‘ਮਨੁ ਹਾਲੀ ਕਿਰਸਾਣੀ ਕਰਣੀ’: ਪੰਜਾਬ ਕੀ ਕਹਿ ਰਿਹਾ ਹੈ ? - ਸੁਮੇਲ ਸਿੰਘ ਸਿੱਧੂ
ਰਾਜਧਾਨੀ ਦੀ ਸਿੰਘੂ ਹੱਦ ’ਤੇ ਤਰਪਾਲ ਨਾਲ ਢਕੀਆਂ, ਤੰਬੂ ਵਾਂਗ ਤਾਣੀਆਂ ਟਰਾਲੀਆਂ ਨੂੰ ਚਮਕੌਰ ਦੀ ਕੱਚੀ ਗੜ੍ਹੀ ਮੰਨ ਕੇ, ਲਾਲ ਕਿਲ੍ਹੇ ਤੋਂ ਆਪਣਾ ਹੱਕ ਹਾਸਲ ਕਰਨ ਪੁੱਜੇ ਕਿਸਾਨਾਂ ਨੇ ਆਪਣੀ ਦਲੀਲ ਨਾਲ, ਜ਼ਾਬਤੇ ਨਾਲ ਤੇ ਸਭ ਤੋਂ ਵੱਧ ਆਪਣੀ ਚੜ੍ਹਦੀ ਕਲਾ ਦੇ ਵਖਾਲੇ ਨਾਲ ਪਹਿਲਾਂ ਹਰਿਆਣਾ, ਫਿਰ ਹਿੰਦੋਸਤਾਨ ਅਤੇ ਹੁਣ ਦੁਨੀਆਂ ਦਾ ਦਿਲ ਜਿੱਤਿਆ ਹੈ। ਇਨ੍ਹਾਂ ਕਿਸਾਨ-ਧਰਮੀ ਪੰਜਾਬੀਆਂ ਦੇ ਸਿਰੜੀ ਜੁੱਸੇ, ਸਿਦਕੀ ਲਿਸ਼ਕ ਅਤੇ ਸਹਿਜ-ਉਤਸਾਹੀ ਬੋਲਾਂ ਦਾ ਕੀਲਿਆ ਮੇਰਾ ਫੋਟੋਕਾਰ ਮਿੱਤਰ ਜਦੋਂ ਕਿਸਾਨਾਂ ਦੀਆਂ ਤਸਵੀਰਾਂ ਲੈ ਰਿਹਾ ਸੀ ਤਾਂ ਕਿਸੇ ਕਿਸਾਨ ਨੂੰ ਗੁਸੈਲਾ ਮੂੰਹ ਬਣਾਉਣ ਲਈ ਕਿਹਾ। ਉਲਟਾ ਉਹ ਖਿੜਖਿੜਾ ਕੇ ਹੱਸ ਪਿਆ ਤੇ ਕਿਹਾ, ‘‘ਬਾਈ ਜੀ! ਅਸੀਂ ਕਿਸਾਨ ਹੁੰਨੇ ਆਂ। ਅਸੀਂ ਗੁੱਸਾ ਨਹੀਂ ਕਰਦੇ।’’
ਏਸ ਰੌਂਅ ਨੂੰ ਮਾਣਦਿਆਂ ਖ਼ਿਆਲ ਆਇਆ ਪੰਜਾਬੀ ਲੋਕਾਈ ਦਾ ਮਰਮੱਗ ਸਾਹਿਤਕਾਰ ਬਾਈ ਜਸਵੰਤ ਸਿੰਘ ਕੰਵਲ 22 ਸਾਲ ਦੀ ਉਮਰ ਵਿਚ ਆਪਣੀ ਪਹਿਲੀ ਕਿਤਾਬ ‘ਜੀਵਨ ਕਣੀਆਂ’ ਵਿਚ ਗਿਆਨ ਪਰੰਪਰਾ ਨੂੰ ਆਪਣੇ ਕਿਸਾਨੀ ਅਨੁਭਵ ਨਾਲ ਸੀਖਦਾ ਹੈ ਤਾਂ ਇਕ ਕਮਾਲ ਦਾ ਸੰਵਾਦ ਆਉਂਦਾ ਹੈ, ਕਿਸਾਨ ਅਤੇ ਸ਼ੌਕੀ ਵਿਚ :
‘ਆ ਮੇਲੇ ਚੱਲੀਏ।’ ਸ਼ੌਕੀ ਨੇ ਕਿਸਾਨ ਨੂੰ ਕਿਹਾ।
‘ਉਹ ਕਿਹੋ ਜਿਹਾ ਹੁੰਦਾ ਹੈ ?’
ਕੰਵਲ ਏਥੇ ਸ਼ੌਕੀ ਅਤੇ ਕਿਸਾਨ ਹੋਣ ਵਿਚ ਮੁਢਲਾ ਫ਼ਰਕ ਦੱਸਦਾ ਹੈ ਕਿ ਸ਼ੌਕੀ ਹੋਣਾ ਕਿਸਾਨ ਹੋਣਾ ਨਹੀਂ ਹੁੰਦਾ। ਭਾਵੇਂ ਕਿਸਾਨ ਵੀ ਮੇਲੇ ਜਾਂਦੇ ਹਨ ਅਤੇ ਸ਼ੌਕੀ ਵੀ ਖੇਤੀ ਕਰਦਾ ਹੋ ਸਕਦਾ ਹੈ। ਜਿਵੇਂ ਕਿ ਗੁੱਸਾ ਆਉਣਾ ਮਨੁੱਖੀ ਵਰਤਾਰਾ ਹੈ ਪਰ ਗੁੱਸਾ ਕਰਨਾ ਕਿਸਾਨ ਨੂੰ ਸੋਭਾ ਨਹੀਂ ਦਿੰਦਾ। ਇੱਥੇ ਜ਼ਿੰਦਗੀ ਦੀਆਂ ਬੁਨਿਆਦੀ ਕਦਰਾਂ ਬਾਰੇ ਦੋ ਵੱਖਰੇ ਸੰਕਲਪ ਖੜ੍ਹੇ ਹਨ।
ਸ਼ੌਕੀ ਦੀ ਮਾਵਾ ਲੱਗੀ ਪੱਗ ਦਾ ਟੌਰਾ, ਦਾਹੜੀ ਦੇ ਤਰਾਸ਼ੇ ਹੋਏ ਖ਼ਤ, ਅੱਖਾਂ ’ਚ ਸੁਰਮਾ, ਡਾਂਗ ’ਤੇ ਲਿਸ਼ਕਦੇ ਕੋਕੇ, ਮੁੱਛ ’ਤੇ ਸਹਿਜੇ ਫਿਰਦਾ ਹੱਥ, ਖੜ-ਖੜ ਕਰਦਾ ਧੂੰਹਵਾਂ ਚਾਦਰਾ, ਅੱਖਾਂ ਵਿਚ ਰੌਣਕ-ਮੇਲੇ ਦਾ ਉਤਸਾਹ ਤੇ ਮਸ਼ਕਰੀ - ਇਹ ਸਾਡੀ ਜਾਣੀ ਪਛਾਣੀ ਤਸਵੀਰ ਹੈ। ‘ਆ ਮੇਲੇ ਚੱਲੀਏ’ ਵਿਚਲੇ ਸੱਦੇ ਦੇ ਅੰਦਰਵਾਰ ਆਪਣੇ ਸ਼ੌਕੀ ਹੋਣ ਦਾ, ਬਾਹਰ-ਅੰਦਰ ਦਾ ਭੇਤੀ ਹੋਣ ਦਾ, ਨਵੇਂ ਅਨੁਭਵ ਦਾ ਹਾਣੀ ਹੋਣ ਦਾ ਅਤੇ ਇਸ ਲਿਹਾਜ਼ ਨਾਲ ਢੱਗੇ ਵਾਂਗ ਵਗਦੇ ਕਿਸਾਨ ਦੀ ਜੂਨ ਤੋਂ ਵੱਖਰੇ ਹੋਣ ਦਾ ‘ਕੁਦਰਤੀ’ ਅਹਿਸਾਸ ਵੀ ਸਾਡੇ ਤੱਕ ਪੁੱਜਦਾ ਹੁੰਦਾ ਹੈ।
ਜਦੋਂਕਿ ਲਾਲਾ ਧਨੀ ਰਾਮ ਚਾਤ੍ਰਿਕ ਦਾ ‘ਮਾਰਦਾ ਦਮਾਮੇ ਜੱਟ ਮੇਲੇ ਆ ਗਿਆ’ ਅਤੇ ਨੰਦ ਲਾਲ ਨੂਰਪੁਰੀ ਦਾ ‘ਪੈਰ ਧੋ ਕੇ ਝਾਂਜਰਾਂ ਪਾਉਂਦੀ, ਮੇਲ੍ਹਦੀ ਆਉਂਦੀ, ਕਿ ਸ਼ੌਂਕਣ ਮੇਲੇ ਦੀ’ ਵਿਚ ਸਾਦ-ਮੁਰਾਦਾ ਚਾਅ ਹੈ। ਇਸ ਦਾਇਰੇ ਵਿਚ ‘ਮੇਲਾ’ ਕਿਰਤ ਦੀ ਹੋਣੀ ਦਾ ਕੋਈ ਤੋੜ ਹੈ, ਉਲਟਾਅ ਹੈ। ਇਤਿਹਾਸਕ ਤੌਰ ’ਤੇ ਮੇਲਾ ਕਿਰਤ ਪ੍ਰਬੰਧ ਨਾਲ ਜੁੜਿਆ ਹੋਇਆ ਵੀ ਹੈ, ਉਸ ਦਾ ਜਸ਼ਨ ਵੀ ਹੈ ਅਤੇ ਸ਼ੌਕੀ ਹੋਣਾ ਇਸ ਦਾ ਇਕ ਆਪਣਾ ਮੌਕੇ ਦਾ ਲਿਬਾਸ ਹੈ, ਆਰਜ਼ੀ ਕਿਰਦਾਰ ਹੈ।
ਵੇਖਣ ਵਾਲੀ ਗੱਲ ਹੈ ਕਿ ਇਸ ਤੰਦ ਨੂੰ ਜਾਣਦਿਆਂ ਵੀ ਕੰਵਲ ਏਥੇ ਸਿਰਫ਼ ‘ਸ਼ੌਕੀ’ ਕਹਿ ਰਿਹਾ ਹੈ। ਮੇਲੇ ਜਾਣ ਦੇ ਉਚੇਚ ਨੂੰ ਹੁਣ ‘ਕਿਸਾਨ’ ਨੇ ਪਲਟਾਅ ਦਿੱਤਾ ਹੈ। ਕਿਸਾਨ ਦਾ ਜਵਾਬ ਪੰਜਾਬੀ ਲੋਕਾਈ ਦੇ ਕਿਰਤੀ ਇਤਿਹਾਸ ਨੂੰ ਲਾਮਿਸਾਲ ਇਕਾਗਰਤਾ, ਅਕੀਦਤ ਅਤੇ ਖ਼ੁਮਾਰੀ ਨਾਲ ਬਿਆਨ ਕਰਦਾ ਹੈ। ‘ਉਹ ਕਿਹੋ ਜਿਹਾ ਹੁੰਦਾ ਹੈ ?’- ਇਸ ਜਵਾਬ ਦੀ ਸੰਖੇਪਤਾ, ਸਾਦਗੀ ਅਤੇ ਸਹਿਜ-ਮੱਠਾ ਲਹਿਜਾ ਸਾਡੇ ਅੰਦਰ ਲਹਿ ਜਾਂਦਾ ਹੈ। ਕਿਸਾਨ ਦਾ, ਧਰਤੀ ਪੁੱਤਰ ਦਾ ਲਹਿਜਾ ਸ਼ਾਇਦ ਇਹੋ ਹੀ ਹੁੰਦਾ ਹੈ। ਪੰਜਾਬੀ ਚਿੰਤਨ ਵਿਚ ਕਿਸਾਨ ਹੋਣ ਦਾ ਗੌਰਵ, ਕਿਰਤ ਦੀ ਮਹਾਨਤਾ ਦਾ ਨਜ਼ਰੀਆ ਅਤੇ ਪੰਜਾਬੀ ਦਰਵੇਸ਼ਾਂ ਦਾ ਰਮਜ਼ੀਆ ਉਚਾਰ ਇਸ ਪੰਜ ਸ਼ਬਦਾਂ ਵਾਲੀ ਸਤਰ ਵਿਚ ਬਾਈ ਕੰਵਲ ਨੇ ਸਥਿਰ ਕਰ ਦਿੱਤੇ ਹਨ।
ਜੇ ਹੋਰ ਡੂੰਘੇਰੇ ਜਾਈਏ ਤਾਂ ਇਸ ਕਿਸਾਨ ਦੇ ਜਵਾਬ ਦਾ ਪਾਣੀ ਸਾਨੂੰ ਵੱਤਰ ਕਰਦਾ ਤੁਰਿਆ ਜਾਂਦਾ ਹੈ। ਨੀਲੇ ਅਸਮਾਨ ’ਤੇ ਕਦੇ ਕਾਲੇ, ਕਦੇ ਕਪਾਹ ਰੰਗੇ, ਕਦੇ ਭੂਸਲੇ ਬੱਦਲਾਂ ਦੇ ਸਦਾ ਬਦਲਦੇ ਰੰਗ, ਪੰਛੀਆਂ ਦੀਆਂ ਡਾਰਾਂ ਜਿਵੇਂ ਚੰਡੋਲ ਝੂਟਦੀਆਂ ਅੱਲ੍ਹੜਾਂ ਹੋਣ, ਤਿੱਲੇ ਦੀਆਂ ਜੁੱਤੀਆਂ ਦੀ ਲਿਸ਼ਕ ਨੂੰ ਮਾਤ ਪਾਉਂਦਾ ਆਡਾਂ ਕਿਆਰਿਆਂ ਵਿਚ ਵਿਛਿਆ ਸੋਨ-ਚਾਂਦੀਵੰਨਾ ਪਾਣੀ, ਨਾਚ ਦੇ ਖ਼ੁਮਾਰ ਤੋਂ ਵਧ ਕੇ ਝੂਮਦੀਆਂ ਹਰੀਆਂ ਕਚੂਚ ਕਣਕਾਂ, ਗਦਰਾਈਆਂ ਬੱਲੀਆਂ ਵਿਚ ਉਤਰਦੇ ਦੁੱਧ ਦੀ ਸੁਗੰਧ ਦਾ ਵਿਸਮਾਦੀ ਖੇੜਾ, ਵਗਦੇ ਖੂਹ ਦੇ ਬੰਨੇ ਜੁੜਦੀ ਦੁਨੀਆਂ ਦੇ ਰਾਗ-ਰੰਗ, ਧੁੰਦ ਦੀ ਬੁੱਕਲ ਮਾਰੀ ਬੈਠੀਆਂ ਕਣਕਾਂ, ਚੰਨ ਨਾਲ ਇਸ਼ਕ ਕਮਾਉਂਦੀਆਂ ਟਾਹਲੀਆਂ, ਸੂਰਜ ਦੇ ਤਾਪ ਨੂੰ ਆਪਣੇ ਰੰਗ ਵਿਚ ਵਟਾਉਂਦੀਆਂ ਮੱਕੀਆਂ, ਸੂਰਜ, ਚੰਨ, ਤਾਰਿਆਂ ਦਾ ਵਹੀਰ - ਕਿਸਾਨ ਨੇ ਤਾਂ ਸਾਰਾ ਮੇਲਾ ਆਪਣੇ ਖੇਤ ਵਿਚ ਲਾਇਆ ਹੋਇਆ ਹੈ! ਉਸ ਦੀ ਕਿਰਤ ਨੇ ਇਹ ਸਾਰਾ ਖੇੜਾ ਸਾਡੇ ਲਈ ਅਮਾਨਤ ਵਜੋਂ ਸਾਂਭ ਰੱਖਿਆ ਹੈ। ਕਿਸਾਨ ‘ਮੇਲੇ’ ਦੀ ਆਪਣੀ ਵਿਆਖਿਆ ਦੇ ਰਿਹਾ ਹੈ ਤੇ ਅਸੀਂ ਹਾਂ ਕਿ ਕੁਦਰਤੀ-ਸਹਿਜ ਖੇੜੇ ਨੂੰ ਅਣਡਿੱਠ ਕਰ ਕੇ, ਮੇਲੇ ਦੀ ਕਿਰਤੀ ਆਤਮਾ ਤੋਂ ਬੇਮੁਖ ਹੋ ਕੇ, ਓਸੇ ਕਿਸਾਨ ਨੂੰ ਕਿਸੇ ਬ੍ਰਾਂਡਡ/ਤਸਦੀਕਸ਼ੁਦਾ/ਫੇਟ ਜਾਣ ਦੀ ‘ਸੁਹਿਰਦ’ ਸਲਾਹ ਮਾਰਦੇ ਹਾਂ। ਪੰਜਾਬ ਦੇ ਆਰਥਿਕ ਮਾਹਰ, ਤਸਦੀਕਸ਼ੁਦਾ ਬੁੱਧੀਜੀਵੀ, ਫੇਸਬੁੱਕੀ ਪੋਸਤੀਏ, ਸੰਸਥਾਈ ਸੁਰੱਖਿਆ ਦੇ ਗਮਲਿਆਂ ਦੇ ਸੂਰਜਮੁਖੀਏ ਟਿੱਪਣੀਕਾਰ ਆਪੋ-ਆਪਣੇ ‘ਮੇਲੇ’ ਵਿਚੋਂ ਕਿਸਾਨ ਨੂੰ ਪਛੜਿਆ, ਹਿੰਸਕ, ਹਉਮੈ ਦਾ ਕੋਟ ਗਰਦਾਨਦੇ ਹਨ। ਇਹ ਟੋਲਾ ਇੰਞ ਪੰਜਾਬ ਦੀ ਹੋਣੀ ਦਾ ਅਸਲ ਜ਼ਿੰਮੇਵਾਰ ਲੱਭ ਕੇ ਫਿਰ ਆਪੋ ਆਪਣੀ ਚੰਡੋਲ ਝੂਟਣ ਜਾ ਲੱਗਦਾ ਹੈ, ਗੋਰੇ ਮੁਲਕਾਂ ਦੀ ਸੈਰ ਵਿਉਂਤਦਾ ਹੈ, ਫਰੰਗੀ ਲਾਣੇ ਤੋਂ ਸਨਦਾਂ ਲਈ ਤਾਂਘਦਾ ਹੈ। ਕਰਾਰੇ ਫ਼ਿਕਰੇ-ਮਰਿਆਦਾਹੀਣ ਮਸ਼ਕਰੀਆਂ-ਫੇਸਬੁਕੀ ਫ਼ਸਾਦਾਂ ਦੇ ‘ਸ਼ੌਕੀ’ ਹੁਣ ਨਵੀਂ ਟੌਅਰ ਨਾਲ ਪਛਾਣਾਂ ਦੀ ਸਿਆਸਤ ਦੇ ਬੰਦੀਖਾਨਿਆਂ ’ਚੋਂ ਸਾਡੇ ਖਿੱਤੇ ਦੀ ਪਾਪੂਲਰ ਵਿਆਖਿਆ ਦੇ ਰਹੇ ਹਨ!
