਿਆਦਾ ਕਾਊਂਸਲਿੰਗ ਦੀਆਂ ਫਰਿਆਦਾਂ ਕਰਨਗੇ, ਹੋਰ ਜ਼ਿਆਦਾ ਮੋਟੀਵੇਸ਼ਨਲ ਵਕਤਾਵਾਂ ਤੇ ਕੂੰਜੀ ਗਾਈਡਾਂ ਮੁਹੱਈਆ ਕਰਾਉਣ ਦੀ ਮੰਗ ਕਰਨਗੇ ਤਾਂ ਕਿ ਉਹ (ਨੌਜਵਾਨ) ਸਮਾਜਿਕ ਡਾਰਵਿਨਵਾਦ ਦੀ ਇਸ ਖੇਡ ਵਿਚ ਇਕਾਗਰਚਿਤ ਬਣੇ ਰਹਿਣ, ਆਪਣਾ ਦਮ ਖ਼ਮ ਬਣਾ ਕੇ ਰੱਖ ਸਕਣ ਅਤੇ ਅੰਤ ਨੂੰ ਇਹ ਦੌੜ ਸਰ ਕਰ ਸਕਣ। ਉਂਝ, ਇਸ ਗੱਲ ਦੇ ਆਸਾਰ ਨਹੀਂ ਜਾਪਦੇ ਕਿ ਮਾਪੇ ਤੇ ਅਧਿਆਪਕ ਇਹ ਆਖਣ ਦੀ ਹਿੰਮਤ ਜੁਟਾ ਸਕਣਗੇ ਕਿ ਅਸਲ ਵਿਚ ਇਹ ਸਿਸਟਮ ਹੀ ਆਪਣੇ ਆਪ ਵਿਚ ਬਿਮਾਰ ਹੈ ਅਤੇ ਇਸ ਖੇਡ ਵਿਚ ਸ਼ਾਮਿਲ ਹਰ ਸ਼ਖ਼ਸ ਦੀ ਅੰਤ ਨੂੰ ਹਾਰ ਹੁੰਦੀ ਹੈ ਜਦੋਂਕਿ ਦਿਲਕਸ਼ ਪੈਕੇਜ ਸਹਿਤ ਨੌਕਰੀਆਂ ਪਾਉਣ ਵਾਲੇ ਵਿਦਿਆਰਥੀ ਵੀ ਮਨੋਂ ਫੱਟੜ ਤੇ ਅੰਦਰੋਂ ਖੋਖ਼ਲੇ ਹੋ ਕੇ ਰਹਿ ਜਾਂਦੇ ਹਨ।
ਕੀ ਇਸ ਵਰਤਾਰੇ ਦਾ ਕੋਈ ਬਦਲ ਨਹੀਂ?
ਐਸੇ ਵੀ ਮਾਪੇ ਹਨ ਜਿਨ੍ਹਾਂ ਦੇ ਬੱਚੇ ਇਸ ਦਬਾਓ ਥੱਲੇ ਸੰਤਾਪ ਝੱਲ ਰਹੇ ਹਨ। ਫਿਰ ਵੀ ਉਹ ਇਸ ਗੱਲ ਦੇ ਕਾਇਲ ਹਨ ਕਿ ਇਸ ਸਿਸਟਮ ਦਾ ਕੋਈ ਬਦਲ ਹੀ ਨਹੀਂ ਹੈ। ਜਿਵੇਂ ਕਿ ਕੋਚਿੰਗ ਕੇਂਦਰਾਂ ਦੇ ਮਾਹਿਰ ਪਹਿਲਾਂ ਹੀ ਮਹਾਨ ਅਧਿਆਪਕਾਂ ਤੇ ਸਿੱਖਿਆਦਾਨੀਆਂ ਦੀ ਥਾਂ ਲੈ ਚੁੱਕੇ ਹਨ ਤਾਂ ਇਹ ਗੱਲ ਜ਼ੋਰ ਨਾਲ ਪ੍ਰਚਾਰੀ ਜਾ ਰਹੀ ਹੈ ਕਿ ਬਹੁਤ ਹੀ ਉਲਝਣ ਭਰੇ ਟੈਸਟਾਂ ਵਿਚ ਭੌਤਿਕ ਵਿਗਿਆਨ ਅਤੇ ਗਣਿਤ ਦੇ ਪ੍ਰਸ਼ਨ ਹੱਲ ਕਰਨ ਦੇ ਹੁਨਰ ਤੇ ਰਫ਼ਤਾਰ ਨੂੰ ਗ੍ਰਹਿਣ ਕਰਨ ਤੋਂ ਸਿਵਾਏ ਸਿੱਖਿਆ ਹੋਰ ਕੁਝ ਵੀ ਨਹੀਂ ਹੈ। ਇਸ ਤੋਂ ਇਲਾਵਾ ਜਿਵੇਂ ਕਿ ਸਫ਼ਲਤਾ, ਉਤਪਾਦਕਤਾ ਅਤੇ ਕਾਰਗੁਜ਼ਾਰੀ ਦੀ ਬਾਜ਼ਾਰ-ਮੁਖੀ ਵਿਚਾਰਧਾਰਾ ਮੁਤਾਬਿਕ ਸਾਡੇ ’ਚੋਂ ਬਹੁਤੇ ਲੋਕ ਇਸ ਇਕਤਰਫ਼ਾਪੁਣੇ ਦੀ ਹੋਂਦ ’ਤੇ ਕਿੰਤੂ ਕਰਨ ਦੇ ਕਾਬਿਲ ਨਹੀਂ ਰਹਿੰਦੇ। ਅਸੀਂ ਆਪਣੇ ਬੱਚਿਆਂ ਨੂੰ ਚੰਗਾ ਖਾਣਾ ਖੁਆ ਕੇ, ਚੰਗੇ ਕੱਪੜੇ ਪਹਿਨਾ ਕੇ ਅੰਗਰੇਜ਼ੀ ਬੋਲਣ ਵਾਲੇ ਇਕ ਸਰੋਤ ਦੇ ਰੂਪ ਵਿਚ ਦੇਖਦੇ ਹਾਂ ਜਿਸ ਦਾ ਟੈਕਨੋ ਕਾਰਪੋਰੇਟ ਜਗਤ ਵੱਲੋਂ ਖੁੱਲ੍ਹ ਕੇ ਸ਼ੋਸ਼ਣ ਕੀਤਾ ਜਾਂਦਾ ਹੈ ਤੇ ਹਰ ਕੋਈ ਇਹੀ ਸੋਚਦਾ ਹੈ ਕਿ ਸਫ਼ਲਤਾ ਦੇ ਇਸ ਮੰਤਰ ਤੋਂ ਪਰ੍ਹੇ ਹੋਰ ਕੁਝ ਵੀ ਨਹੀਂ ਹੈ ਤੇ ਜੇ ਹੈ ਤਾਂ ਨਿਰੀ ਅਸਫ਼ਲਤਾ ਹੈ!
ਅਧਿਆਪਕਾਂ ਦੀ ਭੂਮਿਕਾ
 ਇਕ ਅਧਿਆਪਕ ਅਤੇ ਇਸ ਪ੍ਰਚੱਲਤ ਦਿਮਾਗ਼ੀ ਰੋਗ ਦੇ ਪਾਰਖੂ ਦੇ ਤੌਰ ’ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਅਸਲ ਬਦਲ ਉਹ ਉਤਪਾਦ ਹਨ ਜੋ ਬਾਜ਼ਾਰ ਵਿਚ ਨਹੀਂ ਲਿਆਂਦੇ ਜਾਣਗੇ ਤੇ ਹਰ ਕੋਈ ਝਟਪਟ ਇਨ੍ਹਾਂ ਨੂੰ ਗ੍ਰਹਿਣ ਵੀ ਨਹੀਂ ਕਰੇਗਾ। ਇਸ ਦੀ ਬਜਾਏ ਜੀਵਨ ਨਾਲ ਜੁੜੇ ਬਦਲ ਤਲਾਸ਼ ਕਰਨ ਜਾਂ ਸਿੱਖਿਆ ਅਤੇ ਸਮਾਜਿਕ ਸੱਭਿਆਚਾਰਕ ਹੋਂਦ ਦੀ ਨਵੀਂ ਲੀਹ ’ਤੇ ਚੱਲਣ ਲਈ ਸਾਨੂੰ ਇਕ ਸਮਾਜਿਕ ਸਿੱਖਿਆ ਲਹਿਰ ਸ਼ੁਰੂ ਕਰਨ ਲਈ ਜੂਝਣਾ ਪਵੇਗਾ ਤਾਂ ਕਿ ਸਾਡੇ ਬੱਚਿਆਂ ਨੂੰ ਜ਼ਿੰਦਗੀ ਦਾ ਨਵਾਂ ਸੰਕਲਪ ਦਿੱਤਾ ਜਾ ਸਕੇ। ਅਧਿਆਪਕਾਂ ਵਜੋਂ ਸ਼ੁਰੂਆਤੀ ਰੂਪ ਵਿਚ ਸਾਨੂੰ ਅੰਤਰਝਾਤ ਮਾਰਨੀ ਪਵੇਗੀ ਤਾਂ ਕਿ ਰਚਨਾਤਮਿਕ ਤੌਰ ’ਤੇ ਕੂੰਜੀਵਤ ਅਧਿਆਪਨ ਵਿਚ ਸਾਡਾ ਭਰੋਸਾ ਬਹਾਲ ਹੋ ਸਕੇ ਅਤੇ ਅਸੀਂ ਦੋਸਤਾਂ, ਸਾਥੀਆਂ, ਤਬੀਬਾਂ ਅਤੇ ਫਿਰਤੂਆਂ ਦੀਆਂ ਭੂਮਿਕਾਵਾਂ ’ਤੇ ਯਕੀਨ ਕਰ ਸਕੀਏ। ਸਾਨੂੰ ਇਹ ਗੱਲ ਕਹਿਣ ਦੀ ਜੁਰਅਤ ਜੁਟਾਉਣੀ ਪਵੇਗੀ ਕਿ ਕੋਚਿੰਗ ਸੈਂਟਰ ਵਿਚ ਬੈਠਾ ਕੋਈ ਰਣਨੀਤੀਕਾਰ ਅਸਲ ਵਿਚ ਅਧਿਆਪਕ ਨਹੀਂ ਹੁੰਦਾ। ਮੇਰੇ ਕਹਿਣ ਦਾ ਭਾਵ ਹੈ ਕਿ ਉਹ ਪਾਓਲੋ ਫ੍ਰੇਅਰ, ਜੌਹਨ ਡੈਵੀ, ਰਾਬਿੰਦਰਨਾਥ ਟੈਗੋਰ ਅਤੇ ਜਿਦੂ ਕ੍ਰਿਸ਼ਨਾਮੂਰਤੀ ਵੱਲੋਂ ਚਿਤਵਿਆ ਅਧਿਆਪਕ ਤਾਂ ਬਿਲਕੁਲ ਨਹੀਂ ਹੁੰਦਾ।
