ਗੰਨੇ ਦਾ ਰੋਗ ਰਹਿਤ ਅਤੇ ਜੈਨੇਟਿਕ ਤੌਰ ਤੇ ਸ਼ੁੱਧ ਬੀਜ ਕਿਵੇਂ ਪੈਦਾ ਕੀਤਾ ਜਾਵੇ ? - ਡਾ. ਗੁਰਵਿੰਦਰ ਸਿੰਘ
ਕਣਕ- ਝੋਨੇ ਦੀ ਫਸਲ ਤੋਂ ਬਾਅਦ ਕਮਾਦ ਪੰਜਾਬ ਦੀ ਤੀਜੀ ਬਹੁਤ ਮਹੱਤਵਪੂਰਨ ਫਸਲ ਹੈ। ਪੰਜਾਬ ਵਿੱਚ 1965-66 ਵਿੱਚ ਕੇਵਲ 6 ਖੰਡ ਮਿੱਲਾਂ ਸਨ।ਇਸ ਵਕਤ ਪੰਜਾਬ ਵਿੱਚ ਚਾਲੂ ਹਾਲਤ ਵਿੱਚ ਖੰਡ ਮਿੱਲਾਂ ਦੀ ਗਿਣਤੀ ਵਧ ਕੇ 16 ਹੋ ਗਈ ਹੈ ਜਿੰਨਾ ਵਿੱਚੋਂ 7 ਨਿੱਜੀ ਅਤੇ 9 ਸਹਿਕਾਰੀ ਖੇਤਰ ਵਿੱਚ ਹਨ ।ਪੰਜਾਬ ਵਿੱਚ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਬਹੁਤੀ ਉਤਸ਼ਾਹ ਜਨਕ ਨਹੀਂ ਹੈ ਜਿਸ ਦੇੇ ਮੁੱਖ ਕਾਰਨਾਂ ਵਿੱਚ ਕਿਸਾਨਾਂ ਦੁੁਆਰਾ ਇੱਕ ਦੂਜੇ ਤੋਂ ਰੋਗ ਗ੍ਰਸਤ ਬੀਜ ਲੈ ਕੇ ਬੀਜਣਾ,ਮੌਸਮੀ ਹਾਲਾਤ,ਮੂਢੀ ਫਸਲ ਲੈਣ ਵਿੱਚ ਗੰਨਾ ਕਾਸਤਕਾਰਾਂ ਦੀ ਘੱਟ ਰੁਚੀ ਅਤੇ ਸੁਚੱਜੀ ਸਾਂਭ ਸੰਭਾਲ ਦੀ ਘਾਟ, ਤਸਦੀਕਸ਼ੁਦਾ ਰੋਗ ਰਹਿਤ ਬੀਜ ਦੀ ਘਾਟ ਂਆਦਿ ਹਨ। ਸੋ ਇਸ ਖੇਤਰ ਵਿੱਚ ਕਿਸਾਨਾਂ ਅਤੇ ਖੰਡ ਮਿੱਲਾਂ ਦੀ ਆਮਦਨ ਵਧਾਉਣ ਲਈ ਗੰਨੇ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਅਤੇ ਖੰਡ ਦੀ ਰਿਕਵਰੀ ਵਧਾਉਣੀ ਸਮੇਂ ਦੀ ਵੱਡੀ ਜਰੂਰਤ ਹੈ।ਗੰਨੇ ਦੀ ਫਸਲ ਦੀਆਂ ਆਧੁਨਿਕ ਕਾਸਤਕਾਰੀ ਤਕਨੀਕਾਂ,ਖੇਤੀ ਮਸ਼ੀਨੀਰੀ ਦੀ ਵਰਤੋਂ ਵਧਾ ਕੇ,ਨਵੀਆਂ ਅਤੇ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਦਾ ਰੋਗ ਰਹਿਤ ਬੀਜ ਵਰਤ ਕੇ ਜਿਥੇ ਪ੍ਰਤੀ ਹੈਕਟੇਅਰ ਪੈਦਾਵਾਰ ਵਧਾਈ ਜਾ ਸਕਦੀ ਹੈ,ਉਥੇ ਖੇਤੀ ਲਾਗਤ ਖਰਚੇ ਵੀ ਘਟਾਏ ਜਾ ਸਕਦੇ ਹਨ।ਗੰਨੇ ਦੀ ਸਫਲ ਕਾਸ਼ਤ ਕਰਨ ਲਈ ਲੋੜੀਂਦੀ ਖੇਤੀ ਸਮੱਗਰੀ ਵਿੱਚੋਂ ਬੀਜ ਇੱਕ ਅਜਿਹੀ ਖੇਤੀ ਸਮੱਗਰੀ ਹੈ,ਜਿਸ ਤੇ ਗੰਨੇ ਦੀ ਫਸਲ ਦੀ ਉਤਪਾਦਿਕਤਾ ਨਿਰਭਰ ਕਰਦੀ ਹੈ।ਇਸ ਲਈ ਜ਼ਰੂਰੀ ਹੈ ਕਿ ਗੰਨੇ ਦੀ ਸਫਲ ਕਾਸਤ ਲਈ ਜਨੈਟੀਕਲੀ ਸ਼ੁੱਧ ਅਤੇ ਬਿਮਾਰੀ ਰਹਿਤ ਬੀਜ ਦੀ ਵਰਤੋਂ ਕੀਤੀ ਜਾਵੇ,ਅਜਿਹਾ ਕਰਨ ਨਾਲ ਪੈਦਾਵਾਰ ਵਿੱਚ 10-15% ਵਾਧਾ ਕੀਤਾ ਜਾ ਸਕਦਾ ਹੈ।ਮਿਆਰੀ ਬੀਜ ਲਈ ਜ਼ਰੂਰੀ ਹੈ ਕਿ ਉਸ ਦੀ ਉਗਣ ਸ਼ਕਤੀ 85% ਹੋਵੇ ਪਰ ਆਮ ਕਰਕੇ ਦੇਖਿਆ ਗਿਆ ਹੈ ਕਿ ਗੰਨਾ ਕਾਸ਼ਤਕਾਰਾਂ ਦੇ ਖੇਤਾਂ ਵਿੱਚ ਗੰਨੇ ਦੀ ਉੱਗਣ ਸ਼ਕਤੀ ਤਕਰੀਬਨ 55% ਤੱਕ ਹੀ ਹੁੰਦੀ ਹੈ ਜੋ ਘੱਟ ਪੈਦਾਵਾਰ ਦਾ ਕਾਰਨ ਬਣਦਾ ਹੈ।ਬੀਜ ਵਾਲੀ ਫਸਲ ਦੀ ਉਮਰ 8-10 ਮਹੀਨੇ ਹੋਣੀ ਚਾਹੀਦੀ।ਬੀਜ ਵਾਲੇ ਗੰਨੇ ਮੋਟੇ,ਸਿਹਤਮੰਦ,ਬਿਮਾਰੀ ਰਹਿਤ,ਜੜਾਂ ਰਹਿਤ ਗੰਢਾਂ ਹੋਣੀਆਂ ਚਾਹੀਦੀਆਂ ਹਨ ਅਤੇ ਫਸਲ ਡਿੱਗੀ ਨਹੀਂ ਹੋਣੀ ਚਾਹੀਦੀ।
ਸਾਲ 2020-21 ਦੌਰਾਨ ਤਕਰੀਬਨ 90 ਹਜਾਰ ਹੈਕਟੇਅਰ ਰਕਬੇ ਵਿੱਚ ਗੰਨੇ ਦੀ ਕਾਸ਼ਤ ਕੀਤੀ ਗਈ ਹੈ ਇਸ ਵਿੱਚੋਂ ਤਕਰੀਬਨ 55 ਹਜਾਰ ਹੈਕਟੇਅਰ ਰਕਬੇ ਵਿੱਚ ਲੈਰੇ ਕਮਾਦ ਦੀ ਬਿਜਾਈ ਕੀਤੀ ਗਈ ਹੈ।ਇੰਨੇ ਰਕਬੇ ਲਈ ਤਕਰੀਬਨ 5 ਲੱਖ 64 ਹਜਾਰ ਟਨ ਬੀਜ ਵਰਤਿਆ ਗਿਆ ਹੈ,ਜਿਸ ਦੀ ਕੀਮਤ 169.26 ਕਰੋੜ ਬਣਦੀ ਹੈ ਅਤੇ ਰਕਬਾ ਵੀ 9166 ਹੈਕਟੇਅਰ ਚਾਹੀਦਾ ਹੈ।ਸੋ ਹਰੇਕ ਗੰਨਾ ਕਾਸ਼ਤਕਾਰ ਨੂੰ ਚਾਹੀਦਾ ਹੈ ਕਿ ਅਗਲੇ ਸਾਲ ਦੀਆਂ ਜ਼ਰੂਰਤਾਂ ਮੁਤਾਬਕ ਬੀਜ ਪੈਦਾ ਕਰਨ ਲਈ ਬੀਜ ਵਾਲੀ ਫਸਲ ਦੀ ਕਾਸਤ ਕਰਕੇ ਗੰਨੇ ਦਾ ਬੀਜ ਪੈਦਾ ਕੀਤਾ ਜਾਵੇ।ਗੰਨੇ ਦਾ ਬੀਜ ਪੈਦਾ ਕਰਨ ਕੁਝ ਤਕਨੀਕੀ ਨੁਕਤੇ ਅਪਨਾਉਣੇ ਬਹੁਤ ਜ਼ਰੂਰੀ ਹੈ ਤਾਂ ਜੋ ਜਨੈਟੀਕਲ ਸ਼ੁੱਧ ਅਤੇ ਬਿਮਾਰੀ ਰਹਿਤ ਬੀਜ ਪੈਦਾ ਕੀਤਾ ਜਾ ਸਕੇ।ਇਸ ਲਈ ਹੇਠ ਲਿਖੇ ਅਨੁਸਾਰ ਅਗਲੇ ਸੀਜਨ ਲਈ ਗੰਨੇ ਦੀ ਬੀਜ ਵਾਲੀ ਫਸਲ ਦੀ ਕਾਸਤ ਕਰਕੇ ਸ਼ੁੱਧ ਬੀਜ ਪੈਦਾ ਕੀਤਾ ਜਾ ਸਕਦਾ ਹੈ।
ਖੇਤ ਦੀ ਚੋਣ: ਬੀਜ ਵਾਲੀ ਫਸਲ ਲਈ ਕੱਲਰਾਠੀ ਅਤੇ ਸੇਮ ਵਾਲੀਆਂ ਜ਼ਮੀਨਾਂ ਦੀ ਚੋਣ ਨਹੀਂ ਕਰਨੀ ਚਾਹੀਦੀ।ਖੇਤ ਵਿੱਚ ਪਹਿਲਾਂ ਗੰਨੇ ਦੀ ਫਸਲ ਦੀ ਕਾਸ਼ਤ ਨਹੀਂ ਕੀਤੀ ਹੋਣੀ ਚਾਹੀਦੀ ਅਤੇ ਬੀਜ ਫਸਲ ਲਈ ਕਣਕ -ਝੋਨੇ ਵਾਲੇ ਖੇਤ ਦੀ ਚੋਣ ਕਰਨੀ ਚਾਹੀਦੀ ਹੈ।ਸਿੰਚਾਈ ਲਈ ਪਾਣੀ ਦਾ ਢੁਕਵਾਂ ਪ੍ਰਬੰਧ ਹੋਣਾ ਚਾਹੀਦਾ।ਬੀਜ ਫਸਲ ਵਾਲੇ ਖੇਤ ਵਿੱਚ ਕਿਸੇ ਹੋਰ ਗੰਨੇ ਦੀ ਫਸਲ ਵਾਲੇ ਖੇਤ ਦਾ ਪਾਣੀ ਨਹੀਂ ਆਉਣਾ ਚਾਹੀਦਾ।
ਬੀਜ ਦਾ ਸਰੋਤ:ਗੰਨੇ ਦੇ ਬੀਜ ਵਾਲੀ ਫਸਲ ਦੀ ਕਾਸਤ ਲਈ ਇਹ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਪ੍ਰਵਾਣਤ ਕਿਸਮ ਦਾ ਬੀਜ ਭਰੋਸੇਯੋਗ ਸਰੋਤ ਤੋਂ ਹੀ ਲਿਆ ਜਾਵੇ ਹੋਵੇ।ਬੀਜ ਪੈਦਾ ਕਰਨ ਲਈ ਗੰਨੇ ਦਾ ਬੀਜ ਕਿਸੇ ਖੋਜ ਕੇਂਦਰ,ਅਗਾਂਹਵਧੂ ਗੰਨਾ ਕਾਸਤਕਾਰ,ਖੰਡ ਮਿੱਲ ਤੋਂ ਲੈਣਾ ਚਾਹੀਦਾ।ਕਦੇ ਵੀ ਪਿੜਾਈ ਲਈ ਲਿਜਾਏ ਜਾ ਰਹੇ ਗੰਨੇ ਦੀ ਫਸਲ ਵੱਲੇ ਖੇਤ ਵਿੱਚੋਂ ਬੀਜ ਨਹੀਂ ਲੈਣਾ ਚਾਹੀਦਾ।ਬੀਜ ਵਾਲੇ ਗੰਨੇ ਸਿਫਾਰਸ਼ੁਦਾ ਕਿਸਮ ਦੇ ਜਨੈਟੀਕਲ ਸ਼ੁੱਧ ਅਤੇ ਬਿਮਾਰੀ ਰਹਿਤ ਹੋਣੇ ਚਾਹੀਦੇ ਹਨ।ਕਿਸਮਾਂ ਦਾ ਰਲੇਵਾਂ ਨਹੀਂ ਹੋਣਾ ਚਾਹੀਦਾ।
ਬਿਜਾਈ ਦਾ ਸਮਾਂ: ਬੀਜ ਵਾਲੀ ਫਸਲ ਦੀ ਬਿਜਾਈ ਦਾ ਸਮਾਂ ਅਜਿਹਾ ਹੋਣਾ ਚਾਹੀਦਾ ਹੈ ਕਿ ਅਗਲੇ ਸੀਜ਼ਨ ਵਿੱਚ ਮੁੱਖ ਫਸਲ ਲਈ ਵਰਤੇ ਜਾਣ ਵਾਲੇ ਬੀਜ ਸਦੀ ਉਮਰ 8-10 ਮਹੀਨੇ ਹੋਵੇ।ਪੰਜਾਬ ਵਿੱਚ ਤਿੰਨ ਰੁੱਤਾਂ ਪੱਤਝੜ(ਅਕਤੂਬਰ-ਨਵੰਬਰ),ਬਹਾਰ ਰੁੱਤ( ਫਰਵਰੀ-ਮਾਰਚ) ਅਤੇ ਗਰਮੀ ਰੁੱਤ( ਅਪ੍ਰੈਲ ਮਈ ) ਵਿੱਚ ਗੰਨੇ ਦੀ ਕਾਸਤ ਕੀਤੀ ਜਾਂਦੀ ਹੈ।ਬੀਜ ਵਾਲੀ ਫਸਲ ਮੂਢੀ ਨਹੀਂ ਹੋਣੀ ਚਾਹੀਦੀ।
ਬਰੋਟਿਆਂ/ਗੁੱਲੀਆਂ ਦੀ ਲੰਬਾਈ : ਗੰਨਾ ਕਾਸ਼ਤਕਾਰਾਂ ਵੱਲੌਂ ਆਮ ਕਰਕੇ ਤਿੱੰਨ ਅੱਖਾਂ ਵਾਲੀਆਂ ਗੁੱਲੀਆਂ ਦੀ ਵਰਤੋਂ ਕੀਤੀ ਜਾਂਦੀ ਹੈ।ਤਿਲ਼ਨ ਅੱਖਾਂ ਵਾਲੀਆਂ ਗੁੱਲੀਆ ਦੀ ਬਿਜਾਏ ਜੇਕਰ ਦੋ ਅੱਖਾਂ ਵਾਲੀਆਂ ਗੁੱਲੀਆਂ ਵਾਲੇ ਬੀਜ ਦੀ ਵਰਤੋਂ ਕਤਿੀ ਜਾਵੇ ਤਾਂ ਉੱਗਣ ਸ਼ਕਤੀ ਵਧਾਈ ਜਾ ਸਕਦੀ ਹੈ।
ਲਾਈਨ ਤੋਂ ਲਾਈਨ ਦਾ ਫਾਸਲਾ: ਬੀਜ ਵਾਲੀ ਫਸਲ ਨੂੰ 90 ਸੈਂਟੀਮੀਟਰ ਦੀ ਦੂਰੀ ਤੇ ਬੀਜਣਾ ਚਾਹੀਦਾ,ਜਿਸ ਨਾਲ ਹਵਾ ਦਾ ਸੰਚਾਰ ਵਧੇਰੇ ਹੋਣ ਕਾਰਨ ਕੀੜੇ ਮਕੌੜੇ ਵੀ ਘੱਟ ਨੁਕਸਾਨ ਕਰਦੇ ਹਨ।ਗੰਨੇ ਦੀ ਫਸਲ ਦੀਆਂ 10 ਲਾਈਨਾਂ ਬਾਅਦ 1.8 ਮੀਟਰ ਦੀ ਵਿੱਥ ਰੱਖਣੀ ਚਾਹੀਦੀ ਹੈ ਤਾਂ ਜੋ ਸਮੇਂ ਸਮੇਂ ਤੇ ਫਸਲ ਦਾ ਨਿਰੀਖਣ ਕਰਨ ਜਾਂ ਕਿਸੇ ਕਿਸਮ ਦੀ ਕੀਟਨਾਸ਼ਕ ਦਾ ਛਿੜਕਾਅ ਕਰਨ ਲਈ ਕਿਸੇ ਕਿਸਮ ਦੀ ਮੁਸ਼ਕਲ ਪੇਸ਼ ਨਾਂ ਆਵੇ।
ਬੀਜ ਦੀ ਮਾਤਰਾ ਅਤੇ ਸੋਧ ਕਰਨੀ : ਫਸਲ ਦਾ ਬੇਹਤਰ ਜਮਾਹ ਲੈਣ ਲਈ ਦੋ ਅੱਖਾਂ ਵਾਲੀਆਂ 60 ਹਜ਼ਾਰ ਅਤੇ ਤਿਨ ਅੱਖਾਂ ਵਾਲੀਆਂ 40 ਹਜ਼ਾਰ ਗੁੱਲੀਆਂ ਪ੍ਰਤੀ ਹੈਕਟੇਅਰ ਵਰਤਣੀਆਂ ਚਾਹੀਦੀਆਂ ਹਨ।ਬੀਜ ਨੂੰ ਬਿਜਾਈ ਤੋਂ ਪਹਿਲਾਂ ਬੀਜ ਚੰਗੇ ਜੰਮ ਲਈ ਗੁੱਲੀਆਂ ਨੂੰ ਈਥਰਲ ਦੇ ਘੋਲ ਵਿੱਚ ਪੂਰੀ ਰਾਤ ਡੋਬਣ ਉਪਰੰਤ ਸੋਧ ਲੈਣਾ ਚਾਹੀਦਾ। ਇਸ ਘੋਲ ਨੂੰ ਬਨਾਉਣ ਲਈ 25 ਮਿਲੀਲਿਟਰ ਈਥਰਲ 39 ਐਸ ਐਲ ਨੂੰ 100 ਲਿਟਰ ਪਾਣੀ ਵਿੱਚ ਘੋਲੋ ਜਾਂ ਗੁੱਲੀਆਂ ਨੂੰ ਬੀਜਣ ਤੋਂ ਪਹਿਲਾਂ 24 ਘੰਟੇ ਪਾਣੀ ਵਿੱਚ ਡੋਬ ਲਵੋ।
ਖਾਲ਼ੀ ਵਿਧੀ ਰਾਹੀਂ ਗੰਨੇ ਦੀ ਬਿਜਾਈ : ਇਸ ਵਿਧੀ ਰਾਹੀਂ ਬਿਜਾਈ ਕਰਨ ਲਈ ਖਾਲ਼ੀਆਂ ਵਿਚਕਾਰ ਫ਼ਾਸਲਾ 75 ਸੈਂਟੀਮੀਟਰ ਅਤੇ ਖਾਲ਼ੀਆਂ ਦੀ ਡੂੰਘਾਈ 20-25 ਸੈਂਟੀਮੀਟਰ ਰੱਖੋ। ਇਸ ਢੰਗ ਨਾਲ ਬਿਜਾਈ ਕਰਨ ਲਈ ਗੁੱਲੀਆਂ ਨੂੰ ਖਾਲ਼ੀਆਂ ਦੀ ਸਤਹ ਤੇ ਰੱਖਣ ਉਪਰੰਤ 5 ਸੈਂਟੀਮੀਟਰ ਮਿੱਟੀ ਦੀ ਤਹਿ ਨਾਲ ਢੱਕ ਦਿਉ। ਜੇਕਰ ਬਿਜਾਈ ਵੱਤਰ ਹਾਲਤਾਂ ਵਿੱਚ ਨਹੀਂ ਕੀਤੀ ਗਈ ਹੋਵੇ ਤਾਂ ਬਿਜਾਈ ਕਰਨ ਉਪਰੰਤ ਤੁਰੰਤ ਪਾਣੀ ਲਗਾ ਦਿਉ ਅਤੇ ਫਿਰ 4-5 ਦਿਨਾਂ ਬਾਅਦ ਦੁਬਾਰਾ ਪਾਣੀ ਲਗਾਉ।
ਦੋ ਕਤਾਰੀ ਖ਼ਾਲੀ ਵਿਧੀ (90:30 ਸੈਂਟੀਮੀਟਰ): ਇਸ ਵਿਧੀ ਰਾਹੀਂ ਬਿਜਾਈ ਕਰਨ ਨਾਲ ਸਿੰਚਾਈ ਵਾਲੇ ਪਾਣੀ ਦੀ ਬੱਚਤ, ਫ਼ਸਲ ਦੀ ਸੌਖੀ ਬਨਾਈ ਅਤੇ ਝਾੜ ਵਿੱਚ ਵਾਧਾ ਹੁੰਦਾ ਹੈ। ਫ਼ਸਲ ਦੀ ਬਿਜਾਈ 2 ਕਤਾਰਾਂ ਵਿੱਚ ਇੱਕ ਫੁੱਟ ਚੌੜੀਆਂ ਅਤੇ 20-25 ਸੈਂਟੀਮੀਟਰ ਡੂੰਘੀਆਂ ਖਾਲ਼ੀਆਂ ਵਿੱਚ ਕਰੋ। ਇੱਕ ਖਾਲੀ ਤੋਂ ਦੂਸਰੀ ਖਾਲ਼ੀ ਵਿਚਕਾਰ ਫ਼ਾਸਲਾ 3 ਫੁੱਟ ਰੱਖੋ। ਇਸ ਵਿਧੀ ਨਾਲ ਬਿਜਾਈ ਕਰਨ ਲਈ ਦੋ ਕਤਾਰੀ ਖਾਲੀ ਬਨਾਉਣ ਵਾਲੀ ਮਸ਼ੀਨ ਵਰਤੀ ਜਾ ਸਕਦੀ ਹੈ।
ਖਾਦਾਂ ਦੀ ਵਰਤੋਂ: ਬੀਜ ਵਾਲੀ ਫਸਲ ਨੂੰ ਆਮ ਫਸਲ ਨਾਲੋਂ ਵਧੇਰੇ ਨਾਈਟ੍ਰੋਜਨ ਵਾਲੀ ਖਾਦ ਦੀ ਜ਼ਰੂਰਤ ਹੁੰਦੀ ਹੈ।ਬੀਜ ਵਾਲੀ ਫ਼ਸਲ ਲਈ 90 ਕਿਲੋ ਨਾਈਟ੍ਰੋਜਨ ਤੱਤ ਵਰਤਣੀ ਚਾਹੀਦੀ ਹੈ ਜਦਕਿ ਆਮ ਫ਼ਸਲ ਲਈ 60 ਕਿਲੋ ਨਾਈਟ੍ਰੋਜਨ ਹੀ ਕਾਫ਼ੀ ਹੁੰਦੀ ਹੈ।ਨਾਈਟ੍ਰੋਜਨ ਵਾਲੀ ਖਾਦ ਨੂੰ ਤਿੰਨ ਹਿੱਸੇ ਵਿੱਚ ਪਾਉਣ ਦੀ ਸਿਫਾਰਸ਼ ਕਤਿੀ ਜਾਂਦੀ ਹੈ।ਖਾਦ ਦਾ ਪਹਿਲਾ ਹਿੱਸਾ ਬਿਜਾਈ ਸਮੇਂ, ਦੂਸਰਾ ਹਿੱਸਾ ਮਈ ਵਿੱਚ ਅਤੇ ਤੀਸਰਾ ਹਿੱਸਾ ਅੱਧ ਜੁਲਾਈ ਵਿਚ ਪਾਓ। ਵਧੇਰੇ ਨਾਈਟ੍ਰੋਜਨ ਪਾਉਣ ਨਾਲ ਬੀਜ ਵਾਲੀ ਫਸਲ ਦੇ ਗੰਨੇ ਘੱਟ ਪੱਕੇ ਅਤੇ ਚੰਗੇ ਮਿਲਦੇ ਹਨ।
ਨਦੀਨਾਂ ਦੀ ਰੋਕਥਾਮ: ਬੀਜ ਵਾਲੀ ਫਸਲ ਦੀ ਬਿਜਾਈ ਤੋਂ 2-3 ਦਿਨਾਂ ਦੇ ਅੰਦਰ ਪ੍ਰਤੀ ਏਕੜ 800 ਗ੍ਰਾਮ ਐਟਰਾਜ਼ੀਨ 50 ਡਬਲਿਯੂ ਪੀ ਜਾਂ ਮੈਟਰੀਬਿਊਜ਼ਿਨ 70 ਡਬਲਯੂ ਪੀ) ਜਾਂ ਡਾਈਯੂਰੋਨ 80 ਡਬਲਯੂ ਪੀ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਮੌਸਮੀ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ।ਡੀਲੇ ਦੀ ਰੋਕਥਾਮ ਲਈ ਖੜ੍ਹੀ ਫ਼ਸਲ ਵਿਚ 800 ਗ੍ਰਾਮ ਪ੍ਰਤੀ ਏਕੜ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰੋ। ਲਪੇਟਾ ਵੇਲ ਅਤੇ ਹੋਰ ਚੌੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਇਹਨਾਂ ਦੀ 3-5 ਪੱਤਿਆਂ ਦੀ ਅਵਸਥਾ ਤੇ ਪ੍ਰਤੀ ਏਕੜ 800 ਗ੍ਰਾਮ 2,4-ਡੀ ਸੋਡੀਅਮ ਸਾਲਟ 80 ਡਬਲਯੂ ਪੀ ਜਾਂ 400 ਮਿਲੀਲਿਟਰ 2,4-ਡੀ ਅਮਾਈਨ ਸਾਲਟ 58 ਐਸ ਐਲ ਦਾ ਛਿੜਕਾਅ ਕਰੋ।
ਮਿੱਟੀ ਚੜਾਉਣੀ: ਪੂਰੀ ਫਸਲ ਦੇ ਜੀਵਨ ਕਾਲ ਸਮੇਂ ਦੋ ਵਾਰੀ ਮਿੱਟੀ ਚਾੜਣ ਦੀ ਸਿਫਾਰਸ਼ ਕੀਤੀ ਜਾਂਦੀ ਹੈ।ਲਵਾਈ ਤੋਂ 40 ਦਿਨਾਂ ਬਾਅਦ ਪਾਈ ਖਾਦ ਨੂੰ ਢੱਕਣ ਲਈ ਪਹਿਲੀ ਵਾਰ ਥੋੜੀ ਮਿੱਟੀ ਚਾੜਨ ਨਾਲ ਬੂਟੇ ਨੂੰ ਵਧੇਰੇ ਸ਼ਾਖਾਵਾਂ ਅਤੇ ਮਜਬੂਤ ਜੜਾਂ ਪੈਦਾ ਕਰਨ ਵਿੱਚ ਮਦਦ ਮਿਲਦੀ ਹੈ। ਦੂਜੀ ਵਾਰ ਲਵਾਈ ਤੋਂ 90-100 ਦਿਨਾਂ ਬਾਅਦ ਕਹੀਆਂ ਦੇ ਨਾਲ ਮਿੱਟੀ ਚਾੜਨ ਨਾਲ ਜਿਥੇ ਫਸਲ ਦੇ ਨਾਂ ਡਿਗਣ ਵਿੱਚ ਮਦਦ ਮਿਲਦੀ ਹੈ ਸਗੋਂ ਕਮਾਦ ਦਾ ਬੂਟਾ ਹੋਰ ਸ਼ਾਖਾਵਾਂ ਵੀ ਨਹੀਂ ਕੱਢਦਾ।
ਗੈਰ ਕਿਸਮ ਦੇ ਬੂਟੇ ਬਾਹਰ ਕੱਢਣੇ: ਮਿਆਰੀ ਅਤੇ ਜਨੈਟੀਕਲ ਸ਼ੁੱਧ ਕਿਸਮ ਦਾ ਬੀਜ ਪੈਦਾ ਕਰਨ ਲਈ ਸਮੇਂ ਸਮੇਂ ਤੇ ਗੈਰ ਕਿਸਮ ਦੇ ,ਬਿਮਾਰੀ ਅਤੇ ਕੀੜਿਆਂ ਨਾਲ ਪ੍ਰਭਾਵਤ ਬੂਟੇ, ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੀ ਹੈ।ਇਹ ਕੰਮ ਘੱਟੋ ਘੱਟ ਤਿੰਨ ਵਾਰ ਕਰਨਾ ਚਾਹੀਦਾ।ਪਹਿਲਾ ਬਿਜਾਈ ਤੋਂ 45-60 ਦਿਨਾਂ ਬਾਅਦ,ਦੂਜਾ 120 ਤੋਂ 130 ਦਿਨ ਅਤੇ ਤੀਜਾ ਕਟਾਈ ਤੋਂ 15 ਦਿਨ ਪਹਿਲਾਂ ਕਰਨਾ ਚਾਹੀਦਾ ।ਦਸੰਬਰ ਜਨਵਰੀ ਦੇ ਮਹੀਨੇ ਪਾਣੀ ਦੇ ਕੇ ਫ਼ਸਲ ਨੂੰ ਕੋਰੇ ਤੋਂ ਬਚਾਓ। ਕੋਰੇ ਦੇ ਅਸਰ ਨਾਲ ਫ਼ਸਲ ਦਾ ਜੰਮ ਮਾੜਾ ਰਹਿੰਦਾ ਹੈ।
ਡਾ. ਗੁਰਵਿੰਦਰ ਸਿੰਘ
ਗੰਨਾ ਕਮਿਸ਼ਨਰ,ਪੰਜਾਬ
ਡਾ. ਅਮਰੀਕ ਸਿੰਘ
ਸਹਾਇਕ ਗੰਨਾ ਵਿਕਾਸ ਅਫਸਰ,
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,ਪੰਜਾਬ।
8 ਮਾਰਚ 2021, ਕੌਮਾਂਤਰੀ ਮਹਿਲਾ ਦਿਵਸ ਤੇ ਵਿਸ਼ੇਸ਼ : ਕਿਸਾਨ ਮਹਿਲਾਵਾਂ ਦੀ ਖੇਤੀ ਵਿਕਾਸ ਵਿੱਚ ਭੁਮਿਕਾ - ਡਾ. ਅਮਰੀਕ ਸਿੰਘ
ਕੌਮਾਂਤਰੀ ਪੱਧਰ ਤੇ ਹਰ ਸਾਲ 8 ਮਾਰਚ ਦੇ ਦਿਨ ਨੂੰ ਕੌਮਾਂਤਰੀ ਮਹਿਲਾ ਦਿਵਸ ਵੱਜੋਂ ਮਨਾਇਆ ਜਾਂਦਾ ਹੈ, ਜਿਸ ਦਾ ਮੁੱਖ ਉਦੇਸ਼ ਮਹਿਲਾਵਾਂ ਪ੍ਰਤੀ ਪਿਆਰ ਅਤੇ ਸਤਿਕਾਰ ਦਰਸਾਉਣਾ ਅਤੇ ਸਮਾਜਿਕ ਵਿਕਾਸ ਵਿੱਚ ਮਹਿਲਾਵਾਂ ਦੇ ਵਡਮੁੱਲੇ ਯੋਗਦਾਨ ਨੂੰ ਯਾਦ ਕਰਨਾ ਹੈ। ਪੰਜਾਬ ਇੱਕ ਖੇਤੀ ਪ੍ਰਦਾਨ ਸੂਬਾ ਹੈ। ਪੰਜਾਬ ਨੇ ਕੇਂਦਰੀ ਅੰਨ ਭੰਡਾਰ ਵਿੱਚ ਬਾਕੀ ਸੂਬਿਆਂ ਦੇ ਮੁਕਾਬਲੇ ਵਾਹੀਯੋਗ ਰਕਬਾ ਘੱਟ ਹੋਣ ਦੇ ਬਾਵਜੂਦ ਵਧੇਰੇ ਹਿੱਸਾ ਪਾਇਆ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬ ਦੇ ਮੁਕਾਬਲੇ ਦੂਜੇ ਰਾਜਾਂ ਵਿੱਚ ਖੇਤੀ ਦੀ ਤੇਜ਼ੀ ਨਾਲ ਵਧ ਰਹੀ ਪੈਦਾਵਾਰ ਨਾਲ ਕਣਕ-ਝੋਨੇ ਤੇ ਨਿਰਭਰ ਪੰਜਾਬ ਦੀ ਖੇਤੀ ਆਰਥਿਕਤਾ ਲਈ ਹੋਰ ਵੀ ਗੰਭੀਰ ਸੰਕਟ ਸਾਹਮਣੇ ਆਉਣ ਵਾਲੇ ਹਨ। ਮੱਧ ਪ੍ਰਦੇਸ਼,ਬਿਹਾਰ,ਝਾੜਖੰਡ,ਤ੍ਰਿਪੁਰਾ,ਉੜੀਸਾ,ਪੱਛਮੀ ਬੰਗਾਲ ਆਦਿ ਰਾਜਾਂ ਦਾ ਕੌਮੀ ਅੰਨ ਭੰਡਾਰ ਵਿੱਚ ਹਿੱਸੇਦਾਰੀ ਵਧਣ ਦੀ ਸੰਭਾਵਨਾ ਹੈ,ਜਿਸ ਨਾਲ ਭਵਿੱਖ ਵਿੱਚ ਪੰਜਾਬ ਦੀ ਕਣਕ-ਝੋਨੇ ਤੇ ਆਧਾਰਿਤ ਖੇਤੀ ਨੂੰ ਵੱਡਾ ਝਟਕਾ ਲੱਗਣ ਅਤੇ ਖੇਤੀ ਆਮਦਨ ਘਟਣ ਦੀ ਸੰਭਾਵਨਾ ਹੈ।ਖੇਤੀ ਆਮਦਨ ਵਿੱਚ ਵਾਧਾ ਕਰਨ ਲਈ ਕਿਸਾਨੀ ਖਾਸ ਕਰਕੇ ਛੋਟੀ ਕਿਸਾਨੀ ਨੂੰ ਖੇਤੀ ਸਹਾਇਕ ਕਿੱਤੇ ਜਿਵੇਂ ਡੇਅਰੀ ਫਾਰਮਿੰਗ,ਖੁੰਭਾਂ ਦੀ ਕਾਸਤ,ਮਧੂ ਮੱਖੀ ਪਾਲਣ ,ਵਾਧੂ ਸਬਜੀਆਂ ਫਲਾਂ ਦਾ ਮੁੱਲ ਵਾਧਾ ਕਰਕੇ ਖੁਦ ਮੰਡੀਕਰਨ ਕਰਨਾ,ਪੋਲਟਰੀ ਅਪਨਾਉਣ ਦੀ ਜ਼ਰੂਰਤ ਹੈ। ਇਸ ਕੰਮ ਵਿੱਚ ਕਿਸਾਨ ਮਹਿਲਾਵਾਂ ਆਹਿਮ ਯੋਗਦਾਨ ਪਾ ਸਕਦੀਆਂ ਹਨ । ਖੇਤੀ ਵਿਭਿੰਨਤਾ ਹੋਵੇ ਜਾਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਜਾਂ ਘਰੇਲੂ ਜਿੰਮੇਵਾਰੀਆਂ ਨਿਭਾਉਣ ਵਿੱਚ ਕਿਸਾਨ ਮਹਿਲਾਵਾਂ ਦਾ ਅਹਿਮ ਰੋਲ ਰਿਹਾ ਹੈ ਅਤੇ ਭਵਿੱਖ ਵਿੱਚ ਵੀ ਰਹੇਗਾ ਪਰ ਇਨਾਂ ਮਹਿਲਾਵਾਂ ਵੱਲੋਂ ਖੇਤੀਬਾੜੀ ਕੰਮਾਂ ਕਾਰਾਂ ਵਿੱਚ ਪਾਏ ਜਾਂਦੇ ਯੋਗਦਾਨ ਨੂੰ ਹਮੇਸ਼ਾਂ ਅਣਡਿੱਠ ਕਰ ਦਿੱਤਾ ਜਾਂਦਾ ਹੈ। ਭਾਰਤ ਵਿੱਚ ਪਿੰਡਾਂ ਵਿੱਚ ਵਧੇਰੇ ਕਰਕੇ ਮਹਿਲਾਵਾਂ ਅਣਸਿੱਖਿਅਤ ਹੋਣ ਕਾਰਨ ਮਰਦਾਂ ਦੇ ਮੁਕਾਬਲੇ ਉਜਰਤਾਂ ਵੀ ਘੱਟ ਮਿਲਦੀ ਹੈ ਜਿਸ ਕਾਰਨ ਮਹਿਲਾਵਾਂ ਦਾ ਆਰਥਿਕ ਸ਼ੋਸ਼ਣ ਜ਼ਿਆਦਾ ਹੁੰਦਾ ਹੈ।
ਖੇਤੀ ਅਰਥਸ਼ਾਸ਼ਤਰੀਆਂ ਮੁਤਾਬਿਕ ਕਿਸਾਨ ਔਰਤਾਂ, ਖੇਤੀਬਾੜੀ ਦੇ ਵਿਕਾਸ ਅਤੇ ਖੁਸ਼ਹਾਲੀ ਦਾ ਅਨਿਖੜਵਾਂ ਅੰਗ ਹੋਣ ਕਾਰਨ ,ਖੇਤੀਬਾੜੀ ਖੇਤਰ ਵਿੱਚ 45 ਫੀਸਦੀ ਤੋਂ ਵੱਧ ਹਿੱਸਾ ਪਾਉਂਦੀਆਂ ਹਨ।ਕਿਸੇ ਵੀ ਦੇਸ਼ ਦੀ ਖੁਸ਼ਹਾਲੀ ਅਤੇ ਵਿਕਾਸ ਦਾ ਅੰਦਾਜਾ ਇਸ ਗੱਲ ਤੋਂ ਭਲੀ ਭਾਂਤ ਲਗਾਇਆ ਜਾ ਸਕਦਾ ਹੈ ਕਿ ਉਸ ਦੇਸ਼ ,ਰਾਜ ਦੀਆਂ ਔਰਤਾਂ ਦਾ ਸਮਾਜਿਕ ਰੁਤਬਾ ਕੀ ਹੈ ਅਤੇ ਉਨਾਂ ਨੂੰ ਸਮਾਜ ਵਿੱਚ ਬਰਾਬਰਤਾ ਕਿੰਨੀ ਕੁ ਹੈ।ਵੱਸੋਂ ਪੱਖੋਂ ਦੇਸ਼ ਅੰਦਰ ਮਹਿਲਾਵਾਂ ਦੀ ਗਿਣਤੀ ਲੱਗਭੱਗ ਅੱਧੀ ਹੈ ਪਰ ਮਹਿਲਾਵਾਂ ਦੀ ਭੂਮਿਕਾ ਨੂੰ ਖੇਤੀਬਾੜੀ ਵਿਕਾਸ ਦੇ ਕਾਰਜ਼ਾਂ ਵਿੱਚ ਹਮੇਸ਼ਾਂ ਅਣਗੌਲਿਆ ਗਿਆ ਹੈ। ਸੰਵਿਧਾਨ ਦੀ 73 ਵੀਂ ਅਤੇ 74 ਵੀਂ ਸੋਧ ਕਰਕੇ ਭਾਰਤ ਸਰਕਾਰ ਨੇ ਔਰਤਾਂ ਦੀ ਸਥਾਨਕ ਪ੍ਰਸ਼ਾਸ਼ਨ ਵਿੱਚ ਭਾਗੀਦਾਰੀ ਵਧਾ ਦਿੱਤੀ ਅਤੇ ਪੰਚਾਇਤ ਪੱਧਰ ਤੇ ਔਰਤਾਂ ਲਈ 50 ਫੀਸਦੀ ਰਾਖਵਾਂਕਰਣ ਕਰ ਦਿੱਤਾ ਹੈ। ਪਿੰਡਾਂ ਵਿੱਚ ਸਰਪੰਚ ਅਤੇ ਪੰਚ ਔਰਤਾਂ ਕੇਵਲ ਨਾਮ ਧਰੀਕ ਬਣ ਕੇ ਰਹਿ ਜਾਂਦੀਆਂ ਹਨ ਜਦ ਕਿ ਉਨਾਂ ਦੇ ਰਿਸ਼ਤੇਦਾਰਾਂ ਜਿਵੇਂ ਪਤੀ,ਭਰਾ ਜਾਂ ਪਿਤਾ ਵੱਲੋਂ ਉਨਾਂ ਦੇ ਰੁਤਬੇ ਅਤੇ ਸ਼ਕਤੀਆਂ ਦੀ ਵਰਤੋਂ ਕੀਤੀ ਜਾਂਦੀ ਹੈ।ਜੇਕਰ ਪਿੰਡਾਂ ਨੂੰ ਸਹੀ ਮਹਿਨਿਆਂ ਵਿੱਚ ਵਿਕਾਸ ਅਤੇ ਖੁਸ਼ਹਾਲੀ ਵੱਲ ਤੋਰਨਾ ਹੈ ਤਾਂ ਪਿੰਡਾਂ ਦੀ ਵਿਕਾਸ ਯੋਜਨਾਬੰਦੀ ਵਿੱਚ ਮਹਿਲਾਵਾਂ ਦੀ ਸ਼ਮੂਲੀਅਤ ਕੇਵਲ ਨਾਂ ਦੀ ਨਾ ਹੋਵੇ ਸਗੋਂ ਖੇਤੀਬਾੜੀ ਅਤੇ ਹੋਰ ਸੰਬੰਧਤ ਕੰਮਾਂ ਵਿੱਚ ਉਨਾਂ ਵੱਲੋਂ ਵਟਾਏ ਜਾਂਦੇ ਹੱਥਾਂ ਦੀ ਕਦਰ ਕਰਨੀ ਪਵੇਗੀ।
ਪੁਰਾਣੇ ਸਮੇਂ ਵਿੱਚ ਪਿੰਡਾਂ ਵਿੱਚ ਕਿਸਾਨ ਔਰਤਾਂ, ਪੁਰਸ਼ਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਹਰੇਕ ਤਰਾਂ ਦੇ ਖੇਤੀ ਕੰਮ ਵਿੱਚ ਹੱਥ ਵਡਾਉਂਦੀਆਂ ਸਨ। ਪਸ਼ੂਆਂ ਦੀ ਸਾਂਭ ਸੰਭਾਲ ਦਾ ਸਾਰਾ ਕੰਮ ਔਰਤਾਂ ਹੀ ਕਰਦੀਆਂ ਸਨ ਜਿਵੇਂ ਦੁੱਧ ਚੋਣ,ਦੁੱਧ ਦੀ ਸਾਂਭ ਸੰਭਾਲ ਆਦਿ। ਪਿੰਡਾਂ ਵਿੱਚ ਫਸਲਾਂ ਦੇ ਬੀਜ ਅਤੇ ਘਰੇਲੂ ਵਰਤੋਂ ਲਈ ਦਾਣਿਆਂ ਦੀ ਸਾਂਭ ਸੰਭਾਲ ਦਾ ਸਾਰਾ ਕੰਮ ਔਰਤਾਂ ਹੀ ਕਰਦੀਆਂ ਸਨ। ਘਰੇਲੂ ਵਰਤੋਂ ਲਈ ਕਣਕ ਤੋਂ ਆਟਾ ਬਨਾਉਣ ਲਈ ਚੱਕੀ ਚਲਾਉਣ ,ਦੁੱਧ ਰਿੜਕਣ ,ਬੱਚਿਆਂ ਦੀ ਸਾਂਭ ਸੰਭਾਲ ਦਾ ਕੰਮ ਔਰਤਾਂ ਹੀ ਕਰਦੀਆਂ ਸਨ ਪਰ ਜਦ ਪੈਸੇ ਦੀ ਸਾਂਭ ਸੰਭਾਲ ਦੀ ਵਾਰੀ ਆਉਂਦੀ ਹੈ ਤਾਂ ਔਰਤਾਂ ਨੂੰ ਪਿੱਛੇ ਪਾ ਦਿੱਤਾ ਜਾਂਦਾ ਹੈ। ਸਮੇਂ ਦੇ ਨਾਲ ਨਵੀਨਤਮ ਤਕਨੀਕਾਂ ਆਉਣ ਕਾਰਨ ਪਿੰਡਾਂ ਵਿੱਚ ਘਰਾਂ ਦਾ ਮਹੌਲ ਵੀ ਬਦਲ ਗਿਆ ਹੈ । ਹੁਣ ਬਹੁਤੇ ਕਿਸਾਨ ਫਸਲਾਂ ਦੇ ਬੀਜ ਦੀ ਸਾਂਭ ਸੰਭਾਲ ਕਰਨ ਨੂੰ ਬੋਝ ਸਮਝਣ ਲੱਗ ਪਏ ਹਨ ਕਿਉਂ ਕਿ ਨਵੀਂ ਪੀੜੀ ਦੀਆਂ ਔਰਤਾਂ ਵਿੱਚ ਘਰੇਲੂ ਕੰਮ ਕਰਨ ਦੀ ਦਿਲਚਸਪੀ ਨਹੀਂ ਰਹੀ। ਬਹੁਤੇ ਨੌਜਵਾਨ ਕਿਸਾਨ ਪੜ ਲਿਖ ਜਾਣ ਕਾਰਨ ਇਨਾਂ ਕੰਮਾਂ ਵਿੱਚ ਬਿੱਲਕੁਲ ਹੀ ਧਿਆਨ ਨਹੀਂ ਦਿੰਦੇ ,ਉਹ ਮਾਪਿਆਂ ਨੂੰ ਆਖਦੇ ਹਨ ਕਿ ਘਰ ਵਿੱਚ ਅਗਲੀ ਫਸਲ ਲਈ ਰੱਖਣ ਦਾ ਕੀ ਫਾਇਦਾ ਜਦੋਂ ਕਿ ਵਧੀਆਂ ਬੀਜ ਫਸਲ ਦੀ ਬਿਜਾਈ ਤੋਂ ਪਹਿਲਾਂ ਬਾਜ਼ਾਰ ਵਿੱਚੋਂ ਖ੍ਰੀਦ ਕਰ ਲਵਾਂਗੇ ਪਰ ਇਸ ਪ੍ਰਵਿਰਤੀ ਨਾਲ ਕਈ ਵਾਰ ਕਿਸਾਨ ਦਾ ਬਹੁਤ ਨੁਕਸਾਨ ਹੋ ਜਾਂਦਾ ਹੈ।ਬਾਜ਼ਾਰੋਂ ਖ੍ਰੀਦੇ ਬੀਜ ਵਿੱਚ ਮਿਲਾਵਟ ਆ ਜਾਂਦੀ ਹੈ ਜਿਸ ਦਾ ਪਤਾ ਫਸਲ ਦੀਆਂ ਮੁੰਝਰਾਂ ਨਿਕਲਣ ਸਮੇਂ ਹੀ ਲੱਗਦਾ ਹੈ ਉਸ ਵੇਲੇ ਪਛਤਾਵੇ ਤੋਂ ਬਗੈਰ ਹੋਰ ਕੁਝ ਪੱਲੇ ਨਹੀਂ ਪੈਂਦਾ ।ਕਈ ਵਾਰ ਦੇਖਿਆ ਹੈ ਕਿ ਬਾਜ਼ਾਰ ਤੋਂ ਬੀਜ ਖ੍ਰੀਦ ਕੇ ਬੀਜੀ ਫਸਲ ਵਿੱਚ ਕਈ ਤਰਾਂ ਦਾ ਬੀਜ ਨਿਕਲ ਆਉਂਦਾ ਹੈ। ਜੇਕਰ ਕਿਸੇ ਵੀ ਫਸਲ (ਸਿਵਾਏ ਦੋਗਲੀਆਂ ਕਿਸਮਾਂ ਤੋਂ) ਦਾ ਬੀਜ ਹਰੇਕ ਕਿਸਾਨ ਜ਼ਰੂਰਤ ਅਨੁਸਾਰ ਆਪ ਤਿਆਰ ਕਰੇ ਅਤੇ ਉਸ ਦੀ ਸਾਂਭ ਸੰਭਾਲ ਦੀ ਜਿੰਮੇਵਾਰੀ ਔਰਤਾਂ ਨੂੰ ਦਿੱਤੀ ਜਾਵੇ ਤਾਂ ਬੇਹਤਰ ਨਤੀਜੇ ਪ੍ਰਾਪਤ ਕੀਤੇ ਜਾ ਸਕਦੇ ਹਨ।
ਕਿਸਾਨ ਮਹਿਲਾਵਾਂ ਵਿੱਚ ਕਿਸੇ ਵੀ ਵਸਤੂ ਨੂੰ ਸਹੀ ਤਰੀਕੇ ਨਾਲ ਸੰਭਾਲ ਕਰਨ ਦੀ ਮੁਹਾਰਤ ਪੁਰਸ਼ਾਂ, ਨਾਲੋ ਜ਼ਿਆਦਾ ਹੁੰਦੀ ਹੈ। ਜੇਕਰ ਖੇਤੀ ਸਹਾਇਕ ਕਿੱਤਿਆਂ ਦੀ ਗੱਲ ਕਰੀਏ ਤਾਂ ਇਸ ਖੇਤਰ ਵਿੱਚ ਵੀ ਔਰਤਾਂ ਕਿਸੇ ਪੱਖ ਤੋਂ ਪਿੱਛੇ ਨਹੀਂ ਹਨ। ਸ਼ਹਿਦ ਦੀਆਂ ਮੱਖੀਆਂ, ਡੇਅਰੀ ਫਾਰਮਿੰਗ, ਮੁਰਗੀ ਪਾਲਣ,ਖੁੰਭਾਂ ਦੀ ਕਾਸਤ ,ਫਲਾਂ ਅਤੇ ਸਬਜੀਆ ਤੋਂ ਅਚਾਰ,ਚਟਣੀਆਂ,ਮੁਰੱਬੇ,ਸੁਕੈਸ਼ ਆਦਿ ਬਣਾ ਕੇ ਵੇਚਣਾ ਕੁਝ ਅਜਿਹੇ ਖੇਤੀ ਸਹਾਇਕ ਕਿੱਤੇ ਹਨ, ਜਿਸ ਨੂੰ ਕਿਸਾਨ ਔਰਤਾਂ ਬਹੁਤ ਹੀ ਕਾਮਯਾਬੀ ਨਾਲ ਚਲਾ ਰਹੀਆਂ ਹਨ। ਘਰੇਲੂ ਜ਼ਰੂਰਤਾਂ ਲਈ ਘਰੇਲੂ ਬਗੀਚੀ ਵਿੱਚ ਸਬਜ਼ੀਆ,ਫਸਲ ਅਤੇ ਦਾਲਾਂ ਪੈਦਾ ਕਰਕੇ ਘਰੇਲੂ ਖਰਚਿਆਂ ਵਿੱਚ ਕਟੌਤੀ ਕਰ ਸਕਦੀਆਂ ਹਨ ਕਿਉਂਕਿ ਔਰਤ ਹੀ ਘਰ ਵਿੱਚ ਪੈਦਾ ਕੀਤੀਆਂ ਸਬਜੀਆਂ ,ਫਲਾਂ ਅਤੇ ਦਾਲਾਂ ਦੀ ਅਹਿਮੀਅਤ ਨੂੰ ਸੌਖਿਆਂ ਸਮਝ ਸਕਦੀਆਂ ਹਨ।ਇਸ ਮਕਸਦ ਲਈ ਔਰਤਾਂ ਨੂੰ ਵਧੇਰੇ ਸਿਖਿਅਤ ਕਰਨ ਦੀ ਜ਼ਰੂਰਤ ਹੈ,ਜਿਸ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਅਹਿਮ ਭੂਮਿਕਾ ਨਿਭਾ ਸਕਦੇ ਹਨ ਤਾਂ ਜੋ ਹਿਮਤੀ ਕਿਸਾਨ ਔਰਤਾਂ ਆਪੋ ਆਪਣੇ ਕਾਰੋਬਾਰ ਨੂੰ ਚਲਾ ਕੇ ਆਪਣੀ ਘਰੇਲੂ ਆਰਥਿਕਤਾ ਕਰ ਸਕਣ। ਸਬਜੀਆਂ ਅਤੇ ਫਲਾ ਤੋਂ ਅਚਾਰ,ਚਟਣੀਆਂ ਮੁਰੱਬੇ,ਸੁਕੈਸ਼,ਜੂਸ ਆਦਿ ਤਿਆਰ ਕਰਕੇ ਪਦਾਰਥਾਂ ਨੂੰ ਗਾਹਕਾਂ ਤੱਕ ਪਹੁੰਚਾ ਕੇ ਵਧੇਰੇ ਆਮਦਨ ਲੈ ਸਕਦੀਆਂ ਹਨ । ਪੰਜਾਬ ਦੇ ਕਈ ਪਿੰਡਾਂ ਵਿੱਚ ਔਰਤਾਂ ਵੱਲੋਂ ਸਵੈ ਸਹਾਇਤਾ ਸਮੂਹ ਬਣਾ ਕੇ ਇਨਾਂ ਕੰਮਾਂ ਨੂੰ ਬਹੁਤ ਹੀ ਸਫਲਤਾਪੂਰਕ ਕੀਤਾ ਜਾ ਰਿਹਾ ਹੈ। ਸਮਾਜਿਕ ਬੁਰਾਈਆਂ ਜਿਵੇਂ ਕੰਨਿਆਂ ਭਰੂਣ ਹੱਤਿਆ,ਨਸ਼ਾਖੋਰੀ ਅਤੇ ਦਾਜ ਦਹੇਜ ਨੂੰ ਸਮਾਜ ਵਿੱਚੋਂ ਖਤਮ ਕਰਨ ਲਈ ਮਹਿਲਾਵਾਂ ਤੋਂ ਬਗੈਰ ਹੋ ਕੋਈ ਵੀ ਮੁੱਖ ਭੂਮਿਕਾ ਨਹੀਂ ਨਿਭਾ ਸਕਦਾ ,ਜ਼ਰੂਰਤ ਸਿਰਫ ਔਰਤਾਂ ਨੂੰ ਜਾਗਰੁਕ ਕਰਨ ਦੀ ਹੈ।
ਮਹਿਲਾਵਾਂ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਅ ਸਕਦੀਆਂ ਹਨ,ਬੱਸ ਉਨਾਂ ਵਿੱਚ ਜ਼ਜ਼ਬਾ ਅਤੇ ਜਨੂੰਨ ਪੈਦਾ ਕਰਨ ਦੀ ਜ਼ਰੂਰਤ ਹੈ। ਘਰੇਲੂ ਕੰਮਾਂ ਦੇ ਰੁਝੇਵਿਆਂ ਕਾਰਨ ਆਮ ਔਰਤ ਵਾਤਾਵਰਣ ਦੀ ਸੰਭਾਲ ਦੇ ਯਤਨਾਂ ਲਈ ਸਮੇਂ ਦੀ ਥੁੜ ਮਹਿਸੂਸ ਕਰਦੀ ਹੈ। ਪਰ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਲਈ ਔਰਤ ਨੂੰ ਕੋਈ ਖਾਸ ਸਮਾਂ ਕੱਢਣ ਦੀ ਜ਼ਰੂਰਤ ਨਹੀਂ ਬਲਕਿ ਉਹ ਆਪਣੀਆਂ ਰੋਜ਼ਾਨਾਂ ਦੀਆਂ ਆਦਤਾਂ ਵਿੱਚ ਸੁਧਾਰ ਕਰਕੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਵਾਤਾਵਰਣ ਨੂੰ ਗੰਧਲਾ ਕਰਨ ਦੇ ਮੁੱਖ ਕਾਰਨਾਂ ਵਿੱਚ ਘਰੇਲੂ ਕੂੜਾ ਕਰਕਟ,ਘਰ ਵਿੱਚ ਪੈਦਾ ਹੋਣ ਵਾਲਾ ਧੂੰਆਂ ਅਤੇ ਗੰਦਾ ਪਾਣੀ ਅਦਿ ਹਨ। ਘਰੇਲੂ ਕੂੜਾ ਕਰਕਟ ਦੋ ਪ੍ਰਕਾਰ ਦਾ ਹੁੰਦਾ ਹੈ ਇੱਕ ਉਹ ਜੋ ਆਪਣੇ ਆਪ ਗਲ ਜਾਂਦਾ ਹੈ ਜਿਵੇਂ ਸਬਜ਼ੀਆਂ ਫਲਾਂ ਆਦਿ ਦੇ ਛਿਲਕੇ ਅਤੇ ਬਚਿਆ ਖਾਣਾ। ਦੂਸਰਾ ਉਹ ਜੋ ਗਲਦਾ ਸੜਦਾ ਨਹੀਂ ਜਿਵੇਂ ਪਲਾਸਟਿਕ ਲਿਫਾਫੇ,ਬੋਤਲਾਂ ਆਦਿ। ਇਸ ਦੋਹਾਂ ਤਰਾਂ ਦੇ ਕੂੜੇ ਕਰਕਟ ਨੂੰ ਵੱਖ- ਵੱਖ ਰੱਖਣਾ ਚਾਹੀਦਾ ਹੈ। ਪਿੰਡਾਂ ਵਿੱਚ ਪਸ਼ੂਆਂ ਦਾ ਗੋਹਾ ਕੂੜਾ ਆਮ ਕਰਕੇ ਖੁੱਲੇ ਵਿੱਚ ਢੇਰੀ ਕਰ ਦਿੱਤਾ ਜਾਂਦਾ ਹੈ,ਜਿਸ ਕਾਰਨ ਬਦਬੂ, ਮੱਖੀਆਂ ਮੱਛਰ ਆਦਿ ਪੈਦਾ ਹੋਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੁੰਦਾ ਹੈ ਪਰ ਜੇਕਰ ਕਿਸਾਨ ਮਹਿਲਾਵਾਂ ਥੋੜੀ ਜਿਹੀ ਵਿਉਂਤਬੰਦੀ ਕਰਕੇ ਗੋਬਰ ਗੈਸ ਪਲਾਂਟ ਲਗਵਾ ਲੈਣ ਤਾਂ ਇਸ ਨਾਲ ਜਿਥੇ ਵਾਤਾਵਰਣ ਸਾਫ-ਸੁਥਰਾ ਰਹੇਗਾ ਉਥੇ ਉੱਚ ਮਿਆਰ ਦੀ ਦੇਸੀ ਖਾਦ ਵੀ ਪ੍ਰਾਪਤ ਹੋਵੇਗੀ ਜਿਸ ਦੀ ਵਰਤੋਂ ਕਰਕੇ ਸਿਹਤਮੰਦ ਸਬਜੀਆਂ,ਕਣਕ,ਬਾਸਮਤੀ,ਦਾਲਾਂ ਆਦਿ ਪੈਦਾ ਕੀਤੀਆਂ ਜਾ ਸਕਦੀਆਂ ਹਨ। ਖੇਤੀਬਾੜੀ ਅਤੇ ਹੋਰ ਸੰਬੰਧਤ ਕੰਮਾਂ ਵਿੱਚ ਮਹਿਲਾਵਾਂ ਦੀ ਮਹੱਤਵਪੂਰਨ ਭੁਮਿਕਾ ਨੂੰ ਮੁੱਖ ਰੱਖਦਿਆਂ ਕੌਮਾਤਰੀ ਮਹਿਲਾ ਦਿਵਸ 8 ਮਾਰਚ ਨੂੰ ਹਰ ਪਿੰਡ,ਸ਼ਹਿਰ ਅਤੇ ਮੁਹੱਲੇ ਵਿੱਚ ਅਜਿਹੀ ਭਾਵਨਾ ਨਾਲ ਮਨਾਇਆ ਜਾਵੇ, ਕਿ ਜ਼ਿੰਦਗੀ ਦੇ ਦੋਵੇਂ ਪਹੀਏ ਜੇਕਰ ਬਰਾਬਰ ਨਹੀਂ ਚੱਲਣਗੇ ਤਾਂ ਕਿਵੇ, ਇੱਕੀਵੀਂ ਸਦੀ ਵਿੱਚ ਭਾਰਤ ਦੇਸ਼, ਵਿਕਸਤ ਦੇਸ਼ਾਂ ਵਿੱਚ ਮੋਹਰੀ ਹੋਵੇਗਾ।
ਡਾ. ਅਮਰੀਕ ਸਿੰਘ
ਬਲਾਕ ਖੇਤੀਬਾੜੀ ਅਫਸਰ,
ਪਠਾਨਕੋਟ।
ਝੋਨੇ ਅਤੇ ਬਾਸਮਤੀ ਵਿੱਚ ਕੀਟਨਾਸ਼ਕਾਂ/ਖਾਦਾਂ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਕੀਤੀ ਜਾਵੇ - ਡਾ. ਅਮਰੀਕ ਸਿੰਘ
13 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਹੋ ਚੁੱਕੀ ਹੈ।ਚਾਲੂ ਸਾਉਣੀ ਦੌਰਾਨ ਪੰਜਾਬ ਵਿੱਚ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਵੇਗੀ। ਝੋਨੇ ਦੀ ਲਵਾਈ ਦਾ ਪੂਰੇ ਜ਼ੋਰ ਨਾਲ ਚੱਲ ਰਿਹਾ ਹੈ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨੂੰ ਘੱਟ ਕਰਨ ਹਿੱਤ ਮਿਸ਼ਨ ਤੰਦਰੁਸਤ ਤਹਿਤ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ,ਜਿਸ ਤਹਿਤ ਕਿਸਾਨਾਂ ਨੂੰ ਖੇਤੀ ਸਮੱਗਰੀ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਲੈਣ ਉਪਰੰਤ, ਵਰਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈਤਾਂ ਜੋ ਸ਼ੁੱਧ ਭੋਜਨ ਪੈਦਾ ਕੀਤਾ ਜਾ ਸਕੇ। ਪਿਛਲੇ ਸਾਲ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚਲਾਈ ਮੁਹਿੰਮ ਸਦਕਾ ਸਾਉਣੀ ਦੌਰਾਨ ਵੱਡੀ ਪੱਧਰ ਤੇ ਕਿਸਾਨਾ ਵੱਲੋਂ ਖੇਤੀਬਾੜੀ ਮਾਹਿਰਾਂ ਦੀਆਂ ਸਿਫਾਰਸ਼ਾਂ ਨੂੰ ਮੰਨਦਿਆਂ ਲਗਭਗ 300 ਕਰੋੜ ਦੀ ਰਸਾਇਣਕ ਖਾਦ ਦੀ ਬੱਚਤ ਕੀਤੀ ਗਈ।ਜਿਸ ਸਦਕਾ ਬਾਸਮਤੀ ਦਾ ਭਾਅ ਚੰਗਾ ਮਿਲਣ ਅਤੇ ਖੇਤੀ ਲਾਗਤ ਖਰਚੇ ਘਟਣ ਕਾਰਨ ਕਿਸਾਨਾਂ ਨੂੰ ਵੱਡਾ ਆਰਥਿਕ ਫਾਇਦਾ ਹੋਇਆ ਸੀ। ਚਾਲੂ ਸਾਉਣੀ ਦੌਰਾਨ ਕੁਝ ਕਿਸਾਨਾਂ ਵੱਲੋਂ ਝੋਨੇ ਦੀ ਪਨੀਰੀ ਨੂੰ ਵੱਡਿਆ ਕਰਨ ਲਈ ਦੁਕਾਨਦਾਰਾਂ ਜਾਂ ਆਢੀਆਂ ਗੁਆਂਢੀਆਂ ਦੇ ਕਹਿਣ ਤੇ ਟਰਾਈਕੋਂਟਰਜ਼ੋਲ,ਜ਼ਿੰਕ, ਫੈਰਿਸਸਲਫੇਟ, ਰਿਡੋਮਿਲ, ਛੋਟੇ ਤੱਤਾਂ ਦੇ ਮਿਸ਼ਰਣ, ਜ਼ਿਰਮ-80,ਫੋਰੇਟ, ਯੂਰੀਆ+ਫੋਰੇਟ, ਪਦਾਨ, ਜ਼ਿਬਰੈਲਿਕਐਸਿਡ, ਫਿਪਰੋਨਿਲ, ਸਲਫਰ, ਗਰੋਥ ਇੰਨਹਾਂਸਰ, ਗਰੋਥ ਪਰੋਮੋਟਰ ਆਦਿ ਪਤਾ ਨਹੀਂ ਕੀ ਕੁਝ ਦੇ ਕਹੇ ਤੇ ਵਰਤ ਰਹੇ ਹਨ, ਕਾਰਨ ਇਕੋ ਕਿ ਝੋਨੇ ਦੀ ਪਨੀਰੀ/ਫਸਲ ਜਲਦੀ ਤੋਂ ਜਲਦੀ ਵੱਡੀ ਹੋ ਜਾਵੇ। ਅਜਿਹਾ ਕਰਨ ਨਾਲ ਖੇਤੀ ਲਾਗਤ ਖਰਚੇ ਹੀ ਵਧਣਗੇ ਅਤੇ ਫਾਇਦਾ ਕੋਈ ਨਹੀਂ ਹੋਣਾ।
ਖੇਤੀਬਾੜੀ ਵਿੱਚ ਫਸਲਾਂ ਦੀ ਕਾਸਤ ਦਾ ਸਮਾਂ ਨਿਸ਼ਚਿਤ ਹੁੰਦਾ ਹੈ ਜੇਕਰ ਕਿਸੇ ਦੀ ਗਲਤ ਸਲਾਹ ਨਾਲ ਕਿਸੇ ਗਲਤ ਕੀਟਨਾਸ਼ਕ ਦਾ ਛਿੜਕਾਅ ਫਸਲ ਤੇ ਹੋ ਜਾਵੇ ਤਾਂ ਉਸ ਨੂੰ ਠੀਕ ਕਰਨਾ ਅਸੰਭਵ ਹੋ ਜਾਂਦਾ ਹੈ। ਆਂਢੀ ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹੇ ਤੇ ਦਵਾਈਆਂ ਵਰਤਣ ਦੀ ਬਿਜਾਏ, ਖੇਤੀ ਮਾਹਿਰਾਂ ਨਾਲ ਰਾਬਤਾ ਕਾਇਮ ਕਰਕੇ ਹੀ ਸਮੱਸਿਆਂ ਦਾ ਹੱਲ ਕੱਢਿਆ ਜਾਵੇ ਤਾਂ ਬੇਹਤਰ ਰਹੇਗਾ। ਅੱਜ ਹਰੇਕ ਕਿਸਾਨ ਕੋਲ ਕਿਸੇ ਨਾਂ ਕਿਸੇ ਖੇਤੀ ਮਾਹਿਰ ਦਾ ਮੋਬਾਇਲ ਨੰ.ਹੋਵੇਗਾ, ਜੇਕਰ ਨਹੀਂ ਹੈ ਤਾਂ ਟੋਲ ਫਰੀ ਨੰ 1800180 1551 ਤੇ ਕਾਲ ਕਰਕੇ ਸਲਾਹ ਲਈ ਜਾ ਸਕਦੀ ਹੈ। ਕਿਸਾਨਾਂ ਦੇ ਮਨਾਂ ਵਿੱਚ ਨਿੱਜੀ ਕੰਪਨੀਆਂ ਦੇ ਨੁਮਾਇੰਦੇ ਕਈ ਵਾਰ ਕਿਸੇ ਕੀਟਨਾਸ਼ਕ ਬਾਰੇ ਇੰਨੇ ਸਬਜ਼ਬਾਗ ਦਿਖਾ ਦਿੰਦੇ ਹਨ,ਕਿ ਕਿਸਾਨ ਨਾਂ ਚਾਹੁੰਦਾ ਹੋਇਆ ਵੀ ਉਸ ਦਵਾਈ ਦੀ ਵਰਤੋਂ ਫਸਲ ਉੱਪਰ ਕਰ ਦਿੰਦਾ ਹੈ।
ਅੰਨੇਵਾਹ ਅਤੇ ਬਗੈਰ ਸਿਫਾਰਸ਼ਾਂ ਤੋਂ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਾਲ ਖਾਦ ਪਦਾਰਥ,ਵਾਤਾਵਰਣ ਪ੍ਰਦੂਸ਼ਿਤ ਤਾਂ ਹੋ ਹੀ ਰਿਹਾ ਹੈ ਅਤੇ ਨਾਲ ਹੀ ਖੇਤੀ ਲਾਗਤ ਖਰਚੇ ਵਧਣ ਕਾਰਨ ਸ਼ੁੱਧ ਖੇਤੀ ਆਮਦਨ ਘੱਟ ਰਹੀ ਹੈ। ਅੱਜ ਖਪਤਕਾਰਾਂ ਵਿੱਚ ਵੀ ਬਗੈਰ ਕੀਟਨਾਸ਼ਕਾਂ ਜਾਂ ਘੱਟ ਤੋਂ ਘੱਟ ਵਰਤੋਂ ਵਾਲੇ ਖੇਤੀ ਉਤਪਾਦਾਂ ਦੀ ਮੰਗ ਵਧਣ ਕਾਰਨ ਕੀਟਨਾਸ਼ਕਾਂ ਦੀ ਵਰਤੋਂ ਵਾਲੇ ਖੇਤੀ ਉਤਪਾਦਾਂ ਦਾ ਮੰਡੀ ਵਿੱਚ ਵਾਜ਼ਬ ਭਾਅ ਨਹੀਂ ਮਿਲਦਾ। ਪੰਜਾਬ ਵਿੱਚ ਹੀ ਕਈ ਅਗਾਂਹਵਧੂ ਕਿਸਾਨ ਜੈਵਿਕ ਖੇਤੀ ਉਤਪਾਦਾਂ ਦਾ ਖੁਦ ਮੰਡੀਕਰਨ ਕਰਕੇ ਚੰਗੀ ਆਮਦਨ ਲੈ ਰਹੇ ਹਨ। ਸੋ ਜਿੰਨਾਂ ਵੀ ਹੋ ਸਕੇ ਕੀਟਨਾਸ਼ਕਾਂ /ਖਾਦਾਂ ਦੀ ਫਸਲਾਂ ਵਿੱਚ ਵਰਤੋਂ ਨੂੰ ਘਟਾਇਆ ਜਾਵੇ ਤਾਂ ਜੋ ਆਮ ਖਪਤਕਾਰਾਂ ਨੂੰ ਸ਼ੁੱਧ ਹਵਾ,ਸ਼ੁੱਧ ਪਾਣੀ ਅਤੇ ਸ਼ੁੱਧ ਭੋਜਨ ਮੁੱਹਈਆ ਕਰਵਾਇਆ ਜਾ ਸਕੇ, ਇਹੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਮਿਸ਼ਨ ਤੰਦਰੁਸਤ ਪੰਜਾਬ ਦਾ ਮੁੱਖ ਉਦੇਸ਼ ਹੈ।
ਝੋਨੇ /ਬਾਸਮਤੀ ਦੀ ਪਨੀਰੀ ਦੀ ਉਮਰ ਖੇਤ ਵਿੱਚ ਲੱਗਣ ਸਮੇਂ 30-35 ਦਿਨ ਚਾਹੀਦੇ ਹਨ ਜਦ ਕਿ ਪੀ ਆਰ 126 ਅਤੇ ਪੂਸਾ ਬਾਸਮਤੀ 1509 ਦੀ ਲਵਾਈ ਸਮੇਂ ਉਮਰ 25-30 ਦਿਨ ਹੋਣੀ ਚਾਹੀਦੀ ਹੈ। ਜ਼ਿਆਦਾ ਗਰਮੀ ਪੈਣ ਨਾਲ ਪਨੀਰੀ ਦਾ ਵਾਧਾ ਕੁਝ ਹੌਲੀ ਹੁੰਦਾ ਹੈ ਜਿਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੁੰਦੀ। ਝੋਨੇ ਦੀ ਲਵਾਈ ਸਮੇਂ ਖੇਤ ਵਿੱਚ ਪਾਣੀ ਦਾ ਪੱਧਰ ਬਹੁਤਾ ਨਾ ਰੱਖੋ। ਕੰਪਿਊਟਰ ਕਰਾਹੇ ਨਾਲ ਖੇਤ ਨੂੰ ਪੱਧਰਾ ਕਰੋ ਤਾਂ ਜੋ ਪਾਣੀ ਇਕਸਾਰ ਲੱਗ ਸਕੇ ਅਤੇ ਪਨੀਰੀ ਦੇ ਬੂਟੇ ਡੁੱਬ ਕੇ ਖਰਾਬ ਨਾਂ ਹੋਣ।ਜੇਕਰ ਮਜ਼ਦੂਰਾਂ ਨੇ ਝੋਨੇ ਦੀ ਲਾਵਾਈ ਵਿਰਲੀ ਕੀਤੀ ਹੈ ਤਾਂ ਲਵਾਈ ਤੋਂ ਇਕ ਹਫਤੇ ਦੇ ਅੰਦਰ ਅੰਦਰ ਪਨੀਰੀ ਦੀਆਂ ਕੁਝ ਮੂਈਆਂ ਆਪ ਖੇਤ ਵਿੱਚ ਵਿਰਲੀ ਜਗਾ ਤੇ ਲਾ ਦਿਓ।
ਕਈ ਹਾਲਤਾਂ ਵਿੱਚ ਜਿਥੇ ਪਾਣੀ ਦੀ ਘਾਟ ਹੋਵੇ ਜਾਂ ਪਾਣੀ ਦੇਰ ਨਾਲ ਲੱਗੇ ਤਾਂ ਲੋਹੇ ਦੀ ਘਾਟ ਆ ਸਕਦੀ ਹੈ ਜਿਸ ਕਾਰਨ ਫਸਲ ਦਾ ਵਾਧਾ ਰੁਕ ਜਾਂਦਾ ਹੈ ਅਤੇ ਪਨੀਰੀ ਧੌੜੀਆਂ ਵਿੱਚ ਪੀਲੀ ਪੈ ਜਾਂਦੀ ਹੈ । ਕਿਸਾਨ ਪੀਲੀ ਪਈ ਪਨੀਰੀ/ਫਸਲ ਨੂੰ ਆਂਢੀ ਗੁਆਂਢੀਆਂ ਜਾਂ ਦੁਕਾਨਦਾਰਾਂ ਦੇ ਕਹੇ ਤੇ ਕਈ ਤਰਾਂ ਨਾਲ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਫਾਇਦੇ ਦੀ ਜਗਾ ਨੁਕਸਾਨ ਹੋ ਜਾਂਦਾ ਹੈ। ਜੇਕਰ ਪਨੀਰੀ ਵਿੱਚ ਲੋਹੇ ਦੀ ਘਾਟ ਆਵੇ ਤਾਂ ਇੱਕ ਕਿਲੋ ਫੈਰਿਸ ਸਲਫੇਟ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਵਿੱਚ ਘੋਲ ਕੇ ਹਫਤੇ ਹਫਤੇ ਬਾਅਦ ਦੋ ਛਿੜਕਾਅ ਕਰੋ। ਕਈ ਵਾਰ ਦੇਖਿਆ ਹੈ ਕਿ ਕਿਸਾਨ ਦੁਕਾਨਦਾਰ ਦੇ ਕਹੇ ਤੇ ਲੋਹੇ ਅਤੇ ਜ਼ਿੰਕ ਦੇ ਮਿਸ਼ਰਣ ਦਾ ਛਿੜਕਾਅ ਕਰਦੇ ਹਨ,ਜਿਸ ਨਾਲ ਫਸਲ ਨੂੰ ਕੋਈ ਰਾਹਤ ਨਹੀਂ ਮਿਲਦੀ । ਕਈ ਵਾਰ ਕਿਸਾਨ 10-10 ਕਿਲੋ ਪ੍ਰਤੀ ਏਕੜ ਫੈਰਿਸ ਸਲਫੇਟ ਖੇਤ ਵਿੱਚ ਪਾ ਦਿੰਦੇ ਹਨ ਜਿਸ ਦਾ ਵੀ ਕੋਈ ਫਾਇਦਾ ਨਹੀਂ ਹੂੰਦਾ, ਕਿਉਂਕਿ ਫੈਰਿਸ ਸਲਫੇਟ ਦੀ ਵਰਤੋਂ ਦਾ ਫਾਇਦਾ ਤਾਂ ਹੀ ਹੋਵੇਗਾ ਜੇਕਰ ਛਿੜਕਾਅ ਕਤਿਾ ਜਾਵੇ।
ਆਮ ਕਰਕੇ ਕਣਕ ਦੀ ਫਸਲ ਨੂੰ 55 ਡੀ ਏ ਪੀ ਖਾਦ ਬਿਜਾਈ ਸਮੇਂ ਪਾਈ ਜਾਂਦੀ ਹੈ,ਜਿਸ ਦਾ 20-25% ਹਿੱਸਾ ਕਣਕ ਦੀ ਫਸਲ ਲੈਂਦੀ ਹੈ ਜਦ ਕਿ ਬਾਕੀ ਹਿੱਸਾ ਜ਼ਮੀਨ ਵਿੱਚ ਹੀ ਪਿਆ ਰਹਿੰਦਾ ਹੈ । ਡੀ ਏ ਪੀ ਦਾ ਬਚਿਆ ਹਿੱਸਾ ਝੋਨੇ ਦੀ ਲਵਾਈ ਤੋਂ ਪਹਿਲਾਂ ਕੱਦੂ ਕਰਨ ਨਾਲ ਵਰਤੋਂ ਯੋਗ ਹਾਲਤ ਵਿੱਚ ਆ ਜਾਂਦਾ ਹੈ, ਜੋ ਝੋਨੇ ਦੀ ਫਸਲ ਲੈ ਲੈਂਦੀ ਹੈ। ਇਸ ਲਈ ਜੇਕਰ ਕਣਕ ਦੀ ਫਸਲ ਨੂੰ ਡੀ ਏ ਪੀ ਦੀ ਪੂਰੀ ਮਾਤਰਾ ਕਣਕ ਦੀ ਫਸਲ ਨੂੰ ਪਾਈ ਗਈ ਹੈ ਤਾਂ ਝੋਨੇ ਦੀ ਫਸਲ ਨੂੰ ਡਾਇਆ ਖਾਦ ਪਾਉਣ ਦੀ ਜ਼ਰੁਰਤ ਨਹੀਂ ਹੈ। ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਲਵਾਈ ਕੀਤੀ ਜਾਂਦੀ ਹੈ,ਜੇਕਰ ਝੋਨੇ ਦੀ ਫਸਲ ਨੂੰ ਡਾਇਆ ਖਾਦ ਨਾਂ ਪਾਈ ਜਾਵੇ ਤਾਂ ਤਕਰੀਬਨ 644 ਕਰੋੜ ਰੁਪਏ ਦੀ ਬੱਚਤ ਕੀਤੀ ਜਾ ਸਕਦੀ।ਜੇਕਰ ਡਾਇਆ ਖਾਦ ਦੀ ਵਰਤੋਂ ਝੋਨੇ ਵਿੱਚ ਬੰਦ ਹੋ ਜਾਵੇ ਤਾਂ ਜ਼ਿੰਕ ਦੀ ਘਾਟ ਨਹੀਂ ਆਵੇਗੀ ਜਿਸ ਨਾਲ ਖੇਤੀ ਲਾਗਤ ਖਰਚੇ ਹੋਰ ਘਟਾਏ ਜਾ ਸਕਦੇ ਹਨ।
ਝੋਨੇ/ਬਾਸਮਤੀ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਨਦੀਨਾਸ਼ਕਾ ਦੀ ਵਰਤੋਂ ਕਦੇ ਵੀ ਖਾਦ ਵਿੱਚ ਰਲਾ ਕੇ ਨਾਂ ਕਰੋ। ਪਨੀਰੀ ਦੀ ਲਵਾਈ ਤੋਂ 2-3 ਦਿਨਾਂ ਦੇ ਅੰਦਰ ਅੰਦਰ ਸਿਫਾਰਸ਼ਸ਼ੁਦਾ ਨਦੀਨਾਸ਼ਕਾਂ ਦੀ ਸਿਫਾਰਸ਼ ਮਾਤਰਾ ਨੂੰ 60 ਕਿਲੋ ਰੇਤ ਪ੍ਰਤੀ ਏਕੜ ਦੇ ਹਿਸਾਬ ਨਾਲ ਰਲਾ ਕੇ ਖੜੇ ਪਾਣੀ ਵਿੱਚ ਛੱਟਾ ਦੇ ਕੇ ਕੀਤੀ ਜਾ ਸਕਦੀ ਹੈ। ਨਦੀਨ ਉੱਗਣ ਤੋਂ ਬਾਅਦ ਝੋਨੇ ਦੀ ਲਵਾਈ ਤੋਂ 20-25 ਦਿਨਾਂ ਬਾਅਦ 100 ਮਿਲੀਲਿਟਰ ਬਿਸਪਾਈਰੀਬੈਕ10 ਈ ਸੀ ਦਾ ਛਿੜਕਾਅ ਕੀਤਾ ਜਾ ਸਕਦਾ ਹੈ।
