ਜੋ ਬੀਜਿਆ ਹੈ, ਉਹੀ ਵੱਢ ਰਿਹਾ ਹੈ ਮਾਨ 'ਬੱਤੀਆਂ ਵਾਲਾ' - ਡਾ. ਗੁਰਵਿੰਦਰ ਸਿੰਘ
ਹੁਣ ਇਹ ਕਹਿਣਾ ਭੋਰਾ-ਭਰ ਵੀ ਗ਼ਲਤ ਨਹੀਂ ਹੋਵੇਗਾ ਕਿ ਕਿਸੇ ਸਮੇਂ 'ਪੰਜਾਬੀ ਦਾ ਮਾਣ' ਕਿਹਾ ਜਾਣ ਵਾਲਾ ਗੁਰਦਾਸ ਮਾਨ, ਅੱਜ 'ਪੰਜਾਬੀ ਦਾ ਅਪਮਾਨ' ਬਣ ਚੁੱਕਿਆ ਹੈ। ਅਸਲ ਵਿਚ ਕੰਡੇ ਮਾਣ ਨੇ ਹੀ ਬੀਜੇ ਹਨ ਜੋ ਉਹ ਚੁਗ ਰਿਹਾ ਹੈ। ਗੁਰਦਾਸ ਮਾਨ ਦੇ ਵਿਰੋਧ ਦੀ ਮੁੱਖ ਵਜਾ ; ਪੰਜਾਬੀਆਂ ਸਮੇਤ, ਹੋਰਨਾ ਭਾਈਚਾਰਿਆਂ ਉੱਪਰ ਹਿੰਦੀ ਥੋਪਣ ਦੀ, ਸਮੂਹ ਘੱਟ ਗਿਣਤੀਆਂ ਦੀਆਂ ਭਾਸ਼ਾਵਾਂ ਨੂੰ ਰੋਲਣ ਦੀ, ਪੰਜਾਬੀ ਧੀਆਂ-ਭੈਣਾਂ ਦੀ ਮੌਜੂਦਗੀ ਵਿੱਚ ਸਟੇਜ ਤੋਂ ਗਾਲ਼ ਕੱਢ ਕੇ, ਪੰਜਾਬੀ ਮਾਂ ਬੋਲੀ ਦੀ ਬੇਅਦਬੀ ਕਰਨ ਦੀ, ਗੁਰੂ ਸਾਹਿਬਾਨ ਦੇ ਵੰਸ਼ਜ ਨਸ਼ੇੜੀ ਅਤੇ ਭੰਗ ਪੀਣਿਆਂ ਨੂੰ ਦੱਸਦੇ ਹੋਏ ਗੁਰੂਆਂ ਦਾ ਅਪਮਾਨ ਕਰਨ ਦੀ, ਕੇਪੀਐਸ ਗਿੱਲ ਵਰਗੇ ਬੁੱਚੜਾਂ ਨੂੰ ਪ੍ਰਮੋਟ ਕਰਨ ਦੀ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਧੱਕਣ ਦੀ ਤੇ ਮਾਸੂਮ ਬੱਚਿਆਂ ਦੇ ਮੂੰਹਾਂ 'ਚ ਸਿਗਰਟਾਂ ਤੁੰਨਣ ਦੀ। ਇਹ ਸਾਰਾ ਕੁਝ ਸਟੇਟ ਦੇ ਇਸ਼ਾਰੇ 'ਤੇ ਗੁਰਦਾਸ ਮਾਨ ਵੱਲੋਂ ਕੀਤਾ ਜਾ ਰਿਹਾ ਹੈ, ਜਿਸ ਦੀ ਪੰਜਾਬੀ ਬੋਲੀ ਦੇ ਵਾਰਿਸਾਂ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਿਆ ਕੀਤੀ। ਭਾਰਤ ਅੰਦਰ ਜਬਰੀ ਹਿੰਦੀ ਭਾਸ਼ਾ ਲਾਗੂ ਕਰਨ ਦੀ ਨੀਤੀ ਹਿੰਦੂਤਵੀ ਕੱਟੜਤਾ ਤੇ ਘੱਟ ਗਿਣਤੀਆਂ ਦੇ ਵਿਰੋਧ ਵਿੱਚ ਘੜੀ ਗਈ ਚਾਲ ਹੈ, ਜਿਸ ਦੀ 'ਹਾਂ ਵਿੱਚ ਹਾਂ' ਮਿਲਾਉਂਦੇ ਹੋਏ ਗੁਰਦਾਸ ਮਾਨ ਵੱਲੋਂ 'ਹੁੰਗਾਰਾ' ਭਰਿਆ ਜਾਣਾ, ਨਿਖੇਧੀਜਨਕ ਸੀ। ਅਜਿਹੀ ਬਿਆਨਬਾਜ਼ੀ ਤੇ ਟਿੱਪਣੀਆਂ ਨੇ ਪੰਜਾਬੀ ਪ੍ਰੇਮੀਆਂ ਦੇ ਦਿਲਾਂ ਨੂੰ ਭਾਰੀ ਸੱਟ ਮਾਰੀ। ਉਸ ਦਾ ਵਿਰੋਧ ਕਰਨ ਵਾਲਿਆਂ ਵਿੱਚ 'ਪੰਜਾਬੀ ਬੋਲੀ ਦੇ ਵਾਰਿਸ' ਸੰਸਥਾ ਤੋਂ ਇਲਾਵਾ, ਕੈਨੇਡਾ ਤੋਂ ਸਾਊਥ ਏਸ਼ੀਅਨ ਰਿਵਿਊ ਅਤੇ ਜੀਵੇ ਪੰਜਾਬ ਅਦਬੀ ਫਾਊਂਡੇਸ਼ਨ, 'ਮਾਂ ਬੋਲੀ ਪੰਜਾਬੀ ਦੇ ਵਾਰਿਸ' ਪੰਜਾਬ, 'ਪੰਜਾਬੀ ਸਾਹਿਤ ਸਭਾ ਮੁਢਲੀ ਰਜਿਸਟਰਡ' ਐਬਟਸਫੋਰਡ, ਲੋਕ ਲਿਖਾਰੀ ਸਹਿਤ ਸਭਾ ਉੱਤਰੀ ਅਮਰੀਕਾ, ਮਿਸ਼ਨ ਪੰਜ ਆਬ ਕਲਚਰਲ ਕਲੱਬ, ਵਣਜਾਰਾ ਨੋਮੈਡ ਸੰਸਥਾ ਕੈਨੇਡਾ, ਪਾਕਿਸਤਾਨੀ ਪੰਜਾਬ ਨਾਲ ਸਬੰਧਤ 'ਸਾਂਝ ਲੋਕ ਰਾਜ ਪਾਕ ਪਟਨ', 'ਵਾਰਿਸ ਸ਼ਾਹ ਪ੍ਰਚਾਰ ਤੇ ਪ੍ਰਸਾਰ ਪਰਿਆ', ਆਸਿਫ਼ ਰਜ਼ਾ 'ਮਾਂ ਬੋਲੀ ਰਿਸਰਚ ਸੈਂਟਰ', ਸੁਫ਼ੀਕ ਬੱਟ ਲੋਕ ਸੁਜੱਗ' ਸੰਸਥਾ, ਕੈਨੇਡੀਅਨ ਸਿੱਖ ਸਟੱਡੀ ਤੇ ਟੀਚਿੰਗ ਸੋਸਾਇਟੀ ਅਤੇ ਨੌਰਥ ਅਮਰੀਕਾ ਸਿੱਖ ਅਲਾਇੰਸ ਤੋਂ ਇਲਾਵਾ ਪੰਜਾਬ ਦੀਆਂ ਬਹੁਤ ਸੰਸਥਾਵਾਂ ਵੀ ਸਰਗਰਮ ਸਨ। ਪੰਜਾਬੀ ਸੰਸਥਾਵਾਂ ਅਤੇ ਪੰਜਾਬੀ ਹਿਤੈਸ਼ੀ ਸ਼ਖਸੀਅਤਾਂ ਵੱਲੋਂ, ਉਸਦੇ ਵਿਰੋਧ ਦੇ ਕਾਰਨਾਂ ਨੂੰ ਸਮਝਣ ਲਈ ਪਿਛੋਕੜ ਦਾ ਘਟਨਾਕ੍ਰਮ ਜਾਣਨਾ ਜ਼ਰੂਰੀ ਹੈ।
ਬੱਤੀ ਵਾਲੀ ਸ਼ਰਮਨਾਕ ਤੇ ਗੈਰ-ਇਖਲਾਕੀ ਸ਼ਬਦਵਲੀ ਦਾ ਦੋਸ਼ੀ :
ਪੰਜ ਕੁ ਸਾਲ ਪਹਿਲਾਂ, ਐਬਸਫੋਰਡ ਕਨਵੈਨਸ਼ਨ ਹਾਲ ਦੇ ਬਾਹਰ ਸੈਂਕੜੇ ਪ੍ਰਦਰਸ਼ਨਕਾਰੀ ਗੁਰਦਾਸ ਮਾਨ ਦੇ ਸ਼ੋਅ ਦੇ ਵਿਰੋਧ ਵਿੱਚ ਇਕੱਠੇ ਹੋਏ। ਉਨ੍ਹਾਂ ਸ਼ਾਂਤਮਈ ਢੰਗ ਨਾਲ ਗੁਰਦਾਸ ਮਾਨ ਦਾ ਵਿਰੋਧ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਸ਼ਖ਼ਸੀਅਤ, ਪੰਜਾਬੀ ਲੇਖਕ ਚਰਨਜੀਤ ਸਿੰਘ ਸੁੱਜੋ, ਜਿਨ੍ਹਾਂ ਨੇ ਪੰਜਾਬੀ ਵਿੱਚ ਨਾਵਲ 'ਮੌਤ ਦਾ ਰੇਗਿਸਤਾਨ' ਲਿਖਿਆ ਹੈ, ਵੀ ਸ਼ਾਂਤਮਈ ਵਿਰੋਧ ਪ੍ਰਗਟਾ ਰਹੇ ਸਨ। ਵਿਰੋਧ ਦੇਖ ਕੇ ਬਹੁਤ ਸਾਰੇ ਲੋਕ ਮਨ ਬਦਲ ਰਹੇ ਸਨ ਅਤੇ ਆਪਣੀਆਂ ਟਿਕਟਾਂ ਪਾੜ ਰਹੇ ਸਨ। ਸ਼ੋਅ ਵੇਖਣ ਆਏ ਕੁਝ ਸੁਹਿਰਦ ਸੱਜਣਾਂ ਨੇ ਆਪਣੀਆਂ ਟਿਕਟਾਂ ਸਾਨੂੰ ਦਿੱਤੀਆਂ। ਉਹਨਾਂ ਵਿੱਚੋਂ ਦੋ ਟਿਕਟਾਂ ਚਰਨਜੀਤ ਸਿੰਘ ਸੁੱਜੋਂ ਅਤੇ ਉਹਨਾਂ ਦੇ ਸਹਿਯੋਗੀ ਨੂੰ ਦਿੱਤੀਆਂ ਗਈਆਂ। ਫੈਸਲਾ ਹੋਇਆ ਕਿ ਸੁਜੋਂ ਹੁਰੀਂ ਹਾਲ ਅੰਦਰ ਜਾਣਗੇ ਅਤੇ ਗੁਰਦਾਸ ਮਾਨ ਦਾ ਸ਼ਾਂਤਮਈ ਵਿਰੋਧ ਕਰਨਗੇ। ਉਹਨਾਂ ਤੋਂ ਇਲਾਵਾ ਕੁਝ ਹੋਰ ਪੰਜਾਬੀ ਹਿਤੈਸ਼ੀ ਵੀ ਹਾਲ ਵਿੱਚ ਰੋਸ ਪ੍ਰਗਟਾਉਣ ਲਈ ਪਹੁੰਚ ਚੁੱਕੇ ਸਨ। ਇਹਨਾਂ ਸਾਰਿਆ ਵੱਲੋਂ ਅੰਦਰ ਜਾ ਕੇ ਅਤੇ ਪੋਸਟਰ ਲੈ ਕੇ ਮਾਨ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ ਗਿਆ। ਗੁਰਦਾਸ ਮਾਨ ਨੇ ਅਜੇ ਗਾਉਣਾ ਸ਼ੁਰੂ ਹੀ ਕੀਤਾ ਸੀ ਕਿ ਉਸਦੀ ਨਜ਼ਰ ਚਰਨਜੀਤ ਸਿੰਘ ਸੁਜੋਂ ਦੇ ਹੱਥ ਵਿੱਚ ਫੜੇ ਪੋਸਟਰ 'ਤੇ ਪਈ ਜਿਸ ਤੇ ਲਿਖਿਆ ਹੋਇਆ ਸੀ ; ''ਮਾਂ ਬੋਲੀ ਪੰਜਾਬੀ ਦਾ ਗ਼ੱਦਾਰ : ਗੁਰਦਾਸ ਮਾਨ ਮੁਰਦਾਬਾਦ''। ਪ੍ਰਦਰਸ਼ਨ ਕਰ ਰਹੇ ਸੱਜਣਾਂ ਨੇ ਨਾ ਤਾਂ ਗਾਲ ਕੱਢੀ ਤੇ ਨਾ ਹੀ ਉਂਗਲੀ ਦਿਖਾਈ, ਜਿਵੇਂ ਕਿ ਗੁਰਦਾਸ ਮਾਨ ਨੇ ਇਲਜ਼ਾਮ ਲਗਾਇਆ ਹੈ, ਪਰ ਆਪਣੇ ਵਿਰੋਧ ਤੋਂ ਬੌਖ਼ਲਾਏ ਹੋਏ ਗੁਰਦਾਸ ਮਾਨ ਨੇ ਇਹ ਨਾ ਦੇਖਿਆ ਕਿ ਹਾਲ ਵਿੱਚ ਮੌਜੂਦ ਧੀਆਂ ਭੈਣਾਂ ਮਾਵਾਂ ਕੀ ਸੋਚਣਗੀਆਂ, ਉਸ ਨੇ ਕ੍ਰੋਧ ਵਿੱਚ ਪ੍ਰਦਰਸ਼ਨਕਾਰੀ ਦੇ ਹੱਥ ਵਿੱਚ ਫੜੇ ਪੋਸਟਰ 'ਮਾਂ ਬੋਲੀ ਦਾ ਗੱਦਾਰ' ਵੱਲ ਦੇਖਦਿਆਂ, ਨੀਚਤਾ ਵਾਲੀ ਭਾਸ਼ਾ 'ਚ ਸਾਰੀਆਂ ਸੰਗਾਂ-ਸ਼ਰਮਾਂ ਲਾਹ ਕੇ, ਅਪਸ਼ਬਦ ਬੋਲੇ। ਗੁਰਦਾਸ ਮਾਨ ਨੇ ਸਟੇਜ ਤੋਂ ਅੰਨੇ ਕ੍ਰੋਧ ਵਿੱਚ ਬੋਲਦਿਆਂ ਕਿਹਾ, ''ਇਹਨੂੰ ਮਰੋੜ ਕੇ.. ਬੱਤੀ ਬਣਾ ਕੇ..ਲੈ ਲਾ...'' ਏਨੀਂ ਸ਼ਰਮਨਾਕ, ਅਪਮਾਨਜਨਕ ਤੇ ਗੈਰ-ਇਖਲਾਕੀ ਸ਼ਬਦਵਲੀ! ਮਾਂ ਬੋਲੀ ਪੰਜਾਬੀ ਦਾ ਤਾਂ ਜੋ ਅਪਮਾਨ ਉਸ ਨੇ ਕੀਤਾ, ਸੋ ਕੀਤਾ, ਪਰ ਪੰਜਾਬੀ ਮਾਵਾਂ ਧੀਆਂ ਬੱਚੀਆਂ ਦੇ ਸਾਹਮਣੇ ਜੋ ਘਟੀਆ ਭਾਸ਼ਾ ਵਰਤੀ, ਇਸ ਦਾ ਕਲੰਕ ਉਸ ਦੇ ਮੱਥੇ ਤੋਂ ਮਿਟਣਾ ਅਸੰਭਵ ਹੈ ਅਤੇ ਉਸ ਦੀ ਪਛਾਣ ਹੁਣ 'ਬੱਤੀ ਵਾਲੇ ਮਾਨ' ਵਜੋਂ ਬਣ ਗਈ ਹੈ।
ਮਾਫ਼ੀ ਮੰਗ ਕੇ ਮੁਕਰਨ ਅਤੇ ਗ਼ਲਤੀ ਨੂੰ ਜਾਇਜ਼ ਠਹਿਰਾਉਣ ਦਾ ਦੋਸ਼ੀ :
ਹੁਣ ਪਹਿਲੀ ਘਟਨਾ ਤੋਂ ਪੰਜ ਸਾਲਾਂ ਮਗਰੋਂ, ਗੁਰਦਾਸ ਮਾਨ ਅਮਰੀਕਾ ਸ਼ੋਅ ਦੇ ਤਿੱਖੇ ਵਿਰੋਧ ਨੂੰ ਵੇਖਦਿਆਂ, ਤਿਆਰ ਕੀਤੀ ਸਕ੍ਰਿਪਟ ਅਨੁਸਾਰ ਅੱਖਾਂ ਚੋਂ ਹੰਝੂ ਸੁੱਟਦਾ ਹੋਇਆ ਪਹਿਲਾ ਮਾਫੀ ਮੰਗਦਾ ਹੈ, ਪਰ ਅਗਲੇ ਹੀ ਪਲ ਮਾਨ ; 'ਇੱਕ ਅੰਮ੍ਰਿਤ ਦੀ ਬੂੰਦ ਕਾਫੀ ਅੱਗ ਬੁਝਾਵਣ ਲਈ' ਰਾਹੀਂ ਆਪਣੇ ਇੱਕ ਹੰਝੂ ਨੂੰ ਅੰਮ੍ਰਿਤ ਅਤੇ ਵਿਰੋਧੀਆਂ ਨੂੰ ਅੱਗ ਕਰਾਰ ਦਿੰਦਾ ਹੈ। ਅਸਲੀਅਤ ਵਿੱਚ ਉਹ ਵਿਰੋਧੀਆਂ ਨੂੰ ਹੀ ਗਲਤ ਸਾਬਤ ਕਰਦਾ ਹੋਇਆ ਸ਼ਰਤਾਂ ਤਹਿਤ 'ਬਿਜ਼ਨਸ ਮਾਫੀ' ਮੰਗ ਰਿਹਾ ਸੀ। ਗੁਰਦਾਸ ਮਾਨ ਦੀ ਡਰਾਮੇਬਾਜ਼ੀ ਨੂੰ ਨਾ ਸਮਝਣ ਵਾਲਿਆਂ ਨੇ ਤਰਸ ਖਾ ਕੇ ਕਹਿਣਾ ਸ਼ੁਰੂ ਕਰ ਦਿੱਤਾ, ''ਲਓ ਜੀ, ਹੁਣ ਗੁਰਦਾਸ ਮਾਨ ਨੇ ਮਾਫੀ ਮੰਗ ਲਈ ਹੈ, ਸਭ ਕੁਝ ਠੀਕ ਹੋ ਗਿਆ ਹੈ, ਛੱਡੋ ਵਿਰੋਧ ਨੂੰ!'' ਪਰ ਇਹ ਮੁਲੰਮਾ ਦੋ ਦਿਨਾਂ ਵਿੱਚ ਹੀ ਲਹਿ ਗਿਆ, ਜਦੋਂ ਇੱਕ ਪ੍ਰੈਸ ਕਾਨਫਰੰਸ ਦੌਰਾਨ ਉਸ ਨੇ ਕਿਹਾ,'ਮੈਨੂੰ ਪ੍ਰਮੋਟਰਾਂ ਨੇ ਕਿਹਾ ਕਿ ਮਾਫੀ ਮੰਗ ਲਓ ਤੇ ਮੈਂ ਆਖਿਆ ; 'ਕਿਸ ਗੱਲ ਦੀ ਮਾਫੀ'? ਕਹਿੰਦੇ, 'ਜੋ ਤੁਸੀਂ ਕੈਨੇਡਾ ਵਿੱਚ ਸਟੇਜ ਤੋਂ ਜੋ ਕਿਹਾ (ਭਾਵ ਬੱਤੀ ਵਾਲੀ ਸ਼ਬਦਾਵਲੀ) ਉਸ ਦੇ ਵਾਸਤੇ ਮਾਫੀ ਮੰਗੋ।' ਗੁਰਦਾਸ ਮਾਨ ਨ ਆਪਣੀ ਮੰਦੀ ਸ਼ਬਦਾਵਲੀ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਕਿ 'ਬੱਤੀ ਕਹਿਣ ਵਿੱਚ ਗਲਤ ਕੀ ਸੀ ?
''ਜਿਹੜੇ ਬੱਤੀ ਨੂੰ ਸਮਝਣ ਗਾਲ਼, ਉਹ ਪੰਜਾਬੀ ਤੋਂ ਕੰਗਾਲ''
''ਖਾ ਜੇ ਜੰਦਰਾ ਜਦੋਂ ਜੰਗਾਲ, ਬੱਤੀ ਦੇਣੀ ਪੈਂਦੀ ਆ''
ਸਾਧੂ ਸੰਤ ਸੇਕਦੇ ਧੂਣੇ, ਨਾ ਕੋਈ ਜਾਦੂ ਨਾ ਕੋਈ ਟੂਣੇ,
ਜੀਹਦੇ ਲੜਦੇ ਹੋਣ ਚਲੂਣੇ, ਬੱਤੀ ਦੇਣੀ ਪੈਂਦੀ ਆ''
ਗੁਰਦਾਸ ਮਾਨ ਨੇ ਗਲਤੀਆਂ ਦਾ ਪਛਤਾਵਾ ਤਾਂ ਕੀ ਕਰਨਾ ਸੀ, ਬਲਕਿ ਗਲਤੀਆਂ 'ਤੇ ਪਰਦਾ ਪਾਉਣ ਲਈ ਉਸ ਨੇ ਇੱਕ ਹੋਰ, ਨੀਵੇਂ ਪੱਧਰ ਦਾ ਟੋਟਕਾ ਕੱਢ ਮਾਰਿਆ, ਜਿਸ ਵਿੱਚ ਆਪਣੇ ਕੀਤੇ ਗੁਨਾਹਾਂ ਦੀ ਉਹ ਪਰੋੜਤਾ ਕਰਦਾ ਹੈ। ਅਜਿਹੇ ਸ਼ਰਮਨਾਕ ਬਿਰਤਾਂਤ ਪਿੱਛੇ ਪੰਜਾਬੀ ਵਿਰੋਧੀ ਲਾਬੀ, ਮਨੂੰਵਾਦ ਅਤੇ ਬਿਪਰਵਾਦ ਅਤੇ ਪੰਜਾਬ ਵਿਰੋਧੀ ਸਾਜਿਸ਼ ਨਜ਼ਰ ਆਉਂਦੀ ਹੈ। ਦੂਜੇ ਪਾਸੇ ਮਾਫੀ ਮੰਗ ਕੇ ਮੁਕਰਨ ਅਤੇ ਆਪਣੀ ਕਹੀ ਗਲਤ ਗੱਲ ਨੂੰ ਠੀਕ ਠਹਿਰਾਉਣ ਵਾਲੀ ਗੁਰਦਾਸ ਮਾਨ ਦੀ ਘਟੀਆ ਸੋਚ ਨੇ, ਨਾ ਸਿਰਫ ਉਸ ਨੂੰ ਹੀ ਇੱਕ ਵਾਰ ਫੇਰ ਸ਼ਰਮਸ਼ਾਰ ਕੀਤਾ, ਬਲਕਿ ਉਸ ਦੀ ਮਾਫੀ 'ਤੇ ਭਰੋਸਾ ਕਰਨ ਵਾਲਿਆਂ ਨੂੰ ਵੀ ਛਿੱਥੇ ਪਾ ਦਿੱਤਾ। ਗੁਰਦਾਸ ਮਾਨ ਦੀ ਹਲਕੇ ਪੱਧਰ ਦੀ 'ਬੱਤੀ ਵਾਲੀ ਤੁਕਬੰਦੀ' ਦਾ ਜਵਾਬ ਇਸ ਤਰ੍ਹਾਂ ਦੇਣਾ ਹੀ ਉਚਿਤ ਹੋਵੇਗਾ ;
"ਸੱਚ ਸੁਣੀਂ! ਮਰ ਜਾਣਿਆਂ, ਤੇਰਾ ਹੁੰਦਾ ਸੀ ਸਤਿਕਾਰ।
ਪਰ ਸ਼ੋਹਰਤ ਚੜ੍ਹੀ ਦਿਮਾਗ਼ ਨੂੰ, ਮੱਤ ਐਸੀ ਦਿੱਤੀ ਮਾਰ।
ਧੀਆਂ ਭੈਣਾਂ ਸਾਹਮਣੇ, ਤੂੰ ਦਿੱਤਾ ਅਦਬ ਵਿਸਾਰ।
ਬੇਅਦਬੀ ਦੀ ਸ਼ਬਦਾਵਲੀ, ਤੈਨੂੰ ਗਈ ਜਿਉਂਦੇ ਮਾਰ।
ਮੂੰਹ ਥੁੱਕਾਂ ਫਿੱਕੇ ਪੈਂਦੀਆਂ, ਸਿਰ 'ਪਾਣਾਂ' ਦੀ ਮਾਰ।
'ਬੱਤੀ' ਤੇਰੇ ਜਿਸਮ 'ਚੋਂ, 'ਬਣ ਬਰਛੀ' ਹੋ ਗਈ ਪਾਰ।
ਅਰਸ਼ੋ ਫਰਸ਼ੀਂ ਸੁੱਟਿਆ, ਤੈਨੂੰ ਤੇਰੇ ਹੀ ਹੰਕਾਰ।
ਪੰਜਾਬੀ ਦੇ ਦੋਖੀਆ, ਤੂੰ ਕੀਤਾ ਪਿੱਠ 'ਤੇ ਵਾਰ।
ਮਾਂ ਬੋਲੀ ਅਪਮਾਨ ਕੇ, ਦਿੱਤਾ ਗ਼ੈਰਾਂ ਨੂੰ ਸਤਿਕਾਰ।
ਤਾਹੀਓ ਤੇਥੋਂ ਖੋਹਿਆ, ਵਾਰਿਸ ਸ਼ਾਹ ਪੁਰਸਕਾਰ।
'ਇੱਕੋ ਬੋਲੀ ਦੇਸ਼' ਦੀ, ਦਿੱਤਾ ਨਾਅਰਾ ਜੋ ਸਰਕਾਰ।
ਜਾ ਕੇ ਦੇਸ-ਵਿਦੇਸ ਵਿੱਚ, ਕੀਤਾ ਤੂੰ ਪ੍ਰਚਾਰ।
ਪੰਜਾਬੀ ਦੇ ਗੱਦਾਰ ਨੂੰ, ਪੈਂਦੀ ਹੈ ਫਿਟਕਾਰ।
'ਸੁੱਜੋਂ' ਵਰਗੇ ਅਮਰ ਨੇ, ਮਾਂ ਬੋਲੀ ਦੇ ਸੇਵਾਦਾਰ।
'ਬੱਤੀ ਮਾਨ' ਗੱਦਾਰ ਦਾ, ਬੁਰਕਾ ਦੇਣ ਉਤਾਰ।
ਤੇਰਾ ਇਕ ਗੁਨਾਹ ਨਹੀਂ ਪਾਪੀਆ, ਹੈ ਲੰਮੀ ਬੜੀ ਕਤਾਰ।
ਸੀ ਬੁੱਚੜ ਦੇਸ ਪੰਜਾਬ ਦਾ, ਗਿੱਲ ਕੇਪੀ ਤੇਰਾ ਯਾਰ।
ਕਦੇ 'ਚਿਲਮਾਂ ਪੀਣੇ' ਸਾਧ ਨੂੰ, ਦੱਸੇਂ ਗੁਰੂਆਂ ਦਾ ਪਰਿਵਾਰ।
ਬਣੇ 'ਕੰਜਰੀ ਲਾਡੀ ਸ਼ਾਹ ਦੀ' ਸਰਬੰਸਦਾਨੀ ਤਾਈਂ ਵਿਸਾਰ।।
ਰਿਹਾ ਨਕਲੀਆਂ ਨੂੰ ਪ੍ਰਚਾਰਦਾ, ਛੱਡ ਅਸਲੀ ਦਾ ਦਰਬਾਰ।
ਚੰਗਾ ਹੋਇਆ ਪਰਖ ਲਿਆ, ਆਪੇ ਬਣਿਆ ਲੰਬਰਦਾਰ।
ਵਿੱਚ ਚੁਰਾਹੇ ਭੱਜਿਆ, ਇਹ ਦੋਹਰਾ ਕਿਰਦਾਰ।
ਝੂਠਾ ਕਰਦਾ ਕਦੇ ਨਾ, ਚਿੱਤ ਸੱਚੇ ਨਾਲ ਪਿਆਰ।
ਗੀਤਾਂ ਦੇ ਵਿੱਚ ਆ ਗਿਆ, ਸੱਚ ਅੰਦਰਲਾ ਬਾਹਰ।
'ਚੜ੍ਹਦੀ ਕਲਾ' ਵਿੱਚ ਜੀਂਵਦੇ, 'ਪੰਜਾਬੀ ਦੇ ਪਹਿਰੇਦਾਰ।'
'ਇੱਕ ਦੇਸ, ਇੱਕ ਬੋਲੀ' ਦੇ ਏਜੰਡੇ ਤਹਿਤ ਪੰਜਾਬੀ ਨਾਲ ਗ਼ੱਦਾਰੀ ਦਾ ਦੋਸ਼ੀ :
ਜਿਸ ਕਲਾਕਾਰ ਨੂੰ ਆਪਣੀ 'ਮਾਂ ਬੋਲੀ ਪੰਜਾਬੀ ਨਾਲੋ ਮਾਸੀ' ਦਾ ਜ਼ਿਆਦਾ ਹੇਜ ਹੋਵੇ, ਸਟੇਜ ਦੀ ਮਾਣ-ਮਰਯਾਦਾ ਅਤੇ ਸਟੇਜ ਤੋਂ ਚੰਗੇ ਸ਼ਬਦਾ ਦੀ ਵਰਤੋਂ ਕਰਨ ਦੀ ਵਜਾਏ ਆਪਣੀਆਂ ਧੀਆਂ ਭੈਣਾਂ ਮਾਵਾਂ ਬਜ਼ੁਰਗਾਂ ਦੇ ਸਾਹਮਣੇ ਅਪਸ਼ਬਦ ਬੋਲ ਕੇ, ਪੰਜਾਬੀ ਮਾਂ ਬੋਲੀ ਦੇ ਵਾਰਿਸਾਂ ਨੂੰ ਘਟੀਆ ਅਤੇ ਨੀਵੇਂ ਪੱਧਰ ਦੀ ਸ਼ਬਦਾਵਲੀ ਬੋਲ ਕੇ ਹੰਕਾਰ ਦੇ ਨਸ਼ੇ ਵਿੱਚ ਅਣਖ ਨੂੰ ਵੰਗਾਰਾਨ ਦੀ ਜੁਅਰਤ ਕਰੇ, ਪੰਜਾਬ ਦੇ ਵਾਰਿਸ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ। ਭਾਰਤ ਅੰਦਰ ਰਾਸ਼ਟਰਵਾਦੀ- ਫਾਸ਼ੀਵਾਦੀ ਏਜੰਡੇ ਤਹਿਤ ਅਪਣਾਏ ਜਾ ਰਹੇ ਰਾਹ 'ਇੱਕ ਦੇਸ਼ ਇੱਕ ਬੋਲੀ' ਦੀ ਤਰਜ਼ 'ਤੇ ਪੰਜਾਬੀ ਗਾਇਕ ਗੁਰਦਾਸ ਮਾਨ ਦੇ ਸ਼ਬਦਾਂ ਨੂੰ ਲੈ ਕੇ' ਕੈਨੇਡਾ ਵਸਦੇ ਪੰਜਾਬੀਆਂ ਵੱਲੋਂ ਹੀ ਉਸ ਦਾ ਤਿੱਖਾ ਵਿਰੋਧ ਹੋਇਆ। ਗੁਰਦਾਸ ਮਾਨ ਵੱਲੋਂ ਇੱਕ ਰੇਡੀਓ ਅਤੇ ਉਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਵਿੱਚ 'ਇੱਕ ਰਾਸ਼ਟਰੀ ਇਕ ਭਾਸ਼ਾ' ਦੀ ਗੱਲ ਕਹਿ ਕੇ ਵਿਵਾਦ ਛੇੜਿਆ ਗਿਆ। ਆਪਣੀ ਗਲਤੀ ਨੂੰ ਸਹੀ ਸਾਬਤ ਕਰਨ ਲਈ ਗੁਰਦਾਸ ਮਾਨ ਦਾ ਇਹ ਨਿਰਾਧਾਰ ਤਰਕ ਕਿ ਉੱਤਰ ਤੋਂ ਲੈ ਕੇ ਦੱਖਣ ਤੱਕ, ਸਾਰੇ ਹਿੰਦੁਸਤਾਨ ਵਿੱਚ ਇੱਕ ਭਾਸ਼ਾ ਹੋਣੀ ਚਾਹੀਦੀ ਹੈ, ਜਿਵੇਂ ਕਿ ਫਰਾਂਸ ਦੇ ਵਿੱਚ ਤੇ ਜਰਮਨੀ ਦੇ ਵਿੱਚ ਇੱਕ ਭਾਸ਼ਾ ਹੈ, ਬਿਲਕੁਲ ਬੇਤੁਕਾ ਸੀ। ਭਾਰਤ ਵਿੱਚ ਅੱਜ ਰਾਸ਼ਟਰੀ ਸੋਯਮ ਸੇਵਕ, ਸੰਘੀ ਤਾਕਤਾਂ ਅਜਿਹਾ ਕਰਨ ਦੀ ਕੋਸ਼ਿਸ਼ 'ਚ ਹਨ ਅਤੇ ਅਤੇ ਉਨ੍ਹਾਂ ਫਾਸ਼ੀਵਾਦੀ ਨੀਤੀਆਂ ਨਾਲ ਦੱਖਣੀ ਭਾਰਤ ਵਿੱਚ ਵੀ ਹਿੰਦੀ ਨੂੰ ਲਾਗੂ ਕਰਨ ਦਾ ਤਹੱਈਆ ਕੀਤਾ ਹੋਇਆ ਹੈ, ਪਰ ਇਸ ਦੇ ਤਿੱਖੇ ਵਿਰੋਧ ਵਿੱਚ ਉੱਥੋਂ ਦੇ ਸਾਹਿਤਕਾਰ, ਕਲਾਕਾਰ, ਗਾਇਕ-ਗੀਤਕਾਰ ਸਭ ਇੱਕ-ਮੁੱਠ ਹਨ। ਗੁਰਦਾਸ ਮਾਨ ਕੈਨੇਡਾ ਦੀ ਸਥਿਤੀ ਦੇਖ ਸਕਦਾ ਸੀ ਕਿ ਇੱਥੋਂ ਦੇ ਹੀ ਇੱਕ ਸੂਬੇ ਕਿਊਬੈਕ ਵਿੱਚ ਫਰੈਂਚ ਭਾਸ਼ਾ ਦਾ ਬੋਲਬਾਲਾ ਹੈ ਤੇ ਉੱਥੇ ਧੱਕੇ ਨਾਲ ਕਿਸੇ ਹੋਰ ਭਾਸ਼ਾ ਨੂੰ ਲਾਗੂ ਕੀਤੇ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਇੱਕ ਦੇਸ਼ ਇੱਕ ਭਾਸ਼ਾ' ਦੇ ਫਾਸੀਵਾਦੀ ਭਾਸ਼ਾਈ ਫਾਰਮੂਲੇ ਕਾਰਨ ਵਿਵਾਦਾਂ ਚ ਘਿਰੇ ਗਾਇਕ ਗੁਰਦਾਸ ਮਾਨ ਖ਼ਿਲਾਫ਼ ਸਰੀ ਦੇ ਗਰੈਂਡ ਤਾਜ ਹਾਲ 'ਚ ਸਾਹਿਤਕ ਤੇ ਸਮਾਜਿਕ ਜਥੇਬੰਦੀਆਂ ਦਾ ਵੱਡਾ ਇੱਕਠ ਹੋਇਆ , ਜਿਸ ਵਿੱਚ ਪਾਸ ਮਤਿਆਂ 'ਚ ਮਾਨ ਦੀ ਆਪਣੇ ਸ਼ੋਅ ਦੌਰਾਨ ਵਰਤੀ ਗਾਲੀ -ਗਲੋਚ ਵਾਲੀ ਸ਼ਬਦਾਵਲੀ ਦੀ ਪੁਰਜ਼ੋਰ ਨਿੰਦਾ ਕੀਤੀ ਗਈ। ਈਰਖਾਲੂ ਅਤੇ ਸੜੀਅਲ ਸੋਚ ਦੇ ਮਾਲਕਾਂ ਨੇ ਇਸ ਵੱਡੇ ਇਕੱਠ ਨੂੰ 'ਅਖੌਤੀ ਧਰਮ, ਸੱਭਿਆਚਾਰ ਅਤੇ ਬੋਲੀ ਦੇ ਠੇਕੇਦਾਰਾਂ ਦਾ ਹਜੂਮ' ਕਿਹਾ, ਪਰ ਅਸਲ ਵਿੱਚ ਇਹ ਮਾਂ ਬੋਲੀ ਨੂੰ ਸਮਰਪਿਤ ਜਾਗਰੂਕ ਲੋਕਾਂ ਦੀ ਸੰਗਤ ਸੀ। ਇਸ ਇਕੱਤਰਤਾ ਵਿੱਚ ਵੱਡੀ ਤਾਦਾਦ 'ਚ ਹਾਜ਼ਰ ਸਰੋਤਿਆਂ ਵੱਲੋਂ ਦੋਵੇਂ ਹੱਥ ਖੜ੍ਹੇ ਕਰਕੇ 'ਗੁਰਦਾਸ ਮਾਨ ਦੇ ਬਾਈਕਾਟ' ਦਾ ਫੈਸਲਾ ਲਿਆ ਗਿਆ। ਪੰਜਾਬੀ ਪ੍ਰੇਮੀਆਂ ਦੀਆਂ ਸ਼ਹਾਦਤਾਂ ਗੁਰਦਾਸ ਮਾਨ ਵਰਗੇ ਲੋਕਾਂ ਨੂੰ ਲਾਹਨਤਾਂ ਪਾ ਰਹੀਆਂ ਸਨ। ਜਿਸ ਪੰਜਾਬੀ ਬੋਲੀ ਲਈ ਅਨੇਕਾਂ ਸ਼ਹਾਦਤਾਂ ਹੋਈਆਂ, ਉਸ ਦੇ ਸਤਿਕਾਰ ਨੂੰ ਘੱਟੇ ਰੋਲਣ ਵਾਲੇ ਅਕਿਰਤਘਣ, ਪੰਜਾਬੀ ਬੋਲੀ ਦੇ ਗੱਦਾਰ ਹਨ ਤੇ ਇਤਿਹਾਸ ਵਿੱਚ 'ਅਪਮਾਨ' ਦੇ ਪਾਤਰ ਹਨ। ਗੁਰਦਾਸ ਮਾਨ ਨੂੰ ਕਿਸੇ ਵੇਲੇ ਪੰਜਾਬੀ ਗਾਇਕੀ ਲਈ ਮਿਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋ ਆਨਰੇਰੀ ਡਾਕਟਰੇਟ ਦੀ ਡਿਗਰੀ, ਵਾਪਸ ਲੈਣ ਦੀ ਵੀ ਪੁਰਜ਼ੋਰ ਮੰਗ ਕੀਤੀ ਗਈ। ਇਸ ਮੌਕੇ 'ਤੇ ਕੈਨੇਡਾ ਦੀਆਂ ਪੰਜਾਬੀ ਸਾਹਿਤਿਕ ਜਥੇਬੰਦੀਆਂ ਤੋਂ ਇਲਾਵਾ ਪੰਜਾਬ ਤੋਂ ਆਏ ਸੀਨੀਅਰ ਪੱਤਰਕਾਰ ਮਰਹੂਮ ਮੇਜਰ ਸਿੰਘ, ਲੇਖਕ ਰਾਜਵਿੰਦਰ ਸਿੰਘ ਰਾਹੀ ਅਤੇ ਭਾਸ਼ਾ ਵਿਭਾਗ ਦੇ ਸਾਬਕਾ ਡਾਇਰੈਕਟਰ ਸਰਦਾਰ ਚੇਤਨ ਸਿੰਘ ਵੀ ਮੌਜੂਦ ਸਨ।
ਗੁਰੂ ਸਹਿਬ ਨਾਲ ਨਸ਼ੇੜੀ ਅਤੇ ਡੰਮੀ ਦੀ ਤੁਲਨਾ ਦਾ ਦੋਸ਼ੀ :
ਗੁਰਦਾਸ ਮਾਨ ਨੇ ਗੁਰੂ ਸਾਹਿਬ ਅਤੇ ਗੁਰਬਾਣੀ ਦਾ ਨਿਰਾਦਰ ਕਰਕੇ, ਹੋਰ ਵੀ ਸ਼ਰਮਨਾਕ ਕਾਰਾ ਕੀਤਾ। ਚਿਲਮਾਂ, ਸਿਗਰਟਾਂ ਬੀੜੀਆਂ ਪੀਣ ਤੇ ਨਸ਼ੇ 'ਚ ਧੁੱਤ ਰਹਿ ਕਿ ਗੰਦੀਆਂ ਗਾਲ੍ਹਾਂ ਕੱਢਣ ਵਾਲੇ ਪਾਖੰਡੀ ਅਤੇ ਅਖੌਤੀ ਪੀਰ ਲਾਡੀ ਸ਼ਾਹ ਵਰਗਿਆਂ ਦੀ ਸਿਫ਼ਤ ਕਰਦਿਆਂ ਗੁਰਦਾਸ ਮਾਨ ਨੇ, ਉਨ੍ਹਾਂ ਨੂੰ ਗੁਰੂ ਅਮਰਦਾਸ ਜੀ ਦੇ ਵੰਸ਼ ਦਸਦਿਆਂ ਆਨੰਦ ਸਾਹਿਬ ਦੀ ਬਾਣੀ ਅਜਿਹੇ ਪਾਖੰਡੀ ਤੇ ਢੁਕਾ ਕੇ ਅਤੇ ਗੁਰੂ ਗ੍ਰੰਥ ਸਾਹਿਬ ਵਿਚਲੇ ਸ਼ਬਦਾਂ ਨਾਲ ਛੇੜ-ਛਾੜ ਕਰਕੇ, ਨਾ-ਕਾਬਲੇ ਬਰਦਾਸ਼ਤ ਗ਼ਲਤੀ ਕੀਤੀ। ਜਿਹੜੇ ਲਾਡੀ ਸ਼ਾਹ ਵਰਗਿਆਂ ਦਾ ਪੱਲਾ ਗੁਰਦਾਸ ਮਾਨ ਨੇ ਫੜਿਆ ਹੈ, ਉਨ੍ਹਾਂ ਦਾ ਗੁਰੂ ਘਰ ਦੇ ਨਾਲ ਕੋਈ ਵਾਸਤਾ ਹੀ ਨਹੀਂ, ਬਲਕਿ ਇਹ ਦੰਭੀ ਲੋਕ ਤਾਂ ਗੁਰੂ ਸਾਹਿਬ ਨਾਲੋਂ ਸਿੱਖਾਂ ਨੂੰ ਤੋੜ ਕੇ, ਗੁਰੂ-ਡੰਮ ਰਾਹੀਂ,ਪੰਜਾਬ 'ਚ ਸਿੱਖੀ ਤੇ ਗੁਰਬਾਣੀ ਨੂੰ ਖੋਰਾ ਲਾ ਰਹੇ ਹਨ। ਗੁਰਦਾਸ ਮਾਨ ਕਿੱਥੇ ਨੱਕ ਰਗੜਦਾ ਹੈ ਤੇ ਕਿਸ ਦੇ ਦਰ 'ਤੇ ਜਾ ਜਾ ਕੇ ਡਿੱਗਦਾ ਹੈ, ਇਹ ਉਸ ਦੇ 'ਦਿਲ ਦਾ ਨਿੱਜੀ ਮਾਮਲਾ' ਹੈ, ਉਸ ਦੇ ਨਿੱਜੀ ਜੀਵਨ ਨਾਲ ਕਿਸੇ ਦਾ ਕੋਈ ਸਰੋਕਾਰ ਨਹੀਂ, ਪਰ ਉਸ ਨੂੰ ਕੋਈ ਹੱਕ ਨਹੀਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਇਸਤਮਾਲ ਲਾਡੀ ਸ਼ਾਹ ਜਾਂ ਉਸ ਦੇ ਅਖੌਤੀ ਗੁਰੂ ਪੀਰ ਦੇ ਸੋਹਿਲੇ ਗਾਉਣ ਅਤੇ ਸਿਫ਼ਤਾਂ ਕਰਨ ਲਈ ਕਰੇ।
ਭੰਗੀ ਦੀ ਤੁਲਨਾ ਕਰੇ, ਨਾਲ ਗੁਰੂ ਸਹਿਬਾਨ।
ਦੋਸ਼ੀ ਸਿੱਖ ਸਿਧਾਂਤ ਦਾ, ਕੌਮ ਧ੍ਰੋਹੀ ਮਾਨ।
ਹੋਰਨਾਂ ਗੀਤਕਾਰਾਂ ਦੀਆਂ ਸਾਹਿਤਕ ਲਿਖਤਾਂ ਦੀ ਚੋਰੀ ਦਾ ਦੋਸ਼ੀ :
ਦੂਜਿਆਂ ਦੇ ਮਸ਼ਹੂਰ ਗੀਤਾਂ ਨੂੰ ਆਪਣੇ ਨਾਂ ਤੇ ਲਿਖਣ ਕਾਰਨ ਸਾਹਿਤਕ ਚੋਰੀ ਦਾ ਦੋਸ਼ੀ ਵੀ ਹੈ। ਇਹ ਗੱਲ ਸੱਚ ਹੈ ਜਿਸ ਬਾਰੇ ਖੋਜੀ ਸਾਹਿਤਕਾਰ ਅਸ਼ੋਕ ਬਾਂਸਲ ਲਿਖਦਾ ਹੈ...ਇਹ ਗੱਲ ਬਹੁਤ ਘੱਟ ਲੋਕ ਜਾਣਦੇ ਹਨ ਕਿ 26 ਨਵੰਬਰ,1964 ਨੂੰ ਪਾਕਿਸਤਾਨੀ ਟੈਲੀਵਿਜ਼ਨ ਦੇ ਉਦਘਾਟਨੀ ਸਮਾਰੋਹ ਤੇ ਪਾਕਿਸਤਾਨ ਦੇ ਪ੍ਰਸਿੱਧ ਗਾਇਕ ਤੁਫ਼ੈਲ ਨਿਆਜ਼ੀ ਨੇ 'ਗੀਤਕਾਰ ਚਾਨਣ ਗੋਬਿੰਦਪੁਰੀ' ਦਾ ਗੀਤ ਜਿਸ ਦੇ ਬੋਲ ਸਨ : ''ਲਾਈ ਬੇਕਦਰਾਂ ਨਾਲ ਯਾਰੀ ਕਿ ਟੁੱਟਗੀ ਤੜੱਕ ਕਰਕੇ। ਚਾਨਣ ਗੋਬਿੰਦਪੁਰੀ ਦੇ ਇਸ ਗੀਤ ਦੀ ਮੂਲ ਲਿਖਤ ਉਹਨਾ ਦੀ ਪੁਸਤਕ 'ਮਿੱਠੀਆਂ ਪੀੜਾਂ' ਵਿਚ ਦਰਜ ਹੈ ਤੇ ਇਹ ਪੁਸਤਕ 1958 ਵਿਚ ਸ਼ਾਹਮੁਖੀ ਜ਼ਬਾਨ ਵਿਚ ਛਪੀ ਸੀ।'' ਹੈਰਾਨੀ ਹੈ ਕਿ ਗੁਰਦਾਸ ਮਾਨ ਨੇ ਇਹ ਗੀਤ ਆਪਣੇ ਨਾਂ ਤੇ ਦਰਜ ਕਰ ਲਿਆ ਅਤੇ ਉਸ ਤੋਂ ਕਰੋੜਾਂ ਰੁਪਏ ਕਮਾਏ। ਇਥੇ ਹੀ ਬੱਸ ਨਹੀਂ, ਛੱਲਾ ਅਤੇ ਹੋਰ ਪ੍ਰਸਿੱਧ ਗੀਤ ਵੀ ਉਸ ਵੱਲੋਂ ਚੋਰੀ ਕੀਤੇ ਹੋਏ ਹਨ। ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀ ਸਾਹਿਤਕਾਰ ਅਤੇ ਮੀਡੀਆ ਇਸ ਗੱਲ 'ਤੇ ਮੂੰਹ 'ਚ ਘੁੰਗਣੀਆਂ ਪਾਈ ਬੈਠੇ ਹਨ।
ਸਾਰਾਂਸ਼ ਰੂਪ ਵਿੱਚ ਕਿਹਾ ਜਾ ਸਕਦਾ ਹੈ ਕਿ ;
1) ਗੁਰਦਾਸ ਮਾਨ ਵੱਲੋਂ ਸਟੇਜ 'ਤੇ ਧੀਆਂ, ਭੈਣਾਂ, ਮਾਵਾਂ ਬਜ਼ੁਰਗਾਂ ਦੇ ਸਾਹਮਣੇ ਅਪਸ਼ਬਦ ਬੋਲਣ ਤੋਂ ਬਾਅਦ ਵੀ, ਕੋਈ ਪਛਤਾਵਾ ਨਾ ਕਰਨਾ ਸ਼ਰਮਨਾਕ ਹੈ।
(2) ਗੁਰਦਾਸ ਮਾਨ ਵਲੋਂ 'ਸਰਕਾਰ ਦੀ ਸ਼ਹਿ 'ਤੇ ਇੱਕ ਦੇਸ਼ ਇੱਕ ਬੋਲੀ' ਦਾ ਨਾਅਰਾ ਮਾਰਨਾ, ਆਪਣੀ ਮਾਂ ਬੋਲੀ ਪੰਜਾਬੀ ਦਾ ਨਿਰਾਦਰ ਹੈ। ਅਜਿਹਾ 'ਸਰਕਾਰੀ ਬਿਰਤਾਂਤ' ਸਿਰਜਣ ਕਾਰਨ ਹੀ ਨੌਜਵਾਨਾਂ ਨੇ ਕਿਸਾਨ ਸੰਘਰਸ਼ ਦੌਰਾਨ ਗੁਰਦਾਸ ਮਾਨ ਨੂੰ ਸਟੇਜ ਤੇ ਬੋਲਣ ਨਹੀਂ ਦਿੱਤਾ।
3) ਗੁਰਦਾਸ ਮਾਨ ਵੱਲੋਂ ਡੇਰਿਆਂ 'ਤੇ ਜਾ ਕੇ ਨਸ਼ਾ ਕਰਨ ਵਾਲਿਆਂ ਨੂੰ ਪ੍ਰਮੋਟ ਕਰਨਾ, ਪੰਜਾਬ ਦੀ ਜਵਾਨੀ ਲਈ ਖਤਰਨਾਕ ਹੈ।
(4) ਗੁਰਦਾਸ ਮਾਨ ਵਲੋਂ ਹੁੱਕਾ ਤੇ ਸਿਗਰਟਾਂ ਪੀਣ ਵਾਲੇ ਲਾਡੀ ਸ਼ਾਹ ਨੂੰ ਗੁਰੂ ਅਮਰਦਾਸ ਜੀ ਦਾ ਵੰਸ਼ਜ ਕਹਿਣਾ, ਸਿੱਖਾਂ ਲਈ ਬਰਦਾਸ਼ਤ ਤੋਂ ਬਾਹਰ ਹੈ।
5) ਗੁਰਦਾਸ ਮਾਨ ਵੱਲੋਂ ਪੰਜਾਬ ਦੇ ਬੁੱਚੜ ਕੇ.ਪੀ.ਐੱਸ ਗਿੱਲ ਵਰਗਿਆਂ ਨੂੰ ਸਟੇਜ 'ਤੇ ਪ੍ਰਮੋਟ ਕਰਨਾ ਅਤੇ ਬੁੱਚੜ ਗਿੱਲ ਵਰਗਿਆਂ ਵੱਲੋਂ 90ਵਿਆਂ ਵਿੱਚ ਅਜਿਹੇ ਦਰਬਾਰੀ ਗਵੱਈਆਂ ਨੂੰ ਉਤਸ਼ਾਹਤ ਕਰਕੇ, ਪੰਜਾਬ ਦੀ ਜਵਾਨੀ ਨੂੰ ਸ਼ਰਾਬ ਤੇ ਕਬਾਬ ਵੱਲ ਤੋਰਨਾ, ਚਿੰਤਾ ਦਾ ਵਿਸ਼ਾ ਹੈ।
ਅਹਿਮ ਤੱਥਾਂ ਦੀ ਰੌਸ਼ਨੀ ਵਿੱਚ ਗੁਰਦਾਸ ਮਾਨ ਦਾ ਵਿਰੋਧ ਮਹਿਜ਼ ਉਸਦਾ ਨਿਜੀ ਵਿਰੋਧ ਨਾ ਹੋ ਕੇ, 'ਸਰਕਾਰੀ ਬਿਰਤਾਂਤ' ਦਾ ਵਿਰੋਧ, ਪੰਜਾਬੀ ਬੋਲੀ ਦੀ ਦੁਰਗਤੀ ਅਤੇ ਬੇਹੁਰਮਤੀ ਦਾ ਵਿਰੋਧ, ਨੌਜਵਾਨ ਨੂੰ ਨਸ਼ਿਆਂ, ਤੰਬਾਕੂਆਂ ਆਦਿ ਦੀ ਦਲਦਲ ਵਿੱਚ ਧੱਕਣ ਦਾ ਵਿਰੋਧ ਪੰਜਾਬ ਦੀ ਧਰਤੀ ਤੇ ਨਸ਼ੇੜੀ ਡੇਰੇਦਾਰਾਂ ਨੂੰ ਪ੍ਰਮੋਟ ਕਰਨ ਦਾ ਵਿਰੋਧ ਹੈ। ਇਹ ਵਿਰੋਧ ਕੈਨੇਡਾ,ਅਮਰੀਕਾ, ਇੰਗਲੈਂਡ ਜਾਂ ਪੰਜਾਬ ਦੀ ਕਿਸੇ ਵਿਸ਼ੇਸ਼ ਸੰਸਥਾ ਵੱਲੋਂ ਨਾ ਹੋ ਕੇ, ਸਮੂਹ ਪੰਜਾਬੀਆਂ ਅਤੇ ਪੰਜਾਬੀ ਹਿਤੈਸ਼ੀਆਂ ਵੱਲੋਂ ਕੀਤਾ ਜਾ ਰਿਹਾ ਵਿਰੋਧ ਹੈ। ਗੁਰਦਾਸ ਮਾਨ ਦਾ ਵਿਰੋਧ ਜਾਰੀ ਰਹੇਗਾ ਅਤੇ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਗੁਰਦਾਸ ਮਾਨ ਵੱਲੋਂ ਸਰਕਾਰ ਦੇ ਫਾਸ਼ੀਵਾਦੀ ਏਜੰਡੇ ਨੂੰ ਤਿਲਾਂਜਲੀ ਦੇ ਕੇ, ਮਾਂ ਬੋਲੀ ਪੰਜਾਬੀ ਖਿਲਾਫ ਕੀਤੀਆਂ ਗਲਤ ਟਿੱਪਣੀਆਂ ਦਾ ਦੋਸ਼ ਨਹੀਂ ਕਬੂਲਦਾ ਅਤੇ ਆਪਣੇ ਮੂੰਹੋਂ ਕੱਢੇ ਪੰਜਾਬੀ ਵਿਰੋਧੀ ਸ਼ਬਦ ਰੱਦ ਕਰਕੇ, ਬੱਜਰ ਗੁਨਾਹਾਂ ਦਾ ਪਛਤਾਵਾ ਨਹੀਂ ਕਰਦਾ।
ਆਪਣੀ ਬੋਲੀ ਨਿੰਦ ਕੇ, ਮਾਣ ਦੀ ਰੱਖੇਂ ਆਸ?
ਮਾਰ ਕੇ ਕਿੰਞ ਜ਼ਮੀਰ ਨੂੰ, ਹੋਏਂ ਗੁਰਾਂ ਦਾ ਦਾਸ?
