ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਵਾਦ-ਵਿਵਾਦ - ਦਰਸ਼ਨ ਸਿੰਘ ਤਾਤਲਾ
ਜੂਨ 1984 ਦੇ ਸਾਕਾ ਨੀਲਾ ਤਾਰਾ ਦੌਰਾਨ ਨੁਕਸਾਨੀ ਗਈ ਸਿੱਖ ਰੈਫਰੈਂਸ ਲਾਇਬਰੇਰੀ ਇਕ ਵਾਰ ਫਿਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਫ਼ੌਜ ਲਾਇਬਰੇਰੀ 'ਚੋਂ ਕਾਫੀ ਗ੍ਰੰਥ, ਕਿਤਾਬਾਂ ਤੇ ਖਰੜੇ ਲੈ ਗਈ?ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਨੁਸਾਰ ਫ਼ੌਜ ਵੱਲੋਂ ਲਿਜਾਇਆ ਗਿਆ ਵਧੇਰੇ ਸਾਹਿਤ ਵਾਪਸ ਨਹੀਂ ਕੀਤਾ ਗਿਆ। ਪੰਜਾਬ ਦੇ ਇਤਿਹਾਸ ਅਤੇ ਵਿਦੇਸ਼ਾਂ ਵਿਚ ਰਹਿੰਦੇ ਸਿੱਖਾਂ ਬਾਰੇ ਕਈ ਪ੍ਰਸਿੱਧ ਕਿਤਾਬਾਂ ਦੇ ਲੇਖਕ ਦਰਸ਼ਨ ਸਿੰਘ ਤਾਤਲਾ ਵੱਲੋਂ ਲੇਖ ਵਿਚ ਇਸ ਮਾਮਲੇ ਦੇ ਵੱਖ ਵੱਖ?ਪਹਿਲੂਆਂ ਬਾਰੇ ਚਰਚਾ ਕੀਤੀ ਜਾ ਰਹੀ ਹੈ :
ਸਿੱਖ ਰੈਫਰੈਂਸ ਲਾਇਬਰੇਰੀ ਨਾਲ ਮੇਰੀ ਵਾਕਫੀ 1980-81 'ਚ ਪਈ ਜਦੋਂ ਮੈਂ ਲੰਦਨ 'ਚ ਬ੍ਰਿਟਿਸ਼ ਮਿਊਜ਼ੀਅਮ 'ਚੋਂ ਪੰਜਾਬ ਦੇ ਦੋ ਪੁਰਾਣੇ ਨਕਸ਼ੇ ਕਢਵਾ ਕੇ ਲਿਆਇਆ ਅਤੇ ਫਰੇਮ ਕਰਵਾ ਕੇ ਇਥੇ ਦੇਣ ਗਿਆ ਸਾਂ। ਉਦੋਂ ਮੈਂ ਇਸ ਲਾਇਬਰੇਰੀ 'ਚ ਪਏ ਗ੍ਰੰਥਾਂ ਦੇ ਖਰੜੇ ਜਾਂ ਪੁਸਤਕਾਂ ਦੇ ਮਹੱਤਵ ਦਾ ਖਾਸ ਖਿਆਲ ਨਹੀਂ ਸੀ ਕੀਤਾ। ਦੂਜੀ ਵਾਰ ਜਾਣ ਦਾ ਇਤਫਾਕ ਉਦੋਂ ਬਣਿਆ, ਜਦ ਮੇਰੇ ਨਾਲ ਅੰਗਰੇਜ਼ ਇਤਿਹਾਸਕਾਰ ਈਅਨ ਟਾਲਬਟ ਸੀ। ਉਸ ਨੇ ਪੰਜਾਬ ਦੀ 1947 ਦੀ ਵੰਡ ਦੀ 50ਵੀਂ ਬਰਸੀ 1997 ਲਈ ਖੋਜ ਪ੍ਰਾਜੈਕਟ ਉਲੀਕਿਆ, ਜਿਸ ਦਾ ਮੈਂ ਭਾਈਵਾਲ ਬਣਿਆ ਅਤੇ ਇਸ ਖੋਜ ਦੇ ਸਿਲਸਿਲੇ ਵਿਚ ਅੰਮ੍ਰਿਤਸਰ ਪੁੱਜੇ। 1947 ਦੇ ਉਜਾੜੇ ਵਿਚ ਜਿਹੜੇ ਲੋਕ ਅੰਮ੍ਰਿਤਸਰ ਤੋਂ ਲਾਹੌਰ ਅਤੇ ਉਧਰੋਂ ਲਾਹੌਰ ਤੋਂ ਅੰਮ੍ਰਿਤਸਰ ਆ ਵਸੇ ਸਨ, ਉਨ੍ਹਾਂ ਵਿਚੋਂ ਕੁਝ ਨਾਲ ਮੁਲਾਕਾਤਾਂ ਕਰ ਕੇ ਉਜਾੜੇ ਦੀਆਂ ਯਾਦਾਂ ਨੂੰ ਸਾਂਭਣਾ, ਸਾਡਾ ਕੰਮ ਸੀ। ਅਸੀਂ ਅਖਬਾਰ ਅਤੇ ਹੋਰ ਲਿਖਤਾਂ ਨੂੰ ਵਾਚਣ ਲਈ ਸਿੱਖ ਰੈਫਰੈਂਸ ਲਾਇਬਰੇਰੀ ਅਤੇ ਖਾਲਸਾ ਕਾਲਜ ਦੀ ਸਿੱਖ ਇਤਿਹਾਸਕ ਲਾਇਬਰੇਰੀ 'ਚ ਪਹੁੰਚੇ। ਸਿੱਖ ਰੈਫਰੈਂਸ ਲਾਇਬਰੇਰੀ ਵਿਚ ਲਾਹੌਰ ਤੋਂ ਛਪਦੇ 'ਸਿਵਲ ਐਂਡ ਮਿਲਟਰੀ ਗਜਟ', 'ਦਿ ਟ੍ਰਿਬਿਊਨ', ਉਰਦੂ ਅਕਾਲੀ ਆਦਿ ਰੋਜ਼ਾਨਾ ਅਖਬਾਰ ਫਾਈਲਾਂ ਵਿਚ ਸਾਂਭੇ ਪਏ ਸਨ। 1997 ਤੋਂ 2001 ਦੇ ਚਾਰ ਸਾਲ ਦੌਰਾਨ ਅਸੀਂ ਇਨ੍ਹਾਂ ਦੋਵਾਂ ਲਾਇਬਰੇਰੀਆਂ ਦੇ ਨਾਲ ਨਾਲ ਮਿਉਂਸਿਪਲ ਕਮੇਟੀ ਦੀ ਲਾਇਬਰੇਰੀ ਤੋਂ ਵੀ ਜਾਣੂ ਹੋ ਗਏ।
ਉਦੋਂ ਤੱਕ 1984 ਦਾ ਘੱਲੂਘਾਰਾ ਵਾਪਰ ਚੁੱਕਾ ਸੀ। ਇਥੇ ਅਸੀਂ ਲਾਇਬਰੇਰੀ ਦੇ ਉਪਰਲੇ ਕਮਰੇ ਵੇਖੇ ਜਿਨ੍ਹਾਂ 'ਚ ਸੜੀਆਂ ਤੇ ਵਿੰਗੀਆਂ ਹੋਈਆਂ ਲੋਹੇ ਦੀਆਂ ਸ਼ੈਲਫਾਂ ਅਜੇ ਵੀ ਪਈਆਂ ਸਨ। ਇਕ ਕਮਰੇ 'ਚ ਰੁਮਾਲਿਆਂ 'ਚ ਢਕੇ ਕੁਝ ਪਵਿੱਤਰ ਗੁਟਕੇ ਅਤੇ ਹੋਰ ਖਰੜੇ ਰੱਖੇ ਜਾ ਰਹੇ ਸਨ। ਉਦੋਂ ਸਾਨੂੰ ਲਾਇਬਰੇਰੀਅਨ ਸਾਹਿਬ ਨੇ ਅੱਗ ਦੌਰਾਨ ਨੁਕਸਾਨ ਬਾਰੇ ਕਾਫੀ ਵਿਸਥਾਰ ਨਾਲ ਦੱਸਿਆ। ਸੁਣ ਕੇ ਹੈਰਾਨੀ ਹੋਈ ਕਿ ਫ਼ੌਜ ਨਾਲ ਲੜਾਈ ਦੌਰਾਨ 2 ਜੂਨ ਤੋਂ 5 ਜੂਨ ਸਵੇਰ ਤੱਕ ਲਾਇਬਰੇਰੀ ਬਚੀ ਰਹੀ ਸੀ। ਲਾਇਬਰੇਰੀ ਤਾਂ ਲੜਾਈ ਮੁੱਕ ਜਾਣ ਪਿਛੋਂ ਬਦਲੇ ਦੀ ਭਾਵਨਾ ਨਾਲ ਸਾੜੀ ਗਈ, ਜਿਸ ਨਾਲ ਸਾਰੇ ਸ਼ੈਲਫ, ਕੁਰਸੀਆਂ, ਮੇਜ ਆਦਿ ਸੜ ਗਏ। ਉਦੋਂ ਅਸੀਂ ਇਸ ਗੱਲ ਵੱਲ ਧਿਆਨ ਨਾ ਦਿੱਤਾ, ਜਦ ਸਾਨੂੰ ਲਾਇਬਰੇਰੀਅਨ ਨੇ ਇਹ ਕਿਹਾ ਕਿ ਲਾਇਬਰੇਰੀ 'ਚੋਂ ਬਹੁਤ ਸਾਰੀਆਂ ਕਿਤਾਬਾਂ ਅਤੇ ਖਰੜੇ ਫ਼ੌਜ ਵਾਲੇ ਬੋਰੀਆਂ ਵਿਚ ਪਾ ਟਰੱਕਾਂ ਰਾਹੀਂ ਬਾਹਰ ਲੈ ਗਏ ਸਨ, ਜਾਣੀ ਬਹੁਤ ਸਾਰਾ ਲਾਇਬਰੇਰੀ ਦਾ ਮਸੌਦਾ ਅੱਗ ਦੀ ਭੇਟ ਨਹੀਂ ਸੀ ਚੜ੍ਹਿਆ, ਮੇਰੀ ਅਗਿਆਨਤਾ ਜਾਂ ਮੂਰਖਤਾ ਹੀ ਸਮਝੋ ਕਿ ਮੈਂ ਇਸ ਬਾਰੇ ਉਦੋਂ ਕੋਈ ਹੋਰ ਸਵਾਲ ਨਾ ਪੁੱਛਿਆ।