ਝੋਨੇ ਦੀ ਲਵਾਈ ਤੋਂ ਬਾਅਦ ਅਕਸਰ ਦੇਖਿਆ ਗਿਆ ਹੈ ਕਿ ਨਿੱਜੀ ਕੀਟਨਾਸ਼ਕ ਜ਼ਹਿਰਾਂ ਵੇਚਣ ਵਾਲੇ ਅਦਾਰਿਆਂ ਦੇ ਨੁਮਾਇੰਦੇ ਪਿੰਡਾਂ ਵਿੱਚ ਕਿਸਾਨਾਂ ਕੋਲ ਪਹੁੰਚ ਕਰਕੇ ਦਾਣੇਦਾਰ ਕੀਟਨਾਸ਼ਕ ਦਵਾਈਆ ਜਾਂ ਜੈਵਿਕ ਖਾਦਾਂ ਵੇਚਣ ਲਈ ਸੰਪਰਕ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹ ਕਿਸਾਨ ਨੂੰ ਸਬਜਬਾਗ ਦਿਖਾੳਂਦੇ ਹਨ ਕਿ ਦਾਣੇਦਾਰ ਕੀਟਨਾਸ਼ਕ ਰਸਾਇਣ ਨਾਲ ਪੱਤਾ ਲਪੇਟ ਸੁੰਡੀ ਅਤੇ ਤਣਾ ਛੇਦਕ ਸੁੰਡੀ ਫਸਲ ਨੂੰ ਨਹੀਂ ਲੱਗੇਗੀ ਅਤੇ ਪੌਦਾ ਵਧੇਰੇ ਫੁਟਾਰਾ ਕਰੇਗਾ। ਕਿਸਾਨ ਵੀਰੋ, ਜਿਥੋਂ ਤੱਕ ਵਧੇਰੇ ਫੁਟਾਰੇ ਦਾ ਸੁਆਲ ਹੈ ਇਹ ਤਾਂ ਕਿਸਮ,ਲਵਾਈ ਸਮੇਂ ਪਨੀਰੀ ਦੀ ਉਮਰ,ਜ਼ਮੀਨ ਦੀ ਸਿਹਤ ਅਤੇ ਖਾਦਾਂ ਪਾਉਣ ਦੇ ਸਮੇਂ ਤੇ ਨਿਰਭਰ ਕਰਦਾ ਹੈ। ਘੱਟ ਸਮੇਂ ਵਿੱਚ ਪੱਕਣ ਵਾਲੀਆ ਕਿਸਮਾਂ ਜਿਵੇਂ ਪੀ ਆ 126 ਜਾਂ ਪੂਸਾ ਪੰਜਾਬ ਬਾਸਮਤੀ 1509,ਘੱਟ ਫੁਟਾਰਾ ਕਰਦੀਆਂ ਹਨ ਜਦ ਕਿ ਵਧੇਰੇ ਸਮੇਂ ਵਿੱਚ ਪੱਕਣ ਵਾਲੀਆ ਕਿਸਮਾਂ ਜਿਵੇਂ ਪੀ ਆਰ 121,ਪੀ ਆਰ 118 ਜਾਂ ਪੂਸਾ 44 ਵਧੇਰੇ ਫੁਟਾਰਾ ਕਰਦੀਆਂ ਹਨ।ਜੇਕਰ 20 ਤੋਂ 30 ਦਿਨ ਦੀ ਉਮਰ ਪਨੀਰੀ ਖੇਤ ਵਿੱਚ ਲਾਈ ਜਾਵੇ ਤਾਂ ਵਧੇਰੇ ਫੁਟਾਰਾ ਹੁੰਦਾ ਹੈ ਅਤੇ ਜੇਕਰ ਵਧੇਰੇ ਉਮਰ ਦੀ ਪਨੀਰੀ ਖੇਤ ਵਿੱਚ ਲਾਈ ਜਾਵੇ ਤਾਂ ਫੁਟਾਰਾ ਘੱਟ ਹੁੰਦਾ ਹੈ।ਜੇਕਰ ਜ਼ਮੀਨ ਵਿੱਚ ਜੈਵਿਕ ਮਾਦਾ ਵਧੇਰੇ ਹੈ ਪੌਦਾ ਫੁਟਾਰਾ ਜ਼ਿਆਦਾ ਕਰੇਗਾ ਅਤੇ ਜੇਕਰ ਜੈਵਿਕ ਮਾਦਾ ਜ਼ਮੀਨ ਵਿੱਚ ਘੱਟ ਹੈ ਤਾਂ ਫੁਟਾਰਾ ਘੱਟ ਹੋਵੇਗਾ। ਪੰਜਾਬ ਵਿੱਚ ਝੋਨਾ ਜੂਨ ਤੋਂ ਬਾਅਦ ਲੱਗਣਾ ਸ਼ੁਰੂ ਹੋਣ ਕਾਰਨ, ਗੋਭ ਦੀ ਸੁੰਡੀ ਪੰਜਾਬ ਵਿੱਚੋਂ ਆਪਣੇ ਆਪ ਖਤਮ ਹੋ ਗਈ ਹੈ। ਜੇਕਰ ਤਣਾ ਛੇਦਕ ਸੁੰਡੀ ਕੁਝ ਗਿਣਤੀ ਵਿੱਚ ਖੇਤਾਂ ਵਿੱਚ ਹੁੰਦੀ ਹੈ ਤਾਂ ਉਹ ਖੇਤ ਵਿੱਚ ਮੌਜੂਦ ਮਿੱਤਰ ਕੀੜਿਆਂ ਦੀ ਖੁਰਾਕ ਲਈ ਜ਼ਰੂਰੀ ਹੈ,ਜੋ ਖੇਤ ਵਿੱਚ 80-85% ਹੁੰਦੇ ਹਨ, ਸੋ ਦਾਣੇ ਦਾਰ ਕੀਟਨਾਸ਼ਕਾਂ ਦਾ ਗੋਭ ਦੀ ਸੁੰਡੀ ਮਾਰਨ ਨਾਲ ਕੋਈ ਸੰਬੰਧ ਨਹੀਂ ਹੈ,ਵੈਸੇ ਵੀ ਜੇਕਰ ਸੁੰਡੀ ਦਾ ਹਮਲਾ ਹੁੰਦਾ ਹੈ ਤਾਂ ਝੋਨੇ/ਬਾਸਮਤੀ ਦੀਆਂ ਗੋਭਾਂ ਨਿਕਲਣ ਸਮੇਂ ਹੀ ਹੁੰਦਾ ਹੈ । ਦਾਣੇਦਾਰ ਕੀਟਨਾਸ਼ਕ ਦਾ ਅਸਰ ਸਿਰਫ 15 ਦਿਨ ਹੀ ਰਹਿੰਦਾ ਹੈ।ਝੋਨੇ ਦੀ ਫਸਲ ਦਾ ਰੰਗ ਕਾਲਾ ਕਰਨ ਲਈ ਵੀ ਇਨਾਂ ਜ਼ਹਿਰਾਂ ਜਾਂ ਖਾਦਾਂ ਦੀ ਵਰਤੋਂ ਨਾਂ ਕਰੋ ਕਿਉਂਕਿ ਵਧੇਰੇ ਗੂੜੇ ਹਰੇ ਰੰਗ ਵਾਲੀ ਫਸਲ ਉੱਪਰ ਕੀੜੇ ਅਤੇ ਬਿਮਾਰੀਆਂ ਵਧੇਰੇ ਹਮਲਾ ਕਰਦੇ ਹਨ ਅਤੇ ਫਸਲ ਡਿੱਗਦੀ ਵੀ ਜਲਦੀ ਹੈ। ਸੋ ਜੇਕਰ ਬਾਸਮਤੀ ਦੀ ਫਸਲ ਵਿੱਚ ਜ਼ਰੂਰਤ ਹੋਵੇ ਤਾਂ ਜ਼ਰੂਰ ਇਸਤੇਮਾਲ ਕਰੋ ਪਰ ਲੋੜ ਵੇਲੇ ਅਤੇ ਖੇਤੀਬਾੜੀ ਮਾਹਿਰ ਦੀ ਸਲਾਹ ਤੇ ਹੀ।
ਝੋਨੇ ਵਿਚ ਲਗਾਤਾਰ ਪਾਣੀ ਖੜਾ ਰੱਖਣ ਨਾਲ ਕੀੜਿਆ ਅਤੇ ਬਿਮਾਰੀਆਂ ਦਾ ਹਮਲਾ ਹੂੰਦਾ ਹੈ, ਸੋ ਝੋਨੇ ਨੂੰ ਦੂਜਾ ਜਾਂ ਅਗਲਾ ਪਾਣੀ ਉਦੋਂ ਦਿਉ ਜਦੋਂ ਪਹਿਲੇ ਪਾਣੀ ਨੂੰ ਜ਼ਮੀਨ ਵਿਚ ਜੀਰੇ ਨੂੰ 2-3 ਦਿਨ ਹੋ ਗਏ ਹੋਣ ,ਇੱਕ ਗੱਲ ਦਾ ਖਿਆਲ ਰੱਖੋ ਕਿ ਜ਼ਮੀਨ ਵਿੱਚ ਤਰੇੜਾਂ ਨਾਂ ਪਾਟਣ ਦਿਉ। ਯੂਰਪੀਅਨ ਦੇਸ਼ਾਂ ਵੱਲੋਂ ਪੰਜਾਬ ਦੀ ਬਾਸਮਤੀ ਖ੍ਰੀਦ ਕਰਨ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ ਕਿ ਦਾਣਿਆਂ ਵਿੱਚ ਕੀਟਨਾਸ਼ਕਾਂ /ਉਲੱੀਨਾਸ਼ਕ ਰਸਾਇਣਾ ਦੀ ਮਾਤਰਾ ਨਿਰਧਾਰਤ ਮਾਪਦੰਡਾਂ ਤੋਂ ਵਧੇਰੇ ਹੈ ਇਸ ਲਈ ਸ਼ੁੱਧ ਬਾਸਮਤੀ ਪੈਦਾ ਕਰਨ ਲਈ ਫਸਲ ਬਾਸਮਤੀ ਦੀ ਫਸਲ ਉਪੱਰ ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਥਾਈਮੈਥੋਕਸਮ,ਐਸੀਫੇਟ ਅਤੇ ਟਰਾਈਜੋਫਾਸ ਦਾ ਛਿੜਕਾਅ ਨਾਂ ਕਰੋ ।
ਜੇਕਰ ਜ਼ਰੂਰਤ ਪਵੇ ਤਾਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਛਿੜਕਾਅ ਕਰੋ।ਇਸੇ ਤਰਾਂ ਟਰਾਈਕੋਂਟਰਾਜ਼ੋਲ ਜਾਂ ਜ਼ਿਬਰੈਲਿਕ ਐਸਿਡ ਦੀ ਵੀ ਕੋਈ ਜ਼ਰੂਰਤ ਨਹੀਂ ਹੈ।ਸੋ ਆਉ ਕਿਸਾਨ ਵੀਰੋ,ਫਸਲਾਂ ਉਪਰ ਕਿਸੇ ਦੇ ਜਾਂ ਦੁਕਾਨਦਾਰਾਂ ਦੇ ਕਹੇ ਤੇ ਗੈਰਜ਼ਰੂਰੀ ਖੇਤੀ ਸਮੱਗਰੀ ਦੀ ਵਰਤੋਂ ਖੇਤੀ ਮਾਹਿਰਾਂ ਦੀ ਸਲਾਹ ਨਾਲ ਹੀ ਕਰੀਏ ਤਾਂ ਜੋ ਵਾਧੂ ਖਰਚੇ ਘਟਾਉਣ ਦੇ ਨਾਲ ਨਾਲ ਵਾਤਾਵਰਣ ਨੂੰ ਪ੍ਰਦੂਸ਼ਣ ਹੋਣ ਤੋਂ ਬਚਾਇਆ ਜਾ ਸਕੇ ਅਤੇ ਪੰਜਾਬ ਨੂੰ ਤੰਦਰੁਸਤ ਬਣਾਇਆ ਜਾ ਸਕੇ।ਕਿਸਾਨ ਵੀਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਖੇਤੀ ਸਮੱਗਰੀ ਖ੍ਰੀਦਣ ਸਮੇਂ ਬਿੱਲ ਜ਼ਰੂਰ ਲੈਣ, ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਉਸ ਦੀ ਸ਼ਿਕਾਇਤ ਲਿਖਤੀ ਰੂਪ ਵਿੱਚ ਸੰਬੰਧਤ ਖੇਤੀਬਾੜੀ ਅਫਸਰ ਜਾਂ ਮੁੱਖ ਖੇਤੀਬਾੜੀ ਅਫਸਰ ਨੂੰ ਦਿਉ ਤਾਂ ਉਸ ਵਿਰੁੱਧ ਕਾਨੂੰਨੀ ਕੀਤੀ ਜਾ ਸਕੇ।
ਡਾ ਅਮਰੀਕ ਸਿੰਘ
ਬਲਾਕ ਖੇਤੀਬਾੜੀ ਅਫਸਰ,
ਪਠਾਨਕੋਟ (9463071919)
ਵਿਸ਼ਵ ਵਾਤਾਵਰਣ ਦਿਵਸ 5 ਜੂਨ ਤੇ ਵਿਸ਼ੇਸ਼ : ਦੂਸ਼ਿਤ ਹੋ ਰਹੇ ਵਾਤਾਵਰਣ ਨੂੰ ਕਿਵੇ ਬਚਾਈਏ ? - ਡਾ ਅਮਰੀਕ ਸਿੰਘ
ਅੱਜ ਵਿਸ਼ਵ ਪੱਧਰ ਤੇ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਤਾਂ ਜੋ ਕਿਸਾਨਾਂ,ਕਾਰਾਨੇਦਾਰਾਂ,ਵਿਦਿਆਰਥੀਆਂ,ਮੁਲਾਜ਼ਮਾਂ ਅਤੇ ਆਮ ਜਨਤਾ ਦੇ ਮਨਾਂ ਅੰਦਰ ਦੂਸ਼ਿਤ ਹੋ ਰਹੇ ਵਾਤਾਵਰਣ ਪ੍ਰਤੀ ਜਾਗਰੁਕਤਾ ਪੈਦਾ ਕਤਿੀ ਜਾ ਸਕੇ।ਇਸ ਵਾਰ ਵਿਸ਼ਵ ਵਾਤਾਵਰਣ ਮਨਾਉਣ ਦਾ ਵਿਸ਼ਾ ਹਵਾ ਦਾ ਪ੍ਰਦੂਸ਼ਣ ਰੱਖਿਆ ਗਿਆ ਹੈ।ਯੂ ਐਨ ਉ ਦੀ ਇੱਕ ਰਿਪੋਰਟ ਮੁਤਾਬਕ ਹਰੇਕ ਸਾਰ ਤਕਰੀਬਨ 12 ਲੱਖ ਮਨੁੱਖ ਹਵਾ ਦੇ ਪ੍ਰਦੂਸ਼ਣ ਨਾਲ ਹੋਣ ਵਾਲੀਆਂ ਬਿਮਾਰੀਆਂ ਮਰ ਜਾਂਦੇ ਹਨ।ਇਸੇ ਤਰਾਂ ਹਵਾ ਦੇ ਪ੍ਰਦੂਸ਼ਣ ਦਾ ਪਸ਼ੂਆਂ,ਦਰੱਖਤਾਂ,ਗਲੇਸ਼ੀਅਰਾਂ ਅਤੇ ਹੋਰ ਕੁਦਰਤੀ ਸੋਮਿਆਂ ਤੇ ਬਹੁਤ ਬੁਰਾ ਪ੍ਰਬਾਵ ਪੈ ਰਿਹਾ ਹੈ।ਵਾਤਵਰਣ ਤੋਂ ਭਾਵ ਸਾਡੇ ਆਲੇ ਦੁਆਲੇ ਦੀ ਹਰ ਉਹ ਵਸਤੂ ਜੋ ਜੀਵਾਂ ਜੰਤੂਆਂ ਦੇ ਵਾਧੇ ਵਿੱਚ ਸਹਾਈ ਹੂੰਦੀ ਹੈ ਜਿਵੇਂ ਹਵਾ,ਪਾਣੀ,ਮਿੱਟੀ ,ਪੌਦੇ ਜਾਨਵਰ ਅਤੇ ਸੂਖਮ ਜੀਵ ਆਦਿ।ਧਰਤੀ ਉੱਪਰ ਹਰੇਕ ਜੀਵ ਕੁਦਰਤ ਵੱਲੋਂ ਭਖਸ਼ੀਆਂ ਇਨਾਂ ਅਨਮੋਲ ਦਾਤਾਂ ਤੇ ਨਿਰਭਰ ਕਰਦਾ ਹੈ।ਆਮ ਤੌਰ ਤੇ ਹਰੇਕ ਮਨੁੱਖ ਦੇ ਦਿਮਾਗ ਇਹੀ ਸੋਚ ਰਹਿੰਦੀ ਹੈ ਕਿ ਉਸ ਦੇ ਵਾਤਾਵਰਣ ਨੂੰ ਵਿਗਾੜਣ ਜਾਂ ਸੰਵਾਰਨ ਦੇ ਨਿੱਜੀ ਯਤਨਾਂ ਦੀ ਕੋਈ ਖਾਸ ਮਹੱਤਤਾ ਨਹੀਂ।ਪਰ ਅਜਿਹੀ ਸੋਚ ਰੱਖਣੀ ਗਲਤ ਹੈ ਕਿਉਂਕਿ ਵਾਤਾਵਰਣ ਨੂੰ ਸੰਵਾਰਨ ਦੀ ਕੇਸ਼ਿਸ਼ ਵਰਦਾਨ ਅਤੇ ਵਿਗਾੜਨ ਦੀ ਕੋਸ਼ਿਸ਼ ਨੁਕਸਾਇਨਦਾਇਕ ਸਾਬਤ ਹੋ ਸਕਦੀ ਹੈ।ਸਾਨੂੰ ਉਨਾਂ ਸਾਰੇ ਕਾਰਨਾਂ ਦਾ ਪਤਾ ਲਗਾਉਣਾ ਲਵੇਗਾ ਜਿਸ ਕਾਰਨ ਵਾਤਾਵਰਣ ਪ੍ਰਦੂਸ਼ਤ ਹੋ ਰਿਹਾ ।ਆਧੁਨਿਕ ਖੇਤੀ ਦੀਆਂ ਤਕਨੀਕਾਂ ਨੂੰ ਅਪਣਾਉਂਦਿਆਂ ਕਿਸਾਨਾਂ ਵੱਲੋਂ ਸਿਫਾਰਸ਼ ਤੋਂ ਵਧੇਰੇ ਖਾਦਾਂ ਅਤੇ ਕੀਟ ਨਾਸ਼ਕ ਰਸਾਇਣਾ ਦੀ ਵਰਤੋਂ ਕਰਨ ਨਾਲ, ਕਾਰਖਾਨਿਆਂ ਦੁਆਰਾ ਦੂਸ਼ਤ ਪਾਣੀ ਨਹਿਰਾਂ ਅਤੇ ਦਰਿਆਵਾਂ ਵਿੱਚ ਸੁੱਟ ਕੇ ਇਸ ਨੂੰ ਜ਼ਹਿਰੀਲਾ ਬਣਾ ਦਿੱਤਾ ਹੈ । ਇਸ ਦੇ ਨਾਲ ਹੀ ਅਨਾਜ,ਫਲ,ਦੁੱਧ ਅਤੇ ਸਬਜੀਆਂ ਵੀ ਪ੍ਰਦੂਸ਼ਿਤ ਹੋਣ ਤੋਂ ਨਹੀਂ ਬਚ ਸਕੇ।ਦੇਸੀ ਰੂੜੀ,ਹਰੀ ਖਾਦ ਦੀ ਵਰਤੋਂ ਦੀ ਅਣਹੋਂਦ ਕਾਰਨ ਜ਼ਮੀਨ ਦੀ ਉਤਪਾਦਨ ਸ਼ਕਤੀ ਲਗਾਤਾਰ ਗਿਰਾਵਟ ਵੱਲ ਜਾ ਰਹੀ ਹੈ।ਕਾਰਖਾਨਿਆਂ ,ਮੋਟਰ ਗੱਡੀਆਂ ,ਹਵਾਈ ਜਹਾਜਾਂ ਦੁਆਰਾਂ ਅਤੇ ਕਿਸਾਨਾਂ ਦੁਆਰਾ ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬਚਦੀ ਫਸਲੀ ਰਹਿੰਦ ਖੂੰਹਦ ਨੂ ਅੱਗ ਲਗਾਉਣ ਨਾਲ ਹਵਾ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ ਸਾਹ ਲੈਣਾ ਵੀ ਔਖਾ ਹੋ ਗਿਆ ਹੈ।ਇਸ ਸਸ਼੍ਰਿਟੀ ਵਿੱਚ ਸਭ ਕੁਝ ਇੱਕ ਨਿਯਮ ਵਿੱਚ ਚੱਲ ਰਿਹਾ ਹੈ।ਸਿਸ਼੍ਰਿਟੀ ਮੁੱਖ ਤੌਰ ਤੇ ਪੰਜ ਤੱਤਾਂ ਹਵਾ,ਪਾਣੀ,ਜ਼ਮੀਨ ਅਗਨੀ ਅਤੇ ਆਕਾਸ਼ ਤੋਂ ਹੋਈ ਹੈ।ਕੁਦਰਤ ਵੱਲੋਂ ਬਖਸ਼ੀਆਂ ਇਨਾਂ ਅਨਮੋਲ ਦਾਤਾਂ ਤੇ ਜਿੰਨਾਂ ਅਧਿਕਾਰ ਸਾਡਾ ਹੈ,ਉਨਾਂ ਹੀ ਸਾਡੇ ਤੋਂ ਪਹਿਲੀਆਂ ਪੀੌੜੀਆਂ ਦਾ ਸੀ ਅਤੇ ਉਨਾਂ ਹੀ ਆਉਣ ਵਾਲੀਆਂ ਪੀੜੀਆਂ ਦਾ ਹੋਵੇਗਾ।ਇਸ ਲਈ ਹਰੇਕ ਮਨੁੱਖ ਦਾ ਮੁਢਲਾ ਫਰਜ਼ ਬਣਦਾ ਹੈ ਕਿ ਧਰਤੀ ਉਪਰ ਹਰੇਕ ਜੀਵ ਦੀ ਸੁਰੱਖਿਆਂ ਲਈ ਇਨਾਂ ਅਨਮੋਲ ਦਾਤਾਂ ਨੁੰ ਪ੍ਰਦੂਸ਼ਿਤ ਹੋਣ ਤੋਂ ਬਚਾਈਏ। ਮਨੁੱਖ ਦਾ ਕੁਦਰਤ ਨਾਲ ਸੰਘਰਸ਼ ਲਗਾਤਾਰ ਜਾਰੀ ਹੈ ਕਿ ਉਹ ਇੱਕ ਇੱਕ ਦਿਨ ਕੁਦਰਤ ਤੇ ਕਾਬੂ ਪਾ ਲਵੇਗਾ ਪਰ ਇਤਿਹਾਸ ਦੱਸਦਾ ਹੈ ਕਿ ਨੀਲ ਤੇ ਇਯੁਫਰੇਟਸ ਘਾਟੀ ਦੀ ਸਭਿਅਤਾ,ਸੀਰੀਆਂ ਅਤੇ ਗਰੀਸ ਦੀ ਸੱਭਿਅਤਾ ,ਸਿੰਧੂ ਘਾਟੀ ਦੀ ਸੱਭਿਅਤਾ ਕੁਦਰਤ ਦੇ ਨਿਯਮਾਂ ਤੇ ਨਾਂ ਚੱਲਣ ਕਾਰਨ ਹੀ ਇਸ ਸੰਸਾਰ ਤੋਂ ਲੁਪਤ ਹੋ ਗਈਆਂ ਸਨ। ਵਿਸ਼ਵ ਭਰ ਦੇ ਵਿਗਿਆਨੀਆਂ ਵੱਲੋਂ ਵਾਤਾਵਰਣ ਪ੍ਰਦੂਸ਼ਣ ਨਾਲ 2001 ਤੋਂ 2020 ਤੱਕ 180 ਲੱਖ ਲੋਕਾਂ ਦੇ ਮਰਨ ਦੀ ਆਸ਼ੰਕਾ ਪ੍ਰਗਟਾਈ ਗਈ ਹੈ।
ਵਾਤਾਵਰਣ ਵਿੱਚ ਆ ਰਹੇ ਬਦਲਾਅ ਦੇ ਪ੍ਰਭਾਵ ਪਹਿਲਾਂ ਹੀ ਸਾਡੇ ਸਾਹਮਣੇ ਹਨ ਜਿਸ ਨਾਲ ਕਿਧਰੇ ਹੜ ਅਤੇ ਕਿਧਰੇ ਸੋਕਾ ਪੈ ਰਿਹਾ ਹੈ।ਮਾਹਿਰਾਂ ਦਾ ਅਨੁਮਾਨ ਹੈ ਕਿ ਮੌਸਮੀ ਤਬਦੀਲੀਆਂ ਕਾਰਨ ਸੰਨ 2050 ਤੱਕ ਗਰਮੀਆਂ ਦਾ ਤਾਪਮਾਨ 3.2 ਡਿਗਰੀ ਸੈਂਟੀ ਗ੍ਰੇਡ ਅਤੇ ਸੰਨ 2080 ਤੱਕ 4.5 ਡਿਗਰੀ ਸੈਂਟੀਗ੍ਰੇਡ ਵੱਧ ਜਾਵੇਗਾ।ਏਸ਼ੀਆ ਵਿੱਚ ਜੇਕਰ ਜਲਵਾਯੂ/ਮੌਸਮੀ ਤਬਦੀਲੀਆਂ ਨੂੰ ਰੋਕਿਆ ਗਿਆ ਤਾਂ ਖੇਤੀ ਪ੍ਰਣਾਲੀਆਂ ਕੰਮ ਕਰਨਾ ਬੰਦ ਕਰ ਦੇਣਗੀਆਂ।ਜਿਸ ਦੇ ਨਿਕਲਣ ਵਾਲੇ ਨਤੀਜਿਆਂ ਬਾਰੇ ਅਸੀ ਸਹਿਜੇ ਹੀ ਅੰਦਾਜਾ ਲਗਾ ਸਕਦੇ ਹਾਂ।ਸਾਇੰਸਦਾਨ ਮੰਨਦੇ ਹਨ ਕਿ ਵਾਤਾਵਰਣ ਦੇ ਗਰਮ ਹੋਣ ਕਾਰਨ ਓਜੋਨ ਪਰਤ ਕਮਜ਼ੋਰ ਹੋ ਜਾਵੇਗੀ ਕਿਉਂਕਿ ਜਿਉਂ ਹੀ ਜ਼ਮੀਨ ਦਾ ਤਾਪਮਾਨ ਵਧਦਾ ਹੈ ਤਾਂ ਸਟਰੈਟੋਫੇਅਰ (ਓਜ਼ੋਨ ਪਰਤ ਇਸ ਤੋਂ ਉਪਰਲੇ ਹਿੱਸੇ ਵਿੱਚ ਹੁੰਦੀ ਹੈ) ਠੰਢਾ ਹੋ ਜਾਂਦਾ ਹੈ,ਜਿਸ ਨਾਲ ਕੁਦਰਤੀ ਰੂਪ ਵਿੱਚ ਓਜ਼ੋਨ ਦੀ ਮੁਰੰਮਤ ਕਰਨ ਦੀ ਰਫਤਾਰ ਘਟ ਜਾਂਦੀ ਹੈ।ਓਜ਼ੋਨ ਪਰਤ ਧਰਤੀ ਦੇ ਵਾਯੂਮੰਡਲ ਵਿੱਚ ਓਜ਼ੋਨ (03) ਕਣਾਂ ਦਾ ਇਕੱਠ ਹੈ। ਇਹ ਪਰਤ ਸਮੁੰਦਰ ਤਲ ਤੋਂ ਲੱਗਭੱਗ 10 ਤੋਂ 50 ਕਿਲੋਮੀਟਰ ਸਟਰੈਟੋਫੀਅ੍ਰ ਵਿੱਚ ਵੱਧ ਤੋਂ ਵੱਧ ਗੂੜੇਪਣ ਵਿੱਚ ਸਮੁੰਦਰ ਤਲ ਤੋਂ ਲਗਭਗ 25 ਕਿਲੋ ਮੀਟਰ ਦੀਰੀ ਤੇ ਸਥਿਤ ਹੈ। ਵਰਤਮਾਨ ਸਮੇਨ ਦੌਰਾਨ ਸਾਇੰਸਦਾਨਾਂ ਨੇ ਦੱਖਣੀ ਧੁਰੇ ਤੇ ਓਜ਼ੋਨ ਪਰਤ ਨੂੰ ਮਾਪਿਆ ਹੈ। ਇਸੇ ਨੂੰ ਓਜ਼ੋਨ ਪਰਤ ਕਹਿੰਦੇ ਹਨ।ਖੇਤੀ ਮਾਹਿਰਾਂ ਅਨੁਸਾਰ ਮੌਸਮੀ ਤਬਦੀਲੀਆਂ ਕਾਰਨ ਭਾਰਤ ਦੇਸ਼ ਵਿੱਚ 2 ਡਿਗਰੀ ਸੈਂਟੀਗਰੇਡ ਤਾਪਮਾਨ ਵਿੱਚ ਵਾਧਾ ਕਣਕ ਦੀ 0.45 ਮੀਟਰਿਕ ਟਨ ਅਤੇ ਝੋਨੇ ਦੀ 0.7 ਮੀਟਰਿਕ ਟਨ ਪੈਦਾਵਾਰ ਘਟਾ ਸਕਦਾ ਹੈ।ਇਸੇ ਤਰਾਂ ਤਾਪਮਾਨ ਵਿੱਚ ਸਿਰਫ 0.5 ਡਿਗਰੀ ਸੈਂਟੀ ਗਰੇਡ ਦੇ ਵਾਧੇ ਕਾਰਨ ਪੰਜਾਬ,ਹਰਿਆਣਾ ,ਉਤਰਾਖੰਡ ਅਤੇ ਉੱਤਰ ਪ੍ਰਦੇਸ਼ ਵਿੱਚ ਕਣਕ ਦੀ 10 ਪ੍ਰਤੀਸ਼ਤ ਤੱਕ ਘਟ ਸਕਦੀ ਹੈ।ਮੌਸਮੀ ਤਬਦੀਲੀ ਕਾਰਨ ਫਸਲਾਂ ਨੂੰ ਲੱਗਣ ਵਾਲੇ ਕੀੜਿਆਂ ਮਕੌੜਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ।
ਮੁਨਾਫਾ ਆਧਾਰਿਤ ਤਕਨਾਲੋਜੀ ਨੇ ਮਨੁੱਖ ਨੂੰ ਆਰਥਿਕ ਪੱਖੋਂ ਤਾਂ ਜ਼ਰੂਰ ਮਜ਼ਬੂਤ ਕਰ ਦਿੱਤਾ ਪਰ ਵਾਤਾਵਰਣ ਦਾ ਸੰਤੁਲਣ ਵਿਗੜ ਗਿਆ ।ਅਮਰੀਕਨ ਸੁੰਡੀ,ਕਾਂਗਰਸੀ ਘਾਹ ਅਤੇ ਜਲ ਕੁੰਭੀ ਆਦਿ ਨੁਕਸਾਨ ਦਾਇਕ ਪੌਦੇ/ਜਾਨਵਰ ਵਿੱਚ ਆ ਗਏ ਹਨ।ਪਲੇਗ ਫੈਲਾਉਣ ਅਤੇ ਫਸਲਾਂ ਦਾ ਨੁਕਸਾਨ ਪਹੁੰਚਾਉਣ ਵਾਲੇ ਚੂਹਿਆਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋ ਗਿਆ ਹੈ ਕਿਉਂਕਿ ਚੂਹਿਆਂ ਦਾ ਸ਼ਿਕਾਰ ਕਰਨ ਵਾਲੇ ਮਾਸਾਹਾਰੀ ਪੰਛੀ ਉੱਲੂ,ਇੱਲਾਂ,ਬਾਜ ਅਤੇ ਸ਼ਿਕਰੇ ਆਦਿ ਦੂਸ਼ਿਤ ਵਾਤਾਵਰਣ ਦਾ ਸ਼ਿਕਾਰ ਹੋ ਕੇ ਆਲੋਪ ਹੋਣ ਕਿਨਾਰੇ ਪਹੁੰਚ ਗਏ ਹਨ। ਉਨਾਂ ਦੇ ਰਹਿਣ ਬਸੇਰੇ ਬੋਹੜ,ਪਿੱਪਲ .ਪਿਲਕਣ ਅਤੇ ਹੋਰ ਵੱਡੇ ਦਰੱਖਤ ਮਨੁੱਖ ਵੱਲੋਂ ਖਤਮ ਕਰ ਦਿੱਤੇ ਗਏ ਹਨ।ਪੰਜਾਬ ਦੇ ਹਰੇਕ ਪਿੰਡ ਵਿੱਚ ਦੋ ਤਿੰਨ ਛੱਪੜ ਹੁੰਦੇ ਸਨ ,ਜਿੰਨਾਂ ਵਿੱਚ ਘਰਾਂ ਦਾ ਮਲਮੂਤਰ ਅਤੇ ਪਾਣੀ ਗੰਦੇ ਨਾਲਿਆਂ ਅਤੇ ਨਾਲੀਆਂ ਰਾਹੀਂ ਇਨਾਂ ਛੱਪੜਾਂ ਵਿੱਚ ਪੁਜਦਾ ਸੀ ।ਛੱਪੜਾਂ ਵਿੱਚ ਇਕੱਠਾ ਹੋਇਆ ਇਹ ਗੰਦਾ ਪਾਣੀ ਕੁਦਰਤੀ ਢੰਗ ਨਾਲ ਫਿਲਟਰ ਹੋ ਕੇ ਜ਼ਮੀਨ ਵਿੱਚ ਚਲਿਆ ਜਾਂਦਾ ਹੈ ।ਜਿਸ ਨੂੰ ਲੋਕ ਨਲਕਿਆਂ ਰਾਹੀਂ ਜ਼ਮੀਨ ਵਿੱਚੋਂ ਕੱਢ ਕੇ ਵਰਤ ਲੈਂਦੇ।ਵਕਤ ਦੇ ਬਦਲਣ ਨਾਲ ਛੱਪੜਾਂ ਵਿੱਚ ਛੱਪੜ ਜਾਂ ਤਾਂ ਪੂਰ ਦਿੱਤੇ ਗਏ ਹਨ ਜਾਂ ਫਿਰ ਨਾਜਾਇਜ਼ ਕਬਜੇ ਕਰਕੇ ਰਿਹਾਇਸੀ ਮਕਾਨ ਉਸਾਰ ਲਏ ਗਏ ਹਨ।ਇਸ ਤਰਾਂ ਵਾਤਾਵਰਣ ਵਿਾਚ ਵਿਗਾੜ ਆਇਆ ਹੀ,ਕੁਦਰਤੀ ਢੰਗ ਨਾਲ ਫਿਲਟਰ ਹੋ ਕੇ ਪਾਣੀ ਧਰਤੀ ਹੇਠ ਨਹੀਂ ਜਾ ਰਿਹਾ,ਸਗੋਂ ਭਾਫ ਬਣਕੇ ਉੱਡ ਰਿਹਾ ਹੈ। ਵਾਤਾਰਣ ਪ੍ਰਦੂਸ਼ਿਤ ਹੋਣ ਕਾਰਨ ਵਧ ਰਹੀ ਆਲਮੀ ਤਪਸ਼ ਨਾਲ ਗਲੇਸ਼ੀਅਰਾਂ ਦੇ ਸੁੰਗੜਣ ਦੀ ਕਿਰਿਆ ਨੂੰ ਨੱਥ ਨਾਂ ਪਾਈ ਗਈ ਤਾਂ ਪਹਿਲਾਂ ਤਾਂ ਦਰਿਆਵਾਂ ਵਿੱਚ ਪਾਣੀ ਦੀ ਵਧੇਰੇ ਮਾਤਰਾ ਕਾਰਨ ਇਹ ਹੜਾਂ ਨੂੰ ਜਨਮ ਦੇਣਗੇ ਅਤੇ ਫਿਰ ਪਾਣੀ ਦੀ ਮਾਤਰਾ ਘੱਟ ਜਾਣ ਕਾਰਨ ਸੁੱਕ ਜਾਣਗੇ ਜੇ ਅਸੀਂ ਏਦਾਂ ਹੀ ਕੁਦਰਤ ਤੋਂ ਦੂਰ ਹੁੰਦੇ ਗਏ ਤਾਂ ਕੁਦਰਤੀ ਆਫਤਾਂ ਤੋਂ ਬਚਣਾ ਆਸੰਭਵ ਹੈ।ਇਸੇ ਕਰਕੇ ਸਾਨੂੰ ਗੈਰ ਕੁਦਰਤੀ ਚੀਜ਼ਾਂ ਛੱਡ ਕੇ ਕੁਦਰਤ ਨਾਲ ਪਿਆਰ ਪਾੳਣਾ ਪਵੇਗਾ।ਜੰਗਲਾਂ ਹੇਠ ਰਕਬਾ ਵਧਾਉਣਾ ਚਾਹੀਦਾ ਹੈ ਅਤੇ ਵਧ ਰਹੀ ਆਬਾਦੀ ਤੇ ਕਾਬੂ ਪਾਉਣਾ ਚਾਹੀਦਾ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਕਿਸਾਨਾਂ ਨੇ ਕਰੜੀ ਮਿਹਨਤ ਨਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਅਗਵਾਈ ਹੇਠ ਪੀ.ਏ.ਯੂ ਦੁਆਰਾ ਵਿਕਸਤ ਤਕਨੀਕਾਂ ਨੂੰ ਅਪਣਾ ਕੇ ਹਰਾ ਇਨਕਲਾਬ ਲਿਆ ਕੇ ਦੇਸ਼ ਨੂੰ ਅਨਾਜ ਦੀ ਪੈਦਾਵਾਰ ਪੱਖੋਂ ਆਤਮ ਨਿਰਭਰ ਹੀ ਨਹੀਂ ਸਗੋਂ ਬਾਹਰਲੇ ਮੁਲਕਾਂ ਨੂੰ ਅਨਾਜ ਨਿਰਯਾਤ ਕਰਨ ਦੇ ਕਾਬਲ ਬਣਾਇਆ ਹੈ ਪਰ ਇਸ ਦਾ ਮੁੱਲ ਬਹੁਤ ਭਾਰੀ ਦੇਣਾ ਪਿਆ ।ਜ਼ਮੀਨ ਹੇਠਲੇ ਪਾਣੀ ਦਾ ਪੱਧਰ ਇਸ ਹੱਦ ਤੱਕ ਨੀਵਾਂ ਜਾ ਚੁੱਕਾ ਹੈ ਕਿ ਕੇਂਦਰੀ ਜ਼ਿਲਿਆਂ ਵਿੱਚ ਹਾਲਾਤ ਬਦ ਤੋਂ ਬਦਤਰ ਹੋ ਗਏ ਹਨ।ਦਰਿਆਵਾਂ ਦਾ ਪਾਣੀ ਪ੍ਰਦੂਸ਼ਤ ਹੋਣ ਕਾਰਨ ਜ਼ਮੀਨ ਹੇਠਲਾ ਪਾਣੀ ਪੀਣਯੋਗ ਨਹੀਂ ਰਿਹਾ।ਮਿੱਟੀ ਵਿੱਚ ਮਿੱਤਰ ਸੂਖਮ ਜੀਵ ਖਤਮ ਹੋਣ ਕਾਰਨ ਮਿੱਟੀ ਮੁਰਦਾ ਹਾਲਤ ਵਿੱਚ ਹੋ ਰਹੀ ਹੈ ।ਇਸ ਸਮੇਂ ਪੰਜਾਬ ਦੀ ਮਿੱਟੀ ਵਿੱਚ ਔਸਤਨ 0.02 ਪ੍ਰਤੀਸ਼ਤ ਤੋਂ 0.25 ਪ੍ਰਤਸ਼ਿਤ ਜੈਵਿਕ ਮਾਦਾ ਰਹਿ ਗਿਆ ਹੈ ਜਦ ਕਿ ਜੈਵਿਕ ਖਾਦ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਮਿੱਟੀ ਵਿੱਚ ਜੈਵਿਕ ਮਾਦਾ ਦੀ ਮਾਤਰਾ ਘੱਟੋ ਘੱਟ 0.45 ਪ੍ਰਤੀਸ਼ਤ ਹੋਣੀ ਜ਼ਰੁਰੀ ਹੈ ।
ਪੰਜਾਬ ਵਿੱਚ ਝੋਨੇ ਦੀ ਕਾਸਤ ਤਕਰੀਨ 29 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਦੀ ਹੈ ਜਿਸ ਤੋ ਤਕਰੀਬਨ 24 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ।ਝੋਨੇ ਦੀ ਕਟਾਈ ਤੋਂ ਬਾਅਦ ਕਣਕ ਦੀ ਬਿਜਾਈ ਵਿੱਚ ਘੱਟ ਸਮਾਂ ਹੋਣ ਕਾਰਨ ਇਨੀ ਵੱਡੀ ਮਾਤਰਾ ਵਿੱਚ ਪੈਦਾ ਹੋਈ ਪਰਾਲੀ ਨੂੰ ਕਿਸਾਨਾਂ ਦੁਆਰਾ ਅੱਗ ਲਗਾਉਣ ਨਾਲ ਤਕਰੀਬਨ 0.94 ਲੱਖ ਟਨ ਨਾਈਟਰੌਜਨ,0.48 ਲੱਖ ਟਨ ਫਾਸਪੋਰਸ ਅਤੇ 2.6 ਲੱਖ ਟਨ ਪੁਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਲਘੂ ਤੱਤਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ। ਪਰਾਲੀ ਨੂੰ ਅੱਗ ਲਗਾ ਕੇ ਸਾੜਣ ਨਾਲ ਤਕਰੀਬਨ 244 ਲੱਖ ਟਨ ਜ਼ਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ,ਕਾਰਬਨ ਮੋਨੋਆਕਸਾਈਡ, ਮੀਥੇਨ, ਨਾਈਟਰਸ ਆਕਸਾਈਡ ਆਦਿ ਪੈਦਾ ਹੁੰਦੀਆਂ ਹਨ, ਜਿਸ ਕਾਰਨ ਮਨੁੱਖਾਂ ਵਿੱਚ ਖੰਘ,ਜ਼ੁਕਾਮ,ਤਪਦਿਕ,ਦਮਾ,ਐਲਰਜੀ,ਸਾਹ ਨਾਲੀ ਦਾ ਕੈਂਸਰ,ਗਲੇ ਦੀ ਖਰਾਬੀ,ਹਲਕਾ ਬੁਖਾਰ,ਸਿਰ ਦਰਦ,ਟਾਈਫਾਈਡ ,ਫੇਫੜਿਆਂ ਚ ਨੁਕਸ,ਅੱਖਾਂ ਚ ਜਲਣ,ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।ਡਾਕਟਰਾਂ ਅਨੁਸਾਰ ਪਿਛਲੇ ਦਸਾਂ ਸਾਲਾਂ ਦੌਰਾਨ ਪੰਜਾਬ ਵਿੱਚ ਨਾੜ ਅਤੇ ਝੋਨੇ ਦੀ ਪਰਾਲੀ ਸਾੜਣ ਨਾਲ ਅੱਖਾ ਦੀ ਜਲਣ ਅਤੇ ਸਾਹ ਦੇ ਮਰੀਜਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ।ਇਨਾਂ ਬਿਮਾਰੀਆਂ ਨਾਲ ਮਨੁੱਖ ਦੀ ਉਮਰ ਘੱਟ ਰਹੀ ਹੈ।ਇੱਕ ਸਰਵੇਖਣ ਅਨੁਸਾਰ ਪਿੰਡਾਂ ਵਿੱਚ 80 ਫੀਸਦੀ ਲੋਕ ਸਾਹ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਨਾਲ ਪ੍ਰਭਾਵਤ ਪਾਏ ਗਏ ਹਨ।
ਝੋਨੇ ਦੀ ਕਾਸ਼ਤ ਲਈ ਸਿੱਧੀ ਬਿਜਾਈ ,ਸਿਸਟਮ ਆਫ ਰਾਈਸ ਇੰਨਟੈਨਸੀਫੀਕੇਸ਼ਨ ਜਾਂ ਵੱਟਾਂ ਉੱਪਰ ਝੋਨੇ ਦੀ ਲਵਾਈ ਤਕਨੀਕ ਅਪਣਾਉਣੀ ਚਾਹੀਦੀ ਹੈ ਤਾਂ ਜੋ ਸਿੰਚਾਈ ਲਈ ਘੱਟ ਪਾਣੀ ਦੀ ਵਰਤੋਂ ਕਰਕੇ ਵਧੇਰੇ ਪੈਦਾਵਾਰ ਲਈ ਜਾ ਸਕੇ ਅਤੇ ਝੋਨੇ ਦੇ ਖੇਤਾਂ ਵਿੱਚ ਲਗਾਤਾਰ ਖੜੇ ਪਾਣੀ ਕਾਰਨ ਮੀਥੇਨ ਗੈਸਾਂ ਦੇ ਵਿਸਰਜਣ ਨੂੰ ਵੀ ਘਟਾਇਆ ਜਾ ਸਕੇ।ਝੋਨੇ ਅਤੇ ਕਣਕ ਦੀ ਕਟਾਈ ਤੋਂ ਬਾਅਦ ਬਚੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਨ ਦੀ ਬਿਜਾਏ ਜ਼ਮੀਨ ਵਿੱਚ ਵਾਹ ਕੇ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਇਆ ਜਾ ਸਕੇਗਾ ਉਥੇ ਰਹਿੰਦ ਖੂੰਹਦ ਦੇ ਸੜਣ ਸਮੇਂ ਪੈਦਾ ਹੁੰਦੀ ਖਤਰਨਾਕ ਗੈਸਾਂ ਹਵਾ ਵਿੱਚ ਘੁਲਣ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਵੀ ਬਚਿਆ ਜਾ ਸਕਦਾ ਹੈ।ਖੇਤੀ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਲੋੜ ਪੈਣ ਤੇ ਸਿਫਾਰਸ਼ਾਂ ਅਨੁਸਾਰ ਹੀ ਕੀਤੀ ਜਾਵੇ।ਸ਼ਹਿਰਾਂ ਦੇ ਆਲੇ ਦੁਆਲੇ ਵੱਧ ਤੋ ਵੱਧ ਦਰੱਖਤ ਲਗਾਏ ਜਾਣ ਕਿਉਕਿ ਦਰੱਖਤ ਪ੍ਰਕਾਸ ਵਿਸ਼ਲੇਸ਼ਣ ਦੀ ਕਿਰਿਆ ਵਿੱਚ ਕਾਰਡਾਈਆਕਸਾਈਡ ਨੂੰ ਖਾ ਕੇ ਜੀਵਣ ਰੱਖਿਅਕ ਆਕਸੀਜਨ ਛੱਡਦੇ ਹਨ।ਮਾਈਨਿੰਗ ਵਾਲੇ ਖੇਤਰਾਂ ਵਿੱਚ ਵੱਧ ਤੋਂ ਵੱਧ ਦਰੱਕਤ ਲਗਾਏ ਜਾਣ।ਕਾਰਖਾਨਿਆਂ ਦੇ ਧੂੰਏ ਅਤੇ ਦੂਸ਼ਿਤ ਵਾਧੂ ਪਾਣੀ ਨੁੰ ਸੋਧ ਕੇ ਖਾਰਜ ਕੀਤਾ ਜਾਵੇ।ਸਭ ਤੋ ਜ਼ਰੂਰੀ ਗੱਲ ਇਹ ਹੈ ਕਿ ਲੋਕਾਂ ਖਾਸ ਕਰਕੇ ਕਿਸਾਨਾਂ ਨੂੰ ਵਾਤਾਵਰਣ ਦੂਸ਼ਿਤਾ ਅਤੇ ਇਸ ਤੋ ਉਤਪਨ ਖਤਰਿਆਂ ਤੋ ਜਾਣੂ ਕਰਵਾਉਣ ਲਈ ਨਿਰੰਤਰ ਮੁਹਿੰਮ ਚਲਾਈ ਜਾਵੇ।ਸਵੈ-ਸੇਵੀ ਸੰਸਥਾਵਾਂ ,ਰੇਡੀਉ,ਟੀ.ਵੀ.,ਇਟਰੈਟ.ਸੋਸ਼ਲ ਸਾਈੇਟਸ,ਪ੍ਰਿੰਟ ਅਤੇ ਬਿਜਲਈ ਸਾਧਨਾਂ,ਰਸਾਲਿਆਂ ਰਾਹੀ ਵਾਤਾਵਰਣ ਦੀ ਸਵੱਸਥਾ ਦੀ ਮਹੱਤਤਾ ਅਤੇ ਪ੍ਰਦੂਸ਼ਣ ਨਾਲ ਹੋਣ ਵਾਲੇ ਖਤਰਿਆਂ ਬਾਰੇ ਲੋਕ ਚੇਤਾ ਪੈਦਾ ਕਰਨੀ ਚਾਹੀਦੀ ਹੈ । ਇਸ ਕੰਮ ਨੁੰ ਇੱਕ ਪਵਿੱਤਰ ਕੰਮ ਸਮਝ ਕੇ ਪ੍ਰਾਥਮਿਕਤਾ ਦੇਣੀ ਚਾਹੀਦੀ ਹੈ।
ਡਾ ਅਮਰੀਕ ਸਿੰਘ ,
ਬਲਾਕ ਖੇਤੀਬਾੜੀ ਅਫਸਰ
ਪਠਾਨਕੋਟ
9463071919
ਮਿੱਟੀ ਦਾ ਪ੍ਰਦੂਸ਼ਣ,ਬਚਾਅ ਅਤੇ ਜਾਗਰੁਕਤਾ ਦੀ ਜ਼ਰੂਰਤ : ਵਿਸ਼ਵ ਮਿੱਟੀ ਦਿਵਸ 5 ਦਸੰਬਰ 2018 ਤੇ ਵਿਸ਼ੇਸ਼ - ਡਾ. ਅਮਰੀਕ ਸਿੰਘ
ਅੱਜ ਦੁਨੀਆ ਭਰ ਵਿੱਚ ਵਿਸ਼ਵ ਮਿੱਟੀ ਦਿਵਸ ਮਨਾਇਆ ਜਾ ਰਿਹਾ ਹੈ।ਸੰਯੁਕਤ ਰਾਸ਼ਟਰ ਵੱਲੋਂ ਮਹਿਸੂਸ ਕੀਤਾ ਗਿਆ ਕਿ ਮਿੱਟੀ ਹੀ ਅਜਿਹੀ ਕੁਦਰਤ ਵੱਲੋਂ ਬਖਸ਼ੀ ਅਨਮੋਲ ਦਾਤ ਹੈ ਜਿਸ ਤੋਂ ਭੋਜਨ,ਪਾਣੀ ,ਲੱਕੜ ਆਦਿ ਅਨੇਕਾਂ ਮਨੁੱਖੀ ਜੀਵਨ ਲਈ ਲੋੜੀਦੇ ਪਦਾਰਥ ਮਿਲਦੇ ਹਨ ਪਰ ਧੰਨ ਧੰਨ ਗੁਰੁ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਹੀ ਮਿੱਟੀ ਦੀ ਮਹੱਤਤਾ ਨੂੰ ਸਮਝਦਿਆਂ ਧਰਤੀ ਨੂੰ ਸਭ ਦੀ ਵੱਡੀ ਮਾਂ ਕਿਹਾ ਹੈ।ਜਪੁਜੀ ਸਾਹਿਬ ਵਿੱਚ ਗੁਰੁ ਨਾਨਕ ਦੇਵ ਜੀ ਫਰਮਾਉਂਦੇ ਹਨ ''ਸਲੋਕ॥ਪਵਣ ਗੁਰੁ ਪਾਣੀ ਪਿਤਾ ਮਾਤਾ ਧਰਤ ਮਹਤੁ॥ ਦਿਵਸੁ ਰਾਤਿ ਦੁਇ ਦਾਈ ਦਾਇਆ ਖੇਲੈ ਸਗਲ ਜਗਤੁ॥ ਭਾਵ ਹਵਾ ਗੁਰੁ ਹੈ,ਪਾਣੀ ਪਿਉ ਹੈ ਅਤੇ ਧਰਤੀ ਵੱਡੀ ਮਾਂ ਹੈ।ਦਿਨ ਅਤੇ ਰਾਤ ਦੋਵੇਂ ਖਿਡਾਵਾ ਅਤੇ ਖਿਡਾਵੀ ਹਨ,ਸਾਰਾ ਸੰਸਾਰ ਖੇਡ ਰਿਹਾ ਹੈ।ਹਰੇਕ ਤਰਾਂ ਦੇ ਜੀਵਨ ਭਾਵੇਂ ਮੁਨੱਖ ਹੋਵੇ ਜਾਂ ਪਸ਼ੂ ਜਾਂ ਪੌਦੇ ਹੋਣ , ਲਈ ਕੁਦਰਤ ਵੱਲੋਂ ਤਿੰਨ ਕੁਦਰਤੀ ਸੋਮੇ ਹਵਾ,ਪਾਣੀ ਅਤੇ ਮਿੱਟੀ ਬਹੁਤ ਜ਼ਰੂਰੀ ਹਨ।ਇਨਾਂ ਤਿੰਨਾਂ ਵਿਚੋਂ ਕਿਸੇ ਇੱਕ ਦੀ ਘਾਟ ਕਾਰਨ ਕਿਸੇ ਤਰਾਂ ਦਾ ਜੀਵਨ ਸੰਭਵ ਨਹੀਂ ਹੈ।ਇਸ ਲਈ ਇਨਾਂ ਤਿੰਨਾਂ ਸਰੋਤਾਂ ਦਾ ਸ਼ੁੱਧ ਹੋਣਾ ਬਹੁਤ ਜ਼ਰੂਰੀ ਹੈ।ਮਨੁੱਖੀ ਗਲਤੀਆ ਕਾਰਨ ਇਹ ਤਿੰਨੇ ਸਰੋਤ ਹੀ ਇਨੇ ਪ੍ਰਦੂਸ਼ਿਤ ਹੋ ਚੁੱਕੇ ਹਨ ਕਿ ਮਨੁੱਖੀ ,ਪਸ਼ੂ ਅਤੇ ਵਨਸਪਤੀ ਲਈ ਕਈ ਤਰਾਂ ਦੇ ਖਤਰੇ ਪੇਦਾ ਹੋ ਚੁੱਕੇ ਹਨ।ਮਿੱਟੀ ਅਜਿਹਾ ਕੁਦਰਤੀ ਸਰੋਤ ਹੈ ਜਿਸ ਦੀ ਮਹੱਤਤਾ ਨੂੰ ਅਣਗੌਲਿਆਂ ਕੀਤਾ ਗਿਆ ।ਮਿੱਟੀ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਵੱਲੋਂ 2002 ਵਿੱਚ ਕਰਵਾਈ ਅੰਤਰਰਾਸ਼ਟਰੀ ਸਾਇਲ ਸਾਇੰਸ ਯੂਨੀਅਨ ਵੱਲੋਂ ਸਰਬਸੰਮਤੀ ਨਾਲ ਸਿਫਾਰਸ਼ ਕੀਤੀ ਗਈ ਕਿ ਹਰ ਸਾਲ 5 ਦਸੰਬਰ ਨੂੰ ਵਿਸਵ ਮਿੱਟੀ ਦਿਵਸ ਮਨਾਇਆ ਜਾਵੇ ਤਾਂ ਜੋ ਕਿਸਾਨਾਂ ਅਤੇ ਹੋਰਨਾਂ ਲੋਕਾਂ ਅੰਦਰ ਜਾਗਰੁਕਤਾ ਪੈਦਾ ਕੀਤੀ ਜਾ ਸਕੇ।5 ਦਸੰਬਰ 2014 ਨੂੰ ਵਿਸ਼ਵ ਪੱਧਰ ਤੇ ਪਹਿਲਾ ਵਿਸ਼ਵ ਮਿੱਟੀ ਦਿਵਸ ਮਨਾਇਆ ਗਿਆ।5 ਦਸੰਬਰ ਨੂੰ ਵਿਸ਼ਵ ਮਿੱਟੀ ਦਿਵਸ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਥਾਈਲੈਂਡ ਦੇ ਰਾਜੇ ਐਚ ਐਮ ਭੂਮੀਬੋਲ ਅਦੁਲਿਆਦੇਜ ਦਾ ਜਨਮ ਦਿਨ ਹੂਮਦਾ ਜਿੰਨਾਂ ਇਹ ਦਿਨ ਮਨਾਉਣ ਦੀ ਪ੍ਰਵਾਨਗੀ ਦਿੱਤੀ ਸੀ।5 ਦਸੰਬਰ 2018 ਨੂੰ ਵਿਸ਼ਵ ਪੱਧਰ ਤੇ ਮਨਾਏ ਜਾ ਰਹੇ ਮਿੱਟੀ ਦਿਵਸ ਦਾ ਵਿਸ਼ਾ ''ਮਿੱਟੀ ਪ੍ਰਦੂਸ਼ਣ ਖਤਮ ਕਰਨ ਦਾ ਹਿੱਸਾ ਬਣੀਏ"।ਸਾਲ 2050 ਤੱਕ ਵਿਸ਼ਵ ਦੀ ਵਸੋਂ 9 ਬਿਲੀਅਨ ਨੂੰ ਪਾਰ ਕਰ ਜਾਵੇਗੀ।ਮਿੱਟੀ ਦਾ ਪ੍ਰਦੂਸ਼ਣ ਅਤੇ ਵਿਸ਼ਵ ਪੱਧਰ ਦੀ ਸਮੱਸਿਆ ਬਣ ਗਈ ਹੈ ਜਿਸ ਨਾਲ ਭੋਜਨ ਪੈਦਾ ਕਰਨ ਲਈ ਲੋੜੀਂਦੀ ਮਿੱਟੀ ਦੇ ਨਾਲ ਨਾਲ ਸਾਹ ਲਈ ਹਵਾ ਅਤੇ ਪੀਣ ਲਈ ਪਾਣੀ ਵੀ ਪ੍ਰਦੂਸ਼ਣ ਹੋ ਗਏ ਹਨ।
ਸੱਠਵੇਂ ਦਹਾਕੇ ਵਿੱਚ ਹਰੀ ਕਰਾਂਤੀ ਤੋਂ ਦੇਸ਼ ਨੂੰ ਅਨਾਜ ਦੀ ਪੈਦਾਵਾਰ ਪੱਖੋਂ ਆਤਮਨਿਰਭਰ ਬਨਾਉਣ ਲਈ ਵੱਧ ਝਾੜ ਵਾਲੀਆਂ ਫਸਲਾਂ ਦੀਆਂ ਕਿਸਮਾਂ ਦੇ ਬੀਜ,ਸਿੰਚਾਈ ਲਈ ਪਾਣੀ ਦੇ ਸਾਧਨ,ਆਵਾਜਾਈ ਦੇ ਸਾਧਨ,ਬਿਜਲੀ ,ਕੀਟਨਾਸ਼ਕ,ਨਦੀਨਨਾਸ਼ਕ,ਰਸਾਇਣਕ ਖਾਦਾਂ ਦੀ ਵਰਤੋ ਕਰਨ ਲਈ ਕਿਸਾਨਾਂ ਨੂੰ ਉਤਸ਼ਾਹਿਤ ਕੀਤਾ ਗਿਆ।ਇਨਾਂ ਨਵੇਂ ਸਾਧਨਾਂ ਦੀ ਵਰਤੋਂ ਕਰਨ ਨਾਲ ਦੇਸ਼ ਅਨਾਜ ਦੀ ਪੈਦਾਵਾਰ ਵਿੱਚ ਆਤਮਨਿਰਭਰ ਹੀ ਨਹੀਂ ਹੋਇਆ ਸਗੋਂ ਬਾਹਰਲੇ ਮੁਲਕਾਂ ਨੂੰ ਅਨਾਜ ਭੇਜਣ ਦੇ ਸਮਰੱਥ ਵੀ ਹੋ ਗਿਆ।ਜ਼ਰੂਰਤ ਤੋਂ ਜ਼ਿਆਦਾ ਕੀਟਨਾਸ਼ਕ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕਾਰਨ ਮਿੱਟੀ ਦੇ ਭੌਤਿਕੀ , ਰਸਾਇਣਕ ਅਤੇ ਜੈਵਿਕ ਗੁਣਾਂ ਵਿੱਚ ਲਗਾਤਾਰ ਗਿਰਾਵਟ ਆ ਰਹੀ ਹੈ ਜਿਸ ਨਾਲ ਅਨਾਜ ਦੀ ਪ੍ਰਤੀ ਹੈਕਟੇਅਰ ਪੈਦਾਵਾਰ ਅਤੇ ਗੁਣਵੱਤਾ ਦੋਨੋਂ ਪ੍ਰਭਾਵਤ ਹੋ ਗਏ ਹਨ।ਖੇਤਾਂ ਵਿੱਚ ਅੰਨੇ ਵਾਹ ਖਾਦਾਂ ਅਤੇ ਕੀੜੇਮਾਰ ਜ਼ਹਿਰਾਂ ਦੀ ਵਰਤੋਂ ਮਿੱਠੀ ਖੁਸ਼ਬੋ ਦਿੰਦੀ ਮਿੱਟੀ ਇੰਨੀ ਪ੍ਰਦੂਸ਼ਿਤ ਹੋ ਚੁੱਕੀ ਹੈ ਕਿ ਬਿਨਾਂ ਖਾਦ ਦੀ ਵਰਤੋਂ ਕੀਤਿਆਂ ਫਸਲਾਂ ਦੀ ਕਾਸਤ ਕਰਨਾ ਅਸੰਭਵ ਹੋ ਗਿਆ ਹੈ।ਇਸੇ ਤਰਾਂ ਕੀਟਨਾਸ਼ਕਾਂ ਦੀ ਪ੍ਰਤੀ ਹੈਕਟੇਅਰ ਵਰਤੋਂ 923 ਗ੍ਰਾਮ ਜੋ ਕਿ ਭਾਰਤ ਵਿੱਚ ਵਰਤੀ ਜਾਂਦੀ ਪ੍ਰਤੀ ਹੈਕਟੇਅਰ ਤੋਂ ਵਧੇਰੇ ਹੈ ।ਮਿੱਟੀ ਵਿੱਚ ਨਾਂਗਲਣਯੋਗ ਪਦਾਰਥਾਂ ਜਿਵੇਂ ਪਲਾਸਟਿਕ ਤੋਂ ਬਣੇ ਪਦਾਰਥ, ਲਿਫਾਫੇ ਆਦਿ ਦੇ ਮਿੱਟੀ ਵਿੱਚ ਰਲਣ ਕਾਰਨ ਜ਼ਹਿਰੀਲੇ ਪਦਾਰਥ ਜਿਵੇਂ ਕਾਰਦੀਮਮ,ਕਰੋਮੀਅਮ,ਲੈੱਡ,ਆਰਸੈਨਿਕ ਅਤੇ ਯੂਰੇਨੀਅਮ ਮਿੱਟੀ ਵਿੱਚ ਮਿਲ ਜਾਦੇ ਹਨ ਤਾਂ ਪੌਦੇ ਦੀਆ ਜੜਾਂ ਰਾਹੀਂ ਇਹ ਜ਼ਹਿਰੀਲੇ ਪਦਾਰਥ ਭੋਜਨ ਰਾਹੀ ਮਨੁੱਖੀ ਸਰੀਰ ਵਿੱਚ ਦਾਖਲ ਹੋ ਕੇ ਕਈ ਤਰਾਂ ਦੀਆਂ ਭਿਆਨਕ ਬਿਮਾਰੀਆ ਦਾ ਕਾਰਨ ਬਣਦੇ ਹਨ।ਜੇਕਰ ਭਵਿੱਖ ਦੀ ਖੇਤੀ ਨੂੰ ਸੁਰੱਖਿਅਤ ਰੱਖਣਾ ਹੈ ਤਾਂ ਸਾਨੂੰ ਮਿੱਟੀ ਦੀ ਮਹੱਹਤਾ ਨੂੰ ਸਮਝਣਾ ਪਵੇਗਾ ਅਤੇ ਅਜਿਹੀਆਂ ਯੋਜਨਾਵਾਂ ਬਨਾਉਣੀਆਂ ਪੈਣਗੀਆਂ ਜਿਸ ਨਾਲ ਮਿੱਟੀ ਦਾ ਪੁਰਾਣਾ ਰੂਪ ਵਾਪਸ ਆ ਸਕੇ ਤਾਂ ਜੋ ਭਵਿੱਖ ਵਿੱਚ ਇਸ ਮਿੱਟੀ ਤੋਂ ਸਿਹਤਮੰਦ ਭੋਜਨ ਪ੍ਰਾਪਤ ਕਰ ਸਕੀਏ।ਮਿੱਟੀ ਵਿੱਚ ਮਿੱਤਰ ਸੂਖਮ ਜੀਵ ਖਤਮ ਹੋਣ ਕਾਰਨ ਮਿੱਟੀ ਮੁਰਦਾ ਹਾਲਤ ਵਿੱਚ ਹੋ ਰਹੀ ਹੈ।ਮਿਟੀ ਦੀ ਉਤਪਾਦਨ ਸ਼ਕਤੀ ਲਗਾਤਾਰ ਖਤਮ ਹੋ ਰਹੀ ਹੈ।ਖੇਤੀ ਮਾਹਿਰਾਂ ਅਨੁਸਾਰ ਕਿਸੇ ਵੀ ਫਸਲ ਦੀ ਸਫਲ ਕਾਸ਼ਤ ਲਈ ਜ਼ਰੂਰੀ ਹੈ ਕਿ ਨਾਈਟਰੋਜਨ,ਫਾਸਫੋਰਸ ਅਤੇ ਪੋਟਾਸ਼ ਖਾਦਾਂ ਦੀ ਵਰਤੋਂ ਅਨੁਪਾਤ 4:2:1 ਹੋਣਾ ਚਾਹੀਦਾ ਜਦ ਕਿ ਇਸ ਵਕਤ ਪੰਜਾਬ ਵਿੱਚ ਕਿਸਾਨਾਂ ਵੱਲੌਨ ਕੇਵਲ ਫਾਸਫੋਰਸ ਅਤੇ ਨਾਈਟਰੋਜਨ ਖਾਦਾਂ ਦੀ ਹੀ ਵਰਤੋਂ ਕੀਤੀ ਜਾਦੀ ਹੈ।ਇਸ ਲਈ ਫਸਲਾਂ ਦੀ ਸਫਲ ਕਾਸਤ ਲਈ ਸੰਤੁਲਤ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਮਿੱਟੀ ਦਾ ਰਸਾਇਣਕ ਪ੍ਰਦੂਸ਼ਣ ਘੱਟ ਕੀਤਾ ਜਾ ਸਕੇ।ਖਾਦਾਂ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਜਾਂ ਰੰਗਦਾਰ ਪੱਤਾ ਚਾਰਟ ਦੀ ਵਰਤੋਂ ਕਰਕੇ ਕੀਤੀ ਜਾਵੇ ਤਾਂ ਇਹ ਪ੍ਰਦੂਸ਼ਣ ਕਾਫੀ ਹੱਦ ਤੱਕ ਰੋਕਿਆ ਜਾ ਸਕਦਾ।ਪੰਜਾਬ ਦੇ ਸਮੂਹ ਕਿਸਾਨਾਂ ਨੂੰ ਭੌਂ ਸਿਹਤ ਕਾਰਡ ਮੁਹੱਈਆ ਕਰਵਾਏ ਗਏ ਹਨ।
ਜੈਵਿਕ ਕਾਰਬਨ ਮਿੱਟੀ ਦਾ ਬਹੁਤ ਹੀ ਮਹੱਤਵਪੂਰਨ ਅੰਗ ਹੈ।ਇੱਕ ਅਨੁਮਾਨ ਮੁਤਾਬਿਕ ਇੱਕ ਮੀਟਰ ਮਿੱਟੀ ਦੀ ਤਹਿ ਤੱਕ 1417 ਬਿਲੀਅਨ ਟਨ ਭੋਂ ਜੈਵਿਕ ਕਾਰਬਨ ਜਮਾਂ ਹੁੰਦੀ ਹੈ ਅਤੇ ਦੋ ਮੀਟਰ ਮਿੱਟੀ ਦੀ ਡੂੰਘਾਈ ਤੱਕ 2500 ਬਿਲੀਅਨ ਟਨ ਜੈਵਿਕ ਕਾਰਬਨ ਜਮਾਂ ਹੁੰਦੀ ਹੈ।ਵਾਯੂਮੰਡਲ ਅਤੇ ਬਨਸਪਤੀ ਨਾਲੋਂ ਮਿੱਟੀ ਵਿੱਚ ਜੈਵਿਕ ਕਾਰਬਨ ਜ਼ਿਆਦਾ ਹੂੰਦਾ ਹੈ।ਮਿੱਟੀ ਵਿੱਚ ਜੈਵਿਕ ਕਾਰਬਨ ਘਟਣ ਨਾਲ ਫਸਲਾਂ ਦੀ ਪ੍ਰਤੀ ਹੈਕਟੇਅਰ ਉਤਪਾਦਿਕਤਾ ਤੇ ਬੁਰਾ ਪ੍ਰਭਾਵ ਪੈਂਦਾ ਹੈ। ਇਸ ਸਮੇਂ ਪੰਜਾਬ ਦੀ ਮਿੱਟੀ ਵਿੱਚ 0.02 ਪ੍ਰਤੀਸ਼ਤ ਤੋਂ 0.25 ਪ੍ਰਤਸ਼ਿਤ ਜੈਵਿਕ ਮਾਦਾ ਰਹਿ ਗਿਆ ਹੈ ਜਦ ਕਿ ਜੈਵਿਕ ਖਾਦ ਦੇ ਸਹੀ ਢੰਗ ਨਾਲ ਕੰਮ ਕਰਨ ਲਈ ਮਿੱਟੀ ਵਿੱਚ ਜੈਵਿਕ ਮਾਦਾ ਦੀ ਮਾਤਰਾ ਘੱਟੋ ਘੱਟ 0.45 ਪ੍ਰਤੀਸ਼ਤ ਹੋਣੀ ਜ਼ਰੁਰੀ ਹੈ ।ਮਿੱਟੀ ਵਿੱਚ ਜੈਵਿਕ ਮਾਦਾਂ ਵਧਾਉਣ ਲਈ ਦੇਸੀ ਰੂੜੀ,ਹਰੇਕ ਤਰਾਂ ਦੀਆਂ ਫਸਲਾ ਦੀ ਰਹਿੰਦ ਖੂੰਹਦ ਦੀ ਵਰਤੋਂ ਨੂੰ ਵਧਾਉਣਾ ਪਵੇਗਾ।
ਪੰਜਾਬ ਵਿੱਚ ਕੁੱਲ 17.61 ਲੱਖ ਗਾਵਾਂ ਅਤੇ 50.03 ਲੱਖ ਮੱਝਾਂ ਹਨ, ਜਿੰਨਾ ਤੋਂ ਵੱਡੀ ਮਾਤਰਾ ਵਿੱਚ ਸੁੱਕਾ ਗੋਹਾ ਪੈਦਾ ਹੂੰਦਾ ਹੈ,ਖੇਤੀ ਮਾਹਿਰਾਂ ਮੁਤਾਬਿਕ ਜੇਕਰ ਇਸ ਸੁੱਕੇ ਗੋਹੇ ਨੂੰ ਸਹੀ ਤਰੀਕੇ ਨਾਲ ਦੇਸੀ ਰੂੜੀ ਵਿੱਚ ਬਦਲਿਆ ਜਾਵੇ ਤਾਂ ਰੋਜ਼ਾਨਾ 30 ਲੱਖ ਰੁਪਏ ਦੀ ਯੂਰੀਆ ਤੋਂ ਇਲਾਵਾ ਬਹੁਤ ਸਾਰੀ ਮਾਤਰਾ ਵਿੱਚ ਛੋਟੇ ਖੁਰਾਕੀ ਤੱਤ ਪ੍ਰਾਪਤ ਹੋ ਸਕਦੇ ਹਨ।ਪਰ ਅਗਿਆਨਤਾ ਕਾਰਨ ਬਹੁਤ ਸਾਰਾ ਗੋਹਾ ਜਾਂ ਤਾਂ ਸਾੜ ਦਿੱਤਾ ਜਾਂਦਾ ਹੈ ਜਾਂ ਸਹੀ ਤਰੀਕੇ ਨਾਲ ਦੇਸੀ ਰੂੜੀ ਤਿਆਰ ਨਾਂ ਕਰਨ ਨਾਲ ਵੱਡੀ ਮਾਤਰਾ ਵਿੱਚ ਖੁਰਾਕੀ ਤੱਤ ਨਸ਼ਟ ਹੋ ਜਾਦੇ ਹਨ।ਇਸੇ ਤਰਾਂ ਪੰਜਾਬ ਵਿੱਚ ਕਣਕ ਦੀ ਕਾਸਤ ਤਕਰੀਬਨ 40 ਲੱਖ ਹੈਕਟੇਅਰ ਅਤੇ ਝੋਨੇ ਦੀ ਤਕਰੀਬਨ 26 ਲੱਖ ਹੈਕਟੇਅਰ ਰਕਬੇ ਵਿੱਚ ਕੀਤੀ ਜਾਦੀ ਹੈ ਜਿਸ ਤੋ ਤਕਰੀਬਨ 24 ਮਿਲੀਅਨ ਟਨ ਪਰਾਲੀ/ਨਾੜ ਪੈਦਾ ਹੁੰਦਾ ਹੈ। ਇਨੀ ਵੱਡੀ ਮਾਤਰਾ ਵਿਚ ਨਾੜ/ਪਰਾਲੀ ਨੂੰ ਕਿਸਾਨਾਂ ਦੁਆਰਾ ਅੱਗ ਲਗਾਉਣ ਨਾਲ ਤਕਰੀਬਨ 0.94 ਲੱਖ ਟਨ ਨਾਈਟਰੌਜਨ,0.48 ਲੱਖ ਟਨ ਫਾਸਪੋਰਸ ਅਤੇ 2.6 ਲੱਖ ਟਨ ਪੁਟਾਸ਼ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਲਘੂ ਤੱਤਾਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਹੈ।
ਨਾੜ ਦੇ ਸੜਨ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਕਾਰਨ ਸਾਹ ਨਾਲ ਸੰਬੰਧਤ , ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜੀ,ਸਾਹ ਨਾਲੀ ਦਾ ਕੈਂਸਰ,ਗਲੇ ਦੀ ਖਰਾਬੀ,ਹਲਕਾ ਬੁਖਾਰ,ਸਿਰ ਦਰਦ,ਟਾਈਫਾਈਡ ,ਫੇਫੜਿਆਂ ਚ ਨੁਕਸ,ਅੱਖਾਂ ਚ ਜਲਣ,ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।ਜੇਕਰ ਏਨੀ ਵੱਡੀ ਮਾਤਰਾ ਵਿੱਚ ਪੈਦਾ ਹੋਈ ਪਰਾਲੀ ਅਤੇ ਕਣਕ ਦੇ ਨਾੜ ਨੂੰ ਜ਼ਮੀਨ ਵਿੱਚ ਵਾਹ ਦਬਾ ਦਿੱਤਾ ਜਾਵੇ ਤਾਂ ਮਿੱਟੀ ਦੀ ਸਿਹਤ ਅਤੇ ਜੈਵਿਕ ਕਾਰਬਨ ਵਿੱਚ ਸੁਧਾਰ ਦੇ ਨਾਲ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਵੀ ਘਟਾਈ ਜਾ ਸਕਦੀ ਹੈ।
ਝੋਨੇ-ਕਣਕ ਅਤੇ ਕਮਾਦ ਦੇ ਫਸਲੀ ਚੱਕਰ ਅਤੇ ਭਾਰੀ ਮਸ਼ੀਨਰੀ ਦੀ ਵਰਤੋਂ ਕਾਰਨ ਮਿੱਟੀ ਵਿੱਚ ਸਖਤ ਤਹਿ ਬਣ ਗਈ ਹੈ।ਜਿਸ ਕਾਰਨ ਜ਼ਮੀਨ ਵਿੱਚ ਪਾਣੀ ਦੇ ਜ਼ੀਰਨ ਦੀ ਸਮਰੱਥਾ ਬਹੁਤ ਘਟ ਗਈ ਹੈ, ਜੋ ਫਸਲਾਂ ਦੀ ਉਤਪਾਦਕਤਾ ਨੂੰ ਪ੍ਰਭਾਵਤ ਕਰ ਰਹੀ ਹੈ।ਹਰੇਕ ਤਿੰਨ ਸਾਲ ਬਾਅਦ ਤਹਿ ਤੋੜ ਹੱਲ ਜਾਂ ਪਲਟਾਵੀਂ ਹੱਲ ਚਲਾ ਕੇ ਸਖਤ ਤਹਿ ਨੂੰ ਤੋੜ ਦੇਣਾ ਚਾਹੀਦਾ।ਇਸ ਤੋਂ ਇਲਾਵਾ ਸਖਤ ਤਹਿ ਕਾਰਨ ਫਸਲਾਂ ਦੀਆਂ ਜੜਾਂ ਵਧੇਰੇ ਫੈਲਾਉ ਨਾਂ ਹੋਣ ਕਾਰਨ ਫਸਲ ਖੁਰਾਕੀ ਤੱਤ ਲੈਣ ਤੋਂ ਅਸਮਰੱਥ ਹੋ ਜਾਂਦੇ ਹਨ।ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰਨ ਨਾਲ ਮਿੱਟੀ ਦਾ ਸਖਤਪਣ ਘਟਾਇਆ ਜਾ ਸਕਦਾ।ਰੋਟਾਵੇਟਰ ਦੀ ਵਰਤੋਂ ਘੱਟ ਕਰਕੇ ਤਵੀਆਂ ਦੀ ਵਧੇਰੇ ਕਰਨੀ ਚਾਹੀਦੀ ਹੈ । ਯੂ ਐਨ ਉ ਦੀ ਰਿਪੋਰਟ ਦੇ ਮੁਤਾਬਕ ਹਰੇਕ ਸਾਲ 20-30 ਬਿਲੀਅਨ ਟਨ ਜ਼ਰਖੇਜ ਮਿੱਟੀ ਪਾਣੀ,5 ਬਿਲੀਅਨ ਟਨ ਕਾਸਤਕਾਰੀ ਢੰਗਾਂ ਅਤੇ 2 ਬਿਲੀਅਨ ਟਨ ਜਰਖੇਜ ਮਿੱਟੀ ਖੁਰ ਜਾਂਦੀ ਹੈ।ਜੇਕਰ ਇਸੇ ਰਫਤਾਰ ਨਾਲ ਮਿੱਟੀ ਦਾ ਖੁਰਣਾ ਜਾਰੀ ਰਿਹਾ ਤਾਂ ਸਨ 2050 ਤੱਕ ਅਨਾਜ ਦੀ ਪੈਦਾਵਾਰ ਵਿੱਚ ਹਰੇਕ ਸਾਲ 10% ਤੱਕ ਘਟ ਸਕਦਾ ਹੈ।ਜੰਗਲਾਤ ਹੇਠਾਂ ਰਕਬਾ ਵਧਾ ਕੇ ਮਿੱਟੀ ਨੂੰ ਖੁਰਣ ਤੋਂ ਬਚਾਇਆ ਜਾ ਸਕਦਾ ਹੈ। ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾ ਕੇ ਸਾੜਣ,ਨਦੀਨਨਾਸ਼ਕਾਂ ਅਤੇ ਕੀਟਨਾਸ਼ਕਾਂ ਦੀ ਅੰਨੇਵਾਹ ਵਰਤੋਂ ਕਾਰਨ ਮਿੱਟੀ ਦੀ ਜੈਵਿਕ ਵਿਭਿੰਨਤਾ ਪ੍ਰਭਾਵਤ ਹੋਣ ਕਾਰਨ ਮਿੱਟੀ ਦੇ ਪ੍ਰਦੂਸ਼ਣ ਵਿੱਚ ਵਾਧਾ ਹੋ ਰਿਹਾ ਹੈ,ਜੋ ਬਨਸਪਤੀ,ਪਸ਼ੂਆਂ ਅਤੇ ਮਨੁੱਖੀ ਸਿਹਤ ਨੂੰ ਪ੍ਰਭਾਵਤ ਕਰ ਰਹੀ ਹੈ।ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਦਾਲਾਂ ਅਤੇ ਤੇਲ ਬੀਜ ਫਸਲਾਂ ਦੀ ਕਾਸ਼ਤ ਕਰਕੇ ਮਿੱਟੀ ਦੀ ਜੈਵਿਕ ਵਿਭਿੰਨਤਾ ਨੂੰ ਪ੍ਰਭਾਵਤ ਹੋਣੋ ਬਚਾਇਆ ਜਾ ਸਕਦਾ।
ਹੁਣ ਸਮਾਂ ਆ ਗਿਆ ਹੈ ਕਿ ਕਣਕ ਝੋਨੇ ਦੇ ਫਸਲੀ ਚੱਕਰ ਵਿੱਚ ਜ਼ਮੀਨ ਦੀ ਵਿਗੜ ਰਹੀ ਸਿਹਤ ਅਤੇ ਵਾਤਾਵਰਣ ਨੂੰ ਖਰਾਬ ਹੋਣ ਤੋਂ ਬਚਾਈਏ।ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬ ਵਿੱਚ ਝੋਨੇ ਦੀ ਕਾਸਤ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਨੀਵਾਂ ਜਾਣ ਅਤੇ ਪੰਜਾਬ ਦੇ ਦੱਖਣ ਪੱਛਮੀ ਜ਼ਿਲਿਆਂ ਵਿੱਚ ਸੇਮ ਦੀ ਸਮੱਸਿਆ ਨਾਲ ਕਈ ਤਰਾਂ ਦੀਆਂ ਮੁਸ਼ਕਲਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।ਖੇਤੀਬਾੜੀ ਵਿਭਾਗ ਦੇ ਅੰਕੜਿਆਂ ਮੁਤਾਬਿਕ ਪੰਜਾਬ ਵਿੱਚ ਇਸ ਵੇਲੇ ਡਾਇਆ 4.03 ਲੱਖ ਟਨ,ਯੂਰੀਆ 12.75 ਲੱਖ ਟਨ,ਐਨ ਪੀ ਕੇ (ਮਿਸ਼ਰਤ) 18681 ਲੱਖ ਟਨ ਅਤੇ ਪੋਟਾਸ 22941 ਲੱਖ ਟਨ ਦੀ ਵਰਤੋਂ ਕੀਤੀ ਜਾ ਰਹੀ ਹੈ ਜਦ ਕਿ ਲਘੂ ਖੁਰਾਕੀ ਤੱਤਾਂ ਦੀ ਵਰਤੋਂ ਬਹੁਤ ਘੱਟ ਹੋ ਰਹੀ ਹੈ।ਇੰਨੀ ਵੱਡੀ ਵੱਡੀ ਮਾਤਰਾ ਵਿੱਚ ਖਪਤ ਹੋ ਰਹੀ ਖਾਦਾਂ ਤੇ ਸਾਲ 2012 ਦੌਰਾਨ 71,280 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਗਈ ,ਇਸ ਵਿੱਚੋਂ 59 ਹਿੱਸਾ ਯੂਰੀਆ ਖਾਦ ਤੇ ਹੀ ਖਰਚਿਆ ਗਿਆ।ਉਪਰੋਕਤ ਅੰਕੜਿਆ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਵਿੱਚ ਕਿਸਾਨਾਂ ਵੱਲੋਂ ਮੋਟੇ ਤੌਰ ਤੇ ਯੂਰੀਆ,ਡਾਇਆ ਦੀ ਹੀ ਵਰਤੋਂ ਕਰਨ ਨਾਲ ਪਿਛਲੇ ਕੁਝ ਸਮੇਂ ਤੋਂ ਫਸਲਾਂ ਵਿੱਚ ਛੋਟੇ ਖੁਰਾਕੀ ਤੱਤਾਂ ਦੀ ਘਾਟ ਆਉਣੀ ਸ਼ੁਰੂ ਹੋ ਗਈ ਹੈ।ਜਿਸ ਕਾਰਨ ਮਨੁੱਖਾਂ ਅਤੇ ਪਸ਼ੂਆਂ ਵਿੱਚ ਛੋਟੇ ਖੁਰਾਕੀ ਤੱਤਾਂ ਜਿਵੇਂ ਜਿੰਕ,ਪੋਟਾਸ਼,ਕੈਲਸ਼ੀਅਮ ਆਦਿ ਘਾਟ ਕਾਰਨ ਕਈ ਨਵੀਆਂ ਬਿਮਾਰੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਪਸ਼ੂ ਪਾਲਣ ਵਿਭਾਗ ਦੇ ਮਾਹਿਰਾਂ ਅਨਸਾਰ ਕਿਸਾਨਾਂ ਦੁਆਰਾ ਪਸ਼ੂਆਂ ਦੇ ਚਾਰੇ ਲਈ ਕਾਸਤ ਕੀਤੀਆਂ ਜਾ ਰਹੀਆਂ ਫਸਲਾਂ ਜਿਵੇਂ ਬਰਸੀਮ,ਬਾਜਰਾ ਅਤੇ ਚਰੀ ਵਿੱਚ ਰਸਾਇਣਕ ਖਾਦਾਂ ਦੀ ਸੰਤੁਲਿਤ ਵਰਤੋਂ ਨਾਂ ਕਰਨ ਕਰਕੇ ਹਿਮੋਗਲੋਬਿਨ ਯੂਰੀਆ ਨਾਮ ਦੀ ਬਿਮਾਰੀ ਵਿੱਚ ਵਾਧਾ ਹੋ ਰਿਹਾ ਹੈ।ਇਸ ਦਾ ਮੁੱਖ ਕਾਰਨ ਚਾਰੇ ਦੀਆਂ ਫਸਲਾਂ ਵਿੱਚ ਯੂਰੀਆ ਖਾਦ ਦੀ ਜ਼ਰੂਰਤ ਤੋਂ ਵਧੇਰੇ ਵਰਤੋਂ ਕਰਨੀ ਜਦ ਫਾਸਫੈਟਿਕ ਖਾਦਾਂ ਦੀ ਵਰਤੋਂ ਘੱਟ ਕਰਨੀ ਹੈ।ਯੂਰੀਆ ਦੀ ਵਧੇਰੇ ਵਰਤੋਂ ਨਾਲ ਪਸ਼ੂਆਂ ਵਿੱਚ ਨਾਈਟ੍ਰੇਟ ਅਤੇ ਨਾਈਟ੍ਰਾਈਟ ਦੇ ਜ਼ਹਿਰੀਲੇਪਣ ਕਾਰਨ ਕਈ ਥਾਵਾਂ ਤੋਂ ਪਸ਼ੂਆਂ ਦੇ ਮਰਨ ਦੀਆਂ ਖਬਰਾਂ ਵੀ ਆ ਰਹੀਆਂ ਹਨ।
ਪੰਜਾਬ ਵਿੱਚ ਇਸ ਵੇਲੇ ਤਕਰੀਬਨ 3000 ਤੋਂ ਵੱਧ ਇੱਟਾਂ ਦੇ ਭੱਠੇ ਕੰਮ ਕਰ ਰਹੇ ਹਨ ਜੋ ਹਰ ਸਾਲ ਬਹੁਤ ਜ਼ਿਆਦਾ ਰਕਬੇ ਦੀ ਜ਼ਰਖੇਜ਼ ਮਿੱਟੀ ਨੂੰ ਗੈਰ ਜ਼ਰਖੇਜ ਬਣਾ ਰਹੇ ਹਨ।ਭੱਠਾਂ ਮਾਲਕਾਂ ਵੱਲੋਂ ਕਿਸਾਨਾਂ ਤੋਂ ਠੇਕੇ ਤੇ ਖੇਤ ਲੈ ਕੇ 2-3 ਫੁੱਟ ਡੂੰਘਾਈ ਤੱਕ ਮਿੱਟੀ ਪੁੱਟ ਕੇ ਇੱਟਾਂ ਬਨਾਉਂਦੇ ਹਨ।ਇਥੇ ਇਹ ਜ਼ਿਕਰਯੋਗ ਹੈ ਕਿ ਜ਼ਮੀਨ ਦੀ ਉਪਰਲੀ 6 ਇੰਚ ਮਿੱਟੀ ਹੀ ਜ਼ਰਖੇਜ਼ ਹੁੰਦੀ ਹੈ।ਸ਼ਹਿਰਾਂ ਦੇ ਆਲੇ ਦੁਆਲੇ ਸੀਵਰੇਜ਼ ਦੇ ਗੰਦਲੇ ਪਾਣੀ ਕਾਰਨ ਮਿੱਟੀ ਬਹੁਤ ਪ੍ਰਦੂਸ਼ਿਤ ਹੋ ਗਈ ਹੈ।ਇਸ ਪ੍ਰਦੂਸ਼ਿਤ ਮਿੱਟੀ ਵਿੱਚ ਜੋ ਸਬਜ਼ੀਆ ਦਾ ਉਗਾਈਆਂ ਜਾਂਦੀਆਂ ਹਨ ਉਹਨਾਂ ਦੀ ਗੁਣਵਤਾ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ।ਇਸ ਪ੍ਰਦੂਸ਼ਿਤ ਮਿੱਟੀ ਤੋਂ ਪੈਦਾ ਹੋਈਆਂ ਸਬਜ਼ੀਆਂ ਨੂੰ ਖਾਣ ਵਾਲੇ ਇਨਸਾਨਾਂ ਦੀ ਸਿਹਤ ਦਾ ਵੀ ਅੰਦਾਜ਼ਾ ਸਹਿਜ਼ੇ ਹੀ ਲਗਾਇਆ ਜਾ ਸਕਦਾ ਹੈ।ਹਰ ਸਾਲ ਬਰਸਾਤ ਦੇ ਮੌਸਮ ਵਿੱਚ ਹੜ ਆਉਣ ਕਾਰਨ ਦਰਿਆ ਹਜ਼ਾਰਾਂ ਏਕੜ ਰਕਬੇ ਦੀ ਜ਼ਰਖੇਜ ਮਿੱਟੀ ਰੋੜ ਕੇ ਲੈ ਜਾਦੇ ਹਨ।ਜਿਸ ਨਾਲ ਵੀ ਫਸਲਾ ਦੇ ਉਤਪਾਦਨ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ।
ਸੋ ਉਪਰੋਕਤ ਕਾਰਨਾਂ ਨੂੰ ਮੁੱਖ ਰੱਖਦਿਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਪਿੰਡਾਂ, ਸ਼ਹਿਰਾਂ,ਸਕੂਲਾਂ,ਕਾਲਜਾਂ ਵਿੱਚ ਸੈਮੀਨਾਰ ਕਰਵਾ ਕੇ ਲੋਕਾਂ ਅੰਦਰ ਵੱਧ ਤੋਂ ਵੱਧ ਜਾਗਰੁਕਤਾ ਪੈਦਾ ਕਰੀਏ ਤਾਂ ਜੋ ਭਵਿੱਖ ਦੀ ਖੇਤੀ ਨੂੰ ਪੈਦਾ ਹੋਣ ਵਾਲੇ ਖਤਰਿਆਂ ਨੂੰ ਘੱਟ ਕੀਤਾ ਜਾ ਸਕੇ ,ਇਸ ਦੇ ਨਾਲ ਹੀ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਨੂੰ ਵੀ ਸੁਰੱਖਿਅਤ ਕੀਤਾ ਜਾ ਸਕੇ।
ਡਾ ਅਮਰੀਕ ਸਿੰਘ
ਭੌਂ ਪਰਖ ਅਫਸਰ,ਪਠਾਨਕੋਟ
9463071919
ਕਣਕ ਦੀ ਫਸਲ ਤੋਂ ਵਧੇਰੇ ਪੈਦਾਵਾਰ ਲਈ ਨਦੀਨਾਂ ਦੀ ਰੋਕਥਾਮ ਜ਼ਰੂਰੀ - ਡਾ ਅਮਰੀਕ ਸਿੰਘ (ਸਟੇਟ ਅਵਾਰਡੀ)
ਕਣਕ ਪੰਜਾਬ ਦੀ ਮੁੱਖ ਫਸਲ ਹੈ ,ਜਿਸ ਤੋਂ ਸਾਲ 2016-17 ਦੌਰਾਨ ਤਕਰੀਬਨ 34 ਲ਼ੱਖ 95 ਹਜ਼ਾਰ ਹੈਕਟੇਅਰ ਵਿੱਚ ਕਾਸਤ ਕਰਕੇ 176 ਲੱਖ 36 ਹਜ਼ਾਰ ਟਨ ਪੈਦਾਵਾਰ ਹੋਈ, ਜਦ ਕਿ ਪ੍ਰਤੀ ਹੈਕਟੇਅਰ 5043 ਕਿਲੋ ਗ੍ਰਾਮ ਪ੍ਰਤੀ ਹੈਕਟੇਅਰ ਰਹੀ।ਕਣਕ ਦੀ ਪ੍ਰਤੀ ਹੈਕਟੇਅਰ ਉਤਪਾਦਕਤਾ ਨੂੰ ਪ੍ਰਭਾਵਤ ਕਰਨ ਵਿੱਚ ਕੀੜੇ,ਬਿਮਾਰੀਆਂ ਅਤੇ ਨਦੀਨ ਅਹਿਮ ਭੂਮਿਕਾ ਨਿਭਾਉਂਦੇ ਹਨ।ਕਣਕ ਦੀ ਫਸਲ ਵਿੱਚੋਂ ਜੇਕਰ ਨਦੀਨਾਂ ਦੀ ਸਮੇਂ ਸਿਰ ਰੋਕਥਾਮ ਨਾ ਕੀਤੀ ਜਾਵੇ ਤਾਂ ਪ੍ਰਤੀ ਹੈਕਟੇਅਰ 20-50% ਪੈਦਾਵਾਰ ਘਟ ਸਕਦੀ ਹੈ।ਮੁੱਖ ਤੌਰ ਤੇ ਕਣਕ ਦੀ ਫਸਲ ਵਿੱਚ ਗੁੱਲੀ ਡੰਡਾ ਅਤੇ ਜੰਗਲੀ ਜਵੀ ਨਾਮਕ ਨਦੀਨਾਂ ਤੋਂ ਇਲਾਵਾ ਚੌੜੇ ਪੱਤਿਆਂ ਵਾਲੇ ਨਦੀਨ ਜਿਵੇਂ ਬਾਥੂ,ਜੰਗਲੀ ਪਾਲਕ,ਮੈਣਾ,ਮੈਣੀ,ਬਟਨ ਬੂਟੀ,ਕੰਡਿਆਲੀ ਪਾਲਕ,ਪਿੱਤ ਪਾਪੜਾ,ਜੰਗਲੀ ਸੇਂਜੀ,ਬਟਨ ਬੂਟੀ ਆਦਿ ਨਦੀਨ ਪੈਦਾਵਾਰ ਨੂੰ ਪ੍ਰਭਾਵਤ ਕਰਦੇ ਹਨ।ਜੇਕਰ ਇਨਾਂ ਸਾਰੇ ਨਦੀਨਾਂ ਦੀ ਰੋਕਥਾਮ ਲਈ ਸਿਫਾਰਸ਼ਸ਼ੁਦਾ ਸਹੀ ਨਦੀਨ ਨਾਸ਼ਕ ਨੂੰ ਸਹੀ ਸਮੇਂ,ਸਹੀ ਪਾਣੀ ਦੀ ਮਿਕਦਾਰ ਦੇ ਘੋਲ ਵਿੱਚ,ਸਹੀ ਤਰੀਕੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਪ੍ਰਤੀ ਹੈਕਟੇਅਰ ਪੈਦਾਵਾਰ ਵਿੱਚ ਵਾਧਾ ਕੀਤਾ ਜਾ ਸਕਦਾ ਹੈ।
ਘਾਹ ਪੱਤੀ ਵਾਲੇ ਨਦੀਨ: ਕਣਕ ਦੀ ਫਸਲ ਵਿੱਚ ਘਾਹ ਪੱਤੀ ਵਾਲੇ ਨਦੀਨ ਜਿਵੇਂ ਗੁੱਲੀ ਡੰਡਾ ਅਤੇ ਜੰਗਲੀ ਜਵੀ ਨਦੀਨ ਮੁੱਖ ਤੌਰ ਤੇ ਪਾਏ ਜਾਂਦੇ ਹਨ।ਪਿਛਲੇ ਕਾਫੀ ਸਮੇਂ ਤੋਂ ਗੁੱਲੀ ਡੰਡੇ ਦੀ ਰੋਕਥਾਮ ਲਈ ਕਿਸਾਨਾਂ ਵੱਲੋਂ ਆਈਸੋਪ੍ਰੋਟਯੂਰਾਨ ਨਾਂ ਦੇ ਨਦੀਨ ਨਾਸ਼ਕ ਦੀ ਵਰਤੋਂ ਕਰਨ ਨਾਲ ਗੁੱਲੀ ਡੰਡੇ ਵਿੱਚ ਸ਼ਹਿਣਸ਼ੀਲਤਾ ਵਧਣ ਕਾਰਨ ਅੜੀਅਲ ਹੋ ਗਿਆ ਹੈ ,ਇਸ ਲਈ ਗੁੱਲੀ ਡੰਡੇ ਦੀ ਰੋਕਥਾਮ ਲਈ ਨਵੇਂ ਨਦੀਨ ਨਾਸ਼ਕ ਸਿਫਾਰਸ਼ ਕੀਤੇ ਗਏ ਹਨ।ਅੜੀਅਲ ਗੁੱਲੀ ਡੰਡੇ ਦੀ ਰੋਕਥਾਮ ਲਈ ਕਣਕ ਦੀ ਬਿਜਾਈ ਤੋਂ ਤੁਰੰਤ ਬਾਅਦ ਜਾਂ ਬੀਜਣ ਤੋਂ ਦੋ ਦਿਨਾਂ ਵਿੱਚ ਡੇਢ ਲਿਟਰ ਪੈਂਡੀਮੈਥਾਲੀਨ 30 ਈ ਸੀ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਕਰੋ।ਛਿੜਕਾਅ ਕਰਦੇ ਸਮੇਂ ਇਸ ਗੱਲ ਦਾ ਖਿਆਲ ਰੱਖੋ ਕਿ ਖੇਤ ਵਿੱਚ ਝੋਨੇ ਦੇ ਮੁੱਢ ਅਤੇ ਮਿੱਟੇ ਦੇ ਢੇਲੇ ਨਾਂ ਹੋਣ ,ਨਹੀਂ ਤਾਂ ਮੁੱਢਾਂ ਅਤੇ ਮਿੱਟੀ ਦੇ ਢੇਲਿਆਂ ਹੇਠ ਨਦੀਨਾਂ ਦਾ ਬੀਜ ਉੱਗ ਪਵੇਗਾ।ਕਣਕ ਦੀ ਫਸਲ ਨੁੰ ਪਹਿਲਾ ਪਾਣੀ ਲਾਉਣ ਤੋਂ ਪਹਿਲਾਂ ਨਦੀਨ ਉੱਗਣ ਤੋਂ ਬਾਅਦ ਭਾਰੀਆਂ ਜ਼ਮੀਨਾਂ ਵਿੱਚ 500 ਗ੍ਰਾਮ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ,ਦਰਮਿਆਨੀਆਂ ਜ਼ਮੀਨਾਂ ਵਿੱਚ 400 ਗ੍ਰਾਮ ਅਤੇ ਹਲਕੀਆਂ ਜ਼ਮੀਨਾਂ ਵਿੱਚ 300 ਗ੍ਰਾਮ ਜਾਂ 13 ਗ੍ਰਾਮ ਸਲਫੋਸਲਫੂਰਾਨ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ।ਨਦੀਨ ਨਾਸ਼ਕ ਦਾ ਛਿੜਕਾਅ ਕਰਨ ਤੋਂ 2-3 ਦਿਨ ਬਾਅਦ ਪਹਿਲਾ ਹਲਕਾ ਪਾਣੀ ਲਾ ਦੇਣਾ ਚਾਹੀਦਾ ਹੈ।ਜਿੰਨਾਂ ਖੇਤਾਂ ਵਿੱਚ ਗੁੱਲੀ ਡੰਡਾ ਨਦੀਨ ਆਈਸੋਪ੍ਰੋਟਯੂਰਾਨ 75 ਡਬਲਯੂ ਪੀ ਨਾਮਕ ਨਦੀਨ ਨਾਸ਼ਕ ਨਾਲ ਨਹੀਂ ਮਰ ਰਿਹਾ ਤਾਂ ਪਹਿਲਾ ਪਾਣੀ ਲਾਉਣ ਤੋਂ ਬਾਅਦ ਜਾਂ ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈ ਸੀ ਜਾਂ 13 ਗ੍ਰਾਮ ਸਲਫੋਸਲਫੂਰਾਨ 75 ਡਬਲਿਯੂ ਜੀ ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈ ਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ।ਇਨਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।ਜਿੰਨਾਂ ਖੇਤਾਂ ਵਿੱਚ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਬੀਜੀ ਹੋਵੲ,ਉਥੇ ਸਲਫੋਸਲਫੂਰਾਨ ਨਦੀਨਨਾਸ਼ਕ ਦੀ ਵਰਤੋਂ ਨਾਂ ਕਰੋ।ਜਿੰਨਾਂ ਖੇਤਾਂ ਵਿੱਚ ਸਲਫੋਸਲਫੂਰਾਨ ਨਦੀਨਨਾਸ਼ਕ ਵਰਤੀ ਹੋਵੇ ਉਥੇ ਸਾਉਣੀ ਵੇਲੇ ਚਰੀ ਜਾਂ ਮੱਕੀ ਨਾਂ ਬੀਜੋ।
ਚੌੜੀ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ: ਜੇਕਰ ਕਣਕ ਦੀ ਫਸਲ ਵਿੱਚ ਕੇਵਲ ਬਾਥੂ ਨਾਮਕ ਨਦੀਨ ਹੋਵੇ ਤਾਂ 250 ਗ੍ਰਾਮ 2,4-ਡੀ ਸੋਡੀਅਮ ਸਾਲਟ (80%)ਜਾਂ 2,4-ਡੀ ਐਸਟਰ 36% ਪ੍ਰਤੀ ਏਕੜ ਨੂੰ 100 ਲਿਟਰ ਘੋਲ ਕੇ ਸਮੇਂ ਸਿਰ ਬੀਜੀ ਕਣਕ ਦੀ ਫਸਲ ਵਿੱਚ ਬਿਜਾਈ ਤੋਂ 35 ਤੋਂ 45 ਦਿਨਾਂ ਬਾਅਦ ਅਤੇ ਦਸੰਬਰ ਵਿੱਚ ਬੀਜੀ ਪਛੇਤੀ ਕਣਕ ਦੀ ਫਸਲ ਵਿੱਚ ਬਿਜਾਈ ਤੋਂ 45 -55 ਦਿਨਾਂ ਬਾਅਦ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ।ਜੇਕਰ 2,4-ਡੀ ਦਾ ਛਿੜਕਾਅ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਕਣਕ ਦੇ ਪੱਤੇ ਗੋਲ ਹੋ ਜਾਂਦੇ ਹਨ ਅਤੇ ਸਿੱਟੇ ਫਸਵੇਂ ਨਿਕਲਦੇ ਹਨ ਅਤੇ ਕਰੂਪ ਹੋ ਜਾਂਦੇ ਹਨ।ਜੇਕਰ ਕਣਕ ਦੀ ਫਸਲ ਵਿੱਚ ਸਖਤ ਜਾਨ ਨਦੀਨ ਜਿਵੇਂ ਕੰਡਿਆਲੀ ਪਾਲਕ,ਮੈਣਾ,ਮੈਣੀ ਜੰਗਲੀ ਪਾਲਕ ,ਤੱਕਲਾ ਅਤੇ ਸੇਂਜੀ ਆਦਿ ਹੋਣ ਤਾਂ 10 ਗ੍ਰਾਮ ਮੈਟਸਲਫੂਰਾਨ 20 ਤਾਕਤ(ਐਲਗ੍ਰਿਪ) ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰੋ ।ਇਸ ਤੋਂ ਇਲਾਵਾ ਜਿੰਨਾਂ ਖੇਤਾਂ ਵਿੱਚ ਬਟਨ ਬੂਟੀ ਨਾਮਕ ਨਦੀਨ ਹੋਵੇ ਤਾਂ 20 ਗ੍ਰਾਮ ਕਾਰਫੈਨਟਰਾਜੋਨ-ਈਥਾਈਲ 40 ਡੀ ਐਫ(ਅਫਿਨਟੀ/ਏਮ) ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ।ਜੇਕਰ ਚੌੜੇ ਪੱਤਿਆਂ ਵਾਲੇ ਨਦੀਨ ਖਾਸ ਕਰਕੇ ਮਕੋਹ,ਕੰਡਿਆਲੀ ਪਾਲਕ,ਰਿਵਾੜੀ/ਰਾਰੀ,ਹਿਰਨ ਖੁਰੀ ਹੋਵੇ ਤਾਂ ਲਾਂਫਿਡਾ 50 ਡੀ ਐਫ (ਮੈਟਸਲਫੂਰਾਨ+ਕਾਰਫੈਨਟਰਾਜ਼ੋਨ) ਪ੍ਰਤੀ ਏਕੜ ਬਿਜਾਈ ਤੋਂ 25-30 ਦਿਨਾਂ ਵਿੱਚ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰਨਾ ਚਾਹੀਦਾ।ਜੇਕਰ ਖੇਤ ਵਿੱਚ ਚੌੜੇ ਪੱਤੀ ਅਤੇ ਘਾਹ ਪੱਤੀ ਵਾਲੇ ਨਦੀਨ ਹੋਣ ਤਾਂ 160 ਗ੍ਰਾਮ ਮਿਜੋਸਲਫੂਰਾਨ +ਆਇਉਡੋਸਲਫੂਰਾਨ 3.6 ਡਬਲਿਯੂ ਡੀ ਜੀ(ਅਟਲਾਂਟਿਸ) ਜਾਂ 16 ਗ੍ਰਾਮ ਸਲਫੋਸਲਫੂਰਾਨ +ਮੈਟਸਲਫੂਰਾਨ 75 ਡਬਲਿਯੂ ਜੀ(ਟੋਟਲ) ਜਾਂ ਫਿਨੌਕਸਾਪ੍ਰੋਪ+ਮੈਟਰੀਬਿਊਜ਼ਿਨ 22 ਈ ਸੀ(ਅੋਕਾਰਡ ਪਲੱਸ) 500 ਮਿਲੀ ਲਿਟਰ ਜਾਂ 200 ਗ੍ਰਾਮ ਸ਼ਗਨ 21-11(ਕਲੋਡਿਨੋਫਾਪ + ਮੈਟਰੀਬਿਊਜਿਨ )ਪ੍ਰਤੀ ਏਕੜ ਨੂੰ ਬਿਜਾਈ ਤੋਂ 30-35 ਦਿਨਾਂ ਅੰਦਰ 150 ਲਿਟਰ ਪਾਣੀ ਵਿੱਚ ਘੋਲ ਕੇ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ।ਛਿੜਕਾਅ ਸਾਫ ਮੌਸਮ ਵਿੱਚ ਅਤੇ ਇਕਸਾਰ ਕਰੋ।ਛਿੜਕਾਅ ਤੋਂ ਬਾਅਦ ਪਾਣੀ ਹਲਕਾ ਲਾਉ ਕਿਉਂਕਿ ਭਰਵਾਂ ਪਾਣੀ ਲਾਉਣ ਨਾਲ ਨਦੀਨਾਸ਼ਕਾਂ ਦੀ ਕਾਰਜਕੁਸ਼ਲਤਾ ਘਟਦੀ ਹੈ।ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਨੁਸਾਰ ਹੀ ਨਦੀਨਾਸ਼ਕ ਵਰਤੇ ਜਾਣ।ਛਿੜਕਾਅ ਤੋਂ ਬਾਅਦ ਛਿੜਕਾਅ ਪੰਪ ਨੂੰ ਕੱਪੜੇ ਧੋਣ ਦੇ ਸੋਢੇ ਦੇ 0.5% ਘੋਲ ਨਾਲ ਚੰਗੀ ਤਰਾਂ ਧੋ ਲੈਣਾ ਚਾਹੀਦਾ। ਨਦੀਨਨਾਸ਼ਕਾਂ ਦਾ ਛਿੜਕਾਅ ਕਰਨ ਲਈ ਹਮੇਸ਼ਾਂ ਫਲੈਟ ਫੈਨ ਜਾਂ ਫਲੱਡ ਜੈਟ (ਕੱਟ ਵਾਲੀ) ਨੋਜ਼ਲ ਦੀ ਵਰਤੋਂ ਕਰੋ।ਨਦੀਨਾਂ ਦੀ ਨਦੀਨਨਾਸ਼ਕਾਂ ਪ੍ਰਤੀ ਰੋਧਣ ਸ਼ਕਤੀ ਪੈਦਾ ਹੋਣ ਤੋਂ ਰੋਕਣ ਲਈ ਹਰ ਸਾਲ ਨਦੀਨ ਨਾਸ਼ਕਾਂ ਦੀ ਅਦਲ ਬਦਲ ਕੇ ਵਰਤੋਂ ਕਰੋ।ਛਿੜਕਾਅ ਕਰਨ ਸਮੇਂ ਨੋਜ਼ਲ ਦੀ ਉਚਾਈ ਫਸਲ ਤੋਂ ਤਕਰੀਬਨ 1.5 (ਡੇਢ ਫੁੱਟ) ਦੀ ਉਚਾਈ ਤੇ ਰੱਖੋ ਅਤੇ ਛਿੜਕਾਅ ਸਿੱਧੀਆਂ ਪੱਟੀਆਂ ਵਿੱਚ ਆਰਾਮ ਨਾਲ ਇਕਸਾਰ ਕਰਨਾ ਚਾਹੀਦਾ ਹੈ।ਛਿੜਕਾਅ ਕਰਦੇ ਸਮੇਂ ਨੋਜ਼ਲ ਨੂੰ ਇਧਰ ਉਧਰ ਨਾ ਘੁਮਾਉ ।ਨਦੀਨਨਾਸ਼ਕਾਂ ਦੀ ਵਰਤੋਂ ਤੋਂ ਬਾਅਦ ਵੀ ਜੋ ਬੂਟੇ ਬਚ ਜਾਂਦੇ ਹਨ ਉਨਾਂ ਨੂੰ ਪੁੱਟ ਕੇ ਨਸ਼ਟ ਕਰ ਦੇਣਾ ਤਾਂ ਜੋ ਅਗਲੀ ਫਸਲ ਵਿੱਚੋਂ ਨਦਨਿਾਂ ਦ ੀਸਮੱਸਿਆ ਨੂੰ ਘੱਟ ਕੀਤਾ ਜਾ ਸਕੇ।ਕਣਕ ਦੀ ਫਸਲ ਨੂੰ ਪਹਿਲਾ ਪਾਣੀ ਹਲਕਾ ਲਗਾਉ ।ਨਦੀਨਾਸ਼ਕ ਖ੍ਰੀਦਣ ਸਮੇਂ ਡੀਲਰ ਤੋਂ ਬਿੱਲ ਜ਼ਰੂਰ ਲਉ।
ਡਾ ਅਮਰੀਕ ਸਿੰਘ(ਸਟੇਟ ਅਵਾਰਡੀ)
ਖੇਤੀਬਾੜੀ ਅਫਸਰ,ਪਠਾਨਕੋਟ
9463071919
26 NOV. 2018
ਖੇਤੀ ਲਾਗਤ ਖਰਚੇ ਘਟਾਉਣ ਲਈ ਝੋਨੇ/ਬਾਸਮਤੀ ਦਾ ਬੀਜ ਆਪ ਤਿਆਰ ਕਰੋ - ਡਾ ਅਮਰੀਕ ਸਿੰਘ
ਸਾਉਣੀ ਦੇ ਸੀਜਣ ਦੌਰਾਨ ਬੀਜੀਆਂ ਫਸਲਾਂ ਦੀ ਕਟਾਈ ਦਾ ਕੰਮ ਖਤਮ ਅਤੇ ਹਾੜ੍ਹੀ ਰੁੱਤ ਦੀਆਂ ਫਸਲਾਂ ਦੀ ਬਿਜਾਈ ਦਾ ਕੰਮ ਸ਼ੁਰੂ ਹੋਣ ਜਾ ਰਿਹਾ ਹੈ,ਇਨਾਂ ਦੋਹਾਂ ਰੁੱਤਾਂ ਦੀਆਂ ਫਸਲਾਂ ਦੀ ਬਿਜਾਈ ਲਈ ਬੀਜ ਦੀ ਜ਼ਰੂਰਤ ਪੈਂਦੀ ਹੈ।ਬੀਜ ਹੀ ਇੱਕ ਅਜਿਹੀ ਖੇਤੀ ਸਮੱਗਰੀ ਹੈ ਜਿਸ ਤੇ ਸਾਰੀ ਫਸਲ ਦੀ ਸਫਲਤਾ ਨਿਰਭਰ ਕਰਦੀ ਹੈ, ਜੇਕਰ ਬੀਜ ਹੀ ਸਹੀ ਨਾਂ ਹੋਇਆ ਤਾਂ ਖਾਦਾਂ ,ਕੀਟਨਾਸ਼ਕ,ਉੱਲੀਨਾਸ਼ਕ ਅਤੇ ਹੋਰ ਸਮੱਗਰੀ ਤੇ ਹੋਣ ਵਾਲੇ ਖਰਚੇ ਦਾ ਬਹੁਤਾ ਫਾਇਦਾ ਨਹੀਂ ਹੁੰਦਾ।ਪੰਜਾਬ ਵਿੱਚ ਹਰ ਸਾਲ ਤਕਰੀਬਨ 30 ਲੱਖ ਹੈਕਟੇਅਰ ਰਕਬੇ ਵਿੱਚ ਝੋਨੇ ਅਤੇ ਬਾਸਮਤੀ ਅਤੇ ਤਕਰੀਬਨ 35 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ,ਜਿਸ ਲਈ 20 ਕਿਲੋ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਤਕਰੀਬਨ 5 ਲੱਖ 60 ਹਜ਼ਾਰ ਕੁਇੰਟਲ ਝੋਨਾ /ਬਾਸਮਤੀ ਅਤੇ 35 ਲੱਖ ਕੁਇੰਟਲ ਬੀਜ ਦੀ ਜ਼ਰੂਰਤ ਪੈਂਦੀ ਹੈ। ਇਸ ਬੀਜ ਦੀ ਕੀਮਤ ਔਸਤਨ ਤਕਰੀਬਨ ਤਿੰਨ ਹਜ਼ਾਰ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ 900 ਕਰੋੜ ਝੋਨੇ ਦਾ ਬੀਜ ਅਤੇ ਤਕਰੀਬਨ 875 ਕਰੋੜ ਕਣਕ ਦਾ ਬੀਜ ਹੋਣ ਕਾਰਨ ਬੀਜ ਦਾ ਕਾਰੋਬਾਰ ਪੰਜਾਬ ਵਿੱਚ ਵੱਡਾ ਵਿਉਪਾਰ ਦਾ ਰੂਪ ਲੈ ਚੁੱਕਾ ਹੈ।ਕਣਕ ਅਤੇ ਝੋਨਾ ਦੋਵੇਂ ਫਸਲਾਂ ਦਾ ਬੀਜ ਜੇਕਰ ਕਿਸਾਨ ਆਪ ਤਿਆਰ ਕਰਕੇ ਸਾਂਭ ਲਵੇ ਤਾਂ ਸਹਿਜੇ ਹੀ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਬੀਜ ਉੱਪਰ ਖਰਚ ਹੋਣ ਵਾਲੇ ਖੇਤੀ ਲਾਗਤ ਖਰਚੇ ਘਟਾਏ ਜਾ ਸਕਦੇ ਹਨ।ਝੋਨੇ ਦੀ ਕਾਸ਼ਤ ਵਿੱਚ ਕਿਸਮ ਅਤੇ ਬੀਜ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਆਮ ਕਰਕੇ ਬੀਜ ਵਿਕ੍ਰੇਤਾ ਅਤੇ ਆੜ੍ਹਤੀ ਭਰਾ ਕਿਸਾਨਾਂ ਨੂੰ ਸਬਜ਼ਬਾਗ ਦਿਖਾ ਕੇ ਗੈਰ ਸਿਫਾਰਸ਼ਸ਼ੁਦਾ ਕਿਸਮਾਂ ਦਾ ਬੀਜ, ਕਿਸਾਨਾਂ ਨੂੰ ਮਹਿੰਗੇ ਭਾਅ ਵੇਚਦੇ ਹਨ।ਪਿਛਲੇ ਸਮੇਂ ਦੌਰਾਨ ਕਈ ਉਦਾਹਰਨਾਂ ਮਿਲ ਜਾਣਗੀਆਂ ਕਿ ਕਿਸਾਨਾਂ ਵੱਲੋਂ ਬਾਜ਼ਾਰ ਵਿੱਚੋਂ ਬੀਜ ਖ੍ਰੀਦ ਕੇ ਬੀਜੀ ਫਸਲ ਵਿੱਚ ਦੋ ਤੋਂ ਵਧੇਰੇ ਕਿਸਮਾਂ ਦਾ ਮਿਸ਼ਰਣ ਨਿਕਲਦਾ ਹੈ ਜਿਸ ਕਾਰਨ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਕਿਸਾਨ,ਆਮ ਕਰਕੇ ਹਰਿਆਣੇ ਤੋਂ ਆਏ ਬੀਜ ਦੀ ਖ੍ਰੀਦ ਨੂੰ ਬਹੁਤ ਤਰਜੀਹ ਦਿੰਦੇ ਹਨ ਪਰ ਹੁਣ ਹਰਿਆਣੇ ਦੇ ਬੀਜ ਵਿੱਚ ਬਹੁਤ ਮਿਲਾਵਟ ਹੋਣ ਕਾਰਨ ਕਿਸਾਨਾਂ ਨੂੰ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ।
ਪੰਜਾਬ ਦੇ ਕਿਸਾਨ ਦਾ ਇਹ ਸੁਭਾਅ ਬਣ ਗਿਆ ਹੈ ਕਿ ਹਰ ਸਾਲ ਨਵੀਂ ਕਿਸਮ ਦਾ ਬੀਜ ਬੀਜਣਾ,ਜਿਸ ਦੇ ਚੱਕਰ ਵਿੱਚ ਬਹੁਤੀ ਵਾਰੀ ਕਿਸਾਨਾਂ ਨਾਲ ਧੋਖਾ ਹੁੰਦਾ ਹੈ।ਕਈ ਵਾਰ ਕਿਸਾਨਾਂ ਵੱਲੋਂ ਜਿਸ ਕਿਸਮ ਦਾ ਬੀਜ ਬਾਜ਼ਾਰ ਵਿੱਚੋਂ ਖ੍ਰੀਦ ਕੇ ਬੀਜਿਆ ਹੁੰਦਾ ਹੈ,ਉਸ ਕਿਸਮ ਦਾ ਨਹੀਂ ਨਿਕਲਦਾ ਜਾਂ 2-3 ਕਿਸਮਾਂ ਨਿਕਲਦੀਆਂ ਹਨ।ਇਸ ਦਾ ਮੁੱਖ ਕਾਰਨ ਬੀਜ ਉਤਪਾਦਕਾਂ ਦੁਆਰਾ ਫਸਲ ਦੀ ਕਟਾਈ ਤੋਂ ਪਹਿਲਾਂ ਕੰਬਾਇਨ ਹਾਰਵੈਸਟਰ ਦੀ ਸਫਾਈ ਨਾਂ ਕਰਨਾ,ਮੰਡੀ ਵਿਚੋਂ ਪੈਦਾਵਾਰ ਖ੍ਰੀਦ ਕੇ ਬੀਜ ਦੇ ਤੌਰ ਤੇ ਵੇਚਣਾ,ਕਟਾਈ ਤੋਂ ਪਹਿਲਾਂ ਫਸਲ ਵਿਚੋਂ ਹੋਰ ਕਿਸਮਾਂ ਦੇ ਬੂਟਿਆਂ ਦੀ ਕਟਾਈ ਨਾਂ ਕਢਵਾਉਣਾ,ਪੁਰਾਣੀ ਕਿਸਮਾਂ ਨੂੰ ਹੋਰ ਨਾਮ ਦੇ ਕੇ ਵੇਚਣਾ ਆਦਿ।ਨਵੀਆਂ ਕਿਸਮਾਂ ਦੀ ਮੰਗ ਹੋਣ ਕਾਰਨ ਕਈ ਵਾਰ ਕਿਸਾਨ ਦਾ ਆਰਥਿਕ ਸ਼ੋਸ਼ਣ ਵੀ ਹੁੰਦਾ ਹੈ ।ਕੁਝ ਅਜਿਹੀਆਂ ਕਿਸਮਾਂ ਜੋ ਪੰਜਾਬ ਲਈ ਸਿਫਾਰਸ਼ਸ਼ੁਦਾ ਨਹੀਂ ਹੁੰਦੀਆਂ ਉਨਾਂ ਨੂੰ ਪ੍ਰਾਈਵੇਟ ਅਦਾਰਿਆਂ ਵੱਲੋਂ ਕੋਈ ਨਵਾਂ ਨਾਂ ਦੇ ਕੇ ਮਹਿੰਗੇ ਭਾਅ ਵੇਚਿਆ ਜਾਂਦਾ ਹੈ।ਗੈਰ ਸਿਫਾਰਸ਼ ਸ਼ੁਦਾ ਕਿਸਮਾਂ ਦੀ ਕਾਸਤ ਨਾਲ ਜਿਥੇ ਪੈਦਾਵਾਰ ਘੱਟ ਮਿਲਦੀ ਹੈ, ਉਥੇ ਕਈ ਵਾਰ ਬਿਮਾਰੀਆਂ ਅਤੇ ਕੀੜਿਆਂ ਦਾ ਹਮਲਾ ਜ਼ਿਆਦਾ ਹੋਣ ਤੇ,ਕਿਸਾਨਾਂ ਨੂੰ ਇਨਾਂ ਬਿਮਾਰੀਆ ਅਤੇ ਕੀੜਿਆਂ ਦੀ ਰੋਕਥਾਮ ਲਈ ਵਰਤੀਆਂ ਜਾਣ ਵਾਲੀਆ ਦਵਾਈਆਂ ਤੇ ਹੋਏ ਖਰਚੇ ਕਾਰਨ ਵਾਧੂ ਆਰਥਿਕ ਨੁਕਸਾਨ ਉਠਾਉਣਾ ਪੈਂਦਾ ਹੈ।
ਉਪਰੋਕਤ ਸਮੱਸਿਆਵਾਂ ਦਾ ਇੱਕੋ ਹੱਲ ਹੈ ਕਿ ਹਰੇਕ ਕਿਸਾਨ ਆਪਣੀਆਂ ਭਵਿੱਖੀ ਜ਼ਰੂਰਤਾਂ ਨੂੰ ਮੁੱਖ ਰੱਖਦਿਆਂ ਝੋਨੇ ਅਤੇ ਬਾਸਮਤੀ ਦਾ ਬੀਜ ਆਪ ਤਿਆਰ ਕਰਨ।ਝੋਨੇ ਅਤੇ ਬਾਸਮਤੀ ਦਾ ਬੀਜ ਤਿਆਰ ਕਰਨ ਲਈ ਇਸ ਵੇਲੇ ਸਮਾਂ ਬਹੁਤ ਹੀ ਢੁਕਵਾਂ ਹੈ।ਹੁਣ ਹਰੇਕ ਕਿਸਾਨ ਨੂੰ ਪਤਾ ਹੈ ਕਿ ਝੋਨੇ ਦੀ ਕਿਹੜੀ ਕਿਸਮ ਬੇਹਤਰ ਕਾਰਜਕੁਸ਼ਲਤਾ ਦਿਖਾ ਰਹੀ ਹੈ,ਕਿਹੜੀ ਕਿਸਮ ਬਿਮਾਰੀਆ ਅਤੇ ਕੀੜਿਆਂ ਦੇ ਹਮਲੇ ਦਾ ਟਾਕਰਾ ਕਰ ਰਹੀ ਹੈ।ਅਜਿਹੀਆਂ ਕਿਸਮਾਂ ਜਿੰਨਾਂ ਦਾ ਬੇਹਤਰ ਝਾੜ ਦੇਣ ਦੀ ਸੰਭਾਵਨਾ ਹੋਵੇ ਵਿੱਚੋਂ ਕੁਝ ਰਕਬੇ ਵਿੱਚੋਂ ਉੱਚੇ ਅਤੇ ਨੀਵੇਂ ਬੂਟੇ,ਨਦੀਨਾਂ ਦੇ ਬੂਟੇ,ਜੰਗਲੀ ਝੋਨੇ ਦੇ ਬੂਟੇ ਪੁੱਟ ਦੇਣੇ ਚਾਹੀਦੇ ਹਨ।ਜੰਗਲੀ ਬੂਟੇ ਜਿੰਨਾਂ ਨੂੰ ਆਮ ਭਾਸ਼ਾ ਵਿੱਚ ਚਾੜਾ ਜਾਂ ਸਾਉਣ ਵੀ ਕਿਹਾ ਜਾਂਦਾ ਹੈ,ਝੋਨੇ ਦੀ ਫਸਲ ਦੀ ਪੈਦਾਵਾਰ ਤੇ ਬੁਰਾ ਪ੍ਰਭਾਵ ਪਾਉਂਦੇ ਹਨ।ਜੰਗਲੀ ਝੋਨੇ ਦੇ ਬੂਟੇ ਕਿਸੇ ਨਦੀਨਨਾਸ਼ਕ ਦਵਾਈ ਨਾ ਵੀ ਨਹੀਂ ਮਰਦੇ।ਇਨਾਂ ਦਾ ਬੀਜ ਬਹੁਤ ਸਖਤ ਹੁੰਦਾ ਹੈ ਜੋ ਜ਼ਮੀਨ ਵਿੱਚ ਹੀ ਪਿਆ ਰਹਿੰਦਾ ਹੈ ਅਤੇ ਮੌਸਮ ਆਉਣ ਤੇ ਝੋਨੇ ਦੇ ਖੇਤਾਂ ਵਿੱਚ ਉੱਗ ਪੈਂਦਾ ਹੈ।ਜੇਕਰ ਜੰਗਲੀ ਝੋਨੇ ਦੇ ਬੂਟੇ ਚਾਰੇ ਦੇ ਤੌਰ ਤੇ ਪਸ਼ੂਆਂ ਨੂੰ ਦਿੱਤੇ ਜਾਣ ਤਾਂ ਬੀਜ ਗੋਬਰ ਰਾਹੀਂ ਖੇਤਾਂ ਵਿੱਚ ਦੁਬਾਰਾ ਚਲੇ ਜਾਂਦੇ ਹਨ।ਇਸ ਲਈ ਇਸ ਸਮੇਂ ਜਿੰਨੇ ਵੀ ਜੰਗਲੀ ਝੋਨੇ ਦੇ ਬੂਟੇ ਖੇਤਾਂ ਵਿੱਚ ਬੂਟੇ ਖੜੇ ਹਨ ਨੂੰ ਜਲਦੀ ਤੋਂ ਜਲਦੀ ਪੁੱਟ ਕੇ ਨਸ਼ਟ ਕਰ ਦੇਣੇ ਚਾਹੀਦੇ ਹਨ।ਇਹ ਬੂਟੇ ਮੁੰਜਰਾਂ ਸਮੇਤ ਪਸ਼ੂਆ ਨੂੰ ਚਾਰੇ ਦੇ ਤੌਰ ਤੇ ਨਾਂ ਖਵਾਏ ਜਾਣ।ਇਸੇ ਤਰਾਂ ਇਸ ਸਮੇਂ ਝੋਨੇ ਦੀ ਫਸਲ ਵਿੱਚ ਖੜੇ ਨਦੀਨਾਂ ਦੇ ਪੌਦਿਆਂ ਨੂੰ ਬੀਜ ਪੱਕਣ ਤੋਂ ਪਹਿਲਾਂ ਪੁੱਟ ਕੇ ਨਸ਼ਟ ਕਰ ਦੇਣਾ ਚਾਹੀਦਾ ਹੈ ਤਾਂ ਜੋ ਅਗਲੀ ਝੋਨੇ ਦੀ ਫਸਲ ਵਿੱਚੋਂ ਨਦੀਨਾਂ ਨੂੰ ਖਤਮ ਕੀਤਾ ਜਾ ਸਕੇ।ਇਸ ਵਕਤ ਜੋ ਨਦੀਨਾਂ ਦੇ ਬੂਟੇ ਖੇਤਾਂ ਵਿੱਚ ਖੜੇ ਹਨ ਉਨਾਂ ਵਿੱਚ ਨਦੀਨਨਾਸ਼ਕਾਂ ਪ੍ਰਤੀ ਸਹਿਨਸ਼ਕਤੀ ਪੈਦਾ ਹੋ ਗਈ ਹੈ ਜਿਸ ਕਾਰਨ ਉਹ ਨਦੀਨਨਾਸ਼ਕਾਂ ਨਾਲ ਖਤਮ ਨਹੀਂ ਹੋਏ।ਨਦੀਨਾਂ ਦੀ ਰੋਕਥਾਮ ਲਈ ਸਿਰਫ ਨਦੀਨਨਾਸ਼ਕਾਂ ਤੇ ਨਿਰਭਰ ਨਹੀਂ ਰਹਿਣਾ ਚਾਹੀਦਾ।ਨਦੀਨਾਂ ਦੀ ਰੋਖਥਾਮ ਲਈ ਇਸ ਵਕਤ ਖੇਤਾਂ ਵਿੱਚ ਜਿੰਨੇ ਵੀ ਪੌਦੇ ਹਨ ,ਨੂੰ ਪੁੱਟ ਕੇ ਬਾਹਰ ਕੱਢ ਦੇਣਾ ਚਾਹੀਦਾ।
ਬਾਸਮਤੀ ਦਾ ਬੀਜ ਤਿਆਰ ਕਰਨ ਲਈ ਬਹੁਤ ਹੀ ਢੁਕਵਾਂ ਸਮਾਂ ਹੈ ਕਿਉਂਕਿ ਫਸਲ ਨਿਸਰਣ ਤੇ ਆਉਣ ਕਾਰਨ ਉੱਚੇ ਕੱਦ ਵਾਲੇ,ਸਾਉਣ ਜਾਂ ਚਾੜਾ ਬੂਟਿਆਂ ਦੀ ਪਹਿਚਾਣ ਸੌਖਿਆਂ ਕੀਤੀ ਜਾ ਸਕਦੀ ਹੈ।ਬਾਸਮਤੀ ਦਾ ਬੀਜ ਪੈਦਾ ਕਰਨ ਲਈ,ਜਦੋਂ ਬੀਜ ਪੈਦਾ ਕਰਨ ਵਾਲੀ ਬਾਸਮਤੀ ਦੀ ਫਸਲ ਗੱਭ ਭਰਨ ਦੀ ਸਥਿਤੀ ਤੇ ਹੋਵੇ ਤਾਂ 200 ਮਿ.ਲਿ. ਪ੍ਰੋਪੀਕੋਨਾਜ਼ੋਲ 20 ਈ ਸੀ ਜਾਂ 200 ਮਿ.ਲਿ. ਟੈਬੂਕੋਨਾਜ਼ੋਲ ਜਾਂ 80 ਗਰਾਮ ਨੈਟੀਵੋ 75 ਡਬਲਿਯੂ ਜੀ ਜਾਂ ਲਸਚਰ 37.5 ਐਸ ਈ 320 ਮਿ.ਲਿ. ਜਾਂ 200 ਮਿ.ਲਿ. ਪੈਨਸਾਈਕੂਰੋਨ 250 ਐਸ ਸੀ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ ਤਾਂ ਜੋ ਰੋਗ ਰਹਿਤ ਬੀਜ ਤਿਆਰ ਕੀਤਾ ਜਾ ਸਕੇ।ਫਸਲ ਪੱਕਣ ਤੇ ਬੀਜ ਵਾਲੀ ਫਸ ਦੀ ਕਟਾਈ ਹੱਥ ਨਾਲ ਕਰਨੀ ਚਾਹੀਦੀ ਹੈ ਅਤੇ ਝੰਬ ਕੇ ਨਰੋਇਆ ਅਤੇ ਸਿਹਤਮੰਦ ਬੀਜ ਸਾਂਭ ਲੈਣਾ ਚਾਹੀਦਾ।ਕਿਸੇ ਵੀ ਫਸਲ ਦਾ ਬੀਜ ਖੇਤੀਬਾੜੀ ਵਿਭਾਗ ,ਪੀ.ਏ,ਯੂ. ਜਾਂ ਕਿਸੇ ਲਾਇਸੰਸਧਾਰੀ ਬੀਜ ਵਿਕ੍ਰੇਤਾ ਤੋਂ ਹੀ ਖ੍ਰੀਦਣਾ ਚਾਹੀਦਾ,ਆੜਤੀ ਤੋਂ ਬੀਜ ਖ੍ਰੀਦਣ ਤੋਂ ਗੁਰੇਜ਼ ਕਰਨਾ ਚਾਹੀਦਾ । ਬੀਜ ਖ੍ਰੀਦਣ ਸਮੇਂ ਬਿੱਲ ਲੈ ਕੇ ਉਸ ਨੂੰ ਸਾਂਭ ਲੈਣਾ ਚਾਹੀਦਾ।ਇਸ ਤੋਂ ਇਲਾਵਾ ਬੀਜ ਵਾਲ ਬੈਗ ਅਤੇ ਇੱਕ ਕਿਲੋ ਬੀਜ ਦਾ ਨਮੂਨਾ ਵੀ ਸਾਂਭ ਲੈਣਾ ਚਾਹੀਦਾ ਤਾਂ ਜੋ ਜੇਕਰ ਬਾਅਦ ਵਿੱਚ ਕੋਈ ਸਮੱਸਿਆ ਆਵੇ ਤਾਂ ਕੋਈ ਕਾਰਵਾਈ ਕੀਤੀ ਜਾ ਸਕੇ।ਇਹ ਵੀ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਘਰੇਲੂ ਪੱਧਰ ਤੇ ਝੋਨੇ/ਬਾਸਮਤੀ ਦਾ ਬੀਜ ਸੰਭਾਲ ਕੇ ਰੱਖਿਆ ਹੈ ਤਾਂ ਉਸ ਦੀ ਖੇਤੀਬਾੜੀ ਵਿਭਾਗ ਦੀਆਂ ਬੀਜ ਪਰਖ ਪ੍ਰਯੋਗਸ਼ਾਲਾਵਾਂ ਤੋਂ ਪਰਖ ਕਰਵਾ ਲਈ ਜਾਵੇ ਜਿਸ ਦੀ ਪ੍ਰਤੀ ਸੈਂਪਲ 15/-ਰੁਪਏ ਫੀਸ ਹੈ।
ਡਾ ਅਮਰੀਕ ਸਿੰਘ (ਸਟੇਟ ਅਵਾਰਡੀ)
ਬਲਾਕ ਖੇਤੀਬਾੜੀ ਅਫਸਰ,
ਪਠਾਨਕੋਟ(9463071919)
29 Sept. 2018