ਫੋਨ: 604 825 1550
ਕੋਆਰਡੀਨੇਟਰ ਪੰਜਾਬੀ ਸਾਹਿਤ ਸਭਾ ਮੁਢਲੀ
ਐਬਟਸਫੋਰਡ ਬੀਸੀ ਕੈਨੇਡਾ
ਕੈਨੇਡਾ ਦੇ ਮੋਢੀ ਸਿੱਖ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਤੇ ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ - ਡਾ. ਗੁਰਵਿੰਦਰ ਸਿੰਘ
ਗੌਰਵਮਈ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੋਇਆ ਕਰਦੇ ਹਨ। ਦੁਨੀਆਂ ਦੀਆਂ ਮਹਾਨ ਕੌਮਾਂ ਆਪਣੇ ਵਿਰਸੇ ਨੂੰ ਸੰਭਾਲਦੀਆਂ ਅਤੇ ਉਸ ਤੋਂ ਸੇਧ ਲੈ ਕੇ ਵਰਤਮਾਨ ਵਿਚ ਜੂਝਦੀਆਂ ਅਤੇ ਭਵਿੱਖ ਲਈ ਨਵੇਂ ਦਿਸਹੱਦੇ ਕਾਇਮ ਕਰਦੀਆਂ ਹਨ। ਸੰਸਾਰ ਪ੍ਰਸਿੱਧ ਲਿਖਾਰੀ ਰਸੂਲ ਹਮਜ਼ਾਤੋਵ 'ਮੇਰਾ ਦਾਗਿਸਤਾਨ' 'ਚ ਲਿਖਦਾ ਹੈ ਕਿ ਜੇਕਰ ਬੀਤੇ 'ਤੇ ਪਿਸਤੌਲ ਨਾਲ ਗੋਲ਼ੀ ਚਲਾਓਗੇ, ਤਾਂ ਭਵਿੱਖ ਤੁਹਾਨੂੰ ਤੋਪ ਨਾਲ ਫੁੰਡੇਗਾ। ਇਬਰਾਹਿਮ ਲਿੰਕਨ ਦਾ ਕਥਨ ਹੈ ਕਿ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਤੇ ਵਿਰਸੇ ਨੂੰ ਭੁੱਲ ਜਾਂਦੀਆਂ ਹਨ, ਉਹ ਭਵਿੱਖ ਵਿਚ ਕੁਝ ਵੀ ਨਹੀਂ ਸਿਰਜ ਸਕਦੀਆਂ। ਸਾਡੇ ਲਈ ਵੀ ਇਹ ਚਿੰਤਾ ਵਾਲੀ ਗੱਲ ਹੈ ਕਿ ਅਸੀਂ ਆਪਣਾ ਇਤਿਹਾਸ ਅਤੇ ਵਿਰਸਾ ਵਿਸਾਰਦੇ ਜਾ ਰਹੇ ਹਾਂ। ਅਜਿਹੀ ਹੀ ਇਕ ਇਤਿਹਾਸਕ ਗਾਥਾ, ਜੋ ਅਸੀਂ ਵਿਸਾਰ ਦਿੱਤੀ ਹੈ, ਆਓ ਉਸ ਦੀ ਸਾਂਝ ਪਾਉਂਦੇ ਹਾਂ। ਇਹ ਗੌਰਵਮਈ ਗਾਥਾ 5 ਸਤੰਬਰ 1914 ਈਸਵੀ ਦੀ ਹੈ। ਸਥਾਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦਾ ਸੈਕਿੰਡ ਐਵੀਨਿਊ 'ਤੇ ਬਣਿਆ ਪਹਿਲਾ ਗੁਰਦੁਆਰਾ ਸੀ। ਸਮਾਂ ਸ਼ਾਮ ਦੇ ਕਰੀਬ ਸੱਤ ਵੱਜਣ 'ਚ ਕੁਝ ਕੁ ਮਿੰਟ ਬਾਕੀ ਸਨ। ਅਰਜਨ ਸਿੰਘ ਨਾਂ ਦੇ ਇੱਕ ਵਿਅਕਤੀ ਦੇ ਸਸਕਾਰ ਮਗਰੋਂ ਪਾਠ ਦਾ ਭੋਗ ਪੈ ਚੁੱਕਾ ਸੀ ।
ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਹੋਣ ਹੀ ਲੱਗੀ ਸੀ ਕਿ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਦੇ ਪਿੱਛੇ ਬੈਠੇ ਗ਼ੱਦਾਰ ਬੇਲਾ ਜਿਆਣ ਨੇ ਦੋਵਾਂ ਹੱਥਾਂ ਚ ਪਿਸਤੌਲ ਫੜ ਲਈ ਅਤੇ ਭਾਈ ਭਾਗ ਸਿੰਘ ਦੀ ਪਿੱਠ 'ਤੇ ਗੋਲੀਆਂ ਦੀ ਵਾਛੜ ਕਰ ਦਿੱਤੀ। ਇਹ ਵੇਖਦਿਆਂ ਸਾਰ ਹੀ ਅਰਦਾਸ 'ਚ ਖੜ੍ਹੇ ਇਕ ਹੋਰ ਯੋਧੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਜਾਨ ਦੀ ਪ੍ਰਵਾਹ ਨਾ ਕਰਦਿਆਂ, ਹਤਿਆਰੇ ਨੂੰ ਧੌਣੋਂ ਜਾ ਦਬੋਚਿਆ। ਬੇਲਾ ਜਿਆਣ ਨੇ ਆਪਣਾ ਪਿਸਤੌਲ ਭਾਈ ਬਤਨ ਸਿੰਘ ਵੱਲ ਕਰ ਕੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ, ਜਿਨ੍ਹਾਂ 'ਚੋਂ ਚਾਰ ਗੋਲ਼ੀਆਂ ਬਤਨ ਸਿੰਘ ਦੇ ਲੱਗੀਆਂ। ਹਮਲਾਵਰ ਨੂੰ ਬਤਨ ਸਿੰਘ ਵਲੋਂ ਫੜਨ ਕਰਕੇ, ਉਲਝੇ ਬੇਲੇ ਜਿਆਣ ਦਾ ਨਿਸ਼ਾਨੇ ਚੂਕ ਜਾਣ ਕਾਰਨ, ਮਹਾਨ ਯੋਧੇ ਭਾਈ ਬਲਵੰਤ ਸਿੰਘ ਖੁਰਦਪੁਰ ਦਾ ਬਚਾਅ ਹੋ ਗਿਆ, ਜੋ ਉਸ ਵੇਲੇ ਗੁਰਦੁਆਰੇ ਦੇ ਮੁੱਖ ਗ੍ਰੰਥੀ ਸਨ ਤੇ ਤਾਬਿਆਂ 'ਚ ਚੌਰ ਕਰ ਰਹੇ ਸਨ। ਗੁਰਦੁਆਰੇ ਅੰਦਰ ਮੌਜੂਦ ਸੰਗਤ ਵਿਚੋਂ ਕਈ ਹੋਰ ਵਿਅਕਤੀ ਜ਼ਖਮੀ ਵੀ ਹੋਏ, ਜਿੰਨਾ ਵਿੱਚ ਭਾਈ ਦਲੀਪ ਸਿੰਘ ਫਾਲਾ, ਭਾਈ ਉੱਤਮ ਸਿੰਘ ਨੂਰਪੁਰੀ, ਭਾਈ ਲਾਭ ਸਿੰਘ ਤੇ ਭਾਈ ਜਵਾਲਾ ਸਿੰਘ ਸ਼ੇਖ ਦੌਲਤ ਆਦਿ ਦਰਜਨ ਤੋਂ ਵੱਧ ਵਿਅਕਤੀ ਸ਼ਾਮਿਲ ਸਨ।
ਇਹ ਘਟਨਾ ਕੈਨੇਡਾ ਦੇ ਸਿੱਖ ਇਤਿਹਾਸ ਦਾ ਸਭ ਤੋਂ ਦਰਦਨਾਕ ਪੰਨਾ ਸੀ, ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਆਗੂਆਂ ਨੂੰ ਸ਼ਹੀਦ ਕੀਤਾ ਗਿਆ ਹੋਵੇ। ਨੌਜਵਾਨ ਭਾਈ ਮੇਵਾ ਸਿੰਘ ਉਸ ਵੇਲੇ ਸੰਗਤਾਂ ਵਿੱਚ ਮੌਜੂਦ ਸਨ, ਜਿਨ੍ਹਾਂ ਦੇ ਹਿਰਦੇ ਨੂੰ ਇਸ ਘਟਨਾ ਨੇ ਵਲੂੰਧਰ ਦਿੱਤਾ। ਗੁਲਾਮ ਹਿੰਦੁਸਤਾਨ ਦੀ ਬ੍ਰਿਟਿਸ਼ ਸਰਕਾਰ ਦੇ ਏਜੰਟ ਐਂਗਲੋ -ਇੰਡੀਅਨ ਵਿਲੀਅਮ ਹਾਪਕਿਨਸਨ ਨੇ ਭਾਈ ਭਾਗ ਸਿੰਘ ਭਿਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੂੰ ਸ਼ਹੀਦ ਕਰਵਾਇਆ ਸੀ। ਇਸ ਸਮੇਂ ਚੱਲ ਰਹੀ ਕਸ਼ਮਕਸ਼ ਦੇ ਦੌਰ ਵਿੱਚ ਇੱਕ ਗੱਲ ਸਪੱਸ਼ਟ ਹੈ ਕਿ 110 ਸਾਲ ਪਹਿਲਾਂ ਭਾਰਤੀ ਬ੍ਰਿਟਿਸ਼ ਏਜੰਟਾਂ ਨੇ ਕੈਨੇਡਾ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਨੂੰ ਹਕੂਮਤੀ ਸ਼ਹਿ 'ਤੇ ਸ਼ਹੀਦ ਕਰਵਾਇਆ ਸੀ ਅਤੇ ਹੁਣ ਫੇਰ ਇਹ ਇਤਿਹਾਸ ਦੁਹਰਾਇਆ ਗਿਆ ਹੈ। ਇਹ ਵੀ ਇਤਿਹਾਸਕ ਸੱਚਾਈ ਹੈ ਕਿ ਕੈਨੇਡਾ ਦੀ ਧਰਤੀ 'ਤੇ ਕਿਸੇ ਸਮੇਂ ਚਿੱਟੇ ਨਸਲਵਾਦ ਦਾ ਖੁੱਲ੍ਹੇਆਮ ਬੋਲਬਾਲਾ ਸੀ, ਭਾਵੇਂ ਅੱਜ ਵੀ ਇਹ ਲੁਕਵੇਂ ਰੂਪ ਵਿੱਚ ਕਿਤੇ ਨਾ ਕਿਤੇ ਮੌਜੂਦ ਹੈ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ 'ਚੋਂ ਭਾਈ ਭਾਗ ਸਿੰਘ ਪਿੰਡ ਭਿੱਖੀਵਿੰਡ ਤੇ ਭਾਈ ਬਤਨ ਸਿੰਘ ਪਿੰਡ ਦਲੇਲ ਸਿੰਘ ਵਾਲਾ ਅਗਲੇ ਦਿਨ ਭਾਵ 6 ਸਤੰਬਰ 1914 ਨੂੰ ਸ਼ਹੀਦੀ ਪਾ ਗਏ ਤੇ ਬਾਕੀਆਂ ਦਾ ਇਲਾਜ ਚੱਲਦਾ ਰਿਹਾ। ਹਤਿਆਰੇ ਬੇਲੇ ਜਿਆਣ ਨੂੰ ਚਾਹੇ ਗ੍ਰਿਫ਼ਤਾਰ ਵੀ ਕਰ ਲਿਆ, ਪਰ ਮਗਰੋਂ ਸਰਕਾਰੀ ਮੁਖ਼ਬਰ ਹੋਣ ਕਰ ਕੇ ਉਸ ਨੂੰ ਰਿਹਾਅ ਕਰਕੇ ਭਾਰਤ ਭੇਜ ਦਿੱਤਾ, ਜਿੱਥੇ 19 ਸਾਲ ਮਗਰੋਂ ਬੱਬਰ ਅਕਾਲੀ ਭਾਈ ਹਰੀ ਸਿੰਘ ਸੂੰਢ ਨੇ ਸਾਥੀਆਂ ਸਮੇਤ, ਬੇਲਾ ਜਿਆਣ ਉਸ ਦੇ ਜੱਦੀ ਪਿੰਡ ਨੇੜੇ ਹੀ 9 ਦਸੰਬਰ 1933 ਨੂੰ ਸੋਧਿਆ। ਕੈਨੇਡਾ ਦੀ ਧਰਤੀ 'ਤੇ ਗੁਰਦੁਆਰਾ ਸਾਹਿਬ ਵਿਖੇ ਵਾਪਰੀ ਇਹ ਕੋਈ ਸਾਧਾਰਨ ਘਟਨਾ ਨਹੀਂ , ਸਗੋਂ ਉੱਤਰੀ ਅਮਰੀਕਾ ਦੇ ਇਤਿਹਾਸ 'ਚ ਗੁਰਦੁਆਰੇ ਅੰਦਰ ਪਾਈਆਂ ਗਈਆਂ ਸ਼ਹੀਦੀਆਂ ਦੀ ਤਰਜਮਾਨੀ ਕਰਦਾ ਗੌਰਵਮਈ ਇਤਿਹਾਸਕ ਅਧਿਆਇ ਹੈ, ਜਿਸ ਵਿੱਚ ਕੈਨੇਡਾ ਦੇ ਮੋਢੀ ਸਿੱਖ ਸ਼ਹੀਦਾਂ ਦੀ ਕੁਰਬਾਨੀ ਅੰਕਤ ਹੈ।
ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਜ਼ਿਲ੍ਹਾ ਅੰਮ੍ਰਿਤਸਰ ਨਾਲ ਸਬੰਧ ਸਨ, ਜਿਹਨਾਂ ਕੈਨੇਡਾ ਆ ਕੇ ਜਿੱਥੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ 'ਚ ਮੁੱਖ ਭੂਮਿਕਾ ਨਿਭਾਈ, ਉਥੇ ਗ਼ਦਰ ਲਹਿਰ ਦੇ ਸੰਘਰਸ਼ ਵਿਚ ਵੀ ਮਹਾਨ ਆਗੂ ਵਜੋਂ ਉੱਭਰੇ। ਕੈਨੇਡਾ ਆ ਕੇ ਉਹਨਾਂ ਬਾਕੀ ਭਾਈਆਂ ਨਾਲ ਮਿਲ ਕੇ ਖਾਲਸਾ ਦੀਵਾਨ ਸੁਸਾਇਟੀ ਦੀ ਸਥਾਪਨਾ ਕੀਤੀ। ਪ੍ਰੋਫੈਸਰ ਤੇਜਾ ਸਿੰਘ ਜੀ ਦੀ ਅਗਵਾਈ ਵਿੱਚ ਅੰਮ੍ਰਿਤ ਛਕਿਆ ਅਤੇ ਪੂਰਨ ਸਿੰਘ ਸਜੇ। ਉਨ੍ਹਾਂ ਬਸਤੀਵਾਦ ਅਤੇ ਨਸਲਵਾਦ ਖ਼ਿਲਾਫ਼ ਜ਼ੋਰਦਾਰ ਆਵਾਜ਼ ਉਠਾਈ ਅਤੇ ਕੈਨੇਡਾ ਦੀ ਧਰਤੀ ਤੋਂ ਮੋੜੇ ਗਏ 'ਗੁਰੂ ਨਾਨਕ ਜਹਾਜ਼ ਦੇ ਮੁਸਾਫ਼ਰਾਂ ਦੇ ਹੱਕ ਵਿੱਚ ਅਗਵਾਈ ਕੀਤੀ। ਇਸ ਤੋਂ ਇਲਾਵਾ ਕੈਨੇਡਾ 'ਚੋਂ ਭਾਰਤੀਆਂ ਨੂੰ ਕੱਢ ਕੇ ਹੋਂਡੂਰਸ ਭੇਜਣ ਦੀ ਕਾਰਵਾਈ ਦਾ ਵਿਰੋਧ ਕਰਨਾ, ਸਾਬਕਾ ਬਰਤਾਨਵੀ ਫ਼ੌਜੀਆਂ ਦੇ ਤਮਗੇ,ਇਨਸਿਗਨੀਆ ਆਦਿ ਅੱਗ ਵਿੱਚ ਸੜਨਾ ਅਤੇ ਬਰਤਾਨੀਆ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਸਮਾਗਮਾਂ ਦਾ ਵਿਰੋਧ ਆਦਿ ਦਲੇਰਾਨਾ ਕਾਰਜ ਭਾਈ ਭਾਗ ਸਿੰਘ ਜੀ ਦੀ ਅਗਵਾਈ ਵਿੱਚ ਹੀ ਹੋਏ।
ਸ਼ਹੀਦ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਪਿੰਡ ਨਾਲ ਸਬੰਧਤ ਸਨ, ਖਾਲਸਾ ਦੀਵਾਨ ਸੁਸਾਇਟੀ ਦੇ ਬਾਨੀਆਂ ਵਿੱਚੋਂ ਇੱਕ ਸਨ ਅਤੇ ਅੰਮ੍ਰਿਤਧਾਰੀ, ਚੜ੍ਹਦੀ ਕਲਾ ਵਾਲੇ ਗੁਰਸਿੱਖ ਸਨ, ਜਿਹਨਾਂ ਕੈਨੇਡਾ ਵਿਚਲੇ ਨਸਲਵਾਦ ਅਤੇ ਭਾਰਤ ਵਿਚਲੇ ਬਸਤੀਵਾਦ ਖ਼ਿਲਾਫ਼ ਇਨਕਲਾਬੀ ਸਰਗਰਮੀਆਂ ਜਾਰੀ ਰੱਖੀਆਂ ਅਤੇ ਮਗਰੋਂ ਸ਼ਹੀਦੀ ਪਾਈ।ਕਈ ਇਤਿਹਾਸਕਾਰਾਂ ਨੇ ਆਪ ਦਾ ਨਾਂ ਬਦਨ ਸਿੰਘ ਲਿਖਿਆ ਹੈ, ਜਦਕਿ ਆਪ ਦਾ ਸਹੀ ਨਾਂ ਬਤਨ ਸਿੰਘ, ਭਾਵ ਵਤਨ, ਦੇਸ਼ ਸ਼ਬਦ ਤੋਂ ਹੈ। ਖ਼ੈਰ ਨਾਂ ਤੋਂ ਵੀ ਵੱਡੀ ਗੱਲ ਇਹ ਹੈ ਕਿ ਉਨ੍ਹਾਂ ਜਿੱਥੇ ਸ਼ਹਾਦਤ ਵਤਨ ਲਈ ਦਿੱਤੀ, ਉੱਥੇ ਆਪਣਾ ਬਦਨ ਭਾਵ ਤਨ ਕੌਮ ਲਈ ਸਮਰਪਿਤ ਕਰ ਦਿੱਤਾ। ਦੁਖਦਾਈ ਗੱਲ ਇਹ ਹੈ ਕਿ ਇਨ੍ਹਾਂ ਯੋਧਿਆਂ ਦੀਆਂ ਸ਼ਹਾਦਤਾਂ ਬਾਰੇ ਅਸੀਂ ਪੂਰੀ ਤਰ੍ਹਾਂ ਅਣਜਾਣ ਹਾਂ।
ਸ਼ਹੀਦ ਭਾਈ ਭਾਗ ਸਿੰਘ ਤੇ ਸ਼ਹੀਦ ਭਾਈ ਬਤਨ ਸਿੰਘ ਦੀਆਂ ਸ਼ਹੀਦੀਆਂ ਦੀ ਇਹ ਇਤਿਹਾਸਕ ਵਾਰਤਾ ਸਾਡੇ ਮਨਾਂ ਵਿੱਚੋਂ ਵਿਸਰ ਚੁੱਕੀ ਹੈ, ਹਾਲਾਂਕਿ ਇਨ੍ਹਾਂ ਸ਼ਹਾਦਤਾਂ ਮਗਰੋਂ ਮਹਾਨ ਗ਼ਦਰੀ ਯੋਧੇ ਅਤੇ ਵਿਸ਼ਵਾਸੀ ਸਿੱਖ ਭਾਈ ਮੇਵਾ ਸਿੰਘ ਲੋਪੋਕੇ ਨੇ 21 ਅਕਤੂਬਰ 1914 ਈਸਵੀ ਨੂੰ ਵੈਨਕੂਵਰ ਦੀ ਕਚਹਿਰੀ 'ਚ ਅੰਗਰੇਜ਼-ਭਾਰਤੀ ਵਿਲੀਅਮ ਹੌਪਕਿਨਸਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ 11 ਜਨਵਰੀ 1915 ਨੂੰ ਹਸਦਿਆਂ ਫਾਂਸੀ ਦਾ ਰੱਸਾ ਚੁੰਮ ਕੇ ਸ਼ਹੀਦੀ ਪਾਈ ਸੀ। ਇਹ ਯੋਧੇ ਜਿੱਥੇ ਸਿੱਖ ਕੌਮ ਦੇ ਸ਼ਹੀਦ ਹਨ, ਉੱਥੇ ਹੀ ਗ਼ਦਰ ਲਹਿਰ ਨਾਲ ਸਬੰਧਿਤ ਮਹਾਨ ਸੂਰਬੀਰ ਵੀ ਹਨ, ਜਿਨ੍ਹਾਂ ਨੇ ਕੈਨੇਡਾ ਦੀ ਧਰਤੀ ਤੇ ਆ ਕੇ ਦੌਲਤ -ਸ਼ੋਹਰਤ ਕਮਾਉਣ ਦੀ ਥਾਂ ਦੇਸ- ਕੌਮ ਦੀ ਸੇਵਾ ਨੂੰ ਪਹਿਲ ਦਿੱਤੀ।
ਇਨ੍ਹਾਂ ਸ਼ਹੀਦਾਂ ਨੇ ਘਰ-ਬਾਰ ਉਜਾੜ ਕੇ ਕੌਮੀ ਘਰ ਬਣਾਉਣ ਲਈ ਹਰ ਕੁਰਬਾਨੀ ਦਿੱਤੀ। ਸ਼ਹੀਦ ਭਾਈ ਭਾਗ ਸਿੰਘ ਆਪਣੇ ਕੇਵਲ 32 ਮਹੀਨਿਆਂ ਦੇ ਪੁੱਤਰ ਜੋਗਿੰਦਰ ਸਿੰਘ ਸਣੇ ਅਮਰੀਕਾ ਦੀ ਸੂਮਸ ਜੇਲ 'ਚ ਬੰਦ ਹੋੇਏ ਅਤੇ ਮਗਰੋਂ ਆਜ਼ਾਦੀ ਅਤੇ ਇਨਸਾਫ਼ ਲਈ ਜਾਨ ਵੀ ਕੁਰਬਾਨ ਕਰ ਦਿੱਤੀ। ਭਾਈ ਬਤਨ ਸਿੰਘ ਨੇ ਗੋਲ਼ੀਆਂ ਵਰ੍ਹਾ ਰਹੇ ਸਰਕਾਰੀ ਮੁਖਬਰ ਬੇਲੇ ਨੂੰ ਧੌਣ ਤੋਂ ਧੂਹ ਕੇ, ਖੁਦ ਮੌਤ ਨੂੰ ਸੱਦਾ ਦਿੱਤਾ। ਸ਼ਹੀਦ ਭਾਈ ਮੇਵਾ ਸਿੰਘ ਨੇ ਇਨ੍ਹਾਂ ਦੇ ਦੋਸ਼ੀ ਵਿਲੀਅਮ ਹੌਪਕਿਨਸਨ ਨੂੰ ਸੋਧਣ ਲਈ ਹਥਿਆਰ ਚੁੱਕਿਆ ਤੇ ਲਾੜੀ ਮੌਤ ਨਾਲ ਵਿਆਹ ਸਜਾਇਆ।
ਅੱਜ ਕੈਨੇਡਾ-ਅਮਰੀਕਾ ਅੰਦਰ ਅਸੀਂ ਜਿਸ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ, ਉਸ ਦੇ ਸੰਕਲਪ ਪਿੱਛੇ ਇਨ੍ਹਾਂ ਯੋਧਿਆਂ ਦਾ ਡੁੱਲ੍ਹਿਆ ਲਹੂ ਹੀ ਹੈ। ਦੂਜੇ ਪਾਸੇ ਭਾਰਤ ਵਿੱਚੋਂ ਫਿਰੰਗੀਆਂ ਨੂੰ ਕੱਢਣ ਲਈ ਜਿਹਨਾਂ ਨੇ ਖ਼ੂਨ ਦਾ ਕਤਰਾ- ਕਤਰਾ ਵਹਾ ਦਿੱਤਾ, ਉਹ ਇਹੀ ਗ਼ਦਰੀ ਯੋਧੇ ਅਤੇ ਸ਼ਹੀਦ ਸਨ। ਅੱਜ ਲਾਲ ਕਿਲੇ 'ਤੇ ਜਿਹੜਾ ਝੰਡਾ ਝੁੱਲਦਾ ਹੈ, ਉਸ ਦੀਆਂ ਨੀਂਹਾਂ 'ਚ ਵੀ ਗਦਰੀ ਬਾਬਿਆਂ ਦੀਆਂ ਮਾਸ ਤੇ ਹੱਡੀਆਂ ਮੌਜੂਦ ਹਨ, ਹਾਲਾਂ ਕਿ ਇਨ੍ਹਾਂ ਮਹਾਨ ਯੋਧਿਆਂ ਦੀਆਂ ਕੁਰਬਾਨੀਆਂ ਨੂੰ ਅੱਜ ਦੇ ਫਾਸ਼ੀਵਾਦੀ ਹਾਕਮਾਂ ਨੇ ਮੂਲੋਂ ਹੀ ਵਿਸਾਰ ਦਿੱਤਾ ਹੈ। ਕੈਨੇਡਾ ਅਤੇ ਅਮਰੀਕਾ ਦੀ ਧਰਤੀ ਤੇ ਸੰਘਰਸ਼ ਕਰਨ ਵਾਲੇ ਗਦਰ ਲਹਿਰ ਦੇ ਯੋਧਿਆਂ ਦੀਆਂ, ਆਜ਼ਾਦੀ ਦੇ ਸੰਘਰਸ਼ ਵਿਚ ਵਡਮੁੱਲੀਆਂ ਮਹਾਨ ਕੁਰਬਾਨੀਆਂ ਹਨ।
ਵਿਚਾਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਗ਼ਦਰੀ ਯੋਧਿਆਂ ਦੇ ਸ਼ਹੀਦੀ ਦਿਹਾੜੇ ਭਾਰਤ ਵਿੱਚ ਕਿਉਂ ਨਹੀਂ ਮਨਾਏ ਜਾਂਦੇ ? ਕੀ ਇਹ ਸ਼ਹੀਦ ਕੇਵਲ ਕੈਨੇਡਾ ਦੇ ਹੀ ਸ਼ਹੀਦ ਹਨ? ਅੱਜ ਪੰਜਾਬ 'ਚ ਖਾਸ ਕਰਕੇ ਅਤੇ ਭਾਰਤ 'ਚ ਆਮ ਕਰਕੇ ਇਨ੍ਹਾਂ ਸ਼ਹੀਦਾਂ ਬਾਰੇ ਲੋਕਾਂ ਨੂੰ ਇਤਿਹਾਸਕ ਜਾਣਕਾਰੀ ਕਿਉਂ ਨਹੀਂ ਦਿੱਤੀ ਜਾ ਰਹੀ? ਕਿਹੜੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ 'ਚ ਇਨ੍ਹਾਂ ਦੀਆਂ ਜੀਵਨੀਆਂ ਬਾਰੇ ਪੜ੍ਹਾਇਆ ਕੀਤਾ ਜਾਂਦਾ ਹੈ ? ਪੰਜਾਬ ਸਕੂਲ ਸਿੱਖਿਆ ਬੋਰਡ ਦੀ ਕਿਹੜੀ ਜਮਾਤ ਦੇ ਸਿਲੇਬਸ 'ਚ ਇਨ੍ਹਾਂ ਨਾਲ ਸੰਬੰਧਤ ਪਾਠਕ੍ਰਮ ਸ਼ਾਮਿਲ ਹੈ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਕਿਤਾਬਾਂ 'ਚ ਉਚੇਰੇ ਰੂਪ 'ਚ ਮੋਢੀ ਸਿੱਖ ਸ਼ਹੀਦਾਂ ਦੀਆਂ ਬਾਹਰਲੇ ਦੇਸ਼ਾਂ 'ਚ ਕੀਤੀਆਂ ਕੁਰਬਾਨੀਆਂ ਬਾਰੇ ਕਿੰਨਾ ਕੁ ਜ਼ਿਕਰ ਮਿਲਦਾ ਹੈ ? ਪੰਜਾਬ ਸਰਕਾਰ ਨੇ ਮਹਾਨ ਗ਼ਦਰੀ ਯੋਧਿਆਂ ਦੀਆਂ ਸ਼ਹੀਦੀਆਂ ਦੇ ਦਿਹਾੜੇ ਮਨਾਉਣ ਦਾ ਕਦੇ ਕੋਈ ਸੰਕਲਪ ਲਿਆ ਹੈ ?
ਜੇਕਰ ਉਕਤ ਸਾਰੇ ਸੁਆਲਾਂ ਦਾ ਜਵਾਬ 'ਨਾਂਹ' ਵਿੱਚ ਹੈ, ਤਾਂ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ, ਕੇਂਦਰੀ ਸਿੱਖ ਸੰਸਥਾਵਾਂ ਅਤੇ ਦੇਸ਼ ਭਗਤਾਂ ਦੇ ਨਾਂ ਵੇਚਣ ਵਾਲੀਆਂ ਅਖੌਤੀ ਸੱਭਿਆਚਾਰਕ ਸੰਸਥਾਵਾਂ ਆਦਿ ਸਾਰੇ ਦੋਸ਼ੀ ਹਨ। ਚਾਹੀਦਾ ਇਹ ਹੈ ਕਿ ਆਜ਼ਾਦੀ ਦੇ ਸੰਘਰਸ਼ ਲਈ ਸ਼ਹੀਦੀਆਂ ਪਾਉਣ ਵਾਲੇ ਗਦਰੀ ਯੋਧਿਆਂ ਦੇ ਇਤਿਹਾਸ ਨਵੇਂ ਸਿਰਿਓਂ ਸਹੀ ਅਤੇ ਤੱਥਾਂ ਅਧਾਰਤ ਲਿਖਵਾਏ ਜਾਣ। ਕੈਨੇਡਾ ਅਮਰੀਕਾ ਸਥਾਪਤ ਕੀਤੀਆਂ ਗਈਆਂ ਸੰਸਥਾਵਾਂ ਵਿੱਚ ਸ਼ਹੀਦ ਮੇਵਾ ਸਿੰਘ ਸ਼ਹੀਦ ਭਾਗ ਸਿੰਘ ਤੇ ਸ਼ਹੀਦ ਬਤਨ ਸਿੰਘ ਸਣੇ ਸ਼ਹੀਦੀਆਂ ਪਾਉਣ ਵਾਲੇ ਯੋਧਿਆਂ ਦੀਆਂ ਤਸਵੀਰਾਂ ਲੱਗਣ, ਨਾ ਕਿ 'ਚੀਚੀ 'ਤੇ ਲਹੂ' ਲਗਾ ਕੇ ਸ਼ਹੀਦ ਅਖਵਾਉਣ ਵਾਲਿਆਂ ਦੀਆਂ ਫੋਟੋਆਂ ਸਜਾਈਆਂ ਜਾਣ। ਵੱਡੀ ਗੱਲ ਕਿ ਉਨ੍ਹਾਂ ਦੀ ਸੋਚ 'ਤੇ ਪਹਿਰਾ ਦਿੱਤਾ ਜਾਵੇ, ਜੋ ਕਿ ਨਹੀਂ ਦਿੱਤਾ ਜਾ ਰਿਹਾ ਅਤੇ ਜਿਸ ਨਾਲ ਲਗਾਤਾਰ ਖਿਲਵਾੜ ਹੋ ਰਿਹਾ ਹੈ।
ਹਰ ਜਾਗਰੂਕ ਲੇਖਕ, ਪੱਤਰਕਾਰ, ਬੁੱਧੀਜੀਵੀ ਤੇ ਇਤਿਹਾਸਕਾਰ ਨੂੰ ਵੀ ਇਨ੍ਹਾਂ ਗ਼ਦਰੀ ਸ਼ਹੀਦ ਯੋਧਿਆਂ ਬਾਰੇ ਨਾਟਕ, ਲੇਖ, ਕਵਿਤਾਵਾਂ ਤੇ ਖੋਜ ਪੁਸਤਕਾਂ ਤਿਆਰ ਕਰਕੇ ਆਪੋ-ਆਪਣਾ ਯੋਗਦਾਨ ਪਾਉਣ ਦੀ ਲੋੜ ਹੈ। ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਸ਼ਹੀਦ ਭਾਈ ਭਾਗ ਸਿੰਘ ਅਤੇ ਸ਼ਹੀਦ ਭਾਈ ਬਤਨ ਸਿੰਘ ਨੇ ਕੌਮ ਦੇ ਸੁਨਿਹਰੀ ਭਵਿੱਖ ਲਈ ਆਪਣਾ ਵਰਤਮਾਨ ਕੁਰਬਾਨ ਕੀਤਾ। ਅਫਸੋਸ ਇਸ ਗੱਲ ਦਾ ਵੀ ਹੈ ਕਿ ਜਿਸ ਅਸਥਾਨ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ 'ਸੈਕਿੰਡ ਐਵਨਿਊ' ਵੈਨਕੂਵਰ ਵਿਖੇ, ਇਨ੍ਹਾਂ ਸਿੱਖ ਸੂਰਬੀਰਾਂ ਦੀ ਸ਼ਹੀਦੀ ਹੋਈ, ਉਸ ਇਤਿਹਾਸਕ ਜਗ੍ਹਾ ਨੂੰ ਵੀ ਗ਼ੈਰ-ਜ਼ਿੰਮੇਵਾਰ ਅਤੇ ਬੁੱਧੀਹੀਣ ਪ੍ਰਬੰਧਕਾਂ ਨੇ ਸੱਤਰਵਿਆਂ ਵਿੱਚ ਵੇਚ ਛੱਡਿਆ। ਇਹ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਇਤਿਹਾਸ ਉਸ ਮੌਕੇ ਦੇ ਗੁਮਰਾਹ ਆਗੂਆਂ ਦੀ ਇਸ ਗੁਸਤਾਖੀ ਲਈ ਉਨ੍ਹਾਂ ਨੂੰ ਸਦਾ ਲਾਹਨਤਾਂ ਪਾਉਂਦਾ ਰਹੇਗਾ।
ਮਹਾਨ ਸ਼ਹੀਦ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਨੇ ਸਥਾਪਤੀ ਖ਼ਿਲਾਫ਼ ਸ਼ਹੀਦੀਆਂ ਪਾਈਆਂ ਸਨ ਅਤੇ ਅਜੋਕੇ ਸਮੇਂ ਵੀ ਫਾਸ਼ੀਵਾਦੀ ਤਾਕਤਾਂ ਖ਼ਿਲਾਫ਼ ਇਕਮੁੱਠ ਹੋ ਕੇ ਲੜਨ ਦੀ ਲੋੜ ਹੈ। ਅੱਜ ਦਾ ਸਮਾਂ ਉਸ ਤੋਂ ਵੀ ਭਿਆਨਕ ਹੈ, ਕਿਉਂਕਿ ਅੱਜ ਦੀ ਸਰਕਾਰ ਫਾਸ਼ੀਵਾਦ ਅਤੇ ਮਨੂੰਵਾਦ ਦੇ ਢਹੇ ਚੜ੍ਹ ਕੇ ਘੱਟ ਗਿਣਤੀਆਂ ਤੇ ਜ਼ੁਲਮ ਢਾਹ ਰਹੀ ਹੈ, ਉਸ ਖ਼ਿਲਾਫ਼ ਇਨ੍ਹਾਂ ਮਹਾਨ ਯੋਧਿਆਂ ਦੀ ਸੋਚ ਅਪਣਾਉਂਦਿਆਂ ਹੋਇਆ ਸੰਘਰਸ਼ ਕਰਨਾ ਹਰ ਸੁਚੇਤ ਵਿਅਕਤੀ ਦਾ ਫਰਜ਼ ਬਣਦਾ ਹੈ।
ਫੋਨ: 604 825 1550
ਕੋਆਰਡੀਨੇਟਰ ਪੰਜਾਬੀ ਸਾਹਿਤ ਸਭਾ ਮੁਢਲੀ
ਐਬਟਸਫੋਰਡ ਬੀਸੀ ਕੈਨੇਡਾ
"ਪ੍ਰੋ. ਤੇਜਾ ਸਿੰਘ ਜੀ ਸਦਕਾ ਅਸੀਂ ਕੈਨੇਡਾ 'ਚ ਬੈਠੇ ਹਾਂ, ਨਹੀਂ ਤਾਂ ਹੌਂਡਰਸ ਵਿੱਚ ਆਰਥਿਕ ਗੁਲਾਮੀ ਦਾ ਸ਼ਿਕਾਰ ਹੁੰਦੇ" - ਡਾ ਗੁਰਵਿੰਦਰ ਸਿੰਘ
ਪਹਿਲੀ ਜੁਲਾਈ ਨੂੰ ਕੈਨੇਡਾ ਦਿਹਾੜੇ ਦੇ ਨਾਲ 'ਸੰਤ ਤੇਜਾ ਸਿੰਘ ਦਿਹਾੜਾ' ਉਤਸ਼ਾਹ ਨਾਲ ਮਨਾਇਆ ਗਿਆ
ਪਹਿਲੀ ਜੁਲਾਈ ਨੂੰ ਕੈਨੇਡਾ ਦਿਹਾੜੇ ਦੇ ਨਾਲ ਨਾਲ, ਇਸ ਦਿਹਾੜੇ ਨੂੰ ਸੰਤ ਤੇਜਾ ਸਿੰਘ ਦਿਹਾੜੇ ਵਜੋਂ ਵੀ ਮਾਨਤਾ ਹਾਸਿਲ ਹੈ ਅਤੇ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਿੱਚ ਸੰਤ ਤੇਜਾ ਸਿੰਘ ਦਿਹਾੜੇ ਦਾ ਪ੍ਰੋਕਲੇਮੇਸ਼ਨ ਜਾਰੀ ਕੀਤਾ ਗਿਆ ਹੈ। ਗੁਰਦੁਆਰਾ ਸਾਹਿਬ ਗੁਰਸਾਗਰ ਮਸਤੂਆਣਾ ਸਾਹਿਬ ਸਰੀ ਬੀਸੀ ਵਿਖੇ ਪਹਿਲੀ ਜੁਲਾਈ ਨੂੰ ਪ੍ਰੋਫੈਸਰ ਸੰਤ ਤੇਜਾ ਸਿੰਘ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਪ੍ਰੋਫੈਸਰ ਤੇਜਾ ਸਿੰਘ ਜੀ ਦੀਆਂ ਦੇਣਾਂ ਨੂੰ ਯਾਦ ਕੀਤਾ ਗਿਆ, ਜਿਨਾਂ ਸਦਕਾ ਅਸੀਂ ਕੈਨੇਡਾ 'ਚ ਬੈਠੇ ਹਾਂ, ਨਹੀਂ ਤਾਂ ਹੌਂਡਰਸ ਵਿੱਚ ਮੱਖੀਆਂ ਅਤੇ ਮੱਛਰਾਂ ਨਾਲ ਘੋਲ ਕਰ ਰਹੇ ਹੁੰਦੇ ਅਤੇ ਆਰਥਿਕ ਤੌਰ ਤੇ ਗੁਲਾਮੀ ਦਾ ਸ਼ਿਕਾਰ ਹੁੰਦੇ! ਇਸ ਸਬੰਧ ਵਿੱਚ ਪ੍ਰੋਫੈਸਰ ਤੇਜਾ ਸਿੰਘ ਦੀ ਮਹਾਨ ਸ਼ਖ਼ਸੀਅਤ ਬਾਰੇ ਵਿਚਾਰਾਂ ਦੀ ਸਾਂਝ ਪਾਉਣੀ ਲਾਹੇਵੰਦ ਹੋਵੇਗੀ। ਪ੍ਰੋਫੈਸਰ ਤੇਜਾ ਸਿੰਘ ਦਾ ਜਨਮ 14 ਮਈ 1877 ਨੂੰ ਪਿੰਡ ਬੱਲੋਵਾਲੀ ਜ਼ਿਲਾ ਗੁੱਜਰਾਂਵਾਲਾ, ਸਾਂਝਾ ਪੰਜਾਬ (ਅੱਜ ਕਲ੍ਹ ਪਾਕਿਸਤਾਨ) ਵਿਖੇ ਹੋਇਆ। ਆਪ ਦੇ ਪਿਤਾ ਦਾ ਨਾਂ ਸਰਦਾਰ ਰਲਾ ਸਿੰਘ ਅਤੇ ਮਾਤਾ ਦਾ ਨਾਂ ਬੀਬੀ ਸਦਾ ਕੌਰ ਸੀ। ਆਪ ਜੀ ਦਾ ਬਚਪਨ ਦਾ ਨਾਂ ਨਿਰੰਜਨ ਸਿੰਘ ਸੀ। ਆਪ ਨੇ ਐਮਏ ਅੰਗਰੇਜ਼ੀ ਅਤੇ ਐਲ ਐਲ ਬੀ ਦੀ ਪੜ੍ਹਾਈ ਕਰਨ ਮਗਰੋਂ ਸੰਨ 1904 ਵਿੱਚ ਕੁਝ ਸਮਾਂ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਪਹਿਲਾਂ ਪ੍ਰੋਫੈਸਰ ਅਤੇ ਮਗਰੋਂ ਵਾਈਸ ਪ੍ਰਿੰਸੀਪਲ ਦੀ ਸੇਵਾ ਨਿਭਾਈ। ਇਸ ਦੌਰਾਨ ਸੰਤ ਅਤਰ ਸਿੰਘ ਮਸਤੂਆਣਾ ਦੀ ਪ੍ਰੇਰਨਾ ਨਾਲ ਅੰਮ੍ਰਿਤ ਛਕਣ ਤੋਂ ਬਾਅਦ ਆਪ ਜੀ ਤੇਜਾ ਸਿੰਘ ਬਣੇ।
1906 ਵਿੱਚ ਆਪ ਨੇ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਵਿੱਚ ਦਾਖਲਾ ਲਿਆ ਅਤੇ ਇੱਥੇ ਸਿੱਖੀ ਪ੍ਰਚਾਰ ਲਈ 'ਖਾਲਸਾ ਜਥਾ ਬ੍ਰਿਟਿਸ਼ ਆਈਲੈਂਡ' ਵੀ ਸਥਾਪਿਤ ਕੀਤਾ। ਦੋ ਸਾਲ ਮਗਰੋਂ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ 'ਚ ਪੜ੍ਹਾਈ ਕੀਤੀ, ਜਦਕਿ ਇਸ ਤੋਂ ਇਲਾਵਾ ਅਮਰੀਕਾ ਦੀ ਹੀ ਕੋਲੰਬੀਆ ਯੂਨੀਵਰਸਿਟੀ ਦੇ ਟੀਚਰ ਕਾਲਜ ਵਿੱਚ ਦਾਖਲਾ ਲੈ ਕੇ, ਮਗਰੋਂ ਉਥੇ ਪੜਾਉਣ ਦੀਆਂ ਸੇਵਾਵਾਂ ਵੀ ਨਿਭਾਈਆਂ। ਯੂਨੀਵਰਸਿਟੀਆ ਤੋਂ ਉੱਚ ਵਿੱਦਿਆ ਹਾਸਲ ਪ੍ਰੋਫੈਸਰ ਤੇਜਾ ਸਿੰਘ ਜੀ ਦਾ ਧਾਰਮਿਕ ਜੀਵਨ ਲੋਕਾਂ ਲਈ ਆਦਰਸ਼ਕ ਸੀ, ਜਿਨਾਂ ਕੈਨੇਡਾ, ਅਮਰੀਕਾ ਇੰਗਲੈਂਡ ਵਿੱਚ ਕਈ ਗੁਰਦੁਆਰਿਆਂ ਦੀ ਸਿਰਜਣਾ ਕੀਤੀ।
ਕੈਨੇਡਾ ਵਿੱਚ ਪਹਿਲੀ ਵਾਰ ਅੰਮ੍ਰਿਤ ਸੰਚਾਰ ਤੋਂ ਲੈ ਕੇ, ਇਥੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਮਾਈਨਿੰਗ ਕੰਪਨੀ ਸਥਾਪਿਤ ਕਰਨ, ਇੱਥੇ ਸਿੱਖ ਯੂਨੀਵਰਸਿਟੀ ਕਾਇਮ ਕਰਨ ਦੀ ਮਹਾਨ ਵਲਵਲੇ ਮਨ ਵਿੱਚ ਰੱਖਣ ਅਤੇ ਅਣਗਿਣਤ ਹੋਰ ਉਪਰਾਲੇ ਕਰਨ ਸਬੰਧੀ ਪ੍ਰਿੰਸੀਪਲ ਸਾਹਿਬ ਦੇ ਖ਼ਿਆਲ ਸਨ। ਕੈਨੇਡਾ ਤੋਂ ਇਲਾਵਾ ਅਮਰੀਕਾ, ਇੰਗਲੈਂਡ ਅਤੇ ਕਈ ਹੋਰਨਾਂ ਦੇਸ਼ਾਂ ਵਿੱਚ ਗੁਰਦੁਆਰੇ ਸਥਾਪਿਤ ਕਰਨ ਅਤੇ ਅੰਮ੍ਰਿਤ ਸੰਚਾਰ ਦੀ ਲਹਿਰ ਚਲਾਉਣ ਵਿੱਚ ਵੀ ਆਪ ਜੀ ਨੇ ਸਿੱਖੀ ਸਿਧਾਂਤਾਂ ਦੇ ਪਹਿਰੇਦਾਰੀ ਕੀਤੀ। ਪ੍ਰੋਫੈਸਰ ਤੇਜਾ ਸਿੰਘ ਦੀ ਧਾਰਮਿਕ, ਵਿੱਦਿਅਕ, ਸਮਾਜਿਕ ਪੱਖਾਂ ਵਿੱਚ ਸਿੱਖਾਂ ਨੂੰ ਵਡਮੁੱਲੀ ਦੇਣ ਤੋਂ ਇਲਾਵਾ ਰਾਜਨੀਤਕ ਪੱਖੋਂ ਵੀ ਮਹਾਨ ਦੇਣ ਹੈ। ਜੇਕਰ ਇਤਿਹਾਸ ਪੜ੍ਹੀਏ, ਤਾਂ ਪਤਾ ਲੱਗਦਾ ਹੈ ਕਿ ਕੈਨੇਡਾ ਵਸਦੇ ਭਾਰਤੀ ਮੂਲ ਦੇ ਲੋਕਾਂ ਨੂੰ ਸੰਨ 1908 ਵਿੱਚ ਇੱਥੋਂ ਕੱਢ ਕੇ ਹਾਂਡੂਰਸ ਭੇਜਣ ਤੱਕ ਦੀਆਂ ਸਾਰੀਆਂ ਧੱਕੇਸ਼ਾਹੀਆਂ ਨੂੰ ਰੋਕਣ ਲਈ, ਉਨ੍ਹਾਂ ਮਹਾਨ ਯੋਗਦਾਨ ਪਾਇਆ। ਕੈਨੇਡਾ ਵਿਖੇ ਖਾਲਸਾ ਦੀਵਾਨ ਸੁਸਾਇਟੀ ਦੇ ਸੰਵਿਧਾਨ ਦੀ ਸਿਰਜਣਾ ਤੋਂ ਇਲਾਵਾ ਨਸਲਵਾਦ ਦੇ ਵਿਰੁੱਧ ਆਵਾਜ਼ ਉਠਾਉਣ ਅਤੇ ਧਰਮ ਦੇ ਨਾਲ-ਨਾਲ ਅਜ਼ਾਦੀ ਦੀ ਲਹਿਰ ਵਿੱਚ ਪ੍ਰੋਫੈਸਰ ਤੇਜਾ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ ਤੇ ਆਪ ਨੇ ਗ਼ਦਰ ਲਹਿਰ ਨੂੰ ਪ੍ਰਫੁਲਤ ਕੀਤਾ,ਪਰ ਦੁੱਖ ਦੀ ਗੱਲ ਇਹ ਹੈ ਕਿ ਇਤਿਹਾਸਕਾਰਾਂ ਨੇ ਇਸ ਪੱਖੋਂ ਇਮਾਨਦਾਰਾਨਾ ਪਹੁੰਚ ਨਾਲ ਖੋਜ ਕਾਰਜ ਨਹੀਂ ਕੀਤੀ।
ਬੇਹਦ ਖੁਸ਼ੀ ਵਾਲੀ ਗੱਲ ਹੈ ਕਿ ਪਹਿਲੀ ਜੁਲਾਈ 2022 ਨੂੰ ਬ੍ਰਿਟਿਸ਼ ਕੋਲੰਬੀਆ ਸੂਬਾ ਸਰਕਾਰ ਵੱਲੋਂ 'ਸੰਤ ਤੇਜਾ ਸਿੰਘ ਦਿਹਾੜਾ' ਐਲਾਨ ਕੀਤਾ ਗਿਆ ਹੈ। ਐਲਾਨਨਾਮੇ ਵਿੱਚ ਸ਼ਬਦ 'ਸੰਤ ਤੇਜਾ ਸਿੰਘ ਦਿਹਾੜਾ' ਹੁੰਦਿਆਂ ਇਹ ਵੀ ਵਿਚਾਰ ਹੈ ਕਿ ਆਪ ਜੀ ਨੂੰ ਸੰਤ, ਪ੍ਰੋਫੈਸਰ ਅਤੇ ਪ੍ਰਿੰਸੀਪਲ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਸਬੰਧ ਵਿੱਚ ਇੱਕ ਅਹਿਮ ਇਤਿਹਾਸਿਕ ਹਵਾਲਾ ਸਾਂਝਾ ਕਰਨਾ ਉਚਿਤ ਹੋਵੇਗਾ। ਸੰਨ 1920 ਵਿੱਚ ਪਹਿਲੀ ਵਾਰ ਸ਼੍ਰੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਜਾਣ ਮਗਰੋਂ, ਪੰਜ ਪਿਆਰਿਆਂ ਨੇ ਇਨ੍ਹਾਂ ਮੈਂਬਰਾਂ ਦੀ ਸੁਧਾਈ ਸ਼ੁਰੂ ਕੀਤੀ। ਸੁਧਾਈ ਵਾਸਤੇ ਚੁਣੇ ਗਏ ਪੰਜ ਪਿਆਰੇ ਇਹ ਸਨ: ਬਲਵੰਤ ਸਿੰਘ ਕੁਲ੍ਹਾ, ਪ੍ਰੋ: ਬਾਵਾ ਹਰਕਿਸ਼ਨ ਸਿੰਘ, ਮਾ: ਮੋਤਾ ਸਿੰਘ, ਤੇਜਾ ਸਿੰਘ ਭੁੱਚਰ ਤੇ ਪ੍ਰੋ: ਤੇਜਾ ਸਿੰਘ ਮਸਤੂਆਣਾ। ਇਸ ਮੌਕੇ ’ਤੇ ਪ੍ਰੋ: ਤੇਜਾ ਸਿੰਘ ਬਾਰੇ ਸੰਗਤਾਂ ਵਿੱਚੋਂ ਕਿਸੇ ਸੱਜਣ ਨੇ ਇਹ ਇਤਰਾਜ਼ ਉਠਾਇਆ ਗਿਆ ਕਿ ਉਹ ਆਪਣੇ ਆਪ ਨੂੰ ‘ਸੰਤ’ ਅਖਵਾਉਂਦੇ ਹਨ ਅਤੇ ਮੱਥਾ ਵੀ ਟਿਕਾਉਂਦੇ ਹਨ। ਪ੍ਰੋ: ਤੇਜਾ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਬੜੀ ਨਿਮਰਤਾ ਨਾਲ ਐਲਾਨ ਕੀਤਾ ਕਿ ਉਹ ਅੱਗੇ ਤੋਂ ਆਪਣੇ ਆਪ ਨੂੰ ‘ਸੰਤ’ ਨਹੀਂ ਅਖਵਾਉਣਗੇ ਅਤੇ ਕਿਸੇ ਨੂੰ ਆਪਣੇ ਅੱਗੇ ਮੱਥਾ ਨਹੀਂ ਟੇਕਣ ਦੇਣਗੇ (ਇਤਿਹਾਸਿਕ ਹਵਾਲਾ: ਹਫ਼ਤਾਵਾਰੀ ਪੰਚ, 8 ਦਸੰਬਰ 1920 ) ਅਕਾਲ ਤਖਤ ਸਾਹਿਬ ਵਿਖੇ ਲਏ ਇਸ ਅਹਿਦ ਮਗਰੋਂ ਆਪ ਜੀ ਨੂੰ ਬੇਸ਼ਕ ਪ੍ਰੋਫੈਸਰ ਤੇਜਾ ਸਿੰਘ ਕਰਕੇ ਹੀ ਜਾਣਿਆ ਜਾਂਦਾ ਰਿਹਾ, ਪਰ ਸ਼ਰਧਾਲੂ ਸੰਗਤਾਂ ਤਦ ਵੀ ਤੇ ਅੱਜ ਵੀ 'ਸੰਤ ਤੇਜਾ ਸਿੰਘ' ਕਹਿ ਕੇ ਸੰਬੋਧਨ ਕਰਦੀਆਂ ਹਨ।
ਆਪ ਜੀ ਮਹਾਨ ਸੇਵਾ ਨਿਭਾਉਂਦੇ ਹੋਏ 3 ਜੁਲਾਈ 1965 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।ਆਪ ਜੀ ਦੀ ਬਹੁ-ਪੱਖੀ ਦੇਣ ਸੁਨਹਿਰੀ ਅੱਖਰਾਂ ਵਿੱਚ ਅੰਕਿਤ ਹੈ ਅਤੇ ਸਦਾ ਹੀ ਸਿੱਖ ਕੌਮ ਦਾ ਮਾਰਗ-ਦਰਸ਼ਨ ਕਰਦੀ ਰਹੇਗੀ। ਪ੍ਰੋਫੈਸਰ ਤੇਜਾ ਸਿੰਘ ਜੀ ਨੂੰ ਸਮਰਪਿਤ ਪ੍ਰੋਕਲੇਮੇਸ਼ਨ ਬ੍ਰਿਟਿਸ਼ ਕੋਲੰਬੀਆ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਨੇ ਗੁਰਦੁਆਰਾ ਗੁਰਸਾਗਰ ਸਾਹਿਬ ਮਸਤੂਆਣਾ ਦੇ ਸੇਵਾਦਾਰਾਂ ਨੂੰ ਭੇਟ ਕੀਤਾ। ਇਸ ਮੌਕੇ ਤੇ ਭਾਈ ਗਿਆਨ ਸਿੰਘ ਸੰਧੂ ਨੇ ਵਿਸ਼ੇਸ਼ ਤੌਰ ਤੇ ਵਿਚਾਰ ਸਾਂਝੇ ਕੀਤੇ। ਹੋਰਨਾਂ ਸ਼ਖਸੀਅਤਾਂ ਵਿੱਚ ਭਾਈ ਅਵਤਾਰ ਸਿੰਘ ਗਿੱਲ, ਭਾਈ ਬਲਵੀਰ ਸਿੰਘ ਸੰਘਾ ਅਤੇ ਹੋਰ ਬੁਲਾਰਿਆਂ ਨੇ ਹਾਜ਼ਰੀ ਲਵਾਈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਮਹਿੰਦਰ ਸਿੰਘ ਮਹਿਸਮਪੁਰ ਵੱਲੋਂ ਸੰਗਤਾਂ ਨਾਲ ਮਿਲ ਕੇ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ।
18 ਜੂਨ 2023 : ਸ਼ਹੀਦੀ ਦਿਹਾੜੇ 'ਤੇ ਵਿਸ਼ੇਸ਼ - ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਨੂੰ ਚੇਤੇ ਕਰਦਿਆਂ - ਡਾ. ਗੁਰਵਿੰਦਰ ਸਿੰਘ
ਕੈਨੇਡਾ ਦੇ ਨੌਜਵਾਨ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਨੂੰ ਸ਼ਹੀਦ ਹੋਇਆਂ ਇੱਕ ਸਾਲ ਗੁਜ਼ਰ ਗਿਆ ਹੈ। ਇਹਨਾਂ ਦੀ ਯਾਦ ਵਿੱਚ 16 ਜੂਨ ਤੋਂ 18 ਜੂਨ ਤੱਕ, ਤਿੰਨ ਦਿਨਾਂ ਸਮਾਗਮ, ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਵਿਖੇ ਕਰਵਾਏ ਜਾ ਰਹੇ ਹਨ, ਜਿੱਥੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਸੀ। ਕੈਨੇਡਾ ਵਿਚ ਖਾਲਿਸਤਾਨੀ ਰਾਇਸ਼ਮਾਰੀ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਸਰੀ ਦੇ ਪ੍ਰਧਾਨ ਭਾਈ ਹਰਦੀਪ ਸਿੰਘ ਨਿੱਝਰ ਨੂੰ 18 ਜੂਨ 2023 ਨੂੰ ਕਾਇਰਤਾ ਪੂਰਨ ਢੰਗ ਨਾਲ ਕਤਲ ਕਰ ਦਿੱਤਾ ਗਿਆ। ਸ਼ਹੀਦ ਭਾਈ ਨਿੱਝਰ ਦੇ ਕਤਲ ਮਾਮਲੇ ਵਿੱਚ 4 ਭਾਰਤੀ ਨਾਗਰਿਕਾਂ ਕਰਨ ਬਰਾੜ, ਕਮਲ ਪ੍ਰੀਤ, ਕਰਨ ਪ੍ਰੀਤ ਅਤੇ ਅਮਨਦੀਪ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਜਲਦੀ ਹੋਰ ਗ੍ਰਿਫਤਾਰੀਆਂ ਦੀ ਸੰਭਾਵਨਾ ਵੀ ਹੈ। ਇਸ ਮਾਮਲੇ ਦੇ ਸਬੂਤ ਕੈਨੇਡਾ ਦੀ ਖੁਫੀਆ ਏਜੰਸੀ ਨੇ ਭਾਰਤ ਨੂੰ ਪਿਛਲੇ ਦਿਨੀਂ ਸੌਂਪੇ ਹਨ। ਇਹਨਾਂ ਬੇਜ਼ਮੀਰੇ ਅਤੇ ਭਾੜੇ ਦੇ ਕਾਤਲਾਂ ਤੋਂ ਜਥੇਦਾਰ ਭਾਈ ਹਰਦੀਪ ਸਿੰਘ ਨਿੱਝਰ ਨੂੰ ਕਤਲ ਕਰਵਾਉਣ ਲਈ ਇੰਡੀਅਨ ਸਟੇਟ ਏਜੰਸੀਆਂ ਵੱਲੋਂ ਸੁਪਾਰੀ ਦੇ ਕੇ ਕੌਟਰੈਕਟ ਕਿਲਿੰਗ ਦੇ ਗੰਭੀਰ ਦੋਸ਼ ਲੱਗੇ ਹਨ। ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਦੋਸ਼ ਵਿਚ ਭਾਰਤੀ ਨਾਗਰਿਕਾਂ ਦੀ ਗ੍ਰਿਫ਼ਤਾਰੀ ਤੋਂ ਮਗਰੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ‘ਕਾਨੂੰਨ ਦੇ ਰਾਜ ਵਾਲਾ ਮੁਲਕ’ ਹੈ, ਜਿਸ ਦਾ ਨਿਆਂ ਪ੍ਰਬੰਧ ਮਜ਼ਬੂਤ ਤੇ ਸੁਤੰਤਰ ਅਤੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਲਈ ਮੌਲਿਕ ਤੌਰ ’ਤੇ ਵਚਨਬੱਧ ਹੈ। ਕੈਨੇਡਾ ਦੀ ਨਿਊ ਡੈਮੋਕਰੇਟਿਕ ਪਾਰਟੀ ਦੇ ਨੈਸ਼ਨਲ ਆਗੂ ਜਗਮੀਤ ਸਿੰਘ ਨੇ ਵੀ ਦੋਸ਼ ਲਾਇਆ ਹੈ ਕਿ ਭਾਈ ਹਰਦੀਪ ਸਿੰਘ ਨਿੱਝਰ ਦਾ ਕਤਲ ਭਾਰਤ ਨੇ ਕਰਵਾਇਆ ਹੈ। ਇਨਾਂ ਦੋਸ਼ੀਆਂ ਦੀ ਅਗਲੀ ਅਦਾਲਤੀ ਪੇਸ਼ੀ 21 ਜੂਨ, 2024 ਨੂੰ ਹੈ।
