ਕਾਰਪੋਰੇਟਾਂ ਦੇ ਵਿਰੁੱਧ ਲੜਨ ਵਾਲਾ ਪੰਜਾਬ ਅੱਜ ਖੁਦ ਕਾਰਪੋਰੇਟੀ ਸੋਚ ਤੇ ਚੱਲ ਰਿਹਾ ਹੈ, - ਹਰਲਾਜ ਸਿੰਘ ਬਹਾਦਰਪੁਰ
ਚੋਣਾ ਚਾਹੇ ਕੋਈ ਵੀ ਹੋਣ ਉਹ ਮੱਤ ਦਾਨ ਹੁੰਦਾ ਹੈ, ਜਿਸ ਵਿੱਚ ਸਾਰੇ ਵੋਟਰ ਦਾਤੇ ਹੁੰਦੇ ਹਨ, ਦਾਨ ਲੈਣ ਵਾਲਾ ਉਮੀਦਵਾਰ ਹੁੰਦਾ ਹੈ, ਹੱਕਦਾਰ ਨਹੀਂ ਹੁੰਦਾ, ਹੱਕ ਸਿਰਫ ਵੋਟਰ ਕੋਲ ਹੁੰਦਾ ਹੈ, ਵੋਟਰ ਨੂੰ ਹੱਕ ਹੈ ਕਿ ਉਹ ਆਪਣੀ ਮੱਤ ਜਿਸ ਨੂੰ ਚਾਹੇ ਦਾਨ ਕਰ ਸਕਦਾ ਹੈ, ਉਮੀਦਵਾਰ ਆਪਣੇ ਵਿਚਾਰ ਦੱਸ ਕੇ ਸਿਰਫ ਉਮੀਦ ਹੀ ਕਰ ਸਕਦਾ ਹੈ, ਦਾਨ ਖਰੀਦਿਆ ਵੇਚਿਆ ਨਹੀਂ ਜਾ ਸਕਦਾ ਹੁੰਦਾ, ਕਿਉਂਕਿ ਦਾਨ ਕਰਨ ਵਾਲਾ ਦਾਤਾ ਹੁੰਦਾ ਹੈ, ਦਾਤੇ ਨੂੰ ਦਾਨ ਦੀ ਕੀਮਤ ਦੇਣਾ ਦਾਨ ਦੇਣ ਵਾਲੇ ਦੀ ਬੇਇੱਜ਼ਤੀ ਕਰਨਾ ਹੁੰਦਾ ਹੈ, ਅਫਸੋਸ ਕਿ ਅਸੀਂ ਇਹ ਬੇਇੱਜ਼ਤੀ ਖੁਸ਼ ਹੋ ਕੇ ਬੜੇ ਮਾਣ ਨਾਲ ਕਰਵਾ ਰਹੇ ਹਾਂ ਅਤੇ ਕਰ ਰਹੇ ਹਾਂ, ਵੋਟ ਖਰੀਦੀ ਜਾ ਵੇਚੀ ਨਹੀਂ ਜਾ ਸਕਦੀ ਹੁੰਦੀ, ਵੋਟ ਖਰੀਦਣਾ ਜਾ ਵੇਚਣਾ ਜੁਰਮ ਹੈ, ਵੋਟ ਖਰੀਦਣ ਜਾ ਵੇਚਣ ਵਾਲੇ ਦੋਸ਼ੀ ਹਨ ਅਜਿਹੇ ਦੋਸ਼ੀਆਂ ਨੂੰ ਸਖ਼ਤ ਸਜਾ ਮਿਲਣੀ ਚਾਹੀਂਦੀ ਹੈ, ਪਰ ਸਜਾ ਦੇਵੇ ਕੌਣ ? ਕਿਉਂਕਿ ਸਾਡੀਆਂ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾ ਸਮੇਂ ਮੱਤ ਦਾਤੇ ਨੂੰ ਅਸਿੱਧੇ ਰੂਪ ਵਿੱਚ ਜਨਤਕ ਤੌਰ ਤੇ ਲਾਲਚ ਦੇ ਕੇ ਮੱਤ ਦਾਨ ਨੂੰ ਖਰੀਦ ਦੀਆਂ ਹਨ, ਪੰਚਾਇਤੀ ਚੋਣਾ ਵਿੱਚ ਵੀ ਉਵੇਂ ਹੀ ਸ਼ਰੇਆਮ ਮੱਤ ਦਾਤੇ ਨੂੰ ਨਿੱਜੀ ਤੌਰ ਤੇ ਖਰੀਦਿਆ ਜਾਂਦਾ ਹੈ, ਪੰਚਾਇਤੀ ਚੋਣਾ ਵਿੱਚ ਸ਼ਰੇਆਮ ਸ਼ਰਾਬ ਅਤੇ ਪੈਸਾ ਚਲਦਾ ਹੈ ਜੋ ਕਿਸੇ ਤੋਂ ਲੁਕਿਆ ਛੁਪਿਆ ਨਹੀਂ ਹੈ, ਭਗਵੰਤ ਮਾਨ ਸਰਕਾਰ ਬਿਆਨ ਬਾਜੀ ਕਰ ਰਹੀ ਹੈ ਕਿ ਚੋਣਾ ਤੇ ਪੈਸਾ ਨਾ ਲਾਇਓ, ਇਸ ਬਾਰ ਅਸੀਂ ਕਿਸੇ ਸਰਪੰਚ ਨੂੰ ਪੰਚਾਇਤਾਂ ਦਾ ਪੈਸਾ ਨਹੀਂ ਖਾਣ ਦੇਵਾਂਗੇ, ਭਰਿਸ਼ਟਾਚਾਰ ਦੇ ਵਿਰੁੱਧ ਸਰਕਾਰ ਕਹਿ ਰਹੀ ਹੁੰਦੀ ਹੈ ਕਿ ਜੇ ਕਿਤੇ ਭਰਿਸ਼ਟਾਚਾਰ ਹੁੰਦਾ ਹੈ ਤਾਂ ਸਾਨੂੰ ਉਸ ਦੀ ਵੀਡੀਓ ਬਣਾ ਕੇ ਭੇਜੋ, ਅਸੀਂ ਕਾਰਵਾਈ ਕਰਾਂਗੇ, ਆਹ ਹੁਣ ਪੰਚਾਇਤੀ ਚੋਣਾ ਵਿੱਚ ਸਰਪੰਚੀਆਂ ਦੀਆਂ ਬੋਲੀਆਂ ਕਰ ਕੇ ਸ਼ਰੇਆਮ ਭਰਿਸ਼ਟਾਚਾਰ ਕੀਤਾ ਰਿਹਾ ਹੈ, ਜਿਸ ਦੀਆਂ ਮੀਡੀਏ ਵਿੱਚ ਵੀਡੀਓ ਆ ਰਹੀਆਂ ਹਨ, ਕੀ ਹੁਣ ਸਰਕਾਰ ਇਹਨਾ ਉਤੇ ਕੋਈ ਕਾਰਵਾਈ ਕਰੇਗੀ ? ਸਰਕਾਰ ਨੂੰ ਚਾਹੀਂਦਾ ਹੈ ਕਿ ਉਹ ਚੋਣਾ ਵਿੱਚ ਪੈਸੇ ਦਾ ਪ੍ਰਦਰਸ਼ਨ ਕਰਨ ਵਾਲੇ ਦੋਸ਼ੀਆਂ ਉਤੇ ਬਣਦੀ ਕਾਰਵਾਈ ਕਰਕੇ ਉਹਨਾ ਨੂੰ ਸਜਾ ਦੇਵੇ, ਪਰ ਬਹੁਤ ਮੁਸ਼ਕਿਲ ਹੈ, ਕਿਉਂਕਿ ਅਜਿਹੀ ਕਾਰਵਾਈ ਕੋਈ ਸੱਚਾ ਇਮਾਨਦਾਰ ਇਨਸਾਨ ਹੀ ਇਹ ਕਰ ਸਕਦਾ ਹੈ, ਸਾਡੀ ਪੇਂਡੂ ਜਨਤਾ ਅਤੇ ਕਿਸਾਨ ਜਥੇਬੰਦੀਆਂ ਜੋ ਕਾਰਪੋਰੇਟੀ ਕਾਨੂੰਨਾ ਦੇ ਵਿਰੁੱਧ ਦਿੱਲੀ ਦੇ ਵਾਡਰਾਂ ਉਤੇ ਲੰਮਾ ਸਮਾਂ ਧਰਨਾ ਲਾ ਕੇ ਬੈਠੇ ਸਨ, ਅੱਜ ਪਿੰਡਾਂ ਵਿੱਚ ਲਲਕਾਰੇ ਮਾਰ ਰਹੇ ਕਾਰਪੋਰੇਟਾਂ ਅੱਗੇ ਕਿਉਂ ਚੁੱਪ ਹਨ ? ਕੀ ਸਰਪੰਚੀ ਦੀ ਚੋਣ ਨੂੰ ਪੈਸਿਆਂ ਦੀ ਖੀਰ (ਮੁੱਲ ਦੀ ਚੋਣ) ਬਣਾਉਣਾ ਕਾਰਪੋਰੇਟੀ ਸੋਚ ਨਹੀਂ ਹੈ ? ਕੇਂਦਰ ਦੇ ਕਾਰਪੋਰੇਟਾਂ ਦੇ ਵਿਰੁੱਧ ਲੜਨ ਵਾਲਿਓ ਪਿੰਡ ਦੇ ਕਾਰਪੋਰੇਟਾਂ ਦੇ ਖਿਲਾਫ ਕੌਣ ਲੜੇਗਾ ? ਮੈਂ ਨਹੀਂ ਕਹਿੰਦਾ ਕਿ ਪਿੰਡਾਂ ਵਿੱਚ ਜਮੀਨਾ ਵੇਚ ਕੇ ਚੋਣਾ ਲੜਨ ਵਾਲੇ ਕਾਰਪੋਰੇਟ ਹਨ, ਨਹੀਂ ਇਹ ਕਾਰਪੋਰੇਟ ਤਾਂ ਨਹੀਂ ਹਨ ਪਰ ਇਹਨਾ ਦੀ ਸੋਚ ਕਾਰਪੋਰੇਟੀ ਹੈ, ਜੋ ਵੋਟਰਾਂ ਨੂੰ ਖਰੀਦਣਾ ਚਾਹੁੰਦੀ ਹੈ, ਕਾਰਪੋਰੇਟੀ ਸੋਚ ਸੱਭ ਕੁੱਝ ਪੈਸੇ ਨਾਲ ਖਰੀਦਣਾ ਚਾਹੁੰਦੀ ਹੁੰਦੀ ਹੈ, ਅੱਜ ਪਿੰਡਾਂ ਵਿੱਚ ਕਾਰਪੋਰੇਟੀ ਸੋਚ ਲਲਕਾਰੇ ਮਾਰ ਰਹੀ ਹੈ, ਕਿਸਾਨ ਜਥੇਬੰਦੀਆਂ ਚੁੱਪ ਹਨ, ਲੋਕਾਂ ਦੇ ਹੱਕਾਂ ਲਈ ਲੜਨ ਵਾਲਿਓ ਅੱਜ ਤੁਹਾਡੇ ਸਾਹਮਣੇ ਲੋਕ ਖਰੀਦੇ ਜਾ ਰਹੇ ਹਨ, ਜਦੋਂ ਸਰਕਾਰੀ ਕਾਰਪੋਰੇਟ ਤੁਹਾਡੇ ਹੱਕ ਖਰੀਦਣਗੇ ਫਿਰ ਤੁਸੀਂ ਇਹਨਾ ਅੱਜ ਦੇ ਕਾਰਪੋਰੇਟੀ ਸੋਚ ਵਾਲਿਆਂ ਦੇ ਟਰੈਕਟਰ ਟਰਾਲੀਆਂ ਤੇ ਚੜ੍ਹ ਕੇ ਸਰਕਾਰੀ ਕਾਰਪੋਰੇਟਾਂ ਦੇ ਵਿਰੁੱਧ ਧਰਨੇ ਲਾਉਣ ਜਾਉਂਗੇ ? ਕੁੱਝ ਸੋਚੋ ! ਸਾਡੀ ਲੜਾਈ ਕਿਸੇ ਵਿਅਕਤੀ ਵਿਸ਼ੇਸ਼ ਦੇ ਵਿਰੁੱਧ ਨਹੀਂ ਹੈ, ਸਾਡੀ ਲੜਾਈ ਲੋਕ ਮਾਰੂ ਨੀਤੀਆਂ ਦੇ ਵਿਰੁੱਧ ਹੈ, ਜੋ ਅੱਜ ਪੰਚਾਇਤੀ ਚੋਣਾ ਵਿੱਚ ਹੋ ਰਿਹਾ ਹੈ ਇਹ ਲੋਕ ਭਲਾਈ ਨਹੀਂ ਹੈ, ਇਹ ਲੋਕਾਂ ਦੀ ਅਤੇ ਲੋਕ ਰਾਜ ਦੀ ਹੱਤਿਆ ਹੈ, ਕੀ ਸਿਰਫ ਪੈਸੇ ਦੇ ਜੋਰ ਨਾਲ ਹੀ ਪੰਚ ਸਰਪੰਚ ਚੁਣੇ ਜਾਣੇ ਚਾਹੀਂਦੇ ? ਕੀ ਜਿਸ ਕੋਲ ਪੈਸਾ ਨਹੀਂ ਉਹ ਚੋਣ ਨਹੀਂ ਲੜ ਸਕਦਾ ? ਜਾਂ ਕੀ ਜਿਸ ਕੋਲ ਪੈਸਾ ਨਹੀਂ ਉਹ ਚੰਗਾ ਇਮਾਨਦਾਰ ਪੰਚ ਸਰਪੰਚ ਨਹੀਂ ਹੋ ਸਕਦਾ ? ਲੋਕ ਹੱਕਾਂ ਲਈ ਦਿੱਲੀ ਜਾ ਕੇ ਲੜਨ ਵਾਲਿਓ ਅੱਜ ਆਪਣੇ ਪਿੰਡਾਂ ਵਿੱਚ ਵੀ ਇਹ ਲੜਾਈ ਲੜੋ, ਪਿੰਡ ਪਿੰਡ ਧਰਨੇ-ਪ੍ਰਦਰਸ਼ਨ ਕਰੋ ਕਿ ਪੰਚੀਆਂ ਸਰਪੰਚੀਆਂ ਵਿਕਣ ਨਹੀਂ ਦੇਵਾਂਗਾ, ਤੁਹਾਡੀਆਂ ਜੜਾਂ ਪਿੰਡਾਂ ਵਿੱਚ ਹੀ ਹਨ, ਇਹਨਾ ਨੂੰ ਮਜ਼ਬੂਤ ਕਰੋ, ਜੇ ਤੁਸੀਂ ਪਿੰਡ ਬਚਾ ਲਵੋਂਗੇ ਤਾਂ ਹੀ ਪੰਜਾਬ ਬਚੇਗਾ, ਜੇ ਪਿੰਡ ਹੀ ਨਾ ਬਚੇ ਫਿਰ ਬਚਣਾ ਪੰਜਾਬ ਵੀ ਨਹੀਂ, ਇਸ ਲਈ ਬੇਨਤੀ ਹੈ ਕਿ ਆਓ ਆਪਾਂ ਸਾਰੇ ਰਲ ਕੇ ਪੰਚੀਆਂ ਸਰਪੰਚੀਆਂ ਨੂੰ ਖ੍ਰੀਦਣ ਵਾਲੀ ਕਾਰਪੋਰੇਟੀ ਸੋਚ ਦਾ ਵਿਰੋਧ ਕਰੀਏ ਅਤੇ ਇਮਾਨਦਾਰ ਲੋਕਾਂ ਦਾ ਸਹਿਯੋਗ ਦੇਈਏ, ਇਸ ਵਿੱਚ ਹੀ ਸਰਬੱਤ ਦਾ ਭਲਾ ਹੈ।
