Gurmit-Karialvi

ਗੋਰਖ ਨਾਥ ਦਾ ਚੇਲਾ – ਦੇਵ ਥਰੀਕੇ ਵਾਲਾ  - ਗੁਰਮੀਤ ਕੜਿਆਲਵੀ

(ਪੰਜਾਬੀ ਦਾ ਉੱਘਾ ਗੀਤਕਾਰ/ ਗੀਤ, ਕਲੀਆਂ ਤੇ ਲੋਕ ਗਾਥਾਾਵਾਂ ਲਿਖਣ ਵਾਲਾ, ਦੇਵ ਥਰੀਕਿਆਂ ਵਾਲਾ ਸਦੀਵੀ ਵਿਛੋੜਾ ਦੇ ਗਿਆ, ਉਸਦੀ ਯਾਦ ਵਿਚ ਪੰਜਾਬੀ ਦੇ ਨਾਮਵਰ ਸਾਹਿਤਕਾਰ ਗੁਰਮੀਤ ਕੜਿਆਲਵੀ ਦਾ ਲਿਖਿਆ ਇਹ ਲੇਖ ਪੜ੍ਹਨਯੋਗ ਹੈ। ਅਸੀਂ ਆਪਣੇ ਪਾਠਕਾਂ ਨੂੰ ਦੇਵ ਥਰੀਕਿਆਂ ਵਾਲੇ ਦੀ ਜ਼ਿੰਦਗੀ ਬਾਰੇ ਜਾਣਕਾਰੀ ਦੇਣ ਵਜੋਂ ਛਾਪ ਰਹੇ ਹਾਂ)
---------------------------