ਭਾਈ ਦੀਪ ਸਿੰਘ ਨਿੱਝਰ ਭਾਰਤ ਵਿਚ ਸੰਨ 1984 ਤੋਂ ਲੈ ਕੇ ਲਗਾਤਾਰ ਸਿੱਖਾਂ ਦੇ ਕਤਲੇਆਮ ਦੇ ਖਿਲਾਫ, ਰਾਏਸ਼ੁਮਾਰੀ ਦਾ ਤਰੀਕਾ ਅਪਣਾ ਕੇ ਸ਼ਾਂਤਮਈ ਢੰਗ ਰਾਹੀਂ ਆਵਾਜ਼ ਉਠਾ ਰਹੇ ਸਨ।ਸਿਤਮਜ਼ਰੀਫੀ ਇਹ ਹੈ ਕਿ 'ਬੁਲਿਟ' ਦਾ ਜਵਾਬ 'ਬੈਲਟ' ਰਾਹੀਂ ਦੇਣ ਵਾਲੇ ਸ਼ਹੀਦ ਭਾਈ ਹਰਦੀਪ ਸਿੰਘ ਨਿਝੱਰ ਲਈ 'ਬੁਲਿਟ' ਦੀ ਵਰਤੋਂ ਕਰਨਾ ਕਾਇਰਤਾ ਦਾ ਸਿਖਰ ਹੈ। ਪੰਜਾਬ ਦੇ ਜ਼ਿਲ੍ਹਾ ਜਲੰਧਰ ਵਿਚ ਪੈਂਦੇ ਪਿੰਡ ਭਾਗਸਿੰਘਪੁਰ ਵਿਚ ਜਨਮੇ ਭਾਈ ਨਿੱਝਰ 1997 ਤੋਂ ਕੈਨੇਡਾ ਰਹਿ ਰਹੇ ਸਨ, ਜਿੱਥੇ ਉਨ੍ਹਾਂ ਦਾ ਕੋਈ ਅਪਰਾਧਿਕ ਪਿਛੋਕੜ ਨਹੀਂ ਸੀ, ਬੇਸ਼ੱਕ ਭਾਰਤ ਦੀ ਕੌਮੀ ਜਾਂਚ ਏਜੰਸੀ (ਐੱਨਆਈਏ) ਨੇ ਉਹਨਾਂ ਦੇ ਸਿਰ ਦਾ 10 ਲੱਖ ਮੁੱਲ ਰੱਖਿਆ ਗਿਆ ਸੀ ਅਤੇ ਖੁੰਖਾਰ ਅੱਤਵਾਦੀ ਐਲਾਨਿਆ ਸੀ। ਭਾਈ ਹਰਦੀਪ ਸਿੰਘ ਲਗਾਤਾਰ ਇਨ੍ਹਾਂ ਦੋਸ਼ਾਂ ਨੂੰ ਨਕਾਰਦੇ ਰਹੇ ਸਨ ਅਤੇ ਕਿਸੇ ਵੀ ਅਦਾਲਤ ਵਿੱਚ ਉਨ੍ਹਾਂ 'ਤੇ ਕੋਈ ਦੋਸ਼ ਸਿੱਧ ਨਹੀਂ ਹੋਏ। ਇਸ ਦੇ ਬਾਵਜੂਦ 'ਭਾਰਤੀ ਮੀਡੀਆ ਟ੍ਰਾਇਲ ਚਲਾ ਕੇ' ਉਹਨਾਂ ਨੂੰ 'ਦਹਿਸ਼ਤਗਰਦ' ਸ਼ਬਦ ਨਾਲ ਸੰਬੋਧਨ ਕਰ ਰਿਹਾ ਹੈ, ਜੋ ਕਿ ਸ਼ਰਮਨਾਕ ਵਰਤਾਰਾ ਹੈ। ਕੈਨੇਡਾ ਦੇ ਸਿੱਖ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ 4 ਸਤੰਬਰ 1914 ਨੂੰ ਕੈਨੇਡਾ ਦੇ ਗੁਰਦਵਾਰੇ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਉਸ ਸਮੇਂ ਦੇ ਪ੍ਰਧਾਨ ਭਾਈ ਭਾਗ ਸਿੰਘ ਭਿੱਖੀਵਿੰਡ ਅਤੇ ਉਨ੍ਹਾਂ ਦੇ ਸਾਥੀ ਭਾਈ ਬਤਨ ਸਿੰਘ ਦਲੇਲ ਸਿੰਘ ਵਾਲਾ ਦਾ, ਉਸ ਸਮੇਂ ਦੇ ਬ੍ਰਿਟਿਸ਼ ਭਾਰਤੀ ਸਰਕਾਰ ਨੇ ਖੁਫੀਆ ਏਜੰਸੀਆਂ ਤੇ ਭਾੜੇ ਦੇ ਜਾਸੂਸ ਵਿਲੀਅਮ ਹੌਪਕਿਨਸਸਨ ਦੇ ਇਸ਼ਾਰੇ 'ਤੇ, ਕੌਮ ਦੇ ਗੱਦਾਰ ਅਤੇ ਮੁਖ਼ਬਰ ਬੇਲੇ ਜਿਆਣ ਰਾਹੀਂ ਕਤਲ ਕਰਵਾਇਆ ਸੀ।
109 ਸਾਲ ਬਾਅਦ ਫਿਰ ਇਤਿਹਾਸ ਦੁਹਰਾਇਆ ਗਿਆ ਹੈ, ਜਦੋਂ ਕਿ ਗੁਰਦੁਆਰਾ ਗੁਰੂ ਨਾਨਕ ਗੁਰਦੁਆਰਾ ਸਰੀ-ਡੈਲਟਾ ਦੇ ਪ੍ਰਧਾਨ ਉਥੇ ਕੈਨੇਡਾ ਦੀ ਨਾਗਰਿਕ ਭਾਈ ਹਰਦੀਪ ਸਿੰਘ ਨਿੱਝਰ ਨੂੰ ਇੰਡੀਅਨ ਏਜੰਸੀਆਂ ਰਾਹੀਂ ਕੈਨੇਡਾ ਦੀ ਧਰਤੀ ਤੇ ਭਾਵ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਗੋਲੀਆਂ ਮਾਰ ਕੇ ਕਰਵਾਉਣ ਦੇ 'ਗੰਭੀਰ ਦੋਸ਼', ਕੈਨੇਡਾ ਦੀ ਪਾਰਲੀਮੈਂਟ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਲਾਏ ਗਏ ਹਨ। ਉਹ ਕੈਨੇਡਾ ਦੀ ਧਰਤੀ 'ਤੇ ਸੇਵਾ ਦੌਰਾਨ ਸ਼ਹੀਦ ਹੋਣ ਵਾਲੇ ਦੂਜੇ ਪ੍ਰਧਾਨ ਸਨ। ਗੁਰਦਵਾਰੇ ਦੀ ਸੇਵਾ ਸੰਭਾਲ ਦੇ ਪ੍ਰਸੰਗ ਵਿਚ ਉਨ੍ਹਾਂ ਵੱਡੇ-ਵਡੇਰਿਆਂ ਵਾਲਾ ਗੌਰਵਮਈ ਇਤਿਹਾਸ ਦੁਹਰਾਇਆ। ਭਾਈ ਹਰਦੀਪ ਸਿੰਘ ਨਿੱਝਰ ਕੈਨੇਡਾ ਦੇ ਮੋਢੀ ਸਿੱਖ ਪ੍ਰਿੰਸੀਪਲ ਸੰਤ ਤੇਜਾ ਸਿੰਘ ਦੇ ਨਕਸ਼ੇ-ਕਦਮਾਂ ਤੇ ਪਹਿਰਾ ਦੇਣ ਵਾਲੇ ਸਨ। ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ 'ਸੰਤ ਤੇਜਾ ਸਿੰਘ ਐਲਾਨਨਾਮਾ' ਸਤਿਕਾਰ ਸਹਿਤ ਸਵੀਕਾਰ ਕੀਤਾ। ਇਸ ਤੋਂ ਇਲਾਵਾ ਕੈਨੇਡਾ ਦੇ ਮੋਢੀ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਲਈ ਸਿਟੀ ਕੌਂਸਲ ਨਿਊ ਵੈਸਟਮਿਨਸਟਰ ਦੇ ਕੌਂਸਲਰ ਚੱਕਪੱਕ ਮਾਯੇਰ ਵੱਲੋਂ ਜਾਰੀ ਐਲਾਨਨਾਮੇ ਲਈ ਭਾਈ ਨਿੱਝਰ ਨੇ ਕੌਂਸਲਰ ਚੱਕਪੱਕਮਾਯੇਰ ਨੂੰ ਸਨਮਾਨ ਦਿੱਤਾ।
11 ਜਨਵਰੀ 1915 ਨੂੰ ਕੈਨੇਡਾ ਦੀ ਧਰਤੀ ਤੇ ਫਾਂਸੀ ਦਾ ਰਿਸਰਚਣ ਵਾਲੇ ਭਾਈ ਮੇਵਾ ਸਿੰਘ ਲੋਪੋਕੇ ਜਿੱਥੇ ਕੈਨੇਡਾ ਦੇ ਸੁਚੇਤ ਪੱਧਰ 'ਤੇ ਪਹਿਲੇ ਸਿੱਖ ਸ਼ਹੀਦ ਸਨ, ਉਥੇ ਭਾਈ ਹਰਦੀਪ ਸਿੰਘ ਨਿੱਝਰ ਉਸੇ ਤਰਾਂ ਹੀ ਸੁਚੇਤ ਮਨ ਨਾਲ ਸ਼ਹੀਦੀ ਪਾਉਣ ਵਾਲੇ ਸਿੱਖ ਯੋਧੇ ਸਨ। ਇਹੀ ਕਾਰਨ ਸੀ ਕਿ ਭਾਈ ਸਾਹਿਬ ਦੀ ਸ਼ਹੀਦੀ ਮਗਰੋਂ ਉਨ੍ਹਾਂ ਦੇ ਮਾਤਾ ਪਿਤਾ, ਸੁਪਤਨੀ ਅਤੇ ਦੋਹਾਂ ਪੁੱਤਰਾਂ ਨੂੰ 'ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਗੋਲਡ ਮੈਡਲ' ਨਾਲ ਸਿੱਖ ਪੰਥ ਵੱਲੋਂ ਸਨਮਾਨਤ ਕੀਤਾ ਗਿਆ। ਭਾਈ ਸਾਹਿਬ ਦੀ ਤਸਵੀਰ ਲੰਗਰ ਹਾਲ ਸਜਾਈ ਗਈ ਅਤੇ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿਖੇ ਸ਼ਹੀਦ ਭਾਈ ਹਰਦੀਪ ਸਿੰਘ ਦੀ ਤਸਵੀਰ ਸਜਾਉਣ ਲਈ, ਸਾਂਝੇ ਤੌਰ 'ਤੇ ਪੰਥ ਵੱਲੋਂ ਮੰਗ ਕੀਤੀ ਗਈ ਸੀ, ਜਿਸ ਨੂੰ ਦਲ ਖਾਲਸਾ ਦੇ ਆਗੂ ਭਾਈ ਪਰਮਜੀਤ ਸਿੰਘ ਮੰਡ ਨੇ ਸ਼੍ਰੋਮਣੀ ਕਮੇਟੀ ਦੇ ਸਨਮੁਖ ਰੱਖਿਆ ਹੈ।ਅੰਤਰਰਾਸ਼ਟਰੀ ਪੱਧਰ 'ਤੇ ਸਰੀ ਨਗਰ ਕੀਰਤਨ ਇਸ ਵਾਰੀ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਨੂੰ ਸਮਰਪਿਤ ਕੀਤੇ ਜਾਣਾ ਜਿੱਥੇ ਇਤਿਹਾਸਿਕ ਕਾਰਜ ਹੋ ਨਿਬੜਿਆ ਹੈ, ਉਥੇ ਇੰਡੀਅਨ ਸਟੇਟ ਦੀ ਧੱਕੇਸ਼ਾਹੀ ਨੂੰ ਦੁਨੀਆ ਸਾਹਮਣੇ ਜਾਹਰ ਕਰਨ ਦਾ ਇੱਕ ਵਿਲੱਖਣ ਵਰਤਾਰਾ ਕਿਹਾ ਜਾ ਸਕਦਾ ਹੈ। ਭਾਈ ਨਿੱਝਰ ਦੀ ਸ਼ਹਾਦਤ, ਗੁਰਦੁਆਰਾ ਸਾਹਿਬ ਵਿਖੇ ਸੇਵਾਦਾਰ ਵਜੋਂ ਡਿਊਟੀ ਨਿਭਾਉਂਦਿਆਂ ਹੋਣਾ ਵੀ ਇਤਿਹਾਸਕ ਮਹੱਤਵ ਰੱਖਦਾ ਹੈ। ਡਿਊਟੀ 'ਤੇ ਜਾਨ ਦੇਣ ਵਾਲੇ ਲੋਕਾਂ ਦਾ ਇੱਥੇ ਬੇਹੱਦ ਸਤਿਕਾਰ ਹੁੰਦਾ ਹੈ। ਮਾਪਿਆਂ ਦੇ ਨੌਜਵਾਨ ਪੁੱਤਰ, ਦੋ ਪੁੱਤਰਾਂ ਦੇ ਪਿਤਾ ਅਤੇ ਇੱਕ ਸੁਚੱਜ ਜੀਵਨ ਸਾਥੀ ਨੂੰ, 'ਪਿਤਾ ਦਿਹਾੜੇ' 'ਤੇ, ਗੁਰਦੁਆਰਾ ਤੋਂ ਘਰ ਪਰਤਣ ਲੱਗਿਆਂ ਪਿੱਛੋਂ ਹਮਲਾ ਕਰਕੇ ਮਾਰ ਦੇਣਾ ਅੱਤ ਦਰਜੇ ਦੀ ਕਾਇਰਤਾ ਕਹੀ ਜਾ ਸਕਦੀ ਹੈ।
ਭਾਈ ਹਰਦੀਪ ਸਿੰਘ ਨਿੱਝਰ ਜਿੱਥੇ ਕਿੱਤੇ ਵਜੋਂ ਪਲੰਬਰ ਸਨ, ਉਥੇ ਉਨ੍ਹਾਂ ਗੁਰਦੁਆਰਾ ਸਾਹਿਬ ਵਿਖੇ ਹੱਥੀਂ ਕਿਰਤ ਕਰਕੇ ਤੇ ਸਾਥੀਆਂ ਨਾਲ ਮਿਲ ਕੇ ਵਿਸ਼ਾਲ ਹਾਲ ਬਣਾਇਆ, ਜਿਸ ਦਾ ਨਾਂ 'ਸ਼ਹੀਦ ਭਾਈ ਹਰਦੀਪ ਸਿੰਘ ਯਾਦਗਾਰੀ ਹਾਲ' ਰੱਖਿਆ ਗਿਆ ਹੈ। ਲਗਾਤਾਰ ਮਿਹਨਤ ਸਦਕਾ ਉਨ੍ਹਾਂ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਨੁਹਾਰ ਬਦਲ ਦਿੱਤੀ ਅਤੇ ਆਪਣੀ ਕਿਰਤ ਕਮਾਈ ਗੁਰਦੁਆਰਾ ਸਾਹਿਬ ਨੂੰ ਸਮਰਪਿਤ ਕਰ ਦਿੱਤੀ। ਕੌੜੀ ਸਚਾਈ ਹੈ ਕਿ ਜਿੱਥੇ ਆਮ ਤੌਰ 'ਤੇ ਅਹੁਦੇ ਅਤੇ ਪਦਵੀਆਂ ਵਰਤ ਕੇ ਬਹੁਤ ਸਾਰੇ ਗੁਰਦੁਆਰਾ ਪ੍ਰਬੰਧਕ ਹਿੰਦੁਸਤਾਨੀ ਜਾਂ ਪੱਛਮੀ ਸਟੇਟਾਂ ਦੇ ਸੰਦ ਬਣ ਜਾਂਦੇ ਹਨ, ਓਥੇ ਭਾਈ ਨਿੱਝਰ ਵਲੋਂ ਚਲਾਇਆ ਪ੍ਰਬੰਧ 'ਸਿੱਖ ਸਟੇਟ' ਦੀ ਬੁਨਿਆਦ ਵਜੋਂ ਪੰਥਕ ਅਜ਼ਾਦੀ ਦਾ ਪ੍ਰਤੀਕ ਬਣਿਆ ਹੈ। ਗੁਰੂ ਪੰਥ ਦੇ ਨਿਸ਼ਾਨ ਹੇਠ ਤੇ ਪਾਤਸ਼ਾਹੀ ਦਾਅਵੇ ਸਿੱਖ ਰਵਾਇਤ ਅਨੁਸਾਰ ਸਮੁੱਚਾ ਪ੍ਰਬੰਧ ਚਲਾਉਣ ਦੀ ਮਿਸਾਲ ਭਾਈ ਹਰਦੀਪ ਸਿੰਘ ਨਿੱਝਰ ਨੇ ਕਾਇਮ ਕੀਤੀ ਹੈ।ਜਿਸ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਕਿਸੇ ਸਮੇਂ ਭਾਰਤੀ ਰਾਜ ਦੇ ਝੰਡੇ ਝੁਲਾਏ ਜਾਂਦੇ ਸਨ, ਉਥੇ ਇਲਾਹੀ ਪਾਤਸ਼ਾਹੀ ਅਤੇ ਸਿੱਖਾਂ ਦੀ ਖੁਦ-ਮੁਖਤਿਆਰੀ ਦੇ ਖ਼ਾਲਸਾਈ ਪਰਚਮ ਝੁਲਾਉਣ ਦਾ ਸਿਹਰਾ ਭਾਈ ਹਰਦੀਪ ਸਿੰਘ ਨਿੱਝਰ ਦੇ ਸਿਰ ਬੱਝਦਾ ਹੈ। ਉਨ੍ਹਾਂ ਨੂੰ ਦੋ ਵਾਰ ਸਰੀ ਗੁਰਦੁਆਰਾ ਕਮੇਟੀ ਦਾ ਪ੍ਰਧਾਨ ਚੁਣਿਆ ਗਿਆ ਸੀ। ਭਾਈ ਨਿੱਝਰ ਦੀ ਆਖਰੀ ਚੋਣ ਸਰਬਸੰਮਤੀ ਨਾਲ ਹੋਈ ਸੀ। ਉਨ੍ਹਾਂ ਗੁਰਦੁਆਰੇ ਦੀ ਸੇਵਾ ਪ੍ਰਧਾਨ ਬਣ ਕੇ ਨਹੀਂ, ਬਲਕਿ ਸੇਵਾਦਾਰ ਬਣ ਕੇ ਨਿਭਾਈ ਤੇ ਆਪਣੇ ਆਪ ਵਿੱਚ ਉਹ ਇਤਿਹਾਸ ਸਿਰਜਿਆ, ਜੋ ਅਸੀਂ ਕੇਵਲ ਇਤਿਹਾਸ ਵਿੱਚ ਸੁਣਦੇ ਹਾਂ। ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਨੂੰ, ਸੰਸਾਰ ਭਰ ਵਿੱਚ ਸਿੱਖ ਪੰਥ ਦੀ ਅਜ਼ਾਦ ਖੁਦ ਮੁਖਤਿਆਰ ਹੋਂਦ ਵਾਲੇ ਕੇਂਦਰੀ ਸਥਾਨ ਵਜੋਂ ਜਦੋਂ ਵੀ ਚੇਤੇ ਕੀਤਾ ਜਾਵੇਗਾ, ਤਾਂ ਉਸ ਵੇਲੇ ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹਾਦਤ ਦੀ ਬਾਤ ਪਾਈ ਜਾਇਆ ਕਰੇਗੀ।
ਬਹੁਪੱਖੀ ਸ਼ਖ਼ਸੀਅਤ ਦੇ ਮਾਲਕ ਭਾਈ ਹਰਦੀਪ ਸਿੰਘ ਨਿੱਝਰ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਨੂੰ ਮੁੱਖ ਰੱਖਣ ਦੇ ਨਾਲ-ਨਾਲ, ਕੈਨੇਡਾ ਦੇ ਮੂਲ ਵਾਸੀਆਂ ਦੀ ਮੱਦਦ ਲਈ ਅੱਗੇ ਹੋ ਕੇ ਹਾਅ ਦਾ ਨਾਹਰਾ ਮਾਰਦੇ ਰਹੇ। ਭਾਰਤ ਸਰਕਾਰ ਵੱਲੋਂ ਜੇਲ੍ਹਾਂ ਵਿੱਚ ਬੰਦ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀ ਐਨ ਸਾਈ ਬਾਬਾ ਦੀ ਰਿਹਾਈ ਲਈ ਪਟੀਸ਼ਨਾਂ ਦਸਤਖ਼ਤ ਕਰਵਾਉਣ ਦਾ ਸਿਹਰਾ ਵੀ ਭਾਈ ਨਿੱਝਰ ਦੇ ਸਿਰ ਬੱਝਦਾ ਹੈ। ਮਨੁੱਖੀ ਹੱਕਾਂ ਦੇ ਕਾਰਕੁੰਨਾਂ ਗੌਤਮ ਨਵਲੱਖਾ, ਤੀਸਤਾ ਸੀਤਲਵਾੜ, ਰਾਣਾ ਆਯੂਬ, ਆਨੰਦ ਤਲਤੁੰਬੜੇ, ਸਟੈਨ ਸੁਆਮੀ ਅਤੇ ਅਨੇਕਾਂ ਹੋਰਨਾਂ ਬਾਰੇ ਜਦੋਂ ਵੀ ਕੋਈ ਰੋਸ ਮੁਜ਼ਾਹਰਾ ਰੱਖਿਆ ਜਾਂਦਾ, ਉਹ ਅਗ੍ਹਾਂਹ ਹੋ ਕੇ ਸ਼ਮੂਲੀਅਤ ਕਰਦੇ। ਭਾਈ ਨਿੱਝਰ ਜਿੱਥੇ ਭਾਰਤੀ ਜੇਲ੍ਹਾਂ ਵਿਚ ਉਮਰ ਕੈਦ ਦੀਆਂ ਸਜ਼ਾਵਾਂ ਭੁਗਤ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਅਵਾਜ਼ ਉਠਾਉਂਦੇ, ਉਥੇ ਉਹ ਮਨੁੱਖੀ ਹੱਕਾਂ ਲਈ ਜੂਝ ਰਹੇ ਹਰ ਮੁਲਕ, ਰੰਗ, ਨਸਲ, ਧਰਮ, ਫ਼ਿਰਕੇ ਦੇ ਲੋਕਾਂ ਲਈ ਆਵਾਜ਼ ਬੁਲੰਦ ਕਰਦੇ।
ਚਾਹੇ ਮਨੁੱਖੀ ਹੱਕਾਂ ਦੀ ਵਕਾਲਤ ਕਰਨ ਵਾਲੇ ਉੱਘੇ ਐਡਵੋਕੇਟ ਰੰਜਨ ਲਖਣ ਪਾਲ ਹੋਣ ਅਤੇ ਚਾਹੇ ਸਿਆਟਲ ਵਿੱਚ ਜਾਤੀ ਵਿਤਕਰੇ ਖਿਲਾਫ ਮਤਾ ਲਿਆਉਣ ਵਾਲੀ ਸ਼ਾਮਾ ਸਾਵੰਤ ਹੋਵੇ, ਚਾਹੇ ਕੈਨੇਡਾ ਵਿੱਚ ਪੰਜਾਬੀ ਲਈ ਸੇਵਾਵਾਂ ਨਿਭਾਉਣ ਵਾਲੀ ਕੋਈ ਵੀ ਸਾਹਿਤ ਸਭਾ ਦੇ ਲੇਖਕ ਹੋਣ ਅਤੇ ਚਾਹੇ ਪਾਕਿਸਤਾਨ ਵਿੱਚ ਸਿੱਖ ਇਤਿਹਾਸ ਅਤੇ ਪੰਜਾਬੀ ਦੀ ਸੇਵਾ ਸੰਭਾਲ ਲਈ ਕੰਮ ਕਰ ਰਹੇ ਲਿਖਾਰੀ ਹੋਣ, ਭਾਈ ਹਰਦੀਪ ਸਿੰਘ ਨਿੱਝਰ ਅਥਾਹ ਨਿਮਰਤਾ ਸਹਿਤ, ਸਭ ਦਾ ਸਨਮਾਨ ਕਰਦੇ। ਇਸ ਰੱਬੀ ਰੂਹ ਵਲੋਂ ਨਿਸ਼ਕਾਮ ਸੇਵਾ ਅਧੀਨ ਹੋਰ ਵੀ ਬਹੁਤ ਕਾਰਜ ਕੀਤੇ ਗਏ ਹਨ, ਜੋ ਆਪਣੇ ਆਪ ਵਿੱਚ ਮਿਸਾਲ ਹਨ। ਭਾਈ ਹਰਦੀਪ ਸਿੰਘ ਨਿੱਝਰ ਮਨੁੱਖੀ ਅਧਿਕਾਰਾਂ ਨੂੰ ਸਮਰਪਤ ਹੋਣ ਦੇ ਨਾਲ-ਨਾਲ, ਮਾਨਵੀ ਸੇਵਾਵਾਂ ਦੇ ਵੀ ਅਲੰਬਰਦਾਰ ਸਨ।
ਜਿਥੇ ਇਕ ਪਾਸੇ ਉਹ ਸਿੱਖ ਸੰਘਰਸ਼ ਦੇ ਨਾਇਕ ਹਨ, ਉਥੇ ਦੂਜੇ ਪਾਸੇ ਉਹਨਾਂ ਨਿਸ਼ਕਾਮ ਸੇਵਾ ਅਧੀਨ ਬਹੁਤ ਕਾਰਜ ਕੀਤੇ ਗਏ ਹਨ। ਕੈਨੇਡਾ ਆਏ ਅੰਤਰ-ਰਾਸ਼ਟਰੀ ਭਾਰਤੀ ਵਿਦਿਆਰਥੀਆਂ ਨੂੰ ਖਾਣੇ ਸਬੰਧੀ ਦਰਪੇਸ਼ ਸਮੱਸਿਆਵਾਂ ਦੇ ਮੱਦੇ ਨਜ਼ਰ, ਉਨ੍ਹਾਂ ਨੂੰ ਲੰਗਰ ’ਚੋਂ ਪੈਕ ਖਾਣਾ ਘਰ ਲਿਜਾਣ ਦੀ ਸ਼ੁਰੂਆਤ ਭਾਈ ਹਰਦੀਪ ਸਿੰਘ ਨਿੱਝਰ ਨੇ ਹੀ ਕਰਵਾਈ ਸੀ। ਗੁਰਦੁਆਰਾ ਸਾਹਿਬ ਅੰਦਰ ਸਿੱਖ ਰਵਾਇਤ ਅਨੁਸਾਰ ਲੋੜਵੰਧ ਲਈ ਰਿਹਾਇਸ਼, ਦਵਾ-ਦਾਰੂ ਅਤੇ ਆਰਥਿਕ ਮਦਦ ਆਦਿ ਦਾ ਪ੍ਰਬੰਧ ਕਾਇਮ ਕੀਤਾ ਸੀ। ਉਹਨਾਂ ਨੇ ਸੂਬੇ ਵਿੱਚ ਹੜ੍ਹਾਂ, ਜੰਗਲੀ ਅੱਗਾਂ ਅਤੇ ਕਰੋਨਾ ਕਾਲ ਦੌਰਾਨ ਮਾਨਵੀ ਸੇਵਾਵਾਂ ਸਭ ਤੋਂ ਮੋਹਰੀ ਰੋਲ ਨਿਭਾਇਆ। ਬੇਸ਼ੱਕ ਭਾਰਤ ਦਾ ਗੋਦੀ ਮੀਡੀਆ ਏਜੰਸੀਆਂ ਦੇ ਇਸ਼ਾਰੇ 'ਤੇ ਭਾਈ ਹਰਦੀਪ ਸਿੰਘ ਨਿਝਰ ਬਾਰੇ ਜੋ ਮਰਜ਼ੀ ਲਿਖੇ, ਪਰ ਕੈਨੇਡਾ ਦੇ ਮੀਡੀਏ ਨੇ ਬਿਆਨ ਕੀਤਾ ਹੈ ਕਿ ਇਤਿਹਾਸ ਵਿਚ ਕਿਸੇ ਵਿਅਕਤੀ ਨੂੰ, ਉਸ ਦੇ ਮਰਨ ਉਪਰੰਤ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਸ਼ਰਧਾ ਦੇ ਫੁੱਲ ਭੇਟ ਕਰਨ, ਵੱਡੀ ਗੱਲ ਹੈ।
ਇਸ ਤੋਂ ਇਲਾਵਾ ਕੈਨੇਡਾ ਦੇ ਮੀਡੀਏ ਨੇ ਇਹ ਗੱਲ ਵੀ ਬਿਆਨ ਕੀਤੀ ਹੈ ਕਿ ਭਾਈ ਨਿੱਝਰ ਦੇ ਸਾਜਿਸ਼ੀ ਢੰਗ ਨਾਲ ਕਤਲ ਪਿੱਛੇ ਭਾਰਤੀ ਖੁਫੀਆ ਏਜੰਸੀਆਂ ਦੀ ਸ਼ਮੂਲੀਅਤ ਦੇ ਅਹਿਮ ਪੱਖ ਪ੍ਰਤੱਖ ਹੋਣ ਦੇ ਮਾਮਲੇ 'ਤੇ ਗੌਰ ਕਰਨੀ ਜ਼ਰੂਰੀ ਹੈ। ਗੋਦੀ ਮੀਡੀਆ ਵੱਲੋਂ ਖਾਲਸਾ ਸਕੂਲਾਂ ਦੇ ਸੰਸਥਾਪਕ ਰਿਪਦੁਮਨ ਸਿੰਘ ਮਲਿਕ ਦੇ ਪਿਛਲੇ ਸਾਲ ਹੋਏ ਕਤਲ ਵਿਚ, ਹਰਦੀਪ ਸਿੰਘ ਨਿੱਝਰ ਦਾ ਨਾਮ ਜੋੜਿਆ ਜਾਂਦਾ ਰਿਹਾ ਹੈ, ਪਰ ਸਥਾਨਕ ਪੁਲਿਸ ਨੂੰ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਜਦ ਕਿ ਹੁਣ ਤਾਂ ਭਾਈ ਮਲਿਕ ਦੇ ਕਤਲ ਦੀ ਸੂਈ ਵੀ ਇੰਡੀਅਨ ਏਜੰਸੀਆਂ ਵੱਲ ਘੁੰਮਦੀ ਨਜ਼ਰ ਆ ਰਹੀ ਹੈ। ਭਾਈ ਨਿੱਝਰ ਨੂੰ ਕਈ ਮਹੀਨਿਆਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸੀ, ਜਿਨ੍ਹਾਂ ਬਾਰੇ ਉਨ੍ਹਾਂ ਦਾ ਸਪੱਸ਼ਟ ਕਹਿਣਾ ਸੀ ਕਿ ਇਹ ਧਮਕੀਆਂ ਉਨ੍ਹਾਂ ਨੂੰ ਭਾਰਤੀ ਏਜੰਸੀਆਂ ਤੋਂ ਮਿਲ ਰਹੀਆਂ ਹਨ।18 ਜੂਨ 2023 ਨੂੰ ਉਨ੍ਹਾਂ ਦੀ ਹੱਤਿਆ ਤੋਂ ਮਗਰੋਂ, ਕੈਨੇਡਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦਵਾਰਾ ਸੁਸਾਇਟੀਆਂ ਨੇ ਸਾਂਝੇ ਰੂਪ ਵਿੱਚ ਭਾਰਤੀ ਏਜੰਸੀਆਂ ਨੂੰ ਭਾਈ ਨਿੱਝਰ ਦੀ ਹੱਤਿਆ ਲਈ ਜ਼ਿੰਮੇਵਾਰ ਕਰਾਰ ਦੇ ਦਿੱਤਾਸੀ। ਭਾਈ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਤੁਰੰਤ ਬਾਅਦ ਹੀ ਕੈਨੇਡਾ ਦੀ ਨਿਯੁੂ ਡੈਮੋਕ੍ਰੇਟਿਕ ਪਾਰਟੀ ਦੇ ਲੀਡਰ ਜਗਮੀਤ ਸਿੰਘ ਅਤੇ ਕਈ ਹੋਰਨਾਂ ਨੇ ਵਿਦੇਸ਼ੀ ਏਜੰਸੀਆਂ ਦੀ ਦਖ਼ਲਅੰਦਾਜ਼ੀ ਦੀ ਮੁਕੰਮਲ ਜਾਂਚ ਬਾਰੇ ਆਵਾਜ਼ ਉਠਾਈ ਸੀ।
ਭਾਈ ਨਿੱਝਰ ਦੀ ਸ਼ਹਾਦਤ ਨੂੰ ਚੇਤੇ ਕਰਦਿਆਂ ਇੱਕ ਗੰਭੀਰ ਸਵਾਲ ਇਹ ਵੀ ਹੈ ਕਿ ਜੇ ਕੈਨੇਡਾ ਦੀ ਏਜੰਸੀ ਸੀਸਿਜ਼ ਭਾਈ ਹਰਦੀਪ ਸਿੰਘ ਨਿੱਝਰ 'ਤੇ ਹਮਲੇ ਦਾ ਖਦਸ਼ਾ ਪ੍ਰਗਟ ਕਰ ਰਹੇ ਸਨ, ਤਾਂ ਇਸ ਤੋਂ ਸਪੱਸ਼ਟ ਹੁੰਦਾ ਹੈ ਉਨ੍ਹਾਂ ਨੂੰ ਇਲਮ ਸੀ ਕਿ ਇਹ ਹਮਲਾ ਕਿਸ ਵੱਲੋਂ ਹੋ ਸਕਦਾ ਹੈ। ਸਵਾਲ ਇਹ ਉਠਦਾ ਹੈ ਕਿ ਉਨ੍ਹਾਂ ਅਜਿਹੇ ਹਮਲੇ ਨੂੰ ਰੋਕਣ ਲਈ ਕੀ ਕੀਤਾ? ਫੌਰੀ ਅਪਰਾਧਿਕ ਜਾਂਚ ਤੋਂ ਇਲਾਵਾ, ਕੈਨੇਡੀਅਨ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਨੂੰ ਇਹ ਵੀ ਮੁਲਾਂਕਣ ਕਰਨਾ ਚਾਹੀਦਾ ਹੈ ਕਿ ਭਾਰਤੀ ਖੁਫੀਆ ਅਧਿਕਾਰੀਆਂ ਦੀ ਅਪਰਾਧ ਵਿੱਚ ਕਿਹੋ ਜਿਹੀ ਭੂਮਿਕਾ ਸੀ? ਕੀ ਅਜਿਹੀਆਂ ਏਜੰਸੀਆਂ ਜਾਂ ਵਿਦੇਸ਼ੀ ਕਰਿੰਦੇ, ਹੱਤਿਆ ਮਗਰੋਂ ਦੇ ਮੀਡੀਆ ਚਿੱਤਰਣ ਜਾਂ ਰਾਜਨੀਤਿਕ ਪ੍ਰਚਾਰ ਨੂੰ ਪ੍ਰਭਾਵਿਤ ਕਰਨ ਵਿੱਚ ਸ਼ਾਮਲ ਹਨ? ਕੈਨੇਡਾ ਵਿਚ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਜਨਤਕ ਖੇਤਰ ਦੇ ਸਰੋਤਾਂ ਦਾ ਵਿਸ਼ਲੇਸ਼ਣ ਕਰਦੇ ਹੋਏ, ਮਹੱਤਵਪੂਰਨ ਸਬੂਤ ਮੌਜੂਦ ਹਨ, ਜੋ ਇਹ ਸਥਾਪਿਤ ਕਰਦੇ ਹਨ ਕਿ 'ਵਿਦੇਸ਼ੀ ਅਧਿਕਾਰੀਆਂ ਅਤੇ ਖੁਫੀਆ ਕਾਰਜਕਰਤਾਵਾਂ' ਨੇ, ਕਈ ਦਹਾਕਿਆਂ ਤੋਂ ਕੈਨੇਡਾ ਅੰਦਰ ਮੀਡੀਆ ਆਊਟਲਿਟਾਂ ਤੱਕ ਨੂੰ ਆਪਣੀ ਰਿਪੋਰਟਿੰਗ ਨੂੰ ਪ੍ਰਭਾਵਿਤ ਕਰਨ ਲਈ ਵੱਖ-ਵੱਖ ਹੱਥਕੰਡਿਆਂ ਦੀ ਵਰਤੋਂ ਕੀਤੀ ਹੈ ਅਤੇ ਕਈ ਦਹਾਕਿਆਂ ਤੋਂ ਨਿਸ਼ਾਨੇ ਸਾਧਦਿਆਂ, ਇਸ ਨੂੰ ਹੋਰ ਵਧਾਇਆ ਹੈ।
ਸੀਬੀਸੀ ਦੀ ਡਾਕੂਮੈਂਟਰੀ, ਬੀਬੀਸੀ ਦੀ ਡਾਕੂਮੈਂਟਰੀ, ਅਲਜਜ਼ੀਰਾ ਅਤੇ ਆਸਟਰੇਲੀਆ ਦੀ ਦਸਤਾਵੇਜ਼ੀ ਫਿਲਮ ਸਮੇਤ ਵੱਖ-ਵੱਖ ਰਿਪੋਰਟਾਂ ਇਹ ਦਰਸਾ ਰਹੀਆਂ ਹਨ ਕਿ ਸਿੱਖ ਡਾਇਸਪੋਰਾ ਕਿਸ ਕਦਰ ਭਾਰਤੀ ਏਜੰਸੀਆਂ ਦੇ ਨਿਸ਼ਾਨੇ 'ਤੇ ਹੈ। ਤਾਜ਼ਾ ਜਾਣਕਾਰੀ ਅਨੁਸਾਰ ਕੈਨੇਡਾ ਨਾਲ 'ਦੇਸ਼-ਧਰੋਹ' ਕਮਾਉਣ ਵਾਲੇ ਸਿਆਸਤਦਾਨਾਂ ਵੱਲੋਂ ਕੈਨੇਡਾ ਦੇ ਖਾਸ ਕਰਕੇ ਖਾਲਿਸਤਾਨੀ ਸਿੱਖ ਧਿਰਾਂ ਦੇ ਗੁਪਤ ਭੇਦ ਭਾਰਤੀ ਏਜੰਸੀਆਂ ਤੱਕ ਪਹੁੰਚਾਉਣ ਦੀ ਸਾਜਿਸ਼ ਹੋਰ ਵੀ ਖਤਰਨਾਕ ਹੋ ਨਿਬੜੀ ਹੈ ਅਤੇ ਇਹਨਾਂ ਦੋਗਲੇ ਚੇਹਰਿਆਂ ਨੂੰ ਨੰਗੇ ਕਰਨ ਦੀ ਮੰਗ ਲੋਕਾਂ ਵੱਲੋਂ ਜ਼ੋਰਦਾਰ ਢੰਗ ਨਾਲ ਉਠਾਈ ਜਾ ਰਹੀ ਹੈ। ਇਹ ਸਾਰਾ ਪ੍ਰਪੰਚ ਸਾਜਸ਼ੀ ਰੂਪ ਵਿੱਚ 'ਸਿੱਖ ਵਿਰੋਧੀ ਹਿੱਤਾਂ' ਨੂੰ ਅੱਗੇ ਵਧਾਉਣ ਲਈ ਕੀਤਾ ਗਿਆ ਹੈ ਅਤੇ ਕੈਨੇਡਾ ਵਿੱਚ 'ਸਿੱਖ ਭਾਈਚਾਰੇ ਨੂੰ ਬਦਨਾਮ ਕਰਨ' ਦੀ ਕੀਮਤ 'ਤੇ ਹੋਇਆ ਹੈ। 1988 ਦੀ ਗਲੋਬ ਐਂਡ ਮੇਲ ਦੀ ਜਾਂਚ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਖੁਫੀਆ ਏਜੰਟਾਂ ਨੇ 1980 ਦੇ ਦਹਾਕੇ ਤੋਂ ਹੀ ਇਸ ਮਕਸਦ ਨੂੰ ਅੱਗੇ ਵਧਾਉਣ ਲਈ, 'ਕੈਨੇਡਾ ਦੇ ਸਿੱਖ ਭਾਈਚਾਰੇ ਵਿੱਚ ਘੁਸਪੈਠ ਕਰਨ ਲਈ ਵੱਡੇ-ਵੱਡੇ ਭੁਗਤਾਨ' ਕੀਤੇ ਸਨ ਅਤੇ ਮੁਖਬਰਾਂ ਅਤੇ ਭੜਕਾਊ ਲੋਕਾਂ ਦਾ ਇੱਕ 'ਨੈਟਵਰਕ' ਸਥਾਪਤ ਕੀਤਾ ਸੀ। ਕੈਨੇਡੀਅਨ ਸੰਸਦ ਦੀ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਕਮੇਟੀ (NSICOP) ਨੇ, ਵਿਦੇਸ਼ੀ ਦਖਲ ਨਾਲ ਸਬੰਧਤ ਕਈ ਰਿਪੋਰਟਾਂ ਪ੍ਰਕਾਸ਼ਿਤ ਕੀਤੀਆਂ ਹਨ। ਵਿਦੇਸ਼ੀ ਦਖਲਅੰਦਾਜ਼ੀ ਦੀਆਂ ਖੋਜਾਂ ਦੇ ਸਬੰਧ ਵਿੱਚ ਭਾਰੀ ਸੋਧ ਕੀਤੇ ਜਾਣ ਦੇ ਬਾਵਜੂਦ, ਇੱਕ ਰਿਪੋਰਟ ਵਿੱਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਭਾਰਤੀ ਏਜੰਸੀਆਂ ਨੇ ਇੱਕ ਖਾਸ ਬਿਰਤਾਂਤ ਨੂੰ ਵਧਾਉਣ ਲਈ ਚੱਲ ਰਹੀ ਮੁਹਿੰਮ ਦਾ ਆਯੋਜਨ ਕੀਤਾ, ਜਿਸ ਵਿੱਚ 'ਕੈਨੇਡਾ ਦੇ ਸਿੱਖ ਭਾਈਚਾਰੇ ਨੂੰ ਕੱਟੜਪੰਥੀ' ਗਰਦਾਨਦੇ ਹੋਏ, ਭਾਰਤੀ ਰਾਸ਼ਟਰੀ ਸੁਰੱਖਿਆ 'ਤੇ ਜ਼ੋਰ ਦਿੱਤਾ ਗਿਆ। ਕੈਨੇਡੀਅਨ ਰਾਸ਼ਟਰੀ ਸੁਰੱਖਿਆ ਅਤੇ ਖੁਫੀਆ ਸਲਾਹਕਾਰ, ਡੇਵਿਡ ਜੀਨ, ਨੇ ਵੀ ਰਿਕਾਰਡ ਵਿਚ ਸਪੱਸ਼ਟ ਤੌਰ 'ਤੇ ਦੱਸਿਆ ਸੀ ਕਿ ਵਿਦੇਸ਼ੀ ਖੁਫੀਆ ਆਪਰੇਟਿਵ, ਕੈਨੇਡੀਅਨ ਮੀਡੀਆ ਆਊਟਲੇਟਾਂ ਰਾਹੀਂ ਸਰਗਰਮੀ ਨਾਲ, ਝੂਠੇ ਬਿਰਤਾਂਤ ਘੜ ਰਹੇ ਸਨ ਅਤੇ ਪ੍ਰਚਾਰ ਰਹੇ ਸਨ। ਏ ਬੀ ਬਨਾਮ ਕੈਨੇਡਾ (ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ), 2020 ਐਫ ਸੀ 461 ਵਿੱਚ ਫੈਡਰਲ ਕੋਰਟ ਆਫ਼ ਕਨੇਡਾ ਦੀਆਂ ਖੋਜਾਂ ਦੁਆਰਾ, ਇਸ ਦੀ ਹੋਰ ਪੁਸ਼ਟੀ ਕੀਤੀ ਗਈ, ਜਿਸ ਵਿੱਚ ਇਹ ਸਥਾਪਿਤ ਕੀਤਾ ਗਿਆ ਹੈ ਕਿ 'ਭਾਰਤੀ ਖੁਫੀਆ ਤੰਤਰ ਸਿੱਧੇ ਤੌਰ 'ਤੇ ਕਿਸੇ ਵਿਅਕਤੀ ਨੂੰ ਕੰਮ ਸੌਂਪ ਕੇ', ਕੈਨੇਡੀਅਨ ਪ੍ਰਕਿਰਿਆਵਾਂ, ਸਰਕਾਰੀ ਨੀਤੀ ਅਤੇ ਮੀਡੀਆ ਦੀ ਆਜ਼ਾਦੀ ਵਿੱਚ ਦਖਲਅੰਦਾਜ਼ੀ ਕਰਦਾ ਹੈ। ਇਹ ਗਤੀਵਿਧੀਆਂ, ਨਾ ਸਿਰਫ਼ ਕੈਨੇਡੀਅਨ ਸੰਸਥਾਵਾਂ ਨੂੰ ਕਮਜ਼ੋਰ ਕਰਦੀਆਂ ਹਨ, ਬਲਕਿ ਸਰਕਾਰਾਂ ਨੂੰ ਦਬਾਏ ਜਾ ਰਹੇ ਭਾਈਚਾਰਿਆਂ ਨੂੰ ਹੋਰ ਦਬਾਉਣ ਲਈ ਰਾਜ਼ੀ ਕਰਕੇ, ਪੀੜਤ ਕੌਮਾਂ ਨੂੰ ਨਸਲੀ ਸਮੂਹ ਵਜੋਂ ਪਰਿਭਾਸ਼ਤ ਕਰਦੀਆਂ ਹਨ।
ਸਿੱਖਾਂ ਦੇ ਮਾਮਲੇ ਵਿਚ ਇੰਡੀਅਨ ਏਜੰਸੀਆਂ ਦੀਆਂ ਗਤੀਵਿਧੀਆਂ ਇਸ ਤੋਂ ਵੀ ਅੱਗੇ ਪੰਜਾਬ ਅਤੇ ਵਿਦੇਸ਼ਾਂ ਵਿੱਚ, ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਜਾਰੀ ਰੱਖਣ ਲਈ ਵੀ ਉਤਸ਼ਾਹਿਤ ਕਰਦੀਆਂ ਹਨ। ਗਲੋਬਲ ਭਾਈਚਾਰਕ ਸਰਗਰਮੀ ਵਜੋਂ ਵਿਦੇਸ਼ਾਂ ਵਿੱਚ ਸਿੱਖ ਕਾਰਕੁਨਾਂ ਵਿਰੁੱਧ ਚੱਲ ਰਿਹਾ ਅਪਰਾਧੀਕਰਨ, ਭਾਰਤ ਦੇ ਘਰੇਲੂ ਤੌਰ 'ਤੇ ਅਸਹਿਮਤੀ ਵਾਲੇ ਅਪਰਾਧੀਕਰਨ ਦਾ ਅਤੇ ਵਿਦੇਸ਼ੀ ਦਖਲਅੰਦਾਜ਼ੀ ਅਤੇ ਜਾਸੂਸੀ ਦਾ ਵਿਸਤਾਰ ਹੈ। ਇਹਨਾਂ ਗਤੀਵਿਧੀਆਂ ਦੀ ਪੂਰੀ ਪਾਰਦਰਸ਼ੀ ਢੰਗ ਨਾਲ ਗੌਰ ਕਰਨੀ ਜ਼ਰੂਰੀ ਹੈ। ਅਜਿਹੀ ਜਾਂਚ ਦੇ ਨਤੀਜਿਆਂ ਨੂੰ ਅੱਗੇ ਜਨਤਕ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਦੇ ਸਾਰੇ ਭਾਈਚਾਰਿਆਂ ਨੂੰ, ਕੈਨੇਡਾ ਦੀਆਂ ਸਿਆਸੀ ਸੰਸਥਾਵਾਂ ਅਤੇ ਪੱਤਰਕਾਰੀ ਦੀ ਆਜ਼ਾਦੀ ਨੂੰ, ਕਮਜ਼ੋਰ ਕਰਨ ਦੀਆਂ ਗੈਰ-ਕਾਨੂੰਨੀ ਕੋਸ਼ਿਸ਼ਾਂ ਤੋਂ ਸੁਰੱਖਿਅਤ ਰੱਖਿਆ ਗਿਆ ਹੈ। 'ਪੀੜਤ ਨੂੰ ਦੋਸ਼ੀ ਸਾਬਿਤ' ਕਰਨਾ, ਇਸ ਵੇਲੇ ਭਾਰਤੀ ਮੀਡੀਏ ਦੇ ਵੱਡੇ ਹਿੱਸੇ ਅਤੇ ਏਜੰਸੀਆਂ ਦਾ ਮੁੁੂਲ ਬਿਰਤਾਂਤ ਦਿਖਾਈ ਦਿੰਦਾ ਹੈ।
ਭਾਈ ਹਰਦੀਪ ਸਿੰਘ ਨਿੱਝਰ ਦੀ ਨਿਆਂ ਅਤੇ ਅਮਨ ਪਸੰਦ ਕੈਨੇਡੀਅਨ ਸ਼ਹਿਰੀ ਹੋਣ ਦੇ ਬਾਵਜੂਦ ਕਿਰਦਾਰਕੁਸ਼ੀ ਅਤੇ ਏਅਰ ਇੰਡੀਆ ਬੰਬ ਧਮਾਕੇ ਵਿੱਚ 329 ਮੁਸਾਫਰਾਂ ਦੇ ਸਮੂਹਿਕ ਕਤਲੇਆਮ ਲਈ ਸਿੱਖਾਂ ਬਾਰੇ ਗਲਤ ਬਿਰਤਾਂਤ ਸਿਰਜਣ ਦੀ ਸਾਜ਼ਿਸ਼ ਅਜਿਹੇ ਬਿਰਤਾਂਤ ਦਾ ਹੀ ਹਿੱਸਾ ਹਨ। ਦੂਜੇ ਪਾਸੇ ਖਾਲਸਾਈ ਬਿਰਤਾਂਤ ਸਿੱਖੀ ਦੇ ਸਰਬਤ ਦੇ ਭਲੇ ਦੇ ਸੰਕਲਪ ਅਤੇ ਜਬਰ ਖ਼ਿਲਾਫ਼ ਡਟਣ ਦੇ ਸਿਧਾਂਤ ਬਖਸ਼ਦੇ ਹਨ। ਸਰਬਤ ਦੇ ਹੱਕਾਂ ਲਈ ਲੜਨ ਵਾਲੇ ਇਹ ਸਿੱਖ ਐਕਟਿਵਿਸਟ ਉਹੀ ਵਿਅਕਤੀ ਹਨ, ਜਿਹੜੇ ਪਿਛਲੇ ਲੰਮੇ ਸਮੇਂ ਤੋਂ ਭਾਰਤੀ ਜੇਲ੍ਹਾਂ 'ਚ ਬੰਦ ਚਿੰਤਕਾਂ ਪ੍ਰੋਫੈਸਰ ਜੀ ਐਨ ਸਾਈ ਬਾਬਾ, ਪ੍ਰੋਫ਼ੈਸਰ ਵਾਰਵਰਾ ਰਾਓ, ਗੌਤਮ ਨਵਲੱਖਾ, ਆਨੰਦ ਤੇਲਤੁੰਬੜੇ ਆਦਿ ਦੀ ਰਿਹਾਈ ਦੀ ਲਗਾਤਾਰ ਮੰਗ ਕਰਨ ਲਈ ਰੋਸ ਪ੍ਰਗਟਾਵੇ ਕਰਦੇ ਰਹੇ ਹਨ। ਇਹ ਉਹੀ ਸਿੱਖ ਅਦਾਰੇ ਹਨ, ਜਿਨ੍ਹਾਂ ਗੌਰੀ ਲੰਕੇਸ਼ ਵਰਗੇ ਪੱਤਰਕਾਰ ਦੇ ਕਤਲ ਤੋਂ ਬਾਅਦ, ਕੈਨੇਡਾ ਦੀ ਧਰਤੀ ਤੋਂ ਉਸ ਦੇ ਹੱਕ ਵਿਚ ਆਵਾਜ਼ ਬੁਲੰਦ ਕਰਦਿਆਂ, ਭਾਰਤ ਵਿਚ ਚੱਲ ਰਹੇ ਹਿੰਦੂਤਵੀ ਏਜੰਡੇ ਅਤੇ ਨਫ਼ਰਤੀ ਮਾਹੌਲ ਦਾ ਵਿਰੋਧ ਕਰ ਰਹੇ ਹਨ। ਇਹ ਉਹੀ ਸਿੱਖ ਸੰਸਥਾਵਾਂ ਹਨ, ਜਿਹੜੀਆਂ ਜੇਲ੍ਹਾਂ 'ਚ ਉਮਰ ਕੈਦ ਦੀਆਂ ਸਜ਼ਾਵਾਂ ਭੋਗ ਚੁੱਕੇ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਜੱਦੋ- ਜਹਿਦ ਕਰ ਰਹੀਆਂ ਹਨ। ਇਹ ਉਹੀ ਲੋਕ ਹਨ, ਜਿਨ੍ਹਾਂ ਵਿੱਚ ਭਾਰਤ ਦੇ ਪ੍ਰਧਾਨਮੰਤਰੀ ਮੋਦੀ ਦੀ 2015 ਵਿਚ ਕੈਨੇਡਾ ਫੇਰੀ ਸਮੇਂ ਸ਼ਾਂਤਮਈ ਵਿਰੋਧ ਕਰਦਿਆਂ, ਮਨੁੱਖੀ ਅਧਿਕਾਰਾਂ ਦੇ ਹੋ ਰਹੇ ਘਾਣ ਨੂੰ ਰੋਕਣ ਦੀ ਮੰਗ ਕੀਤੀ ਸੀ।
ਅੱਜ ਇਹ ਸਾਰੇ ਮਿਲ ਕੇ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਹੱਕ, ਸੱਚ ਤੇ ਇਨਸਾਫ ਲਈ ਫਾਸ਼ੀਵਾਦੀ ਅਤੇ ਮਨੂਵਾਦੀ ਤਾਕਤਾਂ ਖਿਲਾਫ਼ ਲੜਾਈ ਲੜੀ ਅਤੇ ਆਪਣੀ ਜਾਨ ਕੁਰਬਾਨ ਕਰ ਦਿੱਤੀ। ਮੌਜੂਦਾ ਸਮੇਂ ਇੰਡੀਅਨ ਸਟੇਟ ਦਾ ਸਭ ਤੋਂ ਵੱਡਾ ਇਤਰਾਜ਼ ਹੈ ਕਿ ਵਿਦੇਸ਼ਾਂ ਦੀ ਧਰਤੀ ਤੋਂ ਐਕਟਿਵਿਸਟ ਮਨੁੱਖੀ ਹੱਕਾਂ ਦੀ ਆਵਾਜ਼ ਕਿਉਂ ਉਠਾ ਰਹੇ ਹਨ ;
''ਕੁਛ ਨਾ ਕਹਿ ਖਾਮੋਸ਼ ਰਹਿ ਓ ਸ਼ਾਇਰਾ
ਸਭ ਨੂੰ ਤੇਰੇ ਕਹਿਣ ਤੇ ਇਤਰਾਜ਼ ਹੈ
ਗੀਤ ਤੇਰੇ ਮੁਖਬਰੀ ਕਰ ਦੇਣਗੇ
ਤੇਰੀ ਹਿਕ ਵਿਚ ਰੌਸ਼ਨੀ ਦਾ ਰਾਜ਼ ਹੈ
ਜੋ ਜਗੇ ਉਸ ਦਾ ਨਿਸ਼ਾਨਾ ਬੰਨ੍ਹਦਾ
ਰਾਤ ਦਾ ਹਾਕਮ ਨਿਸ਼ਾਨੇਬਾਜ਼ ਹੈ
ਉਹ ਕਿ ਜਿਸ ਦੀ ਜਾਨ ਹੀ ਨ੍ਹੇਰੇ 'ਚ ਹੈ
ਉਸ ਨੂੰ ਸਾਡੇ ਜਗਣ ਤੇ ਇਤਰਾਜ਼ ਹੈ
ਤਗਮਿਆਂ ਦੀ ਥਾਂ ਤੇ ਹਿਕ ਵਿਚ ਗੋਲੀਆਂ
ਇਹ ਵੀ ਇਕ ਸਨਮਾਨ ਦਾ ਅੰਦਾਜ਼ ਹੈ''
(ਮਰਹੂਮ ਸ਼ਾਇਰ ਡਾ. ਸੁਰਜੀਤ ਪਾਤਰ)
ਦਰਬਾਰ ਸਾਹਿਬ 'ਤੇ ਭਾਰਤੀ ਫੌਜੀ ਹਮਲੇ ਦੀ 40ਵੀਂ ਸ਼ਹੀਦੀ ਯਾਦ , ਤੀਜੇ ਘੱਲੂਘਾਰੇ ਲਈ ਸਾਕਾ ਨੀਲਾ ਤਾਰਾ (ਅਪਰੇਸ਼ਨ ਬਲੂ ਸਟਾਰ) ਸ਼ਬਦ ਵਰਤਣਾ ਗ਼ਲਤ - ਡਾ. ਗੁਰਵਿੰਦਰ ਸਿੰਘ
ਸ਼ਬਦ ਦੀ ਅਸੀਮ ਸ਼ਕਤੀ ਹੈ। ਨੇਕ ਸੋਚ ਰਾਹੀਂ ਸ਼ਬਦ ਦੀ ਸਹੀ ਵਰਤੋਂ ਬਿਰਤਾਂਤ ਦੀ ਸੱਚਾਈ ਉਜਾਗਰ ਕਰਦੀ ਹੈ, ਜਦਕਿ ਕਪਟੀ ਸੋਚ ਰਾਹੀਂ ਸ਼ਬਦ ਦੀ ਕੀਤੀ ਸਾਜਿਸ਼ੀ ਵਰਤੋਂ ਬਿਰਤਾਂਤ ਨੂੰ ਵਿਗਾੜਦੀ ਹੈ। ਸੱਤਾ ਵੱਲੋਂ ਬਾਗੀਆਂ ਨੂੰ ਕੁਚਲਣ ਦਾ ਆਸਾਵੀਂ ਜੰਗ ਦਾ ਵੱਡਾ ਹਥਿਆਰ, 'ਸ਼ਬਦ ਬਿਰਤਾਂਤ' ਨੂੰ ਵਿਗਾੜਨਾ ਹੁੰਦਾ ਹੈ। ਸਟੇਟ ਵੱਲੋਂ ਲੋਕਾਂ ਅੰਦਰ ਬਾਗੀਆਂ ਪ੍ਰਤੀ ਨਫਰਤ ਪੈਦਾ ਕਰਕੇ, ਆਪਣੇ ਕਪਟੀ ਸ਼ਬਦ ਲੋਕ ਮਾਨਸਿਕਤਾ ਵਿੱਚ ਭਰ ਦਿੱਤੇ ਜਾਂਦੇ ਹਨ। 'ਹਕੂਮਤ ਦੀ ਫਰੇਬੀ ਸ਼ਬਦਾਵਲੀ' ਦਾ ਸ਼ਿਕਾਰ ਸਿਰਫ ਭੋਲੇ-ਭਾਲੇ ਲੋਕ ਹੀ ਨਹੀਂ ਹੁੰਦੇ, ਬਲਕਿ ਆਗੂ ਵੀ ਹੋ ਜਾਂਦੇ ਹਨ, ਜਿਸ ਦੇ ਅਧੀਨ ਉਹ 'ਆਪਣਾ ਬਿਰਤਾਂਤ' ਛੱਡ ਕੇ, 'ਸਟੇਟ ਦੇ ਬਿਰਤਾਂਤ' ਦੇ ਮੋਹਰੇ ਬਣ ਕੇ, ਕੌਮੀ ਇਤਿਹਾਸ ਨੂੰ ਵਿਗਾੜਨ ਦੇ ਦੋਸ਼ੀ ਬਣ ਜਾਂਦੇ ਹਨ।
ਇਸ ਦੀ ਪ੍ਰਤੱਖ ਮਿਸਾਲ ਦਰਬਾਰ ਸਾਹਿਬ 'ਤੇ ਭਾਰਤੀ ਫੌਜ ਦੇ ਹਮਲੇ ਲਈ ਭਾਰਤੀ ਸਟੇਟ ਵੱਲੋਂ ਸਾਕਾ ਨੀਲਾ ਤਾਰਾ (ਆਪਰੇਸ਼ਨ ਬਲੂ ਸਟਾਰ) ਸ਼ਬਦ ਵਰਤਣਾ ਛਲ-ਕਪਟੀ ਭਾਸ਼ਾ ਦਾ ਸਿਖਰ ਕਿਹਾ ਜਾ ਸਕਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਨਾ ਕੇਵਲ ਸਟੇਟ ਦੇ ਸੰਦ ਬਣ ਕੇ ਵਿਚਰਨ ਵਾਲੇ ਲਿਖਾਰੀਆਂ ਅਤੇ ਇਤਿਹਾਸਕਾਰਾਂ ਵੱਲੋਂ ਹੀ, ਬਲਕਿ ਸਿੱਖ ਬੁੱਧੀਜੀਵੀਆਂ ਅਤੇ ਵਿਦਵਾਨਾਂ ਵੱਲੋਂ ਵੀ, ਦਰਬਾਰ ਸਾਹਿਬ 'ਤੇ ਹਮਲੇ ਨੂੰ 'ਸਾਕਾ ਨੀਲਾ ਤਾਰਾ' (ਆਪਰੇਸ਼ਨ ਬਲੂ ਸਟਾਰ) ਕਹਿਣਾ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਉਹ ਕਿਸ ਹੱਦ ਤੱਕ ਸਟੇਟ ਦੇ ਛਲ-ਕਪਟ ਦਾ ਸ਼ਿਕਾਰ ਹੋ ਕੇ, ਆਪਣੇ ਹੀ ਇਤਿਹਾਸ ਦੇ ਉਲਟ ਭੁਗਤ ਰਹੇ ਹਨ। ਸਿੱਖ ਕੌਮ ਦੇ ਤੀਜੇ ਘੱਲੂਘਾਰੇ ਦੇ 40ਵੇਂ ਸ਼ਹੀਦੀ ਸਾਲ ਮੌਕੇ 'ਸਾਕਾ ਨੀਲਾ ਤਾਰਾ' ਸ਼ਬਦ ਦੀ ਵਰਤੋਂ ਸਬੰਧੀ ਆਪਣੀਆਂ ਗਲਤੀਆਂ ਨੂੰ ਦਰੁਸਤ ਕਰਨਾ ਹੀ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਇਸ ਦੀ ਲੋੜ ਕਿਉਂ ਹੈ ਅਤੇ ਇਸ ਸੋਧ ਨਾਲ ਕੀ ਫਰਕ ਪਏਗਾ? ਆਓ ਇਹਨਾਂ ਮੁੱਦਿਆਂ 'ਤੇ ਗੌਰ ਫਰਮਾਈਏ!
