Bargarhi Letter

ਬਰਗਾੜੀ ਵਿਖੇ 14 ਅਕਤੂਬਰ ਨੂੰ ਜਾਰੀ ਕੀਤਾ ਗਿਆ 'ਲਾਹਣਤ ਪੱਤਰ'

ਬਰਗਾੜੀ ਵਿਖੇ 14 ਅਕਤੂਬਰ ਨੂੰ ਜਾਰੀ ਕੀਤਾ ਗਿਆ 'ਲਾਹਣਤ ਪੱਤਰ'

ਵੱਲ

ਪ੍ਰਕਾਸ਼ ਸਿੰਘ ਬਾਦਲ
ਸਾਬਕਾ ਮੁੱਖ ਮੰਤਰੀ ਪੰਜਾਬ ।
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫ਼ਤਿਹ ॥

ਆਪ ਜੀ ਬੜਾ ਲੰਬਾ ਸਮਾਂ ਸਿੱਖ ਰਾਜਨੀਤੀ ਦਾ ਚਿਹਰਾ ਬਣਕੇ ਸੱਤਾ ਸੁਖ ਭੋਗ ਚੁੱਕੇ ਹੋ। ਬਾਦਲ ਪਿੰਡ ਦੀ ਸਰਪੰਚੀ ਤੋਂ ਸਿਆਸੀ ਸਫ਼ਰ ਸ਼ੁਰੂ ਕਰਕੇ ਸੂਬੇ ਦੇ ਮੁੱਖ ਮੰਤਰੀ ਤੱਕ ਦੀ ਤਾਕਤ ਨੂੰ ਆਪਜੀ ਨੇ ਬੜੇ ਸ਼ਾਤਰਾਨਾ ਤਰੀਕੇ ਨਾਲ਼ ਮਾਣਿਆ ਹੈ। ਇਸ ਪ੍ਰਾਪਤੀ ਵਿੱਚ ਆਪਜੀ ਨੇ ਸਿੱਖ ਕੌਮ ਨੂੰ ਪੌੜੀ ਬਣਾ ਕੇ ਵਰਤਿਆ ਹੈ। ਆਪਜੀ ਨੇ ਸਿੱਖ ਕੌਮ ਨਾਲ਼ ਦਗਾ ਕਮਾਉਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੱਤਾ। ਆਪ ਜੀ ਦੀ ਸਾਂਝ ਪੰਥ ਦੋਖੀਆਂ ਨਾਲ਼ ਹੀ ਰਹੀ। ਜਿਸ ਤਰਾਂ ਬ੍ਰਾਹਮਣਵਾਦ ਦਾ ਏਜੰਡਾ ਰਿਹਾ ਹੈ ਕਿ ਆਮ ਲੋਕਾਂ ਨੂੰ ਮੂਰਖ ਬਣਾ ਕੇ ਸੱਤਾ ਸੁਖ ਭੋਗਦੇ ਰਹੋ, ਬਿਲਕੁੱਲ ਓੁਹੀ ਤਰੀਕਾ ਆਪ ਜੀ ਨੇ ਅਪਣਾਈ ਰੱਖਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਰਾਜ ਦੇਣ ਦੀ ਵਕਾਲਤ ਕਰਦਿਆਂ ਆਪ ਜੀ ਨੇ ਸਿੱਖ ਭਾਵਨਾਵਾਂ ਨੂੰ ਪੂਰਨ ਤੌਰ 'ਤੇ ਵਰਤਿਆ ਹੈ। ਆਪ ਜੀ ਦਾ ਤਰੀਕਾ ਵੀ ਇਹੋ ਰਿਹਾ ਹੈ ਕਿ ਸੱਤਾ ਵਿਰੋਧੀ ੳੱਠਣ ਵਾਲ਼ੀ ਹਰ ਉਸ ਅਵਾਜ਼ ਨੂੰ ਦਬਾ ਦਿੱਤਾ ਜਾਵੇ ਜੋ ਭਵਿੱਖ ਵਿੱਚ ਗੁਰੂ ਘਰ ਦੇ ਪ੍ਰਚਾਰ ਨੂੰ ਪ੍ਰਚੰਡ ਕਰ ਸਕਦੀ ਹੋਵੇ। ਆਪਜੀ ਨੇ ਕੌਮ ਨਾਲ਼ੋਂ ਵੱਧ ਤਰਜੀਹ ਆਪਣੀ ਕੁਰਸੀ ਨੂੰ ਦਿੱਤੀ। ਇਸ ਕੁਰਸੀ ਨੂੰ ਬਚਾਉਣ ਲਈ ਆਪ ਜੀ ਨੇ ਮਨੁੱਖੀ ਸਰੀਰਾਂ ਦੇ ਖੂਨ ਨਾਲ਼ ਖੇਡਣ ਤੋਂ ਵੀ ਪ੍ਰਹੇਜ਼ ਨਹੀਂ ਕੀਤਾ। ਆਪ ਜੀ ਵੱਲੋਂ ਸਿੱਖ ਜਵਾਨੀ ਦਾ ਸ਼ਿਕਾਰ ਆਮ ਗੱਲ ਰਹੀ। ਜਿਸ ਸਿੱਖ ਜਵਾਨ ਦਾ ਸ਼ਿਕਾਰ ਆਪ ਜੀ ਦੀ ਨੀਤੀ ਤਹਿਤ ਹੁੰਦਾ ਸੀ ਆਪ ਜੀ ਉਸ ਜਵਾਨ ਦੀ ਸ਼ਹੀਦੀ ਨੂੰ ਵੀ ਆਪਣੀ ਸਿਆਸੀ ਪੌੜੀ ਦੇ ਡੰਡੇ ਵਜੋਂ ਵਰਤਣ ਵਿੱਚ ਮਾਹਿਰ ਰਹੇ ਹੋ।
      
ਪਹਿਲੀ ਵਾਰ ਆਪਜੀ ਨੇ 27 ਮਾਰਚ 1970 ਨੂੰ ਜਨਸੰਘ ਦੀ ਮੱਦਦ ਨਾਲ਼ ਸੂਬੇ ਦਾ ਮੁੱਖ ਮੰਤਰੀ ਪਦ ਸੰਭਾਲਦਿਆਂ ਪਹਿਲਾ ਹਮਲਾ ਪੰਜਾਬੀ ਭਾਸ਼ਾ 'ਤੇ ਕੀਤਾ। ਆਪ ਜੀ ਨੇ ਅਹੁਦਾ ਸੰਭਾਲਦਿਆਂ 11 ਨੁਕਾਤੀ ਪ੍ਰੋਗਰਾਮ ਜਾਰੀ ਕਰਦਿਆਂ ਜਨ ਸੰਘ ਤਾਲਮੇਲ ਕਮੇਟੀ ਦੇ 13 ਮਾਰਚ 1970 ਨੂੰ ਸਹੀਬੰਦ ਕੀਤੇ ਗਏ ''ਭਾਸ਼ਾਈ ਸਮਝੌਤੇ'' ਨੂੰ ਲਾਗੂ ਕਰਨ ਦਾ ਵਚਨ ਦ੍ਰਿੜਾਇਆ। ਸਭ ਤੋਂ ਪਹਿਲਾਂ ਆਪ ਜੀ ਨੇ ਪੰਜਾਬ ਵਿੱਚ ਤਕਨੀਕੀ ਨੌਕਰੀਆਂ ਪ੍ਰਾਪਤ ਕਰਨ ਲਈ ਦਸਵੀਂ ਪੱਧਰ ਦੀ ਪੰਜਾਬੀ ਪਾਸ ਕਰਨ ਦੀ ਸ਼ਰਤ ਨੂੰ ਖਤਮ ਕੀਤਾ। ਇਸੇ ਕਾਰਜ ਕਾਲ ਦੌਰਾਨ ਆਪ ਜੀ ਨੇ ਪੰਜਾਬ ਦੇ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲਿਆਂ ਦੀ ਸ਼ੁਰੂਆਤ ਕਰਕੇ ਕਰੀਬ 3 ਦਰਜਨ ਸਿੱਖਾਂ ਦਾ ਸ਼ਿਕਾਰ ਕੀਤਾ ਤੇ ਸਿੱਖ ਵਿਰੋਧੀ 8 ਅਕਤੂਬਰ 1947 ਦੇ ਉਸ ਗਸ਼ਤੀ ਪੱਤਰ ਨੂੰ ਲਾਗੂ ਕਰਨ ਦਾ ਮੁੱਢ ਬੰਨ੍ਹਿਆਂ ਜਿਸ ਵਿੱਚ ਕੇਂਦਰ ਨੇ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਹਿ ਕੇ ਸਖਤੀ ਵਰਤਣ ਦੀ ਹਦਾਇਤ ਕੀਤੀ ਸੀ। ਇਹਨਾਂ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਭ ਤੋਂ ਵੱਡੀ ਉਮਰ ਦੇ 80 ਸਾਲਾ ਬਾਬਾ ਬੂਝਾ ਸਿੰਘ ਤੇ ਸਭ ਤੋਂ ਛੋਟੀ ਉਮਰ ਦੇ ਬਾਰਵੀਂ ਜਮਾਤ ਦੇ ਵਿਦਿਆਰਥੀ 18 ਸਾਲਾ ਸ. ਰਾਮਕਰਨ ਸਿੰਘ ਦੇ ਖੂਨ ਦੇ ਛਿੱਟੇ ਆਪਜੀ ਦੇ ਸਿਆਸੀ ਜੀਵਨ ਤੋਂ ਨਹੀਂ ਉੱਤਰ ਸਕਦੇ। ਇਹਨਾਂ ਝੂਠੇ ਮੁਕਾਬਲਿਆਂ ਸਬੰਧੀ ਆਪ ਜੀ ਨੇ ਵਿਧਾਨ ਸਭਾ ਵਿੱਚ ਹੋਈ ਬਹਿਸ ਦੌਰਾਨ ਇਸ ਕਾਰਵਾਈ ਨੂੰ ਕੇਂਦਰ ਦੇ ਹੁਕਮਾਂ 'ਤੇ ਕਰਨ ਦਾ ਜ਼ਿਕਰ ਕਰਦਿਆਂ ਇਸ ਨੂੰ ਠੀਕ ਤਸਦੀਕ ਕੀਤਾ। ਜਦੋਂ ਕਿ ਤਾਰਕੁੰਡੇ ਕਮਿਸ਼ਨ ਨੇ ਇਸ ਕਾਰਵਾਈ ਨੂੰ ਸਿੱਧੇ ਤੌਰ 'ਤੇ ''ਕਤਲ'' ਦੱਸਿਆ ਸੀ। ਇਸ ਦਾ ਜ਼ਿਕਰ ਅਜਮੇਰ ਸਿੱਧੂ ਦੀ ਕਿਤਾਬ ''ਸ਼ਹੀਦ ਬਾਬਾ ਬੂਝਾ ਸਿੰਘ'' ਦੇ ਪੰਨਾ ਨੰਬਰ 226 'ਤੇ ਵੀ ਹੈ।

ਦੂਸਰੀ ਵਾਰ ਸੱਤਾ 'ਤੇ ਬਿਰਾਜਦਿਆਂ ਆਪ ਜੀ ਨੇ ਅਪ੍ਰੈਲ 1978 ਵਿੱਚ ਅਮ੍ਰਿਤਸਰ 'ਚ ਅਖੌਤੀ ਨਿਰੰਕਰਾਰੀਆਂ ਵੱਲੋਂ 13 ਸਿੱਖਾਂ ਦੇ ਹੁੰਦੇ ਕਤਲ ਨੂੰ ਉਸੇ ਸ਼ਹਿਰ ਦੇ ਸਰਕਟ ਹਾਊਸ ਵਿੱਚ ਬੈਠਿਆਂ ਦੇਖਿਆ ਤੇ ਉਸ ਘਟਨਾ ਦੇ ਮੁੱਖ ਦੋਸ਼ੀ ਗੁਰਬਚਨੇ ਨੂੰ ਸੁਰੱਖਿਅਤ ਬਾਹਰ ਕੱਢਿਆ। ਉਸ ਉਪਰੰਤ ਆਪਣੇ ਹੀ ਮੰਤਰੀ ਜੀਵਨ ਸਿੰਘ ਉਮਰਾਨੰਗਲ ਨੂੰ ਗਵਾਹੀ ਦੇਣ ਲਈ ਪ੍ਰੇਰ ਕੇ ਉਸਦੀ ਝੂਠੀ ਗਵਾਹੀ 'ਤੇ ਗੁਰਬਚਨੇ ਨੂੰ ਬਰੀ ਕਰਵਾਉਣ ਦਾ ਕਲੰਕ ਆਪਣੇ ਮੱਥੇ ਤੇ ਲਾਇਆ।

ਇਸ ਤੋਂ ਅੱਗੇ ਗੱਲ ਕਰੀਏ ਤਾਂ ਆਪ ਜੀ ਨੇ ਅਕਾਲ ਤਖਤ ਦੇ ਸਿਧਾਂਤ ਨੂੰ ਖਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ।ਆਪ ਜੀ ਦੇ ਨਿਸ਼ਾਨੇ 'ਤੇ ''ਅਕਾਲੀ'' ਸ਼ਬਦ ਅਤੇ ''ਅਕਾਲ ਤਖਤ'' ਸਾਹਿਬ ਸਦਾ ਪ੍ਰਮੁੱਖਤਾ ਨਾਲ਼ ਰਹੇ ਤੇ ਆਪ ਜੀ ਨੇ ''ਅਕਾਲੀ'' ਸ਼ਬਦ 'ਤੇ ਕਬਜਾ ਕਰਨ ਅਤੇ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਚੁਣੌਤੀ ਦੇਣ ਦਾ ਕੋਈ ਵੀ ਮੌਕਾ ਖੁੰਝਣ ਨਹੀਂ ਦਿੱਤਾ। ਆਪ ਜੀ ਨੂੰ ਯਾਦ ਕਰਵਾ ਦੇਈਏ ਕਿ ਅਕਾਲ ਤਖਤ ਸਾਹਿਬ ਛੇਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਭੂਗੋਲਿਕ ਤੌਰ 'ਤੇ ਦਿੱਲੀ ਦੇ ਰਾਜ ਤਖਤ ਤੋਂ ਉੱਚਾ ਸਥਾਪਿਤ ਕਰਕੇ ਸਿੱਖ ਕੌਮ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਇਹ ਤਖਤ ਦੁਨਿਆਵੀ ਰਾਜ ਦੇ ਸਾਰੇ ਤਖਤਾਂ ਤੋਂ ਉੱਚਾ ਹੈ ਤੇ ਸਮੁੱਚੇ ਵਿਸ਼ਵ ਵਿੱਚ ਵਸਦੇ ਸਿੱਖਾਂ ਨੂੰ ਇਸ ਤਖਤ ਦੇ ਅਧੀਨ ਕੀਤਾ।
ਸਮੁੱਚਾ ਸਿੱਖ ਪੰਥ ਅਕਾਲ ਤਖਤ ਸਾਹਿਬ ਦੇ ਸੰਮਨ ਕਰਨ 'ਤੇ ਪੇਸ਼ ਹੁੰਦਾ ਰਿਹਾ ਹੈ। ਸਿੱਖ ਰਾਜ ਨੂੰ ਬੁਲੰਦੀਆਂ ਤੱਕ ਲਿਜਾਣ ਵਾਲੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਇਸ ਤਖਤ ਅੱਗੇ ਪੇਸ਼ ਹੋ ਕੇ ਸਜ਼ਾ ਕਬੂਲ ਕੀਤੀ ਸੀ । ਜੇਕਰ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਸੂਬੇ ਦੇ ਮੁੱਖ ਮੰਤਰੀ ਹੁੰਦਿਆਂ  ਸ. ਸੁਰਜੀਤ ਸਿੰਘ ਬਰਨਾਲ਼ਾ ਅਕਾਲ ਤਖਤ ਸਾਹਿਬ ਦੇ ਸੰਮਨਾਂ 'ਤੇ ਇਸ ਤਖਤ ਅੱਗੇ ਪੇਸ਼ ਹੋਏ ਸਨ।

ਪ੍ਰੰਤੂ ਆਪ ਜੀ ਨੇ ਸੰਨ 1979 ਵਿੱਚ ਤਤਕਾਲੀ ਜਥੇਦਾਰ ਸਿੰਘ ਸਾਹਿਬ ਗੁਰਦਿਆਲ ਸਿੰਘ ਅਜਨੋਹਾ ਵੱਲੋਂ ਤਲਬ ਕੀਤੇ ਜਾਣ ਨੂੰ ਇਹ ਕਹਿ ਕੇ ਰੱਦ ਕਰ ਦਿੱਤਾ ਕਿ ਸੂਬੇ ਦਾ ਮੁੱਖ ਮੰਤਰੀ ਅਕਾਲ ਤਖਤ ਅੱਗੇ ਪੇਸ਼ ਨਹੀਂ ਹੋ ਸਕਦਾ। ਆਪ ਜੀ ਨੂੰ ਯਾਦ ਕਰਵਾ ਦੇਈਏ ਕਿ ਅਪ੍ਰੈਲ 1984 ਵਿੱਚ ਅਖੌਤੀ ਨਿਰੰਕਾਰੀਆਂ ਵੱਲੋਂ ਸਿੱਖਾਂ ਦੇ ਖੂਨ ਨਾਲ਼ ਖੇਡਣ ਤੋਂ ਬਾਅਦ ਨਿਰੰਕਾਰੀਆਂ ਦਾ ਮੁਕੰਮਲ ਬਾਈਕਾਟ ਕਰਨ ਦਾ ਹੁਕਮ 17 ਜੂਨ 1978 ਦੀ ਕੈਬਨਿਟ ਮੀਟਿੰਗ ਵਿੱਚ ਆਪ ਜੀ ਨੇ ਇਹ ਕਹਿਕੇ ਰੱਦ ਕਰ ਦਿੱਤਾ ਕਿ ਇਹ ਹੁਕਮ ਉਹਨਾਂ ਲਈ ਹੈ ਜਿਹਨਾਂ ਦਾ ਅਕਾਲ ਤਖਤ ਵਿੱਚ ਵਿਸ਼ਵਾਸ ਹੈ। ਇਸ ਦਾ ਸਬੂਤ 18 ਜੂਨ 1978 ਦੇ ਅਕਾਲੀ ਪੱਤ੍ਰਿਕਾ ਵਿੱਚ ਛਪੀ ਰਿਪੋਰਟ ਹੈ।