ਇਸ ਲਾਇਬਰੇਰੀ ਨਾਲ ਅਗਲਾ ਸਬੰਧ ਉਦੋਂ ਬਣਿਆ, ਜਦੋਂ ਮੈਂ ਗ਼ਦਰ ਲਹਿਰ ਅਤੇ ਕਾਮਾਗਾਟਾ ਮਾਰੂ ਬਾਰੇ ਖੋਜ ਪ੍ਰਾਜੈਕਟ ਅਧੀਨ, ਲੰਦਨ ਦੀ ਬ੍ਰਿਟਿਸ਼ ਲਾਇਬਰੇਰੀ 'ਚੋਂ ਕੁਝ ਸਰਕਾਰੀ ਫਾਈਲਾਂ ਦੀ ਕਾਪੀ ਕਰਾ ਕੇ ਪੰਜਾਬ ਦੀਆਂ ਕੁਝ ਲਾਇਬਰੇਰੀਆਂ ਦੇਣ ਇੱਥੇ ਪੁੱਜਾ। ਇਸੇ ਸਮੇਂ ਕਿਸੇ ਪੁਸਤਕ ਦੇ ਸੰਪਾਦਕ ਨੇ ਇਸ ਲਾਇਬਰੇਰੀ ਦੇ ਹੋਏ ਨੁਕਸਾਨ ਸਬੰਧੀ ਲੇਖ ਲਿਖਣ ਲਈ ਕਿਹਾ ਤਾਂ ਮੈਂ ਗਹਿਰੀ ਪੁੱਛ-ਗਿੱਛ ਸ਼ੁਰੂ ਕੀਤੀ।
ਇਸ ਲਾਇਬਰੇਰੀ ਨੂੰ ਬਣਾਉਣ ਦਾ ਇਤਿਹਾਸ ਪੜ੍ਹਿਆ, ਜੋ ਖ਼ਾਲਸਾ ਕਾਲਜ ਦੇ ਪ੍ਰੋਫੈਸਰਾਂ ਵਲੋਂ ਸਿੱਖ ਸਰੋਤਾਂ ਨੂੰ ਸਾਂਭਣ ਦੀ ਇੱਛਾ 'ਚੋਂ ਪੈਦਾ ਹੋਇਆ। ਇਸ ਵਿਚ ਗੰਡਾ ਸਿੰਘ, ਤੇਜਾ ਸਿੰਘ, ਬਾਵਾ ਹਰਕਿਸ਼ਨ ਸਿੰਘ, ਬਾਵਾ ਪਰੇਮ ਸਿੰਘ, ਗੁਰਮੁਖ ਨਿਹਾਲ ਸਿੰਘ ਤੇ ਹੋਰ ਕਿੰਨੇ ਦਾਨਸ਼ਮੰਦਾ ਦੀ ਸੋਚ ਸੀ। ਖਾਸ ਮੌਕਾ ਉਦੋਂ ਬਣਿਆ ਜਦ ਮਹਾਰਾਜਾ ਦਲੀਪ ਸਿੰਘ ਦੀ ਵੱਡੀ ਧੀ ਸ਼ਹਿਜ਼ਾਦੀ ਬੰਬਾ 10 ਫਰਵਰੀ, 1945 ਨੂੰ ਖ਼ਾਲਸਾ ਕਾਲਜ ਦੀ ਸਿੱਖ ਇਤਿਹਾਸ ਸਭਾ ਨੂੰ ਵਿਖਿਆਨ ਦੇਣ ਲਈ ਪਧਾਰੀ। ਸ਼੍ਰੋਮਣੀ ਕਮੇਟੀ ਨੇ 27 ਅਕਤੂਬਰ, 1846 ਨੂੰ 822 ਨੰਬਰ ਮਤੇ 'ਚ ਲਾਇਬਰੇਰੀ ਖੋਲ੍ਹਣ ਦਾ ਫ਼ੈਸਲਾ ਕਰ ਲਿਆ ਸੀ ਪਰ ਇਹ ਲਾਇਬਰੇਰੀ ਗੁਰੂ ਰਾਮਦਾਸ ਸਰਾਂ ਦੇ ਚਾਰ ਨੰਬਰ ਹਾਲ 'ਚ 9 ਫਰਵਰੀ 1947 ਨੂੰ ਖੋਲ੍ਹੀ ਗਈ।