ਸਿੱਖ ਵਿਦਵਾਨ ਡਾ. ਸੇਵਕ ਸਿੰਘ ਦੀ ਕਿਤਾਬ 'ਸ਼ਬਦ ਜੰਗ' ਇਸ ਸਿਧਾਂਤਕ ਪ੍ਰਸੰਗ ਨੂੰ ਸਮਝਣ ਵਿੱਚ ਸਹਾਈ ਸਿੱਧ ਹੋਏਗੀ। ਇਸ ਅਨੁਸਾਰ ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ ਨੂੰ ਸਟੇਟ ਹਥਿਆਰ ਵਜੋਂ ਵਰਤਦੀ ਹੈ। 'ਸ਼ਬਦ ਜੰਗ' ਹਥਿਆਰਬੰਦ ਜੰਗ ਨਾਲੋਂ ਨਾ ਸਿਰਫ ਵੱਡੀ ਹੁੰਦੀ ਹੈ, ਸਗੋਂ ਹਥਿਆਰਬੰਦ ਜੰਗ ਸ਼ਬਦ ਜੰਗ ਦਾ ਇੱਕ ਛੋਟਾ ਹਿੱਸਾ ਹੈ। ਸ਼ਬਦ ਜੰਗ ਲੋਕਾਂ ਦੇ ਮਨਾਂ ਉੱਤੇ ਕਬਜ਼ੇ ਦੀ ਜੰਗ ਹੈ। ਸੱਤਾਹੀਣ ਧਿਰ ਜੰਗਜੂ ਹੋਣ ਦੇ ਬਾਵਜੂਦ ਹਕੂਮਤੀ ਜਾਂ ਭਾਰੂ ਧਿਰ ਦੀ ਕਿੰਨੀ ਗੁਲਾਮੀ ਕਬੂਲਦੀ ਹੈ, ਇਹਦਾ ਪਤਾ ਉਹਦੀ ਬੋਲੀ ਦੇ ਸ਼ਬਦਾਂ ਵਿੱਚ ਆਉਂਦੇ ਬਦਲਾਅ ਤੋਂ ਲੱਗਦਾ ਹੈ। ਸੱਤਾ ਸਦਾ ਹੀ ਬਗਾਵਤੀ ਧਿਰਾਂ ਨੂੰ ਬਹੁਭਾਂਤ ਦੀ ਕਪਟੀ ਅਤੇ ਉਲਝਾਊ ਸ਼ਬਦਾਵਲੀ ਨਾਲ ਘੇਰਦੀ ਹੈ। ਸ਼ਬਦ ਜੰਗ ਹੀ ਇਹ ਉਜਾਗਰ ਕਰਦੀ ਹੈ ਕਿ ਕਿਵੇਂ ਸ਼ਬਦਾਂ ਦੀ ਚੋਣ ਮਾਅਨੇ ਰੱਖਦੀ ਹੈ ਅਤੇ ਸ਼ਬਦ ਤੋਂ ਲੈ ਕੇ ਨਿਖੇਧ ਤੱਕ ਦੇ ਸਾਰੇ ਵਰਤਾਰੇ, ਕਿਵੇਂ ਜੰਗ ਲਈ ਵਰਤੇ ਗਏ। ਸ਼ਬਦ ਜੰਗ ਪ੍ਰਤੀ ਸੁਚੇਤ ਨਾ ਹੋਣ ਕਾਰਨ ਹਕੂਮਤ ਦੇ ਜਬਰ ਤੋਂ ਬਾਅਦ, ਜੰਗਜੂ ਧਿਰਾਂ ਅੰਦਰਲੇ ਵਿਰੋਧਾਂ ਅਤੇ ਬਾਹਰਲੇ ਹਮਲਿਆਂ ਦਾ ਦੁਵੱਲਾ ਸ਼ਿਕਾਰ ਹੋ ਜਾਂਦੀਆਂ ਹਨ। ਸਿਧਾਂਤਕ ਘੇਰਾਬੰਦੀ ਤੋਂ ਬਚਣ ਲਈ ਜੰਗਜੂ ਧਿਰਾਂ ਸ਼ਬਦ ਜੰਗ ਤੋਂ ਕਿਨਾਰਾ ਨਹੀਂ ਕਰ ਸਕਦੀਆਂ, ਬਲਕਿ ਉਹਨਾਂ ਕੋਲ ਇੱਕੋ ਇੱਕ ਰਾਹ, ਇਸ ਨੂੰ ਸਮਝਣ ਦਾ ਹੈ।
ਦਰਬਾਰ ਸਾਹਿਬ ਉੱਪਰ ਭਾਰਤੀ ਫੌਜ ਦੇ ਹਮਲੇ ਨੂੰ 'ਸਾਕਾ ਨੀਲਾ ਤਾਰਾ' ਨਾਂ ਦੇਣਾ ਦਰਅਸਲ ਇੰਡੀਅਨ ਸਟੇਟ ਦੀ ਅਸਾਵੀਂ ਸ਼ਬਦ ਜੰਗ, ਇਸ ਦੀ ਵਿਆਖਿਆ ਜੰਗ, ਪ੍ਰਚਾਰ ਜੰਗ ਅਤੇ ਸਵਾਲਾਂ ਦੀ ਜੰਗਬਾਜੀ ਦਾ ਪ੍ਰਤੱਖ ਰੂਪ ਹੈ। ਅਸੀਂ ਇਹ ਵੇਖਦੇ ਹਾਂ ਕਿ 'ਨੀਲਾ' ਸ਼ਬਦ ਦੀ ਵਰਤੋਂ ਸਿੱਖਾਂ ਦੇ ਮੁਕੱਦਸ ਨਿਸ਼ਾਨ ਸਾਹਿਬ ਨੂੰ ਅਤੇ ਅਕਾਲੀ ਦਸਤਾਰਾਂ ਨੂੰ ਨਿਸ਼ਾਨਾ ਬਣਾ ਕੇ, ਭਾਰਤੀ ਸਟੇਟ ਵੱਲੋਂ ਕੀਤੀ ਗਈ ਹੈ। ਸਿੱਖਾਂ ਦੇ ਪਵਿੱਤਰ ਅਸਥਾਨ ਦਰਬਾਰ ਸਾਹਿਬ 'ਤੇ ਫੌਜੀ ਹਮਲੇ ਨੂੰ 'ਸਾਕਾ ਨੀਲਾ ਤਾਰਾ' ਦਾ ਸਰਕਾਰੀ ਨਾਂ ਦੇਣ ਦੀ ਦੁਸ਼ਟ -ਸੋਚ ਨੂੰ ਸਮਝਣ ਲਈ ਛਲ-ਕਪਟ ਦੀ ਸ਼ਬਦਾਵਲੀ ਦੇ ਕੁਝ ਅਹਿਮ ਨਮੂਨੇ ਧਿਆਨ ਮੰਗਦੇ ਹਨ। ਇਹ ਸੱਚ ਹੈ ਕਿ ਬੁੱਧ ਧਰਮ ਮਨੂਵਾਦ ਅਤੇ ਬ੍ਰਾਹਮਣਵਾਦ ਦਾ ਵੱਡਾ ਦੁਸ਼ਮਣ ਰਿਹਾ ਹੈ, ਜਿਸ ਪ੍ਰਤੀ ਮਨੂਵਾਦੀਆਂ ਦੀ ਨਫਰਤ ਲਗਾਤਾਰ ਸਦੀਆਂ ਤੱਕ ਕਾਇਮ ਰਹੀ। ਭਾਰਤ ਦੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਸਰਕਾਰ ਦਾ ਬੁੱਧ ਧਰਮ ਪ੍ਰਤੀ, ਫਰੇਬੀ ਸੋਚ ਦਾ ਮਖੋਟਾ ਉਸ ਵੇਲੇ ਲਹਿ ਜਾਂਦਾ ਹੈ, ਜਦੋਂ ਭਾਰਤ ਵੱਲੋਂ 18 ਮਈ 1974 ਨੂੰ ਪੋਖਰਨ, ਰਾਜਸਥਾਨ ਵਿਖੇ ਨਿਊਕਲੀਅਰ ਟੈਸਟ ਕੀਤਾ ਜਾਂਦਾ ਹੈ ਤੇ ਉਸਦਾ ਨਾਂ ਫਰੇਬੀ ਸ਼ਬਦਾਵਲੀ ਵਿੱਚ 'ਸਮਾਈਲਿੰਗ ਬੁੱਧਾ' ਭਾਵ ਮਹਾਤਮਾ ਬੁੱਧ ਦਾ ਮੁਸਕਰਾਉਣਾ ਰੱਖਿਆ ਜਾਂਦਾ ਹੈ।
ਸਿਤਮਜ਼ਰੀਫੀ ਦੇਖੋ ਕਿ ਜਿਸ ਮਹਾਤਮਾ ਬੁੱਧ ਨੂੰ 'ਅਹਿੰਸਾ ਪਰਮੋ ਧਰਮਾ' ਕਰਕੇ ਜਾਣਿਆ ਜਾਂਦਾ ਹੈ, ਉਸ ਦੇ ਨਾਂ 'ਤੇ ਹੀ ਇਹ ਨਿਊਕਲੀਅਰ ਟੈਸਟ ਕੀਤੇ ਗਏ ਅਤੇ ਦੁਨੀਆ ਅੱਗੇ ਇਸ ਦਾ ਸੰਕੇਤਕ ਨਾਂ 'ਮੁਸਕਰਾਉਂਦਾ ਬੁੱਧ' ਦਿੱਤਾ ਗਿਆ। ਅਫਸੋਸ ਇਸ ਗੱਲ ਦਾ ਹੈ ਕਿ ਪੀੜਤ ਧਿਰ ਭਾਵ ਬੁੱਧ ਧਰਮ ਦੇ ਪੈਰੋਕਾਰਾਂ ਵੱਲੋਂ ਇਸ ਤੇ ਨਾ ਕੋਈ ਇਤਰਾਜ਼ ਕੀਤਾ ਗਿਆ ਅਤੇ ਨਾ ਹੀ ਇਸ ਸਬਦ ਜੰਗ ਅਤੇ ਵਿਆਖਿਆ ਜੰਗ ਵਿੱਚ ਆਪਣਾ ਬਿਰਤਾਂਤ ਦੱਸਣ ਦੀ ਖੇਚਲ ਕੀਤੀ ਗਈ। ਕੌਮਾਂਤਰੀ ਮੰਚ 'ਤੇ ਦੇਖੀਏ, ਤਾਂ ਛਲ-ਕਪਟ ਵਾਲੀ ਸ਼ਬਦਾਵਲੀ ਦੀ ਵਰਤੋਂ ਵਿਸ਼ਵ ਜੰਗਾਂ ਦੌਰਾਨ ਵੀ ਸਾਹਮਣੇ ਆਈ। ਅਮਰੀਕਾ ਨੇ 6 ਅਗਸਤ 1945 ਨੂੰ ਦੂਜੇ ਮਹਾਂ-ਯੁੱਧ ਦੌਰਾਨ ਜਪਾਨ 'ਤੇ 9700 ਪੌਂਡ ਦਾ ਐਟਮੀ ਬੰਬ ਸੁੱਟਦਿਆਂ, ਉਸ ਦਾ ਨਾਂ 'ਲਿਟਲ ਬੁਆਏ' ਭਾਵ 'ਨੰਨਾ ਮੁੰਨਾ' ਰੱਖ ਕੇ ਮਨੁੱਖਤਾ ਨੂੰ ਸ਼ਰਮਸ਼ਾਰ ਕੀਤਾ। ਇੱਥੇ ਹੀ ਵੱਸ ਨਹੀਂ, ਤਿੰਨ ਦਿਨਾਂ ਬਾਅਦ ਅਮਰੀਕਾ ਨੇ ਵਿਗਿਆਨਿਕ ਫਰੇਬੀਆਂ ਦਾ ਸਹਾਰਾ ਲੈ ਕੇ, ਦੂਜੇ ਸ਼ਹਿਰ ਨਾਗਾਸਾਕੀ 'ਤੇ 10,300 ਪੌਂਡ ਦਾ ਨਿਊਕਲੀਅਰ ਬੰਬ ਸੁੱਟਿਆ, ਜਿਸ ਦਾ ਨਾਂ 'ਫੈਟ ਮੈਨ' ਭਾਵ 'ਮੋਟੂ' ਰੱਖਿਆ। ਇਹਨਾਂ ਬੰਬਾਂ ਨਾਲ ਲੱਖ ਤੋਂ ਵੱਧ ਮਨੁੱਖ, ਜਿੰਨਾਂ 'ਚ ਵੱਡੀ ਗਿਣਤੀ ਬੱਚਿਆਂ ਤੇ ਔਰਤਾਂ ਦੀ ਸੀ, ਖਤਮ ਹੋ ਗਏ।
ਘੱਲੂਘਾਰਿਆਂ ਦੀ ਗੱਲ ਕਰਦਿਆਂ ਫਰੇਬੀ ਸ਼ਬਦਾਵਲੀ ਦੀ ਸਭ ਤੋਂ ਘਿਨਾਉਣੀ ਮਿਸਾਲ ਨਾਜ਼ੀਵਾਦੀਆਂ ਵੱਲੋਂ ਯਹੂਦੀਆਂ ਦੇ ਘੱਲੂਘਾਰੇ ਨੂੰ 'ਫਾਈਨਲ ਸਲੂਸ਼ਨ' ('ਅੰਤਿਮ ਹੱਲ') ਦਾ ਸੰਕੇਤਕ ਨਾਂ ਦੇਣਾ ਹੈ। ਇਹ ਕਤਲੇਆਮ 1941 ਤੋਂ 1945 ਤੱਕ ਹੋਇਆ, ਜਿਸ ਵਿੱਚ ਛੇ ਮਿਲੀਅਨ ਯਹੂਦੀਆਂ ਨੂੰ ਅੰਤਾਂ ਦੇ ਤਸ਼ੱਦਦ ਨਾਲ ਮਾਰਿਆ ਗਿਆ। ਇਸ ਦੌਰਾਨ ਇੱਕ ਹੋਰ ਦਿਲ ਕੰਬਾਊ ਸੰਕੇਤਕ ਸ਼ਬਦਾਵਲੀ ਨਾਜ਼ੀਆਂ ਵੱਲੋਂ ਯਹੂਦੀਆਂ ਗੈਸ ਭੱਠੀਆਂ ਵਿੱਚ ਜਿਉਂਦਿਆਂ ਸਮੂਹਿਕ ਤੌਰ ਤੇ ਸਾੜਨ ਨੂੰ 'ਸ਼ਾਵਰ ਬਾਥ' '(ਫੁਹਾਰਾ ਇਸ਼ਨਾਨ') ਕਰਵਾਉਣਾ ਕਹਿਣਾ ਹੈ।
ਨਾਜ਼ੀਆਂ ਦੀ ਤਰਜ਼ 'ਤੇ ਹੀ ਹਿਟਲਰ ਦੀ ਪੈਰੋਕਾਰ ਮਨੂਵਾਦੀ ਹਕੂਮਤ ਵੱਲੋਂ ਨੀਲੇ ਨਿਸ਼ਾਨ ਸਾਹਿਬ ਅਤੇ ਨੀਲੀਆਂ ਦਸਤਾਰਾਂ ਵਾਲੇ ਸਿੱਖਾਂ ਨੂੰ ਸਬਕ ਸਿਖਾਉਣ ਲਈ 1 ਜੂਨ 1984 ਤੋਂ 10 ਜੂਨ 1984 ਤੱਕ, ਮਿਲਟਰੀ 'ਆਪਰੇਸ਼ਨ ਬਲੂ ਸਟਾਰ' ('ਸਾਕਾ ਨੀਲਾ ਤਾਰਾ') ਦੇ ਸਰਕਾਰੀ ਨਾਂ ਹੇਠ ਕੀਤਾ ਗਿਆ। ਉਸ ਵੇਲੇ ਦੀ ਕਾਂਗਰਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਇਹ ਹਮਲਾ ਅਚਨਚੇਤ ਨਹੀਂ, ਬਲਕਿ ਭਾਰਤੀ ਜਨਤਾ ਪਾਰਟੀ ਅਤੇ ਹੋਰਨਾਂ ਵਿਰੋਧੀ ਧਿਰਾਂ ਦੀ ਸਮੂਹਿਕ ਸਹਿਮਤੀ ਲੈ ਕੇ, ਬਹੁ-ਗਿਣਤੀ ਨੂੰ ਭਰਮਾਉਣ, ਵੋਟਾਂ ਦੇ ਧਰੁਵੀਕਰਨ, ਐਮਰਜੈਂਸੀ ਦੌਰਾਨ ਸਿੱਖਾਂ ਨੂੰ ਤਿੱਖੇ ਵਿਰੋਧ ਲਈ ਸਬਕ ਸਿਖਾਉਣ ਤੇ ਘੱਟ-ਗਿਣਤੀ ਕੌਮ ਦਾ ਸ਼ਿਕਾਰ ਕਰਨ ਲਈ, ਯੋਜਨਾਵੱਧ ਢੰਗ ਨਾਲ ਕੀਤਾ ਗਿਆ। ਕੌਮਾਂਤਰੀ ਪੱਧਰ ਤੇ ਬਰਤਾਨੀਆ ਅਤੇ ਰੂਸ ਦੀ ਭਾਈਵਾਲੀ ਨਾਲ, ਫੌਜੀ ਹਮਲਾ 'ਸਾਕਾ ਨੀਲਾ ਤਾਰਾ' ਦੇ ਸਰਕਾਰੀ ਨਾਂ ਹੇਠ ਕੇਵਲ ਦਰਬਾਰ ਸਾਹਿਬ ਅੰਮ੍ਰਿਤਸਰ ਤੱਕ ਨਹੀਂ, ਬਲਕਿ ਪੰਜਾਬ ਦੇ 37 ਹੋਰ ਗੁਰਦੁਆਰਿਆਂ ਸਮੇਤ, ਸਮੂਹ ਪੰਜਾਬ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ।
ਸਿੱਖਾਂ ਨੂੰ ਜ਼ਲੀਲ ਕਰਨ ਲਈ ਛਲ-ਕਪਟ ਦੀ ਸ਼ਬਦਾਵਲੀ ਹੇਠ ਦਰਬਾਰ ਸਾਹਿਬ 'ਤੇ ਹਮਲੇ ਲਈ ਵਰਤੇ ਜਾਂਦੇ ਸਰਕਾਰੀ ਫੌਜੀ ਨਾਂ 'ਅਪਰੇਸ਼ਨ ਬਲੂ ਸਟਾਰ' ਦੇ ਅੱਗੇ ਹੋਰ ਵੀ ਵੱਖਰੇ ਸਰਕਾਰੀ ਸੰਕੇਤਕ ਫੌਜੀ ਨਾਂ ਰੱਖੇ ਗਏ, ਜਿਨਾਂ ਦਾ ਵਰਗੀਕਰਨ ਇਉ ਕੀਤਾ ਗਿਆ ; ਪਹਿਲਾ 'ਆਪਰੇਸ਼ਨ ਮੈਟਲ', ਜਿਸ ਦਾ ਮਕਸਦ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਅਕਾਲ ਤਖਤ ਅਤੇ ਹੋਰਨਾਂ ਇਮਾਰਤਾਂ ਉੱਪਰ ਹਮਲਾ ਕਰਨਾ ਅਤੇ ਉੱਥੇ ਮੌਜੂਦ ਸਿੱਖਾਂ ਨੂੰ ਖਤਮ ਕਰਨਾ ਸੀ। ਦੂਜਾ 'ਆਪਰੇਸ਼ਨ ਸ਼ਾਪ' ਸੀ, ਜਿਸ ਵਿੱਚ ਦਰਬਾਰ ਸਾਹਿਬ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਗੁਰਦੁਆਰਿਆਂ ਨੂੰ 'ਸ਼ੱਕੀ ਅਸਥਾਨ' ਕਰਾਰ ਦੇ ਕੇ ਨਿਸ਼ਾਨਾ ਬਣਾਉਣਾ ਅਤੇ ਸਿੱਖਾਂ ਦਾ ਕਤਲੇਆਮ ਕਰਨਾ ਸੀ। ਤੀਸਰਾ ਪੜਾਓ ਸੀ 'ਆਪਰੇਸ਼ਨ ਵਡਰੋਜ', ਜਿਸ ਵਿੱਚ ਇੰਡੀਅਨ ਆਰਮੀ ਅਤੇ ਉਸ ਨਾਲ ਨੈਸ਼ਨਲ ਸਿਕਿਉਰਟੀ ਗਾਰਡ ਨੇ, ਮਿਲ ਕੇ 9 ਮਈ 1988 ਨੂੰ 'ਆਪਰੇਸ਼ਨ ਬਲੂ ਸਟਾਰ' ਦੀ ਦੂਸਰੀ ਕੜੀ ਨੂੰ ਅੱਗੇ ਤੋਰਿਆ ਅਤੇ ਦਰਬਾਰ ਸਾਹਿਬ 'ਤੇ ਮੁੜ ਹਮਲਾ ਕੀਤਾ।
'ਅਪਰੇਸ਼ਨ ਬਲੂ ਸਟਾਰ', 'ਆਪਰੇਸ਼ਨ ਮੈਟਲ', 'ਆਪਰੇਸ਼ਨ ਸ਼ਾਪ', 'ਆਪਰੇਸ਼ਨ ਵਡਰੋਜ' ਅਤੇ 'ਆਪਰੇਸ਼ਨ ਬਲੈਕ ਥੰਡਰ ਆਦਿ 'ਸਰਕਾਰੀ ਨਾਂ' ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਲਈ ਵਰਤੇ ਗਏ। ਅਫਸੋਸ ਕਿ ਸਿੱਖ ਵਿਦਵਾਨ ਅਤੇ ਸਿੱਖ ਸੰਸਥਾਵਾਂ ਆਪਣੇ ਅਦਾਰਿਆਂ ਵਿੱਚ ਇਨਾਂ ਨਾਵਾਂ ਦਾ ਇਸਤੇਮਾਲ ਕਰਕੇ ਬੌਧਿਕ ਦਿਵਾਲੀਏਪਨ ਦੀ ਮਿਸਾਲ ਪੇਸ਼ ਕਰਦੀਆਂ ਹਨ, ਜਿਵੇਂ ਕਿ 'ਅਪਰੇਸ਼ਨ ਬਲੂ ਸਟਾਰ ਨੂੰ ਯਾਦ ਕਰਦਿਆਂ', 'ਸਾਕਾ ਨੀਲਾ ਧਾਰਾ ਦੀ 40ਵੀਂ ਵਰੇਗੰਢ 'ਤੇ', 'ਸਾਕਾ ਨੀਲਾ ਤਾਰਾ ਤੋਂ ਬਾਅਦ' ਆਦਿ। ਅਕਾਲ ਤਖਤ ਦੇ ਸਾਬਕਾ ਜਥੇਦਾਰ ਗਿਆਨੀ ਕਿਰਪਾਲ ਸਿੰਘ ਦੀ ਕਿਤਾਬ 'ਅੱਖੀਂ ਡਿੱਠਾ ਸਾਕਾ ਨੀਲਾ ਤਾਰਾ' ਅਤੇ ਕਈ ਹੋਰ ਸਿੱਖ ਇਤਿਹਾਸਕਾਰਾਂ ਦੀਆਂ ਅਜਿਹੀਆਂ ਲਿਖਤਾਂ ਇਸ ਦੀ ਪ੍ਰਤੱਖ ਮਿਸਾਲ ਹਨ।
ਵਿਦਵਾਨ ਡਾ. ਸਿਕੰਦਰ ਸਿੰਘ ਦਾ ਕਥਨ ਹੈ ਕਿ ਸ਼ਬਦ ਜੰਗ ਹੁੰਦੀ ਏਹ ਹੈ ਕਿ ਸੱਤਾ ਵੱਲੋਂ ਆਪਣੇ ਵਿਰੋਧੀ ਦੀ ਧਰਤੀ ਨੂੰ, ਧਰਮ ਨੂੰ, ਕਿੱਤੇ ਨੂੰ, ਦੇਹ ਨੂੰ, ਇਤਿਹਾਸ ਨੂੰ, ਬੋਲੀ ਨੂੰ, ਸੱਭਿਆਚਾਰ ਨੂੰ, ਸਭ ਨੂੰ ਹੀਣਾ ਅਤੇ ਨੀਵਾਂ ਕਰ ਦੇਣਾ, ਉਹਨਾਂ ਦੇ ਅੱਖਰਾਂ ਤੱਕ ਘਟਾ ਦੇਣਾ। 40 ਸਾਲ ਪਹਿਲਾਂ ਦਰਬਾਰ ਸਾਹਿਬ ਅਤੇ ਅਕਾਲ ਤਖਤ ਸਮੇਤ ਪੰਜਾਬ ਉੱਪਰ ਭਾਰਤੀ ਸਟੇਟ ਦਾ ਫੌਜੀ ਹਮਲਾ ਸਿੱਖੀ ਨੂੰ, ਪੰਜਾਬੀਆਂ ਨੂੰ, ਪੰਜਾਬੀ ਬੋਲੀ ਨੂੰ, ਸੱਭਿਆਚਾਰ ਨੂੰ ਅਤੇ ਇਤਿਹਾਸ ਨੂੰ ਖਤਮ ਕਰਨ ਦਾ ਖੂਨੀ ਵਰਤਾਰਾ ਸੀ, ਜਿਸ ਨੂੰ 'ਅਪਰੇਸ਼ਨ ਬਲੂ ਸਟਾਰ' ਕਹਿ ਕੇ, ਸੰਸਾਰ ਭਰ ਵਿੱਚ, ਸਿੱਖਾਂ ਨੂੰ ਭੰਡਿਆ ਗਿਆ। ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ 'ਤੇ ਮਿਥ ਕੇ ਕੀਤੇ ਗਏ ਇਸ ਫੌਜੀ ਹਮਲੇ ਨੇ, ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਪੰਜਾਬ ਦੇ ਅੰਦਰ ਆਉਂਦੇ 10 ਸਾਲਾਂ ਵਿੱਚ ਅਤੇ ਦਿੱਲੀ ਸਮੇਤ ਭਾਰਤ ਦੇ ਕੋਨੇ-ਕੋਨੇ ਵਿੱਚ ਨਵੰਬਰ 84 ਨੂੰ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਹੋਈ। ਸਿੱਖ ਬਿਰਤਾਂਤ ਅਨੁਸਾਰ ਦਰਬਾਰ ਸਾਹਿਬ ਤੇ ਭਾਰਤੀ ਫੌਜੀ ਹਮਲੇ ਨੂੰ ਸਿੱਖਾਂ ਦਾ ਤੀਜਾ ਘੱਲੂਘਾਰਾ ਹੀ ਕਹਿਣਾ ਉਚਿਤ ਹੈ। ਇਸ ਬਿਰਤਾਂਤ ਨੂੰ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ 'ਝਨਾਂ ਦੀ ਰਾਤ' ਵਿੱਚ ਢੁਕਵੀਂ ਸ਼ਬਦਾਵਲੀ ਰਾਹੀਂ ਪੇਸ਼ ਕਰਦੇ ਬਿਆਨ ਕਰਦੇ ਹਨ :
"ਕਟਕ ਅਕ੍ਰਿਤਘਣਾਂ ਦੇ ਧਮਕੇ ਹਰਮਿੰਦਰ ਦੇ ਬੂਹੇ।
ਮੀਆਂ ਮੀਰ ਦਾ ਖੂਨ ਵੀਟ ਕੇ ਕਰੇ ਸਰੋਵਰ ਸੂਹੇ ।
ਦੂਰ ਸਮੇਂ ਦੇ ਗਰਭ ’ਚ ਸੁੱਤੇ ਬੀਜ ਮਾਸੂਮ ਵਣਾਂ ਦੇ,
ਲੂਣ-ਹਰਾਮ ਦੀ ਨਜ਼ਰ ਪੈਂਦਿਆਂ ਗਏ ਪਲਾਂ ਵਿਚ ਲੂਹੇ।
ਨਾਰ ਸਰਾਲ ਸਰਕਦਾ ਘੇਰਾ ਹਰਿਮੰਦਰ ਨੂੰ ਪਾਇਆ ।
ਰਿਜ਼ਕ ਫ਼ਕੀਰਾਂ ਵਾਲਾ ਸੁੱਚਾ ਆ ਤਕਦੀਰ ਜਲਾਇਆ ।
ਬੁੱਤ-ਪੂਜਾਂ ਦੇ ਸੀਨੇ ਦੇ ਵਿਚ ਫੱਫੇਕੁੱਟਨੀ ਸੁੱਤੀ,
ਜਿਸ ਦੀ ਵਿਸ ਨੂੰ ਭਸਮ ਕਰਨ ਲਈ ਤੀਰ ਬੇਅੰਤ ਦਾ ਆਇਆ ।
ਘਾਇਲ ਹੋਏ ਹਰਿਮੰਦਰ ਕੋਲੇ ਕਿੜਾਂ ਬੇਅੰਤ ਨੂੰ ਪਈਆਂ
ਤੱਤੀ ਤਵੀ ਦੇ ਵਾਂਗ ਦੁਪਹਿਰਾਂ ਨਾਲ ਨਾਲ ਬਲ ਰਹੀਆਂ ।
ਮੀਆਂ ਮੀਰ ਦੇ ਸੁਪਨੇ ਦੇ ਵਿੱਚ ਵਗੇ ਵਗੇ ਪਈ ਰਾਵੀ,
ਵਹਿਣ ’ਚ ਹੱਥ ਉਠੇ, ਸਭ ਲਹਿਰਾਂ ਉਲਰ ਬੇਅੰਤ ਤੇ ਪਈਆਂ ।
ਜੂਨ 84 ਵਿੱਚ ਦਰਬਾਰ ਸਾਹਿਬ ਦੇ ਫੌਜੀ ਹਮਲੇ ਦਾ 40ਵਾਂ ਸ਼ਹੀਦੀ ਸਾਲ ਚੇਤੇ ਕਰਦਿਆਂ, ਅੱਜ ਤੋਂ ਇਹ ਪ੍ਰਣ ਕਰਨਾ ਬਣਦਾ ਹੈ ਕਿ ਜਾਣੇ-ਅਣਜਾਣੇ ਵਿੱਚ ਸਟੇਟ ਦੇ ਬਿਰਤਾਂਤ ਅਤੇ ਕਪਟੀ ਸ਼ਬਦਾਵਲੀ ਆਪਰੇਸ਼ਨ ਬਲੂ ਸਟਾਰ (ਸਾਕਾ ਨੀਲਾ ਤਾਰਾ) ਨੂੰ ਆਪਣੇ ਜਜ਼ਬਾਤ ਬਿਆਨ ਕਰਨ ਲਈ ਨਾ ਵਰਤਿਆ ਜਾਵੇ। ਹਾਂ, ਜਿੱਥੇ ਸਰਕਾਰੀ ਜਬਰ ਅਤੇ ਫੌਜ ਦੇ ਕਹਿਰ ਨੂੰ ਦੱਸਣਾ ਹੋਵੇ, ਉਥੇ ਭਾਰਤ ਸਰਕਾਰ ਦੇ ਛਲ-ਕਪਟੀ ਸ਼ਬਦਾਂ ਦੇ ਰੂਪ ਵਿੱਚ ਇਸ ਨੂੰ ਕੋਝੀ ਅਤੇ ਨੀਚ ਕਾਰਵਾਈ ਵਜੋਂ ਬਿਆਨ ਕਰਨਾ ਠੀਕ ਹੋਏਗਾ। ਇਸ ਤੋਂ ਇਲਾਵਾ ਇਹ ਗੱਲ ਵੀ ਗੌਰ ਕਰਨ ਵਾਲੀ ਹੈ ਕਿ ਜੂਨ 84 ਦਾ ਤੀਜਾ ਸ਼ਹੀਦੀ ਘੱਲੂਘਾਰਾ ਸਿੱਖ ਕੌਮ ਲਈ ਇੱਕ ਯੁਗ ਪਲਟਾਊ ਵਰਤਾਰਾ ਹੈ, ਜਿਸ ਨੇ ਦੇਸ਼ ਵਿਦੇਸ਼ ਵਿੱਚ ਲੱਖਾਂ ਸਿੱਖਾ ਦਾ ਜੀਵਨ ਬਦਲ ਦਿੱਤਾ। ਅਜਿਹੇ ਜੀਵਨ ਪਲਟਾਊ ਬਿਰਤਾਂਤ ਨੂੰ ਡਾਕਟਰ ਹਰਭਜਨ ਸਿੰਘ ਤੋਂ ਵਧੀਆ ਢੰਗ ਨਾਲ ਸ਼ਾਇਦ ਹੀ ਕਿਸੇ ਨੇ ਬਿਆਨ ਕੀਤਾ ਹੋਵੇ ;
ਦਿੱਲੀ ਨੇ ਜਦ ਅੰਮ੍ਰਿਤਸਰ ’ਤੇ ਜਮ ਕਰ ਮੁਗਲ ਚੜ੍ਹਾਇਆ
ਹੈਵਰ ਗੈਵਰ ਤੋਂ ਵੀ ਤਕੜਾ ਜਦ ਲੌਹੇਯਾਨ ਦੁੜਾਇਆ
ਫੌਜਾਂ ਨੇ ਜਦ ਸੋਨਕਲਸ਼ ’ਤੇ ਤੁਪਕ ਤਾਨ ਚਲਾਇਆ
ਖਖੜੀ ਖਖੜੀ ਹੋ ਕੇ ਡਿੱਗਾ ਜਦ ਮੇਰੇ ਸਿਰ ਦਾ ਸਾਇਆ
ਸੱਚ ਤਖਤ ਜਿਨ੍ਹੇ ਸੀ ਢਾਇਆ ਉਸੇ ਜਦੋਂ ਬਣਾਇਆ
ਤਾਂ ਅਪਰਾਧੀ ਦੂਣਾ ਨਿਵਦਾ ਮੈਨੂੰ ਨਜ਼ਰੀਂ ਆਇਆ
ਸਤਿਗੁਰ ਇਹ ਕੀ ਕਲਾ ਵਿਖਾਈ,ਤੂੰ ਕੀ ਭਾਣਾ ਵਰਤਾਇਆ
'ਮੈਂ ਪਾਪੀ ਦੀ ਸੋਧ ਲਈ ਤੂੰ' ਆਪਣਾ ਘਰ ਢਠਾਇਆ
ਮੈਂ ਰੱਬ ਨੂੰ ਬਹੁਤ ਧਿਆਇਆ।
ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਸੰਘਰਸ਼ : ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ - ਡਾ. ਗੁਰਵਿੰਦਰ ਸਿੰਘ
23 ਮਈ 2024 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਦੇ, ਵੈਨਕੂਵਰ ਦੀ ਸਮੁੰਦਰੀ ਧਰਤੀ 'ਤੇ ਪੁੱਜਣ ਦੇ ਇਤਿਹਾਸਿਕ ਵਰਤਾਰੇ ਨੂੰ 110 ਸਾਲ ਹੋ ਗਏ ਹਨ। ਮਹਾਨ ਲਿਖਾਰੀ ਜਾਰਜ ਓਰਵੈਲ ਦਾ ਕਹਿਣਾ ਹੈ ਕਿ ਲੋਕਾਂ ਨੂੰ ਤਬਾਹ ਕਰਨ ਦਾ ਸਭ ਤੋਂ ਪ੍ਰਭਾਵਸ਼ਾਲੀ ਤਰੀਕਾ ਹੈ ਕਿ ਲੋਕਾਂ ਦੀ ਆਪਣੇ ਇਤਿਹਾਸ ਬਾਰੇ ਸਮਝ ਨੂੰ ਨਕਾਰਨਾ ਅਤੇ ਮਿਟਾ ਦੇਣਾ। ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਸੰਘਰਸ਼, ਮਨੁੱਖੀ ਹੱਕਾਂ ਲਈ ਘੋਲ ਦਾ ਸ਼ਾਨਦਾਰ ਇਤਿਹਾਸ ਅਤੇ ਚੇਤਨਾ ਦੀ ਪ੍ਰਤੀਕ ਹੈ। ਲੋਕਾਂ ਨੂੰ ਤਬਾਹੀ ਤੋਂ ਬਚਾਉਣ ਲਈ ਆਪਣੇ ਇਤਿਹਾਸ ਬਾਰੇ ਸਮਝਾਉਣ ਅਤੇ ਉਸ ਦੇ ਫ਼ਖਰ ਮਹਿਸੂਸ ਕਰਨ ਪ੍ਰਤੀ ਉਤਸ਼ਾਹਿਤ ਕਰਨ ਲਈ ਸ੍ਰੀ ਗੁਰੂ ਨਾਨਕ ਜਹਾਜ਼ ਦੇ ਇਤਿਹਾਸ ਅਤੇ ਪ੍ਰਸੰਗ ਨੂੰ ਸਮਝਣਾ ਲਾਹੇਬੰਦ ਹੋਏਗਾ।
ਵੀਹਵੀਂ ਸਦੀ ਦੇ ਆਰੰਭ ਵਿੱਚ ਕੈਨੇਡਾ ਵਿੱਚ ਨਸਲਵਾਦੀ ਗੋਰੀ ਸਰਕਾਰ ਸੀ, ਜਿਸ ਨੇ 1907 ਵਿੱਚ ਪਹਿਲਾਂ ਭਾਰਤੀਆਂ ਤੋਂ ਵੋਟ ਦਾ ਹੱਕ ਖੋਹਿਆ ਤੇ ਉਸ ਤੋਂ ਬਾਅਦ ਕੈਨੇਡਾ ਆਉਣ ਲਈ ਆਪਣੇ ਮੁਲਕ ਤੋਂ ਸਿੱਧੇ ਸਫ਼ਰ ਦੀ ਸ਼ਰਤ ਲਾ ਦਿੱਤੀ। ਸਿੱਧੇ ਸਫਰ ਰਾਹੀਂ ਕੈਨੇਡਾ ਦਾਖਲ ਹੋਣ ਤੋਂ ਰੋਕਣ ਦਾ ਇਹ ਕਾਲਾ ਕਾਨੂੰਨ ਸੀ, ਜਿਸ ਨੂੰ ਪ੍ਰਭਾਵਹੀਣ ਕਰਨ ਲਈ ਕੈਨੇਡਾ ਦੇ ਮੋਢੀ ਸਿੱਖਾਂ ਸ਼ਹੀਦ ਭਾਈ ਭਾਗ ਸਿੰਘ ਜੀ ਭਿਖੀਪਿੰਡ, ਪ੍ਰਧਾਨ ਅਤੇ ਸ਼ਹੀਦ ਭਾਈ ਬਲਵੰਤ ਸਿੰਘ ਜੀ ਖੁਰਦਪੁਰ ਮੁੱਖ ਗ੍ਰੰਥੀ, ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੀ ਸਲਾਹ 'ਤੇ ਮਾਝੇ ਦੇ ਨਾਮਵਰ ਸਿੱਖ ਆਗੂ ਅਤੇ ਕਾਰੋਬਾਰੀ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਦੂਰ-ਅੰਦੇਸ਼ੀ ਨਾਲ ਵਿਉਂਤ ਸੋਚੀ।
ਕੈਨੇਡਾ ਸਰਕਾਰ ਦੇ 'ਨਸਲੀ ਵਿਤਕਰੇ ਵਾਲੇ ਕਾਨੂੰਨ ਨਿਰੰਤਰ ਸਿੱਧੇ ਸਫਰ' ਨੂੰ ਚੁਣੌਤੀ ਦੇਣ ਲਈ ਜਨਵਰੀ 1914 ਵਿੱਚ ਬਾਬਾ ਜੀ ਵੱਲੋਂ ਕਲਕੱਤੇ (ਬ੍ਰਿਟਿਸ਼ ਭਾਰਤ) ਜਾ ਕੇ 'ਗੁਰੂ ਨਾਨਕ ਸਟੀਮਸ਼ਿਪ ਕੰਪਨੀ' ਕਾਇਮ ਕੀਤੀ ਗਈ, ਜਿਸ ਅਧੀਨ 'ਗੁਰੂ ਨਾਨਕ ਸਾਹਿਬ' ਦੇ ਨਾਂ ਤੇ ਇੱਕ ਜਹਾਜ਼ ਕਿਰਾਏ ਤੇ ਲੈਣ ਦਾ ਫੈਸਲਾ ਕੀਤਾ ਗਿਆ। ਉਨਾਂ ਸਮੁੰਦਰੀ ਬੇੜੇ ਦੀ ਭਾਲ ਕਰਦਿਆਂ ਸਭ ਤੋਂ ਪਹਿਲਾਂ 'ਸਿੰਗਾਪੁਰ ਸਟੀਮਸ਼ਿਪ ਕੰਪਨੀ' ਦੇ ਮੈਨੇਜਰ ਰਾਹੀਂ 'ਲਿਥੋ ਐਂਡ ਕੰਪਨੀ' ਨੂੰ ਸੰਪਰਕ ਕੀਤਾ, ਪਰ ਉਹਨਾਂ ਦਾ ਜਹਾਜ਼ ਪੁਰਾਣਾ ਹੋਣ ਕਾਰਨ ਪੈਸੇਫ਼ਿਕ ਸਮੁੰਦਰ ਵਿੱਚ ਉਤਾਰੇ ਜਾਣ ਦੇ ਸਮਰੱਥ ਨਹੀਂ ਸੀ। ਇਉਂ ਹੀ ਕਈ ਹੋਰ ਬੇੜਿਆਂ ਦੀ ਭਾਲ ਕੀਤੀ ਗਈ। ਆਖ਼ਰਕਾਰ ਜਰਮਨ ਦੇ ਏਜੰਟ ਯੂਨੇ ਰਾਹੀਂ ਜਪਾਨੀ ਕੰਪਨੀ 'ਕਾਮਾਗਾਟਾ' ਨਾਲ ਸੰਪਰਕ ਕੀਤਾ ਅਤੇ ਉਹਨਾਂ ਦਾ ਜਹਾਜ਼ ਲੈਣ ਦਾ ਫੈਸਲਾ ਕੀਤਾ। ਕਾਮਾਗਾਟਾਮਾਰੂ ਨਾਂ ਦਾ ਸਮੁੰਦਰੀ ਬੇੜਾ, ਜਾਪਾਨ ਤੋਂ 11 ਹਜ਼ਾਰ ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ, ਛੇ ਮਹੀਨਿਆਂ ਲਈ ਭਾੜੇ 'ਤੇ ਲੈਆ । ਇਸ ਦਾ ਆਕਾਰ 392.2 ਫੁੱਟ ਸੀ ਅਤੇ 3 ਹਜ਼ਾਰ ਟਨ ਮਾਲ ਢੋਣ ਦੀ ਸਮਰੱਥਾ ਸੀ, ਜਦ ਕਿ ਇੱਕ ਘੰਟੇ ਵਿੱਚ 20 ਕਿਲੋਮੀਟਰ ਦਾ ਸਫਰ ਤੈਅ ਕਰ ਸਕਦਾ ਸੀ। ਮਾਰਚ 1914 ਨੂੰ ਬਾਬਾ ਗੁਰਦਿੱਤ ਸਿੰਘ ਨੇ ਜਪਾਨੀ ਕੰਪਨੀ ਤੋਂ ਇਹ ਜਹਾਜ਼ ਭਾੜੇ 'ਤੇ ਲਿਆ। ਇਹ ਜਹਾਜ਼ ਕੋਲਾ ਢੋਣ ਵਾਲਾ ਸੀ ਤੇ ਯਾਤਰੂ ਜਹਾਜ਼ ਦੇ ਰੂਪ ਵਿੱਚ ਬਦਲਣ ਲਈ ਬਾਬਾ ਗੁਰਦਿੱਤ ਸਿੰਘ ਨੇ ਅੰਦਰੋਂ ਕਾਫੀ ਤਬਦੀਲੀ ਕੀਤੀ ਅਤੇ 2500 ਡਾਲਰ ਖਰਚੇ ਤੇ ਬੈਠਣ ਲਈ ਬੈਂਚ ਆਦਿ ਦਾ ਪ੍ਰਬੰਧ ਕੀਤਾ। ਭਾਰੀ ਖਰਚਾ ਕਰਕੇ ਜਹਾਜ਼ ਦੀ ਮੁਰੰਮਤ ਕਰਵਾਉਂਦਿਆਂ, ਪੂਰੀ ਤਿਆਰੀ ਨਾਲ ਜਹਾਜ਼ ਮੁਸਾਫਿਰ ਲਿਜਾਣ ਦੇ ਯੋਗ ਬਣਾਇਆ ਗਿਆ।
ਸ੍ਰੀ ਗੁਰੂ ਨਾਨਕ ਜਹਾਜ਼ ਦੇ ਨਾਮਕਰਨ ਦਾ ਇਤਿਹਾਸ :
ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਮਾਰਚ 1914 ਨੂੰ ਹਾਂਗਕਾਂਗ ਗੁਰਦੁਆਰਾ ਸਾਹਿਬ ਵਿਖੇ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਖੰਡ ਪਾਠ ਕਰਵਾਏ ਗਏ ਅਤੇ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਦਾ ਨਾਮਕਰਨ 'ਸ੍ਰੀ ਗੁਰੂ ਨਾਨਕ ਜਹਾਜ਼' ਕੀਤਾ ਗਿਆ। ਕਾਨੂੰਨੀ ਪਹਿਲੂ ਵਿਚਾਰਦਿਆਂ ਜਹਾਜ਼ ਦੀਆਂ ਟਿਕਟਾਂ 'ਗੁਰੂ ਨਾਨਕ ਨੈਵੀਗੇਸ਼ਨ ਕੰਪਨੀ' ਵੱਲੋਂ ਪ੍ਰਕਾਸ਼ਿਤ ਹੋਈਆਂ ਅਤੇ ਟਿਕਟਾਂ ਉੱਪਰ ਜਹਾਜ਼ ਦਾ ਨਾਂ 'ਗੁਰੂ ਨਾਨਕ ਸਟੀਮਰ' ਲਿਖਿਆ ਗਿਆ। ਸ੍ਰੀ ਗੁਰੂ ਨਾਨਕ ਜਹਾਜ਼ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ, ਜਿੱਥੇ ਦੀਵਾਨ ਜੁੜਦੇ, ਢਾਡੀ ਵਾਰਾਂ ਗਾਉਂਦੇ ਅਤੇ ਨਿਸ਼ਾਨ ਸਾਹਿਬ ਝੁਲਾਇਆ ਜਾਂਦਾ। ਸਾਂਝੇ ਪੰਜਾਬ (ਅਜੋਕੇ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼) ਦੇ ਸਭ ਯਾਤਰੂ ਜਾਣਦੇ ਸਨ ਕਿ 'ਗੁਰੂ ਨਾਨਕ ਜਹਾਜ਼' ਨਾਂ ਦੇ ਅਧੀਨ ਹੀ ਸਭ ਨੂੰ 'ਸਾਂਝੀ ਗੋਦ' ਵਿੱਚ ਲਿਆ ਜਾ ਸਕਦਾ ਸੀ। ਇਤਿਹਾਸਿਕ ਤੱਥਾਂ 'ਤੇ ਅਧਾਰਤ ਇਸ ਜਾਣਕਾਰੀ ਤੋਂ ਬਾਅਦ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਇਸ ਸਮੁੰਦਰੀ ਬੇੜੇ ਦਾ ਨਾਂ ਸ੍ਰੀ ਗੁਰੂ ਨਾਨਕ ਜਹਾਜ਼ ਹੈ ਅਤੇ ਇਤਿਹਾਸਕਾਰਾਂ ਲਈ ਸ੍ਰੀ ਗੁਰੂ ਨਾਨਕ ਜਹਾਜ਼ ਸ਼ਬਦ ਹੀ ਵਰਤਣਾ ਉਚਿਤ ਹੈ। ਕਈ ਲੇਖਕਾਂ ਵੱਲੋਂ ਅੱਜ ਵੀ ਜਾਣੇ-ਅਣਜਾਣੇ ਵਿੱਚ ਸ੍ਰੀ ਗੁਰੂ ਨਾਨਕ ਜਹਾਜ਼ ਨੂੰ, ਜਾਪਾਨੀ ਨਾਂ ਕਾਮਾਗਾਟਾਮਾਰੂ ਨਾਲ ਹੀ ਬਿਆਨਿਆ ਜਾਂਦਾ ਹੈ, ਜੋ ਕਿ ਸਹੀ ਨਹੀਂ। ਜਹਾਜ਼ ਦੇ ਸਹੀ ਨਾਂ ਪ੍ਰਤੀ ਬੇਸਮਝੀ ਹੋਣ ਕਾਰਨ, ਕੈਨੇਡਾ ਵਿੱਚ ਕਈ ਸੰਸਥਾਵਾਂ ਦੇ ਨੁਮਾਇਦੇ ਕਾਹਲੀ ਨਾਲ ਸੜਕਾਂ, ਪਾਰਕਾਂ ਅਤੇ ਇਮਾਰਤਾਂ ਆਦਿ ਦੇ ਨਾਂ 'ਕਾਮਾਗਾਟਾਮਾਰੂ' ਰਖਵਾਈ ਜਾ ਰਹੇ ਹਨ, ਜੋ ਕਿ ਆਪਣੇ ਆਪ ਵਿੱਚ ਗਲਤ ਪਿਰਤ ਹੈ।ਅਜਿਹੀਆਂ ਸੰਸਥਾਵਾਂ ਦੇ ਆਗੂਆਂ ਲਈ ਸੁਚੇਤ ਹੋ ਕੇ, ਇਤਿਹਾਸਿਕ ਖੋਜ ਪ੍ਰਤੀ ਸੂਝ-ਬੂਝ ਰੱਖਣੀ ਜ਼ਰੂਰੀ ਹੈ।
ਕੌਮਾਂਤਰੀ ਮੰਚ 'ਤੇ ਪੰਜਾਬੀ ਸ਼ਬਦ 'ਜਹਾਜ਼' ਨੂੰ ਮਾਨਤਾ:
ਨਿਰੰਤਰ ਸਿੱਧੇ ਸਫਰ ਦੇ ਕਾਨੂੰਨੀ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ, ਜਹਾਜ਼ ਨੂੰ ਹਰ ਬੰਦਰਗਾਹ 'ਤੇ, ਭਾਰਤ ਵਿੱਚ ਰਜਿਸਟਰ 'ਸ੍ਰੀ ਗੁਰੂ ਨਾਨਕ ਸਟੀਮਸ਼ਿਪ ਕੰਪਨੀ' ਅਧੀਨ, ਸ੍ਰੀ ਗੁਰੂ ਨਾਨਕ ਜਹਾਜ਼ ਦੇ ਨਾਂ ਨਾਲ ਹੀ ਦਾਖਲ ਕੀਤਾ ਜਾਂਦਾ ਅਤੇ ਤੋਰਿਆ ਜਾਂਦਾ ਸੀ। ਆਪਣੇ ਮੂਲ ਬਿਰਤਾਂਤ 'ਤੇ ਪਹਿਰਾ ਦਿੰਦੇ ਹੋਏ ਜਾਪਾਨੀ ਸ਼ਬਦ 'ਮਾਰੂ' ਜਾਂ ਅੰਗਰੇਜ਼ੀ ਸ਼ਬਦ 'ਸ਼ਿਪ' ਦੀ ਥਾਂ ਤੇ 'ਜਹਾਜ਼' ਸ਼ਬਦ ਵਰਤਣਾ, ਪੰਜਾਬੀ ਮਾਂ ਬੋਲੀ ਤੇ ਗੁਰਮੁਖੀ ਦਾ ਸਤਿਕਾਰ ਅਤੇ ਪੰਜਾਬੀ ਸੱਭਿਆਚਾਰ ਦਾ ਗਿਆਨ ਵਧਾਉਣਾ ਸੀ ਅਤੇ ਦੁਨੀਆ ਨੂੰ ਦੱਸਣਾ ਸੀ ਕਿ 'ਪੰਜਾਬੀ ਸ਼ਬਦ ਜਹਾਜ਼' ਦੀ ਕਿੰਨੀ ਅਹਿਮੀਅਤ ਰੱਖਦਾ ਹੈ। ਕਾਨੂੰਨੀ ਦਸਤਾਵੇਜ਼ਾਂ ਮੁਤਾਬਕ ਜਪਾਨੀ ਸਮੁੰਦਰੀ ਬੇੜੇ ਨੂੰ ਕਿਰਾਏ 'ਤੇ ਲੈ ਕੇ, ਉਸ ਦੇ ਪੁਨਰ ਨਾਮਕਰਨ ਦੇ ਆਧਾਰ 'ਤੇ ਉਸ ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਹੀ ਕਿਹਾ ਜਾ ਸਕਦਾ ਸੀ, ਨਾ ਕਿ ਕਿਸੇ ਵੀ ਹੋਰ ਪੁਰਾਣੇ ਨਾਂ ਨਾਲ ਸੰਬੋਧਨ ਕਰਨਾ ਠੀਕ ਸੀ। ਅਜਿਹੇ ਸੁਚੱਜੇ ਵਰਤਾਰੇ ਨੇ ਕੌਮਾਂਤਰੀ ਮੰਚ 'ਤੇ ਪੰਜਾਬੀ ਸ਼ਬਦ 'ਜਹਾਜ਼' ਨੂੰ ਮਕਬੂਲ ਕੀਤਾ ਹੈ।
