Dr Gurumail Sidhu

ਬ੍ਰਹਿਮੰਡੀ ਕਣ : ਰੱਬੀ-ਕਣ ਦਾ ਰਹੱਸ - ਡਾ. ਗੁਰੂਮੇਲ ਸਿੱਧੂ

ਪ੍ਰੋਫ਼ੈਸਰ ਮੋਹਨ ਸਿੰਘ ਨੇ ਆਪਣੀ ਪਹਿਲੀ ਪੁਸਤਕ 'ਚਾਰ ਹੰਝੂ' ਦੀ ਪਹਿਲੀ ਕਵਿਤਾ ਦੇ ਸ਼ੁਰੂ ਵਿਚ ਇਕ ਰੁਬਾਈ ਲਿਖੀ ਸੀ :

ਰੱਬ ਇਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ।
ਖੋਲ੍ਹਣ ਲੱਗਿਆਂ ਪੇਚ ਏਸ ਦੇ, ਕਾਫ਼ਰ ਹੋ ਜਾਏ ਬੰਦਾ।
ਕਾਫ਼ਰ  ਹੋਣੋਂ  ਡਰ ਕੇ ਜੀਵੇਂ, ਖੋਜੋਂ ਮੂਲ ਨਾ ਖੁੰਝੀਂ।
ਲਾਈਲੱਗ  ਮੋਮਨ  ਦੇ  ਕੋਲੋਂ, ਖੋਜੀ  ਕਾਫ਼ਰ  ਚੰਗਾ।

        ਬ੍ਰਹਿਮੰਡ ਦੇ ਆਗਾਜ਼ ਤੋਂ ਹੀ ਰੱਬ ਵਾਕਈ ਇਕ ਗੋਰਖ ਧੰਦਾ ਬਣਿਆ ਹੋਇਆ ਹੈ। ਇਸ ਨੂੰ ਲੱਭਣ ਲਈ ਸਾਰੇ ਧਰਮ ਸਦੀਆਂ ਤੋਂ ਟੱਕਰਾਂ ਮਾਰ ਰਹੇ ਹਨ, ਪਰ ਰੱਬ ਦਾ ਅਜੇ ਤਕ ਕੋਈ ਥਹੁ ਪਤਾ ਨਹੀਂ ਮਿਲਿਆ। ਜਦ ਕੋਈ ਚੀਜ਼ ਘਾਲਣਾ ਕਰਨ ਤੋਂ ਬਾਅਦ ਵੀ ਨਾ ਲੱਭੇ ਤਾਂ ਉਸ ਦੀ ਹੋਂਦ ਤੋਂ ਮੁਨਕਰ ਹੋਣਾ ਸੁਭਾਵਿਕ ਹੈ। ਪਰ ਰੱਬ ਇਕ ਐਸੀ ਗੁੰਝਲਦਾਰ ਬੁਝਾਰਤ ਹੈ ਜਿਸ ਨੂੰ ਸਦੀਆਂ ਤੋਂ ਲੱਭ ਰਹੇ ਧਰਮਾਂ ਦੇ ਬੰਦੇ ਇਸ ਦੀ ਹੋਂਦ ਤੋਂ ਮੁਨਕਰ ਨਹੀਂ ਹੋਏ ਕਿਉਂਕਿ ਉਹ ਕਾਫ਼ਰ ਕਹਾਉਣ ਤੋਂ ਡਰਦੇ ਹਨ। ਮੋਹਨ ਸਿੰਘ ਹੋਰੀਂ ਕਹਿੰਦੇ ਹਨ ਕਿ ਕਾਫ਼ਰ ਕਹਾਉਣ ਦੇ ਡਰ ਨਾਲੋਂ ਤਾਂ ਬਿਹਤਰ ਇਹ ਹੈ ਕਿ ਮਨੁੱਖ ਕਾਫ਼ਰ ਬਣ ਕੇ ਆਪਣੇ ਮਕਸਦ ਦੀ ਭਾਲ ਵਿਚ ਨਿਰੰਤਰ ਜੁਟਿਆ ਰਹੇ। ਅੰਨ੍ਹੇਵਾਹ ਰੱਬ ਨੂੰ ਮੰਨਣ ਵਾਲੇ ਮੋਮਨ ਨਾਲੋਂ ਖੋਜੀ ਕਾਫ਼ਰ ਚੰਗਾ ਹੁੰਦਾ ਹੈ। ਵਿਗਿਆਨੀਆਂ ਨੂੰ ਰੱਬ ਦੀ ਹੋਂਦ ਤੋਂ ਮੁਨਕਰ ਹੋਣ ਕਰਕੇ ਅਕਸਰ ਕਾਫ਼ਰ ਗਰਦਾਨਿਆ ਜਾਂਦਾ ਹੈ। ਫਿਰ ਵੀ ਉਹ ਸਿੱਧੇ ਅਸਿੱਧੇ ਤੌਰ 'ਤੇ ਬ੍ਰਹਿਮੰਡ ਦੀ ਖੋਜ ਵਿਚ ਡਟੇ ਰਹਿੰਦੇ ਹਨ (ਧਰਮਾਂ ਮੁਤਾਬਿਕ ਬ੍ਰਹਿਮੰਡ ਨੂੰ ਰੱਬ ਨੇ ਸਾਜਿਆ ਹੈ)। ਵਿਗਿਆਨੀ ਇਉਂ ਰੱਬ ਦੀ ਖੋਜ ਵਿਚ ਹੀ ਰੁੱਝੇ ਹੋਏ ਹਨ। ਉੱਘਾ ਵਿਗਿਆਨੀ ਆਇੰਸਟਾਈਨ ਵੀ ਸਮੇਂ ਅਤੇ ਸਥਾਨ ਦੇ ਸੰਕਲਪ ਨੂੰ ਲੱਭਣ ਦਾ ਯਤਨ ਕਰਦਿਆਂ ਇਕ ਤਰ੍ਹਾਂ ਰੱਬ ਦੀ ਖੋਜ ਹੀ ਕਰ ਰਿਹਾ ਸੀ। ਜੇ ਸਾਨੂੰ ਇਹ ਪਤਾ ਲੱਗ ਜਾਏ ਕਿ ਸਮਾਂ ਅਤੇ ਸਥਾਨ ਹੋਏ ਤਾਂ ਬ੍ਰਹਿਮੰਡ ਦੀ ਸ਼ੁਰੂਆਤ ਦਾ ਆਪੇ ਪਤਾ ਲੱਗ ਜਾਵੇਗਾ ਅਤੇ ਜੇ ਬ੍ਰਹਿਮੰਡ ਨੂੰ ਰੱਬ ਨੇ ਸਾਜਿਆ ਹੈ ਤਾਂ ਉਸ ਦਾ ਭੇਤ ਵੀ ਖੁੱਲ੍ਹ ਜਾਵੇਗਾ।
       ਆਇੰਸਟਾਈਨ ਤੋਂ ਲੈ ਕੇ ਹੁਣ ਤਕ ਭੌਤਿਕ ਵਿਗਿਆਨੀ ਬ੍ਰਹਿਮੰਡ ਦੇ ਆਗਾਜ਼ ਨੂੰ ਭਾਲਣ ਵਿਚ ਲੱਗੇ ਹੋਏ ਹਨ। ਉਨ੍ਹਾਂ ਦਾ ਤਰੀਕਾ ਧਰਮ ਦੇ ਖੋਜੀਆਂ ਨਾਲੋਂ ਵੱਖਰਾ ਹੈ। ਉਹ ਰੱਬ ਨੂੰ ਜੰਗਲ ਬੇਲਿਆਂ, ਦਰਗਾਹਾਂ ਖਾਨਗਾਹਾਂ, ਟਿੱਲੇ ਟਿੱਬਿਆਂ ਜਾਂ ਧਰਮ ਸਥਾਨਾਂ ਵਿਚੋਂ ਨਹੀਂ ਲੱਭਦੇ। ਉਹ ਤਾਂ ਸਿੱਧਾ ਕਾਦਰ ਦੀ ਕੁਦਰਤ ਦੀ ਫੋਲਾ-ਫਾਲੀ ਕਰਕੇ ਉਸ ਵਿਚੋਂ ਭਾਲਦੇ ਹਨ ਜੋ ਮਾਦੇ (Matter) ਦੀ ਬਣੀ ਹੋਈ ਹੈ। ਇਸ ਲਈ ਮਾਦੇ ਦੀ ਬਣਤਰ ਨੂੰ ਜਾਨਣਾ ਬਹੁਤ ਜ਼ਰੂਰੀ ਹੈ। ਹੁਣ ਤਕ ਵਿਗਿਆਨੀਆਂ ਨੇ ਇਹ ਪਤਾ ਲਗਾ ਲਿਆ ਹੈ ਕਿ ਮਾਦਾ ਪਰਮਾਣੂਆਂ, ਉਪ-ਪਰਮਾਣੂਆਂ ਅਤੇ ਸੂਖ਼ਮ ਪਰਮਾਣੂਆਂ ਦਾ ਬਣਿਆ ਹੋਇਆ ਹੈ। ਖੋਜੀਆਂ ਦੀ ਬਿਰਤੀ ਇਕ ਬੱਚੇ ਵਾਂਗ ਹੁੰਦੀ ਹੈ ਜੋ ਬਾਤ ਸੁਣਦਿਆਂ ਕਹਿੰਦਾ ਰਹਿੰਦਾ ਹੈ, ''ਫੇ ਕੀ ਹੋਇਆ!'' ਵਿਗਿਆਨੀ ਵੀ 'ਫੇ ਕੀ ਫੇ ਕੀ' ਲੱਭਦੇ ਲੱਭਦੇ ਇਸ ਨਤੀਜੇ ਤਕ ਪਹੁੰਚੇ ਹਨ ਕਿ ਮਾਦੇ ਦੀ ਨਾਭ ਵਿਚ ਇਕ ਅਜਿਹਾ ਕਣ ਹੋਣਾ ਚਾਹੀਦਾ ਹੈ ਜੋ ਮਾਦੇ ਨੂੰ ਆਕਾਰ ਜਾਂ ਪੁੰਜ (Mass) ਬਖ਼ਸ਼ਦਾ ਹੈ। ਉਨ੍ਹਾਂ ਦੀ ਖੋਜ ਦਾ ਤਾਜ਼ਾ ਪ੍ਰਮਾਣ 4 ਜੁਲਾਈ 2012 ਨੂੰ ਕੀਤੇ ਗਏ ਇਸ ਐਲਾਨ ਤੋਂ ਮਿਲਦਾ ਹੈ ਕਿ ਸੂਖ਼ਮ ਕਣ ਲੱਭ ਲਿਆ ਹੈ। ਖ਼ਬਰ ਅਨੁਸਾਰ ਰੱਬ ਸਦੀਆਂ ਤੋਂ ਲੁਕ ਕੇ ਇਕ ਸੂਖ਼ਮ ਜਿਹੇ ਕਣ ਵਿਚ ਬੈਠਾ ਸੀ ਜਿਸ ਨੂੰ ਹਿੱਗਜ਼ ਬੋਸੋਨ (Higgs Boson) ਜਾਂ ਰੱਬੀ-ਕਣ (God particle) ਦਾ ਨਾਂ ਦਿੱਤਾ ਹੈ। ਇਸ ਰੱਬ ਦੀ ਪਰਿਭਾਸ਼ਾ ਧਰਮ ਨਾਲ ਨਹੀਂ, ਵਿਗਿਆਨ ਨਾਲ ਜੁੜੀ ਹੋਈ ਹੈ। ਹੁਣ ਸਵਾਲ ਇਹ ਹੈ ਕਿ ਵਿਗਿਆਨੀਆਂ ਨੇ ਆਪਣਾ ਰੱਬ ਕਿਵੇਂ ਲੱਭਿਆ?
      ਵਿਗਿਆਨੀਆਂ ਦੀਆਂ ਦੋ ਵੱਖ ਵੱਖ ਸੰਸਥਾਵਾਂ- ਅਮਰੀਕਾ ਦੀ 'ਫਰਮੀਲੈਬ' ਅਤੇ ਯੂਰੋਪ ਦੀ 'ਯੂਰੋਪੀਅਨ ਔਰਗੇਨਾਈਜ਼ੇਸ਼ਨ ਫਾਰ ਨਿਊਕਲੀਅਰ ਰਿਸਰਚ' (CERN) ਨੇ ਵੱਖੋ-ਵੱਖ ਤਜ਼ਰਿਬਆਂ ਰਾਹੀਂ ਇਕੋ ਜਿਹੇ ਨਤੀਜੇ ਕੱਢੇ ਜਿਨ੍ਹਾਂ ਦੇ ਆਧਾਰ 'ਤੇ ਰੱਬੀ-ਕਣ ਦੀ ਸੂਹ ਲੱਗੀ ਹੈ। ਇਸ ਕਣ ਦੀ ਕਲਪਨਾ ਚਾਰ ਦਹਾਕੇ ਪਹਿਲਾਂ ਕਈ ਭੌਤਿਕ ਵਿਗਿਆਨੀਆਂ ਨੇ ਕੀਤੀ ਸੀ ਜਿਨ੍ਹਾਂ ਵਿਚੋਂ ਇੰਗਲੈਂਡ ਦੇ ਵਿਗਿਆਨੀ ਪੀਟਰ ਹਿੱਗਜ਼ (1964) ਦਾ ਮੋਹਰੀ ਭੂਮਿਕਾ ਮੰਨੀ ਜਾਂਦੀ ਹੈ। ਬ੍ਰਹਿਮੰਡ ਦੇ ਆਗਾਜ਼ ਬਾਰੇ ਵਿਗਿਆਨ ਦੀ ਮਨੌਤ ਇਹ ਹੈ ਕਿ ਇਸ ਦੀ ਸ਼ੁਰੂਆਤ 13.7 ਅਰਬ ਸਾਲ ਪਹਿਲਾਂ 'ਮਹਾਂ ਧਮਾਕੇ' (Big Bang) ਰਾਹੀਂ ਹੋਈ। ਮਨੌਤ ਓਦੋਂ ਤਕ ਸਿਧਾਂਤ ਨਹੀਂ ਬਣਦੀ ਜਦੋਂ ਤੱਕ ਇਸ ਦਾ ਪ੍ਰਮਾਣ ਨਾ ਮਿਲ ਜਾਵੇ। ਅਜੋਕੇ ਤਜਰਬੇ 'ਮਹਾਂ ਧਮਾਕੇ' ਦਾ ਪ੍ਰਮਾਣ ਲੱਭਣ ਦਾ ਯਤਨ ਹਨ। ਇਹ ਤਜ਼ਰਬਾ ਫਰਾਂਸ-ਸਵਿਟਜ਼ਰਲੈਂਡ ਦੀ ਸਰਹੱਦ ਹੇਠਾਂ ਬਣਾਏ ਗਏ ਲਾਰਜ ਹੈਡਰੌਨ ਕੋਲਾਈਡਰ (ਐੱਲਐੱਚਸੀ) ਵਿਚ ਕੀਤਾ ਗਿਆ। ਲਾਰਜ ਹੈਡਰੌਨ ਕੋਲਾਈਡਰ ਵੱਡ-ਆਕਾਰੀ ਵਿਗਿਆਨਕ ਯੰਤਰ ਹੈ ਜੋ 175 ਮੀਟਰ ਧਰਤੀ ਹੇਠਾਂ 17 ਮੀਲ ਲੰਬੀ ਘੇਰੇਦਾਰ ਟਿਊਬ ਦਾ ਬਣਿਆ ਹੈ। ਟਿਊਬ ਦੇ ਅੰਦਰ ਖਲਾਅ ਜਾਂ ਸੁੰਨ ਵਰਗੀ ਸਥਿਤੀ ਪੈਦਾ ਕਰਨ ਲਈ ਤਾਕਤਵਰ ਚੁੰਬਕ ਲੱਗੇ ਹੋਏ ਹਨ। ਇਹ ਬਿਜਲੀ ਦੀਆਂ ਘੇਰੇਦਾਰ ਤਾਰਾਂ ਦੇ ਬਣੇ ਹੋਣ ਕਰਕੇ ਬਹੁਤ ਗਰਮ ਹੋ ਸਕਦੇ ਹਨ। ਇਨ੍ਹਾਂ ਨੂੰ ਠੰਢਾ ਰੱਖਣ ਲਈ ਤਰਲ ਹੀਲੀਅਮ ਵਰਤੀ ਜਾਂਦੀ ਹੈ ਜਿਸ ਨਾਲ ਟਿਊਬ ਦੇ ਅੰਦਰਲਾ ਤਾਪਮਾਨ ਖਲਾਅ ਦੇ ਤਾਪਮਾਨ ਨਾਲੋਂ -271 ਡਿਗਰੀ ਸੈਂਟੀਗ੍ਰੇਡ ਘੱਟ ਹੋ ਜਾਂਦਾ ਹੈ। ਭਾਵ ਟਿਊਬ ਅੰਦਰ 'ਮਹਾਂ ਧਮਾਕੇ' ਵਰਗਾ ਵਾਤਾਵਰਣ ਪੈਦਾ ਕਰ ਲਿਆ ਜਾਂਦਾ ਹੈ। ਟਿਊਬ ਦੇ ਅੰਦਰ ਇਕ ਖ਼ਾਸ ਥਾਂ ਤੋਂ ਵਿਰੋਧੀ ਦਿਸ਼ਾਵਾਂ ਵੱਲ ਰੌਸ਼ਨੀ ਦੀ ਰਫ਼ਤਾਰ ਨਾਲ (299,792,458 ਮੀਲ ਪ੍ਰਤੀ ਸਕਿੰਟ), ਪ੍ਰੋਟੋਨਜ਼ ਦੇ ਕਣਾਂ ਦੀ ਧਾਰਾ ਛੱਡੀ ਜਾਂਦੀ ਹੈ (ਪ੍ਰੋਟੋਨ ਪ੍ਰਮਾਣੂ ਦਾ ਕੇਂਦਰੀ ਜੁਜ਼ ਹੈ)। ਮੂਲ ਮਕਸਦ ਪ੍ਰੋਟੋਨਜ਼ ਨੂੰ ਆਪਸ ਵਿਚੀ ਟਕਰਾਉਣ ਦਾ ਸੀ ਤਾਂ ਕਿ ਇਨ੍ਹਾਂ ਨੂੰ ਪਾੜ ਕੇ ਅੰਦਰਲੇ ਸੂਖ਼ਮ ਕਣਾਂ ਦਾ ਜਾਇਜ਼ਾ ਲਿਆ ਜਾ ਸਕੇ। ਪ੍ਰੋਟੋਨਜ਼ ਖ਼ੁਦ ਐਨੇ ਛੋਟੇ ਕਣ ਹਨ ਕਿ ਇਨ੍ਹਾਂ ਦਾ ਆਪਸ ਵਿਚ ਟਕਰਾਉਣਾ ਓਨਾ ਹੀ ਅਸੰਭਵ ਹੈ ਜਿੰਨਾ ਦੋ ਪਾਸਿਆਂ ਤੋਂ ਛੱਡੀਆਂ ਦੋ ਸੂਈਆਂ ਦੇ ਤਿੱਖੇ ਸਿਰਿਆਂ ਦਾ ਇਕ ਦੂਜੇ ਵਿਚ ਸਿੱਧਾ ਵੱਜਣਾ, ਪਰ ਸਿਧਾਂਤਕ ਤੌਰ 'ਤੇ ਇਹ ਅਸੰਭਵ ਨਹੀਂ। ਪੀਟਰ ਹਿੱਗਜ਼ ਨੇ 1964 ਵਿਚ ਇਹ ਮਨੌਤ ਪੇਸ਼ ਕੀਤੀ ਕਿ ਹੁਣ ਤਕ ਲੱਭੇ ਜਾ ਚੁੱਕੇ ਪਰਮਾਣੂ ਵਿਚਲੇ ਕਣਾਂ (ਪ੍ਰੋਟੋਨਜ਼, ਇਲੈਕਟ੍ਰੋਨਜ਼, ਨਿਊਟਰੌਨਜ਼, ਫਰਮਿਓਨਜ਼ ਅਤੇ ਕੁਆਰਕਸ) ਨਾਲੋਂ ਵੀ ਇਕ ਸੂਖ਼ਮ ਕਣ ਹੋਣਾ ਚਾਹੀਦਾ ਹੈ ਜੋ ਮਾਦੇ ਨੂੰ ਪੁੰਜ ਬਖ਼ਸ਼ਦਾ ਹੈ। ਪੁੰਜ ਬ੍ਰਹਿਮੰਡ ਵਿਚਲੇ ਮਾਦੇ ਦੇ ਭਾਰ ਦਾ ਸਾਧਨ ਬਣਦਾ ਹੈ। ਪੁੰਜ ਕਿਸੇ ਵਸਤੂ ਦੇ ਮਾਦੇ ਦੇ ਮਾਪ ਨੂੰ ਵਿਅਕਤ ਕਰਦਾ ਹੈ ਅਤੇ ਭਾਰ ਉਸੇ ਵਸਤੂ ਦੀ ਧਰਤੀ ਵੱਲ ਨੂੰ ਖਿੱਚ ਦਾ ਸੂਚਕ ਹੈ। ਬ੍ਰਹਿਮੰਡ ਦੇ ਨਿਕਾਸ ਅਤੇ ਵਿਕਾਸ ਵਿਚ ਪੁੰਜ ਦੀ ਭਾਰ ਨਾਲੋਂ ਵੱਧ ਅਹਿਮੀਅਤ ਹੈ। ਜੇ ਪੁੰਜ ਨਾ ਹੁੰਦਾ ਤਾਂ ਸਾਰੇ ਕਣ ਬ੍ਰਹਿਮੰਡ ਵਿਚ ਰੌਸ਼ਨੀ ਦੀ ਰਫ਼ਤਾਰ ਨਾਲ ਘੁੰਮਦੇ ਰਹਿੰਦੇ, ਨਾ ਪਰਮਾਣੂ ਬਣਦੇ ਤੇ ਨਾ ਬ੍ਰਹਿਮੰਡ ਹੋਂਦ ਵਿਚ ਆਉਂਦਾ। ਹੁਣ ਇਸ ਸਵਾਲ ਦਾ ਉੱਤਰ ਲੱਭਦੇ ਹਾਂ ਕਿ ਬ੍ਰਹਿਮੰਡ ਕਿਵੇਂ ਹੋਂਦ ਵਿਚ ਆਇਆ? ਪ੍ਰਚੱਲਿਤ ਸਿਧਾਂਤ ਅਨੁਸਾਰ ਬ੍ਰਹਿਮੰਡ 'ਮਹਾਂ ਧਮਾਕੇ' ਕਾਰਨ ਹੋਂਦ ਵਿਚ ਆਇਆ।


ਮਹਾਂ-ਧਮਾਕਾ ਜਾਂ ਬਿੱਗ ਬੈਂਗ

ਮਹਾਂ-ਧਮਾਕਾ ਕੋਈ 13-14 ਅਰਬ ਸਾਲ ਪਹਿਲਾਂ ਹੋਇਆ। ਸਭ ਤੋਂ ਪਹਿਲਾਂ ਮਹਾਂ-ਧਮਾਕੇ ਦੀ ਮਨੌਤ ਬੈਲਜੀਅਮ ਦੇ ਇਕ ਪਾਦਰੀ ਜਾਕਸ਼ ਲੂਮੇਟ ਨੇ ਵੀਹਵੀਂ ਸਦੀ ਦੇ ਦੂਜੇ ਦਹਾਕੇ ਵਿਚ ਪੇਸ਼ ਕੀਤੀ ਸੀ। ਉਸ ਅਨੁਸਾਰ ਬ੍ਰਹਿਮੰਡ ਦਾ ਆਗਾਜ਼ ਇਕ ਅਤਿ ਸੂਖ਼ਮ ਬੁਨਿਆਦੀ ਇਕਾਈ ਤੋਂ ਹੋਇਆ। ਇਸ ਤੋਂ ਪਹਿਲਾਂ ਕੁਝ ਵੀ ਨਹੀਂ ਸੀ। ਨਾ ਸਮਾਂ ਸੀ ਅਤੇ ਨਾ ਹੀ ਸਥਾਨ ਦਾ ਕੋਈ ਸੰਕਲਪ ਸੀ, ਕੇਵਲ ਸੁੰਨ ਸੀ।
      ਉਂਜ, ਇਸ ਸਵਾਲ ਦਾ ਉੱਤਰ ਲੱਭਣਾ ਕਿ ਬੁਨਿਆਦੀ ਕਣ ਕਿਵੇਂ ਅਤੇ ਕਿੱਥੋਂ ਆ ਕੇ ਖਲਾਅ ਵਿਚ ਅਟਕਿਆ, ਮਹਿਜ਼ ਖਿਆਲੀ ਪਲਾਉ ਪਕਾਉਣ ਵਾਂਗ ਹੈ ਜੋ ਵਿਗਿਆਨ ਦੇ ਘੇਰੇ ਤੋਂ ਬਾਹਰ ਹੈ। ਪਰ ਅਖੌਤੀ ਸਾਧੂ ਸੰਤਾਂ, ਸੁਆਮੀਆਂ ਅਤੇ ਮਹੰਤਾਂ ਲਈ ਠੱਗੀ-ਠੋਰੀ ਮਾਰਨ ਦਾ ਵਧੀਆ ਸਾਧਨ ਹੈ ਅਤੇ ਵਿਹਲੜਾਂ ਲਈ ਝਸ ਪੂਰਾ ਕਰਨ ਦੀ ਬਾਣ ਹੈ। ਵਿਗਿਆਨੀ ਮੰਨਦੇ ਹਨ ਕਿ ਮਹਾਂ-ਧਮਾਕਾ ਹੋਇਆ ਜਿਸ ਦੇ ਫਲਸਰੂਪ ਇਹ ਸ੍ਰਿਸ਼ਟੀ ਹੋਂਦ ਵਿਚ ਆਈ। ਬ੍ਰਹਿਮੰਡ ਵਿਚੋਂ ਮਹਾਂ-ਧਮਾਕੇ ਦੇ ਪ੍ਰਮਾਣ ਮਿਲਦੇ ਹਨ। ਜੋ ਹੋਂਦ ਵਿਚ ਆ ਚੁੱਕਿਆ ਹੈ ਸਾਨੂੰ ਉਸ ਬਾਰੇ ਜਾਨਣ ਦੀ ਉਤਸੁਕਤਾ ਹੋਣੀ ਚਾਹੀਦੀ ਹੈ ਨਾ ਕਿ ਉਸ ਬਾਰੇ ਜਿਸ ਦੀ ਕੋਈ ਹੋਂਦ ਹੀ ਨਹੀਂ।
       ਬੁਨਿਆਦੀ ਇਕਾਈ ਦੇ ਫਟਣ ਨਾਲ ਇਸ ਦੇ ਅੰਦਰਲੇ ਕਣ ਚਾਰ-ਚੁਫ਼ੇਰੇ ਖਲਾਅ ਵਿਚ ਫੈਲਣੇ ਸ਼ੁਰੂ ਹੋਏ। ਇਸ ਮਨੌਤ ਨੂੰ ਐਡਵਿਨ ਹੱਬਲ ਦੀ 'ਬ੍ਰਹਿਮੰਡੀ ਮਨੌਤ' ਨੇ ਅੱਗੇ ਤੋਰਿਆ ਜਿਸ ਅਨੁਸਾਰ ਇਹ ਬ੍ਰਹਿਮੰਡ ਅਜੇ ਵੀ ਲਗਾਤਾਰ ਚੱਤੋ-ਪਹਿਰ ਚੌਹੀਂ ਪਾਸੀਂ ਰੌਸ਼ਨੀ ਦੀ ਰਫ਼ਤਾਰ ਨਾਲ ਫੈਲ ਰਿਹਾ ਹੈ। ਇਸ ਮਨੌਤ ਦੀ ਪੁਸ਼ਟੀ ਹੱਬਲ ਦੂਰਬੀਨ ਰਾਹੀਂ ਹੋਈ ਜਿਸ ਦਾ ਨਾਂ ਇਸੇ ਵਿਗਿਆਨੀ ਦੇ ਨਾਂ 'ਤੇ ਰੱਖਿਆ ਗਿਆ ਹੈ। ਹੱਬਲ ਦੂਰਬੀਨ ਸਕੂਲ ਬੱਸ ਜਿੰਨੀ ਲੰਮੀ ਅਤੇ ਦੋ ਕੁ ਹਾਥੀਆਂ ਜਿੰਨੀ ਭਾਰੀ ਹੈ। ਇਸ ਨੂੰ ਅਮਰੀਕਾ ਦੀ ਬ੍ਰਹਿਮੰਡ ਲਈ ਸਥਾਪਤ ਕੀਤੀ ਗਈ ਖੋਜ ਸੰਸਥਾ, ਨਾਸਾ (NASA), ਨੇ 1990 ਵਿਚ ਖਲਾਅ ਵਿਚ ਭੇਜਿਆ ਸੀ। ਇਹ ਦੂਰਬੀਨ ਅਜੇ ਵੀ ਧਰਤੀ ਦੇ ਊਰਜਾ ਖੇਤਰ ਤੋਂ ਪਰ੍ਹੇ ਅੰਬਰ ਵਿਚ ਘੁੰਮ ਰਹੀ ਹੈ ਅਤੇ ਬ੍ਰਹਿਮੰਡ ਵਿਚਲੇ ਸਿਆਰਿਆਂ, ਸਿਤਾਰਿਆਂ ਅਤੇ ਆਕਾਸ਼ਗੰਗਾ ਦੀਆਂ ਦੂਰਦਰਸ਼ੀ ਅਤੇ ਪਾਰਦਰਸ਼ੀ ਤਸਵੀਰਾਂ ਖਿੱਚ ਰਹੀ ਹੈ। ਬ੍ਰਹਿਮੰਡ ਵਿਚਲੀਆਂ ਕਹਿਕਸ਼ਾਂ ਇਕ ਦੂਜੇ ਤੋਂ ਪਰ੍ਹੇ ਜਾ ਰਹੀਆਂ ਹਨ। ਬ੍ਰਹਿਮੰਡ ਵਿਚਲੇ ਸਮੇਂ ਅਤੇ ਸਥਾਨ ਦਾ ਆਕਾਰ ਫੈਲ ਰਿਹਾ ਹੈ।
ਬੁਨਿਆਦੀ ਇਕਾਈ ਸ੍ਰਿਸ਼ਟੀ ਦਾ ਬੀਜ ਰੂਪ ਸੀ। ਜਿਵੇਂ ਗਰਭਾਏ ਹੋਏ ਅੰਡੇ ਵਿਚਲੇ ਡੀਐੱਨਏ ਦੀ ਵਰਣਮਾਲਾ ਵਿਚ ਇਨਸਾਨ ਦੇ ਜੀਵਨ ਦੀ 'ਇਬਾਰਤ' ਲਿਖੀ ਹੋਈ ਹੈ, ਉਸੇ ਤਰ੍ਹਾਂ ਬੁਨਿਆਦੀ ਇਕਾਈ ਵਿਚ ਵੀ ਬ੍ਰਹਿਮੰਡ ਦੀ 'ਇਬਾਰਤ' ਛੁਪੀ ਹੋਈ ਸੀ। ਇਸ ਇਬਾਰਤ ਵਿਚ ਸਮਕਾਲੀ ਬ੍ਰਹਿਮੰਡ ਵਿਚ ਪਾਏ ਜਾਂਦੇ ਮਾਦੇ, ਕਣਾਂ, ਉਪ-ਕਣਾਂ ਅਤੇ ਸੂਖ਼ਮ ਕਣਾਂ ਦੀ ਬਣਤਰ ਅਤੇ ਤਰਤੀਬ ਦਾ ਫਾਰਮੂਲਾ ਲਿਖਿਆ ਹੋਇਆ ਸੀ। ਮਹਾਂ-ਧਮਾਕੇ ਕਰਕੇ ਇਸ ਇਬਾਰਤ ਦੇ ਭੇਤ ਖੁੱਲ੍ਹੇ। ਧਮਾਕੇ ਦੇ ਪਹਿਲੇ ਸਕਿੰਟ ਦੇ ਕਰੋੜਵੇਂ ਹਿੱਸੇ ਦੌਰਾਨ ਆਲੇ-ਦੁਆਲੇ ਦਾ ਤਾਪਮਾਨ ਸੰਖਾਂ ਡਿਗਰੀ ਸੈਲਸੀਅਸ (about 100 billion Kelvin) ਸੀ। ਫਲਸਰੂਪ, ਬੁਨਿਆਦੀ ਇਕਾਈ ਵਿਚਲਾ ਸਭ ਕੁਝ ਪਿਘਲ ਕੇ ਇਕ ਪ੍ਰਕਾਰ ਦੇ ਸੂਪ ਵਿਚ ਬਦਲ ਗਿਆ ਜੋ ਪਾਣੀ ਨਾਲੋਂ ਅਰਬਾਂ ਗੁਣਾ ਗਾੜ੍ਹਾ ਸੀ। ਵੱਖ ਵੱਖ ਕਣਾਂ ਦੀ ਮਿਕਦਾਰ ਇਸ ਪ੍ਰਕਾਰ ਸੀ :
      ਇਸ ਸੂਪ ਵਿਚ ਪ੍ਰਮੁੱਖ ਤੌਰ 'ਤੇ ਸਭ ਤੋਂ ਸੂਖ਼ਮ ਕਣਾਂ- ਕੁਆਰਕਸ ਅਤੇ ਗਲੂਔਨਜ਼, ਦਾ ਅਨੁਪਾਤ ਵਧੇਰੇ ਸੀ ਜਿਸ ਕਰਕੇ ਸੂਪ ਨੂੰ ਕੁਆਰਕ-ਗਲੂਔਨ ਪਲਾਜ਼ਮਾ ਦਾ ਨਾਂ ਦਿੱਤਾ ਗਿਆ ਹੈ। ਇਸ ਸੂਪ ਨੂੰ ਮਹਾਂ-ਧਮਾਕੇ ਦੀ ਅਥਾਹ ਊਰਜਾ ਸ਼ਕਤੀ ਨੇ ਖਲਾਅ ਵਿਚ ਤੂੰਬਾ ਤੂੰਬਾ ਕਰਕੇ ਖਿੰਡਾ ਦਿੱਤਾ ਜੋ ਘੇਰੇਦਾਰ ਲਹਿਰਾਂ ਵਿਚ ਫੈਲਦਾ ਗਿਆ। ਅਲੰਕਾਰਕ ਤੌਰ 'ਤੇ ਇਸ ਫੈਲਾਅ ਨੂੰ ਸ਼ਾਂਤ ਮਹਾਂਸਾਗਰ ਦੇ ਪਾਣੀ ਵਿਚ ਸੁੱਟੇ ਪੱਥਰ ਕਰਕੇ ਪੈਦਾ ਹੋਈਆਂ ਘੇਰੇਦਾਰ ਲਹਿਰਾਂ ਦੇ ਰੂਪ ਵਿਚ ਕਿਆਸ ਕੀਤਾ ਜਾ ਸਕਦਾ ਹੈ। ਇਸ ਖਿਲਾਰੇ ਵਿਚ ਇਕ ਊਰਜਾ ਖੇਤਰ ਪੈਦਾ ਹੋ ਗਿਆ ਜਿਸ ਵਿਚ ਸੂਖ਼ਮ ਕਣ ਕੁਆਰਕਸ ਬਿਖਰੇ ਪਏ ਸਨ। ਹੌਲੀ ਹੌਲੀ ਇਹ ਸੂਪ ਠੰਢਾ ਹੁੰਦਾ ਗਿਆ ਅਤੇ ਕੁਆਰਕਸ ਇਕ ਦੂਜੇ ਨਾਲ ਜੁੜਦੇ ਗਏ ਜਿਨ੍ਹਾਂ ਤੋਂ ਬਾਕੀ ਦੇ ਛੋਟੇ-ਵੱਡੇ ਕਣ ਜਿਵੇਂ: ਪ੍ਰੋਟੋਨਜ਼, ਨਿਊਟ੍ਰੋਨਜ਼, ਇਲੈਕਟ੍ਰੋਨਜ਼ ਬਣਦੇ ਗਏ ਅਤੇ ਪਰਮਾਣੂ ਦਾ ਰੂਪ ਧਾਰ ਗਏ।
      ਪਰਮਾਣੂ ਵਿਚਲੇ ਇਨ੍ਹਾਂ ਕਣਾਂ ਦੀ ਬਣਤਰ ਅਤੇ ਤਰਤੀਬ ਬਾਰੇ ਖੋਜ ਕਰਕੇ ਭੌਤਿਕ ਵਿਗਿਆਨੀਆਂ ਨੇ ਇਕ ਮੂਲ ਸਿਧਾਂਤ ਸਥਾਪਤ ਕੀਤਾ।


ਮੂਲ ਸਿਧਾਂਤ

ਮੂਲ ਸਿਧਾਂਤ (Standard Model) ਨੂੰ ਉਸਾਰਨ ਵਿਚ ਸਾਲਾਂਬੱਧੀ ਅਨੇਕ ਭੌਤਿਕ ਵਿਗਿਆਨੀਆਂ ਨੇ ਯੋਗਦਾਨ ਪਾਇਆ ਹੈ। ਅਜੋਕੇ ਗਿਆਨ ਅਨੁਸਾਰ ਬ੍ਰਹਿਮੰਡ ਵਿਚਲੇ ਸਿਆਰੇ ਅਤੇ ਸਿਤਾਰੇ, ਮਾਦੇ ਦੇ ਬਣੇ ਹੋਏ ਹਨ। ਮਾਦਾ ਤੱਤਾਂ ਦਾ, ਤੱਤ ਪਰਮਾਣੂਆਂ (Atoms) ਦੇ ਅਤੇ ਪਰਮਾਣੂ ਉਪ-ਕਣਾਂ ਦੇ ਅਤੇ ਉਪ-ਕਣ ਸੂਖ਼ਮ ਕਣਾਂ ਦੇ ਬਣੇ ਹੋਏ ਹਨ ਜਿਨ੍ਹਾਂ ਨੂੰ ਕੁਆਰਕਸ ਕਹਿੰਦੇ ਹਨ। ਇਹ ਸਾਰੇ ਕਣ ਲੱਭੇ ਜਾ ਚੁੱਕੇ ਹਨ, ਪਰ ਇਕ ਅਗਿਆਤ ਕਣ ਦੀ ਭਾਲ ਸੀ ਜਿਸ ਦੀ ਭਵਿੱਖਬਾਣੀ ਇੰਗਲੈਂਡ ਦੇ ਭੌਤਿਕ ਵਿਗਿਆਨੀ ਪੀਟਰ ਹਿੱਗਜ਼ ਨੇ 1964 ਵਿਚ ਕੀਤੀ ਸੀ। ਉਸ ਅਨੁਸਾਰ ''ਮਹਾਂ-ਧਮਾਕੇ ਸਮੇਂ ਪਲਾਜ਼ਮਾ ਸੂਪ ਵਿਚ ਇਕ ਅਜਿਹਾ ਕਣ ਹੋਣਾ ਚਾਹੀਦਾ ਹੈ ਜੋ ਬਾਕੀ ਦੇ ਕਣਾਂ ਨੂੰ ਪੁੰਜ (Mass) ਬਖ਼ਸ਼ਦਾ ਹੈ।'' ਚਾਰ ਜੁਲਾਈ 2012 ਨੂੰ ਇਹ ਕਣ ਵੀ ਲੱਭ ਲਿਆ ਗਿਆ ਜਿਸ ਨੂੰ 'ਹਿੱਗਜ਼ ਬੋਸੋਨ ਜਾਂ ਰੱਬੀ-ਕਣ' ਦਾ ਨਾਂ ਦਿੱਤਾ। ਇਸ ਕਣ ਦੇ ਲੱਭਣ ਨਾਲ ਮੂਲ ਸਿਧਾਂਤ ਪੂਰਾ ਹੋ ਗਿਆ ਹੈ। ਹਿੱਗਜ਼-ਬੋਸੋਨ ਇਕ ਖ਼ਾਸ ਕਿਸਮ ਦੇ ਊਰਜਾ ਖੇਤਰ 'ਚੋਂ ਪੈਦਾ ਹੋਇਆ ਜਿਸ ਨੂੰ ਪੀਟਰ ਹਿੱਗਜ਼ ਨੇ 'ਹਿੱਗਜ਼ ਖੇਤਰ' ਦਾ ਨਾਂ ਦਿੱਤਾ। ਅਗਲਾ ਸਵਾਲ ਹੈ ਕਿ ਹਿੱਗਜ਼ ਖੇਤਰ ਅਤੇ ਹਿੱਗਜ਼ ਬੋਸੋਨ ਕੀ ਹਨ ਅਤੇ ਇਨ੍ਹਾਂ ਦਾ ਆਪਸ ਵਿਚ ਕੀ ਨਾਤਾ ਹੈ?


ਹਿੱਗਜ਼ ਖੇਤਰ ਅਤੇ ਹਿੱਗਜ਼ ਬੋਸੋਨ

ਮਹਾਂ-ਧਮਾਕੇ ਤੋਂ ਪਹਿਲਾਂ ਖਲਾਅ ਸ਼ੂਨਯ (Zero) ਦੀ ਸਥਿਤੀ ਵਿਚ ਸੀ, ਭਾਵ ਇਸ ਵਿਚ ਕਿਸੇ ਕਿਸਮ ਦੀ ਊਰਜਾ ਨਹੀਂ ਸੀ। ਮਹਾਂ-ਧਮਾਕੇ ਤੋਂ ਬਾਅਦ ਖਲਾਅ ਵਿਚ ਊਰਜਾ ਖੇਤਰ ਸਥਾਪਤ ਹੋ ਗਿਆ ਜਿਸ ਵਿਚ ਔਸਤਨ ਸ਼ਕਤੀ ਸਿਫ਼ਰ ਨਾਲੋਂ ਵੱਧ ਸੀ। ਜਿਹੜੀਆਂ ਤਾਕਤਾਂ ਦਾ ਹੁਣ ਸਾਨੂੰ ਪਤਾ ਹੈ (ਬਿਜਲ-ਚੁੰਬਕੀ, ਗੁਰੂਤਾ-ਖਿੱਚ, ਕਮਜ਼ੋਰ ਅਤੇ ਬਲਵਾਨ ਬਲ) ਉਸ ਵੇਲੇ ਇਹ ਸਾਰੇ ਇਕੋ 'ਮਹਾਂ ਬਲ' ਦੇ ਰੂਪ ਵਿਚ ਸਨ। ਪਰ ਮਹਾਂ-ਧਮਾਕੇ ਤੋਂ ਬਾਅਦ ਇਕ ਸਕਿੰਟ ਦੇ ਖਰਬਵੇਂ ਹਿੱਸੇ ਦੇ ਅੰਦਰ ਅੰਦਰ ਇਹ ਤਾਕਤਾਂ ਇਕੱਲੀਆਂ ਇਕੱਲੀਆਂ ਹੋ ਗਈਆਂ। ਜਿਉਂ ਜਿਉਂ ਊਰਜਾ ਖੇਤਰ ਫੈਲਦਾ ਗਿਆ, ਤਾਪਮਾਨ ਘਟਦਾ ਗਿਆ ਅਤੇ ਖੇਤਰ ਠੰਢਾ ਹੋਕੇ ਗਾੜ੍ਹਾ ਹੋ ਗਿਆ। ਫਲਸਰੂਪ, ਜਿਹੜੇ ਕਣ ਪਹਿਲਾਂ ਰੌਸ਼ਨੀ ਦੀ ਰਫ਼ਤਾਰ ਨਾਲ ਉੱਡਦੇ ਫਿਰਦੇ ਸਨ, ਉਨ੍ਹਾਂ ਨੂੰ ਇਸ ਖੇਤਰ ਵਿਚੋਂ ਗੁਜ਼ਰਨ ਲਈ ਜ਼ੋਰ ਲਾਉਣਾ ਪਿਆ। ਗੁਜ਼ਰਨ ਲਈ ਜਿੰਨਾ ਜ਼ੋਰ ਲਾਉਣਾ ਪਿਆ, ਉਹ ਕਣਾਂ ਦੇ ਪੁੰਜ (Mass) ਦੇ ਬਰਾਬਰ ਸੀ। ਪੀਟਰ ਹਿੱਗਜ਼ ਨੇ ਇਸ ਊਰਜਾ ਖੇਤਰ ਨੂੰ 'ਹਿੱਗਜ਼ ਖੇਤਰ' ਦਾ ਨਾਂ ਦਿੱਤਾ।
ਜਦ ਕਣ ਇਸ ਖੇਤਰ ਵਿਚਦੀ ਲੰਘਦੇ ਹਨ ਤਾਂ ਪੁੰਜ ਗ੍ਰਹਿਣ ਕਰ ਲੈਂਦੇ ਹਨ। ਜਿੰਨਾ ਵੱਧ ਜ਼ੋਰ ਇਸ ਖੇਤਰ ਵਿਚਦੀਂ ਲੰਘਣ ਲਈ ਲਾਉਂਦੇ ਹਨ, ਓਨੇ ਵੱਧ ਪੁੰਜ ਦੇ ਧਾਰਨੀ ਬਣ ਜਾਂਦੇ ਹਨ। ਪਰਮਾਣੂ ਦੇ ਸਾਰੇ ਕਣ (ਇਲੈਕਟ੍ਰੋਨ, ਪ੍ਰੋਟੋਨ, ਨਿਊਟਰੌਨ, ਕੁਆਰਕਸ) ਹਿੱਗਜ਼ ਖੇਤਰ ਕਰਕੇ ਹੀ ਪੁੰਜ ਦੇ ਧਾਰਨੀ ਬਣੇ ਹਨ।
      ਹਿੱਗਜ਼ ਬੋਸੋਨ ਵੀ ਇਸੇ ਖੇਤਰ 'ਚੋਂ ਪੈਦਾ ਹੋਇਆ ਇਕ ਵੱਖਰੀ ਕਿਸਮ ਦਾ ਕਣ ਹੈ ਜਿਸ ਦਾ ਪੁੰਜ ਹੋਰ ਕਣਾਂ ਨਾਲੋਂ ਵੱਧ ਹੈ। ਅਲੰਕਾਰਕ ਤੌਰ 'ਤੇ ਹਿੱਗਜ਼ ਬੋਸੋਨ ਦੀ ਫੂਹਰ ਵਿਚ ਪਾਣੀ ਦੇ ਕਤਰੇ ਨਾਲ ਤਸ਼ਬੀਹ ਦਿੱਤੀ ਜਾ ਸਕਦਾ ਹੈ। ਹੋਰ ਕਣਾਂ ਨਾਲੋਂ ਭਾਰਾ ਹੋਣ ਕਰਕੇ ਇਹ ਕਣ ਹਿੱਗਜ਼ ਖੇਤਰ ਵਿਚਦੀ ਖਹਿ ਕੇ ਲੰਘਦਾ ਹੈ ਅਤੇ ਜਿਹੜੇ ਕਣ ਇਸ ਨਾਲ ਖਹਿੰਦੇ ਹਨ ਉਹ ਪੁੰਜ ਗ੍ਰਹਿਣ ਕਰ ਲੈਂਦੇ ਹਨ।



ਹਿੱਗਜ਼ ਬੋਸੋਨ ਕਿਵੇਂ ਲੱਭਿਆ?

ਮੂਲ ਸਿਧਾਂਤ ਨੂੰ ਮੁਕੰਮਲ ਕਰਨ ਲਈ ਹਿੱਗਜ਼ ਬੋਸੋਨ ਦੀ ਭਾਲ ਕਈ ਦਹਾਕਿਆਂ ਤੋਂ ਸੀ ਜੋ 4 ਜੁਲਾਈ 2012 ਨੂੰ ਲੱਭ ਲਿਆ ਗਿਆ। ਵੱਡਆਕਾਰੀ ਯੰਤਰ (ਲਾਰਜ ਹੈਡਰੌਨ ਕੋਲਾਈਡਰ) ਦੀ ਘੇਰੇਦਾਰ ਟਿਊਬ ਵਿਚਦੀ ਪ੍ਰੋਟੋਨਜ਼ ਦੇ ਕਣਾਂ ਦੀ ਧਾਰਾ ਦੋਹਾਂ ਪਾਸਿਆਂ ਤੋਂ ਦਾਗੀ ਗਈ। ਇਹ ਕਣ ਰੌਸ਼ਨੀ ਦੀ ਰਫ਼ਤਾਰ ਨਾਲ ਆਹਮੋ-ਸਾਹਮਣੇ ਟਕਰਾ ਕੇ ਮਹਾਂ-ਧਮਾਕੇ ਵਾਂਗ ਫੁੱਟੇ ਅਤੇ ਹਿੱਗਜ਼ ਬੋਸੋਨ ਉਜਾਗਰ ਹੋ ਗਿਆ। ਇਸ ਦਾ ਕੀ ਪ੍ਰਮਾਣ ਹੈ ਕਿ ਇਹ ਵਾਕਈ ਹਿੱਗਜ਼ ਬੋਸੋਨ ਹੈ?
      ਹਿੱਗਜ਼ ਬੋਸੋਨ ਪੈਦਾ ਹੁੰਦਿਆਂ ਸਾਰ ਇਕ ਸਕਿੰਟ ਦੇ ਖਰਬਾਂ-ਖਰਬਾਂ ਹਿੱਸੇ ਵਿਚ ਨਸ਼ਟ ਹੋ ਜਾਂਦਾ ਹੈ, ਫਲਸਰੂਪ ਉਸ ਦਾ ਨੇਤਰੀ ਬਿੰਬ ਨਹੀਂ ਦੇਖਿਆ ਜਾ ਸਕਦਾ। ਪਰ ਹਿੱਗਜ਼ ਬੋਸੋਨ ਦੇ ਪ੍ਰਤੀਕਰਮ ਵਜੋਂ ਪੈਦਾ ਹੋਣ ਵਾਲੇ ਹੋਰ ਛੋਟੇ ਛੋਟੇ ਕਣਾਂ ਨੂੰ ਕੰਪਿਊਟਰ ਰਾਹੀਂ ਪੜ੍ਹਿਆ ਜ਼ਰੂਰ ਜਾ ਸਕਦਾ ਹੈ। ਵਿਗਿਆਨੀਆਂ ਅਨੁਸਾਰ ਹਿੱਗਜ਼ ਬੋਸੋਨ ਦੇ ਪੈਦਾ ਹੋਣ ਤੋਂ ਬਾਅਦ ਇਹ ਦੋ ਪ੍ਰੋਟੋਨਜ਼ ਦੇ ਕਣਾਂ ਵਿਚ ਵਟ ਜਾਂਦਾ ਹੈ। ਹਿੱਗਜ਼ ਬੋਸੋਨ ਦਾ ਪੁੰਜ ਇਕ ਪ੍ਰੋਟੋਨ ਨਾਲੋਂ 100 ਗੁਣਾ ਹੈ। ਇਹ ਇਕ ਮਹੱਤਵਪੂਰਨ ਗਵਾਹੀ ਹੈ ਜੋ ਇਹ ਸਿੱਧ ਕਰਦੀ ਹੈ ਕਿ ਪਰਮਾਣੂ ਦੇ ਲੱਭੇ ਜਾ ਚੁੱਕੇ ਕਣਾਂ ਨਾਲੋਂ ਵੱਖਰਾ ਇਕ ਹੋਰ ਕਣ ਵੀ ਹੈ ਜਿਸ ਦਾ ਪੁੰਜ ਕਈ ਗੁਣਾ ਵੱਧ ਹੈ। ਕਿਸੇ ਵੱਡੇ ਕਣ ਤੋਂ ਹੀ ਛੋਟੇ ਕਣ ਬਣ ਸਕਦੇ ਹਨ। ਬਾਕੀ ਦੇ ਕਣ ਹਿੱਗਜ਼ ਬੋਸੋਨ ਤੋਂ ਪੁੰਜ ਗ੍ਰਹਿਣ ਕਰਦੇ ਹਨ ਜਿਸ ਦੀ ਵਿਗਿਆਨੀਆਂ ਨੇ ਕਈ ਦਹਾਕੇ ਪਹਿਲਾਂ ਭਵਿੱਖਬਾਣੀ ਕੀਤੀ ਸੀ।


ਹਿੱਗਜ਼ ਬੋਸੋਨ ਦਾ ਨਾਂ ਰੱਬੀ-ਕਣ ਕਿਵੇਂ ਪਿਆ?

ਅਜੀਬ ਜਿਹਾ ਨਾਂ ਹੈ ਰੱਬੀ-ਕਣ! ਇਹ ਨਾਂ ਪਹਿਲੀ ਵਾਰ ਲਿਊਨ ਲੈਡਰਮੰਨ ਨੇ ਆਪਣੀ ਪੁਸਤਕ “The God Particle : If the” niverse is the Answer, What is the Question?` ਸਿਰਲੇਖ ਵਿਚ ਵਰਤਿਆ ਸੀ। ਇਸ ਪੁਸਤਕ ਦੇ ਅੱਠਵੇਂ ਕਾਂਢ ਦਾ ਨਾਂ ਹੈ “The God Particle At Last''. ਪ੍ਰੋਫ਼ੈਸਰ ਲੈਡਰਮੰਨ ਨੋਬੇਲ ਪੁਰਸਕਾਰ ਜੇਤੂ ਭੌਤਿਕ ਵਿਗਿਆਨੀ ਹੈ। ਉਹ ਵੀ ਰੱਬੀ-ਕਣ ਲੱਭ ਰਿਹਾ ਸੀ ਜਿਸ ਦਾ ਐਲਾਨ ਬਰਤਾਨੀਆ ਦੇ ਪ੍ਰੋ. ਪੀਟਰ ਹਿੱਗਜ਼ ਨੇ 1964 ਵਿਚ ਕੀਤਾ ਸੀ। ਜਦ ਇਹ ਕਣ ਲੱਭ ਨਹੀਂ ਸੀ ਰਿਹਾ ਤਾਂ ਲੈਡਰਮੰਨ ਨੇ ਅੱਕ ਕੇ ਕਿਹਾ: ``Goddamn Particle``। ਅੰਗਰੇਜ਼ੀ ਭਾਸ਼ਾ ਵਿਚ ਵਾਕਾਂਸ਼ 'ਗੌਡਡੈਮ' ਓਦੋਂ ਵਰਤਿਆ ਜਾਂਦਾ ਹੈ ਜਦ ਕੋਈ ਕੰਮ ਸੰਵਰੇ ਜਾਂ ਸੌਰੇ ਨਾ। ਪੰਜਾਬੀ ਵਿਚ ਵੀ ਜਦ ਕੋਈ ਗੁੱਥੀ ਜਾਂ ਗੁੰਝਲ ਸਮਝ ਵਿਚ ਨਾ ਆਵੇ ਤਾਂ ਅਸੀਂ ਕਹਿ ਦਿੰਦੇ ਹਾਂ ਕਿ ''ਰੱਬ ਜਾਣੇ।'' ਲੱਗਦਾ ਹੈ ਕਿ ਰੱਬੀ-ਕਣ ਦੇ ਨਾ ਲੱਭਣ ਦੀ ਸਥਿਤੀ ਵਿਚ ਲੈਡਰਮੰਨ ਨੇ ਪੁਸਤਕ ਦਾ ਨਾਂ Goddamn Particle ਰੱਖਿਆ ਹੋਵੇ। ਪਰ ਪ੍ਰਕਾਸ਼ਕ, ਧਰਮ ਸ਼ਾਸਤਰੀਆਂ ਤੋਂ ਡਰਦਾ ਇਸ ਨਾਂ ਹੇਠ ਪੁਸਤਕ ਛਾਪਣ ਲਈ ਸਹਿਮਤ ਨਹੀਂ ਸੀ। ਇਸ ਲਈ ਨਾਂ ਬਦਲ ਕੇ 'ਦਿ ਗੌਡ ਪਾਰਟੀਕਲ' ਰੱਖ ਦਿੱਤਾ ਗਿਆ।