ਨਨਕਾਣਾ ਸਾਹਿਬ ਪਿਛੋਂ ਦਰਬਾਰ ਸਾਹਿਬ ਸਿੱਖਾਂ ਦਾ ਸਭ ਤੋਂ ਪੂਜਣਯੋਗ ਅਸਥਾਨ ਹੋਣ ਕਰਕੇ ਗੁਰੂ ਸਾਹਿਬਾਨ ਦੇ ਸਮੇਂ ਤੋਂ ਹੀ ਗ੍ਰੰਥਾਂ ਦੇ ਲਿਖਣ ਅਤੇ ਸਾਂਭਣ ਦਾ ਸਿਲਸਿਲਾ ਚੱਲ ਪਿਆ ਸੀ, ਜੋ ਮਹਾਰਾਜਾ ਰਣਜੀਤ ਸਿੰਘ ਵੇਲੇ ਵੱਖੋ-ਵੱਖਰੇ ਸ਼ਹਿਜ਼ਾਦਿਆਂ ਵੱਲੋਂ ਉਸਾਰੇ ਬੁੰਗਿਆਂ ਵਿਚ ਹੋਰ ਵੀ ਵਿਕਸਤ ਹੋਇਆ। ਇਹ ਖਰੜੇ ਹੱਥੋ ਹੱਥੀ ਸੰਪਰਦਾਵਾਂ ਦੇ ਮੁਖੀਆਂ ਕੋਲ ਚਲੇ ਆਉਂਦੇ ਸਨ। ਸਿੱਖਾਂ, ਸੰਪਰਦਾਵਾਂ ਅਤੇ ਕਈ ਸੰਸਥਾਵਾਂ ਵੱਲੋਂ ਪੁਰਾਣੇ ਹਥ-ਲਿਖਤ ਗ੍ਰੰਥ, ਸੈਂਚੀਆਂ ਆਦਿ ਜਮ੍ਹਾਂ ਕਰਾਈਆਂ ਜਾਣ ਲਗੀਆਂ, ਜੋ ਇਸ ਲਾਇਬਰੇਰੀ ਦੀ ਸਮੱਗਰੀ ਬਣੀ। 1958 ਵਿਚ ਇਹ ਲਾਇਬਰੇਰੀ ਬਾਬਾ ਦੀਪ ਸਿੰਘ ਵਾਲੇ ਬੁੰਗੇ ਵਿਚ ਲਿਆਂਦੀ ਗਈ। ਸ਼੍ਰੋਮਣੀ ਕਮੇਟੀ ਨੇ ਨਜਰਸਾਨੀ ਕਰਨ ਲਈ ਸਿੱਖ ਇਤਿਹਾਸ ਬੋਰਡ ਬਣਾਇਆ। 1947 ਤੋਂ 1950ਵਿਆਂ ਦੇ ਅਖੀਰ ਤਕ ਇਸ ਲਾਇਬਰੇਰੀ ਵਿਚ ਆਏ ਖਰੜਿਆਂ ਅਤੇ ਪੁਸਤਕਾਂ ਦੀ ਪਹਿਲੀ ਸੂਚੀ ਗੰਡਾ ਸਿੰਘ ਹੁਰਾਂ ਦੀ ਹਿੰਮਤ ਨਾਲ ਪ੍ਰਕਾਸ਼ਤ ਹੋਈ, ਜੋ ਪਿਛੋਂ ਬਕਾਇਦਾ ਸੋਧੀ ਗਈ। ਇਸ ਵਿਚ ਗੁਰੂ ਗ੍ਰੰਥ, ਦਸਮ ਗ੍ਰੰਥ ਦੀਆਂ ਹੱਥ ਲਿਖਤ ਬੀੜਾਂ ਤੋਂ ਇਲਾਵਾ ਸਿੱਖ ਇਤਿਹਾਸ ਦੀਆਂ ਹੋਰ ਹੱਥ ਲਿਖਤਾਂ ਅਤੇ ਕਿੰਨੇ ਪੁਰਾਣੇ ਗ੍ਰੰਥ ਸਨ। ਜਿਨ੍ਹਾਂ 'ਚ ਹਿੰਦੂ ਧਰਮ ਦੇ ਸ਼ਾਸਤਰ, ਪੰਜਾਬੀ ਸਾਹਿਤ ਦੀਆ ਹੱਥ-ਲਿਖਤਾਂ, ਉਰਦੂ ਅਤੇ ਫਾਰਸੀ ਦੀਆਂ ਪੁਸਤਕਾਂ ਇਕੱਤਰ ਹੋਏ। ਇਸ ਦੀਆਂ ਸੂਚੀਆਂ ਸਿੱਖ ਇਤਿਹਾਸ ਬੋਰਡ ਨੇ ਛਾਪੀਆਂ। ਇਸੇ ਸਿਲਸਿਲੇ ਵਿਚ ਸ਼ਮਸ਼ੇਰ ਸਿੰਘ ਅਸ਼ੋਕ ਨੇ ਸਿੱਖਾਂ ਦੀਆਂ ਹੱਥ ਲਿਖਤ ਬੀੜਾਂ ਦੀ ਪੁਸਤਕ ਛਾਪੀ।
ਜਦੋਂ 1984 ਦਾ ਘੱਲੂਘਾਰਾ ਵਾਪਰਿਆ ਤਾਂ ਸਿੱਖ ਰੈਫਰੈਂਸ ਲਾਇਬਰੇਰੀ ਵਿਚ ਪਏ ਸਿੱਖ ਵਿਰਸੇ ਬਾਰੇ ਫਿਕਰ ਹੋਣਾ ਕੁਦਰਤੀ ਹੀ ਸੀ। ਮਾਰਕ ਤੁਲੀ ਨੇ ਲਿਖਿਆ ਹੈ ਕਿ ਲੜਾਈ ਮੁੱਕਣ ਮੱਗਰੋਂ ਜਦ ਮਦਰਾਸੀ ਫੌਜੀਆਂ ਦੀ ਰੈਜਮੈਂਟ ਸਵੇਰ ਦਾ ਖਾਣਾ ਖਾ ਰਹੀ ਸੀ, ਤਾਂ ਲਾਇਬਰੇਰੀ ਦੇ ਕਿਸੇ ਖੂੰਜੇ ਤੋਂ ਇਕ ਗੋਲੀ ਦੀ ਆਵਾਜ਼ ਸੁਣਦੇ ਸਾਰ ਇਨ੍ਹਾਂ ਫ਼ੌਜੀਆਂ ਨੇ ਜਵਾਬੀ ਗਰਨੇਡਾਂ ਦੀ ਵਰਖਾ ਨਾਲ ਇਸ ਨੂੰ ਅੱਗ ਲਗੀ। ਇਸ ਲਾਇਬਰੇਰੀ ਦੀਆਂ ਪੁਸਤਕਾਂ ਅਤੇ ਖਰੜਿਆਂ ਨੂੰ ਬਕਾਇਦਾ ਟਰੱਕਾਂ ਰਾਹੀਂ ਸ਼ਹਿਰ ਦੀ ਛਾਉਣੀ ਪਹੁੰਚਾ ਦਿੱਤਾ ਸੀ, ਜਿੱਥੇ ਕਾਰਵਾਈ ਕਰਦੇ ਹੋਏ ਇਸ ਨੂੰ ਏਅਰਪੋਰਟ ਰਾਹੀਂ ਜਲੰਧਰ ਅਤੇ ਕੁਝ ਹਿੱਸੇ ਨੂੰ ਚੰਡੀਗੜ੍ਹ ਫੌਜ ਦੇ ਕੇਂਦਰ ਵਿਚ ਪਹੁੰਚਾਇਆ ਗਿਆ। ਇਥੇ ਇਸ ਦੀ ਹੋਰ ਪੜਤਾਲ ਕੀਤੀ ਗਈ।
ਕੀ ਕੁੱਝ ਫ਼ੌਜ ਚੁੱਕ ਕੇ ਲੈ ਗਈ, ਉਸ ਵੱਲੋਂ ਫਿਰ ਕੀ ਮੋੜਿਆ ਗਿਆ, ਇਹ ਸਵਾਲ ਅਹਿਮ ਸਨ। ਫ਼ੌਜ ਵੱਲੋਂ ਕੁਝ ਸਮੱਗਰੀ ਦੀ ਵਾਪਸੀ ਦੀ ਤਸਦੀਕ ਤਾਂ ਫਾਈਲਾਂ ਰਾਹੀਂ ਹੁੰਦੀ ਸੀ ਪਰ ਹਰ ਵਾਰੀ ਕੀ ਮੋੜਿਆ ਗਿਆ ਇਸ ਦੀ ਤਫਸੀਲ ਸਾਫ਼ ਨਹੀਂ। ਰਣਜੀਤ ਸਿੰਘ ਨੰਦਾ, ਜੋ ਪੰਜਾਬ ਪੁਲੀਸ ਚ ਇੰਸਪੈਕਟਰ ਸੀ, ਦੇ ਬਿਆਨਾਂ ਅਨੁਸਾਰ ਜਦ ਇਹ ਸਮੱਗਰੀ ਅੰਮ੍ਰਿਤਸਰ ਏਅਰਪੋਰਟ 'ਤੇ ਉਤਾਰੀ ਤਾਂ ਉਹ ਹਾਜ਼ਰ ਸੀ, ਉਸ ਦੇ ਨਾਲ ਦੂਜੇ ਸਿੱਖ ਪੁਲੀਸ ਅਧਿਕਾਰੀ ਸ਼ਬਦਲ ਸਿਘ ਸਨ, ਜਿਸ ਦੇ ਬਿਆਨ ਵੀ ਇਸ ਦੀ ਹਾਮੀ ਭਰਦੇ ਹਨ। ਕੁਝ ਸਾਲਾਂ ਪਿੱਛੋਂ ਇੱਕ ਅਖਬਾਰ ਵਿਚ ਇਨ੍ਹਾਂ ਦੋਹਾਂ ਅਧਿਕਾਰੀਆਂ ਦੀ ਦਰਬਾਰ ਸਾਹਿਬ ਦੇ ਘੱਲੂਘਾਰੇ ਬਾਰੇ ਲੇਖ ਜਾਂ ਟਿੱਪਣੀ ਛਪੀ। ਉਸ ਵਿਚ ਉਨ੍ਹਾਂ ਵੱਲੋਂ ਦੱਸਣ ਅਨੁਸਾਰ ਫੌਜ ਵਲੋਂ ਲਿਸਟ ਬਣਾਈ ਗਈ ਸੀ, ਜੋ ਬਕਾਇਦਾ ਰਜਿਸਟਰਾਂ ਵਿਚ ਵੀ ਚਾੜ੍ਹੀ ਗਈ।
ਜਿਥੋਂ ਤੱਕ ਰੈਫਰੈਂਸ ਲਾਇਬਰੇਰੀ ਦੇ ਨੁਕਸਾਨ ਦਾ ਸਬੰਧ ਹੈ, ਇਸ ਬਾਰੇ ਚੱਲਿਆ ਵਿਵਾਦ ਹੋਰ ਵੀ ਕਸ਼ਟ ਦੇਣ ਵਾਲਾ ਹੈ ਕਿਉਂਕਿ ਇਕ ਪਾਸੇ ਤਾਂ ਸਰਕਾਰ ਵੱਲੋਂ ਬਿਆਨ ਹਨ ਜਿਨ੍ਹਾਂ ਅਨੁਸਾਰ ਬਹੁਤ ਸਾਰਾ ਮਸੌਦਾ ਵਾਪਿਸ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਲਾਇਬਰੇਰੀ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਕਈ ਵੱਖਰੇ ਵੱਖਰੇ ਬਿਆਨ ਆ ਚੁਕੇ ਹਨ, ਜਿਸ ਵਿਚ ਦਵਿੰਦਰ ਸਿੰਘ ਦੁੱਗਲ ਜੋ 1984 ਦੌਰਾਨ ਇਸ ਲਾਇਬਰੇਰੀ ਦੇ ਇੰਚਾਰਜ ਸਨ, ਨੇ ਖਾਲੀ ਕਾਗਜ਼ 'ਤੇ ਫ਼ੌਜੀ ਜਬਰੀ ਹੁਕਮ 'ਤੇ ਦਸਤਖਤ ਕਰਨੋਂ ਇਨਕਾਰ ਕਰ ਦਿੱਤਾ ਸੀ।