ਲਾਹਨਤ ਹੈ ਸਾਰੇ ਚੰਗਿਆਂ ਤੇ, ਸਲਾਮ ਹੈ ਸ਼ਰਾਬੀਆਂ ਨੂੰ - ਹਰਲਾਜ ਸਿੰਘ ਬਹਾਦਰਪੁਰ
ਹਰੇਕ ਪਿੰਡ ਵਿੱਚ ਜਿੰਨੇ ਗੁਰਦੁਆਰੇ, ਮੰਦਰ ਆਦਿ ਧਾਰਮਿਕ ਸਥਾਨ ਹਨ ਸਾਰੇ ਸ਼ਰਾਬ ਪੀਣ ਨੂੰ ਮਾੜਾ ਕਹਿੰਦੇ ਹਨ, ਹਰੇਕ ਪਿੰਡ ਵਿੱਚ ਕਿੰਨੇ ਗੁਰਸਿੱਖ ਹਨ, ਕਿੰਨੇ ਬਿਆਸ ਵਾਲੇ ਹਨ, ਕਿੰਨੇ ਸਿਰਸੇ ਵਾਲੇ ਹਨ ਸਾਰੇ ਸ਼ਰਾਬ ਪੀਣ ਨੂੰ ਮਾੜਾ ਕਹਿੰਦੇ ਹਨ, ਪਿੰਡ ਵਿੱਚ ਕਿੰਨੀਆਂ ਇਸਤਰੀਆਂ ਹਨ ਜੋ ਸ਼ਰਾਬ ਤੋਂ ਦੁਖੀ ਹਨ ਅਤੇ ਸ਼ਰਾਬ ਪੀਣ ਨੂੰ ਮਾੜਾ ਕਹਿੰਦੀਆਂ ਹਨ, ਕਿੰਨੇ ਲੋਕ ਉਹ ਵੀ ਹਨ ਜੋ ਆਪਣੇ ਘਰ ਸ਼ਰਾਬ ਤਾਂ ਹਰ ਰੋਜ ਪੀਂਦੇ ਹਨ, ਪਰ ਕਿਸੇ ਤੋਂ ਸ਼ਰਾਬ ਲੈ ਕੇ ਪੀਣ ਨੂੰ ਬੇਇੱਜ਼ਤੀ ਮੰਨਦੇ ਹਨ ਭਾਵ ਰੱਜੇ ਪੁੱਜੇ ਹਨ, ਕੁੱਝ ਉਹ ਲੋਕ ਵੀ ਹਨ ਜੋ ਕਿਸੇ ਧਰਮ ਨਾਲ ਵੀ ਨਹੀਂ ਜੁੜੇ, ਕੁੱਝ ਰੱਜੇ ਪੁੱਜੇ ਵੀ ਨਹੀਂ ਹਨ ਪਰ ਸ਼ਰਾਬ ਨਹੀਂ ਪੀਂਦੇ, ਇਸ ਤਰਾਂ ਤਾਂ ਜੇ ਸਾਰਿਆਂ ਦਾ ਜੋੜ ਲਾਈਏ ਫਿਰ ਤਾਂ ਮੁਫਤ ਦੀ ਸ਼ਰਾਬ ਪੀਣ ਵਾਲੇ ਬਹੁਤ ਥੋੜੇ ਲੋਕ ਨਿਕਲਣਗੇ, ਫਿਰ ਉਹ ਥੋੜੇ ਜਿਹੇ ਲੋਕ ਸਰਪੰਚੀ ਦੀ ਚੋਣ ਦਾ ਪਾਸਾ ਪਲਟਣ ਦੀ ਤਾਕਤ ਕਿਵੇਂ ਰੱਖਦੇ ਹਨ ? ਇਸ ਦਾ ਮਤਲਬ ਕਿ ਪਿੰਡ ਦੇ ਸਾਰੇ ਸਿੱਖ, ਬਿਆਸ ਵਾਲੇ, ਸਿਰਸੇ ਵਾਲੇ ਭਾਵ ਸਾਰੇ ਧਰਮੀ ਅਤੇ ਧਰਮਾਂ ਦੇ ਪ੍ਰਚਾਰਕ ਜਿੰਨਾ ਨੂੰ ਗੱਲਬਾਤ ਵੀ ਕਰਨੀ ਆਉਂਦੀ ਹੈ, ਆਪਣੀ ਗੱਲ ਕਹਿਣ ਲਈ ਪਲੇਟਫਾਰਮ, ਸਟੇਜਾਂ ਅਤੇ ਧਾਰਮਿਕ ਸਥਾਨ ਵੀ ਹਨ, ਸਾਰੀਆਂ ਇਸਤਰੀਆਂ, ਸਾਰੇ ਰੱਜੇ ਪੁੱਜੇ ਕਹਾਉਣ ਵਾਲੇ, ਜਾਂ ਹੋਰ ਜੋ ਸ਼ਰਾਬ ਨਹੀਂ ਪੀਂਦੇ ਇਹ ਸਾਰੇ ਚੰਗੇ ਲੋਕ ਇਕੱਠੇ ਹੋ ਕੇ ਵੀ ਵੋਟਾਂ ਵਿੱਚ ਸ਼ਰਾਬ ਮੰਗਣ ਵਾਲਿਆਂ ਦੇ ਮੁਕਾਬਲੇ ਜੀਰੋ ਹਨ, ਫਿਰ ਤਾਂ ਇਹੀ ਕਹਿਣਾ ਪਵੇਗਾ ਕਿ ਇਹਨਾ ਸਾਰਿਆਂ ਤੋਂ ਤਾਂ ਥੋੜੇ ਜਿਹੇ ਸ਼ਰਾਬੀ ਹੀ ਵੱਧ ਤਾਕਤ ਰੱਖਦੇ ਹਨ, ਫਿਰ ਤਾਂ ਸਾਰੇ ਪੰਚ ਅਤੇ ਸਰਪੰਚ ਵੀ ਸ਼ਰਾਬੀ ਹੀ ਬਣਨੇ ਚਾਹੀਂਦੇ ਹਨ, ਬਾਕੀ ਦੇ ਸਾਰਿਆਂ ਨੂੰ ਤਾਂ ਇਕੱਠੇ ਹੋ ਕੇ ਆਤਮਹੱਤਿਆ ਕਰ ਲੈਣੀ ਚਾਹੀਂਦੀ ਹੈ, ਕਿਉਂਕਿ ਤੁਹਾਡੇ ਸਾਰਿਆਂ ਦਾ ਜਿਉਣ ਦਾ ਵੀ ਕੀ ਫਾਇਦਾ ਜਦੋਂ ਤੁਸੀਂ ਸਾਰੇ ਚੰਗੇ ਲੋਕ ਇੰਨੀ ਵੀ ਤਾਕਤ ਨਹੀਂ ਰੱਖਦੇ ਕਿ ਤੁਸੀਂ ਸ਼ਰਾਬੀਆਂ ਵਾਂਗ ਇਹ ਕਹਿ ਸਕੋਂ ਕਿ ਨਸ਼ੇ ਵੰਡਣ ਵਾਲੇ ਨੂੰ ਜਿੱਤਣ ਨਹੀਂ ਦੇਵਾਂਗੇ, ਜਦੋਂ ਕਿ ਸ਼ਰਾਬੀ ਸ਼ਰੇਆਮ ਕਹਿੰਦੇ ਹਨ ਕਿ ਨਸ਼ੇ ਵੰਡਣ ਵਗੈਰ ਕੋਈ ਜਿੱਤ ਨਹੀਂ ਸਕਦਾ, ਮੈਂ ਤਾਂ ਇਹੀ ਕਹਾਂਗਾ ਕਿ ਸਲਾਮ ਹੈ ਸ਼ਰਾਬੀਆਂ ਦੇ ਜਜ਼ਬੇ ਨੂੰ ਅਤੇ ਲਾਹਨਤ ਹੈ ਸਾਡੇ ਸਾਰੇ ਚੰਗੇ ਕਹਾਉਣ ਵਾਲਿਆਂ ਤੇ, ਸਾਡੀ ਸਾਰਿਆਂ ਦੀ ਦੇਣ ਵੀ ਜਾਂ ਲੋੜ ਵੀ ਕੀ ਹੈ ਜਦੋਂ ਅਸੀਂ ਸਾਰੇ ਧਰਮੀ ਅਤੇ ਚੰਗੇ ਬੰਦੇ ਰਲ ਕਿ ਪਿੰਡ ਵਿੱਚ ਇੱਕ ਸਰਪੰਚ ਵੀ ਨਹੀਂ ਚੁਣ ਸਕਦੇ[