ਇਤਿਹਾਸ ਦੇ ਇਸ ਸ਼ਾਨਦਾਰ ਅਧਿਆਏ ਬਾਰੇ ਬਾਬਾ ਗੁਰਦਿੱਤ ਸਿੰਘ ਸਵੈ-ਜੀਵਨੀ 'ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ', ਸਭ ਤੋਂ ਮਹੱਤਵਪੂਰਨ ਹੈ, ਜਿਹੜੀ ਕਿ ਪੰਜਾਬੀ ਵਿੱਚ ਡਾ. ਗੁਰਦੇਵ ਸਿੰਘ ਸਿੱਧੂ ਵੱਲੋਂ ਸੰਪਾਦਿਤ ਕੀਤੀ ਗਈ ਹੈ। ਇਸ ਕਿਤਾਬ ਵਿੱਚੋਂ, ਇਸ ਲੇਖ ਵਿੱਚ ਕਈ ਸਰੋਤ ਸਾਂਝੇ ਕੀਤੇ ਗਏ ਹਨ। ਕੈਨੇਡਾ ਵਾਸੀ ਡਾ. ਪੂਰਨ ਸਿੰਘ ਦੀ ਕਿਤਾਬ 'ਕਾਮਾਗਾਟਾਮਾਰੂ ਦਾ ਦੁਖਾਂਤ : ਕੈਨੇਡਾ ਦੇ ਸਿੱਖਾਂ ਵੱਲੋਂ ਮਨੁੱਖੀ ਹੱਕਾਂ ਲਈ ਘੋਲ', ਗਿਆਨੀ ਕੇਸਰ ਸਿੰਘ ਨਾਵਲਿਸਟ ਦੀ ਕਿਤਾਬ 'ਦਾ ਕਨੇਡੀਅਨ ਸਿੱਖਜ਼' ਤੇ ਨਾਵਲ 'ਕਾਮਾਗਾਟਾਮਾਰੂ', ਇਤਿਹਾਸਕਾਰ ਡਾਕਟਰ ਗੰਡਾ ਸਿੰਘ ਦੀਆਂ ਲਿਖਤਾਂ, ਭਾਈ ਰਾਜਵਿੰਦਰ ਸਿੰਘ ਰਾਹੀ ਦੀ 'ਕਾਮਾਗਾਟਾਮਾਰੂ ਜਹਾਜ਼ ਦਾ ਅਸਲੀ ਸੱਚ', ਸ. ਅਜਮੇਰ ਸਿੰਘ ਦੀ ਕਿਤਾਬ 'ਗਦਰੀ ਬਾਬੇ ਕੌਣ ਸਨ?' ਆਦਿ ਕਿਤਾਬਾਂ ਵੀ ਗੌਰ ਕਰਨਯੋਗ ਹਨ। ਇਹਨਾਂ ਕਿਤਾਬਾਂ ਵਿੱਚ ਵਧੇਰੇ ਕਰਕੇ 'ਗੁਰੂ ਨਾਨਕ ਜਹਾਜ਼' ਸ਼ਬਦ ਵਰਤਿਆ ਗਿਆ ਹੈ। ਇਤਿਹਾਸ ਦਾ ਸਹੀ ਬਿਰਤਾਂਤ ਸਮਝਣ 'ਤੇ ਗਿਆਨ ਹੁੰਦਾ ਹੈ ਕਿ ਜਹਾਜ਼ ਦਾ ਨਾਂ ਸ੍ਰੀ ਗੁਰੂ ਨਾਨਕ ਜਹਾਜ਼ ਰੱਖਣਾ, ਮਹਿਜ਼ ਖਾਨਾਪੂਰਤੀ ਨਹੀਂ ਸੀ, ਬਲਕਿ ਭਾਈਚਾਰਕ ਸਾਂਝੀਵਾਲਤਾ ਦੀ ਤਾਕਤ ਅਤੇ ਜਬਰ ਖਿਲਾਫ ਲੜਨ ਲਈ ਦੂਰਅੰਦੇਸ਼ੀ ਸੀ। ਸੱਚ ਤਾਂ ਇਹ ਹੈ ਕਿ 'ਗੁਰੂ ਨਾਨਕ ਜਹਾਜ਼' ਸ਼ਬਦ ਸਾਂਝੀਵਾਲਤਾ ਦਾ ਅਜਿਹਾ ਮੰਚ ਬਣਿਆ, ਗੁਰੂ ਨਾਨਕ ਵਿਚਾਰ ਤੇ ਸਰਬੱਤ ਨੂੰ ਕਲਾਵੇ ਵਿੱਚ ਲੈਣ ਵਾਲੀ ਸੋਚ ਉਜਾਗਰ ਹੋਈ। ਸਿੱਖਾਂ ਵੱਲੋਂ ਇੱਕ ਦੋਹਾ ਜੀਵਨ-ਸਫ਼ਰ ਸਫਲਾ ਕਰਨ ਲਈ ਗਾਇਆ ਜਾਂਦਾ ਹੈ :
''ਨਾਨਕ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ।
ਜੋ ਸ਼ਰਧਾ ਕਰ ਸੇਵਦੇ, ਗੁਰ ਪਾਰ ਉਤਾਰਨ ਹਾਰ।''
ਭਾਵ 'ਨਾਨਕ ਨਾਮ' ਜਹਾਜ਼ ਸਿੱਖ ਨੂੰ ਸੰਸਾਰ-ਸਾਗਰ ਤੋਂ ਪਾਰ ਕਰਦਾ ਹੈ। ਬਾਬਾ ਗੁਰਦਿੱਤ ਸਿੰਘ ਜੀ ਵੱਲੋਂ ਇਸ ਜਹਾਜ਼ ਦਾ ਨਾਮ ਸ੍ਰੀ ਗੁਰੂ ਨਾਨਕ ਜਹਾਜ਼ ਰੱਖਣ ਪਿੱਛੇ ਅਜਿਹੀ ਹੀ ਸੋਚ ਸੀ, ਪਰ ਅਫਸੋਸ ਇਹ ਹੈ ਕਿ ਅਜੋਕੇ ਕਈ ਲੇਖਕਾਂ, ਸਿਆਸਤਦਾਨਾਂ ਅਤੇ ਮੀਡੀਆਕਾਰਾਂ ਨੇ ਦੇਖੋ-ਦੇਖੀ ਕਾਮਾਗਾਟਾਮਾਰੂ ਨਾਂ ਨੂੰ ਪ੍ਰਚੱਲਤ ਕਰਕੇ, ਨਾ ਸਿਰਫ ਇਤਿਹਾਸ ਵਿਗਾੜਿਆ ਹੈ, ਬਲਕਿ ਗੁਰੂ ਨਾਨਕ ਸਾਹਿਬ ਦੇ ਬ੍ਰਹਿਮੰਡੀ ਫਲਸਫੇ ਨੂੰ ਵੀ ਨਜ਼ਰਅੰਦਾਜ਼ ਕੀਤਾ ਹੈ। ਇਸ ਵਰਤਾਰੇ ਵਿੱਚ ਸਿੱਖੀ ਪ੍ਰਤੀ ਸੰਕੀਰਣਤਾ ਵੀ ਝਲਕਦੀ ਹੈ। ਸੱਚੀ ਗੱਲ ਤਾਂ ਇਹ ਹੈ ਕਿ ਇੱਕ ਪਾਸੇ ਕਾਮਾਗਾਟਾਮਾਰੂ ਦੁਖਾਂਤ ਨਸਲਵਾਦ ਵਿਰੋਧੀ ਸੰਘਰਸ਼ ਵਜੋਂ ਪੇਸ਼ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ 'ਸ੍ਰੀ ਗੁਰੂ ਨਾਨਕ ਜਹਾਜ਼' ਨਾਂ ਮਿਟਾ ਕੇ, ਆਪਣੇ ਆਪ ਵਿੱਚ ਉਲਟਾ ਨਸਲਵਾਦ ਪੈਦਾ ਕੀਤਾ ਜਾ ਰਿਹਾ ਹੈ।
ਕਾਮਾਗਾਟਾਮਾਰੂ ਤੋਂ ਪਹਿਲਾਂ ਤੇ ਮਗਰੋਂ ਬਦਲਦੇ ਰਹੇ ਨੇ ਜਹਾਜ਼ ਦੇ ਨਾਂ:
ਬਾਬਾ ਗੁਰਦਿੱਤ ਸਿੰਘ ਵੱਲੋਂ ਭਾੜੇ 'ਤੇ ਲਏ ਗਏ ਸਮੁੰਦਰੀ ਜਹਾਜ਼ ਦੇ ਨਾਂ ਸਮੇਂ-ਸਮੇਂ ਬਦਲਦੇ ਰਹੇ ਹਨ। 'ਕਾਮਾਗਾਟਾਮਾਰੂ ਨਾਂ ਦੀ ਕੰਪਨੀ ਵੱਲੋਂ ਖਰੀਦੇ ਜਾਣ ਤੋਂ ਪਹਿਲਾਂ, ਇਸ ਜਹਾਜ਼ ਦੇ ਕਈ ਹੋਰ ਨਾਂ ਸਨ। ਮੂਲ ਰੂਪ ਵਿੱਚ ਇਹ ਜਪਾਨੀ ਸਟੀਮ ਲਾਈਨਰ ਜਹਾਜ਼ ਕੋਲਾ ਢੋਣ ਵਾਲਾ ਸੀ, ਜਿਸ ਨੂੰ 'ਚਾਰਲਸ ਕੋਨੇਲ ਐਂਡ ਕੰਪਨੀ' ਨੇ 13 ਅਗਸਤ 1890 ਨੂੰ ਪਹਿਲੀ ਵਾਰ ਸਮੁੰਦਰ ਵਿੱਚ ਉਤਾਰਿਆ ਸੀ ਅਤੇ ਉਦੋਂ ਇਸ ਦਾ ਨਾਂ ਓਪਰੋਕਤ ਕੰਪਨੀ ਦੇ ਨਾਂ 'ਤੇ ਹੀ ਆਧਾਰਿਤ ਸੀ। ਫਿਰ ਇਸ ਦੀ ਮਾਲਕੀ 'ਸਿਨਿਆਈ ਕਾਈਸਨ ਗੋਸ਼ੀ ਕੈਸੀਆ' ਜਪਾਨੀ ਕੰਪਨੀ ਕੋਲ ਆ ਗਈ ਅਤੇ ਇਸ ਨੂੰ ਇਸ ਕੰਪਨੀ ਦੇ ਨਾਂ ਨਾਲ ਜਾਣਿਆਂ ਜਾਂਦਾ ਰਿਹਾ। ਮਗਰੋਂ ਦੋ ਜਰਮਨ ਐਸ ਐਸ ਸਟੱਬਨਹਕ ਤੇ ਐਸ ਐਸ ਸਿਸੀਨੀਆ ਇਸਦੇ ਮਾਲਕ ਬਣੇ ਤੇ ਇਸਦਾ ਨਾਂ 'ਸਿਸੀਨੀਆ ਜਹਾਜ਼' ਹੋ ਗਿਆ। ਇਸ ਤੋਂ ਬਾਅਦ ਇਹ ਜਹਾਜ਼ ਕਾਫੀ ਸਮਾਂ 'ਹੈਮਬਰਗ ਅਤੇ ਅਮਰੀਕਨ ਲਾਈਨ' ਕੋਲ ਰਿਹਾ ਅਤੇ ਉਹਨਾਂ ਦੇ ਨਾਂ ਨਾਲ ਹੀ ਸੰਬੋਧਨ ਕੀਤਾ ਜਾਂਦਾ ਰਿਹਾ। ਜਨਵਰੀ 1914 ਵਿੱਚ ਜਪਾਨ ਦੀ ਕੰਪਨੀ 'ਕਾਮਾਗਾਟਾ' ਨੇ ਇਹ ਸਮੁੰਦਰੀ ਬੇੜੇ ਖਰੀਦ ਲਿਆ ਅਤੇ ਉਸ ਸਮੇਂ ਤੋਂ ਇਸ ਜਹਾਜ਼ ਦਾ ਨਾਂ 'ਕਾਮਾਗਾਟਾ ਮਾਰੂ' ਹੋ ਗਿਆ, ਕਿਉਂਕਿ ਜਪਾਨੀ ਵਿੱਚ ਸਮੁੰਦਰੀ ਜਹਾਜ਼ ਨੂੰ 'ਮਾਰੂ' ਕਿਹਾ ਜਾਂਦਾ ਹੈ। ਮਗਰੋਂ ਬਾਬਾ ਗੁਰਦਿੱਤ ਸਿੰਘ ਵੱਲੋਂ ਭਾੜੇ ਤੇ ਲੈਣ 'ਤੇ ਇਸ ਦਾ ਕਾਨੂੰਨੀ ਨਾਂ 'ਸ੍ਰੀ ਗੁਰੂ ਨਾਨਕ ਜਹਾਜ਼' ਪੈ ਗਿਆ। 23 ਜੁਲਾਈ 1914 ਨੂੰ ਕੈਨੇਡਾ ਤੋਂ ਜਬਰੀ ਵਾਪਸ ਮੋੜਨ 'ਤੇ, 29 ਸਤੰਬਰ 1914 ਨੂੰ ਕਲਕੱਤਾ ਵਿਖੇ ਬਜ-ਬਜ ਘਾਟ 'ਤੇ ਪੁੱਜਣ ਮਗਰੋਂ, ਇਹ ਜਹਾਜ਼ 'ਕਾਮਾਗਾਟਾਮਾਰੂ ਕੰਪਨੀ' ਵਾਪਸ ਲੈ ਗਈ। 1924 ਵਿੱਚ ਇਹ ਜਹਾਜ਼ ਹੋਰ ਕੰਪਨੀ ਨੇ ਖਰੀਦ ਲਿਆ ਅਤੇ ਇਸ ਦਾ ਨਾਂ 'ਹੀਆ ਮਾਰੂ' ਰੱਖ ਦਿੱਤਾ। ਇਉਂ ਇਸ ਸਮੁੰਦਰੀ ਬੇੜੇ ਦੇ ਨਾਂ ਕਈ ਵਾਰ ਬਦਲੇ, ਪਰ ਇਸ ਗੱਲ ਨਾਲ ਆਪਣਾ ਕੋਈ ਲੈਣਾ-ਦੇਣਾ ਨਹੀਂ ਅਤੇ ਨਾ ਹੀ ਇਹ ਮੁੱਦਾ ਅਹਿਮ ਹੈ ਕਿ ਕਿ ਅੱਜ-ਕੱਲ ਇਸ ਜਹਾਜ਼ ਦਾ ਕੀ ਨਾਂ ਹੈ ਜਾਂ ਇਹ ਜਹਾਜ਼ ਕਿੱਥੇ ਹੈ। ਅਸਲ ਮਕਸਦ ਤਾਂ ਉਸ ਬਿਰਤਾਂਤ ਨੂੰ ਸਾਂਭਣਾ ਹੈ, ਜਿਹੜਾ ਗੁਰੂ ਨਾਨਕ ਸਾਹਿਬ ਦੀ ਸਾਜੀ-ਵਾਜੀ ਖਲਕਤ ਵੱਲੋਂ ਨਸਲਵਾਦ ਖਿਲਾਫ ਜਾਨ ਦੀ ਬਾਜ਼ੀ ਖੇਡ ਕੇ ਸੰਘਰਸ਼ ਕੀਤਾ ਗਿਆ।
ਕੈਨੇਡਾ ਦੀ ਚਿੱਟੀ ਸਰਕਾਰ ਦੇ ਨਸਲਵਾਦ ਨੂੰ ਚੁਣੌਤੀ :
ਦਰਅਸਲ ਸਾਡਾ ਸਬੰਧ ਸਮੁੰਦਰੀ ਜਹਾਜ਼ ਕਾਮਾਗਾਟਾਮਾਰੂ ਨਾਲ ਨਹੀਂ, ਬਲਕਿ ਸਾਡਾ ਸਬੰਧ ਜਹਾਜ਼ ਦੇ ਮੁਸਾਫਿਰਾਂ ਦੇ ਉਸ ਬਿਰਤਾਂਤ ਨਾਲ ਹੈ, ਜਿਸ ਰਾਹੀਂ ਕੈਨੇਡਾ ਦੇ ਸਿੱਖਾਂ ਵੱਲੋਂ ਮਨੁੱਖੀ ਹੱਕਾਂ ਲਈ ਘੋਲ ਕੀਤਾ ਗਿਆ ਅਤੇ ਕੈਨੇਡਾ ਦੀ ਚਿੱਟੀ ਸਰਕਾਰ ਦੇ ਨਸਲਵਾਦ ਨੂੰ ਚੁਣੌਤੀ ਦਿੱਤੀ ਗਈ।ਬਾਬਾ ਗੁਰਦਿੱਤ ਸਿੰਘ ਨੇ ਜਪਾਨੀ ਕੰਪਨੀ ਤੋਂ ਇਹ ਜਹਾਜ਼ ਭਾੜੇ ਤੇ ਲੈ ਕੇ ਅਤੇ ਇਸਦਾ ਨਾਮਕਰਨ 'ਗੁਰੂ ਨਾਨਕ ਜਹਾਜ਼' ਰੱਖ ਕੇ ਇਸ ਦੇ ਕੈਨੇਡਾ ਰਵਾਨਾ ਹੋਣ ਲਈ ਅਖਬਾਰਾਂ ਚ ਇਸ਼ਤਿਹਾਰ ਦੇ ਦਿੱਤਾ। ਭਾਰੀ ਉਤਸ਼ਾਹ ਨਾਲ ਪੰਜ ਸੌ ਮੁਸਾਫਰ ਕੈਨੇਡਾ ਜਾਣ ਲਈ ਤਿਆਰ ਹੋ ਗਏ। 30 ਮਾਰਚ 1914 ਨੂੰ ਜਹਾਜ਼ ਹਾਂਗਕਾਂਗ ਤੋਂ ਰਵਾਨਾ ਹੋਣਾ ਸੀ, ਪਰ 25 ਮਾਰਚ ਨੂੰ ਬ੍ਰਿਟਿਸ਼ ਹਕੂਮਤ ਦੇ ਇਸ਼ਾਰੇ ਤੇ ਬਾਬਾ ਗੁਰਦਿੱਤ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਕਾਰਨ 500 ਮੁਸਾਫਰ ਸਹਿਮ ਦੇ ਮਾਰੇ ਖਿੰਡ-ਪੁੰਡ ਗਏ। ਕੁਝ ਦਿਨਾਂ ਬਾਅਦ ਬਾਬਾ ਜੀ ਦੀ ਰਿਹਾਈ ਮਗਰੋਂ, ਦੇਰੀ ਨਾਲ ਇਹ ਜਹਾਜ਼ 4 ਅਪ੍ਰੈਲ 1914 ਨੂੰ 135 ਮੁਸਾਫਰਾਂ ਨੂੰ ਲੈ ਕੇ ਹਾਂਗਕਾਂਗ ਤੋਂ ਰਵਾਨਾ ਹੋਇਆ। ਰਸਤੇ ਵਿੱਚ ਹੋਰ ਮੁਸਾਫਰ ਸਵਾਰ ਹੁੰਦੇ ਗਏ ਅਤੇ ਇਹ 21 ਮਈ 2014 ਨੂੰ ਵੈਨਕੂਵਰ ਪਹੁੰਚਿਆ। ਜਹਾਜ਼ ਵਿੱਚ 376 ਯਾਤਰੀ ਸਵਾਰ ਸਨ, ਜਿਨ੍ਹਾਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸਨ, ਜੋ ਜ਼ਿਆਦਾਤਰ ਸਾਂਝੇ ਪੰਜਾਬ ਖੇਤਰ ਦੇ ਸਨ। ਉਹ ਇੱਥੇ ਕੈਨੇਡਾ ਵਿੱਚ ਚੰਗੇਰੀ ਮੌਕਿਆਂ ਨਾਲ ਭਰਪੂਰ ਜ਼ਿੰਦਗੀ ਦੀ ਉਮੀਦ ਵਿੱਚ ਆਏ ਸਨ।
ਕਾਲੇ ਕਾਨੂੰਨਾਂ ਤਹਿਤ ਕੈਨੇਡਾ 'ਚ ਮੁਸਾਫਿਰਾਂ ਦੇ ਦਾਖਲੇ 'ਤੇ ਰੋਕ :
ਨਿਰੰਤਰ ਸਿੱਧੇ ਸਫਰ ਰਾਹੀਂ ਆਉਣ ਅਤੇ ਬ੍ਰਿਟਿਸ਼ ਪਰਜਾ ਹੋਣ ਦੇ ਬਾਵਜੂਦ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨੂੰ ਭੇਦਭਾਵ ਅਤੇ ਨਸਲਵਾਦੀ ਕਾਨੂੰਨਾਂ ਦੇ ਅਧਾਰ ਤੇ ਕੈਨੇਡਾ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਗਿਆ। ਯਾਤਰੀਆਂ ਨੂੰ ਡਾਕਟਰੀ ਸਹਾਇਤਾ, ਭੋਜਨ ਅਤੇ ਪਾਣੀ ਦੀ ਲੋੜੀਂਦੀ ਪਹੁੰਚ ਤੋਂ ਬਿਨਾਂ ਹੀ ਜਹਾਜ਼ ਦੇ ਬੋਰਡ 'ਤੇ ਰਹਿਣ ਲਈ ਮਜਬੂਰ ਕੀਤਾ ਗਿਆ। ਕਾਨੂੰਨੀ ਪੱਖੋਂ ਸਹੀ ਯਾਤਰਾ ਦਸਤਾਵੇਜ਼ ਰੱਖਣ ਅਤੇ ਭੇਦ-ਭਾਵ ਵਾਲੇ $200 ਹੈੱਡ ਟੈਕਸ ਦੀ ਵਧੀਕੀ ਦੀ ਪਾਲਣਾ ਕਰਨ ਦੇ ਬਾਵਜੂਦ, ਮੁਸਾਫਿਰਾਂ ਦੇ ਕੈਨੇਡਾ 'ਚ ਦਾਖਲੇ 'ਤੇ ਰੋਕ ਲਗਾ ਦਿੱਤੀ ਗਈ। ਡੋਮੇਨੀਅਨ ਕੈਨੇਡਾ ਦੀ ਹਕੂਮਤ ਦੇ ਵਿਤਕਰੇ ਦੇ ਰੂਪ ਵਿੱਚ ਵੈਨਕੂਵਰ ਦੇ ਮੇਅਰ ਬੈਕਸਟਰ ਵੱਲੋਂ 23 ਜੂਨ,1914 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਖਿਲਾਫ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਹੈ ਕਿ ਵੈਨਕੂਵਰ ਸਿਟੀ ਕੌਂਸਲ ਇਸ ਦੇਸ਼ ਵਿੱਚ 'ਹਿੰਦੂਆਂ' ਅਤੇ 'ਹੋਰ ਏਸ਼ੀਆਈ ਨਸਲਾਂ' (ਨਸਲਵਾਦੀ ਸ਼ਬਦ) ਦੇ ਦਾਖਲੇ ਦੇ ਅਟੱਲ ਤੌਰ 'ਤੇ ਵਿਰੋਧ ਵਜੋਂ ਰਿਕਾਰਡ 'ਤੇ ਰੱਖਣਾ ਚਾਹੁੰਦੀ ਹੈ ਤੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਰੌਬਰਟ ਬੋਰਡਨ ਨੂੰ ਇੱਕ ਤਾਰ ਭੇਜਣ ਦਾ ਅਧਿਕਾਰ ਦਿੱਤਾ ਜਾਂਦਾ ਹੈ, ਤਾਂ ਕਿ ਮੁਸਾਫਰ ਕੈਨੇਡਾ ਦੀ ਧਰਤੀ 'ਤੇ ਉਤਰ ਨਾ ਸਕਣ। ਇਹ ਮਤਾ ਸਰਬ ਸੰਮਤੀ ਨਾਲ ਪਾਸ ਹੋਇਆ ਅਤੇ ਬੀਸੀ ਅਤੇ ਕੈਨੇਡਾ ਦੀਆਂ ਸਰਕਾਰਾਂ ਨੇ ਇਸ 'ਤੇ ਮੋਹਰ ਲਗਾਈ।
'ਕਾਮਾਗਾਟਾਮਾਰੂ ਕੰਪਨੀ' ਵੱਲੋਂ ਨਸਲਵਾਦੀ ਸਰਕਾਰ ਦਾ ਸਾਥ :
ਸ੍ਰੀ ਗੁਰੂ ਨਾਨਕ ਜਹਾਜ ਦੇ ਮੁਸਾਫਿਰਾਂ ਨੇ ਦੋਹਰਾ ਸੰਤਾਪ ਹੰਡਾਇਆ। ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਸ੍ਰੀ ਗੁਰੂ ਨਾਨਕ ਜਹਾਜ਼ ਲਈ ਕੰਮ ਕਰਨ ਵਾਲੇ, 'ਕਾਮਾਗਾਟਾਮਾਰੂ ਕੰਪਨੀ' ਦੇ ਇੰਸਪੈਕਟਰ ਰੀਡ ਐਚ ਐਸ ਸਟੀਵਨ ਅਤੇ ਕੈਪਟਨ ਵਾਲਟਰ ਹੇਜ਼ ਵੀ, ਨਸਲਵਾਦੀ ਗੋਰਿਆਂ ਦੀ ਡੋਮੀਨੀਅਨ' ਕਨੇਡੀਅਨ ਸਰਕਾਰ ਨਾਲ ਮਿਲ' ਗਏ ਅਤੇ ਮੁਸਾਫਰਾਂ ਦੇ ਵਿਰੁੱਧ ਭੁਗਤਣਾ ਸ਼ੁਰੂ ਕਰ ਦਿੱਤਾ। ਸਿਤਮਜ਼ਰੀਫੀ ਇਹ ਹੈ ਕਿ ਜਿਸ ਕਾਮਾਗਾਟਾਮਾਰੂ ਕੰਪਨੀ ਦਾ ਨਾਂ ਅੱਜਕੱਲ 'ਨਸਲੀ ਵਿਤਕਰੇ ਦੀ ਪੀੜਤ' ਵਜੋਂ ਚਮਕਾਇਆ ਜਾਂਦਾ ਹੈ, ਇਸ ਕਾਮਾਗਾਟਾਮਾਰੂ ਕੰਪਨੀ ਨੇ ਵੀ 'ਮੁਸਾਫਿਰਾਂ ਨਾਲ ਵਿਤਕਰਾ' ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਕੈਨੇਡਾ ਦੇ ਮੋਢੀ ਸਿੱਖਾਂ 'ਚੋਂ ਇੱਕ ਲਿਖਾਰੀ ਅਰਜਨ ਸਿੰਘ 'ਚੰਦ ਨਵਾਂ' ਆਪਣੀ ਕੈਨੇਡਾ ਦੀ ਮੁਖਤਸਰ ਡਾਇਰੀ ਦੇ ਪੰਨਾ 19 'ਤੇ ਲਿਖਦੇ ਹਨ ਕਿ 13 ਜੂਨ 1914 ਨੂੰ 'ਕਾਮਾਗਾਟਾਮਾਰੂ ਕੰਪਨੀ' ਦੀ ਤਾਰ ਆਈ ਕਿ ਚਾਰਟਰਡ ਦੀ ਮਾਇਆ ਕਿਸ਼ਤ ਦੇਵੋ, ਨਹੀਂ ਤਾਂ ਜਹਾਜ਼ ਵਾਪਸ ਕੀਤਾ ਜਾਵੇ। ਅਜਿਹੀ ਹਾਲਤ ਵਿੱਚ ਡੋਮੇਨੀਅਨ ਹਾਲ ਵਿੱਚ ਸੰਗਤਾਂ ਨੇ ਇਕੱਠਿਆਂ ਹੋ ਕੇ ਮਾਇਆ ਇਕੱਤਰ ਕੀਤੀ। ਇਤਿਹਾਸਿਕ ਤੱਥ ਜਾਨਣ ਮਗਰੋਂ ਸਾਡੀ ਹਮਦਰਦੀ ਕਾਮਾਗਾਟਾਮਾਰੂ ਜਹਾਜ਼ ਦੀ ਕੰਪਨੀ ਦੇ ਨਾਲ ਨਹੀਂ, ਬਲਕਿ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਨਾਲ ਹੋਣੀ ਚਾਹੀਦੀ ਹੈ, ਜਿਹਨਾਂ ਵਿਤਕਰਾ ਅਤੇ ਧੱਕੇਸ਼ਾਹੀ ਹੱਡੀਂ ਹੰਢਾਏ।
ਸ੍ਰੀ ਗੁਰੂ ਨਾਨਕ ਜਹਾਜ਼ ਦੀ ਕੈਨੇਡਾ ਤੋਂ ਜਬਰੀ ਵਾਪਸੀ:
ਜਹਾਜ਼ ਦੇ ਮੁਸਾਫਿਰਾਂ ਖਿਲਾਫ ਕੈਨੇਡਾ ਵਿੱਚੋਂ ਦੇਸ਼ ਨਿਕਾਲੇ ਦੌਰਾਨ ਤਾਕਤ ਦੀ ਵਰਤੋਂ ਕੀਤੇ ਜਾਣ 'ਤੇ 6 ਜੁਲਾਈ 1914 ਦੇ ਬੋਰਡ ਆਫ ਅਪੀਲ ਦੇ ਨਿਰਾਸ਼ਾਵਾਦੀ ਫੈਸਲੇ ਤੋਂ ਬਾਅਦ ਯਾਤਰੀਆਂ ਲੰਬੇ ਵਾਪਸੀ ਦੇ ਸਫਰ ਲਈ ਖਾਣ-ਪਾਣੀ ਦੇ ਪ੍ਰਬੰਧ ਕੀਤੇ ਜਾਣ ਤੋਂ ਬਾਅਦ ਹੀ ਰਵਾਨਾ ਹੋਣ ਲਈ ਸਹਿਮਤ ਹੋਏ। 19 ਜੁਲਾਈ,1914 ਨੂੰ ਤੜਕੇ, 35 ਡਿਪੂਟਾਈਜ਼ਡ ਅਫਸਰਾਂ ਅਤੇ 125 ਸਿਟੀ ਪੁਲਿਸ ਅਧਿਕਾਰੀਆਂ ਦੇ ਨਾਲ ਛੋਟਾ ਸਰਕਾਰੀ ਸਮੁੰਦਰੀ ਜਹਾਜ਼, ਸਾਰੇ ਹਥਿਆਰਬੰਦ ਹਮਲਾਵਰਾਂ ਨੂੰ ਨਾਲ ਲੈ ਕੇ ਸ੍ਰੀ ਗੁਰੂ ਨਾਨਕ ਜਹਾਜ਼ ਨੂੰ ਬੰਦਰਗਾਹ ਤੋਂ ਬਾਹਰ ਕੱਢਣ ਦੇ ਇਰਾਦੇ ਨਾਲ ਨੇੜੇ ਆਣ ਪਹੁੰਚਿਆ। ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ ਜਾਗ ਰਹੇ ਸਨ ਅਤੇ ਧੱਕੇਸ਼ਾਹੀ ਦਾ ਵਿਰੋਧ ਕਰ ਰਹੇ ਸਨ ਕਿਉਂਕਿ ਉਨ੍ਹਾਂ ਨੂੰ ਆਪਣੇ ਦੇਸ਼ ਵਾਪਸੀ ਦੀ ਲੰਬੀ ਯਾਤਰਾ ਲਈ ਭੋਜਨ ਅਤੇ ਪਾਣੀ ਨਹੀਂ ਮਿਲਿਆ। ਸਰਕਾਰੀ ਹਮਲੇ ਦੇ ਜਵਾਬ ਵਿੱਚ ਮੁਸਾਫਿਰਾਂ ਨੇ ਜੈਕਾਰੇ ਲਾਉਂਦਿਆਂ ਹੋਇਆਂ ਮੋੜਵਾਂ ਪ੍ਰਤਿਕਰਮ ਦਿੱਤਾ ਤੇ ਲੜਾਈ ਸ਼ੁਰੂ ਹੋ ਗਈ। ਯਾਤਰੀਆਂ ਨੇ ਫੈਸਲਾ ਕੀਤਾ ਕਿ ਉਹ 'ਜਬਰ ਦਾ ਮੁਕਾਬਲਾ ਚੜ੍ਹਦੀ ਕਲਾ' ਨਾਲ ਕਰਨਗੇ। ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਰਾਂ ਦਾ ਰੋਹ ਦੇਖਦਿਆਂ ਹੋਇਆਂ ਸਰਕਾਰ ਨੇ ਆਪਣਾ ਹਮਲਾਵਰ ਜਹਾਜ਼ ਵਾਪਸ ਮੋੜ ਲਿਆ। ਇਸ ਦੌਰਾਨ ਨਸਲਵਾਦੀ ਵੈਨਕੂਵਰ ਪੁਲਿਸ, ਮੇਅਰ ਬੈਕਸਟਰ ਅਤੇ ਸਿਟੀ ਕਾਉਂਸਲਰਾਂ ਤੋਂ ਇਲਾਵਾ ਸਾਰੀਆਂ ਹਾਕਮੀ ਤਾਕਤਾਂ ਨੇ ਜਹਾਜ਼ ਦੇ ਮੁਸਾਫਰਾਂ ਉੱਪਰ ਦੇਸ਼ ਨਿਕਾਲੇ ਦੇ ਹੁਕਮ ਲਾਗੂ ਕੀਤੇ।
ਵੈਨਕੂਵਰ ਵਾਸੀਆਂ ਵੱਲੋਂ ਮੁਸਾਫਿਰਾਂ ਲਈ ਹਾਅ ਦਾ ਨਾਅਰਾ :
ਡੋਮੀਨੀਅਨ ਕੈਨੇਡਾ ਦੀ ਨਸਲਵਾਦੀ ਸਰਕਾਰ ਦੀਆਂ ਪੱਖਪਾਤੀ ਕਾਰਵਾਈਆਂ ਦੇ ਬਾਵਜੂਦ, ਵੈਨਕੂਵਰ ਵਿੱਚ ਰਹਿ ਰਹੇ ਸਥਾਨਕ ਭਾਈਚਾਰਿਆਂ ਨੇ ਯਾਤਰੀਆਂ ਦੀ ਵਕਾਲਤ ਕੀਤੀ ਅਤੇ ਮੁਸਾਫਰਾਂ ਦੇ ਸਮਰਥਨ ਵਿੱਚ ਪ੍ਰਬੰਧਾਂ ਅਤੇ ਕਾਨੂੰਨੀ ਯਤਨਾਂ ਲਈ ਭੁਗਤਾਨ ਕਰਨ ਲਈ ਫੰਡ ਇਕੱਠੇ ਕੀਤੇ। ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਧਾਨ ਭਾਈ ਭਾਗ ਸਿੰਘ ਅਤੇ ਸਹਿਯੋਗੀ ਹਸਨ ਰਹੀਮ ਦੇ ਨਾਂ 'ਤੇ ਜਹਾਜ਼ ਦੀ ਲੀਜ਼ ਤਬਦੀਲ ਕਰਨ ਮਗਰੋਂ, ਸਥਾਨਕ ਸਿੱਖ ਸੰਗਤਾਂ ਨੇ ਯਾਤਰੀਆਂ ਦੀਆਂ ਮਹਿੰਗੀਆਂ ਕਾਨੂੰਨੀ ਫੀਸਾਂ ਲਈ ਮਹਿੰਗੇ ਵਕੀਲਾਂ ਦੇ ਭੁਗਤਾਨ ਕਰਨ ਲਈ ਵੀ ਆਰਥਿਕ ਪ੍ਰਬੰਧ ਕੀਤੇ, ਜੋ ਉਨ੍ਹਾਂ ਦੇ ਦੇਸ਼ ਨਿਕਾਲੇ ਦੇ ਆਦੇਸ਼ਾਂ ਖਿਲਾਫ ਲੜ ਰਹੇ ਸਨ। ਭੋਜਨ, ਪਾਣੀ ਅਤੇ ਦਵਾਈਆਂ ਯਾਤਰੀਆਂ ਤੱਕ ਪਹੁੰਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ। ਦੂਜੇ ਪਾਸੇ ਸਥਾਨਕ ਸਿੱਖ ਆਗੂ ਅਤੇ ਮੱਦਦਗਾਰ ਵੀ ਯਾਤਰੀਆਂ ਤੱਕ ਪਹੁੰਚਣ 'ਚ ਅਸਫਲ ਰਹੇ, ਕਿਉਂਕਿ ਸਰਕਾਰ ਨੇ ਜਹਾਜ਼ ਤੱਕ ਪਹੁੰਚ 'ਤੇ ਪਾਬੰਦੀ ਲਗਾ ਦਿੱਤੀ ਸੀ। ਦੇਸ਼ ਨਿਕਾਲੇ ਦੇ ਹੁਕਮ ਨੂੰ ਕਾਨੂੰਨੀ ਚੁਣੌਤੀ ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੇ ਵਕੀਲ ਜੋਸੇਫ ਐਡਵਰਡ ਬਰਡ ਨੇ ਦਿੱਤੀ, ਪਰ ਉਹ ਅਸਫਲ ਰਿਹਾ। ਆਖਿਰਕਾਰ 23 ਜੁਲਾਈ 1914 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਨੂੰ ਕੈਨੇਡੀਅਨ ਫੌਜ ਅਤੇ ਹਕੂਮਤ ਵੱਲੋਂ ਕੈਨੇਡੀਅਨ ਪਾਣੀਆਂ 'ਚੋਂ ਵਿਤਕਰਿਆਂ ਅਤੇ ਧੱਕੇਸ਼ਾਹੀਆਂ ਨਾਲ ਬਾਹਰ ਕਰ ਦਿੱਤਾ ਗਿਆ।
ਭਾਰਤ ਵਾਪਸੀ 'ਤੇ ਬਜ-ਬਜ ਘਾਟ ਦਾ ਸ਼ਹੀਦੀ ਸਾਕਾ :
ਦੋ ਮਹੀਨੇ ਦੀ ਭਾਰੀ ਖੱਜਲ-ਖੁਆਰੀ ਤੋਂ ਬਾਅਦ 29 ਸਤੰਬਰ 1914 ਨੂੰ ਸ੍ਰੀ ਗੁਰੂ ਨਾਨਕ ਜਹਾਜ਼ ਕਲਕਤੇ, ਬ੍ਰਿਟਿਸ਼ ਭਾਰਤ ਵਾਪਸ ਪਰਤਿਆ, ਜਿੱਥੇ ਜਹਾਜ਼ 'ਤੇ ਸਵਾਰ ਲੋਕਾਂ ਨੂੰ ਰਾਜਨੀਤਿਕ ਵਿਘਨ ਪਾਉਣ ਵਾਲੇ 'ਅੱਜ ਦੇ ਅੰਦੋਲਨਜੀਵੀ' ਵਾਂਗ ਲੇਬਲ ਕੀਤਾ ਗਿਆ। ਸਿੱਖ ਮੁਸਾਫਿਰ ਗ੍ਰਿਫਤਾਰੀ ਅਤੇ ਪੰਜਾਬ ਵਾਪਸੀ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਲਕੱਤੇ ਦੇ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਕਰਨਾ ਚਾਹੁੰਦੇ ਸਨ, ਪਰ ਇਸ ਦਾ ਵਿਰੋਧ ਕਰਦਿਆਂ ਹੋਇਆਂ, ਉਹਨਾਂ ਉੱਪਰ ਗੋਲੀਆਂ ਚਲਾਈਆਂ ਗਈਆਂ।ਇਸ ਦੁਖਦਾਈ ਘਟਨਾ ਦੀ ਅਗਵਾਈ ਬ੍ਰਿਟਿਸ਼ ਭਾਰਤੀ ਫੌਜਾਂ ਦੁਆਰਾ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 19 ਯਾਤਰੀ ਸ਼ਹੀਦ ਹੋ ਗਏ, ਬਹੁਤ ਸਾਰੇ ਜ਼ਖਮੀ ਹੋਏ ਅਤੇ ਬਹੁਤ ਸਾਰੇ ਹੋਰ ਕੈਦ ਹੋ ਗਏ। ਕਨੇਡਾ ਮਗਰੋਂ ਭਾਰਤ ਵਿੱਚ ਬ੍ਰਿਟਿਸ਼ ਭਾਰਤੀ ਨਸਲਵਾਦੀ ਸਰਕਾਰ ਦੇ ਖੂਨੀ ਸਾਕੇ ਦਾ ਇਹ ਦਿਲ-ਕੰਬਾਊ ਅਧਿਆਇ ਸੀ।
'ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ' 'ਤੇ ਪਾਬੰਦੀ :
ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦਾ ਸੱਚਾ-ਸੁੱਚਾ ਇਤਿਹਾਸ ਲਿਖਣ ਦਾ ਫੈਸਲਾ ਬਾਬਾ ਗੁਰਦਿੱਤ ਸਿੰਘ ਸਰਹਾਲੀ ਨੇ ਕੀਤਾ। ਬਾਬਾ ਗੁਰਦਿੱਤ ਸਿੰਘ ਨੇ ਸਵੈ-ਜੀਵਨੀ 'ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦਰਦ ਭਰੀ ਕਹਾਣੀ' ਦੋ ਭਾਗਾਂ ਵਿੱਚ ਲਿਖੀ। ਇਸ ਕਿਤਾਬ ਰਾਹੀਂ ਬਾਬਾ ਗੁਰਦਿੱਤ ਸਿੰਘ ਨੇ ਥਾਂ-ਥਾਂ 'ਤੇ ਜਹਾਜ਼ ਦਾ ਨਾਂ 'ਸ੍ਰੀ ਗੁਰੂ ਨਾਨਕ ਜਹਾਜ਼ ਹੀ ਲਿਖਿਆ ਹੈ, ਜਦਕਿ ਸਥਿਤੀ ਨੂੰ ਸਪਸ਼ਟ ਕਰਨ ਲਈ ਲੋੜ ਵੇਲੇ, 'ਕਾਮਾਗਾਟਾਮਾਰੂ' ਸ਼ਬਦ, ਸ੍ਰੀ ਗੁਰੂ ਨਾਨਕ ਜਹਾਜ਼ ਦੇ ਮਗਰੋਂ ਲਿਖਿਆ ਹੈ। ਇਹ ਕਿਤਾਬ ਸਮਕਾਲੀ ਪੰਜਾਬ ਸਰਕਾਰ ਵੱਲੋਂ ਜ਼ਬਤ ਕਰਨ ਲਈ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ। ਕਿਤਾਬ ਦੇ ਪਹਿਲੇ ਭਾਗ ਦਾ ਨਾਂ 'ਸ੍ਰੀ ਗੁਰੂ ਨਾਨਕ ਜਹਾਜ਼' ਅਤੇ ਦੂਜੇ ਭਾਗ ਦਾ ਨਾਂ 'ਸ੍ਰੀ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਦੀ ਦੁੱਖ ਭਰੀ ਕਹਾਣੀ' ਦਰਜ ਲਾਉਂਦਿਆਂ ਹੋਇਆਂ, ਸਮਕਾਲੀ ਪੰਜਾਬ ਸਰਕਾਰ ਨੇ ਇਸ 'ਤੇ ਪਾਬੰਦੀ ਲਗਾਈ। ਲੰਮਾ ਸਮਾਂ ਮਗਰੋਂ ਜਾ ਕੇ ਇਹ ਕਿਤਾਬ ਪਾਠਕਾਂ ਤੱਕ ਪਹੁੰਚਣ ਵਿੱਚ ਸੰਭਵ ਹੋ ਸਕੀ।
ਕੈਨੇਡਾ ਸਰਕਾਰ ਵੱਲੋਂ ਪਾਰਲੀਮੈਂਟ ਵਿੱਚ ਮੁਆਫੀਨਾਮਾ:
ਕੈਨੇਡਾ ਦੀ ਮੌਜੂਦਾ ਲਿਬਰਲ ਸਰਕਾਰ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਮਈ, 2016 ਦੇ ਦਿਨ ਮੁਆਫੀਨਾਮਾ ਜਾਰੀ ਕਰਕੇ ਨਵਾਂ ਅਧਿਆਇ ਸਿਰਜ ਦਿੱਤਾ। ਇਸ ਤੋਂ ਪਹਿਲਾਂ 'ਗਦਰੀ ਬਾਬਿਆਂ ਦੇ ਮੇਲੇ' ਵਿੱਚ ਕੈਨੇਡਾ ਦੇ ਕੰਜ਼ਰਵੇਟਿਵ ਪਾਰਟੀ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਇਸ ਸਬੰਧੀ ਮੁਆਫੀ ਮੰਗੀ ਸੀ। ਕੈਨੇਡਾ ਦੀ ਪਾਰਲੀਮੈਂਟ 'ਚ ਪ੍ਰਵਾਸੀਆਂ ਨੂੰ ਕਾਲੇ ਕਾਨੂੰਨਾਂ ਰਾਹੀਂ ਧੱਕੇ ਨਾਲ ਵਾਪਸ ਮੋੜਨ ਦੀਆਂ ਇਤਿਹਾਸਕ ਗ਼ਲਤੀਆਂ 'ਤੇ ਮੁਆਫ਼ੀ ਮੰਗਣ ਅਤੇ ਉਨ੍ਹਾਂ ਤੋਂ ਸਬਕ ਸਿੱਖਣ ਦਾ ਇਹ ਕਦਮ, ਇਥੇ ਵਸੇ ਪ੍ਰਵਾਸੀਆਂ ਨੂੰ ਮਾਨਤਾ ਦੇਣ ਦੇ ਸੰਦਰਭ 'ਚ ਖ਼ਾਸ ਮਹੱਤਵ ਰੱਖਦਾ ਹੈ। ਕੈਨੇਡਾ ਤੋਂ ਸੇਧ ਲੈ ਕੇ ਭਾਰਤ ਦੀ ਸੰਸਦ 'ਚ ਵੀ ਗੁਰੂ ਨਾਨਕ ਜਹਾਜ਼ ਦੇ ਦੁਖਾਂਤ ਸਬੰਧੀ ਮਤਾ ਪੇਸ਼ ਕੀਤਾ ਜਾਣਾ ਬਣਦਾ ਸੀ ਤੇ ਇਸ ਦੇ ਮੁਸਾਫਿਰਾਂ ਦੀ ਕੁਰਬਾਨੀ ਨੂੰ ਵੀ ਚੇਤੇ ਕੀਤਾ ਜਾਣਾ ਚਾਹੀਦਾ ਸੀ। ਕੈਨੇਡਾ ਦੀ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਵਾਂਗ ਪੰਜਾਬ ਦੀ ਵਿਧਾਨ ਸਭਾ 'ਚ ਵੀ ਅਜਿਹਾ ਕਦਮ ਚੁੱਕਿਆ ਜਾਣਾ ਚਾਹੀਦਾ ਸੀ, ਕਿਉਂਕਿ ਸ੍ਰੀ ਗੁਰੂ ਨਾਨਕ ਜਹਾਜ਼ ਦੇ ਲਗਪਗ ਸਾਰੇ ਮੁਸਾਫ਼ਿਰ ਸਾਂਝੇ ਪੰਜਾਬ ਨਾਲ ਸਬੰਧਤ ਸਨ, ਪਰ ਦੁੱਖ ਦੀ ਗੱਲ ਇਹ ਹੈ ਕਿ 29 ਸਤੰਬਰ ਨੂੰ, ਜਿਸ ਦਿਨ ਇਹ ਸ਼ਹੀਦੀਆਂ ਹੋਈਆਂ ਹਨ, ਨਾ ਕਦੇ ਭਾਰਤ ਦੀ ਕੇਂਦਰੀ ਸਰਕਾਰ ਤੇ ਨਾ ਹੀ ਕਦੇ ਪੰਜਾਬ ਦੀ ਸਰਕਾਰ ਨੇ ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ ਨੂੰ ਯਾਦ ਤੱਕ ਕੀਤਾ ਹੈ। ਕੈਨੇਡਾ ਵੱਸਦੇ ਪੰਜਾਬੀਆਂ ਅਤੇ ਭਾਰਤੀਆਂ ਨੂੰ ਪੰਜਾਬ ਅਤੇ ਭਾਰਤ ਸਰਕਾਰ ਤੋਂ ਇਸ ਗੱਲ ਦੀ ਮੰਗ ਕਰਨੀ ਚਾਹੀਦੀ ਹੈ, ਨਾ ਕਿ ਇਸ ਗੱਲ 'ਤੇ ਜ਼ੋਰ ਲਾਉਣਾ ਚਾਹੀਦਾ ਹੈ ਕਿ ਪਾਰਲੀਮੈਂਟ ਵਿੱਚ ਮਾਫੀ ਮੰਗੇ ਜਾਣ ਤੋਂ ਬਾਅਦ, ਹਰ ਸ਼ਹਿਰ ਦੀ ਕੌਂਸਲ, ਹਰ ਸੜਕ ਦੇ ਕਿਨਾਰੇ, ਹਰ ਮੋੜ 'ਤੇ ਕਾਮਾਗਾਟਾਮਾਰੂ ਦੀ ਮਾਫੀ ਦੀ ਚਰਚਾ ਕੀਤੀ ਜਾਵੇ। ਇਹ ਸੋਚ ਸਾਡੇ ਆਤਮ ਬਲ ਨੂੰ ਕਮਜ਼ੋਰ ਕਰਦੀ ਹੈ। ਸ੍ਰੀ ਗੁਰੂ ਨਾਨਕ ਜਹਾਜ਼ ਦਾ ਇਹ ਸਫਰ ਚੜ੍ਹਦੀ ਕਲਾ ਦਾ ਪ੍ਰਤੀਕ ਸੀ, ਨਾ ਕਿ ਢਹਿੰਦੀ ਕਲਾ ਦਾ।
ਤਸਵੀਰਾਂ : ਬਾਬਾ ਗੁਰਦਿੱਤ ਸਿੰਘ ਕਾਮਾਗਾਟਾਮਾਰੂ ਦੀ ਸਵੈ ਜੀਵਨੀ।
ਕੈਨੇਡਾ ਸਰਕਾਰ ਵੱਲੋਂ ਰਿਲੀਜ਼ ਟਿਕਟ।
ਸ੍ਰੀ ਗੁਰੂ ਨਾਨਕ ਜਹਾਜ਼ ਦੀਆਂ ਟਿਕਟਾਂ ਦੀ ਤਸਵੀਰ।
ਕਿਤਾਬ ਜ਼ਬਤ ਹੋਣ ਸਬੰਧੀ ਕਾਨੂੰਨੀ ਫੈਸਲੇ।
(ਡਾ. ਗੁਰਵਿੰਦਰ ਸਿੰਘ)
ਕੋਆਰਡੀਨੇਟਰ ਪੰਜਾਬੀ ਸਾਹਿਤ ਸਭਾ ਮੁਢਲੀ
ਐਬਟਸਫੋਰਡ ਬੀਸੀ ਕੈਨੇਡਾ
ਗੁਰੂ ਨਾਨਕ ਜਹਾਜ਼ ਮੁੜਿਆ ਕਦ ਸੀ! - ਡਾ. ਗੁਰਵਿੰਦਰ ਸਿੰਘ
ਮੁੱਕੀਆ ਉਡੀਕਾਂ
ਪਹੁੰਚੇ ਕਨੇਡਾ ਬੇਬੇ-ਬਾਪੂ
ਨੂੰਹ-ਪੁੱਤ ਤੋਂ ਵਧੇਰੇ ਚਾਅ
ਪੋਤੇ-ਪੋਤੀ ਸਿਦਕ ਸਿੰਘ ਅਤੇ ਸਿਫ਼ਤ ਕੌਰ ਨੂੰ
ਬਜ਼ੁਰਗ ਸੈਲਾਨੀ ਜੋੜੇ ਨਾਲ
ਬੱਚਿਆਂ ਦੀਆਂ ਘੁੰਮੀਆਂ ਮੁਫ਼ਤੋ-ਮੁਫ਼ਤ
ਕੈਨੇਡਾ ਦਿਹਾੜੇ ਦੀਆਂ ਖੁਸ਼ੀਆਂ
ਕੈਨੇਡਾ ਪਲੇਸ ਦੀ ਆਤਿਸ਼ਬਾਜੀ
ਬਾਲ-ਮਨਾਂ ਅੰਦਰ ਉਤਸੁਕਤਾ
ਚਿਰਾਂ ਦਾ ਸੁਪਨਾ ਹੋਇਆ ਪੂਰਾ
'ਵੈਨਕੂਵਰ ਦਾ ਫਾਇਰ ਵਰਕਸ' ਦੇਖਣ ਦਾ।
ਸਮੁੰਦਰ ਤੋਂ ਲੈ ਕੇ ਸੜਕਾਂ ਤੱਕ
ਬੌਰਾਡ ਇਨਲੈੱਟ ਤੋਂ ਲੈ ਕੇ ਕੈਨੇਡਾ ਪਲੇਸ ਤੱਕ
ਦਿਸਦੀ ਹੈ ਖ਼ਲਕਤ ਹੀ ਖ਼ਲਕਤ
ਕੀ ਬਜ਼ੁਰਗ ਕੀ ਜੁਆਨ
ਚੌਹੀ ਦਿਸ਼ਾਵੀਂ ਠਾਠਾਂ ਮਾਰਦੀ ਲੁਕਾਈ
ਅਚਾਨਕ ਬਾਪੂ ਦੇ ਨਜ਼ਰੀਂ ਪਿਆ
ਕੈਨੇਡਾ ਪਲੇਸ ਦੀ ਸੜਕ 'ਤੇ ਲੱਗਿਆ
ਰੰਗ-ਬਰੰਗਾ ਯਾਦਗਾਰੀ ਚਿੰਨ
ਉਤਸੁਕਤਾ ਨਾਲ ਪੁੱਛਿਆ ਪੋਤੇ ਨੂੰ,
''ਸਿਦਕ ਸਿਆਂ, ਮੱਲਾ!
ਥਾਂ-ਥਾਂ 'ਤੇ ਇਹ ਤਸਵੀਰਾਂ ਕਿਉਂ ਨੇ ਲੱਗੀਆਂ?''
ਗੌਰਵਮਈ ਵਿਰਸੇ ਤੇ ਇਤਿਹਾਸ ਤੋਂ
ਅਭਿੱਜ ਨਹੀਂ ਸੀ ਸਿਦਕ ਸਿੰਘ
ਦਾਦੇ ਨੂੰ ਲੱਗਿਆ ਦੱਸਣ,
''ਉੰਞ ਤਾਂ ਕਨੇਡਾ ਪਲੇਸ ਹੈ ਇਹ ਥਾਂ
ਪਰ ਹੁਣ ਇਸ ਨੂੰ ਮਿਲ ਗਿਆ ਹੈ ਇੱਕ ਹੋਰ ਨਾਂ
'ਕਾਮਾਗਾਟਾਮਾਰੂ 1914 : ਗੁਰੂ ਨਾਨਕ ਜਹਾਜ਼'
ਸਾਰੇ ਚਿਤਰ ਬਿਆਨ ਕਰ ਰਹੇ ਨੇ
ਗੁਰੂ ਨਾਨਕ ਜਹਾਜ਼ ਦਾ ਇਤਿਹਾਸ
ਕੋਲ ਖੜੀ ਸਿਦਕ ਕੌਰ
ਸੁਣ ਰਹੀ ਸੀ ਵਾਰਤਾਲਾਪ
ਲੱਗੀ ਬਿਆਨ ਕਰਨ
ਆਪਣੇ ਮਨ ਦੇ ਅਹਿਸਾਸ,
''ਸਾਹਮਣੇ ਦਸਦੀ ਹੈ ਉਹ ਥਾਂ
ਜਿੱਥੋਂ ਮੋੜਿਆ ਗਿਆ ਸੀ
ਗੁਰੂ ਨਾਨਕ ਜਹਾਜ਼
ਦੋ ਮਹੀਨੇ ਕੈਦੀ ਬਣਾ ਕੇ ਰੱਖੇ
ਸਾਡੇ ਬਾਬੇ, ਬੀਬੀਆਂ ਤੇ ਵੀਰ
ਇਸ ਧਰਤੀ 'ਤੇ ਕਦਮ ਨਾ ਰੱਖਣ ਦਿੱਤੇ
ਨਸਲਵਾਦੀ ਗੋਰੀ ਸਰਕਾਰ
ਭੁੱਖਿਆਂ-ਤਿਹਾਇਆਂ ਮੁਸਾਫਿਰਾਂ
ਫਿਰ ਵੀ ਸਿਦਕੋਂ ਨਾ ਮੰਨੀ ਹਾਰ
ਚੜ੍ਹਦੀ ਕਲਾ 'ਚ ਨਾਮ ਧਿਆਉਂਦੇ
ਉੱਚੀ ਸੁਰ ਵਿੱਚ ਦੋਹੇ ਗਾਉਂਦੇ,
''ਨਾਨਕ ਨਾਮ ਜਹਾਜ਼ ਹੈ
ਚੜੇ ਸੁ ਉਤਰੇ ਪਾਰ
ਜੋ ਸ਼ਰਧਾ ਕਰ ਸੇਵਦੇ
ਗੁਰ ਪਾਰ ਉਤਾਰਨਹਾਰ''
ਹੋਇਆ ਬੇਇਨਸਾਫੀ ਵਾਲਾ
ਫੈਸਲਾ ਆਖਿਰ
ਕੈਨੇਡਾ ਤੋਂ ਜਬਰੀ ਮੋੜੇ
ਗੁਰੂ ਨਾਨਕ ਜਹਾਜ਼ ਦੇ ਮੁਸਾਫਿਰ
ਇਹ ਵਿਥਿਆ ਬਿਆਨਦਿਆਂ
ਬਾਲੜੀ ਦਾ ਗਜ ਭਰ ਆਇਆ
ਪਰ ਗ਼ਦਰੀ ਬਾਬਿਆਂ ਵਾਂਗ
ਨਾ ਮਨ ਡੋਲਿਆ, ਨਾ ਬੋਲ ਕੰਬੇ
ਅੱਖਾਂ 'ਚੋਂ ਡਿੱਗੇ ਦੋ ਅਨਮੋਲ ਮੋਤੀ
ਅਗਲੇ ਹੀ ਪਲ ਫੌਲਾਦ ਬਣ ਕੇ
ਬਦਲ ਗਏ ਜੈਕਾਰਿਆਂ ਵਿੱਚ
ਦੋਹਾਂ ਨਿੱਕੀਆਂ ਜਿੰਦਾਂ ਨੂੰ
ਦਾਦੀ ਨੇ ਘੁੱਟਿਆ ਬੁੱਕਲ 'ਚ
ਚੁੰਮਿਆ ਆਪਣੀ ਹਥੇਲੀ 'ਤੇ ਡਿੱਗੇ ਮੋਤੀਆਂ ਨੂੰ
ਤੇ ਤੱਕਿਆ ਦੋਹਾਂ ਬਾਲਾਂ ਵੱਲ
ਧਿਆਨ ਧਰਿਆ 'ਠੰਡੇ ਬੁਰਜ' ਦਾ
ਤੇ ਤੱਕਿਆ 'ਦਾਦੀ ਤੇ ਲਾਲਾਂ' ਵੱਲ
ਤੱਕਿਆ ਆਕਾਸ਼ ਵੱਲ
ਤੱਕਿਆ ਇਤਿਹਾਸ ਵੱਲ
ਤੇ ਪਾਤਸ਼ਾਹੀ ਦਾਅਵੇ ਨਾਲ
ਮੂੰਹੋਂ ਇਉਂ ਉਚਾਰਿਆ ;
''ਕਨੇਡਿਓਂ ਗੁਰੂ ਨਾਨਕ ਜਹਾਜ਼
ਮੁੜਿਆ ਕਦ ਸੀ!
ਕਦ ਵਾਪਸ ਗਏ ਨੇ
ਬਾਬੇ ਦੇ ਧੀਆਂ ਪੁੱਤਰ!
ਕਦ ਹਾਕਮ ਰੋਕ ਸਕਿਆ ਹੈ
ਪਰਵਾਨਿਆਂ ਦਾ ਕਾਫ਼ਿਲਾ!
ਸਭ ਇੱਥੇ ਹੀ ਤਾਂ ਹੈ!
ਸਭ ਆਪਣਾ ਹੀ ਤਾਂ ਹੈ!
ਹਵਾ ਆਪਣੀ, ਸਮੁੰਦਰ ਆਪਣਾ
ਧਰਤੀ ਆਪਣੀ, ਅੰਬਰ ਆਪਣਾ
ਅਸੀਂ ਕਨੇਡਾ ਦੇ, ਕਨੇਡਾ ਆਪਣਾ!''
'ਜਿਸ ਧਰਤੀ 'ਤੇ ਬੋਹਿਥ ਆਇਆ
ਉਹ ਧਰਤ ਅਸਾਡੀ ਹੋਈ
ਇਹ ਬੋਹਿਥ ਸਤਿਗੁਰ ਨਾਨਕ ਦਾ
ਮੋੜ ਨਾ ਸਕਿਆ ਕੋਈ'
17 ਮਈ : ਪੰਜਾਬੀ ਪ੍ਰੈਸ ਕਲੱਬ ਬੀਸੀ ਵੱਲੋਂ ਸ਼ਹੀਦੀ ਸਮਾਗਮ 'ਤੇ ਵਿਸ਼ੇਸ਼
ਜੁਝਾਰੂ ਪੱਤਰਕਾਰ ਦੇ ਰੂਪ ਵਿੱਚ 'ਬਬਰ ਅਕਾਲੀ' ਸ਼ਹੀਦ ਕਰਮ ਸਿੰਘ ਦੌਲਤਪੁਰ (ਚੀਫ਼ ਐਡੀਟਰ) ਦੀ ਸ਼ਖਸੀਅਤ - ਡਾ. ਗੁਰਵਿੰਦਰ ਸਿੰਘ
ਬਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ਼ਹੀਦ ਭਾਈ ਕਰਮ ਸਿੰਘ 'ਬਬਰ ਅਕਾਲੀ' ਦਾ ਨਾਂ ਇਤਿਹਾਸ ਦੇ ਪੰਨਿਆਂ' ਤੇ ਸੁਨਹਿਰੀ ਅੱਖ਼ਰਾਂ 'ਚ ਦਰਜ ਹੈ, ਜਿਨ੍ਹਾਂ ਕੈਨੇਡਾ ਤੋਂ ਪੰਜਾਬ ਜਾ ਕੇ ਬਬਰ ਅਕਾਲੀ ਦੋਆਬਾ ਅਖ਼ਬਾਰ ਕੱਢਿਆ ਅਤੇ ਲੋਕਾਂ ਵਿੱਚ ਇਨਕਲਾਬੀ ਚੇਤਨਾ ਦਾ ਛੱਟਾ ਦਿੱਤਾ। ਕੈਨੇਡਾ ਤੋਂ ਪੰਜਾਬ ਜਾ ਕੇ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ 'ਬਬਰ ਅਕਾਲੀ' ਅਖ਼ਬਾਰ ਕੱਢਣ ਵਾਲੇ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ 'ਚੀਫ਼ ਐਡੀਟਰ' ਦੀ ਸ਼ਹਾਦਤ ਦੀ 100ਵੀਂ ਵਰ੍ਹੇਗੰਢ 'ਤੇ, ਉਨ੍ਹਾਂ ਨੂੰ ਯਾਦ ਕਰਨ ਕਰਦਿਆਂ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵਲੋਂ ਸ਼ਤਾਬਦੀ ਸਮਾਗਮ ਰੱਖਿਆ ਗਿਆ ਹੈ, ਜਿਸ ਵਿੱਚ ਸ਼ਾਮਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ। ਇਹ ਸਮਾਗਮ 17 ਮਈ ਦਿਨ ਸ਼ੁਕਰਵਾਰ ਨੂੰ ਸ਼ਾਮ ਨੂੰ ਸਾਢੇ ਚਾਰ ਤੋਂ ਸਾਢੇ ਛੇ ਵਜੇ ਤੱਕ ਜਰਨੈਲ ਆਰਟਸ ਅਕੈਡਮੀ, 12882-85 ਐਵੇਨਿਊ ਸਰੀ ਬੀਸੀ ਵਿਖੇ ਹੋਵੇਗਾ।
ਇਸ ਮੌਕੇ 'ਤੇ ਬਬਰ ਅਕਾਲੀ ਭਾਈ ਕਰਮ ਸਿੰਘ 'ਚੀਫ ਐਡੀਟਰ' ਦੇ ਜੀਵਨ ਅਤੇ ਕਾਰਜਾਂ ‘ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਸ਼ਤਾਬਦੀ ਸਮਾਗਮ ਮੌਕੇ ਪੜ੍ਹੇ ਜਾਣ ਵਾਲੇ ਪਰਚੇ 'ਚੋਂ ਪ੍ਰਮੁੱਖ ਅੰਸ਼ ਇਸ ਲੇਖ ਵਿੱਚ ਸ਼ਾਮਿਲ ਕੀਤੇ ਗਏ ਹਨ। ਲੇਖ ਦੇ ਸ਼ੁਰੂ ਵਿੱਚ ਇਹ ਗੱਲ ਸਪਸ਼ਟ ਕਰਨੀ ਜ਼ਰੂਰੀ ਹੈ ਕਿ ਲੇਖ ਵਿੱਚ ਸ਼ਬਦ 'ਬਬਰ ਅਕਾਲੀ' ਹੀ ਵਰਤਿਆ ਜਾ ਰਿਹਾ ਹੈ, ਕਿਉਂਕਿ ਜੋ ਅਖਬਾਰ ਭਾਈ ਕਰਮ ਸਿੰਘ ਚੀਫ਼ ਐਡਟਰ ਵੱਲੋਂ ਅਖਬਾਰ ਗਿਆ, ਉਸ ਵਿੱਚ ਬਬਰ ਅਕਾਲੀ ਹੀ ਲਿਖਿਆ ਗਿਆ ਹੈ। ਉਸ ਵਿੱਚ ਬਬਰ ਸ਼ਬਦ ਉਪਰ ਅੱਧਕ ਨਹੀਂ। ਪੰਜਾਬੀ ਵਿੱਚ ਬਬਰ ਦਾ ਅਰਥ ਸ਼ੇਰ ਹੈ, ਜਦਕਿ 'ਬੱਬਰ' ਦਾ ਅਰਥ ਢਿੱਡ ਹੈ। ਇਉਂ ਬਬਰ ਅਕਾਲੀ ਨਾਂ ਹੈ ਅਤੇ ਇਤਿਹਾਸਿਕ ਦਸਤਾਵੇਜ਼ ਹੈ, ਇਸ ਕਰਕੇ ਇਸ ਦੇ ਨਾਲ ਛੇੜਛਾੜ ਨਹੀਂ ਕੀਤੀ ਜਾ ਸਕਦੀ।
ਪੰਜਾਬ ਦੀ ਧਰਤੀ 'ਤੇ ਨਵਾਂਸ਼ਹਿਰ ਨੇੜੇ ਅਤੇ ਅੱਜਕੱਲ੍ਹ ਸ਼ਹੀਦ ਭਗਤ ਸਿੰਘ ਨਗਰ 'ਚ ਪੈਂਦੇ ਪਿੰਡ ਦੌਲਤਪੁਰ ਵਿੱਚ 20 ਮਾਰਚ 1880 ਨੂੰ ਭਾਈ ਨੱਥਾ ਸਿੰਘ ਥਾਂਦੀ ਦੇ ਘਰ ਬੀਬੀ ਦੁੱਲੀ ਦੀ ਕੁੱਖੋਂ ਜਨਮੇ ਕਰਮ ਸਿੰਘ ਦਾ ਪਹਿਲਾ ਨਾਂ ਨਰੈਣ ਸਿੰਘ ਸੀ। ਆਪ ਨੇ ਮੁੱਢਲੀ ਪੜ੍ਹਾਈ ਪਿੰਡ ਦੌਲਤਪੁਰ ਦੇ ਸਕੂਲੋਂ ਕੀਤੀ ਅਤੇ ਸੰਨ 1898 'ਚ ਬ੍ਰਿਟਿਸ਼ ਫੌਜ 'ਚ ਭਰਤੀ ਹੋ ਗਏ, ਪਰ ਫੌਜ 'ਚ ਗ਼ੁਲਾਮੀ ਅਤੇ ਜ਼ਲਾਲਤ ਭਰੇ ਵਤੀਰੇ ਤੋਂ ਦੁਖੀ ਹੋ ਕੇ ਆਪ ਨੇ ਨੌਕਰੀ ਛੱਡ ਦਿੱਤੀ। ਮਹਾਨ ਸਿੱਖ ਸ਼ਖ਼ਸੀਅਤ ਬਾਬਾ ਕਰਮ ਸਿੰਘ ਹੋਤੀ ਮਰਦਾਨ ਤੋਂ ਪ੍ਰਭਾਵਿਤ ਹੋ ਕੇ ਆਪ ਧਾਰਮਿਕ ਰੁਚੀਆਂ ਵੱਲ ਪ੍ਰੇਰਿਤ ਹੋ ਗਏ। ਇਸ ਦੌਰਾਨ ਕੈਨੇਡਾ ਦੇ ਮੋਢੀ ਸਿੱਖਾਂ 'ਚ ਗਿਣੇ ਜਾਂਦੇ ਭਾਈ ਵਰਿਆਮ ਸਿੰਘ ਨੇ ਭਾਈ ਨਰੈਣ ਸਿੰਘ ਥਾਂਦੀ (ਮਗਰੋਂ ਭਾਈ ਕਰਮ ਸਿੰਘ ਦੌਲਤਪੁਰ) ਤੇ ਉਨ੍ਹਾਂ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਨੂੰ ਸੰਨ 1907 ਵਿਚ ਕੈਨੇਡਾ ਸੱਦ ਲਿਆ। ਇੱਥੇ ਆ ਕੇ ਵੈਨਕੂਵਰ ਨੇੜਲੇ ਸ਼ਹਿਰ ਐਬਟਸਫੋਰਡ 'ਚ ਆਪ ਨੇ ਸੰਘਰਸ਼ਮਈ ਜੀਵਨ ਸ਼ੁਰੂ ਕੀਤਾ।
ਇਹ ਉਹ ਸਮਾਂ ਸੀ, ਜਦੋਂ ਕੈਨੇਡਾ ਵੀ ਬ੍ਰਿਟਿਸ਼ ਸਾਮਰਾਜ ਦੀ ਬਸਤੀ ਸੀ ਅਤੇ ਇਥੇ ਨਸਲਵਾਦ ਦਾ ਬੋਲਬਾਲਾ ਸੀ। ਜਿਸ ਵੇਲੇ ਕੈਨੇਡਾ ਵਸਦੇ ਭਾਰਤੀਆਂ ਨੂੰ ਇਥੋਂ ਕੱਢ ਕੇ ਹੰਡੂਰਸ ਭੇਜਿਆ ਜਾ ਰਿਹਾ ਸੀ, ਉਸ ਵੇਲੇ ਪ੍ਰੋਫੈਸਰ ਸੰਤ ਤੇਜਾ ਜੀ ਦੀ ਅਗਵਾਈ ਵਿਚ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਆਗੂਆਂ ਨੇ ਕੈਨੇਡਾ ਸਰਕਾਰ ਦੇ ਅਜਿਹੇ ਨਸਲਵਾਦੀ ਫੈਸਲਾ ਦਾ ਜ਼ੋਰਦਾਰ ਵਿਰੋਧ ਕੀਤਾ। ਅਜਿਹਾ ਸਮੇਂ ਭਾਈ ਨਰੈਣ ਸਿੰਘ ਥਾਂਦੀ ਨੇ ਵੀ ਸਰਗਰਮ ਭੂਮਿਕਾ ਨਿਭਾਈ ਅਤੇ ਨਸਲਵਾਦੀ ਸਰਕਾਰੀ ਨੀਤੀਆਂ ਖਿਲਾਫ਼ ਆਵਾਜ਼ ਉਠਾਈ। ਆਪ ਨੇ ਸੰਤ ਤੇਜਾ ਸਿੰਘ ਦੁਆਰਾ ਸਥਾਪਿਤ 'ਗੁਰੂ ਨਾਨਕ ਮਾਈਨਿੰਗ ਐਡ ਟਰੱਸਟ ਕੰਪਨੀ' ਵਿਚ ਵੀ ਹਿੱਸਾ ਪਾਇਆ ਅਤੇ ਵੱਧ ਚੜ੍ਹ ਕੇ ਭਾਈਚਾਰੇ ਦੀ ਸੇਵਾ ਕੀਤੀ।
ਕੈਨੇਡਾ 'ਚ ਆ ਵਸੇ ਸਾਬਕਾ ਫੌਜੀਆਂ ਨੇ 3 ਅਕਤੂਬਰ 1909 ਨੂੰ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵੈਨਕੂਵਰ'ਚ ਅੰਗਰੇਜ਼ਾਂ ਵਲੋਂ ਮਿਲੇ ਤਮਗੇ, ਵਰਦੀਆਂ, ਇਨਸਿਗਨੀਏ ਅਤੇ ਸਰਟੀਫਿਕੇਟ ਸਾੜੇ। ਤਦ ਭਾਈ ਨਰੈਣ ਸਿੰਘ ਵਲੋਂ ਵੀ ਅੰਗਰੇਜ਼ ਫੌਜ ਦੇ ਸਾਬਕਾ ਸਿਪਾਹੀ ਹੋਣ ਦੇ ਨਾਤੇ ਬਸਤੀਵਾਦ ਅਤੇ ਨਸਲਵਾਦ ਖਿਲਾਫ ਅਪਣਾ ਰੋਸ ਪ੍ਰਗਟਾਇਆ ਗਿਆ। ਇਥੋਂ ਤੱਕ ਕਿ ਬਰਤਾਨੀਆਂ ਦੇ ਬਾਦਸ਼ਾਹ ਜਾਰਜ ਪੰਜਵੇਂ ਦੀ ਤਾਜਪੋਸ਼ੀ ਦੇ ਜਸ਼ਨਾਂ ਸਬੰਧੀ ਸਤੰਬਰ 1912 ਨੂੰ, ਕੈਨੇਡਾ ਨੇ ਇਹਨਾਂ ਗ਼ਦਰੀ ਯੋਧਿਆਂ ਨੇ ਵਿਰੋਧ ਪ੍ਰਗਟਾਇਆ ਅਤੇ ਅੰਗਰੇਜ਼ੀ ਦੀ ਗ਼ੁਲਾਮੀ ਖਿਲਾਫ਼ ਝੰਡਾ ਚੁਕਿਆ। ਉੱਤਰੀ ਅਮਰੀਕਾ ਦੀ ਧਰਤੀ 'ਤੇ ਸੰਨ 1913 'ਚ ਉੱਠੀ ਗ਼ਦਰ ਲਹਿਰ ਵਿਚ ਆਪ ਲਗਾਤਾਰ ਸਰਗਰਮ ਰਹੇ।
ਭਾਈ ਕਰਮ ਸਿੰਘ ਬਬਰ ਅਕਾਲੀ ਦੀ ਸ਼ਖਸੀਅਤ ਦਾ ਇੱਕ ਅਣਗੋਲਿਆ ਪੱਖ ਇਹ ਹੈ ਕਿ ਆਪ ਕੈਨੇਡਾ ਦੀ ਧਰਤੀ 'ਤੇ 'ਗ਼ਦਰ' ਅਖ਼ਬਾਰ ਲਈ ਹਰ ਤਰ੍ਹਾਂ ਸਹਿਯੋਗ ਜੁਟਾਉਣ 'ਚ ਵੀ ਮੋਹਰੀ ਰਹੇ। 'ਗਦਰ' ਅਖ਼ਬਾਰ ਦੀ ਇਸ ਚਿਣਗ ਦਾ ਹੀ ਨਤੀਜਾ ਸੀ ਕਿ ਆਪ ਨੇ ਪੰਜਾਬ ਜਾ ਕੇ 'ਬਬਰ ਆਕਾਲੀ ਦੁਆਬਾ' ਅਖ਼ਬਾਰ ਕੱਢਿਆ। ਕੈਨੇਡਾ ਦੀ ਧਰਤੀ ਤੋਂ 23 ਜੁਲਾਈ 1914 ਨੂੰ ਗੁਰੂ ਨਾਨਕ ਜਹਾਜ਼ (ਕਾਮਾਗਾਟਾਮਾਰੂ) ਨੂੰ ਮੁਸਾਫਿਰਾਂ ਸਮੇਤ ਵਾਪਿਸ ਭਾਰਤ ਮੋੜੇ ਜਾਣ ਦੀ ਨਸਲੀ ਘਟਨਾ ਮਗਰੋਂ, ਗ਼ਦਰੀ ਬਾਬਿਆ ਅੰਦਰ ਫਿਰੰਗੀਆਂ ਖਿਲਾਫ਼ ਰੋਹ ਹੋਰ ਸਿਖਰਾਂ ਨੂੰ ਛੂਹ ਗਿਆ ਸੀ। ਅਜਿਹੇ ਸਮੇਂ ਕੈਨੇਡਾ ਅਤੇ ਅਮਰੀਕਾ ਤੋਂ ਵੱਡੀ ਗਿਣਤੀ 'ਚ ਗ਼ਦਰੀ ਯੋਧੇ ਵਤਨ ਪਰਤ ਕੇ, ਅੰਗਰੇਜ਼ਾਂ ਨੂੰ ਦੇਸ਼ 'ਚੋਂ ਕੱਢਣ ਲਈ ਤਿਆਰ ਹੋਏ। ਐਬਟਸਫੋਰਡ ਤੋਂ ਭਾਈ ਨਰੈਣ ਸਿੰਘ ਥਾਂਦੀ ਨੇ ਵੀ ਫੈਸਲਾ ਕੀਤਾ ਕਿ ਉਨ੍ਹਾਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਦੇਸ਼ ਪਰਤਣਾ ਹੈ।
ਐਬਸਟਫੋਰਡ ਸ਼ਹਿਰ 'ਚ ਸਾਊਥ ਫਰੇਜ਼ਰ ਵੇਅ 'ਤੇ ਆਪ ਦੀ, ਆਪ ਦੇ ਭਰਾ ਭਾਈ ਹਰੀ ਸਿੰਘ ਥਾਂਦੀ ਤੇ ਪੇਂਡੂ ਭਾਈ ਸੁੰਦਰ ਸਿੰਘ ਥਾਂਦੀ ਦੀ ਚਾਰ ਏਕੜ ਦੇ ਕਰੀਬ ਸਾਂਝੀ ਜ਼ਮੀਨ ਸੀ, ਜਿਸ ਦੀ ਉਸ ਸਮੇਂ ਵੀ ਬਹੁਤ ਕੀਮਤ ਸੀ। ਆਪ ਨੇ ਸਮੂਹ ਭਾਈਆਂ ਨੂੰ ਕਿਹਾ ਕਿ ਜੇਕਰ ਉਹ ਵਤਨ ਜਾ ਕੇ ਸ਼ਹੀਦੀ ਪਾ ਗਏ, ਤਾਂ ਉਨ੍ਹਾਂ ਦੀ ਜ਼ਮੀਨ 'ਤੇ ਗੁਰਦੁਆਰਾ ਸਾਹਿਬ ਉਸਾਰ ਦਿੱਤਾ ਜਾਵੇ। ਭਾਈ ਕਰਮ ਸਿੰਘ ਬਬਰ ਨੇ ਪੰਜਾਬ ਜਾ ਕੇ ਅੰਗਰੇਜ਼ ਹਕੂਮਤ ਖ਼ਿਲਾਫ਼ ਸੰਘਰਸ਼ ਕਰਦਿਆਂ 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ, ਪੁਲਿਸ ਮੁਕਾਬਲਾ ਵਿਚ ਸ਼ਹੀਦੀ ਪ੍ਰਾਪਤ ਕੀਤੀ। ਆਪ ਦੀ ਇੱਛਾ ਅਨੁਸਾਰ ਆਪ ਦੀ ਜ਼ਮੀਨ 'ਤੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਸੰਨ 1982 ਵਿੱਚ ਉਸਾਰਿਆ ਗਿਆ।
ਭਾਈ ਸਾਹਿਬ ਕਰਮ ਸਿੰਘ ਬਬਰ ਅਕਾਲੀਦੀ ਸ਼ਹਾਦਤ ਦਾ ਇਤਿਹਾਸ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੇ ਕੋਲ ਲਿਖਿਆ ਹੋਇਆ ਹੈ। ਇੱਥੇ ਇਹ ਗੱਲ ਗੌਰ ਕਰਨ ਵਾਲੀ ਹੈ ਕਿ ਵਿਰਾਸਤੀ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਟਸਫੋਰਡ ਵਿਖੇ ਘੋੜਿਆਂ ਤੇ ਸਵਾਰ ਸਿੱਖ ਫ਼ੌਜੀਆਂ ਦੇ ਬੁੱਤ ਤਾਂ ਲਗਾਏ ਗਏ ਹਨ, ਪਰ ਇਨ੍ਹਾਂ ਸਾਬਕਾ ਫ਼ੌਜੀਆਂ ਵੱਲੋਂ ਅੰਗਰੇਜ਼ਾਂ ਤੋਂ ਮਿਲੇ ਤਗ਼ਮੇ ਅਤੇ ਵਰਦੀਆਂ ਸਾੜਨ ਦਾ ਕਿਧਰੇ ਜ਼ਿਕਰ ਨਹੀਂ ਮਿਲਦਾ। ਇਹ ਅੱਜ ਦੀ ਪੀੜ੍ਹੀ ਨੂੰ 'ਅਧੂਰਾ ਅਤੇ ਗਲਤ ਇਤਹਾਸ' ਸਿਖਾਉਣ ਤੇ ਪੜ੍ਹਾਉਣ ਦੀ 'ਇਤਿਹਾਸਕ ਗਲਤੀ' ਕਹੀ ਜਾ ਸਕਦੀ ਹੈ। ਇਹ ਗ਼ਲਤੀ ਵੀ ਉਸ ਥਾਂ 'ਤੇ ਹੋ ਰਹੀ ਹੈ, ਜੋ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਸਾਬਕਾ ਸਿੱਖ ਫ਼ੌਜੀ ਦਾ ਅਸਥਾਨ ਹੈ। ਅਜਿਹੀ ਇਤਿਹਾਸਕ ਗਲਤੀ ਨੂੰ ਤੁਰੰਤ ਦਰੁਸਤ ਕਰਨਾ ਬਹੁਤ ਜ਼ਰੂਰੀ ਹੈ।
ਕੈਨੇਡਾ ਤੋਂ ਪੰਜਾਬ ਪਰਤਦਿਆਂ ਹੀ ਆਪ ਨੂੰ ਵੀ ਹੋਰਨਾਂ ਗ਼ਦਰੀਆਂ ਵਾਂਗ ਜੂਹਬੰਦ ਕਰ ਦਿੱਤਾ ਗਿਆ। ਸੰਨ 1918 'ਚ ਇਹ ਪਾਬੰਦੀ ਹਟਦਿਆਂ ਸਾਰ ਹੀ ਆਪ ਸਰਗਰਮ ਹੋ ਗਏ ਅਤੇ ਥਾਂ-ਥਾਂ ਸਿਆਸੀ ਕਾਨਫਰੰਸਾਂ ਕਰਨ ਲੱਗੇ। ਅੰਗਰੇਜ਼ਾਂ ਦੇ ਪਿੱਠੂ ਮਹੰਤ ਨਰੈਣ ਦਾਸ ਨੇ ਜਦੋਂ 21 ਫਰਵਰੀ 1921 ਨੂੰ ਨਨਕਾਣਾ ਸਾਹਿਬ ਵਿਖੇ ਸੌ ਤੋਂ ਵੱਧ ਸਿੱਖਾਂ ਨੂੰ ਸ਼ਹੀਦ ਕਰਵਾਇਆ, ਤਾਂ ਆਪ ਦਾ ਖੂਨ ਖੌਲ ਉੱਠਿਆ। ਆਪ ਨੇ ਨਨਕਾਣਾ ਸਾਹਿਬ ਪਹੁੰਚ ਕੇ ਭਾਈ ਆਸਾ ਸਿੰਘ ਭੁਕੜੁਦੀ ਤੇ ਹੋਰਨਾਂ ਸਾਥੀਆਂ ਸਮੇਤ ਅੰਮ੍ਰਿਤ ਛਕਿਆ ਅਤੇ 'ਨਰੈਣ' ਸਿੰਘ ਨਾਂ ਬਦਲ ਕੇ 'ਕਰਮ ਸਿੰਘ' ਗ੍ਰਹਿਣ ਕਰ ਲਿਆ। ਕੁਝ ਇਤਿਹਾਸਕਾਰਾਂ ਦਾ ਮੱਤ ਹੈ ਕਿ ਆਪ ਪਹਿਲਾਂ ਤੋਂ ਹੀ ਅੰਮ੍ਰਿਤਧਾਰੀ ਸਿੱਖ ਸਨ ਅਤੇ ਨਨਕਾਣਾ ਸਾਹਿਬ ਜਾ ਕੇ ਲਗਾਤਾਰ ਲੰਮਾ ਸਮਾਂ ਰੋਪੋਸ਼ ਰਹਿਣ ਕਾਰਨ ਆਪ ਨੇ ਜਾਣੇ ਅਣਜਾਣੇ ਹੋ ਜਾਂਦੀਆਂ ਭੁੱਲਾਂ ਚੁੱਕਾਂ ਨੂੰ ਧਿਆਨ ਵਿੱਚ ਰੱਖਦਿਆਂ ਦੁਬਾਰਾ ਪਾਹੁਲ ਲਿਆ। ਇੱਥੇ ਇਤਿਹਾਸ ਦਾ ਇੱਕ ਹੋਰ ਮਹੱਤਵਪੂਰਨ ਪੱਖ ਇਹ ਵੀ ਹੈ ਕਿ ਇੱਕ ਪਾਸੇ ਲਾਜਪਤ ਰਾਏ ਦੁਸ਼ਣ ਨਰੈਣੂ ਦੇ ਹੱਕ 'ਚ ਵਕੀਲ ਵਜੋਂ ਕੇਸ ਲੜ ਰਿਹਾ ਸੀ, ਦੂਜੇ ਪਾਸੇ ਭਾਈ ਕਰਮ ਸਿੰਘ ਸਾਥੀਆਂ ਸਮੇਤ ਨਰੈਣੂ ਵਰਗੇ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਦੀ ਲੜਾਈ ਲੜ ਰਹੇ ਸੀ।
ਆਪ ਚਾਬੀਆਂ ਦੇ ਮੋਰਚੇ ਤੋਂ ਲੈ ਕੇ ਵੱਖ- ਵੱਖ ਅਕਾਲੀ ਮੋਰਚਿਆਂ ਵਿੱਚ ਸ਼ਾਮਿਲ ਹੋਏ। ਜਦੋਂ ਭਾਈ ਕਰਮ ਸਿੰਘ ਦੌਲਤਪੁਰ, ਭਾਈ ਕਰਮ ਸਿੰਘ ਝਿੰਗੜ ਅਤੇ ਹੋਰਨਾਂ ਯੋਧਿਆਂ ਨੇ ਮਹਿਸੂਸ ਕੀਤਾ ਕਿ ਨਿਰੇ ਸ਼ਾਂਤਮਈ 'ਗਾਂਧੀਵਾਦੀ' ਤਰੀਕਿਆਂ ਦੀ ਥਾਂ ਹਥਿਆਰਬੰਦ ਇਨਕਲਾਬੀ ਸ਼ੰਘਰਸ਼ ਹੀ ਜ਼ਾਲਮ ਫਿਰੰਗੀਆਂ ਨੂੰ ਭਾਂਜ ਦੇ ਸਕਦਾ ਹੈ, ਤਾਂ ਆਪ ਨੇ 'ਖੰਡਾ ਖੜਕਾਉਣ' ਦਾ ਫੈਸਲਾ ਕੀਤਾ। ਇਸ ਦੇ ਪ੍ਰਤੀਕਰਮ ਵਜੋਂ ਭਾਈ ਕਰਮ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖਿਲਾਫ਼ ਅੰਗਰੇਜ਼ ਸਰਕਾਰ ਨੇ ਵਰੰਟ ਜਾਰੀ ਕਰਦਿਆਂ, ਇਨ੍ਹਾਂ ਨੂੰ ਗ੍ਰਿਫ਼ਤਾਰ ਕਰਵਾਉਣ ਲਈ ਕਈ ਇਨਾਮ ਰੱਖੇ।
ਭਾਈ ਕਰਮ ਸਿੰਘ ਜਿਥੇ ਮਹਾਨ ਸੂਰਬੀਰ ਸਨ, ਉਥੇ ਸੱਚ 'ਤੇ ਡੱਟਣ ਵਾਲੇ ਨਿਧੜਕ ਪੱਤਰਕਾਰ ਸਨ। ਇਸ ਦਾ ਹਵਾਲਾ ਦਿਲਚਸਪ ਘਟਨਾਕ੍ਰਮ ਤੋਂ ਮਿਲਦਾ ਹੈ। ਇਤਿਹਾਸਕ ਵੇਰਵਿਆਂ ਅਨੁਸਾਰ ਮਈ,1922 ਨੂੰ ਬਲਾਚੌਰ ਦੇ ਨਜ਼ਦੀਕ ਪਿੰਡ ਕੌਲਗੜ੍ਹ ਵਿਚ ਮੀਟਿੰਗ ਕੀਤੀ ਗਈ, ਜਿਸ ਵਿਚ ਕਰਮ ਸਿੰਘ ਦੌਲਤਪੁਰ, ਆਸਾ ਸਿੰਘ ਭੁਕੜੁਦੀ, ਉਦੇ ਸਿੰਘ ਰਾਮਗੜ੍ਹ, ਜਥੇਦਾਰ ਦਲੀਪ ਸਿੰਘ ਸਾਦੜਾਂ, ਹਰਨਾਮ ਸਿੰਘ ਗੜ੍ਹੀ ਕਾਨੂੰਗੋਆਂ, ਉਦੈ ਸਿੰਘ ਦੌਲਤਪੁਰ ਜੁਝਾਰੂ ਇਕੱਠੇ ਹੋਏ। ਉਨ੍ਹਾਂ ਫ਼ੈਸਲਾ ਕੀਤਾ ਕਿ ਹੁਣ ਸਮਾਂ ਆ ਗਿਆ ਹੈ ਕਿ 'ਅਖਬਾਰ' ਦੀ ਵਰਤੋਂ ਕਰਕੇ ਆਜ਼ਾਦੀ ਦਾ ਵਿਰੋਧ ਕਰਨ ਵਾਲਿਆਂ ਨੂੰ ਨੱਥ ਪਾਈ ਜਾਵੇ। ਇਸ ਮੌਕੇ 'ਤੇ ਭਾਈ ਸਾਹਿਬ ਨੇ ਪ੍ਰੇਰਿਆ ਕਿ 'ਗਦਰ ਦੀ ਗੂੰਜ' ਅੱਜ ਤੱਕ ਲੋਕਾਂ ਦੇ ਦਿਲਾਂ ਵਿਚ ਵਸੀ ਹੋਈ ਹੈ, ਜਿਸ ਤੋਂ ਸੇਧ ਲੈ ਕੇ ਅਖਬਾਰ ਕੱਢਣਾ ਚਾਹੀਦਾ ਹੈ।
ਭਾਈ ਕਰਮ ਸਿੰਘ ਦੌਲਤਪੁਰ ਨੇ ਕਿਹਾ ਉਨ੍ਹਾਂ ਦਾ ਕੈਨੇਡਾ ਵਾਲਾ ਤਜਰਬਾ ਇਸ ਗੱਲ ਦਾ ਗਵਾਹ ਹੈ ਕਿ 'ਗਦਰ' ਅਖਬਾਰ ਨੇ ਉਹ ਕੰਮ ਕੀਤਾ, ਜਿਹੜਾ ਭਾਸ਼ਣਾਂ ਤੋਂ ਕਿਤੇ ਵੱਧ ਅਸਰਦਾਰ ਹੋਇਆ ਸੀ। ਅਖਬਾਰ ਲਈ ਲੋੜੀਂਦਾ ਧਨ ਜਗੀਰਦਾਰਾਂ, ਨੰਬਰਦਾਰਾਂ ਤੇ ਸ਼ਾਹੂਕਾਰਾਂ ਕੋਲੋਂ ਹੀ ਕਿਉਂ ਨਾ ਖੋਹਣਾ ਪਵੇ, ਪਰ ਅਖਬਾਰ ਜ਼ਰੂਰ ਕੱਢਣਾ ਚਾਹੀਦਾ ਹੈ। ਆਖ਼ਰ ਇਸ ਫ਼ੈਸਲੇ ਨੂੰ ਅੰਜਾਮ ਦਿੰਦਿਆਂ 3 ਜੁਲਾਈ,1922 ਬੱਬਰ ਅਕਾਲੀਆਂ ਨੇ ਸਰਕਾਰੀ ਖ਼ਜਾਨੇ ਵਿੱਚੋ 575 ਰੁਪਏ ਦੀ ਰਕਮ ਖੋਹੀ, ਜਿਸ ਨਾਲ ਇੱਕ ਸਾਈਕਲੋ-ਸਟਾਈਲ ਮਸ਼ੀਨ ਅਤੇ ਹਥਿਆਰ ਖ਼ਰੀਦੇ। ਇਸ 'ਚੋਂ ਸੌ ਰੁਪਏ ਨਾਲ ਲਾਹੌਰ ਤੋਂ ਪ੍ਰੈਸ ਮਸ਼ੀਨ ਖਰੀਦੀ ਗਈ ਤੇ ਬਾਕੀ ਰਾਸ਼ੀ ਨਾਲ ਜਥੇਬੰਦੀ ਦੀ ਸਰਗਰਮੀ ਆਦਿ ਦੇ ਹੋਰਨਾਂ ਕੰਮਾਂ ਤੋਂ ਇਲਾਵਾ ਪਰਚੇ ਛਾਪਣ ਅਤੇ ਹਥਿਆਰ ਖਰੀਦਣ ਦੋ ਪ੍ਰਬੰਧ ਕੀਤਾ ਗਿਆ।
ਐਡੀਟਰ ਕਰਮ ਸਿੰਘ ਦੇ ਨਾਂ ਥੱਲੇ 'ਸਫ਼ਰੀ ਪ੍ਰੈਸ' ਨਾਂ ਰੱਖ ਕੇ ਪਹਿਲਾ ਪਰਚਾ ਛਾਪਿਆ ਗਿਆ। ਇਸ ਦੌਰਾਨ ਭਾਈ ਕਰਮ ਸਿੰਘ ਦੌਲਤਪੁਰ ਵੱਲੋਂ ਹੋਰਨਾਂ ਜੁਝਾਰੂਆਂ ਨਾਲ ਮਿਲ ਕੇ 22 ਅਗਸਤ,1922 ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਇਕੱਤਰਤਾ ਕੀਤੀ ਗਈ। ਇਸ ਦੌਰਾਨ ਪਰਚੇ ਦਾ ਨਾਂ 'ਬਬਰ ਅਕਾਲੀ ਦੁਆਬਾ' ਰੱਖਿਆ ਗਿਆ।
'ਬਬਰ ਅਕਾਲੀ' ਅਖਬਾਰ ਦੇ ਮੁੱਢ ਵਿੱਚ 'ਸ੍ਰੀ ਅਕਾਲ ਜੀ ਸਹਾਇ॥' ਅਤੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਭਗਤ ਕਬੀਰ ਜੀ ਦਾ ਦੋਹਾ "ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤੁ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨਾ ਛਾਡੈ ਖੇਤੁ॥" ਛਾਪਿਆ ਜਾਂਦਾ ਸੀ। ਕੁਝ ਇਤਿਹਾਸਕਾਰ ਬਬਰ ਅਕਾਲੀ ਅਖ਼ਬਾਰ ਕੱਢਣ ਦੀ ਮਿਤੀ 20 ਜਾਂ 21ਅਗਸਤ 1922 ਵੀ ਲਿਖਦੇ ਹਨ। ਬੱਬਰ ਅਕਾਲੀ' ਅਖ਼ਬਾਰ ਨਿਰੋਲ ਜੁਝਾਰੂ ਅਕਾਲੀਆਂ ਦਾ ਸੀ, ਜਿਸ ਵਿਚ ਜੋਸ਼ੀਲੇ ਲੇਖ, ਕਵਿਤਾਵਾਂ ਤੇ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ਨਾਲ ਸੰਬੰਧਤ ਲਿਖਤਾਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ। ਇਸੇ ਅਖ਼ਬਾਰ ਦੇ ਨਾਂ ਸਦਕਾ ਭਾਈ ਕਰਮ ਸਿੰਘ ਦੌਲਤਪੁਰ ਦੇ ਨਾਂ ਨਾਲ 'ਬਬਰ ਅਕਾਲੀ' ਸ਼ਬਦ ਜੁੜ ਗਿਆ।
ਬਬਰ ਅਕਾਲੀ ਲਹਿਰ ਦੇ ਇਤਿਹਾਸ ਦਾ ਜ਼ਿਕਰਯੋਗ ਪੱਖ ਹੈ ਕਿ 'ਚੱਕਰਵਰਤੀ ਜਥੇ' ਦੇ ਆਗੂ ਭਾਈ ਕਿਸ਼ਨ ਸਿੰਘ ਗੜਗੱਜ ਜਦੋਂ ਅਖ਼ਬਾਰ ਦੇ ਪ੍ਰਭਾਵ ਤੋਂ ਜਾਣੂ ਹੋਏ, ਤਾਂ ਉਹ ਐਡੀਟਰ ਕਰਮ ਸਿੰਘ ਨਾਲ ਵਿਚਾਰ ਵਟਾਂਦਰੇ ਲਈ ਅਗਸਤ 1922 ਦੇ ਤੀਜੇ ਹਫ਼ਤੇ ਮਿਲੇ। ਉਸ ਸਮੇਂ ਤੱਕ ਬਬਰ ਅਕਾਲੀ ਦੋਆਬਾ ਦੇ ਦੋ ਅੰਕ ਪ੍ਰਕਾਸ਼ਤ ਹੋ ਚੁੱਕੇ ਸਨ, ਜਿਨ੍ਹਾਂ ਦੀ ਇਲਾਕੇ ਚ ਭਰਪੂਰ ਚਰਚਾ ਹੋ ਰਹੀ ਸੀ। ਇਕ ਇਤਿਹਾਸਕ ਹਵਾਲੇ ਅਨੁਸਾਰ ਭਾਈ ਕਿਸ਼ਨ ਸਿੰਘ ਗੜਗੱਜ ਅਤੇ ਭਾਈ ਕਰਮ ਸਿੰਘ ਬਬਰ ਦੇ ਜਥਿਆਂ ਵਿਚ ਮੁਲਾਕਾਤ, ਕੈਨੇਡਾ ਤੋਂ ਹੀ ਗਏ ਭਾਈ ਕਰਮ ਸਿੰਘ ਝਿੰਗੜ ਦੇ ਉਪਰਾਲੇ ਨਾਲ, ਬਬਰ ਆਸਾ ਸਿੰਘ ਦੇ ਪਿੰਡ ਭੁਕੜੁਦੀ ਵਿੱਚ ਹੋਈ ਜਿੱਥੇ ਭਾਈ ਕਿਸ਼ਨ ਸਿੰਘ ਗੜਗੱਜ ਨੇ ਬਬਰ ਅਕਾਲੀ ਦੋਆਬਾ ਅਖ਼ਬਾਰ ਕੱਢਣ ਲਈ ਭਾਈ ਕਰਮ ਸਿੰਘ ਦੌਲਤਪੁਰ ਦੀ ਭਰਪੂਰ ਸ਼ਲਾਘਾ ਕੀਤੀ। (ਹਵਾਲਾ : ਬਬਰ ਅਕਾਲੀ ਲਹਿਰ ਦਾ ਇਤਿਹਾਸ, ਲੇਖਕ ਮਿਲਖਾ ਸਿੰਘ ਨਿੱਝਰ, ਪੰਨਾ 127) ਇਕ ਹੋਰ ਇਤਿਹਾਸਕ ਹਵਾਲੇ ਅਨੁਸਾਰ ਦੋਹਾਂ ਜਥਿਆਂ ਵਿਚਕਾਰ ਮਿਲਣੀ ਸੰਤ ਠਾਕਰ ਸਿੰਘ ਗੁੱਜਰਵਾਲ ਦੀ ਕੁਟੀਆ ਵਿਚ 21 ਅਗਸਤ 1922 ਨੂੰ ਹੋਈ। (ਕਿਤਾਬ : ਬਬਰ ਅਕਾਲੀ, ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 55) ਨਿਚੋੜ ਇਹ ਹੈ ਕਿ ਜਥੇਦਾਰ ਕਰਮ ਸਿੰਘ ਬਬਰ ਅਤੇ ਜਥੇਦਾਰ ਕਿਸ਼ਨ ਸਿੰਘ ਗੜਗੱਜ ਦੇ ਦੋਵੇਂ ਜਥੇ ਇਕ ਮੰਚ ਤੇ ਇਕੱਠੇ ਹੋਏ। ਇਸ ਮੌਕੇ 'ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਅਤੇ ਸਾਰੇ ਜੁਝਾਰੂਆਂ ਨੇ ਅਰਦਾਸ ਕਰ ਕੇ ਅਹਿਮ ਫ਼ੈਸਲੇ ਲਏ ਅਤੇ ਮਿਲ ਕੇ ਸਾਂਝਾ ਜਥਾ ਬਣਾ ਕੇ ਇਕਮੁੱਠ ਹੁੰਦਿਆਂ ਸੰਘਰਸ਼ ਵਿੱਢਣ ਦਾ ਐਲਾਨ ਕੀਤਾ।
ਪਹਿਲਾ ਫੈਸਲਾ ਜਥੇਬੰਦੀ ਦੇ ਨਾਂ ਦਾ ਸੀ, ਜਿਸ ਮੁਤਾਬਕ 'ਬਬਰ ਅਕਾਲੀ' ਅਖ਼ਬਾਰ ਦੇ ਪ੍ਰਭਾਵਸ਼ਾਲੀ ਨਾਂ ਨੂੰ ਮੁੱਖ ਰਖਦਿਆਂ, ਨਵੀਂ ਜਥੇਬੰਦੀ ਦਾ ਨਾਂ 'ਬਬਰ ਅਕਾਲੀ ਜਥਾ' ਘੋਸ਼ਿਤ ਐਲਾਨਿਆ ਗਿਆ। ਇਹ ਬਿਲਕੁਲ ਉਸੇ ਤਰ੍ਹਾਂ ਸੀ, ਜਿਵੇਂ 'ਗ਼ਦਰ' ਅਖ਼ਬਾਰ ਨੂੰ ਮੁੱਖ ਰੱਖ ਕੇ ਲਹਿਰ ਦਾ ਨਾਂ 'ਗ਼ਦਰ ਲਹਿਰ' ਮਕਬੂਲ ਹੋਇਆ ਸੀ। ਸਰਬਸੰਮਤੀ ਨਾਲ ਇਹ ਵੀ ਫੈਸਲਾ ਹੋਇਆ ਭਾਈ ਕਰਮ ਸਿੰਘ ਜਥੇ ਵਿੱਚ 'ਬਬਰ ਅਕਾਲੀ' ਕਰਕੇ ਜਾਣੇ ਜਾਣਗੇ ਤੇ ਬਾਕੀ ਸਾਰੇ 'ਬਬਰ ਅਕਾਲੀ ਜਥੇ' ਦੇ ਮੈਂਬਰ ਹੋਣਗੇ। ਜਥੇਬੰਦੀ ਨੇ ਇਹ ਵੀ ਫ਼ੈਸਲਾ ਲਿਆ ਕਿ ਅਖ਼ਬਾਰ 'ਤੇ ਸੰਪਾਦਕ ਦਾ ਨਾਂ ਕਰਮ ਸਿੰਘ ਬਬਰ ਹੀ ਰਹੇਗਾ ਤੇ ਇਸ ਵਿਚਲੇ ਲੇਖ ਭਾਈ ਕਿਸ਼ਨ ਸਿੰਘ ਬਬਰ ਵੱਲੋਂ ਸੰਪਾਦਤ ਕੀਤੀ ਜਾਣਗੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦਾ ਪ੍ਰਧਾਨ ਭਾਈ ਕਿਸ਼ਨ ਸਿੰਘ ਬਬਰ (ਗੜਗੱਜ) ਨੂੰ ਚੁਣਿਆ ਗਿਆ, ਜਦਕਿ ਮਾਸਟਰ ਦਲੀਪ ਸਿੰਘ ਗੋਸਲ ਇਸ ਦੇ ਸਕੱਤਰ ਅਤੇ ਕੈਨੇਡਾ ਤੋਂ ਗਏ ਬਬਰ ਕਰਮ ਸਿੰਘ ਝਿੰਗੜ ਖ਼ਜ਼ਾਨਚੀ ਬਣੇ। ਬਬਰ ਅਕਾਲੀ ਜਥੇ ਦੀ ਵਰਕਿੰਗ ਕਮੇਟੀ ਦੇ ਹੋਰਨਾਂ ਮੈਂਬਰਾਂ ਵਿੱਚ ਚੀਫ ਐਡੀਟਰ ਭਾਈ ਕਰਮ ਸਿੰਘ ਬਬਰ, ਬਾਬੂ ਸੰਤਾ ਸਿੰਘ ਅਤੇ ਭਾਈ ਉਦੈ ਸਿੰਘ ਰਾਮਗੜ੍ਹ ਝੁੰਗੀਆਂ ਚੁਣੇ ਗਏ। ਇਉਂ ਸਮੂਹ ਜੁਝਾਰੂਆਂ ਨੂੰ ਇੱਕ ਮੰਚ 'ਤੇ ਇਕੱਠਾ ਕਰਕੇ ਸ਼ਹੀਦਾਂ ਦੀ ਮਹਾਨ ਜਥੇਬੰਦੀ ਨੂੰ 'ਬਬਰ ਅਕਾਲੀ' ਜਥੇ ਦਾ ਨਾਂ ਦੇਣ ਦਾ ਸਿਹਰਾ ਸ਼ਹੀਦ ਭਾਈ ਕਰਮ ਸਿੰਘ 'ਬਬਰ ਅਕਾਲੀ' ਦੇ ਸਿਰ ਬੱਝਦਾ ਹੈ।