ਕਿਤਾਬਾਂ ਵਾਪਸ ਕਰਨ ਬਾਰੇ ਫ਼ੌਜੀ ਅਧਿਕਾਰੀਆਂ ਦੇ ਬਿਆਨ ਵੀ ਮੇਲ ਨਹੀਂ ਖਾਂਦੇ। ਕੇਂਦਰ ਦੀ ਵੀ. ਪੀ. ਸਿੰਘ ਸਰਕਾਰ 'ਚ ਰੱਖਿਆ ਮੰਤਰੀ ਜਾਰਜ ਫਰਨਾਂਡਿਸ ਨੇ ਆਪਣੇ ਬਿਆਨ 'ਚ ਕਿਹਾ ਕਿ ਬਹੁਤ ਸਾਰੇ ਖਰੜੇ ਸੁਰੱਖਿਅਤ ਹਨ, ਜੋ ਸ਼੍ਰੋਮਣੀ ਕਮੇਟੀ ਸੰਪਰਕ ਕਰਕੇ ਲੈ ਲਵੇ। ਫੌਜੀ ਅਧਿਕਾਰੀ ਇਸ ਤੋਂ ਇਨਕਾਰੀ ਹੋਏ ਸਨ। ਇਸ ਸਬੰਧੀ ਸਤਨਾਮ ਸਿੰਘ ਪੰਡੋਰੀ ਮਨਾਵਾਂ (ਜ਼ਿਲ੍ਹਾ ਤਰਨ ਤਾਰਨ) ਵੱਲੋਂ ਹਾਈ ਕੋਰਟ ਵਿਚ ਮੁਕੱਦਮਾ ਵੀ ਕੀਤਾ ਗਿਆ, ਜਿਸ ਨੇ ਇਹ ਮਾਮਲਾ ਨਿਤਾਰਿਆ ਨਹੀਂ, ਸਗੋਂ ਸਰਕਾਰੀ ਵਕੀਲਾਂ ਨੇ ਇਸ ਨੂੰ ਨਿਗੁਣਾ ਸਮਝ ਗੰਧਲਾਇਆ ਹੀ ਹੈ। ਇਸ ਮੁਕਦਮੇ ਦੀ ਕਾਪੀ ਕਢਾ ਕੇ ਮੈਂ ਇਸ ਲਾਇਬਰੇਰੀ ਵਿੱਚ ਜਮ੍ਹਾਂ ਕਰਾ ਚੁੱਕਾ ਹਾਂ। ਸਰਕਾਰੀ ਅਧਿਕਾਰੀਆਂ ਅਤੇ ਬਾਕੀ ਲੋਕਾਂ ਨੂੰ ਦੱਸਣ ਦੀ ਲੋੜ ਹੈ ਕਿ ਇਹ ਵਿਰਸਾ ਇਕੱਲਾ ਸਿੱਖਾਂ ਦਾ ਨਾਂ ਹੋ ਕੇ ਸਮੁੱਚੇ ਭਾਰਤ ਦਾ ਹੈ। ਕਿਸੇ ਵੀ ਮੁਲਕ ਦੀ ਹਕੂਮਤ ਕਿਸੇ ਘੱਟ ਗਿਣਤੀ ਕੌਮ ਦੇ ਇਤਿਹਾਸ ਨਾਲ ਅਜਿਹਾ ਖਿਲਵਾੜ ਕਰਨ ਨੂੰ ਸਭਿਅਕ ਹੋਣਾ ਨਹੀਂ ਕਹਾ ਸਕਦੀ।