ਅੱਡਰੀ/ਅਸਲ/ਖ਼ਾਲਸ ਪਛਾਣ ਦਾ ਤਰਕ ਆਪਣੇ ਤੇ ਬੇਗਾਨੇ ਦੀ, ਅਸੀਂ ਤੇ ਤੁਸੀਂ ਦੀ ਲਗਾਤਾਰ ਕੰਧ ਕੱਢਦਾ ਰਹਿੰਦਾ ਹੈ। ਜਦੋਂਕਿ ਕਿਸਾਨ-ਧਰਮੀ ਹੋਣਾ ਇਨ੍ਹਾਂ ਵਿਜੋਗੇ ਹੋਏ ਜੁੱਟਾਂ ਦੇ ਸੰਜੋਗੇ ਜਾਣ ਦੀ ਸਿਆਸਤ ਹੈ ਜਿਸ ਦੀ ਨੀਂਹ ਕਿਰਤੀ ਹੋਣ ਦੇ ਮਾਣ ਨਾਲ ਧਰੀ ਗਈ ਹੈ। ਇੰਞ ਦੇਖਿਆਂ ਸ਼ੌਕੀ ਅਤੇ ਕਿਸਾਨ ਦੋ ਕਿਰਦਾਰ ਨਹੀਂ, ਦੋ ਮਨੁੱਖ ਨਹੀਂ ਸਗੋਂ ਦੋ ਦ੍ਰਿਸ਼ਟੀਕੋਣ ਜਾਂ ਦੋ ਨਜ਼ਰੀਏ ਵੀ ਹਨ ਅਤੇ ਉਚੇਚ ਅਤੇ ਸਹਿਜ ਦੇ ਦੋ ਸੰਕਲਪਾਂ ’ਤੇ ਉੱਸਰੇ ਦੋ ਸੱਭਿਆਚਾਰ ਵੀ ਹਨ। ਕੰਵਲ ਇਸ ਤਰ੍ਹਾਂ ਕਿਰਸਾਣੀ ਨੂੰ ਨਿਰੋਲ ਆਰਥਿਕ ਅੰਕੜਾ ਨਹੀਂ ਰਹਿਣ ਦਿੰਦਾ, ਵਡੇਰੇ ਸਮਾਜਚਾਰੇ ਦਾ ਸਿਰਫ਼ ਇਕ ਪੁਰਜ਼ਾ ਜਾਂ ਸੰਦ ਨਹੀਂ ਸਮਝਦਾ ਸਗੋਂ ਕਿਰਸਾਣ ਹੋਣ ਦਾ ਹੁਸਨ-ਇਖ਼ਲਾਕ ਸਾਡੇ ਸਾਹਮਣੇ ਲਿਆ ਧਰਦਾ ਹੈ। ਇਸ ਇਖ਼ਲਾਕੀ ਉਸਾਰ ਵਿਚ ‘ਮਾਤਾ ਧਰਤਿ ਮਹਤੁ’ ਹੈ, ‘ਪਾਣੀ ਪਿਤਾ’ ਹੈ, ‘ਮਨੁ ਹਾਲੀ’ ਹੈ, ‘ਕਿਰਸਾਣੀ ਕਰਣੀ’ ਹੈ, ‘ਤਨੁ ਖੇਤੁ’ ਹੈ, ‘ਹਲੁ ਹਲੇਮੀ’ ਹੈ। ਇਨ੍ਹਾਂ ਤੱਤਾਂ ਨਾਲ ਇਕਸੁਰ ਹੁੰਦਿਆਂ, ‘ਸਤੁ ਸੰਤੋਖ’ ਦੇ ਬਲਦਾਂ ਨਾਲ ਵਾਹੁੰਦਿਆਂ ਉਹ ਘੜੀ ਆਉਂਦੀ ਹੈ ਜਦੋਂ ਫ਼ਸਲ ਪੱਕਦੀ ਹੈ, ‘ਚਉਥੇ ਪਹਰੈ ਰੈਣਿ ਕੇ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤ’। ਇਸ ਅਮਲ ਵਿਚੀਂ ਗੁਜ਼ਰਦਿਆਂ ਕਿਸਾਨ ਦੇ ਹੁਸਨ-ਇਖ਼ਲਾਕ ਦੀ ਮਹਿਮਾ ਕਰਦਿਆਂ ਕੰਵਲ ਕਿਸਾਨ ਹੋਣ-ਕਹਾਉਣ ਦੇ ਧਰਮ ਦਾ ਨਕਸ਼ਾ ਖਿੱਚ ਦਿੰਦਾ ਹੈ:
‘ਇਹ ਕਣਕ, ਖੇੜਾ, ਮਹਿਕ ਤੇ ਸ਼ਹਿਦ
ਸਾਰੀ ਦੁਨੀਆ ਲਈ ਹੈ।
ਮੇਰਾ ਪਿਆਰ ਸਾਰੀ ਮਨੁੱਖਤਾ ਲਈ-
ਮੈਂ ਨਹੀਂ ਵੇਖ ਸਕਦਾ ਟੁੱਟਿਆ ਸਿੱਟਾ,
ਮੁਰਝਾਇਆ ਫੁੱਲ ਤੇ ਤਰਸਿਆ ਚਿਹਰਾ।
ਮਨੁੱਖਤਾ ਦੀ ਵਫ਼ਾਦਾਰੀ ਤੇ ਪਿਆਰ ਦੀ ਸਰਦਾਰੀ
ਮੇਰਾ ਅਟੱਲ ਈਮਾਨ।
ਮੈਂ ਖੇੜੇ ਦਾ ਅਵਤਾਰ ਹਾਂ,
ਆਪਣੇ ਬੈਲਾਂ ’ਚ ਖਲੋਤਾ ਕਿਸਾਨ।’
ਗ਼ੌਰ ਕਰੀਏ ਕਿ ਆਰਥਿਕ-ਸਮਾਜਿਕ-ਸੱਭਿਆਚਾਰਕ ਕਾਰਜ ਵਜੋਂ ਪੰਜਾਬ ਵਿਚ ਖੇਤੀ ਦਾ ਅਨੁਭਵ 15-16ਵੀਂ ਸਦੀ ਤੋਂ ਲੈ ਕੇ 1960ਵਿਆਂ ਤੱਕ ਬੁਨਿਆਦੀ ਤੌਰ ’ਤੇ ਸਾਵੀਂ ਤੋਰ ਤੁਰਦਾ ਆਇਆ ਸੀ। ਕੁਝ ਕੁ ਤਬਦੀਲੀਆਂ ਦੇ ਬਾਵਜੂਦ ਖੇਤੀਬਾੜੀ ਦੇ ਰਵਾਇਤੀ ਢੰਗ-ਤਰੀਕੇ ਜਾਰੀ ਰਹੇ, ਪੈਦਾਵਾਰ ਵਿਚ ਕੋਈ ਗੁਣਾਤਮਕ ਵਾਧਾ ਨਾ ਹੋਇਆ ਸਗੋਂ ਨਵੀਆਂ ਜ਼ਮੀਨਾਂ, ਮਾਰੂ ਬਾਰਾਂ ਨੂੰ ਵਾਹੀਯੋਗ ਬਣਾਉਣ ਸਦਕਾ ਮੁਗ਼ਲਾਂ ਅਤੇ ਫਿਰ ਅੰਗਰੇਜ਼ੀ ਰਾਜ ਵਿਚ ਖੇਤੀਬਾੜੀ ਦੀ ਪੈਦਾਵਾਰ ਵਧੀ। ਵਪਾਰਕ ਮੰਡੀਕਰਣ ਸਦਕਾ ਪੰਜਾਬ ਸੰਸਾਰ ਆਰਥਿਕਤਾ ਦੇ ਤਾਣੇ ਵਿਚ ਬੱਝਦਾ ਗਿਆ। ਪੇਂਡੂ ਰਹਿਤਲ ਦੀ ਲਗਾਤਾਰਤਾ ਬਣੀ ਰਹੀ। ਕਿਸਾਨ ਫ਼ੌਜਾਂ ਵਿਚ ਵੀ ਜਾਂਦੇ ਰਹੇ, ਨਵੀਆਂ ਧਰਤੀਆਂ ਦੇ ਅਨੁਭਵ ਵੀ ਹਾਸਲ ਕਰਦੇ ਰਹੇ, ਸਿੱਖਿਆ-ਰੁਜ਼ਗਾਰ-ਸ਼ਹਿਰ ਵਾਲੀ ‘ਤਰੱਕੀ’ ਦਾ ਪਾਠ ਵੀ ਚੱਲਦਾ ਰਿਹਾ, ਪਰ ਕਿਰਸਾਣੀ- ਲੋਕ ਬੋਧ- ਪਿੰਡ ਇਨ੍ਹਾਂ ਵਰਤਾਰਿਆਂ ਨੂੰ ਆਪਣੇ ਵਿਚ ਜਜ਼ਬ ਕਰਦਾ ਰਿਹਾ।
ਪ੍ਰੋ. ਪੂਰਨ ਸਿੰਘ ਇਸ ਹੁਸਨ-ਇਖ਼ਲਾਕ ਨੂੰ ਬਹੁਤ ਉੱਚਾ ਦਰਜਾ ਦੇਂਦੇ ਹਨ ਅਤੇ ਆਪਣੀ ਕਾਮਲ ਲਿਆਕਤ, ਮੁਹਾਰਤ ਅਤੇ ਗਿਆਨ ਨੂੰ ਇਨ੍ਹਾਂ ‘ਹਲ ਵਾਹੁਣ ਵਾਲੇ’ ਪੇਂਡੂਆਂ ਦੀ ਕਿਰਤੀ ਸਾਦਗੀ ਤੋਂ ਵਾਰ ਦਿੰਦੇ ਹਨ। ਖ਼ੁਦ ਨੂੰ ‘ਜੱਟ ਬੂਟ’ ਅਖਵਾਉਂਦੇ ਹਨ, ਜਿਵੇਂ ਬੁੱਲ੍ਹਾ ਖ਼ੁਦ ਨੂੰ ‘ਅਰਾਈਂ’ ਕਹਾਉਂਦਾ ਹੈ :
‘ਓਏ! ਮੈਂ ਪੜ੍ਹਨ ਪੜ੍ਹਾਨ ਸਾਰਾ ਛੱਡਿਆ,
ਦਿਲ ਮੇਰਾ ਆਣ ਵਾਹੀਆਂ ਵਿਚ ਖੁੱਭਿਆ,
ਪੈਲੀਆਂ ਮੇਰੀਆਂ ਕਿਤਾਬਾਂ ਹੋਈਆਂ,
ਜੱਟ ਬੂਟ ਮੇਰੇ ਯਾਰ ਵੋ!’
ਪ੍ਰੋ. ਪੂਰਨ ਸਿੰਘ ਇਨ੍ਹਾਂ ਹਲ ਵਾਹੁਣ ਵਾਲਿਆਂ ਨੂੰ ਪੰਜਾਬ ਦੇ ਦਰਿਆਵਾਂ ਦੀ ਪਿਆਰ-ਅੱਗ ਦੀ ਆਬ ਦਾ ਰਾਖਾ ਮੰਨਦੇ ਹਨ। ‘ਰਾਂਝੇਟੜੇ ਦੇ ਨਿੱਕੇ-ਵੱਡੇ ਭਰਾ’ ਹੋਣ ਦਾ ਮਾਣ ਜਜ਼ਬ ਹੈ ਇਨ੍ਹਾਂ ‘ਜਵਾਨ ਪੰਜਾਬ ਦੇ’ ਜੁੱਸਿਆਂ ਵਿਚ। ‘ਓੜਕਾਂ ਦਾ ਰੂਹ-ਜ਼ੋਰ ਆਇਆ ਪੰਜਾਬ ਵਿਚ’ ਦੇ ਪੁੰਜ ਇਹ ਕਿਸਾਨ ਜੁੱਸਿਆਂ ਦੇ ਹੁਸਨ-ਇਖ਼ਲਾਕ ਦਾ ਦੀਦਾਰ ਕਰੀਏ:
‘ਪਿਆਰ ਨਾਲ ਇਹ ਕਰਨ ਗ਼ੁਲਾਮੀ,
ਜਾਨ ਕੋਹ ਆਪਣੀ ਵਾਰ ਦਿੰਦੇ,
ਪਰ ਟੈਂ ਨਾ ਮੰਨਣ ਕਿਸੇ ਦੀ
ਖਲੋ ਜਾਣ ਡਾਂਗਾਂ ਮੋਢੇ ’ਤੇ ਉਲਾਰਦੇ।’
ਕੰਵਲ ਦੇ ਸ਼ਬਦਾਂ ਦੀ ਲੋਅ ਵਿਚ ਆਖੀਏ ਤਾਂ ਇਹ ਜੁੱਸੇ ਆਪਣੇ-ਆਪ ਵਿਚ ਮੇਲਾ ਹਨ।
1960ਵਿਆਂ ਵਿਚ ਅੰਨ ਦੀ ਭਾਰੀ ਤੋਟ ਆਈ, ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਦਿਨ ਵਿਚ ਤਿੰਨ ਡੰਗ ਦੀ ਥਾਂ ਖ਼ੁਦ ਦੋ ਡੰਗ ਰੋਟੀ ਖਾਣ ਦੀ ਪਹਿਲ ਕੀਤੀ ਅਤੇ ਦੇਸਵਾਸੀਆਂ ਨੂੰ ਵੀ ਅਪੀਲ ਕੀਤੀ। ਪੰਜਾਬ ਹਰਿਆਣਾ ਇਕ ਤੋਂ ਦੋ ਹੋ ਰਹੇ ਸਨ; ਸੁਧਰੇ ਬੀਜ, ਕੀਟਮਾਰੂ, ਨਦੀਨਮਾਰੂ ਸਪਰੇਆਂ, ਕਿਸਾਨ ਮੇਲੇ, ਮੰਡੀਕਰਣ, ਵੱਧ ਤੋਂ ਵੱਧ ਝਾੜ ਲੈਣ ਲਈ ਮੁਕਾਬਲੇ, ‘ਉੱਨਤ ਕਿਸਾਨ’ ਸਨਮਾਨ ਸਦਕਾ ਭੋਜਨ ਸੁਰੱਖਿਆ ਲਈ ਸਰਕਾਰ ਨੇ ਕਿਸਾਨੀ ਨੂੰ ਵੰਗਾਰ ਲਿਆ। ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਲਾਇਆ ਤੇ ਫ਼ਸਲੀ ਝਾੜ ਰਾਹੀਂ ਜਨਤਕ ਵੰਡ ਢਾਂਚੇ ਰਾਹੀਂ ਰਿਆਇਤੀ ਮੁੱਲ ’ਤੇ ਅੰਨ ਭਾਰਤ ਦੇ ਆਮ ਲੋਕਾਂ ਤੱਕ ਪੁੱਜਦਾ ਕੀਤਾ। ਕਿਸਾਨ ਅਤੇ ਖਪਤਕਾਰਾਂ ਵਿਚ ਸਰਕਾਰ ਦੀ ਵਿਚੋਲਗੀ ਭਾਰਤੀ ਲੋਕਾਂ ਦੀ ਅੰਨ ਸੁਰੱਖਿਆ ਦੀ ਜ਼ਾਮਨ ਸੀ। ਇਸ ਸਾਂਝੇ ਜੁੱਟ ਨੇ ਤੰਗੀਆਂ ਦੇ ਬਾਵਜੂਦ ਹਿੰਦੋਸਤਾਨ ਨੂੰ ਆਤਮ ਨਿਰਭਰ ਬਣਾਈ ਰੱਖਣ ਵਿਚ ਹਿੱਸਾ ਪਾਇਆ।
ਇੰਦਰਜੀਤ ਹਸਨਪੁਰੀ ਦਾ ਲਿਖਿਆ ਤੇ ਸੁਰਿੰਦਰ ਕੌਰ-ਹਰਚਰਨ ਗਰੇਵਾਲ ਦਾ ਗਾਇਆ ਗੀਤ ‘ਹੋਇਆ ਕੀ ਜੇ ਕੁੜੀ ਏਂ ਤੂੰ ਦਿੱਲੀ ਸ਼ਹਿਰ ਦੀ, ਮੈਂ ਵੀ ਜੱਟ ਲੁਧਿਆਣੇ ਦਾ’ ਇਸ ਸਾਂਝੇ ਜੁੱਟ ਵਿਚ ਪੇਂਡੂ ਕਿਸਾਨੀ ਦੇ ਬਰਾਬਰ ਦਾ ਭਾਈਵਾਲ ਹੋਣ ਦੀ ਗਵਾਹੀ ਦਿੰਦਾ ਹੈ। ਕਿਸਾਨੀ ਕਿੱਤੇ ਦੀ ਕਦਰ ਬਣੀ ਹੋਈ ਸੀ, ਇਸ ਨਾਲ ਜੁੜਿਆ ਇਤਿਹਾਸਕ ਅਨੁਭਵ ਪੰਜਾਬ ਦੀ ਹੋਣੀ ਨੂੰ ਘੜਦਾ ਲਗਦਾ ਸੀ ਤੇ ਭਵਿੱਖ ਕੋਈ ਓਪਰੀ, ਡਰਾਉਣੀ ਚੀਜ਼ ਨਾ ਹੋ ਕੇ ਇਨ੍ਹਾਂ ਦੇ ਜੁੱਸਿਆਂ ’ਚੋਂ ਨਵੇਂ ਰੰਗ ਵਿਚ ਫੁੱਟਦਾ ਸੂਰਜ ਲਗਦਾ ਸੀ। ‘ਪਗੜੀ ਸੰਭਾਲ ਜੱਟਾ’ ਅੰਦੋਲਨ, ਗ਼ਦਰੀਆਂ, ਅਕਾਲੀਆਂ, ਕਿਰਤੀ-ਕਿਸਾਨ ਲਹਿਰਾਂ ’ਚੋਂ ਹੁੰਦਾ ਹੋਇਆ ਸੇਵਾ ਸਿੰਘ ਠੀਕਰੀਵਾਲਾ, ਤੇਜਾ ਸਿੰਘ ਸੁਤੰਤਰ, ਬਾਬਾ ਬੂਝਾ ਸਿੰਘ ਅਤੇ ਹੋਰਾਂ ਆਗੂਆਂ ਸੰਗ ਲੜਿਆ ਪੈਪਸੂ ਮੁਜ਼ਾਰਾ ਘੋਲ ਦੇ ਚਾਨਣੇ ਵਿਚ ਪੰਜਾਬੀ ਕਿਸਾਨ ਪੰਜਾਬ ਦੇ ਲੋਕਾਂ ਨੂੰ ਅਤੇ ਬਾਕੀ ਸੂਬਿਆਂ ਨੂੰ ਅਗਵਾਈ ਦੇ ਰਿਹਾ ਸੀ। ਸੰਘਰਸ਼ ਦੇ ਖੇਤ ਵਿਚ ਵੀ ਕਿਸਾਨ ਨਵੀਂ ਸੇਧ ਦੇ ਰਹੇ ਸਨ।
ਵੀਹਵੀਂ ਸਦੀ ਦੇ ਅੱਧ ਦਾ ਪੰਜਾਬ ਬਿਲਕੁਲ ਇੰਞ ਸੀ ਜਿਵੇਂ ਕਿਸਾਨ-ਕਲਾਕਾਰ ਬਾਬਾ ਨਾਨਕ 15-16ਵੀਂ ਸਦੀ ਦੇ ਆਪਣੇ ਦੌਰ ਵਿਚ ਹਿੰਦੋਸਤਾਨ ਦੀ ਸਿਖਰ ਬਣਿਆ, ਜਿਵੇਂ 17ਵੀਂ ਸਦੀ ਵਿਚ ਸਾਂਝੀਵਾਲਤਾ ਵਾਲੇ ਹਿੰਦੋਸਤਾਨ ਦਾ ਸੰਕਲਪ ਆਦਿ ਗ੍ਰੰਥ ਦੀ ਜਿਲਦ ਵਿਚ ਬੀੜਿਆ ਜਾਂਦਾ ਹੈ; ਜਿਵੇਂ ਗੁਰੂ ਗੋਬਿੰਦ ਸਿੰਘ ‘ਸ਼ੁਭਚਿੰਤਨ-ਸਾਂਝੀਵਾਲਤਾ-ਸਰਬੱਤ ਦੀ ਆਜ਼ਾਦੀ’ ਦੇ ਮੁਹਾਜ਼ ਲਈ ਕਮਰਕਸਾ ਕਸਦਿਆਂ ਵਿਚਾਰਕ ਤੌਰ ’ਤੇ ਨਵੇਂ ਹਿੰਦੋਸਤਾਨ ਦੀ ਸਿਰਜਣਾ ਲਈ ਧਰਮਯੁੱਧ ਦੇ ਨਗਾਰੇ ’ਤੇ ਚੋਟ ਕਰਦੇ ਹਨ! ਬਾਬਾ ਬੰਦਾ ਸਿੰਘ ਬਹਾਦਰ ਦੀ ਖ਼ਾਲਸਾ ਫ਼ੌਜ ਵਿਚ ਇਕ ਪਾਸੇ ਬੈਰਾਗੀ-ਸੰਨਿਆਸੀ ਹਨ, ਦੂਜੇ ਪਾਸੇ ਮੁਸਲਮਾਨ ਫ਼ਕੀਰ ਪੀਰ ਬੁੱਧੂ ਸ਼ਾਹ ਤੇ ਪੀਰ ਭੀਖਣ ਸ਼ਾਹ ਦੇ ਮੁਰੀਦ ਹਨ ਅਤੇ ਗੁਰੂ ਦਾ ਖ਼ਾਲਸਾ ਤੀਜੀ ਧਿਰ ਹੈ। ਦਿਸਦਾ ਹੈ ਕਿ ਸਾਰੇ ਹਿੰਦੋਸਤਾਨ ਦੀਆਂ ਬਲਵਾਨ ਇਖ਼ਲਾਕੀ ਧਿਰਾਂ ਦਾ ਸਾਂਝਾ ਮੋਰਚਾ ਪੰਜਾਬ ਵਿਚ ਧਰਮਯੁੱਧ ਲੜ ਰਿਹਾ ਹੈ। ਪੰਜਾਬ ਅਤੇ ਹਿੰਦੋਸਤਾਨ ਦੀ ਸਾਂਝ ਹੁਣ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ-ਸੁਰਤ-ਸ਼ਸਤਰ ਨਾਲ ਰਾਜਸੀ ਦਮਨ, ਸੰਪਰਦਾਈ ਵੰਡਵਾਦ ਅਤੇ ਜਾਤ ਪਾਤ ਵਿਰੁੱਧ ਲੜ ਰਹੀ ਸੀ।
ਆਪਸੀ ਪ੍ਰੇਮ-ਇਸ਼ਕ-ਪਿਰਹੜੀ ਹੁਣ ਸਾਂਝੀਵਾਲਤਾ ਦੇ ਸਚਿਆਰੇ ਪਾਣੀਆਂ ਨਾਲ ਪੰਜਾਬ ਦੇ ਹੁਸਨ-ਇਖ਼ਲਾਕ ਦੀ ਫ਼ਸਲ ਵਿਚ ਵਟ ਗਈ। ਪ੍ਰੋ. ਮੋਹਨ ਸਿੰਘ ਇਸ ਉਸਾਰ ਦੀ ਨੀਂਹ ਖੂਹ ਤੋਂ ਆਉਂਦੇ ਪਾਣੀ ਦੀ ਬਰਕਤ ਨੂੰ ਮੰਨਦੇ ਹਨ:
‘ਏਥੇ ਘੰਮ ਘੰਮ ਵਗਣ ਹਵਾਵਾਂ
ਅਤੇ ਘੁੰਮੜੀਆਂ ਘੁੰਮੜੀਆਂ ਛਾਵਾਂ
ਨੀ ਮੈਂ ਅੱਗ ਸੁਰਗਾਂ ਨੂੰ ਲਾਵਾਂ
ਜਦ ਪਏ ਇਥਾਈਂ ਲੱਭ ਨੀ
ਸਾਡੇ ਖੂਹ ਤੇ ਵੱਸਦਾ ਰੱਬ ਨੀ...’