      ਸਾਨੂੰ ਆਪਣੀ ਆਵਾਜ਼ ਉਠਾਉਣੀ ਪਵੇਗੀ, ਮਾਪਿਆਂ ਤੇ ਵਡੇਰੇ ਸਮਾਜ ਨਾਲ ਰਾਬਤਾ ਬਣਾਉਣਾ ਪਵੇਗਾ ਅਤੇ ਪੂਰੇ ਆਤਮ-ਵਿਸ਼ਵਾਸ ਨਾਲ ਇਹ ਦਲੀਲ ਰੱਖਣੀ ਪਵੇਗੀ ਕਿ ਕੋਚਿੰਗ ਫੈਕਟਰੀਆਂ ਦੇ ਸਾਮਰਾਜ ਲਾਜ਼ਮੀ ਤੌਰ ’ਤੇ ਇਕ ਸਿੱਖਿਆ ਵਿਰੋਧੀ ਸਰਗਰਮੀ ਵਿਚ ਲੱਗੇ ਹੋਏ ਹਨ। ਇਸ ਦਾ ਕਾਰਨ ਇਹ ਹੈ ਕਿ ਸਿੱਖਿਆ ਕੋਈ ਮਹਿਜ਼ ਮੈਡੀਕਲ/ਇੰਜਨੀਅਰਿੰਗ ਕਾਲਜਾਂ ਵਿਚ ਦਾਖ਼ਲਾ ਟੈਸਟ ਪਾਸ ਕਰਨ ਦਾ ਨੁਸਖਾ ਨਹੀਂ ਹੁੰਦੀ ਸਗੋਂ ਸਿੱਖਿਆ ਸਾਡੇ ਬੱਚਿਆਂ ਅੰਦਰ ਛੁਪੀਆਂ ਬਹੁਤ ਕਿਸਮ ਦੀਆਂ ਖ਼ੂਬੀਆਂ ਮਸਲਨ, ਸੋਚਣ ਤੇ ਤਰਕ ਕਰਨ ਦੀ ਬੌਧਿਕ ਖ਼ੂਬੀ, ਮਨੁੱਖੀ ਹੋਂਦ ਦੇ ਅੰਤਰੀਵ ਤੱਕ ਜਾਣ ਦੀ ਕਲਾਤਮਿਕ ਕਲਪਨਾ ਅਤੇ ਪਿਆਰ ਦੇ ਹੁਨਰ, ਸਾਂਭ ਸੰਭਾਲ ਤੇ ਦੂਜੇ ਨਾਲ ਜੁੜਨ ਦੇ ਇਖ਼ਲਾਕ ਆਦਿ ਨੂੰ ਸਿੰਜਣ ਤੇ ਬਾਹਰ ਲਿਆਉਣ ਦਾ ਸਮੁੱਚਾ ਅਮਲ ਹੁੰਦਾ ਹੈ।
       ਅਫ਼ਸੋਸ ਇਸ ਗੱਲ ਦਾ ਹੈ ਕਿ ਸਿੱਖਿਆ ਦੇ ਮੂਲ ਅਤੇ ਲਾਜ਼ਮੀ ਆਧਾਰ ਦੀ ਥਾਂ ਜ਼ਿੰਦਗੀ ਦੇ ਮਾਤਰ ਤਕਨੀਕੀ ਤੇ ਸੰਦਮੂਲਕ ਰੁਝਾਨ ਨੇ ਲੈ ਲਈ ਹੈ। ਉਨ੍ਹਾਂ ਸਾਰੇ ਅਧਿਆਪਕਾਂ ਨੂੰ ਬੰਦ ਖਲਾਸੀ ਦੀ ਸਿੱਖਿਆ ਖ਼ਿਲਾਫ਼ ਇਸ ਸਾਜ਼ਿਸ਼ ਦਾ ਵਿਰੋਧ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਅਜੇ ਤਾਈਂ ਆਪਣੀ ਦਿਆਨਤਦਾਰੀ ਖੁਰਨ ਨਹੀਂ ਦਿੱਤੀ। ਹੋ ਸਕਦਾ ਹੈ ਕਿ ਇੰਜ ਕਲਾਸਰੂਮਾਂ ਵਿਚਲੀਆਂ ਸਾਡੀਆਂ ਵਿਧੀਆਂ, ਬੱਚਿਆਂ ਤੇ ਮਾਪਿਆਂ ਨਾਲ ਸਾਡਾ ਵਿਚਾਰ ਵਟਾਂਦਰਾ ਅਤੇ ਬੰਦ ਖਲਾਸੀ ਕਰਨ ਵਾਲੀ ਸਿੱਖਿਆ ਦੇ ਅਧਿਆਪਕਾਂ ਤੇ ਹਰਕਾਰਿਆਂ ਵਜੋਂ ਸਾਡੀ ਭੂਮਿਕਾ ਮਕਾਨਕੀ ਟੈਸਟਾਂ, ਮਾਪਿਆਂ ਦੀ ਬੇਚੈਨੀ ਅਤੇ ਅਸੁਰੱਖਿਆ ਦਾ ਲਾਹਾ ਤਕਾ ਕੇ ਮੁਨਾਫ਼ਾ ਕਮਾਉਣ ਵਾਲੇ ਕੋਚਿੰਗ ਕੇਂਦਰਾਂ ਅਤੇ ਆਪਣੇ ਮੁਲਾਜ਼ਮਾਂ ਨੂੰ ਕਾਰਗੁਜ਼ਾਰੀ ਤੇ ਉਤਪਾਦਕਦਾ ਦੇ ਤਰਕ ਤਹਿਤ ਉਂਗਲਾਂ ’ਤੇ ਨਚਾਉਣ ਵਾਲੇ ਟੈਕਨੋ-ਕਾਰਪੋਰੇਟ ਸਾਮਰਾਜ ਦੇ ਨਾਪਾਕ ਗੱਠਜੋੜ ਤੋਂ ਸਿੱਖਿਆ ਨੂੰ ਬਚਾਉਣ ਵਿਚ ਸਹਾਈ ਹੋ ਜਾਵੇ।
ਮਾਪਿਆਂ ਦੇ ਫ਼ਰਜ਼
ਇਸ ਤੋਂ ਇਲਾਵਾ, ਮਾਪਿਆਂ ਵਜੋਂ ਸਾਨੂੰ ਅੰਤਰਝਾਤ ਮਾਰਨ ਦੀ ਲੋੜ ਹੈ। ਮਾਪੇ ਬਣਨ ਦਾ ਫ਼ਰਜ਼ ਮਹਿਜ਼ ਕੋਈ ਇਤਫ਼ਾਕ ਨਹੀਂ ਹੈ। ਮਾਪੇ ਬਣਨ ਲਈ ਜ਼ਿੰਦਗੀ ਭਰ ਸਿੱਖਣ ਦੀ ਲੋੜ ਹੁੰਦੀ ਹੈ। ਇਹ ਮਹਿਜ਼ ਇੰਨੀ ਕੁ ਗੱਲ ਨਹੀਂ ਹੈ ਕਿ ਆਪਣੇ ਬੱਚਿਆਂ ’ਤੇ ਪੈਸੇ ਖਰਚ ਕਰ ਦਿੱਤੇ ਜਾਣ, ਜਾਂ ਉਨ੍ਹਾਂ ਨੂੰ ਪ੍ਰਾਈਵੇਟ ਟਿਊਟਰਾਂ ਤੇ ਕੋਚਿੰਗ ਕੇਂਦਰਾਂ ਕੋਲ ਭੇਜ ਦਿੱਤਾ ਜਾਵੇ ਅਤੇ ਸਾਡੇ ਆਪਣੇ ਡਰ, ਤੌਖ਼ਲੇ ਅਤੇ ਗੁੱਝੀਆਂ ਖ਼ੁਆਹਿਸ਼ਾਂ ਉਨ੍ਹਾਂ ’ਤੇ ਲੱਦ ਦਿੱਤੀਆਂ ਜਾਣ। ਇਸ ਦੀ ਬਜਾਏ ਮਾਪੇ ਬਣਨ ਲਈ ਸੁਣਨ ਦੀ ਕਲਾ ਧਾਰਨ ਕਰਨੀ ਪੈਂਦੀ ਹੈ ਜਿਸ ਲਈ ਖਲੂਸ, ਕਰੁਣਾ, ਸੰਵਾਦ ਤੇ ਆਪਸਦਾਰੀ ਦੀ ਲੋੜ ਪੈਂਦੀ ਹੈ। ਤਦ ਹੀ ਸ਼ਾਇਦ ਅਸੀਂ ਆਪਣੇ ਬੱਚਿਆਂ ਨੂੰ ਜਾਣ ਸਕਦੇ ਹਾਂ ਅਤੇ ਉਨ੍ਹਾਂ ਅੰਦਰ ਛੁਪੀਆਂ ਖ਼ੂਬੀਆਂ ਤੇ ਰੁਚੀਆਂ, ਉਨ੍ਹਾਂ ਦੀਆਂ ਸੰਭਾਵਨਾਵਾਂ ਤੇ ਉੁਨ੍ਹਾਂ ਦੇ ਸਵਾਲਾਂ ਤੇ ਜਵਾਬਾਂ ਨੂੰ ਜਾਣ ਸਕਾਂਗੇ। ਅਫ਼ਸੋਸ ਦੀ ਗੱਲ ਹੈ ਕਿ ਅਸੀਂ ਦਖ਼ਲਅੰਦਾਜ਼ੀ ਨੂੰ ਪਿਆਰ ਜਾਂ ਸਿੱਖਿਆ ਨੂੰ ਬੋਰਡ ਜਾਂ ਦਾਖ਼ਲਾ ਪ੍ਰੀਖਿਆਵਾਂ ਵਿਚ ਹਾਸਿਲ ਕੀਤੇ ਅੰਕਾਂ ਦੀ ਕਾਰਗੁਜ਼ਾਰੀ ਸਮਝ ਬੈਠੇ ਹਾਂ। ਕੀ ਸਾਨੂੰ ਅਹਿਸਾਸ ਹੈ ਕਿ ਮਾਪੇ ਹੋਣ ਦੇ ਨਾਤੇ ਆਪਣੇ ਬੱਚਿਆਂ ਨੂੰ ਵਿਲੱਖਣ ਅਤੇ ਖ਼ੁਦਮੁਖ਼ਤਾਰ ਸ਼ਖ਼ਸੀਅਤਾਂ ਦੀ ਥਾਂ 99 ਫ਼ੀਸਦੀ ਅੰਕ ਲੈਣ ਵਾਲੇ ਟੌਪਰਾਂ ਦੇ ਰੂਪ ਵਿਚ ਜਿਣਸਾਂ ਵਿਚ ਤਬਦੀਲ ਕਰਨ ਲਈ ਅਸੀਂ ਵੀ ਕਸੂਰਵਾਰ ਹਾਂ।
ਸ਼ਾਇਦ ਸਮਾਂ ਆ ਗਿਆ ਹੈ ਕਿ ਅਸੀਂ ਇਹ ਅਹਿਸਾਸ ਕਰਨਾ ਸ਼ੁਰੂ ਕਰ ਦੇਈਏ ਕਿ ਅਸੀਂ ਆਪਣੇ ਬੱਚਿਆਂ ਨੂੰ ਜਿਸ ਸਫ਼ਲਤਾ ਦੀ ਪੌੜੀ ’ਤੇ ਚੜ੍ਹਾਉਣ ਲਈ ਇੰਨੇ ਵੱਡੇ ਪੱਧਰ ’ਤੇ ਯਤਨ ਕਰ ਰਹੇ ਹਾਂ ਉਹ ਇਸ ਹਿੰਸਾ, ਇਕ ਦੂਜੇ ਨੂੰ ਲਿਤਾੜ ਦੇਣ ਵਾਲੀ ਚੂਹਾ ਦੌੜ, ਸਮੂਹਿਕ ਮਾਨਸਿਕ ਪੀੜਾ, ਕੰਮ ਤੋਂ ਉਦਾਸੀਨਤਾ ਵਿਚ ਗ੍ਰਸੀ ਦੁਨੀਆ ਨੂੰ ਬਦਲ ਨਹੀਂ ਸਕਦੀ। ਅਸੀਂ ਇਹ ਕਦੋਂ ਮਹਿਸੂਸ ਕਰਾਂਗੇ ਕਿ ਆਪਣਾ ਮਨਭਾਉਂਦਾ ਕੰਮ ਕਰਨ ਨਾਲੋਂ ਜ਼ਿੰਦਗੀ ਵਿਚ ਹੋਰ ਕੁਝ ਵੀ ਅਹਿਮ ਨਹੀਂ ਹੈ।