ਅਕਾਲ ਤਖਤ ਸਾਹਿਬ ਵੱਲੋਂ ਅਖੌਤੀ ਨਿਰੰਕਾਰੀਆਂ ਦੇ ਬਾਈਕਾਟ ਦੇ ਹੁਕਮ ਦੀ ਉਲੰਘਣਾ ਆਪਜੀ ਨੇ ਉਸ ਸਮੇਂ ਕੀਤੀ ਜਦੋਂ ਅਖੌਤੀ ਨਿਰੰਕਾਰੀਆਂ ਨੇ 25 ਅਗਸਤ 1979 ਨੂੰ ਮੁੜ ਉਸੇ ਅਮ੍ਰਿਤਸਰ ਵਿੱਚ ਸਮਾਗਮ ਦਾ ਐਲਾਨ ਕਰਕੇ ਸਿੱਖ ਅਣਖ ਨੂੰ ਵੰਗਾਰਿਆ ਸੀ। ਆਪ ਜੀ ਨੇ ਉਸ ਸਮੇਂ ਵੀ ਅਮ੍ਰਿਤਸਰ ਪ੍ਰਸ਼ਾਸਨ ਨੂੰ ਹੁਕਮ ਦਿੱਤੇ ਕਿ ਸਮਾਗਮ ਵਿੱਚ ਵਿਘਨ ਪਾਉਣ ਵਾਲ਼ੇ ਹਰ ਸ਼ਖ਼ਸ ਨਾਲ਼ ਸਖਤੀ ਨਾਲ਼ ਪੇਸ਼ ਆਇਆ ਜਾਵੇ।

ਹੁਕਮ ਅਦੂਲੀ ਦੀ ਅਗਲੀ ਮਿਸਾਲ 13 ਅਪ੍ਰੈਲ 1994 ਹੈ, ਜਿਸ ਵਿੱਚ ਉਸ ਸਮੇਂ ਦੇ ਜਥੇਦਾਰ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਨੇ ਹੁਕਮ ਜਾਰੀ ਕੀਤੇ ਸਨ ਕਿ ਸਾਰੇ ਅਕਾਲੀ ਦਲਾਂ ਦੇ ਪ੍ਰਧਾਨ ਅਕਾਲ ਤਖਤ ਸਾਹਿਬ ਦੀ ਵਫ਼ਾਦਾਰੀ ਵਿੱਚ ਆਪਣੇ ਅਸਤੀਫ਼ੇ ਅਕਾਲ ਤਖਤ ਸਾਹਿਬ ਨੂੰ ਸੌਂਪਣ। ਆਪ ਜੀ ਨੇ ਸਿੰਘ ਸਾਹਿਬ ਨੂੰ ਇੱਕ ਪੱਤਰ ਲਿਖ ਕੇ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਉਹਨਾਂ ਨੂੰ ਇਸ ਮਸਲੇ ਵਿੱਚ ਦਖ਼ਲ ਅੰਦਾਜ਼ੀ ਨਾ ਕਰਨ ਲਈ ਕਿਹਾ। ਯਾਦ ਰਹੇ ਕਿ ਉਸ ਹੁਕਮ ਨੂੰ ਮੰਨਦਿਆਂ ਉਸ ਸਮੇਂ ਦੇ ਸਾਰੇ ਅਕਾਲੀ ਦਲਾਂ ਦੇ ਪ੍ਰਧਾਨਾ ਨੇ ਆਪਣੇ ਅਸਤੀਫ਼ੇ ਭੇਜ ਦਿੱਤੇ ਸਨ।

ਹੁਕਮ ਅਦੂਲੀ ਪਿੱਛੋਂ ਆਪਜੀ ਨੂੰ 6 ਮਈ 1994 ਨੂੰ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਗਿਆ, ਆਪਜੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋਣ ਦੀ ਬਜਾਏ ਵੱਡੀ ਭੀੜ ਨਾਲ਼ ਗਏ ਤੇ ਆਪਜੀ ਦੇ ਨਾਲ਼ ਗਈ ਭੀੜ ਨੇ ਗੁੰਡਾ ਗਰਦੀ ਕਰਦਿਆਂ ਅਕਾਲ ਤਖਤ ਸਾਹਿਬ ਦੇ ਦਰਵਾਜਿਆਂ ਨੂੰ ਠੁੱਡੇ ਤੱਕ ਮਾਰੇ ਤੇ ਆਪਜੀ ਨੇ ਅੰਦਰ ਜਾ ਕੇ ਸਿੰਘ ਸਾਹਿਬ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਅਤੇ ਉਸੇ ਸਮੇਂ ਬਾਹਰ ਆ ਕੇ ਵੱਡਾ ਝੂਠ ਬੋਲਦਿਆਂ ਅਕਾਲੀ ਦਲ ਬਣਾਉਣ ਦੀ ਆਗਿਆ ਮਿਲਣ ਦੀ ਗੱਲ ਕੀਤੀ। ਜਦੋਂਕਿ ਸਿੰਘ ਸਾਹਿਬ ਪ੍ਰੋ. ਮਨਜੀਤ ਸਿੰਘ ਜੀ ਨੇ ਕੌਮ ਨੂੰ ਸੰਬੋਧਿਤ ਹੁੰਦਿਆਂ ਇਹ ਸਪਸ਼ਟ ਆਖ ਦਿੱਤਾ ਸੀ ਕਿ ਵੱਖਰਾ ਅਕਾਲੀ ਦਲ ਬਣਾਉਣ ਦੀ ਆਗਿਆ ਨਹੀਂ ਦਿੱਤੀ ਗਈ।

ਹੁਕਮ ਅਦੂਲੀ ਦੀ ਅਗਲੀ ਮਿਸਾਲ ਆਪ ਜੀ ਨੇ 31 ਦਸੰਬਰ 1998 ਦੇ ਉਸ ਹੁਕਮ ਨੂੰ ਵਾਪਸ ਲੈਣ ਦਾ ਮਤਾ 24 ਜਨਵਰੀ 1999 ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ 131 ਸ਼ੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਸੱਦ ਕੇ ਪਾਸ ਕਰਵਾਇਆ ਜਿਸ ਵਿੱਚ ਤਤਕਾਲੀ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਨੇ 300 ਸਾਲਾ ਖਾਲਸਾ ਸਾਜਨਾ ਦਿਵਸਾਂ ਨੂੰ ਇਕੱਠੇ ਹੋ ਕੇ ਮਨਾਉਣ ਦਾ ਹੁਕਮ ਦਿੱਤਾ ਸੀ।

ਅਕਾਲ ਤਖਤ ਸਾਹਿਬ ਦੀ ਲਗਾਤਾਰ ਹੁਕਮ ਅਦੂਲੀ ਉਪਰੰਤ ਜਥੇਦਾਰ ਅਕਾਲ ਤਖਤ ਸਾਹਿਬ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਜਦ 10 ਫ਼ਰਵਰੀ 1999 ਨੂੰ ਆਪ ਜੀ ਦੇ ਵਿਰੁੱਧ ਬਾਈਕਾਟ ਦਾ ਹੁਕਮ ਸੁਣਾਇਆ ਤਾਂ ਆਪ ਜੀ ਨੇ ਆਪਣੇ ਆਪ ਨੂੰ ਅਕਾਲ ਤਖਤ ਤੋਂ ਵੱਡਾ ਸਾਬਤ ਕਰਨ ਲਈ ਉਹਨਾਂ ਨੂੰ ਜਥੇਦਾਰੀ ਤੋਂ ਬਰਖ਼ਾਸਤ ਕਰਨ ਦਾ ਰਾਹ ਪੱਧਰਾ ਕੀਤਾ। ਆਪ ਜੀ ਨੇ ਸ਼੍ਰੋਮਣੀ ਕਮੇਟੀ ਦੇ ਐਜੈਕਟਿਵ ਮੈਂਬਰਾਂ ਦੀ ਇੱਕ ਮੀਟਿੰਗ ਸੱਦੀ, ਜਿਸ ਵਿੱਚ ਕੁੱਲ 15 ਮੈਂਬਰ ਸਨ, ਜਿਹਨਾਂ ਵਿੱਚੋਂ 10 ਮੈਂਬਰ ਸਿੱਧੇ ਤੌਰ 'ਤੇ ਆਪਜੀ ਦੇ ਧੜੇ ਦੇ ਸਨ ਤੇ ਉਹਨਾਂ ਕੋਲੋਂ ਮਤਾ ਪਾਸ ਕਰਵਾ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੂੰ ਬਰਖ਼ਾਸਤ ਕਰਨ ਦੀ ਮੱਦ 'ਤੇ ਸਹੀ ਪੁਆਈ।