'ਬਬਰ ਅਕਾਲੀ' ਪਰਚੇ ਵਿੱਚ ਲੇਖ ਅਤੇ ਕਵਿਤਾਵਾਂ ਮੁਰਦਾ ਦਿਲਾਂ 'ਚ ਰੂਹ ਫੂਕ ਦਿੰਦੀਆਂ ਸਨ। 'ਬਬਰ ਕੱਢ ਵਰੰਟ ਤੂੰ ਜ਼ਾਲਮਾਂ ਦੇ, ਹੱਥੀਂ ਆਪਣੀ ਦਫ਼ਾ ਲਗਾ ਭਾਈ' ਅਤੇ 'ਕਰਮ ਸਿੰਘ ਹੁਣ ਬਬਰ ਦਾ ਰੂਪ ਧਾਰੋ, ਵੇਲਾ ਆ ਗਿਆ ਧੂਮ ਧੁਮਾਵਣੇ ਦਾ' ਵਰਗੇ ਅਨੇਕਾਂ ਕਾਵਿ-ਬੰਦ ਜੁਝਾਰੂ ਸੋਚ ਪ੍ਰਗਟਾਉਂਦੇ ਸਨ। ਇਸ ਅਖ਼ਬਾਰ ਦਾ ਲੋਕਾਂ 'ਤੇ ਡੂੰਘਾ ਅਸਰ ਪਿਆ ਅਤੇ ਥਾਂ-ਥਾਂ ਲੋਕ ਅੰਗਰੇਜ਼ਾਂ ਖਿਲਾਫ਼ ਲਾਮਬੰਦ ਹੋਣ ਲੱਗੇ। 'ਬਬਰ ਅਕਾਲੀ' ਅਖ਼ਬਾਰ ਰਾਹੀਂ ਸਿੱਖ ਪਲਟਣਾਂ, ਸਕੂਲਾਂ, ਕਾਲਜਾਂ ਆਦਿ ਤੋਂ ਇਲਾਵਾ ਬਾਹਰਲੇ ਪ੍ਰਾਂਤਾਂ ਵਿੱਚ ਵੀ ਅੰਗਰੇਜ਼ਾਂ ਦੇ ਵਿਰੁੱਧ ਜ਼ਬਰਦਸਤ ਪ੍ਰਚਾਰ ਕੀਤਾ ਗਿਆ ਅਤੇ ਦੇਸ਼ਵਾਸੀਆਂ ਨੂੰ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਕਰਨ ਲਈ ਪ੍ਰੇਰਿਆ ਗਿਆ। ਅਖਬਾਰ ਨੇ ਸਰਕਾਰੀ ਝੋਲੀਚੁੱਕਾਂ, ਟੋਡੀਆਂ ਅਤੇ ਗ਼ਦਾਰਾਂ ਨੂੰ ਸਖ਼ਤ ਤਾੜਨਾ ਵੀ ਕੀਤੀ ਕਿ ਜੇਕਰ ਉਹ ਆਪਣੀਆਂ ਹਰਕਤਾਂ ਤੋਂ ਬਾਜ ਨਾ ਆਏ, ਤਾਂ ਉਨ੍ਹਾਂ ਨੂੰ ਸੋਧਿਆ ਜਾਏਗਾ। ਅੰਗਰੇਜ਼ ਸਰਕਾਰ ਵੱਲੋਂ ਸਾਈਕਲੋ ਸਟਾਈਲ ਮਸ਼ੀਨਾਂ ਚੁੱਕਣ ਅਤੇ ਅਖ਼ਬਾਰ ਜ਼ਬਤ ਕਰਨ ਦੀਆਂ ਅਨੇਕਾਂ ਕੋਸ਼ਿਸ਼ਾਂ ਕੀਤੀਆਂ ਗਈਆਂ, ਪਰ ਛਾਪੇ ਮਾਰਨ 'ਤੇ ਪੁਲਸ ਦੇ ਹੱਥ ਕੁਝ ਨਾ ਲੱਗਦਾ, ਕਿਉਂਕਿ 'ਬਬਰ ਅਕਾਲੀ' ਅਖ਼ਬਾਰ ਕਦੇ ਇੱਕ ਥਾਂ ਤੋਂ ਅਤੇ ਕਿਸੇ ਦੂਜੀ ਥਾਂ ਤੋਂ ਪ੍ਰਕਾਸ਼ਿਤ ਕੀਤਾ ਜਾਂਦਾ ਸੀ। ਗੁਪਤ ਤੌਰ 'ਤੇ ਬਬਰ ਅਕਾਲੀ ਅਖ਼ਬਾਰ ਛਾਪਣ ਦੇ ਮੁੱਖ ਕੇਂਦਰ ਕੋਟ ਫਤੂਹੀ, ਪੰਡੋਰੀ ਕੋਠੀ, ਫਤਹਿਪੁਰ ਜੱਸੋਵਾਲ ਅਤੇ ਗੁਰਦੁਆਰਾ ਕਿਸ਼ਨਪੁਰ ਵਿੱਚ ਕਾਇਮ ਸਨ, ਪਰ ਇਸਦੇ ਬਾਵਜੂਦ ਇਨ੍ਹਾਂ ਪਰਚਿਆਂ ਨੂੰ ਖੁਫ਼ੀਆ ਢੰਗ ਨਾਲ ਖਾਸ ਟਿਕਾਣਿਆਂ 'ਤੇ ਪਹੁੰਚਾਇਆ ਜਾਂਦਾ ਤੇ ਫ਼ੌਜਾਂ ਤੱਕ ਡਾਕ ਰਾਹੀਂ ਦੂਰ-ਦੁਰਾਡੇ ਭੇਜਿਆ ਜਾਂਦਾ। ਮਗਰੋਂ ਪੁਲਿਸ ਦੀ ਸਰਗਰਮੀ ਵਧ ਜਾਣ ਕਰਕੇ ਪਰਚਾ ਛਾਪਣ ਲਈ ਇੱਕ ਹੋਰ ਸਾਈਕਲੋ-ਸਟਾਈਲ ਮਸ਼ੀਨ ਖ਼ਰੀਦੀ ਗਈ। ਇੱਕ ਮਸ਼ੀਨ ਜਲੰਧਰ ਨੇੜੇ ਅਤੇ ਦੂਜੀ ਕੰਢੀ ਦੇ ਇਲਾਕੇ ਵਿੱਚ ਰੱਖੀ ਗਈ, ਤਾਂ ਕਿ ਲੋੜ ਪੈਣ ’ਤੇ ਦੋਵਾਂ ’ਚੋਂ ਕਿਸੇ ਵੀ ਥਾਂ ਤੋਂ ਪਰਚਾ ਛਾਪ ਲਿਆ ਜਾਵੇ। ਇਸ ਤਰ੍ਹਾਂ ਦੀਆਂ ਕਈ ਕਾਰਵਾਈਆਂ ਬੱਬਰ ਅਕਾਲੀ ਯੋਧਿਆਂ ਦੀ ਗੁਰੀਲਾ ਨੀਤੀ ਦਾ ਪ੍ਰਗਟਾਵਾ ਵੀ ਕਰਦੀਆਂ ਹਨ।
ਅਗਸਤ 1922 ਤੋਂ ਮਈ 1923 ਤੱਕ ਬੱਬਰ ਅਕਾਲੀ ਅਖ਼ਬਾਰ ਦੇ ਪੰਦਰਾਂ ਅੰਕ ਛਾਪੇ ਗਏ। ਇਹਨਾਂ ਵਿਚ ਵਿਸਾਖੀ, ਮਾਘੀ ਤੇ ਕਲਗੀਧਰ ਅੰਕ ਵੀ ਸ਼ਾਮਲ ਸਨ। ਜੁਝਾਰੂ ਕਵੀ ਜਥੇਦਾਰ ਕਰਮ ਸਿੰਘ ਬੱਬਰ ਗੁਰੂ ਗੋਬਿੰਦ ਸਿੰਘ ਜੀ ਦੇ ਖ਼ਾਲਸਈ ਫ਼ਲਸਫ਼ੇ ਤੋਂ ਸੇਧ ਲੈ ਕੇ ਗ਼ੁਲਾਮੀ ਖ਼ਿਲਾਫ਼ ਲੜਨ ਅਤੇ ਜ਼ਾਲਮਾਂ ਨੂੰ ਸੋਧਣ ਲਈ ਕਾਵਿ ਰਚਨਾਵਾਂ ਲਿਖਦੇ;
"ਬਬਰ ਕੱਢ ਵਾਰੰਟ ਤੂੰ ਜ਼ਾਲਮਾਂ ਦੇ ਹੱਥੀਂ ਆਪਣੇ ਦਫ਼ਾ ਲਗਾ ਭਾਈ।
ਸ਼ਾਂਤਮਈ ਨੇ ਕੁਝ ਸਵਾਰਿਆ ਨਾ ਕੰਮ ਸ਼ੁਰੂ ਕਰਦੇ ਦੂਜੇ ਦਾ ਭਾਈ।
ਤੁਖਮ ਛੋੜ ਨਹੀਂ ਹੁਣ ਜ਼ਾਲਮਾਂ ਦਾ ਜਿਨ੍ਹਾਂ ਦਿੱਤੇ ਹਨ ਲੋਕ ਸਤਾ ਭਾਈ।
'ਕਰਮ ਸਿੰਘ' ਕਰਤਾਰ ਦੀ ਓਟ ਲੈ ਕੇ ਹੁਣ ਜ਼ਾਲਮਾਂ ਵੰਡੀਆਂ ਪਾ ਭਾਈ।"
ਬਬਰ ਅਕਾਲੀ ਯੋਧਿਆਂ ਨੇ ਅਗਸਤ,1922 ਦੇ ਗੁਰੂ ਕੇ ਬਾਗ ਦੇ ਮੋਰਚੇ ਸਮੇਂ ਸ਼ਾਂਤਮਈ ਅਕਾਲੀਆਂ ਉੱਪਰ ਪੁਲਿਸ ਦੇ ਤਸ਼ੱਦਦ ਬਾਰੇ, ਸ਼੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਨੂੰ ਅੰਗਰੇਜ਼ ਸਰਕਾਰ ਵਿਰੁੱਧ ਹਥਿਆਰਬੰਦ ਸੰਘਰਸ਼ ਛੇੜਣ ਲਈ ਆਖਿਆ ਗਿਆ, ਪਰ ਨਰਮ-ਖਿਆਲੀ ਅਕਾਲੀ ਆਗੂਆਂ ਵੱਲੋਂ ਇਹ ਗੱਲ ਨਾ ਮੰਨੀ ਗਈ। ਦੂਜੇ ਪਾਸੇ ਜੁਝਾਰੂ ਬਬਰ ਅਕਾਲੀਆਂ ਨੇ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ ਅਤੇ ਇਕ ਖੁੱਲ੍ਹੀ ਚਿੱਠੀ ਗਵਰਨਰ ਪੰਜਾਬ ਦੇ ਨਾਲ ਲਿਖਦਿਆਂ ਕਿਹਾ, "ਐ ਗਵਰਨਰ ਪੰਜਾਬ! ਤੇਰੀਆਂ ਬੇਇਨਸਾਫ਼ੀਆਂ ਅਤੇ ਜ਼ੁਲਮਾਂ ਤੋਂ ਤੰਗ ਆ ਕੇ, ਬੱਬਰ ਅਕਾਲੀਆਂ ਨੇ ਆਪਣਾ ਸ਼ਾਂਤਮਈ ਦਾ ਰਾਹ ਤਿਆਗ ਕੇ, ਹੁਣ ਤਲਵਾਰ ਦਾ ਰਸਤਾ ਫੜਿਆ ਹੈ।" ਇਸ ਦੌਰਾਨ ਜਥੇਬੰਦੀ ਦੇ ਅਨੁਸ਼ਾਸਨ ਨੂੰ ਮੁੱਖ ਰੱਖਦਿਆਂ 25 ਨਵੰਬਰ,1922 ਨੂੰ ਇਕ ਬੈਠਕ 'ਚ ਮੈਂਬਰਾਂ ਨੂੰ ਔਰਤਾਂ ਅਤੇ ਬੱਚਿਆਂ ਉਤੇ ਹਮਲੇ ਨਾ ਕਰਨ ਦੀ ਹਦਾਇਤ ਤੋਂ ਇਲਾਵਾ, ਝੋਲੀ-ਚੁੱਕਾਂ ਨੂੰ ਸੋਧਣ ਦੀ ਜਿੰਮੇਵਾਰੀ ਲਈ ਬਬਰ ਕਰਮ ਸਿੰਘ ਦੌਲਤਪੁਰ, ਧੰਨਾ ਸਿੰਘ ਅਤੇ ਉਦੈ ਸਿੰਘ ਦੇ ਨਾਮ ਦਾ ਮਤਾ ਪਾਸ ਕੀਤਾ ਗਿਆ। ਬਬਰ ਅਕਾਲੀਆਂ ਵੱਲੋਂ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ ਕਿ ਕੋਈ ਵੀ ਠੇਕੇਦਾਰ ਸ਼ਰਾਬ ਤੇ ਸੜਕਾਂ ਦੁਆਲੇ ਲੱਗੇ ਅੰਬਾਂ ਦਾ ਠੇਕਾ ਨਹੀਂ ਲਵੇਗਾ। ਇਸ ਦਾ ਅਸਰ ਇਹ ਹੋਇਆ ਕਿ 1922-23 ਦੌਰਾਨ ਕਿਸੇ ਵੀ ਠੇਕੇਦਾਰ ਨੇ ਅੰਬਾਂ ਦਾ ਠੇਕਾ ਲੈਣ ਦੀ ਹਿੰਮਤ ਨਾ ਕੀਤੀ।
12 ਜਨਵਰੀ,1923 ਨੂੰ 'ਬਬਰ ਅਕਾਲੀ ਦੁਆਬਾ' ਅਖਬਾਰ ਵਿੱਚ ਜੁਝਾਰੂਆਂ ਦੀਆਂ ਚਿੱਠੀਆਂ ਛਾਪੀਆਂ, ਇਨ੍ਹਾਂ ਵਿੱਚ ਜਲੰਧਰ ਦੇ ਜ਼ਿਲ੍ਹਾ ਵਿਚ ਬੱਬਰਾਂ ਵੱਲੋਂ ਟੋਡੀਆਂ ਨੂੰ ਸੋਧਣ ਦੇ ਦਾ ਐਲਾਨ ਛਾਪਿਆ ਗਿਆ ਸੀ। 11 ਮਾਰਚ,1923 ਨੂੰ ਨੰਗਲ ਸਾਮਾਂ ਪਿੰਡ ਦਾ ਲੰਬਰਦਾਰ ਸੋਧਿਆ।19 ਮਾਰਚ,1923 ਨੂੰ ਸੀਆਈਡੀ ਸਿਪਾਹੀ ਲਾਭ ਸਿੰਘ ਨੂੰ ਡਾਨਸੀਵਾਲ ਪਿੰਡ ਵਿਚ ਖਤਮ ਕੀਤਾ। 21 ਮਾਰਚ,1923 ਨੂੰ ਪਿੰਡ ਕੌਲਗੜ੍ਹ, ਸਭਸ ਨਗਰ ਵਿਖੇ ਅੰਗਰੇਜ਼ ਪ੍ਰਸਤਾਂ ਨੂੰ ਸੋਧਣ ਦੀ ਜਿੰਮੇਵਰੀ ਲੈਣ ਦਾ ਬਬਰ ਅਕਾਲੀਆਂ ਦਾ ਦੂਜਾ ਐਲਾਨ 'ਬਬਰ ਅਕਾਲੀ' ਅਖਬਾਰ ਵਿੱਚ ਪ੍ਰਕਸ਼ਿਤ ਕੀਤਾ ਗਿਆ।
ਭਾਈ ਕਰਮ ਸਿੰਘ ਬਬਰ ਅਕਾਲੀ ਨੇ ਆਪਣਾ ਜੀਵਨ ਲੋਕਾਂ ਦੀ ਆਜ਼ਾਦੀ ਲਈ ਸਮਰਪਿਤ ਕੀਤਾ। 20 ਮਈ,1923 ਨੂੰ ਹਿਯਾਤਪੁਰ ਰੁੜਕੀ ਦੇ ਦੋ ਅੰਗਰੇਜ਼-ਪ੍ਰਸਤ ਰਲਾ ਅਤੇ ਦਿੱਤੂ ਨੂੰ ਕੌਮੀ ਯੋਧਿਆਂ ਨਾਲ ਗ਼ੱਦਾਰੀ ਕਰਨ ਤੋਂ ਬਾਜ਼ ਨਾ ਆਉਣ ਕਾਰਨ ਖੁਦ ਬਬਰ ਅਕਾਲੀ ਨੇ ਸੋਧਿਆ। ਹਿਯਾਤਪੁਰ ਰੁੜਕੀ ਭਾਈ ਕਰਮ ਸਿੰਘ ਬਬਰ ਅਕਾਲੀ ਦਾ ਨਾਨਕਾ ਪਿੰਡ ਸੀ। ਇਸੇ ਦੌਰਾਨ ਕੁਝ ਅੰਗਰੇਜ਼ਪ੍ਰਸਤ ਸੰਪਰਦਾਰਵਾਂ ਨੇ ਬਬਰ ਅਕਾਲੀਆਂ ਗਰਮ ਕਾਰਵਾਈਆਂ ਵਿਰੁੱਧ ਮਤੇ ਵੀ ਪਾਸ ਕੀਤੇ। ਨਰਮ-ਖ਼ਿਆਲੀ ਅਕਾਲੀ ਅਤੇ ਚੀਫ਼ ਖ਼ਾਲਸਾ ਦੀਵਾਨ ਵਾਲੇ ਬਬਰਾਂ ਦਾ ਵਿਰੋਧ ਕਰਨ ਲੱਗੇ।
ਬੇਸ਼ੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਬਰਾਂ ਦੇ ਮੁਕੱਦਮੇ ਵੀ ਲੜੇ, ਪਰ ਇਹ ਵੀ ਸੱਚ ਹੈ ਕਿ 29 ਮਈ,1923 ਨੂੰ ਸ਼੍ਰੋਮਣੀ ਕਮੇਟੀ ਨੇ ਬਬਰ ਅਕਾਲੀਆਂ ਨੂੰ ਪੰਥ ਵਿਰੋਧੀ ਘੋਸ਼ਿਤ ਕਰ ਦਿੱਤਾ। ਦੁਖਦਾਈ ਪੱਖ ਇਹ ਹੈ ਕਿ ਸਰਕਾਰ ਨੂੰ ਖੁਸ਼ ਕਰਨ ਲਈ ਇਹ ਮਤਾ ਪਾਸ ਕੀਤਾ ਗਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੱਬਰਾਂ ਦੀ ਕਤਲਾਂ ਦੀ ਪਾਲਿਸੀ ਦੀ ਨਿਖੇਧੀ ਕਰਦੀ ਹੈ ਤੇ ਪੰਥ ਅੱਗੇ ਅਪੀਲ ਕਰਦੀ ਹੈ ਕਿ ਕੋਈ ਸੱਜਣ ਇਨ੍ਹਾਂ ਦੀ ਸਹਾਇਤਾ ਨਾ ਕਰੇ, ਸਗੋਂ ਇਨ੍ਹਾਂ ਨੂੰ ਦੇਸ਼ ਤੇ ਕੌਮ ਲਈ ਹਾਨੀਕਾਰਕ ਸਮਝੇ। (ਹਵਾਲਾ ਕਿਤਾਬ 'ਬਬਰ ਅਕਾਲੀ', ਲੇਖਕ ਪ੍ਰਿੰਸੀਪਲ ਨਿਹਾਲ ਸਿੰਘ ਰਸ, ਪੰਨਾ 135) ਇਨ੍ਹਾਂ ਦੇ ਨਾਲ-ਨਾਲ ਬਬਰਾਂ ਦੇ ਪ੍ਰਚਾਰ ਦਾ ਅਸਰ ਘੱਟ ਕਰਨ ਲਈ ਅੰਗਰੇਜ਼ਪ੍ਰਸਤ ਜ਼ੈਲਦਾਰਾਂ, ਨੰਬਰਦਾਰਾਂ, ਸਫੈਦਪੋਸ਼ਾਂ ਤੇ ਜਗੀਰਦਾਰਾਂ ਦੇ ਕਈ ਪਿੰਡਾਂ ਨੂੰ ਅਮਨ ਕਮੇਟੀਆਂ ਬਣਾਉਣ ਅਤੇ ਰਾਤਾਂ ਨੂੰ ਪਹਿਰਾ ਲਾਉਣ ਵਾਲੇ ਮਸ਼ਵਰਿਆਂ ਨਾਲ, ਬਬਰਾਂ ਖ਼ਿਲਾਫ਼ ਲੋਕਾਂ ਨੂੰ ਭੜਕਾਉਣ ਦੇ ਕਾਰੇ ਸ਼ੁਰੂ ਕਰ ਦਿੱਤੇ ਗਏ। ਇਸ ਤੋਂ ਮੰਦਭਾਗੀ ਗੱਲ ਕੀ ਹੋ ਸਕਦੀ ਹੈ ਲੋਕਾਂ ਲਈ ਲੜਨ ਵਾਲੇ ਯੋਧਿਆਂ ਖਿਲਾਫ਼ ਹੀ ਲੋਕ ਲਾਮਬੰਦ ਹੋਣੇ ਸ਼ੁਰੂ ਹੋ ਗਏ। ਇਹ ਮੁਰਦਾ ਜ਼ਮੀਰ ਅਤੇ ਗ਼ੁਲਾਮ ਮਾਨਸਿਕਤਾ ਦੇ ਪ੍ਰਤੱਖ ਸਬੂਤ ਸਨ।
ਬਬਰ ਅਕਾਲੀ ਲਹਿਰ ਦੇ ਨਾਇਕ ਭਾਈ ਕਰਮ ਸਿੰਘ ਬੱਬਰ ਅੰਗਰੇਜ਼ ਹਕੂਮਤ ਖ਼ਿਲਾਫ਼ ਇਨਕਲਾਬੀ ਸੰਘਰਸ਼ ਕਰਦਿਆਂ, 1 ਸਤੰਬਰ 1923 ਨੂੰ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਬੇਲੀ ਵਿਖੇ, ਪੁਲਿਸ ਮੁਕਾਬਲਾ ਵਿਚ ਸ਼ਹੀਦ ਹੋਏ। ਇਸ ਮੌਕੇ ਆਪ ਦੇ ਨਾਲ ਭਾਈ ਮਹਿੰਦਰ ਸਿੰਘ ਪੰਡੋਰੀ, ਭਾਈ ਗੰਗਾ ਸਿੰਘ, ਭਾਈ ਉਦੇ ਸਿੰਘ ਰਾਮਗੜੂ ਝੁੰਗੀਆਂ ਅਤੇ ਭਾਈ ਬਿਸ਼ਨ ਸਿੰਘ ਮਾਂਗਟਾਂ ਨੇ ਵੀ ਸ਼ਹੀਦੀਆਂ ਪਾਈਆਂ। ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਅਤੇ ਉਨ੍ਹਾਂ ਦੇ ਸਾਥੀ ਯੋਧਿਆਂ ਦੀਆਂ ਸ਼ਹੀਦੀਆਂ ਸਦਕਾ ਹੀ ਭਾਰਤ ਦੀਆਂ ਅੰਗਰੇਜ਼ਾਂ ਤੋਂ ਗ਼ੁਲਾਮੀ ਦੀਆਂ ਜ਼ੰਜੀਰਾਂ ਟੁੱਟੀਆਂ। ਅੱਜ ਦੁਖਦਾਈ ਗੱਲ ਇਹ ਹੈ ਕਿ ਨਵ-ਬਸਤੀਵਾਦ ਅਤੇ ਫਾਸ਼ੀਵਾਦ ਦੀਆਂ ਲੋਕ ਵਿਰੋਧੀ ਤਾਕਤਾਂ ਭਾਰਤ ਵਿੱਚ ਸੱਤਾ 'ਤੇ ਕਾਬਜ਼ ਹਨ। ਅਜੋਕੀ ਫਾਸ਼ੀਵਾਦੀ ਸਟੇਟ ਖਿਲਾਫ਼ ਘੱਟ ਗਿਣਤੀਆਂ ਹੱਕਾਂ ਲਈ ਜੂਝ ਰਹੀਆਂ ਹਨ। ਗ਼ਦਰੀ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਤੇ ਉਨ੍ਹਾਂ ਵਰਗੇ ਅਨੇਕਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਕਾਰਨ ਮਿਲੀ ਸੱਤਾਂ 'ਤੇ ਕਾਬਜ਼ ਫਾਸ਼ੀਵਾਦੀਆਂ ਨੂੰ ਤੱਕ ਕੇ ਮੂੰਹੋਂ ਇਹੀ ਨਿਕਲਦਾ ਹੈ; 'ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਦੀਆਂ ਕਲੋਲਾਂ'। ਘੱਟ ਗਿਣਤੀਆਂ ਦੀ ਦੁਸ਼ਮਣ ਅੱਜ ਦੀ ਫਾਸ਼ੀਵਾਦੀ ਸਰਕਾਰ ਖ਼ਿਲਾਫ਼ ਆਵਾਜ਼ ਬੁਲੰਦ ਕਰਨਾ ਹੀ ਮਹਾਨ ਸ਼ਹੀਦ ਭਾਈ ਕਰਮ ਸਿੰਘ ਬਬਰ ਅਕਾਲੀ ਨੂੰ ਸੱਚੀ ਸ਼ਰਧਾਂਜਲੀ ਹੈ।
ਸਿਤਮਜ਼ਰੀਫੀ ਇਹ ਕਿ ਭਾਈ ਕਰਮ ਸਿੰਘ ਬਬਰ ਨੇ ਆਪਣੀ ਜਾਨ ਦੇ ਕੇ ਸਾਨੂੰ ਸਰਦਾਰੀਆਂ ਬਖ਼ਸ਼ੀਆਂ ਹਨ, ਪਰ ਅਸੀਂ ਇਸ ਮਹਾਨ ਯੋਧੇ ਨੂੰ ਵਿਸਾਰ ਚੁੱਕੇ ਹਾਂ। ਸਕੂਲਾਂ ਦੀਆਂ ਪਾਠ ਪੁਸਤਕਾਂ ਵਿੱਚ ਇਨ੍ਹਾਂ ਬੱਬਰ ਅਕਾਲੀਆਂ ਅਤੇ ਗਦਰੀ ਯੋਧਿਆਂ ਦਾ ਇਤਿਹਾਸ ਪੜ੍ਹਾਇਆ ਨਹੀਂ ਜਾਂਦਾ। ਦੂਜੇ ਪਾਸੇ ਇਹ ਗੱਲ ਜ਼ਰੂਰ ਮਾਣ ਵਾਲੀ ਹੈ ਕਿ ਪਿੰਡ ਦੌਲਤਪੁਰ, ਵਿੱਚ ਬਬਰ ਸ਼ਹੀਦਾਂ ਦੀ ਯਾਦ 'ਚ ਉਸਾਰੇ ਗਏ ਸਮਾਰਕ ਸਭ ਲਈ ਪ੍ਰੇਰਨਾ ਸਰੋਤ ਹਨ। ਇੱਥੇ 57 ਬੱਬਰ ਸ਼ਹੀਦਾਂ ਦੀ ਵਿਰਾਸਤ ਵਜੋਂ ਇਨ੍ਹਾਂ ਦੇ ਹਥਿਆਰਾਂ ਅਤੇ ਸਾਹਿਤ ਨੂੰ ਸੰਭਾਲ ਕੇ ਰੱਖਿਆ ਹੈ, ਜੋ ਕਿ ਸੰਘਰਸ਼ ਦੇ ਰਾਹ 'ਤੇ ਚੱਲਣ ਅਤੇ ਜ਼ੁਲਮ ਖ਼ਿਲਾਫ਼ ਡਟਣ ਵਾਲਿਆਂ ਲਈ ਚਾਨਣ ਮੁਨਾਰੇ ਹਨ।
'ਬਬਰ ਅਕਾਲੀ ਲਹਿਰ' ਦੀ ਸ਼ਤਾਬਦੀ ਅਤੇ 'ਬਬਰ ਅਕਾਲੀ ਅਖ਼ਬਾਰ' ਦੇ 100ਵੇਂ ਸਥਾਪਨਾ ਦਿਹਾੜੇ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਫ਼ਰਜ਼ ਬਣਦਾ ਹੈ ਕਿ ਉਹ 1922-23 ਦੌਰਾਨ ਬੱਬਰ ਅਕਾਲੀ ਯੋਧਿਆਂ ਖ਼ਿਲਾਫ਼ ਪਾਸ ਕੀਤੇ ਮਤੇ ਰੱਦ ਕਰੇ ਅਤੇ ਇਸ ਇਤਿਹਾਸਕ ਗ਼ਲਤੀ ਨੂੰ ਤੁਰੰਤ ਦਰੁਸਤ ਕਰੇ। ਅਜਿਹਾ ਪਹਿਲਾਂ ਹੀ ਹੋ ਜਾਣਾ ਚਾਹੀਦਾ ਸੀ। ਬਬਰ ਅਕਾਲੀ ਅਖ਼ਬਾਰ ਦੇ ਸੰਪਾਦਕ ਭਾਈ ਕਰਮ ਸਿੰਘ ਦੌਲਤਪੁਰ ਅਤੇ ਸਮੂਹ ਬਬਰਾਂ ਦੀ ਮਹਾਨ ਸ਼ਹਾਦਤ ਨੂੰ ਯਾਦ ਕਰਦੇ ਹੋਏ, ਸ਼੍ਰੋਮਣੀ ਕਮੇਟੀ ਨੂੰ ਅਜਿਹੇ ਮੰਦਭਾਗੇ ਮਤੇ ਤੁਰੰਤ ਹਟਾਉਣ ਦੀ ਲੋੜ ਹੈ। ਅਫ਼ਸੋਸ ਇਸ ਗੱਲ ਦਾ ਵੀ ਹੈ ਕਿ ਚੀਫ ਐਡੀਟਰ ਬਬਰ ਅਕਾਲੀ ਕਰਮ ਸਿੰਘ ਜੀ ਦੀ ਪੱਤਰਕਾਰ ਵਜੋਂ ਦੇਣ ਦਾ ਪਹਿਲੂ ਅਣਗੌਲਿਆ ਰਿਹਾ ਹੈ, ਜਿਸ ਲਈ ਪੰਜਾਬੀ ਪੱਤਰਕਾਰੀ ਨਾਲ ਜੁੜੇ ਅਦਾਰੇ ਅਤੇ ਸ਼ਖਸੀਅਤਾਂ ਜ਼ਿੰਮੇਵਾਰ ਹਨ। ਪੰਜਾਬੀ ਪ੍ਰੈੱਸ ਕਲੱਬ ਆਫ ਬ੍ਰਿਟਿਸ਼ ਕੋਲੰਬੀਆ ਨੇ ਸ਼ਤਾਬਦੀ ਸਾਲ ਦੌਰਾਨ ਭਾਈ ਸਾਹਿਬ ਦੇ ਬਤੌਰ ਪੱਤਰਕਾਰ ਯੋਗਦਾਨ ਬਾਰੇ ਸਮਾਗਮ ਕਰਨ ਦਾ ਫੈਸਲਾ ਲੈਂਦਿਆਂ, ਬਣਦਾ ਫਰਜ਼ ਨਿਭਾਇਆ ਹੈ।
'ਦੇਰ ਆਏ ਦਰੁਸਤ ਆਏ!'
ਸਾਹਿਬਜ਼ਾਦਿਆਂ ਅਤੇ ਗੁਰੂ ਮਾਤਾਵਾਂ ਦੇ ਨਾਵਾਂ ਅਤੇ 'ਵੀਰ ਬਾਲ ਦਿਵਸ' ਆਦਿ ਵਿਵਾਦ ਪਿੱਛੇ ਮਕਸਦ - ਡਾ. ਗੁਰਵਿੰਦਰ ਸਿੰਘ
ਮੌਜੂਦਾ ਸਟੇਟ ਦੇ ਜਬਰ ਖਿਲਾਫ ਡਟਣ ਦੀ ਥਾਂ, ਬੇਤੁਕੀ ਬਹਿਸ ਸਾਜ਼ਿਸ਼, ਸ਼ਰਾਰਤ ਜਾਂ ਸਿਆਸਤ?
ਦਸੰਬਰ ਦਾ ਮਹੀਨਾ ਅਤੇ ਵਿਸ਼ੇਸ਼ ਕਰ ਕੇ ਦੂਜੇ ਪੰਦਰਵਾੜਾ ਸਿੱਖ ਇਤਿਹਾਸ ਵਿੱਚ, ਸ਼ਹਾਦਤਾਂ ਦੇ ਇਤਿਹਾਸ 'ਚ ਸਿਰਮੌਰ ਮੰਨਿਆ ਜਾਂਦਾ ਹੈ। ਇਹਨਾਂ ਦਿਨਾਂ ਵਿੱਚ ਚਾਰੇ ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਹੋਈਆਂ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੋਈ ਅਤੇ ਇਸ ਤੋਂ ਇਲਾਵਾ ਬਹੁਤ ਸਾਰੇ ਹੋਰ ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ। ਆਨੰਦਪੁਰ ਸਾਹਿਬ ਦਾ ਕਿਲਾ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਵਿਛੋੜੇ ਸਮੇਤ ਅਤੇ ਹੋਰ ਅਨੇਕਾਂ ਚੁਣੌਤੀਆਂ ਨਾਲ ਜੂਝਦੇ ਹੋਏ, ਸਮੇਂ ਦੀ ਜ਼ਾਲਮ ਹਕੂਮਤ ਨੂੰ ਟੱਕਰ ਦੇ ਰਹੇ ਸਨ। ਇਹ ਉਹ ਦਿਨ ਸਨ, ਜਦੋਂ ਸਰਸਾ ਨਦੀ 'ਚ ਵੱਡਮੁੱਲਾ ਸਾਹਿਤ ਰੁੜ ਗਿਆ ਸੀ ਤੇ ਜਿਨਾਂ ਦਿਨਾਂ 'ਚ ਸਿੱਖ ਸੰਗਤਾਂ ਦਾ ਵੱਡਾ ਹਿੱਸਾ ਅਤੇ ਪਰਿਵਾਰ ਵਿਛੜ ਗਿਆ। ਪਰ ਦੂਜੇ ਪਾਸੇ ਇਹੀ ਦਿਨ ਚੜ੍ਹਦੀ ਕਲਾ ਦੇ ਇਤਿਹਾਸ ਦੇ ਪੰਨੇ ਹਨ। ਇੱਕ ਪਾਸੇ ਸਰਹੰਦ ਦੀਆਂ ਨੀਹਾਂ ਵਿੱਚ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਦੇ ਚਿਣੇ ਜਾਣਾ ਮੁਗਲੀਆ ਹਕੂਮਤ ਦੇ ਜ਼ੁਲਮ ਦੀ ਸਿਖਰ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਅਤੇ ਦੂਜੇ ਪਾਸੇ ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਸਮੇਤ ਪਿਆਰੇ ਸਿੰਘਾਂ ਦੀਆਂ ਸ਼ਹੀਦੀਆਂ।
ਇਹਨਾਂ ਦਿਨਾਂ ਦੌਰਾਨ ਵਿਚਾਰ ਚਰਚਾ ਤਾਂ ਇਹ ਹੋਣੀ ਚਾਹੀਦੀ ਹੈ ਕਿ ਇਹ ਸ਼ਹਾਦਤਾਂ ਸਾਨੂੰ ਕੀ ਸਿੱਖਿਆ ਦਿੰਦੀਆਂ ਹਨ? ਸਮੇਂ ਦੀਆਂ ਜ਼ਾਲਮ ਹਕੂਮਤਾਂ ਖਿਲਾਫ ਕਿਵੇਂ ਡਟਣ ਦੀ ਪ੍ਰੇਰਨਾ ਦਿੰਦੀਆਂ ਹਨ? ਇਹ ਵੀ ਸੱਚ ਹੈ ਕਿ ਸਿੱਖ ਸੰਘਰਸ਼ ਮੁਗਲੀਆ ਹਕੂਮਤ ਖਿਲਾਫ ਸੀ ਨਾ ਕਿ ਇਸਲਾਮ ਖਿਲਾਫ। ਮੌਜੂਦਾ ਸਮੇਂ ਵੀ ਜੇਕਰ ਸੱਤਾਧਾਰੀ ਹਕੂਮਤ ਜ਼ੁਲਮ ਢਾਉਂਦੀ ਹੈ ਤਾਂ ਸਿੱਖ ਸੰਘਰਸ਼ ਉਸ ਦੇ ਖਿਲਾਫ ਹੈ ਨਾ ਕਿ ਕਿਸੇ ਖਾਸ ਧਰਮ ਦੇ ਖਿਲਾਫ, ਪਰ ਅਫਸੋਸ ਇਸ ਗੱਲ ਦਾ ਹੈ ਕਿ ਕਹਿੰਦੇ ਕਹਾਉਂਦੇ ਲੇਖਕ, ਬੁੱਧੀਜੀਵੀ ਅਤੇ ਸਿਆਸਤਦਾਨ ਇਹਨਾਂ ਦਿਨਾਂ ਵਿੱਚ ਇਹ ਚਰਚਾ ਛੇੜ ਰਹੇ ਹਨ ਕਿ ਮਾਤਾ ਜੀ ਦਾ ਨਾਂ ਮਾਤਾ ਗੁਜਰੀ ਜੀ ਸੀ ਜਾਂ ਮਾਤਾ ਗੁਜਰ ਕੌਰ ਸੀ? ਗੁਰੂ ਸਾਹਿਬ ਦੇ ਮਹਿਲ (ਸੁਪਤਨੀ) ਦਾ ਨਾਂ ਮਾਤਾ ਸਾਹਿਬ ਕੌਰ ਸੀ ਜਾਂ ਸਾਹਿਬ ਦੇਵਾ ਸੀ? ਇਹਨਾਂ ਗੱਲਾਂ ਨੂੰ ਇਹਨਾਂ ਦਿਨਾਂ ਵਿੱਚ ਛੇੜਨ ਦਾ ਮਕਸਦ ਕੀ ਹੋ ਸਕਦਾ ਹੈ?
ਜਿੱਥੋਂ ਤੱਕ ਮੈਂ ਸਮਝਦਾ ਹਾਂ ਮਕਸਦ ਸ਼ਹਾਦਤਾਂ ਦੇ ਇਤਿਹਾਸ ਬਾਰੇ ਗਿਆਨ ਵਿੱਚ ਵਾਧਾ ਕਰਨ ਜਾਂ ਸੁਚੇਤ ਪੱਧਰ ਕਰਨ ਤੇ ਜ਼ਾਲਮ ਹਕੂਮਤ ਖਿਲਾਫ ਡਟਣ ਲਈ ਨਹੀਂ, ਬਲਕਿ ਸਮੇਂ ਦੀ ਹਕੂਮਤ ਅਤੇ ਸਥਾਪਤੀ ਖਿਲਾਫ ਜੂਝਣ ਵੱਲੋਂ ਧਿਆਨ ਵੰਡਣ ਦੀ ਕੋਸ਼ਿਸ਼ ਹੈ, ਜਿਹੜਾ ਕਿ ਹਕੂਮਤ ਸਿੱਖਾਂ ਨੂੰ ਵੰਡਣ ਵਾਸਤੇ ਹਮੇਸ਼ਾ ਹੀ ਕਰਦੀ ਹੈ। ਇਹ ਉਸੇ ਮੌਕੇ ਦੀ ਹਕੂਮਤ ਅਤੇ ਸਥਾਪਤੀ ਪੱਖੀ ਬਿਰਤਾਂਤ ਦੀ ਕੜੀ ਹੈ। ਜਦੋਂ ਕਿ ਚਾਹੀਦਾ ਇਹ ਸੀ ਕਿ ਇਹਨਾਂ ਦਿਨਾਂ ਵਿੱਚ ਗੱਲ ਸ਼ਹਾਦਤਾਂ ਦੀ ਹੁੰਦੀ, ਨਾ ਕਿ ਇਹਨਾਂ ਨਾਵਾਂ ਤੇ ਬਹਿਸ ਜਾਂ ਵਿਵਾਦਾਂ ਦੀ। ਕੀ ਫਰਕ ਪੈਂਦਾ ਜੇਕਰ ਕਿਸੇ ਨੇ ਮਾਤਾ ਗੁਜਰ ਕੌਰ ਵੀ ਲਿਖ ਦਿੱਤਾ ਜਾਂ ਮਾਤਾ ਸਾਹਿਬ ਕੌਰ ਵੀ ਲਿਖ ਦਿੱਤਾ? ਉਝ ਵੀ ਸੋਚਣ ਵਾਲੀ ਗੱਲ ਹੈ ਕਿ ਗੁਰੂ ਸਾਹਿਬ ਨੇ ਅੰਮ੍ਰਿਤ ਛਕਾ ਕੇ ਜੇਕਰ ਆਪਣੇ ਪਿਆਰਿਆਂ ਨੂੰ ਸਿੰਘ ਸਜਾਇਆ ਤੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਕੀ ਉਹ ਸਿੰਘ ਜਾਂ ਕੌਰ ਨਹੀਂ ਹੋਣੇਗੇ? ਕੀ ਉਹਨਾਂ ਦਾ ਅਧੂਰਾ ਨਾ ਲੈਣਾ ਜਾਇਜ਼ ਹੈ?
ਘੁਤਿੱਤੀ ਲੋਕ ਕਟਾਕਸ਼ ਕਸਦੇ ਹੋਏ ਲਿਖ ਰਹੇ ਹਨ ਕਿ ਸਿੱਖ ਤਾਂ ਹੁਣ ਗੁਰੂ ਨਾਨਕ ਨੂੰ ਵੀ ਗੁਰੂ ਨਾਨਕ ਸਿੰਘ ਲਿਖਣਗੇ। ਕੋਈ ਆਖਦਾ ਹੈ ਕਿ ਮਾਤਾ ਭਾਗ ਕੌਰ ਕਿਉਂ ਲਿਖ ਦਿੱਤਾ ਹੈ, ਮਾਈ ਭਾਗੋ ਨਹੀਂ ਲਿਖਿਆ। ਕੋਈ ਸਿੱਖ ਸੱਭਿਆਚਾਰ 'ਤੇ ਨਿਸ਼ਾਨਾ ਦਾਗਦਾ ਆਖਦਾ ਹੈ ਕਿ ਪੰਜ ਪਿਆਰੇ ਸਿੰਘ ਹੀ ਸਨ, ਫਿਰ ਕੌਰ ਸ਼ਬਦ ਕਿੱਥੋਂ ਆ ਗਿਆ, ਇਹ ਹੈ ਹੀ ਨਹੀਂ ਸੀ। ਮਕਸਦ ਇੱਕੋ ਹੀ ਹੈ ਕਿ ਸਿੱਖਾਂ ਨੂੰ ਨਾਵਾਂ ਵਿੱਚ ਉਲਝਾ ਦਈਏ ਅਤੇ ਸ਼ਹਾਦਤਾਂ ਦੇ ਇਤਿਹਾਸ ਨੂੰ ਪਿੱਛੇ ਸੁੱਟ ਦਈਏ।
ਸਾਡੇ ਖਿਆਲ ਅਨੁਸਾਰ ਜੇਕਰ ਕੋਈ ਮਾਤਾ ਗੁਜਰੀ ਜੀ ਵੀ ਆਖਦਾ ਹੈ ਜਾਂ ਮਾਤਾ ਸਾਹਿਬ ਦੇਵਾਂ ਜੀ ਵੀ ਆਖਦਾ ਹੈ, ਤਾਂ ਅਸੀਂ ਉਸਦਾ ਅਪਮਾਨ ਵੀ ਨਹੀਂ ਕਰਨਾ, ਬਸ਼ਰਤੇ ਉਹ ਸ਼ਹੀਦੀ ਦੇ ਬਿਰਤਾਂਤ ਨੂੰ ਅੱਜ ਦੀ ਸਥਾਪਤੀ ਅਤੇ ਬਹੁ ਗਿਣਤੀ ਦੇ ਹੱਕ ਵਿੱਚ ਨਾ ਭੁਗਤਾਵੇ, ਪਰ ਉਹਨਾਂ ਲੋਕਾਂ ਨੂੰ ਇਹ ਗੱਲ ਕਹਿਣ ਦਾ ਕੀ ਹੱਕ ਹੈ ਜਿਨਾਂ ਨੇ ਆਪਣੇ ਨਾਵਾਂ ਦੇ ਵਿੱਚੋਂ ਪਹਿਲਾਂ ਹੀ ਮੱਧ ਨਾਮ 'ਸਿੰਘ' ਤੇ 'ਕੌਰ' ਹਟਾ ਦਿੱਤੇ ਤੇ ਹੁਣ ਉਹ ਸਿੱਖਿਆ ਦੇ ਰਹੇ ਹਨ ਕਿ ਨਾਂ ਮਾਤਾ ਗੁਜਰੀ ਹੋਣਾ ਚਾਹੀਦਾ ਹੈ, ਮਾਤਾ ਗੁਜਰ ਕੌਰ ਨਹੀਂ ਹੋਣਾ ਚਾਹੀਦਾ। ਮੈਂ ਸਮਝਦਾ ਹਾਂ ਕਿ ਕੁਝ ਲੋਕਾਂ ਨੇ ਜਾਣ ਬੁੱਝ ਕੇ ਇਹ ਵਿਸ਼ਾ ਇਹਨਾਂ ਦਿਨਾਂ ਵਿੱਚ ਛੇੜਿਆ ਹੈ।
ਇਹਨਾਂ ਬੁੱਧੀਜੀਵੀ ਲਿਖਾਰੀਆਂ ਅਤੇ ਚਿੰਤਕਾਂ ਤੋਂ ਪੁੱਛਣਾ ਚਾਹੁੰਦੇ ਹਾਂ ਕਿ ਜਦੋਂ ਤੁਸੀਂ ਆਪਣੇ ਸਮਿਆਂ ਵਿੱਚ ਸਰਗਰਮ ਸੀ, ਤਦ ਗੁਰੂ ਨਾਨਕ ਯੂਨੀਵਰਸਿਟੀ ਦਾ ਨਾਂ ਬਦਲ ਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੱਖਿਆ ਗਿਆ। ਇਹ ਧੱਕੇ ਨਾਲ ਆਰੀਆ ਸਮਾਜੀਆਂ ਦੀਆਂ ਧਿਰਾਂ ਵੱਲੋਂ ਇਸ ਤਰ੍ਹਾਂ ਦਾ ਨਾਮ ਬਦਲਾਉਣਾ ਸਹੀ ਸੀ? ਅੱਜ ਵੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਨਾਲ ਧਰੋਹ ਕਮਾਉਣ ਵਾਲੇ ਉਹਨਾਂ ਨੂੰ 'ਬੰਦਾ ਬੈਰਾਗੀ' ਕਹਿ ਕੇ ਜਾਂ ਤਾਂ ਹਿੰਦੂਤਵੀ ਰਾਸ਼ਟਰਵਾਦੀ ਬਣਾਉਂਦੇ ਹਨ ਜਾਂ ਪੰਡਿਤ ਭਾਰਤਵਾਜ ਕਹਿ ਕੇ ਬ੍ਰਾਹਮਣੀ ਗਲਬੇ ਵਿੱਚ ਲਪੇਟਣ ਦੀ ਕੋਸ਼ਿਸ਼ ਕਰਦੇ ਹਨ, ਜਦਕਿ ਉਹਨਾਂ ਨੇ ਅੰਮ੍ਰਿਤ ਛੱਕ ਕੇ ਸਿੱਖੀ ਧਾਰਨ ਕਰਕੇ, ਆਪਣੀ ਪੂਰਨ ਜੀਵਨ ਹੀ ਬਦਲ ਲਿਆ ਸੀ।
ਇਸੇ ਤਰਾਂ ਹੀ ਜਦੋਂ ਸ਼ਹੀਦ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਗੱਲ ਹੁੰਦੀ ਹੈ, ਤਾਂ ਸ਼ਰਾਰਤੀ ਸੋਚ ਵਾਲੇ, ਜਾਣ ਬੁਝ ਕੇ ਉਹਨਾਂ ਨੂੰ ਪਿਛੋਕੜ ਆਧਾਰਤ ਬ੍ਰਾਹਮਣ ਹਿੰਦੂ ਜਾਂ ਖੱਤਰੀ ਆਦਿ ਲਿਖ ਕੇ ਬਿਆਨ ਕਰਦੇ ਹਨ, ਜਦਕਿ ਉਹ ਸਿੱਖ ਸਨ ਤੇ ਸਿੱਖੀ ਸਿਧਾਂਤਾਂ ਅਨੁਸਾਰ ਹੀ ਉਹਨਾਂ ਨੇ ਸ਼ਹੀਦੀਆਂ ਪਾਈਆਂ। ਇਹਨਾਂ ਦੀ ਸੋਚ ਤਾਂ ਇੰਨੀ ਮਲੀਨ ਹੋ ਚੁੱਕੀ ਹੈ ਕਿ ਕਈ ਵਾਰ ਪੰਜ ਪਿਆਰਿਆਂ ਬਾਰੇ ਵੀ ਇੱਥੋਂ ਤੱਕ ਆਖ ਦਿੰਦੇ ਹਨ ਕਿ ਉਹ ਪੰਜ ਹਿੰਦੂ ਸਨ ਤੇ ਫਿਰ ਅੰਮ੍ਰਿਤ ਛੱਕ ਕੇ ਸਿੰਘ ਸਜੇ। ਅਸਲੀਅਤ ਤਾਂ ਇਹ ਹੈ ਕਿ ਉਹ ਸਿੱਖਾਂ ਵਜੋਂ ਹੀ, ਗੁਰੂ ਸਾਹਿਬ ਦੇ ਹੁਕਮ 'ਤੇ ਪਹਿਰਾ ਦਿੰਦੇ ਹੋਏ, ਆਪਣੇ ਸੀਸ ਵਾਰ ਗਏ ਸਨ ਅਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ 'ਸਿੰਘ' ਸਜਾਇਆ ਸੀ।
ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਜਿੰਨੇ ਵੀ ਸਿੱਖ ਸਨ, ਉਹਨਾਂ ਦੇ ਨਾਂਵਾਂ ਵਿੱਚ ਸਿੰਘ ਸ਼ਬਦ ਨਹੀਂ ਸੀ ਵਰਤਿਆ ਜਾਂਦਾ, ਪਰ ਉਹ ਪੱਕੇ ਸਿੱਖ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਖਾਲਸਾ ਸਾਜਨਾ ਮਗਰੋਂ ਸਿੱਖ ਧਰਮ ਵਿੱਚ ਸਿੰਘ ਅਤੇ ਕੌਰ ਸ਼ਬਦ ਸਿੱਖਾਂ ਲਈ ਵਰਤਿਆ ਜਾਂਦਾ ਹੈ ਅਤੇ ਇਸ ਦੇ ਵਿੱਚ ਕੋਈ ਵੀ ਭੁਲੇਖਾ ਨਹੀਂ। ਪਰ ਜਿਹੜੇ ਸ਼ਰਾਰਤੀ ਸੋਚ ਦੇ ਮਾਲਕ ਹਨ, ਉਹਨਾਂ ਨੇ ਹੁਣ ਵੱਡੇ ਪੱਧਰ ਤੇ ਸਾਜਿਸ਼ਾਂ ਘੜਨੀਆਂ ਸ਼ੁਰੂ ਕਰ ਦਿੱਤੀਆਂ ਹਨ। ਗਿਰਾਵਟ ਇਸ ਪੱਧਰ ਤੱਕ ਹੋ ਗਈ ਹੈ ਕਿ ਕੁਝ ਟਿੱਪਣੀਕਾਰ ਤਾਂ ਗੁਰੂ ਨਾਨਕ ਸਾਹਿਬ ਨੂੰ ਵੀ 'ਨਾਨਕ ਸਿੰਘ ਖਾਲਸਾ' ਲਿਖ ਕੇ ਵਿਅੰਗ ਕਸਦੇ ਹਨ ਤੇ ਆਖਦੇ ਹਨ ਕਿ ਹੁਣ ਸ਼ਰਧਾਲੂ ਸਿੱਖ ਗੁਰੂ ਨਾਨਕ ਸਾਹਿਬ ਨੂੰ ਵੀ ਸਿੰਘ ਬਣਾਉਣਗੇ।
ਸੱਚ ਤਾਂ ਇਹ ਹੈ ਕਿ ਸਿੱਖਾਂ ਅੰਦਰ ਕੋਈ ਭੁਲੇਖਾ ਨਹੀਂ, ਪਰ ਇਹ ਭਗਵੇਂ ਕਾਮਰੇਡ ਜ਼ਰੂਰ ਭੁਲੇਖੇ ਖੜੇ ਕਰਨ ਦੀ ਕੋਸ਼ਿਸ਼ ਵਿੱਚ ਹਨ। ਇਹ ਸਭ ਇਹਨਾਂ ਲੋਕਾਂ ਦੀਆਂ ਕੋਝੀਆਂ ਚਾਲਾਂ ਹਨ, ਤਾਂ ਕਿ ਸਿੱਖਾਂ ਦੇ ਅੰਦਰ ਭੜਕਾਹਟ ਪੈਦਾ ਕੀਤੀ ਜਾਏ। ਸਿੱਖੀ ਦੇ ਮਖੋਟਿਆਂ ਵਿੱਚ ਬੈਠੇ ਇਹਨਾਂ ਸਿੱਖ ਵਿਰੋਧੀ ਤੱਤਾਂ ਨੂੰ ਪੁੱਛਣਾ ਚਾਹਾਂਗੇ ਕਿ ਜਦੋਂ ਹਕੂਮਤਾਂ ਦੀਆਂ ਘੱਟ ਗਿਣਤੀਆਂ ਖਿਲਾਫ ਧੱਕੇਸ਼ਾਹੀਆਂ ਹੁੰਦੀਆਂ ਹਨ, ਉਦੋਂ ਇਹਨਾਂ ਦੀਆਂ ਦਲੀਲਾਂ ਤੇ ਤਰਕ ਕਿਉਂ ਮੁੱਕ ਜਾਂਦੇ ਹਨ? ਜਦੋਂ ਬ੍ਰਾਹਮਣੀ ਤਾਕਤਾਂ ਸਿੱਖ ਇਤਿਹਾਸ ਵਿਗਾੜਦੀਆਂ ਹਨ ਜਾਂ ਮੌਜੂਦਾ ਅੰਨੇ ਰਾਸ਼ਟਰਵਾਦੀ ਤੇ ਫਿਰਕੂ ਭਗਵੇਂ ਕਾਮਰੇਡ ਇਤਿਹਾਸ ਵਿਗਾੜਦੇ ਹਨ, ਉਦੋਂ ਇਹ ਚੁੱਪ ਕਿਉਂ ਧਾਰਨ ਕਰ ਲੈਂਦੇ ਹਨ?
ਸਿੱਖ ਇਤਿਹਾਸ ਦੇ ਸ਼ਹਾਦਤਾਂ ਦੇ ਦਿਨਾਂ ਮੌਕੇ ਅਜਿਹੇ ਵਿਵਾਦ ਖੜੇ ਕਰਨ ਵਾਲੇ ਇਹਨਾਂ ਅਖੌਤੀ ਬੁੱਧੀਜੀਵੀਆਂ ਅਤੇ ਲਿਖਾਰੀਆਂ ਨੂੰ ਸਵਾਲ ਹੈ ਕਿ ਕਿਸੇ ਸਿੱਖ ਸੰਸਥਾ ਨਾਲ ਸਬੰਧਿਤ ਕਾਲਜ ਵਿੱਚ ਅਧਿਆਪਕ ਜਾਂ ਉੱਚ ਅਹੁਦੇ 'ਤੇ ਲੱਗਣ ਲਈ ਤੁਸੀਂ 'ਸਿੰਘ' ਸ਼ਬਦ ਤੇ 'ਕੌਰ' ਸ਼ਬਦ ਦੀ ਵਰਤੋਂ ਕਰ ਲੈਂਦੇ ਹੋ, ਜਦਕਿ ਆਮ ਜ਼ਿੰਦਗੀ ਵਿੱਚ ਇਹਨਾਂ ਸਿੰਘ ਅਤੇ ਕੌਰ ਸ਼ਬਦਾਂ ਨੂੰ ਨਕਾਰ ਦਿੰਦੇ ਹੋ। ਅਜਿਹਾ ਦੋਗਲਾਪਣ ਕਿਉਂ??