ਜ਼ਹਿਰੀਲੇ ਵਕਤਾਂ ਵਿਚ ਵਿਵੇਕਾਨੰਦ ਦੀ ਭਾਲ - ਅਵਿਜੀਤ ਪਾਠਕ

ਜਨਵਰੀ ਦੇ ਮਹੀਨੇ ਇਹ ਲੇਖ ਲਿਖਦੇ ਹੋਏ ਮੈਂ ਸਵਾਮੀ ਵਿਵੇਕਾਨੰਦ ਅਤੇ ਮੋਹਨਦਾਸ ਕਰਮਚੰਦ ਗਾਂਧੀ ਨੂੰ ਯਾਦ ਕਰ ਰਿਹਾ ਹਾਂ। ਵਿਵੇਕਾਨੰਦ ਦਾ ਜਨਮ 12 ਜਨਵਰੀ 1863 ਨੂੰ ਹੋਇਆ ਸੀ ਜਦਕਿ 30 ਜਨਵਰੀ 1948 ਦੇ ਦਿਨ ਗਾਂਧੀ ਦੀ ਹੱਤਿਆ ਕਰ ਦਿੱਤੀ ਗਈ ਸੀ। ਅਸੀਂ ਉਸ ਸਵਾਮੀ ਅਤੇ ਮਹਾਤਮਾ ਦੀਆਂ ਨਜ਼ਰਾਂ ਰਾਹੀਂ ਭਾਰਤੀ ਆਧੁਨਿਕਤਾ ਦੀ ਪਰਵਾਜ਼ ਦੀ ਟੋਹ ਲਾ ਸਕਦੇ ਹਾਂ? ਅੱਜ ਕੱਲ੍ਹ ਜਦੋਂ ਲੜਾਕੂ ਹਿੰਦੂ ਰਾਸ਼ਟਰਵਾਦ ਦਾ ਜਨੂਨ ਸਿਰ ਚੜ੍ਹ ਕੇ ਬੋਲ ਰਿਹਾ ਹੈ ਤਾਂ ਸ਼ਾਇਦ ਇਹ ਸਵਾਲ ਹੋਰ ਵੀ ਜ਼ਿਆਦਾ ਪ੍ਰਸੰਗਕ ਬਣ ਗਿਆ ਹੈ।
        ਇਸ ਪ੍ਰਸੰਗ ਵਿਚ ਧਰਮ ਦੇ ਮੁਕਾਮ ਦੇ ਲਿਹਾਜ਼ ਤੋਂ ਭਾਰਤੀ ਆਧੁਨਿਕਤਾ ਦੇ ਉਸ ਬਹੁਭਾਂਤੇ ਅਤੇ ਟਕਰਾਵੇਂ ਪ੍ਰਵਚਨ ਵਿਚ ਜੀਵਨ ਜਾਚ ਦੇ ਰੂਪ ਵਿਚ ਹਿੰਦੂਵਾਦ ਹਮੇਸ਼ਾ ਪ੍ਰਮੁੱਖ ਮੁੱਦਾ ਬਣਿਆ ਰਿਹਾ ਹੈ ਜੋ ਰਾਜਾ ਰਾਮਮੋਹਨ ਰਾਏ ਅਤੇ ਦਇਆਨੰਦ ਸਰਸਵਤੀ ਜਾਂ ਜੋਤੀਰਾਓ ਫੂਲੇ ਤੇ ਡਾ. ਬੀਆਰ ਅੰਬੇਡਕਰ ਦੀ ਭੂਮਿਕਾਵਾ ਵਿਚੋਂ ਉਪਜਿਆ ਸੀ, ਤੇ ਵਿਵੇਕਾਨੰਦ ਅਤੇ ਗਾਂਧੀ ਨੇ ਆਪੋ-ਆਪਣੇ ਵਿਸ਼ੇਸ਼ ਢੰਗ-ਤਰੀਕਿਆਂ ਨਾਲ ਇਸ ਬਹਿਸ ਨੂੰ ਅਮੀਰੀ ਬਖਸ਼ੀ ਹੈ। ਇਹ ਕਹਿਣਾ ਗ਼ਲਤ ਨਹੀਂ ਹੋਵੇਗਾ ਕਿ ਵਿਵੇਕਾਨੰਦ ਨੇ ਅਜਿਹੇ ਰਾਸ਼ਟਰ ਦੀ ਅਲਖ਼ ਜਗਾਉਣ ਦੀ ਕੋਸ਼ਿਸ਼ ਕੀਤੀ ਸੀ ਜੋ ਆਪਣੇ ਅਡੰਬਰਾਂ ਅਤੇ ਤਅੱਸਬਾਂ ਸਹਿਤ, ਪੁਰਾਤਨ ਸੱਭਿਅਤਾ ਉਪਰ ਬਸਤੀਵਾਦੀ ਹਮਲੇ ਅਤੇ ਉਸ ਦੀ ਸੱਭਿਆਚਾਰਕ ਤੇ ਮਾਨਸਿਕ ਜਿੱਲਤ ਦੇ ਬੋਝ ਹੇਠ ਹਾਰਿਆ ਹੰਭਿਆ ਪਿਆ ਸੀ। ਉਨ੍ਹਾਂ ਅੰਤਰੰਗ ਅਧਿਆਤਮ ਦੇ ਜ਼ਰੀਏ ਇਸ ਦੇ ਮਨੋਬਲ ਨੂੰ ਮਜ਼ਬੂਤ ਬਣਾਉਣ, ਜੀਵਨ ਵਿਚ ਧਾਰਮਿਕਤਾ ਨੂੰ ਨਵੇਂ ਅਰਥ ਦੇਣ ਅਤੇ ਅਵਾਮ ਦਾ ਹੌਸਲਾ ਉਠਾਉਣਾ ਚਾਹਿਆ ਸੀ। 1893 ਵਿਚ ਸ਼ਿਕਾਗੋ (ਅਮਰੀਕਾ) ਵਿਚ ਵਿਸ਼ਵ ਧਰਮ ਸੰਸਦ ਵਿਚ ਦਿੱਤੀ ਆਪਣੀ ਮਸ਼ਹੂਰ ਤਕਰੀਰ ਤੋਂ ਲੈ ਕੇ ‘ਵਿਹਾਰਕ ਵੇਦਾਂਤ’ ਦੇ ਸੰਦੇਸ਼ ਨੂੰ ਪ੍ਰਚਾਰਨ ਦੀ ਉਨ੍ਹਾਂ ਦੇ ਮਿਸ਼ਨਰੀ ਜਨੂਨ ਤੱਕ, ਉਹ ਇਸ ਨਿਘਾਰ ਖਿਲਾਫ਼ ਲੜਾਈ ਲੜਨ ਅਤੇ ਅਧਿਆਤਮਕ ਤੌਰ ’ਤੇ ਉੱਨਤ ਆਤਮ-ਵਿਸ਼ਵਾਸੀ, ਕਰੁਣਾਮਈ ਅਤੇ ਸਿੱਖਿਅਤ ਤੇ ਲੋਕਾਂ ਦੀ ਸੇਵਾ ਭਾਵ ਨਾਲ ਲਬਰੇਜ਼ ਨਵੇਂ ਰਾਸ਼ਟਰ ਦੇ ਨਿਰਮਾਣ ਲਈ ਨੌਜਵਾਨਾਂ ਜਾਂ ਸੰਤਾਂ ਦੇ ਜਥਿਆਂ ਨੂੰ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਸੇ ਤਰ੍ਹਾਂ ਆਧੁਨਿਕਤਾ ਨਾਲ ਗਾਂਧੀ ਦਾ ਸਾਥ ‘ਸੱਚ ਨਾਲ ਪ੍ਰਯੋਗ’ ਨਾਲ ਮੁੱਢੋਂ ਜੁੜਿਆ ਹੋਇਆ ਸੀ। ਇਨ੍ਹਾਂ ਪ੍ਰਯੋਗਾਂ ਜ਼ਰੀਏ ਉਨ੍ਹਾਂ ਨਾਲ ਟਾਲਸਟਾਏ ਤੋਂ ਲੈ ਕੇ ਰਸਕਿਨ, ਥੌਰੋ ਤੇ ਐਮਰਸਨ ਜਾਂ ਸਰਮਨ ਆਫ ਮਾਊਂਟ ਤੋਂ ਲੈ ਕੇ ਭਗਵਦ ਗੀਤਾ ਤੱਕ ਵੱਖੋ-ਵੱਖਰੇ ਸਰੋਤਾਂ ਨਾਲ ਸੰਵਾਦ ਰਚਾਇਆ ਸੀ। ਗਾਂਧੀ ਦਾ ਵਾਸਤਾ ਉਸ ਆਧੁਨਿਕਤਾ ਨਾਲ ਨਹੀਂ ਸੀ ਜੋ ਦੁਨਿਆਵੀ ਪਦਾਰਥਕ ਸੁੱਖਾਂ ਲਈ ਅਮੁੱਕ ਚਾਹਤ ਨੂੰ ਭੜਕਾਉਂਦੀ ਹੈ ਅਤੇ ਮਾਨਸਿਕ ਹਿੰਸਾ ਦਾ ਕਾਰਨ ਬਣਦੀ ਹੈ ਜਾਂ ਫਿਰ ਸਿਰੇ ਦਾ ਕੇਂਦਰੀਕਰਨ, ਗੁਮਨਾਮੀ ਤੇ ਬੇਗਾਨਗੀ ਪੈਦਾ ਕਰਦੀ ਹੈ। ਇਸ ਦੀ ਬਜਾਇ ਉਨ੍ਹਾਂ ਦੀ ਆਧੁਨਿਕਤਾ ਸਰੋਤਾਂ ਅਤੇ ਸੱਤਾ ਦੇ ਵਿਕੇਂਦਰੀਕਰਨ ਨੂੰ ਅਹਿਮੀਅਤ ਦਿੰਦੀ ਹੈ, ਕਾਰੀਗਰ, ਕਿਸਾਨ ਤੇ ਮੁਕਾਮੀ ਕਾਰਿੰਦੇ ਦੇ ਹੁਨਰ ਦਾ ਜਸ਼ਨ ਮਨਾਉਂਦੀ ਹੈ ਅਤੇ ਕੁਦਰਤੀ ਚੌਗਿਰਦੇ ਨਾਲ ਇਕਸੁਰਤਾ ਕਾਇਮ ਕਰ ਕੇ ਜਿਊਣ ਦੇ ਢੰਗ ਨੂੰ ਸਲਾਹੁੰਦੀ ਹੈ, ਤੇ ਬਿਨਾ ਸ਼ੱਕ, ਧਾਰਮਿਕਤਾ ਨੂੰ ਆਤਮ-ਸ਼ੁੱਧੀ ਦੀ ਪ੍ਰਕਿਰਿਆ ਵਜੋਂ ਅਤੇ ਸੰਜਮ, ਅਹਿੰਸਾ ਤੇ ਸੇਵਾ ਸੰਭਾਲ ਦੇ ਇਖ਼ਲਾਕ ਨੂੰ ਪ੍ਰਵਾਨ ਕਰਨ ਵਾਲੀ ਸਿਆਸੀ-ਸਭਿਆਚਾਰਕ ਵਿਧਾ ਦੇ ਤੌਰ ’ਤੇ ਦੇਖਦੀ ਹੈ। ਇਕ ਲੇਖੇ ਉਨ੍ਹਾਂ ਦਾ ਪ੍ਰਯੋਗੀ, ਸਿਆਸੀ ਤੌਰ ’ਤੇ ਗੂੜ੍ਹਿਆ ਤੇ ਵਿਚਾਰਸ਼ੀਲ ਹਿੰਦੂਵਾਦ ਹਿੰਦੋਸਤਾਨ ਦੇ ਅਜਿਹੇ ਵਿਚਾਰ ਨਾਲ ਇਕਮਿਕ ਹੁੰਦਾ ਹੈ ਜੋ ਆਪਣੀ ਵੰਨ-ਸਵੰਨਤਾ ਅਤੇ ਸ਼ਾਂਤੀਪੂਰਨ ਸਹਿਹੋਂਦ ਸਦਕਾ ਮਹਾਨ ਅਖਵਾਉਂਦਾ ਹੈ। ਉਨ੍ਹਾਂ ਇਸ ਵਿਚਾਰ ਦੀ ਖ਼ਾਤਰ ਉਦੋਂ ਵੀ ਜੂਝਣ ਦੀ ਜੁਰਅਤ ਦਿਖਾਈ ਜਦੋਂ ਇਹ ਦੇਸ਼ ਅਤੇ ਸਾਡੀ ਚੇਤਨਾ ਦੋਵੇਂ ਵੰਡ ਦੇ ਸੰਤਾਪ ਵਿਚੋਂ ਗੁਜ਼ਰ ਰਹੇ ਸਨ ਅਤੇ ਧਰਮ ਨਫ਼ਰਤ ਤੇ ਵੰਡ ਦੀਆਂ ਲਹਿਰਾਂ ਨਾਲ ਭਰਿਆ ਪਛਾਣ ਦਾ ਮਾਪਕ ਬਣ ਕੇ ਰਹਿ ਗਿਆ ਸੀ।
ਆਧੁਨਿਕ ਭਾਰਤ ਦੀ ਚੇਤਨਾ ਵਿਚ ਵਿਵੇਕਾਨੰਦ ਅਤੇ ਗਾਂਧੀ, ਦੋਵਾਂ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਦੋਵੇਂ ਸਾਨੂੰ ਦਲੇਰੀ ਅਤੇ ਸਮਾਜਿਕ ਕਰਮਸ਼ੀਲਤਾ ਦੀ ਨਵੀਂ ਭਾਸ਼ਾ ਬਖਸ਼ਦੇ ਹਨ। ਉਨ੍ਹਾਂ ਧਾਰਮਿਕ ਮਸਲਨ, ਹਿੰਦੂ ਹੋਣ ਦੇ ਅਰਥ ਨੂੰ ਵੀ ਨਵੀਂ ਪਰਿਭਾਸ਼ਾ ਦੇਣ ਵਿਚ ਅਹਿਮ ਯੋਗਦਾਨ ਦਿੱਤਾ ਹੈ ਜਿਸ ਉਪਰ ਅਡੰਬਰਪੁਣੇ ਅਤੇ ਪੁਜਾਰੀਪੁਣੇ ਵੱਲੋਂ ਪ੍ਰਚਾਰੀਆਂ ਜਾਂਦੀਆਂ ਬੇਹਿਸ ਰਹੁ-ਰੀਤਾਂ ਜਾਂ ਜਾਤੀ ਪ੍ਰਥਾ ਰਾਹੀਂ ਮਨ ਨੂੰ ਕੁੰਦ ਕਰਨ ਦਾ ਬੋਝ ਲੱਦਿਆ ਹੋਇਆ ਸੀ। ਜਿੱਥੇ ਵਿਵੇਕਾਨੰਦ ਵੇਦਾਂਤ ਦੇ ਮੁਕਤੀਦਾਤੇ ਪਹਿਲੂ ਦਾ ਜਸ਼ਨ ਮਨਾਉਂਦੇ ਹਨ ਅਤੇ ਇਸ ਨੂੰ ਸਮਾਜਿਕ ਕਲਿਆਣ ਦੇ ਆਧੁਨਿਕ ਸਿਧਾਂਤਾਂ ਨਾਲ ਮਿਲਾਉਂਦੇ ਹਨ, ਉੱਥੇ ਗਾਂਧੀ ਇਸ ਨੂੰ ਇਕ ਤਰ੍ਹਾਂ ਦੇ ਅਹਿੰਸਕ ਸਮਾਜਵਾਦ ਵੱਲ ਜਾਂਦੇ ਮਾਰਗ ਵਜੋਂ ਨਿਹਾਰਦੇ ਹਨ। ਇਹ ਸੱਚ ਹੈ ਕਿ ਇਹ ਜ਼ਰੂਰੀ ਨਹੀਂ ਕਿ ਹਰ ਕੋਈ ਆਧੁਨਿਕਤਾ ਅਤੇ ਹਿੰਦੂਵਾਦ ਪ੍ਰਤੀ ਵਿਵੇਕਾਨੰਦ ਜਾਂ ਗਾਂਧੀ ਦੀ ਸਮਝ ਨਾਲ ਸਹਿਮਤ ਹੋਵੇ, ਖੱਬੇ ਪੱਖੀਆਂ ਤੋਂ ਲੈ ਕੇ ਅੰਬੇਡਕਰਵਾਦੀਆਂ, ਤੇ ਇੱਥੋਂ ਤੱਕ ਨਹਿਰੂਵਾਦੀ ਆਧੁਨਿਕਤਾਵਾਦੀਆਂ ਤੱਕ ਬਹੁਤ ਸਾਰੀ ਸਾਰਥਕ ਨਿਰਖ ਪਰਖ ਹੈ ਜਿਸ ਨਾਲ ਜਿਸ ਨਾਲ ਸਾਨੂੰ ਰਾਬਤਾ ਬਣਾਉਣਾ ਪਵੇਗਾ।
       ਬਹਰਹਾਲ, ਸਾਨੂੰ ਹਿੰਦੂਤਵ ਦੇ ਸਮਕਾਲੀ ਪੈਰੋਕਾਰਾਂ ਦੀ ਚਿੰਤਾ ਕਰਨ ਦੀ ਲੋੜ ਹੈ ਜੋ ਲੜਾਕੂ ਹਿੰਦੂ ਰਾਸ਼ਟਰਵਾਦ ਦੀ ਉਸ ਵਿਚਾਰਧਾਰਾ ਨੂੰ ਪ੍ਰਚਾਰ ਰਹੇ ਹਨ ਜੋ ਫ਼ੌਜਵਾਦ, ਸਭਿਆਚਾਰਕ ਖ਼ੁਦਪ੍ਰਸਤੀ ਅਤੇ ਬੇਰੋਕ ਤਕਨੀਕੀ-ਆਰਥਿਕ ਨਵਉਦਾਰ ਵਿਕਾਸਵਾਦ ਨਾਲ ਇਕਸੁਰ ਹੈ ਤੇ ਨਾਲ ਹੀ ਇਹ ਚੁਸਤੀ ਨਾਲ ਵਿਵੇਕਾਨੰਦ ਤੇ ਗਾਂਧੀ ਦੇ ਪ੍ਰਵਚਨਾਂ ਦੀਆਂ ਸੁਰਾਂ ਵਜਾਉਣ ਤੋਂ ਵੀ ਗੁਰੇਜ਼ ਨਹੀਂ ਕਰਦੀ। ਉਹ ਅਕਸਰ ਵਿਵੇਕਾਨੰਦ ਦਾ ਜ਼ਿਕਰ ਕਰਦੇ ਰਹਿੰਦੇ ਹਨ ਅਤੇ ਉਸ ਦੀ ਦਲੇਰੀ ਦਾ ਮਹਿਮਾ ਗਾਨ ਕਰਦੇ ਰਹਿੰਦੇ ਹਨ ਤੇ ਸਾਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਇਹ ਉਹੀ ਸੰਤ ਸੀ ਜਿਸ ਨੇ ਹਿੰਦੂ ਰਾਸ਼ਟਰਵਾਦ ਦੀ ਨੀਂਹ ਰੱਖੀ ਸੀ। ਵਿਵੇਕਾਨੰਦ ਨੂੰ ਆਦਰਸ਼ ਦੇ ਤੌਰ ’ਤੇ ਉਭਾਰ ਕੇ ਉਹ ਉਸ ’ਤੇ ਆਪਣਾ ਮਾਲਿਕਾਨਾ ਹੱਕ ਜਤਾਉਂਦੇ ਹਨ, ਤੇ ਆਪਣੇ ਹੀ ਹਿਸਾਬ ਨਾਲ ਅਜਿਹੀ ਵਿਆਖਿਆ ਦੌਰਾਨ ਹੀ ਪਿਆਰ ਤੇ ਸੇਵਾ ਸੰਭਾਲ ਦੀ ਵਿਵੇਕਾਨੰਦ ਦੀ ਅਸਲ ਭਾਵਨਾ ਗੁਆਚ ਜਾਂਦੀ ਹੈ। ਸਿਤਮ ਦੀ ਗੱਲ ਇਹ ਹੈ ਕਿ ਉਦਾਰਵਾਦੀ, ਖੱਬੇ ਪੱਖੀ ਵਿਚਾਰਵਾਨ ਆਪਣੀ ‘ਪ੍ਰਬੁੱਧ ਤਰਕਸ਼ੀਲਤਾ’ ਦੇ ਫ਼ਹਿਮ ਕਰ ਕੇ ਹਮੇਸ਼ਾ ਵਿਵੇਕਾਨੰਦ ਤੋਂ ਦੋ ਗਜ਼ ਦੀ ਦੂਰੀ ਬਣਾ ਕੇ ਰੱਖਦੇ ਹਨ ਤੇ ਇੰਝ ਇਹ ਵਿਆਖਿਆ ਹੋਣ ਦਿੰਦੇ ਹਨ। ਇਸ ਤਰ੍ਹਾਂ ਗਾਂਧੀ ਦੇ ਕੌਮਾਂਤਰੀ ਬ੍ਰਾਂਡ ਮੁੱਲ ਕਰ ਕੇ ਹਿੰਦੂ ਰਾਸ਼ਟਰਵਾਦੀ ਉਸ ਨੂੰ ਰੱਦੀ ਦੀ ਟੋਕਰੀ ਵਿਚ ਨਹੀਂ ਸੁੱਟ ਸਕਦੇ ਸਗੋਂ ਉਹ ਸਮੇਂ ਸਮੇਂ ’ਤੇ ਉਸ ਦੀ ਚਰਚਾ ਕਰਦੇ ਹਨ ਅਤੇ 2 ਅਕਤੂਬਰ ਜਾਂ 30 ਜਨਵਰੀ ਦੇ ਦਿਨ ਉਸ ਦੇ ਬੁੱਤ ਨੂੰ ਫੁੱਲਮਾਲਾ ਵੀ ਪਹਿਨਾਉਂਦੇ ਹਨ ਪਰ ਕੌੜੀ ਸਚਾਈ ਇਹ ਹੈ ਕਿ ਹਿੰਦੂ ਰਾਸ਼ਟਰਵਾਦੀਆਂ ਦੀ ਹਜੂਮੀ ਜ਼ਹਿਨੀਅਤ ਨੂੰ ਉਪਜਾਉਣ ਵਾਲੇ ਪ੍ਰੱਗਿਆ ਸਿਹੁੰ ਠਾਕੁਰ ਵਰਗੇ ਨਾਥੂਰਾਮ ਗੋਡਸੇ ਦੇ ਅਣਗਿਣਤ ਪੈਰੋਕਾਰ ਗਾਂਧੀ ਨੂੰ ਨਫ਼ਰਤ ਕਰਦੇ ਰਹਿਣਗੇ ਅਤੇ ਉਸ ਨੂੰ ‘ਕਮਜ਼ੋਰ’ ਜਾਂ ‘ਮੁਸਲਿਮ ਪੱਖੀ’ ਕਹਿੰਦੇ ਰਹਿਣਗੇ ਤੇ ਉਸ ਨੂੰ ਵੰਡ ਲਈ ਕਸੂਰਵਾਰ ਗਿਣਦੇ ਰਹਿਣਗੇ ਤੇ ਉਸ ਦੇ ਸਤਿਆਗ੍ਰਹਿ ਜਾਂ ਤਕਨੀਕ-ਵਿਗਿਆਨ, ਵਿਕਾਸ, ਅਰਥਚਾਰੇ ਤੇ ਵਾਤਾਵਰਨ ਦੇ ਉਸ ਦੇ ਸੰਕਲਪ ਦਾ ਮਜ਼ਾਕ ਉਡਾਉਂਦੇ ਰਹਿਣਗੇ।
       ਇਸ ਮਹੀਨੇ ਅਸੀਂ ਇਕ ਵਾਰ ਫਿਰ ਇਹ ਸਿਆਸੀ ਨਾਟਕ ਹੁੰਦਾ ਦੇਖਾਂਗੇ ਤੇ ਇਸ ਦੌਰਾਨ ਸਾਡੀ ਆਧੁਨਿਕਤਾ ਦੀ ਮੁਕਤੀਦਾਤੀ ਸਮੱਰਥਾ ਹੋਰ ਪੇਤਲੀ ਹੁੰਦੀ ਰਹੇਗੀ। ਇਹੀ ਨਹੀਂ ਸਗੋਂ ਧਰਮ ਦੀ ਮਰ੍ਹਮਕਾਰੀ ਸ਼ਕਤੀ ਖੋਹ ਕੇ ਇਸ ਨੂੰ ਬਟਵਾਰੇ ਦੀਆਂ ਕੰਧਾਂ ਖੜ੍ਹੀਆਂ ਕਰਨ ਲਈ ਪਛਾਣ ਮਾਪਕ ਬਣਾ ਕੇ ਰੱਖ ਦਿੱਤਾ ਜਾਵੇਗਾ, ਤੇ ਖੁਦਪ੍ਰਸਤੀ ਦੇ ਬਾਹੂਬਲੀ ਸਭਿਆਚਾਰ ਨੂੰ ਹੱਲਾਸ਼ੇਰੀ ਦਿੱਤੀ ਜਾਵੇਗੀ। ਕੁਝ ਮੁੱਠੀ ਭਰ ਅਰਬਾਂਪਤੀਆਂ ਦੇ ਉਭਾਰ ਅਤੇ ਵਿਕਾਸ ਦੇ ਰਾਮ-ਰੌਲ਼ੇ ਦਰਮਿਆਨ ਸਮਾਜਿਕ ਪਾੜਿਆਂ ਤੇ ਨਾ-ਬਰਾਬਰੀ ਨੂੰ ਤੇਜ਼ ਕੀਤਾ ਜਾ ਰਿਹਾ ਹੈ। ਕੀ ਅਜੇ ਵੀ ਕੋਈ ਕਸਰ ਹੈ ਕਿ ਅਸੀਂ ਜਾਗ ਜਾਈਏ ਅਤੇ ਵਿਵੇਕਾਨੰਦ ਅਤੇ ਗਾਂਧੀ ਵਰਗਿਆਂ ਨੂੰ ਮੁੜ ਲੱਭੀਏ, ਅਧਿਆਤਮਕ ਤੌਰ ’ਤੇ ਉੰਨਤ ਆਧੁਨਿਕਤਾ ਦੇ ਮਹੱਤਵ ਦਾ ਮੁੱਲ ਪਾਈਏ ਅਤੇ ਇਸ ਪ੍ਰਚੱਲਤ ਵਿਸ਼ ਕਾਲ ਦੌਰਾਨ ਸ਼ੋਰੀਲੇ ਧਰਮ, ਭੜਕੀਲੇ ਸਭਿਆਚਾਰ ਤੇ ਬੜਬੋਲੇ ਰਾਸ਼ਟਰਵਾਦ ਦਾ ਟਾਕਰਾ ਕਰੀਏ ?
*  ਲੇਖਕ ਸਮਾਜ ਸ਼ਾਸਤਰੀ ਹੈ।

ਨਵੇਂ ਸਾਲ ਦੀਆਂ ਤਰਜੀਹਾਂ ਤੈਅ ਕਰਨ ਦਾ ਵੇਲਾ - ਅਵਿਜੀਤ ਪਾਠਕ

ਸਮੇਂ ਦੇ ਨਿਰੰਤਰ ਪ੍ਰਵਾਹ ਅਤੇ ਇਸ ਨਾਲ ਜੁੜੀਆਂ ਨਿਰਾਸ਼ਾ ਤੇ ਆਸ਼ਾ ਦੀਆਂ ਕਹਾਣੀਆਂ ਦੇ ਅੰਗ ਸੰਗ ਸਾਡੇ ਸਾਹਮਣੇ ਇਕ ਹੋਰ ਸਾਲ ਆ ਗਿਆ ਹੈ ਜਿਸ ਨਾਲ ਜਸ਼ਨ, ਅਹਿਦ, ਵਾਅਦੇ ਅਤੇ ਖ਼ਦਸ਼ਿਆਂ ਦੇ ਭਾਵ ਜੁੜੇ ਹਨ। ਅਕਲ ਦੀ ਕਸੌਟੀ ਸੰਕੇਤ ਦਿੰਦੀ ਹੈ ਕਿ ਸਾਡੇ ਖਿੰਡੇ-ਖੱਪਰੇ ਸਮਾਜ ਅੰਦਰ ਹਿੰਸਾ ਤੇ ਸਭਿਆਚਾਰਕ ਨਿਘਾਰ ਅਤੇ ਘੋਰ ਸਮਾਜਿਕ ਤੇ ਆਰਥਿਕ ਨਾ-ਬਰਾਬਰੀ ਦੇ ਪੇਸ਼ੇਨਜ਼ਰ ਸਾਲ 2023 ਪਿਛਲੇ ਕੁਝ ਸਾਲਾਂ ਤੋਂ ਵੱਖਰਾ ਨਹੀਂ ਹੋਣ ਵਾਲਾ। ਫਿਰ ਵੀ ਹਨੇਰੀ ਸੁਰੰਗ ਦੇ ਕਿਨਾਰੇ ’ਤੇ ਰੋਸ਼ਨੀ ਦੇਖਣ ਦੇ ਇੱਛਕ ਸਾਡੇ ਕੁਝ ਲੋਕ ਆਸ ਦਾ ਪੱਲਾ ਨਹੀਂ ਛੱਡਦੇ ਅਤੇ ਉਹ ਹੌਸਲੇ ਦੀ ਸ਼ਕਤੀ ਦਾ ਜਸ਼ਨ ਮਨਾਉਂਦੇ ਹੋਏ ਪ੍ਰਾਰਥਨਾਵਾਂ ਦੇ ਜਲ ਨਾਲ ਸਿੰਜੇ ਜਾਂਦੇ ਸਾਰਥਕ ਸਮਾਜਿਕ ਉਦਮ ਲਈ ਯਤਨਸ਼ੀਲ ਰਹਿੰਦੇ ਹਨ।
ਜ਼ਰੂਰੀ ਨਹੀਂ ਕਿ ਪ੍ਰਾਰਥਨਾਵਾਂ ਦੀ ਤੁਲਨਾ ਸੰਸਥਾਈ ਧਰਮਾਂ ਦੇ ਅਡੰਬਰਾਂ ਨਾਲ ਕੀਤੀ ਜਾਵੇ ਸਗੋਂ ਇਹ ਪ੍ਰਾਰਥਨਾਵਾਂ ਬਿਹਤਰ ਦੁਨੀਆ ਸਿਰਜਣ ਦੀਆਂ ਸਾਡੀਆਂ ਅੰਦਰੂਨੀ ਸੰਭਾਵਨਾਵਾਂ ਅਤੇ ਸ਼ਕਤੀ ਦੀ ਤਲਾਸ਼ ਲਈ ਸਾਡੀ ਮਾਨਵੀ ਅਰਜ਼ ਵਿਚੋਂ ਉਗਮਦੀਆਂ ਹਨ। ਦਰਅਸਲ, ਪ੍ਰਾਰਥਨਾਵਾਂ ਆਤਮ ਸ਼ੁੱਧੀ ਦਾ ਕਾਰਜ ਹੁੰਦੀਆਂ ਹਨ ਜੋ ਸਾਨੂੰ ਚੇਤੇ ਕਰਾਉਂਦੀਆਂ ਹਨ ਕਿ ਸਾਡੇ ਅੰਦਰ ਸੰਭਾਵਨਾਵਾਂ ਭਰੀਆਂ ਹਨ ਅਤੇ ਅਸੀਂ ਅਧਿਆਤਮਕ ਤੌਰ ’ਤੇ ਉਚੇ, ਚੌਗਿਰਦੇ ਦੀ ਸੋਝੀ ਵਾਲੇ ਅਤੇ ਸਮਤਾਪੂਰਨ ਸੰਸਾਰ ਸਿਰਜਣ ਦੇ ਸਮਰੱਥ ਹਾਂ। ਇਸ ਲਿਹਾਜ਼ ਤੋਂ ਕਾਰਲ ਮਾਰਕਸ ਤੋਂ ਲੈ ਕੇ ਅੰਤੋਨੀਓ ਗ੍ਰਾਮਸ਼ੀ ਜਾਂ ਮਹਾਤਮਾ ਗਾਂਧੀ ਤੋਂ ਲੈ ਕੇ ਭਗਤ ਸਿੰਘ ਤੱਕ ਸਾਰੇ ਪ੍ਰਾਰਥਨਾਵਾਂ ਦੇ ਭਾਵ ਤੋਂ ਪ੍ਰੇਰਿਤ ਸਨ। ਅਸੀਂ ਜਦੋਂ ਇਕ ਹੋਰ ਨਵੇਂ ਸਾਲ ਦੀ ਆਮਦ ਦਾ ਸੁਆਗਤ ਕਰ ਰਹੇ ਹਾਂ ਤਾਂ ਕੀ ਸਾਡੇ ਲਈ ਇਹ ਸੰਭਵ ਹੈ ਕਿ ਅਸੀਂ ਹਥਲੀਆਂ ਪ੍ਰਾਰਥਨਾਵਾਂ ਨਾਲ ਆਪਣੇ ਸਮਾਜਿਕ-ਸਿਆਸੀ ਤੇ ਸਭਿਆਚਾਰਕ ਰੀਤਾਂ ਨੂੰ ਮੁੜ ਪਰਿਭਾਸ਼ਤ ਕਰ ਸਕੀਏ?
ਪਹਿਲੀ, ਕਿਉਂਕਿ ਧਾੜਵੀ ਰਾਸ਼ਟਰਵਾਦ ਦੇ ਨਾਂ ਹੇਠ ਨਫ਼ਰਤ ਤੇ ਹਿੰਸਾ ਅਤੇ ਚੇਤਨਾ ਨੂੰ ਕੁੰਦ ਕਰਨ ਦੇ ਅਮਲ ਦਾ ਕੋਈ ਅੰਤ ਨਜ਼ਰ ਨਹੀਂ ਆ ਰਿਹਾ, ਤਾਂ ਕੀ ਸਾਡੇ ਲਈ ਇਹ ਸੰਭਵ ਹੈ ਕਿ ਅਸੀਂ ਆਪਸੀ ਪਿਆਰ ਤੇ ਕਰੁਣਾ ਦੇ ਭਾਵ ਨਾਲ ਓਤ-ਪੋਤ ਆਪਣੇ ਆਪ ਨੂੰ ਇਕੋ ਸਾਗਰ ਦੇ ਪ੍ਰਾਣੀ ਵਜੋਂ ਮੁੜ ਚਿਤਵ ਸਕਦੇ ਹਾਂ? ਜ਼ਰਾ ਸੋਚੋ, ਜਿਵੇਂ ਹਿੰਦੂ ਰਾਸ਼ਟਰਵਾਦ ਸਾਨੂੰ ਬਣਾਉਣਾ ਚਾਹੁੰਦਾ ਹੈ, ਤਾਂ ਸਾਡੀ ਹੋਣੀ ਕਿਹੋ ਜਿਹੀ ਹੋਵੇਗੀ : ‘ਜੈ ਸ਼੍ਰੀ ਰਾਮ’ ਦੀ ਕਾਵਾਂਰੌਲੀ ਨਾਲ ਬੇਸੁਧ ਹੋਏ ਮਾਰਖੋਰੇ ਅਤੇ ਬੜਬੋਲੇ ਹਿੰਦੂ ਵਾਂਗ ਜੋ ਹਰ ਇੱਕ ਮੁਸਲਮਾਨ ਨੂੰ ਗੱਦਾਰ ਜਾਂ ਦੇਸ਼ ਦੇ ਦੁਸ਼ਮਣ ਦੀ ਨਜ਼ਰ ਨਾਲ ਦੇਖੇਗਾ।
ਇਹ ਤੰਗਨਜ਼ਰ ਪਛਾਣ ਸਾਨੂੰ ਵਹਿਸ਼ੀ ਬਣਾ ਦੇਵੇਗੀ, ਸਾਡੀਆਂ ਸੰਭਾਵਨਾਵਾਂ ਸੀਮਤ ਕਰ ਦੇਵੇਗੀ ਅਤੇ ਸਾਡੇ ਕੋਲੋਂ ਆਪਣੀ ਚੇਤਨਾ, ਭਾਵ ਦੁਨੀਆ ਨੂੰ ਹਿੰਦੂ/ਮੁਸਲਿਮ ਵੰਨਗੀਆਂ ਤੋਂ ਪਰ੍ਹੇ ਤੱਕਣ, ਸਮੁੱਚੀ ਦੁਨੀਆ ਨੂੰ ਕਲਾਵੇ ਵਿਚ ਲੈਣ ਅਤੇ ਆਪਣੀ ਅਸਲ ਸ਼ਕਤੀ ਪਿਆਰ, ਅਪਣੱਤ, ਕਰੁਣਾ ਤੇ ਬਹੁਵਾਦ ਤੇ ਵੰਨ-ਸਵੰਨਤਾ ਨੂੰ ਚਾਹੁਣ ਦੀ ਸਾਡੀ ਕਾਬਲੀਅਤ ਖੋਹ ਲਵੇਗੀ। ਸਾਨੂੰ ਹੁਣ ਮੰਨ ਲੈਣਾ ਚਾਹੀਦਾ ਹੈ ਕਿ ਕਿਸੇ ਵੀ ਕਿਸਮ ਦਾ ਧਾੜਵੀ ਰਾਸ਼ਟਰਵਾਦ ਜਾਂ ਧਾਰਮਿਕ ਮੂਲਵਾਦ ਸਾਨੂੰ ਮਾਨਵੀ ਦਰਜੇ ਤੋਂ ਹੇਠਾਂ ਸੁੱਟਦਾ ਹੈ।
ਸਿਰਫ਼ ਹਿੰਦੂ ਜਾਂ ਮੁਸਲਮਾਨ ਜਾਂ ਈਸਾਈ ਬਣ ਕੇ ਜੀਣ ਅਤੇ ਪੁਜਾਰੀਆਂ/ਪਾਦਰੀਆਂ/ਮੁਲਾਣਿਆਂ ਅਤੇ ਉਨ੍ਹਾਂ ਦੇ ਬੁਰਛਾਗਰਦ ਸਿਆਸੀ ਆਕਾਵਾਂ ਦੇ ਨਾਪਾਕ ਗੱਠਜੋੜ ਦੇ ਇਸ਼ਾਰਿਆਂ ’ਤੇ ਚੱਲਣਾ ਕੋਈ ਬਹਾਦਰੀ ਦੀ ਗੱਲ ਨਹੀਂ ਹੈ। ਇਸ ਦੀ ਬਜਾਇ ਸਾਡੀ ਆਪਣੀ ਸਾਂਝੀ ਇਨਸਾਨੀਅਤ ’ਤੇ ਮੁੜ ਹੱਕ ਜਤਾਉਣਾ ਅਤੇ ਸਾਡੇ ਅਸਲ ਖਾਸੇ ਨਾਲ ਇਕਮਿਕ ਹੋਣਾ ਬਹਾਦਰੀ ਦਾ ਕਾਰਜ ਹੈ।
ਇਸ ਲਈ 2023 ’ਚ ਕੀ ਸਾਡੇ ਲਈ ਇਹ ਸੰਭਵ ਹੈ ਕਿ ਅਸੀਂ ਇਹ ਪ੍ਰਾਰਥਨਾ ਕਰੀਏ- ਸਾਨੂੰ ਅੰਦਰੂਨੀ ਸ਼ਕਤੀ ਅਤੇ ਆਪਣੇ ਗੁਆਚੇ ਖਾਸੇ ਨੂੰ ਮੁੜ ਹਾਸਲ ਕਰਨ ਦੀ ਸਮਝ ਦੀ ਭਰਪੂਰ ਦਾਤ ਮਿਲੇ ਅਤੇ ਅਸੀਂ ਇਹ ਅਹਿਸਾਸ ਕਰ ਸਕੀਏ ਕਿ ਧਾੜਵੀ ਰਾਸ਼ਟਰਵਾਦ ’ਚ ਜ਼ਾਹਿਰ ਹੁੰਦੀ ਇਹ ਵੰਡਪਾਊ ਸਿਆਸਤ ਜਾਂ ਧਾਰਮਿਕ ਮੂਲਵਾਦ ਸਾਡੀ ਮਾਨਵਤਾ, ਅਧਿਆਤਮ ਜਾਂ ਸੁਹਿਰਦਤਾ ਅਤੇ ਸਾਡੇ ਦਿਸਹੱਦਿਆਂ ਨੂੰ ਮੋਕਲਾ ਕਰਨ ਦੀ ਸਮੱਰਥਾ ਨੂੰ ਵਿਗਸਣ ਨਹੀਂ ਦਿੰਦੇ?
ਦੂਜੀ, ਕੀ ਅਸੀਂ ਇਹ ਪ੍ਰਾਰਥਨਾ ਕਰ ਸਕਦੇ ਹਾਂ ਕਿ ਅਸੀਂ ਆਪਣੀ ਸੋਚ ਅਤੇ ਤਰਜੀਹਾਂ ਵਿਚ ਤਬਦੀਲੀ ਲਿਆ ਸਕੀਏ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਖੁੱਲ੍ਹਾ ਡੁੱਲ੍ਹਾ ਮਾਹੌਲ ਦੇ ਸਕੀਏ ਜਿੱਥੇ ਉਹ ਫੁੱਲ ਬਣ ਕੇ ਖਿੜ ਸਕਣ, ਅਸੀਂ ਉਨ੍ਹਾਂ ਦੀਆਂ ਖਾਸ ਦਿਲਚਸਪੀਆਂ ਨੂੰ ਪਛਾਣ ਸਕੀਏ ਅਤੇ ਉਨ੍ਹਾਂ ਨੂੰ ਸੰਵੇਦਨਸ਼ੀਲ, ਕਰੁਣਾਮਈ ਤੇ ਇਕਜੁੱਟ ਇਨਸਾਨਾਂ ਦੇ ਰੂਪ ਵਿਚ ਵਿਕਸਤ ਹੋਣ ਦੇਈਏ? ਭਵਿੱਖ ਸਾਡੇ ਬੱਚਿਆਂ ’ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਦਾ ਪਾਲਣ-ਪੋਸ਼ਣ ਕਿਵੇਂ ਹੁੰਦਾ ਹੈ ਜਾਂ ਉਹ ਕਿਹੋ ਜਿਹੀ ਸਿੱਖਿਆ ਗ੍ਰਹਿਣ ਕਰਦੇ ਹਨ। ਜਾਪਦਾ ਹੈ ਕਿ ਅਸੀਂ ਇਸ ਪ੍ਰਤੀ ਬਹੁਤੇ ਸੰਜੀਦਾ ਨਹੀਂ ਹਾਂ। ਅਸੀਂ ਆਪਣੇ ਡਰ ਤੇ ਬੇਚੈਨੀ, ਲਾਲਚ ਤੇ ਖਾਹਿਸ਼ਾਂ ਆਪਣੇ ਬੱਚਿਆਂ ’ਤੇ ਮੜ੍ਹਨ ਦੇ ਆਦੀ ਹਾਂ। ਇਸ ਲਈ ਕੋਈ ਹੈਰਾਨੀ ਨਹੀਂ ਹੁੰਦੀ ਕਿ ਅਸੀਂ ਸਿੱਖਿਆ ਨੂੰ ਕਿਸੇ ਨੌਕਰੀ ਦੇ ਹੁਨਰ ਜਾਂ ਸਿਖਲਾਈ ਨਾਲ ਮਿਲਾ ਕੇ ਰੱਖ ਦਿੱਤਾ ਹੈ, ਅਸੀਂ ਸਿੱਖਿਆ ਨੂੰ ਮਹਿਜ਼ ਕਿਤਾਬੀ ਗਿਆਨ ਇਕੱਤਰ ਕਰਨ ਤਕ ਮਹਿਦੂਦ ਕਰ ਲਿਆ ਹੈ, ਅਤੇ ਅਸੀਂ ਆਪਣੇ ਬੱਚਿਆਂ ਦੀ ਇਹੋ ਜਿਹੀ ਮਨੋਦਸ਼ਾ ਬਣਾ ਦਿੱਤੀ ਹੈ ਕਿ ਉਹ ਇਹ ਵਿਸ਼ਵਾਸ ਕਰਨ ਲੱਗ ਪਏ ਹਨ ਕਿ ‘ਜੋਖ਼ਮ ਰਹਿਤ’ ਤੇ ‘ਸੁਰੱਖਿਅਤ’ ਕਰੀਅਰ ਤੋਂ ਬਿਨਾ ਜ਼ਿੰਦਗੀ ਜਿਊਣ ਦਾ ਹੋਰ ਕੋਈ ਮਾਰਗ ਹੀ ਨਹੀਂ ਹੈ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਪਰਿਵਾਰਕ ਸਮਾਜੀਕਰਨ ਅਤੇ ਸਿੱਖਿਆ ਸਨਅਤ ਜ਼ਰੀਏ ਅਸੀਂ ਆਪਣੇ ਬੱਚਿਆਂ ਤੋਂ ਬਦਲਵੀਂ ਕਲਪਨਾ ਸ਼ਕਤੀ ਦੀ ਚਿਣਗ ਹੀ ਖੋਹ ਲਈ ਹੈ। ਇਸੇ ਕਰ ਕੇ ਉਹ ਖ਼ਬਤੀਆਂ ਅਤੇ ਆਸਾਨੀ ਨਾਲ ਹਾਰ ਮੰਨ ਜਾਣ ਵਾਲੇ ਬਾਲਗਾਂ ਵਾਂਗ ਵਿਹਾਰ ਕਰਨ ਲੱਗ ਪਏ ਹਨ।
ਇਸ ਦਾ ਸਿੱਟਾ ਇਹ ਨਿਕਲਿਆ ਹੈ ਕਿ ਉਨ੍ਹਾਂ ਨੇ ਇਸ ਗਲੇ ਸੜੇ ਸਮਾਜ ਦੇ ਮੰਤਰ ’ਤੇ ਕਿੰਤੂ ਕਰਨ ਦੀ ਦਲੇਰੀ ਤਜ ਦਿੱਤੀ ਹੈ ਜੋ ਸਮਾਜਿਕ ਡਾਰਵਿਨਵਾਦ ਦੀ ਜੀਵਨ ਜਾਚ, ਨਿਰੀ ਪੁਰੀ ਚਲਾਕੀ/ਮਕਰ ਦੇ ਰਣਨੀਤਕ ਝੁਕਾਅ, ਖੁਸ਼ੀ ਦੇ ਰੂਪ ਵਿਚ ਖਪਤਵਾਦ ਦਾ ਵਕਤੀਪਣ, ਸਥਾਪਤ ਅਤੇ ਸਫ਼ਲ ਜ਼ਿੰਦਗੀ ਦੇ ਮਿਰਗਜਾਲ ਦੀ ਭਾਲ ਵਿਚ ਦੌੜਦੇ ਰਹਿਣ ਵਿਚੋਂ ਝਲਕਦਾ ਹੈ।
ਇਸ ਲਈ ਹੁਣ ਇਹ ਸਵਾਲ ਪੈਦਾ ਹੁੰਦਾ ਹੈ ਕਿ ਮਾਪਿਆਂ/ਅਧਿਆਪਕਾਂ ਦੇ ਤੌਰ ’ਤੇ ਅਸੀਂ ਆਪਣੀਆਂ ਪ੍ਰਾਰਥਨਾਵਾਂ ਵਿਚ ਰਾਬਿੰਦਰਨਾਥ ਟੈਗੋਰ ਅਤੇ ਜਿੱਦੂ ਕ੍ਰਿਸ਼ਨਾਮੂਰਤੀ ਵਰਗਿਆਂ ਨੂੰ ਚਿਤਵਣ ਅਤੇ ਆਪਣੇ ਬੱਚਿਆਂ ਨੂੰ ਉਹ ਸਿੱਖਿਆ ਹਾਸਲ ਕਰਨ ਲਈ ਤਿਆਰ ਹਾਂ ਜੋ ਉਨ੍ਹਾਂ ਦੀਆਂ ਅੱਖਾਂ ਖੋਲ੍ਹਦੀ ਹੋਵੇ, ਉਨ੍ਹਾਂ ਦੀ ਰਚਨਾਤਮਿਕਤਾ ਨੂੰ ਊਰਜਿਤ ਕਰਦੀ ਹੋਵੇ, ਉਨ੍ਹਾਂ ਨੂੰ ਜੀਵਨ ਨੂੰ ਗੱਲਵਕੜੀ ਪਾਉਣ ਅਤੇ ਭ੍ਰਿਸ਼ਟ ਤੇ ਹਿੰਸਕ ਦੁਨੀਆ ਨੂੰ ਨਕਾਰਨ ਦਾ ਹੌਸਲਾ ਦਿੰਦੀ ਹੋਵੇ।
ਅਸੀਂ ਡਰ ਦੇ ਭਾਵ ਨਾਲ ਅਤੇ ਹੱਥ ਜੋੜ ਕੇ ਅਧਿਕਾਰਤ ਤੌਰ ’ਤੇ ਐਲਾਨੇ ਧਰਮ ਸਥਾਨਾਂ ’ਤੇ ਅਕਸਰ ਜਾਂਦੇ ਰਹਿੰਦੇ ਹਾਂ, ਹਰ ਤਰ੍ਹਾਂ ਦੇ ਪੁਜਾਰੀਆਂ ਤੇ ਜੋਤਸ਼ੀਆਂ ਦੀਆਂ ਸਲਾਹਾਂ ਲੈਂਦੇ ਰਹਿੰਦੇ ਹਾਂ। ਆਮ ਤੌਰ ’ਤੇ ਇਨ੍ਹਾਂ ਪ੍ਰਾਰਥਨਾਵਾਂ ਵਿਚ ਅਸੀਂ ਆਪਣੇ ਇਸ਼ਟ ਤੋਂ ਧਨ ਦੌਲਤ ਤੇ ਆਪਣੀ ਖੁਸ਼ਹਾਲੀ ਦੀਆਂ ਦਾਤਾਂ ਮੰਗਦੇ ਰਹਿੰਦੇ ਹਾਂ। ਇਨ੍ਹਾਂ ਸਵੈ-ਕੇਂਦਰਤ ਪ੍ਰਾਰਥਨਾਵਾਂ ਵਿਚ ਕਿਸੇ ਦੀ ਧੀ ਦੀ ਸ਼ਾਦੀ, ਪੁੱਤਰ ਦੀ ਨੌਕਰੀ ਜਾਂ ਕਿਸੇ ਨਵੇਂ ਘਰ ਦੀ ਉਸਾਰੀ ਤੋਂ ਪਰ੍ਹੇ ਹੋਰ ਕੁਝ ਨਹੀਂ ਹੁੰਦਾ।
ਇਸ ਕਿਸਮ ਦੀਆਂ ਪ੍ਰਾਰਥਨਾਵਾਂ ਜਾਂ ਫਿਰ ਉਨ੍ਹਾਂ ਸ਼ਾਹਾਨਾ ਦਾਅਵਤਾਂ ਜਿੱਥੇ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਖਾਣ ਪੀਣ, ਸ਼ਰਾਬ ਤੇ ਨੱਚਣ ਕੁੱਦਣ ਤੋਂ ਬਿਨਾ ਕੁਝ ਨਹੀਂ ਹੁੰਦਾ - ਸਾਡੀ ਚੇਤਨਾ ਦਾ ਦਾਇਰਾ ਨਹੀਂ ਵਧਾਉਂਦੀਆਂ। ਘੁੰਮ ਫਿਰ ਕੇ ਅਸੀਂ ਉਸੇ ਰੁਟੀਨ ’ਤੇ ਵਾਪਸ ਆ ਜਾਂਦੇ ਹਾਂ - ਉਹੀ ਸਿਆਸਤ, ਉਹ ਖ਼ੁਦਪ੍ਰਸਤੀ ਅਤੇ ਉਹ ਚੂਹਾ ਦੌੜ।
ਬਹਰਹਾਲ, ਸਵਾਲ ਇਹ ਹੈ ਕਿ 2023 ਨੂੰ ਖੁਸ਼ਆਮਦੀਦ ਕਹਿੰਦੇ ਹੋਏ ਕੀ ਅਸੀਂ ਆਪਣੀਆਂ ਪ੍ਰਾਰਥਨਾਵਾਂ ਦਾ ਅਰਥ ਮੁੜ ਪਰਿਭਾਸ਼ਤ ਕਰ ਸਕਦੇ ਹਾਂ, ਪਿਆਰ ਅਤੇ ਖਲੂਸ ਦੇ ਸਾਡੇ ਅੰਦਰੂਨੀ ਖਜ਼ਾਨੇ ਦਾ ਅਹਿਸਾਸ ਜਗਾ ਸਕਦੇ ਹਾਂ ਜਿਸ ਨੂੰ ਕੋਈ ਹਿੰਸਕ/ਭ੍ਰਿਸ਼ਟ ਸਮਾਜ ਹਮੇਸ਼ਾ ਢਕ ਕੇ ਰੱਖਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ? ਕੀ ਅਸੀਂ ਸਮਾਜਿਕ-ਸਿਆਸੀ ਸੋਚ ਅਤੇ ਇਖ਼ਲਾਕੀ ਤੌਰ ’ਤੇ ਪਾਵਨ ਕਾਰ-ਵਿਹਾਰ ਦੀ ਅਸਲੋਂ ਨਵੀਂ ਤਰਜ਼ ਅਪਣਾ ਸਕਦੇ ਹਾਂ?
* ਲੇਖਕ ਸਮਾਜ ਸ਼ਾਸਤਰੀ ਹੈ।

ਰਾਹੁਲ ਦੀ ਭਾਰਤ ਜੋੜੋ ਯਾਤਰਾ ਦੇ ਅਸਰ - ਅਵਿਜੀਤ ਪਾਠਕ

ਹਰ ਪਾਸੇ ਛਾਈ ਹੋਈ ਤਕਨੀਕੀ ਤਰਜ਼ ਦੀ ਸਿਆਸਤ ਅਤੇ ਇਸ ਨਾਲ ਜੁੜੇ ਹੋਏ ਨਿਘਾਰ ਦੇ ਸੱਭਿਆਚਾਰ ਦੌਰਾਨ ਕਿਸੇ ਲਈ ਆਪਣੀਆਂ ਆਸਾਂ-ਉਮੀਦਾਂ ਨੂੰ ਕਾਇਮ ਰੱਖਣਾ ਸੌਖਾ ਨਹੀਂ। ਇਸ ਦੀ ਥਾਂ ਪ੍ਰਚਲਿਤ ਢੰਗ-ਤਰੀਕਿਆਂ ਨੂੰ ਆਮ ਬਣਾ ਦੇਣਾ ਆਸਾਨ ਹੈ ਜਿਵੇਂ ਸਿਆਸਤ ਨੂੰ ਬਿਲਕੁਲ ਹੇਠਾਂ ਡੇਗ ਕੇ ਮਹਿਜ਼ ਚੋਣ ਜਿੱਤਣ ਵਾਲੀ ਮਸ਼ੀਨਰੀ ਤੱਕ ਸੀਮਤ ਕਰ ਦੇਣਾ, ‘ਵਿਹਾਰਕ’ ਰਾਜਨੀਤੀ ਦੀ ਭਾਸ਼ਾ ਵਜੋਂ ਗ਼ੈਰ-ਚਿੰਤਨਸ਼ੀਲ ਤੇ ਗ਼ੈਰ-ਤਰਕਵਾਦੀ ਹਿੰਸਕ ਰੰਗ-ਢੰਗ ਨੂੰ ਮਕਬੂਲ ਬਣਾਉਣਾ, ਸੰਵਾਦ ਅਤੇ ਬਹਿਸ ਦੇ ਜਮਹੂਰੀ ਸਿਧਾਂਤ ਨੂੰ ਖੋਰਾ ਲਾਉਣਾ, ਜਾਤ-ਪਾਤ ਅਤੇ ਫਿਰਕਾਪ੍ਰਸਤੀ ਉਤੇ ਕੇਂਦਰਿਤ ਸਮੁੱਚੀਆਂ ਭਾਵਨਾਵਾਂ ਨੂੰ ਲਗਾਤਾਰ ਭੜਕਾਉਣਾ ਅਤੇ ਸਿਆਸੀ ਆਕਾਵਾਂ ਨੂੰ ਸਵਾਲ ਕਰਨ ਦੀ ਅਹਿਮ ਹਿੰਮਤ ਨੂੰ ਹੀ ਗੁਆ ਲੈਣਾ।
ਤਾਂ ਵੀ, ਭਾਗਵਾਦ (fatalism) ਦੀ ਇਹ ਭਾਵਨਾ ਜੀਵਨ-ਮਾਰੂ ਜਾਪਦੀ ਹੈ। ਇਸ ਲਈ ਉਪਚਾਰਕ ਕਾਰਵਾਈ ਵਜੋਂ ਨਵੀਂ ਕਿਸਮ ਦੀ ਸਿਆਸਤ ਦੀ ਮੁੜ ਕਲਪਨਾ ਕਰਨਾ ਤੇ ਉਸ ਲਈ ਕੋਸ਼ਿਸ਼ ਕਰਨਾ ਮਹੱਤਵਪੂਰਨ ਹੈ। ਇਸ ਲਈ ਸਾਡੇ ਵਿਚੋਂ ਕੁਝ ਜਣੇ ਇਹ ਦੇਖਣ ਲਈ ਉਤਸੁਕ ਹਾਂ ਕਿ ਭਾਰਤ ਜੋੜੋ ਯਾਤਰਾ ਦੀ ਪ੍ਰਕਿਰਿਆ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਕੀ ਸਿਆਸਤ ਦਾ ਨਵਾਂ ਮੁਹਾਵਰਾ ਘੜਨ ਦੀ ਹੀ ਕੋਸ਼ਿਸ਼ ਕਰ ਰਹੇ ਹਨ?
ਜਦੋਂ ਤੱਕ ਅਸੀਂ ਨਵੀਂ ਮੁਕਤੀ ਦੀ ਰਾਜਨੀਤੀ ਦੇ ਪੈਮਾਨਿਆਂ ਬਾਰੇ ਸਪਸ਼ਟ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਇਸ ਸਵਾਲ ਦਾ ਇਮਾਨਦਾਰੀ ਨਾਲ ਜਵਾਬ ਨਹੀਂ ਦੇ ਸਕਦੇ। ਇਸ ਪ੍ਰਸੰਗ ਵਿਚ ਮੈਂ ਇਸ ਸਿਆਸਤ ਦੇ ਤਿੰਨ ਪਹਿਲੂਆਂ ’ਤੇ ਜ਼ੋਰ ਦੇਣਾ ਚਾਹੁੰਦਾ ਹਾਂ। ਪਹਿਲਾ, ਮੁਕਤੀ ਦੀ ਰਾਜਨੀਤੀ (emancipatory politics) ਲਾਜ਼ਮੀ ਤੌਰ ’ਤੇ ਵੰਡਕਾਰੀ ਨਿਆਂ (distributive justice) ਅਤੇ ਮਨੁੱਖੀ ਸਨਮਾਨ ਦੀ ਭਾਵਨਾ ਨਾਲ ਵਡੇਰੇ ਸਮਾਜ ਦੇ ਲੋਕਤੰਤਰੀਕਰਨ ਦੇ ਉਚੇਰੇ ਟੀਚੇ ਵਾਲਾ ਅੰਦੋਲਨ ਹੈ। ਇਸ ਤਰ੍ਹਾਂ ਇਹ ਕਿਸੇ ਵੀ ਕੀਮਤ ’ਤੇ ਚੋਣਾਂ ਜਿੱਤਣ ਦੇ ਫੌਰੀ ਟੀਚੇ ਵਾਲਾ ਮਾਮਲਾ ਨਹੀਂ ਸਗੋਂ ਇਹ ਤਾਂ ਸੱਤਾ ਅਤੇ ਵਿਸ਼ੇਸ਼ ਅਧਿਕਾਰ ਦੇ ਆਭਾ-ਮੰਡਲ ਤੋਂ ਬਿਨਾ ਹੋਂਦ ਬਣਾਈ ਰੱਖਣ ਅਤੇ ਸਮੂਹਿਕ ਮੁਕਤੀ ਲਈ ਅੰਦੋਲਨ ਨੂੰ ਜਾਰੀ ਰੱਖਣ ਦੀ ਦਲੇਰੀ ਦੀ ਗੱਲ ਹੈ। ਮੋਹਨਦਾਸ ਕਰਮਚੰਦ ਗਾਂਧੀ ਦੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਇਹ ਇਕ ਤਰ੍ਹਾਂ ਦੀ ਸਾਧਨਾ ਹੈ। ਦੂਜਾ, ਇਹ ਸੰਵਾਦਮਈ ਹੈ ਕਿਉਂਕਿ ਕੋਈ ਸਿਆਸੀ ਅੰਦੋਲਨ ਸਿਰਫ਼ ਹਮਦਰਦੀ ਨਾਲ ਸੁਣਨ, ਭਾਵ ਗਰੀਬਾਂ ਅਤੇ ਹਾਸ਼ੀਏ ’ਤੇ ਪੁੱਜੇ ਲੋਕਾਂ, ਰਚਨਾਤਮਕ ਕਲਾਕਾਰਾਂ ਤੇ ਨੌਜਵਾਨ ਵਿਦਿਆਰਥੀਆਂ ਜਾਂ ਔਰਤਾਂ ਤੇ ਘੱਟ ਗਿਣਤੀਆਂ ਦੀਆਂ ਆਵਾਜ਼ਾਂ ਨੂੰ ਸੁਣਨਾ - ਦੇ ਤਰੀਕੇ ਰਾਹੀਂ ਹੀ ਅਸਲ ਵਿਚ ਲੋਕਤੰਤਰੀ ਅਤੇ ਸ਼ਮੂਲੀਅਤ ਵਾਲੀ ਬਣ ਸਕਦਾ ਹੈ। ਇਹ ਤਬਦੀਲੀ ਹੈ - ਇਕ ਤਾਨਾਸ਼ਾਹ ਆਗੂ ਦੇ ਹੰਕਾਰਵਾਦ ਤੋਂ ਲੋਕਾਂ ਦੀਆਂ ਆਵਾਜ਼ਾਂ ਵੱਲ। ਤੀਜਾ, ਸਾਡੇ ਵਰਗੇ ਮੁਲਕ ਵਿਚ ਭਾਰੀ ਬਹੁਲਤਾ, ਵੰਨ-ਸਵੰਨਤਾ ਅਤੇ ਸੱਭਿਆਚਾਰਕ ਵਖਰੇਵਿਆਂ ਦੇ ਮੱਦੇਨਜ਼ਰ ਸਿਆਸਤ ਨੂੰ ਏਕਤਾ ਦੀ ਮਾਲਾ ਵਿਚ ਪਰੋਣ ਵਾਲਾ ਇਕ ਸੱਭਿਅਤਾਵਾਦੀ ਦ੍ਰਿਸ਼ਟੀਕੋਣ ਹੋਣਾ ਚਾਹੀਦਾ ਹੈ। ਦੂਜੇ ਲਫ਼ਜ਼ਾਂ ਵਿਚ, ਇਸ ਨੂੰ ‘ਭਾਰਤੀਪੁਣੇ’ ਦੇ ਇਕਹਿਰੇ ਵਿਖਿਆਨ ਜੋ ‘ਰਾਸ਼ਟਰਵਾਦ’ ਦੀ ਬਹੁਗਿਣਤੀਵਾਦ ਵੱਲ ਵਧਦੀ ਹੋਈ ਕਿਸਮ ਹੈ, ਤੋਂ ਅਗਾਂਹ ਦੇਖਣਾ ਹੋਵੇਗਾ। ਇਸ ਨੂੰ ਸਾਂਝੇ ਧਰਮ ਨਿਰਪੱਖ ਸਰੋਕਾਰਾਂ ਜਿਵੇਂ ਸਿਹਤ, ਸਿੱਖਿਆ, ਰੁਜ਼ਗਾਰ, ਆਸਰਾ ਅਤੇ ਜਮਹੂਰੀ ਹੱਕਾਂ ਦੀ ਅਹਿਮੀਅਤ ’ਤੇ ਜ਼ੋਰ ਦੇਣਾ ਚਾਹੀਦਾ ਹੈ।