ਅਕਾਲ ਤਖਤ ਸਾਹਿਬ ਨੂੰ ਨੀਵਾਂ ਦਿਖਾਉਣ ਦੀ ਗਵਾਹੀ ਆਪ ਜੀ ਦਾ 9 ਦਸੰਬਰ 2000 ਦੇ 'ਪੰਜਾਬੀ ਟ੍ਰਿਬਿਊਨ' ਵਿੱਚ ਛਪਿਆ ਉਹ ਬਿਆਨ ਹੈ ਜਿਸ ਵਿੱਚ ਆਪ ਜੀ ਨੇ ਆਰ.ਐਸ.ਐੱਸ. ਨੂੰ ਦੇਸ਼ ਭਗਤ ਜਥੇਬੰਦੀ ਦੱਸਦਿਆਂ ਇਸ ਜਥੇਬੰਦੀ ਵਿਰੁੱਧ ਬਿਆਨ ਦੇਣ ਵਾਲ਼ਿਆਂ ਨੂੰ ਪੰਜਾਬ ਦੇ ਦੁਸ਼ਮਣ ਅਤੇ ਅਮਨ ਨੂੰ ਅੱਗ ਲਾਉਣ ਵਾਲ਼ੇ ਦੱਸਿਆ। ਇਹ ਬਿਆਨ ਐਨ ਉਸ ਸਮੇਂ ਦਿੱਤਾ ਗਿਆ ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ 7 ਦਸੰਬਰ 2000 ਦੇ 'ਪੰਜਾਬੀ ਟ੍ਰਿਬਿਊਨ' ਵਿੱਚ ਇਹ ਬਿਆਨ ਛਪਿਆ ਸੀ ਕਿ ਆਰ.ਐਸ.ਐੱਸ. ਸਿੱਖ ਧਰਮ ਦੇ ਅੰਦਰੂਨੀ ਮਸਲਿਆਂ ਵਿੱਚ ਦਖਲ ਅੰਦਾਜ਼ੀ ਬੰਦ ਕਰੇ । ਇਸ ਤੋਂ ਅੱਗੇ ਸਿੰਘ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਆਰ.ਐਸ.ਐੱਸ. ਘੱਟ ਗਿਣਤੀਆਂ ਲਈ ਖਤਰੇ ਦੀ ਘੰਟੀ ਹੈ। ਆਪ ਜੀ ਨੇ ਸਿੱਖ ਪੰਥ ਦੀ ਵੱਖਰੀ ਪਹਿਚਾਣ ਕੌਮੀ ਕੈਲੰਡਰ ਦਾ ਵੀ ਕਤਲ ਕਰਵਾਇਆ।

ਅਕਾਲ ਤਖਤ ਸਾਹਿਬ 'ਤੇ ਹੋਏ ਹਮਲੇ ਫ਼ੌਜੀ ਹਮਲੇ ਵਿੱਚ ਆਪ ਜੀ ਦੀ ਭੂਮਿਕਾ ਜੱਗ ਜ਼ਾਹਰ ਹੋ ਚੁੱਕੀ ਹੈ। ਆਪ ਜੀ ਵੱਲੋਂ ਮਈ 1984 ਅਤੇ ਜੂਨ 1984 ਦੇ ਪਹਿਲੇ ਹਫ਼ਤੇ ਕੇਂਦਰੀ ਮੰਤਰੀਆਂ ਨਾਲ਼ ਕੀਤੀਆਂ ਮੀਟਿੰਗਾਂ ਤੇ ਕੇਂਦਰੀ ਗ੍ਰਹਿ ਮੰਤਰੀ ਪੀ.ਵੀ. ਨਰਸਿਮ੍ਹਾ ਰਾਓੁ ਨਾਲ਼ 27 ਮਾਰਚ 1984 ਨੂੰ ਐਮ.ਐੱਮ.ਕੇ ਵਲ਼ੀ, ਕ੍ਰਿਸ਼ਨਾ ਸਵਾਮੀ, ਪ੍ਰਣਾਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰ ਅਲੈਗਜ਼ੈਂਡਰ ਦੀ ਹਾਜਰੀ ਵਿਚਲੀ ਮੀਟਿੰਗ ਆਪਜੀ ਨੂੰ ਇਸ ਹਮਲੇ ਦੀ ਵਿਉਂਤ ਬਣਾਉਣ ਵਾਲ਼ਿਆਂ ਦਾ ਸਾਥੀ ਗਰਦਾਨਦੀ ਹੈ। ਇਸ ਤੋਂ ਇਲਾਵਾ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਲਈ ਸਰਕਾਰ 'ਤੇ ਦਬਾਅ ਬਣਾਉਣ ਵਾਲ਼ੀ ਭਾਜਪਾ ਨਾਲ਼ ਆਪਜੀ ਦਾ ''ਪਤੀ-ਪਤਨੀ'' ਵਾਲ਼ਾ ਸਬੰਧ ਇਸ ਹਮਲੇ ਦੀ ਸਾਜਿਸ਼ ਦਾ ਹਿੱਸਾ ਬਣਨ ਨੂੰ ਹੋਰ ਵੀ ਤਸਦੀਕ ਕਰਦਾ ਹੈ।

ਅਕਾਲ ਤਖਤ ਸਾਹਿਬ 'ਤੇ ਫ਼ੌਜੀ ਹਮਲੇ ਦੀ ਪ੍ਰਵਾਨਗੀ ਨਾ ਦੇਣ ਵਾਲ਼ੇ ਤਤਕਾਲੀ ਡੀ.ਸੀ. ਅਮ੍ਰਿਤਸਰ ਸ਼ ਗੁਰਦੇਵ ਸਿੰਘ ਦੇ ਛੁੱਟੀ 'ਤੇ ਜਾਣ ਉਪਰੰਤ ਆਪਣੇ ਨੇੜਲੇ ਰਿਸ਼ਤੇਦਾਰ ਰਮੇਸ਼ਇੰਦਰ ਸਿੰਘ ਦੇ ਨਾਮ ਨੂੰ ਪ੍ਰਪੋਜ਼ ਕਰਨਾ ਤੇ ਉਸ ਉਪਰੰਤ ਉਸਨੂੰ ਪੂਣੇ ਤੋਂ ਵਿਸ਼ੇਸ਼ ਜਹਾਜ਼ ਰਾਹੀਂ ਬੁਲਾ ਕੇ ਅਮ੍ਰਿਤਸਰ ਦੇ ਡੀ.ਸੀ. ਦਾ ਚਾਰਜ ਦਿਵਾ ਕੇ ਹਮਲੇ ਦੀ ਮਨਜ਼ੂਰੀ ਦਿਵਾਉਣ ਵਿੱਚ ਰੋਲ ਉਸ ਸਮੇਂ ਤਸਦੀਕ ਹੋ ਜਾਂਦਾ ਹੈ ਜਦੋਂ ਆਪਜੀ ਨੇ ਰਮੇਸ਼ਇੰਦਰ ਸਿੰਘ ਨੂੰ ਆਪਣਾ ਪ੍ਰਮੁੱਖ ਸਕੱਤਰ ਬਣਾ ਲਿਆ।

ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਵਿੱਚ ਜਨਰਲ ਸ਼ਬੇਗ ਸਿੰਘ ਦੀ ਯੋਜਨਾਬੰਦੀ ਤੋਂ ਘਬਰਾਈ ਕੇਂਦਰੀ ਸਰਕਾਰ ਦੀ ਮੱਦਦ ਕਰਦਿਆਂ ਭਵਿੱਖ ਵਿੱਚ ਅਜਿਹਾ ਫ਼ੌਜੀ ਅਫ਼ਸਰ ਪੈਦਾ ਹੋਣ ਦੀ ਸੰਭਾਵਨਾ ਨੂੰ ਖ਼ਤਮ ਕਰਨ ਲਈ ਭਾਵਨਾ ਵਾਲ਼ੇ ਸਿੱਖ ਫੌਜੀਆਂ ਦੀ ਨਿਸ਼ਾਨਦੇਹੀ ਕਰਕੇ ਬਾਹਰ ਲਿਆਉਣ ਦੀ ਮਨਸ਼ਾ ਨਾਲ਼ 10 ਜੂਨ 1984 ਨੂੰ ਚੰਡੀਗੜ੍ਹ ਤੋਂ ਰੇਡੀਓੁ ਜ਼ਰੀਏ ਸਿੱਖ ਫ਼ੌਜੀਆਂ ਨੂੰ ਅਪੀਲ ਕਰਦਿਆਂ ਬੈਰਕਾਂ ਛੱਡ ਕੇ ਦਰਬਾਰ ਸਾਹਿਬ ਵੱਲ ਨੂੰ ਕੂਚ ਕਰਨ ਦਾ ਸੱਦਾ ਦਿੱਤਾ। ਜਿਸ ਨਾਲ਼ ਕੇਂਦਰੀ ਏਜੰਸੀਆਂ ਨੂੰ ਭਵਿੱਖ ਦੇ ''ਜਨਰਲ ਸ਼ੁਬੇਗ ਸਿੰਘ'' ਲੱਭਣ ਵਿੱਚ ਕਾਮਯਾਬੀ ਮਿਲ਼ੀ। ਅੱਜ ਉਹਨਾਂ ''ਧਰਮੀ ਫ਼ੌਜੀਆਂ'' ਦੀ ਹਾਲਤ ਆਪ ਜੀ ਦੇ ਸਾਹਮਣੇ ਹੈ।

ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਖ਼ਤਮ ਕਰਨ ਉਪਰੰਤ ਆਪਣੇ ਰਿਮੋਰਟ 'ਤੇ ਚੱਲਣ ਵਾਲ਼ੇ ਜਥੇਦਾਰਾਂ ਦੀ ਨਿਯੁਕਤੀ ਕਰਕੇ ਉਹਨਾਂ ਨੂੰ ਸ਼੍ਰੋਮਣੀ ਕਮੇਟੀ ਦੇ ਤਨਖਾਹਦਾਰ ਮੁਲਾਜ਼ਮ ਬਣਾਉਣ ਦਾ ਕਲੰਕ ਵੀ ਆਪਜੀ ਨੇ ਆਪਣੇ ਮੱਥੇ ਲਗਵਾ ਲਿਆ। ਉਸ ਪਿੱਛੋਂ ਉਹਨਾਂ ''ਤਨਖਾਹਦਾਰ ਜਥੇਦਾਰਾਂ'' ਤੋਂ ਪੰਥ ਰਤਨ ਪ੍ਰਾਪਤ ਕਰਨਾ ਆਪ ਜੀ ਵੱਲੋਂ ਕੇਂਦਰ ਨੂੰ ਇਹ ਦੱਸਣਾ ਸੀ ਕਿ ਅੱਜ ''ਧਰਮ'' ਵੀ ਪੂਰੀ ਤਰਾਂ ਮੇਰੇ ਕਬਜੇ ਵਿੱਚ ਆ ਗਿਆ ਹੈ।

ਉਸ ਤੋਂ ਅੱਗੇ ਸਿੱਖ ਕੌਮ ਦੇ ਝੂਠੇ ਮੁਕਾਬਲੇ ਬਣਾਉਣ ਵਾਲ਼ੇ ਪੁਲਿਸ ਅਧਿਕਾਰੀਆਂ ਦੀ ਪੁਸ਼ਤਪਨਾਹੀ ਆਪਜੀ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਕਰਦੀ ਹੈ। ਸੰਨ 1997 ਵਾਲ਼ੀ ਸਰਕਾਰ ਨੂੰ ਹੋਂਦ ਵਿੱਚ ਲਿਆਉਣ ਲਈ ਆਪਜੀ ਦੀ ਜਲੰਧਰ ਦੇ ਪੀ.ਏ.ਪੀ. ਕੰਪਲੈਕਸ ਵਿੱਚ ਸਿੱਖ ਜਵਾਨੀ ਦੇ ਕਾਤਲ ਪੁਲਿਸ ਅਧਿਕਾਰਅਿਾਂ ਨਾਲ ਕੀਤੀ ਗੁਪਤ ਮੀਟਿੰਗ ਵਿੱਚ ਉਹਨਾਂ ਪੁਲਿਸ ਅਧਿਕਾਰੀਆਂ ਨੂੰ ਸਰਕਾਰ ਬਣਨ ਦੀ ਸੂਰਤ ਵਿੱਚ ਸਾਰੇ ਕੇਸ ਸਰਕਾਰ ਵੱਲੋਂ ਆਪਣੇ ਖਰਚੇ 'ਤੇ ਲੜਨ ਦਾ ਭਰੋਸਾ ਦਿਵਾਉਣਾ ਸਿੱਖ ਕੌਮ ਨਾਲ਼ ਅਗਲਾ ਧਰੋਹ ਸੀ।

ਆਪ ਜੀ ਨੇ ਹੁਣ ਤੱਕ ਸਿੱਖ ਵਿਰੋਧੀ ਸਫ਼ਾਂ ਵਿੱਚ ਕੰਮ ਕਰ ਕੇ ਸਿੱਖ ਕੌਮ ਦਾ ਨੁਕਸਾਨ ਕਰਨ ਵਾਲ਼ੇ ਕਿਸੇ ਵੀ ਅਧਿਕਾਰੀ ਨੂੰ ਰੁਤਬਾ ਬਖ਼ਸ਼ਣ ਵਿੱਚ ਕੋਈ ਕਸਰ ਨਹੀਂ ਛੱਡੀ। ਆਲਮ ਸੈਨਾ ਬਣਾ ਕੇ ਨਕੋਦਰ ਕਾਂਡ ਕਰਨ ਤੇ ਅਣਗਿਣਤ ਸਿੱਖ ਜਵਾਨੀ ਦਾ ਸ਼ਿਕਾਰ ਖੇਡਣ ਵਾਲ਼ੇ ਇਜ਼ਹਾਰ ਆਲਮ ਨੂੰ 2012 ਵਿੱਚ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਉਣਾ ਸਿੱਖਾਂ ਦੇ ਰਿਸਦੇ ਜ਼ਖ਼ਮਾਂ 'ਤੇ ਨਮਕ ਛਿੜਕਣਾ ਸੀ। ਸਿੱਖੀ ਦੇ ਖੂਨ ਨਾਲ਼ ਲਿੱਬੜੇ ਸੁਮੇਧ ਸਿੰਘ ਸੈਣੀ ਨੂੰ ਪੁਲਿਸ ਮੁਖੀ ਦਾ ਰੁਤਬਾ ਬਖਸ਼ਣਾ ਸਿਰ ਚੁੱਕਣ ਵਾਲ਼ੇ ਸਿੱਖਾਂ ਨੂੰ ਡਰਾਉਣ ਤੇ ਧਮਕਾਉਣ ਦਾ ਸਿੱਧਮ-ਸਿੱਧਾ ਐਲਾਨ ਸੀ।

ਆਪ ਜੀ ਦੇ ਰਾਜ ਵਿੱਚ ਪੰਜਾਬ ਵਿੱਚ ਵੱਡੇ ਪੱਧਰ 'ਤੇ ਫ਼ੈਲੇ ਡੇਰਾਵਾਦ ਨੇ ਆਪਜੀ ਦੇ ''ਤਖਤ'' ਦੇ ਪਾਵੇ ਤਾਂ ਮਜ਼ਬੂਤ ਕੀਤੇ, ਪਰ ਸਿੱਖੀ ਦਾ ਘਾਣ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਆਸ਼ੂਤੋਸ਼, ਅਖੌਤੀ ਨਿਰੰਕਾਰੀਆਂ, ਡੇਰਾ ਸਿਰਸਾ ਅਤੇ ਭਨਿਆਰਾਂ ਵਾਲ਼ੇ ਵੱਲੋਂ ਸਿੱਧੇ ਤੌਰ 'ਤੇ ਸਿੱਖ ਕੌਮ 'ਤੇ ਹਮਲੇ ਕੀਤੇ ਗਏ ਤੇ ਆਪ ਜੀ ਨੇ ਉਹਨਾਂ ਦੀ ਪੁਸ਼ਤਪਨਾਹੀ ਕੀਤੀ।

ਆਪ ਜੀ ਵੱਲੋਂ 2007 ਤੋਂ 2017 ਤੱਕ ਦੇ ਦਸ ਸਾਲਾਂ ਦੇ ਰਾਜ ਵਿੱਚ ਪੂਰਨ ਤਾਕਤ ਨਾਲ਼ ਸਿੱਖੀ 'ਤੇ ਕੀਤੇ ਹਮਲੇ ਨਾ-ਭੁੱਲਣਯੋਗ ਹਨ। ਸੰਨ 2007 ਵਿੱਚ ਸਿਰਸਾ ਡੇਰਾ ਮੁਖੀ ਵੱਲੋਂ ਸਿੱਖ ਭਾਵਨਾਵਾਂ ਨਾਲ਼ ਕੋਝਾ ਮਜਾਕ ਤੇ ਉਸ ਪਿੱਛੋਂ ਆਪਜੀ ਵੱਲੋਂ ਉਸ ਡੇਰੇ ਦੀ ਪੁਸ਼ਤਪਨਾਹੀ ਸਿੱਖੀ ਨਾਲ਼ ਧ੍ਰੋਹ ਹੈ।
1 ਜੂਨ 2015 ਵਿੱਚ ਬੁਰਜ ਜਵਾਹਰ ਸਿੰਘ ਵਾਲ਼ਾ 'ਚੋਂ ਗੁਰੁ ਸਾਹਿਬ ਦੇ ਸਰੂਪ ਨੂੰ ਚੋਰੀ ਕਰਕੇ ਸਿੱਖਾਂ ਨੂੰ ਸਿੱਧੇ ਤੌਰ 'ਤੇ ਵੰਗਾਰਨ ਵਾਲ਼ਿਆਂ ਦੀ ਪਹਿਚਾਣ ਲੁਕਾ ਕੇ ਰੱਖਣਾ, ਉਸ ਉਪਰੰਤ ਗੁਰੂ ਸਾਹਿਬ ਦੀ ਬੇਅਦਬੀ ਕਰਨ ਦੀ ਵੰਗਾਰ ਦੇਣਾ ਤੇ 12 ਅਕਤੂਬਰ 2015 ਨੂੰ ਬਰਗਾੜੀ ਵਿੱਚ ਬੇਅਦਬੀ ਕਰਨ ਤੱਕ ਸਰਕਾਰ ਦੀ ਸਾਜ਼ਿਸ਼ੀ ਚੁੱਪ ਆਪ ਜੀ ਦੀ ਸ਼ਮੂਲੀਅਤ ਦਾ ਪ੍ਰਮਾਣ ਹੈ। 14 ਅਕਤੂਬਰ 2015 ਬੇਅਦਬੀ ਦੇ ਦੋਸ਼ੀਆਂ ਦੀ ਭਾਲ਼ ਕਰਨ ਤੇ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਇਸੇ ਬੱਤੀਆਂ ਵਾਲ਼ਾ ਚੌਕ ਵਿੱਚ ਵਿਰੋਧ ਪ੍ਰਦਰਸ਼ਨ ਕਰ ਰਹੀਆਂ ਸੰਗਤਾਂ 'ਤੇ ਸਿੱਧੀਆਂ ਗੋਲ਼ੀਆਂ ਤੇ ਪੁਲਿਸੀਆਂ ਕਾਰਵਾਈ ਆਪ ਜੀ ਦੀ ਸਿੱਖ ਵਿਰੋਧੀ ਮਾਨਸਿਕਤਾ ਦਾ ਦਿਖਾਵਾ ਸੀ। ਉਸ ਪਿੱਛੋਂ ਬਹਿਬਲ ਕਲਾਂ ਨੂੰ ਜਾਣ ਵਾਲ਼ੀ ਲਿੰਕ ਸੜਕ 'ਤੇ ਪ੍ਰਦਰਸ਼ਣ ਕਰਦੀ ਸਿੱਖ ਸੰਗਤ 'ਤੇ ਪੁਲਿਸ ਗੋਲੀਬਾਰੀ ਤੇ ਪੁਲਿਸ ਦੀ ਗੋਲ਼ੀ ਨਾਲ਼ ਦੋ ਸਿੱਖ ਨੌਜਵਾਨਾਂ ਦੀ ਜੀਵਨ ਲੀਲਾ ਸਮਾਪਤੀ ਸਿੱਖ ਕੌਮ ਨੂੰ ਹਕੂਮਤੀ ਧੌਂਸ ਦਿਖਾਉਣਾ ਸੀ।