ਇਹ ਸਾਰਾ ਕਿਸਾਨ-ਧਰਮੀ ਉਸਾਰ ਪੰਜਾਬੀਆਂ ਦੇ ਅਨੁਭਵ ਵਿਚ ਜਜ਼ਬ ਹੈ, ਪਰ ਇਸ ਅਨੁਭਵ ਦੀ ਲਿਸ਼ਕ ਉੱਤੇ ਸਰਕਾਰਾਂ ਦੀ ਬਦਨੀਅਤੀ, ਸਰਕਾਰੀ ਨੀਤੀਆਂ ਦੀ ਕਾਲਖ ਅਤੇ ਇਸ ਖ਼ਾਮੋਸ਼ ਹਿੰਸਾ ਦੇ ਭਾਈਵਾਲ ਬੁੱਧੀਜੀਵੀਆਂ ਦੀ ‘ਹੁਸਨ-ਚਤੁਰਾਈ’ ਦੀ ਮੈਲ ਚੜ੍ਹਦੀ ਰਹੀ। ਕਿਸਾਨ-ਪਿੰਡ-ਲੋਕ ਬੋਧ ਦੀ ਦੋਖੀ ਸ਼ਹਿਰੀ-ਸੱਭਿਅਕ ਮਾਨਸਿਕਤਾ ਨੇ ਕਿਸਾਨੀ ਕਿੱਤੇ ਨੂੰ ਬੇਕਦਰਾ, ਕਿਸਾਨ ਨੂੰ ਸਮਾਜਿਕ ਪਛੜੇਵੇਂ ਦਾ ਸਿਰਨਾਵਾਂ ਅਤੇ ਪਿੰਡਾਂ ਨੂੰ ਸ਼ਹਿਰਾਂ ਦੀਆਂ ਬਸਤੀਆਂ ਬਣਾ ਦੇਣ ਦਾ ‘ਧਰਮਯੁੱਧ’ ਛੇੜਿਆ ਹੋਇਆ ਹੈ। ਇਤਿਹਾਸਕ ਤੌਰ ’ਤੇ ‘ਅਟੱਲ’ ਸਮਝੇ ਜਾ ਰਹੇ ਇਸ ਵਰਤਾਰੇ ਨੂੰ ‘ਆਧੁਨਿਕ’ ਹੋਣ, ‘ਤਰੱਕੀ’ ਕਰਨ ਅਤੇ ‘ਸੰਸਾਰ ਨਾਲ ਜੁੜੇ’ ਹੋਣ ਦੀ ਸ਼ਰਤ ਬਣਾ ਦਿੱਤਾ ਗਿਆ ਹੈ। ਇਕ ਪਾਸਿਓਂ ਸਰਕਾਰ ਖੇਤੀਬਾੜੀ ਨੂੰ ਮਿਥ ਕੇ ਘਾਟੇਵੰਦਾ ਕਿੱਤਾ ਬਣਾ ਕੇ ਕਿਸਾਨੀ ਅਤੇ ਪੰਜਾਬ ਨੂੰ ਰਗੜਾ ਲਾ ਰਹੀ ਹੈ ਤੇ ਦੂਜੇ ਪਾਸਿਓਂ ਸਾਡੇ ਯੂਨੀਵਰਸਿਟੀਆਂ, ਸੰਸਥਾਵਾਂ, ਸੈਮੀਨਾਰਾਂ, ਸਾਹਿਤਕ ਰਸਾਲਿਆਂ ਵਾਲਾ ‘ਸ਼ੌਕੀ’ ਲਾਣਾ ‘ਕਿਸਾਨ’ ਨੂੰ ਵਿਚਾਰਕ ਤੌਰ ’ਤੇ ਹੀਣਾ-ਬੌਣਾ ਸਾਬਿਤ ਕਰਨ ਦੀ ਮਸ਼ਕ ਕਰ ਰਿਹਾ ਹੈ। ਲਗਭਗ ਉਵੇਂ ਹੀ ਜਿਵੇਂ ਜੱਟ ਮਾਰਕਾ ਗਾਇਕ ਸ਼ਰੀਕਾਂ ਨੂੰ ਹੀਣਾ-ਬੌਣਾ ਆਖ ਕੇ ਆਪਣੀ ਚੜ੍ਹਤ ਦੀ ਮੁਨਾਦੀ ਕਰਦੇ ਹਨ। ਪਰ ਸ਼ੌਕੀ ਲਾਣੇ ਦੀ ਸੰਸਥਾਈ ਚੜ੍ਹਤ ਤੇ ਜੱਟ ਮਾਰਕਾ ਗੀਤਾਂ ਦੇ ਉਲਟ ਕਿਸਾਨੀ ਕਿੱਤਾ ਆਰਥਿਕ ਤੌਰ ’ਤੇ ਨਿੱਘਰ ਰਿਹਾ ਸੀ, ਸੰਤ ਰਾਮ ਉਦਾਸੀ ਬੋਲਿਆ :
‘ਜੀਹਦੇ ਸੋਹਣਿਆਂ ਸ਼ਹਿਰਾਂ ਦੀ ਸ਼ਾਨ ਮੂਹਰੇ
ਝੁਕੇ ਪਏ ਨੇ ਪਿੰਡ ਕਮਾਨ ਵਾਂਗੂੰ’
ਪੰਜਾਬੀ ਸ਼ਾਇਰ ਪਾਸ਼ ਆਪਣੀ ਕਵਿਤਾ ‘ਯਾਰਾਂ ਨਾਲ ਸੰਵਾਦ’ ਵਿਚ ਇਸ ਤੀਹਰੀ ਲੜਾਈ ਦਾ ਮੋਰਚਾ ਬੰਨ੍ਹਦਾ ਹੈ : ਪਹਿਲਾ ਸਰਕਾਰਾਂ ਦੇ ਖ਼ਿਲਾਫ਼, ਦੂਜਾ ਉਨ੍ਹਾਂ ਸ਼ੌਕੀ ਬੁੱਧੀਜੀਵੀਆਂ ਦੇ ਖ਼ਿਲਾਫ਼ ਜੋ ਪੰਜਾਬ ਦੇ ਨਾਬਰੀ ਦੇ ਵਲਵਲੇ ਨੂੰ ਹੀ ਸਭ ਤੋਂ ਵੱਡਾ ਰੋਗ ਦੱਸਦੇ ਹਨ ਅਤੇ ਤੀਜਾ ਆਪਣੇ ਲੋਕਾਂ ਵਿਚ ਪਸਰ ਰਹੀ ਉਦਾਸੀਨਤਾ ਦੀ ਕੱਲਰ ਦੇ ਖ਼ਿਲਾਫ਼ ਜਿਸ ਕਰਕੇ ਪ੍ਰੋ. ਪੂਰਨ ਸਿੰਘ ਦਾ ਕਿਸਾਨ-ਧਰਮੀ ਪੰਜਾਬ, ਹੁਣ ਪਿੰਡ-ਕਿਸਾਨ-ਲੋਕ ਬੋਧ ਤੋਂ ਬੇਗਾਨਾ ਹੁੰਦਾ ਜਾ ਰਿਹਾ ਹੈ :
‘ਹੁਣ ਤਾਂ ਸ਼ਮਸ਼ੇਰ, ਤੇਰਾ ਪੂਰਨ ਸਿੰਘੀ ਪੰਜਾਬ
ਇਸ ਪਰਦੇਸ ਅੰਦਰ ਸਿਰਫ਼ ਇਕ ਅਰਦਾਸ ਹੈ
ਲੰਮੀ ਝੜੀ ’ਚ ਰਿਸਦੀ ਕੱਚੀ ਕੰਧ ਦੇ
ਕੁਝ ਦਿਨ ਤਗੀ ਰਹਿ ਸਕਣ ਲਈ’
ਇਹ ਬੇਗਾਨਗੀ ਐਸੀ ਵਬਾਅ ਹੈ ਜੋ ਹੁਣ ਸਾਨੂੰ ਵੀ ਪੰਜਾਬ ਦੇ ਗੁਨਾਹਗਾਰਾਂ ਦੀ ਕਤਾਰ ਵਿਚ ਲਿਆ ਖਲ੍ਹਾਰਦੀ ਹੈ। ਨੌਜਵਾਨ ਖੇਤੀ ਤੋਂ ਬੇਗਾਨਾ ਹੈ, ਕਿਸਾਨ ਧਰਤੀ ਦੇ ਧਰਮ ਤੋਂ ਬੇਗਾਨਾ ਹੈ, ਪਿੰਡ ਆਪਣੇ ਕਿਰਤੀ ਹੋਣ ਦੇ ਮਾਣ ਤੋਂ ਬੇਗਾਨਾ ਹੈ ਤੇ ਅਸੀਂ ਪੰਜਾਬ ਵਿਚ ਰਹਿੰਦੇ ਹੋਏ, ਹੰਢਾਉਂਦੇ ਹੋਏ ਪੰਜਾਬ ਦੀ ਦਾਸਤਾਨ ਤੋਂ ਬੇਗਾਨੇ ਹਾਂ। ਜਿਵੇਂ ਪਹਿਲਾਂ ਆਪਾਂ ਕਿਸਾਨੀ ਦੇ ਹੁਸਨ-ਇਖ਼ਲਾਕ ਦੀ ਗੱਲ ਕੀਤੀ ਸੀ, ਉਵੇਂ ਹੀ ਇਸ ਬੇਗਾਨਗੀ ਦੇ ਸਫ਼ਰ ਦੀ ਦਾਸਤਾਨ ਵੀ ਕਹਿਣੀ ਬਣਦੀ ਹੈ।
ਹਿੰਦੀ, ਉਰਦੂ ਅਤੇ ਅੰਗਰੇਜ਼ੀ ਦੇ ਪੰਜਾਬੀ ਦਾਅਵੇਦਾਰ ਪੰਜਾਬੀ ਬੋਲੀ ਨੂੰ ਪਛੜੀ ਹੋਈ ਜਾਂ ਗਵਾਰਾਂ ਦੀ ਜ਼ਬਾਨ ਆਖ ਕੇ ਵੱਡੇ ਰੁਤਬੇ ਅਤੇ ਪਹੁੰਚ ਵਾਲੇ ਲੋਕਾਂ ਦੀ ਬੋਲੀ ਵਿਚ ਲਿਖਣ ਲੱਗੇ। ਸਾਂਝੀ ਪੰਜਾਬੀ ਨੁਹਾਰ ਨੂੰ ਹਿੰਦੂ, ਸਿੱਖ ਤੇ ਮੁਸਲਮਾਨ ਵਾੜਾਬੰਦੀ ’ਚ ਤਾੜ ਕੇ ਪੰਜਾਬ ਨੇ ਆਧੁਨਿਕ ਸੰਸਾਰ ਵਿਚ ਦਾਖਲੇ ਦਾ ਵੀਜ਼ਾ ਹਾਸਲ ਕੀਤਾ। ਹੁਣ ਵੀ ਹਿੰਦੀ ਤੇ ਅੰਗਰੇਜ਼ੀ ਦੀਆਂ ਲਿਖਤਾਂ ਦਾ ਚਰਬਾ ਪੰਜਾਬੀ ਵਿਚ ਧੱਕਣ ਵਾਲਾ ਲਾਣਾ ਏਸੇ ਸਾਹਿਤਕ-ਵਿਚਾਰਕ ਮੁਹਾਜ਼ ਦਾ ਸੇਵਾਦਾਰ ਬਣਿਆ ਹੋਇਆ ਹੈ।
ਗ਼ੌਰ ਕਰੀਏ ਕਿ ਅੱਜ ਤੋਂ ਸਵਾ ਸਦੀ ਪਹਿਲਾਂ ਪੰਜਾਬੀ ਬੋਲੀ ਨਾਲ ਜੋ ਸਲੂਕ ਕੀਤਾ ਜਾ ਰਿਹਾ ਸੀ, ਉਸ ਨੂੰ ਪਹਿਲਾਂ 1947, ਫ਼ਿਰ 1966 ਵਿਚ ਸਫ਼ਲਤਾ ਸਹਿਤ ਨੇਪਰੇ ਚਾੜ੍ਹ ਕੇ, ਹੁਣ ਉਹੀ ਸਲੂਕ ਪਿਛਲੀ ਅੱਧੀ ਸਦੀ ਤੋਂ ਖੇਤੀ-ਕਿਸਾਨੀ ਦੇ ਕਿੱਤੇ ਨਾਲ ਹੋ ਰਿਹਾ ਹੈ। ਇਸ ਤੋਂ ਵੀ ਅਗਾਂਹ ਆਉਂਦਿਆਂ ਇਨ੍ਹਾਂ ਰੁਤਬੇਦਾਰਾਂ ਦਾ ਮੋਰਚਾ ਹੁਣ ਪਿੰਡ ਨੂੰ ਹੀ ਕੋਈ ਅੰਨ੍ਹਾ ਖੂਹ ਸਿੱਧ ਕਰ ਰਿਹਾ ਹੈ ਜਿੱਥੇ ਜੱਟ/ਕਿਸਾਨ/ਪੰਜਾਬੀ ਹੁਣ ਜਾਤੀਵਾਦ ਦੇ ਡੇਰੇਦਾਰ ਹਨ, ਸ਼ੋਸ਼ਣ ਦਾ ਸਿਰਨਾਵਾਂ ਹਨ ਅਤੇ ਔਰਤ-ਵਿਰੋਧੀ ਕਿਸਮ ਦੇ ਅਤਿਵਾਦੀ ਹਨ।
ਹੁਸਨ-ਚਤੁਰਾਈ ਦੇ ਇਸ ਕੋਟ ਦੀ ਉਸਾਰੀ ਵਿਚ ਕੁਝ ਮੁੱਢਲੇ ਫਰੇਬ ਦੇਖਣ ਵਾਲੇ ਹਨ ਜਿਵੇਂ ਕਿ ‘ਕਿਸਾਨੀ ਕਿੱਤੇ’ ਨੂੰ ਪਹਿਲੋਂ ਸਿਰਫ਼ ‘ਜੱਟ’ ਨਾਲ ਨੱਥੀ ਕਰ ਦੇਣਾ। ਬੜੀ ਸੂਖ਼ਮਤਾ ਨਾਲ ਇਕ ਪੂਰੇ ਸੂਰੇ ਕਿੱਤੇ ਨੂੰ ਜਾਤੀ ਪਛਾਣ ਦਾ ਪਰਛਾਵਾਂ ਬਣਾ ਧਰਨਾ। ਫਿਰ ਕਿਸਾਨੀ ਜਾਂ ਜੱਟ ਦੇ ਜ਼ਿਕਰ ਨੂੰ ਸਿਰਫ਼ ‘ਜੱਟਵਾਦ’ ਕਹਿੰਦੇ ਤੁਰੇ ਜਾਣਾ। ਸੋ ਕਿਸਾਨੀ ਨੂੰ ਜੱਟਵਾਦ ਦਾ ‘ਸ਼ੁਗਲ’ ਬਣਾ ਦੇਣਾ, ਜੱਟਾਂ/ਕਿਸਾਨਾਂ ਨੂੰ ‘ਸ਼ੌਕੀ’ ਗਰਦਾਨ ਦੇਣਾ - ਇਨ੍ਹਾਂ ਰੁਤਬੇਧਾਰੀ ਚਤੁਰਾਂ ਦੇ ਸੱਭਿਆਚਾਰਕ ਮੁਹਾਜ਼ ਦੀ ਸਾਂਝੀ ਚੂਲ ਹੈ। ਇਸ ਦਾ ਮਤਲਬ ਹਰਗਿਜ਼ ਨਹੀਂ ਕਿ ਇਹ ਸਮੱਸਿਆਵਾਂ, ਮਸਲੇ ਤੇ ਸਵਾਲ ਗ਼ੈਰਜ਼ਰੂਰੀ ਹਨ ਜਾਂ ਗ਼ਾਇਬ ਹਨ। ਸਵਾਲਾਂ ਦਾ ਸਵਾਲ ਇਹ ਹੈ ਕਿ ਇਨ੍ਹਾਂ ਮੁੱਦਿਆਂ ਨਾਲ ਨਜਿੱਠਣ ਲਈ ਕੀ ਪਛਾਣ ਦੀ ਸਿਆਸਤ ਕਾਰਗਰ ਹੈ ਜਾਂ ਫਿਰ ਇਸ ਲਈ ਸਾਂਝੇ ਸੰਘਰਸ਼ ਵਿੱਢਣ ਦੀ ਅਣਸਰਦੀ ਲੋੜ ਹੈ ? ਕੀ ‘ਕਿਸਾਨੀ=ਜੱਟਵਾਦ’ ਅਤੇ ‘ਹਿੰਦੋਸਤਾਨ=ਹਿੰਦੂ ਰਾਸ਼ਟਰਵਾਦ’ ਇੱਕੋ ਹੀ ਸਿੱਕੇ ਦੇ ਦੋ ਪਾਸੇ ਨਹੀਂ ਹਨ ? ਕੱਟੜਪੰਥੀਆਂ ਦੀਆਂ ਘੜੀਆਂ ਪਛਾਣਾਂ ‘ਜੱਟਵਾਦ’ ਅਤੇ ‘ਹਿੰਦੂ ਰਾਸ਼ਟਰਵਾਦ’ ਪਛਾਣਾਂ ਦੀ ਸਿਆਸਤ ਦਾ ਸਾਂਝਾ ਅਖਾੜਾ ਹਨ। ਦੇਖਣ ਨੂੰ ਵਿਰੋਧੀ ਪਰ ਢਿੱਡੋਂ ਖੰਡ ਖੀਰ ਇਨ੍ਹਾਂ ਧੁਰਿਆਂ ਦੇ ਲੋਕ-ਘਾਤੀ ਪੈਂਤੜੇ ਦੀ ਆਪਸੀ ਯਾਰੀ ਨੇ ਇਕ ਦੂਜੇ ਨੂੰ ਉਗਾਸ ਕੇ ਰੱਖਿਆ ਹੈ। ਇਸ ਵਿਚਾਰਧਾਰਕ ਮੋਰਚੇ ਤੋਂ ਪੰਜਾਬ ਦੀ ਸਾਂਝੀ ਦਾਸਤਾਨ, ਪੰਜਾਬ-ਹਰਿਆਣਾ ਸਾਂਝੀਵਾਲਤਾ ਅਤੇ ਸਾਰੇ ਹਿੰਦੋਸਤਾਨ ਨਾਲ ਸਾਰਥਕ ਸੰਵਾਦ ਦੀ ਸੰਭਾਵਨਾ ਖ਼ਿਲਾਫ਼ ਲਗਾਤਾਰ ਪਾਣੀ ਦੀ ਤੋਪ ਚਲਾਈ ਜਾਂਦੀ ਰਹੀ ਹੈ, ਬੈਰੀਕੇਡ ਲਾਏ ਜਾਂਦੇ ਰਹੇ ਹਨ। ਇਹ ਕਿਰਤ ਖ਼ਿਲਾਫ਼ ਸੰਪਰਦਾਈ ਪਛਾਣਾਂ ਦਾ ਸਾਂਝਾ ਮੋਰਚਾ ਹੈ ਜੋ ਸਿੰਘੂ-ਟਿਕਰੀ ਹੱਦਾਂ ’ਤੇ ਸਰਗਰਮ ਹੋਣ ਦੀ ਵਾਹ ਲਾ ਰਿਹਾ ਹੈ। ਇਸ ਵਿਚਾਰਕ ਪੈਂਤੜੇ ਦਾ ਧਾਰਨੀ ਹੋਣ ਲਈ ਹਿੰਦੂ ਹੋਣਾ ਲਾਜ਼ਮੀ ਨਹੀਂ। ਸਗੋਂ ਪੰਜਾਬ ਦੇ ਲੋਕਾਂ ਦੀ ਚੇਤਨਾ ਦੇ ਸੋਮਿਆਂ ਨੂੰ ਹੀਣਾ-ਬੌਣਾ ਦਰਸਾਉਣਾ, ਲੋਕਾਂ ਦੀ ਕਰਨੀ ਤੋਂ ਭਿੱਟ ਮੰਨਣੀ ਅਤੇ ਕਿਰਤੀਆਂ ਦੀ ਸਾਂਝ ਖ਼ਿਲਾਫ਼ ਪਤਵੰਤਿਆਂ ਦੀ ਪਛਾਣ ਨੂੰ ਸਿਆਸੀ ਧੁਰਾ ਬਣਾਉਣ ਵਾਲੇ ਸਿੱਖ, ਹਿੰਦੂ ਜਾਂ ਮੁਸਲਮਾਨ ਇਸ ਅਖਾੜੇ ਦੇ ਮਾਸ਼ਕੀ ਹਨ।
ਸੋ ਇਹ ਕਿਸਾਨ ਮੋਰਚਾ ਇਸ ਬੱਝਵੇਂ, ਸੰਗਠਿਤ ਅਤੇ ਇਕ-ਦੂਜੇ ਨੂੰ ਚਰਚਾ ਵਿਚ ਬਣਾਈ ਰੱਖ ਕੇ ਸਾਂਝੀ ਬਾਤ ਨੂੰ ਦੁਰਕਾਰਨ ਵਾਲੀ ਸਿਆਸਤ ਦੇ ਜੜ੍ਹੀਂ ਬੈਠਦਾ ਦਿਸਦਾ ਹੈ। ਇਹ ਦੋਵੇਂ ਧਿਰਾਂ ਹਜੇ ਬਦਹਵਾਸ ਹਨ, ਚੁੱਪ ਹੋ ਗਈਆਂ ਹਨ, ਸੋਸ਼ਲ ਮੀਡੀਆ ’ਤੇ ਮੱਠੀ-ਮੱਠੀ ਧੂਣੀ ਪਾਈ ਬੈਠੀਆਂ ਹਨ। ਪਰ ਸਾਵਧਾਨ ਰਹੋ ਕਿ ਆਪਣੀ ਜ਼ਮੀਨ ਖਿਸਕਦੀ ਵੇਖ ਕੇ ਮੌਕਾ ਆਉਣ ’ਤੇ ਵਧੇਰੇ ਹਮਲਾਵਰ ਰੁਖ਼ ਅਖ਼ਤਿਆਰ ਕਰਨਗੀਆਂ। ਕਾਰਪੋਰੇਟੀ-ਸਰਕਾਰੀ-ਪੁਲਸੀ ਚਕਰਵਿਯੂਹ ਖ਼ਿਲਾਫ਼ ਬੜੇ ਲੰਮੇ ਸਮੇਂ ਤੋਂ ਕਾਰਵਾਈ ਜਾਰੀ ਸੀ ਤੇ ਹੁਣ ਇਹ ਸਿੱਧੀ ਟੱਕਰ ਦਾ ਮੋਰਚਾ ਬਣ ਗਿਆ ਹੈ। ਇਹ ਬਹੁਤ ਵੱਡੀ ਸਫ਼ਲਤਾ ਹੈ, ਬਹੁਤ ਕੁਰਬਾਨੀ ਅਤੇ ਸੰਘਰਸ਼ ਤੋਂ ਬਾਅਦ ਇਹ ਪੜਾਅ ਆਇਆ ਹੈ। ਪੰਜਾਬੀਆਂ ਦਾ ਏਕਾ, ਸਾਂਝੀਵਾਲਤਾ ਦੀ ਰਵਾਇਤ ਅਤੇ ਸਰਬੱਤ ਦੀ ਆਜ਼ਾਦੀ ਦਾ ਨਾਦ ਸਾਰੇ ਦੇਸ ਵਿਚੋਂ ਹੁੰਗਾਰਾ ਲੈ ਰਿਹਾ ਹੈ। ਇਸ ਮੋਰਚੇ ਸਦਕਾ ਪੰਜਾਬੀਆਂ ਦਾ ਮਨੋਬਲ ਉੱਚਾ ਹੋਇਆ ਹੈ, ਸਿਦਕ ਧਾਰਿਆ ਗਿਆ ਹੈ ਅਤੇ ‘ਸੂਰਾ ਸੋ ਪਹਿਚਾਨੀਐ’ ਦੀ ਮਜੀਠੀ ਲੀਹ ਕੱਢੀ ਗਈ ਹੈ।
ਸਾਂਝੀਵਾਲ ਖ਼ਾਲਸਾ ਰਵਾਇਤ ਤੋਂ ਬੇਗਾਨਗੀ, ਪੰਜਾਬ ਦੇ ਸੰਕਲਪ ਤੋਂ ਭੈਅ, ਮਨਮੁਖਾਂ ਵਾਲਾ ਕਿਰਦਾਰ ਅਤੇ ਸੂਝ-ਗਿਆਨ ਦੀ ਤਰਾਸ਼ ਤੋਂ ਵਿਰਵੇ ਹੋਣ ਸਦਕਾ ਰੁਤਬੇਦਾਰਾਂ ਵੱਲੋਂ ਪੰਜਾਬ ਦੇ ਵੇਗ-ਵਿਵੇਕ ਨੂੰ ਜ਼ਲੀਲ ਕਰਨ ਦੇ ਅਗਲੇਰੇ ਖ਼ਤਰੇ ਤਿਆਰ ਬਰ ਤਿਆਰ ਖੜ੍ਹੇ ਹਨ। ਇਸ ਖ਼ਿਲਾਫ਼ ਸੱਭਿਆਚਾਰਕ-ਵਿਚਾਰਧਾਰਕ ਮੋਰਚੇ ’ਤੇ ਲਮਕਵੀਂ ਜੰਗ ਛੇੜਣ ਦੀ ਲੋੜ ਹੈ। ਬਾਈ ਕੰਵਲ ਆਗਾਹ ਕਰਦਾ ਹੈ: ‘ਜਿੰਨਾ ਚਿਰ ਪੰਜਾਬ ਇੱਕ ਥਾਂ ਹੋ ਕੇ ਲੋਹੇ ਦੀ ਲੱਠ ਨਹੀਂ ਬਣਦਾ, ਰਾਜਕੀ ਠੱਗੀਆਂ ਵਿਚ ਧੱਕੇ ਖਾਂਦਾ ਆਪਣੇ ਖਾਤਮੇ ਨੂੰ ਪਹੁੰਚ ਜਾਵੇਗਾ’।
ਆਰਥਿਕ ਮੰਗਾਂ ਤੋਂ ਤੁਰਿਆ ਇਹ ਅੰਦੋਲਨ ਹੁਣ ਲੋਕਤੰਤਰ ਦੇ ਨਵੇਂ ਅਰਥ ਘੜ੍ਹਣ ਅਤੇ ਸਾਂਝੀਵਾਲਤਾ ਵਾਲੇ ਹਿੰਦੋਸਤਾਨ ਦਾ ਸੁਪਨਾ ਸੱਚ ਕਰਨ ਦਾ ਬਣਦਾ ਜਾ ਰਿਹਾ ਹੈ। ਸੱਭਿਆਚਾਰਕ-ਵਿਚਾਰਧਾਰਕ ਅੰਦੋਲਨ ਜ਼ਰੀਏ ਪੰਜਾਬ ਦੇ ਨਵੇਂ ਅਰਥ ਘੜ੍ਹਨ ਲਈ ਇਸੇ ਚੜ੍ਹਦੀ ਕਲਾ ਦੇ ਖੇਤ ਨੂੰ ਸਵਾਰਣ ਦੀ ਲੋੜ ਹੈ ਜਿੱਥੇ ਸਾਂਝੀਵਾਲਤਾ ਦੀ ਸਿਆਸਤ ਦਾ ਹਲ ਵਾਹਿਆ ਜਾ ਸਕੇ। ਇਸ ਲੰਬੀ ਜਦੋਜਹਿਦ ਦੀ ਤਿਆਰੀ ਹਿਤ ਅੰਦੋਲਨਕਾਰੀ ਨੌਜਵਾਨਾਂ ਦੀ ਊਰਜਾ, ਲਿਆਕਤ ਤੇ ਸੰਜਮ ਦੀ ਪੱਕ ਰਹੀ ਫ਼ਸਲ ਨੂੰ ਬੇਮੌਸਮੀ ਮੂਲਵਾਦੀ ਬਾਰਿਸ਼ ਜਾਂ ਹੋਛੀ ਜਥੇਬੰਦਕ ਸੰਕੀਰਣਤਾ ਦੀ ਗੜੇਮਾਰ ਤੋਂ ਬਚਾਅ ਕੇ ਰੱਖਣ ਦੀ ਨਵੀਂ ਵੰਗਾਰ ਸਾਨੂੰ ਉਡੀਕ ਰਹੀ ਹੈ।
ਅਖੀਰ ਤੇ ਕਿਸਾਨਾਂ ਲਈ ਸਵਾਲ : ਕੀ ਹੁਣ ਕਿਸਾਨ ਧਰਤੀ ਦਾ ਧਰਮ ਨਿਭਾਉਣਗੇ ਤੇ ਕੁਦਰਤੀ ਖੇਤੀ, ਸਹਿਕਾਰੀ-ਸਾਂਝੀ ਖੇਤੀ ਅਤੇ ਬਰਾਬਰੀ ਦਾ ਸੱਭਿਆਚਾਰ ਸਿਰਜਣਗੇ? ਇਸ ਅਮਲ ’ਚੋਂ ਗੁਜ਼ਰਦਿਆਂ ਮੰਡੀਚਾਰੇ ਦੀ ਗ਼ੁਲਾਮੀ ਕਰਨਗੇ ਜਾਂ ਇਸ ਦਾ ਤੋੜ ਬਣਨਗੇ? ਸਰਕਾਰਾਂ ਅਤੇ ਕਾਰਪੋਰੇਟੀ ਬੁੱਚੜਾਂ ਤੋਂ ਬਚਾਅ ਕੇ ਤੇ ਨਿਰੀ ਆਪਣੀ ਲੱਤ ਹੇਠ ਰੱਖਣ ਲਈ ਧਰਤੀ ਨਾਲ ਅਸੀਂ ਉਹੋ ਸਲੂਕ ਤਾਂ ਨਹੀਂ ਕਰਾਂਗੇ ਜੋ ਆਰਕੈਸਟਰਾ ਦੀਆਂ ਔਰਤਾਂ ਨਾਲ ਕਰਨ ਦੇ ਆਦੀ ਹੋ ਚੁੱਕੇ ਹਾਂ?
ਸਾਨੂੰ ਆਪਣੀ ਧਰਤੀ ਦੇ ਸੱਚ ਦੇ ਦੀਦਾਰ ਹੋਣ, ਖੇੜਾ ਸਾਡੇ ਸਮਾਜਚਾਰੇ ਦੇ ਅੰਦਰਵਾਰ ਵਾਸਾ ਕਰੇ ਤੇ ‘ਮੇਲਾ’ ਸਾਡੇ ਕਿਰਤੀਆਂ-ਕਿਸਾਨਾਂ ਦੇ ਕਮਾਏ ਹੋਏ ਧਰਮ ਦੀ ਲਿਸ਼ਕ ਵਿਚ ਦਿਸੇ। ਭਾਈ ਗੁਰਦਾਸ ਦੇ ਕਥਨ ‘ਗੁਰਮੁਖਿ ਮੇਲਾ ਸਚ ਦਾ’ ਦੀ ਸੇਧ ਵਿਚ ਤੁਰਦਿਆਂ ਕੰਵਲ ਆਖਦਾ ਹੈ :
‘ਮੈਂ ਜੀਵਨ ਦਾ ਰਾਹੀ।
ਪ੍ਰੀਤ ਖੇਤ ਦਾ ਕਾਮਾ ਹਾਂ ਮੈਂ, ਸਾਂਝੀ ਮੇਰੀ ਵਾਹੀ।’
ਚੇਤੇ ਰਹੇ ਕਿ ਮਾਂ ਧਰਤੀ ਦਾ ਅਦਬ ਹੀ ਕਿਸਾਨ ਹੋਣ ਦੇ ਗੌਰਵ ਦੀ ਨੀਂਹ ਹੈ, ਕਿਰਤ ਦਾ ਈਮਾਨ ਹੈ, ਪੰਜਾਬ ਦੀ ਰਹਿਤ ਮਰਿਆਦਾ ਹੈ।
* ਇਤਿਹਾਸਕਾਰ ਅਤੇ ਡਾਇਰੈਕਟਰ, ਅਦਾਰਾ 23 ਮਾਰਚ, ਸੰਪਾਦਕ ‘ਸੇਧ’
ਜਸਵੰਤ ਸਿੰਘ ਕੰਵਲ ਦੇ 100ਵੇਂ ਜਨਮ ਦਿਹਾੜੇ 'ਤੇ ਵਿਸ਼ੇਸ਼
ਇਸ਼ਕਧਾਰੀ ਕਾਮਰੇਡ ਜਸਵੰਤ ਸਿੰਘ ਕੰਵਲ ਮੇਰਾ ਕੀ ਲਗਦਾ ਹੈ?