ਤੇਰੇ ਟਿੱਲੇ ਤੋਂ ਔਹ--ਸੂਰਤ ਦੀਂਹਦੀ ਆ ਹੀਰ ਦੀ

ਗੋਰਖ ਨਾਥ ਦਾ ਚੇਲਾ – ਦੇਵ ਥਰੀਕੇ ਵਾਲਾ  - ਗੁਰਮੀਤ ਕੜਿਆਲਵੀ

ਥਰੀਕਿਆਂ ਵਾਲੇ ਦੇਵ ਨੇ ਪੰਜਾਬੀ ਗੀਤਕਾਰੀ ਦੇ ਅੰਬਰ 'ਤੇ ਬੜੀ ਉੱਚੀ ਉਡਾਰੀ ਭਰੀ ਹੈ - ਉਕਾਬ ਵਰਗੀ। ਕੋਈ ਵਕਤ ਸੀ ਜਦੋਂ ਪੰਜਾਬ ਦੀ ਫਿ਼ਜ਼ਾ 'ਚ ਕੁਲਦੀਪ ਮਾਣਕ ਦੀ ਆਵਾਜ਼ 'ਚ ਥਰੀਕਿਆਂ ਵਾਲੇ ਦੇ ਗੀਤ ਸੁਣਦੇ ਸਨ। ਇਹਨਾਂ ਬੋਲਾਂ 'ਚ ਥਰੀਕਿਆਂ ਵਾਲੇ ਦੇਵ ਦੀ ਜਿੰਦ ਧੜਕਦੀ ਸੀ। ਦੇਵ ਦਾ ਸਿਰਜਿਆ ਗੀਤ "ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਢਾ ਖੜਕਾਇਆ, ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ" ਦਿਨ 'ਚ ਚਾਰ ਪੰਜ ਵਾਰ ਰੇਡੀਓ 'ਤੇ ਵੱਜਦਾ ਸੀ। ਦੁਪਿਹਰ ਵੇਲੇ ਆਉਂਦੇ "ਭੈਣਾਂ ਦੇ ਪ੍ਰੋਗਰਾਮ" ਅਤੇ ਆਥਣੇ ਠੰਡੂ ਰਾਮ ਹੁਰਾਂ ਵਲੋਂ ਪੇਸ਼ ਕੀਤੇ ਜਾਂਦੇ 'ਦਿਹਾਤੀ ਪ੍ਰੋਗਰਾਮ' ਤੋਂ ਇਲਾਵਾ ਹੋਰ ਵੀ ਕਈ ਪ੍ਰੋਗਰਾਮਾਂ 'ਚ ਇਹ ਗੀਤ ਸੁਣਾਇਆ ਜਾਂਦਾ। ਉਹਨਾਂ ਭਲੇ ਦਿਨਾਂ 'ਚ ਗਾਇਕੀ ਅਜੇ ਸ਼ੋਰ ਸ਼ਰਾਬਾ ਨਹੀਂ ਸੀ ਬਣੀ। ਗੀਤਕਾਰੀ ਦੇ ਨਾਂ ਹੇਠ ਵੀ ਬਹੁਤਾ ਊਲ ਜਲੂਲ ਨਹੀਂ ਸੀ ਲਿਖਿਆ ਜਾਣ ਲੱਗਾ। ਬਕੌਲ ਮਾਣਕ, ਪੰਜਾਬੀ ਗਾਇਕ ਹਿੱਕ ਦੇ ਜ਼ੋਰ ਨਾਲ ਗਾਉਂਦੇ ਸਨ। ਗਾਇਕ ਤੇ ਗਾਇਕਾਵਾਂ ਨੇ ਖਾਹ ਮਖਾਹ ਦੀਆਂ ਡੱਡੂ ਟਪੂਸੀਆਂ ਮਾਰਨੀਆਂ ਨਹੀਂ ਸੀ ਸਿੱਖੀਆਂ। ਗੀਤਕਾਰਾਂ ਦੇ ਗੀਤਾਂ 'ਚ ਬੰਬ ਬੰਦੂਕਾਂ ਤੇ ਕਹੀਆਂ ਕੁਹਾੜੀਆਂ ਚੱਲਣੀਆਂ ਸ਼ੁਰੂ ਨਹੀਂ ਸੀ ਹੋਈਆਂ। ਇਹ ਨਹੀਂ ਕਿ ਮਿਆਰ ਤੋਂ ਨੀਵੇ ਬੋਲ ਨਹੀਂ ਸਨ ਹੁੰਦੇ - ਹੁੰਦੇ ਸਨ ਪਰ ਵਿਰਲੇ ਵਿਰਲੇ। ਚੰਨ ਗੁਰਾਇਆ ਮਾਰਕਾ "ਮੇਰਾ ਕੱਟਾ ਹੈ ਬ੍ਰਹਮਚਾਰੀ" "ਮੇਰੀ ਪਾਟੀ ਹੋਈ ਟੂਪ ਨੂੰ ਪੈਂਚਰ ਲਾ ਬਾਬਾ" ਵਰਗੇ ਗੀਤ ਵੀ ਏਸੇ ਦੌਰ 'ਚ ਚੱਲ ਰਹੇ ਸਨ। ਕਈ ਢਾਡੀ ਵੀ 'ਘੱਗਰੇ ਦੀ ਲੌਣ ਚੱਕ ਕੇ' ਵਰਗੇ ਗੈਰ ਮਿਆਰੀ ਗੌਣ ਗਾਈ ਜਾਂਦੇ। ਇਹ ਗੀਤ ਮਾਨ ਸਨਮਾਨ ਦਾ ਨਹੀਂ ਬਲਕਿ ਸ਼ਰਮ ਦਾ ਸਬੱਬ ਬਣਦੇ। ਅਜਿਹਾ ਗੈਰ ਮਿਆਰੀ ਲਿਖਣ ਵਾਲੇ ਗੀਤਕਾਰ ਹਿੱਕ ਚੌੜੀ ਕਰਕੇ ਨਹੀਂ ਸੀ ਤੁਰਦੇ ਸਗੋਂ ਮੂੰਹ ਛੁਪਾਉਂਦੇ ਰਹਿੰਦੇ।
         ਦੇਵ ਥਰੀਕਿਆਂ ਵਾਲੇ ਨੇ ਲੰਮਾ ਸਮਾਂ ਪੰਜਾਬੀ ਗੀਤਕਾਰੀ ਦਾ ਆਕਾਸ਼ ਮੱਲੀ ਰੱਖਿਆ ਹੈ। ਉਹ ਗੋਰਖ ਨਾਥ ਦੇ ਟਿੱਲੇ ਤੋਂ ਪੰਜਾਬੀ ਜਨਮਾਨਸ ਨੂੰ ਉਹਨਾਂ ਦੇ ਦਿਲਾਂ 'ਚ ਡੂੰਘੀ ਧਸੀ ਪਈ ਹੀਰ ਦੇ ਦਰਸ਼ਨ ਕਰਾਉਂਦਾ ਰਿਹਾ। ਉਸਦੇ ਗੀਤਾਂ ਵਿਚਲਾ ਰਾਂਝਾ ਗੁਰੂ ਗੋਰਖ ਨਾਥ ਨੂੰ "ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ" ਆਖਦਿਆਂ ਹੀਰ ਮਿਲਾ ਦੇਣ ਲਈ ਤਰਲੇ ਮਿੰਨਤਾਂ ਵੀ ਕਰਦਾ ਹੈ ਤੇ ਅੱਕਿਆ ਹੋਇਆ "ਤੇਰੀ ਖਾਤਰ ਹੀਰੇ ਛੱਡਿਆ ਤਖਤ ਹਜ਼ਾਰੇ ਨੂੰ" ਕਹਿਕੇ ਮੇਹਣੇ ਤਾਅਨੇ ਵੀ ਮਾਰਨ ਲੱਗ ਜਾਂਦਾ। ਦੇਵ ਥਰੀਕਿਆਂ ਵਾਲੇ ਨੇ ਪਹੌੜ ਮੱਲ ਬਾਣੀਏ ਦੀ ਸਿਆਲਕੋਟੀਏ ਰਾਜੇ ਰਸਾਲੂ ਦੇ ਵਜ਼ੀਰ ਬੀਜੇ ਨਾਲ ਵਿਆਹੀ ਹੋਈ ਧੀ ਕੌਲਾਂ ਦਾ ਦਰਦ ਲਿਖਿਆ, ਜਿਵੇਂ ਪੰਜਾਬ ਦੀਆਂ ਲੱਖਾਂ ਧੀਆਂ ਦੀ ਬੇਵਸੀ ਨੁੰ ਜ਼ੁਬਾਨ ਦੇ ਦਿੱਤੀ ਹੋਵੇ। ਗੀਤ ਸੁਣਦਿਆਂ ਪਤੀਆਂ ਦੇ ਘਰਾਂ 'ਚੋਂ ਧੱਕੀਆਂ ਧੀਆਂ ਧਿਆਣੀਆਂ ਦੇ ਅੱਥਰੂ ਵਹਿਣ ਲੱਗਦੇ।
        ਥਰੀਕਿਆਂ ਵਾਲੇ ਨੇ ਪੰਜਾਬ ਦੀ ਹਰੇਕ ਲੋਕ ਗਾਥਾ ਨੂੰ ਆਪਣੀ ਕਲਮ ਨਾਲ ਅਜਿਹੀਆਂ ਕਲਾਮਈ ਛੋਹਾਂ ਦਿੱਤੀਆਂ ਕਿ ਇਹ ਗਾਥਾਵਾਂ ਪੰਜਾਬੀਆਂ ਦੇ ਮਨਾਂ 'ਚ ਹੋਰ ਡੂੰਘੀਆਂ ਉੱਤਰ ਗਈਆਂ। ਦੇਵ ਦਾ ਸਿਰਜਿਆ ਦੁੱਲਾ ਭੱਟੀ, ਮਾਂ ਲੱਧੀ ਦੇ ਚੁੰਘੇ ਹੋਏ ਦੱਧ ਦੀ ਲੱਜ ਪਾਲਦਾ ਹਾਕਮਾਂ ਤੇ ਰਜਵਾੜਿਆਂ ਨੂੰ ਸਿੱਧਾ ਟੱਕਰਦਾ ਹੈ। ਉਹ ਸਮੇਂ ਦੇ ਹਾਕਮਾਂ ਦੀਆਂ ਵਧੀਕੀਆਂ ਤੋਂ ਅੱਕਿਆ ਮਾਂ ਦੇ ਰੋਕਿਆਂ ਵੀ ਨਹੀਂ ਰੁਕਦਾ ਸਗੋਂ ਮਾਂ ਨੂੰ "ਮੇਰਾ ਨਾਂ ਨਾ ਦੁੱਲਾ ਰੱਖਦੀ-ਰੱਖ ਦਿੰਦੀ ਕੁੱਝ ਹੋਰ ਨੀ" ਆਖ ਕੇ ਚੇਤੇ ਕਰਾਉਂਦਾ ਕਿ ਉਸਦੀਆਂ ਰਗਾਂ 'ਚ ਵਹਿੰਦੇ ਖੂਨ ਵਿੱਚ ਜੋਸ਼, ਗੈਰਤ ਤੇ ਗਰਮੀ ਭਰਨ 'ਚ ਤੇਰੇ ਰੱਖੇ ਨਾਂ ਦੀ ਵੀ ਅਹਿਮ ਭੂਮਿਕਾ ਹੈ। ਬੰਦਾ ਸਿੰਘ ਬਹਾਦਰ ਦੀ ਵਾਰ ਲਿਖਕੇ ਉਸਨੇ ਪੰਜਾਬ ਦੀ ਮਿੱਟੀ ਦੇ ਜਾਇਆਂ ਨੂੰ ਹਰ ਤਰ੍ਹਾਂ ਦੀ ਜੁ਼ਲਮ ਜਿ਼ਆਦਤੀ ਦੇ ਅੱਗੇ ਹਿੱਕ ਡਾਹ ਕੇ ਖੜ ਜਾਣ ਦੀ ਪ੍ਰੇਰਨਾ ਦਿੱਤੀ। 'ਜੱਗੇ' 'ਸੁੱਚੇ' ਅਤੇ 'ਜਿਉਣੇ ਮੌੜ' ਵਰਗੇ ਦੇਵ ਲਈ ਨਾਇਕ ਨੇ ਜੋ ਅਣਖ ਇਜ਼ਤ ਦੀ ਖਾਤਰ ਵੱਡੇ ਤੋਂ ਵੱਡੇ ਰਾਠਾਂ ਨਾਲ ਭਿੜ ਜਾਂਦੇ ਹਨ। ਜਿਹੜੇ ਅਮੀਰਾਂ ਸ਼ਾਹੂਕਾਰਾਂ ਨੂੰ ਲੁੱਟ ਕੇ ਗਰੀਬਾਂ 'ਚ ਵੰਡਦੇ ਹਨ। ਹਰਦੇਵ ਦਿਲਗੀਰ ਉਰਫ਼ ਦੇਵ ਥਰੀਕਿਆਂ ਵਾਲਾ ਚਾਰ ਦਹਾਕਿਆਂ ਤੋਂ ਵੀ ਵੱਧ ਸਮਾਂ ਲੋਕ ਗਾਥਾਵਾਂ ਅਤੇ ਹੋਰ ਸਦਾ ਬਹਾਰ ਗੀਤਾਂ ਨਾਲ ਧਰਤੀ ਤੇ ਅੰਬਰ ਨੂੰ ਸਾਵੇਂ ਰੰਗ ਦੀ ਟਾਕੀ ਨਾਲ ਬੰਨ੍ਹੀ ਫਿਰਦਾ ਰਿਹਾ।
       ਥਰੀਕਿਆਂ ਵਾਲੇ ਦੇਵ ਨੂੰ ਮੈਂ ਉਦੋਂ ਤੋਂ ਜਾਣਦਾ ਹਾਂ ਜਦੋਂ ਅਜੇ ਚੌਥੀ ਜਮਾਤੇ ਪੜ੍ਹਦਾ ਸਾਂ। ਉਹਨਾਂ ਦਿਨਾਂ 'ਚ ਮੇਰੇ ਪਿੰਡ ਧਾਲੀਵਾਲਾਂ ਦੀ ਧਰਮਸ਼ਾਲਾ 'ਚ ਕੁਲਦੀਪ ਮਾਣਕ ਦਾ ਅਖਾੜਾ ਲੱਗਾ ਸੀ। ਮਾਣਕ ਨੂੰ ਸੁਨਣ ਵਾਸਤੇ ਆਸੇ ਪਾਸੇ ਦੇ ਪਿੰਡਾਂ 'ਚੋਂ ਲੋਕ ਵਹੀਰਾਂ ਘੱਤ ਕੇ ਆਏ। ਉਦੋਂ ਆਏਂ ਹੁੰਦਾ ਸੀ। ਗਾਇਕ ਅਜੇ ਟੈਲੀਵਿਜ਼ਨ ਦੀ ਸਕਰੀਨ 'ਚ ਬੰਦ ਨਹੀਂ ਸੀ ਹੋਏ। ਗਾਇਕਾਂ ਦੇ ਅਖਾੜਿਆਂ 'ਚ ਓੜਕਾਂ ਦੀ ਭੀੜ ਜੁੜ ਜਾਂਦੀ ਸੀ। ਉਸ ਦਿਨ ਵੀ ਧਰਮਸ਼ਾਲਾ 'ਚ ਪੈਰ ਧਰਨ ਨੂੰ ਵੀ ਥਾਂ ਨਹੀਂ ਸੀ ਲੱਭਦੀ। ਮੈਂ ਭੀੜ 'ਚੋਂ ਖਿਸਕਦਾ ਖਿਸਕਦਾ ਸਟੇਜ ਦੇ ਐਨ ਮੂਹਰੇ ਚਲਾ ਗਿਆ ਸਾਂ। ਗੰਦਮੀ ਰੰਗ ਦੇ ਹੌਲੇ ਸਰੀਰ ਵਾਲੇ ਮਾਣਕ ਨੇ ਗੇਰੂਏ ਰੰਗ ਦਾ ਕੁੜਤਾ ਚਾਦਰਾ ਪਾਇਆ ਹੋਇਆ ਸੀ। ਮਾਵੇ ਲੱਗੀ ਹੋਈ ਤੇ ਲੜ ਛੱਡ ਕੇ ਬੰਨ੍ਹੀ ਚਿੱਟੀ ਪੱਗ ਦਾ ਤੁਰਲਾ ਕੁੱਕੜ ਦੀ ਕਲਗੀ ਵਾਂਗ ਆਕੜਿਆ ਪਿਆ ਸੀ। ਮਾਣਕ ਕੰਨ 'ਤੇ ਹੱਥ ਧਰ ਕੇ ਨੀਵਾਂ ਹੋਇਆ ਤੇ "ਲੈ ਕੇ ਕਲਗੀਧਰ ਤੋਂ ਥਾਪੜਾ" ਦੀ ਹੇਕ ਲਾਉਂਦਿਆਂ ਬੰਦਾ ਸਿੰਘ ਬਹਾਦਰ ਦੀ ਵਾਰ ਸ਼ੁਰੂ ਕੀਤੀ ਤਾਂ ਧਰਮਸ਼ਾਲਾ 'ਚ ਲੱਗੇ ਪਿੱਪਲਾਂ 'ਤੇ ਬੈਠੇ ਜਾਨਵਰ ਅੰਬਰ ਵੱਲ ਉਡਾਰੀ ਮਾਰ ਗਏ। ਕਮਜ਼ੋਰ ਪਏ ਪੀਲੇ ਪੱਤੇ ਖੜ ਖੜ ਕਰਕੇ ਝੜਨ ਲੱਗੇ। ਮੇਰੇ ਬਾਲ ਮਨ ਨੂੰ ਲੱਗਾ ਜਿਵੇਂ ਮਾਣਕ ਦੀ ਤਿੱਖੀ ਆਵਾਜ਼ ਨਾਲ ਧਰਮਸ਼ਾਲਾ ਦੀ ਛੱਤ 'ਤੇ ਮੰਜੇ ਜੋੜ ਕੇ ਟੰਗੇ ਸਪੀਕਰ ਚਿੱਬੇ ਹੋ ਗਏ ਹੋਣਗੇ ਪਰ ਮੇਰਾ ਇਹ ਖਦਸ਼ਾ ਸੱਚ ਨਹੀਂ ਸੀ। ਮਾਣਕ ਦੀ ਟਾਟ ਵਰਗੀ ਤਿੱਖੀ ਆਵਾਜ਼ ਨਾਲ ਗੂੰਜ ਜਰੂਰ ਪੈਣ ਲੱਗ ਜਾਂਦੀ ਜਿਸਨੂੰ ਸਪੀਕਰ ਵਾਲਾ ਭਾਈ ਘੜੀ ਮੁੜੀ ਸੈੱਟ ਕਰਦਾ ਸੀ।
        ਕੁਲਦੀਪ ਮਾਣਕ ਨੇ ਵਕਤ ਨੂੰ ਢਾਈ ਤਿੰਨ ਘੰਟੇ ਧਰਮਸ਼ਾਲਾ ਦੀਆਂ ਥੰਮੀਆਂ ਨਾਲ ਬੰਨ੍ਹੀ ਰੱਖਿਆ। 'ਛੇਤੀ ਕਰ ਸਰਵਣ ਬੱਚਾ, ਪਾਣੀ ਪਿਲਾਦੇ ਉਏ' ਤੋਂ ਲੈ ਕੇ 'ਤੇਰੇ ਟਿੱਲੇ ਤੋਂ ਉਏ ਸੂਰਤ ਦੀਂਹਦੀ ਆ ਹੀਰ ਦੀ-ਔਹ ਲੈ ਵੇਖ ਗੋਰਖਾ ਉੱਡਦੀ ਆ ਫੁੱਲਕਾਰੀ' ਤੱਕ ਪਤਾ ਨਹੀਂ ਕਿੰਨੇ ਕੁ ਗੀਤ ਸੁਣਾਏ ਸਨ। ਘਰਦੀ ਕੱਢੀ ਦੇਸੀ ਦਾਰੂ ਨਾਲ ਟੁੰਨ ਹੋਏ ਬਾਰਾਤੀ ਘੜੀ ਮੁੜੀ ਗੋਰਖ ਨਾਥ ਦੇ ਟਿਲੇ ਤੋਂ ਹੀਰ ਸੁਨਣ ਦੀ ਜਿ਼ੱਦ ਕਰਦੇ ਰਹੇ। ਮਾਣਕ ਨੂੰ ਪੰਜ–ਛੇ ਵਾਰ ਇਹ ਗੀਤ ਗਾਉਣਾ ਪਿਆ ਸੀ। ਗੀਤ ਦੇ ਆਖੀਰ 'ਚ ਆਉਂਦੇ ਸ਼ਬਦ 'ਥਰੀਕੇ ਵਾਲਿਆ' 'ਥਰੀਕੇ ਵਾਲੜਾ' 'ਦੇਵ ਥਰੀਕਿਆਂ ਵਾਲਿਆ' 'ਚੋਂ 'ਥਰੀਕੇ' ਨੂੰ ਮਾਣਕ ਬੜਾ ਘਰੋੜ ਕੇ ਬੋਲਦਾ। ਉਸ ਵਲੋਂ 'ਥੱਥਾ' ਸ਼ਬਦ 'ਤੇ ਜਿਆਦਾ ਹੀ ਜ਼ੋਰ ਪਾ ਕੇ ਬੋਲਿਆ 'ਥ---ਥਰੀਕੇ' ਮੱਲੋਮੱਲੀ ਮੇਰੇ ਵਰਗਿਆਂ ਦੇ ਜ਼ਿਹਨ 'ਚ ਅੜ ਜਾਂਦਾ। ਉਦੋਂ ਐਨਾ ਨਹੀਂ ਸੀ ਪਤਾ ਕਿ ਗਾਏ ਜਾਣ ਵਾਲੇ ਗੀਤਾਂ ਨੂੰ ਕੋਈ ਲਿਖਦਾ ਵੀ ਹੈ। ਉਦੋਂ ਨਹੀਂ ਸੀ ਪਤਾ ਕਿ ਮਾਣਕ ਦੇ ਜਿੰਨਾਂ ਗੀਤਾਂ 'ਤੇ ਲੋਕ ਝੂੰਮ ਰਹੇ ਨੇ, ਉਹ ਕਿਸੇ 'ਦੇਵ ਥਰੀਕਿਆਂ ਵਾਲੇ' ਨਾਂ ਦੇ ਗੀਤਕਾਰ ਨੇ ਲਿਖੇ ਹੋਏ ਹਨ। ਉਦੋਂ ਤਾਂ ਸੋਚਿਆ ਵੀ ਨਹੀਂ ਸੀ ਅੱਗੇ ਚੱਲ ਕੇ ਥਰੀਕਿਆਂ ਵਾਲੇ ਦੇਵ ਦੀ ਮੁਹੱਬਤ ਮਾਨਣ ਦਾ ਮੌਕਾ ਵੀ ਮਿਲੇਗਾ।
        ਉਹਨਾਂ ਦਿਨਾਂ 'ਚ ਨਰਿੰਦਰ ਬੀਬਾ ਦਾ ਗਾਇਆ ਗੀਤ "ਰਣ ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ, ਅੱਜ ਵੈਰੀ ਚੜ੍ਹਕੇ ਆ ਗਿਆ ਤੁਸੀਂ ਜਾ ਲਲਕਾਰੋ" ਸੁਨਣ ਵਾਲਿਆਂ ਅੰਦਰ ਜੋਸ਼ ਭਰ ਦਿੰਦਾ ਸੀ। ਬੀਬਾ ਦੀ ਆਵਾਜ਼ 'ਚ ਹੀ ਰੇਡੀਓ 'ਤੋਂ "ਕਾਹਨੂੰ ਮਾਰਦਾਂ ਚੰਦਰਿਆਂ ਛਮਕਾਂ, ਮੈਂ ਕੱਚ ਦੇ ਗਿਲਾਸ ਵਰਗੀ" ਵੀ ਘੜੀ ਮੁੜੀ ਸੁਨਣ ਨੂੰ ਮਿਲਦਾ। ਹੁਣ ਗੀਤਾਂ ਦੇ ਬੋਲਾਂ ਦੀ ਕੁੱਝ ਕੁੱਝ ਸਮਝ ਪੈਣ ਲੱਗੀ। ਇਹ ਵੀ ਪਤਾ ਲੱਗਣ ਲੱਗਾ ਕਿ ਗਾਏ ਜਾਂਦੇ ਗੀਤ ਆਕਾਸ਼ 'ਚੋਂ ਨਹੀਂ ਆਉਂਦੇ ਬਲਕਿ ਇਹਨਾਂ ਨੂੰ "ਥਰੀਕਿਆਂ ਵਾਲੇ ਦੇਵ" ਵਰਗੇ ਲੇਖਕ ਲਿਖਦੇ ਹਨ। ਮੈਂ ਸੋਚਦਾ ਕਿ ਗੀਤ ਲਿਖਣ ਵਾਲੇ ਆਮ ਲੋਕ ਨਹੀਂ ਹਨ-ਇਹ ਜਰੂਰ ਕਿਸੇ ਹੋਰ ਦੁਨੀਆ ਤੋਂ ਆਏ ਹੋਣਗੇ। ਕੋਈ ਆਮ ਬੰਦਾ ਇੰਜ ਪੈਂਤੀ ਅੱਖਰਾਂ ਨੂੰ ਜੋੜ ਕੇ ਗੀਤ ਕਿਵੇਂ ਬਣਾ ਸਕਦਾ ਹੈ ?
         ਉਹਨਾਂ ਦਿਨਾਂ 'ਚ ਦਿਮਾਗ ਇਹ ਸੋਚ ਹੀ ਨਹੀਂ ਸੀ ਸਕਦਾ ਕਿ 'ਤੇਰੇ ਟਿੱਲੇ ਤੋਂ ਔਹ ਸੂਰਤ ਦੀਂਹਦੀ ਐ ਹੀਰ ਦੀ' ਵਰਗੇ ਗੀਤ ਲਿਖਣ ਵਾਲਾ 'ਥਰੀਕਿਆਂ ਵਾਲਾ ਦੇਵ' ਸਾਡੇ ਵਾਂਗ ਹੀ ਸਕੂਲ ਦੇ ਤੱਪੜਾਂ 'ਤੇ ਬੈਠ ਕੇ ਪੜ੍ਹਦਾ ਰਿਹਾ ਹੈ। ਲਲਤੋਂ ਕਲਾਂ ਦੇ ਸਕੂਲ 'ਚ ਗਿਆਨੀ ਹਰੀ ਸਿੰਘ ਦਿਲਬਰ ਕੋਲ ਪੜ੍ਹਦਾ ਇਹ ਵਿਦਿਆਰਥੀ ਆਪਣੇ ਲੇਖਕ ਅਧਿਆਪਕ ਦੀ ਦੇਖਾ ਦੇਖੀ ਪੜ੍ਹਨ ਲਿਖਣ ਲੱਗਾ ਹੋਵੇਗਾ। ਸੰਗਾਊ ਤੇ ਸਰੀਰੋਂ ਕਮਜ਼ੋਰ ਜਿਹੇ ਮੁੰਡੇ ਹਰਦੇਵ ਨੇ ਸਕੂਲ ਦੀ ਬਾਲ ਸਭਾ 'ਚ ਸੁਨਾਉਣ ਲਈ 'ਚੱਕ ਭੈਣੇ ਬਸਤਾ ਸਕੂਲ ਚੱਲੀਏ" ਗੀਤ ਲਿਖਿਆ ਹੋਵੇਗਾ ਤੇ ਆਪਣੇ ਵਕਤ ਦੇ ਉੱਘੇ ਨਾਵਲਕਾਰ ਕਹਾਣੀਕਾਰ ਮਾਸਟਰ ਗਿਆਨੀ ਹਰੀ ਸਿੰਘ ਨੇ ਇਸ ਗੀਤ ਨੂੰ "ਬਾਲ ਦਰਬਾਰ" ਨਾਂ ਦੇ ਮੈਗਜ਼ੀਨ 'ਚ ਛਪਾ ਕੇ ਉਸਨੂੰ ਲਿਖਣ ਦੇ ਰਾਹ ਪਾ ਦਿੱਤਾ ਹੋਵੇਗਾ। ਹਰਦੇਵ ਸਿੰਘ ਤੋਂ ਹਰਦੇਵ ਦਿਲਗੀਰ ਬਣਿਆ ਇਹ ਮੁੰਡਾ ਬਾਲ ਗੀਤਾਂ ਦੇ ਨਾਲ ਨਾਲ ਕਹਾਣੀਆਂ ਵੀ ਜੋੜਨ ਲੱਗ ਪਿਆ ਹੋਵੇਗਾ ਤੇ ਫਿਰ ਉਸਨੇ ਨਾਵਲ ਵੀ ਝਰੀਟ ਦਿੱਤਾ ਹੋਵੇਗਾ।
       ਉਹਨਾਂ ਦਿਨਾਂ 'ਚ ਰੇਡੀਓ 'ਤੇ ਵੱਜਦੇ ਇੱਕ ਗੀਤ ਨਾਲ ਬੜੀ ਗੂੜ੍ਹੀ ਮੁਹੱਬਤ ਹੋ ਗਈ। ਰੇਡੀਓ ਤੋਂ ਇਸ ਗੀਤ ਦੇ ਆਉਣ ਦੀ ਉਡੀਕ ਲੱਗੀ ਰਹਿੰਦੀ। ਜਦੋਂ ਹੀ ਅਨਾਊਂਸਰ "ਹੁਣ ਸੁਣੋ ਪੰਜਾਬ ਦੀ ਕੋਇਲ ਸੁਰਿੰਦਰ ਕੌਰ ਦੀ ਆਵਾਜ਼ 'ਚ ਦੇਵ ਥਰੀਕੇ ਵਾਲੇ ਦਾ ਲਿਖਿਆ ਗੀਤ "ਕੌਣ ਪ੍ਰਾਹੁਣਾ ਆਇਆ" ਆਖਦਾ ਤਾਂ ਦਿਲ 'ਚ ਗੁਦਗੁਦੀ ਜਿਹੀ ਹੋਣ ਲੱਗਦੀ। ਇਹ ਪਹਿਲਾ ਗੀਤ ਸੀ ਜੋ ਮੈਂ ਰੇਡੀਓ ਤੋਂ ਸੁਣਕੇ ਸਕੂਲ ਵਾਲੀ ਕਾਪੀ ਦੇ ਪਿਛਲੇ ਵਰਕੇ 'ਤੇ ਉਤਾਰਿਆ ਸੀ। ਗੀਤ ਦੇ ਬੋਲ ਮੇਰੇ ਦਿਮਾਗ 'ਚ ਗੂੰਜਦੇ ਰਹਿੰਦੇ :-
ਦੀਵਿਆਂ ਵੇਲੇ ਦਰ ਅਪਣੇ ਦਾ ਕਿਸ ਕੁੰਡਾ ਖੜਕਾਇਆ
ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ।
ਫੁੱਲਾਂ ਵਰਗੀ ਮਹਿਕ ਜਿਹੀ ਕੀ, ਵੀਹੀ ਵਿੱਚੋਂ ਆਵੇ
ਰੱਬ ਕਰਕੇ ਨੀ ਰਾਤ ਵਾਲਾ ਮੇਰਾ, ਸੁਫਨਾ ਸੱਚ ਹੋ ਜਾਵੇ
ਚੁੱਲ੍ਹੇ ਮੂਹਰੇ ਬੈਠੀ ਦਾ ਨੀ ਮੇਰਾ, ਅੰਗ ਅੰਗ ਨਸ਼ਿਆਇਆ
ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ।
ਨੀ ਨਣਦੇ ਨੀ ਬੀਬੀਏ ਨਣਦੇ, ਬਿੜਕ ਪੈਰਾਂ ਦੀ ਆਈ
ਇਉਂ ਜਾਪੇ ਨੀ ਬਾਹਰ ਖੜ੍ਹਾ ਹੈ, ਚੰਨ ਵਰਗਾ ਤੇਰਾ ਭਾਈ
ਮੇਰਾ ਨਾਓਂ ਲੈ ਕੇ ਨੀ, ਕਿਸਨੂੰ ਹੋਰ ਬੁਲਾਇਆ
ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ।
ਭੁੱਲ ਭੁਲੇਖੇ ਸ਼ੀਸ਼ੇ ਮੂਹਰੇ, ਜਦ ਬੈਠਾਂ ਮੈਂ ਆ ਕੇ,
ਪੁੱਠੀਆਂ ਸਿੱਧੀਆਂ ਗੱਲਾਂ ਨੀ, ਪਾ ਲੈਂਦੀਆਂ ਘੇਰਾ ਆ ਕੇ
ਪਰਸੋਂ ਰੋਂਦੀਆਂ ਰੀਝਾਂ ਨੂੰ ਮੈਂ, ਲਾਰਿਆਂ ਨਾਲ ਵਰਾਇਆ
ਨੀ ਉੱਠ ਵੇਖ ਨਨਾਣੇ ਕੌਣ ਪ੍ਰਾਹੁਣਾ ਆਇਆ।
       ਇਹ ਮੇਰੀ ਉਮਰ ਦੇ ਉਹ ਦਿਨ ਸਨ ਜਦੋਂ ਮੈਨੂੰ ਕਦੇ ਖਿਡਾਰੀ ਚੰਗੇ ਲੱਗਣ ਲੱਗਦੇ ਤੇ ਕਦੇ ਲਿਖਾਰੀ। ਮੈਂ ਨੇੜੇ ਤੇੜੇ ਹੁੰਦੇ ਖੇਡ ਮੇਲੇ ਅਤੇ ਅਖਾੜੇ ਵੇਖਣੋ ਨਾ ਖੁੰਝਦਾ। ਮੇਰਾ ਮਾੜਚੂ ਸਰੀਰ ਕਬੱਡੀ ਦੇ ਖਿਡਾਰੀਆਂ ਦੀਆਂ ਧੌਲਾਂ ਸਹਿਣ ਜੋਗਾ ਨਹੀਂ ਸੀ। ਮੈਂ ਹਿਸਾਬ ਲਾਇਆ-ਖਿਡਾਰੀ ਨਹੀਂ ਤਾਂ ਲਿਖਾਰੀ ਤਾਂ ਬਣਿਆ ਹੀ ਜਾ ਸਕਦਾ ਹੈ। ਮੈਂ ਸ਼ਬਦਾਂ ਨਾਲ ਖੇਡਣ ਦਾ ਅਭਿਆਸ ਕਰਨ ਲੱਗਾ। ਕਵਿਤਾਵਾਂ ਤੋਂ ਹੁੰਦਾ ਹੋਇਆ ਕਹਾਣੀਆਂ 'ਤੇ ਵੀ ਹੱਥ ਅਜਮਾਈ ਕਰਨ ਲੱਗਾ। ਕਹਾਣੀਆਂ ਤੇ ਕਵਿਤਾਵਾਂ ਅਖਬਾਰਾਂ ਮੈਗਜ਼ੀਨਾਂ 'ਚ ਛਪਣ ਵੀ ਲੱਗੀਆਂ। ਸਾਹਿਤਕਾਰਾਂ ਨਾਲ ਜਾਣ ਪਛਾਣ ਹੋਣ ਲੱਗੀ। ਸਾਹਿਤ ਸਭਾਵਾਂ 'ਚ ਜਾਣ ਲੱਗਾ। ਗੀਤਾਂ, ਕਵਿਤਾਵਾਂ ਦੇ ਬੋਲਾਂ ਅੰਦਰਲੇ ਅਰਥਾਂ ਦੇ ਮਚਲਦੇ ਸਾਗਰ 'ਚ ਡੁੱਬਣ ਤਰਨ ਲੱਗਾ। ਗਾਇਕ ਗਾਇਕਾਵਾਂ ਦੀ ਆਵਾਜ਼ ਦੇ ਨਾਲ ਨਾਲ ਗੀਤਾਂ ਦੀ ਸ਼ਬਦਾਵਲੀ ਬਾਰੇ ਵੀ ਸੋਚਣ ਲੱਗਦਾ। ਅੰਦਰੇ ਅੰਦਰ ਗੀਤਾਂ ਦੀ ਆਲੋਚਨਾ ਵੀ ਹੋਣ ਲੱਗੀ। ਗਾਇਕਾਂ ਨਾਲੋਂ ਵੱਧ ਗੀਤਾਂ ਦੇ ਸਿਰਜਣਹਾਰਿਆਂ ਨਾਲ ਲਗਾਅ ਹੋਣ ਲੱਗਾ। ਗੀਤਕਾਰਾਂ ਨੂੰ ਮਿਲਣ ਦੀ ਇੱਛਾ ਵੀ ਪੈਦਾ ਹੋਣ ਲੱਗੀ। ਮੇਰੀ ਇੱਛਾ 'ਚ ਸਭ ਤੋਂ ਪਹਿਲਾ ਨਾਂ "ਦੀਵਿਆਂ ਵੇਲੇ ਦਰ ਆਪਣੇ ਦਾ ਕਿਸ ਕੁੰਡਾ ਖੜਕਾਇਆ' ਵਾਲੇ ਦੇਵ ਥਰੀਕੇ ਦਾ ਹੁੰਦਾ।
        ਇਹ ਜਗਦੇਵ ਸਿੰਘ ਜੱਸੋਵਾਲ ਵਲੋਂ ਪ੍ਰਫੈਸਰ ਮੋਹਨ ਸਿੰਘ ਦੇ ਨਾਂ 'ਤੇ ਲਾਏ ਜਾਂਦੇ ਗਾਇਕੀ ਮੇਲੇ ਦੀ ਚੜਤ ਦੇ ਦਿਨਾਂ ਦੀਆਂ ਗੱਲਾਂ ਨੇ। ਉਸ ਵਰ੍ਹੇ ਮੇਲੇ 'ਚ ਕਨੇਡਾ ਤੋਂ ਆਏ ਕੋਟ ਪੈਂਟ ਵਾਲੇ ਉੱਚੇ ਲੰਮੇ ਮੁੰਡੇ ਹਰਭਜਨ ਮਾਨ ਨੇ "ਚਿੱਠੀਏ ਨੀ ਚਿੱਠੀਏ-ਹੰਝੂਆਂ ਨਾ ਲਿਖੀਏ" ਗਾ ਕੇ ਮੇਲਾ ਲੁੱਟ ਲਿਆ ਸੀ। ਅਸੀਂ ਕਾਲਜੋਂ ਉਡਾਰੀ ਮਾਰ ਕੇ ਮੇਲਾ ਵੇਖਣ ਗਏ ਸਾਂ। ਲੌਢੇ ਵੇਲੇ ਕੁਲਦੀਪ ਮਾਣਕ ਸਟੇਜ 'ਤੇ ਆਇਆ। ਇਕੱਠ 'ਚ ਰੌਲਾ ਪੈ ਗਿਆ—ਮਾਣਕ ਆ ਗਿਆ—ਮਾਣਕ ਆ ਗਿਆ। ਫਿਰ ਮੈਨੂੰ ਆਸਿਓਂ ਪਾਸਿਓਂ ਕੁਝ ਹੋਰ ਆਵਾਜ਼ਾਂ ਵੀ ਸੁਣਾਈ ਦਿੱਤੀਆਂ- "ਔਹ ਥਰੀਕਿਆਂ ਵਾਲਾ ਦੇਵ ਐ।" ਉੱਚੀ ਟੋਅ ਵਾਲੀ ਚਿੱਟੇ ਰੰਗ ਦੀ ਪੱਗ ਵਾਲੇ ਗੋਰੇ ਨਿਛੋਹ ਰੰਗ ਦੇ ਅੱਧਖੜ ਬੰਦੇ ਨੂੰ ਮਾਣਕ ਦੇ ਨਾਲ ਖੜਿਆਂ ਵੇਖ ਕੇ ਮੇਰਾ ਦਿਲ ਬਾਗੋ ਬਾਗ ਹੋ ਗਿਆ। ਮਾਣਕ ਨੇ ਉਸਨੂੰ ਜੱਫੀ 'ਚ ਘੁੱਟ ਲਿਆ। ਮਾਣਕ ਨੇ ਇੱਕ ਇੱਕ ਕਰਕੇ ਕਿੰਨੇ ਗੀਤ ਸੁਣਾਏ। ਦਾਰੂ ਨਾਲ ਡੱਕੀ ਮੁੰਡੀਹਰ ਨੇ ਚੀਕਾਂ ਕੂਕਾਂ ਵੀ ਮਾਰੀਆਂ। ਉਂਗਲੀਓਂ ਛੁੱਟੇ ਜੁਆਕ ਵਾਂਗ ਬਹੁਤੇ ਗੀਤਾਂ ਦੇ ਸ਼ਬਦ ਮੁੰਡੀਹਰ ਦੇ ਰੌਲੇ ਵਿੱਚ ਹੀ ਗੁਆਚ ਗਏ। ਇਹ ਕਿਹੜੇ ਗੀਤ ਸਨ, ਮੈਨੂੰ ਕੁੱਝ ਵੀ ਪਤਾ ਨਾ ਲੱਗਾ। ਦਰਅਸਲ ਮੇਰਾ ਤਾਂ ਸਾਰਾ ਧਿਆਨ ਸਟੇਜ ਦੀ ਨੁਕਰੇ ਖੜੇ ਦੇਵ ਥਰੀਕੇ ਵੱਲ ਹੀ ਲੱਗਾ ਰਿਹਾ। ਜਦੋਂ ਮਾਣਕ ਗਾਉਣੋ ਹਟਿਆ ਤਾਂ ਜਗਦੇਵ ਸਿੰਘ ਜੱਸੋਵਾਲ ਨੇ ਮਾਇਕ ਫੜਕੇ ਕਿੰਨਾ ਚਿਰ ਮਾਣਕ ਅਤੇ ਥਰੀਕਿਆਂ ਵਾਲੇ ਦੇਵ ਦੀ ਗੁੱਡੀ ਬੰਨ੍ਹੀ। ਫਿਰ ਲੰਮੇ ਚੌੜੇ ਜੱਸੋਵਾਲ ਨੇ ਆਪਣੀ ਇੱਕ ਵੱਖੀ ਨਾਲ ਇਕਹਿਰੀ ਹੱਡੀ ਦੇ ਕੁਲਦੀਪ ਮਾਣਕ ਅਤੇ ਦੂਜੀ ਵੱਖੀ ਨਾਲ ਆਪਣੇ ਗੀਤਾਂ ਵਰਗੇ ਹੀ ਗੋਰੇ ਚਿੱਟੇ ਦੇਵ ਨੂੰ ਘੁੱਟ ਲਿਆ।
        ਆਪਣੇ ਹਿੱਸੇ ਦਾ ਸਨਮਾਨ ਲੈ ਕੇ ਮਾਣਕ ਸਟੇਜ ਤੋਂ ਉੱਤਰਿਆ ਤਾਂ ਦੇਵ ਵੀ ਉਸਦੇ ਨਾਲ ਹੀ ਥੱਲੇ ਉਤਰ ਗਿਆ। ਮੈਂ ਨਾਲਦਿਆਂ ਨੂੰ "ਹੁਣੇ ਆਇਆ" ਕਹਿ ਕੇ ਕਾਹਲੀ ਕਾਹਲੀ ਪੰਡਾਲ 'ਚੋਂ ਖਿਸਕ ਗਿਆ। ਮੈਂ ਟਿੱਲੇ ਤੋਂ ਹੀਰ ਦਿਖਾਉਣ ਵਾਲੇ ਥਰੀਕਿਆਂ ਵਾਲੇ ਦੇਵ ਨੂੰ ਮਿਲਣਾ ਚਾਹੁੰਦਾ ਸਾਂ। ਮੈਂ ਭੀੜ 'ਚੋਂ ਆਸਾ ਪਾਸਾ ਮਾਰਦਿਆਂ ਦੇਵ ਦੇ ਸਾਹਮਣੇ ਜਾ ਪੁੱਜਾ ਪਰ ਮੇਰੀ ਦੋਵੇਂ ਹੱਥ ਜੋੜ ਕੇ ਬੁਲਾਈ ਸਤਿ ਸ੍ਰੀ ਅਕਾਲ ਉਹਨਾਂ ਦੇ ਪ੍ਰਸੰਸਕਾਂ ਦੇ ਰੌਲੇ ਰੱਪੇ 'ਚ ਗੁਆਚ ਗਈ। ਭੀੜ 'ਚ ਘਿਰੇ ਦੋਵੇਂ ਗਏ। ਇੱਕ ਦੂਜੇ ਨੂੰ ਗਲਵਕੜੀ ਪਾਈ ਝੂਲਦੇ ਜਾਂਦੇ ਦੋਵੇਂ ਆਪਣੀ ਗੱਡੀ ਵੱਲ ਚਲੇ ਗਏ। ਮਾਣਕ ਦੀਆਂ ਰਵਾਂਹ ਦੀਆਂ ਫਲੀਆਂ ਵਰਗੀਆਂ ਉਂਗਲਾਂ 'ਚ ਪਾਈਆਂ ਤੋਲੇ ਤੋਲੇ ਦੀਆਂ ਛਾਪਾਂ ਲਿਸ਼ਕਾਰੇ ਮਾਰਦੀਆਂ ਸਨ। ਮੈਂ ਗਹੁ ਨਾਲ ਵੇਖਿਆ ਦੇਵ ਦੀ ਦੂਰੋਂ ਚਿੱਟੀ ਨਜ਼ਰ ਆਉਣ ਵਾਲੀ ਪੱਗ ਕਰੀਮ ਰੰਗ ਦੀ ਸੀ ਜਿਸ ਵਿੱਚ ਦੇਵ ਦਾ ਰੰਗ ਸੂਹੀ ਭਾਅ ਮਾਰਦਾ ਸੀ। ਮੈਂ ਦੋਵਾਂ ਨੂੰ ਖੜਾ ਵੇਂਹਦਾ ਰਹਿ ਗਿਆ। ਜਿਵੇਂ ਕੋਈ ਦਰਿਆ ਦੇ ਕਿਨਾਰੇ ਜਾ ਕੇ ਵੀ ਪਿਆਸਾ ਰਹਿ ਜਾਵੇ। ਇਸਦੇ ਬਾਵਜੂਦ ਮੈਨੂੰ ਬੜੀ ਤਸੱਲੀ ਸੀ। ਲੋਕ ਗਾਥਾਵਾਂ ਲਿਖਣ ਵਾਲੇ ਮਸ਼ਹੂਰ ਗੀਤਕਾਰ ਨੂੰ ਮੈਂ ਨੇੜੇ ਤੋਂ ਵੇਖ ਲਿਆ ਸੀ।
       ਦੇਵ ਨੂੰ ਹੋਰ ਨੇੜਿਓਂ ਵੇਖਣ ਤੇ ਮਿਲਣ ਦਾ ਸਬੱਬ ਅਗਲੇ ਸਾਲ ਬਣ ਗਿਆ। ਸਥਾਨ ਪਹਿਲਾਂ ਵਾਲਾ ਹੀ ਸੀ-ਪੰਜਾਬੀ ਭਵਨ ਲੁਧਿਆਣਾ। ਪ੍ਰੋ: ਮੋਹਨ ਸਿੰਘ ਵਾਲੇ ਮੇਲੇ 'ਚ ਐਂਤਕੀ ਵੀ ਤਿਲ ਸੁੱਟਣ ਲਈ ਥਾਂ ਨਹੀਂ ਸੀ। ਪੰਜਾਬ ਦੇ ਸੰਤਾਪੇ ਦੌਰ 'ਚ ਪਿਸ ਰਹੇ ਲੋਕਾਂ ਨੂੰ ਇਸ ਮੇਲੇ 'ਚ ਆ ਕੇ ਆਪਣੇ ਅੰਦਰਲੇ ਭੈਅ ਨੂੰ ਦੂਰ ਵਗਾਹ ਮਾਰਨ ਦਾ ਮੌਕਾ ਮਿਲ ਜਾਂਦਾ ਸੀ। ਉਸ ਵਰ੍ਹੇ ਪੰਜਾਬੀ ਭਵਨ 'ਚ ਬਰਾ ਬਰੋਬਰ ਦੋ ਸਟੇਜਾਂ ਲੱਗੀਆਂ ਸਨ। ਪੰਜਾਬੀ ਦੇ ਓਪਨ ਏਅਰ ਥੀਏਟਰ ਦੀ ਸਟੇਜ 'ਤੇ ਖਾਸੇ ਸਰਕਾਰੀ ਅਧਿਕਾਰੀ ਜੁੜੇ ਹੋਏ ਸਨ। ਇਸ ਦੇ ਮੁਕਾਬਲੇ ਲੋਕਾਂ ਨੇ ਪੰਜਾਬੀ ਭਵਨ ਦੇ ਖੁੱਲੇ ਮੈਦਾਨ 'ਚ ਖੜੇ ਪੈਰ ਆਰਜੀ ਸਟੇਜ ਬਣਾ ਲਈ। ਮੇਰੇ ਵਰਗੇ ਪੰਜਾਬੀ ਭਵਨ ਦੀ ਇਸ ਖੁੱਲੀ ਸਟੇਜ 'ਤੇ ਮਾਣਕ ਵਰਗਿਆਂ ਨੂੰ ਸੁਨਣ ਲੱਗੇ। ਜਿੰਨ੍ਹਾਂ ਨੂੰ ਅੰਦਰਲੀ ਸਟੇਜ ਤੋਂ ਗਾਉਣ ਦਾ ਟਾਈਮ ਨਹੀਂ ਸੀ ਮਿਲਣਾ, ਉਹ ਬਾਹਰਲੀ ਖੁੱਲੀ ਸਟੇਜ ਤੋਂ ਹਾਜ਼ਰੀ ਲੁਆ ਗਏ। ਮਾਣਕ ਨੇ ਢਾਈ ਤਿੰਨ ਘੰਟੇ ਰੰਗ ਬੰਨ੍ਹੀ ਰੱਖਿਆ। ਉਸ ਦਿਨ ਪਹਿਲੀ ਵਾਰ ਦੇਵ ਥਰੀਕੇ ਵਾਲੇ ਨੂੰ ਬੜੀ ਨੇੜੇ ਤੋਂ ਵੇਖਿਆ। ਉਹ ਅੰਗੂਰਾਂ ਦੀ ਜਾਈ ਦੇ ਲੋਰ 'ਚ ਝੂਮ ਰਿਹਾ ਸੀ ਤੇ ਸਾਥੀ ਗੀਤਕਾਰਾਂ ਤੇ ਗਾਇਕਾਂ ਨਾਲ ਢੋਲੇ ਦੀਆਂ ਲਾ ਰਿਹਾ ਸੀ। ਮੈਨੂੰ ਥੋੜਾ ਧੱਕਾ ਜਿਹਾ ਵੀ ਲੱਗਾ। ਉਦੋਂ ਕੀ ਪਤਾ ਸੀ ਕਿ ਇਹ ਤੇਰਵਾਂ ਰਤਨ ਤਾਂ ਬਾਈ ਦੇਵ ਨੂੰ ਵਿਰਸੇ 'ਚੋਂ ਹੀ ਮਿਲਿਆ ਹੈ।
       ਪੰਜਾਬੀ ਭਵਨ ਵਾਲੀ ਇਸ ਮਿਲਣੀ ਨੂੰ ਕਈ ਵਰ੍ਹੇ ਲੰਘ ਗਏ। ਇੱਕ ਦਿਨ ਘਰ ਵਾਲੇ ਲੈਂਡ ਲਾਈਨ ਫੋਨ 'ਤੇ ਬਾਈ ਦੇਵ ਦਾ ਫੋਨ ਆਇਆ।
        "ਕੜਿਆਲਵੀ ਮੈਂ ਦੇਵ ਬੋਲਦਾਂ। ਦੇਵ ਥਰੀਕੇ ਵਾਲਾ।" ਕਿੰਨਾ ਚਿਰ ਮੈਨੂੰ ਯਕੀਨ ਹੀ ਨਾ ਆਇਆ। ਪੰਜਾਬ ਦੇ ਐੱਡੇ ਵੱਡੇ ਗੀਤਕਾਰ ਨੇ ਮੈਨੂੰ ਫੋਨ ਕੀਤਾ ਸੀ। ਮੈਨੂੰ ਆਪਣਾ ਆਪ ਖਾਸ ਬਣ ਗਿਆ ਮਹਿਸੂਸ ਹੋਇਆ।
     "ਕੜਿਆਲਵੀ, ਯਾਰ ਇਹ ਸਾਡੇ ਸਮਾਜ ਦੀ ਬਦਕਿਸਮਤੀ ਐ। ਅਸੀਂ ਕਾਮਰੇਡ ਝਬਾਲ ਵਰਗੇ ਨਿਰਸਵਾਰਥੀ ਆਗੂਆਂ ਦੀ ਸਹੀ ਕਦਰ ਨਹੀਂ ਪਾ ਸਕੇ। ਇਥੇ ਤਾਂ ਉਹ ਗੱਲ ਹੋਈ ਪਈ ਐ-ਅਖੇ ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਕਰਨ ਕਾਲੋਲ। ਅੰਗਰੇਜ਼ਾਂ ਨਾਲ ਰਲਕੇ ਦੇਸ਼ ਨਾਲ ਗਦਾਰੀਆਂ ਕਰਨ ਵਾਲੇ ਤੇ ਦੇਸ਼ ਭਗਤਾਂ ਨੂੰ ਫੜਾਉਣ ਵਾਲੇ ਗੱਦੀਆਂ ਸਾਂਭ ਕੇ ਬਹਿਗੇ ਤੇ ਘਰ ਘਾਟ ਗਵਾ ਕੇ ਕੁਰਬਾਨੀਆਂ ਕਰਨ ਵਾਲਿਆਂ ਨੂੰ ਕੋਈ ਨਹੀਂ ਪੁੱਛਦਾ। ਮਾੜਾ ਸਮਾਂ ਆ ਗਿਆ। ਦਰਸ਼ਨ ਸਿੰਘ ਝਬਾਲ ਵਰਗੇ ਆਗੂ ਹੁਣ ਨ੍ਹੀ ਮਿਲਦੇ। ਫਕੀਰ ਆਦਮੀ ਸੀ। ਕਿਰਤੀਆਂ ਦਾ ਆਗੂ।" ਉਹ ਮੇਰੇ ਨਾਲ ਖਾਸਾ ਚਿਰ ਗੱਲਾਂ ਮਾਰਦਾ ਰਿਹਾ। ਉਸ ਦਿਨ 'ਨਵਾਂ ਜ਼ਮਾਨਾ' ਅਖਬਾਰ 'ਚ ਕਾਮਰੇਡ ਦਰਸ਼ਨ ਸਿੰਘ ਝਬਾਲ ਦੀ ਛਪੀ ਹੋਈ ਜੀਵਨੀ 'ਤੇ ਮੇਰੇ ਵਲੋਂ ਲਿਖਿਆ ਫੋਕਸ ਛਪਿਆ ਸੀ। ਇਹ ਜੀਵਨੀ ਕਾਮਰੇਡ ਬਲਵਿੰਦਰ ਝਬਾਲ ਨੇ ਛਾਪੀ ਸੀ। ਕਾਮਰੇਡ ਦਰਸ਼ਨ ਸਿੰਘ ਝਬਾਲ ਇੱਕ ਗਰੀਬ ਖੇਤ ਮਜ਼ਦੂਰ ਸੀ ਜਿਹੜਾ ਮਾਰਕਸਵਾਦੀ ਕਮਿਊਨਿਸਟ ਪਾਰਟੀ ਵਲੋਂ ਝਬਾਲ ਹਲਕੇ ਤੋਂ ਐਮ ਐਲ ਏ ਚੁਣਿਆ ਜਾਂਦਾ ਰਿਹਾ। ਐਮ ਐਲ ਏ ਹੁੰਦਿਆਂ ਉਹ ਲੋਕਾਂ ਦੇ ਕੰਮ ਧੰਦੇ ਕਰਾਉਣ ਲਈ ਬੱਸ ਜਾਂ ਆਪਣੀ ਪੁਰਾਣੀ ਸਾਈਕਲ 'ਤੇ ਹੀ ਚੰਡੀਗੜ੍ਹ ਵਗ ਜਾਂਦਾ ਸੀ।
       "ਗੁਰਮੀਤ ! ਯਾਰ ਇਹ ਜੀਵਨੀ ਕਿੱਥੋਂ ਮਿਲੂ ? ਕਿਹੜੇ ਪਬਲੀਸ਼ਰ ਨੇ ਛਾਪੀ ਐ ? ਪੰਜਾਬੀ ਭਵਨ 'ਚੋਂ ਮਿਲਜੂ ? ਗੁਲਾਟੀ ਕੋਲੋਂ ?"
      "ਇਹ ਕਾਮਰੇਡ ਦੇ ਪਰਿਵਾਰ ਨੇ ਈ ਛਾਪੀ ਐ। ਮੈਨੂੰ ਨਹੀਂ ਲੱਗਦਾ ਪੰਜਾਬੀ ਭਵਨ 'ਚੋਂ ਮਿਲੇ।"
     "ਮੈਂ ਪੜ੍ਹਨੀ ਐ ਯਾਰ, ਮੰਗਵਾ ਕੇ ਦੇ ਜਿਵੇਂ ਕਿਵੇਂ।" ਬਾਈ ਦੇਵ ਨੇ ਕਾਮਰੇਡ ਦੀ ਜੀਵਨੀ ਪੜ੍ਹਨ ਦੀ ਇੱਛਾ ਜ਼ਾਹਰ ਕੀਤੀ।
     "ਕੋਈ ਨ੍ਹੀ-ਮੈਂ ਆਪਣੇ ਵਾਲੀ ਕਾਪੀ ਭੇਜਦੂੰ।"
     ਇਸ ਫੋਨ ਨੇ ਮੈਨੂੰ ਬਾਈ ਦੇਵ ਦੇ ਖਿੱਚ ਕੇ ਨੇੜੇ ਕਰ ਦਿੱਤਾ। ਮੇਰੇ ਅੰਦਰਲੀ ਝਿਜਕ ਖਤਮ ਹੋ ਗਈ। ਫੇਰ ਉਹਨਾਂ ਨਾਲ ਅਕਸਰ ਗੱਲ ਹੋਣ ਲੱਗੀ। ਜਦੋਂ ਕਦੇ ਲੁਧਿਆਣੇ ਪੰਜਾਬੀ ਭਵਨ ਗੇੜਾ ਵੱਜਦਾ, ਬਾਈ ਨਾਲ ਮੇਲ ਹੋ ਜਾਂਦਾ। ਕਦੇ ਸ਼ਤੀਸ਼ ਗੁਲਾਟੀ ਦੀ ਚੇਤਨਾ ਪ੍ਰਕਾਸ਼ਨ ਵਾਲੀ ਦੁਕਾਨ 'ਤੇ ਕਦੇ ਪੰਜਾਬੀ ਭਵਨ ਦੇ ਕਿਸੇ ਸਮਾਗਮ 'ਤੇ। ਕਦੇ ਲੰਘਦਿਆਂ ਕਰਦਿਆਂ ਥਰੀਕੇ ਬਾਈ ਦੇਵ ਦੇ ਹੁਜ਼ਰੇ 'ਤੇ ਚਲੇ ਜਾਣਾ।
      ਸੰਗਰੂਰ ਜਿਲ੍ਹੇ 'ਚ ਪੈਂਦਾ 'ਰੋਹੀੜਾ' ਬਾਈ ਦੇਵ ਦਾ ਜੱਦੀ ਪਿੰਡ ਹੈ ਜਿਹੜਾ ਇਤਿਹਾਸਕ ਪਿੰਡ 'ਕੁੱਪ' ਦੇ ਬਿਲਕੁੱਲ ਨਾਲ ਹੈ ਤੇ ਜਿੱਥੇ ਅਹਿਮਦ ਸ਼ਾਹ ਅਬਦਾਲੀ ਦੀਆਂ ਫੌਜਾਂ ਨੇ ਦੂਜਾ ਘੱਲੂਘਾਰਾ ਵਰਤਾ ਕੇ ਸਿੱਖਾਂ ਨੂੰ ਖ਼ਤਮ ਕਰਨ ਦਾ ਭਰਮ ਸਿਰਜਿਆ ਸੀ।
      "ਬਾਈ ਜੇ ਬਜੁ਼ਰਗ ਰੋਹੀੜੇ ਈ ਰਹਿੰਦਾ, ਫੇਰ ? " ਗੱਲਾਂ ਗੱਲਾਂ 'ਚ ਇੱਕ ਵਾਰ ਮੈਂ ਪੁੱਛਿਆ ਸੀ।
     "ਮੇਰਾ ਕੀ ਐ ਰੋਹੀੜੇ ? ਬਾਪੂ ਆਇਆ ਸੀ ਉੱਥੋਂ। ਉਹ ਵੀ ਉਦੋਂ ਜਦੋਂ ਚਾਰ ਸਾਲਾਂ ਦਾ ਸੀ। ਉਸਦੇ ਮਾਂ ਪਿਉ ਦੀ ਮੌਤ ਹੋ ਗਈ ਸੀ। ਬਾਪੂ ਉਦੋਂ ਮਸੀਂ ਚਾਰ ਸਾਲਾਂ ਦਾ ਸੀ। ਮਾਂ ਮਸੋਰ ਐਥੇ ਭੂਆ ਕੋਲ ਆ ਗਿਆ। ਫੁੱਫੜ ਇੰਜਨੀਅਰ ਸੀ। ਫੇਰ ਫੁੱਫੜ ਦੀ ਵੀ ਕਿਸੇ ਬਿਮਾਰੀ ਨਾਲ ਮੌਤ ਹੋ ਗਈ। ਬਾਪ ਨੂੰ ਉਹਦੀ ਭੂਆ ਨੇ ਹੀ ਪਾਲਿਆ ਤੇ ਪੜ੍ਹਾਇਆ ਲਿਖਾਇਆ। ਬਾਪੂ ਉਦੋਂ ਦੀਆਂ ਦਸ ਜਮਾਤਾਂ ਪਾਸ ਸੀ। ਗਿਆਨੀ ਹਰੀ ਸਿੰਘ ਦਿਲਬਰ ਨਾਲ ਪੜ੍ਹਦਾ ਰਿਹਾ ਬਾਪੂ। ਬਾਪੂ ਨੇ ਜੱਦੀ ਪੁਸ਼ਤੀ ਤਰਖਾਣਾ ਕੰਮ ਤੋਂ ਲੈ ਕੇ ਆਟੇ ਵਾਲੀ ਚੱਕੀ ਲਾਉਣ ਤੱਕ ਪਤਾ ਨ੍ਹੀ ਕਿੰਨੇ ਕੁ ਵਹਿਣ ਵਿਹਾਏ। ਟਿਕ ਕੇ ਕੰਮ ਨ੍ਹੀ ਸੀ ਕਰ ਸਕਦਾ। ਦਾਰੂ ਬਹੁਤ ਪੀਂਦਾ ਸੀਗਾ। ਇਉਂ ਸਮਝ ਲੈ ਵ੍ਹੀ ਦਾਰੂ ਤਾਂ ਮੈਨੂੰ ਵਿਰਾਸਤ 'ਚੋਂ ਈ ਮਿਲੀ ਐ।" ਜੁਆਬ 'ਚ ਕੌਲੀ 'ਚ ਪਾਏ ਰੋੜਾਂ ਵਾਂਗ ਬਾਈ ਦੇਵ ਦਾ ਹਾਸਾ ਛਣਕਣ ਲੱਗਿਆ ਸੀ।
"ਬੇਬੇ ਨੇ ਮੈਨੂੰ ਕਹਿਣਾ, 'ਵੇ ਦੇਵ, ਤੂੰ ਮਾਸਟਰ ਲੱਗ ਗਿਐਂ। ਦਾਰੂ ਨਾ ਪੀਆ ਕਰ, ਕੌਲ ਸੜਜੂ।' ਮੈਂ ਸੋਚਣਾ ਵ੍ਹੀ ਅੰਦਰ ਸਾਲਾ ਕਿਹੜਾ ਕੌਲ ਰੱਖਿਆ ਹੋਇਆ। ਬੇਬੇ ਐਵੇਂ ਬੋਲੀ ਜਾਂਦੀ ਐ। ਹੁਣ ਪਤਾ ਲੱਗਦਾ ਬੇਬੇ ਸੱਚ ਆਂਹਦੀ ਸੀ। ਬੇਬੇ ਦਾ ਮਤਲਬ ਸੀ ਦਾਰੂ ਕਾਲਜਾ ਸਾੜ ਦੇਊ। ਐਨੀ ਅਕਲ ਈ ਨ੍ਹੀ ਸੀ ਉਦੋਂ--। ਕੜਿਆਲਵੀ, ਸਾਲੀ ਹੁਣ ਨ੍ਹੀ ਛੁੱਟਦੀ। ਹੁਣ ਤਾਂ ਇਹ ਨਾਲ ਈ ਜਾਊ।"
ਉਹ ਕੁੱਝ ਚੁੱਪ ਹੋ ਕੇ ਖਿਲਾਅ ਵਿੱਚ ਦੇਖਣ ਲੱਗ ਜਾਂਦਾ ਜਿਵੇਂ ਕੁੱਝ ਗੁਆਚ ਗਿਆ ਭਾਲ ਰਿਹਾ ਹੋਵੇ।
       "ਗੁਰਮੀਤ ! ਸਾਲੀ ਦਾਰੂ ਨੇ ਵੱਡੇ ਵੱਡੇ ਕਲਾਕਾਰ, ਲੇਖਕ ਤੇ ਬੁੱਧੀਜੀਵੀ ਖਾ ਲਏ। ਕਿਸੇ ਵੇਲੇ ਚਾਂਦੀ ਰਾਮ ਚਾਂਦੀ ਦੀ ਦੋਗਾਣਾ ਗਾਇਕੀ 'ਚ ਤੂਤੀ ਬੋਲਦੀ ਸੀ-ਲੈ ਜਾ ਛੱਲੀਆਂ ਭੁੰਨਾ ਲਈਂ ਦਾਣੇ ਵੇ ਮਿੱਤਰਾ ਦੂਰ ਦਿਆ। ਪਿੰਡਾਂ ਆਲੇ ਵਹੀਰਾਂ ਘੱਤ ਘੱਤ ਆਉਂਦੇ ਸੀਗੇ ਚਾਂਦੀ ਰਾਮ ਚਾਂਦੀ ਨੂੰ ਸੁਨਣ ਵਾਸਤੇ। ਦਾਰੂ ਨੇ ਡੁਬੋ ਲਿਆ ਆਵਦੇ 'ਚ। "ਸਾਡਾ ਐਵੇਂ ਤਾਂ ਨ੍ਹੀ ਹੋਇਆ ਇਹ ਫਕੀਰਾਂ ਵਾਲਾ ਹਾਲ" ਗਾਉਂਦਾ ਗਾਉਂਦਾ ਤੁਰ ਗਿਆ। ਦੀਦਾਰ ਸੰਧੂ ਦਾ ਜਿਗਰ ਵੀ ਦਾਰੂ ਨੇ ਖਾ ਲਿਆ ਸੀਗਾ। ਅੰਦਰੋਂ ਖੂਨ ਆਉਣ ਲੱਗ ਪਿਆ। ਡੀ ਐਮ ਸੀ ਵਾਲਿਆਂ ਨੇ ਜੁਆਬ ਦੇਤਾ ਸੀਗਾ। ਹੋਰ ਵੀ ਬਥੇਰੇ ਹੈਗੇ। ਆਪਣਾ ਸ਼ਿਵ ਕੁਮਾਰ---? ਯਾਰੋ ਲੂਣਾ ਵਰਗੀ ਰਚਨਾ ਲਿਖਲੂ ਕੋਈ? ਮੈਂ ਉਸਦਾ ਗੀਤ "ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਉੱਤੇ ਮੇਰਾ ਯਾਰ ਵਸਦਾ" ਵਾਰ ਵਾਰ ਸੁਣਦਾ ਰਹਿਨੈ। ਐੱਡੀ ਛੇਤੀ ਜਾਣ ਵਾਲਾ ਹੈਨੀ ਸੀ ਸ਼ਿਵ ਕੁਮਾਰ—ਬੱਸ ਦਾਰੂ ਲੈਗੀ।"
       "ਬਾਈ ਜੇ ਕੁੱਪ ਰੋਹੀੜੇ ਰਹਿੰਦਾ ਹੁੰਦਾ --- ਰੋਹੀੜੇ ਨੂੰ ਗੀਤਾਂ 'ਚ ਕਿਵੇਂ ਫਿੱਟ ਕਰਿਆ ਕਰਦਾ ? ਰੋਹੀੜੇ ਦੇ "ੜਾੜੇ" ਨੇ ਤਾਂ ਫਸ ਜਾਇਆ ਕਰਨਾ ਸੀ?"
      "ਕੀ ਪਤਾ ਫਿਰ ਕੀ ਹੁੰਦਾ? ਮੈਨੂੰ ਨ੍ਹੀ ਲੱਗਦਾ ਮੈਂ ਗੀਤਕਾਰ ਹੁੰਦਾ। ਮੇਰਾ ਤਾਂ ਜਨਮ ਈ ਥਰੀਕੇ ਹੋਇਆ। ਜੇ ਰੋਹੀੜੇ ਜੰਮਿਆ ਹੁੰਦਾ—ਨਾ ਥਰੀਕੇ ਦੇ ਪ੍ਰਾਇਮਰੀ ਸਕੂਲ 'ਚ ਪੜ੍ਹਦਾ। ਨਾ ਲਲਤੋਂ ਦੇ ਸਕੂਲ 'ਚ ਗਿਆਨੀ ਹਰੀ ਸਿੰਘ ਦਿਲਬਰ ਕੋਲ ਪੜ੍ਹਨ ਲੱਗਦਾ। ਨਾ ਗਿਆਨੀ ਜੀ ਤੋਂ ਸਾਹਿਤ ਪੜ੍ਹਨ ਦੀ ਚੇਟਕ ਲੱਗਦੀ। ਨਾ ਬਾਲ ਸਭਾ 'ਚ ਗਾਉਣ ਵਾਸਤੇ ਗੀਤ ਲਿਖਦਾ। ਨਾ ਕਹਾਣੀਆਂ ਲਿਖਦਾ। ਨਾ ਹਰਦੇਵ ਸਿੰਘ ਤੋਂ ਹਰਦੇਵ ਦਿਲਗੀਰ ਬਣਦਾ। ਨਾ ਕਹਾਣੀਆਂ ਦੀ ਕਿਤਾਬ "ਰੋਹੀ ਦਾ ਫੁੱਲ" ਛਪਦੀ। ਨਾ ਲੁਧਿਆਣੇ ਦੀਆਂ ਸਾਹਿਤ ਸਭਾਵਾਂ 'ਚ ਜਾਣ ਲੱਗਦਾ। ਨਾ ਇੰਦਰਜੀਤ ਹਸਨਪੁਰੀ ਨਾਲ ਮੇਲ ਹੁੰਦਾ। ਗੀਤ ਲਿਖਣ ਵਾਲੇ ਪਾਸੇ ਕੀਹਨੇ ਆਉਣਾ ਸੀਗਾ ? ਗੀਤਕਾਰੀ ਤਾਂ ਛੱਡੋ ਮੈਨੂੰ ਲੱਗਦਾ ਮੈਂ ਮਾਸਟਰ ਹਰਦੇਵ ਸਿਹੁੰ ਵਨੀ ਸੀ ਹੋਣਾ।"
      ਮੈਂ ਉਸਦੀਆਂ ਗੱਲਾਂ ਵਿੱਚ ਗੁੰਮ ਹੋਇਆ ਹਰਦੇਵ ਸਿੰਘ ਦੇ ਹਰਦੇਵ ਦਿਲਗੀਰ ਤੇ ਫਿਰ ਦੇਵ ਥਰੀਕਿਆਂ ਵਾਲਾ ਬਨਣ ਤੱਕ ਦੇ ਸਫਰ ਬਾਰੇ ਸੋਚਣ ਲੱਗਾ। ਲੁਧਿਆਣੇ ਦੇ ਮਾਲਵਾ ਖਾਲਸਾ ਸਕੂਲ 'ਚੋਂ ਪੜ੍ਹਕੇ, ਜਗਰਾਓਂ ਦੀ ਜਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਤੋਂ ਜੇ ਬੀ ਟੀ ਕਰਕੇ ਮਾਸਟਰ ਤਾਂ ਉਹ ਬਣ ਹੀ ਗਿਆ ਸੀ। ਹਰਦੇਵ ਦਿਲਗੀਰ ਦੇ ਨਾਂ ਨਾਲ ਕਹਾਣੀਆਂ ਵੀ ਲਿਖਣ ਲੱਗਾ ਸੀ। ਲਿਖਦਾ ਰਹਿੰਦਾ ਤਾਂ ਕਹਾਣੀਆਂ ਦੀਆਂ ਕਈ ਕਿਤਾਬਾਂ ਛਪ ਜਾਂਦੀਆਂ। ਨਾਵਲ ਵੀ ਲਿਖਦਾ ਧੜਾਧੜ। ਕਈ ਇਨਾਮ ਸ਼ਨਾਮ ਵੀ ਡੁੱਕ ਲੈਂਦਾ। ਜੇ ਗੀਤ ਨਾ ਲਿਖਦਾ ਹੁੰਦਾ ਤਾਂ ਕੀ ਹੁੰਦਾ ? ਕੀ ਥਰੀਕੇ ਪਿੰਡ ਹੁਣ ਵਾਂਗੂੰ ਦੁਨੀਆ ਦੇ ਨਕਸ਼ੇ 'ਤੇ ਹੁੰਦਾ ?
"ਕੀ ਸੋਚੀ ਜਾਨੈ ?"
"ਸੋਚਦਾਂ, ਹਰਦੇਵ ਦਿਲਗੀਰ-ਦੇਵ ਥਰੀਕੇ ਵਾਲਾ ਕਿਵੇਂ ਬਣ ਗਿਆ ?"
"ਜੇ ਇੰਦਰਜੀਤ ਹਸਨਪੁਰੀ ਮੇਰੇ ਆਖੇ ਗੀਤ ਲਿਖ ਦਿੰਦਾ ਤਾਂ ਮੈਂ ਥਰੀਕੇ ਵਾਲਾ ਕਾਹਨੂੰ ਬਨਣਾ ਸੀਗਾ।" ਬਾਈ ਨੇ ਜੁਆਬ ਨਾਲ ਇੱਕ ਘੁੰਡੀ ਹੋਰ ਪਾ ਦਿੱਤੀ।
"ਹਸਨਪੁਰੀ ਦੇ ਗੀਤਾਂ ਨਾਲ ਥੋਡਾ ਕੀ ਤਾਲੁਅਕ ?"
       "ਕੜਿਆਲਵੀ ! ਮੈਂ ਪੜ੍ਹਾਉਂਦਾ ਹੁੰਦਾ ਸੀਗਾ ਨੌਲੱਖਾ ਰੋਡ ਵਾਲੇ ਹਾਇਰ ਸੈਕੰਡਰੀ ਸਕੂਲ 'ਚ। ਉਸੇ ਰੋਡ 'ਤੇ ਹਸਨਪੁਰੀ ਦੀ ਪੇਟਿੰਗ ਦੀ ਦੁਕਾਨ ਸੀ। ਹਸਨਪੁਰੀ ਦਾ ਉਦੋਂ ਨਾਂਅ ਚੱਲਦਾ ਸੀਗਾ। ਬਹੁਤ ਸਾਰੇ ਗਾਇਕਾਂ ਦੀ ਆਵਾਜ਼ 'ਚ ਉਹਦੇ ਗੀਤ ਰਿਕਾਰਡ ਹੋ ਚੁੱਕੇ ਸੀ। ਉਹਦੀ ਦੁਕਾਨ ਦੇ ਨੇੜੇ ਡਾ. ਦੱਤੇ ਦਾ ਕਲੀਨਿਕ ਸੀ ਜਿੱਥੇ ਮੇਰਾ ਬਹਿਣ ਉੱਠਣ ਸੀਗਾ। ਉਹਨਾਂ ਦਿਨਾਂ 'ਚ ਐਚ ਐਮ ਵੀ ਕੰਪਨੀ ਦਾ ਮਨੇਜਰ ਛੇ ਮਹੀਨੇ ਬਾਅਦ ਨਵੇਂ ਗਾਇਕਾਂ ਦਾ ਟੈਸਟ ਲੈਣ ਲੁਧਿਆਣੇ ਆਉਂਦਾ ਹੁੰਦਾ ਸੀਗਾ। ਸਿਲੈਕਟ ਹੋਏ ਗਾਇਕਾਂ ਨੂੰ ਦਿੱਲੀ ਜਾ ਕੇ ਚਿੱਠੀ ਪਾ ਦਿੰਦਾ ਵ੍ਹੀ ਆ ਕੇ ਰਿਕਾਰਡਿੰਗ ਕਰਾ ਜਾਓ। ਕੇਰਾਂ ਮਨੇਜਰ ਲੁਧਿਆਣੇ ਆਇਆ। ਸਾਡਾ ਇੱਕ ਵਾਕਫ਼ ਸੀਗਾ ਪ੍ਰੇਮ ਸ਼ਰਮਾ। ਉਹ ਫਿਲਮੀ ਗਾਣੇ ਗਾਉਂਦਾ ਹੁੰਦਾ ਸੀਗਾ। ਉਹਨੇ ਵੀ ਟੈਸਟ ਦਿੱਤਾ। ਉਹਨੂੰ ਦਿੱਲੀਓਂ ਚਿੱਠੀ ਆਗੀ ਕਿ ਆਕੇ ਰਿਕਾਰਡ ਕਰਾ ਜਾਉ। ਉਦੋਂ ਰਿਕਾਰਡਿੰਗ ਦਿੱਲੀ ਹੁੰਦੀ ਸੀਗੀ। ਪ੍ਰੇਮ ਸ਼ਰਮਾ ਮੈਨੂੰ ਕਹਿੰਦਾ ਹਸਨਪੁਰੀ ਥੋਡਾ ਜਾਣੂ ਐ, ਮੈਨੂੰ ਗੀਤ ਦੁਆਓ ਰਿਕਾਰਡਿੰਗ ਕਰਵਾਉਣ ਵਾਸਤੇ। ਮੈਂ ਆਖਿਆ ਇਹ ਕਿਹੜੀ ਗੱਲ ਐ, ਆਪਾਂ ਹੁਣੇ ਚੱਲਦੇ ਆਂ ਹਸਨਪੁਰੀ ਕੋਲ। ਹਸਨਪੁਰੀ ਨੂੰ ਮੈਂ ਸਾਹਿਤ ਸਭਾਵਾਂ ਦੀਆਂ ਮੀਟਿੰਗਾਂ 'ਚ ਮਿਲਦਾ ਹੁੰਦਾ ਸੀਗਾ।"
       "ਫਿਰ ਗਏ ਹਸਨਪੁਰੀ ਕੋਲ ?"
      "ਸੁਣ ਤਾਂ ਸਹੀ। ਅਸੀਂ ਗਏ-ਉਹ ਕਹਿੰਦਾ ਦੋ ਦਿਨਾਂ ਨੂੰ ਲੈ ਜਾਇਓ। ਦੋ ਦਿਨਾਂ ਨੂੰ ਗਏ ਤਾਂ ਕਹਿੰਦਾ ਚਹੁੰ ਦਿਨਾਂ ਨੂੰ ਆਇਓ। ਅਸੀਂ ਸਮਝਗੇ ਵ੍ਹੀ ਇਹਨੇ ਗੀਤ ਦੇਣੇ ਨ੍ਹੀ, ਐਵੇਂ ਲਾਰੇ ਲੱਪੇ ਲਾਈ ਜਾਂਦਾ। ਅਸੀਂ ਡਾ. ਦੱਤੇ ਕੋਲ ਗੱਲ ਕੀਤੀ ਵ੍ਹੀ ਹਸਨਪੁਰੀ ਗੀਤ ਨ੍ਹੀ ਦਿੰਦਾ, ਲਾਰੇ ਲੱਪੇ ਲਾਈ ਜਾਂਦਾ। ਉਹ ਮੈਨੂੰ ਕਹਿੰਦਾ, "ਤੂੰ ਕਹਾਣੀਆਂ ਵੀ ਤਾਂ ਲਿਖ ਈ ਲੈਨਾ। ਆਪ ਕਿਉਂ ਨ੍ਹੀ ਲਿਖ ਲੈਂਦਾ ਗੀਤ, ਲਿਖਲਾ ਔਖਾ ਸੌਖਾ ਹੋਕੇ।' ਲੈ ਵ੍ਹੀ ਕੜਿਆਲਵੀ, ਉਹਨੇ ਤਾਂ ਪਾਤੀ ਸਾਰੀ ਜਿੰਮੇਵਾਰੀ ਮੇਰੇ 'ਤੇ। ਮੈਂ ਖਾਲਸਾ ਟਰੇਡਿੰਗ ਕੰਪਨੀ ਕੋਲ ਚਲਿਆ ਗਿਆ। ਉਹਨਾਂ ਤੋਂ ਹਸਨਪੁਰੀ ਦਾ ਗੀਤ 'ਸਾਧੂ ਹੁੰਦੇ ਰੱਬ ਵਰਗੇ, ਘੁੰਡ ਕੱਢ ਕੇ ਖੈਰ ਨਾ ਪਾਈਏ' ਕਈ ਵਾਰੀ ਸੁਣਿਆ। ਹੋਰ ਵੀ ਗੀਤ ਸੁਣੇ। ਹਿਸਾਬ ਕਿਤਾਬ ਜਿਆ ਲਾ ਲਿਆ ਵ੍ਹੀ ਸ਼ਬਦ ਚਿਣੇ ਕਿਵੇਂ ਜਾਂਦੇ ਐ। ਫੇਰ ਕੀ ਰਾਤ ਨੂੰ ਆ ਕੇ ਗੀਤ ਝਰੀਟ ਦਿੱਤਾ, 'ਭਾਬੀ ਤੇਰੀ ਧੌਣ ਦੇ ਉੱਤੇ ਗੁੱਤ ਮੇਲਦੀ ਨਾਗ ਬਣ ਕਾਲਾ'। ਲੈ ਇਉਂ ਤਾਂ ਜਨਮ ਹੋਇਆ ਥਰੀਕੇ ਆਲੇ ਦੇਵ ਦਾ। ਚਾਰ ਗੀਤ ਲਿਖਕੇ ਦੇ ਦਿੱਤੇ ਪ੍ਰੇਮ ਸ਼ਰਮੇ ਨੂੰ। ਉਹ ਦਿੱਲੀ ਜਾ ਕੇ ਰਿਕਾਰਡ ਕਰਵਾ ਆਇਆ। ਥੋੜੇ ਦਿਨਾਂ ਬਾਅਦ ਮੈਨੂੰ ਚਾਲੀ ਰੁਪਈਆਂ ਦਾ ਮਨੀਆਰਡਰ ਆ ਗਿਆ। ਉਦੋਂ ਕੰਪਨੀ ਗੀਤਕਾਰ ਨੂੰ ਇੱਕ ਗੀਤ ਦੇ ਉੱਕੇ ਪੁੱਕੇ ਦਸ ਰੁਪਈਏ ਦਿੰਦੀ ਹੁੰਦੀ ਸੀਗੀ। ਰਾਇਲਟੀ ਨ੍ਹੀ ਸੀ ਦਿੰਦੀ। ਹਿੰਦੀ ਫਿਲਮੀ ਗੀਤ ਲਿਖਣ ਵਾਲੇ ਸਾਹਿਰ ਲੁਧਿਆਣਵੀ ਵਰਗੇ ਗੀਤਕਾਰਾਂ ਨੂੰ ਵੀ ਰਾਇਲਟੀ ਨ੍ਹੀ ਸੀ ਮਿਲਦੀ ਹੁੰਦੀ। ਸਾਹਿਰ ਲੁਧਿਆਣਵੀ ਹੋਣਾ ਨੇ ਰੌਲਾ ਪਾਇਆ ਸੀਗਾ ਵ੍ਹੀ ਗੀਤਕਾਰ ਨੂੰ ਵੀ ਰਾਇਲਟੀ ਮਿਲਣੀ ਚਾਹੀਦੀ ਐ। ਉਹਨਾਂ ਨੂੰ ਮਿਲਣ ਲੱਗਗੀ। ਮਗਰੋਂ ਗੁਰਦੇਵ ਮਾਨ ਨੇ ਰੌਲਾ ਰੂਲਾ ਪਾ ਕੇ ਪੰਜਾਬੀ ਗੀਤਕਾਰਾਂ ਵਾਸਤੇ ਵੀ ਚਾਲੂ ਕਰਵਾ ਲਈ।"
       "ਚਾਲੀ ਰੁਪਈਏ ਤਾਂ ਉਹਨਾਂ ਦਿਨਾਂ 'ਚ ਖਾਸੀ ਵੱਡੀ ਰਕਮ ਹੋਊ?"
      "ਹੋਰ ਕੀ, ਚਾਲੀਆਂ ਰੁਪਈਆਂ 'ਚ ਦਾਰੂ ਦੀਆਂ ਤਿੰਨ ਬੋਤਲਾਂ ਆ ਜਾਂਦੀਆਂ ਸੀਗੀਆਂ। ਜਿਹੜਾ ਮਨੀਆਰਡਰ ਆਇਆ ਉਹਦੀਆਂ ਦਾਰੂ ਦੀਆਂ ਬੋਤਲਾਂ ਲੈ ਆਂਦੀਆਂ। ਖੁਸ਼ੀ 'ਚ ਪਾਰਟੀ ਕਰਲੀ। ਹੁਣ ਤੂੰ ਆਪ ਹਿਸਾਬ ਲਾ ਲੈ। ਜੇ ਹਸਨਪੁਰੀ ਮੇਰੇ ਆਖੇ ਪ੍ਰੇਮ ਸ਼ਰਮੇ ਨੂੰ ਗੀਤ ਲਿਖ ਕੇ ਦੇ ਦਿੰਦਾ, ਮੈਂ ਕਿੱਥੇ ਮੱਥਾ ਮਾਰਨਾ ਸੀਗਾ। ਨਾ ਚਾਲੀ ਰੁਪਈਏ ਮਿਲਦੇ। ਨਾ ਪਾਰਟੀ ਕਰਦੇ। ਨਾ ਥਰੀਕੇ ਦਾ ਨਾਓਂ ਲੌਡ ਸਪੀਕਰਾਂ 'ਚ ਵੱਜਦਾ, ਨਾ ਗੀਤਕਾਰੀ ਵੱਲ ਆਉਂਦਾ। ਆਵਦਾ ਕਹਾਣੀਆਂ ਨਾਵਲ ਲਿਖਦਾ। ਵਧੀਆ ਸਾਹਿਤਕਾਰ ਹੁੰਦਾ। ਕੜਿਆਲਵੀ ! ਗੀਤ ਬੜੀ ਕੋਮਲ ਸਿਨਫ ਐ। ਗੀਤ ਲਿਖਣੇ ਸੌਖੇ ਨ੍ਹੀ ਪਰ ਸਾਹਿਤ ਦੇ ਪਾਰਖੂ ਗੀਤਕਾਰਾਂ ਨੂੰ ਸਾਹਿਤਕਾਰ ਨ੍ਹੀ ਮੰਨਦੇ। ਇਹ ਗੱਲ ਅਜੇ ਵੀ ਅੰਦਰ ਧੁਖਦੀ ਰਹਿੰਦੀ ਐ ਵ੍ਹੀ ਮੈਂ ਵੱਡਾ ਸਾਹਿਤਕਾਰ ਨ੍ਹੀ ਬਣ ਸਕਿਆ। ਗੀਤਕਾਰੀ 'ਚ ਐਸਾ ਖੁੱਭਿਆ—ਕਹਾਣੀ ਲਿਖਣੀ ਬੜੀ ਦੂਰ ਰਹਿ ਗਈ। ਪੜ੍ਹਦਾ ਮੈਂ ਹੁਣ ਵੀ ਕਹਾਣੀਆਂ, ਨਾਵਲ ਤੇ ਸਫਰਨਾਮੇ ਈ ਆਂ। ਗੀਤ ਨ੍ਹੀ ਪੜ੍ਹਦਾ। ਗਲਪ ਦੀ ਕੋਈ ਚੰਗੀ ਕਿਤਾਬ ਨ੍ਹੀ ਛੱਡਦਾ। ਕਹਾਣੀ ਅੰਦਰੋਂ ਹੁਲਾਰੇ ਮਾਰਦੀ ਰਹਿੰਦੀ ਐ--।" ਗੀਤਕਾਰੀ ਦੇ ਅੰਬਰੀ ਉਡਾਰੀਆਂ ਲਾਉਣ ਦੇ ਬਾਵਜੂਦ ਕਹਾਣੀਕਾਰ ਤੇ ਨਾਵਲਕਾਰ ਵਜੋਂ ਸਥਾਪਿਤ ਨਾ ਹੋ ਸਕਣ ਦਾ ਹੇਰਵਾ ਉਸਦੇ ਅੰਦਰੋਂ ਅਕਸਰ ਬੋਲਦਾ ਰਹਿੰਦਾ ਹੈ।
      "ਵਧੀਆ ਰਹਿ ਗਿਆਂ ਬਾਈ। ਸਾਹਿਤਕਾਰ ਹੁੰਦਾ ਤਾਂ ਇਨਾਮਾਂ ਸਨਮਾਨਾਂ ਦੀ ਕੁੱਤੇਝਾਕ 'ਚ ਪਿਆ ਰਹਿੰਦਾ। ਕੋਈ ਨਾ ਕੋਈ ਜੁਗਾੜ ਲੜਾਉਣ ਦੇ ਗਧੀ ਗੇੜ 'ਚ ਉਲਝੇ ਰਹਿਣਾ ਸੀ। ਖੱਟਣ ਕਮਾਉਣ ਨੂੰ ਫੇਰ ਵੀ ਕੁੱਝ ਨਹੀਂ ਸੀ ਮਿਲਣਾ। ਜਿੰਨੀ ਰਾਸ਼ੀ ਦਾ ਐਵਾਰਡ ਮਿਲਣਾ ਸੀ ਉਦੂੰ ਵੱਧ ਨੱਠ ਭੱਜ 'ਚ ਖਰਚ ਹੋ ਜਾਇਆ ਕਰਨੇ ਸੀ। ਹੁਣ ਮੌਜ ਨਾਲ ਰਾਇਲਟੀ ਆਈ ਜਾਂਦੀ ਆ। ਦੁਨੀਆ 'ਚ ਥਰੀਕੇ-ਥਰੀਕੇ ਹੁੰਦੀ ਪਈ ਐ।"
      "ਗੱਲਾਂ ਤਾਂ ਤੇਰੀਆਂ ਠੀਕ ਆ ਕੜਿਆਲਵੀ --- ਪਰ ਫੇਰ ਵੀ।" ਬਾਈ ਦੇਵ ਦਾ ਕੁੱਤਾ ਫੇਰ ਸਾਹਿਤਕਾਰੀ 'ਤੇ ਆ ਅੜਦਾ ਹੈ।
       ਜਿੰਨਾ ਵੇਲਿਆਂ 'ਚ ਦੇਵ ਨੇ ਲਿਖਣਾ ਸ਼ੁਰੂ ਕੀਤਾ ਸੀ, ਉਹਨਾਂ ਵੇਲਿਆਂ 'ਚ ਦੋਗਾਣਾ ਗਾਇਕੀ ਦੀ ਧਾਰਾ ਤੇਜ਼ੀ ਨਾਲ ਵਹਿ ਰਹੀ ਸੀ। ਦੋਗਾਣਾ ਜੋੜੀਆਂ ਦੇ ਅਖਾੜਿਆਂ 'ਚ ਭੀੜ ਉਮੜ ਪੈਂਦੀ। ਮੁੰਬਈ ਜੋ ਉਦੋਂ ਬੰਬਈ ਜਾਂ ਬੰਬੇ ਹੁੰਦਾ ਸੀ, ਦੀ ਫਿਲਮ ਇੰਡਸਟਰੀ ਵਾਂਗ ਲੁਧਿਆਣਾ ਪੰਜਾਬੀ ਗਾਇਕਾਂ ਦੀ ਮੰਡੀ ਵਜੋਂ ਉਭਰ ਆਇਆ ਸੀ। ਬੱਸ ਅੱਡੇ ਦੇ ਆਲੇ ਦੁਆਲੇ ਦੀਆਂ ਬਿਲਡਿੰਗਾਂ ਮੂਹਰੇ ਪੰਜਾਬੀ ਗਾਇਕਾਂ ਦੀ ਮਸ਼ਹੂਰੀ ਕਰਦੇ ਸੈਂਕੜੇ ਬੋਰਡ ਲਟਕਣ ਲੱਗੇ ਸਨ। ਪਿੰਡਾਂ ਦੇ ਲੋਕ ਦਿਨ ਵੇਲੇ ਗਾਇਕ ਜੋੜੀਆਂ ਦੇ ਚੋਹਲ ਮੋਹਲ ਕਰਨ ਵਾਲੇ ਦੋਗਾਣਿਆਂ ਦਾ ਸੁਆਦ ਮਾਣਦੇ ਅਤੇ ਰਾਤ ਵੇਲੇ ਨੱਥੂਵਾਲੀਏ ਨਾਹਰ, ਦਰਸ਼ਨ ਸ਼ੌਕੀ, ਦਲੀਪ ਸਿੰਘ ਮਸਤ ਤੇ ਗੁਰਚਰਨ ਜੱਸਲ ਵਰਗਿਆਂ ਦੇ ਕਾਮਰੇਡੀ ਡਰਾਮੇ ਵੇਖਦੇ। ਦੇਵ ਦੇ ਗੀਤਕਾਰੀ ਦੇ ਪਿੜ 'ਚ ਆਉਣ ਨਾਲ ਇੱਕ ਨਵੀਂ ਰੌਂਅ ਵਹਿਣ ਲੱਗੀ। ਉਸਨੇ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ ਮਹੀਂਵਾਲ, ਰਾਜਾ ਰਸਾਲੂ, ਕੌਲਾਂ ਸ਼ਾਹਣੀ, ਸੁੱਚਾ ਸੂਰਮਾ, ਰੂਪ ਬਸੰਤ, ਪੂਰਨ ਭਗਤ, ਜਿਉਣਾ ਮੌੜ, ਦੁੱਲਾ ਭੱਟੀ, ਜੈਮਲ ਫੱਤਾ, ਜੱਗਾ ਡਾਕੂ, ਆਦਿ ਇਤਿਹਾਸਕ ਮਿਥਿਹਾਸਿਕ ਪਾਤਰਾਂ ਦੀਆਂ ਪੰਜਾਬੀ ਜਨਮਾਨਸ ਦੇ ਚੇਤਿਆਂ 'ਚ ਧਸੀਆਂ ਪਈਆਂ ਲੋਕ ਕਹਾਣੀਆਂ ਤੇ ਗਾਥਾਵਾਂ ਨੂੰ ਆਪਣੀ ਗਤਿਕਾਰੀ 'ਚ ਪੇਸ਼ ਕਰਨਾ ਸ਼ੁਰੂ ਕੀਤਾ। ਪਹਿਲਾਂ ਤੋਂ ਹੀ ਪ੍ਰਚੱਲਿਤ ਕਿੱਸਿਆਂ ਨੂੰ ਛੰਦਾਬੰਦੀ ਦੀ ਚਾਸ਼ਣੀ 'ਚ ਗੁੰਨ੍ਹ ਕੇ ਨਵੇਂ ਅੰਦਾਜ਼ 'ਚ ਪੇਸ਼ ਕਰ ਦਿੱਤਾ। ਕੁਲਦੀਪ ਮਾਣਕ ਦੀ ਤਿੱਖੀ ਤੇ ਬੁਲੰਦ ਆਵਾਜ਼ ਦੇ ਘਨੇੜੇ ਚੜੀਆਂ ਲੋਕ ਗਾਥਾਵਾਂ ਲਾਊਡ ਸਪੀਕਰਾਂ ਰਾਹੀਂ ਪੇਂਡੂ ਲੋਕਾਂ ਦੇ ਮਨਾਂ 'ਤੇ ਟੂਣਾ ਕਰਨ ਲੱਗੀਆਂ। ਲੋਕਾਂ ਨੂੰ ਇਹਨਾਂ 'ਚੋਂ ਢਾਡੀਆਂ ਵਾਲਾ ਬੀਰਤਾ ਰਸ ਵੀ ਮਿਲਣ ਲੱਗਾ। ਦੇਵ ਥਰੀਕੇ ਦੀ ਕਲਮ 'ਚੋਂ ਨਿਕਲੀਆਂ ਲੋਕ ਗਾਥਾਵਾਂ ਸੁਣਦਿਆਂ ਲੋਕ "ਮਾਣਕ ਮਾਣਕ" ਕਰਨ ਲੱਗੇ।
      ਇਹ ਹਰੀ ਕ੍ਰਾਂਤੀ ਤੋਂ ਬਾਅਦ ਦਾ ਦੌਰ ਸੀ। ਲੋਕਾਂ ਦੀਆਂ ਜੇਬਾਂ 'ਚ ਰੰਗ ਬਿਰੰਗੇ ਨੋਟ ਆਉਣ ਲੱਗੇ ਸਨ। ਹਰੀ ਕ੍ਰਾਤੀ ਵਾਂਗ ਲੋਕਾਂ ਦੀ ਸੋਚ 'ਚ ਵੀ ਤੇਜ਼ੀ ਨਾਲ ਤਬਦੀਲ ਹੋਣ ਲੱਗੀ ਸੀ। ਲੋਕ ਕਵੀ ਦਰਬਾਰਾਂ 'ਚ ਸ਼ਿਵ ਕੁਮਾਰ ਦੇ ਬਿਰਹੋਂ ਭਰੇ ਗੀਤ ਕਵਿਤਾਵਾਂ ਵੀ ਸੁਣ ਰਹੇ ਸਨ ਤੇ ਵੱਡੇ ਵੱਡੇ ਇਕੱਠਾਂ 'ਚ ਸੰਤ ਰਾਮ ਉਦਾਸੀ ਦੀ ਹਾਕਮਾਂ ਨੂੰ ਵੰਗਾਰਨ ਵਾਲੀ ਇਨਕਲਾਬੀ ਹੂਕ ਨੂੰ ਵੀ ਹੁੰਗਾਰਾ ਭਰੀ ਜਾਂਦੇ ਸਨ। ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਆਵਾਜ਼ 'ਚ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੀ ਠੇਠ ਪੇਂਡੂ ਸ਼ਬਦਾਵਲੀ ਵਾਲੇ ਗੀਤ ਲੋਕਾਂ ਦੇ ਕੁਤਕਤਾੜੀਆਂ ਕੱਢਦੇ ਤੇ ਚਤਰ ਸਿੰਘ ਪ੍ਰਵਾਨੇ ਜਿਹੇ ਚਲੰਤ ਗਾਇਕ "ਮਿਤਰਾਂ ਦੇ ਟਿਊਬਵੈੱਲ 'ਤੇ, ਲੀੜੇ ਧੋਣ ਦੇ ਬਹਾਨੇ ਆਜਾ।" ਵੀ ਗਾਈ ਜਾਂਦੇ ਸਨ। ਗਾਇਕੀ ਦੀ ਘੜਮੱਸ ਚੌਂਦੇ 'ਚ ਹਰਚਰਨ ਗਰੇਵਾਲ ਤੇ ਸੀਮਾਂ ਦੀ ਜੋੜੀ "ਸੀਮਾ ਚੱਕ ਕੇ ਚਰੀ ਦਾ ਰੁੱਗ ਲਾਵੇ ਗਰੇਵਾਲ ਕੁਤਰਾ ਕਰੇ" ਗਾਉਂਦਿਆਂ ਕਈ ਕੁੱਝ ਦਾ ਕੁਤਰਾ ਕਰੀ ਜਾਂਦੀ ਸੀ ਤੇ ਭਰੋਵਾਲੀਆ ਦੀਦਾਰ ਸੰਧੂ ਵੀ ਮਹਿਬੂਬਾ ਦੇ ਦਰਵਾਜ਼ੇ ਨੂੰ ਕੋਟ ਕਪੂਰੇ ਦੇ ਫਾਟਕ ਵਾਗੂੰ ਬੰਦ ਪਏ ਰਹਿਣ ਦਾ ਮਿਹਣਾ ਦਿੰਦਿਆ "ਬੰਦ ਪਿਆ ਦਰਵਾਜ਼ਾ ਜੋ ਫਾਟਕ ਕੋਟ ਕਪੂਰੇ ਦਾ" ਗਾ ਰਿਹਾ ਸੀ। ਯਮਲੇ ਜੱਟ ਦੀ ਤੂੰਬੀ "ਸਤਿਗੁਰ ਤੇਰੀ ਲੀਲਾ ਨਿਆਰੀ ਐ" 'ਤੇ ਟੁਣਕਦੀ ਹੋਈ ਵੱਖਰਾ ਸਥਾਨ ਬਣਾਈ ਬੈਠੀ ਸੀ। ਵਿੱਚ ਵਿਚਾਲੇ ਹੋਰ ਗਾਇਕ ਜੋੜੀਆਂ ਵੀ ਆਪੋ ਆਪਣੇ ਜਲਵੇ ਬਿਖੇਰੀ ਜਾਂਦੀਆਂ ਸਨ। ਨਰਿੰਦਰ ਬੀਬਾ ਪੰਜਾਬ ਦੇ ਮੰਨੇ ਪ੍ਰਮੰਨੇ ਸਟੇਜੀ ਕਵੀ ਤੇ ਗੀਤਕਾਰ ਚਰਨ ਸਿੰਘ ਸਫਰੀ ਦੇ ਧਾਰਮਿਕ ਗੀਤਾਂ 'ਤੇ ਹੇਕਾਂ ਲਾਈ ਜਾਂਦੀ ਸੀ। ਟਣਕਵੀ ਆਵਾਜ਼ ਨਾਲ ਕੀਲ ਲੈਣ ਵਾਲੀ ਸੁਰਿੰਦਰ ਕੌਰ ਨੂੰ ਲੋਕ ਪੰਜਾਬ ਦੀ ਕੋਇਲ ਕਹਿਣ ਲੱਗੇ ਸਨ। ਉਹ ਬਿਰਹੋਂ ਦੇ ਸ਼ਾਇਰ ਸ਼ਿਵ ਕੁਮਾਰ ਨੂੰ ਵੀ ਗਾਈ ਜਾਂਦੀ ਸੀ ਤੇ ਥਰੀਕਿਆਂ ਵਾਲੇ ਦੇਵ ਨੂੰ ਵੀ। ਵਿੱਚ ਵਿਚਾਲੇ ਉਹ ਚਰਚਿਤ ਗਾਇਕਾਂ ਨਾਲ ਦੋਗਾਣੇ ਵੀ ਰਿਕਾਰਡ ਕਰਵਾ ਦਿੰਦੀ।
        ਗੀਤਕਾਰਾਂ ਤੇ ਗਾਇਕ ਗਾਇਕਾਵਾਂ ਦੀ ਭਾਰੀ ਭੀੜ ਸੀ ਜਿਸ ਵਿੱਚੋਂ ਦੋ ਧਾਰਾਵਾਂ ਨੇ ਆਪਣੀ ਪਛਾਣ ਜਿ਼ਆਦਾ ਗੂੜ੍ਹੀ ਕਰ ਲਈ ਸੀ। ਇੱਕ ਧਾਰਾ ਮੁਹੰਮਦ ਸਦੀਕ-ਰਣਜੀਤ ਕੌਰ ਦੀ ਗਾਇਕ ਜੋੜੀ ਅਤੇ ਗੀਤਕਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੀ ਸੀ ਜਿਹੜੀ ਦੋਗਾਣਿਆਂ ਦੇ ਪਿੜ 'ਚ ਗਰਦਾ ਗੋਰ ਕਰੀ ਫਿਰਦੀ ਸੀ। ਦੂਜੀ ਧਾਰਾ ਕੁਲਦੀਪ ਮਾਣਕ ਤੇ ਦੇਵ ਥਰੀਕੇ ਵਾਲੇ ਦੀ ਜੋੜੀ ਨੇ ਲੋਕ ਗਾਥਾਵਾਂ ਦੇ ਰੂਪ 'ਚ ਵਹਾ ਰੱਖੀ ਸੀ। ਪੰਜਾਬ ਦੇ ਅਖਾੜਾ ਗਾਇਕੀ ਸੁਨਣ ਵਾਲੇ ਤੇ ਤਵਿਆਂ/ਟੇਪਾਂ ਦੇ ਸ਼ੌਕੀਨ ਕਦੇ ਕਿਸੇ ਜੋੜੀ ਨੂੰ ਅੱਗੇ ਕਹਿੰਦੇ ਕਦੇ ਕਿਸੇ ਨੂੰ। ਕਦੇ ਉਹ ਦੋਵਾਂ ਨੂੰ ਰੇਲਗੱਡੀ ਦੀਆਂ ਲਾਈਨਾਂ ਵਾਂਗ ਬਰਾ ਬਰੋਬਰ ਰੱਖਦੇ। ਵੈਸੇ ਇਹ ਵੀ ਸਮੇਂ ਦਾ ਹੀ ਸਬੱਬ ਸੀ ਕਿ ਮੁਹੰਮਦ ਸਦੀਕ ਨੇ ਮਾਨ ਮਰਾੜਾਂ ਵਾਲੇ ਨਾਲ ਜੁੜਨ ਤੋਂ ਪਹਿਲਾਂ ਦੇਵ ਥਰੀਕੇ ਵਾਲੇ ਦੇ "ਲੌਂਗ ਬਿਸ਼ਨੀਏ ਤੇਰਾ" ਵਰਗੇ ਗੀਤ ਗਾਏ ਤੇ ਰਿਕਾਰਡ ਕਰਵਾਏ ਸਨ ਅਤੇ ਕੁਲਦੀਪ ਮਾਣਕ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਮਾਨ ਮਰਾੜਾਂ ਵਾਲੇ ਦੇ ਗੀਤਾਂ ਨਾਲ ਕੀਤੀ ਸੀ।
         "ਕੜਿਆਲਵੀ ! ਮਾਣਕ ਨਾਲ ਮੇਲ ਵੀ ਸਬੱਬ ਈ ਬਣਿਆ। ਮੇਰੀ ਬਦਲੀ ਗਿਆਸਪੁਰਾ ਦੇ ਸਕੂਲ 'ਚ ਹੋਗੀ। ਉੱਥੇ ਸਾਡੇ ਨਾਲ ਹੁੰਦਾ ਸੀ ਗੁਰਦਿਆਲ ਸਿਹੁੰ ਪੀ ਟੀ ਮਾਸਟਰ। ਮਾਣਕ ਉਹਦੇ ਸੰਪਰਕ 'ਚ ਸੀਗਾ। ਉਦੋਂ ਉਹਦਾ ਨਾਂ ਹੈਨੀ ਸੀਗਾ। ਗੁਰਦਿਆਲ ਮੈਨੂੰ ਕਹਿੰਦਾ, 'ਯਾਰ ਦੇਵ ਇੱਕ ਮੁੰਡਾ ਹੈਗਾ। ਆਵਾਜ਼ ਵੀ ਚੰਗੀ ਐ। ਰਾਗਾਂ ਬਾਰੇ ਜਾਣਦਾ। ਨਰਿੰਦਰ ਬੀਬਾ ਕੋਲੇ ਰਹਿੰਦਾ। ਕਦੇ ਕਦਾਈਂ ਹਰਚਰਨ ਗਰੇਵਾਲ ਨਾਲ ਚਲਾ ਜਾਂਦਾ। ਯਾਰ ਆਪਣੇ ਗੀਤ ਦੇ ਕੇ ਉਹਦੀ ਰਿਕਾਰਡਿੰਗ ਕਰਵਾ।" ਮੈਂ ਮਾਣਕ ਨੂੰ ਸੁਣਿਆ। ਮੈਂ ਆਖਿਆ ਤੇਰੀ ਆਵਾਜ਼ ਦੋਗਾਣਿਆਂ ਵਾਲੀ ਨ੍ਹੀ, ਲੋਕ ਗਾਥਾਵਾਂ ਵਾਲੀ ਐ। ਮੈਂ ਚਾਰ ਲੋਕ ਗਾਥਾਵਾਂ ਲਿਖ ਕੇ ਦਿੱਤੀਆਂ ਉਹਨੂੰ। ਉਹਨੇ ਰਿਕਾਰਡ ਕਰਵਾ ਦਿੱਤੀਆਂ। ਚਾਰ ਗੀਤਾਂ ਦਾ ਈ ਪੀ ਰਿਕਾਰਡ ਮਾਰਕੀਟ 'ਚ ਆਇਆ ਤਾਂ ਚਾਰੇ ਪਾਸੇ ਮਾਣਕ ਮਾਣਕ ਹੋਗੀ। 'ਤੇਰੀ ਖਾਤਰ ਹੀਰੇ ਛੱਡਿਆ ਤਖਤ ਹਜ਼ਾਰੇ ਨੂੰ' ਗੀਤ ਚਾਰ ਚੁਫੇਰੇ ਗੂੰਜਣ ਲੱਗਾ। ਐਨਾ ਚੱਲਿਆ ਐਨਾ ਚੱਲਿਆ—ਜਾਣੀਦਾ ਰਿਕਾਟ ਈ ਤੋੜਤੇ। ਕਰਮਜੀਤ ਧੂਰੀ ਮੇਰੇ ਨਾਲ ਨਾਰਾਜ਼ ਹੋ ਗਿਆ। ਕਈ ਵਰ੍ਹੇ ਨ੍ਹੀ ਬੋਲਿਆ।"
"ਕਿਉਂ ?"
"ਏਸੇ ਕਰਕੇ ਵ੍ਹੀ ਮਾਣਕ ਨੂੰ ਗੀਤ ਕਾਹਤੋਂ ਦੇਤੇ। ਮੈਨੂੰ ਕਿਉਂ ਨ੍ਹੀ ਦਿੱਤੇ। ਊਂ ਇੱਕ ਗੱਲ ਐ, ਮੈਂ ਕਰਮਜੀਤ ਨੂੰ ਗੀਤ ਦੇ ਵੀ ਦਿੰਦਾ, ਉਹਤੋਂ ਗੱਲ ਨ੍ਹੀ ਸੀ ਬਨਣੀ। ਬੇਸ਼ੱਕ ਉਹਦੀ ਹੇਕ ਲੰਮੀ ਸੀ ਪਰ ਉਹ ਮਾਣਕ ਵਾਲੀ ਪਿੱਚ 'ਤੇ ਨ੍ਹੀ ਸੀ ਗਾ ਸਕਦਾ। ਮਾਣਕ ਤਾਂ ਬੱਸ ਮਾਣਕ ਈ ਸੀ।"
        ਮਾਣਕ ਦੇ ਦੇਵ ਦੀ ਜੋੜੀ ਢਾਈ ਦਹਾਕੇ ਪੰਜਾਬੀਆਂ ਦੇ ਦਿਲਾਂ 'ਚ ਡੇਰਾ ਲਾਕੇ ਰਹਿੰਦੀ ਰਹੀ ਹੈ। ਦੋਵੇ ਇੱਕੋ ਸਿੱਕੇ ਦੇ ਦੋ ਪਾਸੇ ਸਨ। ਬਾਈ ਦੇਵ ਆਪਣੇ ਅੰਦਰ ਮਾਣਕ ਦੀਆਂ ਢੇਰਾਂ ਯਾਦਾਂ ਸਾਂਭੀ ਫਿਰਦਾ ਹੈ। ਮਾਣਕ ਨੂੰ ਯਾਦ ਕਰਦਿਆਂ ਉਸਦੀਆਂ ਅੱਖਾਂ 'ਚ ਪਾਣੀ ਭਰ ਆਉਂਦਾ ਹੈ।
         "ਮਾਣਕ ਆਵਦੀ ਕਿਸਮ ਦਾ ਈ ਬੰਦਾ ਸੀਗਾ। ਸਿਰੇ ਦਾ ਅੜਬ। ਦਿਲ ਦਾ ਸੱਚਾ। ਐਥੇ ਥਰੀਕੇ ਵੀ ਉਹਨੂੰ ਮੈਂ ਈ ਲੈ ਕੇ ਆਇਆ ਸੀਗਾ। ਮੇਰੇ ਤਾਂ ਪਰਿਵਾਰ ਦਾ ਈ ਹਿੱਸਾ ਸੀਗਾ। ਕੇਰਾਂ ਦੀ ਗੱਲ ਦੱਸਦਾਂ। ਮੈਂ ਰੇਡੀਓ ਸਟੇਸ਼ਨ ਰਿਕਾਰਡਿੰਗ ਕਰਵਾਉਣ ਜਾਣਾ ਸੀਗਾ। ਪੱਗ ਬੰਨ੍ਹੀ ਜਾਵਾਂ। ਏਧਰੋਂ ਏਹ ਆ ਗਿਆ। ਪੈਰੀਂ ਚੱਪਲਾਂ ਪਾਈਆਂ। ਉੁੱਤੋਂ ਠੰਡ ਦਾ ਮੌਸਮ। ਮੈਨੂੰ ਕਹਿੰਦਾ ਬੁੜਿਆ ਮੈਂ ਘਰ ਨ੍ਹੀ ਜਾਣਾ। ਐਥੇ ਤੇਰੇ ਕੋਲ ਈ ਰਹਿਣਾ। ਮੈਂ ਕਿਹਾ ਮੈ ਤਾਂ ਜਲੰਧਰ ਚੱਲਿਆਂ ਰਿਕਾਰਡਿੰਗ ਕਰਾਉਣ। ਉਹ ਤਾਂ ਪੈ ਗਿਆ ਮਗਰ। ਜਿ਼ੱਦ ਕਰਨ ਕਰਨ ਲੱਗਾ ਅਖੇ ਮੈਂ ਤਾਂ ਨਾਲ ਈ ਜਾਣਾ। ਮੈਂ ਬਥੇਰਾ ਘੂਰਿਆ ਵ੍ਹੀ ਤੇਰੇ ਕੱਪੜੇ ਵਨ੍ਹੀ ਚੱਜਦੇ। ਪੈਰੀਂ ਚੱਪਲਾਂ ਪਾਈਆਂ। ਫੇਰ ਨਾ ਜੀ ਕਿਸੇ ਮੁੰਡੇ ਨੂੰ ਭੇਜ ਕੇ ਉਹਦੇ ਵਾਸਤੇ ਅਧੀਆ ਮੰਗਵਾ ਕੇ ਦਿੱਤਾ ਦਾਰੂ ਦਾ। ਕਹਿੰਦਾ ਬੁੜਿਆ ਘਰੇ ਛੱਡ ਕੇ ਆ ਨਾਲੇ ਸਰਬਜੀਤ ਨੂੰ ਘੂਰ ਕੇ ਆਵੀਂ। ਐਵੇਂ ਲੜਦੀ ਆ ਮੇਰੇ ਨਾਲ। ਉਹਨੂੰ ਘਰੇ ਛੱਡ ਕੇ ਆਇਆ ਫੇਰ ਕਿਤੇ ਜਲੰਧਰ ਗਿਆ। ਐਹੋ ਜਿਆ ਤਾਂ ਪਤੰਦਰ ਮਾਣਕ ਸੀਗਾ। ਕਈ ਵਾਰ ਤਾਂ ਜੁਆਕਾਂ ਆਗੂੰ ਰਿਹਾੜ ਕਰਨ ਲੱਗ ਪੈਂਦਾ ਸੀਗਾ। ਕੇਰਾਂ ਦੀ ਗੱਲ ਸੁਨਾਉਣਾ--।" ਬਾਈ ਦੇਵ ਘਰ ਆਏ ਮੁੰਡੇ ਨੂੰ ਪਰਦੇ ਨਾਲ ਪੈਸੇ ਫੜਾ ਕੇ ਆਪਣੇ ਜਰੂਰੀ ਕੰਮ ਭੇਜ ਦਿੰਦਾ ਹੈ। ਸਾਨੂੰ ਗੁੱਝੀ ਹਾਸੀ ਹੱਸਦਿਆਂ ਨੂੰ ਤਾੜ ਲੈਂਦਾ ਹੈ।
       "ਪਿੱਛੇ ਜਏ ਹਸਪਤਾਲ ਰਹਿਣਾ ਪਿਆ। ਡਾਕਟਰ ਨੇ ਸਾਰੇ ਟੈਸਟ ਟੂਸਟ ਕਰਲੇ। ਕੇਰਾਂ ਤਾਂ ਬਚਾਤਾ ਦਵਾਈ ਬੂਟੀ ਕਰਕੇ। ਬੜਾ ਸਤਿਕਾਰ ਕਰਦਾ ਮੇਰਾ। ਮੈਂ ਕਹਿਤਾ ਵ੍ਹੀ ਦਾਰੂ ਤਾਂ ਨ੍ਹੀ ਛੱਡੀ ਜਾਣੀ। ਦੋ ਪੈੱਗ ਤਾਂ ਮੈਂ ਲਾਊਂ ਈ ਲਾਊਂ। ਦੋ ਪੈੱਗ ਅਲਾਊਡ ਕਰਤੇ ਉਹਨੇ। ਕਹਿੰਦਾ ਦੋ ਤੋਂ ਵੱਧ ਨ੍ਹੀ ਲਾਉਣੇ। ਬੱਸ ਆਵਦੇ ਜੋਗੀ ਮੰਗਾ ਲਈਦੀ ਆ।"
"ਹੁਣ ਛੱਡਣੀ ਠੀਕ ਵ੍ਹੀ ਨ੍ਹੀ।"
"ਹੁਣ ਕਿੱਥੇ ਛੁੱਟਣੀ।"
"ਇੱਕ ਅੱਧੇ ਪੈੱਗ ਦਾ ਕੋਈ ਡਰ ਨ੍ਹੀ।" ਅਸੀਂ ਨਾ ਚਾਹੁੰਦਿਆਂ ਵੀ ਬਾਈ ਦੀ ਹਾਂ 'ਚ ਹਾਂ ਮਿਲਾਉਂਦੇ ਹਾਂ।
      "ਹੱਛਾ ਮੈਂ ਮਾਣਕ ਦੀ ਗੱਲ ਦੱਸਣ ਲੱਗਾ ਸੀਗਾ। ਕੇਰਾਂ ਦੀ ਗੱਲ ਐ। ਸੰਦਲੀ ਪੈੜਾਂ ਵਾਲੇ ਹਰਜੀਤ ਸਿੰਘ ਨੇ ਮਾਣਕ ਨੂੰ ਦੂਰਦਰਸ਼ਨ 'ਤੇ ਰਿਕਾਰਡਿੰਗ ਕਰਾਉਣ ਵਾਸਤੇ ਬੁਲਾਇਆ। ਅਸੀਂ ਚਲੇ ਗਏ। ਸਾਡੇ ਜਾਂਦਿਆਂ ਨੂੰ ਦੂਰਦਰਸ਼ਨ ਦੇ ਸਾਰੇ ਸਾਜਿੰਦੇ ਸੰਗੀਤ ਦੇਣ ਲਈ ਤਿਆਰ ਬਰ ਤਿਆਰ ਹੋਏ ਬੈਠੇ ਸੀਗੇ। ਮਾਣਕ ਕਹਿੰਦਾ ਮੈਂ ਤਾਂ ਆਪਣੇ ਸਾਜਿੰਦਿਆਂ ਨਾਲ ਈ ਰਿਕਾਰਡਿੰਗ ਕਰਾਊਂ। ਹਰਜੀਤ ਨੇ ਬਥੇਰਾ ਸਮਝਾਇਆ ਵ੍ਹੀ ਆਏ ਨ੍ਹੀ ਹੁੰਦਾ। ਅਸੀਂ ਅਰੇਂਜਮੈਂਟ ਕਰ ਬੈਠੈ ਆਂ, ਐਤਕੀਂ ਰਿਕਾਰਡਿੰਗ ਕਰਵਾ ਦੇ ਅੱਗੋਂ ਤੋਂ ਆਵਦੇ ਸਾਜਿੰਦਿਆਂ ਨਾਲ ਈ ਕਰਵਾ ਲਿਆ ਕਰੀਂ। ਮਾਣਕ ਮੈਨੂੰ ਪਾਸੇ ਕਰਕੇ ਕਹਿੰਦਾ, "ਬੁੜਿਆ, ਆਹ ਜਿਹੜੇ ਸਾਜਿੰਦੇ ਆਪਾਂ ਨਾਲ ਲਿਆਂਦੇ ਆ ਇਹਨਾਂ ਨੂੰ ਖਰਚਾ ਕਿੱਥੋਂ ਦਿਆਂਗੇ?" ਲਉ ਜੀ ਉਹ ਹਰਜੀਤ ਨੂੰ ਕਹਿੰਦਾ ਅਸੀਂ ਹੁਣੇ ਆਏ। ਉੱਥੋਂ ਬਹਾਨਾ ਲਾ ਕੇ ਮੈਨੂੰ ਲੈ ਕੇ ਖਿਸਕ ਆਇਆ। ਗੱਡੀ ਚੱਕੀ 'ਤੇ ਫਗਵਾੜੇ ਢਾਬੇ 'ਤੇ ਲਾਈ। ਇੱਥੇ ਆਕੇ ਦਾਰੂ ਪੀ ਲਈ। ਮਗਰੋਂ ਹਰਜੀਤ ਦਾ ਫੋਨ ਆ ਗਿਆ। ਮੈਨੂੰ ਕਹਿੰਦਾ ਕਿਵੇਂ ਨਾ ਕਿਵੇਂ ਮਾਣਕ ਨੂੰ ਲੈ ਕੇ ਆ। ਰਿਕਾਰਡਿੰਗ ਕਰਨੀ ਐ। ਮੈਂ ਕਿਹਾ ਹੁਣ ਨ੍ਹੀ ਆਉਣਾ ਇਹਨੇ। ਇਹ ਤਾਂ ਦਾਰੂ ਨਾਲ ਡੱਕਿਆ ਬੈਠਾ। ਅਸੀਂ ਅਗਲੇ ਹਫ਼ਤੇ ਆਕੇ ਰਿਕਾਰਡਿੰਗ ਕਰਵਾ ਜਾਵਾਂਗੇ। ਜਾਣੀਦਾ ਇਹ ਗੱਲਾਂ ਉਦੋਂ ਦੀਆਂ ਜਦੋਂ ਦੂਰਦਰਸ਼ਨ 'ਤੇ ਗਾਉਣ ਵਾਸਤੇ ਗਾਇਕ ਤਰਲੇ ਮਾਰਦੇ ਹੁੰਦੇ ਸੀਗੇ। ਮਾਣਕ ਚੰਗੀ ਭਲੀ ਰਿਕਾਰਡਿੰਗ ਛੱਡਕੇ ਆ ਗਿਆ।"
         ਬਾਈ ਦੇਵ ਨੇ ਅੱਖਾਂ 'ਚ ਉੱਤਰ ਆਈ ਨਮੀ ਨੂੰ ਸੱਜੇ ਹੱਥ ਦੀ ਉਂਗਲ ਨਾਲ ਸਾਫ ਕੀਤਾ।
      "ਮਾਣਕ ਅੱਥਰਾ ਤੇ ਮੂੰਹਜ਼ੋਰ ਜਰੂਰ ਸੀ ਪਰ ਸ਼ਾਤਰ ਨ੍ਹੀ ਸੀਗਾ। ਓਨੂੰ ਆਪਣੀ ਗਾਇਕੀ 'ਤੇ ਮਾਣ ਈ ਬਾਹਲਾ ਸੀਗਾ। ਉਹਨੇ ਤਾਂ ਪਤੰਦਰ ਨੇ ਆਲਮ ਲੁਹਾਰ ਨਾਲ ਪੰਗਾ ਲੈ ਲਿਆ ਸੀ। ਆਲਮ ਲੁਹਾਰ ਨੇ ਕਿਤੇ ਚੜ੍ਹਦੇ ਪੰਜਾਬ ਦੀ ਗਾਇਕੀ ਬਾਰੇ ਉਲਟਾ ਸਿੱਧਾ ਆਖ ਦਿੱਤਾ ਅਖੇ ਇਹ ਟਰੱਕਾਂ ਵਾਲਿਆਂ ਦੀ ਗਾਇਕੀ ਐ। ਮਾਣਕ ਨੂੰ ਗੁੱਸਾ ਆ ਗਿਆ, ਏਨੇ ਏਥੇ ਸਟੇਜ 'ਤੇ ਈ ਵੰਗਾਰ ਲਿਆ ਆਲਮ ਲੁਹਾਰ ਨੂੰ। ਕਹਿੰਦਾ-ਤੂੰ ਮੇਰੇ ਮੁਕਾਬਲੇ ਗਾ ਕੇ ਦਿਖਾ। ਆਖਿਆ ਈ ਨ੍ਹੀ ਗਾ ਕੇ ਦਿਖਾਇਆ ਵੀ। ਆਲਮ ਲੁਹਾਰ ਨੂੰ ਮਨਾ ਕੇ ਛੱਡਿਆ। ਜਿਹੜਾ ਮਾਣਕ ਸੀ ਨਾ, ਕਿਸੇ ਦੀ ਗੱਲ ਨ੍ਹੀ ਸੀ ਸਹਾਰਦਾ। ਲੋਕ ਗਾਥਾਵਾਂ ਗਾਉਣ 'ਚ ਪੰਜਾਬ ਦਾ ਹੋਰ ਕੋਈ ਗਾਇਕ ਉਹਦੇ ਨੇੜੇ ਨ੍ਹੀ ਸੀ ਢੁੱਕਦਾ। ਯਾਰ ਮਾਣਕ ਤਾਂ ਬੱਸ --- ਮਾਣਕ ਈ ਸੀ। ਮਾਣਕ ਕਿਤੇ ਹਾਰੀ ਸਾਰੀ ਨੇ ਬਣ ਜਾਣਾ। ਸ਼ਰਾਬ ਲੈ ਬੈਠੀ --- ਉਹਨੂੰ ਹਜੇ ਜਾਣਾ ਨ੍ਹੀ ਸੀ ਚਾਹੀਦਾ। ਪਤੰਦਰ ਐਮੇ ਤੁਰ ਗਿਆ ਭੰਗ ਦੇ ਭਾਅ।"
       ਮਾਣਕ ਦੀ ਮੌਤ ਨੇ ਦੇਵ ਨੂੰ ਬੁਰੀ ਤਰ੍ਹਾਂ ਤੋੜ ਸੁੱਟਿਆ ਸੀ। ਆਪਣੇ ਗੱਭਰੂ ਪੁੱਤ ਹਰਪ੍ਰੀਤ ਬਿੱਟੂ ਦੀ ਮੌਤ ਜਿੰਨਾ ਹੀ ਦੁੱਖ ਮਾਣਕ ਦੇ ਜਾਣ ਦਾ ਹੋਇਆ। ਪੰਜਾਬ ਦਾ ਸ਼ਾਇਦ ਹੀ ਕੋਈ ਗਾਇਕ ਜਾਂ ਗਾਇਕਾ ਹੋਊ ਜਿਸ ਨੇ ਦੇਵ ਦੇ ਕਲਾਮ ਨੂੰ ਆਪਣੀ ਆਵਾਜ਼ ਨਾ ਦਿੱਤੀ ਹੋਊ, ਪਰ ਉਸਦੀ ਜੋ ਸਾਂਝ ਮਾਣਕ ਨਾਲ ਬਣੀ-ਹੋਰ ਕਿਸੇ ਨਾਲ ਨਾ ਹੋ ਸਕੀ। ਸੁਰਿੰਦਰ ਛਿੰਦੇ ਨਾਲ ਵੀ ਨਹੀਂ ਜੋ ਕਿ ਰਿਸ਼ਤੇ 'ਚ ਦੇਵ ਦਾ ਸਾਂਢੂ ਲੱਗਦਾ ਹੈ। ਛਿੰਦੇ ਨੇ ਬਾਈ ਦੇਵ ਦੇ ਗੀਤਾਂ ਨਾਲ ਹੀ ਸ਼ੁਰੂਆਤ ਕੀਤੀ ਸੀ। ਛਿੰਦੇ ਲਈ ਹੀ ਉਸਨੇ 'ਜਿਉਣਾ ਮੌੜ' ਲਿਖਿਆ। ਚਰਨਜੀਤ ਆਹੂਜੇ ਦੇ ਸੰਗੀਤ ਦੀ ਪਾਣ ਚੜ੍ਹਕੇ ਛਿੰਦੇ ਦੀ ਭਰਵੀਂ 'ਤੇ ਗਰਾਰੀਆਂ ਵਾਲੀ ਆਵਾਜ਼ ਨੇ ਦੇਵ ਦੀ ਲਿਖਤ 'ਚ ਅਜਿਹੀ ਰੂਹ ਭਰੀ ਕਿ "ਜਿਉਣਾ ਮੌੜ" ਘਰ ਘਰ ਗੂੰਜਣ ਲੱਗਾ। ਕੈਸੇਟਾਂ ਦੀ ਬਲੈਕ ਹੋਣ ਲੱਗੀ। ਗਲੀਆਂ 'ਚ ਖੇਡਦੇ ਨਿਆਣੇ "ਨਿੱਕਲ ਬਾਹਰ ਡੋਗਰਾ" ਵਰਗੇ ਡਾਇਲਾਗ ਬੋਲਣ ਲੱਗੇ। ਟਰੈਕਟਰਾਂ ਅਤੇ ਮੋਟਰਾਂ 'ਤੇ ਇਹੀ ਟੇਪ ਵੱਜਦੀ ਰਹਿੰਦੀ। ਲੋਕ ਸੁਰਿੰਦਰ ਛਿੰਦੇ ਤੋਂ ਅਖਾੜਿਆ 'ਚ "ਚਤਰਿਆ ! ਖੋਹਲ ਘੋੜੀ ਤੇ ਚੱਕ ਬੰਦੂਕ।" ਵਰਗੇ ਡਾਇਲਾਗ ਵਾਰ ਵਾਰ ਸੁਨਣ ਲੱਗੇ। 'ਜਿਉਣਾ ਮੌੜ' ਅੱਸੀਵਿਆਂ ਦੇ ਦੌਰ ਦੀ ਬਲਾਕ ਬਸਟਰ ਫਿਲਮ 'ਸ਼ੋਅਲੇ' ਬਣ ਗਿਆ। ਛਿੰਦੇ ਨੂੰ ਫਿਲਮਾਂ 'ਚ ਵੀ ਉਸੇ ਢੰਗ ਦੇ ਹੀ ਰੋਲ ਮਿਲਣ ਲੱਗੇ।
      "ਬਾਈ, ਛਿੰਦੇ ਨੂੰ "ਜਿਉਣਾ ਮੌੜ" ਲਿਖ ਕੇ ਦੇਣ ਨਾਲ ਮਾਣਕ ਗੁੱਸੇ ਨ੍ਹੀ ਹੋਇਆ ? ਆਂਹਦਾ ਤਾਂ ਹੋਊ, ਮੈਨੂੰ ਕਿਉਂ ਨ੍ਹੀ ਦਿੱਤਾ?"
      "ਹੋਇਆ ਕਿਉਂ ਨ੍ਹੀ ? ਹੋਇਆ ਸੀ। ਪੂਰੇ ਦੋ ਸਾਲ ਗੁੱਸੇ ਰਿਹਾ ਮੇਰੇ ਨਾਲ। ਬੋਲਿਆ ਨ੍ਹੀ। ਮੈਂ ਵੀ ਨ੍ਹੀ ਬੁਲਾਇਆ। ਐੱਥੇ ਘਰੇ ਆ ਜਾਂਦਾ ਸੀ। ਆਵਦੀ ਬੀਬੀ ਨੂੰ ਤੇ ਜੁਆਕਾਂ ਨੂੰ ਮਿਲ ਮਿਲਾ ਕੇ ਚਲਾ ਜਾਂਦਾ ਸੀਗਾ। ਮੈਨੂੰ ਨ੍ਹੀ ਸੀ ਬੁਲਾਉਂਦਾ। ਮੈਂ ਵੀ ਉਹਦੇ ਘਰੇ ਜਾਂਦਾ ਸੀ। ਸਰਬਜੀਤ ਨੂੰ ਮਿਲ ਆਉਣਾ। ਜੁਆਕਾਂ ਨੂੰ ਮਿਲ ਗਿਲ ਆਉਣਾ। ਬੁਲਾਉਂਦਾ ਮੈਂ ਵੀ ਨ੍ਹੀ ਸੀ। ਨਾ ਉਹਨੇ ਮੇਰੇ ਬਾਰੇ ਮਾੜਾ ਕਿਹਾ ਨਾ ਮੈਂ ਈ ਬੋਲਿਆ। ਦੋ ਸਾਲਾਂ ਬਾਅਦ ਦੁਬਾਰਾ ਸੁਲਾਹ ਸਫਾਈ ਹੋਗੀ। ਸਾਡਾ ਪਿਉ-ਪੁੱਤਾ ਦਾ ਕੀ ਰੌਲਾ ਸੀਗਾ ? ਫੇਰ ਮੈਂ ਉਹਨੂੰ "ਜੱਗਾ ਡਾਕੂ" ਲਿਖ ਕੇ ਦਿੱਤਾ। "ਮੱਸਾ ਰੰਗੜ" ਵੀ ਲਿਖਿਆ। ਦੋਵੇ ਚੱਲੇ ਵੀ ਪਰ ਉਹ ਗੱਲ ਨ੍ਹੀ ਬਣ ਸਕੀ। ਜਿਉਣੇ ਮੌੜ ਵਾਲੇ ਪੱਧਰ ਨੂੰ ਕੋਈ ਨ੍ਹੀ ਪਹੁੰਚ ਸਕਿਆ। ਮਾਣਕ ਤੋਂ ਉਹ ਗੱਲ ਬਨਣੀ ਵਨ੍ਹੀ ਸੀ। ਓਹਦੀ ਆਵਾਜ਼ ਉਪੇਰਿਆਂ ਵਾਸਤੇ ਬਣੀਓ ਨ੍ਹੀ ਸੀ। ਉਹ ਹਿੱਕ ਦੇ ਜ਼ੋਰ 'ਤੇ ਗਾਉਂਦਾ ਸੀ। ਡਾਇਲਾਗ ਨ੍ਹੀ ਸੀ ਬੋਲ ਹੁੰਦੇ ਜਿਵੇਂ ਦੇ ਛਿੰਦੇ ਨੇ ਬੋਲੇ ਜਿਉਣਾ ਮੌੜ 'ਚ।"
       ਬਾਈ ਦੇਵ ਬਹੁਤ ਨਿਮਰ ਤੇ ਕੂਲੇ ਸੁਭਾਅ ਦਾ ਹੈ। ਉਹ ਬਹੁਤਾ ਚਿਰ ਕਿਸੇ ਨਾਲ ਗੁੱਸੇ ਰਹਿ ਈ ਨ੍ਹੀ ਸਕਦਾ। ਮਾਣਕ ਨਾਲ ਵੀ ਕਿਉਂ ਗੁੱਸਾ ਰੱਖਦਾ ? ਮਾਣਕ ਤੇ ਬਾਈ ਦੇਵ ਕਿੰਨਾ ਕੁ ਚਿਰ ਆਪਸ 'ਚ ਗੁੱਸੇ ਰਹਿ ਸਕਦੇ ਸਨ ? ਮਾਣਕ ਲਈ ਉਸ ਨੇ ਸੈਂਕੜੇ ਲੋਕ ਗਾਥਾਵਾਂ ਤੇ ਦੋਗਾਣੇ ਲਿਖੇ ਸਨ। ਥਰੀਕੇ ਪਿੰਡ ਦੀ ਮੋਟਰ 'ਤੇ ਬੈਠ ਕੇ ਦੋਵਾਂ ਨੇ ਇੱਕੋ ਗਿਲਾਸ 'ਚ ਦਾਰੂ ਪੀਤੀ ਸੀ। ਦੋਵਾਂ ਨੇ ਰਲਕੇ ਕਣਕ ਵੱਢੀ ਸੀ। ਬਾਈ ਦੇਵ ਦੀ ਜੀਵਨ ਸਾਥਣ ਪ੍ਰੀਤਮ ਕੌਰ ਜੋ ਕਿ ਮਾਣਕ ਲਈ ਮਾਂ ਸਾਮਾਨ ਸੀ, ਨੇ ਦੋਵਾਂ ਲਈ ਰੋਟੀਆਂ ਢੋਈਆਂ ਸਨ। ਮੋਟਰ 'ਤੇ ਬਹਿ ਕੇ ਬਾਈ ਨੇ ਗੀਤ ਲਿਖੇ ਸਨ ਤੇ ਮਾਣਕ ਨੇ ਕੰਨ 'ਤੇ ਹੱਥ ਰੱਖ ਕੇ ਉੱਚੀ ਉੱਚੀ ਹੇਕਾਂ ਲਾਈਆਂ ਸਨ। ਮਾਣਕ ਦੇ ਗਾਏ ਬਹੁਤੇ ਗੀਤਾਂ ਦੀਆਂ ਤਰਜਾਂ ਵੀ ਏਥੇ ਹੀ ਬਣੀਆਂ ਸਨ। ਏਥੇ ਬੈਠ ਕੇ ਹੀ ਉਸਨੇ ਮਾਣਕ ਦੀ ਭਾਈਵਾਲੀ ਵਾਲੀ ਫਿਲਮ "ਬਲਵੀਰੋ ਭਾਬੀ" ਦੇ ਗੀਤ ਲਿਖੇ ਸਨ।
       "ਬਾਈ 'ਬਲਵੀਰੋ ਭਾਬੀ' ਫਿਲਮ ਚੱਲੀ ਕਿਉਂ ਨ੍ਹੀ?"
      "ਚੱਲਣੀ ਸਵਾਹ ਸੀ ? ਲੋਕ ਮਨਾਂ 'ਚ ਬੈਠੀ ਕਹਾਣੀ ਤਾਂ ਉੱਕਾ ਹੀ ਬਦਲ ਦਿੱਤੀ ਗਈ ਸੀ। ਹੋਰ ਦਾ ਹੋਰ ਈ ਬਣਾ ਦਿੱਤਾ।"
        "ਤੁਸੀਂ ਫਿਲਮ ਦੀ ਕਹਾਣੀ ਲਿਖਣ 'ਚ ਸ਼ਾਮਲ ਨ੍ਹੀ ਸੀ ?"
      "ਮੈਂ ਕਾਹਨੂੰ ਲਿਖੀ ਸੀ। ਇਹ ਨਾਟਕਾਂ ਵਾਲੇ ਭਾਗ ਸਿੰਘ ਨੇ ਲਿਖੀ ਸੀ। ਉਹ ਲਾਲ ਜ੍ਹੀ ਦਾੜੀ ਵਾਲਾ। ਉਦੂੰ ਪਹਿਲਾਂ ਉਹਨੇ 'ਮਾਮਲਾ ਗੜਬੜ ਹੈ' ਫਿਲਮ ਲਿਖੀ ਸੀ। ਸਟੋਰੀ ਸਟਾਰੀ ਤਾਂ ਉਹਦੀ ਵੀ ਹੈਨੀ ਸੀਗੀ। ਉਹ ਤਾਂ ਮੁੰਡੇ ਕੁੜੀਆਂ 'ਚ ਗੁਰਦਾਸ ਮਾਨ ਦਾ ਕਰੇਜ਼ ਸੀ, ਏਸ ਕਰਕੇ ਚੱਲਗੀ ਸੀਗੀ। ਬਲਵੀਰੋ ਭਾਬੀ 'ਤੇ ਗੁਰਚਰਨ ਪੋਹਲੀ, ਚੰਨ ਗੁਰਾਇਆ ਵਾਲੇ ਤੇ ਮਾਣਕ ਦਾ ਪੈਸਾ ਲੱਗਾ ਸੀ। ਅਸਲ 'ਚ ਨਾ ਮਾਣਕ ਦੇ ਅੰਦਰ ਕੀੜਾ ਕੁਰਬਲ ਕੁਰਬਲ ਕਰਦਾ ਸੀਗਾ ਫਿਲਮਾਂ 'ਚ ਮੂੰਹ ਵਿਖਾਉਣ ਦਾ। ਗੁਰਚਰਨ ਪੋਹਲੀ ਤਾਂ ਕਈ ਵਰ੍ਹੇ ਬੰਬੇ (ਮੁੰਬਈ) ਫਿਲਮਾਂ 'ਚ ਧੱਕੇ ਧੁੱਕੇ ਵੀ ਖਾ ਆਇਆ ਸੀ। ਉਹਨਾਂ ਦੀ ਈ ਚੋਣ ਸੀ ਵਈ ਫਿਲਮ ਭਾਗ ਸਿਹੁੰ ਤੋਂ ਈ ਲਿਖਾਉਣੀ ਐ। ਭਾਗ ਸਿਹੁੰ ਵਾਸਤੇ ਹੋਟਲ ਬੁੱਕ ਕਰਵਾਇਆ। ਉਹ ਲਿਖਾਈ ਜਾਂਦਾ ਮੈਂ ਲਿਖੀ ਜਾਂਦਾ। ਮੈਂ ਬਥੇਰਾ ਟੋਕਿਆ ਉਹਨੂੰ। ਇਸ ਲੋਕ ਗਾਥਾ ਬਾਰੇ ਕਈ ਕਿੱਸੇ ਵੀ ਪੜ੍ਹਾਏ ਪਰ ਉਹ ਮੰਨਿਆ ਈ ਨ੍ਹੀ। ਮੈਂ ਤਾਂ ਫਿਲਮ ਦਾ ਨਾਂ ਵੀ "ਸੁੱਚਾ ਸੂਰਮਾ" ਰੱਖਣਾ ਚਾਹੁੰਦਾ ਸੀਗਾ। ਮੇਰੀ ਨ੍ਹੀ ਸੁਣੀ ਕਿਸੇ ਨੇ। ਭਾਗ ਸਿਹੁੰ ਹੋਟਲ 'ਚ ਬਹਿਕੇ ਸੋਲ੍ਹਾਂ ਬੋਤਲਾਂ ਦਾਰੂ ਦੀਆਂ ਪੀ ਗਿਆ ਤੇ ਪੰਜ ਕਿਲੋ ਖਾ ਗਿਆ ਮੀਟ। ਉੱਘ ਦੀਆਂ ਪਤਾਲ ਲਿਖਾਈ ਗਿਆ। ਫਿਲਮ ਕੀ ਚੱਲਣੀ ਸੀ ? ਮਾਣਕ ਦਾ ਝੱਸ ਤਾਂ ਪੂਰਾ ਹੋ ਗਿਆ ਪਰ ਨੰਗ ਹੋਕੇ ਬਹਿ ਗਿਆ। ਮੁੜ ਕੇ ਨ੍ਹੀ ਨਾਂ ਲਿਆ ਫਿਲਮ ਬਣਾਉਣ ਦਾ।"
     "ਝੱਸ ਤਾਂ ਬਾਈ ਤੁਸੀਂ ਵੀ ਪੂਰਾ ਕਰ ਲਿਆ ਸੀ। ਫਿਲਮ ਦੇ ਗਾਣੇ ਤਾਂ ਤੁਸੀਂ ਈ ਲਿਖੇ ਸੀਗੇ।"
    "ਸਾਰੇ ਨ੍ਹੀ, ਫਿਲਮ ਦੇ ਕੁਛ ਗਾਣੇ ਮੈਂ ਲਿਖੇ ਸੀ। ਗਾਣੇ ਤਾਂ ਹੋਰ ਬਥੇਰੀਆਂ ਫਿਲਮਾਂ 'ਚ ਲਿਖੇ ਐ। 'ਲੰਬੜਦਾਰਨੀ' ਫਿਲਮ ਦਾ "ਯਾਰਾਂ ਦਾ ਟਰੱਕ ਬੱਲੀਏ" ਤਾਂ ਬੜਾ ਈ ਚੱਲਿਆ ਸੀ। ਫਿਲਮਾਂ ਵਾਲਾ ਵਰਿੰਦਰ ਆ ਗਿਆ ਘਰੇ। ਕਹਿੰਦਾ ਗਾਣਾ ਲਿਖ ਕੇ ਦਿਉ। ਐਥੇ ਬੈਠ ਕੇ ਈ ਲਿਖਿਆ ਜੁਆਕਾਂ ਦੀ ਕਾਪੀ 'ਤੇ। 'ਪੁੱਤ ਜੱਟਾਂ ਦੇ' ਫਿਲਮ ਦਾ ਟਾਈਟਲ ਗੀਤ ਈ ਮੇਰਾ ਲਿਖਿਆ ਹੋਇਆ ਸੀ। ਹੋਰ ਵੀ ਪੰਦਰ੍ਹਾਂ ਸੋਲ੍ਹਾਂ ਫਿਲਮਾਂ ਦੇ ਗਾਣੇ ਲਿਖੇ ਆ। ਮੈਨੂੰ ਤਾਂ ਹੁਣ ਯਾਦ ਵਨ੍ਹੀ।"
       ਦੇਵ ਬਹੁਤਾ ਕੁੱਛ ਯਾਦ ਰੱਖਣਾ ਵੀ ਨਹੀਂ ਚਾਹੁੰਦਾ। ਉਹ ਪੰਜਾਬੀ ਗੀਤਕਾਰੀ ਦੇ ਪਿੜ 'ਚ ਠੁਮਕ ਠੁਮਕ ਤੁਰਦਾ ਰਿਹਾ ਹੈ। ਉਸਦੇ ਕਈ ਸਮਕਾਲੀ ਗਾਹੇ ਬਗਾਹੇ ਉਸ ਖ਼ਿਲਾਫ ਬੋਲਦੇ ਵੀ ਰਹੇ ਨੇ। ਇੱਕ ਵੱਡਾ ਗੀਤਕਾਰ ਤਾਂ ਉਸ ਨੂੰ ਗੀਤਕਾਰ ਮੰਨਣ ਤੋਂ ਹੀ ਇਨਕਾਰੀ ਰਿਹਾ ਹੈ। ਗੱਲਾਂ ਦੇਵ ਕੋਲ ਪੁੱਜਦੀਆਂ ਸਨ ਪਰ ਉਸ ਨੇ ਕਿਸੇ ਖਿਲਾਫ਼ ਮਾੜਾ ਨਹੀਂ ਬੋਲਿਆ। ਉਹ ਬੇਪਰਵਾਹੀ 'ਚ ਆਖਦਾ, "ਚੰਦ ਮੂਹਰੇ ਹੱਥ ਕਰਕੇ ਜੇ ਕੋਈ ਆਖੇ ਚੰਦ ਤਾਂ ਚੜਿਆ ਈ ਨ੍ਹੀ—ਏਹਦੇ ਨਾਲ ਚੰਦ ਨੂੰ ਕੀ ਫਰਕ ਪੈਜੂ ?"
        ਅਜਿਹੀਆਂ ਗੱਲਾਂ ਬਾਰੇ ਉਹ ਅਕਸਰ ਆਖਦਾ ਹੈ, "ਕੜਿਆਲਵੀ, ਯਾਰ ਤੂੰ ਕਹਾਣੀ ਲਿਖਦਾਂ। ਕਿੰਨੇ ਲੋਕ ਤੇਰੀ ਕਹਾਣੀ ਪੜ੍ਹਦੇ ਆ। ਜੇ ਕੋਈ ਲੱਲੂ ਪੰਜੂ ਬੰਦਾ ਤੈਨੂੰ ਕਹਾਣੀਕਾਰ ਨਹੀਂ ਵੀ ਮੰਨਦਾ-ਏਹਦਾ ਮਤਲਬ ਏਹ ਤਾਂ ਨ੍ਹੀ ਵੀ ਤੂੰ ਕਹਾਣੀਕਾਰ ਈ ਨ੍ਹੀ। ਯਾਰ ਲੋਕਾਂ ਨੂੰ ਤਾਂ ਥਰੀਕੇ ਵਾਲਾ ਦੀਂਹਦਾ ਈ ਆ। ਕਨਈਂ ? ਨਾਲੇ ਇੱਕ ਕਲਾਕਾਰ, ਗੀਤਕਾਰ ਜਾਂ ਸਾਹਿਤਕਾਰ ਸਾਰਿਆਂ ਨੂੰ ਪ੍ਰਵਾਨ ਹੁੰਦਾ ਵਨ੍ਹੀ। ਬਥੇਰੀ ਦੁਨੀਆ ਉਹਦੇ ਨਾਲ ਅਸਹਿਮਤ ਵੀ ਹੁੰਦੀ ਐ। ਜਿਹੜੇ ਦੇਵ ਨੂੰ ਗੀਤਕਾਰ ਨਹੀਂ ਮੰਨਦੇ ਉਹਨਾਂ ਦਾ ਵੀ ਭਲਾ ਤੇ ਜਿਹੜੇ ਮੰਨਦੇ ਆ ਉਹਨਾਂ ਦਾ ਵੀ ਭਲਾ। ਜਿਹੜੇ ਨਹੀਂ ਮੰਨਦੇ ਉਹ ਵੱਡੇ ਹੋਣਗੇ—ਤਾਂ ਈ ਨ੍ਹੀ ਮੰਨਦੇ।"
        ਦੇਵ ਥਰੀਕੇ ਵਾਲੇ ਨੂੰ ਗੀਤਕਾਰ ਨਾ ਮੰਨਣ ਵਾਲੇ ਵੀ ਆਪਣੀ ਥਾਵੇਂ ਸੱਚੇ ਨੇ। ਦਰਅਸਲ ਬਾਈ ਦੇਵ ਦੀ ਗੀਤਕਾਰੀ ਨੂੰ ਲੋਕਾਂ ਵਲੋਂ ਜਿੰਨੀ ਪ੍ਰਵਾਨਗੀ ਮਿਲੀ ਹੈ, ਬਾਈ ਨੇ ਉਸ ਹਿਸਾਬ ਨਾਲ ਗੀਤਕਾਰੀ ਤੋਂ ਲਾਹਾ ਨ੍ਹੀ ਖੱਟਿਆ। ਪੈਸੇ ਕਮਾਉਣ ਲਈ ਉਸ ਨੇ ਏਧਰ ਓਧਰ ਹੱਥ ਪੈਰ ਨਹੀਂ ਮਾਰੇ। ਕਿਸੇ ਗਾਇਕ ਤੋਂ ਮੂੰਹ ਫਾੜ ਕੇ ਪੈਸੇ ਨਹੀਂ ਮੰਗੇ। ਗਾਇਕ ਨੇ ਜੋ ਹੱਥ ਝਾੜ ਦਿੱਤਾ, ਸਤਿ ਬਚਨ ਆਖ ਕੇ ਪ੍ਰਵਾਨ ਕਰ ਲਿਆ। ਉਹ ਬਿਨਾ ਗਿਣਿਆਂ ਚੁੱਪ ਕਰਕੇ ਖੀਸੇ 'ਚ ਪਾ ਲੈਂਦਾ ਰਿਹਾ। ਰੁਪਈਏ ਪੈਸੇ ਉਸਦੀ ਕਦੇ ਕਮਜ਼ੋਰੀ ਨਹੀਂ ਬਣੇ। ਇਸ ਪੱਖੋਂ ਉਹ ਪੂਰੀ ਤਰ੍ਹਾਂ ਸੰਤੁਸ਼ਟ ਰਿਹਾ ਹੈ।
    "ਪੈਸਾ ਧੇਲਾ ਤੇ ਹੋਰ ਪਦਾਰਥੀ ਚੀਜ਼ਾਂ ਸਭ ਏਥੇ ਰਹਿ ਜਾਣੀਆਂ। ਕੁਛ ਨ੍ਹੀ ਨਾਲ ਜਾਣਾ। ਪੈਸਾ ਕਿਸੇ ਦੇ ਵੀ ਨਾਲ ਨ੍ਹੀ ਗਿਆ। ਬਥੇਰਾ ਮਾਣ ਸਨਮਾਨ ਮਿਲਿਆ, ਲੋਕਾਂ ਵਲੋਂ ਵੀ ਤੇ ਸੰਸਥਾਵਾਂ ਵਲੋਂ ਵੀ। ਲੋੜ ਜੋਗੀ ਰਾਇਲਟੀ ਹੁਣ ਵੀ ਆਈ ਜਾਂਦੀ ਐ। ਐਚ ਐਮ ਵੀ ਦੇਈ ਜਾਂਦੀ। ਆਹ ਨੈੱਟ ਆਲੇ ਵੀ ਦੇਈ ਜਾਂਦੇ। ਕਬੀਲਦਾਰੀ ਸਾਰੀ ਛੱਡੀ ਬੈਠਾਂ। ਸਾਰਾ ਕੁਛ ਬੇਟੇ ਦੀਨੇ ਦੇ ਨਾਂ ਕਰਾਤਾ। ਬਹੁਤ ਸੇਵਾ ਕਰਦਾ। ਪੋਤੀਆਂ ਪੋਤਾ ਬਾਹਰ ਐ। ਟੈਨਸ਼ਨ ਕੋਈ ਨ੍ਹੀ। ਸੈਂਤੀ ਸਾਲ ਸਕੂਲ ਮਾਸਟਰੀ ਕੀਤੀ ਐ। ਪੈਨਸ਼ਨ ਆਈ ਜਾਂਦੀ ਵਾਧੂ। ਦੋ ਸੌ ਪੌਂਡ ਪੈਨਸ਼ਨ ਦੇਵ ਐਪਰੀਸ਼ੇਸ਼ਨ ਸੁਸਾਇਟੀ ਵਾਲੇ ਦੇਈ ਜਾਂਦੇ ਐ। ਹੋਰ ਦੱਸ ਕਾਹਦੇ ਆਸਤੇ ਮਰੂੰ ਮਰੂੰ ਕਰਨਾ। ਕੀ ਫੈਦਾ ਢਿੱਲੀਆਂ ਗੱਲਾਂ ਕਰਨ ਦਾ ?"
       ਬਾਈ ਦੇਵ ਜਵਾਂ ਸੱਚ ਆਖਦਾ ਹੈ। ਮੈਂ ਉਸਨੂੰ ਕਦੇ ਢਿੱਲੀ ਗੱਲ ਕਰਦੇ ਨ੍ਹੀ ਵੇਖਿਆ। ਉਹ ਸੁਭਾਅ ਪੱਖੋ ਲਾਪਰਵਾਹ ਕਿਸਮ ਦਾ ਬੰਦਾ ਹੈ। ਉਸਦੀ ਲਾਪਰਵਾਹੀ ਦਾ ਅੰਦਾਜ਼ਾ ਇਸੇ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਉਸ ਕੋਲ ਆਪਣੀਆਂ ਗੀਤਾਂ ਦੀਆਂ ਛਪੀਆਂ ਕਿਤਾਬਾਂ ਤੇ ਰਿਕਾਰਡ ਹੋਏ ਤਵਿਆਂ ਜਾਂ ਕੈਸਟਾਂ ਦਾ ਕੋਈ ਰਿਕਾਰਡ ਨਹੀਂ ਹੈ। ਉਸਨੇ ਨਾ ਕੋਈ ਪੱਥਰ ਦਾ ਤਵਾ ਸਾਂਭਿਆ ਹੈ ਨਾ ਪਲਾਸਟਿਕ ਦਾ। ਨਾਹੀਂ ਟੇਪ ਰਿਕਾਰਡਰਾਂ 'ਚ ਵੱਜਣ ਵਾਲੀ ਕੋਈ ਰੀਲ ਤੇ ਨਾਹੀਂ ਗੀਤਾਂ ਦੀ ਕੋਈ ਪੁਸਤਕ। ਉਂਜ ਉਸਦੀ ਨਿੱਜੀ ਲਾਇਬਰੇਰੀ 'ਚ ਕੜਿਆਲਵੀ ਤੋਂ ਲੈ ਕੇ ਕੁਲਵੰਤ ਸਿੰਘ ਵਿਰਕ ਤੱਕ ਦੇ ਕਹਾਣੀ ਸੰਗ੍ਰਹਿ, ਬੂਟਾ ਸਿੰਘ ਸ਼ਾਦ ਦੇ ਨਾਵਲ 'ਕੁੱਤਿਆਂ ਵਾਲੇ ਸਰਦਾਰ' ਤੋਂ ਲੈ ਕੇ ਦਿੱਲੀ ਵਾਲੇ ਨਛੱਤਰ ਦੇ ਨਾਵਲ 'ਕੈਂਸਰ ਟਰੇਨ' ਤੱਕ ਤੇ ਬਲਰਾਜ ਸਾਹਨੀ ਦੇ ਪਾਕਿਸਤਾਨੀ ਤੇ ਰੂਸੀ ਸਫਰਨਾਮਿਆਂ ਤੋਂ ਲੈ ਕੇ ਵਰਿਆਮ ਸੰਧੂ ਦੇ ਪਾਕਿਸਤਾਨ ਬਾਰੇ ਸਫਰਨਾਮੇ "ਵਗਦੀ ਸੀ ਰਾਵੀ" ਤੱਕ ਹਜ਼ਾਰਾਂ ਪੁਸਤਕਾਂ ਮੌਜੂਦ ਹਨ। ਉਹ ਦੇਸੀ ਵਿਦੇਸ਼ੀ ਲੇਖਕਾਂ ਦੀਆਂ ਸਾਰੀਆਂ ਚਰਚਿਤ ਪੁਸਤਕਾਂ ਪੜ੍ਹਦਾ ਤੇ ਪਿਆਰ ਨਾਲ ਸੰਭਾਲਦਾ ਹੈ।
       ਬਾਈ ਦੇਵ ਉਪਰ ਐਮ ਫਿਲ ਜਾਂ ਪੀ ਐਚ ਡੀ ਕਰਨ ਵਾਲਾ ਕੋਈ ਵਿਦਿਆਰਥੀ ਜਦੋਂ ਉਸ ਕੋਲੋਂ ਕਿਸੇ ਗੀਤ ਜਾਂ ਕਿਤਾਬ ਸਬੰਧੀ ਰਿਕਾਰਡ ਦੀ ਮੰਗ ਕਰਦਾ ਹੈ ਤਾਂ ਦੇਵ ਆਪਣੇ ਕਿਸੇ ਪ੍ਰਸੰਸਕ ਨੂੰ ਯਾਦ ਕਰਦਾ ਹੈ। ਉਸਦੇ ਪ੍ਰਸੰਸਕਾਂ ਨੇ ਸਾਰਾ ਰਿਕਾਰਡ ਸਭਾਲ ਕੇ ਰੱਖਿਆ ਹੋਇਆ ਹੈ। ਪਿੰਡ ਬਾਰਨਹਾੜਾ ਦਾ ਬਿੰਦਰ ਸੇਖੋਂ ਉਸਦੇ ਗੀਤਾਂ ਦਾ ਇਨਸਾਈਕਲੋਪੀਡੀਆ ਹੈ। ਉਸਨੂੰ ਦੇਵ ਦੇ ਸੈਂਕੜੇ ਗੀਤ ਜ਼ੁਬਾਨੀ ਯਾਦ ਨੇ। ਸੈਂਕੜੇ ਤਵੇ ਤੇ ਕੈਸਟਾਂ ਉਸ ਨੇ ਆਪਣੇ ਘਰ 'ਚ ਸਾਂਭੀਆਂ ਹੋਈਆਂ ਹਨ। ਦੇਵ ਦੇ ਪ੍ਰਸੰਸਕ ਦੇਵ ਨੂੰ ਰੱਬ ਵਾਂਗੂੰ ਮੰਨਦੇ ਨੇ। ਦੇਵ ਥਰੀਕਿਆਂ ਵਾਲਾ ਅਜਿਹਾ ਗੀਤਕਾਰ ਹੈ ਜਿਸ ਦੇ ਜਿਉਂਦੇ ਜੀਅ ਇੰਗਲੈਂਡ ਦੇ ਸ਼ਹਿਰ ਡਰਬੀ 'ਚ ਰਹਿੰਦੇ ਉਸ ਦੇ ਪ੍ਰਸੰਸਕਾਂ ਨੇ "ਦੇਵ ਐਪਰੀਸ਼ੇਸ਼ਨ ਸੁਸਾਇਟੀ" ਬਣਾਈ ਹੈ ਜਿਸਦਾ ਚੇਅਰਮੈਨ ਸੁਖਦੇਵ ਸਿੰਘ ਅਟਵਾਲ ਹੈ। ਸੁਸਾਇਟੀ ਹਰ ਸਾਲ ਵਧੀਆ ਗਾਇਕਾਂ, ਰਾਗੀਆਂ, ਢਾਡੀਆਂ ਤੇ ਗੀਤਕਾਰਾਂ ਨੂੰ ਸਨਮਾਨਿਤ ਕਰਦੇ ਹਨ। ਸੁਸਾਇਟੀ ਵਲੋਂ ਹਰ ਸਨਮਾਨਿਤ ਵਿਅਕਤੀ ਨੂੰ ਇੱਕ ਹਜ਼ਾਰ ਪੌਂਡ ਦੀ ਰਾਸ਼ੀ ਭੇਟ ਕੀਤੀ ਜਾਂਦੀ ਹੈ। ਸੁਸਾਇਟੀ ਨੇ ਬਾਈ ਦੇਵ ਨੂੰ ਇੰਗਲੈਂਡ ਦੀ ਰਾਣੀ ਦਾ ਕਾਰਡ ਦੁਆ ਦਿੱਤਾ ਹੈ ਜਿਸ ਕਰਕੇ ਉਹਦੇ ਵੀਜ਼ੇ 'ਚ ਕੋਈ ਰੋਕ ਨਹੀਂ ਪੈਂਦੀ। ਉਹ ਸੁਸਾਇਟੀ ਦੇ ਸਮਾਗਮਾਂ 'ਚ ਭਾਗ ਲੈਣ ਵਾਸਤੇ ਇੰਗਲੈਂਡ ਜਾਂਦਾ ਰਿਹਾ ਹੈ।
      "ਬਾਈ ਗੀਤਾਂ ਦੀਆਂ ਕਿਤਾਬਾਂ ਕੀਹਨੇ ਛਾਪੀਆਂ ? ਕਿਤਾਬਾਂ ਵਾਲਿਆਂ ਨੇ ਵੀ ਕੁੱਛ ਪਿੜ ਪੱਲੇ ਪਾਇਆ ਕਿ ਨਹੀਂ ?"
     "ਮੇਰੀ ਪਹਿਲੀ ਕਿਤਾਬ "ਮੈਂ ਜੱਟੀ ਪੰਜਾਬ ਦੀ" ਚਤਰ ਸਿੰਘ ਜੀਵਨ ਸਿੰਘ ਨੇ ਛਾਪੀ ਸੀ। ਪੰਜ ਰੁਪਈਏ ਦੀ ਵੇਚਦੇ ਸੀਗੇ। ਸੁਨਣ 'ਚ ਆਇਆ ਉਹਨਾਂ ਨੇ ਇਸ ਕਿਤਾਬ ਦੀ ਦੋ ਲੱਖ ਕਾਪੀ ਵੇਚੀ ਐ। ਇਸ ਪਹਿਲੀ ਕਿਤਾਬ ਦਾ ਉਹਨਾਂ ਨੇ ਕੱਖ ਨ੍ਹੀ ਸੀ ਦਿੱਤਾ। ਉਦੋਂ ਤਾਂ ਮੈਨੂੰ ਚਾਅ ਈ ਐਨਾ ਸੀਗਾ ਵ੍ਹੀ ਕਿਤਾਬ ਛਪੀ ਐ। ਹਾਂ ਬਾਅਦ ਦੀਆਂ ਕਿਤਾਬਾਂ ਦੇ ਦਿੰਦੇ ਰਹੇ ਆ। ਕਈ ਕਿਤਾਬਾਂ ਦਰਬਾਰ ਪਬਲੀਸਿ਼ੰਗ ਵਾਲਿਆਂ ਨੇ ਵੀ ਛਾਪੀਆਂ।"
      "ਸਾਂਭੀ ਕੋਈ ਵੀ ਨਹੀਂ ? ਐਨੀ ਲਾਪਰਵਾਹੀ।"
    "ਉਦੋਂ ਕੀ ਪਤਾ ਸੀ ਵ੍ਹੀ ਦੇਵ ਥਰੀਕਿਆਂ ਵਾਲਾ ਬਣਜੂੰ। ਸੱਚੀਂ ਲਾਪਰਵਾਹ ਈ ਬਣਿਆ ਰਿਹਾ। ਆਪਣੀਆਂ ਕਿਤਾਬਾਂ ਵਲੋਂ ਵੀ ਤੇ ਘਰ ਵਲੋਂ ਵੀ। ਮੈਨੂੰ ਘਰ ਦਾ ਉੱਕਾ ਪਤਾ ਨ੍ਹੀਂ ਸੀ ਹੁੰਦਾ। ਘਰ ਪ੍ਰੀਤਮ ਕੌਰ ਹੀ ਚਲਾਉਂਦੀ ਸੀ। ਉਸੇ ਨੇ ਜਵਾਕ ਪਾਲੇ। ਏਸੇ ਨੇ ਪੜ੍ਹਾਏ ਲਿਖਾਏ। ਮੇਰਾ ਤਾਂ ਬੱਸ ਡਾਂਗ 'ਤੇ ਈ ਡੇਰਾ ਰਿਹਾ। ਘਰ ਦਾ ਦੇਣਾ ਲੈਣਾ, ਸਾਕ ਸਕੀਰੀਆਂ 'ਚ ਜਾਣਾ ਆਉਣਾ, ਸਾਬ੍ਹ-ਕਿਤਾਬ ਸਾਰਾ ਉਹੀ ਰੱਖਦੀ ਸੀਗੀ। ਮੈਨੂੰ ਮਾਸਟਰ ਹਰਦੇਵ ਸਿੰਘ ਤੋਂ ਦੇਵ ਥਰੀਕਿਆਂ ਵਾਲਾ ਵੀ ਏਸੇ ਨ੍ਹੀ ਈ ਬਣਾਇਆ। ਮੈਨੂੰ ਵੀ ਏਸੇ ਨੇ ਹੀ ਸਾਂਭਿਆ ਨ੍ਹੀ ਮੈਂ ਤਾਂ ਰੁਲ ਜਾਣਾ ਸੀ। "ਕਾਹਨੂੰ ਮਾਰਦਾਂ ਚੰਦਰਿਆ ਛਮਕਾਂ" ਗੀਤ ਉਹਦੇ ਵਾਸਤੇ ਈ ਲਿਖਿਆ ਸੀ।"
"ਰੋਏਂਗਾ ਢਿੱਲੇ ਜਿਹੇ ਬੁੱਲ੍ਹ ਕਰਕੇ, ਪਾਲੀ ਬੀਬਾ ਜਦੋਂ ਮਰਗੀ।"
       "ਜਦੋਂ ਮੈਂ ਪ੍ਰੀਤਮ ਕੌਰ ਵਾਸਤੇ ਇਹ ਗੀਤ ਲਿਖਿਆ ਉਦੋਂ ਇਸਦੇ ਬੋਲ ਸਨ, "ਕਾਹਨੂੰ ਮਾਰਦਾਂ ਚੰਦਰਿਆ ਛਮਕਾਂ ਮੈਂ ਕੱਚ ਦੇ ਗਿਲਾਸ ਵਰਗੀ, ਫੇਰ ਰੋਏਂਗਾ ਢਿੱਲੇ ਜਿਹੇ ਬੁੱਲ੍ਹ ਕਰਕੇ ਦੇਵ ਪੀਤੋ ਜਦੋਂ ਮਰਗੀ।" ਨਰਿੰਦਰ ਬੀਬਾ ਨੇ ਮੇਰੇ ਤੋਂ ਇਹ ਗੀਤ ਲੈ ਲਿਆ। ਕਹਿੰਦੀ ਮੈਂ ਗੀਤ ਤਾਂ ਰਿਕਾਰਡ ਕਰਵਾਉਣਾ ਪਰ ਇੱਕ ਲਾਈਨ ਬਦਲਣੀ ਹੈ। ਮੈਂ ਵ੍ਹੀ ਅੜੀ ਨ੍ਹੀ ਕੀਤੀ। ਚਲੋ ਗੀਤ ਰਿਕਾਰਡ ਹੋਜੇ। ਬੀਬਾ ਨੇ ਇੱਕ ਲਾਈਨ ਬਦਲਵਾ ਦਿੱਤੀ- ਵੇ ਪਾਲੀ ਬੀਬਾ ਜਦੋਂ ਮਰਗੀ।"
       ਆਖਦੇ ਨੇ ਕਿ ਵਾਰਸ਼ ਸ਼ਾਹ ਨੇ ਹੀਰ ਦੇ ਕਿੱਸੇ ਰਾਹੀਂ ਭਾਗਭਰੀ ਨਾਲ ਆਪਣੇ ਇਸ਼ਕ ਦੀ ਦਾਸਤਾਨ ਲਿਖੀ ਹੈ। ਉਸਦੀ ਹੁੰਦੜਹੇਲ 'ਹੀਰ' ਪੰਜਾਬਣ ਮੁਟਿਆਰ ਦਾ ਪ੍ਰਤੀਕ ਹੈ ਜਿਸਦਾ ਲੋਹੜੇ ਮਾਰਦਾ ਹੁਸਨ ਅਸਮਾਨੀ ਉੱਡਦੇ ਪੰਛੀਆਂ ਨੂੰ ਵੀ ਹਲਾਕ ਕਰ ਦੇਣ ਦੇ ਸਮਰੱਥ ਹੈ। ਪੰਜਾਬ ਦੀ ਇਸ ਮਾਣਮੱਤੀ ਮੁਟਿਆਰ ਦੀ ਖਾਤਰ ਤਖਤ ਹਜ਼ਾਰੇ ਦੇ ਚੌਧਰੀ ਦਾ ਪੁੱਤ ਘਰ ਘਾਟ ਛੱਡ ਕੇ ਸਾਧ ਹੋ ਜਾਂਦਾ ਹੈ।
       "ਬਾਈ, ਤੁਸੀਂ ਵੀ ਗੋਰਖ ਨਾਥ ਦੇ ਟਿੱਲੇ ਤੋਂ ਬਥੇਰੀਆਂ ਹਾਕਾਂ ਮਾਰੀਆਂ ਹੀਰ ਨੂੰ। ਟਿੱਲੇ ਵਾਲਿਆ ਮਿਲਾਦੇ ਜੱਟੀ ਹੀਰ ਨੂੰ ---- ਥੋਡੀ ਭਾਗਭਰੀ ?"
      "ਕਾਹਨੂੰ ਕੜਿਆਲਵੀ, ਅਸੀਂ ਤਾਂ ਐਵੈਂ ਡਰਦੇ ਈ ਰਹੇ ਸਾਰੀ ਉਮਰ। ਤੂੰ ਤਾਂ ਯਾਰ ਪਤੰਦਰ ਐਂ। ਤੇਰੀ ਵਾਰਤਕ ਵਾਲੀ ਕਿਤਾਬ "ਖਤਰਨਾਕ ਅੱਤਵਾਦੀ ਦੀ ਜੇਲ੍ਹ ਯਾਤਰਾ" ਪੜ੍ਹੀ ਐ। ਯਾਰ ਬਾਹਲੇ ਪੰਗੇ ਲਏ ਤੂੰ ਤਾਂ।" ਬਾਈ ਦੇਵ 'ਹਾ ਹਾ ਹਾ' ਕਰਦਾ ਉੱਚੀ ਉੱਚੀ ਹੱਸਣ ਲੱਗਦਾ ਹੈ।
       "ਬਾਈ ਕਿਸੇ ਭਾਗਭਰੀ ਦੇ ਇਸ਼ਕ ਬਿਨਾ ਤਾਂ 'ਹੀਰ' ਦਾ ਹੁਸਨ ਬਿਆਨ ਨ੍ਹੀ ਹੁੰਦਾ—ਗੋਰੀ ਧੌਣ ਦੁਆਲੇ ਕਾਲੀ ਗਾਨੀ ਜੱਟੀ ਦੇ।"
      "ਸਾਡੇ ਵੇਲੇ ਔਖਾ ਕੰਮ ਸੀ ਇਹ --- ਕਾਹਨੂੰ ਛੇੜਦੈਂ ਪੁਰਾਣੀਆਂ ਛੇੜਾਂ ਬੁੱਢੇ ਵਾਰੇ।" ਉਹ ਹੱਸਦਾ ਹੱਸਦਾ ਟਾਲ ਜਾਂਦਾ ਹੈ।
       ਉਮਰ ਦੇ ਆਖੀਰਲੇ ਪੜਾਅ 'ਤੇ ਆ ਕੇ ਯਾਦ ਤਾਂ ਉਹ ਆਪਣੇ ਕਈ ਗੀਤਾਂ ਨੂੰ ਵੀ ਨਹੀਂ ਕਰਨਾ ਚਾਹੁੰਦਾ।
"ਹਰੇਕ ਲੇਖਕ ਨੂੰ ਆਪਣੀ ਕਿਸੇ ਨਾ ਕਿਸੇ ਰਚਨਾ 'ਤੇ ਅਫਸੋਸ ਹੋ ਜਾਂਦਾ ਹੈ। ਕਈ ਗੀਤ ਹੈਗੇ, ਹੁਣ ਸੋਚਦੈਂ, ਜੇ ਨਾ ਲਿਖੇ ਹੁੰਦੇ ਤਾਂ ਚੰਗਾ ਸੀ ਪਰ—ਉਦੋਂ ਉਮਰ ਈ ਐਹੋ ਜਈ ਸੀਗੀ। ਅਸਲ 'ਚ ਉਦੋਂ ਪੂਰੀ ਤਰ੍ਹਾਂ ਜਿੰਮੇਵਾਰੀ ਦਾ ਅਹਿਸਾਸ ਹੈਨੀ ਸੀ। ਹੁਣ ਕੀ ਹੋ ਸਕਦਾ ? ਜਿਹੜਾ ਤੀਰ ਚੱਲ ਗਿਆ - ਸੋ ਚੱਲ ਗਿਆ। ਮੁੜ ਕੇ ਭੱਥੇ 'ਚ ਨ੍ਹੀ ਪੈਂਦਾ।"
      "ਕਿਹੜੇ ਗੀਤ ਐ ਐਹੋ ਜਿਹੇ ?"
"ਕਈ ਹੈਗੇ-ਮਾਰ ਜੰਗੀਰੋ ਗੇੜਾ। 'ਮਾਰ ਜੰਗੀਰੋ ਗੇੜਾ ਵਾਲੇ' ਗੀਤ ਵੇਲੇ ਤਾਂ ਇੱਕ ਮਾਮੀ ਮਗਰ ਪੈਗੀ। ਉਹਦਾ ਨਾਉਂ ਹੁੰਦਾ ਸੀਗਾ ਜੰਗੀਰੋ। "ਚਾਹ ਚੰਗੀ ਥੱਲੇ ਦੀ ਲੜਾਈ ਹੱਲੇ ਦੀ, ਤੀਵੀਂਆਂ 'ਚੋਂ ਤੀਵੀਂ ਚੰਗੀ ਜੋਗੇ ਰੱਲੇ ਦੀ" ਜਗਮੋਹਨ ਕੌਰ ਨੇ ਗਾਇਆ ਸੀ ਇਹ ਗੀਤ। ਏਸ ਗੀਤ ਵੇਲੇ ਵੀ ਪੰਗਾ ਖੜਾ ਹੋਣ ਲੱਗਾ ਸੀਗਾ। ਬੱਸ ਐਵੇਂ ਚੌੜ ਚੌੜ 'ਚ ਲਿਖਿਆ ਗਿਆ। ਮਾਣਕ ਦੇ ਨਾਨਕੇ ਹੁੰਦੇ ਸੀਗੇ ਜੋਗੇ ਰੱਲੇ। ਕੀ ਕਰਨਾ ਐਹੋ ਜਿਹੇ ਗੀਤਾਂ ਨੂੰ ਯਾਦ ਕਰਕੇ ?"
        ਬਾਈ ਦੇਵ ਜੇ ਆਪਣੇ ਕੁੱਝ ਗੀਤਾਂ ਨੂੰ ਭੁੱਲ ਜਾਣਾ ਚਾਹੁੰਦਾ ਹੈ ਤਾਂ ਕੁੱਝ ਗੀਤ ਅਜਿਹੇ ਵੀ ਨੇ ਜੋ ਉਸ ਦੇ ਦਿਲ ਦੇ ਬਹੁਤ ਕਰੀਬ ਨੇ। ਕੁਲਦੀਪ ਮਾਣਕ ਵਲੋਂ ਗਾਏ ਗੀਤ "ਮਾਂ ਹੁੰਦੀ ਐ ਮਾਂ ਉਏ ਦੁਨੀਆਂ ਵਾਲਿਓ" ਨੂੰ ਉਹ ਇਸ ਸੂਚੀ 'ਚ ਪਹਿਲੇ ਨੰਬਰ 'ਤੇ ਰੱਖਦਾ ਹੈ। ਬੜੀ ਸਰਲ ਤੇ ਸਹਿਜ ਸ਼ਬਦਾਵਲੀ ਵਾਲੇ ਇਸ ਗੀਤ ਨੂੰ ਲੋਕਾਂ ਨੇ ਬਹੁਤ ਜਿ਼ਆਦਾ ਪ੍ਰਵਾਨ ਕੀਤਾ ਹੈ। ਭਾਵੇਂ ਬਾਈ ਨੇ ਇਹ ਗੀਤ ਕੁਲਦੀਪ ਮਾਣਕ ਦੀ ਮਾਂ ਦੀ ਮੌਤ 'ਤੇ ਲਿਖਿਆ ਸੀ ਪਰ ਇਹ ਦੁਨੀਆ ਦੀ ਹਰ ਇੱਕ ਮਾਂ ਲਈ ਹੈ। ਦੇਵ ਨੇ ਗੀਤ ਦੇ ਅੰਤ 'ਚ "ਰੱਬਾ ਦੇਵ ਕਰੇ ਅਰਜੋਈ, ਬੱਚਿਆਂ ਦੀ ਮਾਂ ਮਰੇ ਨਾ ਕੋਈ" ਲਿਖਦਿਆਂ ਜੋ ਹੂਕ ਭਰੀ ਹੈ ਉਹ ਸੁਨਣ ਵਾਲੇ ਦੇ ਅੰਦਰੋਂ ਰੁੱਗ ਭਰ ਲੈਂਦੀ ਹੈ। ਮਾਣਕ ਦੀ ਹੀ ਆਵਾਜ਼ ਵਿੱਚ "ਤੇਰੇ ਟਿੱਲੇ ਤੋਂ" ਨਰਿੰਦਰ ਬੀਬਾ ਦੀ ਆਵਾਜ਼ 'ਚ 'ਕਾਹਨੂੰ ਮਾਰਦੈਂ ਚੰਦਰਿਆ ਛਮਕਾਂ" ਅਤੇ ਧੂਰੀ ਵਾਲੇ ਕਰਮਜੀਤ ਦੀ ਆਵਾਜ਼ 'ਚ ਗਾਇਆ ਗੀਤ "ਜਦੋਂ ਇਸ ਦੁਨੀਆਂ ਤੋਂ ਅੱਖਾਂ ਮੀਟ ਜਾਵਾਂਗਾ" ਦੇਵ ਲਈ ਬਹੁਤ ਲਾਡਲੇ ਹਨ। ਮੁੱਢਲੇ ਦੌਰ 'ਚ ਲਿਖਿਆ "ਦੀਵਿਆਂ ਵੇਲੇ" ਤਾਂ ਉਸ ਨੂੰ ਆਪਣਾ ਜੇਠਾ ਪੁੱਤ ਲੱਗਦਾ ਹੈ।
       ਗੀਤ ਤਾਂ ਹੋਰ ਹੋਣਗੇ ਜੋ ਬਾਈ ਦੇ ਦਿਲ ਦੇ ਨੇੜੇ ਹੋਣਗੇ ਪਰ "ਟਿੱਲੇ ਵਾਲਿਆ ਮਿਲਾਦੇ ਰਾਂਝਾ ਹੀਰ ਨੂੰ" ਉਸਦੀ ਗੀਤਕਾਰੀ ਦੀ ਫੁੱਲਵਾੜੀ ਦਾ ਖਿੜਿਆ ਹੋਇਆ ਸੂਹਾ ਗੁਲਾਬ ਹੈ। ਇਸ ਗੀਤ ਨੂੰ ਆਪਣੇ ਸਮੇਂ ਦੇ ਤਿੰਨ ਸਟਾਰ ਗਾਇਕਾਂ-ਕੁਲਦੀਪ ਮਾਣਕ, ਸੁਰਿੰਦਰ ਕੌਰ ਅਤੇ ਕਰਮਜੀਤ ਧੂਰੀ ਨੇ ਆਪੋ ਆਪਣੀ ਆਵਾਜ਼ 'ਚ ਰਿਕਾਰਡ ਕਰਵਾਇਆ ਹੈ। ਸੁਰਿੰਦਰ ਕੌਰ ਵਲੋਂ ਇਹ ਗੀਤ ਰਿਕਾਰਡ ਕਰਵਾਉਣ ਪਿੱਛੇ ਦੀ ਰੌਚਿਕ ਕਹਾਣੀ ਅਕਸਰ ਬਾਈ ਲੋਰ 'ਚ ਸੁਣਾਉਂਦਾ ਹੈ।
        "ਕੁਲਦੀਪ ਮਾਣਕ ਦੀ ਆਵਾਜ਼ 'ਚ ਗੀਤ ਰਿਕਾਰਡ ਕਰਵਾਉਣ ਲਈ ਅਸੀਂ ਦੋਵੇਂ ਦਿੱਲੀ ਗਏ। ਐਚ ਐਮ ਵੀ 'ਚ ਰਿਕਾਰਡਿੰਗ ਹੋਣੀ ਸੀ। ਮਾਣਕ ਰੈਹਸਲ ਕਰੀ ਜਾਂਦਾ ਸੀ। ਉਦੋਂ ਈ ਆਵਦੇ ਕਿਸੇ ਕੰਮ ਕਾਰ ਦੇ ਸਿਲਸਿਲੇ 'ਚ ਸੁਰਿੰਦਰ ਕੌਰ ਆਗੀ ਸਟੂਡੀਓ 'ਚ। ਉਹ ਐਚ ਐਮ ਵੀ ਦੇ ਮਨੇਜਰ ਜ਼ਹੀਰ ਅਹਿਮਦ ਨਾਲ ਗੱਲਾਂ ਕਰਨ ਲੱਗਪੀ। ਗੱਲਾਂ ਉਹ ਜ਼ਹੀਰ ਨਾਲ ਕਰੇ ਤੇ ਕੰਨ ਉਹਦੇ ਮਾਣਕ ਵੱਲੀਂ। ਰੈਹਸਲ ਕਰਾਉਂਦਾ ਸੀਗਾ ਕੇਸਰ ਸਿੰਘ ਨਰੂਲਾ। ਸੁਰਿੰਦਰ ਕੌਰ ਨੇ ਨਰੂਲੇ ਨੂੰ ਪੁੱਛਿਆ ਵਈ ਇਹ ਕੌਣ ਨੇ ? ਉਹ ਜਾਣ ਲੱਗੀ ਸਾਨੂੰ ਖਾਣੇ ਦਾ ਸੱਦਾ ਦੇਗੀ। ਅਸੀਂ ਦੋਵੇਂ ਡਰੀਏ। ਕਿੱਥੇ ਅਸੀਂ ਦੇਸੀ ਬੰਦੇ ਤੇ ਕਿੱਥੇ ਉਸ ਵੇਲੇ ਦੀ ਸਟਾਰ ਗਾਇਕਾ ਸੁਰਿੰਦਰ ਕੌਰ। ਪੰਜਾਬ ਈ ਨਹੀਂ ਸਾਰਾ ਦੇਸ਼ ਜੀਹਦੀ ਆਵਾਜ਼ ਨਾਲ ਕੀਲਿਆ ਜਾਂਦਾ ਸੀਗਾ। ਅਸੀਂ ਦੋ ਦੋ ਪੈੱਗ ਮਾਰੇ ਤੇ ਹੋਗੇ ਹੌਂਸਲੇ 'ਚ। ਤੁਰਪੇ ਸੁਰਿੰਦਰ ਕੌਰ ਦੇ ਮਾਡਲ ਟਾਊਨ ਵਾਲੇ ਘਰ ਨੂੰ। ਲੱਭਦਿਆਂ ਲਭਾਉਂਦਿਆਂ ਅਸੀਂ ਹੋਗੇ ਲੇਟ। ਹੈਰਾਨੀ ਦੀ ਗੱਲ ਵੇਖੋ-ਅਗਾਂਹ ਸੁਰਿੰਦਰ ਕੌਰ ਗੇਟ 'ਤੇ ਖੜੀ ਸਾਨੂੰ ਉਡੀਕੀ ਜਾਵੇ। ਸਾਨੂੰ ਤਾਂ ਸਾਲੀ ਊਈਂ ਸ਼ਰਮ ਜ੍ਹੀ ਆਈ ਜਾਵੇ--।" ਉਹਨਾਂ ਪਲਾਂ ਨੂੰ ਚੇਤੇ ਕਰਦਿਆਂ ਬਾਈ ਦੇਵ ਢਾਈ ਤਿੰਨ ਦਹਾਕੇ ਪਿੱਛੇ ਨੂੰ ਪਰਤ ਜਾਂਦਾ ਹੈ।
      "ਪੀ ਖਾ ਕੇ ਵਿਹਲੇ ਹੋਏ ਤਾਂ ਸੁਰਿੰਦਰ ਕੌਰ ਮਾਣਕ ਨੂੰ ਕਹਿੰਦੀ-ਮੈਨੂੰ ਤਾਂ ਉਹੀ ਗੀਤ ਸੁਣਾ ਜਿਹੜਾ ਸਟੂਡੀਓ 'ਚ ਗਾ ਰਿਹਾ ਸੀ। ਉਹਨੇ ਮਾਣਕ ਤੋਂ 'ਟਿੱਲੇ ਵਾਲਿਆ' ਗੀਤ ਅੱਠ ਨੌਂ ਵਾਰੀਂ ਸੁਣਿਆ। ਫੇਰ ਆਪ ਵੀ ਨਾਲ ਈ ਗਾਉਣ ਲੱਗਪੀ। ਮੈਨੂੰ ਕਹਿੰਦੀ ਇਹ ਗੀਤ ਮੈਨੂੰ ਦੇਦੇ ਮੈਂ ਰਿਕਾਰਡ ਕਰਾਉਣਾ। ਮੈਂ ਆਖਿਆ ਵ੍ਹੀ ਇਹ ਗੀਤ ਤਾਂ ਰਿਕਾਰਡ ਕਰਾਤਾ ਮਾਣਕ ਨੇ। ਉਹ ਕਹਿੰਦੀ ਰਿਕਾਰਡ ਤਾਂ ਕਰਾਉਣਾ ਈ ਕਰਾਉਣਾ। ਬਾਅਦ 'ਚ ਉਹਨੇ ਕਰਾਇਆ ਵੀ। ਜਿਹੜਾ ਉਹਨੇ ਗਾਇਆ ਉਹਦੇ ਕੁਛ ਬੋਲ ਵੀ ਬਦਲ ਦਿੱਤੇ। ਸੁਰਿੰਦਰ ਕੌਰ ਨੇ ਗਾਇਆ ਵੀ ਧੁਰ ਅੰਦਰੋਂ।"
ਸੱਚਮੁੱਚ ਸੁਰਿੰਦਰ ਕੌਰ ਪੂਰੀ ਦੀ ਪੂਰੀ ਇਸ ਗੀਤ ਦੀ ਰੂਹ 'ਚ ਉਤਰੀ ਪਈ ਹੈ। ਜਿਵੇਂ ਦਰਦ ਨਾਲ ਭਰੀ ਆਵਾਜ਼ ਨਾਲ ਟਿੱਲੇ ਵਾਲੇ ਨੂੰ ਆਵਾਜ਼ਾਂ ਮਾਰੀ ਜਾਂਦੀ ਹੋਵੇ :-
ਅਜੇ ਤੱਕ ਨਾ ਝਨਾ ਦਾ ਕੰਢਾ ਭੁੱਲਿਆ
ਜਿੱਥੇ ਰਾਂਝੇ ਦੇ ਬੁੱਲਾਂ 'ਚੋਂ ਹਾਸਾ ਡੁੱਲਿਆ
ਅੱਗ ਲੱਗੀ ਸੀ ਝਨਾਂ ਦੇ ਠੰਡੇ ਨੀਰ ਨੂੰ
ਤੇਰਾ ਕਿਹੜਾ ਮੁੱਲ ਲੱਗਦਾ –ਹੋਅ—ਮੁੱਲ ਲੱਗਦਾ—ਹਾਏ ਮੁੱਲ ਲੱਗਦਾ
ਟਿੱਲੇ ਵਾਲਿਆ ਮਿਲਾਦੇ ਰਾਂਝਾ ਹੀਰ ਨੂੰ।
ਉਹ ਜਦੋਂ ਹਾਉਕਾ ਜਿਹਾ ਭਰਕੇ ਡੂੰਘੀ ਆਵਾਜ਼ ਨਾਲ "ਟਿੱਲੇ ਵਾਲਿਆ ਵੇ--।" ਆਖਦੀ ਹੈ ਤੇ ਹਰੇਕ ਪਹਿਰੇ ਦੇ ਅੰਤ 'ਚ "ਨੂੰ---ਅ—ਅ" ਲਮਕਾ ਕੇ ਬੋਲਦੀ ਹੈ ਤਾਂ ਸੁਨਣ ਵਾਲੇ ਦਾ ਹੱਥ ਮੱਲੋਮੱਲੀ ਦਿਲ 'ਤੇ ਰੱਖਿਆ ਜਾਂਦਾ ਹੈ।
      "ਕੜਿਆਲਵੀ ! ਸੁਰਿੰਦਰ ਕੌਰ ਤਾਂ ਆਏਂ ਲੱਗਦਾ ਜਿਵੇਂ ਟਿੱਲੇ ਵਾਲੇ ਨੂੰ ਮਨਾ ਕੇ ਈ ਹਟੂ। ਨਾਥ ਨੂੰ ਕੰਨਾਂ 'ਚ ਮੁੰਦਰਾਂ ਪਾ ਕੇ ਜੋਗ ਦੇਣ ਲਈ ਮਜ਼ਬੂਰ ਕਰ ਦੇਊ। ਗੋਰਖ ਨਾਥ ਦੀ ਕੀ ਮਜ਼ਾਲ ਕਿ ਰਾਂਝੇ ਨੂੰ ਜੋਗ ਨਾ ਦੇਵੇ। ਸੁਰਿੰਦਰ ਕੌਰ ਦੀ ਆਵਾਜ਼ ਦਾ ਜਾਦੂ ਸਿਰ ਚੜ ਕੇ ਬੋਲਿਆ ਐ।" ਬਾਈ ਦੇਵ ਵਜ਼ਦ 'ਚ ਆ ਕੇ ਸਿਰ ਮਾਰਨ ਲੱਗਦਾ ਹੈ।
"ਬਾਈ, ਕਸਰ ਤਾਂ ਕੁਲਦੀਪ ਮਾਣਕ ਨੇ ਵੀ ਨ੍ਹੀ ਛੱਡੀ-
ਧੀ ਚੂਚਕੇ ਦੀ ਰੂਪ ਨਿਰਾ ਰੱਬ ਦਾ
ਉਹਦੇ ਬੋਲਾਂ ਨੂੰ ਪੌਣਾਂ 'ਚੋਂ ਫਿਰਾਂ ਲੱਭਦਾ
ਲੱਭਾਂ ਬੇਲਿਆਂ 'ਚੋਂ ਓਹਦੀ ਤਸਵੀਰ ਨੂੰ –
ਤੇਰਾ ਕਿਹੜਾ ਮੁੱਲ ਲੱਗਦਾ—ਹੋਅ—ਮੁੱਲ ਲੱਗਦਾ।
       ਗੀਤ ਸੁਣਦਿਆਂ ਕੇਰਾਂ ਤਾਂ ਆਏਂ ਲੱਗਦਾ ਜਿਵੇਂ ਅਸੀਂ ਜੰਗਲ ਬੇਲਿਆਂ 'ਚੋਂ ਆਵਦੀ ਹੀਰ ਦੀ ਖੁਸ਼ਬੋ ਭਾਲ ਰਹੇ ਹੋਈਏ।"
     "ਹਾਹਾ ਹਾ ਹਾ—ਭਾਲ ਤਾਂ ਲਈ ਸੀ ਰਾਂਝੇ ਨੇ ਆਖੀਰ 'ਚ। ਤੂੰ ਕਿਹੜਾ ਘੱਟ ਐਂ---?" ਬਾਈ ਦੇਵ ਮੇਰੇ ਵੱਲ ਵੇਖ ਖੁੱਲ੍ਹ ਕੇ ਹੱਸਿਆ।
      "ਮੈਂ ਕਿਹੜਾ ਮੱਝਾਂ ਚਾਰੀਆਂ ਸੀ ?"
      "ਤੂੰ ਬੜਾ ਪਤੰਦਰ ਐਂ।"
     ਬਾਈ ਦੇਵ ਮੈਨੂੰ ਪਿਆਰ ਕਰਦਾ ਹੈ। ਮੇਰੀਆਂ ਲਿਖਤਾਂ ਨੂੰ ਪਿਆਰ ਕਰਦਾ ਹੈ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵਾਲਿਆਂ ਨੇ ਬਾਬੂ ਸ਼ਾਹ ਚਮਨ ਜੀ ਦੀ ਯਾਦ 'ਚ ਸਥਾਪਿਤ ਕੀਤਾ ਐਵਾਰਡ ਮੈਨੂੰ ਦੇਣਾ ਸੀ। ਇਸ ਸਬੰਧੀ ਕੋਟ ਕਪੂਰੇ ਸਮਾਗਮ ਰੱਖਿਆ ਗਿਆ।
"ਇਹ ਐਵਾਰਡ ਮੇਰੇ ਯਾਰ ਸ਼ਾਹ ਚਮਨ ਦੇ ਨਾਂ 'ਤੇ ਐ, ਔਰ ਦੇਣਾ ਮੇਰੇ ਆਜ਼ੀਜ਼ ਗੁਰਮੀਤ ਕੜਿਆਲਵੀ ਨੂੰ, ਮੈਂ ਤਾਂ ਜਾਊਂ ਈ ਜਾਊਂ।" ਬਾਈ ਦੇਵ ਸਿਹਤ ਖਰਾਬ ਹੋਣ ਦੇ ਬਾਵਜੂਦ ਸਮਾਗਮ 'ਚ ਪਹੁੰਚਿਆ। ਇਹ ਮੇਰੇ ਲਈ ਇੱਕ ਹੋਰ ਵੱਡਾ ਸਨਮਾਨ ਸੀ।
       "ਕੜਿਆਲਵੀ ਓਦਣ ਗੱਲਾਂ ਗੱਲਾਂ 'ਚ ਸੁਰਿੰਦਰ ਕੌਰ ਕਹਿੰਦੀ-ਮੈਨੂੰ ਕੋਈ ਐਹੋ ਜਿਹਾ ਗਾਣਾ ਲਿਖਕੇ ਦੇਅ ਜੀਹਦੇ 'ਚ ਕਿਸੇ ਪ੍ਰਾਹੁਣੇ ਦੀ ਉਡੀਕ ਵਾਲੀ ਗੱਲ ਹੋਵੇ। ਮੇਰੇ ਤਾਂ ਗੱਲ ਅੰਦਰ ਘੁੰਮਣ ਲਾਗੀ। ਫੇਰ ਸਾਰੀ ਰਾਤ ਨੀਂਦ ਨ੍ਹੀ ਆਈ। ਕਿਤੇ ਤੜਕੇ ਜਾਕੇ ਅੱਖ ਲੱਗੀ ਜਦੋਂ ਗੀਤ ਲਿਖਿਆ ਗਿਆ।"
     "ਕਿਹੜਾ ?"
   "ਨ੍ਹੀ ਉੱਠ ਵੇਖ ਨਨਾਣੇ-ਕੌਣ ਪ੍ਰਾਹੁਣਾ ਆਇਆ। ਚੰਗੇ ਗੀਤ ਇਉਂ ਹੀ ਸਬੱਬ ਨਾਲ ਲਿਖੇ ਜਾਂਦੇ ਐ। ਹਵਾ ਵਾਂਗ ਕੋਲ ਚੱਲ ਆਉਂਦੇ ਨੇ। ਮੈਂ ਸਾਰੀ ਉਮਰ ਸੈਂਕਲ 'ਤੇ ਈ ਸਕੂਲ ਡਿਊਟੀ ਕਰਨ ਜਾਂਦਾ ਰਿਹਾ ਹਾਂ। ਸੈਂਕੜੇ ਗੀਤ ਮੈਂ ਸੈਂਕਲ 'ਤੇ ਜਾਂਦਿਆਂ ਆਉਂਦਿਆਂ ਹੀ ਸੋਚੇ ਤੇ ਲਿਖੇ ਐ।
       ਸਾਈਕਲ ਦੀ ਕਾਠੀ 'ਤੇ ਬੈਠ ਕੇ ਗੀਤ ਜੋੜਣ ਵਾਲੇ ਬਾਈ ਦੇਵ ਨੇ ਇਹਨਾਂ ਗੀਤਾਂ ਆਸਰੇ ਹੀ ਜਹਾਜ਼਼ਾਂ ਦੇ ਝੂਟੇ ਲਏ ਨੇ। ਕੋਈ ਵਕਤ ਸੀ ਜਦੋਂ ਉਹ ਸਾਈਕਲ ਧੂੰਹਦਾ ਆਪਣੇ ਗੀਤਾਂ ਵਾਲੀ ਕਾਪੀ ਲੈ ਕੇ ਗਾਇਕਾਂ ਦੇ ਚੁਬਾਰਿਆਂ ਵੱਲ ਜਾਂਦਾ ਹੁੰਦਾ ਸੀ ਤੇ ਫਿਰ ਉਹ ਵਕਤ ਵੀ ਆਇਆ ਜਦੋਂ ਵੱਡੇ ਵੱਡੇ ਗਾਇਕ ਗੀਤ ਲੈਣ ਲਈ ਥਰੀਕਿਆਂ ਵਾਲੇ ਇਸ ਸਾਧ ਦੇ ਟਿੱਲੇ 'ਤੇ ਅਲਖ ਜਗਾਉਂਦੇ ਰਹੇ। ਹੁਣ ਵੀ ਦੇਸ਼ ਵਿਦੇਸ਼ 'ਚੋਂ ਸੈਂਕੜੇ ਪ੍ਰਸੰਸਕ ਉਸਦੇ ਧੂਣ੍ਹੇ 'ਤੇ ਆਉਂਦੇ ਰਹਿੰਦੇ ਹਨ। ਇਹਨਾਂ 'ਚੋਂ ਵਧੇਰੇ ਗਿਣਤੀ ਨਵੇਂ ਉੱਠਦੇ ਗਾਇਕਾਂ ਤੇ ਗੀਤਕਾਰਾਂ ਦੀ ਹੁੰਦੀ ਹੈ। ਬੇਬੇ ਪ੍ਰੀਤਮ ਕੌਰ ਆਏ ਗਏ ਵਾਸਤੇ ਚਾਹ ਪਾਣੀ ਬਣਾਕੇ ਦਿੰਦੀ ਸੀ, ਉਸਦੇ ਜਾਣ ਬਾਅਦ ਇਹ ਸੇਵਾ ਘਰ 'ਚ ਕੰਮ ਕਰਨ ਵਾਲੀ ਪਰਵਾਸੀ ਬੀਬੀ ਨੇ ਸੰਭਾਲ ਲਈ ਹੈ। ਵੱਡਾ ਪੁੱਤ ਜਸਵੰਤ ਜਿਸਨੂੰ ਪਿਆਰ ਨਾਲ ਦੀਨਾ ਆਖਦੇ ਨੇ ਸਰਵਣ ਪੁੱਤ ਹੈ। ਬਾਪ ਦੇ ਚਿਹਰੇ 'ਤੇ ਆਈ ਉਦਾਸੀ ਦੀ ਨਿੱਕੀ ਜਿਹੀ ਲਕੀਰ ਵੀ ਉਸ ਤੋਂ ਸਹਾਰ ਨਹੀਂ ਹੁੰਦੀ।
ਸਰਵਣ ਪੁੱਤ ਦੀਨਾ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕਰੇ, ਉਦਾਸੀ ਮੱਲੋ ਮੱਲੀ ਬਾਈ ਕੋਲ ਆ ਡੇਰਾ ਲਾਉਂਦੀ ਹੈ। ਜੀਵਨ ਸਾਥਣ ਦੇ ਵਿਛੋੜੇ ਦੀ ਅੱਗ ਅੰਦਰ ਹੀ ਅੰਦਰ ਧੁਖਦੀ ਰਹਿੰਦੀ ਹੈ। ਸ਼ਿਵ ਕੁਮਾਰ ਦਾ ਗੀਤ "ਜਿੱਥੇ ਇਤਰਾਂ ਦੇ ਵਗਦੇ ਨੇ ਚੋਅ, ਏਥੇ ਮੇਰਾ ਯਾਰ ਵਸਦਾ" ਵਾਰ ਵਾਰ ਉਸਦੇ ਬੁੱਲ੍ਹਾਂ 'ਤੇ ਆਉਂਦਾ ਰਹਿੰਦਾ ਹੈ।
     "ਕੜਿਆਲਵੀ ਬੇਵਕਤੀਆਂ ਸੱਟਾਂ ਨੇ ਬੜਾ ਤੋੜਨ ਦੀ ਕੋਸ਼ਿਸ਼ ਕੀਤੀ ਮੈਨੂੰ। ਧੀਆਂ ਵਰਗੀ ਨੂੰਹ ਨਿੱਕੇ ਨਿੱਕੇ ਜੁਆਕ ਛੱਡ ਕੇ ਉਥੇ ਚਲੇ ਗਈ ਜਿੱਥੇ ਜਾ ਕੇ ਕੋਈ ਵਾਪਸ ਨਹੀਂ ਆਉਂਦਾ। ਮੈਂ ਕੋਮਲ ਦਿਲ ਵਾਲਾ ਸ਼ਾਇਰ ਬੰਦਾ। ਡੋਲ ਗਿਆ-ਪਰ ਪ੍ਰੀਤਮ ਕੌਰ ਨੇ ਹੌਂਸਲਾ ਦਿੱਤਾ। ਕਹਿੰਦੀ ਦਿਲ ਛੱਡਿਆਂ ਕੀ ਬਣੂੰ ? ਆਹ ਭੋਰਾ ਭੋਰਾ ਬਲੂਰ ਕੀਹਨੇ ਸਾਂਭਣੇ? ਫੇਰ ਕੜੀ ਵਰਗਾ ਜੁਆਨ ਪੁੱਤ ਤੁਰ ਗਿਆ। ਪ੍ਰੀਤਮ ਕੌਰ ਨੇ ਫੇਰ ਵੀ ਡੋਲਣ ਨ੍ਹੀ ਦਿੱਤਾ। ਪੁੱਤਾਂ ਵਰਗਾ ਯਾਰ ਮਾਣਕ ਤੁਰ ਗਿਆ, ਉਹਨੇ ਫੇਰ ਸੰਭਾਲ ਲਿਆ ਮੈਨੂੰ। ਹੁਣ ਆਪ ਵੀ ਤੁਰਗੀ ---। ਹੁਣ ਦੇਵ ਨਾਲ ਕੀਹਨੇ ਰੁਸਣਾ-ਕੀਹਨੇ ਮਨਾਉਣਾ।" ਹਵਾ ਇੱਕ ਲੰਮਾ ਹਾਉਂਕਾ ਭਰਦੀ ਹੈ। ਉਹ ਖਿਲਾਅ 'ਚ ਦੇਖਦਾ ਜੀਵਨ ਸਾਥਣ ਨਾਲ ਗੁਜ਼ਾਰੇ ਛੇ ਦਹਾਕਿਆਂ ਤੋਂ ਵੱਧ ਦੇ ਸਮੇਂ ਦੀਆਂ ਤੰਦਾਂ ਨੂੰ ਫੜ੍ਹਨ ਲੱਗਦਾ ਹੈ।
      "ਕੜਿਆਲਵੀ ਪ੍ਰੀਤਮ ਕੌਰ ਬੜੀ ਸਬਰ ਸ਼ੁਕਰ ਵਾਲੀ ਔਰਤ ਸੀਗੀ। ਉਹਦੀ ਸਮਝ ਬੜੀ ਬਾਰੀਕ ਸੀ। ਸਾਰੀਆਂ ਪੰਜ ਜਮਾਤਾਂ ਪਾਸ। ਜੇ ਮੈਟ੍ਰਿਕ ਕਰ ਜਾਂਦੀ ਤਾਂ ਮਾਸਟਰਨੀ ਲੱਗ ਜਾਂਦੀ। ਦੀਨਾ ਕਹਿੰਦਾ ਹੁੰਦਾ-ਬਾਪੂ ਚੰਗਾ ਕੀਤਾ ਪੰਜ ਪਾਸ ਨਾਲ ਵਿਆਹ ਕਰਾ ਲਿਆ। ਜੇ ਮਾਸਟਰਨੀ ਲੱਗ ਜਾਂਦੀ ਤਾਂ ਭੂਤਨੀ ਭੁਲਾ ਦੇਣੀ ਸੀ।" ਚਿਹਰੇ 'ਤੇ ਉਤਰ ਆਈ ਉਦਾਸੀ ਨੂੰ ਪਰ੍ਹੇ ਸਿੱਟਦਿਆਂ ਬਾਈ ਦਿਵਾਲੀ 'ਚ ਚਲਾਏ ਅਨਾਰ ਵਾਂਗ ਖਿੜ ਉੱਠਦਾ ਹੈ। ਉਸਦਾ ਹਾਸਾ ਪਤਾਸੇ ਵਾਂਗ ਭੁਰਨ ਲੱਗਦਾ ਹੈ।
      "ਬਥੇਰੀ ਜਿੰਦਗੀ ਹੰਢਾਲੀ ਯਾਰ। ਹੁਣ ਤਾਂ ਜਮਾ ਸੰਤੁਸ਼ਟ ਆਂ। ਮੈਂ ਕਹਿਨਾ ਹੁੰਨੈ-ਰੱਬ ਮੇਰੀ ਤਾਂ ਫਾਈਲ ਈ ਕਿਧਰੇ ਰੱਖ ਕੇ ਭੁੱਲ ਗਿਆ। ਖਵਰੇ ਉਹਦੇ ਕੰਪਿਊਟਰ 'ਚ ਈ ਕੁਛ ਗੜਬੜ ਹੋਗੀ। ਖਵਨੀ ਮੇਰੇ ਭੁਲੇਖੇ ਹੋਰ ਈ ਹਰਦੇਵ ਸਿਹੁੰਆਂ ਨੂੰ ਚੱਕ ਚੱਕ ਲਈ ਜਾਂਦਾ ਹੋਵੇ। ਹਾ ਹਾ ਹਾ ਹਾ!" ਉਸਦਾ ਗੋਰਾ ਰੰਗ ਹੋਰ ਸੂਹੀ ਭਾਅ ਮਾਰਨ ਲੱਗਦਾ ਹੈ। ਸਾਡੇ ਆਲੇ ਦੁਆਲੇ ਬੈਠੇ ਗੋਲੂ ਕਾਲੇਕੇ ਤੇ ਦਰਸ਼ਨ ਸੰਘਾ ਵੀ ਹੱਸਣ ਲੱਗਦੇ ਹਨ। ਮੈਂ ਉਦਾਸ ਹੁੰਦਾ ਹਾਂ। ਕਹਿਣਾ ਚਾਹੁੰਦਾ ਹਾਂ, "ਥਰੀਕੇ ਵਾਲਾ ਕਿਵੇਂ ਮਰਜੂ ? ਕਲਾਕਾਰ, ਸਾਹਿਤਕਾਰ ਭਲਾ ਕਦੋਂ ਮਰਦਾ ਹੁੰਦਾ ਐ ?" ਪਰ ਆਖਦਾ ਨਹੀਂ।
     "ਕੜਿਆਲਵੀ ! ਯਾਰ ਅੱਜਕੱਲ੍ਹ ਮੇਰੇ ਅੰਦਰ ਕਹਾਣੀਆਂ ਉਛਾਲੇ ਮਾਰਦੀਆਂ ਰਹਿੰਦੀਆਂ। ਜੀਅ ਕਰਦਾ ਕਹਾਣੀਆਂ ਲਿਖਾਂ--।"
ਮੈਂ ਗਹੁ ਨਾਲ ਬਾਈ ਦੀਆਂ ਅੱਖਾਂ 'ਚ ਦੇਖਦਾ ਹਾਂ। ਜਿੰਦਗੀ ਜਿਉਣ ਦੀ ਚਾਹਨਾ ਕਦੋਂ ਖ਼ਤਮ ਹੋਈ ਹੈ। ਅੱਖਾਂ 'ਚ ਤਾਂ ਅਜੇ ਵੀ ਜਿੰਦਗੀ ਭੰਗੜੇ ਪਾਉਂਦੀ ਫਿਰਦੀ ਹੈ। ਮੈਂ ਹੱਸ ਪੈਂਦਾ ਹਾਂ।
(ਗੁਰਮੀਤ ਕੜਿਆਲਵੀ ਦੀ ਸ਼ਬਦ ਚਿਤਰ ਪੁਸਤਕ "ਨਕਸ਼ ਨੱਕਾਸ਼ " ਵਿਚੋਂ )
ਗੁਰਮੀਤ ਕੜਿਆਲਵੀ
ਸੰਪਰਕ : 9872640994