ਆਪ ਜੀ ਨੂੰ ਯਾਦ ਕਰਵਾ ਦੇਈਏ ਕਿ ਦੋਨੋਂ ਥਾਵਾਂ 'ਤੇ ਸ਼ਾਂਤੀਪੂਰਵਕ ਚੱਲ ਰਹੇ ਪ੍ਰਦਰਸ਼ਨ ਵਿੱਚ ਕਿਸੇ ਕਿਸਮ ਦੀ ਸੰਪੱਤੀ ਨੂੰ ਨੁਕਸਾਨਿਆ ਨਹੀਂ ਗਿਆ ਸੀ ਤੇ ਦੂਸਰੇ ਪਾਸੇ ਆਪਜੀ ਦੀ ਸਰਕਾਰ ਦੌਰਾਨ ਹੀ ਡੇਰੇਦਾਰਾਂ ਦੇ ਪ੍ਰਦਰਸ਼ਣ ਵਿੱਚ ਸਰਕਾਰੀ ਜਾਇਦਾਦਾਂ ਦੇ ਕੀਤੇ ਨੁਕਸਾਨ ਦੀਆਂ ਉਦਾਹਰਣਾਂ ਨਾਲ਼ ਇਤਿਹਾਸ ਭਰਿਆ ਪਿਆ ਹੈ ਅਤੇ ਆਪਜੀ ਦੀ ਪੁਲਿਸ ਹੋ ਰਹੇ ਨੁਕਸਾਨ ਨੂੰ ਤਮਾਸ਼ਬੀਨ ਬਣ ਕੇ ਦੇਖਦੀ ਰਹੀ।

ਜੇ ਕਰ ਇਹ ਕਹਿ ਲਿਆ ਜਾਵੇ ਕਿ ਕੇਂਦਰੀ ਏਜੰਸੀਆਂ ਦੇ ਇਸ਼ਾਰੇ 'ਤੇ ਕਰੀਬ ਤੀਹ ਸਾਲਾਂ ਵਿੱਚ ਪੈਦਾ ਹੋਈ ''ਅਣਖੀਲੀ ਸਿੱਖ ਜਵਾਨੀ'' ਦੀ ਨਿਸ਼ਾਨਦੇਹੀ ਕਰਨ ਲਈ ਪੰਜਾਬ ਨੂੰ ਲਾਏ ਲਾਂਬੂ ਦੀ ਪਹਿਲੀ ਤੀਲੀ ਸੀ ਤਾਂ ਇਹ ਗ਼ਲਤ ਨਹੀਂ ਹੋਵੇਗਾ।

ਡੇਰਾ ਸਿਰਸਾ ਮੁਖੀ ਨੂੰ ਬਿਨਾ ਮੰਗੇ ਮੁਆਫੀ ਦੇਣ ਤੇ ਬਾਅਦ ਵਿੱਚ ਵਾਪਸ ਲੈਣ ਦਾ ਸਮੁੱਚਾ ਘਟਨਾਕ੍ਰਮ ਜੱਗ ਜ਼ਾਹਰ ਹੋ ਚੁੱਕਾ ਹੈ। ਇਸ ਮੁਆਫ਼ੀ ਘਟਨਾਕ੍ਰਮ ਵਿੱਚ ਆਪਜੀ ਦੀ ਭੂਮਿਕਾ ਨੂੰ ਉਜਾਗਰ ਕਰਨ ਵਾਲ਼ੇ ਗਿਆਨੀ ਗੁਰਮੁਖ ਸਿੰਘ ਤੇ ਹਿੰਮਤ ਸਿੰਘ ਖ਼ਾਲਸਾ ਬੇਸ਼ੱਕ ਹੁਣ ਆਪ ਜੀ ਦੀ ਪਨਾਹ ਵਿੱਚ ਹਨ ਪ੍ਰੰਤੂ ਸੰਗਤ ਸਮੁੱਚੇ ਰੂਪ ਵਿੱਚ ਆਪਜੀ ਦੇ ਰੋਲ ਨੂੰ ਸਮਝ ਚੁੱਕੀ ਹੈ ਕਿ ਕਿਸ ਤਰਾਂ ਆਪਜੀ ਤਖ਼ਤਾਂ ਦੇ ਜਥੇਦਾਰ ਸਾਹਿਬਾਨਾਂ ਨੂੰ ਸੋਨੇ ਦੀਆਂ ਹੱਥਕੜੀਆਂ ਵਿੱਚ ਜਕੜ ਕੇ ਹਕੂਮਤੀ ਤਹਿਖਾਨਿਆਂ ਵਿੱਚ ਕੈਦ ਕਰਕੇ ਰੱਖਦੇ ਹੋ।

ਜਦੋਂ ਮੁਆਫ਼ੀਨਾਮੇ ਦੇ ਉਸ ਘਟਨਾਕ੍ਰਮ 'ਤੇ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਨੇ ਅਵਾਜ਼ ਬੁਲੰਦ ਕੀਤੀ ਤਾਂ ਆਪਜੀ ਸਿੱਖ ਕੌਮ ਦੇ ਰਵਾਇਤੀ ਸਿਧਾਂਤ ਨੂੰ ਵੀ ਖ਼ਤਮ ਕਰ ਕੇ ''ਪੰਜ ਪਿਆਰਿਆਂ'' ਨੂੰ ਵੀ ਤਨਖਾਹਦਾਰ ਮੁਲਾਜ਼ਮ ਗਰਦਾਨ ਦਿੱਤਾ । ਯਾਦ ਕਰਵਾ ਦੇਈਏ ਕਿ ਸਿੱਖ ਪੰਥ ਵਿੱਚ ''ਪੰਜ ਪਿਆਰਿਆਂ'' ਦਾ ਸਤਿਕਾਰ ਗੁਰੂ ਦੇ ਬਰਾਬਰ ਹੈ। ਇਤਿਹਾਸ ਇਸ ਦੀ ਗਵਾਹੀ ਭਰਦਾ ਹੈ ਕਿ ਸਮੇਂ-ਸਮੇਂ 'ਤੇ ''ਪੰਜ ਪਿਆਰਿਆਂ'' ਵੱਲੋਂ ''ਗੁਰੁ'' ਨੂੰ ਵੀ ''ਹੁਕਮ'' ਦਿੱਤੇ ਗਏ ਹਨ। ''ਚਮਕੌਰ ਦੀ ਗੜ੍ਹੀ'' ਤੇ ''ਦਾਦੂ ਦੀ ਸਮਾਧ'' ਵਾਲ਼ੀਆਂ ਦੋ ਘਟਨਾਵਾਂ ਇਸ ਦੀ ਸਪਸ਼ਟ ਉਦਾਹਰਨ ਹਨ।

ਆਪ ਜੀ ਡੇਰਾ ਸਿਰਸਾ ਮੁਖੀ ਦੇ ਆਏ ਸਮਾਜਿਕ ਬਾਈਕਾਟ ਦੇ ਸੱਦੇ ਉਪਰੰਤ ਸਿੱਖ ਨੌਜਵਾਨਾਂ ਦੀਆਂ ਗੁਆਚੀਆਂ ਕੀਮਤੀ ਜਾਨਾਂ ਦੇ ਵੀ ਜ਼ਿੰਮੇਵਾਰ ਹੋ। ਉਹ ਨੌਜਵਾਨ ਆਪਜੀ ਦੀਆਂ ਬੇੜੀਆਂ ਵਿੱਚ ਜਕੜੇ ਜਥੇਦਾਰਾਂ ਦੇ ਸੱਦੇ ਨੂੰ ਪ੍ਰਵਾਨ ਚੜ੍ਹਾਉਣ ਲਈ ਹੀ ਸਰਗਰਮ ਹੋਏ ਸਨ। ਕਿੱਡੀ ਸ਼ਰਮ ਦੀ ਗੱਲ ਹੈ ਕਿ ਆਪਜੀ ਡੇਰਾ ਸਿਰਸਾ ਮੁਖੀ ਦੀ ਫ਼ਿਲਮ ਦੇ ਪੋਸਟਰ ਦੀ ਰਾਖੀ ਲਈ ਤਾਂ ਪੁਲਿਸ ਦੀ ਤਾਇਨਾਤੀ ਤਾਂ ਕਰਦੇ ਰਹੇ ਹੋ, ਪ੍ਰੰਤੂ ਗੁਰੁ ਦੇ ਪਿਆਰ ਵਿੱਚ ਬੈਠੀ ਸੰਗਤ ਲਈ ਆਪ ਦਾ ਨਜ਼ਰੀਆਂ ਹੋਰ ਰਿਹਾ।