'ਇਸ਼ਕ ਬੋਲਦਾ ਨੱਢੀ ਦੇ ਥਾਂਓਂ ਥਾਂਈਂ'
- ਡਾ. ਸੁਮੇਲ ਸਿੰਘ ਸਿੱਧੂ
ਇਸ ਸਿਰਲੇਖ ਦੀ ਉਤਲੀ ਸਤਰ ਹੀਰ ਵਾਰਿਸ ਸ਼ਾਹ ਦੇ ਸਿਖਰਲੇ ਕਲਾਮ ਹੀਰ ਦੇ ਹੁਸਨ ਦੇ ਬਿਆਨ ਵਾਲੇ ਬੰਦ 'ਚ ਇੰਜ ਦਿੱਤੀ ਹੋਈ ਹੈ: 'ਇਸ਼ਕ ਬੋਲਦਾ ਨੱਢੀ ਦੇ ਥਾਂਓਂ ਥਾਂਈਂ, ਰਾਗ ਨਿਕਲੇ ਜਿਉਂ ਜ਼ੀਲ ਦੀ ਤਾਰ ਵਿਚੋਂ।' ਪਰੀ ਕਹਾਣੀਆਂ ਦੇ ਹਵਾਲੇ ਨਾਲ ਆਖਣਾ ਹੋਵੇ ਤਾਂ ਜਸਵੰਤ ਸਿੰਘ ਕੰਵਲ ਦੀ ਜਾਨ ਦਾ ਖੁਰਾ ਇਸ ਕਿਤਾਬ ਵਿੱਚੋਂ ਲੱਭ ਜਾਂਦਾ ਹੈ। ਵਾਰਿਸ ਸ਼ਾਹ ਵੱਲੋਂ ਅਠ੍ਹਾਰਵੀਂ ਸਦੀ ਦੇ ਅੱਧ ਵਿਚ ਲਿਖੀ ਇਸ ਪੋਥੀ ਦੇ ਪਾਤਰ, ਉਨ੍ਹਾਂ ਦੇ ਆਪਸੀ ਬੋਲ-ਕੁਬੋਲ ਅਤੇ ਵਾਰਿਸ ਦੇ ਬਿਆਨ ਦੀ ਰਵਾਨੀ ਨੇ ਕੰਵਲ ਦੀ ਲਿਖਤ ਨੂੰ ਸਿੱਧਾ-ਸਿੱਧਾ ਛੂਹਿਆ ਹੈ। ਉਸ ਦੇ ਆਪਣੇ ਕਿਰਦਾਰ ਦੀ ਬਣਤਰ ਉੱਤੇ ਵੀ ਹੋਰਨਾਂ ਅਨੁਭਵਾਂ ਅਤੇ ਪੂਰਨਿਆਂ ਦੇ ਅਸਰ ਦੇ ਨਾਲ-ਨਾਲ ਹੀਰ ਵਾਰਿਸ ਦੇ ਵੈਰਾਗ-ਵੇਗ-ਵਿਵੇਕ ਦਾ ਡੂੰਘਾ ਹਲ਼ ਵਾਹਿਆ ਗਿਆ ਹੈ। ਹੀਰ ਉਸ ਦੇ ਲਗਭਗ ਹਿਫ਼ਜ਼ ਹੈ। ਅਕਸਰ ਮੇਰੇ ਨਾਲ ਵਾਰਤਾ ਕਰਦਿਆਂ, ਲਾਡ ਨਾਲ ਡਾਂਟਦਿਆਂ ਉਹ ਮੈਨੂੰ ਸਹਿਤੀ ਦੇ ਮੂੰਹੋਂ ਰੰਗਪੁਰ ਖੇੜੇ ਪੁੱਜ ਕੇ ਖ਼ੈਰ ਮੰਗਣ ਆਏ ਰਾਂਝੇ ਜੋਗੀ ਨਾਲ ਦਸਤਪੰਜਾ ਲੈਣ ਦੇ ਮੌਕੇ ਦੀਆਂ ਸਤਰਾਂ ਕਹਿੰਦੇ ਹਨ, ਬਿਲਕੁਲ ਨਾਟਕੀ ਉਚਾਰ ਨਾਲ ਅਭਿਨੈ ਦੀ ਮੁਦਰਾ ਵਿੱਚ: 'ਅਨੀਂ ਉਠ ਕੇ ਭਾਬੀਏ ਖ਼ੈਰ ਘੱਤੀਂ, ਵਾਹ ਪੈ ਗਿਆ ਈ ਨਾਲ ਕੁਪੱਤਿਆਂ ਦੇ'। ਸਾਡੇ ਦੋਹਾਂ ਦੇ ਸੰਬੰਧ ਦਾ ਸੂਤਰ ਇਸ ਸਤਰ ਦੇ ਪਾਰਾਵਾਰ ਵਿੱਚ ਵੱਡੀ ਹੱਦ ਤੱਕ ਨਜ਼ਰੀਂ ਆ ਜਾਂਦਾ ਹੈ। ਕੰਵਲ ਦੇ ਸ਼ਤਾਬਦੀ ਸਮਾਗਮਾਂ ਦੀ ਤਿਆਰੀ ਕਰਦਿਆਂ ਮੇਰੇ ਲਈ ਇਸ ਰਿਸ਼ਤੇ ਦੇ ਅਸਲੇ, ਇਸ ਦੇ ਸਫ਼ਰ ਅਤੇ ਕੰਵਲ ਦੀਆਂ ਲਿਖਤਾਂ ਸਦਕਾ ਪੰਜਾਬੀ ਵਿਦਰੋਹੀ ਪਰੰਪਰਾ ਬਾਰੇ ਮੁੜ ਵਿਚਾਰਨ ਦਾ ਸਬੱਬ ਬਣਿਆ ਹੈ।
ਪਿਤਾ ਜੀ ਦੀ ਸਰਕਾਰੀ ਡਾਕਟਰ ਵਜੋਂ ਨੌਕਰੀ ਕਾਦੀਆਂ ਤੋਂ ਸ਼ੁਰੂ ਹੋਈ। ਸੋ ਮੇਰਾ ਬਚਪਨ ਕਾਦੀਆਂ ਦੇ ਸਾਦ-ਮੁਰਾਦੇ, ਮੋਹਵੰਨੇ ਮਝੈਲਾਂ ਸੰਗ ਬੀਤਿਆ। ਕੰਵਲ ਸਾਬ੍ਹ ਜਦੋਂ ਕਮਿਊਨਿਸਟ ਪਾਰਟੀ ਦੇ ਸਮਾਗਮਾਂ ਵਿੱਚ, ਸਾਹਿਤਕ ਬੈਠਕਾਂ ਵਿੱਚ ਸ਼ਿਰਕਤ ਕਰਨ ਲਈ ਆਉਂਦੇ ਤਾਂ ਸਾਡੇ ਕੋਲ ਠਹਿਰਦੇ। ਨਾਲ ਲਗਭਗ ਹਰ ਵਾਰ ਬਟਾਲੇ ਵਾਲੇ ਹਰਭਜਨ ਸਿੰਘ ਬਾਜਵਾ ਹੁੰਦੇ ਅਤੇ ਹੋਰ ਪ੍ਰਸੰਸਕ ਪਾਠਕਾਂ ਦੇ ਪੂਰ ਵੀ। ਇੱਕ ਵਾਰ ਸ਼ਿਵ ਕੁਮਾਰ ਬਟਾਲਵੀ ਵੀ ਆਏ। ਸਿਰਫ਼ ਏਨਾ ਪਤਾ ਹੁੰਦਾ ਕਿ ਇਹ 'ਬਾਪੂ ਜੀ' ਨੇ, ਪਰ ਮੈਂ ਮੁੱਢੋਂ ਹੀ ਉਨ੍ਹਾਂ ਦੀ ਸ਼ਖ਼ਸੀਅਤ ਦੀ ਨੁਹਾਰ, ਸਾਦਾ ਪਰ ਬੇਹੱਦ ਜਚਵੀਂ ਬੰਨ੍ਹੀ ਹੋਈ ਪੱਗ, ਦਾੜ੍ਹੀ-ਮੁੱਛਾਂ ਦੀ ਕੁਦਰਤੀ ਤਰਾਸ਼ ਅਤੇ ਸਧੀ ਹੋਈ ਗੁਫ਼ਤਾਰ ਦੇ ਅਸਰ ਹੇਠ ਆ ਗਿਆ। ਛੋਟਾ ਭਾਈ ਰਮਣੀਕ ਪੰਗੇ-ਹੱਥਾ ਅਤੇ ਧੜਵੈਲ ਸੀ। ਉਹ ਬਾਪੂ ਜੀ ਦੇ ਮੋਢੀਂ ਚੜ੍ਹ ਜਾਂਦਾ ਅਤੇ ਪੰਗੇ ਲੈਂਦਾ ਸ਼ਰਾਰਤੀ ਮੁਸਕਣੀ ਬਣਾਈ ਰੱਖਦਾ। ਬਾਪੂ ਜੀ ਵੀ ਉਹਦੇ ਨਾਲ ਕੌਡੀ-ਕੌਡੀ ਕਰਦੇ ਰਹਿੰਦੇ। ਜ਼ਰਾ ਫਾਸਲੇ 'ਤੇ ਬੈਠਾ ਮੈਂ ਕੰਵਲ ਸਾਬ੍ਹ ਨੂੰ ਵੇਖਦਾ-ਸੁਣਦਾ ਕੀਲਿਆ ਜਾਂਦਾ। ਮੇਰੇ ਲਈ ਸੁਹਜ ਜਾਂ ਸੌਂਦਰਯ ਦਾ ਅਰਥ ਅਜਿਹੇ ਵਿਸਮਾਦੀ ਸਮੇਂ ਦੀ ਸੰਗਤ ਕਰਨਾ ਹੋ ਗਿਆ- ਅਚਿੰਤੇ ਹੀ ਬੀਜਿਆ ਗਿਆ, ਸਹਿਜੇ ਹੀ ਪੁੰਗਰ ਪਿਆ। ਨਰਸਰੀ-ਪਹਿਲੀ-ਦੂਜੀ ਤੱਕ ਦਾ ਇਹ ਸਮਾਂ ਹੈ।
ਬਾਪੂ ਜੀ ਦੇ ਆਉਣ ਵੇਲੇ ਕਹਿਕਹੇ ਲੱਗਦੇ, ਮਸਤਾਨਾਵਾਰ ਗੱਲ ਚੱਲਦੀ ਤੇ ਹਸਬੇ-ਮਾਮੂਲ, ਕੰਵਲ ਮਹਿਫ਼ਿਲ ਦੀ ਜਾਨ ਹੁੰਦਾ। ਸਾਹਿਰ, ਫ਼ੈਜ਼, ਇਕਬਾਲ, ਗ਼ਾਲਿਬ, ਜ਼ੌਕ, ਮੀਰ ਦੇ ਸ਼ਿਅਰ ਉਹਦੇ ਕੰਠ ਥੀਂ ਨਿਕਲਦੇ ਮੇਰੇ ਲਈ ਕਿਸੇ ਨਵੀਂ ਦੁਨੀਆ ਦੀ ਖਿੜਕੀ ਬਣ ਜਾਂਦੇ। ਐੱਚਐੱਮਵੀ ਦਾ ਲਾਂਗ ਪਲੇਅ ਰਿਕਾਰਡ ਕੱਢਿਆ ਜਾਂਦਾ ਤੇ ਮਹਿਦੀ ਹਸਨ 'ਗ਼ੁਲੋਂ ਮੇਂ ਰੰਗ ਭਰੇ' ਦੀ ਪੁਰਸੋਜ਼ ਆਵਾਜ਼ ਨਾਲ ਬੈਠਕ ਨੂੰ ਭਰ ਦਿੰਦਾ। ਬੇਗ਼ਮ ਅਖ਼ਤਰ ਬਾਪੂ ਜੀ ਦੀ ਮਨਪਸੰਦ ਗਾਇਕਾ ਸੀ। ਉਸ ਦੀਆਂ ਗ਼ਜ਼ਲਾਂ, ਖ਼ਾਸ ਕਰ 'ਇਬਨੇ ਮਰੀਅਮ ਹੂਆ ਕਰੇ ਕੋਈ' 'ਤੇ ਕੰਵਲ ਹੱਥ ਵਿੱਚ ਫੜੇ ਗਿਲਾਸ ਨਾਲ ਦਾਦ ਦੀ ਮੁਦਰਾ ਵਿੱਚ ਲੰਬੀ ਬਾਂਹ ਉੱਪਰ ਚੁੱਕਦਾ। ਮੈਂ ਇਸ ਦ੍ਰਿਸ਼ ਦੇ ਸੰਤੁਲਨ, ਗਾਇਕੀ ਦੇ ਬਰਾਬਰ ਖਹਿੰਦੀ ਸ਼ਿੱਦਤ ਨੂੰ ਡੀਕਦਾ ਰਹਿੰਦਾ, ਬਹੁਤਾ ਬੋਲਿਆ ਨਾ ਜਾਂਦਾ। ਹੁਣ ਸੋਚਦਾ ਹਾਂ ਕਿ ਕੰਵਲ ਨੂੰ ਅਜਿਹੇ ਕਰਤਾਰੀ ਛਿਣਾਂ ਨੂੰ ਮਾਣਦਿਆਂ ਵੇਖਣਾ ਵੀ ਮੇਰੇ ਲਈ ਇਨ੍ਹਾਂ ਗਾਇਕਾਂ ਨੂੰ ਸੁਣਨ ਦਾ ਬਹਾਨਾ ਬਣਦਾ ਚਲਾ ਗਿਆ। ਵਿੱਚ-ਵਿੱਚ ਮਾਓ, ਲੈਨਿਨ, ਮਾਰਕਸ ਆਦਿ ਨਾਂ ਵੀ ਸੁਣਨ ਨੂੰ ਮਿਲਦੇ। ਮੇਰਾ ਖਿਆਲ ਹੈ ਕਿ ਮੇਰੇ ਕੋਲ ਬਟਾਲਿਉਂ ਕਿਸੇ ਸਾਹਿਤਕ ਸਮਾਗਮ 'ਤੇ ਲੱਗੀ ਪੁਸਤਕ ਪ੍ਰਦਰਸ਼ਨੀ 'ਚੋਂ ਲੈਨਿਨ ਦੇ ਚਿਹਰੇ ਦਾ ਛੋਟਾ ਜਿਹਾ ਸੋਵੀਨਰ ਲੈ ਕੇ ਕੰਵਲ ਸਾਹਿਬ ਹੀ ਆਏ ਸਨ। ਪੰਜਾਬ ਵਿੱਚ ਵਰਤਣ ਜਾ ਰਹੀ ਹਿੰਸਾ ਤੋਂ ਪਹਿਲੇ ਦਿਨ ਕਿੰਨੇ ਹੁਸੀਨ ਸਨ : ਕਾਦੀਆਂ ਦਾ ਮੋਹ, ਕੰਵਲ ਦੀ ਦੇਸੀ ਸ਼ਾਇਸਤਗੀ ਨਾਲ ਗੁੰਨ੍ਹੀ ਹੋਈ ਗੁਫ਼ਤਾਰ ਦੀ ਲਰਜ਼ਿਸ਼, ਬਚਪਨ ਦੀਆਂ ਖੇਡਾਂ, ਮਸਤੀਆਂ, ਝਿੜਕਾਂ ਦੀ ਚਾਸ਼ਨੀ- ਇਸ ਰਾਸ ਨੂੰ ਮੇਰੇ ਲਈ ਤਾਂ ਕਾਲੇ ਸਮੇਂ ਨੇ ਡੰਗ ਲਿਆ ਸੀ।
ਮੇਰੇ ਪਹਿਲੇ ਮੁਰਸ਼ਦ ਮੇਰੇ ਮਾਤਾ ਜੀ ਸਨ ਜਿਨ੍ਹਾਂ ਨੇ ਕਿਤਾਬਾਂ ਪੜ੍ਹਨ ਅਤੇ ਗਿਆਨ ਦਾ ਗੁਣ ਹਾਸਲ ਕਰਨ ਲਈ ਮੈਨੂੰ ਤਿਆਰ ਕੀਤਾ। ਬਾਟਨੀ ਦੀ ਐੱਮਐੱਸਸੀ ਹੋਣ ਦੇ ਬਾਵਜੂਦ ਉਹ ਰੂਸੀ, ਫਰਾਂਸੀਸੀ, ਪੰਜਾਬੀ, ਅੰਗਰੇਜ਼ੀ, ਜਰਮਨ ਸਾਹਿਤ ਦੇ ਗੁਣੀ ਪਾਠਕ ਸਨ। ਘਰ ਵਿੱਚ ਮਾਪਿਆਂ ਨੂੰ ਅਖ਼ਬਾਰ ਜਾਂ ਕਿਤਾਬ ਪੜ੍ਹਦਾ ਦੇਖਣਾ ਮੇਰੇ ਲਈ ਬੜੀ ਰੌਚਕ ਖੇਡ ਸੀ। ਪੜ੍ਹਦਿਆਂ ਹੋਇਆਂ ਉਨ੍ਹਾਂ ਦੇ ਚਿਹਰੇ ਦੇ ਹਾਵ-ਭਾਵ ਜਾਂ ਨੀਝ ਨਾਲ ਪੜ੍ਹਨ ਦਾ ਅਭਿਆਸ ਮੇਰੇ ਅੰਦਰ ਅਚੰਭਾ ਭਰ ਦਿੰਦਾ। ਮੈਨੂੰ ਲੱਗਦਾ ਕਿ ਕਿਤਾਬਾਂ ਹੀ ਛੇਤੀ-ਛੇਤੀ ਵੱਡੇ ਹੋਣ ਦਾ ਰਾਹ ਹੈ। 'ਪੰਜਾਬੀ ਟ੍ਰਿਬਿਊਨ' ਸ਼ੁਰੂ ਹੀ ਹੋਇਆ ਸੀ ਸ਼ਾਇਦ, ਤੇ ਮੈਂ ਪੰਜ ਕੁ ਸਾਲ ਦੇ ਨੇ ਹਠ ਨਾਲ ਅਖ਼ਬਾਰ ਪੜ੍ਹਨਾ ਸ਼ੁਰੂ ਕੀਤਾ। ਢੁੱਡੀਕੇ ਗਏ ਹੁੰਦੇ ਤਾਂ ਉੱਥੇ ਜਿਵੇਂ ਮੇਜ਼ਾਂ, ਕਣਸਾਂ, ਰੱਖਣਿਆਂ 'ਚ ਕਿਤਾਬਾਂ, ਰਸਾਲਿਆਂ, ਚਿੱਠੀਆਂ ਦੇ ਗਹੀਰੇ ਲੱਗੇ ਹੋਣ ਦਾ ਮਾਹੌਲ ਰਹਿੰਦਾ। ਪੂਰਾ ਝੋਲਾ ਭਰ ਕੇ ਡਾਕੀਆ ਡਾਕ ਦੇਣ ਆਉਂਦਾ। ਅਸੀਂ ਨਾਲ ਹੀ ਫੋਲਾ-ਫਾਲੀ ਕਰਨੀ ਸ਼ੁਰੂ ਕਰ ਦਿੰਦੇ, ਚਿੱਠੀਆਂ ਪਾਸੇ ਕੱਢ ਕੇ ਬਾਕੀ ਦਾ ਸਾਮਾਨ ਉਲਟਿਆ-ਪਲਟਿਆ ਜਾਂਦਾ। ਨਾਨੀ ਜੀ ਤੋਂ ਲੈ ਕੇ ਬੱਚਿਆਂ ਤਕ ਸਾਰਾ ਪਰਿਵਾਰ ਕਿਤੇ-ਕਿਤੇ ਬੈਠਾ ਕੁਝ ਨਾ ਕੁਝ ਪੜ੍ਹਦਾ ਰਹਿੰਦਾ। ਫਿਰ ਚਾਣਚੱਕ ਕੋਈ ਆਟੇ ਦਾ ਕੜਾਹ ਬਣਾਉਣ ਦੀ ਗੱਲ ਕਰਦਾ ਤੇ 'ਗੁਲਸ਼ਨ ਕਾ ਕਾਰੋਬਾਰ' ਸ਼ੁਰੂ ਹੋ ਜਾਂਦਾ।