ਅਜਿਹੀ ਗਹਿਰੀ ਸਾਜ਼ਿਸ਼ ਅਧੀਨ ਹੀ ਭਗਵੇਂ ਕਾਮਰੇਡਾਂ ਨੇ ਗ਼ਦਰ ਇਤਿਹਾਸ ਨੂੰ ਵਿਗਾੜਿਆ। ਗਦਰੀ ਬਾਬੇ ਵਧੇਰੇ ਕਰਕੇ ਸਿੱਖ ਸਨ ਤੇ ਉਨਾਂ ਵਿੱਚੋਂ ਬਹੁਤ ਸਾਰੇ ਅੰਮ੍ਰਿਤਧਾਰੀ ਸਨ, ਪਰ ਇਹਨਾਂ ਨੇ ਕਦੇ ਵੀ ਸਿੰਘ ਨਹੀਂ ਸਵਕਾਰਿਆ, ਉਹਨਾਂ ਦੇ ਨਾਵਾਂ ਨਾਲੋਂ 'ਭਾਈ' ਸ਼ਬਦ ਹਟਾਇਆ 'ਸਾਥੀ' ਲਾਇਆ ਤੇ ਉਹਨਾਂ ਦੀ ਸਿੱਖੀ ਜੀਵਨ ਜਾਚ ਨੂੰ ਵੀ ਰੱਦ ਕੀਤਾ। ਇਹੋ ਜਿਹੀ ਘਟੀਆ ਸੋਚ ਵਾਲੇ ਬੰਦਿਆਂ ਤੋਂ ਸਿੱਖ ਇਤਿਹਾਸ ਬਾਰੇ ਕੀ ਆਸ ਰੱਖੀ ਜਾ ਸਕਦੀ ਹੈ? ਅੱਜ ਫਿਰ ਇਹੀ ਤਾਕਤਾਂ, ਜੋ ਕਿ ਇੰਡੀਅਨ ਰਾਸ਼ਟਰਵਾਦੀ ਅਤੇ ਭਗਵੇਂ ਕਾਮਰੇਡੀ ਬਿਰਤਾਂਤ ਅਧੀਨ ਕੌਮੀ ਸ਼ਕਤੀ ਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਹਨ, ਸਾਨੂੰ ਸੁਚੇਤ ਹੋ ਕੇ ਇਹਨਾਂ ਦੀ ਸਾਜਿਸ਼ ਅਤੇ ਸ਼ਰਾਰਤ ਨੂੰ ਸਮਝਣਾ ਚਾਹੀਦਾ ਹੈ ਤੇ ਕਿਸੇ ਝਗੜੇ ਜਾਂ ਬਹਿਸ ਦੀ ਥਾਂ 'ਤੇ ਜਬਰ ਜ਼ੁਲਮ ਤੇ ਹਕੂਮਤੀ ਧੱਕੇਸ਼ਾਹੀ ਖਿਲਾਫ ਡਟਣ 'ਤੇ ਪਹਿਰਾ ਦੇਣਾ ਚਾਹੀਦਾ ਹੈ। ਇੱਥੇ ਇੱਕ ਹੋਰ ਪ੍ਰਚਾਰ ਨੂੰ ਵੀ ਰੱਦ ਕਰਨਾ ਬਣਦਾ ਹੈ, ਜੋ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਨ ਨੂੰ 'ਬਾਲ ਦਿਵਸ' ਕਰਾਰ ਦਿੰਦੇ ਹਨ।
ਸਿੱਖ ਸੱਭਿਆਚਾਰ ਅਤੇ ਇਤਿਹਾਸ ਵਿੱਚ ਸਾਹਿਬਜ਼ਾਦਿਆਂ ਲਈ 'ਬਾਲ' ਨਹੀਂ, ਬਲਕਿ 'ਬਾਬੇ' ਸ਼ਬਦ ਵਰਤਿਆ ਗਿਆ ਹੈ, ਕਿਉਂਕਿ ਉਨਾਂ ਦੀ ਸ਼ਹਾਦਤ, ਬਾਬਿਆਂ ਦੇ ਰੂਪ ਵਿੱਚ ਹੈ। ਰਾਜਸੀ ਹਿਤਾਂ ਲਈ 'ਬਾਲ ਦਿਵਸ' ਦਾ ਨਾਂ ਦੇ ਕੇ, ਕਿਸੇ ਰਾਜਸੀ ਪ੍ਰਭਾਵ ਨੂੰ ਬਣਾਉਣਾ ਹਲਕੀ ਸੋਚ ਹੈ। ਜਿਹੜੇ ਸਿੱਖ ਵੀ ਇਸ ਗੱਲ ਦੀ ਹਮਾਇਤ ਕਰਦੇ ਹਨ, ਉਨਾਂ ਨੂੰ ਪੁਨਰ ਵਿਚਾਰ ਕਰਕੇ ਇਸ ਗਲਤੀ ਨੂੰ ਦਰੁਸਤ ਕਰਨਾ ਚਾਹੀਦਾ ਹੈ। ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ''ਬਾਲ ਦਿਵਸ'' ਕਦੇ ਵੀ ਪ੍ਰਵਾਨ ਨਹੀਂ ਕੀਤਾ ਜਾ ਸਕਦਾ।
ਡਾ. ਗੁਰਵਿੰਦਰ ਸਿੰਘ
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁਢਲੀ (ਰਜਿ.) ਐਬਸਫੋਰਡ।
'ਐਨੀਮਲ'' : ਸਿੱਖੀ ਵਿਰਾਸਤ ਅਤੇ ਬਿਰਤਾਂਤ ਵਿਰੁੱਧ ਬਾਲੀਵੁੱਡ ਦੀ ਬੇਹੂਦਗੀ - ਡਾ. ਗੁਰਵਿੰਦਰ ਸਿੰਘ
ਜਿਹੜੀਆਂ ਕੌਮਾਂ ਆਪਣੇ ਵਿਰਸੇ ਤੋਂ ਸੇਧ ਲੈਂਦੀਆਂ ਹਨ, ਉਹ ਭਵਿੱਖ ਵਿੱਚ ਕੁਝ ਕਰ ਗੁਜ਼ਰਨ ਦੀ ਸਮਰੱਥਾ ਰੱਖਦੀਆਂ ਹਨ। ਜਿਹੜੀਆਂ ਕੌਮਾਂ ਆਪਣੇ ਵਿਰਸੇ ਨੂੰ ਵਿਸਾਰ ਦਿੰਦੀਆਂ ਹਨ, ਉਹ ਭਵਿੱਖ ਵਿੱਚ ਕੁਝ ਵੀ ਸਿਰਜ ਨਹੀਂ ਸਕਦੀਆਂ। ਇਨੀ ਦਿਨੀਂ ਇੱਕ ਫਿਲਮ 'ਐਨੀਮਲ' ਰਿਲੀਜ਼ ਹੋਈ ਹੈ, ਜਿਸ ਵਿੱਚ ਸਿੱਖਾਂ, ਮੁਸਲਮਾਨਾਂ ਅਤੇ ਇਸਾਈਆਂ ਆਦਿ, ਭਾਵ ਭਾਰਤ ਵਿੱਚ ਵਸਦੀਆਂ ਘੱਟ ਗਿਣਤੀਆਂ ਨਾਲ ਸੰਬੰਧਿਤ ਕਈ ਵਿਵਾਦਤ ਪੱਖ ਸਾਹਮਣੇ ਆਏ ਹਨ। ਉਹਨਾਂ ਵਿੱਚੋਂ ਸਿੱਖਾਂ ਨਾਲ ਸਬੰਧਿਤ ਇੱਕ ਪਹਿਲੂ ਇਹ ਹੈ ਕਿ ਇੱਕ ਦਸਤਾਰਧਾਰੀ ਸਿੱਖ ਕਲਾਕਾਰ ਦੇ ਮੂੰਹ 'ਤੇ ਫਿਲਮ ਦੇ ਮੁੱਖ ਅਦਾਕਾਰ ਵੱਲੋਂ ਬੀੜੀ ਦੀਆਂ, ਧੂਏ ਦੀਆਂ ਕੁੰਡਲੀਆਂ ਛੱਡਣੀਆਂ। ਹੈਰਾਨੀ ਤੇ ਅਫਸੋਸ ਇਸ ਗੱਲ ਦਾ ਹੈ ਕਿ ਫਿਲਮ ਦੇ ਅਦਾਕਾਰ ਦੀ ਇਸ ਸ਼ਰਮਨਾਕ ਹਰਕਤ 'ਤੇ ਇਤਰਾਜ਼ ਉਠਾਉਣ ਦੀ ਥਾਂ 'ਤੇ ਉਹਨਾਂ ਨੂੰ ਸਵੀਕਾਰਿਆ ਜਾ ਰਿਹਾ ਹੈ। ਬੌਧਿਕ ਸੂਝ ਬੂਝ ਤੋਂ ਸੱਖਣੇ ਕਈ ਸਿੱਖ ਵੀ ਕਹਿ ਰਹੇ ਹਨ ; 'ਚਲੋ ਕੋਈ ਗੱਲ ਨਹੀਂ, ਪਰਦੇ ਤੇ ਦਸਤਾਰਧਾਰੀ ਸਿੱਖ ਤਾਂ ਦਿਖਾਇਆ'। ਅਸਲ ਵਿੱਚ ਇਹ ਸਿੱਖ ਕਿਰਦਾਰ, ਹੀਰੋ ਦੇ ਸੁਰੱਖਿਆ ਕਰਮੀ ਹਨ। ਉਸ ਦੇ ਵਫਾਦਾਰ ਬਣ ਕੇ, ਆਪਣੇ ਮੂੰਹਾਂ 'ਤੇ ਸਿਗਰਟਾਂ ਦੇ ਧੂਏਂ ਵੀ ਝੱਲਦੇ ਹਨ। ਔਰਤਾਂ 'ਤੇ ਹਮਲਾ ਵੀ ਕਰਦੇ ਹਨ ਅਤੇ ਕਈ ਥਾਈ ਲੁੱਟ-ਖੋਹ ਤੇ ਛੇੜਖਾਨੀ ਆਦਿ ਵਰਗੀਆਂ ਸ਼ਰਮਨਾਕ ਕਾਰਵਾਈਆਂ ਕਰਦੇ ਹਨ। ਫਿਲਮ 'ਐਨੀਮਲ' ਦਾ ਮੁੱਖ ਅਦਾਕਾਰ ਵੀ ਸਿੱਖ ਪਰਿਵਾਰ ਨਾਲ ਸਬੰਧਿਤ ਹੈ। ਪਿਓ-ਪੁੱਤ ਦੇ ਕੜੇ ਵੀ ਪਾਏ ਹੋਏ ਹਨ, ਪਰ ਸਾਰੀ ਫਿਲਮ 'ਚ ਧੂਆਂ ਛੱਡਦੀਆਂ ਸਿਗਰਟਾਂ ਬਾਲਣੀਆਂ ਹੀ ਇਹਨਾਂ ਦੀ ਪਛਾਣ ਹੈ। ਅਨੇਕਾਂ ਹੋਰ ਘਟੀਆ ਪੱਧਰ ਦੀਆਂ ਕਾਰਵਾਈਆਂ ਕਰਨਾ ਇਹਨਾਂ ਦਾ ਕਿਰਦਾਰ ਹੈ। ਅਸਲ ਵਿੱਚ ਸਿੱਖਾਂ ਦੀ ਕਿਰਦਾਰਕੁਸ਼ੀ ਕਰਨ ਦੀ, ਫਿਲਮ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ।
ਜਗਤ ਜੂਠ ਤੰਬਾਕੂ, ਸਿਗਰਟ-ਬੀੜੀਆਂ ਲਈ ਸਖਤ ਮਨਾਹੀ ਬਾਰੇ ਸਿੱਖਾਂ ਦੇ ਇਤਿਹਾਸਿਕ ਸੰਦਰਭ ਸਮਝਣ ਤੋਂ ਪਹਿਲਾਂ ਇੱਕ ਹੋਰ ਪਹਿਲੂ ਵੀ ਗੌਰ ਕਰਨ ਯੋਗ ਹੈ ਕਿ ਫਿਲਮ 'ਐਨੀਮਲ' ਵਿੱਚ, ਖਾਸ ਕਰਕੇ ਇੱਕ ਗੀਤ ਵਿੱਚ, 'ਅਰਜਨ ਵੈਲੀ' ਨਾਂ ਦਾ ਇੱਕ ਪਾਤਰ ਪੇਸ਼ ਕੀਤਾ ਗਿਆ ਹੈ, ਜਿਸ ਦੇ ਰਾਹੀਂ ਇਹ ਕਹਿਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ 'ਵੈਲੀਪੁਣਾ ਹੀ ਪੰਜਾਬੀਆਂ ਦੀ ਪਛਾਣ' ਹੈ। ਹਾਲਾਂਕਿ 'ਵੈਲੀ' ਸ਼ਬਦ ਪੰਜਾਬੀਆਂ ਵਿੱਚ ਨਕਰਾਤਮਕ ਅਤੇ 10 ਨੰਬਰੀਏ ਕਿਰਦਾਰ ਵਜੋਂ ਲਿਆ ਜਾਂਦਾ ਹੈ। ਹੋਰ ਵੀ ਮਾੜੀ ਗੱਲ ਹੈ ਕਿ ਇਤਿਹਾਸ ਨੂੰ ਵਿਗਾੜਦਿਆਂ ਹੋਇਆਂ ਉਸ ਦਾ ਸਬੰਧ ਮਹਾਨ ਯੋਧੇ ਸ਼ਹੀਦ ਹਰੀ ਸਿੰਘ ਨਲੂਏ ਦੇ ਪਰਿਵਾਰ ਨਾਲ ਜੋੜਿਆ ਗਿਆ ਹੈ, ਜੋ ਕਿ ਇਤਿਹਾਸਿਕ ਤੌਰ 'ਤੇ ਤੱਥਹੀਣ ਅਤੇ ਬੇਹੂਦਾ ਗੱਲ ਹੈ। ਰਹੀ ਗੱਲ ਅਰਜੁਨ ਵੈਲੀ ਦੀ, ਬੇਸ਼ੱਕ ਪੰਜਾਬੀ ਬੋਲੀਆਂ ਖਾਸ ਕਰਕੇ ਮ 'ਵਿੱਚ ਜਗਰਾਵਾਂ ਦੇ ਲੱਗਦੀ ਰੌਸ਼ਨੀ ਭਾਰੀ' ਵਿੱਚ ਅਰਜਨ ਵੈਲੀ ਦਾ ਜ਼ਿਕਰ ਆਇਆ ਹੈ, ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਰੁੜਕਾ ਕਲਾਂ ਨਾਲ ਸਬੰਧਿਤ ਸੀ, ਜਿਸ ਨੇ ਕਿ ਥਾਣੇਦਾਰ ਕੁੱਟਿਆ ਸੀ। ਸੱਥ ਚਰਚਾ ਮੁਤਾਬਕ '47 ਦੀ ਪੰਜਾਬ ਵੰਡ ਵੇਲੇ ਅਰਜਨ ਨੇ ਮੁਸਲਮਾਨ ਵੀ ਬਚਾਏ ਸਨ ਤੇ ਬਾਅਦ ਵਿੱਚ ਉਹ ਸਿੰਘ ਸੱਜ ਗਿਆ ਸੀ। ਇਹ ਵੱਖਰੀ ਗੱਲ ਹੈ ਕਿ ਇਸ ਫਿਲਮ ਵਿੱਚ 'ਅਰਜਨ ਵੈਲੀ', ਜਿਸ ਨੂੰ ਤੇ ਜਿਵੇਂ ਦਿਖਾਇਆ ਗਿਆ ਹੈ, ਉਸ ਤੋਂ ਇਉਂ ਜਾਪਦਾ ਹੈ ਕਿ ਪਿਛਲੇ ਸਮੇਂ ਅਮਰੀਕਾ ਵਿੱਚ ਕੌਮਾਂਤਰੀ ਪੱਧਰ 'ਤੇ ਸ਼ਹੀਦ ਹਰੀ ਸਿੰਘ ਨਲੂਆ ਦਾ ਜੋ ਰੂਪ ਸਿੱਖ ਸੂਰਬੀਰ ਵਜੋਂ ਪੇਸ਼ ਕੀਤਾ ਗਿਆ ਅਤੇ ਜਿਸ ਬਿਰਤਾਂਤ ਵਿੱਚ ਉਸ ਨੂੰ ਯੋਧੇ ਦੇ ਤੌਰ 'ਤੇ ਉਜਾਗਰ ਕੀਤਾ ਗਿਆ, ਉਸ ਨੂੰ ਤੋੜਨ ਵਾਸਤੇ 'ਸਿਗਰਟ ਪੀਣੇ, ਤੰਬਾਕੂ ਚੱਟਣੇ ਤੇ ਗਧੀ ਚੁੰਗਣੇ' ਵਿਅਕਤੀ ਨੂੰ ਸਿੱਖ ਕਿਰਦਾਰ ਵਜੋਂ ਪੇਸ਼ ਕੀਤਾ ਗਿਆ ਹੈ। ਇਹ ਝੂਠਾ ਬਿਰਤਾਂਤ ਇੱਕ ਸਾਜਿਸ਼ ਹੈ, ਜਾਪਦਾ ਇਹ ਹੈ ਕਿ ਇਸ ਦਾ ਸਬੰਧ ਸ਼ਹੀਦ ਹਰੀ ਸਿੰਘ ਨਲੂਆ ਨਾਲ ਜੋੜਨਾ ਵੀ ਇਸੇ ਮੱਕਾਰੀ ਕਾਰਨ ਹੈ, ਕਿਉਂਕਿ ਸ਼ਹੀਦ ਹਰੀ ਸਿੰਘ ਨਲੂਆ ਦਾ ਜੋ ਚਿਤਰ ਸੰਸਾਰ ਪੱਧਰ 'ਤੇ ਦਿਖਾਇਆ ਗਿਆ, ਉਸ ਦੇ ਨਾਲ ਸੰਸਾਰ ਭਰ ਵਿੱਚ ਸਿੱਖਾਂ ਦਾ ਮਾਣ ਵਧਿਆ ਸੀ।
ਦੁੱਖ ਇਸ ਗੱਲ ਦਾ ਹੈ ਕਿ ਅਸੀਂ ਸੁਚੇਤ ਹੋਣ ਦੀ ਥਾਂ, ਭਾਵਨਾਵਾਂ ਵਿੱਚ ਬਹਿ ਤੁਰਦੇ ਹਾਂ। 'ਵੈਲੀ' ਸ਼ਬਦ ਸਾਡੇ ਲਈ ਮਾਣ ਵਾਲਾ ਨਹੀਂ। ਅਸਲ ਵਿੱਚ ਮਾਣ ਵਾਲੇ ਸ਼ਬਦ 'ਸੂਰਮੇ, ਯੋਧੇ, ਜੁਝਾਰੂ, ਲੋਕ ਪੱਖੀ, ਪਰਉਪਕਾਰੀ ਤੇ ਇਨਸਾਨੀਅਤ ਦੇ ਮੁਜਸਮੇ ਹਨ, ਜੋ ਸਿੱਖੀ ਸੇਧ ਅਤੇ ਖਾਲਸਾ ਪੰਥੀ ਜਜ਼ਬੇ ਰਾਹੀਂ, ਮਾੜੀਆਂ ਪ੍ਰਵਿਰਤੀਆਂ ਤੋਂ ਬਦਲ ਕੇ, ਉਸਾਰੂ ਭਾਵਾਂ ਵਿੱਚ ਸਿਰਜਨਾਤਮਕ ਰੂਪ ਧਾਰਨ ਕਰਦੇ ਹਨ। ਦੂਜੇ ਪਾਸੇ 'ਵੈਲੀ, ਸ਼ਰਾਬੀ-ਕਬਾਬੀ ਤੇ 10 ਨੰਬਰੀਏ' ਆਦਿ ਕਿਰਦਾਰ ਪੰਜਾਬੀ ਸਾਹਿਤ ਤੇ ਵਿਰਸੇ ਵਿੱਚ, ਮਾੜੇ ਗਿਣੇ ਜਾਂਦੇ ਹਨ। ਅਫਸੋਸ ਹੈ ਕਿ ਅੱਜ ਅਸੀਂ ਵੈਲ ਕਰਨ ਵਾਲੇ ਵੈਲੀ 'ਤੇ ਵੀ ਮਾਣ ਮਹਿਸੂਸ ਕਰਨ ਲੱਗ ਗਏ ਹਾਂ, ਇਹ ਸਾਡੇ ਬੌਧਿਕ ਦਿਵਾਲੀਏਪਣ ਦੀ ਜਿਉਂਦੀ-ਜਾਗਦੀ ਤਸਵੀਰ ਹੈ।
ਵਿਸ਼ਾ-ਵਸਤੂ ਰਾਹੀਂ ਬਹੁ ਗਿਣਤੀ ਪੱਖੀ ਸਾਜ਼ਿਸ਼ ਅਤੇ ਪੇਸ਼ਕਾਰੀ ਰਾਹੀਂ ਘੱਟ ਗਿਣਤੀ ਵਿਰੋਧੀ ਪ੍ਰਗਟਾਵੇ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਜਾ ਸਕਦਾ ਹੈ ਕਿ 'ਐਨੀਮਲ' ਫਿਲਮ ਦਾ ਨਿਰਦੇਸ਼ਕ ਸੰਦੀਪ ਰੈਡੀ ਪਹਿਲਾਂ ਵੀ ਸਿੱਖ ਵਿਰੋਧੀ ਫਿਲਮ 'ਕਬੀਰ ਸਿੰਘ' ਰਾਹੀਂ ਤੇ ਮੁਸਲਿਮ ਅਤੇ ਇਸਾਈ ਵਿਰੋਧੀ ਪੇਸ਼ਕਾਰੀ ਰਾਹੀਂ, ਮਸ਼ਹੂਰ ਹੋਇਆ। ਸੰਦੀਪ ਰੈਡੀ ਨੇ ਇੱਕ ਵਾਰ ਫਿਰ 'ਐਨੀਮਲ' ਰਾਹੀਂ ਸਿੱਖ ਕੌਮ ਨੂੰ ਜਲੀਲ ਕਰਨ ਦੀ ਕੋਸ਼ਿਸ਼ ਕੀਤੀ ਹੈ, ਚਾਹੇ ਉਸ ਵਿੱਚ ਭਗਤ ਕਬੀਰ ਜੀ ਦੀ ਸ਼ਬਦਾਵਲੀ ਨੂੰ ਵਿਗਾੜਨ, ਸਿੱਖ ਪਾਤਰਾਂ ਨੂੰ ਹਲਕੇ ਪੱਧਰ ਦੇ ਸੁਰੱਖਿਆਕਰਮੀ ਤੇ ਸਿਗਰਟ ਪੀਣੇ ਵਿਅਕਤੀ ਦੇ ਆਲੇ ਦੁਆਲੇ ਮੰਡਰਾਉਂਦੇ ਦਿਖਾਉਣ ਅਤੇ ਹੋਰਨਾਂ ਘੱਟ ਗਿਣਤੀਆਂ ਨੂੰ ਵੀ ਨੀਵੇਂ ਪੱਧਰ ਤੇ ਪੇਸ਼ ਕਰਨ ਕੀਤੀ ਗਈ। ਇਸ ਲਿਖਤ ਰਾਹੀਂ ਸਾਡਾ ਮੁੱਖ ਮਕਸਦ ਇਹ ਹੈ ਕਿ ਫਿਲਮ ਵਿੱਚ ਸਿਗਰਟ ਪੀਣ ਵਾਲੇ ਪਾਤਰ ਵੱਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਘਟੀਆ ਹਰਕਤ ਬਾਰੇ ਗੱਲਬਾਤ ਕੀਤੀ ਜਾਏ।
ਜਗਤ ਜੂਠ ਤੰਬਾਕੂ ਬਾਰੇ ਸਿੱਖਾਂ ਦਾ ਇਤਿਹਾਸਿਕ ਬਿਰਤਾਂਤ ਅਤੇ ਸਿਧਾਂਤਕ ਪੱਖ ਵਿਚਾਰਦੇ ਹਾਂ। ਗੁਰੂ ਸਾਹਿਬਾਨ ਨੇ ਤੰਬਾਕੂ ਤੋਂ ਨਾ ਸਿਰਫ ਸਿੱਖਾਂ ਨੂੰ ਵਰਜਿਆ ਹੀ ਹੈ, ਬਲਕਿ ਤੰਬਾਕੂ ਨਾਲ ਸਬੰਧਤ ਕਿਸੇ ਵੀ ਵਸਤੂ ਨੂੰ ਛੁਹਣ ਤੱਕ ਦੀ ਇਜਾਜ਼ਤ ਵੀ ਨਹੀਂ ਦਿੱਤੀ। ਅੱਜ ਦੁਨੀਆ ਭਰ ਦੇ ਡਾਕਟਰ ਤੰਬਾਕੂ ਨੂੰ ਬਹੁਤ ਮੰਦਭਾਗਾ ਮੰਨਦੇ ਹੋਏ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦਾ ਕਾਰਨ ਦੱਸਦੇ ਹਨ, ਪਰ ਗੁਰੂ ਸਾਹਿਬਾਨ ਨੇ ਤਾਂ ਪੰਜ ਸਦੀਆਂ ਪਹਿਲਾਂ ਹੀ ਸਾਨੂੰ ਇਸ ਤੋਂ ਵਰਜਿਆ ਹੋਇਆ ਹੈ। ਇਸੇ ਕਰਕੇ ਹੀ ਸਿੱਖੀ ਵਿੱਚ ਤੰਬਾਕੂ, ਸਿਗਰਟ, ਬੀੜੀ, ਪਾਨ, ਜਰਦਾ, ਹੁੱਕਾ ਆਦਿ ਸੇਵਨ ਨਾ ਕਰਨਾ ਦੀ ਤਾਕੀਦ ਕੀਤੀ ਹੈ। ਗੁਰਬਾਣੀ ਵਿੱਚ ਇਸ ਪ੍ਰਤੀ ਸਾਨੂੰ ਸੁਚੇਤ ਕੀਤਾ ਗਿਆ ਹੈ। ਗੁਰੂ ਸਾਹਿਬ ਦਾ ਫੁਰਮਾਨ ਹੈ;
''ਪਾਨ ਸੁਪਾਰੀ ਖਾਤੀਆ ਮੁਖਿ ਬੀੜੀਆਂ ਲਾਈਆ॥
ਹਰਿ ਹਰਿ ਕਦੇ ਨ ਚੇਤਿਓ ਜਮਿ ਪਕੜਿ ਚਲਾਈਆ॥
(ਤਿਲੰਗ ਮਹਲਾ ਚੌਥਾ, ਗੁਰੂ ਗ੍ਰੰਥ ਸਾਹਿਬ, ਅੰਗ 725)
ਸਿੱਖ ਰਹਿਤਨਾਮਿਆਂ ਵਿੱਚ ਵੱਖ-ਵੱਖ ਥਾਵਾਂ 'ਤੇ ਤੰਬਾਕੂ ਤੋਂ ਵਰਜਿਆ ਗਿਆ ਹੈ, ਜਿਸ ਬਾਰੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਆਪਣੇ ਰਹਿਤਨਾਮੇ ਚ ਫੁਰਮਾਨ ਕਰਦੇ ਹਨ;
''ਕੁੱਠਾ ਹੁੱਕਾ ਚਰਸ ਤਮਾਕੂ
ਗਾਂਜਾ ਟੋਪੀ ਤਾੜੀ ਖਾਕੂ
ਇਨ ਕੀ ਓਰ ਨ ਕਬਹੂ ਦੇਖੈ
ਰਹਿਤਵਾਨ ਸੋ ਸਿੰਘ ਵਿਸੇਖੈ''
(ਰਹਿਤ ਨਾਮਾ ਭਾਈ ਨੰਦ ਲਾਲ ਜੀ)
''ਪਰ ਨਾਰੀ ਜੂਆ ਅਸਤ ਚੋਰੀ ਮਦਰਾ ਜਾਨ।
ਪਾਂਚ ਐਬ ਏ ਜਗਤ ਮੇਂ ਤਜੈ ਸੁ ਸਿੰਘ ਸੁਜਾਨ।''
(ਭਾਈ ਦਇਆ ਸਿੰਘ ਦਾ ਰਹਿਤਨਾਮਾ)
ਇਸ ਤੋਂ ਇਲਾਵਾ ਹੋਰਨਾ ਮਿਸਾਲਾਂ ਵਿੱਚ ਖਾਲਸਾਈ ਅਤੇ ਸਿੰਘ ਬੋਲਬਾਲਿਆਂ ਵਿੱਚ ਵੀ ਹੁੱਕਾ ਤੰਬਾਕੂ ਪੀਣਾ 'ਗਧੀ ਚੁੰਘਣਾ' ਕਿਹਾ ਗਿਆ ਹੈ। ਤੰਬਾਕੂ ਨੂੰ ਜਗਤ ਜੂਠ ਕਿਹਾ ਗਿਆ ਹੈ। ਪਰ ਫਿਰ ਵੀ ਫਿਲਮੀ ਪਰਦੇ 'ਤੇ ਸਿੰਘਾਂ ਦੇ ਮੂੰਹ 'ਤੇ ਤੰਬਾਕੂ ਦਾ ਧੂਆਂ ਸੁੱਟ ਕੇ ਪੇਸ਼ ਕਰਨਾ ਬਹੁਤ ਹੀ ਸ਼ਰਮਨਾਕ ਕਾਰਵਾਈ ਹੈ। ਇਸ ਖਿਲਾਫ ਕੇਵਲ ਸਿੱਖਾਂ ਨੂੰ ਹੀ ਨਹੀਂ, ਸਗੋਂ ਸਮੂਹ ਪੰਜਾਬੀਆਂ ਨੂੰ ਲਾਮਬੰਦ ਹੋਣਾ ਚਾਹੀਦਾ ਹੈ। ਇਹ ਫਿਲਮ ਦਾ ਇਉ ਪ੍ਰਦਰਸ਼ਨ ਹੋਣਾ ਸੁੱਤੀਆਂ ਜ਼ਮੀਰਾਂ ਨੂੰ ਹਲੂਣਾ ਵੀ ਮੰਨੀਏ, ਕਿਉਂਕਿ 'ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ' ਦੇ ਕਥਨ ਅਨੁਸਾਰ ਇਹ ਹਰਕਤ ਸ਼ਾਇਦ ਸੁੱਤਿਆਂ ਨੂੰ ਜਗਾਉਣ ਵਾਸਤੇ ਵੀ ਹੈ। ਪੰਜਾਬ ਦੇ ਵਿੱਚ ਪਿੰਡਾਂ 'ਚ ਸਿੱਖਾਂ ਦੇ ਪਰਿਵਾਰਾਂ ਵਿੱਚ ਜਨਮੇ ਵਿਅਕਤੀ ਵੀ ਕਈ ਵਾਰ 'ਲੋਕ ਸੱਥਾਂ' 'ਚ ਬੈਠ ਕੇ ਹੁੱਕਾ ਪੀਣਾ ਜਾਂ ਤੰਬਾਕੂ ਦੀ ਵਰਤੋਂ ਕਰਨੀ ਸ਼ਾਨ ਸਮਝਣ ਲੱਗ ਗਏ ਸਨ। ਆਓ, ਅੱਜ ਮੁੜ ਇਤਿਹਾਸ ਨਾਲ ਜੁੜੀਏ ਅਤੇ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਤੰਬਾਕੂ ਦੀ ਵਰਤੋਂ ਤਾਂ ਦੂਰ ਦੀ ਗੱਲ, ਬਲਕਿ ਤੰਬਾਕੂ ਦੇ 'ਸੈਂਕਡ ਹੈਂਡ ਸਮੋਕਰ' ਭਾਵ ਦੂਜੇ ਪੱਧਰ 'ਤੇ ਤੰਬਾਕੂ ਦਾ ਪ੍ਰਭਾਵ ਕਬੂਲਣਾ ਵੀ, ਹਰਗਿਜ਼ ਕਬੂਲ ਨਹੀਂ ਹੈ।
ਜਗਤ ਜੂਠ ਤੰਬਾਕੂ ਦੇ ਖਿਲਾਫ਼ ਸਿੱਖਾਂ ਨੇ ਕਿਸ ਕਦਰ ਪਹਿਰਾ ਦਿੱਤਾ, ਇਸ ਬਾਰੇ ਸਿੱਖ ਇਤਿਹਾਸ ਵਿੱਚ ਸਾਖੀ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਘੋੜਾ ਵੀ ਤੰਬਾਕੂ ਦੇ ਖੇਤ ਵਿੱਚ ਨਾ ਵੜਿਆ, ਕਿਸੇ ਸਿੱਖ ਵਲੋਂ ਤੰਬਾਕੂ ਦੀ ਵਰਤੋਂ ਤਾਂ ਗੱਲ ਹੀ ਦੂਰ ਦੀ ਹੈ। ਇਸ ਤੋਂ ਇਲਾਵਾ ਇੱਕ ਇਤਿਹਾਸਿਕ ਕਹਾਣੀ ਭਾਈ ਸਾਹਿਬ ਭਾਈ ਜੈ ਸਿੰਘ ਜੀ ਖਲਵੱਟ ਦੀ ਹੈ, ਜਿਹੜੇ ਕਿ ਪਿੰਡ ਬਾਰਨ, ਜ਼ਿਲਾ ਪਟਿਆਲਾ ਦੇ ਨਾਲ ਸਬੰਧਿਤ ਸਨ। ਇਹ ਘਟਨਾ ਸੰਨ 1753 ਦੀ ਹੈ। ਨਗਰ ਬਾਰਨ, ਜਿਸ ਦਾ ਪੁਰਾਣਾ ਨਾ ਮੁਗਲ ਮਾਜਰਾ ਸੀ, ਉੱਥੇ ਬਹੁਤੇ ਮੁਸਲਿਮ ਅਤੇ ਗਿਣਤੀ ਦੇ ਸਿੱਖ ਪਰਿਵਾਰ ਵਸਦੇ ਸਨ। ਉਹਨਾਂ ਦਿਨਾਂ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਣੇ ਆਮ ਜਿਹੀ ਗੱਲ ਸੀੌ। ਪੰਜਾਬ ਦੀ ਧਰਤੀ 'ਤੇ ਮੁਗਲ ਧਾੜਵੀ ਕਾਬਜ਼ ਸਨ। ਉਨਾਂ ਦਿਨਾਂ ਵਿੱਚ ਸੰਸਾਰ ਦੇ ਵੱਡੇ ਲੁਟੇਰੇ ਅਹਿਮਦ ਸ਼ਾਹ ਅਬਦਾਲੀ ਨੇ ਹਿੰਦੁਸਤਾਨ 'ਤੇ ਦੂਜਾ ਹਮਲਾ ਕੀਤਾ ਅਤੇ ਭਾਰੀ ਲੁੱਟ ਕਸੁੱਟ ਮਚਾਈ। ਇਸੇ ਦੌਰਾਨ ਉਸ ਨੇ ਪੰਜਾਬ ਵਿੱਚ ਸਰਹਿੰਦ ਦਾ ਫੌਜਦਾਰ ਅਬੁਦਲ ਸਮਦ ਖਾਨ ਨੂੰ ਨਿਯੁਕਤ ਕੀਤਾ। ਉਹ ਸਿੱਖ ਵਿਰੋਧੀ ਅਤੇ ਕੱਟੜ ਨਫਰਤੀ ਫੌਜਦਾਰ ਸੀ। ਇੱਕ ਵਾਰ ਉਹ ਆਪਣੇ ਆਪਣੇ ਕਾਜ਼ੀ ਨਜ਼ਾਮਦੀਨ ਸਮੇਤ ਲਾਮ-ਲਸ਼ਕਰ ਦੇ ਨਾਲ ਪਿੰਡ ਮੁਗਲ ਮਾਜਰਾ ਆਇਆ। ਇੱਥੇ ਆ ਕੇ ਉਸਨੇ ਕਿਹਾ ਕਿ ਜੇਕਰ ਕੋਈ ਪਿੰਡ ਵਿੱਚ ਸਿੱਖ ਹੈ, ਤਾਂ ਉਸ ਦੇ ਸਾਹਮਣੇ ਪੇਸ਼ ਕੀਤਾ ਜਾਏ। ਪਿੰਡ ਦੇ ਆਗੂਆਂ ਨੇ ਇੱਕ ਸਿੱਖ ਨੂੰ ਬੁਲਾ ਕੇ ਲਿਆਂਦਾ, ਜਿਸਦਾ ਨਾਂ ਭਾਈ ਜੈ ਸਿੰਘ ਸੀ। ਇਤਿਹਾਸਕਾਰ ਲਿਖਦੇ ਹਨ ਕਿ ਭਾਈ ਜੈ ਸਿੰਘ ਦੇ ਪਿਤਾ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ ਸੀ। ਇਹ ਪੂਰਨ ਗੁਰਸਿੱਖ ਪਰਿਵਾਰ ਸੀ, ਜਿਸ ਦੀ ਪਤਨੀ ਦੋਵੇਂ ਸਪੁੱਤਰ ਅਤੇ ਉਹਨਾਂ ਦੀਆਂ ਪਤਨੀਆਂ ਅੰਮ੍ਰਿਤਧਾਰੀ ਸਨ। ਭਾਈ ਸਾਹਿਬ ਨੂੰ ਉਸ ਵੇਲੇ ਖਾਨ ਦੇ ਸਾਹਮਣੇ ਸੱਦਿਆ ਗਿਆ। ਸਲਾਮ ਦੀ ਥਾਂ 'ਤੇ ਭਾਈ ਸਾਹਿਬ ਨੇ ਅਬੁਦਲ ਸਮਦ ਖਾਨ ਨੂੰ ਫਤਿਹ ਬੁਲਾਈ। ਖਾਨ ਸਲਾਮ ਨਾ ਕਰਨ ਤੇ ਭਾਈ ਸਾਹਿਬ ਤੇ ਕ੍ਰੋਧਿਤ ਹੋਇਆ ਤੇ ਉਸਨੇ ਹੁਕਮ ਸੁਣਾਇਆ ਕਿ ਮੁਗਲ ਮਾਜਰਾ ਪਿੰਡ ਤੋਂ ਦੂਸਰੇ ਪਿੰਡ ਤਕ ਭਾਈ ਜੈ ਸਿੰਘ ਉਸਦਾ ਸਮਾਨ ਪਹੁੰਚਦਾ ਕਰੇ।ਇਸ 'ਤੇ ਭਾਈ ਜੈ ਸਿੰਘ ਜੀ ਨੇ ਪੁੱਛਿਆ ਕਿ ਇਸ ਵਿੱਚ ਕੀ ਹੈ, ਤਾਂ ਅੱਗਿਓਂ ਪਤਾ ਲੱਗਿਆ ਕਿ ਇਹ ਜਨਾਬ ਦਾ ਤੰਬਾਕੂ ਹੁੱਕਾ ਹੈ। ਗੁਰੂ ਸਾਹਿਬ ਦੇ ਹੁਕਮ ਅਨੁਸਾਰ ਭਾਈ ਸਾਹਿਬ ਨੇ ਹੁੱਕੇ ਨੂੰ ਛੁਹਣ ਤੋਂ ਇਨਕਾਰ ਕਰ ਦਿੱਤਾ, ਜਿਸ ਤੇ ਗੁੱਸੇ 'ਚ ਆ ਕੇ ਅਬੁਦਲ ਸਮਦ ਖਾਨ ਨੇ ਕਿਹਾ ਕਿ ਜੇਕਰ ਤੂੰ ਇਹ ਹੁਕਮ-ਅਦੂਲੀ ਕਰੇਂਗਾ, ਤਾਂ ਤੇਰੀ ਪੁੱਠੀ ਖੱਲ ਉਤਾਰ ਦਿੱਤੀ ਜਾਏਗੀ। ਇਸ ਦੌਰਾਨ ਪਿੰਡ ਵਿੱਚੋਂ ਭਾਈ ਸਾਹਿਬ ਦੇ ਪਰਿਵਾਰ ਨੂੰ ਸੱਦਿਆ ਗਿਆ ਤੇ ਪਰਿਵਾਰ ਨੂੰ ਅਬਦੁਲ ਸਮੁੰਦ ਖਾਨ ਸਾਹਮਣੇ ਪੇਸ਼ ਕੀਤਾ ਗਿਆ। ਖਾਨ ਨੇ ਕਿਹਾ ਕਿ ਮੇਰੀ ਹੁਕਮ ਅਦੂਲੀ ਕਰਨ ਦਾ ਨਤੀਜਾ ਬੜਾ ਖਤਰਨਾਕ ਹੈ, ਜਾਂ ਤਾਂ ਮੇਰੀ ਹੁੱਕੇ ਦੀ ਪੰਡ ਅਗਲੇ ਪਿੰਡ ਤੱਕ ਪਹੁੰਚਾਓ, ਨਹੀਂ ਤਾਂ ਤੁਹਾਡਾ ਘਾਣ ਬੱਚਾ ਪੀੜ ਦਿੱਤਾ ਜਾਏਗਾ। ਭਾਈ ਸਾਹਿਬ ਦੇ ਪਰਿਵਾਰ ਦੀ ਸਿੱਖੀ ਜਜ਼ਬੇ ਤੇ ਇਤਿਹਾਸਿਕ ਕੁਰਬਾਨੀ ਦੀ ਇਹ ਮਿਸਾਲ ਹੈ ਕਿ ਉਹਨਾਂ ਨੇ ਵੀ ਹੁੱਕੇ ਦੀ ਪੰਡ ਨੂੰ ਚੁੱਕਣ ਤੋਂ ਸਾਫ ਇਨਕਾਰ ਕਰ ਦਿੱਤਾ। ਇਤਿਹਾਸ ਵਿੱਚ ਲਿਖਿਆ ਹੈ ਕਿ ਭਾਈ ਸਾਹਿਬ ਜੈ ਸਿੰਘ ਦੀ ਪਤਨੀ ਧੰਨ ਕੌਰ, ਦੋਵੇ ਪੁਤਰ ਕੜਾਕਾ ਸਿੰਘ ਤੇ ਖੜਕ ਸਿੰਘ ਤੇ ਇਕ ਨੂੰਹ (ਇਕ ਨੂੰਹ ਬਚ ਕੇ ਨਿਕਲਣ ਚ ਸਫਲ ਹੋ ਗਈ ਸੀ, ਜਿਸ ਨੇ ਅੰਬਾਲੇ ਜਾ ਕੇ ਇਕ ਬਾਲਕ ਨੂੰ ਜਨਮ ਦਿਤਾ) ਨੂੰ ਭਾਈ ਜੈ ਸਿੰਘ ਦੀਆਂ ਅਖਾਂ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸਾਹਿਬ ਜੈ ਸਿੰਘ ਨੂੰ ਦੋ ਦਰਖਤਾਂ ਵਿਚਾਲੇ ਪੁੱਠਿਆ ਲਟਕਾਇਆ ਗਿਆ। ਪਿੰਡ ਦੇ ਕਸਾਈਆਂ ਦੇ ਰਾਹੀਂ ਭਾਈ ਸਾਹਿਬ ਦੀ ਪੁੱਠੀ ਖੱਲ ਉਤਾਰੀ ਗਈ। ਉਹਨਾਂ ਨੂੰ ਜਿਵੇਂ ਅਨੇਕਾਂ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ, ਉਹ ਦਾਸਤਾਨ ਸੁਣ ਕੇ ਰੋਂਗਟੇ ਖੜੇ ਹੋ ਜਾਂਦੇ ਹਨ। ਕਮਾਲ ਦੀ ਗੱਲ ਇਹ ਹੈ ਕਿ ਭਾਈ ਸਾਹਿਬ ਨੇ ਉਸ ਤੰਬਾਕੂ ਦੀ ਪੰਡ ਨੂੰ ਹੱਥ ਨਾ ਲਾਇਆ, ਆਪਣੀ ਸ਼ਹਾਦਤ ਦਿੱਤੀ।
ਇਹ ਹੈ ਇਤਿਹਾਸਕ ਬਿਰਤਾਂਤ, ਜਿਹੜਾ ਸਿੱਖ ਕੌਮ ਦਾ ਸੁਨਹਿਰੀ ਇਤਿਹਾਸ ਕਿਹਾ ਜਾ ਸਕਦਾ ਹੈ। ਜਗਤ ਜੂਠ ਤੰਬਾਕੂ ਨੂੰ ਛੂਹਣ ਦੀ ਥਾਂ ਸ਼ਹਾਦਤ ਦੇਣ ਵਾਲੇ ਭਾਈ ਜੈ ਸਿੰਘ ਜੀ ਦੇ ਇਤਿਹਾਸ ਬਾਰੇ ਭਾਈ ਕਾਹਨ ਸਿੰਘ ਨਾਭਾ ਸਮੇਤ ਬਹੁਤ ਸਾਰੇ ਇਤਿਹਾਸਕਾਰ ਪ੍ਰਮਾਣ ਦਿੰਦੇ ਹਨ। ਜਿਥੇ ਭਾਈ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਸਿੱਖ ਕੌਮ ਨੇ ਉਸ ਮੁਗਲ ਮਾਜਰਾ ਪਿੰਡ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਅਤੇ ਜ਼ਾਲਮਾਂ ਨੂੰ ਸਜ਼ਾਵਾਂ ਦਿੱਤੀਆਂ। ਉਸ ਦੀ ਥਾਂ 'ਤੇ ਇੱਕ ਨਵਾਂ ਪਿੰਡ ਬਾਰਨ, ਕੁਝ ਦੂਰੀ ਤੇ ਵਸਾਇਆ ਗਿਆ। ਸ਼ਹੀਦੀ ਅਸਥਾਨ 'ਤੇ ਇਤਿਹਾਸਿਕ ਜੋੜੇ ਦਰਖਤ ਹਨ, ਜਿੱਥੇ ਹਰ ਸਾਲ ਫੱਗਣ ਮਹੀਨੇ ਦੀ ਦਸਵੀਂ ਨੂੰ ਸ਼ਹੀਦੀ ਮੇਲਾ ਲੱਗਦਾ ਹੈ। ਸਿੱਖ ਕੌਮ ਦੇ ਸਿਧਾਂਤਾਂ ਤੋਂ ਜਾਨਾਂ ਵਾਰਨ ਵਾਲੇ ਮਹਾਨ ਯੋਧੇ ਸ਼ਹੀਦ ਭਾਈ ਜੈ ਸਿੰਘ ਖਲਕੱਟ ਦਾ ਨਾਂ, ਫਕੀਰ ਸਮਸ ਤਬਰੇਜ਼ ਵਰਗੇ ਯੋਧਿਆਂ ਦੀ ਲੜੀ ਵਿੱਚ ਆਉਂਦਾ ਹੈ, 'ਜਿਨਾਂ ਪੁੱਠੀਆਂ ਖੱਲਾਂ ਲਹਾਈਆਂ'।
ਸਰਹਿੰਦ ਦੇ ਫੌਜਦਾਰ ਅਬਦੁਲ ਸਮਦ ਖਾਨ ਦੇ ਹੁੱਕੇ ਦੀ ਪੰਡ ਚੱਕਣ ਦੀ ਥਾਂ, ਸ਼ਹੀਦੀ ਪਾਉਣ ਵਾਲੇ ਸ਼ਹੀਦ ਭਾਈ ਜੈ ਸਿੰਘ ਖਲਕੱਟ ਦਾ ਗੌਰਵਮਈ ਇਤਿਹਾਸ ਨੌਜਵਾਨ ਪੀੜੀ ਨੂੰ ਇਹ ਹਲੂਣਾ ਦਿੰਦਾ ਹੈ ਕਿ ਜਗਤ ਜੂਠ ਤੰਬਾਕੂ ਤੋਂ ਖਾਲਸੇ ਨੂੰ ਸਿੱਖੀ ਵਿੱਚ ਕਿਵੇਂ ਵਰਜਿਆ ਗਿਆ ਹੈ। ਖਾਲਸਾ ਗੁਰੂ ਸਾਹਿਬ ਦੇ ਨਕਸ਼ੇ-ਕਦਮਾਂ 'ਤੇ ਜਿਵੇਂ ਪੂਰੀ ਦ੍ਰਿੜਤਾ ਨਾਲ ਪਹਿਰਾ ਦਿੰਦਾ ਹੈ, ਇਹ ਸਾਖੀ ਉਸ ਦੀ ਮਿਸਾਲ ਹੈ। ਦੂਜੇ ਪਾਸੇ ਵਰਤਮਾਨ ਸਮੇਂ 'ਐਨੀਮਲ' ਫਿਲਮ ਨੇ ਇੱਕ ਨਵਾਂ ਦੁਖਦਾਈ ਅਧਿਆਇ ਲਿਖ ਦਿੱਤਾ ਹੈ ਕਿ ਸ਼ੋਹਰਤ ਦੇ ਭੁੱਖੇ ਸਿੱਖ ਨੌਜਵਾਨ ਇਸ ਗੱਲ ਨੂੰ ਪ੍ਰਵਾਨ ਕਰ ਰਹੇ ਹਨ ਕਿ ਕੋਈ ਬੀੜੀ ਦਾ ਧੂਆਂ, ਤੁਹਾਡੇ ਮੂੰਹ 'ਤੇ ਸੁੱਟਦਾ ਹੋਇਆ, ਤੁਹਾਨੂੰ ਜ਼ਲੀਲ ਕਰੇ ਤੇ ਤੁਸੀਂ ਅੱਗਿਓ ਹੱਸ ਕੇ ਉਸ ਨੂੰ ਸਵੀਕਾਰ ਕਰੋ। ਇਸ ਫਿਲਮ ਵਿੱਚ ਗੁਰਸਿੱਖ ਦੇ ਮੂੰਹ 'ਤੇ ਫਿਲਮੀ ਹੀਰੋ ਵੱਲੋਂ ਸਿਗਰਟ ਦਾ ਧੂਆਂ ਸੁੱਟਦੇ ਦਿਖਾਉਣਾ, ਕੋਈ ਅਚਨਚਾਤੀ ਘਟਨਾ ਨਹੀਂ, ਬਲਕਿ ਸਿੱਖੀ ਦੇ ਗੌਰਵਮਈ ਇਤਿਹਾਸਿਕ ਬਿਰਤਾਂਤ ਨੂੰ ਤੋੜਨ ਅਤੇ ਮੌਜੂਦਾ ਸਮੇਂ ਦੇ ਸਿੱਖੀ ਵਿਰੋਧੀ ਬਿਰਤਾਂਤ ਨੂੰ ਸਿਰਜਣ ਦੀ ਸਾਜਿਸ਼ ਹੈ, ਜਿਸ ਖਿਲਾਫ ਸਿੱਖ ਕੌਮ ਨੂੰ ਲਾਮਬੰਦ ਹੋਣ ਦੀ ਲੋੜ ਹੈ। ਦੁੱਖ ਇਸ ਗੱਲ ਦਾ ਵੀ ਹੈ ਕਿ ਸਿੱਖੀ ਭੇਸ ਵਿੱਚ ਸ਼ੋਹਰਤ ਦੇ ਭੁੱਖੇ, ਇਤਿਹਾਸ ਨੂੰ ਵਿਗਾੜਨ ਵਾਲੇ ਜਾਂ ਨਚਾਰ ਕਿਸਮ ਦੀ ਸੋਚ ਰੱਖਣ ਵਾਲੇ ਮੰਦ ਬੁੱਧੀ ਲੋਕ, ਇਹਨਾਂ ਗੱਲਾਂ ਦੀਆਂ ਬਰੀਕੀਆਂ ਅਤੇ ਬਿਰਤਾਂਤ ਦੇ ਅਰਥਾਂ ਨੂੰ ਸਮਝਣ ਦੀ ਥਾਂ 'ਤੇ, ਉਸ ਨੂੰ ਸਲਾਹੀ ਜਾ ਰਹੇ ਹਨ।
ਗੱਲ ਸਹੇ ਦੀ ਨਹੀਂ, ਗੱਲ ਪਹੇ ਦੀ ਹੈ। ਅੱਜ ਸਿਗਰਟ ਦਾ ਧੂਆਂ ਸਿੱਖ ਦੇ ਮੂੰਹ ਤੇ ਮਾਰਿਆ ਜਾ ਰਿਹਾ ਹੈ, ਕੱਲ ਨੂੰ, ਕਿਸੇ ਸਿੱਖ ਦੇ ਮੂੰਹ 'ਚ ਸਿਗਰਟ ਤੁੰਨ ਕੇ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਹੋ ਜਿਹੇ ਹਾਲਾਤ ਬਣਦੇ ਜਾ ਰਹੇ ਹਨ। ਜਿਸ ਤਰ੍ਹਾਂ ਅਸੀਂ ਆਪਣੇ ਵਿਰਸੇ ਤੋਂ ਟੁੱਟ ਰਹੇ ਹਾਂ ਤੇ ਆਪਣੇ ਸਰੂਪ ਵਿਗਾੜ ਰਹੇ ਹਾਂ, ਤੰਬਾਕੂ, ਸਿਗਰਟ ਆਦਿ ਦਾ ਸ਼ਿਕਾਰ ਹੋ ਰਹੇ ਹਾਂ, ਇਸ ਦੇ ਨਤੀਜੇ ਖਤਰਨਾਕ ਹੋਣਗੇ। ਸਿੱਖਾਂ ਦੇ ਘਰਾਂ 'ਚ ਜੰਮਣ ਵਾਲੇ ਬੀੜੀਆਂ, ਜਰਦੇ, ਹੁੱਕੇ ਆਦਿ ਦੇ ਸ਼ੈਦਾਈ ਹੋ ਕੇ, ਜਿਵੇਂ ਗੁਰੂ ਸਾਹਿਬ ਦੀ ਹੁਕਮ ਅਦੂਲੀ ਕਰ ਰਹੇ ਹਨ, ਇਹ ਬਹੁਤ ਸ਼ਰਮਨਾਕ ਹੈ। ਇਹਨਾਂ ਬਾਰੇ ਕੋਈ ਅਖੌਤੀ ਖੱਬੇ ਪੱਖੀ ਜਾਂ ਭਗਵਾਂ ਕਾਮਰੇਡ ਪੰਜਾਬੀ ਕੁਝ ਨਹੀਂ ਲਿਖੇਗਾ, ਕਿਉਂਕਿ ਉਹਨਾਂ ਨੂੰ ਇਹ ਸਭ ਕਬੂਲ ਹੈ। ਇਹਨਾਂ ਬਾਰੇ ਗੱਲ ਕਰਨੀ ਹਰ ਇੱਕ ਚੇਤਨ ਪੰਜਾਬੀ ਅਤੇ ਵਿਸ਼ੇਸ਼ ਕਰ ਕੇ ਸਿੱਖ ਦਾ ਫਰਜ਼ ਬਣਦਾ ਹੈ।
ਸਾਡੀਆਂ ਸੰਸਥਾਵਾਂ ਦਾ ਅਵੇਸਲਾਪਣ ਵੀ ਖਤਰਨਾਕ ਹੈ। ਚਿੱਠੀਆਂ ਪੱਤਰ ਜਾਰੀ ਕਰਕੇ ਫਿਲਮ 'ਐਨੀਮਲ' ਦੇ ਡਾਇਰੈਕਟਰ ਐਕਟਰ ਆਦਿ ਤੋਂ ਅਖੌਤੀ ਮਾਫੀ ਦੀ ਮੰਗ ਕਰਨਾ ਗਲਤ ਹੈ, ਬਲਕਿ ਇਸ ਦੇ ਖਿਲਾਫ ਪੰਜਾਬੀਆਂ ਨੂੰ ਜਾਗਰੂਕ ਕਰਨ ਲਈ ਆਵਾਜ਼ ਉਠਾਈ ਜਾਏ। ਬਾਲੀਵੁੱਡ ਵਾਲੇ ਸ਼ੈਤਾਨੀਅਤ ਭਰੋਸ ਰਹੇ ਹਨ। ਪਸ਼ੂ ਬਿਰਤੀ ਇਹਨਾਂ ਲੋਕਾਂ ਦੇ ਮਨਾਂ ਵਿੱਚ ਹੈ, ਜੋ ਸਿਖੀ ਬਿਰਤਾਂਤ ਤੋੜ ਰਹੇ ਹਨ। ਅਜਿਹੀਆਂ ਗ਼ਲਤ ਹਰਕਤਾਂ ਖਿਲਾਫ ਜੇਕਰ ਅੱਜ ਖੜੇ ਨਾ ਹੋਏ, ਤਾਂ ਉਹ ਦਿਨ ਦੂਰ ਨਹੀਂ, ਜਿਸ ਦਿਨ ਸਾਡਾ ਪੂਰਾ ਇਤਿਹਾਸ ਹੀ ਵਿਗਾੜਿਆ ਜਾਏਗਾ। ਪਹਿਲਾਂ ਵੀ ਹੋਇਆ ਹੈ ਕਿ ਸਾਡੇ ਇਤਿਹਾਸ ਦੇ ਉਹਨਾਂ ਪਾਤਰਾਂ ਨੂੰ, ਜਿਨਾਂ ਨੇ ਇਤਿਹਾਸਿਕ ਤੌਰ 'ਤੇ ਵੱਡੀ ਦੇਣ ਦਿੱਤੀ, ਅੱਖੋਂ ਪਰੋਖੇ ਕਰਕੇ, ਮੌਕਾ ਪ੍ਰਸਤ ਲੋਕ ਇਤਿਹਾਸ ਨੂੰ ਖਰਾਬ ਕਰ ਰਹੇ ਹਨ ਅਤੇ ਅਸੀਂ ਮੂੰਹ ਚ ਘੁੰਗਣੀਆਂ ਪਾ ਕੇ ਬੈਠੇ ਹਾਂ। ਆਓ ਜਾਗਰੂਕ ਹੋਈਏ ਅਤੇ ਆਪਣੇ ਵਿਰਸੇ ਨਾਲ ਜੁੜੀਏ। ਗੁਰੂ ਸਾਹਿਬ ਨੇ ਇਤਿਹਾਸ ਤੇ ਵਿਰਾਸਤ ਸਾਨੂੰ ਵਡਮੁੱਲੀ ਦਾਤ ਵਜੋਂ ਬਖਸ਼ੇ ਹਨ। ਜੇਕਰ ਅਸੀਂ ਆਪਣੀ ਵਿਰਾਸਤ ਤੇ ਇਤਿਹਾਸ ਨੂੰ ਨਾ ਸਾਂਭਿਆ, ਤਾਂ ਆਉਂਦੀਆਂ ਨਸਲਾਂ ਦੇ ਦੋਸ਼ੀ ਹੋਵਾਂਗੇ।
ਕੋਆਰਡੀਨੇਟਰ, ਪੰਜਾਬੀ ਸਾਹਿਤ ਸਭਾ ਮੁੱਢਲੀ (ਰਜਿ.)
ਐਬਟਸਫੋਰਡ, ਕੈਨੇਡਾ।