Ginni Sagoo

ਪਿੰਡ ਦੀਆਂ ਜੂਹਾਂ ਤੋਂ ਦਿਲ ਦੀਆਂ ਬਰੂਹਾਂ ਤੱਕ ਪਹੁੰਚਣ ਵਾਲਾ ਗੀਤਕਾਰ  ' ਹਰਵਿੰਦਰ ਉਹੜਪੁਰੀ '  - ਗਿੰਨੀ ਸਾਗੂ

" ਉਹੜਪੁਰੀ ਹਰਵਿੰਦਰ ਕਹਿੰਦਾ, ਬਖਸ਼ ਲਵੇ ਹੁਣ ਤਾਂ ਕਰਤਾਰ, ਬਾਬਾ ਜੀ ਦੀ ਜੈ ਜੈ ਕਾਰ, ਸੇਵਕ ਸੰਤਾਂ ਦੀ ਸਰਕਾਰ " ਇਹ ਸਤਰਾਂ ਮੈਂ ਕਿਤੇ ਪੰਦਰਾਂ ਵੀਹ ਸਾਲ ਪਹਿਲਾਂ ਚਾਚਾ ਚਪੇੜਾਂ ਵਾਲੇ ਦੇ ਵੀਡੀਉ ਵਿਚ ਸੁਣੀਆਂ ਸੀ | ਇਹ ਨਕਲੀ ਸਾਧਾਂ ਬਾਬਿਆਂ ਤੇ ਕਰਾਰੀ ਚਪੇੜ ਵਰਗਾ ਗੀਤ ਗਾਇਆ ਸੀ ਸੁਰਿੰਦਰ ਲਾਡੀ ਨੇ ਤੇ ਲਿਖਣ ਦੀ ਜ਼ਿੰਮੇਵਾਰੀ ਨਿਭਾਈ ਸੀ ਉਹੜਪੁਰ ਪਿੰਡ ਦੇ ਰਹਿਣ ਵਾਲੇ ਪ੍ਰਸਿੱਧ ਗੀਤਕਾਰ ਹਰਵਿੰਦਰ ਸਿੰਘ ਨੇ, ਇਹ ਤਾਂ ਸੀ ਮੇਰਾ ਪਹਿਲਾ ਹਵਾਈ ਮੇਲ ਹਰਵਿੰਦਰ ਉਹੜਪੁਰੀ ਨਾਲ,  ਵੈਸੇ ਇਸ ਗੀਤ ਤੋਂ ਪਹਿਲਾਂ ਵੀ ਹਰਵਿੰਦਰ ਨੇ ਬਹੁਤ ਸ਼ਾਹਕਾਰ ਗੀਤਾਂ ਦੀ ਰਚਨਾ ਕੀਤੀ ਹੈ | ਪਰ ਉਸ ਬਾਰੇ ਜਾਣੂ ਕਰਵਾਉਣ ਤੋ ਪਹਿਲਾਂ ਪਾਠਕਾਂ ਨੂੰ  ਹਰਵਿੰਦਰ ਉਹੜਪੁਰੀ ਦੇ ਬਚਪਨ ਚ ਪਿੰਡ ਵਿਚ ਗੁਜ਼ਾਰੀ ਜ਼ਿੰਦਗੀ ਦੀਆਂ ਗੱਲਾਂ ਤੋਂ ਸ਼ੁਰੂ ਕਰਨ ਵਿਚ ਜਿਆਦਾ ਫਾਇਦਾ ਹੈ |
ਹਰਵਿੰਦਰ ਉਹੜਪੁਰੀ ਦਾ ਜਨਮ ਇੱਕੀ ਦਸੰਬਰ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਟਾਂਡਾ ਦੇ ਪਿੰਡ ਉਹੜਪੁਰ ਵਿਖੇ ਹੋਇਆ,  ਆਪਣੇ ਭਰਾ ਪ੍ਰਭਜੋਤ ਸਿੰਘ ਨਾਲ  ਜ਼ਿੰਦਗੀ ਦਾ ਯਾਦਗਾਰੀ ਸਮਾਂ ਬਚਪਨ ਕਿਵੇਂ ਲੰਘਿਆ ਇਸ ਬਾਰੇ ਹਰਵਿੰਦਰ ਦਾ ਕਹਿਣਾ ਸੀ ਕਿ ਬਾਪ ਮਹਿੰਦਰ  ਸਿੰਘ  ਨੇ ਜਿੰਦਗੀ ਦੀਆਂ ਅਥਾਹ ਖੁਸ਼ੀਆਂ ਦਿੱਤੀਆਂ | ਕੰਧਾਲਾਂ ਸ਼ੇਖਾਂ ਦੇ ਸਕੂਲ ਤੋਂ ਦਸਵੀਂ ਕਰਨ ਤੋਂ ਬਾਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਉੜਮੁੜ ਵਿਖੇ ਹਾਇਰ ਸੈਕੰਡਰੀ  ਖਤਮ ਕਰ ਕੇ ਹੁਸ਼ਿਆਰਪੁਰ ਦੇ ਜਗਤ ਰਾਮ ਸਰਕਾਰੀ  ਪੋਲੀਟੈਕਨਿਕ ਕਾਲਜ ਤੋਂ ਤਿੰਨ ਸਾਲ ਦਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਡਿਪਲੋਮਾ ਕਰਨ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਬੀ.ਏ. ਤੱਕ ਦੀ ਪੜ੍ਹਾਈ ਕੀਤੀ |  ਕਿਉਂ ਕਿ ਘਰਵਾਲਿਆਂ ਦੀ ਇਹੀ ਇੱਛਾ ਸੀ ਕਿ ਪੁੱਤ ਦੀ ਜ਼ਿੰਦਗੀ ਵਧੀਆ ਬਣਾਉਣੀ ਤੇ ਹਰਵਿੰਦਰ ਨੇ ਵੀ ਖੂਬ ਦਿਲ ਲਾ ਕੇ ਪੜ੍ਹਾਈ ਕੀਤੀ |  ਇਸ ਸਮੇਂ ਵੋਕੇਸ਼ਨਲ ਅਧਿਆਪਕ ਦੇ ਤੌਰ  ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਟਾਂਡਾ ਉੜਮੁੜ ਵਿਖੇ ਸੇਵਾਵਾਂ ਨਿਭਾ ਰਹੇ ਹਨ | ਉਹੜਪੁਰੀ ਦੀ  ਸਫ਼ਲ ਜ਼ਿੰਦਗੀ ਵਿਚ ਉਹਨਾਂ ਦੀ ਧਰਮਪਤਨੀ ਮਨਜੀਤ ਕੌਰ ਦਾ ਬਹੁਤ ਯੋਗਦਾਨ ਰਿਹਾ ਜਿਹਨਾਂ ਨੇ ਉਹੜਪੁਰੀ ਦੀ  ਇਸ ਰੁਝੇਵਿਆਂ ਭਰੀ ਜ਼ਿੰਦਗੀ ਨੂੰ ਬਹੁਤ ਸਲੀਕੇ ਨਾਲ ਸੰਭਾਲਿਆ ਹੈ |  ਉਹਨਾਂ ਦਾ ਇਕਲੌਤਾ ਸਪੁੱਤਰ ਸਨਮਪ੍ਰੀਤ ਸਿੰਘ ਕੈਨੇਡਾ ਦੇ ਬਰੈਂਪਟਨ ਵਿਖੇ ਉਚੇਰੀ ਸਿੱਖਿਆ ਖਤਮ ਕਰ ਕੇ ਜ਼ਿੰਦਗੀ ਦੀਆਂ ਬਹਾਰਾਂ ਮਾਣ ਰਿਹਾ ਹੈ ਅਤੇ ਛੋਟਾ ਭਰਾ ਪ੍ਰਭਜੋਤ ਸਿੰਘ ਆਪਣੇ ਪਰਿਵਾਰ ਨਾਲ ਯੂਰੋਪ ਦੇ ਇਟਲੀ ਦੇਸ਼ ਵਿਚ ਪਰਿਵਾਰ ਨਾਲ ਪੱਕੇ ਤੌਰ ਤੇ ਰਹਿ ਰਿਹਾ ਹੈ |

ਚਰਨ ਸਿੰਘ ਸਫਰੀ, ਪ੍ਰੀਤਮ ਸਿੰਘ ਕਾਸਿਦ, ਹਰਭਜਨ ਸਿੰਘ ਸਾਜਨ, ਸ਼ਮਸ਼ੇਰ ਸੰਧੂ, ਰਵਿੰਦਰ ਸਿੰਘ ਮਸ਼ਰੂਰ, ਬਾਬੂ ਸਿੰਘ ਮਾਨ, ਚਮਨ ਹਰਗੋਬਿੰਦਪੁਰੀ, ਦੇਵ ਥਰੀਕਿਆਂ ਵਾਲਾ, ਸੁਖਜੀਤ ਝਾਂਸਾਵਾਲਾ ਤੇ ਹੋਰ ਬਹੁਤ ਨਾਮਵਾਰ ਸਖਸ਼ੀਅਤਾਂ ਤੋਂ ਪ੍ਰੇਰਨਾ ਲੈਣ ਵਾਲਾ ਹਰਵਿੰਦਰ ਸਫਲਤਾ ਦੀਆਂ ਪੌੜੀਆਂ ਤੇ ਸਹਿਜੇ ਸਹਿਜੇ ਚੜਨ ਲੱਗ ਗਿਆ | ਗੀਤਕਾਰੀ ਵਿਚ ਆਪਣਾ ਉਸਤਾਦ ਸ਼ਮਸ਼ੇਰ ਸੰਧੂ ਨੂੰ ਮੰਨਣ ਵਾਲੇ ਉਹੜਪੁਰੀ ਨੇ ਦੱਸਿਆ ਸੰਧੂ ਸਾਹਿਬ ਨਾਲ ਪਿਆਰ ਸਤਿਕਾਰ ਵਾਲਾ ਰਿਸ਼ਤਾ ਅੱਜ ਤੱਕ ਕਾਇਮ ਹੈ | ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਮੁਹੰਮਦ ਸਦੀਕ, ਜਗਮੋਹਣ ਕੌਰ, ਕੁਲਦੀਪ ਪਾਰਸ ਤੇ ਹੋਰ ਨਾਮਵਾਰ ਗਾਇਕਾਂ ਦੀ ਆਵਾਜ਼ ਨੇ ਉਹੜਪੁਰੀ  ਨੂੰ ਬਹੁਤ ਪ੍ਰਭਾਵਿਤ ਕੀਤਾ ਹੈ ਬਾਕੀ ਸੁਰ ਤਾਲ ਵਿੱਚ ਤੇ ਵਧੀਆ ਗਾਉਣ ਵਾਲੇ ਸਾਰੇ  ਹੀ ਗਾਇਕਾਂ ਦੀ ਆਵਾਜ਼  ਉਹੜਪੁਰੀ ਨੂੰ ਪਸੰਦ ਹੈ |

ਕਵਿਤਾਵਾਂ ਲਿਖਣ ਤੇ ਬੋਲਣ ਦਾ ਝਾਕਾ ਤਾਂ ਦਸਵੀ ਤੱਕ ਸਕੂਲ ਦੀਆਂ ਸਟੇਜਾਂ ਤੋਂ ਹੀ ਲਹਿ ਗਿਆ ਸੀ | ਦਸਵੀ ਤੋਂ ਬਾਦ ਸ਼ਬਦਾਂ ਦੇ ਜਾਲ਼ ਨੂੰ ਵਧੀਆ ਤਰੀਕੇ ਨਾਲ ਬੁਣਦੇ ਹੋਏ ਗੀਤ ਲਿਖਣ ਲੱਗ ਗਏ | ਹਰਵਿੰਦਰ ਛੋਟੀ ਉੁਮਰ ਤੋਂ ਹੀ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਵੱਡੇ ਪ੍ਰਸ਼ੰਸ਼ਕ ਸਨ ਜਿੱਥੇ ਕਿਤੇ ਵੀ ਉਹਨਾਂ ਦੇ ਅਖਾੜੇ ਬਾਰੇ ਪਤਾ ਲੱਗਦਾ ਤਾਂ ਆਪਣੇ ਜਿਗਰੀ ਯਾਰ ਰਣਜੀਤ ਸਿੰਘ ਰਾਮਪੁਰੀ ਨਾਲ ਉਸ ਥਾਂ ਤੇ ਜਾ ਪਹੁੰਚਦੇ | ਬੱਸ ਇੱਥੋਂ ਹੀ ਗੱਲ ਜਾ ਪਹੁੰਚੀ ਮੇਲ ਮਿਲਾਪਾਂ ਤੇ | ਇਸੇ ਪਿਆਰ ਕਾਰਣ ਕੁਲਦੀਪ ਮਾਣਕ ਕਈ ਵਾਰ ਉਹੜਪੁਰੀ  ਦੇ ਘਰ ਆਏ ਤੇ ਉੱਥੇ ਇਕ ਦਿਨ ਹੋ ਰਹੀ ਗੱਲਬਾਤ ਇਸ ਨਤੀਜੇ ਤੇ ਜਾ ਖਤਮ ਹੋਈ ਕਿ ਹਰਵਿੰਦਰ ਉਹੜਪੁਰੀ ਦਾ ਪਹਿਲਾ ਧਾਰਮਿਕ ਗੀਤ ' ਰੱਬ ਦੇ ਚਪੇੜਾਂ ਮਾਰੀਆਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ ' 1987 ਵਿਚ ਰਿਲੀਜ ਹੋਇਆ  ਜੋ ਕਿ ਭੈਣ ਨਾਨਕੀ ਆਪਨੇ ਪਿਤਾ ਮਹਿਤਾ ਕਾਲੂ ਨਾਲ ਵਾਰਤਾਲਾਪ ਦੌਰਾਨ ਕਹਿ ਰਹੀ ਹੈ |  ਇਹ ਗੀਤ ਬਹੁਤ ਹਰਮਨਪਿਆਰਾ ਹੋਇਆ ਤੇ ਫਿਰ ਨਾਲ ਹੀ ਹਰਵਿੰਦਰ ਦੇ ਗੀਤਾਂ ਦੀ ਰੇਲ ਸਰੋਤਿਆਂ ਦੇ ਦਿਲ ਦੇ ਸਟੇਸ਼ਨ ਤੱਕ ਕੂਕਦੀ ਪਹੁੰਚਣ ਲੱਗ ਪਈ |


ਫਿਰ ਤਾਂ ਜਿਵੇਂ ਇਕ ਲਹਿਰ ਹੀ ਚੱਲ ਪਈ ਕੁਲਦੀਪ ਮਾਣਕ, ਹੰਸ ਰਾਜ ਹੰਸ, ਸੁਰਜੀਤ ਬਿੰਦਰਖੀਆ, ਮਾਸਟਰ ਸਲੀਮ,  ਸਤਵਿੰਦਰ ਬਿੱਟੀ, ਨਛੱਤਰ ਗਿੱਲ, ਦਲੇਰ ਮਹਿੰਦੀ, ਲਹਿੰਬਰ ਹੁਸੈਨਪੁਰੀ, ਸਾਬਰਕੋਟੀ, ਕਮਲਜੀਤ ਨੀਰੂ, ਸੁਰਿੰਦਰ ਲਾਡੀ, ਮਿਸ ਪੂਜਾ, ਪਰਵੀਨ ਭਾਰਟਾ, ਸੁਦੇਸ਼ ਕੁਮਾਰੀ, ਅਵਤਾਰ ਰੰਧਾਵਾ, ਹਰਮਿੰਦਰ ਨੂਰਪੁਰੀ, ਹਰਵਿੰਦਰ ਟਾਂਡੀ, ਭੁਪਿੰਦਰ ਗਿੱਲ, ਜੈਜ ਧਾਮੀ, ਭਿੰਦਾ ਜੱਟ, ਮੇਸ਼ੀ ਇਸ਼ਾਰਾ  ਸੁਖਵਿੰਦਰ ਪੰਛੀ, ਗੋਗੀ ਬੈਂਸ, ਸੁਰਜੀਤ ਖਾਨ, ਰਾਏ ਜੁਝਾਰ, ਕੇ.ਐਸ. ਮੱਖਣ, ਸਰਬਜੀਤ ਚੀਮਾ, ਕਪਤਾਨ ਲਾਡੀ,ਯੁੱਧਵੀਰ ਮਾਣਕ, ਗੁਰਿੰਦਰ ਪੱਡਾ, ਅ੍ਰੰਮਿਤਾ ਵਿਰਕ, ਪ੍ਰਿਆ ਨਿੱਝਰ, ਹਰਭਜਨ ਸ਼ੇਰਾ, ਬਿੱਲ ਸਿੰਘ, ਸੁਰਿੰਦਰ ਅਨਮੋਲ, ਪਰਗਟ ਖਾਨ ਤੇ ਹੋਰ ਬਹੁਤ ਗਾਇਕਾਂ ਨੇ ਉਹੜਪੁਰੀ ਦੇ ਅਣਗਿਣਤ ਗੀਤ ਗਾਏ |  ਬਾਬਾ ਗੁਰਦਿਆਲ ਸਿੰਘ, ਭਾਈ ਦਵਿੰਦਰ ਸਿੰਘ ਸੋਢੀ, ਭਾਈ ਅਮਨਦੀਪ ਸਿੰਘ ਤੇ ਹੋਰ ਬਹੁਤ ਰਾਗੀ ਸਾਹਿਬਾਨ ਨੇ ਵੀ ਉਹੜਪੁਰੀ ਦੇ ਧਾਰਮਿਕ ਗੀਤਾਂ ਨੂੰ ਗਾਇਆ ਹੈ | ਹੁਣ ਤੱਕ ਸੈਂਕੜਿਆਂ ਦੀ ਤਾਦਾਦ ਵਿਚ ਹਰਵਿੰਦਰ ਉਹੜਪੁਰੀ ਦੇ ਗੀਤ ਰਿਕਾਰਡ ਹੋ ਚੁੱਕੇ ਹਨ |  ਸਤਵਿੰਦਰ ਬਿੱਟੀ ਦੇ ਧਾਰਮਿਕ ਗੀਤਾਂ ਦੀ ਕੈਸਟ ' ਧੰਨ ਤੇਰੀ ਸਿੱਖੀ ' ਤੇ ' ਆਉ ਨਗਰ ਕੀਰਤਨ ਦੇ ਦਰਸ਼ਨ ਪਾਈਏ ' ਤਾਂ ਮੈਨੂੰ ਲੱਗਦਾ ਹੈ ਕਿ ਕੋਈ ਐਸਾ ਧਾਰਮਿਕ ਸਮਾਗਮ ਨਹੀ ਹੋਣਾ ਜਿੱਥੇ ਅੱਜ ਵੀ ਨਾ ਚੱਲਦੀ ਹੋਵੇ ਨਾਲ ਹੀ ਨਛੱਤਰ ਗਿੱਲ ਦੀ ਆਵਾਜ ਵਿਚ ' ਅਰਦਾਸ ਕਰਾਂ ' ਨੇ ਸਭ ਪਾਸੇ ਵਾਹ  ਵਾਹ ਖੱਟੀ | ਮਾਸਟਰ ਸਲੀਮ ਦਾ ' ਸਿੰਘ ਜੈਕਾਰੇ ਬੋਲਦੇ ', ਕਮਲਜੀਤ ਨੀਰੂ  ਦੀ ਆਵਾਜ ਵਿਚ ' ਤੋਰ ਦਿੱਤਾ ਲਾਲਾਂ ਨੂੰ,   ਹਰਮਿੰਦਰ ਨੂਰਪੁਰੀ ਦਾ ' ਹੋ ਜਾਣ ਕਾਰਜ ਰਾਸ ਮਾਲਕਾ ਕਰ ਕਿਰਪਾ ' ਗੀਤ ਹਰਵਿੰਦਰ ਦੀ ਕਲਮ ਨੂੰ ਹੋਰ ਪੁਖਤਾ ਬਣਾ ਚੁੱਕੇ ਹਨ | ਸੁਰਜੀਤ ਬਿੰਦਰਖੀਆ ਦਾ ਗਾਇਆ ਤੇ ਹਰਵਿੰਦਰ ਉਹੜਪੁਰੀ ਦਾ ਲਿਖਿਆ ਗੀਤ ' ਸਿੰਘੋ ਸੇਵਾਦਾਰ ਬਣੋ ਸਿੱਖ ਕੌਮ ਦੇ ਨਾ ਭਾਲੋ ਤੁਸੀ ਜੱਥੇਦਾਰੀਆਂ ', ਸਤਵਿੰਦਰ ਬਿੱਟੀ ਦੀ ਆਵਾਜ਼ ਵਿਚ ' ਬੁੱਕਲ ਦਿਆਂ ਨਾਗਾਂ ਤੋਂ ਰਹਿਣਾ ਬਚ ਕੇ ਸਿੰਘ ਸਰਦਾਰੋ ' ਅਤੇ ਲਹਿੰਬਰ ਹੁਸੈਨਪੁਰੀ ਦਾ ਨਵਾਂ ਆ ਰਿਹਾ ਗੀਤ ' ਸੰਭਲੋ ਸਿੰਘੋ ਕੌਮ ਨਾ ਕਿਤੇ ਜੈਕਾਰਿਆਂ ਜੋਗੀ ਰਹਿ ਜਾਏ ' ਤਸਦੀਕ ਕਰਦੇ ਹਨ ਕਿ ਹਰਵਿੰਦਰ ਦਾ ਕੋਮਲ ਮਨ ਜਦੋਂ ਸਿੱਖ ਕੌਮ ਚ ਪਈਆਂ ਤਰੇੜਾਂ ਕਾਰਣ ਨਿਰਾਸ਼ ਹੋਇਆ ਤਾਂ ਉਸ ਨੇ ਕਲਮ ਨਾਲ ਕੌਮ ਨੂੰ ਹਲੂਣਾ ਦੇਣ ਦੀ ਕੋਸ਼ਿਸ ਕੀਤੀ ਹੈ |  ਰਾਜ ਗਾਇਕ ਹੰਸ ਰਾਜ ਹੰਸ ਨੇ ਹਰਵਿੰਦਰ ਦੇ ਸਤਾਈ ਧਾਰਮਿਕ ਗੀਤ ਰਿਕਾਰਡ ਕੀਤੇ ਹਨ ਤੇ ਅਗਲੇ ਗੀਤਾਂ ਲਈ ਵੀ ਕੰਮ ਚੱਲ ਰਿਹਾ ਹੈ ਕੁਝ ਮਹੀਨੇ ਪਹਿਲਾਂ ਭਾਈ ਘਨੱਈਆ ਜੀ ਦੇ ਤਿੰਨ ਸੌ ਸਾਲਾ ਸ਼ਹੀਦੀ ਸਮਾਗਮ ਤੇ ਹਰਵਿੰਦਰ ਉਹੜਪੁਰੀ ਦਾ ਲਿਖਿਆ ਗੀਤ ' ਕੀਤੀ ਸੇਵਾ ਬੇਮਿਸਾਲ, ਭਾਈ ਘਨੱਈਆ ਗੁਰੂ ਕੇ ਲਾਲ ਨੂੰ ਪ੍ਰਸਿੱਧ ਪੋਪ ਗਾਇਕ ਦਲੇਰ ਮਹਿੰਦੀ ਨੇ ਆਪਣੀ ਆਵਾਜ਼ ਨਾਲ ਰਿਲੀਜ਼ ਕੀਤਾ ਹੈ |


ਲੋਕਾਂ ਨੂੰ ਲੱਗਦਾ ਹੈ ਕਿ ਉਹੜਪੁਰੀ ਦੀ ਕਲਮ ਨੇ ਜਿਆਦਾਤਰ ਧਾਰਮਿਕ ਗੀਤ ਲਿਖੇ ਹਨ ਪਰ ਜੇਕਰ ਲੋਕ ਬੋਲੀਆਂ ਜਾਂ ਲੋਕ ਤੱਥਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਨਾਮਵਾਰ ਕਲਾਕਾਰ ਉਹੜਪੁਰੀ ਦੇ ਗੀਤ ਰਿਕਾਰਡ ਕਰ ਚੁੱਕੇ ਹਨ ਜਿਵੇਂ ਉਹੜਪੁਰੀ ਦੀ ਕਲਮ ਦਾ ਲਿਖਿਆ ਗੀਤ ਹੈ ' ਮਾਂਵਾਂ ਠੰਡੀਆਂ ਛਾਵਾਂ ਹਰ ਕੋਈ ਕਹਿੰਦਾ ਹੈ, ਬੱਚਿਆਂ ਖਾਤਰ ਬਾਪ ਵੀ ਦੁਖੜੇ ਸਹਿੰਦਾ ਹੈ ' ਨੁੰ ਸੁਰਿੰਦਰ ਲਾਡੀ ਨੇ ਬਾਖੂਬੀ  ਗਾਇਆ ਹੈ | ਮਨ ਦੀ ਮੌਜ ਅਨੁਸਾਰ ਭੰਗੜੇ ਵਾਲੇ ਗੀਤਾਂ ਵਿਚ ਵੀ ਉਹੜਪੁਰੀ ਆਪਣੀ ਪੈੜ ਜਮਾ ਗਿਆ ਉਸ ਦੇ ਚਰਚਿਤ ਗੀਤਾਂ ਵਿਚ ਸਤਵਿੰਦਰ ਬਿੱਟੀ ਦੀਆਂ 'ਬੋਲੀਆਂ', ਬਿੰਦਰਖੀਏ ਦਾ 'ਕਰਤੇ ਮਲੰਗ ਬਾਣੀਏ' ,  ਕੁਲਦੀਪ ਮਾਣਕ ਦਾ 'ਬਹੁਤੀ ਪੀਣੀ ਮਾੜੀ ਏੇ' , ਕਮਲਜੀਤ ਨੀਰੂ ਦਾ 'ਜਾਗੋ', ਲਹਿੰਬਰ ਹੁਸੈਨਪੁਰੀ ਦਾ 'ਪਿੰਡ ਮੋਹ ਲਿਆ ਤੂੰ ਮੁਟਿਆਰੇ' ਤੇ ਹੁਣ ਚਰਚਾ ਚ ਚੱਲ ਰਿਹਾ ਨਵਾਂ ਗੀਤ 'ਫੁੱਲਾਂ ਵਾਲਾ ਸੂਟ' ਸਰੋਤਿਆਂ ਵਿਚ ਆਪਣੀ ਭਰਪੂਰ ਹਾਜ਼ਰੀ ਲਵਾ ਰਹੇ ਹਨ | ਇਸ ਦੇ ਨਾਲ ਵਿਅੰਗਮਈ ਗੀਤ 'ਰੋਡਾਂ ਟੁੱਟੀਆਂ ਵਿਚ ਟੋਏ, ਲੋਕੀ ਡਿੱਗਦੇ ਉਏ ਹੋਏ ', ' ਪਿੰਡ ਭੈੜਾ ਲੱਗਦਾ ', ' ਕਿਵੇਂ ਤੈਨੂੰ ਰੋਕਾਂ ਰਿਸ਼ਵਤਖੋਰੀਏ ' ਤੇ ਹੋਰ ਗੀਤਾਂ ਵਿਚ ਵੀ ਉਹੜਪੁਰੀ ਨੇ ਆਪਣੀ ਕਲਮ ਦਾ ਲੋਹਾ ਮਨਵਾਇਆ ਹੈ | ਉਹੜਪੁਰੀ ਨੇ ਅਵਤਾਰ ਰੰਧਾਵਾ, ਹਰਮਿੰਦਰ  ਨੂਰਪੁਰੀ, ਦਲਵਿੰਦਰ ਦਿਆਲਪੁਰੀ, ਹਰਪ੍ਰੀਤ ਰੰਧਾਵਾ, ਕੁਲਤਾਰ ਬਾਜਵਾ, ਬਲਬੀਰ ਸਿੰਘ ਕਮਲ, ਜੀਤਾ ਜਾਨੀ, ਮਨੋਜ ਮਾਨਵੀ ਤੇ ਹੋਰ ਬਹੁਤ ਗਾਇਕਾਂ ਨੂੰ ਸਰੋਤਿਆਂ ਸਨਮੁੱਖ ਪੇਸ਼ ਕੀਤਾ ਹੈ ਤੇ ਕੋਸ਼ਿਸ ਚ ਹਨ ਕਿ ਸੁਰ ਤਾਲ ਵਿਚ ਵਧੀਆ ਗਾਉਣ ਵਾਲੇ ਕਲਾਕਾਰਾਂ ਨੂੰ   ਸਰੋਤਿਆਂ ਤੋਂ ਸੱਖਣਾ ਨਾ ਰਹਿਣਾ ਪਏ | ਉਹੜਪੁਰੀ ਦੀ ਪੇਸ਼ਕਸ ਅਵਤਾਰ ਰੰਧਾਵਾ ਦੀ ' ਬਿੱਲੋ ' , ਹਰਮਿੰਦਰ ਨੂਰਪੁਰੀ ਦੀ ' ਪੁੰਨਿਆ ਦੀ ਰਾਤ , ਤੇ ' ਰੁਮਾਲ ' ਐਲਬਮ ਨੂੰ  ਸਰੋਤਿਆਂ ਵੱਲੋਂ ਭਰਪੂਰ ਹੁੰਗਾਰਾ ਮਿਲਿਆ | ਰੋਮੀ ਬੈਂਸ ( ਅਮਰੀਕਾ ) , ਰੋਮੀ ਸਸਕੌਰੀਆ ( ਕੈਨੇਡਾ ), ਸਿੱਕੀ ਝੱਜੀ ਪਿੰਡ ਵਾਲਾ ( ਇਟਲੀ ), ਜ਼ੋਰਾਵਰ ਬਡਵਾਲ ( ਅਮਰੀਕਾ ), ਸਤਵੀਰ ਸਾਂਝ ( ਇਟਲੀ )  ਤੇ ਹੋਰ ਬਹੁਤ ਗੀਤਕਾਰ ਹਰਵਿੰਦਰ ਨੂੰ ਆਪਣਾ ਪ੍ਰੇਰਣਾ ਸਰੋਤ ਮੰਨਦੇ ਹਨ ਤੇ ਸਮੇਂ ਸਮੇਂ ਤੇ ਗੀਤਕਾਰੀ ਲਈ ਸੁਝਾਉ ਲੈਂਦੇ ਹਨ | ਕਲਾਕਾਰ ਜਸਵਿੰਦਰ ਭੱਲਾ ਦੀ ਟੈਲੀਫ਼ਿਲਮ ' ਘਰ ਜਵਾਈਆਂ ਦਾ ' ਵਿਚ ਟਾਈਟਲ ਗੀਤ ਤੇ ਲਖਵਿੰਦਰ (ਸੰਧੂ) ਭੰਡ ਤੇ ਸੰਤੇ ਬੰਤੇ ਦੀ ਟੈਲੀਫਿਲਮ ਦੇ ਵਿਚ ਬੋਲੀਆਂ ਲਿਖਣ ਦੀ  ਜ਼ਿੰਮੇਵਾਰੀ ਵੀ ਉਹੜਪੁਰੀ ਨੇ ਬਾਖ਼ੂਬੀ ਨਿਭਾਈ ਹੈ |

ਅੱਠ ਵਾਰ ਕੈਨੇਡਾ, ਤਿੰਨ ਵਾਰ ਇੰਗਲੈਂਡ, ਇਟਲੀ ਤੇ ਸਵਿਟਜ਼ਰਲੈਂਡ ਵਿਚ ਸਰੋਤਿਆਂ ਦੇ ਵਿਸ਼ੇਸ ਮਹਿਮਾਨ ਬਣ ਕੇ ਗੋਲਡ ਮੈਡਲਾਂ ਨਾਲ ਸਨਮਾਨ ਹੋਣ ਦਾ ਕਾਰਣ ਹਰਵਿੰਦਰ ਦੀ ਲੀਕੋਂ ਹਟਵੀ ਗੱਲ ਕਰਨ ਵਾਲੀ ਗੀਤਕਾਰੀ ਹੀ ਸੀ | ਇਸ ਤੋਂ ਇਲਾਵਾ ਅਮਰੀਕਾ , ਜਰਮਨੀ,  ਰੂਸ, ਥਾਈਲੈਂਡ, ਚੀਨ, ਜਪਾਨ, ਬੰਗਲਾਦੇਸ਼ ਦੇ  ਵਿੱਚ ਵੀ ਹਾਜ਼ਰੀ ਲਗਵਾ ਚੁੱਕੇ ਹਨ |  ਅਜੋਕੇ ਗੀਤਕਾਰਾਂ ਦੇ ਹੁਣ ਚੱਲ ਰਹੇ ਵਾਦ ਵਿਵਾਦ ਵਾਰੇ ਹਰਵਿੰਦਰ ਉਹੜਪੁਰੀ ਦਾ ਕਹਿਣਾ ਹੈ ਕੀ ਉਹਨਾਂ ਗੀਤਕਾਰਾਂ ਦੇ ਦਰਦ ਵੀ ਸਹੀ ਹਨ ਜਿੰਨਾਂ ਨੇ ਗਾਇਕਾਂ ਨੂੰ ਸਥਾਪਿਤ ਕਰਣ ਵਿਚ ਅਹਿਮ ਭੂਮਿਕਾ ਨਿਭਾਈ ਹੈ | ਗੀਤਕਾਰੀ ਚੋਂ ਪੈਸੇ ਤਾਂ ਆਟੇ ਵਿੱਚ ਲੂਣ ਬਰਾਬਰ ਹੀ ਮਿਲਦੇ ਹਨ ਇਸ ਲਈ ਸਾਰੀ ਜ਼ਿੰਦਗੀ ਕੱਲੀ ਗੀਤਕਾਰੀ ਦੇ ਸਿਰ ਤੇ ਜੀਉਣਾ ਬਹੁਤ ਔਖਾ ਹੈ | ਉਹਨਾਂ ਗੀਤਕਾਰਾਂ ਨੂੰ ਅਪੀਲ ਕੀਤੀ ਕਿ ਗੀਤਕਾਰੀ ਦੇ ਨਾਲ ਕਿਸੇ ਨਾ ਕਿਸੇ ਕੰਮ ਧੰਧੇ ਨੂੰ ਵੀ ਨਾਲ ਜੋੜਿਆ ਜਾਵੇ ਜਿਸ ਨਾਲ ਪਰਿਵਾਰ ਦੀ ਜ਼ਿੰਦਗੀ ਔਖੀ ਨਾ ਲੰਘੇ | ਕੀ ਵਾਕਿਆ ਮਸ਼ੂਕ ਦੇ ਧੋਖਾ ਦੇਣ ਜਾਂ ਛੱਡ ਜਾਣ ਨਾਲ ਜਾਣ ਨਾਲ ਗੀਤਕਾਰ ਦੇ ਦਿਲ ਚ ਦਰਦ ਪੈਦਾ ਹੁੰਦਾ ਹੈ ਬਾਰੇ ਪੁੱਛਣ ਤੇ ਉਹੜਪੁਰੀ  ਦਾ ਕਹਿਣਾ ਸੀ ਕੀ ਜਿਸ ਮਾਂ ਬਾਪ ਨੇ ਸਾਰੀ ਜ਼ਿੰਦਗੀ ਬੱਚੇ ਦੇ ਲੇਖੇ ਲਗਾ ਦਿੱਤੀ ਹੋਵੇ ਤੇ ਉਸ ਦੇ ਮੁਕਾਬਲੇ ਵਿਚ ਇਸ ਤਰਾਂ ਦਾ ਪਿਆਰ ਕਿੱਥੇ ਤੋਲਿਆ ਜਾ ਸਕਦਾ ਹੈ | ਅਸਲ ਦਰਦ ਤਾਂ ਮਾਂ ਬਾਪ ਦੇ ਜਾਣ ਦਾ ਹੁੰਦਾ ਹੈ ਬਾਕੀ ਤਾਂ ਕਿਸੇ ਦਾ ਕੋਈ ਨਿੱਜੀ ਤਜਰਬਾ ਹੋ ਸਕਦਾ ਹੈ ਪਰ ਇਸ ਵਿਚ ਜਿਆਦਾ ਸੱਚਾਈ ਵਾਲੀ ਗੱਲ ਨਹੀ

ਸਰੋਤਿਆਂ ਬਾਰੇ ਬੋਲਦੇ ਹੋਏ ਹਰਵਿੰਦਰ ਉਹੜਪੁਰੀ ਨੇ ਕਿਹਾ ਕਿ ਸਰੋਤੇ ਸੀਸ਼ੇ ਦਾ ਕੰਮ ਕਰਦੇ ਹਨ ਜਿਸ ਤਰਾਂ ਦਾ ਕੰਮ ਅਸੀ ਕਰਦੇ ਹਾਂ ਸਾਨੂੰ ਉਸ ਦੀ ਪ੍ਰਤੀਕਿਰਿਆ ਸਰੋਤਿਆਂ ਤੋਂ ਪ੍ਰਾਪਤ ਹੋ ਜਾਂਦੀ ਹੈ | ਉਹੜਪੁਰੀ ਨੇ ਨਵੇਂ ਆ ਰਹੇ ਗੀਤਕਾਰਾਂ ਤੇ ਗਾਇਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਰਟ ਕੱਟ ਤਰੀਕੇ ਨਾਲ ਮਸ਼ਹੂਰ ਹੋਣ ਵਾਲੇ ਤਰੀਕਿਆਂ ਤੋਂ ਗੁਰੇਜ਼ ਕਰਣ | ਵੈਸੇ ਤਾਂ ਉਹ ਆਪਣੇ ਆਪ ਨੂੰ ਇਸ ਕਾਬਿਲ ਨਹੀ ਸਮਝਦੇ ਕਿ ਕੋਈ ਸੁਨੇਹਾ ਦੇ ਸਕਣ ਪਰ ਉਹਨਾਂ ਦੀ ਇਕ ਬੇਨਤੀ ਹੈ ਕਿ ਜੋ ਲੋਕ ਵੇਲ ਵਾਂਗ ਜਲਦੀ ਜਲਦੀ ਵਧਦੇ ਜਾਂਦੇ ਹਨ ਉਹ ਉੁਨੀ ਜਲਦੀ ਸੁੱਕ ਕੇ ਝੜ ਵੀ ਜਾਂਦੇ ਹਨ ਸੋ ਵੇਲ ਦੀ ਥਾਂ ਤੇ ਅੰਬ ਦੇ ਬੂਟੇ ਵਾਂਗ ਵਧੋ ਜੋ ਦੇਰ ਤੱਕ ਤੁਹਾਨੂੰ ਫਲ ਦਿੰਦਾ ਹੈ ਤੇ ਜਿੰਦਗੀ ਵਿੱਚ ਕੀਤੀ ਸਖ਼ਤ ਮਿਹਨਤ ਵੀ ਤੁਹਾਨੂੰ ਇਸੇ ਤਰਾਂ ਹੀ ਹੌਲੀ ਹੌਲੀ ਸਫਲਤਾ ਵੱਲ ਲੈ ਕੇ ਜਾਂਦੀ ਹੈ ਤੇ ਤੇ ਤੁਹਾਨੂੰ ਤੁਹਾਡੀ ਮਿਹਨਤ ਦਾ ਫਲ ਅੰਤ ਤੱਕ ਮਿਲਦਾ ਰਹਿੰਦਾ ਹੈ |

 ਗਿੰਨੀ ਸਾਗੂ
ਮੈਲਬੋਰਨ ( ਆਸਟਰੇਲੀਆ )
+61-403-147-322