ਅਜਿਹੇ ਹੀ ਕਿਸੇ ਦਿਨ ਮੈਂ ਕੋਈ ਕਿਤਾਬ ਚੁੱਕ ਕੇ ਉਲਟਣ-ਪਲਟਣ ਲੱਗਾ। ਪਿਛਲੇ ਕਵਰ 'ਤੇ ਬਾਪੂ ਜੀ ਵਰਗੇ ਕਿਸੇ ਬੰਦੇ ਦੀ ਤਸਵੀਰ ਦੇਖੀ। ਮਾਤਾ ਜੀ ਨੂੰ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਇਹ ਕੋਈ ਬਾਪੂ ਜੀ ਵਰਗਾ ਨਹੀਂ, ਸਗੋਂ ਸਾਖਸ਼ਾਤ ਬਾਪੂ ਜੀ ਹੀ ਹਨ ਤੇ ਇਹ ਨਾਵਲ ਉਨ੍ਹਾਂ ਨੇ ਲਿਖਿਆ ਹੈ। ਮੈਂ ਹੈਰਾਨੀ 'ਚੋਂ ਗੁਜ਼ਰਦਾ ਹੋਇਆ ਅਕਹਿ ਆਨੰਦ ਵਿੱਚ ਆ ਗਿਆ। ਮੂੰਹ ਖੁੱਲ੍ਹਾ ਰਹਿ ਗਿਆ। ਮੇਰੇ ਹੱਥ ਵਿੱਚ ਕਸ ਕੇ ਫੜੀ ਹੋਈ ਕਿਤਾਬ ਕੰਬੀ ਜਾ ਰਹੀ ਸੀ। ਮੈਂ ਚੁੱਪਚਾਪ ਕਿਸੇ ਖੂੰਜੇ ਨੂੰ ਤੁਰ ਪਿਆ ਅਤੇ 'ਮਨੁੱਖਤਾ' ਨਾਵਲ ਪੜ੍ਹਨਾ ਸ਼ੁਰੂ ਕੀਤਾ। ਕਿਤਾਬਾਂ ਦੀ ਕਦਰ ਪਹਿਲੋਂ ਈ ਸੀ, ਹੁਣ ਤਾਂ ਕਿਤਾਬਾਂ ਲਿਖਣ ਵਾਲਾ ਬੰਦਾ ਵੀ ਮਿਕਨਾਤੀਸ ਵਾਂਗ ਮੈਨੂੰ ਕੀਲ ਲੈਣ ਵਾਲਾ ਆਪਣਾ ਬਾਪੂ ਜੀ ਹੀ ਨਿਕਲਿਆ। ਸੋ, ਮੇਰੀਆਂ ਕਈ ਰੀਝਾਂ ਇੱਕੋ ਬੰਦੇ ਵੱਲ ਸੇਧਤ ਹੁੰਦੀਆਂ ਤੁਰੀਆਂ ਗਈਆਂ। ਬਚਪਨ ਦੇ ਉਨ੍ਹੀਂ ਦਿਨੀਂ ਭੁੱਖ-ਪਿਆਸ, ਧੁੱਪ-ਛਾਂ ਤਾਂ ਪਹਿਲਾਂ ਹੀ ਨਾ ਲੱਗਦੀ, ਹੁਣ ਤਾਂ ਕਿਤਾਬਾਂ ਨੇ ਪੂਰੀ ਤਰ੍ਹਾਂ ਮੈਨੂੰ ਅਗਵਾ ਹੀ ਕਰ ਲਿਆ। ਇੱਥੋਂ ਤੱਕ ਕਿ ਬਾਕੀ ਪਰਿਵਾਰ ਨਾਲ ਜ਼ਿਆਦਾ ਗੱਲਬਾਤ ਵੀ ਮੈਨੂੰ ਚੰਗੀ ਨਾ ਲੱਗਦੀ। ਢੁੱਡੀਕੇ ਤੋਂ ਤੁਰਿਆ ਹੋਇਆ ਸ਼ਬਦਾਂ, ਵਿਚਾਰਾਂ, ਬਹਿਸਾਂ ਦਾ ਅਦਬ ਕੰਵਲ ਦੀਆਂ ਬੇਟੀਆਂ - ਮੇਰੀ ਮਾਂ ਅਤੇ ਮਾਸੀਆਂ- ਰਾਹੀਂ ਸਾਡੇ ਸਾਰੇ ਪਰਿਵਾਰਾਂ ਵਿੱਚ ਡੂੰਘਾ ਬੀਜਿਆ ਹੋਇਆ ਹੈ। ਕੰਵਲ ਪਰਿਵਾਰ ਦੀ ਵੱਡੀ ਸਾਂਝ ਇਸ ਸ਼ਬਦ-ਸੰਸਾਰ ਦੀਆਂ ਰਮਜ਼ਾਂ ਦੇ ਇਹਤਰਾਮ ਵਿੱਚ ਦਿਸਦੀ ਹੈ। ਮਨੁੱਖ-ਮਿੱਤਰ ਸਾਹਿਤ ਨਾਲ ਜੁੜੀ ਹੋਈ ਇਹ ਵਿਚਾਰਧਾਰਕ ਨਾਤੇਦਾਰੀ ਜ਼ਿਆਦਾ ਹੈ, ਰਵਾਇਤੀ ਘੱਟ। ਬਾਪੂ ਜੀ ਇਸ ਤਰ੍ਹਾਂ ਇਸ ਬਣਤਰ ਦੇ ਸਿਰਜਣਹਾਰੇ ਹਨ, ਸੋ ਪਰਿਵਾਰ ਵਿੱਚ ਉਨ੍ਹਾਂ ਦਾ ਅਦਬ ਕਿਸੇ ਪੀਰ-ਫ਼ਕੀਰ ਤੋਂ ਘੱਟ ਨਹੀਂ ਹੈ।
'ਜੰਗਲ ਦੇ ਸ਼ੇਰ', 'ਸੂਰਮੇ', 'ਹੁਨਰ ਦੀ ਜਿੱਤ', 'ਮੂਮਲ' ਅਤੇ ਹੋਰ ਨਾਵਲਾਂ ਨੂੰ ਫਿਰ ਮੈਂ ਘੁਣ ਵਾਂਗ ਲੱਗ ਗਿਆ। ਵੱਡਾ ਹੋਣ-ਦਿਸਣ ਦੀ ਚਾਹਨਾ ਦੇ ਨਾਲ ਬਾਪੂ ਜੀ ਦੀਆਂ ਨਜ਼ਰਾਂ ਵਿੱਚ ਹੋਰ ਪਰਵਾਨ ਚੜ੍ਹਨ ਦਾ ਖ਼ਬਤ ਜਿਹਾ ਹੋ ਗਿਆ। ਕੋਠੀ ਜਾਂਦਾ ਤਾਂ ਉੱਥੇ ਲੱਗੀਆਂ ਯੂਰਪੀ ਪੇਂਟਿੰਗ, ਸਕੈੱਚ, ਬੁੱਤ ਜਾਂ ਤਸਵੀਰਾਂ ਦੀ ਦੁਨੀਆ ਕੀਲ ਲੈਂਦੀ। ਕੰਵਲ ਦਾ ਲਿਖਣ ਵਾਲਾ ਗੱਤਾ ਕਾਗਜ਼ਾਂ ਨਾਲ ਡੱਟਿਆ ਹੁੰਦਾ। ਮੈਂ ਡਰਦਾ-ਡਰਦਾ ਛੂਹ ਕੇ ਵੇਖਦਾ। ਨੀਲੇ ਬਾਲ ਪੈੱਨ ਨਾਲ ਰਿਮਾਂ ਦੇ ਰਿਮ ਕਾਗਜ਼ ਭਰੇ ਹੁੰਦੇ। ਕੰਵਲ ਅੱਠ-ਅੱਠ ਘੰਟੇ ਲਿਖਦਾ। ਉਸ ਦੀ ਨੀਝ, ਸਰੀਰ ਦਾ ਸੂਤਿਆ ਹੋਇਆ ਲਿਖਣ-ਅਭਿਆਸ, ਪੈੱਨ ਫੜਨ ਨਾਲ ਪਏ ਵਿਚਕਾਰਲੀ ਉਂਗਲ ਦੇ ਪੋਟੇ ਦੇ ਡੂੰਘ, ਵਿੱਚ-ਵਿੱਚ ਕੋਈ ਚੁਸਤ ਤੇ ਬੁਲੰਦ-ਆਵਾਜ਼ ਸ਼ਰਾਰਤ ਨਾਲ ਹਾਸਾ- ਸੱਚ ਆਖਦਾ ਆਂ, ਇਹਦੇ ਵੱਲ ਵੇਖਿਆ ਨਾ ਜਾਂਦਾ। ਮਾਸੀ ਜੀ ਡਾ. ਜਸਵੰਤ ਗਿੱਲ ਦੀ ਮੁਲਾਇਮ ਸ਼ਾਇਸਤਗੀ ਹੋਰ ਤਲਿਸਮ ਸਿਰਜ ਲੈਂਦੀ। ਮੈਂ ਕਿਤਾਬਾਂ ਦੀਆਂ ਅਲਮਾਰੀਆਂ ਨੂੰ ਇਉਂ ਹੱਥ ਲਾਉਂਦਾ ਜਿਵੇਂ ਕਿਸੇ ਮਿਊਜ਼ੀਅਮ ਵਿੱਚ ਕਲਾ-ਕਿਰਤ ਨੂੰ ਅਦਬ ਨਾਲ ਛੋਹੀਦਾ ਹੈ। ਉਰਦੂ, ਅੰਗਰੇਜ਼ੀ, ਪੰਜਾਬੀ 'ਚ ਕਲਾਸਕੀ ਸਾਹਿਤ ਦੀਆਂ ਜਿਲਦਾਂ ਜਿਵੇਂ ਮੈਨੂੰ ਪਹਿਲੋਂ ਆਪਣੇ ਹਾਣ ਦਾ ਹੋਣ ਨੂੰ ਕਹਿੰਦੀਆਂ ਹੋਣ।
ਪੜ੍ਹੇ ਹੋਏ ਨੂੰ ਚਿਤਾਰ ਕੇ ਕੰਵਲ ਨੂੰ ਆਪਣੇ ਮਾਅਰਕੇ ਨਾਲ ਪ੍ਰਭਾਵਿਤ ਕਰਨ ਲਈ ਜਾਂਦਾ ਤਾਂ ਜ਼ਰੂਰ, ਪਰ ਉਸ ਦੇ ਚਿਹਰੇ ਦੇ ਤੇਜ ਨੂੰ ਅੱਖ ਭਰ ਕੇ ਦੇਖਿਆ ਵੀ ਨਾ ਜਾਂਦਾ। ਪਤਾ ਨਹੀਂ ਕਿਹੋ ਜਿਹਾ ਮਜੀਠੀ ਸੇਕ ਸੀ ਉਸ ਵਿੱਚ, ਮੇਰਾ ਮੂੰਹ ਠਾਕਿਆ ਜਾਂਦਾ, ਗੱਲ ਗੁੰਮ ਜਾਂਦੀ, ਮੈਂ ਬੌਂਦਲ ਜਿਹਾ ਜਾਂਦਾ ਤੇ ਫਿਰ ਆਪਣੇ ਆਪ 'ਤੇ ਖਿਝ ਚੜ੍ਹਦੀ ਰਹਿੰਦੀ। ਕੰਵਲ ਬੋਲਦਾ ਕੁਝ ਨਾ, ਪਰ ਮੈਨੂੰ ਲਗਦੈ ਕਿ ਮੇਰੀ ਉਲਝਣ ਉਸ ਤੋਂ ਲੁਕੀ ਹੋਈ ਨਹੀਂ ਸੀ। 'ਸੱਚ ਨੂੰ ਫਾਂਸੀ', 'ਕੰਡੇ', 'ਜੇਰਾ', 'ਪੂਰਨਮਾਸ਼ੀ', 'ਭਵਾਨੀ', 'ਰਾਤ ਬਾਕੀ ਹੈ', 'ਤਾਰੀਖ ਵੇਖਦੀ ਹੈ' ਵੀ ਨਾਲ-ਨਾਲ ਰਹੇ, ਪਰ ਮੇਰੇ ਤੋਂ ਗੱਲ ਨਾ ਹੀ ਹੋ ਸਕੀ। 'ਮਿੱਤਰ ਪਿਆਰੇ ਨੂੰ', 'ਲਹੂ ਦੀ ਲੋਅ', 'ਮੋੜਾ', 'ਰੂਪਧਾਰਾ' ਸਭ ਚੱਲਦਾ ਰਿਹਾ। ਪਰ ਮੇਰੇ ਤੋਂ ਕੰਵਲ ਦਾ ਭਖਿਆ ਚਿਹਰਾ ਢੰਗ ਨਾਲ ਵੇਖਿਆ ਨਾ ਜਾ ਸਕਿਆ।
ਜਦੋਂ ਲਿਖਣ ਕਾਰਜ ਤੋਂ ਥੋੜ੍ਹੀ ਰਾਹਤ ਲੈਣ ਲਈ ਕੰਵਲ ਪਿੰਡ ਦੇ ਗੇੜੇ 'ਤੇ ਨਿਕਲਦਾ ਤਾਂ ਜੁਆਕਾਂ ਨਾਲ ਪੰਗੇ ਲੈਂਦਾ। ਕਿਸੇ ਦੀ ਕੱਛ ਲਾਹ ਦਿੰਦਾ, ਕਿਸੇ ਦੇ ਚੂੰਢੀ ਵੱਢਦਾ, ਕਿਸੇ ਦੇ ਸਿਰ 'ਤੇ ਠੋਲੇ ਮਾਰਦਾ, ਬੰਟੇ ਖੇਡਦਾ ਤੇ ਖੇੜਾ ਵੰਡਦਾ ਫਿਰਦਾ। ਸੱਥ ਵਿਚਲੇ ਤਖਤਪੋਸ਼ 'ਤੇ ਬੈਠਾ ਦੂਹਰੀ ਸਰ ਜਾਂ ਸੀਪ ਖੇਡਦਾ ਤੇ ਸਾਰੇ ਪੇਂਡੂਆਂ ਨਾਲ ਪੱਤਿਆਂ ਪਿੱਛੇ ਖ਼ੂਬ ਜਿਦਾਈ ਕਰਦਾ। ਘਰ ਵਿੱਚ ਸੀਪ ਖੇਡਦਾ, ਰੋਂਦ ਮਾਰਦਾ, ਪੱਤੇ ਬਦਲਦਾ ਤੇ ਟੋਕਣ 'ਤੇ ਘੂਰਦਾ। ਮਾਮਾ ਜੀ ਸਰਬਜੀਤ ਸਿੰਘ ਨਾਲ ਸ਼ਤਰੰਜ ਖੇਡਦਾ ਤਾਂ ਸੁਧਾ ਧੱਕਾ ਕਰਦਾ। ਮਾਮਾ ਜੀ ਨੂੰ ਬਣਦੀ ਚਾਲ ਵਿਚਾਰਨ ਲਈ ਵੀ ਪੂਰਾ ਸਮਾਂ ਨਾ ਦਿੰਦਾ। ਜਰਮਨ ਕ੍ਰਾਂਤੀਕਾਰੀ ਕਾਰਲ ਲੀਬਕਨਿਖਤ ਦਾ ਪਿਤਾ ਵਿਲੀਅਮ ਲੀਬਕਨਿਖਤ ਕਾਰਲ ਮਾਰਕਸ ਨਾਲ ਸ਼ਤਰੰਜ ਖੇਡਦਾ ਤਾਂ ਚਾਲ ਫੇਲ੍ਹ ਹੋਣ 'ਤੇ ਮਾਰਕਸ ਦਾ ਗੁੱਸਾ, ਧੱਕਾ ਤੇ ਝੱਲ ਉੱਠ ਖੜ੍ਹਦਾ। ਬਾਜ਼ੀ ਹਾਰਦੀ ਦੇਖ ਕੇ ਖਰੂਦ ਕਰਦਾ ਮਾਰਕਸ ਮੈਨੂੰ ਬੜਾ ਪਿਆਰਾ ਮਨੁੱਖ ਲੱਗਦਾ ਤੇ ਨਾਲ ਹੀ ਕੰਵਲ ਦੀ ਯਾਦ ਤਾਜ਼ਾ ਹੋ ਜਾਂਦੀ। ਆਥਣੇ ਸਕਾਚ ਦੇ ਦੋ ਪੈੱਗ ਕਦੇ ਲਾਉਂਦੇ ਤੇ ਅਜ਼ੀਜ਼ ਮੀਆਂ ਕੱਵਾਲ ਦੀਆਂ ਕੱਵਾਲੀਆਂ ਸੁਣਦੇ। ਮੈਂ ਅਜ਼ੀਜ਼ ਮੀਆਂ ਦੇ ਉਰਦੂ ਤਲੱਫ਼ਜ਼ ਦਾ ਮੁਰੀਦ ਹੋ ਗਿਆ। ਦਿੱਲੀ ਪੜ੍ਹਾਉਂਦਿਆਂ ਵੇਲੇ ਚਾਂਦਨੀ ਚੌਂਕ 'ਚ ਆਵਾਰਗੀ ਕਮਾਉਂਦਿਆਂ ਬਹੁਤ ਸਾਲਾਂ ਬਾਅਦ ਅਜ਼ੀਜ਼ ਮੀਆਂ ਦੀ ਆਵਾਜ਼ ਸੁਣੀ ਤਾਂ ਕਾਦੀਆਂ ਦਾ ਮਾਹੌਲ ਜ਼ਿੰਦਾ ਹੋ ਉੱਠਿਆ। ਮੈਂ ਬਾਪੂ ਜੀ ਨੂੰ ਅਜ਼ੀਜ਼ ਮੀਆਂ ਦੀਆਂ ਆਡੀਓ ਡਿਸਕਾਂ ਭੇਟ ਕੀਤੀਆਂ।
ਬਚਪਨ ਤੋਂ ਅੱਲ੍ਹੜ ਉਮਰ ਵੱਲ ਜਾਂਦਿਆਂ ਮੇਰੇ ਅੰਦਰ ਵੱਡਾ ਸਵਾਲ ਖੜ੍ਹਾ ਹੋ ਗਿਆ ਜੋ ਅੱਜ ਵੀ ਮੇਰੇ ਨਾਲ ਖਹਿੰਦਾ ਰਹਿੰਦਾ ਹੈ: 'ਜਸਵੰਤ ਸਿੰਘ ਕੰਵਲ ਮੇਰਾ ਕੀ ਲੱਗਦਾ ਹੈ?' ਮੈਂ ਕੰਵਲ ਨੂੰ ਉਸ ਦੇ ਪਾਠਕਾਂ, ਪਾਠਕਾਂ ਤੋਂ ਬਣੇ ਮਿੱਤਰਾਂ ਤੇ ਮਿੱਤਰਾਂ ਤੋਂ ਘਰ ਦੇ ਮੈਂਬਰ ਬਣਿਆਂ ਨਾਲ ਵਿਚਰਦਿਆਂ ਹਰ ਰੰਗ ਵਿੱਚ ਵੇਖਿਆ ਹੈ। ਨਾਲ ਹੀ ਉਹ ਅਟੰਕ, ਅਡੋਲ, ਅਣਛੋਹਿਆ ਵੀ ਰਹਿ ਲੈਂਦਾ ਹੈ। ਮੈਂ ਨਿਰਮਮ ਹੋ ਕੇ ਇਸ ਨਿਰਣੇ 'ਤੇ ਪੁੱਜਾ ਕਿ ਮੈਂ ਸਭ ਤੋਂ ਪਹਿਲਾਂ ਕੰਵਲ ਦਾ ਸੁਚੱਜਾ, ਸੁਘੜ ਪਾਠਕ ਹਾਂ, ਉਸ ਦੇ ਲਿਖੇ ਦੀਆਂ ਰਮਜ਼ਾਂ ਨਾਲ ਘੁਲਦਾ ਰਹਿੰਦਾ ਹਾਂ, ਉਸ ਦੇ ਲਿਖੇ ਹੋਏ ਦੀ ਸੁਰ ਅਤੇ ਅਛੋਹ ਅਰਥ ਮੇਰੀ ਪਕੜ ਵਿੱਚ ਆਉਂਦੇ ਲੱਗਦੇ ਹਨ, ਮੈਨੂੰ ਉਸ ਦੀ ਲਿਖਣ ਸ਼ੈਲੀ, ਭਾਸ਼ਾਈ ਉਸਾਰ ਅਤੇ ਉਸ ਦੇ ਅੰਦਰ ਦੀ ਸੁੱਚੀ ਇਨਕਲਾਬੀ ਆਤਮਾ ਦੀ ਬੁਲੰਦ ਲਰਜ਼ਿਸ਼ ਦੀ ਥਾਹ ਪਾਉਣ ਦਾ ਵੱਲ ਆਉਂਦਾ ਜਾਂਦਾ ਹੈ। ਗੱਲ ਇਹ ਕਿ ਕੰਵਲ ਦੇ ਨਜ਼ਰਿਆਤੀ ਜਗਤ ਦੀ ਬਣਤਰ ਦਾ ਤਰੀਕਾਕਾਰ ਮੇਰੀ ਦਿਲਚਸਪੀ ਵਧਾਉਂਦਾ ਤੁਰਿਆ ਗਿਆ ਅਤੇ ਵਰ੍ਹਿਆਂ ਬਾਅਦ ਜੇਐੱਨਯੂ ਵਿੱਚ ਪੀਐੱਚ-ਡੀ. ਦੌਰਾਨ, ਪੇਰਿਆਰ ਹੋਸਟਲ ਦੇ ਕਮਰਾ ਨੰਬਰ 243 ਵਿੱਚ ਬੈਠ ਕੇ ਮੈਂ 'ਕੰਵਲ ਦੀ ਜ਼ਮੀਨ' ਮਜ਼ਮੂਨ ਲਿਖ ਕੇ ਥੋੜ੍ਹਾ ਸੁਰਖ਼ਰੂ ਮਹਿਸੂਸ ਕੀਤਾ ਭਾਵੇਂ ਕਿ ਮੈਂ ਕੰਵਲ ਬਾਬਤ ਕਿਸੇ ਵੱਡੀ ਯੋਜਨਾ ਲਈ ਕਾਫ਼ੀ ਸਮੇਂ ਤੋਂ ਸਾਮਾਨ ਜੋੜ ਰਿਹਾ ਹਾਂ।
ਸੁਘੜ ਪਾਠਕ ਹੋਣ ਦਾ ਦਰਜਾ ਵੱਡਾ ਕਰਕੇ ਫਿਰ ਮੈਂ ਕੰਵਲ ਨਾਲ ਆਪਣੇ ਜੀਵ-ਵਿਗਿਆਨਕ ਰਿਸ਼ਤੇ ਨੂੰ ਸੌਖਿਆਂ ਹੀ ਸਹੀ ਕਰ ਲਿਆ। ਉਸ ਦੀ ਵੱਡੀ ਬੇਟੀ ਅਮਰਜੀਤ ਕੌਰ ਦੇ ਵੱਡੇ ਬੇਟੇ ਵਜੋਂ ਮੈਂ ਉਸ ਦਾ ਵੱਡਾ ਦੋਹਤਾ ਹਾਂ। ਇਸ ਸਦਕਾ ਮੈਨੂੰ ਉਸ ਨੂੰ ਨਜ਼ਦੀਕ ਤੋਂ ਦੇਖਣ ਦਾ ਮੌਕਾ ਹਾਸਲ ਰਹਿੰਦਾ ਹੈ ਜੋ ਮੇਰੇ ਪਾਠਕ ਹੋਣ ਦੇ ਦਰਜੇ ਨੂੰ ਹੀ ਜ਼ਰਾ ਹੋਰ ਗਹਿਰਾ ਕਰਦਾ ਹੈ, ਪਰ ਨਾਲ ਹੀ ਇਸ ਲੇਖਕ-ਪਾਠਕ ਰਿਸ਼ਤੇ ਦੀ ਇਹ ਵੀ ਸਮਝ ਬਣੀ ਕਿ ਕੋਈ ਵੀ ਹੋਰ ਪਾਠਕ ਕੰਵਲ ਦੇ ਸ਼ਬਦ-ਸੰਸਾਰ ਨਾਲ ਮੇਰੇ ਤੋਂ ਸੁਚੱਜਾ ਸੰਬੰਧ ਰੱਖ ਸਕਦਾ ਹੈ, ਸਹੀ ਸਮਝ ਵਿੱਚ ਮੈਥੋਂ ਕਿਤੇ ਜ਼ਿਆਦਾ ਉਸ ਦਾ ਨੇੜਲਾ ਹੋ ਸਕਦਾ ਹੈ। ਮੈਂ ਇਸ ਨੁਕਤੇ 'ਤੇ ਨਿਭਣ ਲਈ ਵਾਹ ਲਾਈ ਹੈ ਅਤੇ ਕੰਵਲ ਦੇ 1950ਵਿਆਂ ਤੋਂ 'ਪਾਲੀ' ਪੜ੍ਹ ਕੇ ਬਣੇ ਪਾਠਕ, ਫਿਰ ਸੁਮਿੱਤਰ ਅਤੇ ਸ਼ਰਧਾਵਾਨ ਛੋਟਾ ਭਾਈ ਸ. ਚੰਨਣ ਸਿੰਘ ਨਿੱਝਰ (ਚਾਚਾ ਜੀ), ਡਾ. ਤੇਜਵੰਤ ਸਿੰਘ ਗਿੱਲ, ਪ੍ਰਿੰਸੀਪਲ ਸਰਵਣ ਸਿੰਘ ਅਤੇ ਡਾ. ਸੁਰਜੀਤ ਨੇ ਮੈਨੂੰ ਕੁਝ ਇੱਕ ਮੁਸ਼ਕਿਲ ਨੁਕਤਿਆਂ ਬਾਬਤ ਕੰਵਲ ਨੂੰ ਸਮਝਣ ਵਿੱਚ ਅਗਵਾਈ ਦਿੱਤੀ ਹੈ।
ਇਸੇ ਸੰਦਰਭ ਵਿੱਚ ਇੱਕ ਗੱਲ ਯਾਦ ਆਈ ਹੈ : 'ਐਨਿਆਂ 'ਚੋਂ ਉੱਠੋ ਸੂਰਮਾ' ਪੜ੍ਹਦਿਆਂ ਮੈਨੂੰ ਅਟਪਟਾ ਲੱਗਿਆ, ਪਰ ਸਮਝ ਨਾ ਆਏ ਕਿ ਦਰਅਸਲ ਮੁੱਦਾ ਕੀ ਹੈ। ਕੰਵਲ ਨਾਲ ਉਲਝਵੀਂ ਜਿਹੀ ਗੱਲ ਕੀਤੀ ਤਾਂ ਉਨ੍ਹਾਂ ਨੇ ਖੱਬੇ ਹੱਥ ਨੂੰ ਝਟਕਦਿਆਂ ਮੁਖ਼ਤਸਰ ਜਿਹੀ ਗੱਲ ਮੁਕਾ ਦਿੱਤੀ। ਮੈਨੂੰ ਲੱਗਿਆ ਕਿ ਉਨ੍ਹਾਂ ਦਾ ਜਵਾਬ ਠੀਕ ਹੈ, ਪਰ ਰੜਕਣ ਕੁਝ ਸਮੇਂ ਬਾਅਦ ਫਿਰ ਸ਼ੁਰੂ ਹੋ ਗਈ। ਸਾਲਾਂ ਬਾਅਦ ਜਾ ਕੇ ਮੇਰੇ ਅੰਦਰ ਰਿੱਝ ਰਹੀ ਗੱਲ ਵੀ ਸਾਫ਼ ਹੋਈ ਅਤੇ ਨਾਲ ਹੀ ਕੰਵਲ ਦੇ ਨਜ਼ਰਿਆਤੀ ਜਗਤ ਨਾਲ ਇਨਸਾਫ਼ ਵੀ ਹੁੰਦਾ ਦਿਸਿਆ। ਮੈਂ ਕਿਹਾ, 'ਬਾਪੂ ਜੀ, ਜਬਰ ਦੇ ਖ਼ਿਲਾਫ਼ ਇਕੱਠੇ ਹੋਏ ਲੋਕ ਥਾਣੇ ਨੂੰ ਘੇਰਾ ਪਾਈ ਬੈਠੇ ਹਨ। ਗੱਲ ਸਿਰੇ ਚੜ੍ਹਦੀ ਦਿਸਣ ਲੱਗੀ ਹੈ ਤਾਂ ਨਾਇਕ ਉੱਥੋਂ ਉੱਠ ਕੇ ਅੰਮ੍ਰਿਤ ਵੇਲੇ ਗੁਰਦੁਆਰੇ ਦੇ ਵਿੱਚ ਗੁਰੂ ਗੋਬਿੰਦ ਸਿੰਘ ਨੂੰ ਕਿਉਂ ਲੱਭ ਰਿਹਾ ਹੈ? ਗੁਰੂ ਗੋਬਿੰਦ ਸਿੰਘ ਤਾਂ ਲੋਕਾਂ ਵਿੱਚ ਬੈਠਾ ਥਾਣੇ ਨੂੰ ਘੇਰੀ ਬੈਠਾ ਹੈ। ਇਸੇ ਕਾਣ ਕਰਕੇ ਇਹ ਨਾਵਲ ਆਪਣੀ ਉਚਾਈ ਤੋਂ ਤਿਲ੍ਹਕ ਗਿਆ ਹੈ।' ਕੰਵਲ ਨੇ ਸੁਣਦਿਆਂ ਹੀ ਕੰਨ ਚੁੱਕੇ, ਨੀਝ ਨਾਲ ਸੋਚਿਆ ਅਤੇ ਉਂਗਲ ਖੜ੍ਹੀ ਕਰਕੇ ਬੋਲਿਆ, 'ਬਿਲਕੁੱਲ ਠੀਕ ਆਖਿਆ, ਬਈ।' ਤੇ ਮੇਰਾ ਮੋਢਾ ਥਾਪੜ ਕੇ ਚਾਹ ਨੂੰ ਆਵਾਜ਼ ਦਿੱਤੀ। ਮੈਨੂੰ ਲੱਗਦਾ ਸੀ ਕਿ ਅੱਜ ਖ਼ੂਬ ਝਗੜਾਂਗੇ, ਦਲੀਲਾਂ ਰੱਖਾਂਗੇ ਤੇ ਵੇਖਾਂਗੇ ਕਿ ਕੀ ਨਿੱਬੜਦੀ ਐ, ਪਰ ਉਨ੍ਹਾਂ ਨੇ ਐਨੀ ਦਲੇਰੀ ਨਾਲ ਮੇਰੀ ਗੱਲ ਨੂੰ ਪਹਿਲੀਆਂ 'ਚ ਹੀ ਨਿਤਾਰ ਲਿਆ ਕਿ ਕੰਵਲ ਨੂੰ ਆਪਣੀ ਚੜ੍ਹਤ ਦਿਖਾਉਣ ਗਿਆ ਹੋਇਆ ਮੈਂ ਉਸ ਦੀ ਬੁਲੰਦ ਸ਼ਖ਼ਸੀਅਤ ਦੇ ਵਜ਼ਨ ਹੇਠ ਮੁੜ ਆ ਗਿਆ।
ਇੱਕ ਵਾਰ ਵਾਹਵਾ ਸਿਆਲ ਦੀ ਰਾਤ ਦੇ ਮੀਂਹ ਹਟੇ ਤੋਂ ਮੈਂ ਬਾਪੂ ਜੀ ਨੂੰ ਅੰਦਰਲੇ ਘਰ ਤੋਂ ਕੋਠੀ ਤੱਕ ਜਾਣ ਲਈ ਨਾਲ ਹੋ ਗਿਆ। ਰਾਹ ਵਿੱਚ ਤੁਰੇ ਜਾਂਦਿਆਂ ਮੈਂ ਕੰਵਲ ਨੂੰ ਕੋਈ ਨੁਕਤਾ ਨਿਤਾਰਦੇ ਹੱਥ, ਉਂਗਲਾਂ ਦੀ ਸੇਧ ਦੇ ਬਣਦੇ ਕੋਣ ਅਤੇ ਰੇਖਾਵਾਂ ਦੇਖਦਾ ਜਾਵਾਂ ਤਾਂ ਕੰਵਲ ਛਿਣ ਭਰ ਲਈ ਰੁਕਿਆ, ਮੇਰੇ ਵੱਲ ਮੁੜਿਆ ਤੇ ਕਿਹਾ, 'ਗੁਣ ਬਿਨਾਂ ਜਵਾਨੀ ਨਿਖਰਦੀ ਨਹੀਂ।' ਇੱਕ ਤਾਂ ਇਸ ਨੁਕਤੇ ਦੀ ਸਾਦਾ ਸੇਧ ਦੀ ਲਾਟ, ਦੂਜਾ ਇਸ ਵਾਕ ਦੀ ਤਾਂਬਈ ਤਰਾਸ਼, ਅਤੇ ਤੀਜਾ ਉਸ ਦੀ ਹਿੱਕ ਵਿੱਚੋਂ ਨਿਕਲੀ ਆਵਾਜ਼ ਦਾ ਸੇਕ ਮੈਨੂੰ ਅੱਜ ਤੱਕ ਝੂਣ ਜਾਂਦਾ ਹੈ। ਇਹ ਉਸ ਦਾ ਅਸਲ, ਖਰਾ ਅੰਦਾਜ਼ ਹੈ- ਰਮਜ਼ੀਆ ਵੀ, ਰੌਸ਼ਨ ਵੀ ਕਮਾਇਆ ਹੋਇਆ ਵਾਰਿਸਵੰਨਾ ਅੰਦਾਜ਼। ਮੈਨੂੰ ਲੱਗਦਾ ਹੈ ਕਿ ਅੱਜ ਦੇ ਪੰਜਾਬੀ ਸਾਹਿਤਕਾਰ ਇਸ ਤਰ੍ਹਾਂ ਦੀ ਰਸਵੰਤ, ਰਮਜ਼ੀਆ ਅਤੇ ਬੁਲੰਦ-ਇਖ਼ਲਾਕ ਪੰਜਾਬੀ ਨਹੀਂ ਬੋਲ ਪਾ ਰਹੇ। 'ਗੁਣ' ਵਰਗੇ ਸ਼ਬਦ ਬਹੁਤ ਘੱਟ ਸੁਣਨ-ਪੜ੍ਹਨ ਨੂੰ ਮਿਲਦੇ ਹਨ। ਇਸ ਪੀੜ੍ਹੀ ਕੋਲ ਕਮਾਏ ਹੋਏ, ਰਚਵੇਂ ਸ਼ਬਦਾਂ ਦੀ ਤੋਟ ਕਿਉਂ ਹੁੰਦੀ ਜਾਂਦੀ ਹੈ? ਇਹ ਪੰਜਾਬ ਦੇ ਭਵਿੱਖ ਬਾਬਤ ਵੱਡਾ ਸਵਾਲ ਵੀ ਹੈ।
ਇੱਕ ਗੱਲ ਪਾਸ਼ ਨਾਲ ਕੰਵਲ ਦੇ ਰਿਸ਼ਤੇ ਬਾਰੇ ਵੀ ਯਾਦ ਆਈ ਹੈ। ਅਸੀਂ ਦਿੱਲੀ ਵਿੱਚ ਸੜਕਾਂ, ਚੌਂਕਾਂ, ਬਸਤੀਆਂ ਵਿੱਚ ਪੰਜਾਬੀ ਬੋਲੀ ਮੋਰਚਾ ਦੀ ਸਰਗਰਮੀ ਛੇੜੀ ਹੋਈ ਸੀ। ਮੋਰਚੇ ਦੇ 63ਵੇਂ ਦਿਨ, 9 ਸਤੰਬਰ 2013 ਨੂੰ ਪਾਸ਼ ਦਾ 63ਵਾਂ ਜਨਮ ਦਿਨ ਵੀ ਸੀ ਅਤੇ ਅਦਾਰਾ 23 ਮਾਰਚ ਦਾ ਸਥਾਪਨਾ ਸਮਾਗਮ ਵੀ ਰੱਖਿਆ ਹੋਇਆ ਸੀ। ਸਾਡੀ ਵਿਚਾਰ ਚੱਲੀ ਕਿ ਮੋਰਚੇ ਦੇ ਅਗਲੇਰੇ ਪੜਾਅ ਵਿੱਚ ਕੁਝ ਲੇਖਕਾਂ ਨੂੰ ਆਪਣੇ ਸਨਮਾਨ ਵਾਪਸ ਕਰਨ ਲਈ ਕਿਹਾ ਜਾਵੇ। ਸਵਰਾਜਬੀਰ ਨੇ ਝੱਟ ਆਪਣਾ ਪੰਜਾਬੀ ਅਕਾਦਮੀ ਵਾਲਾ ਸਨਮਾਨ ਸਾਡੇ ਹੱਥ ਫੜਾ ਦਿੱਤਾ। ਹੋਰ ਕੌਣ ਹੋਵੇ? ਸਾਰਿਆਂ ਨੇ ਸੋਚਿਆ ਤੇ ਛੇਤੀ ਹੀ ਫ਼ੈਸਲਾ ਕਰ ਲਿਆ, 'ਇਹ ਤਾਂ ਕੰਵਲ ਹੀ ਕਰ ਸਕਦਾ ਹੈ' ਤੇ ਮੇਰੇ ਵੱਲ ਵੇਖਣ ਲੱਗੇ। ਮੈਂ ਅਗਲੇ ਦਿਨ ਕੰਵਲ ਨੂੰ ਸਮਾਗਮ 'ਤੇ ਆਉਣ ਲਈ ਵੀ ਆਖਿਆ ਤੇ ਸਨਮਾਨ ਵਾਪਸੀ ਬਾਰੇ ਵੀ। ਕੰਵਲ ਕਹਿੰਦਾ, 'ਮੈਂ ਨਾਲ ਹੀ ਲੈਂਦਾ ਆਵਾਂਗਾ, ਤੁਸੀਂ ਜੋ ਮਰਜ਼ੀ ਕਰ ਲੈਣਾ, ਤੁਹਾਨੂੰ ਦਿੱਤਾ।' ਖ਼ੈਰ! ਇਹ ਇਤਿਹਾਸਕ ਪਹਿਲਕਦਮੀ ਹੁੰਦੀ-ਹੁੰਦੀ ਟਲ਼ ਗਈ, ਸੋਚਿਆ ਕਿ ਅਜੇ ਹੋਰ ਮਿਹਨਤ ਕਰਦੇ ਹਾਂ, ਇਨਾਮ-ਵਾਪਸੀ ਕਿਤੇ ਐਵੇਂ ਮਾਅਰਕਾ ਹੀ ਨਾ ਰਹਿ ਜਾਵੇ। ਨੌਂ ਸਤੰਬਰ ਨੂੰ ਕੰਵਲ ਨੇ ਨੌਜਵਾਨਾਂ ਨਾਲ ਭਰੇ ਹਾਲ ਨੂੰ ਆਪਣੇ ਵੇਗ, ਆਵੇਸ਼ ਅਤੇ ਚੁਣੌਤੀ ਸਵੀਕਾਰ ਕਰਨ ਦਾ ਲਲਕਾਰਾ ਮਾਰ ਕੇ ਸੂਹਾ ਕਰ ਦਿੱਤਾ। ਫਿਰ ਰੋਸ ਮਾਰਚ ਦੀ ਅਗਵਾਈ ਕੀਤੀ ਤੇ ਘੰਟਾ ਭਰ ਆਈਟੀਓ ਚੌਕ ਵਿੱਚ ਖੜ੍ਹਾ ਰਿਹਾ। ਦਿੱਲੀ ਦੇ ਲੇਖਕ ਪਹਿਲਾਂ ਹੀ ਟਿੱਭ ਗਏ ਸਨ। ਸਿਰਫ਼ ਕੰਵਲ, ਸਵਰਾਜਬੀਰ ਅਤੇ ਸਤਿਆ ਪਾਲ ਗੌਤਮ ਉੱਥੇ ਡਟੇ ਰਹੇ। ਰਾਤ ਦੇ ਖਾਣੇ 'ਤੇ ਸਵਰਾਜਬੀਰ ਦੇ ਘਰ ਕੰਵਲ ਨੇ ਅੰਮ੍ਰਿਤਸਰ ਦੇ ਸਿਰਨਾਵੇਂ ਕਾਮਰੇਡ ਸਤਪਾਲ ਡਾਂਗ ਨੂੰ ਬੜੇ ਮੋਹ ਨਾਲ ਯਾਦ ਕੀਤਾ ਤਾਂ ਸਵਰਾਜਬੀਰ ਦਾ ਗੱਚ ਭਰ ਆਇਆ। ਉਹ ਨਾਜ਼ੁਕ ਛਿਣ ਇਨ੍ਹਾਂ ਦੋਵਾਂ ਦਾ ਹੀ ਸੀ। ਮੈਂ ਬਿਲਕੁਲ ਨੇੜੇ ਬੈਠਾ ਹੋਇਆ ਵੀ ਉਸ ਵਿੱਚ ਨਹੀਂ ਸਾਂ। ਖ਼ੈਰ! ਖਾਣਾ ਖਾਧਾ ਤੇ ਫਿਰ ਮੈਂ ਆਖਿਆ ਕਿ ਸਮਾਗਮ ਵਿੱਚ ਆਏ ਨੌਜਵਾਨਾਂ ਦਾ ਪੂਰ ਤੁਹਾਨੂੰ ਦਿੱਲੀ ਯੂਨੀਵਰਸਿਟੀ ਦੇ ਨਾਰਥ ਕੈਂਪਸ ਕੋਲ ਉਡੀਕ ਰਿਹਾ ਹੈ। ਰਾਤ ਦੇ ਕੋਈ 11-12 ਵਜੇ ਉੱਥੇ ਪਹੁੰਚੇ, ਕੰਵਲ ਨੇ ਗਿਣ ਕੇ 70 ਪੌੜੀਆਂ ਚੜ੍ਹੀਆਂ ਤਾਂ ਅੱਗੇ ਪੰਜਾਬ ਸਾਂਝੀਵਾਲ ਜਥਾ ਦੇ ਜਥੇਦਾਰ ਐਡਵੋਕੇਟ ਜਤਿੰਦਰਪਾਲ ਸਿੰਘ ਗਰੇਵਾਲ ਦਾ ਕਮਰਾ ਵਿਦਿਆਰਥੀ-ਨੌਜਵਾਨਾਂ ਨਾਲ ਰੇਲ ਦੇ ਡੱਬੇ ਵਾਂਗ ਭਰਿਆ ਹੋਇਆ ਸੀ। ਉਨ੍ਹਾਂ ਦੇ ਚਿਰ ਦੇ ਉਡੀਕਦੇ, ਥਕੇਵੇਂ ਦੇ ਭੰਨੇ ਹੋਏ ਜੁੱਸਿਆਂ ਨੇ ਜਦੋਂ ਕੰਵਲ ਦੇ ਦਰਸ਼ਨ ਕੀਤੇ ਤਾਂ ਜਿਵੇਂ ਮੇਲਾ ਬੱਝ ਗਿਆ। 'ਬਾਪੂ ਜੀ', 'ਬਾਪੂ ਜੀ' ਹੋਣ ਲੱਗ ਪਈ। ਕੰਵਲ ਨੇ ਮੰਜੇ 'ਤੇ ਬਹਿੰਦਿਆਂ ਕੰਧ ਨਾਲ ਢਾਸਣਾ ਲਾ ਲਿਆ, ਚਾਹ ਧਰੀ ਗਈ ਤੇ ਕੰਵਲ ਦਾ ਉਤਸ਼ਾਹੀ ਬੋਲ ਮੁੰਡਿਆਂ ਨੂੰ ਸੂਤਦਾ ਤੁਰਿਆ ਗਿਆ। ਰਾਜਨੀਤੀ, ਪਿਆਰ, ਪੜ੍ਹਾਈ, ਲੋਕ-ਮੁਕਤੀ ਦਾ ਢੰਗ, ਜਜ਼ਬਾ ਕਿ ਚੇਤਨਾ ਆਦਿ ਦਾ ਰਿੜਕਣਾ ਪੈ ਗਿਆ। ਕੰਵਲ ਉਦੋਂ ਗਿਣ ਕੇ ਸਾਲਮ 94 ਸਾਲਾਂ ਦਾ ਸੀ। ਮੁੰਡਿਆਂ ਨਾਲ ਖੰਡ-ਖੀਰ ਹੋਇਆ ਕੰਵਲ ਟਿੱਚਰਾਂ ਕਰਦਾ ਖਿੜਦਾ ਗਿਆ ਤੇ ਮੈਂ ਇਸ ਮੰਜ਼ਰ ਦੇ ਵਿੱਚ ਬੈਠਾ-ਬੈਠਾ ਫਿਰ ਗ਼ਾਇਬ ਹੋ ਗਿਆ।
ਅਗਲੇ ਦਿਨ ਮੈਂ ਪਾਸ਼ ਬਾਰੇ ਗੱਲਾਂ ਕਰਨ ਲੱਗਾ ਤੇ ਕੰਵਲ ਬਾਰੇ ਸ਼ਮਸ਼ੇਰ ਸੰਧੂ ਦੀ ਪੁਸਤਕ 'ਇਕ ਪਾਸ਼ ਇਹ ਵੀ' ਵਿਚ ਸ਼ਾਮਿਲ ਪਾਸ਼ ਦਾ ਲਿਖਿਆ ਮਜ਼ਮੂਨ ਉਨ੍ਹਾਂ ਨੂੰ ਪੜ੍ਹਨ ਲਈ ਦਿੱਤਾ। ਕੰਵਲ ਨੇ ਪੜ੍ਹਿਆ ਤੇ ਮੇਰੇ ਵੱਲ ਦੇਖਣ ਲੱਗਾ ਕਹਿੰਦਾ, 'ਯਾਰ! ਇਹ ਆਪਣੀ ਉਮਰ ਦਿਆਂ ਤੋਂ ਖੜ੍ਹਾ ਅੱਡ ਹੀ ਦਿਸਦਾ ਸੀ। ਪੰਗੇ-ਹੱਥਾ ਵੀ ਖਾਸਾ ਸੀ, ਪਰ ਕਵਿਤਾ ਵਿੱਚ ਸਿਖਰ ਫੜ ਗਿਆ... ਉਹਨੂੰ ਮਾਰਨ ਵਾਲੇ ਨਹੀਂ ਜਾਣਦੇ, ਉਨ੍ਹਾਂ ਨੇ ਪੰਜਾਬ ਦੇ ਭਵਿੱਖ ਦਾ ਕਤਲ ਕੀਤਾ ਹੈ।' ਕੰਵਲ ਦਾ ਮਤਾਬੀ ਚਿਹਰਾ ਪੀੜ-ਪੀੜ ਹੋਇਆ ਪਿਆ ਸੀ। ਅੰਗਰੇਜ਼ੀ ਆਨਲਾਈਨ ਮੀਡੀਆ ਦਾ ਪੱਤਰਕਾਰ ਜ਼ਾਏਦ ਖ਼ਾਨ ਇੰਟਰਵਿਊ ਲੈਣ ਆਇਆ ਤਾਂ ਕੰਵਲ ਨੇ ਅਗਲੀ ਗੱਲ ਜੋੜੀ, 'ਮੈਂ ਤਾਂ ਕਹਿਨਾਂ ਉਹ ਮੈਨੂੰ ਮਾਰ ਦਿੰਦੇ ਤੇ ਪਾਸ਼ ਨੂੰ ਜ਼ਿੰਦਗੀ ਮਿਲੀ ਹੁੰਦੀ, ਗੱਲ ਅੱਗੇ ਤੁਰੀ ਹੋਣੀ ਸੀ। ਆਹ ਦਿਨ ਦੇਖਣ ਤੋਂ ਬਚੇ ਹੁੰਦੇ', ਤੇ ਅੱਖਾਂ ਪੂੰਝਣ ਲੱਗਾ। ਗੁਜ਼ਰੀ ਸ਼ਾਮ ਕੰਵਲ ਦਾ ਜਲਾਲ ਦੇਖਣ ਵਾਲਾ ਪੱਤਰਕਾਰ ਪਾਸ਼ ਦਾ ਬਹੁਤ ਕਦਰਦਾਨ ਸੀ, ਉਹ ਵੀ ਅੱਖਾਂ ਭਰ ਆਇਆ ਤੇ ਹੈਰਾਨ ਹੋ ਕੇ ਕੰਵਲ ਵੱਲ ਦੇਖਣ ਲੱਗਾ। ਸਾਰੇ ਸੀਤ ਹੋ ਗਏ ਤੇ ਇੰਟਰਵਿਊ ਵਿਚੇ ਹੀ ਰਹਿ ਗਈ।
ਗੱਲ ਮੁਕਾਉਣ ਤੋਂ ਪਹਿਲਾਂ ਮੇਰੇ ਨਾਨੀ ਜੀ ਜਾਂ ਬੀਜੀ ਦਾ ਜ਼ਿਕਰ ਜ਼ਰੂਰੀ ਹੈ। ਸਾਰਾ ਪਰਵਾਰ ਬੀਜੀ ਮੁਖਤਿਆਰ ਕੌਰ ਦੀ ਦਰਵੇਸ਼ੀ, ਸਦਾਕਤ ਅਤੇ ਨਿੱਘ ਦਾ ਵੱਡਾ ਦੇਣਦਾਰ ਹੈ। ਉਨ੍ਹਾਂ ਦੀਆਂ ਧੀਆਂ ਅਤੇ ਪੁੱਤਰ ਲਈ ਬੀਜੀ ਕਿਸੇ ਫਰਿਸ਼ਤੇ ਵਾਂਗ ਹਨ ਜਿਨ੍ਹਾਂ ਦਾ ਸਹਿਜ-ਮੱਠਾ ਬੋਲ, ਗ਼ਜ਼ਬ ਦੀ ਨੀਝ-ਸੂਝ ਅਤੇ ਬਾਪੂ ਜੀ ਦੇ ਡਾ. ਜਸਵੰਤ ਗਿੱਲ ਨਾਲ ਕੀਤੇ ਵਿਆਹ ਦੇ ਬਾਵਜੂਦ, ਕਿਸੇ ਕੌੜ-ਫਿੱਕ ਤੋਂ ਪਰਹੇਜ਼ ਕਰਦਿਆਂ ਆਪਣੀ ਹਸਤੀ ਨੂੰ ਲਿਫਣ ਨਾ ਦੇਣ ਦਾ ਅਭਿਆਸ ਕਿਸੇ ਡੂੰਘੇ ਸਰੋਵਰ ਵਾਂਗ ਸਾਰੇ ਪਰਿਵਾਰ ਨੂੰ ਸਿੰਜਦਾ ਰਹਿੰਦਾ ਹੈ। ਇਸ ਕਿਸਮ ਦੇ ਸਿਦਕਵਾਨ ਸ਼ਿਲਪ ਵਾਲੇ ਸਾਡੇ ਬੀਜੀ ਕੰਵਲ ਪਰਿਵਾਰ ਦੀ ਅਸਲ ਨੀਂਹ ਸਨ। ਇਨ੍ਹਾਂ ਦੋਵਾਂ ਸ਼ਖ਼ਸੀਅਤਾਂ ਦੀ ਬੁਲੰਦੀ ਵਿੱਚ ਸੰਘਰਸ਼ ਦੀ ਸਾਂਝ ਸੀ, ਕਿਸੇ ਸਾਂਝੀ ਬਰਕਤ ਦਾ ਅਹਿਸਾਸ ਸੀ ਅਤੇ ਸ਼ਾਇਸਤਾ ਫ਼ਾਸਲਾ ਵੀ ਸੀ।
ਬਾਪੂ ਜੀ ਨਾਲ ਮੇਰੇ ਰਿਸ਼ਤੇ ਦਾ ਇੱਕ ਜ਼ਰੂਰੀ ਪਹਿਲੂ ਇਹ ਹੈ ਕਿ ਮੈਂ ਉਨ੍ਹਾਂ ਨੂੰ ਪਰਿਵਾਰਕ ਜਾਂ ਨਾਤਾਦਾਰੀ ਤਾਣੇ-ਪੇਟੇ ਦੇ ਹਿਸਾਬ ਨਾਲ ਨਹੀਂ ਵੇਖਦਾ। ਉਹ ਜਨਤਕ ਖੇਤਰ ਦੀ ਸ਼ਖ਼ਸੀਅਤ ਨੇ, ਉਨ੍ਹਾਂ ਦੀ ਪਹਿਲੀ ਜ਼ਿੰਮੇਵਾਰੀ ਆਪਣੇ ਜਨਤਕ ਖੇਤਰ ਬਾਬਤ ਹੀ ਰਹੇਗੀ। ਇਸ ਨੈਤਿਕ ਚੋਣ ਦੀ ਸੂਲੀ ਚੜ੍ਹਣ ਦੇ ਸੁੱਖ-ਦੁੱਖ ਮੈਨੂੰ ਝੱਲਣੇ ਪਏ ਵੀ ਨੇ ਅਤੇ ਅੱਗੇ ਵੀ ਝੱਲਣੇ ਪੈਣਗੇ। ਉਸ ਤੋਂ ਬੁਨਿਆਦੀ ਕਦਰਾਂ ਦੀ ਸੇਧ ਦਾ ਸਿਖਿਆਰਥੀ ਹੁੰਦਿਆਂ ਵੀ ਖ਼ੁਦ ਕੰਵਲ ਨਾਲ ਮੋਰਚਾ ਲਾਉਣ ਦੀ ਨੌਬਤ ਵੀ ਆ ਸਕਦੀ ਹੈ। ਮੇਰੇ ਲਈ ਜੁਝਾਰੂ ਪੰਜਾਬੀ ਵਿਚਾਰਕ ਪਰੰਪਰਾ ਦੇ ਸਰੂ-ਪੁਰਖ ਬਾਈ ਕੰਵਲ ਦਾ ਵਡੱਪਣ ਹੈ ਕਿ ਉਸ ਨੇ ਮੈਨੂੰ ਇਸ ਦੀ ਮੁਕੰਮਲ ਆਜ਼ਾਦੀ ਦਿੱਤੀ ਹੋਈ ਹੈ।
ਵਾਰਿਸ ਆਪਣੇ ਸਿਲਸਿਲੇ ਦੇ ਮੁਰਸ਼ਦ ਬਾਬਾ ਫ਼ਰੀਦ ਦੀ ਉਸਤਤ 'ਬਾਈਸ ਹੀ ਕੁਤਬਾਂ ਵਿਚ ਪੀਰ ਕਾਮਿਲ' ਆਖ ਕੇ ਕਰਦਾ ਹੈ। ਮੈਂ ਵੀ ਆਪਣੇ ਮੁਰਸ਼ਦ ਨੂੰ ਇਨ੍ਹਾਂ ਸ਼ਬਦਾਂ ਰਾਹੀਂ ਸਿਜਦਾ ਕੀਤਾ ਹੈ। ਉਹ ਦੂਰੋਂ ਦੇਖੇਗਾ ਤੇ ਫਿਰ ਨੇੜੇ ਆ ਕੇ ਮੈਨੂੰ ਲਲਕਾਰੇਗਾ, ''ਓ, ਆ ਬਈ ਵੈਲੀਆ!''
ਅਤੇ ਗੁਲਸ਼ਨ ਦਾ ਕਾਰੋਬਾਰ ਫਿਰ ਸ਼ੁਰੂ ਹੋ ਜਾਵੇਗਾ...