ਆਪ ਜੀ ਨੇ ਕੇਂਦਰੀ ਏਜੰਸੀਆਂ ਦੇ ਏਜੰਟ ਵਜੋਂ ਪੰਜਾਬ ਵਿੱਚ ਸਿੱਖ ਭਾਵਨਾਵਾਂ ਨੂੰ ਭੁਲੇਖੇ ਵਿੱਚ ਰੱਖਦਿਆਂ ਸ਼ਹੀਦਾਂ ਦੇ ਖੂਨ 'ਚੋਂ ਨਿੱਕਲੇ ''ਅਕਾਲੀ'' ਸ਼ਬਦ 'ਤੇ ਲਗਭਗ ਪੂਰਨ ਰੂਪ ਵਿੱਚ ਕਬਜਾ ਕਰ ਲਿਆ ਤੇ ਸਿੱਖ ਧਰਮ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਆਪਣੀ ਗ਼ੁਲਾਮ ਬਣਾ ਲਿਆ।

ਆਪ ਜੀ ਦੀ ਅਸਲੀਅਤ ਪਹਿਚਾਨਣ ਵਿੱਚ ਧੋਖਾ ਖਾ ਚੁੱਕੀ ਸਿੱਖ ਕੌਮ ਨੇ ਆਪ ਜੀ ਨੂੰ ਅਸੀਮ ਤਾਕਤ ਬਖ਼ਸ਼ੀ ਪਰ ਆਪਜੀ ਨੇ ਬਦਲੇ ਵਿੱਚ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਸਮੇਂ-ਸਮੇਂ 'ਤੇ ਲਏ ਪੰਥ ਵਿਰੋਧੀ ਫ਼ੈਸਲੇ ਇਸ ਗੱਲ ਨੂੰ ਤਸਦੀਕ ਕਰਦੇ ਹਨ ਕਿ ਆਪ ਜੀ ਨੇ ਇਤਿਹਾਸਿਕ ਸਿੱਖ ਸੰਘਰਸ਼ਾਂ ਵਿੱਚ ਆਪ ਜੀ ਦੇ ਖ਼ਾਨਦਾਨ ਵੱਲੋਂ ਕੀਤੀ ਗ਼ਦਾਰੀ ਨੂੰ ਅੱਗੇ ਤੋਰਿਆ ਹੈ। ਆਪ ਜੀ ਅੰਦਰ ਸੱਤਾ ਅਤੇ ਪੈਸੇ ਦੀ ਲਾਲਸਾ ਨੇ ਆਪ ਜੀ ਨੂੰ ਇਸ ਕਦਰ ਅੰਨ੍ਹਿਆਂ ਕਰ ਦਿੱਤਾ ਕਿ ਆਪ ਜੀ ਨੂੰ ਉਮਰ ਦੇ ਅਖੀਰਲੇ ਪੰਧ ਵਿੱਚ ਮਿਲਣ ਵਾਲ਼ੀਆਂ ਲਾਹਣਤਾਂ ਦਾ ਵੀ ਖ਼ਿਆਲ ਨਹੀਂ ਰਿਹਾ। ਆਪ ਜੀ ਨੇ ਕੁੜਮਾਚਾਰੀ ਵੀ ਉਸ ਮਜੀਠਾ ਘਰਾਣੇ ਨਾਲ਼ ਪਾਈ ਜਿਹੜਾ 13 ਅਪ੍ਰੈਲ 1919 ਦੇ ਜਲ੍ਹਿਆਂ ਵਾਲ਼ਾ ਬਾਗ ਦੇ ਖੂਨੀ ਸਾਕੇ ਦੇ ਫੌਜੀ ਅਧਿਕਾਰੀ ਦੀ ਉਸੇ ਦਿਨ ਮਹਿਮਾਨਨਿਵਾਜੀ ਕਰ ਚੁੱਕਾ ਹੈ।

ਸੱਤਾ ਦੇ ਸਿਖਰਾਂ ਤੱਕ ਪਹੁੰਚਣ ਲਈ ਆਪਜੀ ਨੇ ਵਿਧਾਨ ਸਭਾ ਵਿੱਚ ਦਾਖਲੇ ਲਈ ਪਹਿਲੀ ਵਾਰ ਕਾਂਗਰਸ ਦੀ ਟਿਕਟ 'ਤੇ ਚੋਣ ਲੜ ਕੇ ਉਸ ਨਹਿਰੂ ਦੀ ਅਧੀਨਗੀ ਕਬੂਲੀ ਜਿਸ ਨੇ ਅਜ਼ਾਦੀ ਮਿਲਣ ਦੇ ਮਹਿਜ 44 ਦਿਨਾਂ ਬਾਅਦ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕੌਮ ਕਹਿ ਕੇ ਗ੍ਰਹਿ ਵਿਭਾਗ ਨੂੰ ਸਿੱਖਾਂ ਨਾਲ਼ ਸਖਤੀ ਵਰਤਣ ਦੀ ਹਦਾਇਤ ਕੀਤੀ ਸੀ। ਉਪਰੰਤ ਆਪਜੀ 'ਤੇ ਕੇਂਦਰ ਇਸ ਕਦਰ ਮਿਹਰਬਾਨ ਹੋਇਆ ਕਿ ਪੰਜਾਬ ਦੀ ਵਾਗਡੋਰ ਆਪ ਜੀ ਦੇ ਹੱਥਾਂ ਤੱਕ ਆ ਗਈ ਤੇ ਆਪ ਜੀ ਕੇਂਦਰ ਦੀ ਡੁਗਡੁਗੀ 'ਤੇ ਨਚਾਇਆ ਜਾਣ ਵਾਲ਼ਾ ਹਰ ਉਹ ਨਾਚ ਨੱਚੇ ਜਿਸ ਨਾਲ਼ ਕੇਂਦਰ ਆਪ ਜੀ ਦੇ ਜ਼ਰੀਏ ਸਿੱਖੀ ਸਿਧਾਂਤ ਨੂੰ ਖੋਰਾ ਲਾ ਸਕੇ ਤੇ ਅੱਜ ਪੰਜਾਬ ਦੀ ਅਜਿਹੀ ਹਾਲਤ ਕਰ ਕੇ ਰੱਖ ਦਿੱਤੀ ਕਿ ਪੰਜਾਬੀ ਦੋ ਵਕਤ ਦੀ ਰੋਟੀ, ਸਾਫ਼ ਪਾਣੀ, ਸਾਫ਼ ਹਵਾ ਅਤੇ ਉਪਜਾਊ ਭੂਮੀ ਤੋਂ ਆਹਰੀ ਹੁੰਦਾ ਜਾ ਰਿਹਾ ਹੈ।

ਹਰੀ ਕ੍ਰਾਂਤੀ ਦੇ ਨਾਮ 'ਤੇ ਪੰਜਾਬ ਵਿੱਚ ਜ਼ਹਿਰੀਲੀਆਂ ਫ਼ਸਲਾਂ ਦੀ ਪੈਦਾਵਾਰ ਦੀ ਸ਼ੁਰੂਆਤੀ ਸਪੀਡ ਆਪਜੀ ਦੇ ਪਹਿਲੇ ਕਾਰਜ ਕਾਲ ਦੌਰਾਨ 1970 ਵਿੱਚ ਤੇਜ਼ ਹੋਈ। ਬਦਕਿਸਮਤੀ ਨਾਲ਼ ਪੰਜਾਬ ਹੀ ਅਜਿਹਾ ਸੂਬਾ ਸੀ ਜਿਸ ਨੂੰ ਤਜ਼ਰਬੇ ਦੇ ਤੌਰ 'ਤੇ ਹਰੀ ਕ੍ਰਾਂਤੀ ਲਈ ਚੁਣਿਆ ਗਿਆ। ਜਿਸ ਦੇ ਚੱਲਦਿਆਂ ਅੱਜ ਪੰਜਾਬ ਦਾ ਪਾਣੀ, ਹਵਾ ਤੇ ਧਰਤੀ ਪੂਰੀ ਤਰਾਂ ਪ੍ਰਦੂਸ਼ਿਤ ਹੋ ਚੁੱਕੇ ਹਨ। ਕੈਂਸਰ ਵਰਗੀਆਂ ਮਹਾਂਮਾਰੀਆਂ ਉਸੇ ''ਹਰੀ ਕ੍ਰਾਂਤੀ'' ਦਾ ਨਤੀਜਾ ਹਨ।

ਪੰਜਾਬ ਦਾ ਰਵਾਇਤੀ ਕਿੱਤਾ ਖੇਤੀਬਾੜੀ ਰਿਹਾ ਹੈ ਜਿਸਨੂੰ ਆਪ ਜੀ ਨੇ ਖਾਤਮੇ ਦੇ ਕਿਨਾਰੇ ਲਿਆ ਖੜ੍ਹਾ ਕੀਤਾ। ਪੰਜਾਬ ਦੀਆਂ ਰਵਾਇਤੀ ਫ਼ਸਲਾਂ ਨੂੰ ਹਾਸ਼ੀਏ 'ਤੇ ਕਰ ਕੇ ''ਚੌਲ਼'' ਦਾ ਉਤਪਾਦਨ ਵਾਧਾ ਪੰਜਾਬ ਦੀ ਆਰਥਿਕ ਕੰਗਾਲੀ ਦਾ ਰਸਤਾ ਸੀ, ਜਿਸ ਨੂੰ ਆਪ ਜੀ ਨੇ ਗਤੀ ਪ੍ਰਦਾਨ ਕੀਤੀ। ਸਮੁੱਚੇ ਵਿਸ਼ਵ ਵਿੱਚ ਧਰਤੀ ਹੇਠਲੇ ਖਣਿਜ ਆਰਥਿਕਤਾ ਦਾ ਸਰੋਤ ਹੁੰਦੇ ਹਨ। ਕੋਲ਼ਾ, ਲੋਹਾ, ਸੋਨਾ, ਤੇਲ ਆਦਿਕ ਵਸਤੂਆਂ ਧਰਤੀ ਹੇਠੋਂ ਕੱਢੀਆਂ ਜਾਂਦੀਆਂ ਹਨ ਤੇ ਇਹਨਾਂ ਦਾ ਮੁੱਲ ਵੱਟਿਆ ਜਾਂਦਾ ਹੈ। ਜੇ ਕਰ ਇਹ ਕਹਿ ਲਈਏ ਕਿ ਉੱਪਰ ਜ਼ਿਕਰ ਕੀਤੇ ਖਣਿਜਾਂ ਬਿਨਾਂ ਜ਼ਿੰਦਗੀ ਜੀਵੀ ਜਾ ਸਕਦੀ ਹੈ ਤਾਂ ਕਾਫ਼ੀ ਹੱਦ ਤੱਕ ਠੀਕ ਹੋਵੇਗਾ, ਇਹਨਾਂ ਬਿਨਾਂ ਜੀਵਨ ਔਖਾ ਤਾਂ ਹੋ ਸਕਦਾ ਹੈ, ਪਰ ਅਸੰਭਵ ਨਹੀਂ। ਦੂਸਰੇ ਪਾਸੇ ਪਾਣੀ ਇੱਕ ਅਜਿਹਾ ਖਣਿਜ ਹੈ ਜਿਸ ਬਗੈਰ ਜ਼ਿੰਦਗੀ ਸੰਭਵ ਹੀ ਨਹੀਂ, ਜਿਸ ਦਾ ਪੰਜਾਬ ਕੋਲ਼ ਅਸੀਮਤ ਤੇ ਵਰਤੋਂਯੋਗ ਭੰਡਾਰ ਸੀ। ਜਿਸ ਨੂੰ ਆਪਜੀ ਨੇ ਮੁਫ਼ਤ ਵਿੱਚ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ। ''ਪੰਜਾਬ ਵਿੱਚ ਪਾਣੀ ਦੇ ਖੌਅ'' ਚੌਲ ਦੀ ਫ਼ਸਲ ਨੂੰ ਬੁਲੰਦੀਆਂ ਬਖ਼ਸ਼ਣ ਲਈ ਜ਼ਮੀਨੀ ਪਾਣੀ ਦੀ ਖੁੱਲ੍ਹੀ ਵਰਤੋਂ ਉਤਸ਼ਾਹਿਤ ਕਰਨ ਲਈ ਮੁਫ਼ਤ ਬਿਜਲੀ ਦੀ ਸਹੂਲਤ ਦੇ ਕੇ ਪਾਣੀ ਦੀ ਖੁੱਲ੍ਹੀ ਬਰਬਾਦੀ ਦੀ ਗਤੀ ਨੂੰ ਹੋਰ ਤੇਜ਼ ਕੀਤਾ। ਇੱਕ ਕਿੱਲੋ ਚੌਲ਼ 'ਤੇ ਘੱਟੋ ਘੱਟ ਤਿੰਨ ਹਜ਼ਾਰ ਲੀਟਰ ਪਾਣੀ ਦੀ ਖਪਤ ਹੁੰਦੀ ਹੈ, ਜਿਸ ਦਾ 85 ਫ਼ੀਸਦੀ ਹਿੱਸਾ ਧਰਤੀ ਹੇਠੋਂ ਕੱਢਿਆ ਜਾਂਦਾ ਹੈ ਅਤੇ ਫ਼ਸਲ ਦਾ ਮੁੱਲ ਤਹਿ ਕਰਨ ਲੱਗਿਆਂ ਪਾਣੀ ਦੀ ਲਾਗਤ ਨੂੰ ਉਸ ਵਿੱਚੋਂ ਮਨਫ਼ੀ ਕਰਨਾ ਸੂਬੇ ਨਾਲ਼ ਗ਼ਦਾਰੀ ਹੈ। ਜ਼ਮੀਨੀ ਪਾਣੀ ਧਰਤੀ ਦੀ ਉਪਜਾਊ ਸ਼ਕਤੀ ਨਾਲ਼ ਸਿੱਧਾ ਸਬੰਧ ਰੱਖਦਾ ਹੈ। ਜ਼ਮੀਨੀ ਪਾਣੀ ਦਾ ਪੱਧਰ ਨੀਵਾਂ ਜਾਣ ਕਰ ਕੇ ਪੰਜਾਬ ਆਪਣੇ ਮੁੱਖ ਆਰਥਿਕ ਸਰੋਤ ਤੋਂ ਵਾਂਝਾ ਹੁੰਦਾ ਜਾ ਰਿਹਾ ਹੈ। ਜਿਸ ਵਿੱਚ ਸਿੱਧੇ ਤੌਰ 'ਤੇ ਆਪਜੀ ਜ਼ਿੰਮੇਵਾਰ ਹੋ। ਪੰਜਾਬ ਦਾ ਦਰਿਆਈ ਪਾਣੀ ਲੁਕਵੇਂ ਤਰੀਕੇ ਨਾਲ਼ ਗੁਆਂਢੀ ਰਾਜਾਂ ਨੂੰ ਮੁਫ਼ਤ ਦੇ ਕੇ ਕੇਂਦਰ ਦੀ ਪੰਜਾਬ ਨੂੰ ਆਰਥਿਕ ਤੌਰ 'ਤੇ ਬਰਬਾਦ ਕਰਨ ਦੀ ਸਾਜ਼ਿਸ਼ ਦਾ ਹਿੱਸਾ ਬਣੇ ਹੋ।

ਉਪਰੋਕਤ ਲੰਬੀਆਂ ਚੌੜੀਆਂ ਗ਼ਦਾਰੀਆਂ ਕਰਨ ਦੇ ਬਦਲੇ ਵਿੱਚ ਅੱਜ ਮਿਤੀ 14 ਅਕਤੂਬਰ 2018 ਨੂੰ ਸਮੁੱਚੀ ਸਿੱਖ ਕੌਮ ਲਾਹਣਤ ਦਿਹਾੜੇ ਵਜੋਂ ਮਨਾ ਰਹੀ ਹੈ ਅਤੇ ਇਹ ਉਦੋਂ ਤੱਕ ਮਨਾਉਂਦੇ ਰਹਾਂਗੇ ਜਦੋਂ ਤੱਕ ਆਪ ਜੀ ਦਾ ਖਾਨਦਾਨ ਆਪ ਜੀ ਦੀਆਂ ਕੀਤੀਆਂ ਮਕਾਰੀਆਂ ਨੂੰ ਕਬੂਲ ਕਰਕੇ ਸਿੱਖ ਕੌਮ ਤੋਂ ਮੁਆਫ਼ੀ ਨਹੀਂ ਮੰਗ ਲੈਂਦਾ।

ਅੱਜ ਸਿੱਖ ਸੰਗਤ ਉਸੇ ਬੱਤੀਆਂ ਵਾਲ਼ਾ ਚੌਕ ਕੋਟਕਪੂਰਾ ਵਿੱਚ ਇਕੱਤਰ ਹੋ ਕੇ ਆਪ ਜੀ ਨੂੰ ''ਸੂਬਾ-ਸਰਹੰਦ'' ਦੇ ਨਾਮ ਨਾਲ਼ ਦੁਰਕਾਰਦੀ ਹੋਈ ਅਣਗਿਣੀਆਂ ਤੇ ਅਣਤੁਲ਼ੀਆਂ ਲਾਹਣਤਾਂ ਪਾਉਂਦੀ ਹੋਈ ਐਲਾਨ ਕਰਦੀ ਹੈ ਕਿ ਹਰ ਵਰ੍ਹੇ 14 ਅਕਤੂਬਰ ਨੂੰ ਦੁਨੀਆਂ ਭਰ ਵਿਚ ਵਸਦੇ ਹੋਏ ਸਿੱਖ ''ਲਾਹਣਤ ਦਿਹਾੜੇ'' ਵਜੋਂ ਮਨਾਇਆ ਕਰਨਗੇ।

ਸਿੱਖ ਕੌਮ ਵੱਲੋਂ ਅਣਗਿਣੀਆਂ ਤੇ ਅਣਤੁਲੀਆਂ ਲਾਹਣਤਾਂ ਸੰਭਾਲੋ !
ਸਮੂਹ ਸਿੱਖ ਸੰਗਤ ਅਤੇ ਸਮੂਹ ਮੈਂਬਰਾਨ
ਦਰਬਾਰ-ਏ-ਖ਼ਾਲਸਾ ।