Dr-Himendar-Bharzi

ਵਾਤਾਵਰਨ ਪ੍ਰਣਾਲੀ ਨੂੰ ਦਰਪੇਸ਼ ਸੰਕਟ - ਡਾ. ਹਿਮੇਂਦਰ ਭਾਰਤੀ

'ਕੁਦਰਤ ਦੀ ਤਬਾਹੀ ਨਾਲ ਜਿੱਥੇ ਅਸੀਂ ਲੱਖਾਂ ਜੀਵ-ਜੰਤੂਆਂ ਦੀਆਂ ਵੱਖ ਵੱਖ ਜਾਤੀਆਂ ਦਾ ਖਾਤਮਾ ਕਰ ਦਿੱਤਾ ਹੈ, ਹੁਣ ਇਹ ਕੁਦਰਤੀ ਬ੍ਰਹਿਮੰਡ ਤਬਾਹੀ ਵੱਲ ਵਧ ਰਿਹਾ ਹੈ। ਜੇ ਇਹ ਤਬਾਹੀ ਬਰਕਰਾਰ ਰਹੀ ਤਾਂ ਜਿਸ ਪੱਧਰ ਤੇ ਇਸ ਧਰਤੀ ਦੇ ਹਰ ਪਹਿਲੂ ਨੂੰ ਪਹੁੰਚਾਏ ਨੁਕਸਾਨ ਨੂੰ ਮੁੜ ਆਪਣੇ ਗਿਆਨ ਅਤੇ ਮਾਨਵੀ ਤਾਕਤ ਨਾਲ ਨਾ ਬਦਲਿਆ ਤਾਂ ਵਰ੍ਹਾ 2030 ਤੱਕ ਕੁਦਰਤੀ ਵਾਤਾਵਰਨ ਮਨੁੱਖ ਦੇ ਰਹਿਣ ਯੋਗ ਵੀ ਨਹੀਂ ਹੋਵੇਗਾ ਕਿਉਂਕਿ ਇੱਕ ਲੱਖ ਜੀਵ-ਜੰਤੂ ਜੀਵ ਵੰਨ-ਸਵੰਨਤਾ ਦੇ ਵਿਚ ਆਏ ਵਿਗਾੜ ਕਾਰਨ ਦੇਰ-ਸਵੇਰ ਖ਼ਤਮ ਹੋ ਜਾਣਗੇ।’ ਇਹ ਲਾਈਨਾਂ ਯੂਨਾਈਟਡ ਵੱਲੋਂ ਵਿਸ਼ਵ ਵਾਤਾਵਰਨ ਦਿਵਸ 2021 ਜੋ ਵਾਤਾਵਰਨ ਪ੍ਰਣਾਲੀ ਦੀ ਪੁਨਰ-ਸਥਾਪਨਾ ਦੇ ਸਵਾਲ ਉੱਪਰ ਕੇਂਦਰਿਤ ਹੈ, ਵਿਚ ਦਰਸਾਈਆਂ ਗਈਆਂ ਹਨ। ਕੁਦਰਤ ਦੇ ਘੇਰੇ ਵਿਚ ਪ੍ਰਵੇਸ਼ ਕਰ ਕੇ ਲਗਾਤਾਰ ਵੱਖ ਵੱਖ ਜਾਤੀਆਂ ਅਤੇ ਪਰਜਾਤੀਆਂ ਦੇ ਜੀਵ-ਜੰਤੂਆਂ ਨੂੰ ਜਾਂ ਤਾਂ ਖ਼ਤਮ ਕਰ ਦਿੱਤਾ ਹੈ ਜਾਂ ਉਨ੍ਹਾਂ ਨੂੰ ਖਾਤਮੇ ਦੇ ਨੇੜੇ ਪਹੁੰਚਾ ਦਿੱਤਾ ਹੈ। ਇਸ ਬ੍ਰਹਿਮੰਡ ਤੇ ਰਹਿ ਰਹੀ ਮਨੁੱਖਤਾ ਅਤੇ ਮਾਨਵੀ ਭਵਿੱਖ ਵੀ ਜੋਖਿ਼ਮ ਵਿਚ ਹੈ, ਅਸੀਂ ਕੁਦਰਤ ਅਤੇ ਮਨੁੱਖੀ ਜੀਵਨ ਦੇ ਸਬੰਧਾਂ ਨੂੰ ਮੁੜ ਸਥਾਪਿਤ ਨਾ ਕੀਤਾ ਤਾਂ ਵੱਡੀਆਂ ਤਬਾਹੀਆਂ ਤੋਂ ਸਾਨੂੰ ਕੋਈ ਰੋਕ ਨਹੀਂ ਸਕਦਾ। ਵਿਕਾਸ ਮਾਡਲ ਉੱਤੇ ਮਨੁੱਖ ਅਤੇ ਕੁਦਰਤ ਦੇ ਆਪਸੀ ਰਿਸ਼ਤੇ ਨੂੰ ਉਖੇੜ ਕੇ ਵਾਤਾਵਰਨ, ਸਿਹਤ ਨਾਲ ਸਬੰਧਤ ਮਸਲੇ, ਭੋਜਨ, ਪਾਣੀ ਅਤੇ ਕੁਦਰਤੀ ਆਧਾਰ ਵਾਲੇ ਵੱਖ ਵੱਖ ਮਨੁੱਖਤਾ ਨਾਲ ਸਬੰਧਤ ਕੇਂਦਰ ਬਿੰਦੂ ਹਿਲਾ ਦਿੱਤੇ ਹਨ।
       ਪਿਛਲੇ 400 ਸਾਲਾਂ ਤੋਂ ਕੁਦਰਤ ਦੇ ਗਿਆਨ ਸਬੰਧੀ ਦੁਨੀਆ ਭਰ ਵਿਚ ਮੁੱਲਵਾਨ ਕਾਰਜ ਹੋਏ ਹਨ ਜਿਨ੍ਹਾਂ ਵਿਚ ਇਹ ਉੱਭਰ ਕੇ ਸਾਹਮਣੇ ਆਇਆ ਕਿ ਮਨੁੱਖੀ ਜੀਵਨ ਨੂੰ ਕੁਦਰਤ ਵੱਖੋ-ਵੱਖਰੇ ਪੱਧਰਾਂ ਤੇ ਪ੍ਰਭਾਵਿਤ ਕਰਦੀ ਹੈ ਜਿਸ ਨੂੰ ਤੋੜ ਕੇ ਨਹੀਂ ਦੇਖਿਆ ਜਾ ਸਕਦਾ। ਅਜੋਕੇ ਵਿਕਾਸ ਮਾਡਲ ਦੀ ਪ੍ਰਕਿਰਿਆ ਨੇ ਕੁਦਰਤ ਅਤੇ ਮਨੁੱਖ ਦੇ ਸਬੰਧਾਂ ਨੂੰ ਤੋੜਿਆ ਹੀ ਨਹੀਂ ਬਲਕਿ ਇੱਕ ਦੂਸਰੇ ਦੇ ਵਿਰੋਧੀ ਵੀ ਬਣਾ ਕੇ ਖੜ੍ਹੇ ਕਰ ਦਿੱਤਾ ਹੈ। ਮਨੁੱਖ ਨੇ ਆਪਣੇ ਹਿੱਤਾਂ ਲਈ ਇਸ ਬ੍ਰਹਿਮੰਡ ਦੀਆਂ ਕੁਦਰਤੀ ਹੱਦਬੰਦੀਆਂ ਨੂੰ ਲੰਘ ਕੇ ਆਪਣੇ ਇਰਦ-ਗਿਰਦ ਵਸਤੂਆਂ ਅਤੇ ਧਨ-ਦੌਲਤ ਦਾ ਅਜਿਹਾ ਅੰਬਾਰ ਲਗਾ ਲਿਆ ਜੋ ਕੁਦਰਤੀ ਸਰੋਤਾਂ ਨੂੰ ਤਬਾਹ ਕਰ ਕੇ ਹੀ ਸੰਭਵ ਹੋਇਆ ਹੈ ਜਿਸ ਕਾਰਨ ਆਰਥਿਕਤਾ, ਜੀਵਨ-ਜਾਚ ਅਤੇ ਸੱਭਿਆਚਾਰ ਦੇ ਕਈ ਖੇਤਰ ਵੀ ਕੁਦਰਤੀ ਤਬਾਹੀ ਦੇ ਕੰਢੇ ਉੱਤੇ ਪਹੁੰਚ ਗਏ ਹਨ। ਇਸ ਦੇ ਨਾਲ ਹੀ ਇਸ ਬ੍ਰਹਿਮੰਡ ਉੱਪਰ ਜੀਵ-ਜੰਤੂਆਂ ਦੇ ਖਾਤਮੇ ਦੀ ਪ੍ਰਕਿਰਿਆ ਚੱਲ ਰਹੀ ਹੈ। ਪ੍ਰਸਿੱਧ ਵਿਦਵਾਨ ਐਡਵਰਡ ਬਿਲਸਨ ਨੇ ਕਿਹਾ ਸੀ, ‘10 ਤੋਂ 22 ਪ੍ਰਤੀਸ਼ਤ ਜੰਗਲਾਂ ਵਿਚ ਰਹਿਣ ਵਾਲੇ ਜੀਵ-ਜੰਤੂ ਆਉਣ ਵਾਲੇ 3 ਦਹਾਕਿਆਂ ਵਿਚ ਖਤਮ ਹੋ ਜਾਣਗੇ ਜਿਨ੍ਹਾਂ ਵਿਚ 50 ਹਜ਼ਾਰ ਜੀਵ-ਜੰਤੂ ਪ੍ਰਤੀ ਸਾਲ ਜਾਂ ਇੱਕ ਘੰਟੇ ਵਿਚ 6 ਜੀਵ ਜਿਸ ਨੂੰ ਅਸੀਂ ਮਾਨਵੀ ਤਬਾਹੀ ਵੀ ਕਹਿ ਸਕਦੇ ਹਾਂ।’
       ਪਹਿਲੀ ਵਾਰੀ ਜਦੋਂ ਹੀਰੋਸ਼ੀਮਾ ਤੇ ਨਾਗਾਸਾਕੀ ਵਿਚ ਅਗਸਤ, 1944 ਨੂੰ ਐਟਮ ਬੰਬ ਸੁੱਟੇ ਗਏੇ ਸਨ ਤਾਂ ਪ੍ਰੋਫ਼ੈਸਰ ਬਿਲਗਿਟ ਨੇ ਕਿਹਾ ਸੀ ਕਿ ਇਹ ਤਾਂ ਸ਼ੁਰੂਆਤ ਹੀ ਹੈ ਆਉਣ ਵਾਲੇ ਸਮੇਂ ਵਿਚ ਸਮੁੱਚੀ ਮਨੁੱਖਤਾ ਕਈ ਕਿਸਮ ਦੀਆਂ ਜਾਣ ਲੇਵਾ ਰੇਡਿਓ ਐਕਟਿਵ ਕਿਰਨਾਂ ਨਾਲ ਤਬਾਹੀ ਦੇ ਕੰਢੇ ਤੇ ਪਹੁੰਚ ਜਾਵੇਗੀ। 21ਵੀਂ ਸਦੀ ਦੇ ਸ਼ੁਰੂ ਵਿਚ ਹੀ ਨਵੇਂ ਵਿਸ਼ਵ ਸੰਕਟ ਜਿਨ੍ਹਾਂ ਵਿਚ ਕੁਦਰਤੀ ਸਰੋਤਾਂ ਦਾ ਖਾਤਮਾ ਅਤੇ ਜੀਵ ਵੰਨ-ਸਵੰਨਤਾ ਦੀ ਤਬਾਹੀ ਨਵੀਆਂ ਮਹਾਮਾਰੀਆਂ ਨੂੰ ਜਨਮ ਦੇ ਸਕਦੀ ਹੈ। ਇਸੇ ਲੜੀ ਵਿਚ ਪ੍ਰਸਿੱਧ ਵਿਦਵਾਨ ਕਰਲ ਸੈਗਨ ਨੇ 1990 ਵਿਚ ਚਿਤਾਵਨੀ ਦਿੱਤੀ ਸੀ, ‘2030 ਤੱਕ ਦੁਨੀਆ ਦੇ ਕਈ ਖਿੱਤਿਆਂ ਵਿਚ ਪਾਣੀ ਨੂੰ ਹਾਸਲ ਕਰਨ ਵਾਲੇ ‘ਰਿਫਿਊਜੀ’ ਹੋਣਗੇ ਜਿਨ੍ਹਾਂ ਵਿਚ ਸਭ ਤੋਂ ਵੱਡੀ ਤਦਾਦ ਏਸ਼ੀਆਂ ਦੇ ਖਿੱਤੇ ਦੇ ਲੋਕਾਂ ਦੀ ਹੋ ਸਕਦੀ ਹੈ।’ ਇਨ੍ਹਾਂ ਸਾਰੇ ਖਦਸ਼ਿਆਂ ਤੋਂ ਪਹਿਲਾਂ ਵਰ੍ਹਾ 1972 ਵਿਚ ਕਲੱਬ ਆਫ਼ ਰੋਮਨ ਨੇ ਕਿਹਾ ਸੀ, ‘ਇਸ ਬ੍ਰਹਿਮੰਡ ਦੀ ਸੁਰੱਖਿਆ ਲਈ ਵਿਕਾਸ ਉੱਤੇ ਵੀ ਸੀਮਾਵਾਂ ਲਗਾਉਣੀਆਂ ਚਾਹੀਦੀਆਂ ਹਨ।’ ਇਨ੍ਹਾਂ ਪ੍ਰਸੰਗਾਂ ਵਿਚ ਹੀ ਵਿਸ਼ਵ ਪ੍ਰਸਿੱਧ ਵਿਦਵਾਨ ਕਰਲ ਸੈਗਨ ਨੇ ਇੱਕ ਵਾਰੀ ਸਾਰੀ ਦੁਨੀਆ ਅੱਗੇ ਸਵਾਲ ਖੜ੍ਹਾ ਕੀਤਾ ਸੀ, ‘ਮਨੁੱਖੀ ਅਤੇ ਕੁਦਰਤੀ ਜੀਵ-ਜੰਤੂਆਂ ਨੂੰ ਬਚਾਉਣ ਵਾਸਤੇ ਕੌਣ ਬੋਲੇਗਾ? ਹਜ਼ਾਰਾਂ ਸਾਲਾਂ ਤੋਂ ਵਿਕਸਿਤ ਹੋ ਕੇ ਬ੍ਰਹਿਮੰਡ ਦੀ ਖੂਬਸੂਰਤ ਧਰਤ ਅਤੇ ਮਨੁੱਖੀ ਪ੍ਰਾਪਤੀਆਂ ਦੀ ਪ੍ਰਕਿਰਿਆ ਨੂੰ ਬਚਾਉਣ ਲਈ ਕੌਣ ਆਵਾਜ਼ ਉਠਾਏਗਾ?’
        ਅੱਜ ਹਕੀਕਤ ਇਹ ਹੈ ਕਿ ਜਦੋਂ ਮਨੁੱਖਤਾ ਭਿਆਨਕ ਪਰਜੀਵੀ (ਕਰੋਨਾ) ਨਾਲ ਜੂਝ ਰਹੀ ਹੈ ਜਿਸ ਬਾਰੇ ਤਿੰਨ ਦਹਾਕੇ ਪਹਿਲਾਂ ਪ੍ਰੋਫ਼ੈਸਰ ਰੋਬਟ ਬੇਲਸ ਨੇ ਕਿਹਾ ਸੀ, ‘ਅਸੀਂ ਆਪਣੇ ਖਾਧ-ਖੁਰਾਕ ਦੇ ਖੇਤਰ ਵਿਚ ਅਜਿਹੇ ਨਵੇਂ ਵਾਇਰਸ ਪੈਦਾ ਕਰ ਲਏ ਹਨ ਜੋ ਕਿਸੇ ਸਮੇਂ ਜਾ ਕੇ ਮਨੁੱਖੀ ਤਬਾਹੀ ਦਾ ਕਾਰਨ ਬਨਣਗੇਂ।’ ਇਸ ਕਰ ਕੇ ਉਹ ਚੀਨ ਤੋਂ ਸ਼ੁਰੂ ਹੋਏ ਕਰੋਨਾ ਵਾਇਰਸ ਬਾਰੇ ਚਿੰਤਤ ਨਹੀਂ ਸੀ, ਉਹ ਆਪਣੀਆਂ ਖੋਜਾਂ ਦੇ ਆਧਾਰ ਤੇ ਪਹਿਲਾਂ ਹੀ ਦੱਸ ਚੁੱਕਾ ਸੀ, ਜੀਵ ਵੰਨ-ਸਵੰਨਤਾ ਤੇ ਵਾਤਾਵਰਨ ਦੇ ਅਸੰਤੁਲਨ ਕਾਰਨ ਕਈ ਨਵੇਂ ਕਿਸਮ ਦੇ ਵਾਇਰਸ ਪੈਦਾ ਹੋ ਸਕਦੇ ਹਨ ਜਿਹੜੇ ਮਨੁੱਖੀ ਜੀਵਨ ਵਿਚ ਤਬਾਹੀ ਮਚਾ ਸਕਦੇ ਹਨ, ਜਿਸ ਬਾਰੇ ਅਸੀਂ ਨਾ ਹੀ ਸੋਚ ਰਹੇ ਹਾਂ ਅਤੇ ਨਾ ਹੀ ਇਸ ਦਾ ਬਦਲ ਤਲਾਸ਼ਣ ਲਈ ਕਾਰਜ ਕਰ ਰਹੇ ਹਾਂ। ਇਸ ਤੋਂ ਵੀ 150 ਸਾਲ ਪਹਿਲਾਂ ਮਾਰਕਸ ਨੇ ਲਿਖ ਦਿੱਤਾ ਸੀ, ‘ਪੂੰਜੀਵਾਦ ਦੇ ਦਿਲ ਵਿਚ ਜੀਵਨ ਦੀ ਹਰ ਪਰਤ ਨੂੰ ਵਸਤੂ ਸਮਝ ਕੇ ਮੰਡੀ ਵਿਚ ਵੇਚਿਆ ਅਤੇ ਖਰੀਦਿਆ ਜਾਂਦਾ ਹੈ, ਇਹ ਅਜਿਹਾ ਪ੍ਰਬੰਧ ਹੈ ਜਿਸ ਰਾਹੀਂ ਕੁਦਰਤੀ ਕਰੋਪੀ ਦਾ ਵਾਪਰਨਾ ਲਾਜ਼ਮੀ ਹੈ। ਪੂੰਜੀਵਾਦ ਵਿਚ ਵਾਤਾਵਰਨ ਉੱਪਰ ਵੱਡਾ ਬੋਝ ਪੈ ਜਾਂਦਾ ਹੈ, ਜੀਵਨ ਲੋੜਾਂ ਨੂੰ ਪੂਰੀ ਤਰ੍ਹਾਂ ਕੁਦਰਤੀ ਸਰੋਤਾਂ ਦੀ ਤਬਾਹੀ ਨਾਲ ਹੀ ਪੂਰਾ ਕੀਤਾ ਜਾ ਸਕਦਾ ਹੈ।’ ਪ੍ਰਸਿੱਧ ਵਿਦਵਾਨ ਜੌਨ ਬਲੇਵੀ ਨੇ ਲਿਖਿਆ ਸੀ, ‘ਜੀਵ ਵੰਨ-ਸਵੰਨਤਾ ਵਿਚ ਤਬਾਹੀ ਅਤੇ ਵਾਤਾਵਰਨ ਸੰਕਟ ਨਵੀਆਂ ਸਮੱਸਿਆਵਾਂ ਨੂੰ ਜਨਮ ਦੇ ਦਿੰਦਾ ਹੈ, ਕਿਉਂਕਿ ਬਹੁਗਿਣਤੀ ਲੋਕਾਂ ਦੀ ਜੀਵਨ-ਜਾਚ, ਮਨੋ-ਅਵਸਥਾ ਅਤੇ ਚਾਲ-ਢਾਲ ਪੂਰੀ ਤਰ੍ਹਾਂ ਵਾਤਾਵਰਨ ਪ੍ਰਬੰਧ ਨੂੰ ਅਸੰਤੁਲਨ ਕਰ ਦਿੰਦੀ ਹੈ।’ ਇਸੇ ਕਰ ਕੇ ਤਾਂ ਹਰ ਸਾਲ ਵਰਲਡ ਵਾਚ ਇੰਸਟੀਚਿਊਟ ਰਿਪੋਰਟ ਵਿਚ ਦਰਜ ਕਰ ਰਹੀ ਹੈ ਕਿ ਅਮਰੀਕਨ ਜੀਵਨ-ਜਾਚ ਨੇ ਦੁਨੀਆ ਦੇ ਲੱਖਾਂ ਲੋਕਾਂ ਨੂੰ ਅਜਿਹੀ ਜੀਵਨ-ਜਾਚ ਵਿਚ ਬਦਲ ਦਿੱਤਾ ਹੈ ਜਿਵੇਂ ਸ਼ੇਰ ਦੇ ਮੂੰਹ ਵਿਚੋਂ ਵਾਤਾਵਰਨ ਤਬਾਹੀਆਂ ਨਿਕਲ ਰਹੀਆਂ ਹੋਣ। ਇਨ੍ਹਾਂ ਹਾਲਾਤ ਦੇ ਪ੍ਰਸੰਗ ਵਿਚ ਨੈਸ਼ਨਲ ਐਨਵਾਇਰਮੈਂਟ ਰਿਸਰਚ ਕੌਂਸਲ ਦੇ ਵਿਗਿਆਨੀ ਪ੍ਰੋਫ਼ੈਸਰ ਜੈਰਮੀ ਥਾਮਸ ਨੇ ਲਿਖਿਆ ਸੀ ਕਿ ਮਨੁੱਖਤਾ ਛੇਵੀਂ ਵੱਡੀ ਤਬਾਹੀ ਵੱਲ ਵਧ ਰਹੀ ਹੈ। ਇਸ ਤੋਂ ਪਹਿਲਾਂ ਪੰਜ ਤਬਾਹੀਆਂ ਕੁਦਰਤੀ ਕਰੋਪੀ ਕਾਰਨ ਆਈਆਂ ਸਨ। ਇਹ ਛੇਵੀਂ ਤਬਾਹੀ ਮਨੁੱਖ ਨੇ ਖੁਦ ਸਹੇੜੀ ਹੈ, ਹਾਲਾਂਕਿ 1992 ਵਿਚ ਦੁਨੀਆ ਦੇ 1575 ਵਿਗਿਆਨੀਆਂ ਜਿਨ੍ਹਾਂ ਵਿਚ ਅੱਧੇ ਨੋਬਲ ਵਿਜੇਤਾ ਸਨ, ਨੇ ਕਿਹਾ ਸੀ ਕਿ, ‘ਮਨੁੱਖ ਕੁਦਰਤੀ ਸੰਸਾਰ ਨਾਲ ਇੰਨੀ ਬੁਰੀ ਤਰ੍ਹਾਂ ਭਿੜ ਗਿਆ ਹੈ ਜਿਸ ਨਾਲ ਉਸ ਦਾ ਭਵਿੱਖ ਵਿਚ ਜਿੰਦਾ ਰਹਿਣਾ ਵੀ ਅਸਮਰੱਥ ਹੋ ਜਾਵੇਗਾ। ਵਾਤਾਵਰਨ ਤਬਾਹੀ ਨਾਲ ਆਰਥਿਕ ਤਬਾਹੀ ਤਾਂ ਆਵੇਗੀ ਹੀ ਬਲਕਿ ਸਮਾਜਿਕ ਉਖੇੜਾ ਐਨੀ ਵੱਡੀ ਪੱਧਰ ਤੇ ਪੈਦਾ ਹੋ ਜਾਵੇਗਾ ਜਿਸ ਬਾਰੇ ਕਿਆਸ ਲਾਉਣਾ ਵੀ ਅਸੰਭਵ ਹੈ।’
      ਜਿਸ ਤੇਜ਼ੀ, ਦਰ ਅਤੇ ਪੱਧਰ ਨਾਲ ਵੱਖੋ-ਵੱਖਰੇ ਖੇਤਰਾਂ ਵਿਚ ਤਬਾਹੀ ਹੋ ਰਹੀ ਹੈ, ਇਸ ਤਰ੍ਹਾਂ ਕਦੇ ਵੀ ਇਤਿਹਾਸ ਵਿਚ ਨਹੀਂ ਵਾਪਰਿਆ। ਜਿਸ ਤੇਜ਼ੀ ਨਾਲ ਕੁਦਰਤੀ ਵਾਤਾਵਰਨ ਵਿਚ ਵਿਗਾੜ ਪੈਦਾ ਹੋਇਆ ਹੈ, ਉਸ ਨਾਲ ਕਈ ਜੀਵਾਂ ਦੀਆਂ ਜਾਤੀਆਂ ਖ਼ਤਮ ਹੋ ਗਈਆਂ ਹਨ ਕਿਉਂਕਿ ਇਨ੍ਹਾਂ ਜੀਵਾਂ ਦੇ ਗਰੀਨ ਫੇਫੜੇ ਕੁਦਰਤ ਤੋਂ ਹੀ ਤਾਂ ਮਿਲ ਕੇ ਬਣਦੇ ਸਨ। ਇਨ੍ਹਾਂ ਗਰੀਨ ਫੇਫੜਿਆਂ ਨੂੰ ਬਚਾਉਣ ਲਈ ਪਿਛਲੇ 70 ਸਾਲਾਂ ਤੋਂ ਕੋਈ ਵੀ ਤਰੱਦਦ ਨਹੀਂ ਕੀਤਾ ਗਿਆ ਬਲਕਿ ਇਨ੍ਹਾਂ ਨੂੰ ਤਬਾਹ ਹੀ ਕੀਤਾ ਗਿਆ ਹੈ। ਪ੍ਰੋਫ਼ੈਸਰ ਅਲਵਿਟ ਸਚਵਿਡ ਅਨੁਸਾਰ ਅਸਲ ਵਿਚ ਮਨੁੱਖ ਨੇ ਭਵਿੱਖ ਵਾਲੇ ਨਜ਼ਰੀਏ ਨਾਲ ਦੇਖਣਾ ਬੰਦ ਕਰ ਦਿੱਤਾ ਹੈ। ਮੁੜ ਆਪ ਹੀ ਇਸ ਧਰਤੀ ਤੇ ਕਈ ਕਿਸਮ ਦੇ ਪਰਜੀਵੀਆਂ (ਕਰੋਨਾ) ਨਾਲ ਤਬਾਹ ਹੋ ਰਿਹਾ ਹੈ। ਦੁਨੀਆ ਦੇ ਕਈ ਵਿਗਿਆਨੀ ਤਾਂ ਇੱਥੋਂ ਤੱਕ ਚਿੰਤਾ ਵਿਚ ਹਨ ਕਿ ਅਸੀਂ ਮੌਸਮ, ਸਮੁੰਦਰ, ਪਾਣੀ ਦੇ ਸਰੋਤ, ਜੰਗਲ, ਜ਼ਮੀਨ ਅਤੇ ਜੀਵ-ਜੰਤੂਆਂ ਉੱਪਰ ਦਬਾਅ ਇੰਨਾ ਵਧਾ ਦਿੱਤਾ ਹੈ ਕਿ ਇਹ ਖਦਸ਼ਾ ਜਾਪ ਰਿਹਾ ਹੈ ਕਿ ਸਾਲ 2100 ਤੱਕ ਇਸ ਬ੍ਰਹਿਮੰਡ ਦੇ ਕੁੱਲ ਜੀਵ-ਜੰਤੂਆਂ ਦੀਆਂ ਜਾਤੀਆਂ ਦਾ ਇੱਕ ਤਿਹਾਈ ਹਿੱਸਾ ਖਤਮ ਹੋ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਮਨੁੱਖੀ ਸੋਚ ਦੀ ਕੰਗਾਲੀ ਇਹੀ ਰਹੀ ਤਾਂ ਇਸ ਧਰਤੀ ਉੱਤੇ ਮਨੁੱਖੀ ਸਮਾਜ ਨੂੰ ਕੋਈ ਵੀ ਬਚਾਅ ਕੇ ਰੱਖਣ ਦੇ ਕਾਬਲ ਨਹੀਂ ਹੋਵੇਗਾ।
       ਜੋ ਚਿਤਾਵਨੀਆਂ ਵੱਡੇ ਵਿਦਵਾਨਾਂ ਨੇ ਦਿੱਤੀਆਂ ਸਨ, ਉਨ੍ਹਾਂ ਉੱਪਰ ਉੱਕਾ ਹੀ ਗੌਰ ਨਹੀਂ ਕੀਤਾ ਗਿਆ। ਯੂਐੱਨਓ ਵੱਲੋਂ ਵਾਤਾਵਰਨ ਪ੍ਰਣਾਲੀ ਦੀ ਮੁੜ ਸਿਰਜਣਾ ਦਾ ਸਵਾਲ ਇਸ ਕਰ ਕੇ ਉਭਾਰਿਆ ਜਾ ਰਿਹਾ ਹੈ ਕਿਉਂਕਿ ਵੱਖ ਵੱਖ ਖੋਜਾਂ ਦੇ ਆਧਾਰ ਤੇ ਵਿਗਿਆਨੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਅਗਲੇ ਆਉਣ ਵਾਲੇ 40-50 ਸਾਲ ਅਗਲੀਆਂ ਪੀੜ੍ਹੀਆਂ ਲਈ ਬੇਹੱਦ ਵੱਖਰੇ ਵਿਕਾਸ ਮਾਡਲ ਦੇ ਦ੍ਰਿਸ਼ਟੀਕੋਣ ਤੋਂ ਸੋਚਣ ਵਾਲੇ ਹੋਣੇ ਚਾਹੀਦੇ ਹਨ। ਜੇ ਇਨ੍ਹਾਂ ਚਿਤਾਵਨੀਆਂ ਖਿਲਾਫ ਸਮੁੱਚੇ ਸਮਾਜਾਂ ਅਤੇ ਦੇਸ਼ਾਂ ਨੇ ਨਾ ਸੋਚਿਆ ਤੇ ਸੰਘਰਸ਼ ਨਾ ਕੀਤਾ ਤਾਂ ਹਜ਼ਾਰਾਂ ਸਾਲਾਂ ਦੇ ਮਨੁੱਖੀ ਜੀਵਾਂ ਦੇ ਵਿਕਾਸ ਨੂੰ ਡੂੰਘੇ ਸੰਕਟ ਵਿਚ ਸੁੱਟ ਦੇਵੇਗਾ। ਇਸ ਕਰ ਕੇ ਵੱਖ ਵੱਖ ਦੇਸ਼ਾਂ ਵਿਚ ਰਹਿ ਰਹੇ ਭਾਈਚਾਰਿਆਂ ਨੂੰ ਛੋਟੀਆਂ-ਮੋਟੀਆਂ ਦੀਵਾਰਾਂ ਤੋਂ ਉੱਪਰ ਉੱਠ ਕੇ ਵਿਸ਼ਵ ਪੱਧਰ ਦੀ ਲਹਿਰ ਚਲਾਉਦਾ ਦਾ ਸੱਦਾ ਯੂਨਾਈਟਡ ਨੇਸ਼ਨਜ਼ ਨੇ 2021 ਤੋਂ 2030 ਤੱਕ ਦਾ ਦਿੱਤਾ ਹੈ ਕਿ ਹਰ ਨਾਗਰਿਕ ਆਪਣੀ ਸਮਾਜਿਕ ਜਿ਼ੰਮੇਵਾਰੀ ਸਮਝਦਾ ਹੋਇਆ ਜ਼ਮੀਨੀ ਪੱਧਰ ਤੇ ਵਾਤਾਵਰਨ ਦੇ ਵੱਖ ਵੱਖ ਕੁਦਰਤੀ ਪਹਿਲੂਆਂ ਨੂੰ ਮੁੜ ਸੁਰਜੀਤ ਕਰਨ ਲਈ ਆਪਣਾ ਯੋਗਦਾਨ ਪਾਵੇ। ਆਓ, ਮਨੁੱਖ ਅਤੇ ਕੁਦਰਤ ਦੇ ਰਿਸ਼ਤੇ ਨੂੰ ਸਥਾਪਿਤ ਕਰਨ ਲਈ ਵਿਅਕਤੀਗਤ ਪੱਖਾਂ ਤੋਂ ਲੈ ਕੇ ਸਮਾਜਿਕ, ਆਰਥਿਕ, ਸਿਆਸੀ ਅਤੇ ਸੰਸਥਾਵਾਂ ਦੇ ਪੱਧਰ ਉੱਤੇ ਇੱਕਜੁੱਟ ਹੋ ਕੇ ਕਾਰਜ ਕਰੀਏ।
* ਮੁਖੀ, ਜੀਵ ਵਿਗਿਆਨ ਤੇ ਵਾਤਾਵਰਨ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸੰਪਰਕ : 85916-45454