ਪਕੜ ਲਏ ਕਿਸਾਨਾਂ ਨੇ .... - ਹਰਜਿੰਦਰ ਗੁਲਪੁਰ
ਹਾਕਮ ਸੋਚਦਾ ਦਿੱਲੀ ਦੇ ਵਿੱਚ ਬਹਿਕੇ,
ਕੇਹੜੀ ਤਰ੍ਹਾਂ ਕਿਸਾਨਾਂ ਨੂੰ ਪਾੜ ਦੇਈਏ।
ਜੇ ਭੁੱਲ ਕੇ ਨਿੱਕੀ ਜੀ ਕਰਨ ਗਲਤੀ,
ਕਟਕ ਫੌਜਾਂ ਦੇ ਉਨ੍ਹਾਂ ਤੇ ਚਾੜ੍ਹ ਦੇਈਏ।
ਆਗੂ ਸੋਚਦੇ ਧੁਖਦੀਆਂ ਧੂਣੀਆਂ ਤੇ,
ਜਾਕੇ ਰੋਟੀਆਂ ਅਸੀਂ ਵੀ ਰਾੜ੍ਹ ਦੇਈਏ।
ਕਿਰਤੀ ਸੋਚਦੇ ਆਪਸੀ ਏਕਤਾ ਨੂੰ,
ਆਓ ਘੋਲਾਂ ਦੀ ਭੱਠੀ ਤੇ ਕਾੜ੍ਹ ਦੇਈਏ।
ਕੀਤਾ ਹੁਕਮ ਸਰਕਾਰ ਨੇ ਪਲਟਣਾਂ ਨੂੰ,
ਸੁੱਤੇ ਸੈੱਲ ਕੁੱਝ ਤੰਬੂ ਵਿੱਚ ਵਾੜ ਦੇਈਏ।
ਭੇਖ ਧਾਰੀ ਗਦਾਰਾਂ ਦੀ ਆੜ ਥੱਲੇ ,
ਜਾ ਕੇ ਰੈਣ ਬਸੇਰੇ ਕੁੱਝ ਸਾੜ ਦੇਈਏ।
ਛੱਡਿਆ ਜਦੋਂ ਅੰਦੋਲਨ ਵਿੱਚ ਖੰਦਿਆਂ ਨੂੰ,
ਨਾਲ ਪਿੱਠ ਦੇ ਉੱਤੇ ਸਰਕਾਰ ਆਗੀ।
ਪਕੜ ਲਏ ਕਿਸਾਨਾਂ ਨੇ ਗਿੱਚੀਆਂ ਤੋਂ,
ਕੱਠੀ ਹੋ ਕੇ ਪਿੰਡਾਂ ਦੀ ਵਾਅਰ ਆਗੀ।
ਕਾਮ ਉੱਚਾ - ਹਰਜਿੰਦਰ ਸਿੰਘ ਗੁਲਪੁਰ
ਆਮ ਬੰਦੇ ਦੇ ਵੱਸ ਦਾ ਰੋਗ ਹੈ ਨੀ,ਪੱਤਰਕਾਰੀ ਦਾ ਬਹੁਤ ਮੁਕਾਮ ਉੱਚਾ।
'ਪੀਲੇ ਫੁੱਲਾਂ' ਦੀ ਹੈ ਭਰਮਾਰ ਹੋਈ,ਇਸ ਬਾਗ ਦੇ ਵਿੱਚ ਬਦਨਾਮ ਉੱਚਾ।
ਗੁਰੂਆਂ ਪੀਰਾਂ ਦੇ ਨਾਲ ਹੈ ਭਰੀ ਧਰਤੀ,ਮੇਰੇ ਦੇਸ ਦੇ ਵਿੱਚ ਹੈ ਰਾਮ ਉੱਚਾ।
ਜੀਹਦੇ ਵਿੱਚ ਨੇ ਰਾਜਸੀ ਲੋਕ ਨਾਉਂਦੇ,ਬਣਿਆ ਹੋਆ ਹੈ ਬੜਾ ਹਮਾਮ ਉੱਚਾ।
ਹੱਥ ਜੋੜ ਸ਼ਿਕਾਰੀ ਦੇ ਵਾਂਗ ਨਿਉਂਦੇ,ਹੁੰਦਾ ਜਿਹਨਾਂ ਦਾ ਕੰਮ ਤਮਾਮ ਉੱਚਾ।
ਨਾਮ ਵਾਲੇ ਦਾ ਮੁੱਲ ਤਾਂ ਤਹਿ ਹੁੰਦਾ, ਗੁੰਮਨਾਮ ਦਾ ਹੁੰਦਾ ਹੈ ਦਾਮ
ਉੱਚਾ।
ਲੱਖਾਂ ਅਤੇ ਹਜ਼ਾਰਾਂ ਨੇ ਧਾਮ ਇੱਥੇ, ਅਜੇ ਤੱਕ ਹੈ ਹਾਕਮ ਦਾ ਧਾਮ ਉੱਚਾ।
ਗੱਲ ਕਰਕੇ ਸਾਰਿਆਂ ਆਸ਼ਕਾਂ ਦੀ,ਕੋਈ ਆਖਦਾ ਸ਼ਾਹ ਬਹਿਰਾਮ ਉੱਚਾ ।
ਜਿਹੜਾ ਆਖਦਾ ਹੱਕ ਹਲਾਲ ਉੱਚਾ, ਉਹੀ ਆਖਦਾ ਹੱਡ ਹਰਾਮ ਉੱਚਾ
ਕੋਈ ਆਖਦਾ ਕੁੱਤਬ ਮੀਨਾਰ ਉੱਚਾ, ਕੋਈ ਆਖਦਾ ਰੱਬ ਦਾ ਨਾਮ ਉੱਚਾ।
ਆਏ ਵਰਜਦੇ ਸਦਾ ਬ੍ਰਹਮਚਾਰੀ, ਹੁੰਦਾ ਜਿੰਦਗੀ ਅੰਦਰ ਹੈ ਕਾਮ ਉੱਚਾ।
ਪਛਤਾਵੇ ਦਾ ਪਰਛਾਵਾਂ (ਪਿੰਡ ਚਣਕੋਆ ਦੀ ਲਹੂ ਭਿੱਜੀ ਦਾਸਤਾਨ) - ਹਰਜਿੰਦਰ ਸਿੰਘ ਗੁਲਪੁਰ
ਬਲਾਚੌਰ ਤੋੰ ਗੜਸ਼ੰਕਰ ਜਾਣ ਵਾਲੀ ਮੁੱਖ ਸੜਕ ਦੇ ਸੱਤਵੇਂ ਕਿਲੋਮੀਟਰ ਤੇ ਸੱਜੇ ਪਾਸੇ 1947 ਵਿੱਚ ਉੱਜੜ ਕੇ ਵਸਿਆ ਇੱਕ ਪਿੰਡ ਹੈ ਚਣਕੋਆ । ਦੇਸ ਦੀ ਵੰਡ ਤੋਂ ਪਹਿਲਾਂ ਇਹ ਮੁਸਲਮਾਨਾਂ ਦਾ ਘੁੱਗ ਵਸਦਾ ਪਿੰਡ ਹੁੰਦਾ ਸੀ। ਇਸ ਇਲਾਕੇ ਵਿੱਚ ਮੁਸਲਮਾਨ ਬਹੁ ਗਿਣਤੀ ਵਾਲੇ ਟਾਵੇਂ ਟਾਵੇਂ ਹੋਰ ਪਿੰਡ ਵੀ ਸਨ । ਕਰਾਵਰ, ਰੁੜਕੀ ਮੁਗਲਾਂ, ਚਣਕੋਈ ਅਤੇ ਸਾਹਿਬਾ ਆਦਿ। ਉਂਝ 2,4 ਘਰ ਮੁਸਲਮਾਨ ਤੇਲੀਆਂ ਅਤੇ ਜੁਲਾਹਿਆਂ ਦੇ ਤਕਰੀਬਨ ਹਰ ਪਿੰਡ ਵਿੱਚ ਸਨ । ਮੁਸਲਮਾਨਾਂ ਦਾ ਹਿੰਦੂ ਅਤੇ ਸਿੱਖਾਂ ਦੇ ਪਿੰਡਾਂ ਨਾਲ ਬਹੁਤ ਸਹਿਚਾਰ ਸੀ । ਸਾਰੇ ਇੱਕ ਦੂਜੇ ਦੀ ਇੱਜਤ ਦੇ ਸਾਂਝੀ ਸਨ। ਰਹਿਮਤ ਖਾਂ (ਰਹਿਮਾ) ਦੀ ਸਖਾਵਤ ਦੀਆਂ ਗੱਲਾਂ ਬਜ਼ੁਰਗਾਂ ਨੂੰ ਕਰਦੇ ਅਕਸਰ ਸੁਣਦੇ ਰਹੇ ਹਾਂ । ਇਥੋਂ ਦਾ ਪ੍ਰਾਇਮਰੀ ਸਕੂਲ 1947 ਤੋਂ ਪਹਿਲਾਂ ਦਾ ਹੈ। ਇਥੋਂ ਦੇ ਅਧਿਆਪਕ ਫਤਿਹ ਮੁਹੰਮਦ ਨੂੰ ਕੌਣ ਨਹੀਂ ਜਾਣਦਾ ਸੀ। ਇਸ ਹਲਕੇ ਦੇ ਸਾਰੇ ਸਥਾਨਕ ਆਗੂ ਉਸ ਦੇ ਸ਼ਗਿਰਦ ਸਨ । ਹੁਣ ਸ਼ਾਇਦ ਉਹਦਾ ਕੋਈ ਸ਼ਹਿਰਦ ਜਿਉਂਦਾ ਨਹੀਂ ਹੋਵੇਗਾ।
ਤੱਤੀਆਂ ਹਵਾਵਾਂ ਚੱਲਦਿਆਂ ਦੇਰ ਨਹੀਂ ਲਗਦੀ। ਅਜਾਦੀ ਤੋਂ 2-3 ਸਾਲ ਪਹਿਲਾਂ ਪਾਕਿਸਤਾਨ ਬਣਨ ਦੀਆਂ ਕਨਸੋਆਂ ਪੰਜਾਬ ਦੇ ਹਰ ਪਿੰਡ ਵਿੱਚ ਪਹੁੰਚ ਗਈਆਂ ਸਨ । ਦੇਖਦੇ ਹੀ ਦੇਖਦੇ ਲੋਕਾਂ ਦੇ ਚਿਹਰਿਆਂ ਦਾ ਰੰਗ ਬਦਲਣ ਲੱਗ ਪਿਆ । ਭਰਾਵਾਂ ਵਾਂਗ ਰਹਿੰਦੇ ਲੋਕ ਇੱਕ ਦੂਜੇ ਵਲ ਕੌੜਾ ਕੌੜਾ ਝਾਕਣ ਲੱਗ ਪਏ । ਮੁਸਲਮਾਨ ਅਤੇ ਹਿੰਦੂ ਸਿੱਖ ਫਿਰਕਿਆਂ ਦਰਮਿਆਨ ਬੇਯਕੀਨੀ ਦੀ ਇੱਕ ਦੀਵਾਰ ਉਸਰਨ ਲੱਗ ਪਈ । ਫ਼ਿਰਕਾਪ੍ਰਸਤੀ ਦਾ ਭੂਤ ਲੋਕਾਂ ਦੇ ਸਿਰ ਚੜ ਕੇ ਬੋਲਣ ਲੱਗ ਪਿਆ । ਰਾਤ ਨੂੰ ਸੁੱਤੇ ਪਿਆਂ ਦੇ ਕੰਨਾਂ ਵਿੱਚ "ਬੋਲੇ ਸੋ ਨਿਹਾਲ" ਅਤੇ "ਅੱਲਾ ਹੂ ਅਕਬਰ" ਦੇ ਅਵਾਜੇ ਗੂੰਜਣ ਲੱਗ ਪਏ ਸਨ । ਦਿਨ ਚੜ੍ਹਦਿਆਂ ਚਾਰੇ ਪਾਸੇ ਕਬਰਾਂ ਵਰਗੀ ਚੁੱਪ ਛਾ ਜਾਂਦੀ। ਅਸਲ ਵਿੱਚ ਇਹ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਹੁੰਦੀ ਸੀ। ਲੋਕਾਂ ਦੇ ਚਿਹਰਿਆਂ ਉੱਤੇ ਤਣਾਅ ਸਪਸ਼ਟ ਦਿਖਾਈ ਦਿੰਦਾ ਸੀ। ਮਹੌਲ ਵਿੱਚ ਅਜੀਬ ਤਰਾਂ ਦੀ ਘੁਟਣ ਸੀ । ਦੋਹਾਂ ਫਿਰਕਿਆਂ ਦੇ ਲੋਕ ਟੋਲੀਆਂ ਬੰਨ੍ਹ ਬੰਨ੍ਹ ਕੇ ਭੇਤ ਭਰੀਆਂ ਗੱਲਾਂ ਕਰਦੇ । ਲੁਹਾਰ ਦੇਰ ਰਾਤ ਤੱਕ ਆਪਣੀਆਂ ਆਰਨ-ਹਾਲੀਆਂ ਤੇ ਬਰਛੇ, ਦਾਤਰ, ਛਵੀਆ ਅਤੇ ਗੰਡਾਸੇ ਬਣਾਉਂਦੇ ਰਹਿੰਦੇ । ਹਰ ਫਿਰਕੇ ਦਾ ਮਰਦ ਵੇਲੇ ਕੁਵੇਲੇ ਘਰੋਂ ਬਾਹਰ ਜਾਣ ਵੇਲੇ ਆਪਣੇ ਕੋਲ ਹਥਿਆਰ ਰੱਖਣ ਲੱਗ ਪਿਆ ਸੀ।
ਵੰਡ ਤੋਂ 3-4 ਮਹੀਨੇ ਪਹਿਲਾਂ ਹਿੰਦੂ ਸਿੱਖ ਅਤੇ ਮੁਸਲਮਾਨ ਦੋਵੇਂ ਧਿਰਾਂ ਕਿਸੇ ਸੰਭਾਵੀ ਜੰਗ ਦੀ ਖੁਫੀਆ ਤਿਆਰੀ ਕਰਦੀਆਂ ਰਹੀਆਂ । ਪਿੰਡ ਪਿੰਡ ਲੋਹਾ ਕੁੱਟਿਆ ਜਾਣ ਲੱਗਾ । ਆਖਰ ਉਹ ਮਨਹੂਸ ਘੜੀ ਆਣ ਪਹੁੰਚੀ ਜਿਸ ਦਾ ਧੂੜਕੂ ਦੋਹਾਂ ਧਿਰਾਂ ਨੂੰ ਲੱਗਿਆ ਰਹਿੰਦਾ ਸੀ । ਦੇਸ ਅਜ਼ਾਦ ਹੋ ਗਿਆ ਅਤੇ ਪੰਜਾਬ ਉਜਾੜੇ ਦੀ ਰਾਹ ਪੈ ਗਿਆ । ਮਜ਼੍ਹਬੀ ਜੰਗ ਦੀ ਆੜ ਹੇਠ ਲੁਟੇਰਿਆਂ ਅਤੇ ਸਮਾਜ ਵਿਰੋਧੀ ਤੱਤਾਂ ਨੇ ਅੱਤ ਚੁੱਕ ਲਈ।
ਸੰਨ 1952 ਵਿੱਚ ਬਤੌਰ ਅਧਿਆਪਕ ਸੇਵਾਮੁਕਤ ਹੋਏ ਮੇਰੇ ਬਾਬਾ ਮਾਸਟਰ ਬੰਤਾ ਰਾਮ ਛੋਕਰ ਅਤੇ ਇਲਾਕੇ ਦੇ ਹੋਰ ਅਨੇਕਾਂ ਬਜ਼ੁਰਗਾਂ ਤੋਂ ਸੁਣੀਆਂ ਗੱਲਾਂ ਅਨੁਸਾਰ ਸੰਨ 1947 ਦੀ ਭਾਦੋਂ ਦਾ ਪਹਿਲਾ ਪੱਖ ਸੀ । ਮੱਕੀ ਦੀ ਫਸਲ ਨੂੰ ਦਾਣਾ ਪੈਣਾ ਸ਼ੁਰੂ ਹੋ ਚੁੱਕਾ ਸੀ । ਬਲਾਚੌਰ ਹਲਕੇ ਨਾਲ ਸਬੰਧਤ ਮੁਸਲਮਾਨਾਂ ਦੇ 13 ਪਿੰਡਾਂ ਦਾ ਬੱਚਾ ਬੱਚਾ ਮੁੱਖ ਸੜਕ ਤੇ ਪੈਂਦੇ ਉਪਰੋਕਤ ਪਿੰਡ ਵਿੱਚ ਇਕੱਠਾ ਹੋ ਗਿਆ ਤਾਂ ਕਿ ਕੋਈ ਸੁਰੱਖਿਅਤ ਮੌਕਾ ਦੇਖ ਕੇ ਫੌਜ ਜਾ ਪੁਲਸ ਦੀ ਨਿਗਰਾਨੀ ਹੇਠ ਇਥੋਂ 20 ਕਿਲੋਮੀਟਰ ਦੂਰ ਗੜਸ਼ੰਕਰ ਵਿਖੇ ਲੱਗੇ ਸ਼ਰਨਾਰਥੀ ਕੈਂਪ ਵਿੱਚ ਪਹੁੰਚਿਆ ਜਾ ਸਕੇ । ਇਹ ਇਕੱਠ ਇੱਕ ਤਰਾਂ ਨਾਲ ਸ਼ਿਕਾਰੀਆਂ ਤੋੰ ਬਚਣ ਲਈ ਸ਼ਿਕਾਰ ਹੋਣ ਵਾਲਿਆਂ ਦਾ ਇਕੱਠ ਸੀ। ਇਸ ਇਕੱਠ ਨੇ ਅਫਵਾਹਾਂ ਦਾ ਬਜ਼ਾਰ ਗਰਮ ਕਰ ਦਿੱਤਾ । ਖੰਭਾਂ ਦੀਆਂ ਡਾਰਾਂ ਬਣ ਗਈਆਂ। ਹਿੰਦੂ ਸਿਖਾਂ ਦੇ ਪਿੰਡਾਂ ਵਿੱਚ ਇਹ ਅਫਵਾਹ ਫੈਲ ਗਈ ਕਿ ਸਾਰੇ ਇਲਾਕੇ ਦੇ ਕੱਠੇ ਹੋਏ ਮੁਸਲਮਾਨ ਪੂਰੀ ਤਰ੍ਹਾਂ ਹਥਿਆਰਬੰਦ ਹੋ ਕੇ ਕਿਸੇ ਵੇਲੇ ਵੀ ਉਹਨਾਂ ਦੇ ਪਿੰਡਾਂ ਉੱਤੇ ਹਮਲਾ ਕਰ ਸਕਦੇ ਹਨ।
ਚਣਕੋਆ ਤੋੰ ਲਹਿੰਦੇ ਪਾਸੇ ਡੇਢ ਕਿਲੋਮੀਟਰ ਦੀ ਵਿੱਥ ਤੇ ਇੱਕ ਪਿੰਡ ਹੈ ਸਿੰਬਲ ਮਜਾਰਾ। ਸਿੰਬਲਮਜਾਰਾ ਦੇ ਉੱਤਰ ਵਾਲੇ ਪਾਸੇ ਉਸ ਸਮੇ ਅੰਬਾਂ ਦਾ ਬਹੁਤ ਵੱਡਾ ਬਾਗ ਸੀ। ਇਸ ਬਾਗ਼ ਦੀ ਰਹਿੰਦ ਖੂੰਹਦ ਅਜੇ ਵੀ ਬਾਕੀ ਹੈ। "ਸੰਤ" ਬਖਤਾਵਰ ਸਿੰਘ ਪਿੰਡ ਬੀਰੋਵਾਲ ਨੇ ਇਸ ਬਾਗ਼ ਵਿੱਚ ਭਾਦੋਂ ਦੇ ਪਹਿਲੇ ਪੱਖ ਦੇ ਕਿਸੇ ਦਿਨ ( ਤਾਰੀਖ ਦਾ ਪਤਾ ਨਹੀਂ ਲੱਗ ਸਕਿਆ) ਇਲਾਕੇ ਦੇ ਹਿੰਦੂਆਂ ਸਿਖਾਂ ਦਾ ਇੱਕ ਬਹੁਤ ਵੱਡਾ ਇਕੱਠ ਕੀਤਾ। ਇਲਾਕੇ ਦੇ ਦਰਜਨਾਂ ਪਿੰਡਾਂ ਵਿੱਚ ਸੁਨੇਹੇ ਭੇਜੇ ਗਏ ਕਿ ਇਕੱਠ ਵਿੱਚ ਸ਼ਾਮਲ ਹੋਣ ਵਾਲੇ ਪੂਰੀ ਤਰਾਂ ਹਥਿਆਰਬੰਦ ਹੋ ਕੇ ਆਉਣ । ਸੁਨੇਹਾ ਦੇਣ ਵਾਲਿਆਂ ਵਿੱਚ ਮੇਰੇ ਪਿੰਡ ਗੁਲਪੁਰ ਦਾ ਮੇਹਰੂ ਪੁੱਤਰ ਅਮੀਆ ਵੀ ਸੀ । ਮਿਥੇ ਹੋਏ ਸਮੇਂ ਤੇ ਬਹੁਤ ਵੱਡਾ ਇਕੱਠ ਹੋ ਗਿਆ ਜਿਨ੍ਹਾਂ ਵਿੱਚ ਵੱਡੀ ਗਿਣਤੀ ਲੁਟੇਰਿਆਂ ਅਤੇ ਤਮਾਸ਼ਬੀਨਾਂ ਦੀ ਸੀ। ਇਸ ਇਕੱਠ ਵਿੱਚ ਕੋਈ ਸ਼ਾਂਤਮਈ ਰਾਹ ਕੱਢਣ ਦੀ ਥਾਂ ਫਿਰਕੂ ਭਾਵਨਾਵਾਂ ਨੂੰ ਇਸ ਕਦਰ ਭੜਕਾਇਆ ਗਿਆ ਕਿ ਉਸੇ ਵੇਲੇ ਪਿੰਡ ਚਣਕੋਆ ਉੱਤੇ ਹਮਲਾ ਕਰਨ ਦਾ ਫੈਸਲਾ ਹੋ ਗਿਆ। ਹਮਲਾ ਕਰਨ ਦਾ ਆਧਾਰ ਇਸ ਅਫਵਾਹ ਨੂੰ ਬਣਾਇਆ ਗਿਆ ਕਿ ਜੇ ਅੱਜ ਹੀ ਹਮਲਾ ਨਾ ਕੀਤਾ ਗਿਆ ਤਾਂ ਆਉਣ ਵਾਲੀ ਰਾਤ ਨੂੰ ਮੁਸਲਮਾਨ ਹਮਲਾ ਕਰ ਦੇਣਗੇ ਅਤੇ ਪਿੰਡਾਂ ਨੂੰ ਅੱਗਾਂ ਲਾ ਦੇਣਗੇ । ਅਜਿਹੇ ਮੌਕਿਆਂ ਉੱਤੇ ਅਕਲ ਦੀ ਗੱਲ ਨਾ ਕੋਈ ਕਰਦਾ ਹੁੰਦਾ ਹੈ ਤੇ ਨਾ ਕੋਈ ਸੁਣਦਾ ਹੁੰਦਾ ਹੈ।
ਕਈ ਮਹੀਨਿਆਂ ਤੋਂ ਮੁਸਲਮਾਨਾਂ ਨੂੰ ਲੁੱਟਣ ਦੀਆਂ ਵਿਉਂਤਾਂ ਬਣਾ ਰਹੇ ਗੁੰਡੇ ਇਸ ਮੌਕੇ ਨੂੰ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ ਸਨ। ਸਭ ਤੋਂ ਵੱਡੀ ਗੱਲ ਕਿ ਅਖਾਉਤੀ ਸੰਤ ਦੀ ਨੀਅਤ ਮਾੜੀ ਸੀ। ਬਤੌਰ ਪ੍ਰੋ. ਅਵਤਾਰ ਸਿੰਘ ਦੁਪਾਲਪੁਰ ਚਣਕੋਆ ਤੋਂ ਕਰੀਬ 7-8 ਕਿਲੋਮੀਟਰ ਦੂਰ ਬੇਟ ਇਲਾਕੇ ਵਿੱਚ ਪੈਂਦੇ ਪਿੰਡ ਮੀਰਪੁਰ ਨੂੰ ਅੱਗ ਲਾਉਣ ਲਈ ਵੀ ਇਹੋ "ਸੂਰਮਾ ਸੰਤ" ਜੁੰਮੇਵਾਰ ਸੀ । ਬੰਦੂਕਾਂ ਨਾਲ ਲੈਸ "ਸੰਤ" ਬਖਤਾਵਤਰ ਸਿੰਘ ਦੀ ਅਗਵਾਈ ਹੇਠ ਸੈਂਕੜੇ ਵਿਅਕਤੀਆਂ ਨੇ ਬਰਛਿਆਂ, ਕਿਰਪਾਨਾਂ ਅਤੇ ਹੋਰ ਤੇਜ ਧਾਰ ਹਥਿਆਰਾਂ ਨਾਲ ਹਥਿਆਰਬੰਦ ਹੋ ਕੇ ਪਿੰਡ ਚਣਕੋਏ ਵਿੱਚ ਇਕੱਠੇ ਹੋਏ ਮੁਸਲਮਾਨਾਂ ਉੱਤੇ ਹੱਲਾ ਬੋਲ ਦਿੱਤਾ । ਇਸ ਹੱਲੇ ਵਿੱਚ ਖੁਦ ਹਿੱਸਾ ਲੈਣ ਵਾਲੇ ਲੋਕਾਂ (ਜਿਹੜੇ ਉਸ ਸਮੇਂ ਜੁਆਨ ਸਨ) ਅਨੁਸਾਰ ਕਈ ਘੰਟੇ ਗਹਿਗੱਚ ਲੜਾਈ ਹੋਈ ਜਿਸ ਵਿੱਚ ਸੈਂਕੜੇ ਬੱਚੇ, ਬੁੱਢੇ, ਮਰਦ ਔਰਤਾਂ ਕਤਲ ਕਰ ਦਿੱਤੇ ਗਏ । ਅਨੇਕਾਂ ਜਵਾਨ ਜਹਾਨ ਔਰਤਾਂ ਨੇ ਆਪਣੀ ਆਬਰੂ ਬਚਾਉਣ ਲਈ ਮਸੀਤ ਨੇੜਲੇ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ਸਨ। ਕਈ ਸਾਲ ਪਹਿਲਾਂ ਪ੍ਰਸਿੱਧ ਕਹਾਣੀਕਾਰ ਅਜਮੇਰ ਸਿੱਧੂ ਨੇ ਮੈਨੂੰ ਨਾਲ ਲੈ ਕੇ ਇਸ ਖਸਤਾ ਹਾਲ ਖੂਹ ਦੀਆਂ ਤਸਵੀਰਾਂ ਖਿੱਚੀਆਂ ਸਨ । ਹੁਣ ਉਹ ਖੂਹ ਪੂਰ ਦਿੱਤਾ ਗਿਆ ਹੈ। ਉਪਰੋਂ ਰਾਤ ਪੈ ਗਈ ਸੀ। ਵੱਡੀ ਗਿਣਤੀ ਵਿੱਚ ਮੁਸਲਮਾਨ ਹਥਿਆਰਾਂ ਦੇ ਜੋਰ ਨਾਲ ਹਨੇਰੇ ਦੀ ਓਟ ਵਿੱਚ ਪਿੰਡੋਂ ਨਿਕਲ ਗਏ। ਖੁਸ਼ਕਿਸਮਤ ਲੋਕ ਫਸਲਾਂ ਵਿੱਚ ਲੁਕਦੇ ਛਿਪਦੇ ਇਥੋਂ 20 ਕਿਲੋਮੀਟਰ ਦੂਰ ਪੈਂਦੇ ਗੜਸ਼ੰਕਰ ਵਿੱਚ ਲੱਗੇ ਸ਼ਰਨਾਰਥੀ ਕੈਂਪ ਵਿੱਚ ਪਹੁੰਚ ਗਏ । ਬਹੁਤ ਸਾਰੇ ਰਾਹ ਵਿੱਚ ਜਨੂੰਨੀਆਂ ਹੱਥੋਂ ਮਾਰੇ ਗਏ। ਸਰਕਾਰ ਦੇ ਹਰਕਤ ਵਿੱਚ ਆਉਣ ਤੱਕ ਲੱਭ ਲੱਭ ਕੇ ਲੋਕਾਂ ਦਾ ਸ਼ਿਕਾਰ ਖੇਡਿਆ ਗਿਆ। ਬਹੁਤ ਸਾਰੇ ਧਾੜਵੀਆਂ ਨੇ ਬੇਸਹਾਰਾ ਅਤੇ ਮਜਬੂਰ ਔਰਤਾਂ ਨੂੰ ਜਬਸਦਸਤੀ ਰੱਖ ਲਿਆ। ਉਸ ਰਾਤ ਲੁਟੇਰਿਆਂ ਨੇ ਪਿੰਡ ਨੂੰ ਰੱਜ ਕੇ ਲੁੱਟਿਆ। ਰਹਿਮੇ ਨੂੰ ਆਸ ਪਾਸ ਲਗਦੇ ਪਿੰਡਾਂ ਦੇ ਉਹਨਾਂ ਲੋਕਾਂ ਨੇ ਹੀ ਪਰਿਵਾਰ ਸਮੇਤ ਕਤਲ ਕਰ ਦਿੱਤਾ ਜਿਹਨਾਂ ਨੇ ਆਪਣੀਆਂ ਗਰਜਾਂ ਪੂਰੀਆਂ ਕਰਨ ਲਈ ਉਸ ਤੋਂ ਉਧਰ ਪੈਸੇ ਲਏ ਹੋਏ ਸਨ। ਕੇਵਲ ਉਧਾਰ ਮਾਰਨ ਦੀ ਨੀਅਤ ਨਾਲ ਮਾਨਵਤਾ ਨੂੰ ਦਾਗਦਾਰ ਕਰ ਦਿੱਤਾ ਗਿਆ। ਪਿੰਡ ਮਜਾਰੀ ਦਾ ਤੇਲੀ ਭਲਵਾਨ (ਨਾਮ ਯਾਦ ਨਹੀਂ ਰਿਹਾ) ਫਸਲਾਂ ਚੋਂ ਕੱਢ ਕੇ ਸਮੇਤ ਪਰਿਵਾਰ ਤਰਲੇ ਮਿੰਨਤਾਂ ਕਰਦਾ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਸਾਡੇ ਗੁਆਂਢੀ ਮੁਸਲਮਾਨੀ ਪਿੰਡ ਕਰਾਵਰ ਦੇ ਕਿਸੇ ਕੋਠੇ ਦੇ ਖੱਲ ਖੂੰਜੇ ਲੁਕ ਕੇ ਬੈਠੇ ਨਿਜਾਮੂ ਅਤੇ ਉਸ ਦੇ 9-10 ਸਾਲਾ ਲੜਕੇ ਨੂੰ ਉਸ ਸਮੇਂ ਮੇਰੇ ਪਿੰਡ ਕੋਲੋਂ ਲੰਘਦੀ ਖੱਡ ਵਿੱਚ ਲਿਆ ਕੇ ਕਤਲ ਕਰ ਦਿੱਤਾ ਗਿਆ। ਕਾਤਲਾਂ ਦੇ ਨਾਮ ਮੈਂ ਜਾਣ ਬੁੱਝ ਕੇ ਨਹੀਂ ਲਿਖ ਰਿਹਾ। ਕਤਲਾਂ ਅਤੇ ਮਾਰ ਧਾੜ ਦਾ ਇਹ ਸਿਲਸਿਲਾ 3-4 ਦਿਨਾਂ ਤੱਕ ਚਲਦਾ ਰਿਹਾ। ਇੰਨੀ ਕਤਲੋਗਾਰਤ ਹੋਣ ਦੇ ਬਾਵਯੂਦ ਪਿੰਡ ਸਾਹਦੜਾ, ਸਾਹਿਬਾ ਅਤੇ ਜੈਨਪੁਰ ਆਦਿ ਪਿੰਡਾਂ ਵਿੱਚ ਤੇਲੀ ਮੁਸਲਮਾਨਾਂ ਦੇ ਪਰਿਵਾਰ ਬਿਲਕੁਲ ਸੁਰੱਖਿਅਤ ਰਹੇ। ਇਹ ਰਹੱਸ ਅਜੇ ਤੱਕ ਬਣਿਆ ਹੋਇਆ ਹੈ। ਇਲਾਕੇ 'ਚ ਅਮਨ ਸਥਾਪਤ ਹੋਣ ਤੋਂ ਬਾਅਦ ਵੀ ਕਾਫੀ ਸਮਾਂ ਖੇਤਾਂ ਵਿਚੋਂ ਗਲੀਆਂ ਸੜੀਆਂ ਲਾਸ਼ਾਂ ਮਿਲਦੀਆਂ ਰਹੀਆਂ ਸਨ। ਇਸ ਫਸਾਦ ਵਿੱਚ ਮੇਰੇ ਪਿੰਡ ਗੁਲਪੁਰ ਦੇ ਦੋ ਵਿਅਕਤੀ ਮੇਹਰੂ ਪੁੱਤਰ ਅੰਮੀਆ (ਸੁਨੇਹੇ ਦੇਣ ਵਾਲਾ) ਅਤੇ ਅਮਰ ਸਿੰਘ ਪੁੱਤਰ ਲੱਖਾ ਸਿੰਘ ਵੀ ਮਾਰੇ ਗਏ ਸਨ। ਠਠਿਆਲਾ ਸਮੇਤ ਕੁਝ ਹੋਰ ਪਿੰਡਾਂ ਦੇ ਵੀ ਇੱਕਾ ਦੁੱਕਾ ਲੋਕ ਮਾਰੇ ਗਏ ਸਨ। ਜਦੋਂ ਇਸ ਦੁਖਦਾਈ ਅਤੇ ਘਿਨਾਉਣੀ ਘਟਨਾ ਦਾ ਜ਼ਿਕਰ ਉਹਨਾਂ ਬਜ਼ੁਰਗਾਂ (ਜੋ ਹੁਣ ਨਹੀਂ ਰਹੇ) ਸਾਹਮਣੇ ਛਿੜਦਾ ਸੀ ਜਿਹੜੇ ਇਸ ਵਿੱਚ ਸਿੱਧੇ ਜਾ ਅਸਿੱਧੇ ਤੌਰ ਤੇ ਸ਼ਾਮਲ ਹੋਏ ਸਨ ਤਾਂ ਉਹਨਾਂ ਦੇ ਚਿਹਰਿਆਂ ਉੱਤੇ ਪਸ਼ਚਾਤਾਪ ਦਾ ਪਰਛਾਵਾਂ ਅਤੇ ਪੀੜ ਦਾ ਅਹਿਸਾਸ ਸਪਸ਼ਟ ਦੇਖਿਆ ਜਾ ਸਕਦਾ ਸੀ।
ਮੈਲਬੌਰਨ (ਆਸਟ੍ਰੇਲੀਆ)
ਸੰਪਰਕ : 0061411218801
ਕੀ ਕੱਟੜਵਾਦੀ ਨਫਰਤ ਦਾ ਜਿੰਨ ਬੋਤਲ ਵਿਚੋਂ ਬਾਹਰ ਆ ਚੁੱਕਾ ਹੈ ? - ਹਰਜਿੰਦਰ ਸਿੰਘ ਗੁਲਪੁਰ
ਨਫਰਤ ਦੀ ਫਸਲ ਨੂੰ ਜਿਸ ਤਰਾਂ ਸੰਘ ਪਰਿਵਾਰ ਵਲੋਂ ਖਾਦ ਪਾਣੀ ਦਿੱਤਾ ਜਾ ਰਿਹਾ ਹੈ ,ਉਸ ਨੇ ਸਮੁੱਚੇ ਦੇਸ਼ ਸਾਹਮਣੇ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸੰਘ ਦੇ ਇਸ ਵਰਤਾਰੇ ਨੇ ਦੇਸ ਨੂੰ ਪਿਆਰ ਕਰਨ ਵਾਲੇ ਹਰ ਨਾਗਰਿਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ। ਦੇਸ ਆਰਥਿਕ ਅਤੇ ਵਿਦੇਸ਼ ਨੀਤੀ ਦੇ ਮਾਮਲੇ ਵਿੱਚ ਬਹੁਤ ਪਿੱਛੇ ਚਲੇ ਗਿਆ ਹੈ। ਸਾਰੇ ਕੰਮ ਛੱਡ ਕੇ ਸੰਘ ਪਰਿਵਾਰ ਨੇ ਘੱਟ ਗਿਣਤੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਨੂੰ ਹਾਸ਼ੀਏ ਉੱਤੇ ਧੱਕਣ ਲਈ ਆਪਣੇ ਸਾਰੇ ਘੋੜੇ ਖੋਹਲ ਦਿੱਤੇ ਹਨ। ਸੰਘ ਦੀ ਇਸ ਕਵਾਇਦ ਨੂੰ ਕੇਂਦਰ ਸਰਕਾਰ ਵੀ ਅੱਗੇ ਵਧਾ ਰਹੀ ਹੈ। ਕਸਰ ਤਾਂ ਇਹਨਾਂ ਨੇ ਪਹਿਲਾਂ ਵੀ ਕਦੇ ਨਹੀਂ ਛੱਡੀ ਪਰ ਪਿਛਲੇ 3 ਕੁ ਦਹਾਕਿਆਂ ਤੋਂ ਉਹਨਾਂ ਦੇ ਹੌਸਲੇ ਬਹੁਤ ਵਧ ਗਏ ਹਨ।
2014 ਤੋਂ ਪਹਿਲਾਂ ਜਿਹੜੀ ਸ਼ਰਮ ਹਿਆ ਬਾਕੀ ਸੀ ਉਹ ਹੁਣ ਨਹੀਂ ਰਹੀ। ਕੁੱਝ ਦਹਾਕੇ ਪਹਿਲਾਂ ਜਿਸ ਪਾਰਟੀ ਨੂੰ ਕੋਈ ਚਿਮਟੇ ਨਾਲ ਵੀ ਛੂਹਣਾ ਨਹੀਂ ਚਾਹੁੰਦਾ ਸੀ ਅੱਜ ਉਹ ਪਾਰਟੀ ਪੂਰਨ ਬਹੁਮਤ ਨਾਲ ਦੇਸ ਉੱਤੇ ਰਾਜ ਕਰ ਰਹੀ ਹੈ। ਅਡਵਾਨੀ ਦੀ ਰਥ ਯਾਤਰਾ ਤੋਂ ਲੈ ਕੇ ਹੁਣ ਤੱਕ ਬਹੁਤ ਸਾਰਾ ਪਾਣੀ ਪੁਲਾਂ ਹੇਠੋਂ ਗੁਜ਼ਰ ਚੁੱਕਾ ਹੈ। ਮੰਡਲ ਕਮੰਡਲ, ਬਾਬਰੀ ਮਸਜਿਦ, ਗੋਦਰਾ ਕਾਂਡ, ਮੌਬ ਲਿੰਚਿੰਗ, ਗਊ ਰੱਖਿਆ ਅਤੇ ਰਾਮ ਮੰਦਰ ਦੀ ਉਸਾਰੀ ਵਰਗੀਆਂ ਅਨੇਕਾਂ ਘਟਨਾਵਾਂ ਇਸ ਦੇਸ ਵਿੱਚ ਵਾਪਰ ਚੁੱਕੀਆਂ ਹਨ। ਹੱਦ ਤਾਂ ਉਦੋਂ ਹੋ ਗਈ ਜਦੋਂ ਦੇਸ ਦੀ ਰਾਜਧਾਨੀ ਦੇ ਦਿਲ ਵਜੋਂ ਪ੍ਰਚਾਰੇ ਜਾਂਦੇ ਜੰਤਰ ਮੰਤਰ ਉੱਤੇ ਹਜਾਰਾਂ ਭਾਜਪਾਈ ਸਮਰਥਕਾਂ ਦੀ ਭੀੜ ਨੇ ਇਕੱਤਰ ਹੋ ਕੇ ਮੁਸਲਮਾਨ ਭਾਈਚਾਰੇ ਖਿਲਾਫ ਅਜਿਹੇ ਬੋਲ ਕੁਬੋਲ ਬੋਲੇ ਜਿਸ ਨੇ ਹਰ ਤਰਾਂ ਦੀ ਤਹਿਜ਼ੀਬ ਨੂੰ ਤਾਰ ਤਾਰ ਕਰ ਕੇ ਰੱਖ ਦਿੱਤਾ। ਇੱਕ ਮਸ਼ਹੂਰ ਪੋਸਟਲ ਚੈਨਲ ਦੇ ਪੱਤਰਕਾਰ ਨੂੰ ਦਰਜਨਾਂ ਜਨੂੰਨੀਆਂ ਨੇ ਘੇਰ ਲਿਆ ਅਤੇ ਉਸ ਨੂੰ ਜੈ ਸ੍ਰੀ ਰਾਮ ਦੇ ਨਾਅਰੇ ਲਾਉਣ ਲਈ ਕਿਹਾ ਗਿਆ। ਉਸ ਦਲੇਰ ਪੱਤਰਕਾਰ ਨੇ ਨਾਅਰੇ ਲਾਉਣ ਤੋਂ ਸਾਫ ਇਨਕਾਰ ਕਰ ਦਿੱਤਾ। ਵਾਇਰਲ ਵੀਡੀਓਜ਼ ਸਾਰੀ ਰਾਮ ਕਹਾਣੀ ਬਿਆਨ ਕਰ ਰਹੇ ਹਨ।
ਅਸਲ ਵਿੱਚ ਭਾਜਪਾ ਨਾਲ ਸਬੰਧਿਤ ਅਸ਼ਵਨੀ ਉਪਧਿਆਏ ਅਤੇ ਗਜੇਂਦਰ ਚੌਹਾਨ ਆਦਿ ਆਗੂਆਂ ਵਲੋਂ 9 ਅਗਸਤ ਨੂੰ "ਭਾਰਤ ਜੋੜੋ" ਅਭਿਆਨ ਅਧੀਨ ਇੱਕ ਸਮਾਗਮ ਦਾ ਪ੍ਰਬੰਧ ਜੰਤਰ ਮੰਤਰ ਉੱਤੇ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਵਲੋਂ ਇਸ ਲਈ ਮਨਜ਼ੂਰੀ ਨਹੀਂ ਦਿੱਤੀ ਗਈ ਸੀ। ਮਨਜ਼ੂਰੀ ਨਾ ਮਿਲਣ ਦੇ ਬਾਵਯੂਦ ਉਪਰੋਕਤ ਵਿਅਕਤੀਆਂ ਵਲੋਂ ਉਸ ਸੰਵੇਦਨਸ਼ੀਲ ਇਲਾਕੇ ਵਿੱਚ ਸਮਾਗਮ ਕੀਤਾ ਗਿਆ ਜਿਸ ਵਿੱਚ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਇਸ ਸਮਾਗਮ ਵਿੱਚ ਬਹੁਤ ਹੀ ਇਤਰਾਜ ਯੋਗ ਸ਼ਬਦਾਬਲੀ ਦਾ ਪ੍ਰਯੋਗ ਕੀਤਾ ਗਿਆ। ਮੁਸਲਿਮ ਭਾਈਚਾਰੇ ਨੂੰ ਸ਼ਰੇਆਮ ਕਤਲ ਕਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਜੰਤਰ ਮੰਤਰ ਦਾ ਇਲਾਕਾ ਲੋਕ ਸਭਾ ਤੋਂ ਤਕਰੀਬਨ ਡੇਢ ਕਿਲੋਮੀਟਰ ਦੀ ਦੂਰੀ ਤੇ ਹੈ। ਜਦੋਂ ਲੋਕਸਭਾ ਦਾ ਇਜਲਾਸ ਚਲਦਾ ਹੁੰਦਾ ਹੈ ਤਾਂ ਇਸ ਇਲਾਕੇ ਵਿਚ ਅਕਸਰ ਦਫਾ 144 ਲੱਗੀ ਹੁੰਦੀ ਹੈ। ਮਨਜ਼ੂਰੀ ਨਾ ਮਿਲਣ ਅਤੇ ਧਾਰਾ 144 ਲੱਗੇ ਹੋਣ ਦੇ ਬਾਵਯੂਦ ਵੀ ਸਮਾਗਮ ਦਾ ਕੀਤੇ ਜਾਣਾ ਕਈ ਤਰਾਂ ਦੇ ਸਵਾਲ ਖੜ੍ਹੇ ਕਰਦਾ ਹੈ। ਵਰਨਣਯੋਗ ਹੈ ਕਿ 200 ਕਿਸਾਨਾਂ ਨੂੰ ਇੱਥੇ ਸ਼ਾਂਤਮਈ ਰੋਸ ਪ੍ਰਗਟ ਕਰਨ ਲਈ ਦਿੱਲੀ ਪੁਲਿਸ ਵਲੋਂ ਅਨੇਕਾਂ ਅੜਿੱਕੇ ਖੜ੍ਹੇ ਕੀਤੇ ਗਏ ਸਨ। ਕਿਸਾਨ ਸੰਸਦ ਚਲਾਉਣ ਸਮੇ ਸੈਂਕੜਿਆਂ ਦੀ ਗਿਣਤੀ ਵਿੱਚ ਮੁਠੀ ਭਰ ਕਿਸਾਨਾਂ ਦੀ ਪੁਲਿਸ ਵਲੋਂ ਘੇਰਾਬੰਦੀ ਕੀਤੀ ਜਾਂਦੀ ਰਹੀ। ਪਰ 9 ਅਗਸਤ ਨੂੰ ਗੈਰ ਸੰਵਿਧਾਨਿਕ ਤੌਰ ਤੇ ਇਕੱਠੀ ਹੋ ਰਹੀ ਭੀੜ ਨੂੰ ਕਿਸੇ ਨੇ ਨਹੀਂ ਰੋਕਿਆ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਪੁਲਿਸ ਦੇ ਹੱਥ ਬੰਨੇ ਹੋਏ ਸਨ। ਜੇ. ਐਨ. ਯੂ, ਜਾਮੀਆ ਮਿਲੀਆ ਯੂਨੀਵਰਸਿਟੀ ਅਤੇ ਦਿੱਲੀ ਦੰਗਿਆਂ ਨਾਲ ਸਬੰਧਿਤ ਘਟਨਾਵਾਂ ਦੌਰਾਨ ਜਿਸ ਤਰਾਂ ਦਾ ਰੋਲ ਦਿੱਲੀ ਪੁਲਿਸ ਨੇ ਅਦਾ ਕੀਤਾ ਹੈ ਉਸ ਨੇ ਦਿੱਲੀ ਪੁਲਿਸ ਦੀ ਭਰੋਸੇਯੋਗਤਾ ਨੂੰ ਬੁਰੀ ਤਰ੍ਹਾਂ ਸ਼ੱਕ ਦੇ ਘੇਰੇ ਵਿੱਚ ਲੈ ਆਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਇੰਨਾ ਕੁੱਝ ਹੋ ਜਾਣ ਦੇ ਬਾਵਯੂਦ ਗ੍ਰਹਿ ਮੰਤਰਾਲੇ ਅਤੇ ਦਿੱਲੀ ਦੇ ਮੁੱਖ ਮੰਤਰੀ ਨੇ ਇੱਕ ਸ਼ਬਦ ਵੀ ਨਹੀਂ ਬੋਲਿਆ। ਇੱਕ ਘੱਟ ਗਿਣਤੀ ਭਾਈਚਾਰੇ ਨੂੰ ਬਹੁਗਿਣਤੀ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਗਿਆ ਹੈ।
ਜੇਕਰ ਸੋਸ਼ਲ ਮੀਡੀਆ ਉੱਤੇ ਵੱਡੇ ਪੱਧਰ ਤੇ ਦਿੱਲੀ ਪੁਲਿਸ ਦੀ ਥੂ ਥੂ ਨਾ ਹੁੰਦੀ ਅਤੇ ਬਿਭੂਤੀ ਨਰਾਇਣ ਸਿੰਘ ਸਾਬਕਾ ਡੀ. ਜੀ. ਪੀ. ਯੂ ਪੀ ਸਮੇਤ ਹੋਰ ਸਾਬਕਾ ਉੱਚ ਅਧਿਕਾਰੀ ਹਰਕਤ ਵਿੱਚ ਨਾ ਆਉਂਦੇ ਤਾਂ ਉਹੀ ਹੋਣਾ ਸੀ ਜੋ ਦਿੱਲੀ ਪੁਲਿਸ ਪਿਛਲੇ ਕੁੱਝ ਸਮੇਂ ਤੋਂ ਕਰਦੀ ਆ ਰਹੀ ਹੈ। ਦਿੱਲੀ ਪੁਲਿਸ ਦੀ ਕਿਰਕਿਰੀ ਹੋਣ ਤੋਂ ਬਾਅਦ ਇਸ ਮਾਮਲੇ ਵਿੱਚ 6 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬਾਅਦ ਵਿੱਚ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਅਸ਼ਵਨੀ ਕੁਮਾਰ ਉਪਧਿਆਏ ਸਮੇਤ 4 ਵਿਅਕਤੀਆਂ ਨੂੰ ਜੇਹਲ ਭੇਜ ਦਿੱਤਾ ਅਤੇ 2 ਦਾ ਇੱਕ ਦਿਨ ਲਈ ਪੁਲਿਸ ਰੀਮਾਂਡ ਦੇ ਦਿੱਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਮਾਗਮ ਦਾ ਪ੍ਰਬੰਧ ਕਰਨ ਵਾਲੇ ਭਾਜਪਾਈ ਨੇਤਾ ਅਸ਼ਵਨੀ ਉਪਧਿਆਏ ਦੀ ਜ਼ਮਾਨਤ ਹੀ ਹੋ ਗਈ ਹੈ। ਹਾਲਾਂ ਕਿ ਉਸ ਖਿਲਾਫ 153-A ਧਾਰਾ ਅਧੀਨ ਕੇਸ ਦਰਜ ਕੀਤਾ ਗਿਆ ਸੀ ਜੋ ਗੈਰ ਜਮਾਨਤੀ ਧਾਰਾ ਹੈ। ਸਾਫ ਹੈ ਕਿ ਕੇਂਦਰ ਦੇ ਇਸ਼ਾਰੇ ਉੱਤੇ ਦਿੱਲੀ ਪੁਲਿਸ ਨੇ ਤਕਨੀਕੀ ਢਿੱਲ ਵਰਤੀ ਹੋਵੇਗੀ। ਲੋਕਾਂ ਵਲੋਂ ਇਹਨਾਂ ਖਿਲਾਫ ਸਖਤ ਧਾਰਾਵਾਂ ਜੋੜਨ ਦੀ ਮੰਗ ਕੀਤੀ ਜਾ ਰਹੀ ਹੈ। ਨਫਰਤੀ ਭਾਸ਼ਣ ਦੇਣ ਵਾਲੇ ਅਤੇ ਜ਼ਹਿਰੀਲੇ ਨਾਅਰੇ ਲਾਉਣ ਵਾਲੇ ਕੁੱਝ ਹੋਰ ਵਿਅਕਤੀ ਅਜੇ ਤੱਕ ਪੁਲਿਸ ਨੇ ਗ੍ਰਿਫਤਾਰ ਨਹੀਂ ਕੀਤੇ। ਤੁਹਾਨੂੰ ਯਾਦ ਹੋਵੇਗਾ ਕਿ ਜੇ. ਐਨ. ਯੂ , ਜਾਮੀਆ, ਅਤੇ ਭੀਮਾ ਕੋਰੇਗਾਂਵ ਨਾਲ ਸਬੰਧਿਤ ਘਟਨਾਵਾਂ ਅਜਿਹੀਆਂ ਹਨ ਜਿੱਥੇ ਦੋਸ਼ੀਆਂ ਨੂੰ ਛੱਡ ਕੇ ਪੀੜਤ ਧਿਰਾਂ ਉੱਤੇ ਸੰਗੀਨ ਧਾਰਾਵਾਂ ਹੇਠ ਕੇਸ ਦਰਜ ਕੀਤੇ ਗਏ ਸਨ। ਇਹਨਾਂ ਚੋਂ ਬਹੁਤਿਆਂ ਦੀਆਂ ਠੋਸ ਅਧਾਰ ਹੋਣ ਦੇ ਬਾਵਯੂਦ ਅਜੇ ਤੱਕ ਜ਼ਮਾਨਤਾਂ ਨਹੀਂ ਹੋ ਸਕੀਆਂ।
ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਅਪੂਰਵਾ ਨੰਦ ਦਾ ਕਹਿਣਾ ਹੈ ਕਿ ਜੇ ਇਹ ਸਿਲਸਿਲਾ ਇਸੇ ਤਰ੍ਹਾਂ ਚਲਦਾ ਰਿਹਾ ਤਾਂ ਦੇਸ਼ ਇੱਕ ਹੋਰ ਬਟਵਾਰੇ ਵਲ ਵਧ ਸਕਦਾ ਹੈ। ਭਾਰਤ ਇਸ ਸਮੇਂ ਆਰਥਿਕ ਮੰਦੀ ਦੀ ਲਪੇਟ ਵਿੱਚ ਆਇਆ ਹੋਇਆ ਹੈ। ਚੀਨ ਵਲੋਂ ਲਗਾਤਾਰ ਚਣੌਤੀ ਦਿੱਤੀ ਜਾ ਰਹੀ ਹੈ, ਕਰੋਨਾ ਨੂੰ ਕਾਬੂ ਕਰਨ ਦੇ ਮਾਮਲੇ ਵਿੱਚ ਮੋਦੀ ਸਰਕਾਰ ਬੁਰੀ ਤਰਾਂ ਫੇਹਲ ਸਾਬਤ ਹੋਈ ਹੈ,ਗੁਆਂਢੀ ਮੁਲਕ ਇੱਕ ਇੱਕ ਕਰ ਕੇ ਦੂਰ ਹੁੰਦੇ ਜਾ ਰਹੇ ਹਨ। ਇਹਨਾਂ ਸਮੱਸਿਆਵਾਂ ਵਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ। ਭਾਜਪਾ ਸਰਕਾਰ ਆਪਣੇ ਮਿਥੇ ਹੋਏ ਏਜੰਡੇ (ਪਾੜੋ ਅਤੇ ਰਾਜ ਕਰੋ) ਅਨੁਸਾਰ ਅੰਨੇਵਾਹ ਨੱਕ ਦੀ ਸੇਧੇ ਅੱਗੇ ਵਧ ਰਹੀ ਹੈ। ਪ੍ਰਸਿੱਧ ਸਮਾਜ ਸਾਸ਼ਤਰੀ ਅਭੈ ਕੁਮਾਰ ਦੁੱਬੇ ਦਾ ਕਹਿਣਾ ਹੈ ਕਿ ਆਰ. ਐਸ. ਐਸ ਦੀ ਯੋਜਨਾ ਭਾਰਤ ਨੂੰ ਆਗਿਆ ਪਾਲਕ ਸਮਾਜ ਵਿੱਚ ਬਦਲਣ ਦੀ ਹੈ। ਰਾਜਸੀ ਤਾਕਤ ਦੇ ਬਲਬੂਤੇ ਉਹ ਉਪਰ ਤੋਂ ਸਮਾਜ ਉੱਤੇ ਅਜਿਹਾ ਗਰਿੱਪ ਬਣਾ ਰਹੀ ਹੈ ਜਿਸ ਦੀ ਪਕੜ ਵਿੱਚ ਬਹੁ ਗਿਣਤੀ ਭਾਈਚਾਰੇ ਦਾ ਵੱਡਾ ਹਿੱਸਾ ਆ ਸਕੇ। ਇੱਕ ਗਿਣੀ ਮਿਥੀ ਯੋਜਨਾ ਤਹਿਤ ਸਰਕਾਰ ਅਤੇ ਦੇਸ ਨੂੰ ਰਲਗੱਡ ਕੀਤਾ ਜਾ ਰਿਹਾ ਹੈ। ਸਰਕਾਰ ਦਾ ਵਿਰੋਧ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਹੋਣ ਦਾ ਫਤਵਾ ਦਿੱਤਾ ਜਾ ਰਿਹਾ ਹੈ। ਸੰਘ ਪਰਿਵਾਰ ਕੋਲ ਇੱਕ ਨੁਕਾਤੀ ਪ੍ਰੋਗਰਾਮ ਹੈ ਕਿ ਭਾਰਤੀ ਸਮਾਜ ਨੂੰ ਹੇਠਲੇ ਪੱਧਰ ਤੱਕ ਵੰਡ ਕੇ ਖਖੜੀਆਂ ਕਰੇਲੇ ਕਰ ਦਿੱਤਾ ਜਾਵੇ। ਇਸੇ ਵਿੱਚ ਸੰਘ ਪਰਿਵਾਰ ਦੀ ਸਫਲਤਾ ਛੁਪੀ ਹੋਈ ਹੈ। ਇਹ ਪਹਿਲੀ ਵਾਰ ਹੋਇਆ ਹੈ ਕਿ ਕੋਈ ਪਾਰਟੀ 35 % ਵੋਟਾਂ ਹਾਸਲ ਕਰਕੇ 65 % ਲੋਕਾਂ ਉੱਤੇ ਰਾਜ ਕਰ ਰਹੀ ਹੈ। ਭਾਜਪਾ ਸਰਕਾਰ ਸੰਘ ਦੇ ਇਸੇ ਏਜੰਡੇ ਅਨੁਸਾਰ ਕੰਮ ਕਰ ਰਹੀ ਹੈ। ਇਸ ਤੋਂ ਵੀ ਅੱਗੇ ਜਾ ਕੇ ਕੁੱਝ ਸਿਆਸੀ ਅਤੇ ਸਮਾਜਿਕ ਮਾਹਰਾਂ ਦਾ ਮੰਨਣਾ ਹੈ ਕਿ ਨਫਰਤ ਫੈਲਾਉਣ ਵਾਲੇ ਇਹ "ਯੰਤਰ" ਬਹੁਤ ਜਿਆਦਾ ਕੱਟੜਵਾਦੀ ਹਨ । ਇਹ ਸੰਘ ਪਰਿਵਾਰ ਨੂੰ ਟਕੇ ਸੇਰ ਨਹੀਂ ਸਮਝਦੇ। ਜਦੋਂ ਤੋਂ ਮੋਹਨ ਭਾਰਗਵ ਨੇ ਹਿੰਦੂਆਂ ਅਤੇ ਮੁਸਲਮਾਨਾਂ ਦਾ ਡੀ ਐਨ ਏ ਇੱਕ ਹੋਣ ਦੀ ਗੱਲ ਕਹੀ ਹੈ ਉਦੋਂ ਤੋਂ ਇਹਨਾਂ ਕੱਟੜਵਾਦੀ "ਯੰਤਰਾਂ" ਨੇ ਉਸ ਨੂੰ ਮੌਲਾਨਾ ਭਗਵਤ ਕਹਿਣਾ ਸ਼ੁਰੂ ਕਰ ਦਿੱਤਾ ਹੈ। ਹਿੰਦੂਤਵੀ ਜਿੰਨ ਬੋਤਲ ਤੋਂ ਬਾਹਰ ਆ ਚੁੱਕਾ ਹੈ । ਇਹ ਜਿੰਨ ਉਹਨਾਂ ਖੇਮਿਆਂ ਨੂੰ ਵੀ ਆਪਣੀ ਲਪੇਟ ਵਿੱਚ ਲਵੇਗਾ ਜਿਹਨਾਂ ਨੇ ਇਸ ਨੂੰ ਬਾਹਰ ਕੱਢਣ ਵਿੱਚ ਆਪਣਾ ਯੋਗਦਾਨ ਪਾਇਆ ਹੈ। ਕੱਟੜਵਾਦੀ ਅਨਸਰਾਂ ਨੂੰ ਆਪਣੇ ਰਾਜਨੀਤਕ ਉਦੇਸ਼ਾਂ ਲਈ ਵਰਤਣਾ ਸ਼ੇਰ ਦੀ ਸਵਾਰੀ ਕਰਨ ਦੇ ਤੁੱਲ ਹੁੰਦਾ ਹੈ।
ਮੈਲਬੌਰਨ (ਆਸਟ੍ਰੇਲੀਆ)
ਸੰਪਰਕ : 0061411218801
ਸਿੱਖੀਏ! - ਹਰਜਿੰਦਰ ਸਿੰਘ ਗੁਲਪੁਰ
ਬਹੁਤ ਬੂਬਨੇ ਧੂਣੀਆਂ ਤਾਪਦੇ ਨੇ, ਔਖਾ ਬਹੁਤ ਹੈ ਤਪ ਖਿਡਾਰੀਆਂ ਦਾ।
ਨਹੀਂ ਡੁਗਡੁਗੀ ਵਾਲੀ ਹੈ ਖੇਡ ਕੋਈ,ਨਾਹੀਂ ਕੋਈ ਤਮਾਸ਼ਾ ਮਦਾਰੀਆਂ ਦਾ।
ਲਹੂ ਨਾਲ ਪਸੀਨਾ ਨਿਚੋੜ ਦੇਵਣ, ਨਹੀਂ ਫਰਕ ਵਿਆਹੀਆਂ ਕੁਆਰੀਆਂ ਦਾ।
ਫੇਸਬੁੱਕ ਤੇ ਥੋੜ੍ਹੀ ਜਿਹੀ ਘੋਖ ਕਰਕੇ,ਪਤਾ ਲੱਗਦਾ ਰਹਿੰਦਾ ਹੁਸ਼ਿਆਰੀਆਂ ਦਾ।
ਖਿਡਾਰੀ ਦੇਸ਼ ਦੇ ਅੰਬਰ ਦਾ ਚੰਨ ਹੁੰਦੇ, ਚਮਕਣ ਦੇਣਾ ਹੈ ਕੰਮ ਸਰਕਾਰੀਆਂ ਦਾ।
ਇਸ ਤੱਥ ਦਾ ਹਾਕਮ ਨੂੰ ਪਤਾ ਹੈਨੀ,ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਦਾ।
ਵਿਸ਼ਵ ਖੇਡ ਅਖਾੜੇ ਦੇ ਵਿੱਚ ਵੜਨਾ, ਹੁੰਦਾ ਕੰਮ ਨਹੀਂ ਹਾਰੀਆਂ ਸਾਰੀਆਂ ਦਾ।
ਇੱਕੋ ਗੇਮ ਦੀ ਬੈਠ ਗਏ ਪੂਛ ਫੜਕੇ,ਚੇਤਾ ਭੁੱਲਿਆ ਨਹਿਰ ਦੀਆਂ ਤਾਰੀਆਂ ਦਾ।
ਆਓ ! ਸਿੱਖੀਏ "ਭੀੜ" ਤੋਂ ਦੂਰ ਰਹਿਕੇ, ਸਿਰ ਤੇ ਚੱਕਣਾ ਭਾਰ ਦੁਸ਼ਵਾਰੀਆਂ ਦਾ।
ਹਾਕੀ ਅਤੇ ਕਬੱਡੀ ਦੀ ਖੇਡ ਉੱਤੇ , ਬੜੀ ਆਸਥਾ ਹੈ ਪੰਜਾਬੀਆਂ ਦੀ,
ਤਮਗੇ ਚੁੱਕ ਕੇ ਘਰਾਂ ਨੂੰ ਪਰਤ ਜਾਣਾ, ਅਸਲ ਖੇਡ ਹੈ ਇਹੋ 'ਮੁਰਗਾਬੀਆਂ' ਦੀ।
ਨੋਟ----ਭੀੜ ਤੋਂ ਦੂਰ ਮਤਲਬ ਵਿਅਕਤੀਗਤ ਖੇਡਾਂ ਚ ਹਿੱਸਾ ਲੈਣਾ)
#ਗੁਲਪੁਰ
ਸਵਾਸਤਿਕ ! - ਹਰਜਿੰਦਰ ਸਿੰਘ ਗੁਲਪੁਰ
ਬਿਰਖ ਛਾਂਗ "ਤਕਨੀਕ" ਦਾ ਹਾਕਮਾਂ ਨੇ,
ਸਭ ਤੋਂ ਵੱਧ ਵਿਗਿਆਨ ਦਾ ਲਿਆ ਫੈਦਾ।
ਗਊ ਪਾਲਕ ਕਿਸਾਨ ਬਰਬਾਦ ਹੋ ਗਏ,
ਗੋਬਰ ਮੂਤਰ ਗਿਆਨ ਦਾ ਲਿਆ ਫੈਦਾ।
ਪਾ ਕੇ ਗੀਤਾ, ਗ੍ਰੰਥ, ਰਮਾਇਣ ਪੱਲੇ,
ਬਾਈਬਲ ਅਤੇ ਕੁਰਾਨ ਦਾ ਲਿਆ ਫੈਦਾ।
ਸਾਮ,ਦਾਮ,ਦੰਡ,ਭੇਦ, ਨੂੰ ਮਾਤ ਕਰ ਕੇ,
"ਨਾਜ਼ੀ" ਵਾਲੇ ਨਿਸ਼ਾਨ ਦਾ ਲਿਆ ਫੈਦਾ।
ਪੁਲਿਸ ਰਾਜ ਵਿੱਚ ਬਦਲਤਾ ਦੇਸ਼ ਸਾਰਾ,
ਹੱਥੋਂ ਖੁੱਲ੍ਹ ਗਈ ਭਾਨ ਦਾ ਲਿਆ ਫੈਦਾ।
ਪੂਰੀ ਮਿਲਟਰੀ ਚੋਣਾਂ ਵਿੱਚ ਝੋਕ ਦਿੱਤੀ,
ਹਰ ਇੱਕ ਫੌਜੀ ਜਵਾਨ ਦਾ ਲਿਆ ਫੈਦਾ।
‘ਟੋਕਰੇ ਵਰਗੇ’ ਸ਼ਹਿਰ ਤੋਂ ਗੁਲਪੁਰ ਤੱਕ - ਹਰਜਿੰਦਰ ਸਿੰਘ ਗੁਲਪੁਰ
ਜੁਲਾਈ ਅਗਸਤ ਦਾ ਮਹੀਨਾ ਆਉਂਦਾ ਹੈ ਤਾਂ ਭਾਰਤ ਪਾਕਿਸਤਾਨ ਵੰਡ ਸਮੇਂ ਹੋਏ ਫਿਰਕੂ ਦੰਗਿਆਂ ਦੀ ਯਾਦ ਆ ਜਾਂਦੀ ਹੈ। ਇਸ ਸਮੇਂ ਨੂੰ ਰੌਲਿਆਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਸ ਸਮੇਂ ਲੱਖਾਂ ਲੋਕਾਂ ਨੂੰ ਇਧਰੋਂ ਉਧਰ ਅਤੇ ਉਧਰੋਂ ਇਧਰ ਭਰੇ ਭਰਾਏ ਘਰ ਬਾਹਰ ਛੱਡ ਕੇ ਹਿਜਰਤ ਕਰਨੀ ਪਈ ਸੀ। ਕਿਹਾ ਜਾਂਦਾ ਹੈ ਕਿ ਉਸ ਸਮੇਂ ਹਿੰਦੂ-ਸਿੱਖਾਂ ਅਤੇ ਮੁਸਲਮਾਨਾਂ ਦਰਮਿਆਨ ਹੋਏ ਫਸਾਦਾਂ ਵਿਚ ਤਕਰੀਬਨ 10 ਲੱਖ ਲੋਕ ਮਾਰੇ ਗਏ ਸਨ। ਔਰਤਾਂ ਦੀ ਬੇਪਤੀ ਅਤੇ ਮਾਲੀ ਨੁਕਸਾਨ ਦਾ ਤਾਂ ਕੋਈ ਹਿਸਾਬ ਕਿਤਾਬ ਹੀ ਨਹੀਂ। ਸਾਡੇ ਨੇੜਲਾ ਪਿੰਡ ਚਣਕੋਆ ਖਾਂਦੇ ਪੀਂਦੇ ਮੁਸਲਮਾਨਾਂ ਦਾ ਪਿੰਡ ਸੀ ਜਿੱਥੇ ਆਲੇ-ਦੁਆਲੇ ਦੇ 13 ਪਿੰਡ ਗੜ੍ਹਸ਼ੰਕਰ ਕੈਂਪ ਵਿਚ ਜਾਣ ਲਈ ਇਕੱਠੇ ਹੋਏ ਸਨ। ਉੱਥੇ ਹਿੰਦੂ ਸਿੱਖਾਂ ਦੇ ਹਮਲੇ ਕਾਰਨ ਬਹੁਤ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ। ਸਾਡੇ ਪਿੰਡ ਗੁਲਪੁਰ ਦੇ ਦੋ ਬੰਦੇ ਅਮਰ ਸਿੰਘ ਅਤੇ ਅਮੀਆ ਚਣਕੋਏ ਮਾਰੇ ਗਏ ਸਨ।
ਇਲਾਕੇ ਦੇ ਹੋਰ ਪਰਿਵਾਰਾਂ ਵਾਂਗ ਸਾਡੇ ਪਿੰਡ ਗੁਲਪੁਰ ਦੇ ਮਿਸਤਰੀਆਂ ਦਾ ਵੱਡ-ਵਡੇਰਾ ਕਪੂਰ ਸਿੰਘ ਵੀ ਲਾਇਲਪੁਰ (ਹੁਣ ਫੈਸਲਾਬਾਦ) ਲਾਗਲੇ ਕਿਸੇ ਚੱਕ ਵਿਚੋਂ ਉਠ ਕੇ ਆਇਆ ਸੀ। ਉਸ ਦੇ ਲੜਕੇ ਨਿਰੰਜਣ ਸਿੰਘ ਦੇ ਦੱਸਣ ਮੁਤਾਬਿਕ, ਇਹ ਪਿੰਡ (ਚੱਕ ਨੰਬਰ ਯਾਦ ਨਹੀਂ) ਜੜ੍ਹਾਂਵਾਲਾ ਦੇ ਨਜ਼ਦੀਕ ਸੀ। ਅਸੀਂ ਆਪਣੇ ਪਿੰਡਾਂ ਦੇ 5-7 ਬੰਦੇ ਨਵੰਬਰ 1984 ਵਿਚ ਗੁਰੂ ਨਾਨਕ ਜੀ ਦੇ ਜਨਮ ਦਿਵਸ ਉੱਤੇ ਪਾਕਿਸਤਾਨ ਗਏ ਸੀ। ਉਸ ਸਮੇਂ ਅਸੀਂ ਭਾਵੇਂ ਜਵਾਨ ਸੀ ਪਰ ਸਾਡੇ ਨਾਲ ਬਲਾਕ ਸਮਿਤੀ ਸੜੋਆ ਦੇ ਤਤਕਾਲੀਨ ਚੇਅਰਮੈਨ ਇੰਦਰਜੀਤ ਸਿੰਘ ਅਤੇ ਮਾਰਕੀਟ ਕਮੇਟੀ ਦੇ ਚੇਅਰਮੈਨ ਜਥੇਦਾਰ ਹਰਬੰਤ ਸਿੰਘ ਜਾਡਲੀ ਤੋਂ ਇਲਾਵਾ ਪ੍ਰਧਾਨ ਕਾਬਲ ਸਿੰਘ ਬਹਿਬਲਪੁਰ ਦਾ ਲੜਕਾ ਵੀ ਸੀ। ਉਦੋਂ ਇੰਦਰਜੀਤ ਸਿੰਘ ਹੋਰੀਂ ਵੀ ਜੜ੍ਹਾਂਵਾਲਾ ਜਾਣਾ ਚਾਹੁੰਦੇ ਸਨ ਪਰ ਪਾਬੰਦੀਆਂ ਕਾਰਨ ਅਸੀਂ ਨਨਕਾਣਾ ਸਾਹਿਬ ਤੋਂ ਬਾਹਰ ਕਿਤੇ ਜਾ ਨਹੀਂ ਸਕੇ। ਉਂਜ, ਮਿਸਤਰੀਆਂ ਵਾਲਾ ਚੱਕ ਨਨਕਾਣਾ ਸਾਹਿਬ ਤੋਂ ਬਹੁਤੀ ਦੂਰ ਨਹੀਂ ਸੀ। ਜੇ ਸਬੱਬ ਬਣ ਜਾਂਦਾ ਤਾਂ ਮੈਂ ਵੀ ਆਪਣੇ ਗਰਾਈਂ ਬਜ਼ੁਰਗਾਂ ਦੀ ਕਰਮ ਭੂਮੀ ਦੇਖ ਲੈਣੀ ਸੀ। ਇਸ ਪਰਿਵਾਰ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਹਾਂ ਕਿਉਂਕਿ ਇਹ ਪਰਿਵਾਰ ਲੋੜਕੂ ਹੋਣ ਦੇ ਬਾਵਜੂਦ ਰੂਹ ਦੇ ਰੱਜ ਵਾਲਾ ਰਿਹਾ ਹੈ। ਹੁਣ ਤਾਂ ਹਾਲਾਤ ਬਹੁਤ ਬਦਲ ਗਏ ਹਨ। ਗਿਣਤੀਆਂ ਮਿਣਤੀਆਂ ਤੋਂ ਬੇਪ੍ਰਵਾਹ ਮਿਸਤਰੀਆਂ ਦਾ ਇਹ ਟੱਬਰ ਕਈ ਵਾਰ ਭਾਈ ਲਾਲੋ ਦਾ ਵਾਰਿਸ ਲਗਦਾ ਹੈ।
ਮਿਸਤਰੀਆਂ ਦਾ ਘਰ ਸਾਡੇ ਬਾਹਰਲੇ ਘਰ ਜਿਸ ਨੂੰ ਸਾਡੇ ਇਲਾਕੇ ਵਿਚ ਬਾੜਾ ਕਹਿੰਦੇ ਹਨ, ਦੇ ਐਨ ਸਾਹਮਣੇ ਹੈ। ਕਪੂਰ ਸਿੰਘ ਮੇਰੇ ਬਾਬੇ ਦਾ ਮਿੱਤਰ ਸੀ। ਉਹਦਾ ਪੱਕਾ ਟਿਕਾਣਾ ਸਾਡੇ ਬਾਹਰਲੇ ਘਰ ਹੀ ਹੁੰਦਾ। ਉਹ ਦਿਨੇ ਭਾਵੇਂ ਕਿਤੇ ਰਹੇ ਪਰ ਰਾਤ ਨੂੰ ਸਾਡੇ ਬਾਬੇ ਕੋਲ ਆ ਜਾਂਦਾ। ਸਾਡੇ ਬਾਹਰਲੇ ਘਰ ਦੇ ਸਾਹਮਣੇ ਖੂਹ ਹੁੰਦਾ ਸੀ ਜਿੱਥੇ ਮੇਰਾ ਭਗਤ ਬਾਬਾ ਤੜਕੇ ਉੱਠ ਕੇ ਇਸ਼ਨਾਨ ਕਰਦਾ, ਗੀਤਾ, ਗੁਰਬਾਣੀ, ਉਰਦੂ, ਫਾਰਸੀ ਆਦਿ ਜੋ ਮੂੰਹ ਆਉਂਦਾ, ਉਚਾਰਦਾ ਰਹਿੰਦਾ। ਫਿਰ ਇੱਕ ਗੀਤ ਆਇਆ- ਕੱਚੀਆਂ ਖੂਹੀਆਂ ’ਤੇ ਡੋਲ ਖੜਕਦੇ, ਮੈਨੂੰ ਹੁਣ ਵੀ ਲਗਦਾ ਹੈ ਕਿ ਇਹ ਗੀਤ ਮੇਰੇ ਬਾਬੇ ਦਾ ਖੜਕਦੇ ਡੋਲ/ਬਾਲਟੀ ਦਾ ਹੀ ਸੀ।
ਨਿਰੰਜਣ ਸਿੰਘ ਅਨੁਸਾਰ, ਉਸ ਦਾ ਬਾਪ ਕਪੂਰ ਸਿੰਘ ਅਤੇ ਉਸ ਦਾ ਭਰਾ ਗੁਬਿੰਦਾ ਤਕਰੀਬਨ 35 ਸਾਲ ਪਹਿਲਾਂ ਪਿੰਡ ਗੁਲਪੁਰ ਛੱਡ ਕੇ ਕੰਮ-ਕਾਜ ਦੀ ਭਾਲ ਵਿਚ ਲਾਇਲਪੁਰ ਚਲੇ ਗਏ ਸਨ। ਅਸਲ ਵਿਚ, ਇਨ੍ਹਾਂ ਦਾ ਪਿੰਡ ਸਿੰਬਲ ਮਜਾਰਾ ਸੀ ਅਤੇ ਸਾਡੇ ਪਿੰਡ ਉਹ ਸੇਪੀ ਕਰਦੇ ਸਨ। ਫਿਰ ਉਨ੍ਹਾਂ ਦੇ ਸ਼ਰੀਕੇ ਭਾਈਚਾਰੇ ਦੇ ਬਹੁਤ ਸਾਰੇ ਪਰਿਵਾਰ ਵੀ ਹੌਲੀ ਹੌਲੀ ਉੱਥੇ ਚਲੇ ਗਏ। ਅੰਗਰੇਜ਼ ਸਰਕਾਰ ਵਲੋਂ ਤਰਖਾਣਾਂ ਅਤੇ ਹੋਰ ਗੈਰ ਕਾਸ਼ਤਕਾਰੀ ਲੋਕਾਂ ਨੂੰ ਰੋਟੀ ਰੋਜ਼ੀ ਕਮਾਉਣ ਲਈ ਥੋੜ੍ਹੀ ਥੋੜ੍ਹੀ ਜ਼ਮੀਨ ਅਲਾਟ ਕੀਤੀ ਗਈ ਸੀ।
ਮੇਰੇ ਬਾਬਾ ਜੀ ਅਨੁਸਾਰ, ਉਨ੍ਹਾਂ ਸਾਰਿਆਂ ਦੀ ਜ਼ਮੀਨ ਇਕੱਲਾ ਕਪੂਰ ਸਿੰਘ ਵਾਹੁੰਦਾ ਹੁੰਦਾ ਸੀ। ਕਾਰਨ ਇਹ ਸੀ ਕਿ ਉਸ ਨੇ ਉਥੇ ਦੋ ਖਰਾਸ ਲਾ ਲਏ ਸਨ। ਰਿਹਾਇਸ਼ ਅਤੇ ਖਰਾਸਾਂ ਲਈ ਉਸ ਕੋਲ ਕਾਫੀ ਵੱਡਾ ਹਾਤਾ ਸੀ। ਖਰਾਸ ਚਲਾਉਣ ਅਤੇ ਖੇਤੀ ਲਈ ਉਸ ਨੇ 4 ਬਲਦ ਰੱਖੇ ਹੋਏ ਸਨ। ਉਸ ਜ਼ਮਾਨੇ ਵਿਚ 4 ਬਲਦਾਂ ਦੀ ਖੇਤੀ ਵਾਲਾ ਪਰਿਵਾਰ ਖਾਂਦਾ ਪੀਂਦਾ ਪਰਿਵਾਰ ਮੰਨਿਆ ਜਾਂਦਾ ਸੀ। ਬਜ਼ੁਰਗ ਕਪੂਰ ਸਿੰਘ ਬਹੁਤ ਨਫ਼ੀਸ ਅਤੇ ਕਾਰੋਬਾਰੀ ਫਿਤਰਤ ਵਾਲਾ ਬੰਦਾ ਸੀ। ਉਸ ਨੇ ਮੁਸਲਿਮ ਲੀਗ ਦੀਆਂ ਸਰਗਰਮੀਆਂ ਤੋਂ ਅੰਦਾਜ਼ਾ ਲਾ ਲਿਆ ਕਿ ਦੇਰ ਸਵੇਰ ਇਸ ਧਰਤੀ ਉੱਤੇ ਅਨਰਥ ਜ਼ਰੂਰ ਹੋਵੇਗਾ। ਬਹੁਤ ਸਾਰੇ ਅਨੁਭਵੀ ਲੋਕ ਸਹੀ ਸਲਾਮਤ ਆਪੋ-ਆਪਣੇ ਸਥਾਈ ਆਲ੍ਹਣਿਆਂ ਵਿਚ ਪਰਤ ਆਏ ਸਨ। ਇਨ੍ਹਾਂ ਵਿਚੋਂ ਸਾਡੇ ਪਿੰਡ ਦੇ ਬਜ਼ੁਰਗ ਕਪੂਰ ਸਿੰਘ ਦਾ ਪਰਿਵਾਰ ਵੀ ਇੱਕ ਸੀ। ਉਸ ਦੀ ਘਰਵਾਲੀ ਮਰ ਚੁੱਕੀ ਸੀ ਅਤੇ ਉਹ ਆਪਣੇ ਦੋ ਲੜਕਿਆਂ ਤੇ ਦੋ ਲੜਕੀਆਂ ਨੂੰ ਰੌਲਿਆਂ ਤੋਂ 3 ਸਾਲ ਪਹਿਲਾਂ, 1944 ਵਿਚ ਗੁਲਪੁਰ ਛੱਡ ਗਿਆ ਸੀ। ਪਿੰਡ ਵਾਲਾ ਕੱਚਾ ਮਕਾਨ ਖਸਤਾ ਹਾਲਤ ਵਿਚ ਸੀ। ਨਿਰੰਜਣ ਸਿੰਘ ਦੀ ਉਮਰ ਉਸ ਸਮੇਂ 17-18 ਸਾਲ ਸੀ। ਉਨ੍ਹਾਂ 5 ਰੁਪਏ ਹਜ਼ਾਰ ਦੇ ਹਿਸਾਬ ਨਾਲ ਇੱਟਾਂ, ਸਮੇਤ ਢੁਆਈ ਨਜ਼ਦੀਕੀ ਪਿੰਡ ਸਾਹਿਬਾ ਦੇ ਭੱਠੇ ਤੋਂ ਲਿਆ ਕੇ ਉਸ ਸਮੇਂ ਦੇ ਹਿਸਾਬ ਨਾਲ ਵਧੀਆ ਘਰ ਬਣਾਇਆ। ਬਾਲਿਆਂ ਦੀ ਥਾਂ ਟੀ-ਆਇਰਨ ਪਾਏ।
ਨਿਆਣਿਆਂ ਲਈ ਘਰ ਦਾ ਜੁਗਾੜ ਕਰ ਕੇ ਕਪੂਰ ਸਿੰਘ ਵਾਪਸ ਲਾਇਲਪੁਰ ਚਲੇ ਗਿਆ। ਪਾਕਿਸਤਾਨ ਬਣਨ ਤੱਕ ਉਹ ਬੱਚਿਆਂ ਨੂੰ ਮਿਲਣ ਪਿੰਡ ਆਉਂਦਾ ਰਿਹਾ। ਜੂਨ ਜੁਲਾਈ ਤੋਂ ਲੋਕਾਂ ਦੇ ਤੇਵਰ ਬਦਲਣ ਲੱਗ ਪਏ। ਜਦੋਂ ਫਸਾਦ ਸ਼ੁਰੂ ਹੋ ਗਏ ਤਾਂ ਕਪੂਰ ਸਿੰਘ ਅਤੇ ਦੂਜੇ ਵਿਆਹ ਵਾਲੀ ਉਹਦੀ ਪਤਨੀ ਵੀ ਆਪਣਾ ਭਰਿਆ ਭਰਾਇਆ ਘਰ ਛੱਡ ਕੇ ਗੁਲਪੁਰ ਪਰਤ ਆਏ। ਇਥੇ ਆ ਕੇ ਵੀ ਉਨ੍ਹਾਂ ਨੇ ਖਰਾਸ ਲਾਇਆ ਜੋ ਲਾਹੇਵੰਦਾ ਨਾ ਹੋਣ ਕਾਰਨ ਬੰਦ ਕਰਨਾ ਪਿਆ। ਨਿਰੰਜਣ ਸਿੰਘ ਦੇ ਦੱਸਣ ਅਨੁਸਾਰ ਉਨ੍ਹਾਂ ਦੇ ਸ਼ਰੀਕੇ ਭਾਈਚਾਰੇ ਦੇ ਸਾਰੇ ਲੋਕ ਸੁਰੱਖਿਅਤ ਆ ਗਏ ਸਨ, ਉਨ੍ਹਾਂ ਨੂੰ ਚੱਕ ਫੁੱਲੂ ਦੀ ਹੱਦ ਬਸਤ ਵਿਚ ਕੁਝ ਜ਼ਮੀਨ ਵੀ ਅਲਾਟ ਹੋਈ ਸੀ ਪਰ ਕਪੂਰ ਸਿੰਘ ਦੇ ਲੜਕਿਆਂ ਨਿਰੰਜਣ ਸਿੰਘ ਅਤੇ ਪ੍ਰੀਤਮ ਸਿੰਘ ਦੀ ਬੇਇਤਫ਼ਾਕੀ ਅਤੇ ਇੱਕਦਮ ਆਈ ਘੋਰ ਗਰੀਬੀ ਕਾਰਨ ਸਰਕਾਰੇ ਦਰਬਾਰੇ ਪਹੁੰਚ ਨਾ ਹੋ ਸਕੀ। ਉਸ ਸਮੇਂ ਕਿਸੇ ਪਹੁੰਚ ਵਾਲੇ ਨੇ ਬਨਾਉਟੀ ਕਲੇਮ ਕਰ ਕੇ ਜ਼ਮੀਨ ਦੱਬ ਲਈ। ਇਸ ਦੀ ਪੁਸ਼ਟੀ ਮਾਲ ਵਿਭਾਗ ਨਾਲ ਸਬੰਧਿਤ ਮੇਰੇ ਇੱਕ ਦੋਸਤ ਨੇ ਵੀ ਕੀਤੀ ਸੀ। ਨਿਰੰਜਣ ਸਿੰਘ ਨੇ ਲਾਇਲਪੁਰ ਤੋਂ ਗੁਲਪੁਰ ਆਉਣ ਦਾ ਕਿੱਸਾ ਵੀ ਸੁਣਾਇਆ ਸੀ ਅਤੇ ਦੱਸਿਆ ਸੀ ਕਿ ਲਾਇਲਪੁਰ ਦਾ ਨਕਸ਼ਾ ਟੋਕਰੇ ਵਰਗਾ ਹੈ। ਬਾਅਦ ਵਿਚ ਪਤਾ ਲੱਗਿਆ ਕਿ ਇਸ ਸ਼ਹਿਰ ਦਾ ਨਕਸ਼ਾ ਯੂਨੀਅਨ ਜੈਕ (ਅੰਗਰੇਜ਼ੀ ਝੰਡੇ) ’ਤੇ ਆਧਾਰਿਤ ਹੈ।
ਸੰਪਰਕ : 0061-411218801
ਪੱਛਮੀ ਬੰਗਾਲ ਵਿੱਚ ਕੇਂਦਰ ਸਰਕਾਰ ਦੀ ਬੇ ਲੋੜੀ ਦਖਲ ਅੰਦਾਜੀ। - ਹਰਜਿੰਦਰ ਸਿੰਘ ਗੁਲਪੁਰ
ਮਮਤਾ ਬੈਨਰਜੀ ਨੇ ਜਿਸ ਦਿਨ ਪੱਛਮੀ ਬੰਗਾਲ ਦੀ ਮੁਖਮੰਤਰੀ ਵਜੋਂ ਸਹੁੰ ਚੁੱਕੀ ਸੀ ਉਸੇ ਦਿਨ ਗਵਰਨਰ ਜਗਦੀਪ ਧਨਖੜ ਨੇ ਸੀ ਬੀ ਆਈ ਨੂੰ ਸਹੁੰ ਚੁੱਕਣ ਵਾਲੇ 4 ਵਿਧਾਇਕਾਂ ਖਿਲਾਫ ਇੱਕ 7 ਸਾਲ ਪੁਰਾਣੇ ਕਥਿਤ ਰਿਸ਼ਵਤ ਕਾਂਡ ਵਿੱਚ ਕਾਰਵਾਈ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਉਸੇ ਦਿਨ ਤੋਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਇਹਨਾਂ ਵਿਧਾਇਕਾਂ ਖਿਲਾਫ ਕਿਸੇ ਸਮੇਂ ਵੀ ਕਾਰਵਾਈ ਹੋ ਸਕਦੀ ਹੈ। ਇਸ ਦੌਰਾਨ ਇਹ ਸਵਾਲ ਵੀ ਉਠਦੇ ਰਹੇ ਹਨ ਕਿ ਮੁਖ ਮੰਤਰੀ ਨੂੰ ਬਾਈ ਪਾਸ ਕਰਕੇ ਸੀ ਬੀ ਆਈ ਨੂੰ ਅਜਿਹੀ ਸਿਫਾਰਸ਼ ਕਰਨ ਦਾ ਗਵਰਨਰ ਨੂੰ ਸੰਵਿਧਾਨਿਕ ਅਧਿਕਾਰ ਹੈ ਜਾ ਨਹੀਂ ? ਵਿਧਾਨ ਸਭਾ ਸਪੀਕਰ ਦਾ ਅਜਿਹੀ ਸਥਿਤੀ ਵਿੱਚ ਕੀ ਰੋਲ ਹੋ ਸਕਦਾ ਹੈ ? ਇਸ ਤਰ੍ਹਾਂ ਦੇ ਸੰਵਿਧਾਨਿਕ ਸੰਕਟ ਵਾਰ ਵਾਰ ਆਉਂਦੇ ਰਹੇ ਹਨ ਪਰ 74 ਸਾਲ ਬੀਤ ਜਾਣ ਦੇ ਬਾਵਜੂਦ ਵੀ ਅਜਿਹੇ ਸੰਕਟਾਂ ਦਾ ਹੁੱਲ ਨਹੀਂ ਲੱਭਿਆ। ਮੋਮ ਦੇ ਨੱਕ ਵਰਗਾ ਸੰਵਿਧਾਨ ਇੱਕ ਮਜ਼ਾਕ ਬਣ ਕੇ ਰਹਿ ਗਿਆ ਹੈ ਜਿੱਥੇ "ਜਿਸ ਕੀ ਲਾਠੀ ਉਸ ਕੀ ਭੈਂਸ" ਵਾਲਾ ਜੰਗਲੀ ਫਾਰਮੂਲਾ ਚੱਲਦਾ ਹੈ। ਖਦਸ਼ਾ ਪੈਦਾ ਹੋ ਗਿਆ ਹੈ ਕਿ ਜੇ 100 ਤੋੰ ਉੱਪਰ ਸੋਧਾਂ ਹੋ ਸਕਦੀਆਂ ਹਨ ਤਾਂ ਪੂਰਾ ਸੰਵਿਧਾਨ ਵੀ ਬਦਲਿਆ ਜਾ ਸਕਦਾ ਹੈ। ਉਪਰੋਕਤ ਕਿਆਸ ਅਰਾਈਆਂ ਉਦੋਂ ਸਹੀ ਸਾਬਤ ਜੋ ਗਈਆਂ ਜਦੋਂ ਸੀ ਬੀ ਆਈ ਨੇ ਮਮਤਾ ਬੈਨਰਜੀ ਦੇ ਬਹੁਤ ਨਜਦੀਕੀ ਮੰਤਰੀ ਫਰਹਾਦ ਹਕੀਮ ਨੂੰ ਕਥਿਤ 'ਨਾਰਦ ਰਿਸ਼ਵਤ ਕਾਂਡ' ਵਿਚ ਬਾਕਾਇਦਾ ਗ੍ਰਿਫਤਾਰ ਕਰ ਲਿਆ ਹੈ। ਸੀ ਬੀ ਆਈ, ਮਦਨ ਮਿੱਤਰ, ਸ਼ੋਭਨ ਦੇਵ ਚਟੋਪਾਧਿਆਏ ਅਤੇ ਸੁਬਰਨ ਮੁਖਰਜੀ ਨੂੰ ਵੀ ਕਲਕੱਤਾ ਸਥਿਤ ਕੇਂਦਰ ਸਰਕਾਰ ਦੇ ਕੰਪਲੈਕਸ ਨਿਜ਼ਾਮ ਪੈਲਿਸ ਲੈ ਗਈ ਹੈ। ਇਹ ਤਿੰਨੇ ਟੀ ਐਮ ਸੀ ਦੇ ਵਿਧਾਇਕ ਹਨ। ਇੱਥੇ ਉਹਨਾਂ ਨੂੰ ਪੁੱਛਗਿੱਛ ਲਈ ਲਿਆਂਦਾ ਗਿਆ ਹੈ। ਇਸ ਕਾਰਵਾਈ ਲਈ ਗਵਰਨਰ ਵਲੋਂ ਚੁੱਕੇ ਗਏ ਕਦਮ ਉੱਤੇ ਰਾਜਸੀ ਹਲਕਿਆਂ ਵਿੱਚ ਕਾਫੀ ਹਲਚਲ ਹੋਣ ਦੀ ਸੰਭਾਵਨਾ ਹੈ। ਦਰ ਅਸਲ 2014 ਵਿੱਚ ਇੱਕ ਪੱਤਰਕਾਰ ਨੇ ਇੱਕ ਸਟਿੰਗ ਅਪਰੇਸ਼ਨ ਕੀਤਾ ਸੀ। ਉਸ ਨੇ ਕੁੱਝ ਰਾਜ ਨੇਤਾਵਾਂ ਅਤੇ ਇੱਕ ਪੁਲਿਸ ਅਫਸਰ ਨੂੰ ਇਹ ਕਿਹਾ ਉਹ ਇੱਕ ਉਦਯੋਗਪਤੀ ਹੈ ਅਤੇ ਪੱਛਮੀ ਬੰਗਾਲ ਵਿੱਚ ਵੱਡਾ ਨਿਵੇਸ਼ ਕਰਨਾ ਚਾਹੁੰਦਾ ਹੈ ਜਿਸ ਲਈ ਉਸ ਨੂੰ ਸਹਾਇਤਾ ਦੀ ਲੋੜ ਹੈ। ਖੁਦ ਨੂੰ ਉਦਯੋਗਪਤੀ ਦੱਸਣ ਵਾਲਾ ਉਹ ਪੱਤਰਕਾਰ ਨੋਟਾਂ ਦੇ ਬੰਡਲ ਉਹਨਾਂ ਨੂੰ ਸੌਂਪਦਾ ਹੈ ਅਤੇ ਇਸ ਕਾਰਵਾਈ ਨੂੰ ਕੈਮਰੇ ਵਿੱਚ ਕੈਦ ਕਰ ਲੈਂਦਾ ਹੈ। ਹੈਰਾਨੀ ਦੀ ਗੱਲ ਹੈ ਕਿ ਚੁਣੇ ਹੋਏ ਪ੍ਰਤੀਨਿਧ ਅਤੇ ਇੱਕ ਪੁਲਿਸ ਅਫਸਰ ਕਿਸੇ ਅਜਨਬੀ ਦੇ ਜਾਲ ਵਿੱਚ ਕਿਵੇਂ ਫਸ ਜਾਂਦੇ ਹਨ। ਉਸ ਨੇ ਇਹ ਖੇਡ 7 ਸੰਸਦਾਂ,1 ਵਿਧਾਇਕ, 4 ਮੰਤਰੀਆਂ ਅਤੇ 1 ਪੁਲਿਸ ਅਫਸਰ ਨਾਲ ਖੇਡੀ। ਜਦੋਂ ਇਸ ਸਟਿੰਗ ਅਪਰੇਸ਼ਨ ਨੂੰ ਬੰਗਲਾ ਟੀ ਵੀ ਚੈਨਲਾਂ (ਨਾਰਦ ਚੈਨਲ) ਤੇ ਚਲਾਇਆ ਗਿਆ ਤਾਂ ਇੱਕ ਤਰਾਂ ਨਾਲ ਹੜਕੰਪ ਮਚ ਗਿਆ। ਇਸ ਨੂੰ ਨਾਰਦ ਰਿਸ਼ਵਤ ਕਾਂਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਨੰਦ ਬਜਾਰ ਪਤਰਿਕਾ ਅਨੁਸਾਰ ਸੋਮਵਾਰ ਦੀ ਸਵੇਰ ਸੀ ਬੀ ਆਈ ਵਲੋਂ ਕਲਕੱਤਾ ਦੇ ਚੇਤਲਾ ਸਥਿਤ ਫਰਹਾਦ ਹਕੀਮ ਦੇ ਘਰ ਨੂੰ ਸਾਰੇ ਪਾਸਿਆਂ ਤੋਂ ਘੇਰ ਲਿਆ ਗਿਆ। ਇਸ ਤੋਂ ਬਾਅਦ ਉਹਨਾਂ ਨੂੰ ਕਲਕੱਤਾ ਸਥਿਤ ਨਿਜ਼ਾਮ ਪੈਲਿਸ ਲਿਜਾਇਆ ਗਿਆ। ਨਿਜ਼ਾਮ ਪੈਲਿਸ ਕੰਪਲੈਕਸ ਵਿੱਚ ਕੇਂਦਰ ਸਰਕਾਰ ਦੇ ਕਈ ਦਫਤਰ ਹਨ। ਫਰਹਾਦ ਹਕੀਮ ਦਾ ਕਹਿਣਾ ਹੈ ਕਿ ਉਸ ਨੂੰ ਸੀ ਬੀ ਆਈ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕੋਈ ਨੋਟਿਸ ਨਹੀਂ ਦਿੱਤਾ। ਉਸ ਦਾ ਕਹਿਣਾ ਹੈ ਕਿ ਸਪੀਕਰ ਦੀ ਇਜਾਜ਼ਤ ਤੋਂ ਬਿਨਾਂ ਹੀ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਲਈ ਉਹ ਇਸ ਮਾਮਲੇ ਨੂੰ ਅਦਾਲਤ ਵਿੱਚ ਲੈ ਕੇ ਜਾਣਗੇ। "ਅਨੰਦ ਬਜਾਰ ਪੱਤ੍ਰਿਕਾ" ਅਨੁਸਾਰ ਇਹਨਾਂ ਚਾਰਾਂ ਖਿਲਾਫ ਚਾਰਜ ਸ਼ੀਟ ਤਿਆਰ ਕਰ ਲਈ ਗਈ ਹੈ, ਜਿਸ ਨੂੰ ਦਿੱਲੀ ਭੇਜਿਆ ਗਿਆ ਹੈ। ਰਿਸ਼ਵਤਖੋਰਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ , ਕਿਸੇ ਦਾ ਲਿਹਾਜ ਨਹੀਂ ਹੋਣਾ ਚਾਹੀਦਾ। ਇਹ ਕਾਰਵਾਈ ਚੋਣਵੀਂ ਨਹੀਂ ਹੋਣੀ ਚਾਹੀਦੀ। ਜਦੋਂ ਇੱਕ ਬਜਾਰ ਵਿੱਚ ਦੋ ਭਾਅ ਚੱਲਣ ਲੱਗਦੇ ਹਨ ਤਾਂ ਅਵਾਮ ਦੇ ਕੰਨ ਖੜ੍ਹੇ ਹੋਣੇ ਸੁਭਾਵਿਕ ਹਨ। ਸਵਾਲ ਪੈਦਾ ਹੁੰਦਾ ਹੈ ਕਿ ਇਸ ਸਟਿੰਗ ਅਪਰੇਸ਼ਨ ਸਮੇ ਜਿਹੜੇ ਲੋਕ ਟੀ ਐਮ ਸੀ ਵਿੱਚ ਸਨ ਅਤੇ ਬਾਅਦ ਵਿੱਚ ਭਾਜਪਾ ਵਿੱਚ ਸ਼ਾਮਿਲ ਹੋ ਗਏ ਉਹਨਾਂ ਖਿਲਾਫ ਸੀ ਬੀ ਆਈ ਵਲੋਂ ਇਹ ਕਾਰਵਾਈ ਕਿਉ ਨਹੀ ਕੀਤੀ ਗਈ। ਨਾਰਦ ਘੋਟਾਲਾ ਮਾਮਲੇ ਵਿੱਚ ਟੀ ਐਮ ਸੀ ਦੇ ਜਿਹਨਾਂ 7 ਸੰਸਦਾਂ ਦਾ ਨਾਮ ਆਇਆ ਸੀ, ਉਹਨਾਂ ਵਿੱਚ ਮੁਕਲ ਰਾਏ ਰਾਜ ਸਭਾ ਮੈਂਬਰ ਸਨ। ਮੁਕਲ ਰਾਏ ਬਾਅਦ ਵਿੱਚ ਟੀ ਐਮ ਸੀ ਛੱਡ ਕੇ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ ਅਤੇ ਹਾਲ ਹੀ ਵਿੱਚ ਵਿਧਾਇਕ ਚੁਣੇ ਗਏ ਹਨ। ਕਿਸੇ ਸਮੇਂ ਮਮਤਾ ਬੈਨਰਜੀ ਦਾ ਸੱਜਾ ਹੱਥ ਰਹੇ ਸੁਭੇਂਧੂ ਅਧਿਕਾਰੀ ਵੀ ਇਸ ਮਾਮਲੇ ਵਿਚ ਸ਼ਾਮਿਲ ਹਨ। ਉਸ ਨੇ ਨੰਦੀਗਰਾਮ ਤੋਂ ਮਮਤਾ ਬੈਨਰਜੀ ਨੂੰ ਹਰਾਇਆ ਹੈ। ਭਾਜਪਾ ਨੇ ਅਧਿਕਾਰੀ ਨੂੰ ਪੱਛਮੀ ਵਿਧਾਨ ਸਭਾ ਅੰਦਰ ਵਿਰੋਧੀ ਧਿਰ ਦਾ ਆਗੂ ਬਣਾਇਆ ਹੈ। 2016 ਦੌਰਾਨ ਹੋਈਆਂ ਬੰਗਾਲ ਵਿਧਾਨ ਸਭਾਈ ਚੋਣਾਂ ਵਿੱਚ ਇਸ ਕਥਿਤ ਕਾਂਡ ਨੂੰ ਬੜਾ ਮੁੱਦਾ ਬਣਾਇਆ ਗਿਆ ਸੀ। ਇਸ ਦੇ ਬਾਵਜੂਦ ਮਮਤਾ ਬੈਨਰਜੀ ਬਹੁਮਤ ਲੈ ਕੇ ਵਾਪਸ ਆਈ ਸੀ। ਉਸ ਸਮੇਂ ਮਮਤਾ ਨੇ ਦਾਅਵਾ ਕੀਤਾ ਸੀ ਕਿ ਬੰਗਾਲ ਦੀ ਜਨਤਾ ਨੇ ਸਪਸ਼ਟ ਕਰ ਦਿੱਤਾ ਹੈ ਕਿ ਤਿਰਮੂਲ ਕਾਂਗਰਸ ਉੱਤੇ ਲਗਾਏ ਦੋਸ਼ ਨਿਰ ਆਧਾਰ ਹਨ। ਇਹ ਪਹਿਲੀ ਵਾਰ ਨਹੀਂ ਹੈ ਕਿ ਭਾਜਪਾ ਉੱਤੇ ਪੱਖਪਾਤ ਕਰਨ ਅਤੇ ਬਦਲਾ ਲਊ ਭਾਵਨਾ ਅਧੀਨ ਕਾਰਵਾਈਆਂ ਕਰਨ ਦੇ ਦੋਸ਼ ਲੱਗੇ ਹਨ। ਇਸ ਤੋਂ ਪਹਿਲਾਂ ਵੀ ਉਸ ਉੱਤੇ ਅਜਿਹੇ ਦੋਸ਼ ਲੱਗਦੇ ਰਹੇ ਹਨ। ਕੇਂਦਰੀ ਜਾਂਚ ਏਜੰਸੀਆਂ ਦਾ ਆਪਣੇ ਹੁੱਕ ਵਿੱਚ ਇਸਤੇਮਾਲ ਕਰਨ ਲਈ ਭਾਜਪਾ ਸਭ ਹੱਦਾਂ ਬੰਨੇ ਟੱਪ ਗਈ ਹੈ। ਇੱਥੋਂ ਤੱਕ ਕਿ ਚੋਣਾਂ ਦੌਰਾਨ ਵੀ ਕੇਂਦਰੀ ਏਜੰਸੀਆਂ ਦਾ ਦੁਰ ਉਪਯੋਗ ਹੁੰਦਾ ਰਿਹਾ ਹੈ। ਜਿਸ ਤਰਾਂ ਬੰਗਾਲ ਦੀ ਸਿਆਸਤ ਵਿੱਚ ਖਤਮ ਹੋ ਚੁੱਕੇ ਮੁੱਦਿਆਂ ਨੂੰ ਭਾਜਪਾ ਸਰਕਾਰ ਨੇ ਫੇਰ ਤੋਂ ਸਾਹਮਣੇ ਲਿਆਂਦਾ ਹੈ ਉਸ ਨਾਲ ਦੇਸ਼ ਭਰ ਦੀ ਸਿਆਸਤ ਵਿੱਚ ਉਬਾਲ ਆਵੇਗਾ। ਆਉਣ ਵਾਲੇ ਦਿਨਾਂ ਵਿੱਚ ਬੰਗਾਲ ਅਤੇ ਕੇਂਦਰ ਸਰਕਾਰ ਦਰਮਿਆਨ ਟਕਰਾਅ ਵਧੇਗਾ ਜਿਸ ਤੋਂ ਬਚਣ ਦੀ ਲੋੜ ਹੈ। ਇਸੇ ਦੌਰਾਨ ਜਾਣਕਾਰੀ ਮਿਲੀ ਹੈ ਕਿ ਨਿਜ਼ਾਮ ਪੈਲਿਸ ਸਥਿਤ ਕੇਂਦਰੀ ਜਾਂਚ ਬਿਊਰੋ ਦੇ ਦਫਤਰ ਸਾਹਮਣੇ ਤਿਰਮੂਲ ਕਾਂਗਰਸ ਸਮਰਥਕਾਂ ਅਤੇ ਕੇਂਦਰੀ ਸੁਰਖਿਆ ਬਲਾਂ ਦਰਮਿਆਨ ਝੜਪਾਂ ਹੋਈਆਂ ਹਨ। ਟੀ ਐਮ ਸੀ ਦੇ ਕਾਰਕੁਨਾਂ ਨੇ ਸੀ ਬੀ ਆਈ ਦੇ ਦਫਤਰ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਹੈ। ਪਥਰਾਅ ਅਤੇ ਲਾਠੀਚਾਰਜ ਹੋਣ ਦੀਆਂ ਵੀ ਖਬਰਾਂ ਹਨ। ਬੀਜੇਪੀ ਦੀ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਵਿਵਾਦਾਂ ਵਿੱਚ ਘਿਰੀ ਹੋਈ ਹੈ। ਦੇਸ਼ ਇਸ ਸਮੇਂ ਕਰੋਨਾ ਮਹਾਮਾਰੀ ਦੀ ਸਭ ਤੋਂ ਵੱਡੀ ਸਮੱਸਿਆ ਵਿੱਚ ਘਿਰਿਆ ਹੋਇਆ ਹੈ ਪ੍ਰੰਤੂ ਕੇਂਦਰ ਸਰਕਾਰ ਆਪਣੀਆਂ ਰਾਜਨੀਤਕ ਗੋਟੀਆਂ ਫਿੱਟ ਕਰਨ ਦੇ ਆਹਰ ਵਿੱਚ ਲੱਗੀ ਹੋਈ ਹੈ। ਬੰਗਾਲ ਵਿੱਚ ਹੋਈ ਹਾਰ ਨੂੰ ਖਿੜੇ ਮੱਥੇ ਪ੍ਰਵਾਨ ਕਰ ਕੇ ਉਸ ਨੂੰ ਲੋਕਤੰਤਰਿਕ ਕਦਰਾਂ ਕੀਮਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਦੇ ਸਿਰ ਸੰਵਿਧਾਨ ਅਨੁਸਾਰ ਦੇਸ਼ ਚਲਾਉਣ ਦੀ ਵੱਡੀ ਜੁੰਮੇਵਾਰੀ ਹੈ ।
ਹਰਜਿੰਦਰ ਸਿੰਘ ਗੁਲਪੁਰ
ਮੈਲਬੌਰਨ (ਆਸਟ੍ਰੇਲੀਆ)
0061411218801
ਦਿੱਲੀ ਬਿੱਲੀ ਤੋਂ ਉੱਚਾ...... - ਹਰਜਿੰਦਰ ਗੁਲਪੁਰ
ਮੂੰਹ ਮੱਥਾ ਲਿਸ਼ਕ ਰਿਹਾ, ਕਿਰਸਾਨ ਅੰਦੋਲਨ ਦਾ।
ਭਰ ਰਿਹਾ ਹੁੰਗਾਰਾ ਹੈ, ਕੁੱਲ ਜਹਾਨ ਅੰਦੋਲਨ ਦਾ।
ਕੀਤੀਆਂ ਬਾਰ ਬੰਦੀਆਂ ਨੇ,ਤੁਸੀਂ ਕਿੱਲਾਂ ਮੇਖਾਂ ਲਾਕੇ।
ਨਹੀਂ ਫੇਰ ਵੀ ਠੱਲ ਹੋਇਆ,ਤੂਫ਼ਾਨ ਅੰਦੋਲਨ ਦਾ ।
ਕੋਈ ਥਾਂ ਨਹੀਂ ਨਫਰਤ ਲਈ,ਸਭ ਧਰਤੀ ਪੁੱਤਰ ਨੇ,
ਹਰ ਇੱਕ ਮਾਈ ਭਾਈ ਹੈ,ਮਹਿਮਾਨ ਅੰਦੋਲਨ ਦਾ।
ਕੋਈ ਚੋਰ ਨਾ ਆ ਜਾਵੇ ,ਕੋਈ ਸੰਨ੍ਹ ਨਾ ਲਾਅ ਜਾਵੇ,
ਤਾਂ ਹੀ ਬੱਚਾ ਬੱਚਾ ਹੈ, ਜੀ ਦਰਬਾਨ ਅੰਦੋਲਨ ਦਾ।
ਇੱਕ ਰੰਗ ਦੀ ਥਾਵੇਂ ਜੀ, ਫੁੱਲ ਖਿੜੇ ਕਈ ਰੰਗਾਂ ਦੇ,
ਜਿੱਥੇ ਬਣਨਾ ਕਹਿੰਦੇ ਸੀ, ਸ਼ਮਸ਼ਾਨ ਅੰਦੋਲਨ ਦਾ।
ਕਬਜਾ ਕੀਤਾ ਦਿੱਲੀ ਤੇ, ਪੌਂਡਾਂ ਅਤੇ ਰੁਪੈਈਆਂ ਨੇ,
ਖੜਕੀ ਦਿੱਲੀ ਜਾਂਦਾ ਹੈ, ਤਾਂਹੀਂ ਭਾਨ ਅੰਦੋਲਨ ਦਾ।
ਵੱਖੋ ਵੱਖ ਪਰਚਮ ਵੀ , ਇਸ ਯੁੱਧ ਵਿੱਚ ਸ਼ਾਮਲ ਨੇ,
ਦਿੱਲੀ ਬਿੱਲੀ ਤੋਂ ਉੱਚਾ,ਇੱਕ ਨਿਸ਼ਾਨ ਅੰਦੋਲਨ ਦਾ।
ਕਿਸਾਨ ਘੋਲ ਦੀ ਅਗਵਾਈ ਪੰਜਾਬ ਦੇ ਹੱਥ ਹੋਣ ਤੇ ਵੀ ਇਤਰਾਜ਼ ? - ਹਰਜਿੰਦਰ ਸਿੰਘ ਗੁਲਪੁਰ
ਦੇਸ਼ ਦੇ ਲੱਖਾਂ ਕਿਸਾਨ ਪਿਛਲੇ ਸੌ ਦਿਨ ਤੋਂ ਦਿੱਲੀ ਦੀਆਂ ਬਰੂਹਾਂ ਉੱਤੇ ਡੇਰੇ ਲਾਈ ਬੈਠੇ ਹਨ। ਕਿਸਾਨਾਂ ਦੀਆਂ ਦੋ ਮੁੱਖ ਮੰਗਾਂ ਹਨ ਤਿੰਨੇ ਖੇਤੀ ਕਨੂੰਨ ਰੱਦ ਕੀਤੇ ਜਾਣ ਅਤੇ ਸਾਰੀਆਂ ਫਸਲਾਂ ਦੀ ਘੱਟੋ ਘੱਟ ਖਰੀਦ ਕੀਮਤ ਤਹਿ ਕੀਤੀ ਜਾਵੇ। ਜਿਸ ਤਰਾਂ ਕਿਸਾਨ ਆਗੂਆਂ ਨੇ ਆਪਣਾ ਕੇਸ ਸਰਕਾਰ ਅੱਗੇ ਪੇਸ਼ ਕੀਤਾ ਹੈ ਉਸ ਨੇ ਸਰਕਾਰ ਨੂੰ ਪ੍ਰੇਸ਼ਾਨ ਕਰ ਕੇ ਰੱਖ ਦਿੱਤਾ ਹੈ। ਕਿਸਾਨ ਆਗੂਆਂ ਦੀਆਂ ਦਲੀਲਾਂ ਅੱਗੇ ਸਰਕਾਰ ਦੀਆਂ ਦਲੀਲਾਂ ਹਾਰ ਗਈਆਂ ਹਨ। ਇਹ ਪਹਿਲੀ ਵਾਰ ਹੋਇਆ ਹੈ ਕਿ ਅੰਦੋਲਨਕਾਰੀ ਆਗੂਆਂ ਨੇ ਗਲਬਾਤ ਦੀ ਮੇਜ ਉੱਤੇ ਸਰਕਾਰ ਦੇ ਤੇਜ਼ ਤਰਾਰ ਵਜ਼ੀਰਾਂ ਅਤੇ ਮਸ਼ੀਰਾਂ ਦੀ ਇੱਕ ਨਹੀਂ ਚੱਲਣ ਦਿੱਤੀ। ਹੁਣ ਤੱਕ ਸਰਕਾਰ ਦੇ ਸਾਰੇ ਮਨਸੂਬੇ ਫੇਹਲ ਸਾਬਤ ਹੋਏ ਹਨ।
ਸਰਕਾਰ ਦੀ ਦੇਸ਼ ਅਤੇ ਵਿਸ਼ਵ ਪੱਧਰ ਤੇ ਬਹੁਤ ਕਿਰਕਿਰੀ ਹੋ ਰਹੀ ਹੈ। ਨੈਤਿਕ ਤੌਰ ਤੇ ਕੇਂਦਰ ਸਰਕਾਰ ਹਾਰ ਗਈ ਹੈ। ਸਰਕਾਰ ਫੱਟੜ ਹੋਏ ਸੱਪ ਵਾਂਗ ਵਿਸ ਘੋਲ ਰਹੀ ਹੈ। ਰਾਜ ਹਠ ਕਾਰਨ ਉਸ ਨੇ ਇਸ ਲੜਾਈ ਨੂੰ ਆਪਣੇ ਨੱਕ ਦਾ ਸਵਾਲ ਬਣਾ ਲਿਆ ਹੈ। ਕਹਿੰਦੇ ਹਨ ਕਿ ਮੱਕੜੀ ਜਦੋਂ ਆਪਣਾ ਜਾਲ ਬੁਣਦੀ ਹੈ ਤਾਂ ਦੋ ਰਸਤੇ ਰੱਖਦੀ ਹੈ। ਇੱਕ ਲਾਂਘਾ ਉਸ ਦੇ ਆਪਣੇ ਜਾਣ ਆਣ ਲਈ ਸੁਰੱਖਿਅਤ ਹੁੰਦਾ ਹੈ ਅਤੇ ਦੂਜਾ ਉਸ ਦਾ ਭੋਜਨ ਬਣਨ ਵਾਲੇ ਸ਼ਿਕਾਰ ਲਈ ਫੰਦੇ ਦਾ ਕੰਮ ਕਰਦਾ ਹੈ। ਕਈ ਵਾਰ ਮੱਕੜੀ ਆਪਣਾ ਰਾਹ ਭੁੱਲ ਕੇ ਅਣਜਾਣੇ ਵਿਚ ਸ਼ਿਕਾਰ ਵਾਲੇ ਟਰੈਪ ਵਿੱਚ ਫਸ ਜਾਂਦੀ ਹੈ। ਦੇਖਿਆ ਜਾਵੇ ਕੇਂਦਰ ਸਰਕਾਰ ਅੰਦੋਲਨਕਾਰੀਆਂ ਨੂੰ ਆਪਣੇ ਵਿਛਾਏ ਜਾਲ ਵਿੱਚ ਫਸਾਉਂਦੀ ਫਸਾਉਂਦੀ ਉਸੇ ਜਾਲ ਵਿੱਚ ਬੁਰੀ ਤਰਾਂ ਫਸ ਕੇ ਰਹਿ ਗਈ ਹੈ। ਜਿਵੇਂ ਜਿਵੇਂ ਸਰਕਾਰ ਕਿਸਾਨ ਅੰਦੋਲਨ ਤੋਂ ਆਪਣਾ ਪਿੱਛਾ ਛਡਾਉਣ ਦੀ ਕੋਸ਼ਿਸ਼ ਕਰ ਰਹੀ ਹੈ ਉਵੇਂ ਉਵੇਂ ਅੰਦੋਲਨ ਦੀਆਂ ਗੰਢਾਂ ਪੀਡੀਆਂ ਹੁੰਦੀਆਂ ਜਾ ਰਹੀਆਂ ਹਨ। ਉਹ ਅੰਦੋਲਨ ਦੀ ਦਲ ਦਲ ਵਿਚੋਂ ਜਿੰਨਾ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਉੰਨਾ ਅੰਦਰ ਧਸਦੀ ਜਾ ਰਹੀ ਹੈ। ਕੇਂਦਰ ਸਰਕਾਰ ਦੇ ਮਨ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ ਜੇਕਰ ਕਿਸਾਨ ਅੰਦੋਲਨ ਸਫਲ ਹੋ ਗਿਆ ਤਾਂ ਮੋਦੀ ਯੁੱਗ ਦਾ ਵੀ ਖਾਤਮਾ ਹੋ ਜਾਵੇਗਾ। ਬੇਹੱਦ ਅਫਸੋਸ ਦੀ ਗੱਲ ਹੈ ਕਿ ਪੂਰਾ ਭਾਰਤ ਪੰਜਾਬ ਦੀ ਆਗੂ ਟੀਮ ਮਗਰ ਲੱਗਣ ਲਈ ਤਿਆਰ ਹੈ ਪਰ ਪੰਜਾਬ ਦੇ ਕੁਝ ਲੋਕ ਸਿੱਧੇ ਤੌਰ ਤੇ ਅਤੇ ਸੋਸ਼ਲ ਮੀਡੀਆ ਰਾਹੀਂ ਦਿਨ ਰਾਤ ਕਿਸਾਨ ਆਗੂਆਂ ਦੀ ਨਿੰਦਿਆ ਕਰਨ ਤੇ ਲੱਗੇ ਹੋਏ ਹਨ। ਇਹਨਾਂ ਦੀਆਂ ਹਰਕਤਾਂ ਦੇਖ ਕੇ ਲਗਦਾ ਹੈ ਕਿ ਇਹ ਲੋਕ ਕਿਸਾਨ ਅੰਦੋਲਨ ਦੇ ਅਸਫਲ ਹੋਣ ਦੀਆਂ ਦੁਆਵਾਂ ਕਰ ਰਹੇ ਹਨ।
ਵੋਟਾਂ ਦੇ ਇਸ ਯੁੱਗ ਵਿੱਚ ਪੰਜਾਬ ਦੀ ਹਾਲਤ ਬਹੁਤ ਪਤਲੀ ਹੈ। ਕੇਂਦਰ ਸਰਕਾਰ ਉਸੇ ਰਾਜ ਦਾ ਦਬਾਅ ਮੰਨਦੀ ਹੈ ਜਿਸ ਕੋਲ ਸੰਸਦਾਂ ਦੇ ਨੰਬਰ ਹੋਣ । ਪੰਜਾਬ ਕੋਲ ਕੇਵਲ 13 ਸੰਸਦ ਹਨ । ਇਹਨਾਂ ਵਿਚੋਂ ਵੀ ਅੱਧ ਪਰੱਧ ਕੇਂਦਰ ਵਿੱਚ ਰਾਜ ਕਰਨ ਵਾਲੀ ਪਾਰਟੀ ਲੈ ਜਾਂਦੀ ਹੈ। ਕਹਿਣ ਦਾ ਮਤਲਬ ਹੈ ਕਿ ਸਿਰਾਂ ਦੀ ਗਿਣਤੀ ਦੇ ਹਿਸਾਬ ਨਾਲ ਅਸੀਂ ਬਹੁਤ ਪਿੱਛੇ ਹਾਂ। ਅਸੀਂ ਆਪਣੀ ਯੋਗਤਾ ਨਾਲ ਬਹੁ ਗਿਣਤੀ ਨੂੰ ਪ੍ਰਭਾਵਿਤ ਕਰਕੇ ਦੇਸ਼ ਪੱਧਰ ਤੇ ਆਪਣੀ ਸ਼ਾਪ ਛੱਡ ਸਕਦੇ ਹਾਂ। ਕਨੇਡਾ ਵਰਗੇ ਸਾਧਨ ਸੰਪਨ ਦੇਸ਼ਾਂ ਵਿੱਚ ਪੰਜਾਬੀਆਂ ਨੇ ਰਾਜਨੀਤਕ ਗਲਿਆਰਿਆਂ ਵਿਚ ਆਪਣੀ ਸਨਮਾਨ ਯੋਗ ਥਾਂ ਬਣਾਈ ਹੈ। ਇਹ ਪ੍ਰਾਪਤੀ ਉਹਨਾਂ ਨੇ ਧੱਕੇ ਨਾਲ ਜਾ ਬਹੁਗਿਣਤੀ ਦੇ ਜੋਰ ਨਾਲ ਨਹੀਂ ਕੀਤੀ ਸਗੋਂ ਅਕਲਮੰਦੀ ਦੇ ਜੋਰ ਨਾਲ ਕੀਤੀ ਹੈ। ਇਸੇ ਤਰਾਂ ਭਾਰਤੀ ਮੂਲ ਦੇ ਬਹੁਤ ਸਾਰੇ ਲੋਕ ਆਟੇ ਵਿਚ ਲੂਣ ਬਰਾਬਰ ਹੁੰਦਿਆਂ ਹੋਇਆਂ ਵੀ ਬਹੁਤ ਸਾਰੇ ਦੇਸ਼ਾਂ ਅੰਦਰ ਕੁੰਜੀਵਤ ਅਹੁਦਿਆਂ ਉੱਤੇ ਬਿਰਾਜਮਾਨ ਹਨ। ਹਾਲ ਹੀ ਵਿੱਚ ਭਾਰਤੀ ਮੂਲ ਦੀ ਔਰਤ ਕਮਲਾ ਹੈਰਿਸ ਦੁਨੀਆਂ ਦੇ ਸ਼ਕਤੀਸ਼ਾਲੀ ਮੁਲਕ ਅਮਰੀਕਾ ਦੀ ਉਪ ਰਾਸ਼ਟਰਪਤੀ ਚੁਣੀ ਗਈ ਹੈ। ਇਹਨਾਂ ਬਹੁ ਕੌਮੀ ਦੇਸ਼ਾਂ ਵਿਚ ਆਪਣੀ ਕਾਬਲੀਅਤ ਦਾ ਸਿੱਕਾ ਮਨਾਉਣਾ ਹੋਰ ਵੀ ਔਖਾ ਹੈ। ਆਪਣੀ ਯੋਗਤਾ ਦਿਖਾਉਣ ਦਾ ਮੌਕਾ ਘੱਟ ਗਿਣਤੀਆਂ ਨੂੰ ਕਦੇ ਕਦੇ ਮਿਲਦਾ ਹੁੰਦਾ ਹੈ।ਅਕਲਮੰਦੀ ਇਸ ਵਿੱਚ ਹੀ ਹੁੰਦੀ ਹੈ ਕਿ ਇਸ ਤਰਾਂ ਦਾ ਮੌਕਾ ਹੱਥੋਂ ਨਾ ਜਾਣ ਦਿੱਤਾ ਜਾਵੇ ਅਤੇ ਗੱਪਾਂ ਦੇ ਤੂਫਾਨ ਨਾ ਖੜ੍ਹੇ ਕੀਤੇ ਜਾਣ।
ਅੱਜ ਕਿਸਾਨ ਅੰਦੋਲਨ ਦੇ ਕਾਰਨ ਇਹ ਮੌਕਾ ਪੰਜਾਬ ਨੂੰ ਮਿਲਿਆ ਹੈ। ਹਰਿਆਣਾ ਵਾਲੇ ਪੰਜਾਬ ਨੂੰ ਆਪਣਾ ਵੱਡਾ ਭਰਾ ਮੰਨ ਕੇ ਚੱਲ ਰਹੇ ਹਨ । ਛੋਟੇ ਵੱਡੇ ਹਰਿਆਣਵੀ ਆਗੂ ਕਹਿ ਰਹੇ ਹਨ ਕਿ ਜਿੱਥੇ ਪੰਜਾਬ ਪਸੀਨਾ ਵਹਾਵੇਗਾ ਉਥੇ ਹਰਿਆਣਾ ਲਹੂ ਵਹਾਏਗਾ। ਇਹ ਗੱਲਾਂ ਭਾਵੇਂ ਕਹਿਣ ਲਈ ਹੁੰਦੀਆਂ ਹਨ ਪਰ ਇਹਨਾਂ ਪਿੱਛੇ ਵੱਡੀ ਭਾਈਚਾਰਕ ਸਾਂਝ ਛੁਪੀ ਹੁੰਦੀ ਹੈ। ਇਸ ਕਿਸਾਨ ਅੰਦੋਲਨ ਵਿਚ ਚੌਧਰੀ ਮਹਿੰਦਰ ਸਿੰਘ ਟਕੈਤ ਦਾ ਲੜਕਾ ਚੌਧਰੀ ਰਕੇਸ਼ ਸਿੰਘ ਟਕੈਤ ਗਿਣਤੀ ਦੇ ਹਿਸਾਬ ਨਾਲ ਦੇਸ਼ ਦਾ ਵੱਡਾ ਕਿਸਾਨ ਆਗੂ ਬਣ ਕੇ ਉਭਰਿਆ ਹੈ। ਉਹ ਹਰ ਰੈਲੀ ਵਿੱਚ ਖੁੱਲੇਆਮ ਕਹਿ ਰਿਹਾ ਹੈ ਕਿ ਪੰਜਾਬ ਦੇ ਕਿਸਾਨ ਆਗੂਆਂ ਤੋਂ ਅਸੀਂ ਬਹੁਤ ਕੁੱਝ ਸਿੱਖਣਾ ਹੈ। ਸਾਡੀ ਅਗਵਾਈ ਪੰਜਾਬ ਦੇ ਕਿਸਾਨ ਆਗੂ ਹੀ ਕਰਨਗੇ। ਨਾ ਪੰਚ ਬਦਲੇਗਾ ਨਾ ਮੰਚ ਬਦਲੇਗਾ। ਫੇਰ ਪੰਜਾਬ ਦੇ ਲੋਕਾਂ ਨੂੰ ਕੀ ਤਕਲੀਫ ਹੈ ਭਾਈ?
ਅੱਜ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਕਾਂ ਦੇ ਵੱਡੇ ਵੱਡੇ ਇਕੱਠ ਹੋ ਰਹੇ ਹਨ । ਇਹਨਾਂ ਇਕੱਠਾਂ ਨੂੰ ਸੰਬੋਧਿਤ ਕਰਨ ਲਈ ਪੰਜਾਬ ਨਾਲ ਸਬੰਧਿਤ ਆਗੂਆਂ ਨੂੰ ਸੱਦਿਆ ਜਾ ਰਿਹਾ ਹੈ। ਸਿੱਖ ਫਲਸਫੇ ਅਤੇ ਪੰਜਾਬੀਅਤ ਦਾ ਡੰਕਾ ਦੇਸ਼ ਅਤੇ ਦੁਨੀਆਂ ਵਿੱਚ ਵੱਜ ਰਿਹਾ ਹੈ। ਇਸ ਨਾਲੋਂ ਵੱਧ ਖੁਸ਼ੀ ਵਾਲੀ ਗੱਲ ਸਾਡੇ ਪੰਜਾਬੀਆਂ ਲਈ ਕੀ ਹੋ ਸਕਦੀ ਹੈ? ਹੁਣ ਤੱਕ ਕਿਸਾਨ ਆਗੂਆਂ ਨੇ ਇਸ ਅੰਦੋਲਨ ਨੂੰ ਰਾਜਨੀਤਕ ਲੋਕਾਂ ਦੀ ਪਹੁੰਚ ਤੋਂ ਬਾਹਰ ਰੱਖਣ ਦਾ ਯਤਨ ਕੀਤਾ ਹੈ ਪਰ ਹੁਣ ਪਾਣੀ ਸਿਰਾਂ ਉੱਤੋਂ ਲੰਘਦਾ ਜਾ ਰਿਹਾ ਹੈ। ਕਿਸਾਨ ਲੀਡਰਸ਼ਿਪ ਨੇ ਬਹੁਤ ਸੋਚ ਵਿਚਾਰ ਕੇ ਲੋਕਾਂ ਨੂੰ ਸੱਦਾ ਦਿੱਤਾ ਹੈ ਕਿ 5 ਰਾਜਾਂ ਅੰਦਰ ਹੋ ਰਹੀਆਂ ਚੋਣਾਂ ਵਿੱਚ ਉਸ ਉਮੀਦਵਾਰ ਨੂੰ ਵੋਟ ਪਾਈ ਜਾਵੇ ਜਿਹੜਾ ਉਮੀਦਵਾਰ ਭਾਜਪਾ ਦੇ ਉਮੀਦਵਾਰ ਨੂੰ ਹਰਾਉਣ ਦੀ ਸਥਿਤੀ ਵਿੱਚ ਹੋਵੇ। ਭਾਵੇਂ ਇਹਨਾਂ ਰਾਜਾਂ ਵਿੱਚ ਕਿਸਾਨ ਭਾਈਚਾਰਾ ਚੋਣ ਦ੍ਰਿਸ਼ ਨੂੰ ਬਦਲਣ ਦੇ ਸਮਰਥ ਨਹੀਂ ਹੈ ਫੇਰ ਵੀ ਉੱਥੇ ਪਰਚਾਰ ਕਰਨ ਲਈ ਜਾਣਾ ਸੰਯੁਕਤ ਮੋਰਚੇ ਦੀ ਅਣਸਰਦੀ ਲੋੜ ਹੈ। ਇਹ ਨਿਰਣਾ 'ਵੋਟ ਦੀ ਚੋਟ' ਨੀਤੀ ਤਹਿਤ ਲਿਆ ਗਿਆ ਹੈ। ਇਹਨਾਂ ਰਾਜਾਂ ਵਿੱਚ ਪ੍ਰਚਾਰ ਲਈ ਜਾਣ ਵਾਲੇ ਕਿਸਾਨ ਆਗੂਆਂ ਵਿੱਚ ਵੀ ਪੰਜਾਬ ਨਾਲ ਸਬੰਧਿਤ ਬਹੁਤ ਸਾਰੇ ਆਗੂ ਹੋਣਗੇ। ਪੰਜਾਬ ਦੀ ਧਰਤੀ ਤੋਂ ਸ਼ੁਰੂ ਹੋਇਆ ਇਹ ਅੰਦੋਲਨ ਜਨ ਅੰਦੋਲਨ ਵਿੱਚ ਤਬਦੀਲ ਹੁੰਦਾ ਜਾ ਰਿਹਾ ਹੈ। ਪੰਜਾਬ ਵਿੱਚ ਅੱਜ ਤੱਕ ਜਿੰਨੇ ਅੰਦੋਲਨ ਲੜੇ ਗਏ ਹਨ ਉਹਨਾਂ ਚੋਂ ਕੋਈ ਵੀ ਅੰਦੋਲਨ ਸਫਲ ਨਹੀਂ ਹੋਇਆ। ਹਰ ਅੰਦੋਲਨ ਵਿਚ ਪੰਜਾਬੀਆਂ ਦਾ ਬਹੁਤ ਜਿਆਦਾ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਰਿਹਾ ਹੈ। ਸਿਰਫ ਸਰਕਾਰ ਅਤੇ ਦਸਤਾਰ ਬਦਲਦੀ ਰਹੀ ਹੈ। ਪੰਜਾਬ ਦੇ ਰਾਜਸੀ ਆਗੂ ਜਿੱਤਦੇ ਰਹੇ ਹਨ ਅਤੇ ਪੰਜਾਬ ਦੇ ਲੋਕ ਹਾਰਦੇ ਰਹੇ ਹਨ।
ਸਿਆਸੀ ਲੋਕਾਂ ਨੇ ਆਰਥਿਕ ਮੁੱਦਿਆਂ ਨੂੰ ਕਦੇ ਵੀ ਏਜੰਡਾ ਨਹੀਂ ਬਣਨ ਦਿੱਤਾ। ਲੋਕਾਂ ਨੂੰ ਕਾਗਜ਼ੀ ਕਾਰਵਾਈਆਂ ਵਿਚ ਇੰਨਾ ਉਲਝਾ ਦਿੱਤਾ ਕਿ ਉਹ ਇੱਕ ਤਰਾਂ ਨਾਲ ਰਾਜਸੀ ਲੋਕਾਂ ਦੇ ਗੁਲਾਮ ਬਣ ਗਏ। ਤਿੰਨ ਖੇਤੀ ਕਨੂੰਨਾਂ ਖਿਲਾਫ ਉੱਠੇ ਅੰਦੋਲਨ ਨੇ ਰਾਜਨੀਤਕ ਪਾਰਟੀਆਂ ਨੂੰ ਕੰਬਣੀਆਂ ਛੇੜ ਦਿੱਤੀਆਂ ਹਨ। ਅੰਦਰਖਾਤੇ ਇਹਨਾਂ ਪਾਰਟੀਆਂ ਦੇ ਭਾਅ ਦੀ ਬਣੀ ਹੋਈ ਹੈ। ਇਸ ਅੰਦੋਲਨ ਦੀ ਸਫਲਤਾ ਜਾ ਅਸਫਲਤਾ ਦੇ ਨਤੀਜੇ ਬਹੁਤ ਦੂਰਗਾਮੀ ਹੋਣਗੇ।