ਮਿਸ਼ਾਲਾਂ ਬਾਲਕੇ ਚੱਲਣ ਦਾ ਹੋਕਾ ਦੇਣ ਵਾਲਾ ਸ਼ਾਇਰ - ਮਹਿੰਦਰ ਸਾਥੀ - ਗੁਰਮੀਤ ਕੜਿਆਲਵੀ

ਮਹਿੰਦਰ ਸਾਥੀ ਅੱਜ ਵੀ ਇਨਕਲਾਬੀ ਹੈ !

ਸਾਥੀ ਨੇ ਇਨਕਲਾਬ ਦਾ ਗੁੱਟ ਉਦੋਂ ਫੜਿਆ ਸੀ ਜਦੋਂ ਬੰਗਾਲ ਦੇ ਨਕਸਲਬਾੜੀ ਪਿੰਡ ਤੋਂ ਤੁਰੀ ਚਿੰਗਾੜੀ ਨੇ ਪੂਰੇ ਭਾਰਤ, ਖਾਸ ਕਰ ਪੰਜਾਬ ਨੂੰ ਆਪਣੀ ਲਪੇਟ ਵਿਚ ਲੈ ਲਿਆ ਸੀ। ਮਾੜੀਆਂ ਮੋਟੀਆਂ ਰੁਮਾਂਟਿਕ ਕਿਸਮ ਦੀਆਂ ਕਵਿਤਾਵਾਂ ਲਿਖਕੇ ਲੁਕੋ ਲੈਣ ਵਾਲੇ ਸਾਥੀ ਨੇ ਉਦੋਂ ਇਸ਼ਕੀਆ ਕਵਿਤਾਵਾਂ ਛੱਡਕੇ ਇਨਕਲਾਬੀ ਕਵੀ ਵਜੋਂ ਸਾਹਿਤ ਦੇ ਅੰਬਰ 'ਤੇ ਉਡਾਰੀ ਭਰਨੀ ਸ਼ੁਰੂ ਕੀਤੀ ਸੀ। ਉਹਨੀ ਦਿਨੀਂ ਤੱਤੀ ਸੁਰ ਵਿਚ ਕਵਿਤਾਵਾਂ ਕਹਾਣੀਆਂ ਲਿਖਣ ਵਾਲਿਆਂ ਦੀ ਝੰਡੀ ਸੀ। ਮਹਿੰਦਰ ਸਾਥੀ ਵੀ ਹੋਰ ਬਹੁਤ ਸਾਰੇ ਨੌਜੁਆਨਾਂ ਵਾਗੂੰ ਵੋਟਾਂ ਰਾਹੀਂ ਪੰਜਾਬ ਨੂੰ ਲੈਨਿਨਗਰਾਡ ਬਣਾ ਦੇਣ ਦੇ ਸੁਪਨੇ ਦਿਖਾਉਣ ਵਾਲਿਆਂ ਨਾਲੋਂ ਵੱਖਰੀ ਲੀਹ ਪਾੜਕੇ ਹਥਿਆਰਾਂ ਨਾਲ ਹੇਠਲੀ ਉੱਤੇ ਲਿਆ ਦੇਣ ਵਾਲਿਆਂ ਦਾ ਹਮਦਰਦ ਬਣ ਗਿਆ ਸੀ।

       ਸਾਥੀ ਉਦੋਂ ਵੀ ਇਨਕਲਾਬੀ ਬਣਿਆ ਰਿਹਾ ਜਦੋਂ ਨਹਿਰਾਂ ਅਤੇ ਕੱਸੀਆਂ ਦੇ ਪੁਲ ਪੁਲਸ ਅਤੇ ਨਕਸਲੀਆਂ ਦੇ ਕਥਿਤ 'ਮੁਕਾਬਲਿਆਂ ` ਦੇ ਚਸ਼ਮਦੀਦ ਗਵਾਹ ਬਣੇ ਹੋਏ ਸਨ। ਆਏ ਦਿਨ ਕਿਸੇ ਨਕਸਲੀ ਆਗੂ ਦੇ ਮੁਕਾਬਲੇ ਦੀ ਝੂਠੀ-ਸੱਚੀ ਖਬਰ ਅਖਬਾਰਾਂ ਦੀਆਂ ਸੁਰਖੀਆਂ ਬਣ ਜਾਂਦੀ ਸੀ। ਪੁਲਸ ਦੇ ਬਹੁਤ ਸਾਰੇ ਥਾਣੇਦਾਰ, ਥਾਣੇਦਾਰ ਨਹੀਂ ਸ਼ਿਕਾਰੀ ਬਣੇ ਹੋਏ ਸਨ। ਸਾਥੀ ਨੂੰ ਵੀ ਸੀ ਆਈ ਡੀ ਨੇ ਪੁਲਸ ਮੁਖਬਰ ਬਣ ਜਾਣ ਲਈ 25000 ਰੁਪਈਆਂ ਦੀ ਮੋਟੀ ਰਾਸ਼ੀ ਦਾ ਚੋਗਾ ਪਾਇਆ। ਉਹਨਾਂ ਵੇਲਿਆਂ `ਚ ਇਹ ਬੜੀ ਵੱਡੀ ਰਕਮ ਸੀ। ਸਾਥੀ ਦੇ ਘਰ ਦੀ ਹਾਲਤ ਗਰੀਬੀ ਨੇ ਬੁਰੀ ਤਰਾਂ ਝੰਬੀ ਹੋਈ ਸੀ। ਵਿਆਹੁਣ ਯੋਗ ਭੈਣ ਘਰੇ ਕੁਆਰੀ ਬੈਠੀ ਸੀ। ਮੁਖਬਰੀ ਬਦਲੇ ਹਾਸਲ ਕੀਤੀ ਰਾਸ਼ੀ ਨਾਲ ਘਰਦੀ ਉਭੜ-ਖਾਬੜ ਹੋਈ ਕਬੀਲਦਾਰੀ ਦੀਆਂ ਕਈ ਖੁੱਡਾਂ ਬੰਦ ਕੀਤੀਆਂ ਜਾ ਸਕਦੀਆਂ ਸਨ।

"ਮੈਨੂੰ ਪੱਚੀ ਹਜਾਰ ਤਾਂ ਕੀ ਪੱਚੀ ਪੈਸੇ ਵੀ ਨਹੀਂ ਚਾਹੀਦੇ। ਬੇਸ਼ਕ ਗੋਲੀ ਮਾਰ ਦਿਓ । ਕੱਲ ਨੂੰ ਮਾਰਦੇ ਹੁਣੇ ਮਾਰ ਦਿਓ। ਭਾਵੇਂ ਫਾਂਸੀ ਲਾਉ ਭਾਵੇਂ ਚੌਂਕ `ਚ ਖੜਾ ਕੇ ਗੋਲੀ ਮਾਰੋ ਪਰ ਮੈਥੋਂ ਗਦਾਰੀ ਦੀ ਆਸ ਨਾ ਰੱਖਿਓ।" ਸਾਥੀ ਅਡੋਲ ਰਿਹਾ ਸੀ।

        ਸਾਥੀ ਉਦੋਂ ਵੀ ਇਨਕਲਾਬੀ ਸੀ ਜਦੋਂ ਮਾਸਕੋ ਤੋਂ ਤੁਰਿਆ, ਵਾਇਆ ਪੀਕਿੰਗ ਹੁੰਦਾ ਹੋਇਆ ਨਕਸਲਵਾੜੀ ਦਾ ਹੁਸੀਨ ਸੁਪਨਾ ਬਿਨਾ ਕਿਸੇ ਠੋਸ ਪ੍ਰਾਪਤੀ ਦੇ ਅੱਧਵਾਟੇ ਹੀ ਟੁੱਟ ਗਿਆ। ਤੱਤੀ ਸੁਰ ਵਿਚ ਲੱਗਦੇ ਨਾਅਰੇ ਖਾਮੋਸ਼ ਹੋ ਗਏ ਸਨ। ਰੋਹਲੇ ਬਾਣ, ਸਿਆੜ, ਹੇਮ ਜਯੋਤੀ, ਕਿੰਤੂ, ਲਲਕਾਰ ਅਤੇ ਅਜਿਹੇ ਹੋਰ ਕਿੰਨੇ ਹੀ ਪਰਚਿਆਂ ਵਿਚ ਅੱਗ ਵਰਗੀਆਂ ਕਵਿਤਾਵਾਂ ਲਿਖਣ ਵਾਲੇ ਕਈ ਕਵੀ ਜਨ ਇਧਰ-ਉਧਰ ਦੇ ਢੰਗ ਤਾਰੀਕੇ ਵਰਤਕੇ ਸਮੁੰਦਰਾਂ ਉਤੋਂ ਦੀ ਉਡਾਰੀ ਭਰਕੇ ਪੱਛਮ ਦੇ ਢਿੱਡੀ ਜਾ ਵੜੇ ਸਨ। ਰੂਸ ਦੀ ਥਾਵੇਂ ਪੱਛੋਂ ਦੇ ਪੂੰਜੀਵਾਦੀ ਮੁਲਕ ਹੀ ਉਹਨਾਂ ਦੀ ਠਾਹਰ ਬਣੇ ਸਨ। ਕਈ ਲੇਖਕ ਅਖਬਾਰਾਂ ਵਿਚ ਜਾ ਬੈਠੇ ਸਨ ਤੇ ਕਈਆਂ ਨੇ ਕਾਲਜ ਤੇ ਯੂਨੀਵਰਸਿਟੀਆਂ ਮੱਲ ਲਈਆਂ ਸਨ। ਮਹਿੰਦਰ ਸਾਥੀ ਦੇ ਹਿੱਸੇ ਇਹਨਾਂ `ਚੋ ਕੁੱਝ ਨਹੀਂ ਸੀ ਆਇਆ। ਉਹ ਮੋਗੇ ਸ਼ਹਿਰ ਵਿਚਲੀਆਂ ਫੈਕਟਰੀਆਂ ਦੀਆਂ ਮਸ਼ੀਨਾਂ ਦੀ ਘਰ -ਘਰ ਵਿਚ ਗੁਆਚਿਆ, ਖੁਰ ਗਈ ਲਹਿਰ ਦਾ ਰੁਦਨ ਕਰਦਾ ਰਿਹਾ :-

    ਜੋ ਨਾਇਕ ਬਨਣ ਨਿਕਲੇ ਸੀ ਉਹ ਰਹਿ ਗਏ ਬਣਕੇ ਖਲਨਾਇਕ ਅਵਾਮੀ-ਥਾਪਨਾਵਾਂ ਨਾਲ ਉਹਨਾਂ ਸੀ ਨਹੀਂ ਲਾਈਆਂ ।

     ਸਾਥੀ ਉਦੋਂ ਵੀ ਇਨਕਲਾਬੀ ਸੀ ਜਦੋਂ ਬਹੁਤ ਸਾਰੇ ਲਿਖਣ ਤੇ ਬੋਲਣ ਵਾਲੇ ਮਾਸ ਖਾਣੀਆਂ ਬੰਦੂਕਾਂ ਦੇ ਢਿੱਡੀਂ ਜਾ ਪਏ ਸਨ। ਉੁਦੋਂ ਕਈ ਕਹਿੰਦੀਆਂ ਕਹਾਉਂਦੀਆਂ ਕਲਮਾਂ ਖਾਮੋਸ਼ ਹੋ ਗਈਆਂ ਸਨ ਜਾਂ ਫਿਰ ਦੁਬਿਧਾ ਵਿਚ ਪੈ ਗਈਆਂ ਸਨ। ਬਹੁਤ ਸਾਰੇ ਕਾਮਰੇਡ ਸਰਕਾਰੀ ਨੀਤੀਆਂ ਦੇ ਢੰਡੋਰਚੀ ਬਣਕੇ ਗੰਨਮੈਨਾਂ ਦੀਆਂ ਧਾੜਾਂ ਲਈ ਫਿਰਦੇ ਸਨ। ਅਜਿਹੇ ਸੈਂਕੜੇ-ਹਜ਼ਾਰਾਂ ਸਿਰਲੱਥ ਲੋਕਾਂ ਦੀ ਵੀ ਕਮੀ ਨਹੀਂ ਸੀ ਜੋ ਨੰਗੇ ਧੜ ਲੜੀ ਜਾਂਦੇ ਸਨ। ਸਾਥੀ ਦੀ ਕਲਮ ਉਦੋਂ ਵੀ ਦਲੇਰੀ ਨਾਲ ਬੇਖੌਫ ਚੱਲਦੀ ਰਹੀ ਸੀ :

ਅਸੀਂ ਨਾ ਭਾਂਜ, ਨਾ ਫਰਿਆਦ ਨਾ ਸੰਧੀ ਬਣਾਂਗੇ ਓ

ਮਸ਼ਾਲਾਂ ਵਾਂਗ ਬਲ ਕੇ ਤੇਰੇ ਕੂਚੇ ਵਿਚ ਤਰਾਂਗੇ ਓ !

ਅਸੀਂ ਮੰਨਿਆ ਸ਼ਿਕਾਰੀ ਬਹੁਤ ਵਹਿਸ਼ੀ ਹੈ, ਜਨੂਨੀ ਹੈ,

ਅਸੀਂ ਚਹਿਕਾਂਗੇ, ਗਾਂਵਾਂਗੇ ਅਤੇ ਫਿਰ ਉੜਾਂਗੇ ਓ !

ਪੁੜਾਂਗੇ ਤੇਰੇ ਪੈਰੀਂ ਕੰਡੇ ਬਣ ਜਦ ਤੀਕ ਜੀਵਾਂਗੇ,

ਮਰਾਂਗੇ ਜਦ ਤੇਰੇ ਤਾਬੂਤ ਕਿੱਲ ਬਣਕੇ ਠੁਕਾਂਗੇ ਓ !

ਅਸੀਂ ਪਹਿਲਾਂ ਵੀ ਮਿੱਧੀਆਂ ਨੇ ਸਰਾਲਾਂ ਸਾਮਰਾਜੀ ਕਈ,

ਤੈਨੂੰ ਵੀ ਮਿੱਧਕੇ ਮਸਤ ਹਾਥੀਆਂ ਵਾਂਗੂੰ ਵਧਾਂਗੇ ਓ !!

      ਸਾਥੀ ਉਸ ਸਮੇਂ ਵੀ ਇਨਕਲਾਬੀ ਹੀ ਬਣਿਆ ਰਿਹਾ ਜਦੋਂ ਉਸਦੇ ਨਾਲ ਦੇ ਕਈ ਇਨਕਲਾਬੀ ਅਖਵਾਉਂਦੇ ਲੇਖਕ ਸਰਕਾਰੀ ਤੰਤਰ ਦੇ ਜਿੰਦੇ ਨੂੰ ਜੁਗਾੜਬੰਦੀ ਦੀ ਚਾਬੀ ਲਾਕੇ ਕਈ ਕਿਸਮ ਦੇ ਵੱਡੇ-ਛੋਟੇ ਐਵਾਰਡ ਡੁੱਕ ਗਏ। ਲੇਖਕੀ ਜਥੇਬੰਦੀਆਂ ਦੀ ਮਹਿੰਗੀ ਵੋਟ ਰਾਜਨੀਤੀ ਵੀ ਸਾਥੀ ਨੂੰ ਰਾਸ ਨਹੀਂ ਆਈ। ਸਾਥੀ ਜੇ ਕਿਸੇ ਧਿਰ ਨਾਲ ਡਟਕੇ ਖਲੋ ਜਾਂਦਾ ਤਾਂ ਕੋਈ ਨਾ ਕੋਈ ਸਰਕਾਰੀ ਇਨਾਮ-ਸਨਮਾਨ ਪੱਕੇ ਬੇਰ ਵਾਂਗ ਝੋਲੀ ਆ ਹੀ ਡਿੱਗਣਾ ਸੀ।

       ਸਾਥੀ ਇੰਜ ਕਿਵੇਂ ਕਰਦਾ? ਉਸਤੋਂ ਇਹ ਹੋਣਾ ਹੀ ਨਹੀਂ ਸੀ, ਤੇ ਇੰਜ ਉਹ ਤਾਅ ਉਮਰ ਇਨਕਲਾਬੀ ਸ਼ਾਇਰ ਬਣਿਆ ਰਿਹਾ। ਇਨਕਲਾਬੀ ਲਹਿਰ ਦੀ ਸੁਰ ਭਲੇ ਹੀ ਮੱਠੀ ਪੈ ਗਈ ਹੋਵੇ ਪਰ ਸਾਥੀ ਦੀਆਂ ਨਜ਼ਮਾਂ ਤੇ ਗ਼ਜ਼ਲ਼ਾਂ ਦੇ ਸ਼ੇਅਰਾਂ ਦੀ ਸੁਰ ਤੱਤੀ ਹੀ ਰਹੀ। ਉਹ ਆਪਣੇ ਸਿਦਕ `ਤੇ ਮਾਣ ਕਰਦਾ ਹੋਇਆ, ਅੱਗ ਵਰਗੇ ਸ਼ੇਅਰ ਆਖਦਾ ਰਿਹਾ। ਉਸਦੇ ਆਪਣੇ ਸ਼ਬਦਾਂ ਵਿਚ :-

ਕੁੱਝ ਨਾ ਕੁੱਝ ਤਾਂ ਨੇਰ ਨੂੰ ਹੈ ਹੂੰਝਦਾ

ਹੋਇਆ ਕੀ ਜੇ ਦੀਵੇ ਜਿਹਾ ਪ੍ਰਕਾਸ਼ ਹੈ

ਨਾਲ ਨੇਰੇ ਦੇ ਲੜੇ ਹਾਂ ਉਮਰ ਭਰ ,

ਬਸ ਸਾਡਾ ਤਾਂ ਇਹੋ ਹੀ ਇਤਿਹਾਸ ਹੈ।

     ਸਾਥੀ ਨੇ ਲੰਮਾ ਸਮਾ ਕਾਰਖਾਨਿਆਂ ਵਿਚ ਲੋਹਾ ਕੁੱਟਿਆ ਹੈ ਪਰ ਲੋਹੇ ਨਾਲ ਲੋਹਾ ਹੋਣ ਵਾਲੇ ਸਾਥੀ ਨੂੰ ਦੇਸ਼ ਦੇ ਹੋਰਨਾਂ ਕਰੋੜਾਂ ਕਿਰਤੀਆਂ ਵਾਂਗ ਲੋਹੇ ਦੀ ਕਾਰ ਝੂਟਣ ਦਾ ਸਬੱਬ ਨਹੀਂ ਮਿਲਿਆ। ਲੋਹਾ ਕੁੱਟਦਿਆਂ ਹੱਥਾਂ `ਤੇ ਪਏ ਅੱਟਣ ਐਨੇ ਕੁ ਸਖਤ ਹੋ ਗਏ ਕਿ ਉਸਦੇ ਹੱਥ ਹੀ ਲੋਹੇ ਦੇ ਹੋ ਗਏ। ਲੋਹੇ ਦੇ ਹੱਥਾਂ ਵਾਲਾ ਸਾਥੀ ਸਾਰੀ ਉਮਰ ਲੋਹੇ ਵਰਗੀ ਹੀ ਗ਼ਜ਼ਲ਼ ਲਿਖਦਾ ਰਿਹਾ। ਇਸੇ ਕਰਕੇ ਉਸਦੇ ਸ਼ੇਅਰਾਂ ਵਿਚ ਲੋਹੇ ਦੀ ਖੜਕਾਰ ਹੈ, ਹਥੌੜੇ ਵਰਗੇ ਭਾਰੇ-ਭਾਰੇ ਸ਼ਬਦ। ਸ਼ਾਇਰੀ ਵਿਚ ਬਗਾਵਤ ਲਈ ਵਰਤੇ ਜਾਣ ਵਾਲੇ ਹਥਿਆਰਾਂ ਅਤੇ ਕਿਰਤੀ ਹੱਥਾਂ ਲਈ ਲੋੜੀਂਦੇ ਉਜ਼ਾਰਾਂ ਦੀ ਗੱਲ ਹੈ। ਉਂਜ ਵੀ ਸਾਥੀ ਦੇ ਅੱਟਣਾ ਵਾਲੇ ਹੱਥਾਂ ਤੋਂ ਕੋਮਲ ਮੁਲਾਇਮ ਤੇ ਸੋਹਜ ਸੁਆਦ ਵਿਚ ਗੜੂੰਦ ਨਜ਼ਮਾਂ ਦੀ ਆਸ ਕਰਨੀ ਬੇਮਾਇਨਾ ਹੈ। ਫੇਰ ਵੀ ਕਲਾਤਮਿਕਤਾ ਅਤੇ ਸੂਖ਼ਮਤਾ ਨੂੰ ਕਿਸੇ ਨਜ਼ਮ ਜਾਂ ਗ਼ਜ਼ਲ਼ ਦਾ ਜਰੂਰੀ ਅੰਗ ਮੰਨਣ ਵਾਲਿਆਂ ਨੂੰ ਉਸਦੇ ਬਹੁਤ ਸਾਰੇ ਸ਼ੇਅਰ ਦਿਖਾਏ ਜਾ ਸਕਦੇ ਹਨ। ਪੂਰੀ ਦਾਲ ਟੋਹਣ ਨਾਲੋਂ ਇਕ ਦਾਣਾ ਹੀ ਵੇਖਿਆ ਜਾ ਸਕਦਾ,

ਉਨਾਂ ਪੁੱਛਿਆ ਕਹਿਰ ਕੱਕਰ ਦਾ ਕਿਹੜੇ ਫੁੱਲ ਨੇ ਸਹਿ ਜਾਂਦੇ

ਮੈਂ ਅੰਮ੍ਰਿਤ ਵੇਲੇ ਕੂੜਾ ਫੋਲਦੇ ਬੱਚੇ ਵਿਖਾ ਦਿੱਤੇ।

      ਸਾਥੀ ਦੇ ਅਜੇ ਲੂੰਈ ਵੀ ਨਹੀਂ ਸੀ ਫੁੱਟੀ ਜਦੋਂ ਉਸਦੇ ਕਿਰਤੀ ਹੱਥ ਵਰਕਸ਼ਾਪ ਵਿਚ ਲੋਹੇ ਨੂੰ ਕੁੱਟ ਕੁੱਟ ਸਿੱਧਾ ਕਰਨ ਲੱਗੇ ਸਨ। ਹਿੰਦੀ -ਚੀਨੀ ਭਾਈ-ਭਾਈ ਦੇ ਨਾਅਰੇ ਲਾਉਣ ਵਾਲਿਆਂ ਵਲੋਂ ਨੇਫ਼ਾ ਵਾਲੇ ਬਾਰਡਰ ਵਲੋਂ ਭਾਰਤ ਉੱਤੇ ਬੋਲੇ ਧਾਵੇ ਵਾਲੇ ਸਾਲ ਤੋਂ ਵੀ ਦੋ ਵਰੇ ਪਹਿਲੋਂ ਉਹ ਦਸਵੀਂ ਦੀਆਂ ਸਿਲੇਬਸ ਵਾਲੀਆਂ ਕਿਤਾਬਾਂ ਨੂੰ ਮੱਥਾ ਟੇਕ ਕੇ ਟਰੱਕਾਂ ਦੀ ਰਿਪੇਅਰ ਕਰਨ ਵਾਲੀ ਕਿਸੇ ਵਰਕਸ਼ਾਪ ਵਿਚ ਕੰਮ ਸਿੱਖਣ ਜਾ ਲੱਗਾ ਸੀ। ਪੜਾਈ ਉਸਨੇ ਸ਼ੌਕ ਨਾਲ ਨਹੀਂ ਸੀ ਛੱਡੀ ਬਲਕਿ ਹਾਲਾਤਾਂ ਨੇ ਉਸਦੇ ਘਰ ਦੁਆਲੇ ਨਾਗਵਲ ਹੀ ਅਜਿਹਾ ਪਾ ਲਿਆ ਸੀ ਕਿ ਉਸਨੇ ਦਸਵੀਂ ਤੱਕ ਦਾ ਸਫਰ ਵੀ ਬੜੀ ਮੁਸ਼ਕਲ ਨਾਲ ਤਹਿ ਕੀਤਾ ਸੀ। ਦਰਅਸਲ ਸਾਥੀ ਸਕੂਲ ਵਿਚ ਛੇ ਮਹੀਨੇ ਕਿਤਾਬਾਂ ਹੀ ਨਹੀਂ ਸੀ ਖਰੀਦ ਸਕਿਆ। ਕਿਤਾਬਾਂ ਨਾ ਲਿਆਉਣ ਕਾਰਨ ਮਾਸਟਰ ਆਏ ਦਿਨ ਉਸਨੂੰ ਜਮਾਤ ਵਿਚ ਖੜ੍ਹਾ ਕਰ ਲੈਂਦੇ। ਉਹਨਾਂ ਦਿਨਾਂ ਵਿਚ ਸਾਥੀ ਦੇ ਬਾਪ ਦਾ ਲੱਕੜਾਂ ਦੀ ਟਾਲ ਦਾ ਕੰਮ ਉੱਕਾ ਈ ਚੌੜ-ਚੁਪੱਟ ਹੋ ਚੁੱਕਾ ਸੀ । ਉੱਤੋ ਉਸਦੀ ਬਿਮਾਰੀ ਨੇ ਤਾਂ ਘਰ ਦਾ ਮੂੰਹ ਹੀ ਦੂਜੇ ਪਾਸੇ ਲਾ ਦਿੱਤਾ। ਖਰਵੇ ਸੁਭਾਅ ਦਾ ਇੰਦਰ ਸਿੰਘ ਬਾਘੇ ਪੁਰਾਣੇ ਨੇੜਲੇ ਆਪਣੇ ਪਿੰਡ ਕਾਲੇਕੇ ਰਹਿੰਦਿਆਂ ਆਪਣੇ ਜੁਆਕਾਂ ਤੇ ਉਹਨਾਂ ਦੀ ਮਾਂ ਨੂੰ ਬੇਵਜਾਹ ਹੀ ਕੁੱਟਮਾਰ ਕਰਦਾ ਰਹਿੰਦਾ। ਘਰ ਕੁਰੂਕਸ਼ੇਤਰ ਦਾ ਮੈਦਾਨ ਹੀ ਬਣਿਆ ਜਾਪਦਾ। ਮਿੰਦੀ ਨੂੰ ਆਪਣੇ ਬਾਪ ਦੇ ਇਸ ਸੁਭਾਅ ਦੀ ਕੋਈ ਸਮਝ ਨਾ ਪੈਂਦੀ। ਦਰਅਸਲ ਸਾਥੀ ਦਾ ਬਾਪ ਕਮਾਈ ਕਰਨ ਲਈ ਮਲਾਇਆ ਗਿਆ ਦੂਜੀ ਸੰਸਾਰ ਜੰਗ ਦੇ ਵਲਾਵੇਂ ਵਿਚ ਆ ਗਿਆ ਸੀ। ਫਿਰ ਕਈ ਵਰੇ ਉਸਦਾ ਥਹੁ ਪਤਾ ਈ ਨਹੀਂ ਸੀ ਲੱਗਾ। ਲੰਮਾ ਸਮਾਂ ਪਰਿਵਾਰ ਤੋਂ ਪਾਸੇ ਰਹਿਣ ਕਾਰਨ ਹੀ ਸ਼ਾਇਦ ਉਸਦਾ ਸੁਭਾਅ ਇਕੱਲਖੋਰਾ ਤੇ ਖਰਵਾ ਹੋ ਗਿਆ। ਗੱਲ -ਗੱਲ `ਤੇ ਵੱਡੂੰ ਖਾਊਂ ਕਰਨ ਵਾਲਾ। ਸ਼ਾਇਦ ਜਪਾਨੀਆਂ ਦੇ ਤਸ਼ੱਦਦ ਨੇ ਉਸ ਅੰਦਰਲੀ ਸੰਵੇਦਨਾ ਹੀ ਮਾਰ ਦਿੱਤੀ ਹੋਵੇ। ਇਸੇ ਸਮੇਂ `ਚ ਸਾਥੀ ਨੂੰ ਉਸਦੇ ਨਾਨਕੇ ਆਪਣੇ ਕੋਲ ਮੁਕਤਸਰ ਲੈ ਗਏ। ਵੱਡਾ ਮਾਮਾ ਬਸੰਤ ਸਿੰਘ ਪੁਲਸੀਆ ਤੇ ਛੋਟਾ ਜਸਵੰਤ ਸਿੰਘ ਪ੍ਰਚਾਰਕ ਸੀ ਜੋ ਗਿਆਨੀ ਜ਼ੈਲ ਸਿੰਘ ਨਾਲ ਜੱਥੇ ਵਿਚ ਰਿਹਾ। ਕੁੱਝ ਅਰਸਾ ਕਾਮਰੇਡਾਂ ਨਾਲ ਵੀ ਤੁਰਿਆ ਫਿਰਦਾ ਰਿਹਾ। ਮਾਮਿਆਂ ਨੇ ਸਾਥੀ ਨੂੰ ਦਰਬਾਰ ਸਾਹਿਬ ਨੇੜਲੇ ਗੁਰਦੁਆਰੇ ਵਿਚ ਗੁਰਮੁਖੀ ਸਿੱਖਣ ਲਾ ਦਿੱਤਾ ਸੀ। ਪ੍ਰਚਾਰਕ ਮਾਮਾ ਜਦੋਂ ਭਾਣਜੇ ਨੂੰ ਅੱਖਰ ਜੋੜ-ਜੋੜ ਕੇ ਪੰਜ ਗਰੰਥੀ ਪੜਦਿਆਂ ਵੇਖਦਾ-ਸੁਣਦਾ , ਉਸਦੇ ਅੰਦਰਲਾ ਖਿੜ ਜਾਂਦਾ।

        ਦੂਜੀ ਸੰਸਾਰ ਜੰਗ ਦੇ ਖਾਤਮੇ ਦੇ ਕਈ ਵਰਿਆਂ ਬਾਅਦ ਜਦੋਂ ਅਚਾਨਕ ਬਾਪ ਜਪਾਨੀਆਂ ਦੀ ਕੈਦ `ਚੋਂ ਰਿਹਾ ਹੋਕੇ ਘਰ ਆ ਗਿਆ ਤਾਂ ਪਰਿਵਾਰ ਜਿਵੇਂ ਫਿਰ ਜਿਉਂਦਿਆਂ ਵਿਚ ਹੋ ਗਿਆ ਹੋਵੇ। ਘਰ ਵਿਚ ਸੱਸ -ਨੂੰਹ ਦੀ ਬਣਦੀ ਹੀ ਨਹੀਂ ਸੀ। ਇੰਦਰ ਸਿਹੁੰ ਸਾਰੇ ਜੁਆਕ-ਜੱਲੇ ਨੂੰ ਲੈ ਕੇ ਮੋਗੇ ਆ ਗਿਆ ਜਿਥੇ ਉਸਨੇ ਲਕੜੀਆਂ ਦੀ ਟਾਅਲ ਅਤੇ ਤੂੜੀ ਵੇਚਣ ਦਾ ਕੰਮ ਚਲਾ ਲਿਆ। ਸਾਥੀ ਨੂੰ ਭੁਪਿੰਦਰਾ ਖਾਲਸਾ ਸਕੂਲ ਪੜਨੇ ਪਾ ਲਿਆ। ਮੋਗੇ ਸਾਥੀ ਹੋਣਾ ਦੇ ਗੁਆਂਢ ਵਿਚ ਮੁਸਲਮਾਨਾਂ ਦਾ ਘਰ ਸੀ। ਈਦੂ ਚੌਧਰੀ ਦਾ ਮੁੰਡਾ ਸਰਦਾਰ ਖਾਨ ਸਾਥੀ ਦਾ ਜਮਾਤੀ ਸੀ ਜੋ ਸਕੂਲ ਦੇ ਫੰਕਸ਼ਨਾਂ ਵਿਚ ਬਹੁਤ ਸੋਹਣਾ ਡਰੰਮ ਵਜਾਉਂਦਾ। ਸਰਦਾਰੇ ਦੀ ਮਾਂ ਵੀ ਪੁੱਤ ਦੇ ਜਮਾਤੀ "ਮਿੰਦੀ " ਨੂੰ ਡਾਹਢਾ ਪਿਆਰ ਕਰਦੀ। ਕਦੇ ਰੋਟੀ ਸਰਦਾਰੇ ਵੱਲੇ ਤੇ ਕਦੇ ਮਿੰਦੀ ਵੱਲੇ। ਜਿਸ ਸਾਲ ਰੈਡਕਲਿਫ ਦੀਆਂ ਖਿੱਚੀਆਂ ਲਕੀਰਾਂ ਨਾਲ ਭਾਰਤ-ਪਾਕ ਵੰਡ ਹੋਈ, ਸਾਥੀ ਤੀਸਰੀ ਜਮਾਤੇ ਪੜਦਾ ਪਿਆ ਸੀ। ਉਸਦਾ ਲੰਗੋਟੀਆ ਯਾਰ ਨਵੇਂ ਬਣੇ ਮੁਲਕ ਪਾਕਿਸਤਾਨ ਟੁਰ ਗਿਆ ਸੀ। ਉਸਦੀ ਸਲੇਟ ਮਹਿੰਦਰ ਉਰਫ ਮਿੰਦੀ ਕੋਲ ਰਹਿ ਗਈ ਸੀ ਜਿਸਨੂੰ ਮਿੰਦੀ ਇਸ ਆਸ ਨਾਲ ਕਈ ਵਰੇ ਸਾਂਭ-ਸਾਂਭ ਰੱਖਦਾ ਰਿਹਾ ਕਿ ਜਦੋਂ ਕਦੇ ਸਰਦਾਰਾ ਵਾਪਸ ਆਇਆ ਸਲੇਟ ਉਸਨੂੰ ਮੋੜ ਦੇਵੇਗਾ। ਉਸ ਅੰਦਰਲਾ ਬੱਚਾ ਸੋਚਦਾ ਕਿ ਕਿਸੇ ਨਾ ਕਿਸੇ ਦਿਨ ਸਰਦਾਰ ਆਪਣੀ ਸਲੇਟ ਲੈਣ ਜਰੂਰ ਆਵੇਗਾ। ਇਹ ਤਾਂ ਸਾਥੀ ਨੂੰ ਬਹੁਤ ਚਿਰ ਬਾਅਦ ਪਤਾ ਲੱਗਾ ਕਿ ਉਸਦੇ ਅਤੇ ਸਰਦਾਰੇ ਦੇ ਦਰਮਿਆਨ ਦੂਰੀ ਤਾਂ ਭਾਵੇਂ ਕੁੱਝ ਮੀਲਾਂ ਦੀ ਹੈ ਪਰ ਰੋਕਾਂ ਵਾਲੀਆਂ ਦੀਵਾਰਾਂ ਅਸਮਾਨ ਜਡੇਰੀਆਂ ਸਨ। ਬਚਪਨ ਦਾ ਵਿਛੜਿਆ ਯਾਰ ਸਾਥੀ ਨੂੰ ਸਾਰੀ ਉਮਰਾ ਨਾ ਮਿਲਿਆ, ਬਿਲਕੁਲ ਉਸੇ ਤਰਾਂ ਜਿਵੇਂ ਜਵਾਨੀ ਵੇਲੇ ਦਾ ਵਿਛੜਿਆ ਪਿਆਰ ਮੋਗੇ ਤੋਂ ਹਜ਼ਾਰਾਂ ਮੀਲ ਦੂਰ ਅਹਿਮਦਾਬਾਦ ਜਾ ਵਸਿਆ ਤੇ ਫਿਰ ਕਦੇ ਨਾ ਮਿਲ ਸਕਿਆ। ਸਾਥੀ ਸਾਰੀ ਉਮਰ ਨਾ ਕਦੇ ਸਰਦਾਰੇ ਨੂੰ ਭੁਲਾ ਸਕਿਆ ਤੇ ਨਾਹੀˆ "ਕਰਿਸ਼ਨਾ" ਦੀਆਂ ਯਾਦਾਂ ਨੇ ਉਸਦਾ ਖਹਿੜਾ ਛੱਡਿਆ।

       ਘਰਦੀ ਘੋਰ ਗਰੀਬੀ, ਥੁੜਾਂ ਮਾਰੇ ਪਰਿਵਾਰ ਵਿਚ ਚੱਲਦੀ ਰਹਿੰਦੀ ਮਹਾਂਭਾਰਤ, ਨਿੱਤ ਦਿਹਾੜੇ ਹੁੰਦੀ ਕੁੱਟਮਾਰ, ਬਚਪਨ ਦੇ ਆੜੀ ਦਾ ਵਿਛੋੜਾ, ਮਾੜੀ ਆਰਥਿਕਤਾ ਕਾਰਨ ਅੱਧਵਾਟੇ ਹੀ ਛੁੱਟ ਗਈ ਪੜ੍ਹਾਈ, ਕ੍ਰਿਸ਼ਨਾ ਦੀ ਜੁਦਾਈ ਤੇ ਫੈਕਟਰੀਆਂ ਅੰਦਰ ਹੋਏ ਆਰਥਿਕ ਸ਼ੋਸ਼ਣ ਨੇ ਸਾਥੀ ਨੂੰ ਬਗਾਵਤੀ ਸੁਭਾਅ ਵਾਲਾ ਬਣਾ ਦਿੱਤਾ। ਉਹ ਗੱਲ-ਗੱਲ `ਤੇ ਅੜਨ ਤੇ ਲੜਨ ਲੱਗਿਆ ਸੀ। ਕਵਿਤਾਵਾਂ ਵਿਚੋਂ ਅੱਗ ਨਿਕਲਣੀ ਸ਼ੁਰੂ ਹੋਈ। ਚੁੱਪ ਰਹਿਣੇ ਸੁਭਾਅ ਵਾਲੇ ਸਾਥੀ ਨੇ ਬਗਾਵਤ ਦਾ ਪਹਿਲਾ ਝੰਡਾ "ਜੈ ਭਾਰਤ ਮੈਟਲ ਇੰਡਸਟਰੀਜ਼" ਦੇ ਆਪਣੇ ਮਾਲਕਾਂ ਖਿਲਾਫ ਹੀ ਚੁੱਕ ਲਿਆ ਸੀ ਜਿਥੇ ਸਾਥੀ ਟਰਨਰ ਵਜੋਂ ਕੰਮ ਕਰਦਾ ਸੀ। ਇਸ ਫੈਕਟਰੀ ਵਾਲਿਆਂ ਨੇ ਕਾਮਿਆਂ ਨੂੰ ਨਵੇਂ ਸਾਲ `ਤੇ ਬੋਨਸ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਸਾਥੀ ਨੇ ਮੋਗੇ ਦੀ ਮਸ਼ਹੂਰ ਦੁੱਧ ਫੈਕਟਰੀ ਦੇ ਕਾਮਿਆਂ ਦੀ ਸਲਾਹ ਨਾਲ ਆਪਣੀ ਫੈਕਟਰੀ ਦੇ 150 ਕਾਮਿਆਂ ਨੂੰ ਤਿਆਰ ਕਰਕੇ ਮਾਲਕਾਂ ਖਿਲਾਫ ਸੰਘਰਸ਼ ਵਿੱਢ ਦਿੱਤਾ। ਸਾਥੀ ਦੀਆਂ ਜੋਸ਼ੀਲੀਆਂ ਕਵਿਤਾਵਾਂ ਫੈਕਟਰੀ ਕਾਮਿਆਂ ਵਿੱਚ ਜੋਸ਼ ਭਰਦੀਆਂ :-

ਜਦੋਂ ਤੱਕ ਹਥੇਲੀ `ਤੇ ਸਿਰ ਨਾ ਧਰੋਂਗੇ।

ਮੁਹੱਬਤ ਦੀ ਬਾਜ਼ੀ `ਚ ਯਾਰੋ ! ਹਰੋਂਗੇ।

ਤੁਸੀਂ ਨੱਬੇ, ਅਪਣੇ ਇਹ ਮੁੜਕੇ ਦੇ ਮੋਤੀ

ਦਸਾਂ  ਲੁੱਟਦਿਆਂ ਨੂੰ  ਕਦੋਂ  ਤੱਕ ਜਰੋਂਗੇ?

ਉਹ ਮਹਿਲੀਂ ਬਣੇ ਥੋਡੇ ਹੀਟਰ ਨੇ ਮਘਦੇ,

ਇਹ ਫੁੱਟਪਾਥ ਤੇ ਬੈਠੇ ਕਦੋਂ ਤੱਕ ਠਰੋਂਗੇ।

ਅਮਰ ਸਾਥੀਓ ! ਇਹ ਹੋ ਜਾਊ ਹਿਯਾਤੀ,

ਮਨੁੱਖਤਾ  ਲਈ  ਲੜਦੇ-ਲੜਦੇ  ਮਰੋਂਗੇ।

    ਕਾਮਿਆਂ ਦਾ ਜੋਸ਼ ਠਾਠਾਂ ਮਾਰਨ ਲੱਗਦਾ। ਉਹ ਵਧ -ਵਧ ਕੇ ਨਾਅਰੇ ਮਾਰਦੇ। ਫੈਕਟਰੀ ਦੀਆਂ ਕੰਧਾਂ ਗੂੰਜਣ ਲੱਗਦੀਆਂ। ਫੈਕਟਰੀ ਮਾਲਕਾਂ ਦੇ ਅਲਸ਼ੇਸ਼ਨ ਕੁੱਤੇ ਬਿਸਕੁੱਟ ਖਾਣੇ ਛੱਡ ਡਰਦੇ ਮਾਰੇ ਮੇਮ ਸਾਬ ਦੀ ਬੁੱਕਲ ਵਿਚ ਜਾ ਲੁੱਕਦੇ। ਸਾਥੀ ਦਾ ਦੱਬ ਦਬਾ ਵਧਦਾ ਗਿਆ। ਉਸਦੇ ਮਘਦੇ ਅੰਗਿਆਰਾਂ ਵਰਗੇ ਗੀਤਾਂ ਨੇ ਬੋਨਸ ਵਾਲੀ ਜੰਗ ਜਿੱਤ ਲਈ। ਮਾਲਕਾਂ ਨੇ ਹਥਿਆਰ ਛੁੱਟ ਦਿੱਤੇ ਸਨ।

     ਸੰਨ 1966 ਦੀ ਪੱਤਝੜ ਆਉਂਦਿਆਂ ਹੀ ਸਾਥੀ ਨੇ `ਜੈ ਭਾਰਤ ਮੈਟਲ ਇੰਡਸਟਰੀਜ` ਛੱਡ ਕੇ ਵੈਦ ਤੀਰਥ ਰਾਮ ਕਿਆਂ ਵਾਲੀ ਫੈਕਟਰੀ ਵਿੱਚ ਆ ਹਾਜ਼ਰੀ ਲਾਈ। ਇਹ ਕਿੰਨੇ ਹੀ ਚਿਰ ਤੋਂ ਬੰਦ ਪਈ ਫੈਕਟਰੀ ਸਾਥੀ ਦੇ ਭਰਾ ਅਤੇ ਸੁਰਜੀਤ ਕੁਮਾਰ ਨੇ ਠੇਕੇ `ਤੇ ਲੈਕੇ ਚਾਲੂ ਕੀਤੀ ਸੀ। ਨਿਊ ਭਾਰਤ ਫੈਕਟਰੀ ਵਿਚ ਬਲਦਾਂ ਤੇ ਘੋੜਿਆਂ ਦੀਆਂ ਖੁਰੀਆਂ `ਚ ਲੱਗਦੀਆਂ ਮੇਖਾਂ ਤੇ ਕਾਬਲੇ ਵਗੈਰਾ ਬਣਾਏ ਜਾਂਦੇ ਸਨ। ਇਸ ਫੈਕਟਰੀ ਵਿਚ ਮਾੜੀ ਮੋਟੀ ਜਿਹੀ ਤੁਕਬੰਦੀ ਕਰਨ ਵਾਲੇ ਠਾਣਾ ਸਿੰਘ ਨਾਲ ਸਾਥੀ ਦੀ ਨੇੜਤਾ ਬਣ ਗਈ। ਠਾਣੇ ਨੇ ਉਸਨੂੰ ਮਹਿੰਦਰ ਸਿੰਘ ਤੋਂ "ਮਹਿੰਦਰ ਸਾਥੀ" ਬਣਾ ਦਿੱਤਾ। ਫਾਜ਼ਿਲਕਾ ਵੱਲੀਂ ਦੇ ਇਸ ਠਾਣੇ ਨੇ ਹੀ ਸਾਥੀ ਨੂੰ ਮੁਕਤਸਰ ਨੇੜਲੇ ਭਲਾਈ ਆਣੀਏ ਠਾਣਾ ਸਿੰਘ ਨਾਲ ਮਿਲਾਇਆ ਸੀ।

       ਭਲਾਈਆਣੇ ਆਲੇ ਠਾਣਾ ਸਿੰਘ ਨਾਲ ਹੋਏ ਮੇਲ ਨੇ ‘ਨਿਊ ਭਾਰਤ ਇੰਡਸਟਰੀ" ਨੂੰ ਇਨਕਲਾਬੀਆਂ ਦੇ ਆਉਣ ਜਾਣ ਦਾ ਅੱਡਾ ਬਣਾ ਦਿੱਤਾ। ਇਹਨਾਂ ਦਿਨਾਂ ਵਿਚ ਹੀ ਸਾਥੀ ਦੀ ਲਿਖੀ ਨਜ਼ਮ "ਜਨਮ-ਜਨਮ ਦੇ ਸਾਥੀ ਮੇਰੇ" ਕਵਿਤਾ ਰਿਸਾਲੇ ਵਿਚ ਛਪੀ। ਇਹ ਨਜ਼ਮ ਗੁਰਦੀਪ ਘੋਲੀਏ ਨਾਲ ਨੇੜਤਾ ਪੈਦਾ ਕਰ ਗਈ। ਇਹ ਉਹੀ ਗੁਰਦੀਪ ਘੋਲੀਆ ਸੀ ਜਿਸਨੇ ਗੁਰਪਾਲ ਸਿੰਘ ਪਾਲ ਦਾ ਗਾਇਆ ਬਹੁ-ਚਰਚਿਤ ਗੀਤ "ਪਾਲੀ ਪਾਣੀ ਖੂਹ ਤੋਂ ਭਰੇ" ਲਿਖਿਆ ਸੀ। ਫੇਰ ਤਾਂ ਰਾਜੇਆਣੀਏ ਬੰਤ, ਮਾਣੂਕਿਆਂ ਵਾਲੇ ਚਰਨ ਸਿੰਘ, ਤੇ ਹੋਰ ਕਿੰਨੇ ਹੀ ਰੂਪੋਸ਼ ਨਕਸਲਾਈਟਾਂ ਨਾਲ ਸਾਥੀ ਦਾ ਮੇਲ ਹੋਣ ਲੱਗਾ। ਉਹਨੀ ਦਿਨੀ ਪੰਜਾਬ ਦੀਆਂ ਸੱਥਾਂ ਵਿੱਚ "ਮੁੰਡਿਆਂ-ਖੁੰਡਿਆਂ " ਵਲੋਂ ਹੇਠਲੀ ਉੱਤੇ ਲਿਆਉਣ ਦੀਆਂ ਗੱਲਾਂ ਚੱਲਣ ਲੱਗ ਪਈਆਂ ਸਨ। ਮਾਸਕੋ ਦਾ ਲਾਲ ਚੌਂਕ ਸਾਥੀ ਦੇ ਵੀ ਸੁਪਨਿਆਂ ਵਿਚ ਆਉਣ ਲੱਗਾ। ਕਈ ਰਿਸਾਲੇ ਤੇ ਔਖੀਆਂ-ਔਖੀਆਂ ਸਿਧਾਂਤਕ ਪੁਸਤਕਾਂ ਸਾਥੀ ਕੋਲ ਆਉਣ ਲੱਗੀਆਂ। ਮਾਰਕਸ ਦੀ 'ਦਵੰਦਾਤਮਕ ਭੌਤਿਕਵਾਦ' ਵਾਲੀ ਥਿਉਰੀ ਸਾਥੀ ਦੇ ਦਿਮਾਗ ਵਿਚ ਧੱਸਣ ਲੱਗੀ। ਸਾਥੀ ਨੇ ਫੈਕਟਰੀ ਦੇ ਠੇਕੇਦਾਰ ਬਣੇ ਆਪਣੇ ਭਰਾ ਖਿਲਾਫ ਹੀ ਝੰਡਾ ਚੁੱਕ ਲਿਆ। ਸੀ ਪੀ ਆਈ ਦੇ ਸਰਵਣ ਸਿੰਘ ਸਹਿਗਲ ਤੇ ਵੰਨੀ-ਵੰਨੀ ਦੇ ਹੋਰ ਕਈ ਕਾਮਰੇਡਾਂ ਨੂੰ ਨਾਲ ਲੈ ਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ। ਫੈਕਟਰੀ ਦੀ ਲੜਾਈ ਘਰ ਤੱਕ ਪੁੱਜਣੀ ਕੁਦਰਤੀ ਸੀ। ਘਰ ਵਿਚ ਕਲੇਸ਼ ਖੜਾ ਹੋ ਗਿਆ ਪਰ ਸਾਥੀ ਨੇ ਸੰਘਰਸ਼ ਨੂੰ ਪਿੱਠ ਨਾ ਵਿਖਾਈ। ਸਾਥੀ ਨੇ ਇਹ ਘੋਲ ਵੀ ਸ਼ਾਨ ਨਾਲ ਜਿੱਤ ਲਿਆ ਸੀ। ਮੋਗੇ ਦਾ ਇਲਾਕਾ ਉਹਨਾਂ ਦਿਨਾਂ `ਚ ਸਰਗਰਮੀਆਂ ਦਾ ਗੜ ਬਣਿਆ ਹੋਇਆ ਸੀ। ਰੂਪੋਸ਼ ਹੋਏ ਫਿਰਦੇ ਨਕਸਲਬਾੜੀਏ ਮੋਗੇ ਦੀ ਬਾਗ-ਗਲੀ ਵਿਚ ਹਲਵਾਈ ਦਾ ਕੰਮ ਕਰਦੇ ਹਵੇਲਾ ਸਿੰਘ ਦੇ ਡੇਰੇ ਗੁਪਤ ਮੀਟਿੰਗਾਂ ਕਰਦੇ। ਸਾਰਿਆਂ ਦੇ ਨਾਂ ਪਤੇ ਫਰਜੀ ਹੁੰਦੇ, ਕਿਸੇ ਦਾ ਅਜਮੇਰ, ਕਿਸੇ ਦਾ ਬਲਵੀਰ ਕਿਸੇ ਦਾ ਕੁੱਝ ਹੋਰ। ਇੱਕ ਛੇ ਫੁੱਟ ਉੱਚੇ ਲੰਮੇ ਤੇ ਸੱਬਲ ਵਰਗੇ ਜਵਾਨ ਨੂੰ ਸਾਰੇ ਬਾਈ-ਬਾਈ ਆਖਦੇ। ਸਿਰੇ ਦਾ ਦਲੇਰ ਪਰ ਬੇਪਰਵਾਹ। ਸਾਥੀ ਨੂੰ ਬਹੁਤ ਬਾਅਦ ਵਿਚ ਪਤਾ ਲੱਗਾ ਕਿ ਇਹ ਜਾਂਬਾਜ਼ ਲੜਾਕੂ ਇਨਾਮ ਯਾਫਤਾ ਬੰਤ ਰਾਜੇਆਣੀਆ ਸੀ।

       "ਪਤਾ ਹੀ ਨਹੀਂ ਲੱਗਿਆ ਜਮਾਤੀ ਦੁਸ਼ਮਣਾਂ ਦੇ ਸਫਾਏ ਵਾਲੀ ਲਾਈਨ ਕਦੋਂ ਵਿਅਕਤੀਗਤ ਕਤਲਾਂ ਵੱਲ ਮੁੜ ਗਈ। ਲੋਕ ਚੇਤਨਾ ਜ਼ਰੂਰੀ ਸੀ। ਬਹੁਤ ਸਾਰੇ ਲੋਕ ਹਮਦਰਦ ਜਰੂਰ ਸਨ ਪਰ ਉਠਕੇ ਨਾਲ ਨਹੀਂ ਤੁਰੇ। ਜੇ ਕਿਧਰੇ ਕਿਸੇ ਨੌਜਵਾਨ ਦਾ ਪੁਲਸ ਮੁਕਾਬਲਾ ਬਣਾਇਆ ਜਾਂਦਾ ਸੀ ਤਾਂ ਲੋਕ ਸੰਘਰਸ਼ ਨਹੀਂ ਸੀ ਕਰਦੇ। ਪੁਲਸ ਥਾਣੇ ਨਹੀਂ ਸੀ ਘੇਰਦੇ, ਉਲਟਾ ਬੂਹੇ-ਬਾਰੀਆਂ ਬੰਦ ਕਰਕੇ ਖੁਦ ਨੂੰ ਘਰਾਂ ਅੰਦਰ ਬੰਦ ਕਰ ਲੈਂਦੇ ਸਨ।" ਸਾਥੀ ਨੂੰ ਸਾਰਾ ਕੁੱਝ ਯਾਦ ਹੈ ਜਿਵੇਂ ਕੱਲ ਹੀ ਵਾਪਰਿਆ ਹੋਵੇ।

        "ਜ਼ੋਸ਼ ਈ ਸੀ ਜ਼ੋਸ਼ ਸੀ--ਹੋਸ਼ ? ਹੋਸ਼ ਤਾਂ ਹੈ ਈ ਨਹੀਂ ਸੀ। ਉਦੋਂ ਤਾਂ ਆਏਂ ਲੱਗਦਾ ਸੀ ਜਿਵੇਂ ਇਨਕਲਾਬ ਬਰੂੰਹਾਂ ਦੇ ਬਾਹਰ ਖੜਾ ਐ ਤੇ ਬਸ ਤੇਲ ਚੋਅ ਕੇ ਹੀ ਅੰਦਰ ਲੰਘਾ ਲੈਣਾ। ਉਦੋਂ ਨਹੀਂ ਸੀ ਜਾਣਦੇ ਕਿ `ਸਟੇਟ` ਕੋਲ ਬੜੀ ਤਾਕਤ ਹੁੰਦੀ ਹੈ। ਬੇਪਨਾਹ ਵਸੀਲੇ। ਸਾਥੋਂ ਤਾਂ ਜਮਾਤੀ ਦੁਸ਼ਮਣ ਦੀ ਪਛਾਣ ਹੀ ਨਹੀਂ ਹੋਈ। ਅਸੀਂ ਤਾਂ ਸਧਾਰਨ ਹੋਮਗਾਰਡੀਏ ਤੇ ਸਿਪਾਹੀ ਨੂੰ ਈ ਜਮਾਤੀ ਦੁਸ਼ਮਣ ਸਮਝੀ ਗਏ। ਭਲਾ ਇਹ ਦੁਸ਼ਮਣ ਕਿਵੇਂ ਹੋਏ? " ਸਾਥੀ ਨੇ ਜਿਵੇਂ ਲਹਿਰ ਦੇ ਸਮੁਚੇ ਕਾਰਕੁੰਨਾਂ ਨੂੰ ਹੀ ਸੁਆਲ ਕੀਤਾ ਸੀ।

"ਉਦੋਂ ਲੀਡਰਸ਼ਿਪ ਅੱਗੇ ਸੁਆਲ ਨੀ ਰੱਖੇ ? "

      "ਚੱਲਦੀ ਜੰਗ ਵਿਚ ਸੁਆਲ ਨੀ ਕੀਤੇ ਜਾਂਦੇ ਹੁੰਦੇ ਮੁੰਡਿਆ। ਫੇਰ ਉੱਤੋਂ ਵਾਅ ਹੀ ਐਸੀ ਵਗਦੀ ਸੀ, ਸੁਆਲ ਕਰਨ ਵਾਲੇ `ਤੇ ਝੱਟ ਈ ਗਦਾਰੀ ਦਾ ਠੱਪਾ ਲਾ ਦਿੱਤਾ ਜਾਂਦਾ ਸੀ । ਜਦੋਂ ਤਾਈਂ ਸੁਆਲ ਹੋਣ ਲੱਗੇ ਉਦੋਂ ਤੱਕ ਤਾਂ ਲਹਿਰ ਖੱਖੜੀਆਂ ਕਰੇਲੇ ਹੋਗੀ ਸੀ।"

       ਸਾਥੀ ਅੰਦਰ ਜਿਵੇਂ ਯਾਦਾਂ ਦੇ ਵੱਡੇ-ਵੱਡੇ ਬੋਹਲ ਲੱਗੇ ਹੋਣ। ਸਾਥੀ ਦੀਆਂ ਗੱਲਾਂ ਸੁਨਣ ਲਈ ਅਸੀਂ ਫੌਜੀ ਮਾਰਕੀਟ ਵਿਚਲੀ "ਪਾਲ ਸਿੰਘ ਯਾਦਗਾਰੀ ਟਰੱਸਟ" ਦੀ ਲਾਇਬਰੇਰੀ ਜਾਂਦੇ ਜਿਥੇ ਸਾਥੀ ਲਾਇਬਰੇਰੀਅਨ ਵਜੋਂ ਕੰਮ ਕਰਦਾ ਸੀ। ਅਸੀਂ ਸਾਥੀ ਤੋਂ ਨਵੀਆਂ ਲਿਖੀਆਂ ਰਚਨਾਵਾਂ ਦੀ ਸੋਧ ਸੁਧਾਈ ਵੀ ਕਰਵਾਉਂਦੇ। ਲਾਇਬਰੇਰੀ ਜਿਵੇਂ ਨਵੇਂ ਲੇਖਕਾਂ ਲਈ ਵਰਕਸ਼ਾਪ ਹੋਵੇ। ਪੰਜਾਬੀ, ਹਿੰਦੀ ਤੇ ਹੋਰ ਭਾਸ਼ਾਵਾਂ ਦੇ ਕਲਾਸਿਕ ਸਾਹਿਤ ਨਾਲ ਜਾਣ-ਪਛਾਣ ਵੀ ਸਾਥੀ ਨੇ ਹੀ ਕਰਾਈ ਸੀ। ਸਾਹਿਤ ਵਿਚਾਰ ਮੰਚ ਦੀ ਮੀਟਿੰਗ ਵੀ ਇਥੇ ਹੀ ਹੁੰਦੀ ਸੀ ਜਿਸਦਾ ਪ੍ਰਧਾਨ ਸੜਕਨਾਮੇ ਆਲਾ ਬਲਦੇਵ ਸਿੰਘ ਤੇ ਜਨਰਲ ਸਕੱਤਰ ਮਹਿੰਦਰ ਸਾਥੀ ਸੀ। ਇਥੇ ਹੀ ਕੇ ਐਲ ਗਰਗ, ਸਤਿਆ ਪਰਕਾਸ਼ ਉੱਪਲ, ਕਾਮਰੇਡ ਸੁਰਜੀਤ ਗਿੱਲ, ਡਾ: ਸੁਰਜੀਤ ਬਰਾੜ, ਅਸ਼ਵਨੀ ਗੁਪਤਾ, ਨਰਿੰਦਰ ਸ਼ਰਮਾ, ਅਮਰਜੀਤ ਵਰਗੇ ਮੋਗੇ ਦੇ ਸਾਹਿਤਕਾਰਾਂ ਤੇ ਸਾਹਿਤ ਪ੍ਰੇਮੀਆਂ ਨੂੰ ਪਹਿਲੀ ਵਾਰ ਮਿਲਣ ਦਾ ਸਬੱਬ ਬਣਿਆ ਸੀ।

       ਰੋਡੇ ਕਾਲਜ ਵਿਚੋਂ ਜਦੋਂ ਹੀ ਵਿਹਲਾ ਹੁੰਦਾ, ਸਾਥੀ ਦੀ ਲਾਇਬਰੇਰੀ ਵੱਲ ਸ਼ੂਟ ਵੱਟ ਲੈਂਦਾ। ਸਾਥੀ ਨਾਗਮਣੀ, ਆਰਸੀ, ਦ੍ਰਿਸ਼ਟੀ, ਸਿਰਜਣਾ ਤੇ ਹਿੰਦੀ ਦੇ ਸਾਰਿਕਾ ਵਰਗੇ ਮੈਗਜ਼ੀਨਾਂ ਦੇ ਪੁਰਾਣੇ ਅੰਕ ਪੜ੍ਹਨ ਨੂੰ ਦਿੰਦਾ। ਅਸੀਂ ਦੇਸੀ-ਵਿਦੇਸ਼ੀ ਸਾਹਿਤ ਦੀਆਂ ਗੱਲਾਂ ਕਰਦੇ। ਪਿੰਡ ਦੀ ਸਰਪੰਚੀ ਤੋਂ ਗੋਰਬਾਚੇਵ ਤੱਕ ਦੀ ਰਾਜਨੀਤੀ ਨੂੰ ਰਿੜਕਿਆ ਜਾਂਦਾ। ਸਾਥੀ ਗਲੋਟੇ ਵਾਂਗ ਉਧੜਦਾ ਚਲਾ ਜਾਂਦਾ। ਨਕਸਲਬਾੜੀ ਦੌਰ ਬਾਰੇ ਕੀਤੀਆਂ ਗੱਲਾਂ ਨਾਵਲਾਂ-ਕਹਾਣੀਆਂ ਨਾਲੋਂ ਵੀ ਰੌਚਿਕ ਲੱਗਦੀਆਂ।

        ਸਾਲ 1971 ਦੇ ਗਣਤੰਤਰ ਆਲੇ ਦਿਹਾੜੇ ਮੁੰਡਿਆਂ ਨੇ ਅਜੈਬ ਸਿਹੁੰ ਕੋਕਰੀ ਦਾ ਕਤਲ ਕਰ ਦਿੱਤਾ। ਸਮਝਿਆ ਜਾਂਦਾ ਸੀ ਕਿ ਇਸੇ ਨੇ ਹੀ ਸਾਂਡਰਸ ਕਤਲ ਕੇਸ ਵਿੱਚ ਭਗਤ ਸਿੰਘ ਤੇ ਸਾਥੀਆਂ ਖ਼ਿਲਾਫ ਗਵਾਹੀ ਦਿੱਤੀ ਸੀ। ਪੁਲਸ ਦਾ ਖਾਸ ਬੰਦਾ ਹੋਣ ਕਰਕੇ ਉਸਦੇ ਕਤਲ ਨੇ ਪੁਲਸ ਸਫਾਂ ਵਿਚ ਹਲਚਲ ਜਿਹੀ ਮਚਾ ਦਿਤੀ। ਫੜੋ ਫੜੀ ਸ਼ੁਰੂ ਹੋ ਗਈ। ਪੁਲਸ ਨੇ ਫਰਵਰੀ ਦੇ ਸ਼ੁਰੂ `ਚ ਹੀ 66 ਬੰਦੇ ਧਰ ਲਏ। ਸਾਥੀ ਨੇ ਉਦੋਂ ਨਿਹੰਗਾਂ ਦੇ ਕਹਿਣ ਵਾਂਗ ਪਹਿਲੀ ਵਾਰ "ਸਹੁਰੇ" ਵੇਖੇ ਸਨ।

"ਕੀ ਨਾਂ ਉਏ ਤੇਰਾ ਮਹਿੰਗੇ ਜਿਏ ਰੰਗ ਆਲਿਆ ?" ਢਿੱਡਲ ਮੁਨਸ਼ੀ ਨੇ ਰੋਜਨਾਮਚੇ ਆਲਾ ਵਹੀ ਖਾਤਾ ਖੋਲਦਿਆਂ ਪੁੱਛਿਆ ਸੀ ।

"ਮਹਿੰਦਰ ਸਾਥੀ! "

"ਮਹਿੰਦਰ ਸਾਥੀ ? ਥੋਡੇ ਤਾਂ ਨਾਵਾਂ ਦੇ ਮੂਹਰੇ ਸਾਥੀ ਲੱਗਾ ਹੁੰਦਾ ਆਹ ਕੀ ਕਹਿੰਦੇ : ਸਾਥੀ ਰਵੇਲ ਸਿੰਹੁ, ਸਾਥੀ ਸੁਹੇਲ ਸਿਹੁੰ, ਸਾਥੀ ਫਲਾਣਾ ਸਿਹੁੰ, ਸਾਥੀ ਢਿਮਕਾ ਸਿਹੁੰ। ਤੂੰ ਆਹ "ਸਾਥੀ "ਨੂੰ ਮਗਰ ਲਾਈ ਫਿਰਦੈਂ। ਇਹ ਮਾਜਰਾ ਕੀ ਐ ?"

"ਸ਼ਾਇਰ ਐ। ਕਵਿਤਾਵਾ-ਕਵਿਤੂਵਾਂ ਝਰੀਟਦਾ। ਤੇਰੇ ਨ੍ਹੀ ਸਮਝ ਆਉਣੀਆਂ।" ਦੂਰੋਂ ਤੁਰੇ ਆਉਂਦੇ ਗਿੱਟਲ ਠਾਣੇਦਾਰ ਨੇ ਸਾਥੀ ਦੇ ਜੁਆਬ ਤੋਂ ਪਹਿਲਾਂ ਹੀ ਮੁਨਸ਼ੀ ਨੂੰ ਸਮਝਾ ਦਿੱਤਾ ਸੀ।

"ਕੀ ਲਿਖਦੈ ਹੁੰਨੈ ?"

"ਕਵਿਤਾਵਾਂ ਵੀ, ਰੁਬਾਈਆਂ ਵੀ, ਗ਼ਜ਼ਲ਼ਾਂ ਵੀ, ਗੀਤ ਵੀ !"

"ਕਿਹੋ ਜੀਐਂ ਲਿਖਦੈਂ ? ਮਤਬਲ ਫਿਲਮੀ ਕਿ ਮਰਾੜਾਂ ਆਲੇ ਮਾਨ ਅਰਗੇ ?" ਥਾਣੇਦਾਰ ਦੀ ਬੈਂਤ ਮੇਜ਼ `ਤੇ ਗੋਲ ਗੋਲ ਘੁੰਮੀ ਸੀ।

"ਐਵੇਂ ਰੁਮਾਂਟਿਕ ਜਿਏ ਸ਼ੇਅਰ ਲਿਖਦੈ ਹੁੰਨੈ। ਇਸ਼ਕ-ਮੁਸ਼ਕ ਆਲੇ।" ਦਰਅਸਲ ਸਾਥੀ ਵੱਧ ਤੋਂ ਵੱਧ ਸਮਾਂ ਗੱਲਾਂਬਾਤਾਂ ਵਿਚ ਲੰਘਾਉਣਾ ਚਾਹੁੰਦਾ ਸੀ। ਪੁਲਸੀਆਂ ਦੀ `ਆਉ ਭਗਤ` ਤੋਂ ਬਚਣ ਲਈ ਸਾਥੀ ਦੀ ਇਹ ਵੀ ਇਕ "ਸਟਰੈਟਜੀ" ਸੀ।

"ਸੁਣਾ ਫਿਰ ਕੋਈ ਚੋਂਦਾ-ਚੋਂਦਾ ਜਿਹਾ ਸ਼ੇਅਰ, ਪਤਾ ਲੱਗੇ ਤੇਰੀ ਸ਼ਾਇਆਰੀ ਦਾ।" ਥਾਣੇਦਾਰ ਨੇ 'ਸ਼ਾਇਰੀ` ਨੂੰ ਘੋਟ ਕੇ ਬੋਲਿਆ ਸੀ।

ਮੌਕਾ ਤਾੜਦਿਆਂ ਸਾਥੀ ਨੇ ਕਿਸੇ ਵਕਤ `ਕ੍ਰਿਸ਼ਨਾ` ਦੀ ਯਾਦ ਵਿਚ ਲਿਖੀ ਗ਼ਜ਼ਲ ਦੇ ਸ਼ੇਅਰ ਛੋਹ ਲਏ :-

ਤੇਰਾ ਹੁਸਨ ਖੜਾ ਇਸ ਪਾਰ

ਮੇਰਾ ਇਸ਼ਕ ਖੜਾ ਉਸ ਪਾਰ

ਕਾਤਲ ਰਸਮਾਂ ਦੀ ਝਨਾਂਅ

ਸ਼ੂਕੇ ਪਈ ਆਪਣੇ ਵਿਚਕਾਰ।

"ਸਾਲਿਆ ਰੁਮਾਂਟਿਕ ਦਿਆ, ਆਹ ਇਸ਼ਕ-ਮੁਸ਼ਕ ਆਲਾ ਸ਼ੇਅਰ ਐ ? ਆਹ ਕਾਤਲ ਕੀਹਨੂੰ ਕਿਹਾ ?"

ਸਾਥੀ ਨੇ ਭਾਰੇ-ਭਾਰੇ ਸਿਧਾਂਤਕ ਤੇ ਕਾਮਰੇਡੀ ਸ਼ਬਦ ਵਰਤ ਕੇ ਥਾਣੇਦਾਰ ਨੂੰ ਬਥੇਰਾ ਸਮਝਾਇਆ ਪਰ "ਸਾਹਬ ਬਹਾਦਰ" ਜੀਆਂ ਨੂੰ ਤਾਂ ਸਾਥੀ ਦੇ ਸਿੱਧੇ-ਪੱਧਰੇ ਸ਼ੇਅਰ ਵਿਚੋਂ ਵੀ ਕਿਸੇ ਵੱਡੀ ਬਗਾਵਤ ਦੀ ਬੂ ਆਈ ਸੀ।

"ਸਾਲਿਆ ਰਾਣੀ ਖਾਂ ਦਿਆ! ਪੰਜਾਬ ਆਲੀ ਪੁਲਸ ਨੂੰ ਤੂੰ ਪਾਗਲ ਸਮਝਦੈਂ ? ਸਾਨੂੰ ਸਾਰਾ ਪਤਾ ਤੂੰ ਕਿਹੜੇ ਟੇਸ਼ਣ ਤੋਂ ਬੋਲਦੈਂ।"

"ਨਹੀਂ ਜਨਾਬ! ਤੁਸੀਂ ਤਾਂ ਐਨੇ ਰਹਿਮ ਦਿਲ ਅਫਸਰ ਓਂ, ਥੋਨੂੰ ਭਲਾ ਕੋਈ ਕਾਤਲ ਕਿਵੇਂ ਆਖਦੂ ?"

"ਐਮੀ ਫੁੱਦੂ ਨਾ ਬਣਾ, ਸਾਨੂੰ ਕਿਤੇ ਪਤਾ ਨ੍ਹੀ ਵਈ ਕਾਤਲ ਕੌਣ ਐ ?" ਆਖਦਿਆਂ ਥਾਣੇਦਾਰ ਨੇ 'ਮਾਣ–ਤਾਣ' ਕਰਨ ਲਈ ਸਾਥੀ ਨੂੰ ਸਿਪਾਹੀਆਂ ਹਵਾਲੇ ਕਰ ਦਿੱਤਾ ਸੀ।

       ਪੁਲਸੀਏ ਵਾਰ ਵਾਰ ਉਸਤੋਂ ਬੰਤ ਰਾਜੇਆਣੀਏ ਬਾਰੇ ਪੁੱਛਦੇ ਰਹੇ। ਸਾਥੀ ਕੀ ਦੱਸਦਾ ? ਥਾਣੇਦਾਰ ਮੁਕਾਬਲਾ ਬਣਾ ਦੇਣ ਅਤੇ ਅਜੈਬ ਸਿੰਘ ਕੋਕਰੀ ਵਾਲੇ ਦੇ ਕਤਲ ਕੇਸ ਵਿਚ ਧਰ ਲੈਣ ਦੇ ਡਰਾਵੇ ਦਿੰਦਾ ਰਿਹਾ। ਸਾਥੀ ਵਾਰ ਵਾਰ ਕਹਿੰਦਾ ਰਿਹਾ ਕਿ ਉਸਨੂੰ ਇਸ ਐਕਸ਼ਨ ਬਾਰੇ ਕੁੱਝ ਪਤਾ ਨਹੀਂ। ਸਾਥੀ ਆਖਦਾ ਵੀ ਠੀਕ ਸੀ ਕਿਉਂ ਕੇ ਬਹੁਤੇ ਕਾਡਰ ਨੂੰ ਕਿਸੇ ਐਕਸ਼ਨ ਬਾਰੇ ਤਾਂ ਕੀ ਨਾਲਦੇ ਸਾਥੀਆਂ ਦੇ ਅਸਲੀ ਨਾਵਾਂ ਬਾਰੇ ਵੀ ਪਤਾ ਨਹੀਂ ਸੀ ਹੁੰਦਾ।

        ਮਹਿੰਦਰ ਸਾਥੀ ਦੇ ਫੜੇ ਸਾਰੇ ਸਾਥੀ ਹਵਾਲਾਤ ਦੇ ਠੰਡੇ ਫਰਸ਼ `ਤੇ ਹੀ ਰਾਤ ਕੱਟਦੇ। ਇੱਕ ਦਿਨ ਅੱਕੇ ਥਾਣੇਦਾਰ ਨੇ ਕੁੱਝ ਜ਼ਿਆਦਾ ਹੀ ਕੇੜਾ ਚਾੜ ਦਿੱਤਾ। ਉਸ ਦਿਨ ਸ਼ਾਇਦ ਉਪਰੋਂ ਕੁੱਝ ਜਿਆਦਾ ਹੀ ਲਾਹ-ਪਾਹ ਹੋਈ ਹੋਵੇ। ਅਖਬਾਰਾਂ ਵਿਚ ਕੋਕਰੀ ਕਤਲ ਕਾਂਡ ਛਾਇਆ ਪਿਆ ਸੀ। ਅਜੈਬ `ਤੇ ਹਮਲਾ ਕਰਨ ਵਾਲੇ ਅਜੇ ਤੱਕ ਪੁਲਿਸ ਦੇ ਹੱਥ ਨਹੀਂ ਸਨ ਆਏ ਜਿਸ ਕਰਕੇ ਉੱਚ ਅਫਸਰਾਂ ਦੀ ਕਿਰਕਿਰੀ ਹੋਈ ਪਈ ਸੀ। ਬੇਇਜ਼ਤੀ ਦੀ ਰੇਲ ਨੇ ਉਪਰੋਂ ਚੱਲਕੇ ਥਾਣੇਦਾਰ ਤੇ ਆਖੀਰ ਮੁਨਸ਼ੀ ਕੋਲ ਆਕੇ ਬਰੇਕ ਮਾਰੀ ਸੀ। ਉਸ ਰਾਤ ਥਾਣੇਦਾਰ ਦੇ ਹੁਕਮ `ਤੇ ਫੜੇ ਗਏ ਸਾਰੇ ਬੰਦਿਆਂ ਦੇ ਲੀੜੇ ਲੁਹਾ ਦਿੱਤੇ ਗਏ। ਤੇੜ ਕੇਵਲ ਡੋਕਲ ਜਿਹੇ ਕੱਛੇ ਹੀ ਰਹਿ ਗਏ। ਪੋਹ ਦੇ ਅਖੀਰਲੇ ਪੱਖ ਦੀ ਹੱਡ ਚੀਰਵੀਂ ਠੰਡ ਸਾਥੀ ਵਰਗਿਆਂ ਦੇ 'ਗਰੀਬੜੇ` ਹੱਡਾਂ ਵਿਚ ਮਧਾਣੀ ਚੀਰਾ ਪਾਈ ਤੁਰੀ ਜਾਂਦੀ ਸੀ। ਥਾਣੇਦਾਰ ਹਵਾਲਾਤ ਦੀ ਬਿਲਕੁਲ ਸਾਹਮਣੀ ਬੈਰਕ ਵਿਚ ਮੋਟੇ-ਮੋਟੇ ਲੋਗੜ ਵਾਲੀਆਂ ਦੋ ਰਜਾਈਆਂ ਜੋੜੀ ਪਿਆ ਸੀ। ਕੰਨਾਂ ਦਾ ਬੜਾ ਪਤਲਾ ਹੋਣ ਕਰਕੇ ਮਾੜੀ ਜਿਹੀ ਬਿੜਕ `ਤੇ ਹੀ ਕੰਨ ਚੁੱਕ ਲੈਂਦਾ ਸੀ।

"ਜੇ ਕੱਪੜਾ ਉੱਤੇ ਲਿਆ ਤਾਂ ਵੇਖਿਓ !" ਤੇ ਥਾਣੇਦਾਰ ਨੇ ਨਾਲ ਦੀ ਨਾਲ ਰਾਤ ਦੀ ਡਿਊਟੀ ਵਾਲੇ ਹੋਮਗਾਰਡੀਏ ਨੂੰ ਹੋਕਰਾ ਮਾਰ ਦਿੱਤਾ ਸੀ,

"ਉਏ ਪਾਨਿਆ ! ਕੰਜਰ ਦਿਆ ਕੰਜਰਾ -- ਖਿਆਲ ਰੱਖੀਂ, ਕੋਈ ਲੀੜਾ ਕੱਪੜਾ ਜਾਂ ਟਾਟ ਬੋਰੀ ਨਾ ਲੈਣ ਉੱਤੇ।"

"ਜੀ ਜਨਾਬ !" ਆਖਦਿਆਂ ਸੰਤਰੀ ਡੰਡਾ ਖੜਕਾਉਂਦਾ ਸੀਖਾਂ ਕੋਲ ਆ "ਸਿੱਧੇ ਹੋਜੋ ਸਿੱਧੇ " ਦਾ ਹੁਕਮ ਚਲਾਉਣ ਲੱਗ ਪਿਆ ਸੀ।

        ਵਕਤ ਦੀਆਂ ਮਾਰਾਂ ਦਾ ਝੰਬਿਆਂ ਸਾਥੀ ਦਾ ਪਤਲ ਚੰਮਾ ਸਰੀਰ ਠੰਡ ਨਾਲ ਆਕੜਿਆ ਜਾਂਦਾ ਸੀ। ਇਸ ਮੌਕੇ `ਤੇ ਸੇਖੇ ਵਾਲਾ ਦਸ ਨੰਬਰੀਆ ਮਲਕੀਤ ਸਿੰਘ ਰੱਬ ਬਣਕੇ ਬਹੁੜਿਆ ਸੀ। ਉਸਦੇ ਸਿਰ `ਤੇ ਇਰਾਦਾ ਕਤਲ ਅਤੇ ਕਤਲ ਵਰਗੇ ਕਈ ਖਤਰਨਾਕ ਕੇਸ ਸਨ। ਜਦੋਂ ਹੀ ਬੈਰਕ ਵਿਚੋਂ ਥਾਣੇਦਾਰ ਦੇ ਘੁਰਾੜਿਆਂ ਦੀ ਚੱਕੀ ਚੱਲਣ ਲੱਗੀ, ਮਲਕੀਤ ਨੇ ਆਪਣੇ ਆਲਾ ਭਾਰਾ ਕੰਬਲ ਠੁਰ-ਠੁਰ ਕਰਦੇ ਸਾਥੀ `ਤੇ ਇਹ ਕਹਿੰਦਿਆਂ ਪਾ ਦਿੱਤਾ, "ਸਾਡੇ ਵਰਗੇ ਲੜੇ ਲੰਡੇ ਬਦਮਾਸ਼ਾਂ ਦਾ ਕੀ ਐ ? ਥੋੜੀਆਂ ਜਾਨਾਂ ਬਾਹਲੀਆਂ ਕੀਮਤੀ ਐ। "

        ਸੱਚਮੁਚ ਜੇਕਰ ਉਸ ਰਾਤ ਸੇਖੇ ਵਾਲੇ ਮਲਕੀਤ ਵਰਗਾ ਬਦਮਾਸ਼ ਕੁਰਬਾਨੀ ਨਾ ਕਰਦਾ ਤਾਂ ਪੰਜਾਬੀ ਸਾਹਿਤ ਖਾਸ ਕਰ ਇਨਕਲਾਬੀ ਸਾਹਿਤ ਨੂੰ ਬੜਾ ਵੱਡਾ ਘਾਟਾ ਪੈ ਜਾਂਦਾ। " ਮਿਸ਼ਾਲਾਂ ਬਾਲ ਕੇ ਚੱਲਣਾ ਜਦੋਂ ਤੱਕ ਰਾਤ ਬਾਕੀ ਹੈ, ਸੰਭਲ ਕੇ ਹਰ ਕਦਮ ਚੱਕਣਾ ਜਦੋਂ ਤੱਕ ਰਾਤ ਬਾਕੀ ਹੈ" ਵਰਗੀ ਸ਼ਾਹਕਾਰ ਰਚਨਾ ਨਮੂੰਨੀਏ ਦੀ ਭੇਟ ਚੜ ਜਾਣੀ ਸੀ। ਸਾਥੀ ਜਿੰਦਾ ਰਿਹਾ, ਸਾਥੀ ਨੇ ਜਿੰਦਾ ਹੀ ਰਹਿਣਾ ਸੀ ਕਿਉਂਕੇ ਅੱਗੇ ਚੱਲਕੇ ਉਸਨੇ ਵਕਤ ਦੀਆਂ ਅੱਖਾਂ ਵਿਚ ਅੱਖਾਂ ਪਾਉਣ ਵਾਲੇ ਸ਼ੇਅਰਾਂ ਦੀ ਸਿਰਜਣਾ ਕਰਨੀ ਸੀ।

"ਸਾਥੀ ਸਾਬ ਪੁਲਸ ਨੇ ਕੁੱਟਿਆ ਤਾਂ ਹੋਊ, ਕਿ ਨਹੀਂ ? "

ਸਾਡੀ ਪੁੱਛ `ਤੇ ਸਾਥੀ ਫੁੱਲਝੜੀ ਵਾਂਗ ਖਿੜ ਖਿੜਾਇਆ ਸੀ,

"ਕੁੱਟਣਾ ਤਾਂ ਸੀਗਾ ਈ, ਹੋਰ ਉਥੇ ਮੈਂ ਭੂਆ ਕੋਲੇ ਗਿਆ ਸੀ।"

      ਇੱਕ ਦਿਨ ਥਾਣੇਦਾਰ ਸਾਥੀ ਹੋਰਾਂ `ਤੇ ਦੰਦੀਆਂ ਕਰੀਚਣ ਲੱਗਾ, "ਆਹ ਜਿਹੜਾ ਤੁਸੀਂ ਕੰਧਾਂ ਲਾਲ ਕੀਤੀਆਂ ਪਈਆਂ ਨਾਅਰੇ ਲਿਖ-ਲਿਖਕੇ ਅਖੇ ਇਨਕਲਾਬ ਬੰਦੂਕ ਦੀ ਨਾਲੀ `ਚੋਂ ਨਿਕਲਦਾ ਐ, ਪੁੱਤ ਮੇਰਿਓ ਇਨਕਲਾਬ ਦਾ ਤਾਂ ਪਤਾ ਨਹੀਂ ਕਿਥੋਂ ਨਿਕਲੂ-ਕਦੋਂ ਨਿਕਲੂ -ਕਿਵੇਂ ਨਿਕਲੂ। ਖੌਰੇ ਨਿਕਲੂ ਵੀ ਕਿ ਵਿੱਚੇ ਰਹਿਜੂ ਪਰ ਮੈਂ ਥੋਡੇ ਢਿੱਡਾਂ `ਚੋਂ `ਮਾਓ ਜਰੂਰ ਕੱਢੂੰ।"

      ਹਿਰਾਸਤ ਦੇ ਉਹਨੀਂ ਦਿਨੀ ਥਾਣੇਦਾਰ ਤੇ ਉਸਦੀ ਪੁਲਸ ਸਾਥੀ ਵਰਗਿਆਂ ਦੇ ਢਿੱਡ ਵਿੱਚੋˆ "ਮਾਓ" ਕੱਢਣ ਲਈ ਚਾਰਾ ਮਾਰਦੀ ਰਹੀ "ਸ਼ੈਅਰਾ ! ਲੈ ਅੱਜ ਤੋਂ ਬਾਅਦ ਤੈਨੂੰ ਨੀ ਹੱਥ ਲਾਉਂਦੇ, ਪਰ ਇੱਕ ਗੱਲ ਸਮਝਾਦੇ, ਆਹ ਸਾਲਾ ਐਨਕਲਾਬ-ਉਨਕਲਾਬ ਹੈ ਕਿਹੜੀ ਸ਼ੈਅ ਦਾ ਨਾਂ ? " ਇੱਕ ਦਿਨ ਹੌਲਦਾਰ ਨੇ ਆਪਣੇ ਗਿਆਨ ਵਿਚ ਵਾਧਾ ਕਰਨ ਲਈ ਸਾਥੀ ਨੂੰ ਪੁੱਛਿਆ ਸੀ।

      "ਜਦੋਂ ਪਰੋਲੋਤਾਰੀ ਜਮਾਤ ਇੱਕਮੁਠ ਹੋਕੇ ਬੁਰਜ਼ਆਜ਼ੀ ਦੇ ਖਿਲਾਫ਼ ਵਿਦਰੋਹ ਕਰ ਉੱਠਦੀ ਐ, ਉਦੋਂ ਇੱਕ ਵਾਰ ਤਾਂ ਆਰਾਜਕਤਾ ਦਾ ਮਾਹੌਲ ਬਣ ਜਾਂਦਾ। ਸਟੇਟ ਪਰੋਲੋਤਾਰੀਆਂ ਦੇ ਸੰਘਰਸ਼ ਨੂੰ ਦਬਾਉਣ ਲਈ ਹਰ ਤਰਾਂ ਦਾ ਤਾਰੀਕਾ ਅਪਨਾਉਂਦੀ ਹੈ। ਸਟੇਟ ਇੱਕ ਤਰ੍ਹਾਂ---।"

"ਬੱਸ ----ਬਾ---ਸ। ਹੁਣ ਭਾਸ਼ਣ ਨਾ ਕਰਨ ਲੱਗਜੀਂ। ਇਹ ਪੁਲਸ ਥਾਣਾ ਐ, ਬਿਜਲੀ ਬੋਰਡ ਜਾਂ ਰੋਡਵੇ ਆਲੇ ਮੁਲਾਜ਼ਮਾਂ ਦਾ ਜਲਸਾ ਨੀ। ਤੈਨੂੰ ਤਾਂ ਐਨਾ ਪੁੱਛਿਆ ਵਈ ਇਹ ਭੈਣਨਾ -- ਐਨਕਲਾਬ ਹੈ ਕੀ ਚੀਜ਼ ਜੀਹਨੇ ਸਾਲੀ ਸਾਰੀ ਪੁਲਸ ਨੂੰ ਟਿੰਡੀ ਆਲੇ ਬੀਅ `ਤੇ ਚੜਾਇਆ ਪਿਆ।" ਹੌਲਦਾਰ ਨੇ ਸਾਥੀ ਦੀ ਗੱਲ ਵਿਚਾਲਿਓਂ ਹੀ ਟੋਕ ਦਿੱਤੀ ਸੀ।

      "ਜਨਾਬ ਉਹੀ ਤਾਂ ਦੱਸੀ ਜਾਨੈ। ਹੁਣ ਸਟੇਟ ਦਾ ਖਾਸਾ ਈ ਹੁੰਦਾ ਹਰ ਲਹਿਰ ਨੂੰ ਡੰਡੇ ਦੇ ਜੋਰ `ਤੇ ਦਬਾਉਣਾ। ਸਟੇਟ ਆਪਣਾ ਦਮਨ ਚੱਕਰ ਚਲਾਉਂਦੀ ਐ ਪਰ ਮਿਹਨਤਕਸ਼ ਜਮਾਤ ਦੀ ਏਕਤਾ ਅੱਗੇ ਪੂੰਜੀਵਾਦ ਦੀ ਪਾਲਕ ਸਟੇਟ ਨੂੰ ਗੋਡੇ ਟੇਕਣੇ ਪੈਂਦੇ ਨੇ। ਬੁਰਜ਼ਆਜੀ ਦਾ ਅਜਿੱਤ ਜਾਪਦਾ ਕਿਲਾ ਢਹਿ ਢੇਰੀ ਹੋ ਜਾਂਦਾ ਹੈ। ਕਿਰਤੀਆਂ ਦੀ ਜਿੱਤ ਹੁੰਦੀ ਹੈ। ਲੁੱਟ ਆਧਾਰਿਤ ਨਿਜ਼ਾਮ ਦਾ ਖਾਤਮਾ ਹੋ ਜਾਂਦਾ ਹੈ । ਕਿਰਤੀਆਂ ਦੀ ਤਾਨਾਸ਼ਾਹੀ ਸਥਾਪਿਤ ਹੋ ਜਾਂਦੀ ਹੈ । ਕਿਰਤੀ ਜਮਾਤ ਆਪਣੀ ਤਕਦੀਰ ਆਪ ਘੜਦੀ ਐ।"

"ਤੇਰੀ ਹਾਅ ਸੰਸਕ੍ਰਿਤ ਜਿਈ ਮੇਰੇ ਤਾਂ ਪੱਲੇ ਨ੍ਹੀ ਪਈ। ਜੇ ਸਾਲਾ ਐਨਾ ਦਮਾਗ ਹੁੰਦਾ ਤਾਂ ਕਿਸੇ ਯੂਨੀਬਰੱਸਟੀ ਵਿਚ ਪਰੂਫੈਅਸਰ ਲੱਗੇ ਹੁੰਦੇ, ਆਹ ਕਸਾਈਆਂ ਆਲੇ ਕਿੱਤੇ ਅੱਲੀਂ ਨ੍ਹੀ ਸੀ ਆਉਂਦੇ। ਪੰਜਾਬ ਆਲੀ ਪੁਲਸ ਨੂੰ ਤਾਂ ਪੰਜਾਬੀ `ਚ ਸਮਝਾ। ਜਮਾਂ ਠੇਠ ਪੇਂਡੂ ਭਾਸ਼ਾ `ਚ ।"

"ਜਦੋਂ ਹੇਠਲੀ ਉੱਤੇ ਆਜੇ, ਉਹਨੂੰ ਕਹਿੰਦੇ ਆ ਇਨਕਲਾਬ।"

"ਹਾਂਅ ! ਆਹ ਹੋਈ ਨਾ ਗੱਲ ; ਐਵੇਂ ਡੂਢ ਘੰਟੇ ਤੋਂ ਛੱਡੀ ਜਾਨੈ ਉੱਘ ਦੀਆਂ ਪਤਾਲ।" ਸਾਥੀ ਨੇ ਹੌਲਦਾਰ ਦੇ ਸਮਝ ਆ ਜਾਣ `ਤੇ ਸੰਤੁਸ਼ਟੀ ਦਾ ਲੰਮਾ ਸਾਹ ਲਿਆ ਸੀ।

"ਮੈਂ ਵੀ ਲਿਖ ਲੈਨਾ ਹੁੰਨਾ ਸ਼ੇਅਰ -ਸ਼ੂਅਰ ਜਿਏ। ਸੁਣਾਊਂ ਤੈਨੂੰ ਕਿਸੇ ਦਿਨ।" ਹੌਲਦਾਰ ਨੇ ਆਵਦੇ ਕਵੀ ਹੋਣ ਦਾ ਖੁਲਾਸਾ ਕਰ ਦਿੱਤਾ ਸੀ ।

"ਕਿਸੇ ਦਿਨ ਕਿਉਂ------ਅੱਜ ਈ ਸੁਣਾ। ਫੇਰ ਕੀਹਨੇ ਵੇਖਿਆ ? ਚੱਕ ਦੇ ਫੱਟੇ। ਲਾ ਲੈਨੇ ਆਂ ਐਥੇ ਈ ਕਵੀ ਦਰਬਾਰ।"

ਫਿਰ ਕਈ ਦਿਨ ਕਵੀ ਦਰਬਾਰ ਲੱਗਦਾ ਰਿਹਾ। ਹੌਲਦਾਰ ਦੀਆਂ ਕਵਿਤਾਵਾਂ ਨੇ ਸਾਥੀ ਨੂੰ ਕੁੱਟ ਤੋਂ ਬਚਾਈ ਰੱਖਿਆ ਸੀ। ਫੇਰ ਤਾਂ ਚੱਲ ਸੋ ਚੱਲ। ਹੁੰਗਾਰਾ ਭਰਨ ਲਈ ਵਿਚ-ਵਿਚ ਸਾਥੀ ਆਪਣਾ ਕੋਈ ਸ਼ੇਅਰ ਵੀ ਸੁਣਾ ਦਿੰਦਾ ਸੀ,

ਜੀ ਚਾਹੁੰਦਾ ਹੈ ਬਦਲ ਦੇਵਾਂ ਏਸ ਸਮਾਜ ਨੂੰ।

ਤੇਰੇ ਸਾਥ ਦੀ ਲੋੜ ਹੈ ਮੇਰੇ ਜ਼ਹਾਦ ਨੂੰ।

     ਵਾਹ ! ਵਾਹ !! ਆਖਦਿਆਂ ਹੌਲਦਾਰ ਆਪਣੇ ਇਸ਼ਕੀਆਂ ਕਿਸਮ ਦੇ ਥਰਡ ਕਲਾਸ ਸ਼ੇਅਰ ਸੁਣਾ ਦਿੰਦਾ। ਉਸਦਾ ਤਾਂ ਜਿਵੇਂ ਕੜ ਹੀ ਪਾਟ ਗਿਆ ਸੀ। ਛੇਤੀ ਹੀ ਸਾਥੀ ਨੂੰ ਮਹਿਸੂਸ ਹੋ ਗਿਆ ਕਿ ਹੌਲਦਾਰ ਦੇ ਸ਼ੇਅਰ ਸੁਨਣ ਨਾਲੋਂ ਕੁੱਟ ਖਾਣੀ ਕਿਤੇ ਸੌਖੀ ਤੇ ਬੇਹਤਰ ਹੈ।

      "ਮਾਰਚ ਮਹੀਨੇ ਬੰਤ ਰਾਜੀਆਣੀਏ ਦੇ ਪੁਲਸ ਮੁਕਾਬਲੇ ਵਿਚ ਮਾਰੇ ਜਾਣ ਦੀਆਂ ਖਬਰਾਂ ਆ ਗਈਆਂ। ਬਾਅਦ `ਚ ਪਤਾ ਲੱਗਾ ਕਿ ਉਹ ਫਿਰੋਜਪੁਰ ਆਈ ਟੀ ਆਈ `ਚੋਂ ਫੜਿਆ ਗਿਆ ਸੀ। ਹਰਸ਼ਰਨ ਧੀਦੋ ਉਥੇ ਆਈ ਟੀ ਆਈ ਕਰਦਾ ਸੀ, ਬੰਤ ਉਸੇ ਕੋਲ ਹੀ ਰਹਿ ਰਿਹਾ ਸੀ। ਬੰਤ ਵਾਲੀਵਾਲ ਦਾ ਬਹੁਤ ਚੰਗਾ ਖਿਡਾਰੀ ਸੀ। ਕੱਦ ਆਮ ਨਾਲੋਂ ਕਿਤੇ ਜ਼ਿਆਦਾ। ਰੂਪੋਸ਼ ਰਹਿਣਾ ਬੜਾ ਔਖਾ ਐਹੋ ਜਿਹੇ ਬੰਦੇ ਦਾ। ਬੰਤ ਆਪਣੇ ਅੰਦਰੋਂ ਖੇਡਣ ਵਾਲੀ ਭੁੱਖ ਨਾ ਮਾਰ ਸਕਿਆ ਤੇ ਇਕ ਦਿਨ ਵਾਲੀਵਾਲ ਖੇਡਦਿਆਂ ਹੀ ਫੜਿਆ ਗਿਆ। ਬੰਤ ਦੇ ਸ਼ਹੀਦ ਹੋ ਜਾਣ ਬਾਅਦ ਸਾਡੇ `ਤੇ ਪੁਲਸੀਆ ਜ਼ਬਰ ਬੰਦ ਹੋ ਗਿਆ।" ਮਹਿੰਦਰ ਸਾਥੀ ਬੀਤੇ ਦੀਆਂ ਤੰਦਾਂ ਫੜਨ ਲੱਗਾ ਦੂਰ ਨਿਕਲ ਗਿਆ ਸੀ।

     "ਗੁਰਮੀਤ ਕੇਰਾਂ ਅਸੀਂ ਇਕ ਘਰ ਠਹਿਰੇ ਹੋਏ ਸਾਂ, ਨਾਲਦੇ ਘਰ ਮਿਸਤਰੀ-ਮਜ਼ਦੂਰ ਲੱਗੇ ਹੋਏ ਸਨ। ਉਹ ਆਪਸ ਵਿਚ ਲਹਿਰ ਬਾਰੇ ਗੱਲਾਂ ਕਰ ਰਹੇ ਸਨ। ਕਹਿੰਦੇ , ਮੁੰਡਿਆਂ ਨੇ ਆਪਣੀਆਂ ਜਵਾਨੀਆਂ ਲਾਤੀਆਂ। ਮਾੜਾ ਕੰਮ ਨੀ ਕੀਤਾ ਪਰ ਹਜੇ ਤਿਆਰੀ ਨ੍ਹੀ ਸੀ ਕੀਤੀ। ਕਾਹਲੀ ਕਰਗੇ। ਹਜੇ ਠਹਿਰ ਜਾਂਦੇ ਤਾਂ ਚੰਗਾ ਸੀ। ਐਹੋ ਜਿਹੀਆਂ ਗੱਲਾਂ ਕਰਦੇ ਸੀ ਅਨਪੜ੍ਹ ਲੋਕ, ਬਿਲਕੁਲ ਆਮ ਲੋਕ। ਬਿਨਾਂ ਲੋਕਾਂ ਨੂੰ ਜਥੇਬੰਦ ਕੀਤਿਆਂ, ਬਿਨਾਂ ਕਿਸੇ ਤਿਆਰੀ ਦੇ ਐਡੀ ਵੱਡੀ ਸਟੇਟ ਨਾਲ ਜੰਗ ਵਿੱਢ ਲੈਣੀ ਕਿਵੇਂ ਵੀ ਵਾਜ਼ਬ ਨਹੀਂ ਸੀ। ਹੀਰਿਆਂ ਵਰਗੇ ਕਿੰਨੇ ਹੀ ਟੇਲੈਂਟਡ ਮੁੰਡੇ ਮਰਵਾਲੇ, ਐਵੇਂ ਭੰਗ ਦੇ ਭਾੜੇ।"

      ਫਿਰ ਸਾਥੀ ਲਹਿਰ ਦੇ ਅਸਫਲ ਹੋਣ ਦੇ ਕਾਰਨ ਗਿਣਾਉਣ ਲੱਗਦਾ। ਦੱਸਦਾ ਕਿ ਕਿਵੇਂ ਗੈਰ-ਸਿਧਾਂਤਕ ਤੇ ਲੁਟੇਰੇ ਕਿਸਮ ਦੇ ਫੁੱਕਰੇ ਬੰਦੇ ਲਹਿਰ ਵਿਚ ਘੁਸਪੈਂਠ ਕਰ ਗਏ ਸਨ ।

      "ਮੋਗੇ ਬਾਗ ਗਲੀ ਵਿਚ ਹਵੇਲੇ ਨਾਂ ਦੇ ਹਲਵਾਈ ਦੀ ਦੁਕਾਨ ਹੁੰਦੀ ਸੀ। ਵਾਹਵਾ ਮਸ਼ਹੂਰ ਸੀ ਉਦੋਂ। ਨਿਹੰਗਾਂ ਦਾ ਇਕ ਆਗੂ ਸੰਤਾ ਸਿੰਘ ਇਹਦਾ ਭਰਾ ਸੀ। ਹਵੇਲਾ ਸਿੰਘ ਦਾ ਮਕਾਨ ਸ਼ੇਖਾਂ ਵਾਲੇ ਚੌਂਕ ਵਿਚ ਸੀ। ਹਵੇਲਾ ਵਿਆਹ-ਸ਼ਾਦੀਆਂ `ਤੇ ਹਲਵਾਈ ਦਾ ਕੰਮ ਕਰਦਾ ਸੀ। ਉਸਦੇ ਸ਼ੇਖਾਂ ਆਲੇ ਚੌਂਕ ਵਿਚਲੇ ਚੁਬਾਰੇ `ਚ ਅੰਡਰ ਗਰਾਊਂਡ ਕਾਮਰੇਡ ਇਕੱਠੇ ਹੁੰਦੇ ਸਨ। ਹਵੇਲੇ ਦਾ ਇਕ ਭਰਾ ਰਾਮ ਸਿੰਘ ਬੀ ਏ ਬੀ ਐਡ ਸੀ। ਭਰਾ ਦੀ ਬਦੌਲਤ ਰਾਮ ਸਿੰਘ ਵੀ ਕਾਮਰੇਡਾਂ ਕੋਲ ਬਹਿਣ ਉਠਣ ਲੱਗ ਗਿਆ। ਇਕ ਦਿਨ ਕਿਸੇ ਵਿਆਹ `ਚ ਨਾਲ ਦੇ ਹਲਵਾਈਆਂ ਨੇ ਝਗੜਾ ਹੋਣ `ਤੇ ਹਵੇਲੇ ਨੂੰ ਖੁਰਚਣਿਆਂ ਨਾਲ ਫੈਂਟ ਦਿੱਤਾ। ਬਾਅਦ `ਚ ਉਹਦੀ ਮੌਤ ਹੋਗੀ। ਰਾਮ ਸਿੰਘ ਭਰਾ ਦੀ ਮੌਤ ਦਾ ਬਦਲਾ ਲੈਣ ਲਈ ਕਿਧਰੋਂ ਹਥਿਆਰ ਲੈ ਆਇਆ। ਦਿਲੋਂ ਉਹ ਲਹਿਰ ਦੇ ਨਾਲ ਨ੍ਹੀ ਸੀ। ਇਨਕਲਾਬੀ ਵਿਚਾਰਧਾਰਾ ਨਾਲ ਵੀ ਉਹਦਾ ਕੋਈ ਲਾਗਾ-ਦੇਗਾ ਹੈਨੀ ਸੀ। ਬੱਸ ਐਵੇਂ ਫੁਕਰਾਪੰਥੀ `ਚ ਈ ਹਥਿਆਰ ਚੱਕੀ ਫਿਰਦਾ ਸੀ। ਲੁੰਪਨ ਕਲਾਸ ਦੇ ਐਹੋ ਜਿਹੇ ਬੰਦਿਆਂ ਨੂੰ ਪਾਰਟੀ `ਚ ਲੈਣਾ ਸਰਾਸਰ ਹੀ ਗਲ਼ਤੀ ਸੀ। ਇਹ ਘਾਤਕ ਸਾਬਤ ਹੋਏ। ਇਹਨਾਂ ਫੂਹੜ ਤੇ ਲੁਟੇਰੇ ਕਿਸਮ ਦੇ ਬੰਦਿਆਂ ਦੀਆਂ ਕਾਰਵਾਈਆਂ ਕਰਕੇ ਸਰਕਾਰ ਨਕਸਲੀਆਂ ਨੂੰ ਬਦਨਾਮ ਕਰਨ ਤੇ ਲੋਕਾਂ ਨਾਲੋਂ ਨਿਖੇੜਨ ਵਿਚ ਕਾਮਯਾਬ ਹੋਈ।"

       ਫਿਰ ਸਾਥੀ ਵਿਛੜ ਗਏ ਆਪਣੇ ਸਾਥੀਆਂ ਨੂੰ ਯਾਦ ਕਰਨ ਲੱਗਦਾ ਹੈ, " ਕੜਿਆਲਵੀ , ਰਾਜੇਆਣੀਏ ਬੰਤ, ਘੋਲੀਏ ਵਾਲੇ ਗੁਰਦੀਪ , ਮਾਣੂਕਿਆਂ ਆਲੇ ਚਰਨ ਵਰਗੇ ਕਿੰਨੇ ਹੀ ਮੁੰਡੇ ਅੱਜ ਵੀ ਮੇਰੀਆਂ ਅੱਖਾਂ ਅੱਗੇ ਤੁਰੇ ਫਿਰਦੇ ਹਨ । ਉਵੇਂ-ਜਿਵੇਂ। ਉਡੂੰ-ਉਡੂੰ ਕਰਦੇ । ਜਾਨ ਤਲੀ `ਤੇ ਰੱਖੀ ਫਿਰਦੇ । ਮੌਤੋਂ ਬੇਪਰਵਾਹ । ਤਖ਼ਤਾ ਪਲਟ ਦੇਣ ਦੀਆਂ ਗੱਲਾਂ ਕਰਦੇ। ਗੁਰਦੀਪ ਘੋਲੀਆ ਬੜਾ ਹੋਣਹਾਰ ਮੁੰਡਾ ਸੀ । ਕਿਤਾਬਾਂ ਬਹੁਤ ਪੜ੍ਹਦਾ ਸੀ । "ਪਾਲੀ ਪਾਣੀ ਖੂਹ ਤੋਂ ਭਰੇ " ਵਰਗੇ ਪਿਆਰੇ ਗੀਤ ਲਿਖੇ ਉਸਨੇ । ਥਾਣੇ ਵਿਚ ਬੜਾ ਟਾਰਚਰ ਕੀਤਾ ਸੀ ਉਸਨੂੰ, ਜਿਸ ਕਰਕੇ ਦਿਮਾਗੀ ਤੌਰ 'ਤੇ ਬੜਾ ਅੱਪਸੈਟ ਹੋ ਗਿਆ ਸੀ । ਪੁਲਸ ਉਸਨੂੰ ਵਾਰ- ਵਾਰ ਪ੍ਰੇਸ਼ਾਨ ਤੇ ਜ਼ਲੀਲ ਕਰਦੀ ਸੀ । ਉਹ ਤੰਗ ਆ ਗਿਆ । ਇਕ ਵਾਰ ਪੁਲਸ ਉਸਨੂੰ ਫੜਨ ਗਈ , ਗੁਰਦੀਪ ਉਦੋˆ ਆਪਣੇ ਖੇਤ ਵਿਚ ਕੰਮ ਕਰ ਰਿਹਾ ਸੀ । ਉਸਨੂੰ ਪਤਾ ਲੱਗਾ ਤਾਂ ਪੁਲਸ ਦੇ ਹੱਥ ਆਉਣ ਤੋਂ ਪਹਿਲਾਂ ਹੀ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ । ਬੜਾ ਵਧੀਆ ਮਨੁੱਖ ਚਲਾ ਗਿਆ । ਜਿਉਂਦਾ ਰਹਿੰਦਾ , ਬੜੇ ਉੱਚ ਪਾਏ ਦੇ ਗੀਤ ਮਾਂ-ਬੋਲੀ ਨੂੰ ਦੇਣੇ ਸਨ ।"

ਸਾਥੀ ਐਨਕ ਲਾਹ ਕੇ ਅੱਖਾਂ ਦੇ ਕੋਇਆਂ ਵਿਚ ਉਤਰ ਆਇਆ ਪਾਣੀ ਸਾਫ ਕਰਦਾ ਹੈ ।

     "ਗੁਰਦੀਪ ਮੇਰੇ ਕੋਲ ਅਕਸਰ ਹੀ ਫੈਕਟਰੀ ਆਉਂਦਾ । ਅਸੀˆ ਲੰਮੀਆਂ-ਲੰਮੀਆਂ ਗੱਲਾਂ ਕਰਦੇ । ਠਾਣਾ ਵੀ ਆ ਜਾਂਦਾ । ਉਹ ਅੰਗਰੇਜ਼ੀ ਦੀ ਐਮ ਏ ਸੀ ।ਉਸਦਾ ਗਿਆਨ ਬਹੁਤ ਵਸੀਹ ਸੀ, ਇਕ ਤਰ੍ਹਾਂ ਮੇਰਾ ਸਿਧਾਂਤਕ ਗੁਰੂ ਹੀ ਸਮਝ ਲੈ । ਅਸੀˆ ਸਾਰੇ ਉਸਨੂੰ ਬਲਵੀਰ ਹੀ ਆਖਦੇ ਸਾਂ । ਉਹ ਦੋਵੇˆ ਸਾਹਿਤਕ ਬੰਦੇ ਹੋਣ ਕਾਰਨ ਮੇਰੀ ਉਹਨਾਂ ਨਾਲ ਨੇੜਤਾ ਹੋ ਗਈ", ਉਸ ਦੌਰ ਦੀਆਂ ਬਹੁਤ ਸਾਰੀਆਂ ਗੱਲਾਂ ਪੰਜ ਦਹਾਕੇ ਲੰਘ ਜਾਣ `ਤੇ ਵੀ ਸਾਥੀ ਦੇ ਦਿਲ ਦੀ ਸਲੇਟ ਉਪਰ ਉਕਰੀਆਂ ਪਈਆਂ ਹਨ ।

      "ਗੁਰਮੀਤ ! ਭਲੇ ਹੀ ਲਹਿਰ ਕਾਮਯਾਬ ਨਹੀˆ ਹੋਈ ਪਰ ਇਸਨੇ ਬਹੁਤ ਸਾਰੇ ਬੁਧੀਜੀਵੀ ਪੈਦਾ ਕੀਤੇ। ਸੰਤ ਰਾਮ ਉਦਾਸੀ, ਅਵਤਾਰ ਪਾਸ਼, ਦਰਸ਼ਨ ਖਟਕੜ, ਲਾਲ ਸਿੰਘ ਦਿਲ, ਕਰਨੈਲ ਸਿੰਘ ਬਾਗੀ , ਸਾਡਾ ਵੱਡਾ ਕਹਾਣੀਕਾਰ ਵਰਿਆਮ ਸੰਧੂ …. ਗੱਲ ਕੀ ਲੇਖਕਾਂ ਦੀ ਤਾਂ ਇਕ ਪੀੜੀ ਹੀ ਪੈਦਾ ਕਰ ਦਿੱਤੀ। ਡਾ: ਜਗਤਾਰ ਤੇ ਸੁਰਜੀਤ ਪਾਤਰ ਨੇ ਵੀ ਲਹਿਰ ਦੇ ਪ੍ਰਭਾਵ ਵਿਚ ਆਕੇ ਲਿਖਿਆ। ਬੜਾ ਸਾਹਿਤ ਲਿਖਿਆ ਗਿਆ। ਬਹੁਤ ਸਾਰੇ ਸਾਹਿਤਕ ਰਿਸਾਲੇ ਨਿਕਲੇ । ਪਰ ਸਾਰੇ ਕੁੱਝ ਦੇ ਬਾਵਜੂਦ ਲੋਕਾਂ ਨੂੰ ਸਿਧਾਂਤ ਨਾਲ ਨਹੀਂ ਜੋੜ ਸਕੇ । ਦਰਅਸਲ ਗੋਲੀ ਚਲਾਉਣੀ ਕੋਈ ਔਖਾ ਕੰਮ ਨੀ, ਔਖਾ ਐ ਲੋਕਾਂ ਨੂੰ ਸਿਧਾਂਤਕ ਗਿਆਨ ਨਾਲ ਲੈਸ ਕਰਨਾ। ਲਹਿਰ ਵਿਚ ਮਿਡਲ ਕਲਾਸ ਦੇ ਮੁੰਡੇ ਜ਼ਿਆਦਾ ਆਗੇ, ਇਹ ਆਪਣੀ ਕਲਾਸ ਵਾਲੀਆਂ ਵਹਿਬਤਾਂ ਵੀ ਨਾਲ ਹੀ ਲੈ ਆਏ। ਪਰੋਲਤਾਰੀ ਜਮਾਤ ਨੂੰ ਤਾਂ ਅਸੀਂ ਲਿਆ ਹੀ ਨਹੀਂ ਨਾਲ। ਜਾਗਰੂਕ ਹੀ ਨਹੀਂ ਕੀਤਾ । ਫਿਰ ਪਾਰਟੀ ਦਾ ਕੋਈ ਜਥੇਬੰਦਕ ਢਾਂਚਾ ਵੀ ਨਹੀਂ ਸੀ । ਐਵੇਂ ਮਾਅਰਕੇਬਾਜ਼ੀ ਨੂੰ ਹੀ ਪਰਾਪਤੀਆਂ ਸਮਝੀ ਗਏ। ਹੁਣ ਵੇਖਲੋ , ਬੰਤ ਹੋਰਾਂ ਨੇ ਬਿਨਾਂ ਕਾਡਰ ਨੂੰ ਸੁਚੇਤ ਕੀਤਿਆਂ ਐਡਾ ਵੱਡਾ ਐਕਸ਼ਨ ਕਰਤਾ ਕੋਕਰੀ ਆਲਾ, ਨਤੀਜਾ ਕੀ ਨਿਕਲਿਆ? ਅਗਲੇ ਦਿਨ ਸਾਨੂੰ ਸੁੱਤੇ ਪਿਆਂ ਹੀ ਨੱਪ ਲਿਆ। ਇਹ ਮਾਅਰਕੇਬਾਜ਼ੀ ਨਹੀਂ ਤਾਂ ਹੋਰ ਕੀ ਸੀ ? " ਚਾਹ ਦੀ ਆਖਰੀ ਘੁੱਟ ਭਰਦਿਆਂ ਸਾਥੀ ਆਪਣੀ ਮਾਅਰਕੇਬਾਜ਼ੀ ਵਾਲੀ ਇਕ ਹੋਰ ਘਟਨਾ ਛੂਹ ਲੈਂਦਾ ਹੈ :

"ਅਜਮੇਰ ਗਿੱਲ ਮੇਰਾ ਬਹੁਤ ਪਿਆਰਾ ਯਾਰ ਸੀ ! ਆਰਟ ਫਿਲਮਾਂ ਵੇਖਣ ਦਾ ਪੁੱਜ ਕੇ ਸ਼ੌਕੀਨ। ਅਸੀˆ ਰਾਤ ਦੇ ਸ਼ੋਅ ਦੀਆਂ ਟਿਕਟਾਂ ਲੈ ਲੈਣੀਆਂ। ਇਕ ਵਾਰ ਰਾਜ ਕਪੂਰ ਤੇ ਨਰਗਿਸ ਦੀ ਫਿਲਮ "ਜਾਗਤੇ ਰਹੋ" ਵੇਖਣ ਚਲੇ ਗਏ। ਇਸ ਸਾਰੀ ਫਿਲਮ ਵਿਚ ਰਾਜ ਕਪੂਰ ਇਕ ਹੀ ਡਾਇਲਾਗ ਬੋਲਦਾ ਹੈ, ਜਦੋˆ ਨਰਗਿਸ ਤੋਂ ਪਾਣੀ ਮੰਗਦਾ ਹੈ। ਫਿਲਮ ਸਮਾਜ ਦੇ ਭਿੰਨ-ਭਿੰਨ ਵਰਗਾ `ਤੇ ਬੜਾ ਕਰਾਰਾ ਵਿਅੰਗ ਕਰਦੀ ਹੈ। ਰਾਜ ਕਪੂਰ ਉਹਨਾਂ ਦਿਨਾਂ `ਚ ਸਟਾਰ ਸੀ। ਉਸਦੀ ਫਿਲਮ ਹੋਣ ਕਰਕੇ ਕਈ ਮਨਚਲੇ ਵੀ ਫਿਲਮ ਵੇਖਣ ਆਏ ਸੀਗੇ। ਹੁਣ ਫਿਲਮ ਦਾ ਹੀਰੋ ਚੁੱਪ। ਲਾਲਿਆਂ ਦੇ ਜੁਆਕਾਂ ਨੂੰ ਮਸਾਲਾ ਫਿਲਮਾਂ ਆਲਾ ਮਸਾਲਾ ਮਿਲਿਆ ਨਾ। ਲਉ ਜੀ ਉਹ ਤਾਂ ਲੱਗਗੇ ਰੌਲਾ ਪਾਉਣ। ਐਵੇਂ ਹਾਤ-ਹੂਤ। ਅਸੀਂ ਦੋ -ਤਿੰਨ ਵਾਰ ਸਮਝਾਇਆ ਵੀ ਪਰ ਨਾ ਜੀ, ਉਹ ਤਾਂ ਸਗੋˆ ਹੋਰ ਚਾਮਲਗੇ। ਫੇਰ ਕੀ ? ਫੇਰ ਅਸੀਂ ਕਰਤਾ ਐਕਸ਼ਨ। ਅਜਮੇਰ ਨੇ ਇਕ ਨੂੰ ਧੌਲ ਮਾਰ ਕੇ ਸਿੱਟ ਲਿਆ। ਇਕ ਨੂੰ ਮੈਂ ਸਾਂਭ ਲਿਆ। ਉਥੇ ਤਾਂ ਹੋਗੀ ਚੱਕਲੋ-ਚੱਕਲੋ। ਕੁੱਛ ਬੰਦੇ ਛੁਡਾਉਣ ਵੀ ਲੱਗਪੇ। ਅਸੀਂ ਵਾਪਸੀ `ਤੇ ਆਪਣੀ ਮੂਰਖਤਾ ਦੀਆਂ ਗੱਲਾˆ ਕਰਨ ਲੱਗੇ ਕਿ ਇਹ ਨਿਰੀ ਆਪਣੀ ਮਾਅਰਕੇਬਾਜ਼ੀ ਸੀ। ਜੇ ਭਲਾ ਮੁੰਡੀਹਰ ਕੋਲ ਚਾਕੂ-ਛੁਰਾ ਜਾਂ ਕੋਈ ਹੋਰ ਹਥਿਆਰ ਹੁੰਦਾ ਫੇਰ ਸਾਡਾ ਕੀ ਬਣਦਾ?"

        ਸਾਥੀ ਨੇ ਪੂਰੇ ਛੇ ਦਹਾਕੇ ਸਾਹਿਤਕ ਸਫ਼ਰ ਤਹਿ ਕੀਤਾ ਹੈ । ਸੈਂਕੜੇ ਲੇਖਕਾਂ ਨਾਲ ਉਸਦੇ ਦੂਰ ਜਾਂ ਨੇੜੇ ਦੇ ਸਬੰਧ ਰਹੇ ਹਨ । ਉਹ 1966 ਵਿਚ ਲਿਖਾਰੀ ਸਭਾ ਮੋਗਾ ਦਾ ਮੈਂਬਰ ਬਣ ਗਿਆ ਸੀ । ਇਹ ਸਭਾ ਉਹਨਾਂ ਸਮਿਆਂ ਵਿਚ ਬਹੁਤ ਸਰਗਰਮ ਸੀ। ਜਸਵੰਤ ਸਿੰਘ ਕੰਵਲ, ਪਰੀਤਮ ਪੰਧੇਰ, ਗੁਰਚਰਨ ਚੀਮਾ, ਕਹਾਣੀਕਾਰ ਅਜੀਤ ਪੱਤੋ, ਹਰਪਾਲਜੀਤ ਪਾਲੀ, ਭਾਗ ਸਿੰਘ ਉਪਾਸ਼ਕ, ਸੁਖਦੇਵ ਸੰਧੂ, ਦੇਸ ਰਾਜ, ਹਰਨੇਕ ਸਿੰਘ ਰਾਜੇਆਣਾ, ਅਜਮੇਰ ਗਿੱਲ, ਤੇ ਸਤਿਆ ਪ੍ਰਕਾਸ਼ ਉੱਪਲ ਆਦਿ ਉਸਦੇ ਨੇੜਲੇ ਘੇਰੇ ਵਿਚ ਰਹੇ ਨੇ। ਅਜਮੇਰ ਗਿੱਲ ਨਾਲ ਬੜੀ ਗੂਹੜੀ ਯਾਰੀ ਸੀ। ਉਸਦਾ ਪਿੰਡ ਤਾਂ ਝੰਡੇਆਣਾ ਸੀ ਪਰ ਪੜ੍ਹਨ ਲਿਖਣ ਤੇ ਮਹਿਫ਼ਲ ਜਮਾਉਣ ਲਈ ਹੀ ਅਜਮੇਰ ਗਿੱਲ ਨੂੰ ਮੋਗੇ ਚੁਬਾਰਾ ਕਿਰਾਏ `ਤੇ ਲੈ ਕੇ ਦਿੱਤਾ ਸੀ। ਦੇਰ ਰਾਤ ਗਈ ਤੱਕ ਇਸ ਚੁਬਾਰੇ ਵਿਚ ਲੇਖਕਾਂ ਦੀਆਂ ਮਹਿਫ਼ਲਾˆ ਜੰਮਦੀਆਂ। ਮਾਝੇ ਵਾਲਾ ਕਹਾਣੀਕਾਰ ਮੁਖਤਾਰ ਗਿੱਲ, ਸ਼ਾਇਰ ਪ੍ਰਮਿੰਦਰਜੀਤ ਅਤੇ ਖੁਰਸ਼ੀਦ ਵਰਗੇ ਰੰਗਲੇ ਲੇਖਕ ਇਹਨਾਂ ਸਾਹਿਤਕ ਮਹਿਫਲਾਂ ਵਿਚ ਰੰਗ ਭਰਦੇ। ਪਿੰਗਲ ਆਰੂਜ ਤੋˆ ਲੈ ਕੇ "ਇਨਕਲਾਬ" ਤੱਕ ਇਹਨਾˆ ਮਹਿਫਲਾਂ ਵਿਚ ਰਿੜਕਿਆ ਜਾਂਦਾ। ਕਈਆਂ ਨੂੰ ਅਜਮੇਰ ਗਿੱਲ ਦੇ ਹੁਜ਼ਰੇ `ਤੇ ਸਜਦੀਆਂ ਇਹ ਮਹਿਫਲਾਂ ਚੰਗੀਆਂ ਵੀ ਨਹੀਂ ਸਨ ਲੱਗਦੀਆਂ। ਉਹ ਅਜਮੇਰ ਤੇ ਸਾਥੀ ਵਿਚਾਲੇ ਡੱਕਾ ਸੁੱਟਣ ਦੀ ਕੋਸ਼ਿਸ਼ ਵਿਚ ਲੱਗੇ ਰਹਿੰਦੇ। ਅਜਿਹੇ ਕਿਸੇ ਸਾਂਝੇ ਦੋਸਤ ਦੀ ਮੇਹਰਬਾਨੀ ਸਦਕਾ ਸਾਥੀ ਕਾਫੀ ਚਿਰ ਅਜਮੇਰ ਗਿੱਲ ਨਾਲ ਗੁੱਸੇ-ਗਿਲੇ ਵੀ ਹੋਇਆ ਰਿਹਾ ਪਰ ਅਜਮੇਰ ਦੇ ਇਸ ਦੁਨੀਆਂ ਤੋਂ ਚਲੇ ਜਾਣ ਤੋਂ ਪਹਿਲਾਂ-ਪਹਿਲਾਂ ਦੋ ਯਾਰਾਂ ਦੀ ਟੁੱਟੀ ਹੋਈ ਯਾਰੀ ਗੰਢੀ ਗਈ ਸੀ ।

       ਸੜਕਨਾਮੇ ਵਾਲੇ ਬਲਦੇਵ ਸਿੰਘ ਦੇ ਕਲਕੱਤਾ ਛੱਡ ਕੇ ਪੱਕੇ ਤੌਰ ਹੀ ਮੋਗੇ ਆ ਵਸਣ `ਤੇ ਮਹਿੰਦਰ ਸਾਥੀ ਨੇ ਅਜਮੇਰ ਗਿੱਲ ਤੇ ਉਪਾਸ਼ਕ ਵਰਗਿਆਂ ਨਾਲ ਮਿਲਕੇ ਸਾਹਿਤ ਵਿਚਾਰ ਮੰਚ ਬਣਾ ਲਿਆ ਸੀ। ਬਲਦੇਵ ਸਿੰਘ ਨੂੰ ਇਸਦਾ ਪ੍ਰਧਾਨ ਬਣਾਕੇ ਸਾਹਿਤਕ ਸਰਗਰਮੀਆਂ ਦੀ ਹਨੇਰੀ ਹੀ ਲਿਆ ਦਿੱਤੀ। ਮਹਿੰਦਰ ਸਾਥੀ ਜਨਰਲ ਸਕੱਤਰ ਹੋਣ ਦੇ ਨਾਤੇ ਲੇਖਕਾਂ ਨੂੰ ਮੀਟਿੰਗ ਲਈ ਸੁਨੇਹੇ ਲਾਉਣ, ਪੱਤਰ ਲਿਖਣ, ਖਬਰਾˆ ਭੇਜਣ, ਕਾਰਵਾਈ ਲਿਖਣ ਤੋਂ ਲੈਕੇ ਦਰੀਆਂ ਵਿਛਾਉਣ ਤੱਕ ਦੇ ਸਾਰੇ ਕੰਮ ਪੂਰੇ ਸਿਰੜ ਨਾਲ ਕਰਦਾ। ਪੰਜਾਬ ਦੇ ਸੰਤਾਪੇ ਦੌਰ ਵਿਚ ਸਾਥੀ ਨੇ ਬੁੱਘੀਪੁਰੀਏ ਨਾਟ ਨਿਰਦੇਸ਼ਕ ਪਰਮਜੀਤ ਗਿੱਲ ਦੇ ਨਾਲ ਨਾਟਕ ਕਰਨੇ ਸ਼ੁਰੂ ਕੀਤੇ ਪਰਮਜੀਤ ਗਿੱਲ ਨਾਲ ਕੀਤੇ ਨਾਟਕਾਂ ਵਿਚ ਸਾਥੀ ਨੇ ਹੀ ਨਹੀਂ, ਉਸਦੀ ਸਾਥਣ ਰਾਮ ਦੁਲਾਰੀ ਤੇ ਬੇਟੀ ਸੰਜੂ ਨੇ ਵੀ ਅਦਾਕਾਰੀ ਕੀਤੀ। ਕੁੱਸੇ ਦੀ ਧਰਤੀ `ਤੇ ਖੇਡੇ ਗਏ ਨਾਟਕ ਦੋ ਮਾਵਾਂ, ਪੰਜਾਬੀ ਭਵਨ ਲੁਧਿਆਣਾ ਦੇ ਮੰਚ `ਤੇ ਪੇਸ਼ "ਤੂਤਾਂ ਵਾਲਾ ਖੂਹ” ਅਤੇ ਫਰੀਦਕੋਟ ਬਾਬਾ ਫਰੀਦ ਮੇਲੇ `ਤੇ ਖੇਡੇ ਨਾਟਕ "ਕਾਲੇ ਲਿਖ ਨਾ ਲੇਖ " ਨਾਲ ਸਾਥੀ ਨੇ ਅਦਾਕਾਰੀ ਦਾ ਸ਼ੌਕ ਵੀ ਪੂਰਾ ਕੀਤਾ। `ਸੂਹੀ ਸਵੇਰ` ਇਕ ਹੋਰ ਯਾਦਗਾਰੀ ਪੇਸ਼ਕਾਰੀ ਸੀ। ਰਾਮ ਦੁਲਾਰੀ ਵਲੋˆ ਸਾਥੀ ਦੇ ਲਿਖੇ ਗੀਤ ਉਪਰ ਬਹੁਤ ਹੀ ਪ੍ਰਭਾਵਸ਼ਾਲੀ ਸਮੂਹ ਗਾਣ ਤਿਆਰ ਕੀਤਾ ਗਿਆ। ਇਹ ਗੀਤ ਵੀ ਲੋਕਾˆ ਵਲੋˆ ਬੜਾ ਪਸੰਦ ਕੀਤਾ ਜਾਂਦਾ ਸੀ :-

ਪੱਤਝੜ ਸਦਾ ਨਾ ਰਹਿਣੀ ਆਉਣੀ ਬਹਾਰ ਅਕਸਰ।

ਜੀਵਨ ਤੋਂ ਮੌਤ ਖਾਂਦੀ, ਆਈ ਹੈ ਹਾਰ ਅਕਸਰ

ਇਹ ਸਹਿਮ ਦਾ ਸਮੁੰਦਰ, ਲਹਿਣਾ ਹੀ ਲਹਿਣਾ ਇੱਕ ਦਿਨ

ਚਿੜੀਆਂ ਨੇ ਬਾਜਾਂ ਦੇ ਗਲ, ਪੈਣਾ ਹੀ ਪੈਣਾ ਇੱਕ ਦਿਨ।

ਸਤਿਆਂ ਦੇ ਰੋਹ ਦੇ ਹੜ ਨੇ, ਵਹਿਣਾ ਹੀ ਵਹਿਣਾ ਇੱਕ ਦਿਨ।

ਜ਼ੁਲਮੋ-ਸਿਤਮ ਦਾ ਧੌਲਰ, ਢਹਿਣਾ ਹੀ ਢਹਿਣਾ ਇੱਕ ਦਿਨ।

ਉਠਣਗੇ "ਸਾਥੀ" ਖਾਕੋਂ ਇਹ ਖਾਕਸਾਰ ਆਖਰ

ਪੱਤਝੜ ਸਦਾ ਨਾ ਰਹਿਣੀ ਆਉਣੀ ਬਹਾਰ ਆਖਰ ।

ਜੀਵਨ ਤੋਂ ਮੌਤ ਖਾਂਦੀ ਆਈ ਹੈ ਹਾਰ ਆਖਰ।

      ਬਲਦੇਵ ਸਿੰਘ ਦੀ ਨਾਟਕ ਮੰਡਲੀ ਲੋਕ ਕਲਾ ਮੰਚ ਮੋਗਾ ਦੀ ਟੀਮ ਵਿਚ ਸਾਥੀ ਨੇ "ਕਿੱਸਾ ਇਕਬਾਲ ਕਾ" ਨਾਟਕ ਕਈ ਵਾਰ ਖੇਡਿਆ। ਹੋਰ ਕਲਾਕਾਰਾਂ ਵਾਂਗ ਨਾਟਕ ਕਰਦਿਆਂ ਦਰਸ਼ਕਾˆ ਦੀਆਂ ਤਾੜੀਆਂ ਸਾਥੀ ਨੂੰ ਵੀ ਚੰਗੀਆਂ ਲੱਗਦੀਆਂ ਸਨ ਪਰ ਲੰਬੇ-ਲੰਬੇ ਸੰਵਾਦ ਕੌਣ ਚੇਤੇ ਕਰੇ ? ਸਾਥੀ ਨੂੰ ਇਹ ਕੰਮ ਬੜਾ ਔਖਾ ਲੱਗਦਾ ਸੀ। ਸੰਵਾਦ ਚੇਤੇ ਕਰਦਿਆਂ ਆਪਣੀਆਂ ਕਵਿਤਾਵਾਂ ਉਹਨਾਂ ਵਿਚ ਰਲਗੱਡ ਹੁੰਦੀਆਂ ਰਹਿੰਦੀਆਂ। ਸਾਥੀ ਨੇ ਅਦਾਕਾਰੀ ਵਾਲੇ ਸ਼ੌਕ ਨੂੰ ਛੱਡਣਾ ਹੀ ਬਿਹਤਰ ਸਮਝਿਆ ਸੀ।

       ਸਾਥੀ ਦੇ ਨਵੇˆ -ਪੁਰਾਣੇ ਚੇਲਿਆˆ ਦੀ ਗਿਣਤੀ ਚੰਗੀ ਖਾਸੀ ਹੈ ਜਿਹੜੇ ਉਸ ਕੋਲੋਂ ਅਕਸਰ ਬਹਿਰ ਵਜ਼ਨ ਅਤੇ ਉਰਦੂ ਸ਼ਬਦਾਵਲੀ ਬਾਰੇ ਗਿਆਨ ਪਰਾਪਤ ਕਰਦੇ ਰਹਿੰਦੇ ਨੇ ਪਰ ਇਸਦੇ ਬਾਵਜੂਦ ਮਹਿੰਦਰ ਸਾਥੀ ਨੂੰ ਆਪਣੇ ਕਈ ਸਮਕਾਲੀਆਂ ਵਾਂਗ `ਉਸਤਾਦ ਸ਼ਾਇਰ` ਹੋਣ ਦਾ ਦਰਜਾ ਹਾਸਲ ਨਹੀˆ ਹੋ ਸਕਿਆ । ਰਣਜੀਤ ਸਰਾਂ ਵਾਲੀ, ਅਮਰਜੀਤ ਢੁੱਡੀਕੇ, ਮੁਰੀਦ ਸੰਧੂ, ਧਾਮੀ ਗਿੱਲ, ਅਵਤਾਰ ਅਵੀ, ਦਲਜੀਤ ਕੁਸ਼ਲ, ਗੁਰਪਰੀਤ ਧਰਮਕੋਟ , ਤੇ ਸਤਪਾਲ ਖੁੱਲਰ ਵਰਗੇ ਅਨੇਕਾਂ ਸ਼ਾਇਰ ਸਾਥੀ ਦੇ ਤਕੀਏ ਦੀ ਗਾਹੇ-ਬਗਾਹੇ ਹਾਜ਼ਰੀ ਭਰ ਜਾਂਦੇ ਨੇ । ਸਾਥੀ ਤੋˆ ਗ਼ਜ਼ਲ਼ ਦੀਆਂ ਬਾਰੀਕੀਆਂ ਸਮਝਦੇ, ਉਸ ਨਾਲ ਉਸਦੀ ਪਹਿਲ - ਪਲੇਠੀ ਦੀ ਮੁਹੱਬਤ ਬਾਰੇ ਵੀ ਗੱਲਾਂ ਕਰ ਜਾਂਦੇ ਨੇ ਤੇ ਨਾਲ ਦੀ ਨਾਲ ਆਪਣੇ ਕੋਈ ਨਵੇˆ -ਪੁਰਾਣੇ ਕਿੱਸੇ ਵੀ ਸਾਂਝੇ ਕਰ ਲੈਂਦੇ ਹਨ । ਆਪਣੇ ਬੱਚਿਆਂ ਵਰਗੇ ਦੋਸਤਾˆ ਨਾਲ ਗੱਲਾਂ ਕਰਦਿਆਂ ਸਾਥੀ ਨਵੇˆ ਸਿਰਿਉਂ ਊਰਜਾ ਹਾਸਲ ਕਰ ਲੈਂਦਾ ਹੈ ।