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
e-mail :- harlajsingh7@gmail.com
ਕਿਤੇ ਇਹ ਨਾ ਹੋਵੇ ਕਿ ਅਸੀਂ ਨੈੱਟ ਨੂੰ ਵਰਤਦੇ ਰਹੀਏ ਨੈੱਟ ਸਾਨੂੰ ਹੀ ਵਰਤ ਜਾਵੇ, - ਹਰਲਾਜ ਸਿੰਘ ਬਹਾਦਰਪੁਰ
ਜਦੋਂ ਕਿਸੇ ਨੂੰ ਕਿਸੇ ਪਾਸਿਉਂ ਤੋੜਨਾ ਹੋਵੇ ਤਾਂ ਉਸ ਨੂੰ ਦੂਜੇ ਪਾਸੇ ਜੋੜਨ ਦਾ ਪ੍ਰਬੰਧ ਵੀ ਕਰਨਾ ਪੈਂਦਾ ਹੈ, ਜਿਵੇਂ ਕਿ ਕਿਸੇ ਦੇ ਹੱਥ ਵਿੱਚੋਂ ਪਹਿਲੀ ਵਸਤੂ ਛੁਡਾਉਣ ਲਈ ਉਸ ਦੇ ਹੱਥ ਵਿੱਚ ਦੂਜੀ ਨਵੀਂ ਵਸਤੂ ਦੇਣੀ ਪੈਂਦੀ ਹੈ, ਇਸੇ ਤਰ੍ਹਾਂ ਸਾਡੇ ਕੋਲੋਂ ਵੀ ਅਸਲੀ ਧਰਤੀ, ਕਿਰਤ ਅਤੇ ਸਾਡਾ ਸੱਭਿਆਚਾਰ ਛੁਡਾਉਣ ਲਈ ਸਾਨੂੰ ਨੈੱਟ ਦੀ ਨਕਲੀ ਧਰਤੀ ਨਕਲੀ ਕਿਰਤ ਅਤੇ ਬਿਗਾਨੇ ਸੱਭਿਆਚਾਰ ਨਾਲ ਜੋੜਿਆ ਜਾ ਰਿਹਾ ਹੈ। ਬੇਸ਼ੱਕ ਵੱਡੀਆਂ ਕੰਪਨੀਆਂ ਦੇ ਮਾਲਕ ਹੁਣ ਵੀ ਆਪਣੀਆਂ ਵਸਤੂਆਂ ਦੇ ਭਾਅ ਆਪਣੀਆਂ ਮਨਮਰਜੀਆਂ ਅਨੁਸਾਰ ਤੈਅ ਕਰਕੇ ਅੰਨੀ ਲੁੱਟ ਕਰਦੇ ਹੋਏ ਸਮੇਂ ਸਮੇਂ ਦੀਆਂ ਸਰਕਾਰਾਂ ਨੂੰ ਖਰੀਦ ਕੇ ਦੇਸ਼ ਦੇ ਸਮੁੱਚੇ ਪ੍ਰਬੰਧ ਉੱਤੇ ਕਾਬਜ ਹੋ ਚੁੱਕੇ ਹਨ ਪਰ ਹਾਲੇ ਵੀ ਅਜਿਹੀ ਨੀਤੀ ਵਾਲਿਆਂ ਦੀ ਭੁੱਖ ਨਹੀਂ ਮਿਟਦੀ, ਹੁਣ ਉਹ ਚਾਹੁੰਦੇ ਹਨ ਕਿ ਦੇਸ਼ ਦੀ ਸਮੁੱਚੀ ਧਰਤੀ ਦੇ ਮਾਲਕ ਵੀ ਅਸੀਂ ਹੀ ਹੋਈਏ, ਕਿਉਂਕਿ ਧਰਤੀ ਹੀ ਸੱਭ ਤੋਂ ਵੱਡਾ ਕੁਦਰਤੀ ਕਾਰਖਾਨਾ ਹੈ ਜਿਸ ਵਿੱਚ ਅਨੇਕਾ ਪ੍ਰਕਾਰ ਦਾ ਅਨਾਜ ਅਤੇ ਜੜੀਆਂ ਬੂਟੀਆਂ ਦੀ ਪੈਦਾਵਾਰ ਹੁੰਦੀ ਹੈ, ਧਰਤੀ ਵਾਲੀ ਅਜਿਹੀ ਉਪਜ ਹੋਰ ਕਿਸੇ ਵੀ ਤਰਾਂ ਦੇ ਕਾਰਖਾਨੇ ਵਿੱਚ ਪੈਦਾ ਨਹੀਂ ਕੀਤੀ ਜਾ ਸਕਦੀ, ਕੋਈ ਵੀ ਕਾਰਖਾਨਾ ਧਰਤੀ ਦੀ ਉਪਜ ਤੋਂ ਬਗੈਰ ਚੱਲ ਨਹੀਂ ਸਕਦਾ, ਕਾਰਖਾਨਿਆਂ ਨੂੰ ਪੈਦਾਵਾਰ ਕਰਨ ਲਈ ਧਰਤੀ ਦੀ ਲੋੜ ਹੈ ਪਰ ਧਰਤੀ ਨੂੰ ਪੈਦਾਵਾਰ ਕਰਨ ਲਈ ਕਾਰਖਾਨਿਆਂ ਦੀ ਜਰੂਰਤ ਨਹੀਂ ਪੈਂਦੀ। ਬੇਸ਼ੱਕ ਕਾਰਖਾਨੇ ਵੀ ਅੱਜ ਸਾਡੀ ਮੁੱਢਲੀ ਲੋੜ ਬਣ ਚੁੱਕੇ ਹਨ ਪਰ ਧਰਤੀ ਦੀ ਕੁਦਰਤੀ ਉਪਜ (ਪੈਦਾਵਾਰ) ਉਹ ਨਿਆਮਤ ਹੈ ਜੋ ਆਦਿ ਮਾਨਵ ਤੋਂ ਲੈ ਕੇ ਅੱਜ ਤੱਕ ਦੇ ਅਧੁਨਿਕ ਮਨੁੱਖ ਸਮੇਤ ਹਰ ਤਰਾਂ ਦੇ ਜੀਵ ਜੰਤੂਆਂ, ਬਨਾਸਪਤੀ ਅਦਿ ਦਾ ਪਾਲਣ ਪੋਸਣ ਕਰ ਰਹੀ ਹੈ, ਸਮੁੱਚੀ ਧਰਤੀ ਦੇ ਜੀਵ ਜੰਤੂਆਂ ਨੂੰ ਜੀਵਤ ਰਹਿਣ ਲਈ ਧਰਤੀ ਦੀ ਲੋੜ ਹੈ ਨਾ ਕਿ ਕਾਰਖਾਨਿਆਂ ਦੀ। ਕਾਰਖਾਨਿਆਂ ਨੇ ਸਾਨੂੰ ਸੁੱਖ ਸਹੂਲਤਾਂ ਤਾਂ ਬਹੁਤ ਦਿੱਤੀਆਂ ਹਨ ਪਰ ਇਹਨਾ ਦੇ ਮਾੜੇ ਪ੍ਰਭਾਵਾਂ ਕਾਰਨ ਜਿੱਥੇ ਮਨੁੱਖਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਬਹੁਤ ਸਾਰੇ ਕੁਦਰਤੀ ਜੀਵ ਜੰਤੂਆਂ ਦੀਆਂ ਨਸਲਾਂ ਨੂੰ ਵੀ ਸਦਾ ਲਈ ਖਤਮ ਕਰ ਦਿੱਤਾ ਹੈ। ਜਿਸ ਤਰਾਂ ਮਨੁੱਖ ਨੇ ਆਪਣੀ ਚਲਾਕ ਬੁੱਧੀ ਰਾਹੀਂ ਸਮੁੱਚੇ ਜੀਵ ਜੰਤੂਆਂ ਦੀ ਸਾਂਝੀ ਧਰਤੀ ਨੂੰ ਆਪਣੇ ਲਈ ਰਾਖਵੀਂ ਕਰਦਿਆਂ ਬਹੁਤੇ ਜੀਵ ਜੰਤੂਆਂ ਦੀਆਂ ਨਸਲਾਂ ਨੂੰ ਤਬਾਹ ਅਤੇ ਬਹੁਤਿਆਂ ਨੂੰ ਆਪਣੀਆਂ ਲੋੜਾਂ ਲਈ ਵਰਤਣਾ ਸ਼ੁਰੂ (ਗੁਲਾਮ) ਕਰ ਲਿਆ ਹੈ ਉਸੇ ਤਰਾਂ ਹੁਣ ਮਨੁੱਖਾਂ ਵਿੱਚੋਂ ਚਲਾਕ ਬੁੱਧੀ ਵਾਲੇ ਗਿਣਤੀ ਦੇ ਮਨੁੱਖ ਧਰਤੀ ਨੂੰ ਆਪਣੀ ਨਿੱਜੀ ਜਾਇਦਾਦ ਅਤੇ ਸਮੁੱਚੀ ਮਨੁੱਖਾ ਜਾਤੀ ਨੂੰ ਆਪਣੀ ਗੁਲਾਮ ਬਣਾਉਣਾ ਚਾਹੁੰਦੇ ਹਨ। ਅੱਜ ਸਾਡੇ ਦੇਸ਼ ਦੀ ਧਰਤੀ ਕਿਸੇ ਨਾ ਕਿਸੇ ਰੂਪ ਵਿੱਚ ਸਾਰੇ ਦੇਸ਼ ਵਾਸੀਆਂ ਦੀ ਸ਼ਾਂਝੀ ਧਰਤੀ ਹੈ, ਕਿਸੇ ਕੋਲ ਘੱਟ ਹੈ ਕਿਸੇ ਕੋਲ ਵੱਧ ਹੈ, ਆਪੋ ਆਪਣੀਆਂ ਲੋੜਾਂ ਅਨੁਸਾਰ ਵੱਖੋ ਵੱਖਰੀ ਪੈਦਾਵਾਰ ਹੋ ਰਹੀ ਹੈ, ਕੋਈ ਖੇਤੀ ਕਰ ਰਿਹਾ ਹੈ ਕੋਈ ਮਜ਼ਦੂਰੀ ਕਰ ਰਿਹਾ ਹੈ ਕੋਈ ਮਜ਼ਦੂਰ ਵੀ ਖੇਤੀ ਕਰ ਰਿਹਾ ਹੈ ਕੋਈ ਆਪਣੀ ਮਰਜੀ ਦੇ ਕੰਮ ਦੀ ਮਜ਼ਦੂਰੀ ਕਰ ਰਿਹਾ ਹੈ ਭਾਵ ਕਿ ਸੱਭ ਨੂੰ ਰੁਜਗਾਰ ਮਿਲ ਰਿਹਾ ਹੈ। ਜੇ ਇਸ ਦੇਸ਼ ਦੀ ਧਰਤੀ ਦਾ ਮਾਲਕ ਸਿਰਫ ਇੱਕ ਹੀ ਹੋਇਆ ਫਿਰ ਅਸੀਂ ਸਾਰੇ ਗੁਲਾਮ ਮਜ਼ਦੂਰ ਹੋਵਾਂਗੇ, ਮਾਲਕ ਆਪਣੀ ਮਰਜੀ ਦੀ ਫਸਲ ਪੈਦਾ ਕਰੇਗਾ ਆਪਣੀ ਮਨਮਰਜੀ ਨਾਲ ਫਸਲ ਅਤੇ ਮਜ਼ਦੂਰੀ ਦਾ ਭਾਅ ਤੈਅ ਕਰੇਗਾ, ਉਹ ਮਾਲਕ ਫਿਰ ਸਾਨੂੰ ਸਾਰਿਆਂ ਨੂੰ ਜਿਉਂਦੇ ਰੱਖਣ ਲਈ ਮਜ਼ਦੂਰੀ ਰਾਹੀਂ ਭੋਜਨ ਵੀ ਉਨੇ ਕੁ ਲੋਕਾਂ ਨੂੰ ਹੀ ਦੇਵੇਗਾ ਜਿੰਨੇ ਮਜ਼ਦੂਰਾਂ ਦੀ ਉਸ ਨੂੰ ਲੋੜ ਹੋਵੇਗੀ ਬਾਕੀਆਂ ਨੂੰ ਮਰਨ ਲਈ ਛੱਡ ਦੇਵੇਗਾ, ਸਾਡੇ ਕੋਲ ਕੋਈ ਹੱਕ ਵੀ ਨਹੀਂ ਹੋਣਗੇ, ਇਹ ਹੋਵੇਗੀ ਅਸਲੀ ਗੁਲਾਮੀ। ਗੁਲਾਮਾਂ ਦੀ ਨਾ ਕੋਈ ਆਪਣੀ ਧਰਤੀ ਹੁੰਦੀ ਹੈ, ਨਾ ਕਿਰਤ ਅਤੇ ਨਾ ਕੋਈ ਆਪਣਾ ਸੱਭਿਆਚਾਰ ਹੁੰਦਾ ਹੈ। ਸਾਡੇ ਲਈ ਅਜਿਹੀ ਗੁਲਾਮੀ ਦਾ ਤਾਣਾ ਬਾਣਾ ਨੈੱਟ ਰਾਹੀਂ ਬੁਣਿਆ ਜਾ ਰਿਹਾ ਹੈ, ਇਸ ਨੈੱਟ ਰਾਹੀਂ ਜਿੱਥੇ ਸਾਨੂੰ ਆਪਣੀ ਧਰਤੀ, ਕਿਰਤ ਅਤੇ ਸੱਭਿਆਚਾਰ ਨਾਲ਼ੋਂ ਤੋੜਿਆ ਜਾ ਰਿਹਾ ਹੈ ਉੱਥੇ ਸਾਡੇ ਸਮੇਂ, ਸ਼ਰਮ ਅਤੇ ਮਿਲ ਵਰਤਣ ਵਾਲ਼ੇ ਸੰਸਕਾਰਾਂ ਨੂੰ ਵੀ ਖਤਮ ਕੀਤਾ ਜਾ ਰਿਹਾ ਹੈ, ਅਫਸੋਸ ਕਿ ਅਸੀਂ ਬਿਨਾ ਸੋਚੇ ਸਮਝੇ ਨੈੱਟ ਦੀ ਇਸ ਚਾਲ ਵਿੱਚ ਬੁਰੀ ਤਰ੍ਹਾਂ ਫਸਦੇ ਜਾ ਰਹੇ ਹਾਂ। ਅਸੀਂ ਲੋੜੀਂਦੀ ਖੇਤੀ ਜਾਂ ਲੋੜੀਂਦੇ ਕਾਰਖਾਨਿਆਂ ਵਿੱਚ ਸਰੀਰਕ ਮਿਹਨਤ ਵਾਲਾ ਕੰਮ ਕਰਕੇ ਕਮਾਈ ਕਰਨ ਦੀ ਥਾਂ ਨੈੱਟ ਤੇ ਬਣੇ ਵੱਖਰੇ ਵੱਖਰੇ ਬੇਲੋੜੇ ਸਾਧਨਾਂ (ਫੇਸਬੁੱਕ ਇੰਸਟਾਗ੍ਰਾਮ ਅਦਿ) ਰਾਹੀ ਚੰਗੀ, ਮੰਦੀ ਅਤੇ ਬੇਲੋੜੀ ਸਮੱਗਰੀ ਸਾਂਝੀ ਕਰਕੇ ਕਮਾਈ ਕਰਨ ਵੱਲ ਨੂੰ ਦੌੜ ਰਹੇ ਹਾਂ, ਯਾਦ ਰੱਖਿਓ ਇਸ ਨੈੱਟ ਤੇ ਪੈਸੇ ਕਮਾਏ ਜਾ ਸਕਦੇ ਹਨ ਪਰ ਭੋਜਨ ਪੈਦਾ ਨਹੀਂ ਕੀਤਾ ਜਾ ਸਕਦਾ, ਸਾਨੂੰ ਨੈੱਟ ਤੋਂ ਕਮਾਏ ਪੈਸਿਆਂ ਨਾਲ ਭੋਜਨ ਵੀ ਤਾਂ ਹੀ ਮਿਲ ਰਿਹਾ ਹੈ ਕਿਉਂਕਿ ਹਾਲੇ ਬਹੁਤ ਸਾਰੇ ਲੋਕ ਅੰਨ ਪੈਦਾ ਕਰ ਰਹੇ ਹਨ, ਸਾਡੀਆਂ ਮੁਢਲੀਆਂ ਲੋੜਾਂ ਲਈ ਸਾਜੋ ਸਮਾਨ ਵੀ ਸਰੀਰਕ ਮਿਹਨਤ ਰਾਹੀਂ ਹੀ ਤਿਆਰ ਹੁੰਦਾ ਨਾ ਕਿ ਨੈੱਟ ਰਾਹੀਂ। ਨੈੱਟ ਇੱਕ ਵਧੀਆ ਸੰਚਾਰ ਸਾਧਨ ਤਾਂ ਹੈ ਜਿਸ ਰਾਹੀਂ ਤੁਸੀਂ ਆਡੀਓ, ਵੀਡੀਓ ਜਾਂ ਲਿਖਤੀ ਸਮੱਗਰੀ ਇੱਕ ਦੂਜੇ ਕੋਲ ਭੇਜ ਸਕਦੇ ਹੋਂ, ਪਰ ਮਨੁੱਖ ਦੀਆਂ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਲਈ ਸਮੱਗਰੀ ਨਾ ਤਾਂ ਨੈੱਟ ਦੀ ਧਰਤੀ ਤੇ ਪੈਦਾ ਹੁੰਦੀ ਹੈ ਨਾ ਇਹ ਨੈੱਟ ਰਾਹੀਂ ਇੱਕ ਥਾਂ ਤੋਂ ਦੂਜੀ ਥਾਂ ਤੇ ਭੇਜੀ ਜਾ ਸਕਦੀ ਹੈ ਜਿਸ ਹਿਸਾਬ ਨਾਲ ਅਸੀਂ ਨੈੱਟ ਦੀ ਖੇਤੀ ਵੱਲ ਦੌੜ ਰਹੇ ਹਾਂ ਅਤੇ ਸਾਨੂੰ ਇਸ ਤੋਂ ਕਮਾਈ ਹੋ ਰਹੀ ਹੈ ਉਸ ਹਿਸਾਬ ਨਾਲ ਖੇਤੀ ਜਾਂ ਕਾਰਖਾਨਿਆਂ ਦੇ ਸਰੀਰਕ ਮਿਹਨਤ ਵਾਲੇ ਕੰਮ ਤਾਂ ਕਿਸੇ ਨੇ ਵੀ ਨਹੀਂ ਕਰਨੇ, ਸਰੀਰਕ ਮਿਹਨਤ ਵਾਲੇ ਕੰਮ ਕਰਕੇ ਅਸੀਂ ਰਾਜੀ ਨਹੀਂ ਹਾਂ, ਜਮੀਨਾਂ ਨਾਲ ਸਾਡਾ ਪਿਆਰ ਨਹੀਂ ਰਿਹਾ, ਜਮੀਨਾਂ ਨਾਲ ਪਿਆਰ ਵੀ ਉਹਨਾ ਨੂੰ ਹੀ ਹੁੰਦਾ ਹੈ ਜੋ ਕਿਸੇ ਨਾ ਕਿਸੇ ਰੂਪ ਵਿੱਚ ਜਮੀਨਾਂ ਨਾਲ ਜੁੜੇ ਹੋਏ ਹੋਣ, ਜਮੀਨਾਂ ਵੇਚ ਕੇ ਅਸੀਂ ਨੈੱਟ ਦੇ ਸਾਧਨ ਮੁਬਾਇਲ ਬਗੈਰਾ ਖਰੀਦਣ ਨੂੰ ਆਪਣੀ ਸ਼ਾਨ ਸਮਝਦੇ ਹਾਂ, ਕਾਰਪੋਰੇਟ ਘਰਾਣਿਆਂ ਤੋਂ ਜਮੀਨਾਂ ਨੂੰ ਬਚਾਉਣ ਲਈ ਵੱਡੀ ਉਮਰ ਦੇ ਲੋਕ ਜੋ ਮਿੱਟੀ ਨਾਲ ਜੁੜੇ ਹੋਏ ਹਨ ਉਹ ਮੋਦੀ ਵਰਗੇ ਦੇਸ਼ ਵੇਚੂ ਲੀਡਰਾਂ ਵਿਰੁੱਧ ਧਰਨਿਆਂ ਮੁਜਾਹਰਿਆਂ ਰਾਹੀਂ ਲੜ ਰਹੇ ਹਨ, ਨਵੀਂ ਪੀੜ੍ਹੀ ਕੁੱਝ ਕੁ ਤਾਂ ਦੇਸ਼ ਦੀ ਧਰਤੀ ਉੱਤੇ ਹੀ ਰਹਿਣਾ ਪਸੰਦ ਨਹੀਂ ਕਰਦੀ ਜੋ ਦੇਸ਼ ਵਿੱਚ ਰਹੇਗੀ ਉਹ ਆਪਣੀ ਅਸਲੀ ਧਰਤੀ ਉੱਤੇ ਰਹਿਣ ਦੀ ਥਾਂ ਨੈੱਟ ਦੀ ਉਸਾਰੀ ਨਕਲੀ ਧਰਤੀ ਤੇ ਸਵਾਰ ਹੋ ਚੁੱਕੀ ਹੈ, ਬਜੁਰਗ ਕਿੰਨਾ ਕੁ ਚਿਰ ਲੜਨਗੇ? ਜਿਸ ਤਰਾਂ ਅਸੀਂ ਨੈੱਟ ਨਾਲ ਜੁੜਦੇ ਜਾ ਰਹੇ ਇਸ ਨੂੰ ਵੇਖ ਕੇ ਤਾਂ ਮੈਨੂੰ ਇਹ ਨੈੱਟ ਚਿੱਟੇ (ਨਸ਼ਿਆਂ) ਨਾਲੋਂ ਵੀ ਵੱਧ ਖਤਰਨਾਕ ਲੱਗ ਰਿਹਾ ਹੈ, ਕਿਤੇ ਇਹ ਨਾ ਹੋਵੇ ਕਿ ਸਾਨੂੰ ਇਸ ਨੈੱਟ ਦੀ ਨਕਲੀ ਧਰਤੀ ਅਤੇ ਕਮਾਈ ਨਾਲ ਜੋੜ ਕੇ ਕਾਰਪੋਰੇਟ ਸਾਡੇ ਕੋਲੋਂ ਸਾਡੀ ਅਸਲੀ ਧਰਤੀ ਤੇ ਕਮਾਈ ਹੀ ਨਾ ਖੋਹ ਲੈਣ, ਅਸੀਂ ਕਾਰਪੋਰੇਟਾਂ ਦੀਆਂ ਚਾਲਾਂ ਨੂੰ ਨਾ ਸਮਝਦੇ ਹੋਏ ਸਾਡੇ ਜਿਉਂਦੇ ਰਹਿਣ ਲਈ ਲੋੜੀਂਦੇ ਖੇਤੀ ਅਤੇ ਕਾਰਖਾਨਿਆਂ ਦੇ ਕੰਮ ਦੀ ਕਿਰਤ ਨੂੰ ਛੱਡ ਕੇ ਨੈੱਟ ਤੇ ਪਾਉਣ ਲਈ ਬੇਲੋੜੀ ਸਮੱਗਰੀ ਤਿਆਰ ਕਰਨ ਵਾਲੀ ਬੇਲੋੜੀ ਕਿਰਤ ਕਰਨ ਨੂੰ ਪਹਿਲ ਦੇ ਕੇ ਅਮੀਰ ਬਣਨ ਦੀ ਦੌੜ ਵਿੱਚ ਅੰਨੇਵਾਹ ਦੌੜ ਰਹੇ ਹਾਂ, ਨੈੱਟ ਸਮੱਗਰੀ ਨੂੰ ਮੈਂ ਬੇਲੋੜੀ ਇਸ ਲਈ ਕਹਿ ਰਿਹਾ ਹਾਂ ਕਿ ਸਾਨੂੰ ਜਿਉਂਦੇ ਰਹਿਣ ਲਈ ਇਸ ਦੀ ਲੋੜ ਨਹੀਂ ਹੈ, ਖੇਤੀ ਅਤੇ ਕਾਰਖਾਨਿਆਂ ਦਾ ਕੰਮ ਸਾਡੀ ਜਿੰਦਗੀ ਦੀ ਲੋੜ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਸਾਨੂੰ ਜਿਉਂਦੇ ਰਹਿਣ ਲਈ ਨੈੱਟ ਦੀ ਲੋੜ ਹੀ ਨਹੀਂ ਹੈ, ਦੂਜੀ ਗੱਲ ਕਿ ਇਸ ਹਵਾ ਵਿੱਚ ਚੱਲ ਰਹੇ ਨੈੱਟ ਕਾਰਖਾਨੇ ਦਾ ਮਾਲਕ ਇੱਕ ਹੈ ਉਹ ਕਦੇ ਵੀ ਇਸ ਨੂੰ ਬੰਦ ਕਰ ਸਕਦਾ ਹੈ ਜਾਂ ਇਹ ਵੀ ਕਹਿ ਸਕਦਾ ਹੈ ਕਿ ਤੁਸੀਂ ਨੈੱਟ ਤੇ ਸਮੱਗਰੀ ਪਾਓ ਜਾਂ ਨਾ ਪਾਓ ਪਰ ਇਸ ਦਾ ਤੁਹਾਨੂੰ ਪੈਸਾ ਕੋਈ ਨਹੀ ਮਿਲੇਗਾ, ਫਿਰ ਤੁਹਾਡੇ ਕੋਲ ਇਸ ਦਾ ਕੀ ਬਦਲ ਹੋਵੇਗਾ, ਕੀ ਇਹ ਬਿਗਾਨੀ ਛਾਹ ਤੇ ਮੁੱਛਾਂ ਮੁੰਨਵਾਉਣ ਵਾਲੀ ਗੱਲ ਨਹੀਂ ਹੈ? ਸਾਨੂੰ ਸਾਡੀ ਧਰਤੀ ਨਾਲੋਂ ਤੋੜਨ ਲਈ ਜੋ ਸਾਡੇ ਜਿਉਂਦੇ ਰਹਿਣ ਲਈ ਅਤੀ ਜਰੂਰੀ ਹੈ ਉਸ ਖੇਤੀ ਅਤੇ ਇਸ ਦੇ ਸਹਾਇਕ ਧੰਦਿਆਂ ਨੂੰ ਘਾਟੇ ਦੇ ਸੌਦੇ ਕਹਿ ਕੇ ਬਦਨਾਮ ਕੀਤਾ ਜਾ ਰਿਹਾ ਹੈ, ਹੱਥੀਂ ਕੰਮ ਕਰਨ ਨੂੰ ਬੇਇੱਜਤੀ ਸਮਝਿਆ ਜਾ ਰਿਹਾ ਹੈ, ਸਾਡੇ ਦੇਸ਼ ਦੀ ਧਰਤੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਕਿ ਇਹ ਤਾਂ ਰੇਹਾਂ ਸਪ੍ਰੇਹਾਂ ਨਾਲ ਪ੍ਰਦੂਸ਼ਤ ਹੋ ਚੁੱਕੀ ਹੈ, ਸਾਡੇ ਦੇਸ਼ ਦੇ ਨੌਜੁਆਨ ਆਪਣੇ ਘਰ ਰਹਿ ਕੇ ਸੌਖੀ ਕਿਰਤ ਕਰਨ ਦੀ ਥਾਂ ਆਪਣੀਆਂ ਕੀਮਤੀ ਜਮੀਨਾ ਵੇਚ ਕੇ ਜਾਂ ਕੋਈ ਹੋਰ ਹੀਲਾ ਵਸੀਲਾ ਵਰਤ ਕੇ ਆਪਣੀ ਬਹੁਮੁੱਲੀ ਛੇ ਰੁੱਤਾਂ ਦੇ ਵਾਤਾਵਰਣ ਵਾਲੀ ਧਰਤੀ ਨੂੰ ਛੱਡ ਕੇ ਠੰਡੇ ਜਾਂ ਤੱਤੇ ਵਾਤਾਵਰਣਾਂ ਵਾਲ਼ੇ ਵਿਦੇਸ਼ਾਂ ਵਿੱਚ ਜਾ ਕੇ ਔਖੀ ਤੋਂ ਔਖੀ ਮਜ਼ਦੂਰੀ ਕਰਨ ਨੂੰ ਪਹਿਲ ਦੇ ਰਹੇ ਹਨ। ਸਾਨੂੰ ਆਪਣੀ ਧਰਤੀ ਅਤੇ ਕਿਰਤ ਨਾਲ਼ੋਂ ਤੋੜਨ ਲਈ ਨੈੱਟ ਰਾਹੀਂ ਚੱਲੀ ਜਾ ਰਹੀ ਇਸ ਚਾਲ ਵਿੱਚੋਂ ਨਿਕਲ ਕੇ ਨੈੱਟ ਲਈ ਬੇਲੋੜੀ ਸਮੱਗਰੀ ਤਿਅਰ ਕਰਨ ਦੀ ਥਾਂ ਖੇਤੀ, ਖੇਤੀ ਦੇ ਸਹਾਇਕ ਧੰਦਿਆਂ ਅਤੇ ਕਾਰਖਾਨਿਆਂ ਵਿੱਚ ਲੋੜੀਂਦੀ ਹੱਥੀਂ ਮਿਹਨਤ ਕਰਨੀ ਚਾਹੀਂਦੀ ਹੈ ਤਾਂ ਕਿ ਇਸ ਸੱਚੀ ਕਿਰਤ ਰਾਹੀਂ ਅਸੀਂ ਆਪਣੇ ਆਪ ਨੂੰ ਅਤੇ ਅਪਣੇ ਦੇਸ਼ ਨੂੰ ਖੁਸ਼ਹਾਲ ਬਣਾ ਸਕੀਏ। ਅਸੀਂ ਹਰ ਉਮਰ ਦੇ ਲੋਕ ਦਿਨ ਰਾਤ ਨੈੱਟ ਚਲਾ ਕੇ ਬੈਠੇ ਰਹਿੰਦੇ ਹਾਂ ਚੰਗੀ, ਮੰਦੀ ਅਤੇ ਬੇਲੋੜੀ ਸਮੱਗਰੀ ਨੈੱਟ ਉੱਤੇ ਚਾੜ੍ਹਦੇ ਰਹਿੰਦੇ ਹਾਂ, ਫਿਰ ਉਹਨਾ ਤੇ ਬੇਲੋੜੀਆਂ ਪਸੰਦਾ, ਬੇਪਸੰਦਾਂ, ਟਿੱਪਣੀਆਂ, ਫਾਲਤੂ ਦੀਆਂ ਬਹਿਸਾਂ ਕਰਨ ਅਤੇ ਉਹਨਾ ਨੂੰ ਸ਼ਾਝੀਆਂ ਕਰਨ ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਰਹਿੰਦੇ ਹਾਂ, ਜਦੋਂ ਅਸੀਂ ਨੈੱਟ ਚਲਾ ਕੇ ਬੈਠ ਜਾਂਦੇ ਹਾਂ ਤਾਂ ਉਸੇ ਸਮੇਂ ਅਸੀਂ ਵਰਤੇ ਜਾਣੇ ਸ਼ੁਰੂ ਹੋ ਜਾਂਦੇ ਹਾਂ, ਅਸੀਂ ਬਿਨਾ ਮਜ਼ਦੂਰੀ ਤੋਂ ਕਿਸੇ ਲਈ ਕੰਮ ਕਰਨਾ ਸ਼ੁਰੂ ਕਰ ਦਿੰਦੇ ਹਾਂ, ਸਾਡਾ ਸਮਾਂ ਸੱਭ ਤੋਂ ਵੱਧ ਕੀਮਤੀ ਹੁੰਦਾ ਹੈ, ਨੈੱਟ ਵਾਲ਼ੇ ਵੀ ਉਸੇ ਸਮੱਗਰੀ (ਪੋਸਟ) ਦੇ ਵੱਧ ਪੈਸੇ ਦਿੰਦੇ ਹਨ ਜਿਸ ਤੇ ਵੱਧ ਗਿਣਤੀ ਲੋਕਾਂ ਦਾ ਜਿਆਦਾ ਸਮਾਂ ਖਰਾਬ ਹੋਇਆ ਹੁੰਦਾ ਹੈ ਭਾਵ ਕਿ ਜੋ ਸਮੱਗਰੀ ਲੋਕਾਂ ਨੂੰ ਵੱਧ ਤੋਂ ਸਮਾਂ ਨੈੱਟ ਨਾਲ ਜੋੜ ਕੇ ਰੱਖਦੀ ਹੈ। ਇਸ ਲਈ ਆਪਣੀ ਕਿਰਤ ਨੂੰ ਛੱਡ ਕੇ ਨੈੱਟ ਨੂੰ ਆਪਣੀ ਜਿੰਦਗੀ ਦਾ ਹਿੱਸਾ ਨਾ ਬਣਾਓ, ਜੇ ਤੁਸੀਂ ਨੈੱਟ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਰਹੇ ਹੋਂ ਤਾਂ ਨੈੱਟ ਤੁਹਾਡੇ ਜੀਵਨ ਦੇ ਹਿੱਸੇ ਨੂੰ ਖਾ ਜਾਵੇਗਾ, ਨਾ ਹੀ ਨੈੱਟ ਨੂੰ ਆਪਣੀ ਕਮਾਈ ਦਾ ਸਾਧਨ ਬਣਾਓ, ਜੇ ਤੁਸੀਂ ਨੈੱਟ ਤੋਂ ਕਮਾਈ ਕਰ ਰਹੇ ਹੋਂ ਤਾਂ ਤੁਸੀਂ ਆਪਣੇ ਚਾਹੁਣ ਵਾਲਿਆਂ ਦੇ ਸਮੇਂ ਨੂੰ ਬਰਬਾਦ ਕਰਨ ਦਾ ਕਮੀਸ਼ਨ (ਦਲਾਲੀ) ਖਾ ਰਹੇ ਹੋਂ ਅਤੇ ਨੈੱਟ ਮਾਲਕਾਂ ਦੀ ਕਮਾਈ ਦਾ ਸੰਦ ਬਣ ਰਹੇ ਹੋਂ। ਇਹ ਨੈੱਟ ਤੁਹਾਨੂੰ ਤੁਹਾਡੀ ਧਰਤੀ, ਕਿਰਤ ਅਤੇ ਤੁਹਾਡੇ ਸੱਭਿਆਚਾਰ ਨਾਲੋਂ ਤੋੜਨ ਦੀ ਵੱਧ ਕੀਮਤ ਵੀ ਦੇ ਦੇਵੇਗਾ ਤਾਂ ਕਿ ਤੁਸੀਂ ਜਲਦੀ ਆਪਣੀ ਧਰਤੀ, ਕਿਰਤ ਅਤੇ ਸੱਭਿਆਚਾਰ ਨਾਲ਼ੋਂ ਟੁੱਟ ਕੇ ਇਸ ਉੱਤੇ ਨਿਰਭਰ ਹੋ ਜਾਵੋਂ, ਪਰ ਜਦੋਂ ਇਸ ਨੈੱਟ ਨੇ ਤੁਹਾਡੀ ਧਰਤੀ ਅਤੇ ਕਿਰਤ ਕਰਨ ਦੀ ਸ਼ਕਤੀ ਖੋਹ ਲਈ ਫਿਰ ਤੁਸੀਂ ਆਪਣੀ ਇਸ ਧਰਤੀ ਤੇ ਕਿਰਤ ਕਰਨ ਅਤੇ ਖੁਲ੍ਹ ਕੇ ਤੁਰਨ ਨੂੰ ਵੀ ਤਰਸੋਂਗੇ, ਨੈੱਟ ਚਲਾਉਣਾ ਤਾਂ ਦੂਰ ਦੀ ਗੱਲ ਹੈ, ਤੁਹਾਨੂੰ ਆਪਣਾ ਪੇਟ ਪਾਲਣਾ ਵੀ ਔਖਾ ਹੋ ਜਾਵੇਗਾ, ਹੁਣ ਵੀ ਕਿੰਨੀਆਂ ਕੁ ਕੰਪਨੀਆਂ ਹਨ ਜੋ ਆਪਣੇ ਮਜ਼ਦੂਰਾਂ ਨੂੰ ