Balbir-Parwana

ਲਿਖਣ ਪ੍ਰਕਿਰਿਆ
ਕਿਸਾਨੀ ਬਾਰੇ ਹੀ ਕਿਉਂ ਲਿਖਦਾ ਹਾਂ? - ਬਲਬੀਰ ਪਰਵਾਨਾ

ਮੈਂ ਹੁਣ ਤੱਕ ਕਿਸਾਨੀ ਬਾਰੇ ਹੀ ਲਿਖਿਆ ਹੈ, ਉਹ ਚਾਹੇ ਨਾਵਲ ਹਨ, ਨਾਵਲੈੱਟ ਜਾਂ ਕਹਾਣੀਆਂ। ਇਨ੍ਹਾਂ ’ਚੋਂ ਤਿੰਨ-ਚੌਥਾਈ ਰਚਨਾਵਾਂ ਤਾਂ ਸਿੱਧੀਆਂ ਪਿੰਡ ਤੇ ਕਿਸਾਨੀ ਬਾਰੇ ਹਨ। ਸ਼ਹਿਰੀ ਜਾਂ ਕਸਬਿਆਂ ਦੀ ਜ਼ਿੰਦਗੀ ’ਤੇ ਆਧਾਰਿਤ ਇਕ-ਚੌਥਾਈ ਰਚਨਾਵਾਂ ਦੇ ਪਾਤਰਾਂ ਦਾ ਪਿਛੋਕੜ ਵੀ ਪਿੰਡ ਨਾਲ ਜਾ ਕੇ ਜੁੜਦਾ ਹੈ, ਨੌਕਰੀਆਂ ਕਰਕੇ ਸ਼ਹਿਰਾਂ ’ਚ ਆਣ ਵਸੇ ਪਰਿਵਾਰ ਜਾਂ ਉਨ੍ਹਾਂ ਦੇ ਬੱਚੇ। ਮੈਨੂੰ ਇਸ ਜ਼ਿੰਦਗੀ ਦਾ ਅਨੁਭਵ ਹੈ, ਕਿਸਾਨੀ ’ਚੋਂ ਵੀ ਛੋਟੀ ਕਿਸਾਨੀ ਦੀ ਜ਼ਿੰਦਗੀ ਦਾ ਬਹੁਤਾ। ਮੈਂ ਆਪ ਇਸ ਵਰਗ ’ਚੋਂ ਹਾਂ। ਜਲੰਧਰ ਆ ਕੇ ਵਸਣ ਤੋਂ ਪਹਿਲਾਂ ਜ਼ਿੰਦਗੀ ਦੇ ਲਗਪਗ ਸਾਢੇ ਤਿੰਨ ਦਹਾਕੇ ਪਿੰਡ ’ਚ ਬਿਤਾਏ ਹਨ, ਜਦੋਂ ਘਰ ਦੀ ਆਰਥਿਕਤਾ ਦਾ ਆਧਾਰ ਇਹੀ ਸੀ। ਇਹ ਜ਼ਿੰਦਗੀ ਜਿਊਂਦਿਆਂ, ਇਸ ਦੀਆਂ ਮਹੀਨ ਪਰਤਾਂ ਨੂੰ ਨੇੜਿਓਂ ਦੇਖਿਆ।
ਮੈਂ ਨੌਵੀਂ-ਦਸਵੀਂ ’ਚ ਪੜ੍ਹਦਿਆਂ ਹੀ ਲਿਖਣ ਲੱਗ ਪਿਆ ਸੀ, ਪਰ ਬੀਤੀ ਸਦੀ ਦੇ ਨੌਵੇਂ ਦਹਾਕੇ ਦੇ ਸ਼ੁਰੂ ਤੋਂ ਲਿਖਣ ਨੂੰ ਸੰਜੀਦਗੀ ਨਾਲ ਲੈਣਾ ਸ਼ੁਰੂ ਕਰ ਦਿੱਤਾ ਸੀ। ਕਾਫ਼ੀ ਹੱਦ ਤੱਕ ਮਨ ’ਚ ਇਹ ਬਣਦਾ ਗਿਆ ਸਾਰੀ ਉਮਰ ਸ਼ਬਦਾਂ ਦੇ ਸੰਗ-ਸਾਥ ’ਚ ਰਹਿਣਾ ਹੈ, ਪੜ੍ਹਨਾ ਤੇ ਲਿਖਣਾ... ਇਹ ਦੋਵੇਂ ਹੀ ਮੇਰੇ ਇਸ਼ਟ ਬਣਦੇ ਗਏ। ਮੁੱਢਲੇ ਦੌਰ ’ਚ ਲਿਖੀਆਂ ਕਹਾਣੀਆਂ ਤੇ ਨਾਵਲੈੱਟਾਂ ’ਚ ਛੋਟੀ ਕਿਸਾਨੀ ਦਾ ਦਰਦ ਇਹ ਹੈ ਕਿ ਉਸ ਨੂੰ ਮੰਡੀ ’ਚ ਸਹੀ ਭਾਅ ਨਹੀਂ ਮਿਲਦਾ, ਵੇਲੇ ਸਿਰ ਖਾਦ ਤੇ ਦਵਾਈਆਂ ਨਹੀਂ ਮਿਲਦੀਆਂ, ਬਿਜਲੀ ਨਹੀਂ ਆਉਂਦੀ, ਡੀਜ਼ਲ ਬਾਲ ਕੇ ਪਾਲੀ ਫ਼ਸਲ ਆਪਣੇ ਮੁੱਲ ਨਾਲੋਂ ਬਹੁਤਾ ਖਾ ਜਾਂਦੀ ਹੈ। ਮੁਜ਼ਾਰਿਆਂ ਦਾ ਦਰਦ ਹੈ ਕਿ ਜ਼ਮੀਨ ’ਤੇ ਮਿਹਨਤ ਤਾਂ ਉਹ ਕਰਦੇ ਹਨ ਪਰ ਮਾਲਕ ਬਿਨਾਂ ਕੁਝ ਕੀਤਿਆਂ ਵੱਡਾ ਹਿੱਸਾ ਹੜੱਪ ਕਰ ਜਾਂਦਾ ਹੈ। ਆਰਥਿਕ ਤੰਗੀਆਂ ’ਚ ਉਨ੍ਹਾਂ ਦੇ ਪਰਿਵਾਰਾਂ ਦੇ ਜਿਊਣ ਦੇ ਚਾਅ ਸਿਸਕ-ਸਿਸਕ ਕੇ ਮਰਦੇ ਰਹਿੰਦੇ ਹਨ। ਇਸ ਦੌਰ ’ਚ ਲਿਖੇ ਨਾਵਲੈੱਟ ‘ਬੇਗਾਨੇ ਪਿੰਡ ਦੀ ਜੂਹ’, ‘ਅੱਗ ਦੀ ਉਮਰ’, ‘ਪਤਝੜ’ ’ਚ ਉਭਰਦੀ ਇਹ ਹੂਕ, ਉਸ ਦੌਰ ਦੀ ਮੁੱਖ ਹੂਕ ਸੀ। ਇਹ ਹੂਕ ‘ਕੂਲ੍ਹ ਦਾ ਦਰਦ’, ‘‘ਸੁਰਖ ਬਿੰਦੀ’, ‘ਕੰਮੋ ਦਾ ਅਠਾਰਵਾਂ ਵਰ੍ਹਾ’, ‘ਭੀੜ ’ਚੋਂ ਦੋ ਚਿਹਰੇ’ ਤੇ ਹੋਰ ਕਹਾਣੀਆਂ ਵਿੱਚ ਵੀ ਹੈ। ਇਸ ਹੂਕ ਵਿਚ ਦਰਦ ਤਾਂ ਹੈ ਪਰ ਘੋਰ-ਨਿਰਾਸ਼ਾ ਨਹੀਂ, ਸੰਘਰਸ਼ ਦੀ ਲੋਅ ਕਿਤੇ ਨਾ ਕਿਤੇ ਭਵਿੱਖ ਰੁਸ਼ਨਾਉਂਦੀ ਲੱਗਦੀ ਹੈ। ਅਜੋਕੇ ਦੌਰ ’ਚ ਆ ਕੇ ਇਹ ਕਾਣੀ ਵੰਡ ਦੇ ਮਸਲੇ, ਇਸ ਵਰਗ ਦੇ ਖ਼ਾਤਮੇ ਵੱਲ ਵਧ ਰਹੇ ਹੋਣ ਦੇ ਸੰਕੇਤਾਂ ਵਿੱਚ ਬਦਲ ਗਏ ਹਨ।
‘ਬਹੁਤ ਸਾਰੇ ਚੁਰੱਸਤੇ’ ਦਾ ਗਿੰਦਰ ਹੋਵੇ, ‘ਸਿਆੜਾਂ ਦੀ ਕਰਵਟ’ ਤੇ ਉਸ ਦੇ ਅਗਲੇ ਭਾਗ ‘ਟਰਾਲੀ ਯੁੱਗ’ ਦੇ ਸਿਮਰ ਜਾਂ ਮਨਿੰਦਰ, ਉਹ ਜਾਣ ਗਏ ਹਨ ਕਿ ਕਾਣੀ ਵੰਡ ਖਿਲਾਫ਼ ਲੜਾਈ ਅੱਜ ਗੌਣ ਥਾਂ ’ਤੇ ਚਲੀ ਗਈ ਹੈ। ਅੱਜ ਦਾ ਮੁੱਖ ਫ਼ਿਕਰ ਤਾਂ ਹੈ ਕਿ ਸਭ ਕੁਝ ਹੜੱਪੀ ਜਾ ਰਹੇ ਕਾਰਪੋਰੇਟ ਵਿਕਾਸ ਮਾਡਲ ਤੇ ਖਪਤ ਵਾਲੀ ਜੀਵਨ-ਜਾਚ ਦਾ ਬਦਲ ਸਿਰਜਿਆ ਜਾਵੇ।
ਆਪਣੇ ਸਕੂਲੀ ਦਿਨਾਂ ਵੱਲ ਧਿਆਨ ਮਾਰਦਾ ਹਾਂ ਤਾਂ ਕਿੰਨੇ ਮੁੰਡੇ ਕੁੜੀਆਂ ਦਸਵੀਂ ਤੱਕ ਪੁੱਜਦਿਆਂ ਹੀ ਪੜ੍ਹਾਈ ਛੱਡ ਗਏ ਸਨ। ਉਨ੍ਹਾਂ ’ਚੋਂ ਕੋਈ ਟਰੱਕਾਂ ’ਤੇ ਡਰਾਈਵਰ ਜਾ ਬਣੇ, ਕੁਝ ਹੋਰ ਛੋਟੇ-ਮੋਟੇ ਧੰਦਿਆਂ ’ਚ। ਕੁੜੀਆਂ ਦੇ ਵਿਆਹ ਹੋ ਗਏ। ਅਗਾਂਹ ਕਾਲਜ ’ਚ ਨਾਲ ਪੜ੍ਹਨ ਵਾਲੇ ਵੀ, ਜਿਨ੍ਹਾਂ ਦੀ ਪਰਿਵਾਰਕ ਹੋਂਦ ਕੁਝ ਚੰਗੀ ਸੀ, ਉਹ ਤਾਂ ਨੌਕਰੀਆਂ ’ਤੇ ਜਾ ਲੱਗੇ ਜਾਂ ਅਮਰੀਕਾ, ਕੈਨੇਡਾ ਆਦਿ ਨੂੰ ਲੰਘ ਗਏ। ਕੁਝ ਅਧਿਆਪਕ, ਬੈਂਕਾਂ, ਫ਼ੌਜ ਜਾਂ ਹੋਰ ਸਰਕਾਰੀ ਅਦਾਰਿਆਂ ’ਚ ਜਾ ਸਕੇ, ਪਰ ਬਹੁਤ ਘੱਟ। ਵੱਡੀ ਗਿਣਤੀ ਨੂੰ ਮੁੜ-ਘਿੜ ਕੇ ਕਿਸਾਨੀ ’ਚ ਖਚਤ ਹੋਣਾ ਪਿਆ। ਉਨ੍ਹਾਂ ਦੀ ਹੋਂਦ ਨੂੰ ਮੈਂ ਪਲ-ਪਲ ‘ਖੁਰਦੇ’ ਦੇਖਿਆ ਹੈ, ਨਾ ਕੇਵਲ ਦੇਖਿਆ ਹੀ ਸਗੋਂ ਲੱਗਦਾ ਹੈ ਜਿਵੇਂ ਮੇਰਾ ਵੀ ਕੁਝ ਹਿੱਸਾ ਉਨ੍ਹਾਂ ਨਾਲ ਜੁੜ ਕੇ ਸਿਸਕ ਰਿਹਾ ਹੋਵੇ। ਉਨ੍ਹਾਂ ਨਾਲ ਮਿਲਦਿਆਂ, ਗੱਲਾਂ ਕਰਦਿਆਂ ਉਹ ਮੇਰੇ ਜ਼ਿਹਨ ’ਚ ਪ੍ਰੇਤਾਂ ਵਾਂਗ ਵਸਦੇ ਗਏ, ਮੈਨੂੰ ਵੰਗਾਰਦਿਆਂ, ‘ਸਾਡੀ ਹੋਣੀ ਨੂੰ ਲਿਖ।’ ਇਨ੍ਹਾਂ ਪ੍ਰੇਤਾਂ ਦਾ ਰਿਣ ਉਤਾਰੇ ਬਿਨਾਂ ਭਲਾ ਮੈਂ ਕਿਵੇਂ ਰਹਿ ਸਕਦਾ ਹਾਂ ਜਿਹੜੇ ਮੇਰੇ ਇੰਨੇ ਆਪਣੇ ਹਨ! ਆਪਣੀਆਂ ਕਹਾਣੀਆਂ, ਨਾਵਲਾਂ ’ਚ ਮੈਂ ਇਨ੍ਹਾਂ ਦੀ ਹੀ ਦਾਸਤਾਨ ਲਿਖ ਰਿਹਾ ਹਾਂ। ਇਸ ਦਾਸਤਾਨ ਦੇ ਅਨੇਕਾਂ ਪੱਖ ਹਨ। ਕਬਾਇਲੀ ਸਮਾਜ ਦੀ ਤਿੜਕਣ ਨੂੰ ਜਿਵੇਂ ਮਹਾਸ਼ਵੇਤਾ ਦੇਵੀ ਨੇ ਆਪਣੀਆਂ ਰਚਨਾਵਾਂ ‘ਚ ਫੜਿਆ, ਉਹ ਮੇਰਾ ਆਦਰਸ਼ ਹੈ।
ਕਿਸਾਨੀ ਇਕ ਵਰਗ ਵਜੋਂ, ਅੱਜ ਸਭ ਤੋਂ ਵੱਧ ਤੇਜ਼ੀ ਨਾਲ ਲਗਾਤਾਰ ਤਬਾਹੀ ਦੇ ਰਾਹ ਪਈ ਹੋਈ ਹੈ। ਅੱਜ ਦੀ ਕਿਸਾਨੀ ਉਹ ਨਹੀਂ ਜਿਹੜੀ ਸੱਤਰਵਿਆਂ ’ਚ ਹਰੇ ਇਨਕਲਾਬ ਦੀਆਂ ‘ਬਰਕਤਾਂ’ ਵੇਲੇ ‘ਮਾਲਾਮਾਲ’ ਹੋ ਰਹੀ ਸੀ। ਸੱਤਰਵਿਆਂ ਵਾਲੀ ਉਹ ਨਹੀਂ ਸੀ ਜਿਹੜੀ ਆਜ਼ਾਦੀ ਦੇ ਆਸ-ਪਾਸ ਪਿਤਾ ਪੁਰਖੀ ਪਰੰਪਰਾ ’ਚ ਤੁਰੀ ਆਉਂਦੀ ਸੀ। ਇਸ ਦੇ ਕੰਮ-ਧੰਦੇ ਪੂਰੀ ਤਰ੍ਹਾਂ ਬਦਲ ਚੁੱਕੇ ਹਨ ਜਾਂ ਕਿਹਾ ਜਾ ਸਕਦਾ ਹੈ ਕਿ ਛੋਟੇ ਕਿਸਾਨ ਕੋਲ ਹੱਥੀਂ ਕੁਝ ਕਰਨ ਲਈ ਬਚਿਆ ਹੀ ਨਹੀਂ। ਉਹ ਤਾਂ ਜਿਵੇਂ ਦਰਸ਼ਕ ਹੈ, ਦਰਸ਼ਕ ਵੀ ਓਪਰਾ। ਖੇਤ ਦੀ ਮਾਲਕੀ ਉਸ ਦੇ ਨਾਂ ਹੈ ਪਰ ਖੇਤ ’ਚ ਕੰਮ ਕਰਦੀ ਮਸ਼ੀਨਰੀ ਉਸ ਦੀ ਨਹੀਂ। ਇਹ ਇੰਨੀ ਮਹਿੰਗੀ ਹੈ ਕਿ ਉਹ ਖਰੀਦ ਹੀ ਨਹੀਂ ਸਕਦਾ, ਪਰ ਪੂਰੀ ਤਰ੍ਹਾਂ ਉਸ ’ਤੇ ਨਿਰਭਰ। ਨਾਵਲ ‘ਟਰਾਲੀ ਯੁੱਗ’ ’ਚ ਦਲੀਪ ਦੀ ਇਹੀ ਹੋਣੀ ਹੈ :
‘‘ਇੰਜਣ ਵਾਲੇ ਥੜੇ ’ਤੇ ਆ, ਉਹ ਉਥੇ ਪਏ ਫੱਟੇ ’ਤੇ ਬਹਿ ਗਿਆ। ਹੁਣ ਉਹ ਉਡੀਕ ਤੋਂ ਬਿਨਾਂ ਕੁਝ ਨਹੀਂ ਸੀ ਕਰ ਸਕਦਾ। ਫ਼ਸਲ ਪੱਕੀ ਹੋਈ ਸੀ ਪਰ ਉਹ ਵਿਹਲਾ ਬੈਠਾ ਸੀ ਕੰਬਾਈਨ ਦੀ ਉਡੀਕ ’ਚ। ਕੰਬਾਈਨ ਨੇ ਵੱਢਣੀ ਸੀ, ਉਸ ਨੇ ਹੀ ਟਰਾਲੀ ’ਚ ਢੇਰੀ ਕਰਨੀ ਸੀ ਤੇ ਟਰਾਲੀ ਸਿੱਧੀ ਮੰਡੀ ’ਚ। ਹਰ ਗੱਲ ਦੇ ਪੈਸੇ ਲੱਗਦੇ; ਵੱਢਣ ਦੇ, ਮੰਡੀ ’ਚ ਖੜ੍ਹਨ ਦੇ। ਘਰ ਖਾਣ ਲਈ ਰੱਖਣ ਵਾਲੀ ਵੀ ਪਹਿਲਾਂ ਮੰਡੀ ’ਚ ਜਾਣੀ ਸੀ। ਉੱਥੋਂ ਛਾਨਣਾ ਲੁਆ ਕੇ ਸਾਫ਼ ਹੋਣ ਤੋਂ ਬਾਅਦ ਪੰਜ-ਛੇ ਬੋਰੀਆਂ ਘਰ ਆਉਣੀਆਂ ਸਨ। ਬਿਲਕੁਲ ਵਿਹਲੇ ਹੋ ਗਏ ਹੱਥ, ਮੁਕੰਮਲ ਵਿਹਲੇ। ਹੱਥਾਂ ਦਾ ਕੰਮ ਮਸ਼ੀਨ ਨੇ ਸਾਂਭ ਲਿਆ ਸੀ। ਉਹ ਹੱਥਾਂ ਨਾਲੋਂ ਛੇਤੀ ਵੀ ਕਰਦੀ ਤੇ ਸਾਫ਼-ਸਫ਼ਾਈ ਨਾਲ ਵੀ। ਪਰ ਉਹ ਪੈਸਿਆਂ ਨਾਲ ਹੀ ਖ਼ਰੀਦੀ ਜਾ ਸਕਦੀ ਸੀ, ਪੈਸਿਆਂ ਨਾਲ ਹੀ ਕਿਰਾਏ ’ਤੇ ਆਉਂਦੀ। ਅਗਾਂਹ ਇਹ ਵੀ ਕਿ ਕਿੰਨਾ ਕੰਮ ਮਿਲਣਾ। ਗਰੀਬ ਬੰਦੇ ਦੀ ਜ਼ਮੀਨ ਵਾਹੀ ਜਾਂ ਵਾਢੀ ਉਦੋਂ ਹੀ ਹੁੰਦੀ ਜਦੋਂ ਵੱਡਾ ਕੰਮ ਹੱਥ ’ਚ ਨਾ ਹੁੰਦਾ। ਪੂੰਜੀ ਨੇ ਹੱਥ ਵੀ ਵਿਹਲੇ ਕਰ ਦਿੱਤੇ ਸਨ ਤੇ ਕਿਰਤ ਵੀ। ਵਿਹਲੇ ਹੋਏ ਹੱਥ ਤੇ ਕਿਰਤ ਅਗਾਂਹ ਨਵੀਆਂ ਬੇਬਸੀਆਂ ਨੂੰ ਜਨਮ ਦੇ ਰਹੇ ਸਨ, ਇਕ ਨਿਰੰਤਰ ਤੁਰਦੀ ਹੋਈ ਦੁਖਾਂਤਾਂ ਦੀ ਲੜੀ।’’
ਕੋਸ਼ਿਸ਼ ਹੈ ਕਿ ਪਿੰਡ ਤੇ ਕਿਸਾਨੀ ’ਚ ਪਲ-ਪਲ ਵਾਪਰ ਰਹੀ ਤਬਦੀਲੀ ਤੇ ਇਸ ਦੀ ਸਿਸਕਣ ਨੂੰ ਚਿਤਰ ਸਕਾਂ, ਇਸ ਦੇ ਦਰਦ ਨੂੰ ਜ਼ੁਬਾਨ ਦੇ ਸਕਾਂ। ਇਸ ਦੁਖਾਂਤ ਦੇ ਆਰਥਕ ਪਾਸਾਰ ਸਪੱਸ਼ਟ ਹਨ ਪਰ ਸੱਭਿਆਚਾਰਕ ਤੇ ਪਰਿਵਾਰਕ ਕੁਝ ਕੁ ਲੁਪਤ। ਬੇਬੱਸੀ ਦਾ ਦੁਖਾਂਤ ਭੋਗਦੇ ਜੀਅ। ਕੰਮ ਹੋਵੇ ਤਾਂ ਉਸ ’ਚ ਰੁੱਝਿਆ ਬੰਦਾ, ਕੁਝ ਚਿਰ ਲਈ ਹੀ ਸਹੀ, ਦੁਖਾਂਤ ਭੁੱਲ ਜਾਂਦਾ ਹੈ, ਪਰ ਵਿਹਲਾ ਬੰਦਾ ਹਰ ਪਲ ਇਸੇ ਬੇਵੱਸੀ ਦੀ ਘੁੰਮਣਘੇਰੀ ’ਚ ਤੜਪਦਾ ਰਹਿੰਦਾ ਹੈ।
ਲੇਖਕ ਦਾ ਕੰਮ ਆਪਣੇ ਦੌਰ ਨੂੰ ਇਮਾਨਦਾਰੀ ਨਾਲ ਚਿਤਰਨਾ ਹੁੰਦਾ ਹੈ। ਭਾਵੇਂ ਉਹ ਆਪਣੀਆਂ ਲਿਖਤਾਂ ਨਾਲ ਨਾ ਕਿਸੇ ਵਰਤਾਰੇ ਦੇ ਹੜ੍ਹ ਨੂੰ ਰੋਕ ਸਕਦਾ, ਨਾ ਹੀ ਕੋਈ ਵੱਡੀ ਵਿੱਢ ਮਾਰ ਸਕਦਾ ਹੈ, ਪਰ ਉਸ ਦਰਦ ਦਾ ਗਵਾਹ ਬਣ ਸਕਦਾ ਹੈ ਜੋ ਕਿਸੇ ਦੌਰ ’ਚ ਬਦਲਾਅ ਸਿਰਜ ਰਿਹਾ ਹੁੰਦਾ ਹੈ। ਇਸ ਦੀ ਮਿਸਾਲ ਸੰਤੋਖ ਸਿੰਘ ਧੀਰ ਦੀ ‘ਕੋਈ ਇਕ ਸਵਾਰ’ ਹੈ। ਮਸ਼ੀਨੀ ਯੁੱਗ ’ਚ ਮੋਟਰ-ਗੱਡੀਆਂ ਦੇ ਆਉਣ ਨਾਲ ਟਾਂਗੇ ਬਚ ਨਹੀਂ ਸਨ ਸਕਦੇ, ਪਰ ਇਸ ਬਦਲਾਅ ਨੇ ਰਵਾਇਤੀ ਸਮਾਜ ’ਚ ਤਰਥੱਲੀ ਮਚਾਈ ਜਿਸ ਨੂੰ ਧੀਰ ਨੇ ਬਾਰੂ ਟਾਂਗੇ ਵਾਲੇ ਦੇ ਪਾਤਰ ਰਾਹੀਂ ‘ਯੁੱਗ ਦਸਤਾਵੇਜ਼’ ਬਣਾ ਦਿੱਤਾ। ਗੁਰਮੁਖ ਸਿੰਘ ਮੁਸਾਫ਼ਰ ਦੀ ‘ਬਲੜ੍ਹਵਾਲ’, ਸੰਤ ਸਿੰਘ ਸੇਖੋਂ ਦੀ ‘ਹਲਵਾਹ’, ਕੁਲਵੰਤ ਸਿੰਘ ਵਿਰਕ ਦੀ ‘ਤੂੜੀ ਦੀ ਪੰਡ’ ਤੇ ਅਨੇਕਾਂ ਹੋਰ ਇਸ ਦੀਆਂ ਉਦਾਹਰਨਾਂ ਹਨ। ਇਨ੍ਹਾਂ ਵਿਚ ਸਿਰਫ਼ ਪਾਤਰਾਂ ਦਾ ਦਰਦ ਨਹੀਂ, ਆਪਣੇ ਯੁੱਗ ਦਾ ਦਰਦ ਵੀ ਹੈ।
ਰਵਾਇਤੀ ਸਮਾਜ ਬੜੀ ਤੇਜ਼ੀ ਨਾਲ ਟੁੱਟ ਰਹੇ ਹਨ ਤੇ ਨਵਾਂ ਕਾਰਪੋਰੇਟ ਖਪਤਵਾਦੀ ਯੁੱਗ ਓਨੀ ਹੀ ਤੇਜ਼ੀ ਨਾਲ ਹਾਵੀ ਹੋ ਰਿਹਾ ਹੈ। ਇਸ ਬਦਲਾਅ ’ਚ ਹਰ ਵਰਗ ਦਰਦ ਹੰਢਾ ਰਿਹਾ ਹੈ, ਪਰ ਛੋਟੀ ਤੇ ਦਰਮਿਆਨੀ ਕਿਸਾਨੀ, ਖੇਤ ਮਜ਼ਦੂਰ, ਛੋਟੇ ਦੁਕਾਨਦਾਰ, ਛੋਟੇ-ਮੋਟੇ ਢਾਬੇ-ਹੋਟਲਾਂ ਵਾਲੇ, ਵੈਦ ਹਕੀਮ, ਮੋਚੀ, ਰੇੜਿਆਂ ਸਾਈਕਲਾਂ ਨੂੰ ਪੈਂਚਰ ਲਾਉਣ, ਫੇਰੀਆਂ ਵਾਲੇ ਜਿਹੇ ਛੋਟੇ-ਮੋਟੇ ਧੰਦੇ ਤੇਜ਼ੀ ਨਾਲ ਮੁੱਕ ਰਹੇ ਹਨ। ਇਨ੍ਹਾਂ ਕਿਰਤੀਆਂ ’ਚ ਕਿਸਾਨੀ ਸਭ ਤੋਂ ਵੱਡਾ ਤੇ ਵਿਸ਼ਾਲ ਵਰਗ ਹੈ। 2011 ਦੀ ਜਨਗਣਨਾ ਦੇ ਅੰਕੜਿਆਂ ਮੁਤਾਬਿਕ ਪੰਜਾਬ ’ਚ 12581 ਪਿੰਡ ਹਨ ਤੇ ਭਾਰਤ ਵਿੱਚ 664309। ਭਾਰਤ ਦੀ 64 ਫ਼ੀਸਦੀ ਵਸੋਂ ਪਿੰਡਾਂ ’ਚ ਰਹਿੰਦੀ ਹੈ। ਪਿੰਡਾਂ ’ਚ ਰਹਿਣ ਵਾਲੀ ਇਹ ਵਸੋਂ ਖੇਤੀ ਜਾਂ ਇਸ ਨਾਲ ਜੁੜੇ ਸਹਾਇਕ ਧੰਦਿਆਂ ’ਤੇ ਨਿਰਭਰ ਹੈ। ਪੰਜਾਬ ਦੀ ਪਿੰਡਾਂ ’ਚ ਰਹਿੰਦੀ ਵਸੋਂ 62 ਫ਼ੀਸਦੀ ਹੈ, ਪਰ ਦੁਖਾਂਤ ਇਹ ਹੈ ਕਿ ਕਸਬਿਆਂ ਜਾਂ ਸ਼ਹਿਰਾਂ ’ਚ ਰਹਿੰਦੀ ਬਹੁਤੀ ਵਸੋਂ ਵੀ ਖੇਤੀ ਜਾਂ ਇਸ ਨਾਲ ਜੁੜੇ ਧੰਦਿਆਂ/ਕਾਰੋਬਾਰ ’ਤੇ ਨਿਰਭਰ ਹੈ। ਇਉਂ ਅਮਲੀ ਰੂਪ ’ਚ ਇਹ ਪ੍ਰਤੀਸ਼ਤ ਭਾਰਤ ਨਾਲੋਂ ਕਾਫ਼ੀ ਵੱਧ ਬਣਦੀ ਹੈ। ਜਦੋਂ ਲਗਪਗ ਦੋ-ਤਿਹਾਈ ਤੋਂ ਵੱਧ ਵਸੋਂ ਨਵੇਂ ਕਾਰਪੋਰੇਟ ਵਿਕਾਸ ਮਾਡਲ ਦੇ ਜਬਾੜਿਆਂ ਹੇਠ ਪੀਸੀ ਜਾ ਰਹੀ ਹੋਵੇ ਤਾਂ ਇਸ ਖਿੱਤੇ ਦਾ ਕੋਈ ਲੇਖਕ ਇਸ ਪੀੜਤ ਧਿਰ ਤੋਂ ਕਿਵੇਂ ਅੱਖਾਂ ਮੀਟ ਸਕਦਾ ਹੈ? ਸਿਸਕ ਰਹੇ ਲੋਕ ਜ਼ਿੰਦਗੀ ਲਈ ਕਿਵੇਂ ਤਾਂਘਦੇ ਹਨ, ਕਿਵੇਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ’ਤੇ ਰੀਝਦੇ ਹਨ। ਉਨ੍ਹਾਂ ਦੇ ਸੁਪਨਿਆਂ ਦੇ ਅੰਬਰ ਛੋਟੇ ਹੀ ਸਹੀ, ਪਰ ਹਨ ਤਾਂ ਜ਼ਰੂਰ! ਸੁਪਨਿਆਂ ਦੇ ਇਨ੍ਹਾਂ ਅੰਬਰਾਂ ਦੀ ਬਾਤ ਪਾਉਣੀ ਮੇਰੀ ਹੋਣੀ ਬਣ ਚੁੱਕੀ ਹੈ। ਤ੍ਰੈ-ਲੜੀ ‘ਖੇਤਾਂ ਦਾ ਰੁਦਨ’ ਤੇ ‘ਸਿਆੜਾਂ ਦੀ ਕਰਵਟ’ ਵਿਚ ਪ੍ਰੋਫੈਸਰ ਰਵਿੰਦਰ ਇਨ੍ਹਾਂ ਸੁਪਨਿਆਂ ਲਈ ਤਾਂਘਦਾ ਤਿਲ-ਤਿਲ ਕਰਕੇ ਮਰਦਾ ਹੈ ਜਿਨ੍ਹਾਂ ਤੋਂ ਪਾਰ ਜਾਣ ਦਾ ਉਸ ਕੋਲ ਰਾਹ ਨਹੀਂ। ਇਹ ਸੀਮਾਵਾਂ ਇਸ ਲੜੀ ਦੇ ਅਗਲੇ ਭਾਗ ‘ਟਰਾਲੀ ਯੁੱਗ’ ’ਚ ਆ ਕੇ ਨਵੇਂ ਦਿਸਹੱਦੇ ਸਿਰਜਦੀਆਂ ਹਨ ਜਿਨ੍ਹਾਂ ਦੇ ਵਾਹਕ ਪ੍ਰੋਫੈਸਰ ਰਵਿੰਦਰ ਦੇ ਸ਼ਾਗਿਰਦ ਸਿਮਰ ਤੇ ਮਨਿੰਦਰ ਬਣਦੇ ਹਨ।
ਕਾਰਪੋਰੇਟਾਂ ਦਾ ਖੇਤੀ ਖੇਤਰ ’ਚ ਦਾਖਲਾ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਹੋਣੀ ’ਤੇ ਆਖ਼ਰੀ ਦਸਤਖਤ ਹਨ, ਉਸ ਨੇ ਮੁੱਕਣਾ ਹੀ ਮੁੱਕਣਾ ਹੈ। ਵੱਡੀ ਕਿਸਾਨੀ ਵੀ ਉਹੀ ਬਚੇਗੀ ਜਿਹੜੀ ਕਾਰਪੋਰੇਟ ਦੇ ਏਜੰਟ ਦੇ ਰੂਪ ’ਚ ਬਦਲ ਜਾਵੇਗੀ। ਇਸ ਤਬਦੀਲੀ ਨਾਲ ਪਿੰਡ ਵੀ ਬਦਲ ਜਾਵੇਗਾ। ਕੁਝ ਤਾਂ ਬਦਲ ਵੀ ਚੁੱਕਾ ਹੈ। ਅੱਜ ਦਾ ਪੰਜਾਬੀ ਪਿੰਡ ਉਹ ਰਵਾਇਤੀ ਪਿੰਡ ਨਹੀਂ ਰਿਹਾ ਜਿਸ ਦਾ ਅਕਸ ਸਾਡੇ ਮਨਾਂ ’ਚ ਖੁਣਿਆ ਹੋਇਆ ਹੈ। ਪਿੰਡ ਸ਼ਬਦ ਨਾਲ ਜਿਹੜੀ ਰਵਾਇਤ ਦੀ ਤਸਵੀਰ ਉੱਭਰਦੀ ਹੈ, ਉਹ ਕਦੋਂ ਦਾ ਕਸਬਾਈ ਜੀਵਨ ਜਾਚ ’ਚ ਬਦਲ ਚੁੱਕਾ ਹੈ। ਉਸ ’ਚ ਭਾਈਚਾਰੇ ਦੀ ਥਾਂ ਨਿੱਜ ਭਾਰੂ ਹੈ। ਕਸਬਿਆਂ ਜਾਂ ਮਹਾਂਨਗਰਾਂ ਵਾਂਗ ਹੀ ਜੀਵਨ ਜਾਚ ਘਰ ਦੀ ਚਾਰਦੀਵਾਰੀ ਅੰਦਰ ਸੁੰਗੜ ਚੁੱਕੀ ਹੈ। ਜਿਨ੍ਹਾਂ ਕੋਲ ਸਾਧਨ ਹਨ, ਉਹ ਮਹਾਂਨਗਰਾਂ ਵਾਲੀ ਜੀਵਨ ਜਾਚ ’ਚ ਢਲ ਚੁੱਕੇ ਹਨ ਤੇ ਸਾਧਨਹੀਣ ਨਸ਼ੇੜੀ ਬਣਦੇ ਹੋਏ ਰਾਜਸੀ ਪਾਰਟੀਆਂ ਦੇ ਇਸ਼ਾਰੇ ’ਤੇ ਹੋ-ਹੱਲਾ ਕਰਨ ਵਾਲੀਆਂ ਭੀੜਾਂ, ਗੈਂਗਸਟਰਾਂ ’ਚ ਵਟਦੇ ਹਨ ਜਾਂ ਫਿਰ ਭੁੱਖਮਰੀ ਵੱਲ ਵਧਦੇ ਹੋਏ ਮਜ਼ਦੂਰ ਕਿਉਂਕਿ ਮਜ਼ਦੂਰੀ ਪਿੰਡ ’ਚ ਹੈ ਨਹੀਂ। ਦਿੱਲੀ ਦਾ ਕਿਸਾਨ ਅੰਦੋਲਨ ਇਸ ਮਰਨਹਾਰ ਜਮਾਤ ’ਤੇ ਪਿੰਡ ਦੀ ਸ਼ਾਇਦ ਆਖ਼ਰੀ ਹਿਚਕੀ ਸੀ। ਕੁਝ ਕਿਸਾਨਾਂ ਨੇ ਪਿੰਡਾਂ ’ਚ ਆ ਕੇ ਆਪਣੀ ਫ਼ਸਲ ਵੇਚਣ ਲਈ ਟਰਾਲੀਆਂ ਦੇ ਮੂੰਹ ਅਡਾਨੀ ਦੇ ਭੰਡਾਰਨ-ਘਰਾਂ ਵੱਲ ਕਰ ਲਏ ਸਨ। ਜੇ ਕਾਰਪੋਰੇਟ ਮੰਡੀ ਨੇ ਇੱਥੇ ਆ ਹੀ ਜਾਣਾ ਹੈ ਤਾਂ ਉਸ ਨਾਲ ਉਤਾਪਾਦਨ ਦਾ ਢਾਂਚਾ ਬਦਲਣ ਤੋਂ ਰੋਕਿਆ ਨਹੀਂ ਜਾ ਸਕਦਾ। ਫਿਰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਹ ਕਿਸ ਟੈਗ ਦੇ ਨਾਂ ਹੇਠ ਇਸ ਖੇਤਰ ’ਚ ਕੰਮ ਕਰਦੀ ਹੈ।
ਇਸ ਨੂੰ ਹਰੇ ਇਨਕਲਾਬ ਦੀ ਆਮਦ ਨਾਲ ਹੋਈ ਤਬਦੀਲੀ ਤੋਂ ਵਧੇਰੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਹਰਾ ਇਨਕਲਾਬ ਇਸ ਖਿੱਤੇ ’ਚ ਖੇਤੀ ਦੇ ਖੇਤਰ ਵਿਚ ਪੂੰਜੀ ਤੇ ਮਸ਼ੀਨ ਦੀ ਦਖਲਅੰਦਾਜ਼ੀ ਸ਼ੁਰੂ ਹੋਣ ਦਾ ਦੌਰ ਸੀ। ਉਂਜ ਇਸ ਨੂੰ ਨਵੇਂ ਬੀਜ, ਰਸਾਇਣੀ ਖਾਦਾਂ, ਵੱਧ ਝਾੜ ਅਤੇ ਇਸ ਨਾਲ ਕਿਸਾਨ ਦੀ ਜ਼ਿੰਦਗੀ ’ਚ ਆਉਣ ਵਾਲੀ ਖੁਸ਼ਹਾਲੀ ਦੇ ਰੂਪ ਵਿਚ ਪ੍ਰਚਾਰਿਆ ਗਿਆ ਸੀ। ਇਸ ਦੇ ਪਹਿਲੇ ਦਹਾਕੇ, ਡੇਢ ਦਹਾਕੇ ਦੇ ਉਭਾਰ ਤੋਂ ਬਾਅਦ ਛੋਟੀ ਤੇ ਦਰਮਿਆਨੀ ਕਿਸਾਨੀ ਦਾ ਜੋ ਹਾਲ ਹੋਇਆ, ਉਹ ਸਭ ਦੇ ਸਾਹਮਣੇ ਹੈ। ਬੈਂਕਾਂ ਦੇ ਕਰਜ਼ਿਆਂ ਦਾ ਜਾਲ, ਜ਼ਮੀਨ ਵਿਕਣ ਤੇ ਬੇਜ਼ਮੀਨੇ ਹੋਣ ਦੀ ਪ੍ਰਕਿਰਿਆ, ਆਤਮ-ਹੱਤਿਆਵਾਂ ਇਸ ਨਾਲ ਹੀ ਪਿੰਡ ’ਚ ਆਈਆਂ, ਤੇ ਇਨ੍ਹਾਂ ਦੀ ਹੋਂਦ ਪੱਕੀ ਤਰ੍ਹਾਂ ਪਿੰਡ ਨਾਲ ਜੁੜ ਗਈ। ਨਵੀਂ ਆ ਰਹੀ ਤਬਦੀਲੀ, ਕਾਰਪੋਰੇਟਾਂ ਦਾ ਇਸ ਖੇਤਰ ’ਚ ਦਾਖਲਾ, ਉਤਪਾਦਨ ਤੇ ਮੰਡੀਕਰਨ ਦਾ ਸਮੁੱਚਾ ਪੈਟਰਨ ਹੀ ਬਦਲ ਦੇਵੇਗਾ। ਨਾ ਸਿਰਫ਼ ਖੇਤੀ ਵਿਭਿੰਨਤਾ ਮੁੱਕ ਜਾਵੇਗੀ ਸਗੋਂ ਹਰ ਥਾਂ ਮੰਡੀ ਹਾਜ਼ਰ ਹੋਵੇਗੀ, ਮੰਡੀ ਲਈ ਪੈਦਾਵਾਰ ਹੋਵੇਗੀ। ਘਰ ’ਚ ਕੀ ਖਾਣਾ ਹੈ, ਉਹ ਮੰਡੀ ’ਚੋਂ ਆਵੇਗਾ। ਪੂੰਜੀ ਦੀ ਚਮਕ-ਦਮਕ ਤੋਂ ਕੁਝ ਵੀ ਅਛੂਤਾ ਨਹੀਂ ਰਹਿ ਸਕੇਗਾ। ਆਧੁਨਿਕਤਾ ਦਾ ਅਰਥ ਸੰਪੰਨ ਵਰਗਾਂ ’ਚ ਆ ਰਹੇ ਜਿਊਣ-ਸਲੀਕੇ ਦੇ ਬਦਲਾਅ ਹੀ ਨਹੀਂ ਹੁੰਦੇ, ਸਾਧਨ-ਵਿਹੂਣੇ ਵਰਗਾਂ ਦੀ ਬੇਵੱਸੀ ਵੀ ਹੁੰਦੀ ਹੈ ਜਿਹੜੇ ਬਦਲਦੀ ਅਰਥ ਵਿਵਸਥਾ ’ਚ ਹਾਸ਼ੀਏ ਤੋਂ ਵੀ ਬਾਹਰ ਧੱਕੇ ਜਾ ਰਹੇ ਹਨ। ਹਾਸ਼ੀਏ ਤੋਂ ਬਾਹਰ ਧੱਕੇ ਜਾ ਰਹੇ ਲੋਕਾਂ ਦੇ ਮਾਨਸਿਕ, ਪਰਿਵਾਰਕ, ਆਰਥਿਕ ਰਿਸ਼ਤਿਆਂ ’ਚ ਆ ਰਹੇ ਬਦਲਾਅ ਮੇਰੀ ਪਹਿਲ ਹਨ। ਬਿਨਾਂ ਪ੍ਰਸੰਗਿਕਤਾ ਦੇ ਫੈਸ਼ਨ ਵਜੋਂ ਆਧੁਨਿਕਤਾ ਦਾ ਲੇਬਲ ਲਾਉਣ ਦਾ ਨਾ ਕੋਈ ਇਰਾਦਾ ਹੈ ਤੇ ਨਾ ਹੀ ਬਾਹਰਲੇ ਸਾਹਿਤ ਦੀ ਨਕਲ ਜਾਂ ਉਸ ਦੇ ਚਰਬੇ ਨੂੰ ਪੰਜਾਬੀ ਨਾਵਾਂ-ਥਾਵਾਂ ਦਾ ਫੇਰ-ਬਦਲ ਕਰਕੇ ਪੇਸ਼ ਕਰਨਾ, ਤੇ ਇਸ ਦੇ ਸਿਰ ’ਤੇ ਚਰਚਾ ਚਮਕਾਉਣ ਦੀ ਖ਼ੁਆਹਿਸ਼। ਬਾਬਾ ਨਾਨਕ ਦੇ ਕਥਨ ਮੇਰੀ ਅਗਵਾਈ ਕਰਦੇ ਹਨ :
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।।
ਇਨ੍ਹਾਂ ਕਥਨਾਂ ਦੀ ਸੇਧ ’ਚ ਆਪਣੀ ਜ਼ਿੰਦਗੀ ਨੂੰ ਇਕਸੁਰ ਕਰਕੇ ਤੁਰਨ ਵਾਲਿਆਂ ਦੀਆਂ ਪੰਜਾਬ ’ਚ ਬੜੀਆਂ ਅਮੀਰ ਰਵਾਇਤਾਂ ਹਨ। ਬੀਤੀ ਸਦੀ ਵਿਚ ਹੀ ਸ਼ਹੀਦ ਭਗਤ ਸਿੰਘ, ਭਗਤ ਪੂਰਨ ਸਿੰਘ, ਬਾਬਾ ਖੜਕ ਸਿੰਘ, ਗਿਆਨੀ ਕਰਤਾਰ ਸਿੰਘ, ਬਾਬਾ ਜਵਾਲਾ ਸਿੰਘ ਠੱਠੀਆਂ, ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫ਼ੱਕਰ, ਸਤਪਾਲ ਡਾਂਗ ਵਰਗੇ ਅਨੇਕਾਂ ਪੂੰਜੀ ਤੇ ਖਪਤ ਦੀ ਹਨੇਰੀ ਖਿਲਾਫ਼ ਸਾਡਾ ਰਾਹ ਰੁਸ਼ਨਾਉਂਦੇ ਰਹੇ ਹਨ। ਅਜਿਹੇ ਨਾਇਕਾਂ ’ਤੇ ਧਿਆਨ ਕੇਂਦਰਿਤ ਕਰ ਕੇ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਉਭਾਰਨਾ ਮੇਰੀ ਰਚਨਾਤਮਕ ਸਮਝ ਦਾ ਧੁਰਾ ਹੈ।
ਸੰਪਰਕ : 95309-44345

ਪੱਤਰਕਾਰਤਾ ਦਾ ਫ਼ਕੀਰ - ਬਲਬੀਰ ਪਰਵਾਨਾ

ਬਾਬਾ ਬੰਨੋਆਣਾ ਜਾਂ ਗੁਰਬਖਸ਼ ਸਿੰਘ ਬੰਨੋਆਣਾ ਸਿਰਫ਼ ਇਕ ਵਿਅਕਤੀ ਨਹੀਂ, ਚਲਦੀ-ਫਿਰਦੀ ਸੰਸਥਾ ਸੀ। ਜਲੰਧਰ ’ਚ ਪੱਤਰਕਾਰਤਾ, ਸਾਹਿਤ, ਸਭਿਆਚਾਰਕ ਹਲਕਿਆਂ ’ਚ ਕੋਈ ਮੀਟਿੰਗ ਜਾਂ ਸਮਾਗਮ ਅਜਿਹਾ ਨਹੀਂ ਸੀ ਹੁੰਦਾ ਜਿੱਥੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਉਨ੍ਹਾਂ ਦਾ ਕੋਈ ਦਖ਼ਲ ਨਾ ਹੁੰਦਾ ਹੋਵੇ। ਮੇਰੀ ਉਨ੍ਹਾਂ ਨਾਲ ਪਹਿਲੀ ਮੁਲਾਕਾਤ ਨਾਟਕੀ ਅੰਦਾਜ਼ ’ਚ ਹੋਈ। ਮੈਂ ਉਨ੍ਹਾਂ ਦਿਨਾਂ ’ਚ ਨਵਾਂ-ਨਵਾਂ ‘ਲੋਕ ਲਹਿਰ’ ’ਚ ਗਿਆ ਸੀ। ਇਹ ਸ਼ਾਇਦ 1981 ਦੇ ਅਖੀਰ ਜਾਂ 1982 ਦੇ ਸ਼ੁਰੂ ਦੀ ਗੱਲ ਹੈ। ਇਕ ਦਿਨ ਅਸੀਂ ਨਿਊਜ਼-ਟੇਬਲ ’ਤੇ ਬੈਠੇ ਕੰਮ ਕਰ ਰਹੇ ਸੀ। ਕਾਮਰੇਡ ਸੁਹੇਲ ਸਿੰਘ ਨਿਊਜ਼-ਰੂਮ ਦੇ ਉਸ ਇਕੋ-ਇਕ ਕਮਰੇ ਦੇ ਬਾਹਰ ਧੁੱਪੇ ਕੁਰਸੀ ’ਤੇ ਬੈਠੇ ਸੰਪਾਦਕੀ ਲਿਖ ਰਹੇ ਸਨ ਕਿ ਲੌਢੇ ਕੁ ਵੇਲੇ ਬਾਬਾ ਜੀ ਆਏ। ਕਾਮਰੇਡ ਸੁਹੇਲ ਸੰਪਾਦਕੀ ਲਿਖਣਾ ਛੱਡ ਕੇ ਉਨ੍ਹਾਂ ਨਾਲ ਗੱਲੀਂ ਪੈ ਗਏ ਜਿਹੜੀਆਂ ਛੇਤੀ ਹੀ ਬਹਿਸ ’ਚ ਬਦਲ ਗਈਆਂ। ਗੱਲ ਸੁਹੇਲ ਦੇ ਉਸ ਦਿਨ ਛਪੇ ਸੰਪਾਦਕੀ ਬਾਰੇ ਹੋ ਰਹੀ ਸੀ। ਜਿਉਂ-ਜਿਉਂ ਬਹਿਸ ਭਖਦੀ ਗਈ, ਬਾਬਾ ਜੀ ਦੀ ਆਵਾਜ਼ ਵੀ ਉੱਚੀ ਹੁੰਦੀ ਗਈ; ਲੱਗੇ ਕਿ ਹੁਣ ਵੀ ਲੜੇ, ਹੁਣ ਵੀ ਲੜੇ। ਸੁਹੇਲ ਆਪਣੇ ਸਹਿਜ ਅੰਦਾਜ਼ ’ਚ ਰਿਹਾ। ਬਹਿਸ ਦਾ ਮੁੱਦਾ ਸੀ, ਬਾਬਾ ਜੀ ਉਸ ਦਿਨ ਦੇ ਛਪੇ ਸੰਪਾਦਕੀ ਬਾਰੇ ਉਸ ਦੀ ਨਿੱਜੀ ਰਾਇ ਜਾਣਨਾ ਚਾਹੁੰਦੇ ਸਨ ਜਦੋਂਕਿ ਸੁਹੇਲ ਪਾਰਟੀ ਲਾਈਨ ਅਨੁਸਾਰ ਲਿਖੇ ਨੂੰ ਸਹੀ ਠਹਿਰਾ ਰਿਹਾ ਸੀ। ਬਾਬਾ ਜੀ ਪੂਰੇ ਜਜ਼ਬਾਤੀ ਹੋ ਕੇ ਤਲਖ਼ੀ ਨਾਲ ਦਲੀਲ ’ਤੇ ਦਲੀਲ ਦੇ ਰਹੇ ਸਨ ਕਿ ਇੰਨੇ ਨੂੰ ਚਾਹ ਆ ਗਈ। ਉਨ੍ਹਾਂ ਦੀ ਗੱਲ ਨੂੰ ਵਿਚੋਂ ਟੋਕਦਿਆਂ ਕਾਮਰੇਡ ਸੁਹੇਲ ਨੇ ਕਿਹਾ, ‘‘ਲਓ ਬਾਬਾ ਜੀ, ਨਾਲ-ਨਾਲ ਚਾਹ ਦੇ ਘੁੱਟ ਵੀ ਭਰੀ ਜਾਓ।’’
‘‘ਨਹੀਂ, ਮੈਂ ਝੂਠੇ ਬੰਦੇ ਦੀ ਚਾਹ ਨਹੀਂ ਪੀਣੀ!’’ ਉਨ੍ਹਾਂ ਨੇ ਉਸੇ ਤਲਖ਼ੀ ਨਾਲ ਕਿਹਾ ਤਾਂ ਸੁਹੇਲ ਨੇ ਹੱਸ ਕੇ ਜੁਆਬ ਦਿੱਤਾ, ‘‘ਬਾਬਾ ਜੀ, ਕਿਉਂ ਮੈਨੂੰ ਪਾਰਟੀ ’ਚੋਂ ਕਢਾਉਣਾ ਚਾਹੁੰਦੇ ਹੋ? ਮੇਰੀ ਨਿੱਜੀ ਰਾਇ ਦਾ ਤੁਹਾਨੂੰ ਵੀ ਪਤਾ ਹੀ ਹੈ!’’ ਉਸ ਦੇ ਇੰਨਾ ਕਹਿੰਦਿਆਂ ਹੀ ਬਾਬਾ ਜੀ ਇਕਦਮ ਨਰਮ ਪੈ ਗਏ ਤੇ ਹੱਸ ਕੇ ਚਾਹ ਦਾ ਕੱਪ ਫੜ ਲਿਆ, ‘‘ਬਸ, ਮੈਨੂੰ ਮੇਰਾ ਜੁਆਬ ਮਿਲ ਗਿਆ।’’
ਚਾਹ ਪੀ ਕੇ ਉਹ ਅੰਦਰ ਆਏ। ਸੰਪਾਦਕੀ ਸਟਾਫ਼ ਦੇ ਬਾਕੀਆਂ ਨੂੰ ਉਹ ਪਹਿਲਾਂ ਹੀ ਜਾਣਦੇ ਸਨ। ਮੈਂ ਹੀ ਨਵਾਂ ਸੀ। ਮੇਰੀ ਸੁਹੇਲ ਨੇ ਉਨ੍ਹਾਂ ਨਾਲ ਜਾਣ-ਪਛਾਣ ਕਰਵਾਈ, ‘‘ਇਹ ਹੈ ਬਲਬੀਰ ਪਰਵਾਨਾ, ਕਵੀ, ਕਹਾਣੀਕਾਰ... ਅੱਜਕੱਲ੍ਹ ਸਾਡੇ ਸਟਾਫ਼ ‘ਚ ਆ ਗਿਆ ਹੈ।’’
ਬਾਬਾ ਜੀ ਬੜੇ ਨਿੱਘ ਨਾਲ ਮਿਲੇ। ਨਾ ਕੇਵਲ ਮਿਲੇ ਹੀ ਸਗੋਂ ਪੂਰਾ ਥਾਪੜਾ ਦਿੱਤਾ। ‘ਨਵਾਂ ਜ਼ਮਾਨਾ’ ’ਚ ਭਾਵੇਂ ਮੈਂ 1977-78 ਤੋਂ ਜਾ ਰਿਹਾ ਸਾਂ, ਪਰ ਅਗਾਂਹ ਸੰਪਾਦਕੀ ਕਮਰੇ ਤੱਕ ਕਦੇ ਨਾ ਗਿਆ ਜਿੱਥੇ ਆਨੰਦ ਹੋਰੀਂ ਬਹਿੰਦੇ ਸਨ। ਬਾਬਾ ਬੰਨੋਆਣਾ ਤੇ ਕਾਮਰੇਡ ਮਨੋਹਰ ਲਾਲ ਵੀ। ਬਾਬਾ ਜੀ ਦੇ ਨਿੱਘ ਭਰੇ ਸੱਦੇ ਨਾਲ, ਹੁਣ ਮੈਂ ‘ਨਵਾਂ ਜ਼ਮਾਨਾ’ ਵੱਲ ਗਿਆ, ਉਨ੍ਹਾਂ ਦੇ ਕਮਰੇ ਤੱਕ ਵੀ ਜਾਣ ਲੱਗਾ। ਜਾਂਦਾ ਤਾਂ ਹਰ ਵਾਰ ਹੀ ਉਨ੍ਹਾਂ ਕੋਲ ਕੋਈ ਨਾ ਕੋਈ ਨਵੀਂ ਸਰਗਰਮੀ ਦਾ ਏਜੰਡਾ ਤਿਆਰ ਹੁੰਦਾ। ਉਨ੍ਹਾਂ ਨੇ ਮੈਨੂੰ ਲੇਖਕ ਸਭਾ ਜਲੰਧਰ ਦੀਆਂ ਸਰਗਰਮੀਆਂ ਨਾਲ ਵੀ ਜੋੜ ਲਿਆ ਜਿਸ ਦੇ ਉਹ ਰੂਹੇ ਰਵਾਂ ਸਨ।
ਬਾਬਾ ਜੀ ਨੂੰ ਨੇੜਿਓਂ ਜਾਣਨ/ਸਮਝਣ ਦਾ ਮੌਕਾ ਬਣਿਆ ਜਦੋਂ ਮੈਂ ਮਈ 1989 ’ਚ ‘ਨਵਾਂ ਜ਼ਮਾਨਾ’ ਦੇ ਸੰਪਾਦਕੀ ਸਟਾਫ਼ ’ਚ ਸ਼ਾਮਲ ਹੋਇਆ। ਉਹ ਹਰ ਬੰਦੇ ’ਚ ਲੁਕੀ ਉਸਦੀ ਯੋਗਤਾ ਨੂੰ ਪਛਾਣਨ ਵਾਲੀ ਅੱਖ ਰੱਖਦੇ ਸਨ। ਨਾ ਕੇਵਲ ਲਿਖਣ ਦੇ ਵਿਸ਼ੇ ਆਪ ਸੁਝਾਉਂਦੇ ਸਗੋਂ ਕਈ ਵਾਰ ਅੱਧਾ-ਅੱਧਾ ਘੰਟਾ ਵਿਚਾਰਦੇ ਵੀ ਕਿ ਇਸ ਨੂੰ ਕਿਵੇਂ ਲਿਖਿਆ ਜਾ ਸਕਦਾ। ਨਵਿਆਂ ਨੂੰ ਉਤਸ਼ਾਹਿਤ ਕਰਨ ਦਾ ਉਨ੍ਹਾਂ ਨੂੰ ਜਿਵੇਂ ਜਨੂੰਨ ਸੀ।
ਆਪਣੇ ਘਰ ’ਚੋਂ ਉਹ ਦਸ ਕੁ ਵਜੇ ਤਿਆਰ ਹੋ ਕੇ ਤੁਰ ਪੈਂਦੇ ਸਨ, ਪਰ ਉਨ੍ਹਾਂ ਦੇ ਦਫ਼ਤਰ ਪਹੁੰਚਣ ਦਾ ਕੋਈ ਪੱਕਾ ਸਮਾਂ ਨਹੀਂ ਸੀ। ਰਾਹ ’ਚ ਕੋਈ ਲੇਖਕ, ਪੱਤਰਕਾਰ ਟੱਕਰ ਜਾਂਦਾ ਤਾਂ ਉਸ ਨਾਲ ਵਿਚਾਰ ਚਰਚਾ ’ਚ ਉਲਝ ਜਾਂਦੇ। ਰਾਹ ’ਚ ਆਉਂਦੇ ਦੇਸ਼ ਭਗਤ ਯਾਦਗਾਰ ਹਾਲ ਚਲੇ ਜਾਂਦੇ ਤੇ ਬਾਬਾ ਬਿਲਗਾ ਜਾਂ ਬਾਹਰੋਂ ਆਏ ਕਿਸੇ ਕਾਮਰੇਡ ਨਾਲ ਕਿਸੇ ਭਖਦੇ ਮਸਲੇ ’ਤੇ ਸੰਵਾਦ ਛੇੜ ਕੇ ਬਹਿ ਜਾਂਦੇ। ਦਫ਼ਤਰ ਉਨ੍ਹਾਂ ਦੀ ਉਡੀਕ ’ਚ ਕਾਮਰੇਡ ਮਨੋਹਰ ਲਾਲ ਤਰਲੋਮੱਛੀ ਹੋਣ ਲੱਗਦਾ। ਅਸਲ ’ਚ ਉਦੋਂ ਆਨੰਦ ਹੋਰੀਂ ਆਪਣੀਆਂ ਰਾਜਸੀ ਸਰਗਰਮੀਆਂ ਕਰਕੇ ਬਹੁਤਾ ਦਫ਼ਤਰੋਂ ਬਾਹਰ ਰਹਿੰਦੇ ਸਨ। ਸੰਪਾਦਕੀ ਸਫ਼ੇ ਦਾ ਕੰਮ ਬਾਬਾ ਜੀ ਤੇ ਕਾਮਰੇਡ ਮਨੋਹਰ ਲਾਲ ਦੇਖਦੇ। ਉਸ ਦਿਨ ਦਾ ਸੰਪਾਦਕੀ ਕਿਸ ਮਸਲੇ ’ਤੇ ਲਿਖਣਾ ਹੈ ਤੇ ਉਸ ਦੀ ਦਿਸ਼ਾ ਕੀ ਹੋਵੇ, ਇਹ ਵੀ ਉਨ੍ਹਾਂ ਦੀ ਵਿਚਾਰ-ਚਰਚਾ ’ਚੋਂ ਨਿਕਲਦਾ। ਤੇ ਬਾਬਾ ਜੀ ਕਿੱਥੇ ਹਨ, ਇਸ ਦਾ ਕਿਸੇ ਨੂੰ ਪਤਾ ਨਾ ਹੁੰਦਾ। ਕਈ ਵਾਰ ਤਾਂ ਉਹ ਬਾਰਾਂ ਇਕ ਵਜੇ ਪਹੁੰਚਦੇ। ਆਉਂਦਿਆਂ ਉਨ੍ਹਾਂ ਦਾ ਮਨ ਬਣਿਆ ਹੁੰਦਾ ਤੇ ਕਾਮਰੇਡ ਮਨੋਹਰ ਲਾਲ ਨਾਲ ਮਾੜੀ-ਮੋਟੀ ਚਰਚਾ ਕਰ ਲਿਖਣ ਲੱਗ ਪੈਂਦੇ। ਸੰਪਾਦਕੀ ਲਿਖਦਿਆਂ ਉਹ ਆਮ ਕਰਕੇ ਘੱਟ ਹੀ ਵਿਚੋਂ ਰੁਕਦੇ ਸਨ। ਜੇ ਕੋਈ ਮਿਲਣ ਵਾਲਾ ਆ ਵੀ ਜਾਂਦਾ ਤਾਂ, ‘‘ਅੱਧਾ ਘੰਟਾ ਇਧਰ-ਉਧਰ ਗੱਪ-ਸ਼ੱਪ ਕਰ, ਓਨੇ ਚਿਰ ’ਚ ਮੈਂ ਵਿਹਲਾ ਹੋ ਜਾਣਾ...! ... ਮੈਨੂੰ ਮਿਲੇ ਬਿਨਾਂ ਨੀ ਜਾਣਾ!’’ ਨਾਲ ਹੀ ਹੁਕਮ ਵੀ ਚਾੜ੍ਹ ਦਿੰਦੇ। ਕਿਸੇ ਲਈ ਵੀ ਉਨ੍ਹਾਂ ਦਾ ਇਹ ਹੁਕਮ ਉਲੰਘਣਾ ਸੌਖਾ ਨਹੀਂ ਸੀ! ਉਹ ਫਿਰ ਇਧਰ-ਉਧਰ ਕਿਸੇ ਨਾਲ ਗੱਲਾਂ ਮਾਰ ਜਾਂ ਅਖ਼ਬਾਰਾਂ ਪੜ੍ਹ ਸਮਾਂ ਬਿਤਾਉਣ ਲੱਗਦਾ। ਸੰਪਾਦਕੀ ਲਿਖਣ ਤੋਂ ਬਾਅਦ ਉਨ੍ਹਾਂ ਦਾ ਸਾਰਾ ਸਮਾਂ ਦਫ਼ਤਰ ’ਚ ਮਿਲਣ ਆਇਆਂ ਨਾਲ ‘ਸੰਵਾਦ’ ’ਚ ਬੀਤਦਾ। ਕਈ ਵਾਰ ਇਹ ‘ਸੰਵਾਦ’ ਇੰਨਾ ਭਖ ਜਾਂਦਾ ਕਿ ਬਾਬਾ ਬੰਨੋਆਣਾ ਦੀ ਆਵਾਜ਼ ਨਿਊਜ਼-ਰੂਮ ਤੱਕ ਪੁੱਜਣ ਲੱਗਦੀ ਜਿਹੜਾ ਉਨ੍ਹਾਂ ਦੇ ਕਮਰੇ ਤੋਂ ਤੀਸਰੇ ਕਮਰੇ ’ਚ ਸੀ। ‘‘ਅੱਜ ਬਾਬਾ ਜੀ ਫੇਰ ਇਨਕਲਾਬ ਲਿਆ ਰਹੇ ਐ,’’ ਸਾਡੇ ’ਚੋਂ ਕੋਈ ਨਾ ਕੋਈ ਟਿੱਪਣੀ ਕਰਦਾ ਤੇ ਸਾਰੇ ਹੱਸ ਪੈਂਦੇ। ਕਈ ਵਾਰ ਤਾਂ ਇੰਜ ਲੱਗਦਾ ਜਿਵੇਂ ਉਹ ਲੜ ਰਹੇ ਹੋਣ। ਆਪਣੇ ਨੁਕਤਿਆਂ ਨੂੰ ਸਿੱਧ ਕਰਨ ਲਈ ਉਹ ਬੁਰੇ ਦੇ ਘਰ ਤੱਕ ਜਾਂਦੇ ਸਨ। ਅਗਲੇ ਨੂੰ ਵੀ ਬਹਿਸ ’ਚੋਂ ਭੱਜਣ ਨਾ ਦੇਂਦੇ।
ਲੇਖਕਾਂ, ਪੱਤਰਕਾਰਾਂ, ਸਿਆਸਤਦਾਨਾਂ ਤੋਂ ਲੈ ਕੇ ਸਮਾਜਿਕ ਕਾਰਕੁਨਾਂ ਤੱਕ ਹਰ ਤਰ੍ਹਾਂ ਦੇ ਲੋਕ ਉਨ੍ਹਾਂ ਨੂੰ ਮਿਲਣ ਲਈ ਆਉਂਦੇ ਜਿਹੜੇ ਵੀ ਸਮਾਜ ’ਚ ਕਿਸੇ ਨਾ ਕਿਸੇ ਰੂਪ ’ਚ ਕੋਈ ਸਮੂਹਿਕ ਸਰਗਰਮੀ ਕਰ ਰਹੇ ਹੁੰਦੇ। ਬਾਬਾ ਜੀ ਕੋਲ ਹਰ ਇਕ ਨਾਲ ਉਸ ਦੇ ਖੇਤਰ ਦੀ ਗੱਲਬਾਤ ਕਰਨ ਲਈ ਬਹੁਤ ਕੁਝ ਹੁੰਦਾ। ਉਹ ਅਗਲੇ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਤੇ ਫਿਰ ਉਸ ਅਨੁਸਾਰ ਢੁਕਵੀਂ ਸਲਾਹ ਦੇਣ ਦੀ ਵੀ ਜਿਹੜੀ ਉਸ ਲਈ ਸਭ ਤੋਂ ਢੁੱਕਵੀਂ ਹੁੰਦੀ। ਉਸ ਵੇਲੇ ਉਹ ਆਪਣਾ ਆਪ ਅਗਲੇ ’ਤੇ ਠੋਸਦੇ ਨਹੀਂ ਸਨ। ਸ਼ਾਇਦ ਇਹੋ ਕਾਰਨ ਸੀ ਕਿ ਦਫ਼ਤਰ ’ਚ ਉਨ੍ਹਾਂ ਨੂੰ ਮਿਲਣ ਆਉਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਤੇ ਉਹ ਵੀ ਵੱਖ-ਵੱਖ ਖੇਤਰਾਂ ’ਚੋਂ ਆਏ ਸੁਹਿਰਦ ਲੋਕਾਂ ਦੀ।
ਜਦੋਂ ਬਾਬਾ ਜੀ ਬਹਿਸ ’ਚ ਪੂਰੀ ਤਰ੍ਹਾਂ ਮਘੇ ਹੁੰਦੇ ਤਾਂ ਨਾਲ ਹੀ ਉਨ੍ਹਾਂ ਦੀਆਂ ਲੱਤਾਂ ਹਿਲਣ ਲੱਗ ਪੈਂਦੀਆਂ। ਸਗੋਂ ਉਸ ਵੇਲੇ ਵੀ, ਜਦੋਂ ਉਹ ਆਪਣੇ ਆਪ ’ਚ ਖੁੱਭ ਸੰਪਾਦਕੀ ਲਿਖ ਰਹੇ ਹੁੰਦੇ। ਜਿੰਨਾ ਤੇਜ਼ ਉਨ੍ਹਾਂ ਦਾ ਪੈੱਨ ਚਲ ਰਿਹਾ ਹੁੰਦਾ, ਓਨੀ ਹੀ ਤੇਜ਼ ਲੱਤ ਹਿਲਣ ਲੱਗਦੀ। ਇਸ ਬਾਰੇ ਦਫ਼ਤਰ ’ਚ ਇਕ ਚੁਟਕਲਾ ਬਣਿਆ ਹੋਇਆ ਸੀ ਕਿ ਜਦੋਂ ਬਾਬਾ ਜੀ ਧੂੰਆਂਧਾਰ ਦਲੀਲਾਂ ’ਚ ਰੁੱਝੇ ਹੋਏ ਹੋਣ ਤਾਂ ਜਾ ਕੇ ਉਨ੍ਹਾਂ ਦਾ ਗੋਡਾ ਫੜ ਲਓ, ਉਨ੍ਹਾਂ ਨੂੰ ਆਪਣੀ ਗੱਲ ਭੁੱਲ ਜਾਂਦੀ ਹੈ। ਔਸਤ ਨਾਲੋਂ ਕੁਝ ਕੁ ਲੰਮਾ ਕੱਦ, ਛੀਂਟਕਾ ਸਰੀਰ। ਆਪਣੇ ਆਪ ’ਚ ਮਸਤ, ਲਾਪਰਵਾਹ ਅੰਦਾਜ਼ ’ਚ ਤੁਰਦੇ ਉਹ ਦੂਰੋਂ ਹੀ ਪਛਾਣੇ ਜਾਂਦੇ। ਉਨ੍ਹਾਂ ਦਾ ਇਹ ਅੰਦਾਜ਼ ਨੌਵੇਂ-ਦਸਵੇਂ ਦਹਾਕੇ ਦਾ ਹੈ ਜੋ ਮੈਂ ਦੇਖਿਆ। ਉਨ੍ਹਾਂ ਦੇ ਪਹਿਲੇ ਸ਼ੁਰੂ ਦੇ ਅੰਦਾਜ਼ ਬਾਰੇ ਉਨ੍ਹਾਂ ਦੇ ਨੇੜਲੇ ਸਾਥੀ ਸੁਰਜਨ ਜ਼ੀਰਵੀ ਦੀ ਲਿਖਤੀ ਗਵਾਹੀ ਮੌਜੂਦ ਹੈ, ‘‘ਜੇ ਮੈਂ ਭੁੱਲਦਾ ਨਹੀਂ ਤਾਂ ਗੁਰਬਖਸ਼ ਸਿੰਘ ਬੰਨੋਆਣਾ ਨਾਲ ਮੇਰੀ ਮੁਲਾਕਾਤ ਪੰਜਾਹਵਿਆਂ ਦੇ ਅਖੀਰ ਵਿਚ ਜਾਂ ਸੱਠਵਿਆਂ ਦੇ ਸ਼ੁਰੂ ਵਿਚ ਉਦੋਂ ਹੋਈ, ਜਦੋਂ ਉਹ ਅਕਾਲੀ ਸਿਆਸਤ ਨਾਲੋਂ ਅਲਹਿਦਗੀ ਅਖ਼ਤਿਆਰ ਕਰ ਰਿਹਾ ਸੀ। ਉਨ੍ਹੀਂ ਦਿਨੀਂ ਉਹ ਖੱਦਰ ਦੇ ਲੰਮੇ ਕੁੜਤੇ ਤੇ ਪੰਜ-ਕਰਾਰੀ ਬਰੇਕਾਂ ਵਾਲੇ ਕਛਹਿਰੇ ਵਿਚ ਆਪਣੇ ਸਾਥੀਆਂ ਨਾਲ ਜੀ.ਟੀ. ਰੋਡ ਉੱਤੇ ਘੁੰਮਦਾ ਹੁੰਦਾ ਸੀ। ਸਾਡੇ ਟੋਲੇ ਦੀ ਆਵਾਰਗੀ ਦਾ ਮਹਿਵਰ ਵੀ ਇਹੀ ਹੁੰਦਾ। ਆਪਣੇ ਸਾਦਾ ਪਹਿਰਾਵੇ ਤੇ ਸੰਜੀਦਾ ਸੁਭਾਅ ਕਾਰਨ ਉਹ ਜਵਾਨੀ ਵਿਚ ਹੀ ਬਾਬਾ ਅਖਵਾਉਣ ਲੱਗ ਪਿਆ ਸੀ। ਭਾਵੇਂ ਬਾਬਾ ਬੰਨੋਆਣਾ ਦੀ ਅਕਾਲੀ ਆਗੂ ਮਾਸਟਰ ਤਾਰਾ ਸਿੰਘ, ‘ਅਜੀਤ’ ਦੇ ਸੰਪਾਦਕ ਸਾਧੂ ਸਿੰਘ ਹਮਦਰਦ ਤੇ ਹੋਰ ਉੱਚੀ ਪੱਧਰ ਦੇ ਅਕਾਲੀ ਹਲਕਿਆਂ ਨਾਲ ਚੋਖੀ ਨੇੜਤਾ ਸੀ, ਪਰ ਉਹ ਉਦੋਂ ਵੀ ਮਲੰਗ ਹੀ ਹੁੰਦਾ ਸੀ। ਮਲੰਗੀ ਲਈ ਆਜ਼ਾਦ ਤਬੀਅਤ ਹੋਣਾ ਜ਼ਰੂਰੀ ਹੈ। ਮੇਰੀ ਪੱਕੀ ਰਾਇ ਹੈ ਇਹ ਉਸ ਦੀ ਤਬੀਅਤ ਦੀ ਆਜ਼ਾਦੀ ਨੇ ਹੀ ਉਸ ਨੂੰ ਏਨੀ ਛੇਤੀ ਤਰੱਕੀਪਸੰਦ ਸਿਆਸਤ ਵੱਲ, ਤੇ ਅੰਤ ਨੂੰ ‘ਨਵਾਂ ਜ਼ਮਾਨਾ’ ਦੇ ਸੰਪਾਦਕੀ-ਮੰਡਲ ਵਿਚ ਲਿਆਂਦਾ ਜਿੱਥੇ ਉਸ ਨੇ ਉਮਰ ਭਰ ਫਕੀਰੀ ਕੱਟੀ। ਜਦੋਂ ਉਹ ‘ਨਵਾਂ ਜ਼ਮਾਨਾ’ ਵਿਚ ਆਇਆ, ਉਹ ਇਸ ਹੱਦ ਤੱਕ ਸਾਡਾ ਹੋ ਚੁੱਕਾ ਸੀ ਕਿ ਫਿਰ ਇਸ ਵਿਚੋਂ ਕਿਸੇ ਹੋਰ ਪਾਸੇ ਜਾਣ ਦੀ ਉਸ ਦੇ ਮਨ ਵਿਚ ਸੋਚ ਤੱਕ ਨਹੀਂ ਆਈ।’’
ਉਹ ਦਫ਼ਤਰ ’ਚੋਂ ਆਪਣਾ ਕੰਮ ਮੁਕਾ ਕੇ ਵਿਹਲੇ ਹੁੰਦੇ ਤਾਂ ਇਸ ਦੀਆਂ ਪੌੜੀਆਂ ਉਤਰ ਕੇ ਨਾਲ ਹੀ ‘ਅਜੀਤ’ ਦੀਆਂ ਪੌੜੀਆਂ ਚੜ੍ਹ ਜਾਂਦੇ। ਉੱਥੇ ਵੀ ਇਸ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ ਤੋਂ ਲੈ ਕੇ ਹੇਠਾਂ ਸਬ-ਐਡੀਟਰਾਂ, ਸੇਵਾਦਾਰਾਂ ਤੱਕ ਬਾਬਾ ਜੀ ਦੇ ਅਨੇਕਾਂ ਪ੍ਰਸ਼ੰਸਕ ਸਨ। ਕਦੇ ਬਾਬਾ ਜੀ ਇਸ ਅਖ਼ਬਾਰ ’ਚ ਵੀ ਸਬ-ਐਡੀਟਰ ਰਹਿ ਚੁੱਕੇ ਸਨ। ਇਸ ਦੇ ਪਹਿਲੇ ਸੰਪਾਦਕ/ਮਾਲਕ ਸਾਧੂ ਸਿੰਘ ਹਮਦਰਦ ਨਾਲ ਉਨ੍ਹਾਂ ਦੀ ਦੋੋਸਤੀ ਸੀ। ਉਸ ਘਰ ’ਚ ਉਹ ਘਰਦੇ ਜੀਅ ਵਾਂਗ ਹੀ ਸਵੀਕਾਰੇ ਜਾਂਦੇ। ਇਹ ਸ਼ਾਇਦ ਆਪਣੇ ਆਪ ’ਚ ਇੱਕੋ ਇਕ ਉਦਾਹਰਣ ਹੋਵੇ ਕਿ ਉਹ ਆਪਣੇ ਵਿਚਾਰਾਂ ਕਰਕੇ ‘ਅਜੀਤ’ ਛੱਡ ਕੇ ‘ਨਵਾਂ ਜ਼ਮਾਨਾ’ ’ਚ ਆ ਡੇਰਾ ਲਾਇਆ, ਪਰ ਉਨ੍ਹਾਂ ਦੀ ਸਾਧੂ ਸਿੰਘ ਹਮਦਰਦ ਨਾਲ ਦੋਸਤੀ ਬਰਕਰਾਰ ਰਹੀ। ‘ਅਜੀਤ’ ’ਚੋਂ ਮਿਲਦੇ ਮਿਲਾਉਂਦੇ, ਲਾਡੋਵਾਲੀ ਰੋਡ ’ਤੇ ‘ਵਰਿਆਮ’ ਦੇ ਦਫ਼ਤਰ ’ਚ ਜਗਜੀਤ ਸਿੰਘ ਵਰਿਆਮ ਹੋਰਾਂ ਕੋਲ ਜਾ ਬੈਠਦੇ। ਉੱਥੋਂ ਦੇਸ਼ ਭਗਤ ਯਾਦਗਾਰ ਹਾਲ। ਇਹ ਬਾਬਾ ਜੀ ਦੇ ਪੱਕੇ ਟਿਕਾਣੇ ਸਨ ਕਿ ਜੇ ਉਨ੍ਹਾਂ ਨੂੰ ਕਿਸੇ ਨੇ ਤੁਰੰਤ ਲੱਭਣਾ ਹੋਵੇ ਤਾਂ ਇਨ੍ਹਾਂ ’ਚੋਂ ਕਿਸੇ ਨਾ ਕਿਸੇ ਥਾਂ ਜਾ ਕੇ ਉਨ੍ਹਾਂ ਨੂੰ ਫੜਿਆ ਜਾ ਸਕਦਾ ਸੀ ਜਾਂ ਕੋਈ ਕਨਸੋਅ ਲੱਗ ਸਕਦੀ।
ਮੈਨੂੰ ‘ਨਵਾਂ ਜ਼ਮਾਨਾ’ ’ਚ ਆਏ ਨੂੰ ਅਜੇ ਡੇਢ ਕੁ ਸਾਲ ਹੀ ਹੋਇਆ ਸੀ ਕਿ ਬਾਬਾ ਜੀ ਨੇ ਇਹ ਅਖ਼ਬਾਰ ਛੱਡ ਦਿੱਤਾ (10 ਨਵੰਬਰ 1991)। ਉਹ ‘ਨਵਾਂ ਜ਼ਮਾਨਾ’ ’ਚ ਆਉਣੋਂ ਤਾਂ ਹਟ ਗਏ, ਪਰ ਉਨ੍ਹਾਂ ਦੀ ਸਰਗਰਮੀ ’ਚ ਕੋਈ ਫ਼ਰਕ ਨਾ ਪਿਆ। ਹੁਣ ਉਨ੍ਹਾਂ ਦਾ ਮੁੱਖ ਅੱਡਾ ਬਣ ਗਿਆ ਸੀ ਦੇਸ਼ ਭਗਤ ਯਾਦਗਾਰ ਹਾਲ। ਜਿਵੇਂ ਪਹਿਲਾਂ ‘ਨਵਾਂ ਜ਼ਮਾਨਾ’ ’ਚੋਂ ਆਪਣਾ ਕੰਮ ਮੁਕਾ ਕੇ ਬਾਕੀ ਥਾਵਾਂ ਲਈ ਤੁਰਦੇ ਸਨ, ਹੁਣ ਦੇਸ਼ ਭਗਤ ਯਾਦਗਾਰ ਹਾਲ ’ਚੋਂ ਤੁਰਨ ਲੱਗੇ। ਉਨ੍ਹਾਂ ਦੀ ਜਲੰਧਰ ਲੇਖਕ ਸਭਾ ਦੀਆਂ ਸਰਗਰਮੀਆਂ ’ਚ ਸ਼ਮੂਲੀਅਤ ਵੀ ਪਹਿਲਾਂ ਤੋਂ ਤੇਜ਼ ਹੋ ਗਈ। ਵਿਹਲ ਜਾਂ ਸੁਸਤੀ ਤਾਂ ਜਿਵੇਂ ਉਨ੍ਹਾਂ ਦੀ ਜ਼ਿੰਦਗੀ ’ਚ ਸੀ ਹੀ ਨਹੀਂ! ਕੁਝ ਨਾ ਕੁਝ ਕਰਦੇ ਰਹਿਣਾ ਤੇ ਜਾਂ ਫਿਰ ਨਵਾਂ ਕੁਝ ਕਰਨ ਦੀਆਂ ਯੋਜਨਾਵਾਂ ਬਣਾਉਂਦੇ ਰਹਿਣਾ। ਜਿਹੜੇ ਕੰਮ ਨੂੰ ਸੋਚਣ ਵਿਚਾਰਨ ਤੋਂ ਬਾਅਦ ਫੜ ਲੈਂਦੇ, ਫਿਰ ਉਸ ਦੀ ਸਫ਼ਲਤਾ ਲਈ ਜੀਅ-ਜਾਨ ਨਾਲ ਡੱਟ ਜਾਂਦੇ ਸਨ। ਇਸ ਦੀ ਇਕ ਮਿਸਾਲ ‘ਮੇਲਾ ਗਦਰੀ ਬਾਬਿਆਂ ਦਾ’ ਹੈ। ਇਹ ਮੂਲ ਰੂਪ ’ਚ ਬਾਬਾ ਭਗਤ ਸਿੰਘ ਬਿਲਗਾ ਦਾ ਸੁਪਨਾ ਸੀ। ਉਹ ਚਾਹੁੰਦੇ ਸਨ ਕਿ ਉਸ ਵੇਲੇ ਤੱਕ ਜਿਊਂਦੇ ਦੇਸ਼ ਭਗਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਦੇ ਮਿਲ-ਬੈਠਣ ਦਾ ਸਬੱਬ ਬਣਾਇਆ ਜਾਵੇ। ਗੁਰਮੀਤ ਤੇ ਉਸ ਦੇ ਦੋਸਤਾਂ ਨੇ ਇਸ ਲਈ ਯਤਨ ਅਰੰਭੇ। ਜਦੋਂ ਇਕ ਵਾਰ ਸਰਗਰਮੀ ਸ਼ੁਰੂ ਹੋ ਗਈ ਤਾਂ ਇਸ ਨੂੰ ਬਹੁਪੱਖੀ ਆਯਾਮ ਦੇਣ ’ਚ ਬਾਬਾ ਬੰਨੋਆਣਾ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਜਦੋਂ ਪਹਿਲੇ ਮੇਲੇ ਦੀ ਤਿਆਰੀ ਲਈ ਮੀਟਿੰਗ ਹੋਈ ਤਾਂ ਇਸ ’ਚ ਜਲੰਧਰ ਦੇ ਲੇਖਕਾਂ/ਪੱਤਰਕਾਰਾਂ/ਰੰਗਕਰਮੀਆਂ ਦੀ ਸ਼ਮੂਲੀਅਤ ਲਈ ਬਾਬਾ ਜੀ ਨੇ ਉਚੇਚ ਨਾਲ ਨਿੱਜੀ ਪਹੁੰਚ ਕੀਤੀ। ਤਿਆਰੀ ਕਮੇਟੀ ਵੱਲੋਂ ਕਾਰਡ ਛਾਪੇ ਗਏ। ਫਿਰ ਬਾਕਾਇਦਾ ਹਰ ਇਕ ਦੀ ਡਿਊਟੀ ਲਾਈ ਗਈ ਕਿ ਉਹ ਆਪਣੇ ਘੇਰੇ ’ਚੋਂ ਨਾ ਕੇਵਲ ਆਪਣੇ ਦੋਸਤਾਂ ਮਿੱਤਰਾਂ ਨੂੰ ਆਉਣ ਲਈ ਪਰੇਰੇ ਸਗੋਂ ਫੰਡ ਵੀ ਇਕੱਤਰ ਕਰਕੇ ਲਿਆਵੇ। ਬਾਬਾ ਬੰਨੋਆਣਾ ਤਿਆਰੀ ਕਮੇਟੀ ਦੇ ਲਗਪਗ ਸਭ ਮੈਂਬਰਾਂ ਨਾਲ ਸੰਪਰਕ ’ਚ ਰਹਿੰਦੇ: ‘‘ਕੀਹਨੂੰ-ਕੀਹਨੂੰ ਕਿਹਾ ਹੈ? ਕੌਣ-ਕੌਣ ਆਉਣ ਲਈ ਹੁੰਗਾਰਾ ਭਰ ਰਿਹਾ..., ਫੰਡ ਕਿੰਨਾ ਕੁ ਕਰ ਲਿਆ ਹੈ?’’ ਸਵੇਰ ਤੋਂ ਸ਼ਾਮ ਤੱਕ, ਉਹ ਇਕ ਤੋਂ ਦੂਸਰੇ ਮੈਂਬਰ ਤੱਕ ਪਹੁੰਚ ਲਈ ਜਲੰਧਰ ਦੀਆਂ ਸੜਕਾਂ ਕੱਛਦੇ ਰਹਿੰਦੇ। ਪਹਿਲਾ ਮੇਲਾ ਆਸ ਨਾਲੋਂ ਵੱਧ ਸਫ਼ਲ ਰਿਹਾ। ਇਹ ਮੁੱਕਦਿਆਂ ਹੀ ਉਹ ਅਗਲੇ ਸਾਲ ਦੀ ਰੂਪ-ਰੇਖਾ ਉਲੀਕਣ ਲੱਗ ਪਏ ਕਿ ਇਸ ’ਚ ਸਾਹਿਤਕ/ਸਭਿਆਚਾਰਕ ਰੰਗਤ ਨੂੰ ਕਿਵੇਂ ਗੂੜ੍ਹਿਆਂ ਕੀਤਾ ਜਾ ਸਕੇ! ਕਿਵੇਂ ਇਸ ਵਿਚ ਲੇਖਕ, ਪੱਤਰਕਾਰ, ਨਾਟਕਕਾਰ ਆਪਣੀ ਸ਼ਮੂਲੀਅਤ ਹੋਰ ਵਧਾਉਣ। ਇਸ ਮੇਲੇ ’ਚ ਸਾਹਿਤਕ/ਸਭਿਆਚਾਰਕ ਰੰਗ ਭਰਨ ਦੀ ਵੱਡੀ ਭੂਮਿਕਾ ਉਹ ਆਪਣੀ ਹਯਾਤੀ ਦੇ ਅਖੀਰ ਤੱਕ ਨਿਭਾਉਂਦੇ ਰਹੇ, 4 ਅਪਰੈਲ 2008 ਨੂੰ ਬਲੱਡ ਕੈਂਸਰ ਨਾਲ ਸਦੀਵੀ ਵਿਛੋੜਾ ਦੇ ਜਾਣ ਤੱਕ।
ਇੰਨੀ ਸਰਗਰਮੀ, ਇੰਨੇ ਸੰਵਾਦ ਦੇ ਬਾਵਜੂਦ ਉਹ ਆਪਣੇ ਨਿੱਜ ਬਾਰੇ ਬਹੁਤ ਘੱਟ ਗੱਲਾਂ ਕਰਦੇ ਜਾਂ ਇਕ ਤਰ੍ਹਾਂ ਕਰਦੇ ਹੀ ਨਹੀਂ ਸਨ। ਮੈਂ ਕਈ ਵਾਰ ਉਨ੍ਹਾਂ ਨਾਲ ਉਨ੍ਹਾਂ ਦੇ ਨਿੱਜ ਬਾਰੇ ਗੱਲ ਕਰਨੀ ਚਾਹੀ, ਪਰ ਉਹ ਹਰ ਵਾਰ ਹੀ ਗੱਲ ਕਿਸੇ ਹੋਰ ਪਾਸੇ ਤਿਲ੍ਹਕਾ ਦੇਂਦੇ। ਉਂਜ ਵੀ ਬਾਬਾ ਜੀ ਦੀ ਸ਼ਖ਼ਸੀਅਤ ਦੀਆਂ ਅਨੇਕਾਂ ਪਰਤਾਂ ਸਨ।
27 ਫਰਵਰੀ 1929 ਨੂੰ ਜ਼ਿਲ੍ਹਾ ਗੁੱਜਰਾਂਵਾਲਾ ਦੇ ਪਿੰਡ ਹਾਫ਼ਿਜ਼ਾਬਾਦ ’ਚ ਜਨਮੇ ਬਾਬਾ ਜੀ ਦਾ ਪਿਛਲਾ ਪਿੰਡ ਮੰਗਟ ਭਾਈ ਬੰਨੋ ਸੀ। ਮੁੱਢਲੀ ਪੜ੍ਹਾਈ ਐਮ.ਬੀ ਹਾਈ ਸਕੂਲ ਹਾਫ਼ਿਜ਼ਾਬਾਦ ਤੋਂ ਕੀਤੀ। ਕੁਝ ਚਿਰ ਗੁਰੂ ਨਾਨਕ ਖਾਲਸਾ ਕਾਲਜ ਗੁੱਜਰਾਂਵਾਲਾ ’ਚ ਵੀ ਲਾਇਆ ਤੇ ਫਿਰ ਜਨਤਕ ਘੋਲਾਂ ’ਚ ਸਰਗਰਮ ਹੋ ਗਏ। ਪਹਿਲਾਂ ਅਕਾਲੀ ਲਹਿਰ ’ਚ ਸਰਗਰਮ ਰਹੇ ਤੇ ਮਗਰੋਂ ਕਮਿਊਨਿਸਟਾਂ ਨਾਲ ਆ ਰਲੇ। ਉਨ੍ਹਾਂ ਦੀ ਪੱਤਰਕਾਰੀ ਦਾ ਸਫ਼ਰ ਵੀ ਉਨ੍ਹਾਂ ਦੀ ਸੋਚ ਵਾਂਗ ਬਦਲਦਾ ਰਿਹਾ। ‘ਖਾਲਸਾ ਸੇਵਕ’, ‘ਪ੍ਰਭਾਵ’, ‘ਪੰਥ ਸੇਵਕ’, ‘ਅਜੀਤ’ ਉਰਦੂ ਤੇ ਫਿਰ ਪੰਜਾਬੀ ਤੋਂ ਹੁੰਦੇ ਹੋਏ ‘ਨਵਾਂ ਜ਼ਮਾਨਾ’ ’ਚ ਆ ਪੁੱਜੇ, ਜਿੱਥੇ ਉਹ ਏਨੇ ਰਚਮਿਚ ਗਏ ਸਨ ਕਿ ਇਕ ਦਾ ਨਾਂ ਲੈਂਦਿਆਂ ਦੂਸਰਾ ਆਪਣੇ ਆਪ ਹੀ ਸਾਹਮਣੇ ਆ ਜਾਂਦਾ।
ਕਿਸੇ ਬਹਿਸ ’ਚ ਆਪਣੀ ਦਲੀਲ ਦੇ ਪੱਖ ’ਚ ਉਤੇਜਿਤ ਹੋ ਕੇ ਜਿੰਨਾ ਧੂੰਆਂਧਾਰ ਭਾਸ਼ਣ ਦੇ ਜਾਂ ਜਿੰਨੇ ਸਖ਼ਤ ਹੋ ਸਕਦੇ ਸਨ, ਆਮ ਗੱਲਬਾਤ ’ਚ ਓਨਾ ਹੀ ਨਰਮ ਰਵੱਈਆ ਹੁੰਦਾ। ਪਰ ਉਨ੍ਹਾਂ ਦੀ ਬੇਹੱਦ ਨਿਰਮਾਣਤਾ ਨਾਲ ਆਖੀ ਗੱਲ ਵੀ ਅਗਲੇ ’ਤੇ ਵਿਸ਼ੇਸ਼ ਪ੍ਰਭਾਵ ਪਾਉਂਦੀ ਕਿ ਉਨ੍ਹਾਂ ਦੀ ਕਿਸੇ ਵੀ ਆਖੀ ਗੱਲ ਨੂੰ ਟਾਲਣ ਦਾ ਹੌਸਲਾ ਨਹੀਂ ਸੀ ਹੁੰਦਾ!
ਮੈਂ ਬਾਬਾ ਜੀ ਨੂੰ ਕਦੇ ਸਾਈਕਲ/ਸਕੂਟਰ ਚਲਾਉਂਦਿਆਂ ਨਹੀਂ ਦੇਖਿਆ (ਮਈ 1989 ’ਚ ਜਲੰਧਰ ਆਉਣ ਤੋਂ ਬਾਅਦ), ਪਰ ਸਭ ਤੋਂ ਵੱਧ ਜਲੰਧਰ ’ਚ ਘੁੰਮਦੇ ਵੀ ਓਹੀ ਸਨ; ਇਕ ਤੋਂ ਦੂਸਰੇ ਥਾਂ, ਇਕ ਤੋਂ ਦੂਸਰੀ ਸਰਗਰਮੀ ’ਚ। ਖ਼ੁਦ ਉਨ੍ਹਾਂ ਨੂੰ ਵੀ ਸਵੇਰੇ ਘਰੋਂ ਤੁਰਨ ਦੇ ਸਮੇਂ ਦਾ ਤਾਂ ਪਤਾ ਹੁੰਦਾ ਸੀ ਤੇ ਅਕਸਰ ਦਸ ਕੁ ਵਜੇ ਦੇ ਆਸ-ਪਾਸ ਨਿਕਲ ਪੈਂਦੇ, ਪਰ ਮੁੜਨਾ ਕਦੋਂ ਹੈ, ਇਹ ਬਹੁਤੀ ਵਾਰ ਪਤਾ ਨਹੀਂ ਸੀ ਹੁੰਦਾ। ਆਪਣੀ ਮਸਤ ਚਾਲ ’ਚ ਤੁਰੇ-ਫਿਰਦੇ, ਭਾਵੇਂ ਬਹੁਤਾ ਤੁਰਨ ਦਾ ਮੌਕਾ ਉਨ੍ਹਾਂ ਨੂੰ ਘੱਟ ਹੀ ਲੱਗਦਾ। ਕੋਈ ਨਾ ਕੋਈ ਸ਼ਰਧਾਲੂ ਅਕਸਰ ਹਾਜ਼ਰ ਹੁੰਦਾ, ਉਨ੍ਹਾਂ ਨੂੰ ਦੱਸੀ ਥਾਂ ਲਿਜਾਣ ਲਈ ਜਾਂ ਜੇ ਕਿਤੇ ਰਾਹ ’ਚ ਤੁਰਿਆਂ ਨੂੰ ਦੇਖ ਲੈਂਦਾ ਤਾਂ ਆਪਣਾ ਸਕੂਟਰ ਜਾਂ ਕਾਰ ਰੋਕ ਕੇ ਉਨ੍ਹਾਂ ਦੇ ਦੱਸੇ ਥਾਂ ਛੱਡਣ ਲਈ ਵੀ। ਬਹੁਤੀ ਵਾਰ ਸਵੇਰੇ ਉਹ ਕਾਮਰੇਡ ਨੌਨਿਹਾਲ ਸਿੰਘ ਦੀ ਕਾਰ ’ਚ ਦੇਸ਼ ਭਗਤ ਹਾਲ ਆਉਂਦੇ, ਪਰ ਮੁੜਦੇ ਉਹ ਕਿਸੇ ਹੋਰ ਪ੍ਰਸ਼ੰਸਕ ਦੀ ਕਾਰ ਜਾਂ ਸਕੂਟਰ ’ਤੇ, ਦਰਅਸਲ, ਨੌਨਿਹਾਲ ਸਿੰਘ ਦੁਪਹਿਰੇ ਘਰ ਮੁੜ ਜਾਂਦੇ ਸਨ, ਪਰ ਬਾਬਾ ਜੀ ਦਾ ‘ਸੰਵਾਦ’ ਇਸ ਕੁ ਵੇਲੇ ਭਖਣਾ ਹੀ ਸ਼ੁਰੂ ਹੁੰਦਾ ਸੀ।
ਬਾਬਾ ਜੀ ਨੂੰ ਮੈਂ ਇਸ ’ਚ ਮੁਕੰਮਲ ਅਪਵਾਦ ਦੇਖਿਆ। ਕਿਸੇ ਤਰ੍ਹਾਂ ਦੀ ਉੱਚੀ-ਨੀਵੀਂ ਗੱਲ ਮੈਂ ਉਨ੍ਹਾਂ ਦੇ ਮੂੰਹੋਂ ਕਦੀ ਨਹੀਂ ਸੁਣੀ। ਜੇ ਕਦੇ ਉਨ੍ਹਾਂ ਦੀ ਹਾਜ਼ਰੀ ’ਚ ਅਜਿਹੀਆਂ ਗੱਲਾਂ ਸ਼ੁਰੂ ਹੋ ਵੀ ਜਾਂਦੀਆਂ, ਉਹ ਆਪਣੀ ਜ਼ੁਬਾਨ ਘੁੱਟ ਕੇ ਚੁੱਪ ਕਰ ਜਾਂਦੇ, ਜਿਵੇਂ ਉਸ ਮਹਿਫ਼ਲ ’ਚੋਂ ਗੈਰਹਾਜ਼ਰ ਹੋ ਗਏ ਹੋਣ। ਕਈ ਵਾਰ ਉੱਠ ਕੇ ਇਧਰ-ਉਧਰ ਹੋ ਜਾਂਦੇ ਜਿਵੇਂ ਕੋਈ ਬਹੁਤ ਹੀ ਜ਼ਰੂਰੀ ਕੰਮ ਯਾਦ ਆ ਗਿਆ ਹੋਵੇ ਜਾਂ ਫਿਰ ਅਜਿਹਾ ਮੋੜ ਦੇ ਦਿੰਦੇ ਕਿ ਗੱਲਾਂ ’ਚ ਸੰਜੀਦਾ ਮੋੜ ਆ ਜਾਂਦਾ। ਹਰ ਵੇਲੇ ਗਹਿਰ-ਗੰਭੀਰ, ਸੋਚਵਾਨ। ਕਿਸੇ ਸਾਧੂ-ਸੰਨਿਆਸੀ ਵਾਂਗ ਬਹੁਤ ਸਾਰੀਆਂ ਨਿੱਜੀ ਲਾਲਸਾਵਾਂ ਤੋਂ ਬੇਲਾਗ। ਉਂਜ ਉਨ੍ਹਾਂ ਦੇ ਨਾਂ ਨਾਲ ‘ਬਾਬਾ’ ਇਕ ਜ਼ਰੂਰਤ ’ਚੋਂ ਉਪਜਿਆ ਸੀ। ਇਸ ਪਿੱਛਲੀ ਬਾਰੇ ‘ਅਜੀਤ’ ਦੇ ਮਰਹੂਮ ਸੰਪਾਦਕ ਡਾ. ਸਾਧੂ ਸਿੰਘ ਹਮਦਰਦ ਲਿਖਦੇ ਹਨ, ‘‘ਗੁਰਬਖਸ਼ ਸਿੰਘ ਬੰਨੋਆਣਾ ਇਕ ਅਜਿਹਾ ਨਾਮ ਹੈ ਜਿਸ ਦੇ ਨਾਂ ਨਾਲ ਜੇ ਬਾਬਾ ਨਾ ਲਗਾਇਆ ਜਾਵੇ ਤਾਂ ਸਵਾਦ ਨਹੀਂ ਆਉਂਦਾ। ਭਾਵੇਂ ਉਹ ਬੰਨੋਆਣਾ ਦੀ ਜ਼ਦ ਵਿਚੋਂ ਹੈ ਪਰ ਇਹ ਨਾਮ ਮਾਸਟਰ ਤਾਰਾ ਸਿੰਘ ਨੇ, ਉਨ੍ਹਾਂ ਦਿਨਾਂ ਵਿਚ ਬੰਨੋਆਣਾ ਨੂੰ ਦਿੱਤਾ ਸੀ ਜਿਨ੍ਹਾਂ ਦਿਨਾਂ ਵਿਚ ਉਹ ਅਕਾਲੀ ਲਹਿਰ ਵੇਲੇ ਮਫਰੂਰ ਸਨ। ਮਾਸਟਰ ਜੀ ਨੇ ਕਿਹਾ ਕਿ ਜੇ ਬੰਨੋਆਣਾ ਜਾਂ ਗੁਰਬਖਸ਼ ਸਿੰਘ ਆਖਿਆ ਤਾਂ ਸਰਕਾਰ ਦੇ ਏਜੰਟਾਂ ਦੇ ਕੰਨ ਖੜ੍ਹੇ ਹੋ ਜਾਣਗੇ। ਇਸ ਲਈ ਬੰਨੋਆਣਾ ਨੂੰ ਬਾਬਾ ਜੀ ਕਹਿ ਕੇ ਹੀ ਬੁਲਾਇਆ ਜਾਵੇ ਤੇ ਫਿਰ ਇਹ ਉਨ੍ਹਾਂ ਦੀ ਅੱਲ ਪੈ ਗਈ ਜਿਹੜੀ ਗੁਰਬਖਸ਼ ਸਿੰਘ ਬੰਨੋਆਣਾ ਨਾਲੋਂ ਵਧੇਰੇ ਬਲਵਾਨ ਹੋ ਗਈ।’’
ਉਨ੍ਹਾਂ 1943 ਜਾਂ 1944 ਵਿਚ ਬਚਪਨ ਤੋਂ ਹੀ ਉਰਦੂ ਅਖ਼ਬਾਰ ਨੂੰ ਖ਼ਬਰਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ ਸਨ ਤੇ ਫਿਰ ਇਸ ਦੇ ਸੰਪਾਦਕੀ ਸਟਾਫ਼ ਦੇ ਮੈਂਬਰ ਬਣਨ ਤਕ ਉਹ ਕਿਸੇ ਨਾ ਕਿਸੇ ਰੂਪ ’ਚ ਪੱਤਰਕਾਰਤਾ ਨਾਲ ਜੁੜੇ ਰਹੇ। ਉਹ ਕੇਂਦਰੀ ਪੰਜਾਬੀ ਲੇਖਕ ਸਭਾ ਨੂੰ ਕਾਇਮ ਕਰਨ ਵਾਲੇ ਕੁਝ ਕੁ ਮੋਢੀਆਂ ’ਚੋਂ ਸਨ। ਪੰਜਾਬੀ ਬੋਲੀ ਦੇ ਵਿਕਾਸ ਲਈ ਜਥੇਬੰਦ ਕੀਤੀਆਂ ਗਈਆਂ ਸਾਂਝੀਆਂ ਪੰਜਾਬੀ ਭਾਸ਼ਾ ਕਨਵੈਨਸ਼ਨਾਂ ’ਚ ਵੀ ਉਨ੍ਹਾਂ ਸਰਗਰਮ ਭੂਮਿਕਾ ਅਦਾ ਕੀਤੀ ਅਤੇ ਪੱਤਰਕਾਰਾਂ ਦੀ ਜਥੇਬੰਦੀ ਵਰਕਿੰਗ ਜਰਨਲਿਸਟਸ ਯੂਨੀਅਨ ਦੀਆਂ ਸਰਗਰਮੀਆਂ ’ਚ ਵੀ ਮਹੱਤਵਪੂਰਨ ਹਿੱਸਾ ਪਾਉਂਦੇ ਰਹੇ। ਇਸ ਸਾਰੇ ਸਮੇਂ ਦੌਰਾਨ ਉਨ੍ਹਾਂ ਨੇ ਗੱਡਿਆਂ ਦੇ ਗੱਡੇ ਪੜ੍ਹਿਆ ਹੋਵੇਗਾ, ਮਣਾਂ ਮੂੰਹੀਂ ਲਿਖ-ਲਿਖ ਕੇ ਕਾਗਜ਼ ਭਰੇ। ਜਿੰਨਾ ਚਿਰ ‘ਨਵਾਂ ਜ਼ਮਾਨਾ’ ’ਚ ਰਹੇ, ਇਸ ਦੀ ਸੰਪਾਦਕੀ ਅਕਸਰ ਲਿਖਦੇ। ਫਿਰ ਦੂਜੇ ਲੇਖ, ਫੀਚਰ, ਟਿੱਪਣੀਆਂ। ਇਸ ਸਭ ਕੁਝ ਨੂੰ ਕਿਤਾਬਾਂ ’ਚ ਸਾਂਭਣ ਦੀ ਉਨ੍ਹਾਂ ਦੇ ਮਨ ’ਚ ਕਦੇ ਚਾਹ ਨਾ ਆਈ। ਉਨ੍ਹਾਂ ਦੀ ਇਕੋ ਇਕ ਕਿਤਾਬ ਛਪੀ ‘ਪੰਜਾਬ ਉਠੇਗਾ’ (1992), ਇਹ ਵੀ ਹਰਜਿੰਦਰ ਦੁਸਾਂਝ, ਜਸਪਾਲ ਸ਼ੇਤਰਾ ਤੇ ਗੁਰਮੀਤ ਪਲਾਹੀ ਦੇ ਯਤਨਾਂ ਸਦਕਾ।
ਉਨ੍ਹਾਂ ਦੇ ਮਨ ’ਚ ਅਜੀਬ ਜਿਹੀ ਫ਼ਕੀਰਾਨਾ ਭਟਕਣ ਸੀ। ਸਮਾਜ, ਸਮਾਜਿਕ ਸਰੋਕਾਰਾਂ, ਨਵੀਆਂ ਤਬਦੀਲੀਆਂ ਦੇ ਪ੍ਰਭਾਵਾਂ ਬਾਰੇ ਹਰ ਵੇਲੇ ਸੋਚਦੇ ਰਹਿੰਦੇ ਸਨ; ਉਨ੍ਹਾਂ ਦੇ ਲੋਕ-ਹਿਤ ਜਾਂ ਲੋਕ-ਮਾਰੂ ਪ੍ਰਭਾਵਾਂ ਦੀ ਨਿਰਖ-ਪਰਖ ਕਰਦੇ ਰਹਿੰਦੇ। ਹਰ ਟਕਰਣ ਵਾਲੇ ਨਾਲ ਇਨ੍ਹਾਂ ਬਾਰੇ ਸੰਵਾਦ ਵੀ ਤੋਰਦੇ। ਉਨ੍ਹਾਂ ਦੀ ਜ਼ਿੰਦਗੀ ਪੱਤਰਕਾਰਤਾ, ਰਾਜਸੀ ਸਰਗਰਮੀ ਤੇ ਭਰਪੂਰ ‘ਸੰਵਾਦ’ ਦਾ ਸਫ਼ਰ ਹੈ ਜਿਹੜਾ ਦੂਸਰਿਆਂ ਲਈ ਸਤਿਕਾਰ ਦਾ ਚਿੰਨ੍ਹ ਵੀ ਹੈ ਤੇ ਪ੍ਰੇਰਨਾ-ਸਰੋਤ ਵੀ।
ਸੰਪਰਕ: 95309-44345