       ਆਪਣੇ ਨਾਲੋˆ ਕਈ ਦਹਾਕੇ ਛੋਟੇ ਮੁੰਡਿਆਂ ਨਾਲ ਵਿਚਰਦਿਆਂ ਸਾਥੀ ਉਹਨਾਂ ਵਰਗਾ ਹੀ ਹੋ ਜਾਂਦਾ ਹੈ। ਬਿਲਕੁਲ ਹਮਉਮਰ। ਇਹ ਹਮਉਮਰ ਗਭਰੇਟਾˆ ਦੀ ਸੰਗਤ ਹੀ ਉਸਨੂੰ ਬੁੱਢਾ ਨਹੀਂ ਹੋਣ ਦਿੰਦੀ । ਨੌਜੁਆਨ ਚੇਲਿਆਂ ਵਲੋਂ ਦਿੱਤੀ ਊਰਜਾ ਆਸਰੇ ਤਾਂ ਸਾਥੀ ਨੇ ਕਈ ਵਾਰ ਮੌਤ ਨੂੰ ਵੀ ਝਕਾਨੀ ਦੇ ਦਿੱਤੀ ਹੈ। ਪਿੱਛੇ ਜਿਹੇ ਤਾਂ ਉਸਨੇ ਨਾਗਰਾਜ ਨਾਲ ਵੀ ਪੰਗਾ ਪਾ ਲਿਆ ਸੀ।

"ਸਾਥੀ ਸਾਹਿਬ, ਤੁਹਾਡੇ ਡੰਗ ਮਾਰਕੇ ਤਾਂ ਸੱਪ ਵੀ ਪਛਤਾਉਂਦਾ ਹੋਊ, ਕਿ ਨਹੀˆ? "ਮੈˆ ਮੋਗੇ ਦੇ ਕਿਸੇ ਹਸਪਤਾਲ ਵਿਚ ਸੱਪ ਤਂ ਡੰਗ ਖਾਕੇ ਬੈੱਡ `ਤੇ ਪਏ ਸਾਥੀ ਨੂੰ ਛੇੜਿਆ ਸੀ।

"ਜਾਣਦੇ ਅਪਸਰਾ ਜਾਣਦੇ । ਐਵੇˆ ਨਾ ਟਾਂਚਾˆ ਕਰਿਆ ਕਰ ।"

"ਗੱਲ ਤਾਂ ਕੜਿਆਲਵੀ ਦੀ ਠੀਕ ਐ। ਸੱਪ ਵੀ ਕਹਿੰਦਾ ਹੋਊ ਕਿ ਇਹ ਤਾਂ ਮੇਰੇ ਨਾਲੋˆ ਵੀ ਵੱਧ ਜ਼ਹਿਰੀ ਐ। ਹੋ ਸਕਦਾ ਵਿਚਾਰਾ ਸੁਰਗ ਈ ਸਿਧਾਰ ਗਿਆ ਹੋਵੇ!" ਅਮਰ ਸੂਫੀ ਨੇ ਵਿਚਾਲਿਉਂ ਆਰ ਲਾ ਦਿੱਤੀ ਸੀ।

"ਊਂ ਸਾਥੀ ਸਾਬ ਇਹਨਾਂ ਗੱਲਾਂ ਨੂੰ ਮੰਨਦੇ ਤਾਂ ਹੈਨੀ ਪਰ ਹੈ ਸੋਲਾਂ ਆਨੇ ਸੱਚੀ। ਸੱਪ ਜੀ ਮਾਰਾਜ ਦਾ ਸਾਥੀ ਨਾਲ ਕੋਈ ਪੁਰਾਣਾ ਹਿਸਾਬ ਕਿਤਾਬ ਲੱਗਦੈ। ਕੀ ਪਤਾ ਕਿਸੇ ਪਿਛਲੇ ਜਨਮ ਦਾ ਈ … ਹੋਵੇ ? " ਸਾਰੀ ਰਾਤ ਸਾਥੀ ਦੇ ਸਿਰਹਾਣੇ ਬੈਠ ਜਾਗਦਿਆਂ ਰਾਤ ਕੱਟਣ ਵਾਲਾ ਦਲਜੀਤ ਕੁਸ਼ਲ ਵੀ ਟਾਂਚ ਲਾਉਣੋ ਨਹੀˆ ਸੀ ਟਲਿਆ । ਸਾਥੀ ਖਿੜ -ਖਿੜ ਕਰਕੇ ਹੱਸਿਆ ਸੀ, ਜਿਵੇˆ ਕੌਲੀ ਵਿਚ ਰੋੜ ਛਣਕਦੇ ਹੋਣ,

"ਹਾਆ …. ਹਾ .. ਹਾਅ ….ਠੀਕ ਐ। ਸੱਪ ਕੋਈ ਪੂੰਜੀਪਤੀ ਹੋਊ ਤੇ ਮੈਤੋਂ ਨੱਪੀ ਗਈ ਹੋਊ ਸੰਘੀ ਇਹਦੀ। ਹੁਣ ਅਗਲੇ ਨੇ ਕੱਢ ਲਿਆ ਗੁੱਸਾ ਮੌਕਾ ਤਾੜਕੇ।" ਸਾਥੀ ਵੀ ਹਾਸੇ ਮਜ਼ਾਕ ਵਿਚ ਸ਼ਾਮਲ ਹੋ ਗਿਆ ਸੀ।

"ਸਾਥੀ ਸਾਬ ਸੱਪ ਹੋਊ ਕੋਈ ਸੱਜੇ ਪੱਖੀ ਈ।"

"ਹਾਆ … ਹਾ ... ਅ … ਅ ਠੀਕ ਐ।" ਸਾਥੀ ਦੇ ਹਾਸੇ ਨਾਲ ਹਸਪਤਾਲ ਦੇ ਮਰੀਜ਼ ਵੀ ਸਾਡੇ ਵੱਲੀ ਗਹੁ ਨਾਲ ਦੇਖਣ ਲੱਗੇ ਸਨ। ਮੈਨੂੰ ਕਈ ਵਰੇ ਪਹਿਲਾਂ ਵਾਪਰੀ ਘਟਨਾ ਯਾਦ ਆ ਗਈ। ਉਦੋˆ ਮਹਿੰਦਰ ਸਾਥੀ ਭਾਰਤ ਸਰਕਾਰ ਦੀ ਬੁੱਢਿਆਂ ਨੂੰ ਪੜਾਉਣ ਵਾਲੀ "ਸਾਖਰਤਾ ਮੁਹਿੰਮ" ਵਿਚ ਕੰਮ ਕਰਦਾ ਸੀ। ਇੱਕ ਦਿਨ ਉਹ ਡਾ: ਸੁਰਜੀਤ ਦੌਧਰ ਦੇ ਦੁਪਹੀਆ ਸਕੂਟਰ ਪਿੱਛੇ ਬੈਠਕੇ ਕਿਧਰੇ ਜਾ ਰਿਹਾ ਸੀ ਕਿ ਐਕਸੀਡੈਂਟ ਹੋ ਗਿਆ। ਸਾਥੀ ਦੀ ਸੱਜੀ ਲੱਤ ਦਾ ਕੜਾਕਾ ਪੈ ਗਿਆ। ਸਾਥੀ ਨੂੰ ਟੁੱਟੀ ਲੱਤ `ਤੇ ਪਲੱਸਤਰ ਲੁਆਈ ਕਈ ਦਿਨ ਹਸਪਤਾਲ ਦੇ ਬੈੱਡ ਉਪਰ ਪੈਣਾ ਪਿਆ। ਮਿਜ਼ਾਜ਼ ਪੁਰਸ਼ੀ ਲਈ ਹਸਪਤਾਲ ਆਏ ਵਿਅੰਗਕਾਰ ਕੇ. ਐਲ. ਗਰਗ ਨੇ ਸਾਥੀ ਨੂੰ ਛੇੜਿਆ ਸੀ

"ਕਾਮਰੇਡ ! ਸੱਜਿਆਂ ਦੇ ਸਕੂਟਰ ਪਿੱਛੇ ਬੈਠ ਕੇ ਝੂਟੇ ਲੈਨਾ, ਸੱਜੀ ਲੱਤ ਤਾਂ ਤੁੜਵਾਉਣੀ ਈ ਸੀ।"

"ਇਕੱਲਾ ਸਾਥੀ ਈ ਨੀ ਸੱਜਿਆਂ ਪਿਛੇ ਬੈਠਕੇ ਝੂਟੇ ਲੈਂਦਾ, ਹੁਣ ਤਾˆ ਕਾਮਰੇਡਾˆ ਦੀਆਂ ਪਾਰਟੀਆਂ ਵੀ ਸੱਜਿਆਂ ਨਾਲ ਰਲਕੇ ਸੱਤਾ ਦੇ ਝੂਟੇ ਲਈ ਜਾਂਦੀਆਂ", ਨੇੜੇ ਖੜੇ ਰਵੀ ਕਾਂਤ ਸ਼ੁਕਲੇ ਨੇ ਸੱਟ ਟਿਕਾਣੇ ਮਾਰ ਦਿੱਤੀ ਸੀ।

"ਪਾਰਟੀਆਂ-ਪੂਰਟੀਆਂ ਦਾ ਤਾਂ ਸ਼ੁਕਲਾ ਸਾਬ ਮੈਨੂੰ ਪਤਾ ਨੀ … ਪਰ ਸਾਥੀ ਅੱਜ ਤੱਕ ਵੀ ਡਟਿਆ ਆਉਂਦਾ ਆਵਦੀ ਵਿਚਾਰਧਾਰਾ `ਤੇ। ਐਨ ਸਿਰ ਪਰਨੇ। ਆਪਾਂ ਤਾˆ ਲੋਕਾˆ ਨਾਲ ਖੜੇ ਆਂ। ਇਨਾਮਾˆ-ਸ਼ਨਾਮਾ ਖਾਤਰ ਨੀ ਲਿਖਿਆ। ਕਦੇ ਐਵਾਰਡਾਂ-ਅਵੂਰਡਾਂ ਦੀ ਝਾਕ ਨ੍ਹੀ ਰੱਖੀ। ਪਲਸ ਮੰਚ ਨੇ ਭਾਜੀ ਗੁਰਸ਼ਰਨ ਸਿੰਘ ਦੀ ਅਗਵਾਈ ਹੇਠ ਹਜ਼ਾਰਾˆ ਲੋਕਾˆ ਦੀ ਹਾਜ਼ਰੀ ਵਿਚ ਸਨਮਾਨਿਤ ਕੀਤਾ, ਇਹ ਲੋਕਾˆ ਦਾ ਸਨਮਾਨ ਸੀ। ਇਹ ਸਨਮਾਨ ਲੈਂਦਿਆˆ ਮਾਣ ਵੀ ਮਹਿਸੂਸ ਹੁੰਦਾ ਸੀ। ਭਾਈ ਸਾਹਬ! ਸਰਕਾਰਾਂ ਦੀਆਂ ਬੁਰਕੀਆਂ ਦੀ ਝਾਕ ਰੱਖਣ ਆਲੇ ਹਾਕਮਾˆ ਦੀ ਅੱਖ `ਚ ਅੱਖ ਪਾਕੇ ਗੱਲ ਨ੍ਹੀ ਕਰ ਸਕਦੇ, ਮੇਰਾ ਸ਼ੇਅਰ ਸੁਣਲੋ ਮਾੜਾ ਜਿਆ:-

ਜੋ ਗੱਲ ਗੁਲਦਾਉਦੀਆਂ ਦੀ ਗਾਉਂਦੇ ਹਾਹਾਕਾਰ ਦੀ ਰੁੱਤੇ,

ਐ ! 'ਸਾਥੀ` ਭੰਡ, ਖੁਸਰੇ, ਸ਼ੁਗਲੀਏ ਨੇ, ਉਹ ਕਵੀ ਕਿੱਥੇ?

ਉਹ ਜਿਹੜੇ ਰਾਜੇ ਦੀ ਬੁਰਕੀ `ਤੇ ਪਲਦੇ ਨੇ ਪਏ ਯਾਰੋ,

ਉਹਨਾਂ ਵਿਚ ਰਾਜੇ ਨੂੰ ਸ਼ੀਂਹ ਕਹਿਣ ਦੀ ਮਰਦਾਨਗੀ ਕਿੱਥੇ?

ਐਵੇˆ ਗੱਲਾˆ ਮਾਰੀ ਜਾਂਦੇ ਐ!" ਸਾਥੀ ਜੋਸ਼ ਵਿਚ ਆ ਗਿਆ ਸੀ। ਲੱਤ ਵਿਚੋˆ ਨਿਕਲਦੀ ਚੀਸ ਉਸਨੇ ਦੰਦਾਂ ਥੱਲੇ ਜੀਭ ਦੇਕੇ ਦੱਬ ਲਈ।

"ਗਰਗ ਸਾਹਬ ਇਹ ਗੱਲ ਤਾਂ ਪੱਕੀ ਐ ਸਾਥੀ ਦੀ, ਭਾਵੇˆ ਕਿੰਨੀਆਂ ਈ ਚੰਗੀਆਂ -ਮਾੜੀਆਂ ਵਾਵਾਂ ਵਗੀਆਂ, ਡੋਲਿਆ ਨੀ, ਨਾ ਈ ਕਿਸੇ ਤੋਂ ਡਰਿਆ ਐ। ਕਿਸੇ ਦੀ ਝੇਪ ਵੀ ਨੀ ਮੰਨੀ। ਫਿਰ ਲਿਖਿਆ ਵੀ ਠੋਕ ਕੇ  … ਏਸ ਗੱਲੋਂ ਤਾਂ ਸਾਥੀ ਜਾਂਬਾਜ਼ ਐ ਪੂਰਾ!" ਘੋਲੀਏ ਵਾਲੇ ਨਰਿੰਦਰ ਸ਼ਰਮੇ ਨੇ ਜਿਵੇਂ ਸਾਥੀ ਦੇ ਬੋਲਾਂ `ਤੇ ਮੋਹਰ ਲਾ ਦਿੱਤੀ ਸੀ। ਸਾਥੀ ਹੋਰ ਗੜਕੇ ਵਿੱਚ ਹੋ ਗਿਆ ਸੀ।

"ਜਿਵੇˆ ਪਾਰਟੀਆਂ ਮੈਨੀਫੈਸਟੋ ਜਾਰੀ ਕਰਦੀਆਂ ਉਵੇਂ ਜਿਵੇਂ ਮੇਰਾ ਵੀ ਮੈਨੀਫੈਸਟੋ ਐ। ਸੁਣਲੋ ਮਾੜਾ ਜਿਆ :-

ਹਯਾਤੀ ਘਾਇਲ ਹੈ, ਗੀਤਾਂ ਦੀ ਮਰਹਮ ਲਾਉਣ ਦੇ ਸਾਥੀ।

ਲਿਖਾਂਗਾ ਹੁਸਨ ਦੇ ਨਗਮੇ ਵੀ ਵੇਲਾ ਆਉਣ ਦੇ ਸਾਥੀ।

ਆਵਾਮੀ ਸ਼ਾਇਰ ਹਾਂ ਮੈਂ, ਢਾਰਿਆਂ ਦੇ ਗੀਤ ਗਾਵਾਂਗਾ,

ਨਹੀ ਮੈˆ ਗੀਤ ਗਾਉਣੇ, ਮਹਿਲਾਂ ਨੂੰ ਪਰਚਾਉਣ ਦੇ ਸਾਥੀ।"

"ਬਾਕਮਾਲ ! ਬਾਕਮਾਲ !!" ਆਖਦਿਆਂ ਪਤਾ ਲੈਣ ਆਏ ਲੇਖਕ ਵਿਸਮਾਦ ਵਿਚ ਸਿਰ ਹਿਲਾਉਣ ਲੱਗੇ ਸਨ।

ਸਾਹਿਤਕ ਹਲਕਿਆਂ ਵਿਚ ਸਾਥੀ ਦਾ ਸਤਿਕਾਰ ਹੈ। ਨਵੇˆ ਮੁੰਡਿਆਂ ਦੇ ਨਾਲ -ਨਾਲ ਪੁਰਾਣੇ ਯਾਰਾˆ ਬੇਲੀਆਂ ਨਾਲ ਵੀ ਗੰਢ ਪੀਡੀ ਐ। ਫਿਰੋਜ਼ਪੁਰੀਏ ਗ਼ਜ਼ਲ਼ਗੋ ਜਸਪਾਲ ਘਈ, ਲੇਖਕਾਂ ਦਾ ਪਟਵਾਰੀ ਹਰਮੀਤ ਵਿਦਿਆਰਥੀ, ਬਰਨਾਲੇ ਆਲਾ ਗ਼ਜ਼ਲ਼ਕਾਰ ਬੂਟਾ ਸਿੰਘ ਚੌਹਾਨ, ਹਿਮਾਚਲੀ ਪਹਾੜੀਆਂ ਦੀ ਗੋਦੀ `ਚ ਬੈਠਾ ਡਾ: ਸੰਦੀਪ ਦਾਖਾ ਤੇ ਹੋਰ ਅਨੇਕਾਂ ਦੂਰ-ਨੇੜੇ ਦੇ ਲੇਖਕ ਮਿੱਤਰ ਲੰਘਦੇ ਕਰਦੇ ਸਾਥੀ ਦਾ ਹਾਲ-ਹਵਾਲ ਪਤਾ ਕਰ ਜਾਂਦੇ ਹਨ। ਸਾਥੀ ਅਜਕਲ ਆਪਣੀ ਕੋਈ ਰਚਨਾ ਘੱਟ ਹੀ ਸੁਣਾਉਂਦਾ ਹੈ, ਵਧੇਰੇ ਕਰਕੇ ਸੁਣਦਾ ਹੈ।

ਸਾਥੀ ਨੂੰ ਆਪਣੇ ਪ੍ਰਤੀਬੱਧ ਲੇਖਕ ਹੋਣ `ਤੇ ਮਾਣ ਹੈ ਕਿ ਉਸਨੇ ਆਪਣੀਆਂ ਲਿਖਤਾਂ ਰਾਹੀਂ ਹਮੇਸ਼ਾˆ ਸਮਾਜ ਦੇ ਦੱਬੇ-ਕੁਚਲੇ ਕਿਸਾਨ-ਮਜ਼ਦੂਰ ਲੋਕਾਂ ਦੀ ਗੱਲ ਕੀਤੀ ਹੈ। ਮਹਿੰਦਰ ਸਾਥੀ ਤਾਂ ਉਸ ਲੇਖਕ ਨੂੰ ਲੇਖਕ ਮੰਨਣੋ ਹੀ ਇਨਕਾਰੀ ਹੈ ਜਿਸਦੀਆਂ ਰਚਨਾਵਾਂ ਵਿਚ ਪੀੜਤ ਧਿਰਾˆ ਦੇ ਦੁੱਖਾਂ ਦਰਦਾਂ ਦੀ ਬਾਤ ਨਹੀˆ ਹੁੰਦੀ। ਜਿਨ੍ਹਾਂ ਵਿਚ ਜਾਬਰਾਂ ਨੂੰ ਵੰਗਾਰਿਆ ਨਹੀਂ ਹੁੰਦਾ। ਸਾਥੀ ਆਖਦਾ ਹੈ ਕਿ ਲੇਖਕ ਕਦੇ ਨਿਰਪੱਖ ਨਹੀˆ ਹੋ ਸਕਦਾ। ਉਸਨੂੰ ਤਾਂ ਕਿਸੇ ਨਾ ਕਿਸੇ ਧਿਰ ਨਾਲ ਖੜਨਾ ਹੀ ਪੈਣਾ ਹੈ --- ਲਾਲੋਆਂ ਨਾਲ ਜਾਂ ਮਲਿਕ ਭਾਗੋਆਂ ਨਾਲ। ਇਸੇ ਕਰਕੇ ਸਾਥੀ ਪ੍ਰਤੀਬੱਧਤਾ ਨੂੰ ਬੜਾ ਜਰੂਰੀ ਸਮਝਦਾ ਹੈ। ਉਹ ਅਕਸਰ ਆਖਦਾ ਹੈ :"ਆਵਾਰਾ ਪਸ਼ੂ ਕਿਸੇ ਦਾ ਕੀ ਸੁਆਰਦੇ ਨੇ? ਕੁੱਝ ਨਹੀਂ ਸੁਆਰਦੇ, ਐਵੇˆ ਲੋਕਾˆ ਦੀਆਂ ਫਸਲਾਂ ਈ ਉਜਾੜਦੇ ਐ।"

ਸਮਾਜ ਨੂੰ ਬਦਲਣ ਦੀ ਰੀਝ ਸਾਥੀ ਅੰਦਰ ਅਜੇ ਵੀ ਪ੍ਰਬਲ ਹੈ। ਇਨਕਲਾਬੀ ਜ਼ਜ਼ਬਾ ਅਜੇ ਵੀ ਉਸ ਅੰਦਰ ਜੁਆਨ ਹੈ। ਪੰਜ ਦਹਾਕਿਆਂ ਦੇ ਆਪਣੇ ਸਾਹਿਤਕ ਤੇ ਸੰਘਰਸ਼ੀ ਸਫ਼ਰ `ਤੇ ਸਾਥੀ ਨੂੰ ਮਾਣ ਹੈ। ਬਸ ਕਦੇ-ਕਦੇ ਗਿਲ਼ਾ ਜਰੂਰ ਜ਼ਾਹਰ ਕਰਦਾ ਹੈ।

"ਕਾਡਰ ਬੜਾ ਇਮਾਨਦਾਰ ਸੀ, ਹੁਣ ਵੀ ਇਮਾਨਦਾਰ ਐ। ਲੋਕਾˆ ਨੇ ਜ਼ਿੰਦਗੀਆਂ ਲਾ ਦਿੱਤੀਆਂ ਪਰ ਲੀਡਰਾˆ ਨੇ ਬੰਦੇ ਨਹੀਂ ਸੰਭਾਲੇ। ਸਾਰੀ ਉਮਰ ਲਾ ਦੇਣ ਵਾਲੇ ਰੁਲਦੇ ਰਹੇ। ਇਹਨਾਂ ਦੇ ਜਲਸਿਆਂ ਜਲੂਸਾਂ, ਧਰਨਿਆਂ-ਮੁਜ਼ਾਹਿਰਿਆਂ ਵਿਚ ਕਵਿਤਾਵਾਂ ਪੜਨ ਵਾਲਿਆਂ ਦਾ ਕੁੱਝ ਨਾ ਕੁੱਝ ਤਾਂ ਹੱਕ ਬਣਦਾ ਈ ਐ ਨਾ? ਗੁਰਮੀਤ ! ਉਮਰ ਦੇ ਐਸ ਪੜਾਅ `ਤੇ ਆਕੇ ਇਹ ਗੱਲਾਂ ਕਰਨੀਆਂ ਨੀ ਚਾਹੁੰਦਾ, ਪਰ ਕਰਨੀਆਂ ਪੈਂਦੀਆਂ। ਸਾਨੂੰ ਸਤਾਰਵੀਂ ਸਦੀ ਦੇ ਸਿੱਖਾਂ ਵਰਗੇ ਮਿਸਾਲੀ ਕਿਰਦਾਰ ਚਾਹੀਦੇ ਸਨ। ਅਫਸੋਸ ਕਿ ਕਈ ਲੋਕਾਂ ਦੇ ਕਿਰਦਾਰ ਨੀਵੇਂ ਰਹਿ ਗਏ। ਜਾਤੀਵਾਦ ਵੀ ਨਹੀਂ ਗਿਆ ਅੰਦਰੋਂ, ਗੱਲਾਂ ਸਮਾਜਵਾਦ ਦੀਆਂ ਕਰਦੇ ਰਹੇ ਪਰ ਆਪਣੇ ਅੰਦਰਲਾ ਜੰਗੀਰਦਾਰ ਮਾਰਿਆ ਨਹੀˆ।"

      ਸਾਥੀ ਦੀਆਂ ਗੱਲਾˆ ਕੌੜੀਆਂ ਜਰੂਰ ਨੇ ਪਰ ਹੈਨ ਚਿੱਟੇ ਦਿਨ ਵਰਗੀਆਂ, "ਲੈਨਿਨ ਤੇ ਮਾਉ ਮਹਾਨ ਨੇ । ਬਹੁਤ ਮਹਾਨ ਨੇ, ਇਹਦੇ `ਚ ਕੋਈ ਦੋ ਰਾਵਾਂ ਨਈਂ। ਅਸੀਂ ਇਹਨਾਂ ਤੋˆ ਪਰੇਰਨਾ ਲੈ ਸਕਦੇ ਹਾਂ ਪਰ ਹਜਾਰਾਂ ਮੀਲ ਦੂਰ ਦੇ ਸਿਧਾਂਤਾਂ ਨੂੰ ਇਥੇ ਲਾਗੂ ਕਰੀ ਜਾਣਾ ਕਿੰਨਾ ਕੁ ਤਰਕ ਸੰਗਤ ਸੀ? ਸਾਡਾ ਆਵਦਾ ਇਤਿਹਾਸ ਨਾਇਕਾਂ ਨਾਲ ਭਰਿਆ ਪਿਆ, ਔਰ ਦੁੱਖ ਦੀ ਗੱਲ ਇਹ ਕਿ ਅਸੀਂ ਆਵਦੇ ਨਾਇਕਾਂ ਨੂੰ ਪੁੱਛਿਆ ਈ ਨਈਂ। ਇਥੋˆ ਦੀ ਜ਼ਮੀਨ ਨਾਲ ਜੁੜਕੇ ਹੀ ਤਬਦੀਲੀ ਲਿਆਉਣ ਦੀ ਗੱਲ ਕੀਤੀ ਜਾ ਸਕਦੀ ਐ। ਵਕਤ ਬਹੁਤ ਅੱਗੇ ਲੰਘ ਗਿਆ, ਅਸੀਂ ਬੜੇ ਪਿੱਛੇ ਰਹਿ ਗਏ ਆਂ ਪਰ ਮੈਂ ਅੱਜ ਵੀ ਇਸ ਗੱਲ ਦਾ ਮੁਦਈ ਹਾਂ ਕਿ ਇਨਕਲਾਬ ਬਿਨਾਂ ਇਸ ਮੁਲਕ ਦਾ ਸਰਨਾ ਨਈਂ । ਆਹ ਹੁਣ ਕਨਈਏ ਵਰਗੇ ਨਵੇਂ ਮੁੰਡਿਆਂ ਅੰਦਰ ਬਲਦੀ ਹੋਈ ਅੱਗ ਵੇਖਕੇ ਦਿਲ ਨੂੰ ਧਰਵਾਸ ਹੁੰਦਾ ਕਿ ਅਸੀˆ ਹਾਰੇ ਨਹੀਂ ਆਂ। ਅਸੀਂ  ਲੜ ਰਹੇ ਹਾਂ ! ਸਾਥੀ ਸ਼ੇਅਰ ਗੁਣਗਨਾਉਣ ਲੱਗਦਾ ਹੈ :-

ਮਸ਼ਾਲਾਂ ਹਾˆ ਅਸੀਂ ਰਾਹਾਂ ਦੀਆਂ, ਦੀਵੇ ਘਰਾਂ ਦੇ ਹਾਂ,

ਨਹੀਂ ਹਾˆ ਚੰਦ ਅਰਸ਼ਾਂ ਦੇ , ਅਸੀਂ ਤਾਰੇ ਨਹੀਂ ਯਾਰੋ।

ਮੁਹਾਜ਼ਾਂ ਨਾਲੋˆ ਘਰ ਸਾਨੂੰ, ਹੋਏ ਪਿਆਰੇ ਨਹੀਂ ਯਾਰੋ,

ਅਸੀˆ ਜਿੱਤੇ ਨਹੀਂ ਹਾਂ ਜੇ, ਅਸੀਂ ਹਾਰੇ ਨਹੀਂ ਯਾਰੋ।

ਸਾਥੀ ਦੀਆਂ ਅੱਖਾਂ ਵਿਚਲੀ ਲਿਸ਼ਕ ਹੋਰ ਚਮਕਣ ਲੱਗਦੀ ਹੈ !

*****************

ਸੰਪਰਕ : 9872640994

ਬੋਹੜ ਵਾਲਿਆਂ ਦਾ ਸਾਧਾ - ਗੁਰਮੀਤ ਕੜਿਆਲਵੀ

ਬੋਹੜ ਵਾਲਿਆਂ ਦਾ ਸਾਧਾ
ਲੋੜੋਂ ਵੱਧ ਪੜ੍ਹ ਗਿਆ ਹੈ
ਅਨਪੜ੍ਹ ਮਾਂ ਉਸਨੂੰ ਪਿਆਰ ਨਾਲ
"ਸਾਡਾ ਪਾੜ੍ਹਾ" ਆਖਦੀ ਹੈ।
ਮਾਂ ਦਾ "ਸਾਡਾ ਪਾੜ੍ਹਾ"
ਸੱਤਵੀਂ ਤੋਂ ਅੱਗੇ ਵੀ ਪੜ੍ਹਦਾ
ਜੇ ਉਸਦਾ ਕੁੱਤਾ ਨਾ ਅੜਦਾ ।
ਮਾਸਟਰ ਨੇ ਬੋਰਡ 'ਤੇ ਚਾਕ ਘਸਾਉਂਦਿਆ
"ਮੰਨ ਲਓ ਮੂਲਧਨ ਸੌ" ਆਖਿਆ
ਸਾਧਾ ਆਕੜ ਗਿਆ,
"ਐਂ ਕਿਮੇ ਮੰਨ ਲਈਏ ?"
ਮਾਸਟਰ ਨੂੰ ਗੁੱਸਾ ਆਇਆ,
"ਮੰਨਣ 'ਚ ਕੀ ਹਰਜ਼ ਐ?"
ਸਾਧਾ ਨੀ ਮੰਨਿਆ
"ਮਾਸਟਰ ਜੀ ਕੱਲ੍ਹ ਨੂੰ ਆਖ ਦਿਉਂਗੇ
ਮੰਨ ਲਓ ਰੁਲਦੂ ਤੇਰਾ ਬਾਪ ਐ;
ਇਹ ਤਾਂ ਜਮਾ ਪਾਪ ਐ।"
ਸਾਧੇ ਨੇ ਭੂਗੋਲ ਵਾਲੇ ਨਾਲ ਵੀ
ਕੁੱਤਾ ਫਸਾ ਲਿਆ
"ਮਾਸਟਰ ਜੀ ਜਮਾ ਝੂਠ ਮਾਰਦੇ ਓਂ
ਧਰਤੀ ਘੁੰਮਦੀ ਨਹੀ ਖੜੀ ਐ
ਘੁੰਮਦੀ ਐ ਤਾਂ ਦਿਖਾਓ"
ਸਾਧੇ ਦਾ ਬਾਪ ਉਸਤੋਂ ਵੀ ਸਲੱਗ
"ਮਾਸਟਰਾ ਗੱਲ ਤਾਂ ਮੁੰਡੇ ਦੀ ਠੀਕ ਐ
ਘੁੰਮਦੀ ਐ ਤਾਂ ਘੁੰਮਦਿਆਂ ਵਿਖਾਦੇ।"
ਪਾਣੀਪਤ ਦੀ ਤੀਜੀ ਲੜਾਈ 'ਚ
ਸਾਧਾ ਮਰਾਠਿਆਂ ਵੱਲ ਹੋ ਖਲੋਤਾ
ਆਂਹਦਾ ਅਹਿਮਦ ਸ਼ਾਹ ਅਬਦਾਲੀ ਨਹੀਂ
ਮਰਾਠੇ ਜਿੱਤੇ ਸਨ
ਮਾਸਟਰ ਮੱਥੇ ਦੀਆਂ ਠੀਕਰੀਆਂ ਭੰਨ੍ਹ ਲਈਆਂ
ਸਾਧਾ ਟੱਸ ਤੋਂ ਮੱਸ ਨਹੀਂ ਹੋਇਆ
ਉਸ ਇਕੋ ਰਟ ਫੜ ਲਈ,
"ਯਾਰ ਤਾਂ ਮਾੜੀ ਧਿਰ ਨਾਲ ਹੀ ਖੜਦੇ ਹੁੰਦੇ।"
ਅੱਜਕਲ੍ਹ ਸਾਧੇ ਦਾ ਕੁੱਤਾ ਦਿੱਲੀ ਵਾਲੇ ਨਾਲ
ਫਸਿਆ ਹੋਇਆ
ਦਿੱਲੀ ਵਾਲਾ ਬਥੇਰਾ ਸਮਝਾਉਂਦਾ ਹੈ,
"ਮੇਰਾ ਆੜੀ ਸ਼ਾਹੂਕਾਰ ਤੇਰੀ ਫਸਲ
ਸਿੱਧੀ ਖੇਤ 'ਚੋਂ ਚੱਕ ਲਿਆ ਕਰੂ
ਸ਼ਾਹੂਕਾਰ ਨਾਲ ਪੱਕਾ ਕਰਾਰ ਹੋਜੂ
ਜੋ ਉਹ ਆਖੂ ਬੀਜ਼ ਲਿਆ ਕਰੀਂ
ਜਿੱਥੇ ਜੀਅ ਕਰੇ ਵੇਚ ਵੱਟ ਲਵੀਂ
ਸ਼ਾਹੂਕਾਰ ਨਾਲ ਪੱਕੀ ਆੜੀ
ਰਾਤ ਦਿਨ ਢੋਲੇ ਦੀਆਂ ਲਾਵੀਂ।
ਸਾਧੇ ਦਾ ਕੁੱਤਾ ਅੜਿਆ ਪਿਆ ਐ
"ਉਏ ਦਿੱਲੀ ਵਾਲਿਆ !
ਸਾਡੇ ਮਨ ਕੀ ਬਾਤ ਵੀ ਸੁਣ ਲਿਆ ਕਰ
ਨਾਲੇ ਇਕ ਗੱਲ ਸੁਣ
ਖੇਤ ਸਾਡੇ
ਫਸਲਾਂ ਸਾਡੀਆਂ
ਤੂੰ ਢੇਕਾ ਲੱਗਦੈਂ ?"
ਦਿੱਲੀ ਵਾਲਾ ਅੱਲੀਆਂ ਟਪੱਲੀਆਂ ਮਾਰਕੇ
ਡੰਗ ਟਪਾਉਂਦਾ ਹੈ
ਉਸਦਾ ਚੀਲ੍ਹ 'ਚ ਗਿੱਟਾ ਫਸਿਆ ਪਿਆ
ਓਧਰ ਸਾਧੇ ਦਾ ਕੁੱਤਾ ਫਸਿਆ ਪਿਆ
ਦਿੱਲੀ ਵਾਲਾ ਕੀ ਜਾਣੇ
ਸਾਧੇ ਦਾ ਕੁੱਤਾ ਜਿਹੜੀ ਗੱਲ 'ਤੇ
ਅੜ ਗਿਆ ਸੋ ਅੜ ਗਿਆ।
ਉਂਜ ਸਾਧੇ ਨੇ ਸਾਫ ਕਰ ਦਿੱਤਾ
ਮੂਲਧਨ ਵੀ ਸੌ ਮੰਨ ਲੈਂਦਾਂ
ਧਰਤੀ ਘੁੰਮਦੀ ਨਹੀਂ ਛੁਕਾਟੇ ਪਾਉਂਦੀ
ਤੇਰੇ ਕਹੇ ਪਾਣੀਪਤ ਦੀ ਜੰਗ ਵੀ ਅਦਬਾਲੀ ਨੂੰ ਜਿਤਾ ਦਿੰਨਾ
ਪਰ ਭਾਈ ਸਾਹਿਬ
ਆਪਣੀ ਫਸਲ ਦਾ ਫੈਸਲਾ ਸਾਧਾ ਆਪ ਕਰੂ
ਜਮਾਂ ਆਪ ।

ਤੁਰ ਗਿਆ "ਗ਼ੈਰ ਹਾਜ਼ਿਰ" ਆਦਮੀ - ਗੁਰਮੀਤ ਕੜੀਆਲਵੀ

ਪ੍ਰੇਮ ਗੋਰਖੀ ਅਣਹੋਇਆ ਦਾ ਲੇਖਕ ਸੀ। ਉਸਦੀ ਸਵੈ ਜੀਵਨੀ "ਗ਼ੈਰ ਹਾਜ਼ਿਰ ਆਦਮੀ" ਨਾਗਮਣੀ 'ਚ ਛਪਦੀ ਹੁੰਦੀ ਸੀ। ਉਹਨਾਂ ਦਿਨਾਂ 'ਚ ਗੋਰਖੀ ਦੀ ਜੀਵਨੀ ਅਤੇ ਬਲਦੇਵ ਸਿੰਘ ਸੜਕਨਾਮਾ ਦਾ ਕਾਲਮ "ਸੜਕਨਾਮਾ" ਪੜ੍ਹਨ ਲਈ ਹੀ ਨਾਗਮਣੀ ਲੱਭ ਲੱਭ ਕੇ ਪੜ੍ਹੀ ਦਾ ਸੀ। ਪ੍ਰੇਮ ਗੋਰਖੀ ਨਾਗਮਣੀ ਅਤੇ ਅੰਮ੍ਰਿਤਾ ਦਾ ਚਹੇਤਾ ਲੇਖਕ ਸੀ। ਉਸਦੀ ਸਵੈ ਜੀਵਨੀ ਇਸ ਕਰਕੇ ਵੀ ਚੰਗੀ ਲੱਗਦੀ ਕਿ ਉਸ ਵਿੱਚੋਂ ਮੇਰੇ ਵਰਗਿਆਂ ਨੂੰ ਆਪਣੇ ਆਪ ਦਾ ਝਾਉਲਾ ਪੈਂਦਾ। ਉਸ ਵਿਚਲਾ ਪ੍ਰੇਮ ਕਦੇ ਕਿਸੇ ਕੁੜੀ ਪਿੱਛੇ ਲੜਾਈ ਮੁੱਲ ਲੈਂਦਾ ਅਤੇ ਕਦੇ ਪੈਸੇ ਦੀ ਤੰਗੀ ਕਰਕੇ ਚੋਰੀ ਚਕਾਰੀ ਵੀ ਕਰਦਾ। ਉਸਨੇ ਆਪਣੇ ਆਪ ਨੂੰ ਵਡਿਆਇਆ ਨਹੀਂ ਸੀ। ਆਪਣੇ ਆਪ ਨੂੰ ਗਲੋਰੀਫਾਈ ਨਹੀਂ ਸੀ ਕੀਤਾ। ਬਿਲਕੁੱਲ ਸਾਧਾਰਨ ਗਰੀਬ ਘਰ ਦਾ ਮੁੰਡਾ ਜੋ ਅੱਖਾਂ 'ਚ ਮੁਹੱਬਤ ਦੇ ਵੀ ਸੁਪਨੇ ਬੁਣਦਾ ਹੈ ਤੇ ਕੁੱਝ ਨਵਾਂ ਕਰਨ ਦੇ ਵੀ। "ਗ਼ੈਰ ਹਾਜ਼ਿਰ ਆਦਮੀ" ਇਕ ਸਾਧਾਰਨ ਮਨੁੱਖ ਦੀ ਸਾਧਾਰਨਤਾ ਦੀ ਬਾਤ ਸੀ। ਇਸੇ ਕਰਕੇ ਇਸ ਸਵੈ ਜੀਵਨੀ ਨੇ ਪਹਿਲੀ ਵਾਰ ਸਵੈ ਜੀਵਨੀ ਲੇਖਣ ਦੇ ਖੇਤਰ 'ਚ ਭਰਵੀਂ ਚਰਚਾ ਛੇੜੀ ਸੀ। ਇਸਦਾ ਲੇਖਕ ਮਹਾਨ ਮਨੁੱਖ ਨਹੀਂ ਸੀ। ਕੋਈ ਆਜ਼ਾਦੀ ਘੁਲਾਟੀਆ, ਕੋਈ ਮਹਾਨ ਵਿਗਿਆਨੀ, ਖਿਡਾਰੀ ਜਾਂ ਲਿਖਾਰੀ ਨਹੀਂ ਸੀ ਫਿਰ ਵੀ ਇਹ ਸਵੈ ਜੀਵਨੀ ਵੱਧ ਪੜ੍ਹੀਆਂ ਜਾਣ ਵਾਲੀਆਂ ਰਚਨਾਵਾਂ ਵਿੱਚ ਸ਼ਾਮਲ ਸੀ। ਬਹੁਤ ਸਾਰੇ ਪਾਠਕ "ਗ਼ੈਰ ਹਾਜ਼ਿਰ ਆਦਮੀ" ਲਈ ਹੀ ਨਾਗਮਣੀ ਪੜਦੇ ਸਨ।

      ਪ੍ਰੇਮ ਗੋਰਖੀ ਦੀ ਕਹਾਣੀ "ਇਕ ਟਿਕਟ ਰਾਮਪੁਰਾ ਫੂਲ" ਦ੍ਰਿਸ਼ਟੀ ਮੈਗਜ਼ੀਨ ਵਿਚ ਛਪੀ ਤਾਂ ਇਸਦੀ ਭਰਵੀਂ ਚਰਚਾ ਹੋਈ। ਇਹ 'ਦੀਵਾ ਬੱਲੇ ਸਾਰੀ ਰਾਤ' ਵਾਲਾ ਸਮਾਂ ਸੀ। ਕ੍ਰਿਪਾਲ ਕਜ਼ਾਕ, ਦਲਬੀਰ ਚੇਤਨ,ਨਛੱਤਰ, ਗੁਰਚਰਨ ਚਾਹਲ ਭੀਖੀ, ਸੁਰਿੰਦਰ ਸ਼ਰਮਾ, ਬਲਦੇਵ ਸਿੰਘ ਸੜਕਨਾਮਾ ਤੇ ਉਸ ਪੀੜੀ ਦੇ ਹੋਰ ਵੀ ਨਾਮਵਰ ਕਹਾਣੀਕਾਰ ਸਾਰੀ ਸਾਰੀ ਰਾਤ ਕਹਾਣੀਆਂ ਪੜ੍ਹਦੇ। ਪੜ੍ਹੀਆਂ ਕਹਾਣੀਆਂ 'ਤੇ ਨਿੱਠ ਕੇ ਚਰਚਾ ਹੁੰਦੀ। ਬੇਲਿਹਾਜ਼ ਹੋ ਕੇ ਇਕ ਦੂਜੇ ਦੀਆਂ ਕਹਾਣੀਆਂ ਦੀ ਛਿੱਲ ਲਾਹੀ ਜਾਂਦੀ। ਇਕ ਦੂਜੇ ਦੀ ਪਿੱਠ ਖੁਰਕਣ ਦਾ ਉਦੋਂ ਅਜੇ ਬਹੁਤਾ ਰਿਵਾਜ਼ ਨਹੀਂ ਸੀ ਪਿਆ। ਐਨੇ ਐਵਾਰਡ ਵੀ ਸ਼ੁਰੂ ਨਹੀਂ ਸਨ ਹੋਏ। ਪ੍ਰੇਮ ਗੋਰਖੀ ਕਹਾਣੀਆਂ ਦੀ ਇਸ ਰਾਤ "ਦੀਵਾ ਬਲੇ ਸਾਰੀ ਰਾਤ" ਦਾ ਮੋਹਰੀ ਆਗੂ ਹੁੰਦਾ ਸੀ। ਪੰਜਾਬ ਦੇ ਹਾਲਾਤ ਜਿਆਦਾ ਵਿਗੜੇ ਤਾਂ ਕਹਾਣੀਆਂ ਵਾਲੀਆਂ ਰਾਤਾਂ ਵੀ ਬੰਦ ਹੋ ਗਈਆਂ। ਦੁਬਾਰਾ ਸ਼ੁਰੂ ਕਰਨ ਦਾ ਯਤਨ ਤਾਂ ਹੋਇਆ ਪਰ ਉਦੋਂ ਨੂੰ ਕਹਾਣੀਕਾਰਾਂ ਦਾ ਨਵਾਂ ਪੂਰ ਪਿੜ 'ਚ ਆ ਚੁੱਕਾ ਸੀ ਜਿਹੜਾ ਆਪਣੇ ਆਪ ਨੂੰ ਸਰਵ ਸੰਪਨ ਸਮਝਦਾ ਅਜਿਹੀਆਂ ਗੋਸ਼ਟੀਆਂ ਜਾਂ ਵਿਚਾਰ ਚਰਚਾ ਨੂੰ ਫਜ਼ੂਲ ਸਮਝਦਾ ਸੀ। "ਦੀਵਾ ਬਲੇ ਸਾਰੀ ਰਾਤ" ਦੇ ਦੂਜੇ ਪੜਾਅ ਵਿੱਚ ਹੀ ਉਹਨਾਂ ਦੇ ਹੁਕਮਾਂ 'ਤੇ ਪਟਿਆਲੇ ਡੀ ਸੀ ਡਬਲਿਊ (ਰੇਲਵੇ ਕਾਲੋਨੀ) ਦੇ ਕੁਆਰਟਰਾਂ 'ਚ ਹੋਈ ਗੋਸ਼ਟੀ 'ਚ ਸ਼ਾਮਲ ਹੋਣ ਦਾ ਸਬੱਬ ਬਣਿਆ। ਫੇਰ ਬਲਦੇਵ ਸਿੰਘ ਸੜਕਨਾਮਾ ਦੇ ਘਰ 'ਚ ਕਹਾਣੀਕਾਰਾਂ ਨੇ ਦੀਵਾ ਬਾਲਿਆ। ਪ੍ਰੇਮ ਗੋਰਖੀ ਚੰਡੀਗੜ੍ਹ ਤੋਂ ਚੱਲ ਕੇ ਆਇਆ। ਜਸਵੀਰ ਕਲਸੀ ਅਤੇ ਮੇਰੇ ਤੋਂ ਵੀ ਕਹਾਣੀਆਂ ਸੁਣੀਆਂ। ਸਾਡੇ 'ਚ ਐਨਾ ਸਬਰ ਨਹੀਂ ਸੀ।

        ਪ੍ਰੇਮ ਗੋਰਖੀ ਪੰਜਾਬੀ ਕਹਾਣੀ ਦੀ ਇਕ ਵਿਲੱਖਣ ਧਾਰਾ ਦਾ ਨਾਂ ਸੀ। ਉਸਨੇ ਦਲਿਤਾਂ ਦੀ ਯਥਾਰਥਿਕ ਸਥਿਤੀ ਬਾਰੇ ਮਹਿਜ਼ ਫੋਟੋਗ੍ਰਾਫੀ ਕਰਨ ਦੀ ਥਾਂ 'ਤੇ ਉਹਨਾਂ ਦੀ ਮਾਨਸਿਕਤਾ ਅਤੇ ਉਹਨਾਂ ਅੰਦਰਲੇ ਦਵੰਦਾਂ ਨੂੰ ਪੇਸ਼ ਕਰਨ ਦਾ ਕਾਰਜ ਕੀਤਾ। ਦਲਿਤ ਪਾਤਰਾਂ ਨੂੰ ਚਿਤਰਦਿਆਂ ਉਹ ਉਲਾਰ ਨਹੀਂ ਸੀ ਹੁੰਦਾ ਸਗੋਂ ਇਹਨਾਂ ਅੰਦਰਲੀਆਂ ਵਿਸੰਗਤੀਆਂ ਅਤੇ ਕਮੀਨਗੀਆਂ ਨੂੰ ਵੀ ਇਮਾਨਦਾਰੀ ਨਾਲ ਪੇਸ਼ ਕਰਦਾ ਸੀ। ਉਹ ਪਾਤਰਾਂ ਦੇ ਅੰਦਰ ਉਤਰਨਾ ਜਾਣਦਾ ਸੀ। ਉਸਦੀ ਕਹਾਣੀ ਬੜੀ ਸ਼ੂਖਮ ਛੋਹਾਂ ਵਾਲੀ ਹੁੰਦੀ ਸੀ। ਦੁਆਬੇ ਦੇ ਦਲਿਤਾਂ ਅੰਦਰ ਆ ਰਹੀਆਂ ਆਰਥਿਕ, ਸਮਾਜਿਕ ਅਤੇ ਮਾਨਸਿਕ ਤਬਦੀਲੀਆਂ ਬਾਰੇ ਜਿੰਨੀ ਸਹਿਜਤਾ ਨਾਲ ਪ੍ਰੇਮ ਗੋਰਖੀ ਨੇ ਲਿਖਿਆ ਹੈ, ਸ਼ਾਇਦ ਹੋਰ ਲੇਖਕ ਨਾ ਲਿਖ ਸਕਿਆ ਹੋਵੇ।

        ਕੁੰਡਾ, ਅਰਜਨ ਸਫੈਦੀ ਵਾਲਾ, ਭੇਤੀ ਬੰਦੇ, ਬਚਨਾ ਬੱਕਰਵੱਡ, ਵਿੱਥ, ਧੀਆਂ, ਆਖਰੀ ਕਾਨੀ ਵਰਗੀਆਂ ਅਮਰ ਕਹਾਣੀਆਂ ਪੰਜਾਬੀ ਸਾਹਿਤ ਦੀ ਝੋਲੀ ਪਾਉਣ ਵਾਲਾ ਪ੍ਰੇਮ ਗੋਰਖੀ ਜਲੰਧਰ ਲਾਗਲੇ ਪਿੰਡ ਲਾਡੋਵਾਲੀ ਦਾ ਜੰਮਪਲ ਸੀ। ਕਾਗਜ਼ਾਂ 'ਚ ਉਸਦੀ ਜਨਮ ਤਾਰੀਕ 15 ਜੂਨ 1947 ਹੈ। ਉਸਦੇ ਬਾਪ ਦਾ ਨਾਂ ਅਰਜਨ ਦਾਸ ਤੇ ਮਾਂ ਦਾ ਨਾਂ ਰੱਖੀ ਸੀ। ਉਸਨੇ "ਮਿੱਟੀ ਰੰਗੇ ਲੋਕ" "ਧਰਤੀ ਪੁੱਤਰ" "ਅਰਜਨ ਸਫੈਦੀ ਵਾਲਾ" "ਜੀਣ ਮਰਨ" ਉਸਦੇ ਕਹਾਣੀ ਸੰਗ੍ਰਹਿ ਹਨ। 'ਤਿੱਤਰ ਖੰਭੀ ਜੂਹ' ਨਾਵਲਿਟ ਵੀ ਚਰਚਿਤ ਮੈਗਜ਼ੀਨ 'ਦ੍ਰਿਸ਼ਟੀ' 'ਚ ਛਪਿਆ ਸੀ। 'ਵਣਵੇਲਾ' ਤੇ 'ਬੁੱਢੀ ਰਾਤ ਤੇ ਸੂਰਜ' ਵੀ ਪੰਜਾਬੀ ਪਾਠਕਾਂ 'ਚ ਖਾਸੇ ਪ੍ਰਵਾਨ ਹੋਏ ਸਨ।

       ਪ੍ਰੇਮ ਗੋਰਖੀ ਪਹਿਲਾਂ ਅਜੀਤ 'ਚ ਪਰੂਫ ਰੀਡਿੰਗ ਦਾ ਕੰਮ ਕਰਦਾ ਰਿਹਾ। ਪੰਜਾਬੀ ਟ੍ਰਿਬਿਊਨ ਅਖਬਾਰ ਸ਼ੁਰੂ ਹੋਣ 'ਤੇ ਬਤੌਰ ਪਰੂਫ ਰੀਡਰ ਚੰਡੀਗੜ੍ਹ ਆ ਗਿਆ ਤੇ ਇਥੋਂ ਹੀ ਸੀਨੀਅਰ ਪਰੂਫ ਰੀਡਰ ਰਿਟਾਇਰ ਹੋਇਆ। ਉਹ ਮੇਰੇ ਸਮੇਤ ਅਨੇਕਾਂ ਨਵੇਂ ਕਹਾਣੀਕਾਰਾਂ ਨੂੰ ਸੇਧ ਦਿੰਦਾ ਰਹਿੰਦਾ। ਚਿਠੀਆਂ ਦੇ ਲੰਮੇ ਜੁਆਬ ਲਿਖਦਾ। ਅਕਸਰ ਉਸ ਕੋਲ ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਜਾਣਾ ਬਣਿਆ ਰਹਿੰਦਾ। ਸੈਕਟਰ 29 ਵਾਲੀ ਟ੍ਰਿਬਿਊਨ ਕਾਲੋਨੀ ਵਾਲੇ ਉਸਦੇ ਘਰ ਲੇਖਕਾਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ। ਉਹ ਨਵਿਆਂ ਪੁਰਾਣਿਆਂ ਨੂੰ ਇੱਕੋ ਜਿੰਨੇ ਮੋਹ ਪਿਆਰ ਨਾਲ ਮਿਲਦਾ। ਉਸਦਾ ਦਾਇਰਾ ਭਾਵੇਂ ਵੱਡਾ ਸੀ ਪਰ ਉਹ ਜੁਗਾੜੀ ਲੇਖਕ ਨਹੀਂ ਸੀ, ਇਸੇ ਕਰਕੇ ਕੋਈ ਵੱਡਾ ਇਨਾਮ ਉਸਦੇ ਹਿੱਸੇ ਨਾ ਆ ਸਕਿਆ। ਕਈ ਸਾਲ ਹੋਏ ਉਸਦਾ ਭਿਆਨਕ ਐਕਸੀਡੈਂਟ ਹੋਇਆ। ਜਾਨ ਤਾਂ ਭਾਵੇਂ ਬਚ ਗਈ ਪਰ ਸਿਰ ਦੀ ਸੱਟ ਨੇ ਉਸਨੂੰ ਸਾਵਾਂ ਨਾ ਰਹਿਣ ਦਿੱਤਾ। ਉਸਦੀਆਂ ਸਰਗਰਮੀਆਂ 'ਚ ਪਹਿਲਾਂ ਜਿਹਾ ਤਿੱਖਾਪਣ ਨਾ ਰਿਹਾ। ਉਹ ਚੰਡੀਗੜ੍ਹ ਤੋਂ ਜਲੰਧਰ ਜਾਂਦਾ ਤੇ ਭਗਵੰਤ, ਕਾਲੀ ਤੇ ਮੱਖਣ ਮਾਨ ਵਰਗੇ ਉਮਰੋਂ ਛੋਟੇ ਬੇਲੀਆਂ ਨੂੰ ਮਿਲ ਲੈਂਦਾ। ਬਾਕੀ ਪੰਜਾਬ ਨਾਲੋਂ ਨਾਤਾ ਜਿਵੇਂ ਟੁੱਟ ਗਿਆ ਸੀ।

       ਹੁਣ ਉਸਦੀ ਕਲਮ ਦੁਬਾਰਾ ਰਵਾਂ ਹੋਈ ਸੀ। ਉਸਨੇ ਪੰਜਾਬੀ ਟ੍ਰਿਬਿਊਨ ਵਿੱਚ ਆਪਣੇ ਪਾਤਰਾਂ ਬਾਰੇ ਲਿਖਣਾ ਸ਼ੁਰੂ ਕੀਤਾ। ਰਾਜਿੰਦਰ ਬਿਮਲ, ਕਰਨ ਭੀਖੀ ਤੇ ਹੋਰ ਪ੍ਰਕਾਸ਼ਕਾਂ ਨੇ ਉਹਨਾਂ ਦੀਆਂ ਕਿਤਾਬਾਂ ਦੇ ਨਵੇਂ ਐਡੀਸ਼ਨ ਛਾਪਣ ਦੀ ਚਾਰਾਜੋਈ ਕਰਨੀ ਆਰੰਭੀ। ਉਮੀਦ ਬੱਝੀ ਕਿ ਹੁਣ ਉਹਨਾਂ ਦੀਆਂ ਨਵੀਂਆਂ ਕਹਾਣੀਆਂ ਵੀ ਪੜਨ ਨੂੰ ਮਿਲਣਗੀਆਂ।

      ਪਿਛਲੇ ਤੋ ਪਿਛਲੇ ਸਾਲ ਮੋਹਨਜੀਤ, ਪਿਛਲੇ ਸਾਲ ਕਿਰਪਾਲ ਕਜ਼ਾਕ ਤੇ ਫਿਰ ਐਤਕੀਂ ਗੁਰਦੇਵ ਸਿੰਘ ਰੁਪਾਣਾ ਨੂੰ ਸਾਹਿਤ ਅਕਾਡਮੀ ਐਵਾਰਡ ਮਿਲ ਜਾਣ ਨਾਲ ਆਸ ਬੱਝੀ ਸੀ ਕਿ ਚਿਰਾਂ ਦੇ ਅਣਗੌਲੇ ਤੁਰੇ ਆਉਂਦੇ ਪ੍ਰੇਮ ਗੋਰਖੀ ਦੀ ਝੋਲੀ ਵੀ ਅਜ ਭਲਕ ਇਹ ਐਵਾਰਡ ਪੈ ਹੀ ਜਾਵੇਗਾ। ਉਸਦੇ ਸੰਗੀ ਸਾਥੀ ਉਸਦੀਆਂ ਚਿਰ ਸਥਾਈ ਰਚਨਾਵਾਂ ਦੀ ਗੱਲ ਕਰਕੇ ਉਸਦੇ ਅਣਗੌਲੇ ਰਹਿ ਜਾਣ ਦਾ ਰੰਜ ਕਰਦੇ ਰਹਿੰਦੇ ਸਨ।

  ਇਸਤੋਂ ਪਹਿਲਾਂ ਕਿ ਭਾਸ਼ਾ ਵਿਭਾਗ, ਅਕਾਡਮੀ ਜਾਂ ਹੋਰ ਸੰਸਥਾਵਾਂ ਆਪਣੀ ਭੁੱਲ ਸੁਧਾਰਦੀਆਂ- ਪੰਜਾਬੀ ਕਹਾਣੀ ਵਿੱਚ ਅਣਹੋਇਆ ਦੀ ਬਾਤ ਪਾਉਣ ਵਾਲਾ ਗੋਰਖੀ ਲੰਮੇ ਰਾਹਾਂ 'ਤੇ ਤੁਰ ਗਿਆ। ਹੁਣ ਫੋਨ 'ਤੇ ਉਸਦੀ ਪਿਆਰੀ ਖੜਕਵੀਂ ਆਵਾਜ਼, "ਕੈਸੇ ਹੈ ਪਿਆਰਿਓ ? ਠੀਕ ਓਂ। ਕੋਈ ਨਵੀਂ ਕਹਾਣੀ ਲਿਖੀ ਐ ?" ਸੁਨਣ ਨੂੰ ਨਹੀਂ ਮਿਲਣੀ।

ਵਿਦਿਆ  ਦਾ ਘਣਛਾਵਾਂ  ਰੁੱਖ - ਗੁਰਮੀਤ ਕੜਿਆਲਵੀ

ਭੈਣ ਜੀ ਨਸੀਬ ਕੌਰ ਤਖਾਣਵੱਧ ਮੇਰੇ ਪਿੰਡ ਕੜਿਆਲ ਦੇ ਸਕੂਲ ਦੀ ਪਹਿਲੀ ਅਧਿਆਪਕਾ ਸੀ ਜਿਸ ਨੇ ਆਪਣੇ ਨਾਂ ਵਾਂਗ ਹੀ ਵਿਦਿਆ ਦੀ ਰੋਸ਼ਨੀ ਦਿਖਾ ਕੇ ਮੇਰੇ ਪਿੰਡ ਦੀਆਂ ਸੈਂਕੜੇ ਧੀਆਂ ਦੇ ਨਸੀਬ ਲਿਖੇ।
       ਉਨ੍ਹਾਂ ਦਾ ਜਨਮ 25 ਅਕਤੂਬਰ 1926 ਨੂੰ ਪਿੰਡ ਕੋਕਰੀ ਕਲਾਂ ਦੇ ਰਹਿਣ ਵਾਲੇ ਗੋਖਾ ਸਿੰਘ ਅਤੇ ਭਾਗ ਕੌਰ ਦੇ ਘਰ ਹੋਇਆ। ਮੈਟ੍ਰਿਕ ਉਨ੍ਹਾਂ ਬੀਬੀ ਹਰਪ੍ਰਕਾਸ਼ ਕੌਰ ਖਾਲਸਾ ਹਾਈ ਸਕੂਲ ’ਚੋਂ 1945 ਵਿਚੋਂ ਕੀਤੀ। ਜਿਨ੍ਹਾਂ ਸਮਿਆਂ ’ਚ ਲੜਕੀ ਦੇ ਜਨਮ ਨੂੰ ਬੋਝ ਸਮਝਿਆ ਜਾਂਦਾ ਸੀ, ਉਨ੍ਹਾਂ ਦੇ ਚੇਤਨ ਮਾਤਾ ਪਿਤਾ ਨੇ ਉਨ੍ਹਾਂ ਵੇਲਿਆਂ ’ਚ ਵੀ ਆਪਣੀ ਧੀ ਨੂੰ ਹੋਸਟਲ ’ਚ ਰੱਖ ਕੇ ਪੜ੍ਹਾਈ ਕਰਵਾਈ। 1950-51 ਵਿਚ ਉਨ੍ਹਾਂ ਜੇਬੀਟੀ ਪਾਸ ਕੀਤੀ। 1950 ਦੇ ਪੰਜ ਹਾੜ ਵਾਲੇ ਦਿਨ ਉਨ੍ਹਾਂ ਦੀ ਸ਼ਾਦੀ ਤਖਾਣਵੱਧ ਵਾਸੀ ਮੋਦਨ ਸਿੰਘ ਦੇ ਲੜਕੇ ਲਾਲ ਸਿੰਘ ਨਾਲ ਹੋ ਗਈ ਜੋ ਅਧਿਆਪਨ ਦੇ ਕਿੱਤੇ ਨਾਲ ਜੁੜੇ ਹੋਏ ਸਨ।
        ਨਸੀਬ ਕੌਰ ਜੀ ਦੀ ਪਹਿਲੀ ਨਿਯੁਕਤੀ ਡਿਸਟ੍ਰਿਕ ਬੋਰਡ ਫਿਰੋਜ਼ਪੁਰ ਅਧੀਨ ਪਿੰਡ ਕੜਿਆਲ ਦੇ ਬੰਦ ਪਏ ਲੜਕੀਆਂ ਦੇ ਸਕੂਲ ਵਿਚ ਹੋਈ। ਉਨ੍ਹਾਂ ਨੇ ਪਿੰਡ ਦੇ ਘਰ ਘਰ ਜਾ ਕੇ ਕੁੜੀਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਆ। ਮਿਸਤਰੀ ਸੰਤਾ ਸਿੰਘ ਇਲਾਕੇ ਦੇ ਬੜੇ ਮਸ਼ਹੂਰ ਮਿਸਤਰੀ ਸਨ, ਅਗਾਂਹਵਧੂ ਵਿਚਾਰਾਂ ਵਾਲੇ। ਉਨ੍ਹਾਂ ਨੇ ਬੀਬੀ ਨਸੀਬ ਕੌਰ ਅਤੇ ਲਾਲ ਸਿੰਘ ਦੀ ਜੋੜੀ ਨੂੰ ਰਹਿਣ ਲਈ ਵਧੀਆ ਬੈਠਕ ਤਿਆਰ ਕਰਵਾ ਦਿੱਤਾ। ਸ੍ਰੀਮਤੀ ਨਸੀਬ ਕੌਰ ਦੀ ਮਿਹਨਤ ਅਤੇ ਪ੍ਰੇਰਨਾ ਸਦਕਾ ਪਿੰਡ ਦੇ ਲੋਕਾਂ ਵਿਚ ਕੁੜੀਆਂ ਨੂੰ ਪੜ੍ਹਾਉਣ ਸਬੰਧੀ ਚੇਤਨਾ ਪੈਦਾ ਹੋ ਗਈ। ਜਿਹੜੇ ਲੋਕ ‘ਜੇ ਕੁੜੀਆਂ ਨੂੰ ਸਕੂਲ ਭੇਜ ਦਿੱਤਾ ਤਾਂ ਲੋਕ ਸਾਨੂੰ ਕੀ ਕਹਿਣਗੇ’ ਆਖਦਿਆਂ ਕੁੜੀਆਂ ਨੂੰ ਸਕੂਲ ਭੇਜਣ ਲਈ ਉੱਕਾ ਹੀ ਤਿਆਰ ਨਹੀਂ ਸਨ, ਉਨ੍ਹਾਂ ਨੇ ਵੀ ਆਪਣੀਆਂ ਲੜਕੀਆਂ ਪੜ੍ਹਨ ਲਈ ਸਕੂਲ ਲਾ ਦਿੱਤੀਆਂ। ਇੰਜ ਉਨ੍ਹਾਂ ਨੇ ਕੁਝ ਮਹੀਨਿਆਂ ਵਿਚ ਹੀ ਸਕੂਲ ਸਫਲਤਾ ਨਾਲ ਚੱਲਣ ਲਾ ਦਿੱਤਾ।
       ਭੈਣ ਜੀ ਨਸੀਬ ਕੌਰ ਭਾਵੇਂ 1953 ਤੋਂ 1955 ਤੱਕ, ਕੇਵਲ ਦੋ ਸਾਲ ਹੀ ਮੇਰੇ ਪਿੰਡ ਰਹੇ ਪਰ ਲੋਕਾਂ ਵਿਚ ਚੇਤਨਾ ਦਾ ਅਜਿਹਾ ਬੀਜ ਬੀਜਿਆ ਕਿ ਆਉਣ ਵਾਲੇ ਸਮੇਂ ਵਿਚ ਪਿੰਡ ਕੜਿਆਲ ਵਿਦਿਆ ਪੱਖੋਂ ਪੂਰੇ ਜਿਲ੍ਹੇ ਵਿਚੋਂ ਮੋਹਰੀ ਗਿਣਿਆ ਜਾਣ ਲੱਗਾ। ਪਿੰਡ ਦੀਆਂ ਲੜਕੀਆਂ ਪੜ੍ਹ ਲਿਖ ਕੇ ਨੌਕਰੀਆਂ ਵਿਚ ਆ ਗਈਆਂ। ਬਾਅਦ ਵਿਚ ਕੁੜੀਆਂ ਤੇ ਮੁੰਡਿਆਂ ਦਾ ਸਕੂਲ ਇਕੱਠਾ ਹੋ ਗਿਆ। ਆਜ਼ਾਦੀ ਦੇ ਮਹਿਜ਼ ਦੋ ਦਹਾਕਿਆਂ ਦੇ ਸਮੇਂ ਵਿਚ ਹੀ ਪਿੰਡ ਵਿਚ ਨੌਕਰੀ ਪੇਸ਼ਾ ਲੋਕਾਂ ਦੀ ਵੱਡੀ ਗਿਣਤੀ ਹੋ ਗਈ। ਇਹ ਸਭ ਪਿੰਡ ਦੀ ਪਹਿਲੀ ਅਧਿਆਪਕਾ ਭੈਣ ਜੀ ਨਸੀਬ ਕੌਰ ਕਰ ਕੇ ਵਾਪਰਿਆ ਸੀ।
        ਭੈਣ ਜੀ ਨਸੀਬ ਕੌਰ ਦਾ ਸਹੁਰਾ ਪਰਿਵਾਰ ਇਲਾਕੇ ਦਾ ਅਗਾਂਹਵਧੂ ਵਿਚਾਰਾਂ ਵਾਲਾ ਪਰਿਵਾਰ ਸੀ। ਉਨ੍ਹਾਂ ਦੇ ਸਹੁਰਾ ਮੋਦਨ ਸਿੰਘ ਅਕਾਲੀ ਨੇ ਗੁਰਦੁਆਰਾ ਸੁਧਾਰ ਲਹਿਰ ਵਿਚ ਸਰਗਰਮੀ ਨਾਲ ਹਿੱਸਾ ਲਿਆ। ਫਿਰ ਉਹ ਉੱਘੇ ਆਗੂ ਤੇਜਾ ਸਿੰਘ ਸੁਤੰਤਰ ਦੀ ਵਿਚਾਰਧਾਰਾ ਤੋਂ ਪ੍ਰਭਾਵਿਤ ਹੋ ਕੇ ਲਾਲ ਪਾਰਟੀ ਵਿਚ ਚਲੇ ਗਏ ਤੇ ਬਾਅਦ ਵਿਚ ਕਮਿਊਨਿਸਟ ਪਾਰਟੀ ਦੇ ਮੈਬਰ ਬਣ ਗਏ। ਉਨ੍ਹਾਂ ਨੇ ਬੇਦੀ ਫਾਰਮ ਅਤੇ ਬਿਰਲਾ ਫਾਰਮ ਦੇ ਮੋਰਚਿਆਂ ਸਮੇਂ ਤਿੰਨ ਮਹੀਨੇ ਦੀ ਜੇਲ੍ਹ ਕੱਟੀ। ਉਨ੍ਹਾਂ ਦੀ ਵਿਚਾਰਧਾਰਾ ਦਾ ਅਸਰ ਉਨ੍ਹਾਂ ਦੇ ਪੁੱਤਰ ਲਾਲ ਸਿੰਘ ਉਪਰ ਵੀ ਪਿਆ। ਉਹ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਦੇ ਮੈਂਬਰ ਬਣ ਕੇ ਸਰਗਰਮੀ ਕਰਨ ਲੱਗੇ। ਅਧਿਆਪਕ ਬਣਨ ਉਪਰੰਤ ਉਹ ਮੁਲਾਜ਼ਮਾਂ ਦੇ ਮੁਹਾਜ਼ ਤੇ ਸਰਗਰਮ ਹੋ ਗਏ।
       ਘਰਦੇ ਮਾਹੌਲ ਦਾ ਅਸਰ ਭੈਣ ਜੀ ਨਸੀਬ ਕੌਰ ’ਤੇ ਹੋਣਾ ਸੁਭਾਵਿਕ ਹੀ ਸੀ। ਉਹ ਵੀ ਪਤੀ ਦੇ ਨਾਲ ਹੀ ਅਧਿਆਪਕ ਯੂਨੀਅਨ ਦੀਆਂ ਸਰਗਰਮੀਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਣ ਲੱਗੇ। ਉਹ ਇਕ ਸਮਰਪਿਤ ਅਧਿਆਪਕਾ ਸਨ ਜੋ ਲੜਕੀਆਂ, ਖਾਸ ਕਰ ਪੇਂਡੂ ਲੜਕੀਆਂ ਦੀ ਪੜ੍ਹਾਈ ਲਈ ਹਮੇਸ਼ਾ ਯਤਨਸ਼ੀਲ ਰਹਿੰਦੇ। ਇਸੇ ਕਰਕੇ ਉਨ੍ਹਾਂ ਨੇ ਸਾਰੀ ਉਮਰ ਪੇਂਡੂ ਹਲਕਿਆਂ ਵਿਚ ਹੀ ਪੜ੍ਹਾਇਆ। ਕੜਿਆਲ ਰਹਿਣ ਦੇ ਸਮੇਂ ਬੇਟੀ ਬਲਕਰਨਜੀਤ ਦਾ ਜਨਮ ਹੋਇਆ।  1955 ਦੇ ਆਖੀਰ ਵਿਚ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਧੂੜਕੋਟ ਦੀ ਬਦਲੀ ਕਰਵਾਈ ਸੀ, ਫਿਰ ਆਪਣੇ ਪਿੰਡ ਤਖਾਣਵੱਧ ਆ ਗਏ ਅਤੇ ਇਕੱਤੀ ਅਕਤੂਬਰ 1984, ਭਾਵ ਆਪਣੀ ਸੇਵਾ ਮੁਕਤੀ ਤੱਕ ਪਿੰਡ ਵਿਚ ਹੀ ਪੜ੍ਹਾਇਆ।
      ਭੈਣ ਜੀ ਨਸੀਬ ਕੌਰ ਕਮਿਊਨਿਸਟ ਲਹਿਰ ਨਾਲ ਜੁੜੇ ਰਹੇ। ਜਦੋਂ ਉਨ੍ਹਾਂ ਦੇ ਜੀਵਨ ਸਾਥੀ ਲਾਲ ਸਿੰਘ ਨੂੰ 1964 ’ਚ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦੇ ਆਦੇਸ਼ਾਂ ’ਤੇ ਮਹਿਕਮੇ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਤਾਂ ਪਰਿਵਾਰ ਦੀ ਆਰਥਿਕਤਾ ਡਾਵਾਂਡੋਲ ਹੋਣ ਤੋਂ ਬਚਾਉਣ ਲਈ ਭੈਣ ਜੀ ਨੇ ਲੱਕ ਬੰਨ੍ਹ ਲਿਆ। ਆਪਣੀ ਨੌਕਰੀ, ਮੁਲਾਜ਼ਮ ਮੁਹਾਜ਼ ’ਤੇ ਸਰਗਰਮੀ ਅਤੇ ਧੀਆਂ- ਬਲਕਰਨਜੀਤ, ਕੰਵਲਜੀਤ, ਨਿਰਪਾਲਜੀਤ ਦੀ ਦੇਖਭਾਲ ਕਰਨ ਦੇ ਨਾਲ ਨਾਲ ਪਰਿਵਾਰ ਦੇ ਗੁਜ਼ਾਰੇ ਲਈ ਮੱਝਾਂ ਰੱਖ ਲਈਆਂ।  ਹਕੂਮਤ ਨਾਲ ਹੋ ਰਹੀ ਸਖਤ ਟੱਕਰ ਵਿਚ ਪਤੀ ਨੂੰ ਡੋਲਣ ਨਾ ਦਿੱਤਾ। ਸਖਤ ਮਿਹਨਤ ਕਰਕੇ ਪਰਵਾਰ ਹੀ ਨਹੀਂ ਚਲਾਇਆ, ਮੁਕੱਦਮੇ 'ਤੇ ਆਉਣ ਵਾਲੇ ਖਰਚੇ ਦਾ ਪ੍ਰਬੰਧ ਕਰਨ ਵਿਚ ਵੀ ਬਣਦਾ।ਸਰਦਾ ਹਿੱਸਾ ਪਾਇਆ। ਨੌਕਰੀ ਦੀ ਬਹਾਲੀ ਵਾਸਤੇ ਸੁਪਰੀਮ ਕੋਰਟ ਤੱਕ ਲੜਾਈ ਲੜੀ ਗਈ, ਆਖਰ 14 ਸਾਲਾਂ ਦੀ ਕਾਨੂੰਨੀ ਲੜਾਈ ਤੋਂ ਬਾਅਦ ਸੁਪਰੀਮ ਕੋਰਟ ਨੇ ਲਾਲ ਸਿੰਘ ਨੂੰ ਨੌਕਰੀ 'ਤੇ ਬਹਾਲ ਕਰ ਦਿੱਤਾ।
       ਸ੍ਰੀਮਤੀ ਨਸੀਬ ਕੌਰ ਅਧਿਆਪਕ ਯੂਨੀਅਨ ਤੋਂ ਇਲਾਵਾ ਅਜਿਹੀਆਂ ਹੋਰ ਅਗਾਂਹਵਧੂ ਸਰਗਰਮੀਆਂ ਨਾਲ ਵੀ ਜੁੜੇ ਰਹਿੰਦੇ ਸਨ। ਮੈਨੂੰ ਯਾਦ ਹੈ ਕਿ ਉਨ੍ਹਾਂ ਨੇ 1991 ਵਿਚ ਰਮਾ ਰਤਨ ਦੀ ਅਗਵਾਈ ਵਿਚ ਪੰਜਾਬ ਦੇ ਬੱਚਿਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਸ਼ੁਰੂ ਕੀਤੇ ਕਾਫ਼ਲੇ ਦੇ ਜਿ਼ਲ੍ਹਾ ਫਰੀਦਕੋਟ ਦੇ ਦੌਰੇ ਸਮੇਂ ਬੜੀ ਸ਼ਿੱਦਤ ਨਾਲ਼ ਸਹਿਯੋਗ ਕੀਤਾ। ਡੇਢ-ਦੋ ਸੌ ਬੱਚਿਆਂ, ਸਾਹਿਤਕਾਰਾਂ, ਰੰਗਕਰਮੀਆਂ ਅਤੇ ਵੱਖ ਵੱਖ ਕਲਾਵਾਂ ਨਾਲ ਜੁੜੇ ਕਲਾਕਾਰਾਂ ਨੇ ਕਈ ਦਿਨ ਪਿੰਡ ਤਖਾਣਵੱਧ ਦੇ ਸਕੂਲ ਵਿਚ ਪੜਾਅ ਕੀਤਾ ਤਾਂ ਨਸੀਬ ਭੈਣ ਜੀ ਨੇ ਕਾਫ਼ਲੇ ਦੀ ਸਾਂਭ ਸੰਭਾਲ ਲਈ ਦਿਨ ਰਾਤ ਇੱਕ ਕਰ ਦਿੱਤਾ ਸੀ।
ਭੈਣ ਜੀ ਨਸੀਬ ਕੌਰ ਨੇ ਆਪਣੀਆਂ ਤਿੰਨੇ ਧੀਆਂ ਨੂੰ ਉੱਚ ਵਿਦਿਆ ਦਿਵਾ ਕੇ ਪੈਰਾਂ ਸਿਰ ਕੀਤਾ। ਸਭ ਤੋਂ ਵੱਡੀ ਬੇਟੀ ਬਲਕਰਨਜੀਤ ਪਰਵਾਰ ਸਮੇਤ ਕੈਨੇਡਾ ਵਿਚ ਰਹਿ ਰਹੀ ਹੈ। ਸਭ ਤੋਂ ਛੋਟੀ ਬੇਟੀ ਨਿਰਪਾਲਜੀਤ ਨੂੰ ਐੱਮ.ਐਸ.ਈ ਬਾਟਨੀ ਦੀ ਉੱਚ ਵਿੱਦਿਆ ਦੁਆਈ। ਨਿਰਪਾਲ ਨੇ ਪੌਦਿਆਂ ਵਿਚ ਸੈੱਲ ਕਲਚਰ ਵਿਸ਼ੇ ਸਬੰਧੀ ਪਰਾਗ ਯੂਨੀਵਰਸਿਟੀ (ਚੈੱਕ ਰੀਪਬਲਿਕ) ਤੋਂ ਪੈ.ਐੱਚ.ਡੀ .ਦੀ ਡਿਗਰੀਪ੍ਰਾਪਤ ਕੀਤੀ। ਮੈਡਮ ਕੰਵਲਜੀਤ ਢਿੱਲੋਂ ਪੰਜਾਬੀ ਰੰਗਮੰਚ ਦੇ ਖੇਤਰ ਵਿਚ ਵੱਡਾ ਨਾਂਅ ਹੈ, ਉਸ ਨੇ ਪੰਜਾਬੀ ਨਾਟਕ ਆਲੋਚਨਾ ਦੇ ਖੇਤਰ ਵਿਚ ਵੀ ਚੰਗਾ ਕਾਰਜ ਕੀਤਾ ਹੈ। ਭੈਣ ਜੀ ਨਸੀਬ ਕੌਰ ਨੇ ਪਰਿਵਾਰਕ ਵਿਰਾਸਤ ਨੂੰ ਅੱਗੇ ਤੋਰਨ ਲਈ ਬੱਚਿਆਂ ਨੂੰ ਉੱਚ ਸਿੱਖਿਆ ਦਿਵਾਉਣ ਦੇ ਨਾਲ ਨਾਲ ਕਮਿਊਨਿਸਟ ਵਿਚਾਰਧਾਰਾ ਨਾਲ ਵੀ ਜੋੜਿਆ। ਪ੍ਰੋ. ਕੰਵਲਜੀਤ ਢਿੱਲੋਂ ਭਾਰਤੀ ਕਮਿਊਨਿਸਟ ਪਾਰਟੀ ਦੀ ਸਰਗਰਮ ਆਗੂ ਹੈਤੇ ਪਾਰਟੀ ਦੇ ਮਿਹਲਾ ਵਿੰਗ "ਵੋਮੈੱਨ ਫੈਡਰੇਸ਼ਨ ਆਫ ਇੰਡੀਆ" ਦੀ ਰਾਸ਼ਟਰੀ ਸਕੱਤਰ ਹੈ
ਨਸੀਬ ਕੌਰ ਭੈਣ ਜੀ ਵਿਦਿਆ ਦਾ ਉਹ ਘਣਛਾਵਾਂ ਰੁੱਖ ਸੀ ਜਿਸ ਨੇ ਪਛੜੇ ਪਿੰਡਾਂ ਦੇ ਹਜ਼ਾਰਾਂ ਬੱਚਿਆਂ ਨੂੰ ਠੰਢੀ ਮਿੱਠੀ ਛਾਂ ਦਿੱਤੀ। ਇਹ ਘਣਛਾਵਾਂ ਰੁੱਖ ਭਾਵੇਂ ਲੰਘੀ 11 ਅਪਰੈਲ ਨੂੰ ਸਾਡੇ ਕੋਲੋਂ ਚਲਾ ਗਿਆ ਪਰ ਉਨ੍ਹਾਂ ਵਲੋਂ ਸਾਡੇ ਪਿੰਡਾਂ ਵਿਚ ਬੀਜਿਆ ਚੇਤਨਾ ਦਾ ਬੀਜ ਪੂਰੀ ਤਰ੍ਹਾਂ ਹਰਿਆ ਭਰਿਆ ਨਜ਼ਰ ਆਉਂਦਾ ਹੈ।
ਸੰਪਰਕ : 98726-40994

ਕਹਾਣੀ : ਨਮੋਲੀਆਂ - ਗੁਰਮੀਤ ਕੜਿਆਲਵੀ

ਪ੍ਰਾਇਮਰੀ ਸਕੂਲ ਕੋਲੋਂ ਲੰਘਦਿਆਂ ਦਿਲ ਵਿਚ ਹੌਲ ਜਿਹਾ ਪੈਣ ਲੱਗ ਜਾਂਦਾ ਏ। ਹਰ ਵਾਰ ਸੋਚਦਾ ਹਾਂ ਕਿ ਸਕੂਲ ਅੰਦਰ ਝਾਤੀ ਨਹੀਂ ਮਾਰਨੀ ਪਰ ਫੇਰ ਪਤਾ ਹੀ ਨਹੀਂ ਲੱਗਦਾ ਨਿਗਾਹਾਂ ਕਦੋਂ ਸਕੂਲ ਦਾ ਵੱਡਾ ਗੇਟ ਅੰਦਰ ਚਲੀਆਂ ਜਾਂਦੀਆਂ ਨੇ। ਕਿੰਨਾ ਬਦਲ ਗਿਆ ਹੈ ਸਕੂਲ ? ਉਦੋਂ ਸਿਰਫ਼ ਦੋ ਕਮਰੇ ਅਤੇ ਦੋ ਵਰਾਂਡੇ ਹੁੰਦੇ ਸਨ ਪਰ ਹੁਣ ਤਾਂ ਅਣਗਿਣਤ ਕਮਰੇ ਬਣ ਚੁੱਕੇ ਨੇ। ਹੁਣ ਤਾਂ ਸਾਰੀਆਂ ਜਮਾਤਾਂ ਕਮਰਿਆਂ ਵਿਚ ਬੈਠਦੀਆਂ ਨੇ। ਵਿਹੜੇ ਵਿਚ ਲੱਗੀ ਛਾਂਦਰ ਤੇ ਬਾਪੂ ਵਰਗੀ ਚਾਰ-ਚੁਫੇਰੇ ਫੈਲੀ ਨਿੰਮ ਪੁੱਟ ਦਿੱਤੀ ਗਈ ਹੈ, ਜਿਸ ਦੀਆਂ ਨਮੋਲੀਆਂ ਘੋਟਾ ਮਾਸਟਰ ਸਾਨੂੰ ਧੱਕੇ ਨਾਲ ਖੁਆਉਂਦਾ ਹੁੰਦਾ ਸੀ।
      "ਨਿੰਮ ਬੜਾ ਗੁਣਕਾਰੀ ਦਰਖ਼ਤ ਹੈ। ਇਹਦੀਆਂ ਨਮੋਲੀਆਂ ਖਾਣ ਨਾਲ ਛੱਤੀ ਬਿਮਾਰੀਆਂ ਟੁੱਟਦੀਆਂ ਨੇ। ਮਲੇਰੀਆ ਤਾਂ ਮਜਾਲ ਕੀ ਨੇੜੇ ਆਜੇ! ਫੋੜਾ ਫਿਨਸੀ ਨਿਕਲਣ ਦਾ ਤਾਂ ਸੁਆਲ ਹੀ ਪੈਦਾ ਨ੍ਹੀ ਹੁੰਦਾ। ਬਿਮਾਰ ਹੋ ਕੇ ਦਵਾਈਆਂ ਲੈਣ ਨਾਲੋਂ ਚੰਗਾ ਇਹ ਨਮੋਲੀਆਂ ਖਾਓ।" ਉਹ ਕਹਿੰਦਾ ਹੁੰਦਾ ਸੀ।
      ਘੋਟਾ ਮਾਸਟਰ ਡੰਡਾ ਲੈ ਕੇ ਜੁਆਕਾਂ ਦੇ ਸਿਰ 'ਤੇ ਖੜ ਜਾਂਦਾ। ਹਰ ਇਕ ਨੂੰ ਪੰਜ ਪੰਜ ਨਮੋਲੀਆਂ ਖਾਣੀਆਂ ਪੈਂਦੀਆਂ। ਉਸਦਾ ਡੰਡਾ, ਜਿਸਨੂੰ ਉਹ 'ਘੋਟਾ' ਕਿਹਾ ਕਰਦਾ ਸੀ, ਸਾਰੇ ਸਕੂਲ ਵਿਚ ਮਸ਼ਹੂਰ ਹੁੰਦਾ ਸੀ। ਉਸ ਦੇ ਇਸ ਘੋਟੇ ਦੀ ਮਸ਼ਹੂਰੀ ਕਾਰਨ ਹੀ ਸਕੂਲੀਆਂ ਨੇ ਉਸਦਾ ਨਾਂ 'ਘੋਟਾ ਮਾਸਟਰ' ਪਾਇਆ ਹੋਇਆ ਸੀ। ਕੁੱਟਣ ਦਾ ਤਾਂ ਉਹ ਕੋਈ ਬਹਾਨਾ ਹੀ ਲੱਭਦਾ ਰਹਿੰਦਾ। ਜਿਸ ਦਿਨ ਉਹ ਸਕੂਲ ਨਾ ਆਇਆ ਹੁੰਦਾ, ਇਉਂ ਲੱਗਦਾ ਜਿਵੇਂ ਕੈਦਖ਼ਾਨੇ ਦੇ ਬੂਹੇ ਖੁੱਲ੍ਹ ਗਏ ਹੋਣ। ਉਸ ਦੇ ਸਕੂਲ ਵੜਦਿਆਂ ਹੀ ਜਿਵੇਂ ਕੋਈ ਦਿਉ-ਰੂਹ ਸਕੂਲ ਵਿਚ ਪ੍ਰਵੇਸ਼ ਕਰ ਜਾਂਦੀ। ਸਾਰਾ ਸਕੂਲ ਸੁਸਰੀ ਵਾਂਗ ਸੌਂ ਜਾਂਦਾ। ਅਸੀਂ ਅੱਖਾਂ ਹੀ ਅੱਖਾਂ 'ਚ ਇਕ ਦੂਜੇ ਨਾਲ਼ ਆਪਣੀ ਪੀੜ ਸਾਂਝੀ ਕਰਦੇ। ਢੂਈ ਅਤੇ ਹੱਥਾਂ 'ਤੇ ਪੈਣ ਵਾਲ਼ੇ ਡੰਡਿਆਂ ਦੀ ਪੀੜ ਮਹਿਸੂਸ ਹੋਣ ਲੱਗ ਜਾਂਦੀ। ਜਮਾਤ ਵਿਚ ਆਉਂਦਿਆਂ ਹੀ ਉਹ ਘਰ ਹੱਲ ਕਰਨ ਲਈ ਦਿੱਤਾ ਕੰਮ ਵੇਖਣਾ ਸ਼ੂਰ ਕਰ ਦਿੰਦਾ। ਜਿਸ ਨੇ ਕੰਮ ਨਾ ਕੀਤਾ ਹੁੰਦਾ ਉਸ ਦੀ ਸ਼ਾਮਤ ਆ ਜਾਂਦੀ। ਕੋਈ ਝੂਠਾ-ਸੱਚਾ ਬਹਾਨਾ ਉਸ ਅੱਗੇ ਨਾ ਚੱਲਦਾ। ਉਹ ਬੇਕਿਰਕਾਂ ਵਾਂਗ ਬੈਂਤ ਵਰ੍ਹਾਉਂਦਾ ਅਤੇ ਪੁਲਸੀਆ ਰੋਅਬ 'ਚ ਗਾਲ੍ਹਾਂ ਵੀ ਕੱਢਦਾ।
   "ਮਾਂ ਦਿਆ----ਜਾ ਕੇ ਮਾਂ ਆਵਦੀ ਦੀ ਕੱਛ 'ਚ ਵੜਿਆ ਰਿਹੈਂ, ਸਕੂਲ ਦਾ ਕੰਮ ਤੇਰੇ ਪਿਓ ਨੇ ਕਰਨਾ ਸੀ ?" ਘੋਟੇ ਮਾਸਟਰ ਦਾ ਘੋਟਾ ਓਨਾ ਚਿਰ ਚੱਲਦਾ ਜਿੰਨਾ ਚਿਰ ਉਹ ਆਪ ਹਫ਼ ਨਹੀਂ ਸੀ ਜਾਂਦਾ। ਮਾਸਟਰ ਨਹੀਂ, ਜਿਵੇਂ ਕੋਈ ਕਸਾਈ ਹੋਵੇ। ਜਦੋਂ ਵੀ ਸਕੂਲ ਅੱਗੋਂ ਲੰਘਦਾ ਹਾਂ 'ਘੋਟਾ ਮਾਸਟਰ' ਯਾਦ ਆਉਂਦਾ ਹੈ। ਸਰੀਰ ਵਿਚ ਉਸ ਦੀ ਕੁੱਟ ਕਾਰਨ ਪਈਆਂ ਚਸਕਾਂ ਫੇਰ ਸ਼ੂਰ ਹੋ ਜਾਂਦੀਆਂ ਨੇ।
     ਘੋਟਾ ਮਾਸਟਰ ਗਰਮੀਆਂ ਦੀਆਂ ਛੁੱਟੀਆਂ ਵਿਚ ਢੇਰ ਸਾਰਾ ਕੰਮ ਘਰੋਂ ਕਰਨ ਲਈ ਦਿੰਦਾ। ਇੰਨਾ ਕੰਮ ਕਿ ਸਾਰੀਆਂ ਛੁੱਟੀਆਂ ਵਿਚ ਮਸੀਂ ਪੂਰਾ ਹੋ ਸਕੇ। ਗਰਮੀਆਂ ਦੀਆਂ ਛੁੱਟੀਆਂ ਵਿਚ ਦੁੜੰਗੇ ਲਾਉਣ ਅਤੇ ਖੇਡਣ-ਮੱਲਣ ਦੇ ਚਾਹਵਾਨਾਂ ਤੋਂ ਇਹ ਕੰਮ ਪੂਰਾ ਨਾ ਹੁੰਦਾ। ਜਦੋਂ ਛੁੱਟੀਆਂ ਖ਼ਤਮ ਹੋਣ 'ਤੇ ਸਕੂਲ ਲੱਗਦਾ, ਪਹਿਲੇ ਦਿਨ ਹੀ 'ਘੋਟਾ ਮਾਸਟਰ' ਦਾ ਘੋਟਾ ਫਿਰ ਜਾਂਦਾ। ਐਨੀ ਕੁੱਟ ਖਾ ਕੇ ਵੀ ਪਤਾ ਨਹੀਂ ਮੇਰੇ ਜਮਾਤੀ ਉਦਾਸ ਕਿਉਂ ਨਹੀਂ ਸੀ ਹੁੰਦੇ। ਸ਼ਾਇਦ ਉਹ ਮਹੀਨਾ ਭਰ ਮੌਜ-ਮਸਤੀ ਕਰ ਲੈਣ ਦੀ ਚਾਰ ਡੰਡੇ ਕੋਈ ਜ਼ਿਆਦਾ ਕੀਮਤ ਨਹੀਂ ਸੀ ਸਮਝਦੇ ਪਰ ਮੇਰੇ ਤਾਂ ਜਿਵੇਂ ਸਰੀਰ 'ਤੇ ਹੀ ਨਹੀਂ ਦਿਮਾਗ਼ 'ਤੇ ਵੀ ਇਹ ਘੋਟਾ ਫਿਰ ਜਾਂਦਾ। ਜੀਅ ਕਰਦਾ ਸਕੂਲੋਂ ਭੱਜ ਜਾਵਾਂ। ਕੰਮ ਨਾ ਕਰ ਕੇ ਲਿਆ ਸਕਣ ਵਿਚ ਮੇਰਾ ਕੀ ਕਸੂਰ ? ਛੁੱਟੀਆਂ ਦੌਰਾਨ ਘਰਦਿਆਂ ਨੇ ਇਕ ਦਿਨ ਵੀ ਤਾਂ ਵਿਹਲਾ ਨਹੀਂ ਸੀ ਰਹਿਣ ਦਿੱਤਾ । ਪਹਿਲੀ ਛੁੱਟੀ ਵਾਲੇ ਦਿਨ ਤੋਂ ਹੀ ਬਾਪੂ ਝੋਨਾ ਲਾਉਣ ਲਾ ਲੈਂਦਾ ਸੀ ਤੇ ਫਿਰ ਸਾਰੀਆਂ ਛੁੱਟੀਆਂ ਝੋਨਾ ਲਾਉਂਦਿਆਂ ਹੀ ਲੰਘ ਜਾਂਦੀਆਂ। ਸਾਰੀ ਦਿਹਾੜੀ ਕੋਡੀ ਢੂਈ ਝੋਨਾ ਲਾਉਂਦਿਆਂ, ਆਥਣ ਨੂੰ ਲੱਕ ਸਿੱਧਾ ਨਾ ਹੁੰਦਾ। ਦੁਪਹਿਰ ਨੂੰ ਖੇਤ ਵਿਚਲਾ ਪਾਣੀ ਤਪ ਜਾਂਦਾ ਤਾਂ ਜਿਵੇਂ ਹੱਡ ਸੜਨ ਲੱਗਦੇ। ਉਪਰੋਂ ਸੂਰਜ ਅੱਗ ਵਰ੍ਹਾਉਂਦਾ। ਕਦੇ ਕਦੇ ਜੀਅ ਕਰਦਾ ਭੱਠ ਵਾਂਗੂੰ ਤਪਦੇ ਸਰੀਰ ਨੂੰ ਠਾਰਨ ਲਈ ਪਾਣੀ ਵਿਚ ਸੂਰ ਵਾਂਗ ਪਲਸੇਟੇ ਮਾਰਾਂ। ਸਾਰੀ ਦਿਹਾੜੀ ਸਿਰ ਚੁੱਕ ਕੇ ਵੇਖਣਾ ਨਹੀਂ ਸੀ ਮਿਲਦਾ। ਕਦੇ ਕਦੇ ਬਾਪੂ ਤੋਂ ਅੱਖ ਬਚਾ ਕੇ ਪਿੰਡ ਵੱਲ ਵੇਖਦਾ ਤਾਂ ਦਿਲ ਵਿਚ ਲੂਹਰੀਆਂ ਉਠਦੀਆਂ। ਪਿੰਡ ਦੀਆਂ ਗਲੀਆਂ ਕੱਛਦੇ ਤੇ ਛੁੱਟੀਆਂ ਦਾ ਸੁਆਦ ਮਾਣਦੇ ਹਾਣੀ ਮੁੰਡਿਆਂ ਦਾ ਖ਼ਿਆਲ ਆਉਂਦਾ ਤਾਂ ਦਿਲ ਕਾਹਲਾ ਪੈਣ ਲੱਗਦਾ। ਝੋਨਾ ਲਾਉਂਦੇ ਹੱਥ ਥਾਏਂ ਸਿੱਥਲ ਹੋ ਜਾਂਦੇ। ਤੀਲ੍ਹਾ ਮਸੀਂ ਗਡੋਇਆ ਜਾਂਦਾ। ਪਨੀਰੀ ਦੀ ਗੁੱਟੀ ਵਗਾਹ ਮਾਰਨ ਨੂੰ ਜੀਅ ਕਰਦਾ। ਬਾਪੂ ਪਤਾ ਨਹੀਂ ਕਿਵੇਂ ਤਾੜ ਰੱਖਦਾ। ਹੌਲ਼ੀ ਕੰਮ ਕਰਦਿਆਂ ਵੇਖ ਉਸ ਦੇ ਮੂੰਹੋਂ ਗਲ਼ੀ-ਸੜੀ ਗਾਲ਼੍ਹ ਨਿਕਲਦੀ।
       "ਮਾਂ ਦਿਆ-----ਮਾਰ ਲੈ ਹੱਥ। ਫੇ ਸਾਰਾ ਸਾਲ ਵਿਹਲੀਆਂ ਈ ਖਾਣੀਆਂ। ਪੁੱਛ ਕੇ ਤੀਲ੍ਹਾ ਗਡੋਨੈ। ਲਾ ਲੈ ਚਾਰ ਤੀਲ੍ਹੇ ਛੇਤੀ-ਛੇਤੀ।" ਮੇਰਾ ਜੀਅ ਕਰਦਾ ਹਥਲੀ ਗੁੱਟੀ ਸੁੱਟ ਕੇ ਭੱਜ ਜਾਵਾਂ ਪਰ ਬਾਪੂ ਦੀ ਕੁੱਟ ਚੇਤੇ ਆਉਣ 'ਤੇ ਮੂੰਹ ਉਸੇ ਤਰ੍ਹਾਂ ਦਾ ਹੋ ਜਾਂਦਾ ਜਿਵੇਂ ਘੋਟੇ ਮਾਸਟਰ ਵਲੋਂ ਜ਼ਬਰਦਸਤੀ ਨਮੋਲੀਆਂ ਖੁਆਉਣ 'ਤੇ ਹੋ ਜਾਂਦਾ ਸੀ। ਜਦੋਂ ਕਦੇ ਬਾਪੂ ਨੂੰ ਸਕੂਲ ਦਾ ਕੰਮ ਕਰਨ ਵਾਲਾ ਪਿਆ ਹੋਣ ਬਾਰੇ ਅਤੇ ਕੰਮ ਨਾ ਕਰਨ 'ਤੇ ਪੈਣ ਵਾਲੀ ਕੁੱਟ ਬਾਰੇ ਦੱਸਦਾ, ਉਹ ਭੜਕ ਪੈਂਦਾ। ਉਸ ਦੀਆਂ ਅੱਖਾਂ ਘੋਟੇ ਮਾਸਟਰ ਵਾਂਗ ਲਾਲ ਸੁਰਖ਼ ਹੋ ਜਾਂਦੀਆਂ।
     "ਗੰਦੀਏ 'ਲਾਦੇ-----ਪੜ੍ਹ ਕੇ ਤੈਂਅ ਕਿਹੜਾ ਕਾਨੂੰਗੋ ਲੱਗ ਜਾਣੈ। ਆਹੀ ਖੋਰੀ ਖੋਤਨੀ ਐ ਆਖੀਰ ਨੂੰ। ਨਾ ਜਾਈਂ ਸਕੂਲ ਜੇ ਬਹੁਤਾ ਡਰ ਲੱਗਦਾ। ਅੱਗੇ ਕਿਹੜਾ ਪੜ੍ਹ ਪੜ੍ਹ ਕਿਲੇ ਢਾਹੀ ਜਾਨੈ ?" ਫੇਰ ਸਾਰੀਆਂ ਛੁੱਟੀਆਂ ਦੌਰਾਨ ਬੋਲਣ ਦਾ ਹੌਸਲਾ ਹੀ ਨਹੀਂ ਸੀ ਪੈਂਦਾ। ਮਨ ਮਾਰ ਕੇ ਕੰਮ ਲੱਗਾ ਰਹਿੰਦਾ। ਦਿਲ ਵਿਚ ਡਾਹਢਾ ਗੁੱਸਾ ਆਉਂਦਾ ਪਰ ਕੀ ਕਰਦਾ ? ਜਦੋਂ ਵੀ ਗੁੱਸਾ ਆਉਂਦਾ, ਪਨੀਰੀ ਦੇ ਦਸ ਦਸ ਬੂਟੇ ਇੱਕੋ ਥਾਂ ਲਾਈ ਜਾਂਦਾ। ਜੜ੍ਹਾਂ ਕੋਲ਼ੋਂ ਕਰ ਕੇ ਝੋਨੇ ਦੇ ਬੂਟੇ ਫੜਦਾ ਤੇ ਕਚੀਚੀ ਲੈ ਲੈ ਕੇ ਲਾਉਂਦਾ। ਇੰਜ ਕਰਨ ਨਾਲ਼ ਮਨ ਨੂੰ ਤਸੱਲੀ ਜਿਹੀ ਹੋ ਜਾਂਦੀ। ਗੁੱਸਾ ਪਤਾ ਨਹੀਂ ਕਿਧਰ ਨੂੰ ਖੰਭ ਲਾ ਕੇ ਉੱਡ-ਪੁੱਡ ਜਾਂਦਾ।
      ਮਾਂ ਮੇਰੇ ਮਾਸੂਮ ਮੂੰਹ 'ਤੇ ਆਈ ਉਦਾਸੀ ਵੇਖ ਕੇ ਹਾਉਂਕਾ ਖਿੱਚ ਲੈਂਦੀ, "ਬੱਸ ਪੁੱਤ ਆਹੀ ਚਾਰ ਦਿਨ ਆ ਕੰਮ ਦੇ। ਆਪਾਂ ਗਰੀਬਾਂ ਦਾ ਤਾਂ ਆਹੀ ਸੀਜ਼ਨ ਹੁੰਦਾ ਕਮਾਈ ਦਾ ਜੇ ਮਾਰ ਲੈਣ ਝੁੱਟ ਸਾਰੇ ਜੀਅ ਰਲ਼ਕੇ। ਮੇਰਾ ਸਾਊ ਪੁੱਤ ਬਣ ਕੇ ਲੁਆਦੇ ਆਹ ਦਿਨ। ਨਾਲੇ ਤੇਰੇ ਪੈਸਿਆਂ ਦਾ ਤਾਂ ਤੈਨੂੰ ਈ ਸੂਟ ਬਣਾ ਦੇਣਾ। ਹੋਰ ਅਸੀਂ ਕੀ ਕਰਨੇ ਪੈਸੇ ?" ਮਾਂ ਮੇਰਾ ਦਿਲ ਰਿਝਾਉਣ ਲਈ ਕਹਿੰਦੀ। ਮੇਰਾ ਜੀਅ ਕਰਦਾ ਕਰਦਾ ਮਾਂ ਦੇ ਗਲ਼ ਲੱਗ ਉੱਚੀ ਉੱਚੀ ਰੋਵਾਂ।
      ਮੇਰੇ ਤੋਂ ਵੱਡੀਆਂ ਤਿੰਨ ਭੈਣਾਂ ਵੀ ਸਾਰੀ ਦਿਹਾੜੀ ਨਾਲ ਹੀ ਕੰਮ ਕਰਾਉਂਦੀਆਂ। ਮੈਂ ਸੋਚਦਾ- ਇਹ ਵੀ ਤਾਂ ਮੇਰੇ ਆਂਗੂੰ ਥੱਕ ਜਾਂਦੀਆਂ ਹੋਣਗੀਆ ? ਪਰ ਭੈਣਾਂ ਨੇ ਕਦੇ ਮੇਰੇ ਵਾਂਗ ਥੱਕੇ ਹੋਣ ਬਾਰੇ ਉਜ਼ਰ ਨਹੀਂ ਸੀ ਕੀਤਾ। ਉਹ ਤਾਂ ਸਿਰ ਸੁੱਟ ਕੇ ਕੰਮ ਨੂੰ ਲੱਗੀਆਂ ਰਹਿੰਦੀਆਂ ਸਨ, ਉਂਜ ਉਨ੍ਹਾਂ ਦੇ ਚਿਹਰੇ ਬੁਝੇ ਰਹਿੰਦੇ। ਮੈਂ ਉਨ੍ਹਾਂ ਨੂੰ ਕਦੇ ਆਂਢ-ਗੁਆਂਢ ਦੀਆਂ ਕੁੜੀਆਂ ਨਾਲ ਖੇਡਦਿਆਂ ਨਹੀਂ ਸੀ ਦੇਖਿਆ। ਜਦੋਂ ਵੀ ਦੇਖਿਆ, ਕਿਸੇ ਨਾ ਕਿਸੇ ਕੰਮ ਵਿਚ ਜੁੱਟਿਆਂ ਹੀ ਦੇਖਿਆ ਸੀ। ਆਂਢ-ਗੁਆਂਢ ਦੀਆਂ ਕੁੜੀਆਂ ਨੂੰ ਖੇਡਦੀਆਂ ਦੇਖਦਾ ਤਾਂ ਮੇਰੇ ਅੰਦਰੋਂ ਲੂਹਰੀ ਜਿਹੀ ਉੱਠਦੀ, "ਭੈਣਾਂ ਕਿਉਂ ਨਹੀਂ ਖੇਡਦੀਆਂ ?" ਮੇਰਾ ਜੀਅ ਵੀ ਕਰਦਾ ਪੁੱਛਣ ਨੂੰ, ਪਰ ਹੌਸਲਾ ਨਾ ਪੈਂਦਾ।
      "ਛੁੱਟੀਆਂ-ਛੁੱਟੀਆਂ ਕਰਾਉਣਾ ਤੈਂਅ ਚਾਰ ਦਿਨ ਕੰਮ, ਫੇਰ ਸਾਰਾ ਸਾਲ ਹਰੀਆਂ ਈ ਚਰਨੀਆਂ। ਵਿਹਲੀਆਂ ਈਂ ਖਾਣੀਆਂ ਮੁਫਤ ਦੀਆਂ। ਕੋਈ ਮਰਨ ਨ੍ਹੀ ਲੱਗਾ ਤੂੰ ਆਹ ਪੰਦਰਾਂ ਦਿਨਾਂ 'ਚ ? ਹੋਰ ਨ੍ਹੀ ਤਾਂ ਆਵਦੇ ਫੀਸਾਂ-ਫੂਸਾਂ ਜੋਗੇ ਈ ਕਮਾਲੇਂਗਾ। ਇਕ ਤਾਂ ਆਹ ਮੇਰੇ ਸਾਲੇ-----ਦਿਨੋ ਦਿਨ ਵਧਾਈ ਤੁਰੇ ਜਾਂਦੇ।" ਬਾਪੂ ਕਈ ਵਾਰ ਮੇਰਾ ਧਿਆਨ ਆਸੇ-ਪਾਸੇ ਕਰਨ ਲਈ ਜਾਂ ਐਵੇਂ ਫੋਕਾ ਰੋਅਬ ਝਾੜਨ ਲਈ ਹੀ ਕਹਿ ਦਿੰਦਾ। ਮੈਨੂੰ ਉਸ ਦੀ 'ਸਾਰਾ ਸਾਲ ਵਿਹਲਾ ਰਹਿ ਕੇ ਹਰੀਆਂ ਚਰਨ' ਵਾਲ਼ੀ ਗੱਲ 'ਤੇ ਹਾਸਾ ਵੀ ਆਉਂਦਾ ਤੇ ਰੋਣਾ ਵੀ। ਛੁੱਟੀ ਹੋਣ 'ਤੇ ਅਜੇ ਮਸੀਂ ਘਰ ਵੜਦਾ ਸਾਂ ਜਦੋਂ ਰੰਬਾ ਤੇ ਪੱਲੀ ਮੇਰੇ ਹੱਥਾਂ ਵਿਚ ਆ ਜਾਂਦੇ। ਖੇਤਾਂ ਦੀਆਂ ਵੱਟਾਂ ਅਤੇ ਰੱਕੜਾਂ ਵਿਚ ਉੱਗਿਆ ਘਾਹ ਖੋਤਦਿਆਂ ਸਾਰੀ ਦਿਹਾੜੀ ਲੰਘ ਜਾਂਦੀ, ਫੇਰ ਕਿਤੇ ਜਾ ਕੇ ਪੰਡ ਬਣਦੀ। ਫਿਰ ਆਥਣੇ ਹੋਏ ਘਰ ਵੜਦਾ ਸਾਂ।
       ਬਾਪੂ ਹਰ ਵਰ੍ਹੇ ਸਾਲ-ਡੇਢ ਸਾਲ ਦੀ ਕੋਈ ਝੋਟੀ ਲਿਆ ਕੇ ਕਿੱਲੇ 'ਤੇ ਬੰਨ੍ਹਦਿਆਂ ਹੀ ਹੁਕਮ ਅਤੇ ਸੁਝਾਅ ਭਰੇ ਰਲ਼ਵੇਂ ਮਿਲ਼ਵੇਂ ਸੁਰ ਵਿਚ ਆਖਦਾ, "ਲੈ ਫੜ, ਤੂੰ ਹੀ ਸਾਂਭਣੀ ਐ। ਸਾਲ ਡੂਢ ਸਾਲ 'ਚ ਕਿਸੇ ਥਾਂ ਸਿਰ ਹੋਜੂ। ਅਗਲੇ ਨੂੰ ਅਧਿਆਰੇ ਦੇ ਬਣਦੇ ਪੈਸੇ ਤਾਰ ਕੇ ਘਰ ਰੱਖ ਲਾਂਗੇ। ਝੋਟੀ ਰਵੇ ਦੀ ਐ । ਸਾਰਾ ਸਾਲ ਦੁੱਧ ਵਾਧ ਪੀਆਂਗੇ।" ਪਰ ਇਹ ਦੁੱਧ ਵਾਧ ਪੀਣਾ ਨਸੀਬ ਨਹੀਂ ਸੀ ਹੁੰਦਾ। ਝੋਟੀ ਦੇ ਮੱਝ ਬਣਨ 'ਤੇ, ਇਹ ਝੋਟੀ ਕਿੱਲੇ ਤੋਂ ਖੁੱਲ੍ਹ ਕੇ ਕਿਸੇ ਹੋਰ ਦੇ ਕਿੱਲੇ 'ਤੇ ਚਲੀ ਜਾਂਦੀ।
      "ਝੋਟੀ ਘਰੇ ਰੱਖ ਲੈਂਦੇ, ਪਰ ਫਿੱਟ ਨਹੀਂ ਸੀ ਬੈਠਣੀ। ਨੁਕਸ ਸੀ ਵੱਡਾ ਏਹਨੂੰ। ਲੇਵਾ ਪੁੱਠਾ ਸੀ। ਮੂਹਰਲਾ ਥਣ ਵੀ ਥੋੜ੍ਹਾ ਜਿਹਾ ਔਹਰਾ ਸੀ। ਊਂ ਸੀ ਵੀ ਥੋੜ੍ਹੀ ਜਿਹੀ ਕੌੜ ਈ। ਐਹੇ ਜੇ ਡੰਗਰ ਦਾ ਘਰੇ ਰੱਖਣਾ ਠੀਕ ਨ੍ਹੀ ਹੁੰਦਾ।" ਬਾਪੂ ਦੀ ਮੱਝ ਘਰੇ ਨਾ ਰੱਖਣ ਵਾਲ਼ੀ ਦਲੀਲ ਸੁਣ ਕੇ ਉਸ 'ਤੇ ਤਰਸ ਵੀ ਆਉਂਦਾ ਤੇ ਗੁੱਸਾ ਵੀ। ਮੱਝ ਦੇ ਕਿੱਲੇ ਤੋਂ ਚਲੇ ਜਾਣ 'ਤੇ ਦਿਲ ਕਈ ਦਿਨ ਉਦਾਸ ਰਹਿੰਦਾ। ਸਾਲ-ਡੇਢ ਸਾਲ ਤੋਂ ਇਸ ਆਸ 'ਤੇ ਪੱਠੇ ਪਾਉਂਦਾ ਰਿਹਾ ਸਾਂ ਕਿ ਇਸ ਦੇ ਸੂਣ 'ਤੇ ਪੀਣ ਨੂੰ ਦੁੱਧ ਮਿਲ ਜਾਇਆ ਕਰੇਗਾ ਤੇ ਦੁੱਧ ਤੋਂ ਬਣਾਈ ਦਹੀਂ ਨਾਲ ਅੱਧੀ ਛੁੱਟੀ ਸੁਆਦ ਨਾਲ ਰੋਟੀ ਖਾਧੀ ਜਾਇਆ ਕਰੇਗੀ। ਬਾਪੂ ਫੇਰ ਕੋਈ ਨਿੱਕੀ ਜਿਹੀ ਕੱਟੀ ਲਿਆ ਕੇ ਕਿੱਲੇ 'ਤੇ ਬੰਨ੍ਹ ਦਿੰਦਾ। ਮੈਂ ਫੇਰ ਰੰਬਾ ਅਤੇ ਦਾਤੀ ਪੱਲੀ ਚੁੱਕ ਕੇ ਖੇਤਾਂ ਦੀਆਂ ਵੱਟਾਂ ਗਾਹੁਣ ਲੱਗ ਜਾਂਦਾ। ਕਣਕ ਦੇ ਖੇਤਾਂ 'ਚੋਂ ਸੇਂਜੀ ਅਤੇ ਰੱਕੜਾਂ 'ਚ ਉੱਗਿਆ ਘਾਹ ਤੇ ਮਧਾਣਾ ਖੋਤ ਲਿਆਉਂਦਾ। ਝੋਟੀ ਜਦੋਂ ਮੇਰਾ ਲਿਆਂਦਾ ਘਾਹ ਮੁਰਚ ਮੁਰਚ ਕਰਕੇ ਖਾਂਦੀ, ਦਿਲ ਖ਼ੁਸ਼ੀ ਨਾਲ ਨੱਚ ਉਠਦਾ। ਬਾਲਟੀ ਲੈ ਕੇ ਦੁੱਧ ਚੋਂਦੀ ਮਾਂ, ਦੁੱਧ ਨਾਲ ਭਰੀ ਝੱਗੋ-ਝੱਗ ਹੋਈ ਬਾਲਟੀ, ਦਹੀਂ ਅਤੇ ਲੱਸੀ ਦੀਆਂ ਘਰ ਵਿੱਚ ਲੱਗੀਆਂ ਲਹਿਰਾਂ-ਬਹਿਰਾਂ ਦੇ ਸੁਪਨੇ ਦਿਮਾਗ਼ ਵਿਚ ਘੁੰਮਣ ਲੱਗਦੇ।
      ਜਦੋਂ ਪੰਜਵੀਂ ਜਮਾਤ ਵਿੱਚੋਂ ਪੂਰੇ ਜ਼ਿਲ੍ਹੇ ਵਿੱਚੋਂ ਪਹਿਲੇ ਨੰਬਰ 'ਤੇ ਆਇਆ, ਉਸ ਦਿਨ ਘੋਟੇ ਮਾਸਟਰ ਨੇ ਮੁੰਡਾ ਭੇਜ ਕੇ ਬਾਪੂ ਨੂੰ ਉਚੇਚਾ ਸਕੂਲ ਸੱਦਿਆ। ਬਾਪੂ ਦੇ ਆਉਣ 'ਤੇ ਘੋਟੇ ਮਾਸਟਰ ਨੇ ਮੈਨੂੰ ਬੁੱਕਲ ਵਿਚ ਲੈ ਕੇ ਘੁੱਟਿਆ। ਬਾਪੂ ਨੂੰ ਪੂਰੇ ਸਤਿਕਾਰ ਨਾਲ਼ ਆਪਣੇ ਕੋਲ ਪਈ ਕੁਰਸੀ 'ਤੇ ਬੈਠਣ ਲਈ ਕਿਹਾ। ਬਾਪੂ ਡਰਦਾ-ਡਰਦਾ ਜਿਹਾ ਬੈਠਾ ਜਿਵੇਂ ਕੁਰਸੀ ਕੋਈ ਡੰਗ ਮਾਰਨ ਵਾਲ਼ਾ ਸੱਪ ਹੋਵੇ।
      "ਲਿਆਕਤ ਕਿਸੇ ਦੀ ਮਾਂ ਦੀ ਨਿੱਜੀ ਜਾਇਦਾਦ ਨਹੀਂ ਹੁੰਦੀ। ਕੀ ਹੋਇਆ ਏਹ ਗਰੀਬ ਘਰੇ ਜੰਮਿਆ, ਦਿਮਾਗ 'ਨ੍ਹੀਂ ਗਰੀਬ ਏਹਦਾ। ਕਹਿੰਦੇ ਕਹਾਉਂਦੇ ਖੱਬੀਖਾਨਾਂ ਦੇ ਮੁੰਡਿਆਂ ਨੂੰ ਪਛਾੜਿਆ ਏਹਨੇ। ਸਾਨੂੰ ਸਾਰੇ ਸਕੂਲ ਨੂੰ ਮਾਣ ਆ ਏਹਦੇ 'ਤੇ। ਅੱਗੇ ਮਹੀਨੇ ਕੁ ਤਕ ਵਜ਼ੀਫੇ ਦੀ ਪ੍ਰੀਖਿਆ ਹੋਣ ਵਾਲ਼ੀ ਐ। ਮੈਂ ਆਪ ਲੈ ਕੇ ਜਾਊਂ ਪ੍ਰੀਖਿਆ ਦੁਆਉਣ। ਮੈਨੂੰ ਆਪਣੇ ਪੁੱਤਾਂ ਨਾਲੋਂ ਵੱਧ ਪਿਆਰਾ।" ਘੋਟੇ ਮਾਸਟਰ ਦੇ ਮੂੰਹੋਂ ਅਜਿਹੇ ਪਿਆਰ ਭਰੇ ਸ਼ਬਦ ਸੁਣ ਕੇ ਮੇਰੀਆਂ ਅੱਖਾਂ ਵਿਚ ਪਾਣੀ ਆ ਗਿਆ ਸੀ। ਮੈਂ ਉਸ ਸਮੇਂ ਦੇਖਿਆ, ਘੋਟੇ ਮਾਸਟਰ ਦੀਆਂ ਅੱਖਾਂ ਵੀ ਸਿਲੀਆਂ ਹੋ ਗਈਆਂ ਸਨ। ਬਾਪੂ ਤਾਂ ਬਿਲਕੁਲ ਹੀ ਗੁੰਮ ਗਿਆ ਸੀ। ਮੈਨੂੰ ਘੋਟਾ ਮਾਸਟਰ ਬੜਾ ਚੰਗਾ-ਚੰਗਾ ਲੱਗਾ ਸੀ।
      "ਦੇਖ ਜਗੀਰ ਸਿੰਘ, ਮੁੰਡੇ ਨੂੰ ਪੜ੍ਹਨੋ ਨ੍ਹੀਂ ਹਟਾਉਣਾ। ਪੜ੍ਹਨ ਦੇ ਜਿਥੋਂ ਤੱਕ ਪੜ੍ਹਦਾ। ਅਫਸਰ ਬਣਾਉਣਾ ਏਹਨੂੰ, ਵੱਡਾ ਅਫਸਰ। ਜਿਸ ਦਿਨ ਕਿਸੇ ਅਹੁਦੇ 'ਤੇ ਪੁੱਜ ਗਿਆ, ਤੇਰੀ ਸਾਰੀ ਗਰੀਬੀ ਹੂੰਝ ਸੁੱਟੂ। ਲੜੇ-ਲੰਡੇ ਸਰਦਾਰ ਤੇਰੇ ਅੱਗੇ ਪਿੱਛੇ ਫਿਰਿਆ ਕਰਨਗੇ।" ਘੋਟੇ ਮਾਸਟਰ ਨੇ ਆਖਿਆ ਸੀ। ਮੈਂ ਉਸ ਦਿਨ ਪਹਿਲੀ ਵਾਰ ਕਿਸੇ ਦੇ ਮੂੰਹੋਂ ਬਾਪੂ ਦਾ ਇਹ ਨਾਂ ਸੁਣਿਆ ਸੀ। ਕੰਮ-ਧੰਦੇ ਲਈ ਸੱਦਣ ਆਉਣ ਵਾਲੇ ਤਾਂ ਉਸ ਨੂੰ 'ਗੀਰੀ' ਈ ਸੱਦਦੇ ਸਨ।
     "ਏਹ ਤੈਨੂੰ ਤੰਗ ਨ੍ਹੀਂ ਕਰਦਾ। ਵਜ਼ੀਫੇ ਆਸਰੇ ਈ ਪੜ੍ਹੀ ਜਾਊ। ਅਸੀਂ ਵੀ ਬਣਦੀ-ਸਰਦੀ ਹੈਲਪ ਕਰਿਆ ਕਰਾਂਗੇ। ਅਸੀਂ ਸਾਰਾ ਸਟਾਫ ਏਹਨੂੰ ਕੁਛ ਬਣਿਆ ਵੇਖਨਾ ਚਾਹੁੰਨੇ।"
      "ਹੱਛਾ ਜੀ !" ਬਾਪੂ ਨੇ ਜੁਆਬ ਵਿਚ ਮਸੀਂ ਇੰਨਾ ਹੀ ਕਿਹਾ ਸੀ। ਮੈਨੂੰ ਪਹਿਲੇ ਨੰਬਰ 'ਤੇ ਆਉਣ ਦੀ ਇੰਨੀ ਖ਼ੁਸ਼ੀ ਮਹਿਸੂਸ ਹੋ ਰਹੀ ਸੀ ਕਿ ਜੀਅ ਕਰਦਾ ਸੀ ਖੰਭ ਲਾ ਕੇ ਅਸਮਾਨ ਵੱਲ ਨੂੰ ਉੱਡ ਜਾਵਾਂ। ਉਸ ਦਿਨ ਮੈਂ ਅੰਦਰ ਵੜ ਕੇ ਘੋਟੇ ਮਾਸਟਰ ਦੀਆਂ ਗੱਲਾਂ ਚੇਤੇ ਕਰ-ਕਰ ਰੋਂਦਾ ਰਿਹਾ ਸਾਂ। ਕਿਉਂ ਰੋਂਦਾ ਰਿਹਾ ਸਾਂ, ਇਹ ਮੈਨੂੰ ਸਮਝ ਨਹੀਂ ਆਈ। ਮਾਂ ਦੇ ਪੈਰ ਧਰਤੀ 'ਤੇ ਨਹੀਂ ਸੀ ਲੱਗੇ। ਉਹਨੇ ਆਂਡ-ਗੁਆਂਢ ਪਤਾਸੇ ਵੰਡੇ ਸਨ। ਪਤਾਸਿਆਂ ਲਈ ਘਰ ਪੈਸੇ ਕਿਥੋਂ ਆ ਗਏ ? ਮੈਂ ਇਹ ਵੀ ਸੋਚਦਾ ਰਿਹਾ ਸਾਂ।
        "ਨੀ ਭੈਣੇ ਆਪਣਾ ਪਾਲ ਪਾਸ ਹੋਇਆ। ਮਸ਼ਟਰ ਕਹਿੰਦੇ ਅਖੇ ਪਟੜੀ ਫੇਰ ਦੇ ਸਕੂਲਾਂ 'ਚੋਂ ਪਹਿਲੇ ਲੰਬਰ 'ਤੇ ਆਇਆ। ਸਾਡੀਆਂ ਤਾਂ ਏਹਦੇ 'ਤੇ ਈ ਆਸਾਂ। ਖੌਰੇ ਆਵਦੇ ਪਿਉ ਹੱਥੋਂ ਰੰਬਾ ਪੱਲੀ ਤੇ ਮੇਰੇ ਸਿਰ ਤੋਂ ਗੋਹੇ ਆਲਾ ਬੱਠਲ ਛੁਡਾ ਦੇਵੇ ? ਮਸ਼ਟਰ ਕਹਿੰਦੇ ਕਿਸੇ ਵੱਡੇ 'ਹੁਦੇ 'ਤੇ ਲੱਗੂ, ਏਹਦਾ ਡਮਾਕ ਬਹੁਤ ਤੇਜ਼ ਆ। ਭਾਈ ਗਰੀਬੀ ਆਲੀ ਬਿਮਾਰੀ ਫੇਰ ਈ ਖੇਹੜਾ ਸ਼ੱਡੂ ਸਾਡਾ।" ਮਾਂ ਚੁੰਨੀ ਦੇ ਲੜ ਨਾਲ਼ ਅੱਖਾਂ 'ਚੋਂ ਵਗ ਆਏ ਅੱਥਰੂ ਪੂੰਝਣ ਲੱਗ ਜਾਂਦੀ।
       ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮਾਂ ਮੇਰੇ ਪਾਸ ਹੋਣ ਦੀ ਖ਼ੁਸ਼ੀ ਵਿਚ ਰੋਣ ਕਿਉਂ ਲੱਗੀ ਸੀ।
      ਪੰਜਵੀਂ ਕਰ ਕੇ ਛੇਵੀਂ ਜਮਾਤ ਵਿਚ ਪਿੰਡ ਦੇ ਦੂਸਰੇ ਪਾਸੇ ਬਣੇ ਹਾਈ ਸਕੂਲ ਵਿਚ ਜਾਣ ਲੱਗਾ ਸਾਂ। ਪਿੰਡ ਆਲੇ ਇਸ ਸਕੂਲ ਨੂੰ 'ਵੱਡਾ ਸਕੂਲ' ਕਿਹਾ ਕਰਦੇ ਸਨ। ਮੇਰੇ ਨਾਲ਼ ਪੜ੍ਹਦੀਆਂ ਪਿੰਡ ਦੀਆਂ ਬਹੁਤੀਆਂ ਕੁੜੀਆਂ ਤੇ ਵਿਹੜੇ ਆਲੇ ਮੁੰਡੇ ਸਕੂਲੋਂ ਹਟ ਕੇ ਘਰ ਬੈਠ ਗਏ ਸਨ। ਸਭ ਤੋਂ ਜ਼ਿਆਦਾ ਦੁੱਖ ਗੁੰਨੇ ਕੇ ਜੀਤੇ ਦੇ ਸਕੂਲੋਂ ਹਟਾ ਲੈਣ ਦਾ ਹੋਇਆ ਸੀ। ਜੀਤੇ ਨੂੰ ਸਕੂਲੋਂ ਹਟਾ ਕੇ ਰੱਤ-ਪੀਣਿਆਂ ਦੇ ਵੱਗ ਮਗਰ ਦਿੱਤਾ ਸੀ। ਮੈਨੂੰ ਜਦੋਂ ਹੀ ਜੀਤੇ ਦੇ ਸਕੂਲੋਂ ਹਟਾ ਲੈਂ ਬਾਰੇ ਪਤਾ ਚੱਲਿਆ, ਮੈਂ ਜੀਤੇ ਕੇ ਘਰ ਚਲਾ ਗਿਆ ਸਾਂ। ਮੇਰੇ ਅਤੇ ਜੀਤੇ ਦੇ ਨਾਨਕੇ ਨਾਲੋ ਨਾਲ ਪਿੰਡਾਂ 'ਚ ਸਨ। ਮੈਂ ਜੀਤੇ ਦੀ ਮਾਂ ਨੂੰ ਮਾਸੀ ਕਿਹਾ ਕਰਦਾ ਸਾਂ।
      "ਮਾਸੀ ਜੀਤੇ ਨੂੰ ਪੜ੍ਹਨੋਂ ਕਿਉਂ ਉਠਾ ਲਿਆ ? ਲਾ ਦਿਓ ਖਾਂ ਏਹਨੂੰ ਵੱਡੇ ਸਕੂਲੇ ਮੇਰੇ ਨਾਲ਼ ਈ।" ਮੈਂ ਤਰਲਾ ਕੀਤਾ ਸੀ।
      "ਪੁੱਤ ਕੀ ਕਰੀਏ? ਘਰ ਕਿਵੇਂ ਚੱਲੂ? ਤਾਇਆ ਤਾਂ ਤੇਰਾ ਜਿੰਨੇ ਕਮਾਉਂਦਾ, ਓਨੇ ਦੇ ਡੋਡੇ ਪੀ ਜਾਂਦਾ। ਘਰੇ ਤਾਂ ਇਕ ਡੰਗ ਦੀ ਰੋਟੀ ਨ੍ਹੀਂ ਪੱਕਦੀ, ਏਹਦੀ ਪੜ੍ਹਾਈ ਦਾ ਖਰਚਾ ਕੌਣ ਤੋਰੂ ? ਨਾਲੇ ਪੁੱਤ ਆਪਾਂ ਗਰੀਬਾਂ ਨੂੰ ਪੜ੍ਹਾਈਆਂ ਨਾਲ਼ ਕੀ ? ਆਪਣੀ ਏਡੀ ਚੰਗੀ ਕਿਸਮਤ ਕਿੱਥੇ ?" ਮਾਸੀ ਨੇ ਕੋਈ ਹੁੰਗਾਰਾ ਨਹੀਂ ਸੀ ਭਰਿਆ। ਉਸ ਦੇ ਬੋਲ ਸੁਣ ਕੇ ਮੇਰਾ ਦਿਲ ਟੁੱਟ ਗਿਆ ਸੀ। ਮੈਂ ਬਿਨਾਂ ਕੁਝ ਹੋਰ ਬੋਲੇ ਘਰ ਆ ਗਿਆ ਸਾਂ।
        ਪ੍ਰਾਇਮਰੀ ਸਕੂਲ 'ਚ ਪੜ੍ਹਦਿਆਂ ਕਈ ਵਾਰ ਮਨ ਸਕੂਲੋਂ ਭੱਜ ਜਾਣ ਨੂੰ ਕਰ ਆਉਂਦਾ ਸੀ ਪਰ ਵੱਡੇ ਸਕੂਲ ਪੜ੍ਹਦਿਆਂ ਪੜ੍ਹਾਈ ਤੋਂ ਕਦੇ ਮਨ ਨਹੀਂ ਸੀ ਅੱਕਿਆ। ਬੱਸ ਕਿਸੇ ਧੁਨ ਵਿਚ ਲੱਗਾ ਰਹਿੰਦਾ ਸਾਂ। ਪੜ੍ਹ ਕੇ ਕਿਸੇ ਵੱਡੇ ਅਹੁਦੇ 'ਤੇ ਲੱਗਣ ਦਾ ਸੁਪਨਾ ਅੱਖਾਂ ਅੱਗੇ ਤੈਰਦਾ ਰਹਿੰਦਾ। ਮੈਨੂੰ ਹੁਣ ਆਪਣੇ ਮੈਲ਼ੇ ਤੇ ਪੁਰਾਣੇ ਕੱਪੜੇ ਵੇਖ ਕੇ ਕਦੇ ਹੀਣਤਾ ਵੀ ਨਾ ਆਉਂਦੀ। ਇਹ ਗੱਲਾਂ ਜਿਵੇਂ ਅਸਰ ਕਰਨੋਂ ਹੀ ਹਟ ਗਈਆਂ ਸਨ। ਹਿਸਾਬ ਵਾਲ਼ੇ ਨਿੱਕੇ ਕੱਦ ਦੇ ਮਾਸਟਰ, ਜਿਸ ਨੂੰ ਸਾਰੇ ਵਿਦਿਆਰਥੀ 'ਚਮਗਿੱਦੜ' ਆਖਦੇ ਹੁੰਦੇ ਸਨ, ਵਲੋਂ ਜਾਤ ਦਾ ਨਾਂ ਲੈ-ਲੈ ਕੇ ਕੀਤੀਆਂ ਚਿੜਾਉਣ ਵਾਲ਼ੀਆਂ ਗੱਲਾਂ ਜ਼ਰੂਰ ਦੁਖੀ ਕਰਦੀਆਂ। ਮੈਨੂੰ ਤਾਂ ਭਾਵੇਂ ਉਹ ਕੁੱਝ ਨਹੀਂ ਸੀ ਕਹਿੰਦਾ (ਕੁੱਝ ਕਹਿਣ ਦਾ ਮੌਕਾ ਹੀ ਕਿੱਥੇ ਦਿੰਦਾ ਸਾਂ, ਉਂਜ ਉਸ ਵਲੋਂ ਤਾਂ ਕੋਈ ਢਿੱਲ ਨਹੀਂ ਸੀ ਹੁੰਦੀ) ਪਰ ਮੇਰੇ ਇਕ ਦੋ ਸਾਥੀਆਂ, ਜੋ ਪੜ੍ਹਾਈ ਵਿਚ ਕੁੱਝ ਕਮਜ਼ੋਰ ਸਨ, ਨਾਲ ਉਹ ਬੁਰੀ ਤਰ੍ਹਾਂ ਪੇਸ਼ ਆਉਂਦਾ।
       "ਸਰਕਾਰ ਦੇ ਜਵਾਈ ਓ ਤੁਸੀਂ----ਮੁਫ਼ਤ ਕਿਤਾਬਾਂ----ਫ਼ੀਸਾਂ ਮੁਆਫ਼, ਵਜ਼ੀਫੇ ਤਾਂ ਮਿਲ ਜਾਂਦੇ। ਤੁਸੀਂ ਪੜ੍ਹ ਕੇ ਕੀ ਕਰਨਾ ? ਕੰਜਰ ਦੇ ਕੰਜਰੋ ਸੀਰੀ ਰਲ਼ ਜੋ----ਚਾਰ ਮਣ ਦਾਣੇ ਤਾਂ ਆਉਣ ਘਰੇ। ਪੜ੍ਹ ਕੇ ਕਿਹੜਾ ਡੀ. ਸੀ. ਲੱਗਜੋਂਗੇ ?" ਚਮਗਿੱਦੜ ਮਾਸਟਰ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਮਨ ਦੁਖੀ ਹੁੰਦਾ ਪਰ ਅੰਦਰੇ-ਅੰਦਰੇ ਸਾਰਾ ਕੁਝ ਪੀ ਜਾਂਦਾ। ਉਸਦੀਆਂ ਬਿੱਲੀ ਵਰਗੀਆਂ ਲਾਲ ਅੱਖਾਂ ਤੋਂ ਭੈਅ ਆਉਂਦਾ। ਉਸਦਾ ਪੀਰੀਅਡ ਤਾਂ ਮਸਾਂ ਲੰਘਦਾ ਸੀ, ਜਿਵੇਂ ਵਕਤ ਇੱਕ ਥਾਂ 'ਤੇ ਰੁਕ ਜਾਂਦਾ ਹੋਵੇ।
      ਗੰਜੇ ਹਿੰਦੀ ਮਾਸਟਰ ਤੋਂ ਕੁੱਟ ਖਾ ਕੇ ਬੜਾ ਸੁਆਦ ਆਉਂਦਾ। ਇਹ ਨਹੀਂ ਕਿ ਹਿੰਦੀ ਵਿਚੋਂ ਕਮਜ਼ੋਰ ਸਾਂ, ਬੱਸ ਕੁੱਟ ਖਾਣ ਲਈ ਜਾਣ-ਬੁੱਝ ਕੇ ਘਰ ਦਾ ਕੰਮ ਨਾ ਕਰਦਾ। ਇਹ ਆਦਤ ਦਸਵੀਂ ਵਿਚ ਜਾ ਕੇ ਹੀ ਪਈ ਸੀ।
      "ਗੰਦਾ ਆਂਡਾ! ਸੂਰ! ਚੰਗਾ ਭਲਾ ਹੁੰਦਾ ਸੀ, ਪਤਾ ਨ੍ਹੀਂ ਕੀ ਬਿਮਾਰੀ ਪੈਗੀ ਇਹਨੂੰ। ਇੰਨਾ ਗਧਿਆ ਨਾਲ਼ ਰਲ਼ਕੇ ਜਵਾਂ ਮਾਤਾ ਦਾ ਮਾਲ ਬਣਦਾ ਜਾ ਰਿਹੈ।" ਹਿੰਦੀ ਵਾਲ਼ਾ ਮਾਸਟਰ ਮੌਲਾ ਬਖਸ਼ ਨਾਲ਼ ਸੇਵਾ ਕਰਦਾ, ਸਲੋਕ ਵੀ ਪੜ੍ਹੀ ਜਾਂਦਾ। ਕੁੱਟ ਖਾਂਦਿਆਂ ਮੇਰੀ ਨਿਗਾਹ ਚੋਰੀ-ਚੋਰੀ ਕੁੜੀਆਂ ਵਾਲ਼ੇ ਪਾਸੇ ਚਲੀ ਜਾਂਦੀ। ਮੈਂ ਵੇਖਦਾ ਜਿੰਦਰ ਦਾ ਬੁਰਾ ਹਾਲ ਹੋਇਆ ਹੁੰਦਾ। ਮੈਨੂੰ ਜਾਪਦਾ ਜੇਕਰ ਉਸਦਾ ਵੱਸ ਚੱਲੇ ਤਾਂ ਉਹ ਕੁੱਟ ਰਹੇ ਗੰਜੇ ਮਾਸਟਰ ਦੇ ਹੱਥੋਂ ਡੰਡਾ ਆ ਫੜੇ। ਜਿੰਨਾ ਚਿਰ ਮੈਨੂੰ ਕੁੱਟ ਦਾ ਪ੍ਰਸ਼ਾਦ ਮਿਲਦਾ ਰਹਿੰਦਾ, ਉਹ ਅੱਖਾਂ ਬੰਦ ਕਰੀ ਰੱਖਦੀ। ਹਿੰਦੀ ਮਾਸਟਰ ਦਾ ਪੀਰੀਅਡ ਲੰਘਣ ਬਾਅਦ, ਜਦੋਂ ਵੀ ਮੌਕਾ ਮਿਲਦਾ ਉਹ ਮੈਨੂੰ ਇਕੱਲਾ ਵੇਖ ਮੇਰੇ ਕੋਲ਼ ਆ ਜਾਂਦੀ।
       "ਪਾਲ ਤੂੰ ਕੰਮ ਕਿਉਂ ਨ੍ਹੀਂ ਕਰਕੇ ਲਿਆਉਂਦਾ? ਤੂੰ ਕੁੱਟ ਕਿਉਂ ਖਾਨੈ ? ਤੇਰੇ ਪੀੜ ਨ੍ਹੀਂ ਹੁੰਦੀ?" ਉਹ ਮੇਰੇ ਹੱਥ ਫੜ ਕੇ ਹੱਥਾਂ ਉਪਰ ਪਈਆਂ ਲਾਸਾਂ ਅਤੇ ਨੀਲ ਵੇਖਦੀ ਅਤੇ ਹਉਂਕਾ ਖਿੱਚ ਹੁਬਕੀਂ-ਹੁਬਕੀਂ ਰੋਣ ਲੱਗ ਜਾਂਦੀ। ਮੈਨੂੰ ਉਸ ਦਾ ਇੰਜ ਰੋਣਾ ਚੰਗਾ ਚੰਗਾ ਲੱਗਦਾ। ਮੇਰਾ ਜੀਅ ਕਰਦਾ, ਉਸ ਦੀਆਂ ਪਲਕਾਂ ਤੋਂ ਬਾਹਰ ਵਗ ਆਏ ਹੰਝੂਆਂ ਨੂੰ ਆਪਣੀਆਂ ਉਂਗਲਾਂ ਦੇ ਪੋਟਿਆਂ ਨਾਲ਼ ਸਾਫ਼ ਕਰ ਦੇਵਾਂ ਪਰ ਇੰਜ ਨਾ ਕਰ ਸਕਦਾ। ਮੈਂ ਸਿਰ ਸੁੱਟ ਕੇ ਉਸ ਕੋਲ਼ ਖੜ੍ਹਾ ਰਹਿੰਦਾ। ਉਸ ਦੀਆਂ ਅੱਖਾਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਸੀ ਹੁੰਦੀ।
      "ਮੈਂ ਤੇਰਾ ਕੰਮ ਕਰਕੇ ਲਿਆ ਦਿਆ ਕਰੂੰ।" ਤੇ ਉਹ ਸੱਚਮੁਚ ਹਰ ਰੋਜ਼ ਹਿੰਦੀ ਮਾਸਟਰ ਵੱਲੋਂ ਦਿੱਤਾ ਮੇਰਾ ਘਰ ਦਾ ਕੰਮ ਕਰ ਕੇ ਲਿਆਉਣ ਲੱਗੀ। ਉਹ ਛੁੱਟੀ ਵੇਲ਼ੇ ਕਾਪੀ ਘਰ ਲੈ ਜਾਂਦੀ ਤੇ ਅਗਲੇ ਦਿਨ ਸਭ ਤੋਂ ਪਹਿਲਾਂ ਹੀ ਜਮਾਤ ਵਿਚ ਆ ਬਹਿੰਦੀ। ਆਉਂਦਿਆਂ ਸਾਰ ਕਾਪੀ ਮੈਨੂੰ ਫੜਾ ਦਿੰਦੀ। ਮੇਰੇ ਹਿੰਦੀ ਵਾਲੇ ਗੰਜੇ ਮਾਸਟਰ ਤੋਂ ਕੁੱਟ ਪੈਣੀ ਬੰਦ ਹੋ ਗਈ। ਮੈਨੂੰ ਪਤਾ ਨਹੀਂ ਕਿਉਂ ਇਹ ਬੁਰਾ-ਬੁਰਾ ਲੱਗਣ ਲੱਗਾ। ਮੇਰਾ ਜੀਅ ਕਰਦਾ ਕਿ ਜਿੰਦਰ ਪਹਿਲਾਂ ਵਾਂਗ ਮੇਰੇ ਹੱਥ ਫੜੇ, ਹੱਥਾਂ 'ਤੇ ਪਏ ਨੀਲ ਚੁੰਮੇ ਤੇ ਹੁਬਕੀਂ-ਹੁਬਕੀਂ ਰੋਵੇ। ਮੈਂ ਡਰਾਇੰਗ ਦਾ ਕੰਮ ਕਰਨਾ ਬੰਦ ਕਰ ਦਿੱਤਾ ਉਸ ਦੀ ਕੁੱਟ ਪ੍ਰਾਇਮਰੀ ਆਲ਼ੇ ਘੋਟੇ ਮਾਸਟਰ ਵਰਗੀ ਸੀ। ਉਹ ਤਾਂ ਕੁੱਟ-ਕੁੱਟ ਬੇਹਾਲ ਹੀ ਕਰ ਦਿੰਦਾ, ਪਰ ਉਸ ਦੀ ਕੁੱਟ ਚੰਗੀ-ਚੰਗੀ ਲੱਗਦੀ। ਜਿੰਦਰ ਪਹਿਲਾਂ ਵਾਂਗ ਫੇਰ ਹੱਥ ਫੜ ਚੁੰਮਣ ਲੱਗੀ ਸੀ। ਫੇਰ ਉਹ ਮੇਰਾ ਡਰਾਇੰਗ ਦਾ ਕੰਮ ਕਰ ਕੇ ਵੀ ਲਿਆਉਣ ਲੱਗੀ। ਉਸ ਦੇ ਦਿਲ ਵਿਚ ਪਤਾ ਨਹੀਂ ਕੀ ਆਈ, ਉਹ ਦਿਨ 'ਚ ਇਕ ਅੱਧ ਵਾਰ ਮੇਰਾ ਹੱਥ ਫੜ ਕੇ ਜ਼ਰੂਰ ਚੁੰਮਦੀ।
      ਇਤਿਹਾਸ ਵਾਲ਼ਾ ਮਾਸਟਰ ਜਿਸ ਨੂੰ ਦੂਜੇ ਮਾਸਟਰ 'ਕਾਮਰੇਡ ਸਟਾਲਿਨ' ਕਹਿ ਕੇ ਬੁਲਾਇਆ ਕਰਦੇ ਸਨ, ਤੂੜ-ਤੂੜ ਕੇ ਸਮਾਜਵਾਦ ਸਾਡੇ ਦਿਮਾਗ਼ਾਂ ਵਿਚ ਵਾੜਦਾ ਰਹਿੰਦਾ। ਉਸ ਵਲੋਂ ਵਰਤੇ ਔਖੇ-ਔਖੇ ਸ਼ਬਦਾਂ ਦੀ ਮੈਨੂੰ ਕੋਈ ਸਮਝ ਨਹੀਂ ਸੀ ਪੈਂਦੀ। ਬੁਰਜੂਆ, ਪੈਟੀ ਬੁਰਜੂਆ, ਪ੍ਰੋਲੇਤਾਰੀ, ਬਸਤੀਵਾਦੀ, ਨਵ-ਬਸਤੀਵਾਦੀ ਵਰਗੇ ਸ਼ਬਦ ਸਿਰ ਦੇ ਉਪਰ-ਉਪਰ ਦੀ ਲੰਘ ਜਾਂਦੇ। ਕਲਾਸ ਦੇ ਸਾਰੇ ਮੁੰਡੇ ਪਿੱਠ ਪਿੱਛੇ ਉਸ ਨੂੰ 'ਬੁਰਜੂਆ' ਕਹਿੰਦੇ ਸਨ। ਉਸ ਦੀ ਔਖੀ ਭਾਰੀ ਫ਼ਿਲਾਸਫ਼ੀ ਸਾਡੇ ਕਿਸੇ ਦੀ ਸਮਝ ਨਹੀਂ ਸੀ ਪੈਂਦੀ ਪਰ ਫੇਰ ਵੀ ਉਹ ਅਮੀਰ-ਗਰੀਬ, ਕਾਣੀ ਵੰਡ ਤੇ ਜਾਤਾਂ-ਧਰਮਾਂ ਦੇ ਵਿਰੋਧ ਦੀਆਂ ਗੱਲਾਂ ਕਰਦਾ ਮੈਨੂੰ ਚੰਗਾ-ਚੰਗਾ ਲੱਗਦਾ। ਮੈਨੂੰ ਲੱਗਦਾ ਜਿਵੇਂ ਮਾਸਟਰ ਦੇ ਅੰਦਰ ਇਨ੍ਹਾਂ ਸਭ ਦੇ ਖ਼ਿਲਾਫ਼ ਕੋਈ ਲਾਵਾ ਬਲ ਰਿਹਾ ਹੋਵੇ। ਉਸ ਦੀਆਂ ਗੱਲਾਂ ਸੁਣਦਿਆਂ, ਦਿਹਾੜੀ ਜੋਤੇ ਦਾ ਔਖਾ ਕੰਮ ਕਰਦਾ ਬਾਪੂ, ਕਪਾਹ ਚੁਗਦੀਆਂ ਭੈਣਾਂ, ਝੋਨਾ ਲਾਉਂਦਾ ਆਪਣਾ-ਆਪ ਤੇ ਗੋਹਾ-ਕੂੜਾ ਢੋਂਦੀ ਮਾਂ ਮੇਰੀਆਂ ਅੱਖਾਂ ਅੱਗੇ ਆ ਖੜਦੇ। ਕਾਮਰੇਡ ਮਾਸਟਰ ਗੱਲ ਭਾਵੇਂ ਮਹਿਮੂਦ ਗਜ਼ਨਵੀ ਦੇ ਹਮਲੇ ਤੋਂ ਸ਼ੁਰੂ ਕਰਦਾ ਜਾਂ ਭਾਰਤੀ ਸੁਤੰਤਰਤਾ ਅੰਦੋਲਨ ਤੋਂ, ਖ਼ਤਮ ਆ ਕੇ ਰੂਸ ਅਤੇ ਚੀਨ ਦੇ ਇਨਕਲਾਬ 'ਤੇ ਹੀ ਕਰਦਾ। ਮਾਸਟਰ ਦੀਆਂ ਗੱਲਾਂ ਸੁਣ ਕੇ ਕਈ ਵਾਰ ਤਾਂ ਖ਼ੂਨ ਖੌਲਣ ਲੱਗ ਜਾਂਦਾ। ਜੀਅ ਕਰਦਾ ਭਗਤ ਸਿੰਘ ਵਾਂਗ ਮੇਰੇ ਕੋਲ ਪਸਤੌਲ ਹੋਵੇ ਪਰ ਇਸ ਨਾਲ਼ ਮਾਰਾਂ ਕਿਸ ਨੂੰ? ਇਹ ਸੋਚਣ 'ਤੇ ਮੇਰੇ ਕੁਝ ਵੀ ਸਮਝ ਨਾ ਆਉਂਦਾ। ਮੈਂ ਪਿੰਡ ਦੇ ਬਹੁਤ ਸਾਰੇ ਬੰਦਿਆਂ ਬਾਰੇ ਸੋਚਦਾ ਕਿਸ ਕਿਸ ਨੂੰ ਮਾਰਨਾ ਚਾਹੀਦਾ ਹੈ। ਇੱਕ-ਇੱਕ ਕਰਕੇ ਕਈ ਚਿਹਰੇ ਅੱਖਾਂ ਸਾਹਮਣੇ ਆਉਂਦੇ, ਪਰ ਦਿਮਾਗ਼ ਕੋਈ ਫ਼ੈਸਲਾ ਨਾ ਕਰ ਸਕਦਾ।
       ਜਿਸ ਦਿਨ ਦਸਵੀ ਦਾ ਰੀਜ਼ਲਟ ਆਇਆ, ਮਾਂ ਨੇ ਚੁੰਮ-ਚੁੰਮ ਮੇਰਾ ਮੂੰਹ ਲਾਲ ਕਰ ਦਿੱਤਾ। ਗਲੀ ਗੁਆਂਢ ਤੇ ਪਿੰਡ 'ਚੋਂ ਮਿਲੀਆਂ ਵਧਾਈਆਂ ਨਾਲ਼ ਮਾਂ ਦੀ ਝੋਲੀ ਭਰ ਗਈ ਸੀ। ਮੈਂ ਸੋਚਦਾ ਹੁੰਦਾ ਸਾਂ ਕਿ ਡਿਗਰੀ ਕਰਦਿਆਂ ਸਾਰ ਕਿਸੇ ਦਫ਼ਤਰ ਦੀ ਖਾਲ਼ੀ ਪਈ ਕੁਰਸੀ 'ਤੇ ਬਿਠਾ ਦਿੱਤਾ ਜਾਵਾਂਗਾ ਪਰ ਕਾਲਜ ਚੋਂ ਡਿਗਰੀ ਲੈ ਕੇ ਨਿਕਲਿਆ ਤਾਂ ਮੇਰੇ ਤੇ ਮਾਂ ਦੇ ਸੁਪਨੇ ਇੱਕ-ਇੱਕ ਕਰਕੇ ਤਿੜਕਣ ਲੱਗੇ। ਕਿਸੇ ਸਰਕਾਰੀ ਦਫ਼ਤਰ ਜਾਂਦਾ ਤਾਂ ਖਾਲੀ ਪਈਆਂ ਕੁਰਸੀਆਂ ਵੱਲ ਵੇਖ ਵੇਖ ਕੇ ਹੈਰਾਨ ਹੁੰਦਾ ਕਿ ਇਹਨਾਂ 'ਚੋਂ ਇੱਕ ਵੀ ਮੇਰੇ ਲਈ ਕਿਉਂ ਨਹੀਂ ? ਆਪਣੇ ਲਈ ਕਿਸੇ ਅਹੁਦੇ ਦੀ ਭਾਲ 'ਚ ਪੰਜਵੇਂ ਸੱਤਵੇਂ ਦਿਨ ਕਿਸੇ ਟੈਸਟ, ਇੰਟਰਵਿਊ 'ਤੇ ਚੜ੍ਹਿਆ ਰਹਿੰਦਾ। ਮੇਰੇ ਟੈਸਟ, ਇੰਟਰਵਿਊ 'ਤੇ ਜਾਣ ਲੱਗਿਆਂ ਮਾਂ ਸੁੱਖਣਾ ਸੁੱਖਦੀ। ਮਿਸਤਰੀ ਨਾਲ ਦਿਹਾੜੀ ਲਾ ਕੇ ਕਮਾਏ ਚਾਰ ਪੈਸੇ ਟੈਸਟ-ਇੰਟਰਵਿਊ ਦੇ ਢਿੱਡ 'ਚ ਜਾ ਵੜਦੇ ਤਾਂ ਬੱਜਰੀ ਵਾਲ਼ੀ ਕੜਾਹੀ ਚੁੱਕਣ ਨਾਲ਼ ਸਿਰ 'ਤੇ ਪੜੇ ਰੋਬੜੇ ਚਸਕਣ ਲੱਗਦੇ। ਘਰ 'ਚ ਕੁੜ-ਕੁੜ ਰਹਿਣ ਲੱਗੀ। ਬਾਪੂ ਹਰ ਵੇਲੇ ਬਿਨਾ ਗੱਲੋਂ ਅਵਾ-ਤਵਾ ਬੋਲਦਾ ਰਹਿੰਦਾ।
      "ਚੜ੍ਹੀ ਰਹਿੰਦੀ ਸੀ ਘੋੜੇ 'ਤੇ ਅਖੇ ਪੁੱਤ ਨੂੰ ਪੜ੍ਹਾ ਕੇ ਵੱਡਾ ਅਪਸਰ ਲੁਆਉਣੈ। ਲੁਆ ਲੈ ਕਾਨੂੰਗੋ। ਕੋਈ ਚਪੜਾਸੀ ਰੱਖਣ ਨੂੰ ਤਿਆਰ ਨ੍ਹੀਂ। ਐਵੇਂ ਘਰੋਂ ਨਿਕਲ ਜਾਂਦਾ ਕੰਮ ਤੋਂ ਟਲਣ ਮਾਰਾ। ਪੈਸੇ ਪੱਟ ਕੇ ਮੁੜ ਆਉਂਦਾ ਤੋਰਾ ਫੇਰਾ ਕਰਕੇ।" ਬਾਪੂ ਦੇ ਬੋਲ ਹਥੋੜੇ ਵਾਂਗੂੰ ਸਿਰ 'ਚ ਵੱਜਦੇ।
      "ਖੌਰੇ ਰੱਬ ਕੰਜਰ ਸਾਡਾ ਈ ਵੈਰੀ ਕਾਹਨੂੰ ਹੋਇਆ ਪਿਆ ? ਮੇਰਾ ਪੁੱਤ ਤਾਂ ਪੜ੍ਹ-ਪੜ੍ਹ ਕੇ ਕਮਲਾ ਹੋ ਗਿਆ। ਸਾਰੀ-ਸਾਰੀ ਦਿਹਾੜੀ ਕਿਤਾਬਾਂ ਨਾਲ ਮੱਥਾ ਮਾਰਦਾ ਰਹਿੰਦੈ। ਸਾਡੀ ਅਵਦੀ ਕਿਸਮਤ ਈ ਮਾੜੀ ਆ। ਸਾਡੇ ਕਰਮਾਂ 'ਚ ਈ ਸੁਖ ਨ੍ਹੀਂ ਲਿਖਿਆ।" ਮਾਂ ਡੁਸਕਣ ਲੱਗਦੀ।
        ਮੈਂ ਮਾਂ ਜਾਂ ਬਾਪੂ ਨੂੰ ਕਦੇ ਨਹੀ ਸੀ ਦੱਸਿਆ ਕਿ ਜਿਸ ਵੀ ਨੌਕਰੀ ਲਈ ਇੰਟਰਵਿਊ ਟੈਸਟ ਦੇਣ ਜਾਈਦਾ ਹੈ, ਉਥੇ ਤਾਂ ਪਹਿਲਾਂ ਹੀ ਵੱਡੇ ਅਫ਼ਸਰਾਂ, ਵਜ਼ੀਰਾਂ ਦਾ ਕੋਈ ਪੁੱਤ-ਭਤੀਜਾ ਜਾਂ ਕੋਈ ਪੈਸੇ ਵਾਲਾ ਰੱਖ ਲਿਆ ਹੁੰਦਾ ਹੈ। ਸੋਚਦਾ ਮਾਂ ਤੇ ਬਾਪੂ ਦੁਖੀ ਹੋਣਗੇ। ਬਾਪੂ ਤਾਂ ਸ਼ਾਇਦ ਦੁਖੀ ਹੋਇਆ ਇਹੀ ਕਹਿ ਦੇਵੇ, "ਹੁਣ ਸਾਡੇ ਹੱਡ ਬਾਕੀ ਰਹਿੰਦੇ ਆ, ਉਹ ਵਿਕਦੇ ਤਾਂ ਵੇਚ ਦੇ।"
      "ਮੇਰੇ ਸਾਲੇ ਆਹ ਵੱਡੇ ਢਿੱਡਾਂ ਆਲ਼ੇ ਕਦੋਂ ਅੱਗੇ ਆਉਣ ਦਿੰਦੇ ਕਿਸੇ ਗਰੀਬ ਨੂੰ। ਲੋਕ ਕੁੜੀ ਦੇ------ ਥੱਦੀਆਂ ਦੀਆਂ ਥੱਦੀਆਂ ਨੋਟਾਂ ਦੀਆਂ ਚੁੱਕੀ ਫਿਰਦੇ ਅਪਸਰਾਂ ਮਗਰ। ਸਾਨੂੰ ਗਰੀਬ ਨੂੰ ਨੌਕਰੀ ਕਿੱਥੇ? ਐਵੇਂ ਗਾਲਤੇ ਐਨੇ ਵਰ੍ਹੇ। ਕਿਸੇ ਮਿਸਤਰੀ ਨਾਲ ਲਾਇਆ ਹੁੰਦਾ, ਹੁਣ ਨੂੰ ਸਿਰੇ ਦਾ ਮਿਸਤਰੀ ਬਣਿਆ ਹੁੰਦਾ। ਪਰ ਚੱਲਣ ਕਿੱਥੇ ਦਿੱਤੀ ਮੇਰੀ----ਤੀਵੀਂ ਨੇ। ਅਖੇ ਅਪਸਰ ਬਣਾਉਣੈ। ਬਣਾਲੈ---।" ਮੈਨੂੰ ਬਾਪੂ 'ਤੇ ਤਰਸ ਵੀ ਆਉਂਦਾ ਤੇ ਇਉਂ ਵੀ ਜਾਪਦਾ ਜਿਵੇਂ ਉਹ ਬਹੁਤ ਵੱਡਾ ਸੱਚ ਬੋਲ ਰਿਹਾ ਹੋਵੇ। ਬਾਪੂ ਨੂੰ ਇਹ ਸਾਰਾ ਕੁੱਝ ਕਿੱਥੋਂ ਪਤਾ ਲੱਗ ਗਿਆ? ਮੇਰੀ ਸਮਝ ਵਿਚ ਨਾ ਆਉਂਦਾ।
       ਰੁਜ਼ਗਾਰ ਦਫ਼ਤਰਾਂ ਦੇ ਧੱਕੇ ਖਾਂਦਿਆ-ਖਾਂਦਿਆਂ ਆਖ਼ਰ ਥੱਕ ਹਾਰ ਕੇ ਸ਼ਹਿਰ ਟਰੱਕਾਂ ਵਾਲ਼ੀ ਵਰਕਸ਼ਾਪ 'ਤੇ ਜਾ ਲੱਗਾ। ਵਿੱਚ-ਵਿਚਾਲੇ ਅਜੇ ਵੀ ਕਿਤੇ-ਨਾ-ਕਿਤੇ 'ਅਹੁਦਾ' ਭਾਲਣ ਤੁਰ ਜਾਈਦਾ। ਵਰਕਸ਼ਾਪ 'ਤੇ ਸਾਰੀ ਦਿਹਾੜੀ ਪੰਸੇਰੀ ਭਾਰ ਦਾ ਘਣ ਚਲਾਉਣਾ ਪੈਂਦਾ। ਹੱਥਾਂ 'ਤੇ ਅੱਟਣ ਬਣ ਗਏ। ਹੱਥਾਂ ਦੇ ਨੀਲ ਵੇਖਦਆਂ ਮੱਲੋ-ਮੱਲੀ ਜਿੰਦਰ ਚੇਤੇ ਆ ਜਾਂਦੀ।
      "ਪਾਲ!" ਆਵਾਜ਼ ਸੁਣ ਕੇ ਮੈਂ ਆਸੇ-ਪਾਸੇ ਵੇਖਿਆ। ਜਿੰਦਰ ਨੂੰ ਆਪਣੀ ਮਾਂ ਨਾਲ ਅੱਡੇ ਵਿਚ ਵੇਖ ਹੈਰਾਨ ਰਹਿ ਗਿਆ ਸਾਂ। ਉਸਨੂੰ ਕਈ ਵਰ੍ਹੇ ਹੋ ਗਏ ਸਨ ਕਨੈਡਾ ਗਿਆਂ। ਮੈਂ ਵੇਖ ਵੇਖ ਹੈਰਾਨ ਹੋ ਰਿਹਾ ਸਾਂ, ਜਿੰਦਰ ਅਜੇ ਵੀ ਕਿੰਨੀ ਸਾਦੀ ਜਿਹੀ ਸੀ।
      "ਪਾਲ ਕੀ ਕਰ ਰਿਹੈਂ ਅੱਜ ਕੱਲ੍ਹ? ਉਸ ਦੀ ਆਵਾਜ਼ 'ਚ ਅਜੇ ਵੀ ਪਹਿਲਾਂ ਵਾਂਗ ਅਪਣਾਪਨ ਸੀ।
     "ਵਰਕਸ਼ਾਪ 'ਚ ਹਥੌੜੇ ਨਾਲ਼ ਠੱਕ-ਠੱਕ।" ਮੈਂ ਨੀਵੀਂ ਜਿਹੀ ਪਾ ਲਈ। ਮੇਰੇ ਚਿਹਰੇ ਉਪਰਲੇ ਹੀਣਤਾ ਭਾਵ ਜਿੰਦਰ ਨੇ ਪੜ੍ਹ ਲਏ ਹੋਣਗੇ। ਮੇਰਾ ਦਿਲ ਕੀਤਾ, ਉਹ ਮੇਰੇ ਹੱਥਾਂ ਨੂੰ ਫੜੇ ਤੇ ਹੱਥਾਂ 'ਤੇ ਪੱਕੇ ਤੌਰ 'ਤੇ ਪੈ ਚੁੱਕੇ ਨੀਲਾਂ ਨੂੰ ਚੁੰਮ ਲਏ। ਮੇਰਾ ਜੀਅ ਕੀਤਾ ਉਹ ਪੁੱਛੇ, "ਐਹ ਨੀਲ ਕਿਉਂ ਪਏ ਨੇ ?" ਤੇ ਮੈਂ ਦੱਸਾਂ ਕਿ ਇਹ ਨੀਲ ਮੈਂ ਆਪਣੀ ਮਰਜ਼ੀ ਨਾਲ਼ ਨਹੀਂ ਪੁਆਏ। ਹੁਣ ਤਾਂ ਨੀਲ ਪਾਉਣ ਦੇ ਜ਼ਿੰਮੇਵਾਰ ਲੋਕਾਂ ਨੂੰ ਨੀਲਾ ਕਰ ਦੇਣ ਬਾਰੇ ਸੋਚਦਾ ਰਹਿੰਦਾ ਹਾਂ।
"ਪਾਲ ਮੈਨੂੰ ਤੇਰੀ ਐਜੂਕੇਸ਼ਨ ਦਾ ਪਤਾ ਐ। ਮੈਂ ਅਕਸਰ ਤੇਰੇ ਬਾਰੇ ਪੁੱਛਦੀ ਰਹਿੰਦੀ ਹਾਂ। ਖ਼ੈਰ ਇਹਦੇ 'ਚ ਨਮੋਸ਼ੀ ਵਾਲ਼ੀ ਕਿਹੜੀ ਗੱਲ ਐ ? ਬਾਹਰਲੇ ਦੇਸ਼ਾਂ 'ਚ ਕਿਸੇ ਵੀ ਕੰਮ ਨੂੰ ਨਫ਼ਰਤ ਨ੍ਹੀਂ ਕੀਤੀ ਜਾਂਦੀ ਭਾਵੇਂ ਕਲੀਨਿੰਗ ਦਾ ਕੰਮ ਈ ਕਿਉਂ ਨਾ ਹੋਵੇ। ਉੁਹਨਾਂ ਲੋਕਾਂ ਦੀ ਤਾਂ ਸੋਚ ਹੈ ਕਿ ਜੋ ਕੰਮ ਸਾਨੂੰ ਰੋਟੀ ਦਿੰਦਾ ਹੈ ਉਹ ਮਾੜਾ ਕਿਵੇ ਹੋਇਆ ?" ਜਿੰਦਰ ਦੇ ਬੋਲਾਂ ਵਿੱਚ ਕਹਿਰਾਂ ਦੀ ਡੂੰਘਿਆਈ ਸੀ। ਉਸ ਦੀਆਂ ਗੱਲਾਂ ਸੁਣਕੇ ਮੈਨੂੰ ਕਾਮਰੇਡ ਮਾਸਟਰ ਦੀਆਂ ਗੱਲਾਂ ਚੇਤੇ ਆਈਆਂ ਸਨ।
         "ਪਰ----?" ਮੈਂ ਜਿੰਦਰ ਨੂੰ ਕਹਿਣਾ ਚਾਹੁੰਦਾ ਵੀ ਕੁੱਝ ਕਹਿ ਨਾ ਸਕਿਆ।
       "ਪਾਲ! ਏਹੀ ਦਸਤੂਰ ਆ ਇੰਡੀਆ ਦਾ। ਜੋ ਯੋਗ ਹੁੰਦਾ ਹੈ ਉਸ ਨੂੰ ਏਥੇ ਮੌਕੇ ਨਹੀਂ ਮਿਲਦੇ ਤੇ ਜਿਸਨੂੰ ਮੌਕੇ ਮਿਲਦੇ ਨੇ ਉਹ ਯੋਗ ਨਹੀਂ ਹੁੰਦਾ।" ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਉਹੋ ਜਿੰਦਰ ਹੈ ਜੋ ਬੜੀ ਮਾਸੂਮ ਤੇ ਭੋਲੀ ਜਿਹੀ ਹੁੰਦੀ ਸੀ। ਇਹ ਐਨੀਆਂ ਸਿਆਣੀਆਂ ਤੇ ਫ਼ਿਲਾਸਫ਼ੀ ਵਾਲ਼ੀਆਂ ਗੱਲਾਂ ਕਿਵੇਂ ਕਰਨ ਲੱਗ ਪਈ ਸੀ।
       "ਪਾਲ ਮੇਰੇ ਹੱਥਾਂ ਵੱਲ ਵੇਖ !" ਜਿੰਦਰ ਨੇ ਦੋਵੇਂ ਹੱਥ ਮੇਰੇ ਅੱਗੇ ਫੈਲਾ ਦਿੱਤੇ। ਉਸਦੇ ਹੱਥਾਂ ਵੱਲ ਵੇਖ ਮੈਨੂੰ ਜਿਵੇਂ ਕਰੰਟ ਲੱਗਾ ਸੀ। ਲੱਗਾ ਜਿਵੇਂ ਮੇਰੇ ਹੱਥ ਜਿੰਦਰ ਦੇ ਹੱਥਾਂ 'ਚ ਵਟ ਗਏ ਹੋਣ। ਮੈਂ ਉਸਦੇ ਹੱਥਾਂ ਵੱਲ ਹੀ ਵੇਖਦਾ ਰਿਹਾ ਤੇ ਕਿੰਨਾ ਚਿਰ ਕੁੱਝ ਬੋਲ ਨਾ ਸਕਿਆ।
      "ਮੇਰੇ ਆਪਣੇ ਹੱਥ ਨੇ! ਉਹੀ ਹੱਥ ਜਿਨ੍ਹਾਂ ਕਦੀ ਡੱਕਾ ਭੰਨ ਕੇ ਦੂਹਰਾ ਨਹੀਂ ਸੀ ਕੀਤਾ। ਹਾਂ ਪਾਲ ਇਹ ਮੇਰੇ ਹੱਥ ਨੇ। ਉਥੇ ਬਾਹਰ ਪਰਿਵਾਰ ਦੇ ਸਾਰੇ ਜੀਅ ਨੂੰ ਕੰਮ ਕਰਨਾ ਪੈਂਦਾ। ਕੋਈ ਵਿਹਲਾ ਨਹੀਂ ਰਹਿੰਦਾ। ਦੋ-ਦੋ ਸ਼ਿਫਟਾਂ ਲਗਾਏ ਬਗ਼ੈਰ ਗੁਜ਼ਾਰਾ ਹੀ ਨਹੀਂ ਹੁੰਦਾ। ਦੇਖ ਫੈਕਟਰੀ ਦੇ ਔਖੇ ਕੰਮ ਨੇ ਮੇਰੇ ਹੱਥਾਂ 'ਤੇ ਗੰਢਾਂ ਪਾ ਦਿੱਤੀਆਂ ਨੇ।"
        ਮੇਰੇ ਅੰਦਰੋਂ ਚੀਸ ਉਠੀ। ਮੇਰਾ ਜੀਅ ਕੀਤਾ ਜਿੰਦਰ ਦੇ ਹੱਥ ਫੜ ਕੇ ਚੁੰਮ ਲਵਾਂ।
      ਜਿੰਦਰ ਦੇ ਚਲੇ ਜਾਣ ਬਾਅਦ ਕਿੰਨਾ ਚਿਰ ਮੈਂ ਆਪਣੇ ਹੱਥਾਂ ਵੱਲ ਵੇਖਦਾ ਰਿਹਾ। ਪ੍ਰਾਇਮਰੀ ਸਕੂਲ, ਘੋਟਾ ਮਾਸਟਰ, ਨਿੰਮ ਦੀਆਂ ਨਮੋਲੀਆਂ, ਕਣਕ ਦੀ ਵਢਾਈ, ਝੋਨੇ ਦਾ ਖੇਤ, ਮੁਰਚ ਮੁਰਚ ਘਾਹ ਖਾਂਦੀ ਮੱਝ, ਮਾਂ ਦੀਆਂ ਅੱਖਾਂ ਦੇ ਹੰਝੂ, ਬਾਪ ਦੀਆਂ ਤਿਊੜੀਆਂ, ਭੈਣਾਂ ਦੇ ਚਿਹਰੇ 'ਤੇ ਉਕਰੀ ਉਦਾਸੀ, ਹਿਸਾਬ ਆਲ਼ੇ ਠਿਗਣੇ ਮਾਸਟਰ ਦੀਆਂ ਦਿਲ ਸਾੜਨ ਵਾਲ਼ੀਆਂ ਗੱਲਾਂ, ਕਾਮਰੇਡ ਮਾਸਟਰ ਦੀ ਔਖੀ ਭਾਰੀ ਫ਼ਿਲਾਸਫ਼ੀ ਤੇ ਗੰਜੇ ਮਾਸਟਰ ਦੀ ਕੁੱਟ-ਸਾਰਾ ਕੁੱਝ ਫਿਲਮ ਦੀ ਰੀਲ ਵਾਂਗ ਇੱਕ-ਇੱਕ ਕਰਕੇ ਅੱਖਾਂ ਅੱਗੋਂ ਲੰਘ ਗਿਆ।
        ਅੱਜ ਫੇਰ ਜਦੋਂ ਸਕੂਲ ਅੱਗੋਂ ਲੰਘਿਆ ਹਾਂ ਤਾਂ ਮਾਂ ਬੜੀ ਚੇਤੇ ਆਈ ਹੈ। ਉਹ ਅਕਸਰ ਕਿਹਾ ਕਰਦੀ, "ਪੁੱਤ ਗਰੀਬੀ ਸਭ ਤੋਂ ਵੱਡੀ ਬਿਮਾਰੀ ਐ।"
      "ਜਿੰਨਾ ਚਿਰ ਕਿਸੇ ਨੂੰ ਗਰੀਬੀ ਦੀ ਬਿਮਾਰੀ ਚਿੰਬੜੀ ਹੋਵੇ ਉਸ ਨੂੰ ਆਪਣੀ ਵਿਦਵਤਾ ਦਾ ਸਹੀ ਮੁੱਲ ਨਹੀਂ ਮਿਲਦਾ।" ਕਾਮਰੇਡ ਮਾਸਟਰ ਵੀ ਗ਼ਰੀਬੀ ਨੂੰ ਬਿਮਾਰੀ ਕਹਿੰਦਾ ਹੁੰਦਾ ਸੀ।
       ਮਾਂ ਦੀ ਗਰੀਬੀ ਨੂੰ ਬਿਮਾਰੀ ਕਹਿਣ ਵਾਲ਼ੀ ਗੱਲ ਪਹਿਲਾਂ-ਪਹਿਲ ਬੜੀ ਅਜੀਬ ਲੱਗਦੀ ਹੁੰਦੀ ਸੀ। ਉਦੋਂ ਸਮਝੀਦਾ ਸੀ ਕਿ ਖੰਘ, ਬੁਖਾਰ ਤੇ ਜ਼ੁਕਾਮ ਹੀ ਬਿਮਾਰੀ ਹੁੰਦੇ ਨੇ। ਗ਼ਰੀਬੀ ਵੀ ਭਿਆਨਕ ਬਿਮਾਰੀ ਐ, ਇਹ ਤਾਂ ਹੁਣ ਪਤਾ ਲੱਗਾ ਹੈ। ਆਪਣੇ ਤੇ ਜਿੰਦਰ ਦੇ ਹੱਥਾਂ ਦੀਆਂ ਗੰਢਾਂ ਚੇਤੇ ਆ ਗਈਆਂ ਨੇ। ਜੀਅ ਕਰਦਾ ਹੈ ਮਾਂ ਨੂੰ ਆਖਾਂ,
"ਮਾਂ ਇਹ ਬਿਮਾਰੀ ਹੱਥਾਂ 'ਤੇ ਗੰਢਾਂ ਵਾਲ਼ਿਆਂ ਸਾਰਿਆਂ ਲੋਕਾਂ ਨੂੰ ਈ ਐ।" ਘੋਟੇ ਮਾਸਟਰ ਦੀ ਨਮੋਲੀਆਂ ਖੁਆਉਣ ਵਾਲੀ ਗੱਲ ਚੇਤੇ ਕਰਦਿਆਂ ਚਿਹਰੇ 'ਤੇ ਮੁਸਕਰਾਹਟ ਫੈਲ ਗਈ ਹੈ। ਉਹ ਕਹਿੰਦਾ ਹੁੰਦਾ ਸੀ, "ਨਮੋਲੀਆਂ ਖਾਣ ਨਾਲ ਛੱਤੀ ਬਿਮਾਰੀਆਂ ਟੁੱਟਦੀਆਂ ਨੇ।" ਉਦੋਂ ਨਮੋਲੀਆਂ ਡਾਹਢੀਆਂ ਕੌੜੀਆਂ ਲੱਗਦੀਆਂ ਸਨ। ਖਾਣ ਤੋਂ ਬਚਣ ਲਈ ਕਈ ਹੀਲੇ ਵਸੀਲੇ ਕਰੀਦੇ ਸਨ। ਰੱਬ ਵਿਚਾਰੇ ਦੀ ਰੂਹ ਨੂੰ ਸ਼ਾਂਤੀ ਬਖਸ਼ੇ, ਜੇ ਘੋਟਾ ਮਾਸਟਰ ਹੁਣ ਹੁੰਦਾ, ਮੈਂ ਉਸਨੂੰ ਆਖਣਾ ਸੀ,
      "ਮਾਸਟਰ ਜੀ, ਤੁਸੀਂ ਜਿੰਨੀਆਂ ਕਹੋ ਮੈਂ ਨਮੋਲੀਆਂ ਖਾਣ ਨੂੰ ਤਿਆਰ ਹਾਂ, ਬੱਸ ਇਹ ਗਰੀਬੀ ਵਾਲੀ ਬਿਮਾਰੀ ਟੁੱਟਣੀ ਚਾਹੀਦੀ।"
    - ਪਰ ਇਹ ਬਿਮਾਰੀ ਛੱਤੀ ਬਿਮਾਰੀਆਂ 'ਚ ਹੋਣੀ ਨ੍ਹੀਂ, ਜੇਕਰ ਹੁੰਦੀ, ਫੇਰ ਮੈਨੂੰ ਨਹੀਂ ਸੀ ਲੱਗਣੀ। ਘੋਟੇ ਮਾਸਟਰ ਨੇ ਨਮੋਲੀਆਂ ਹੀ ਇੰਨੀਆਂ ਖੁਆ ਦਿੱਤੀਆਂ ਨੇ ਬਚਪਨ 'ਚ।

ਕਿੱਥੇ ਕੱਟੇਂਗਾ ਰਾਤ ਵੇ ਟੁੱਟਿਆ ਤਾਰਿਆ - ਗੁਰਮੀਤ ਕੜਿਆਲਵੀ


ਬਹੁਤ ਉਦਾਸ ਖਬਰ ਹੈ। ਡਾ: ਤਾਰਾ ਸਿੰਘ ਸੰਧੂ ਨਹੀਂ ਰਿਹਾ। ਉਹ ਸਿਆਸਤ ਦਾ ਹੰਮਾਯੂ ਸੀ ਜਿਹੜਾ ਸਾਰੀ ਉਮਰ ਥਿੜਕਦਾ ਹੀ ਰਿਹਾ। ਕਿਧਰੇ ਵੀ ਉਸਦੇ ਪੈਰ ਨਹੀਂ ਲੱਗੇ। ਕਿਤੇ ਉਹ ਆਪ ਨਾ ਟਿਕਿਆ ਤੇ ਕਿਤੇ ਧਨਾਢ ਤੇ ਹੰਡੇ ਹੋਏ ਸਿਆਸਤੀਆਂ ਨੇ ਨਾ ਟਿਕਣ ਦਿਤਾ।
        ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੜ੍ਹਦਿਆਂ ਵਿਦਿਆਰਥੀ ਯੂਨੀਅਨ ਏ. ਆਈ. ਐਸ. ਐਫ. ਆਗੂ ਵਜੋਂ ਐਸਾ ਉਭਰਿਆ, ਦੇਸ਼ ਪੱਧਰ 'ਤੇ ਸਥਾਪਤ ਹੋ ਗਿਆ। ਉਹ ਧੱਕੜ ਕਿਸਮ ਦਾ ਬੰਦਾ ਸੀ। ਪ੍ਰਭਾਵਸ਼ਾਲੀ ਬੁਲਾਰਾ। ਉਸਦੀ ਕੁਰਸੀ ਸੀ. ਪੀ. ਆਈ. ਦੇ ਦਿੱਲੀ ਦਫਤਰ 'ਚ ਜਾ ਡੱਠੀ। ਇੰਦਰਜੀਤ ਗੁਪਤਾ ਤੇ ਚਤੁਰਾਰਨ ਮਿਸ਼ਰਾ ਵਰਗੇ ਕੌਮੀ ਆਗੂਆਂ ਦਾ ਨੇੜ ਬਣ ਗਿਆ। ਤਾਰਾ ਸਰਬ ਭਾਰਤ ਨੌਜਵਾਨ ਸਭਾ ਦਾ ਪ੍ਰਧਾਨ ਬਣਕੇ ਦੇਸ਼ ਦੇ ਕੋਨੇ ਕੋਨੇ ਜਾਣ ਲੱਗਾ। ਪਾਰਟੀ ਕਾਰਡ ਜੇਬ 'ਚ ਪਾਈ ਉਸਨੇ ਉੱਤਰੀ ਕੋਰੀਆ ਸਮੇਤ ਅਨੇਕਾਂ ਸਮਾਜਵਾਦੀ ਦੇਸ਼ ਗਾਹ ਮਾਰੇ। ਕਿੰਮ ਉਲ ਜੁੰਗ ਸਮੇਤ ਵੱਡੇ ਵੱਡੇ ਕੌਮਾਂਤਰੀ ਆਗੂਆਂ ਨਾਲ ਫੋਟੋਆਂ ਖਿੱਚੀਆਂ ਗਈਆਂ ਜਿਸਨੂੰ ਉਹ ਚਾਅ ਨਾਲ ਆਪਣੇ ਘਰ ਦੀ ਦੀਵਾਰ 'ਤੇ ਟੰਗੀ ਰੱਖਦਾ। ਉਸਨੇ ਉਤਰੀ ਕੋਰੀਆ ਬਾਰੇ ਬੜਾ ਵਧੀਆ ਸਫਰਨਾਮਾ "ਸੱਦੀ ਹੋਈ ਮਿਤਰਾਂ ਦੀ" ਵੀ ਲਿਖਿਆ। ਦਿੱਲੀ ਰਹਿੰਦਿਆਂ ਉਸਦਾ ਮੇਲ ਸੰਸਦ ਮੈਂਬਰਾਂ ਤੇ ਮੰਤਰੀਆਂ ਨਾਲ ਹੁੰਦਾ ਰਹਿੰਦਾ।
       ਫੇਰ ਪਾਰਟੀ ਨੇ ਚੰਡੀਗੜ੍ਹ ਵੱਲ ਤੋਰ ਦਿੱਤਾ। ਲੇਖਕਾਂ ਦੀ ਸਿਰਮੌਰ ਸੰਸਥਾ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ:) ਦੀਆਂ ਚੋਣਾਂ ਲੜਾ ਦਿਤੀਆਂ। ਤਾਰੇ ਅਨੁਸਾਰ ਇਹ ਵੀ ਕੁੱਝ ਪਾਰਟੀ ਆਗੂਆਂ ਦੇ ਅੰਦਰਲੀ ਬੇਈਮਾਨੀ ਸੀ। ਉਹ ਨਹੀਂ ਸੀ ਚਾਹੁੰਦੇ ਤਾਰਾ ਪਾਰਟੀ ਦਾ ਸਕੱਤਰ ਬਣੇ। ਉਹਨਾਂ ਤਾਰੇ ਨੂੰ ਲੇਖਕਾਂ ਦੀਆਂ ਚੋਣਾਂ 'ਚ ਧੱਕ ਦਿੱਤਾ। ਤਾਰੇ ਦਾ ਲੇਖਕ ਵਜੋਂ ਕੋਈ ਕੱਦ ਨਹੀਂ ਸੀ। "ਚੌਰਸ ਕਿੱਲ" ਵਰਗੇ ਇੱਕਾ ਦੁੱਕਾ ਨਾਟਕ ਹੀ ਲਿਖੇ ਸਨ। ਜਾਂ ਅਖਬਾਰਾਂ ਵਿੱਚ ਆਰਟੀਕਲ ਸਨ। ਪਾਰਟੀ ਦੇ ਉਹ ਆਗੂ ਸੋਚਦੇ ਸਨ ਕਿ ਤਾਰੇ ਨੂੰ ਲੇਖਕਾਂ ਨੇ ਵੋਟਾਂ ਨਹੀਂ ਪਾਉਣੀਆਂ। ਇਹ ਚੋਣ ਹਾਰ ਜਾਵੇਗਾ ਤੇ ਇਸਦੇ ਨਾਲ ਹੀ ਹਾਰ ਜਾਵੇਗੀ ਉਸਦੇ ਅੰਦਰਲੀ ਵੱਡਾ ਆਗੂ ਬਨਣ ਦੀ ਚਾਹਨਾ। ਪਰ ਤਾਰਾ ਸਿੰਘ ਸੰਧੂ ਸਿਰੜੀ ਸੀ। ਚੋਣ ਜਿੱਤਣ ਲਈ ਉਸਨੇ ਪੰਜਾਬ ਦਾ ਕੋਨਾ ਕੋਨਾ ਗਾਹ ਦਿੱਤਾ। ਆਪਣੀ ਮੈਨੇਜਮੈਂਟ ਆਸਰੇ ਉਹ ਚੋਣ ਜਿੱਤ ਗਿਆ।
       ਤਾਰਾ ਸਿੰਘ ਸੰਧੂ ਨੇ ਪੰਜਾਬ ਸੰਕਟ ਦੇ ਉਹਨਾਂ ਦਿਨਾਂ 'ਚ ਕੇਂਦਰੀ ਪੰਜਾਬੀ ਲੇਖਕ ਨੂੰ ਪੂਰੀ ਤਰ੍ਹਾਂ ਸਰਗਰਮ ਕਰੀ ਰੱਖਿਆ। ਸਭਾ ਦੇ ਜਨਰਲ ਸਕੱਤਰ ਰਹੇ ਡਾ. ਰਵਿੰਦਰ ਰਵੀ ਦੇ ਨਾਂ ਹੇਠ "ਰਵੀ ਪਾਸ਼ ਪੰਜਾਬੀ ਚੇਤਨਾ ਕਾਰਵਾਂ" ਸ਼ੁਰੂ ਕੀਤਾ। ਵੱਡੀਆਂ ਕਲਮਾਂ ਉਸਦੇ ਇਹਨਾਂ ਕਦਮਾਂ ਨੂੰ ਦੂਰੋਂ ਦੂਰੋਂ ਵੇਖਦੀਆਂ ਰਹਿੰਦੀਆਂ। ਜਿੰਨੇ ਲੇਖਕ--ਉੱਨੇ ਹੀ ਧੜੇ। ਤਾਰਾ ਲੇਖਕਾਂ ਅੰਦਰਲੀ ਧੜੇਬੰਦੀ ਤੋਂ ਨਿਰਾਸ਼ ਹੋ ਗਿਆ। ਦਰਅਸਲ ਇਹ ਧੜੇਬੰਦੀ ਲੇਖਕਾਂ ਅੰਦਰ ਨਹੀਂ ਸੀ, ਪਾਰਟੀਆਂ ਅੰਦਰਲੀ ਸੀ ਜੋ ਲੇਖਕਾਂ ਅੰਦਰ ਤੁਰੀ ਫਿਰਦੀ ਸੀ ਤੇ ਹੈ। ਡਾ. ਸੰਧੂ ਨੇ ਆਪਣੇ ਪ੍ਰਧਾਨ ਤੇ ਉੱਚ ਦੁਮਾਲੜੇ ਵਾਲੇ ਸਾਹਿਤਕਾਰ ਸੰਤੋਖ ਸਿੰਘ ਧੀਰ ਦੀ ਰਹਿਨੁਮਾਈ ਹੇਠ ਵੱਡੇ ਵੱਡੇ ਸਮਾਗਮ ਕਰ ਵਿਖਾਏ। ਜਿਵੇਂ ਕਿਵੇਂ ਉਸਨੇ ਆਪਣੀ ਜਨਰਲ ਸਕੱਤਰੀ ਨਿਭਾਅ ਦਿੱਤੀ।
      ਫਿਰ ਇਕ ਦਿਨ ਤਾਰਾ ਅਖਬਾਰਾਂ ਦੀ ਮੁੱਖ ਖਬਰ 'ਚ ਚਮਕਿਆ। ਲੇਖਕਾਂ ਤੇ ਆਮ ਲੋਕਾਂ ਲਈ ਇਹ ਕੋਈ ਚੰਗੀ ਖਬਰ ਨਹੀਂ ਸੀ। ਤਾਰਾ ਸਿੰਘ ਸੰਧੂ ਵਾਇਆ ਤੇਜ ਤਰਾਰ ਆਗੂ ਜਗਮੀਤ ਸਿੰਘ ਬਰਾੜ, ਨਰਾਇਣ ਦੱਤ ਤਿਵਾੜੀ ਅਤੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਤੇ ਲੌਂਗੋਵਾਲ ਰਾਜੀਵ ਸਮਝੌਤੇ ਦੇ ਕਰਨਧਾਰ ਅਰਜਨ ਸਿੰਘ ਵਲੋਂ ਕਾਂਗਰਸ ਤੋਂ ਅੱਡ ਹੋ ਕੇ ਬਣਾਈ "ਤਿਵਾੜੀ ਕਾਂਗਰਸ" ਦੀ ਦਲਦਲ 'ਚ ਉਤਰ ਗਿਆ। ਉਦੋਂ ਪ੍ਰਕਾਸ਼ ਨੇ ਪੰਜਾਬੀ ਟ੍ਰਿਬਿਊਨ ਵਿੱਚ "ਕਿੱਥੇ ਕੱਟੇਂਗਾ ਰਾਤ ਵੇ ਟੁੱਟਿਆ ਤਾਰਿਆ" ਸਿਰਲੇਖ ਨਾਲ ਲੇਖ ਲਿਖਿਆ ਸੀ। ਇਹ ਤਾਰੇ ਦੇ ਮਾੜੇ ਦੌਰ ਦੀ ਸ਼ੁਰੂਆਤ ਸੀ। ਜਿਹੜਾ ਤਾਰਾ ਦੇਸ਼ ਦੀ ਰਾਜਨੀਤੀ ਦੇ ਆਕਾਸ਼ 'ਤੇ ਚਮਕਦਾ ਸੀ, ਉਹ ਹੁਣ ਸਰਮਾਏਦਾਰੀ ਦੀ ਚਕਾਚੌਂਧ ਵਿੱਚ ਆਕੇ ਉੱਕਾ ਧੁੰਦਲਾ ਹੋ ਗਿਆ ਸੀ।
       ਜਿੰਨਾਂ ਸਮਿਆਂ 'ਚ ਤਾਰੇ ਨੇ ਸੀ. ਪੀ. ਆਈ. ਨੂੰ ਅਲਵਿਦਾ ਆਖੀ, ਕੇਂਦਰ 'ਚ ਹਰਦਨਹਾਲੀ ਡੋਡੇਗੌੜਾ ਦੇਵਗੌੜਾ ਦੀ ਅਗਵਾਈ 'ਚ ਸਾਂਝੇ ਮੋਰਚੇ ਦੀ ਰਲੀ ਮਿਲੀ ਸਰਕਾਰ ਬਣ ਗਈ। ਇੰਦਰਜੀਤ ਗੁਪਤਾ ਦੇਸ਼ ਦੇ ਗ੍ਰਹਿ ਮੰਤਰੀ ਬਣ ਗਏ। ਕਾਮਰੇਡ ਚਤੁਰਾਰਨ ਮਿਸ਼ਰਾ ਖੇਤੀਬਾੜੀ ਮੰਤਰੀ ਬਣੇ। ਤਾਰੇ ਦੇ ਯਾਰਾਂ 'ਚ ਅਕਸਰ ਗੱਲਾਂ ਚੱਲਦੀਆਂ, "ਜੇ ਤਾਰਾ ਪਾਰਟੀ ਨਾ ਛੱਡਦਾ, ਇੰਦਰਜੀਤ ਗੁਪਤਾ ਦਾ ਨਿੱਜੀ ਸਹਾਇਕ ਹੁੰਦਾ।" ਤਾਰਾ ਕਿਸੇ ਹੋਰ ਉੱਚੀ ਪੁਜ਼ੀਸ਼ਨ 'ਤੇ ਵੀ ਹੋ ਸਕਦਾ ਸੀ। ਇਹ ਉਹੀ ਸਮਾਂ ਸੀ ਜਦੋਂ ਮਹਿਜ਼ ਸਿੱਖ ਚਿਹਰੇ ਨੂੰ ਮੰਤਰੀ ਬਣਾਉਣ ਖਾਤਰ ਹੀ ਸ੍ ਬਲਵੰਤ ਸਿੰਘ ਰਾਮੂਵਾਲੀਆ ਨੂੰ ਦੇਵਗੌੜਾ ਸਰਕਾਰ 'ਚ ਸਮਾਜ ਭਲਾਈ ਮੰਤਰਾਲਾ ਮਿਲ ਗਿਆ ਸੀ। ਲੋਕ ਤਾਂ ਇਹ ਵੀ ਆਖਦੇ ਸਨ, "ਤਾਰਾ ਪਾਰਟੀ 'ਚ ਟਿਕਿਆ ਰਹਿੰਦਾ ਤਾਂ ਹੋ ਸਕਦਾ ਰਾਮੂੰਵਾਲੀਏ ਦੀ ਥਾਂ ਉਹੀ ਕੈਬਨਿਟ ਵਜ਼ੀਰ ਹੁੰਦਾ।" ਪਰ ਜੇ ਕਦੋਂ ਕਿਸੇ ਦੇ ਹੱਥ ਆਈ ਹੈ।
        ਫਿਰ ਤਾਰਾ ਸਿੰਘ ਸੰਧੂ ਆਪਣੇ ਆਗੂ ਜਗਮੀਤ ਸਿੰਘ ਬਰਾੜ ਦੇ ਨਾਲ ਹੀ ਕਾਂਗਰਸ 'ਚ ਆ ਵੜਿਆ। ਬਰਾੜ ਨੇ ਸਰਕਾਰ 'ਚ ਆਪਣੇ ਗਰੁੱਪ ਦੇ ਹਿਸੇ ਆਉਂਦੀ ਚੇਅਰਮੈਨੀ ਕੁਲਬੀਰ ਸਿੰਘ ਸਿਧੂ ਨੂੰ ਦੁਆ ਦਿਤੀ। ਭਰਾ ਰਿਪਜੀਤ ਸਿੰਘ ਬਰਾੜ ਕੋਟ ਕਪੂਰੇ ਤੋ ਐਮ. ਐਲ. ਏ. ਬਣਾ ਲਿਆ ਸੀ। ਤਾਰਾ ਸਿੰਘ ਸੰਧੂ ਨੂੰ ਜਿਲ੍ਹਾ ਮੋਗਾ ਦੀ ਕਾਂਗਰਸ ਦਾ ਪ੍ਰਧਾਨ ਬਣਾ ਦਿੱਤਾ। ਉਸਨੇ ਚੰਡੀਗੜ੍ਹ ਤੋਂ ਮੋਗੇ ਆ ਡੇਰੇ ਲਾਏ।
       ਹੁਣ ਤਾਰਾ ਸੱਤਾਧਾਰੀ ਪਾਰਟੀ ਦਾ ਜਿਲ੍ਹਾ ਪ੍ਰਧਾਨ ਸੀ। ਉਸਨੇ ਮੋਗੇ 'ਚ ਪਾਰਟੀ ਦਾ ਸ਼ਾਨਦਾਰ ਦਫਤਰ ਖੋਲਿਆ। ਹਰ ਰੋਜ ਸੈਂਕੜੇ ਲੋਕ ਦਫਤਰ 'ਚ ਆਉਂਦੇ। ਤਾਰੇ ਨੂੰ ਪ੍ਰਧਾਨ ਜੀ ਪ੍ਰਧਾਨ ਜੀ ਕਰਦੇ। ਹੁਣ ਅਫਸਰਾਂ ਦੇ ਫੋਨ ਸਨ, ਕਰਮਚਾਰੀਆਂ ਦੀਆਂ ਇਧਰੋਂ ਓਧਰ ਦੀਆਂ ਬਦਲੀਆਂ ਸਨ, ਕੋਈ ਨਾ ਕੋਈ ਉਦਘਾਟਨ ਸੀ, ਕਿਸੇ ਨਾ ਕਿਸੇ ਫੰਕਸ਼ਨ ਦੀ ਪ੍ਰਧਾਨਗੀ ਸੀ, ਬੱਲੇ ਬੱਲੇ ਸੀ, ਵਾਹ ਵਾਹ ਸੀ। ਦਾਰੂ ਸੀ, ਮਹਿਫਲਾਂ ਸਨ। ਭਟਕਣਾ ਸੀ, ਤੇ ਆਲੇ ਦੁਆਲੇ ਮੌਕਾਪ੍ਰਸਤ ਯਾਰਾਂ ਦਾ ਜਮਾਵੜਾ। ਉਹ ਸਾਰਾ ਕੁੱਝ ਸੀ ਜੋ ਸਿਆਸਤ ਵਿੱਚ ਕੁਰਸੀ ਵਾਲਿਆਂ ਕੋਲ ਹੁੰਦਾ ਹੈ ਪਰ ਜੇ ਕੁੱਝ ਨਹੀਂ ਸੀ ਤਾ ਉਹ ਸੀ - ਸਥਿਰਤਾ, ਸਹਿਜਤਾ ਤੇ ਸ਼ਾਂਤੀ। ਸਿਆਸਤਦਾਨਾਂ ਵਾਂਗ ਉਸਦਾ ਧਿਆਨ ਵੀ ਜਿਲ੍ਹਾ ਪ੍ਰਧਾਨੀ ਵਾਲੀ ਕੁਰਸੀ ਬਚਾਉਣ 'ਚ ਲੱਗਾ ਰਹਿੰਦਾ। ਉਹ ਭਿੰਡਰ ਖੁਰਦ ਦੇ ਨਾ-ਮਾਤਰ ਜ਼ਮੀਨ ਵਾਲੇ ਪਰਿਵਾਰ ਦਾ ਪੁੱਤ ਸੀ। ਧਨਾਢ ਆਗੂ ਉਸਦੇ ਪੈਰ ਲੱਗਣ ਹੀ ਨਹੀਂ ਸਨ ਦੇ ਰਹੇ। ਉਹ ਅੰਦਰੋਂ ਨਿਰਾਸ਼ ਸੀ। ਕਿਤਾਬਾਂ ਵਾਲੇ ਕੋਲੋਂ ਕਿਤਾਬ ਖੁੱਸ ਗਈ ਸੀ। ਸ਼ਬਦਾਂ ਕੋਲੋਂ ਦੂਰ ਜਾਕੇ ਉਹ ਛਟਪਟਾ ਰਿਹਾ ਸੀ। ਉਹ ਸਾਹਿਤਕ ਮਹਿਫਲਾਂ ਲਈ ਸਹਿਕਣ ਲੱਗਾ। ਉਹ ਸਾਹਿਤ ਅਤੇ ਸਿਆਸਤ ਵਿੱਚ ਪੈਂਡੂਲਮ ਵਾਂਗ ਲਟਕਦਾ ਰਹਾ। ਉਹ ਸਾਹਿਤ ਨੂੰ ਮੁਹੱਬਤ ਕਰਨ ਵਾਲੀ ਰੂਹ ਸੀ ਜੋ ਸਿਆਸਤ ਦੀ ਕਦਰਹੀਣ ਭੀੜ 'ਚ ਬੇਚੈਨ ਹੋਈ ਭਟਕਦੀ ਸੀ।
      ਫਿਰ ਕਾਂਗਰਸ 'ਚ ਸ੍ਰ ਜਗਮੀਤ ਸਿੰਘ ਬਰਾੜ ਦੀ ਸੱਦ ਪੁੱਛ ਘਟ ਗਈ। ਤਾਰੇ ਦੀ ਪ੍ਰਧਾਨਗੀ ਚਲੇ ਗਈ। ਆਰਥਿਕ ਪੱਖੋਂ ਤਾਂ ਉਹ ਪਹਿਲਾਂ ਹੀ ਟੁੱਟਿਆ ਹੋਇਆ ਸੀ, ਹੁਣ ਰਾਜਨੀਤਕ ਪੱਖੋਂ ਵੀ ਟੁੱਟ ਗਿਆ ਸੀ। ਵੇਲੇ ਨਾਲ ਉਸਨੇ ਆਪਣੀ ਵਫਾਦਾਰੀ ਬਦਲਣ ਦੀ ਚਾਲ ਵੀ ਖੇਡੀ ਪਰ ਸਿਆਸਤ ਵਾਲੀ ਚਿੜੀ ਨੇ ਉਸਨੂੰ ਲੜ ਨਾ ਫੜਾਇਆ। ਉਹ ਅਖਬਾਰਾਂ 'ਚ ਲੇਖ ਲਿਖਕੇ ਵੱਡੇ ਆਗੂ ਨੂੰ ਖੁਸ਼ ਕਰਨ ਦੇ ਅਸਫਲ ਯਤਨ ਕਰਦਾ ਰਿਹਾ। ਉਸਦੇ ਕੋਈ ਯਤਨ ਕਾਮਯਾਬ ਨਹੀਂ ਹੋ ਸਕੇ। ਉਸਦੇ ਹਿਸੇ ਨਾ ਪੀ. ਪੀ. ਐਸ. ਸੀ. ਦੀ ਮੈਂਬਰੀ ਆਈ, ਨਾ ਐਸ. ਐਸ. ਬੋਰਡ ਦੀ। ਉਸਨੂੰ ਤਾਂ ਜਿਲ੍ਹਾ ਪੱਧਰ ਦੀ ਕੋਈ ਚੇਅਰਮੈਨੀ ਵੀ ਨਾ ਜੁੜ ਸਕੀ। ਇਹ ਉਸਦੇ ਬੁਰੇ ਦਿਨਾਂ ਦੀ ਕੁੱਝ ਕੁੱਝ ਸ਼ੁਰੂਆਤ ਸੀ।
       ਫਿਰ ਬਹੁਤ ਹੀ ਮਾੜੀਆਂ ਘਟਨਾਵਾਂ ਵਾਪਰ ਗਈਆਂ। ਉਹ ਘਟਨਾਵਾਂ ਜਿਸਦਾ ਕਿਆਸ ਮੇਰੇ ਜਿਹੇ ਲੋਕਾਂ ਨੇ ਉੱਕਾ ਹੀ ਨਹੀਂ ਸੀ ਕੀਤਾ। ਤਾਰੇ ਦੇ ਚਮਕਣ ਵਾਲੇ ਅਕਸ 'ਤੇ ਜਿਵੇਂ ਚਿੱਕੜ ਦਾ ਭਰਿਆ ਬੁੱਕ ਆ ਡਿੱਗਿਆ ਹੋਵੇ। ਆਪਣੇ ਪਰਿਵਾਰ ਨਾਲ ਉਸਦੀ ਮਹਾਂਭਾਰਤ ਚੱਲਣ ਲੱਗੀ। ਰਿਸ਼ਤਿਆਂ ਦੀ ਮਹਾਂਭਾਰਤ ਵਿੱਚ ਉਹ ਬੁਰੀ ਤਰ੍ਹਾਂ ਹਾਰ ਗਿਆ। ਅਸੀਂ ਉਦੋਂ ਹੀ ਸੋਚ ਲਿਆ ਸੀ ਕਿ ਤਾਰਾ ਟੁੱਟ ਜਾਵੇਗਾ।
      ਤਾਰਾ ਸਿੰਘ ਸੰਧੂ ਯਾਰਾ ਦਾ ਯਾਰ ਸੀ। ਉਹ ਖੂਬਸੂਰਤ ਦਿਲ ਵਾਲਾ ਇਨਸਾਨ ਸੀ। ਉਹ ਸ਼ਾਨਦਾਰ ਤੇ ਪ੍ਰਭਾਵਸ਼ਾਲੀ ਬੁਲਾਰਾ ਸੀ। ਵੱਡਾ ਚਿੰਤਕ ਸੀ। ਜਥੇਬੰਦਕ ਵਿਉਂਤਬੰਦੀ ਦਾ ਮਾਹਰ। "ਹਿੰਦ ਪਾਕਿ ਮਿੱਤਰਤਾ ਮੇਲਾ" ਉਸਦੇ ਦਿਮਾਗ ਦੀ ਵਿਲੱਖਣ ਉਪਜ ਸੀ। ਉਸਨੇ ਸਰਹੱਦ 'ਤੇ ਮੇਲਾ ਲਾ ਕੇ ਵੰਡ ਵੇਲੇ ਬੇਮੌਤ ਮਾਰੇ ਗਏ ਲੱਖਾਂ ਪੰਜਾਬੀਆਂ ਦੀ ਯਾਦਗਾਰ ਬਣਾਈ ਤੇ ਉਪਰ ਫੈਜ਼ ਅਹਿਮਦ ਫੈਜ਼ ਦੀ ਨਜ਼ਮ "ਜੋ ਤਾਰੀਖ ਰਾਹੋਂ ਮੇ ਮਾਰੇ ਗਏ" ਉਕਰਵਾਈ। ਉਹ ਯਾਰਾ ਲਈ ਪੁੱਲ ਬਨਣਾ ਜਾਣਦਾ ਸੀ। ਬਹੁਤ ਸਾਰੇ ਲੋਕ ਉਸਨੂੰ ਪੌੜੀ ਬਣਾਕੇ ਬਹੁਤ ਉੱਚੇ ਚੜ ਗਏ ਪਰ ਉਹ ਪੌੜੀ ਦੇ ਹੇਠਲੇ ਡੰਡੇ ਨੂੰ ਹੀ ਹੱਥ ਪਾਈ ਖੜਾ ਰਿਹਾ। ਉਹਦਾ ਸਫਰ ਉਪਰ ਤੋਂ ਹੇਠਾਂ ਵੱਲ ਦਾ ਹੈ। ਸਰਵ ਭਾਰਤ ਨੌਜਵਾਨ ਸਭਾ ਦਾ ਕੌਮੀ ਪੱਧਰ ਦਾ ਪ੍ਰਧਾਨ ਹੁੰਦਿਆਂ ਕੇਂਦਰ ਦੇ ਮੰਤਰੀਆਂ ਨਾਲ ਬੈਠਦਾ ਉੱਠਦਾ ਸੀ। ਵਿਦੇਸ਼ਾਂ ਵਿੱਚ ਪਾਰਟੀ ਡੈਲੀਗੇਟ ਵਜੋਂ ਜਾਂਦਾ ਸੀ। ਫੇਰ ਚੰਡੀਗੜ੍ਹ ਆਕੇ ਪੰਜਾਬ ਜੋਗਾ ਰਹਿ ਗਿਆ। ਲੇਖਕ ਸਭਾ ਦਾ ਜਨਰਲ ਸਕੱਤਰ ਬਣਕੇ ਪੰਜਾਬ ਦੇ ਐਮ ਐਲਿਆਂ ਤੇ ਮੰਤਰੀਆਂ ਨੂੰ ਮਿਲਣ ਗਿਲਣ ਲੱਗਾ। ਫੇਰ ਹੋਰ ਥੱਲੇ ਨੂੰ ਖਿਸਕਿਆ ਤਾਂ ਕਾਂਗਰਸ ਦੀ ਜਿਲ੍ਹਾ ਪ੍ਰਧਾਨਗੀ ਮਿਲ ਗਈ। ਇਥੇ ਉਹ ਪਿੰਡਾਂ ਦੇ ਸਰਪੰਚਾਂ ਨੂੰ ਮਿਲਣ ਲੱਗਾ।
    ….ਤੇ ਵਕਤ ਨੇ ਉਸਨੂੰ ਇਥੋਂ ਵੀ ਹੇਠਾਂ ਵੱਲ ਧੱਕ ਦਿੱਤਾ। ਉਹ ਪਿੰਡ ਰਹਿਣ ਲੱਗਾ। ਪਿੰਡ ਦੀ ਸੱਥ 'ਚ ਬੈਠੇ ਵਿਹਲੜ ਬੰਦੇ ਨੂੰ ਨਹੀਂ ਸੀ ਪਤਾ ਕਿ ਉਹਨਾਂ ਦੇ ਪਿੰਡ ਵਾਲਾ ਇਹ "ਤਾਰਾ" ਕਦੇ ਬਹੁਤ ਉੱਚਾ ਚਮਕਦਾ ਰਿਹਾ ਹੈ। ਉਹ ਦਾਰੂ ਪੀ ਕੇ ਤਾਰੇ ਨਾਲ ਜੱਬਲੀਆਂ ਮਾਰਨ ਬਹਿ ਜਾਂਦਾ। ਤਾਰਾ ਮੱਥਾ ਫੜ ਲੈਂਦਾ।
   ਤਾਰਾ ਆਪਣੀ ਹੋਣੀ 'ਤੇ ਅੰਦਰ ਹੀ ਅੰਦਰ ਝੂਰਦਾ। ਉਦਾਸ ਹੋਇਆ ਆਖਦਾ, "ਆਹ ਦਿਨ ਵੀ ਵੇਖਣੇ ਸਨ ?"
ਹੁਣੇ ਉਦਾਸ ਕਰ ਦੇਣ ਵਾਲੀ ਖਬਰ ਆਈ ਹੈ--ਤਾਰਾ ਟੁੱਟ ਗਿਆ ਹੈ।
ਤਾਰਾ ਟੁੱਟਦਾ ਹੈ ਤਾਂ ਇਕ ਲੰਬੀ ਲਕੀਰ ਪਿੱਛੇ ਛੱਡ ਜਾਂਦਾ ਹੈ।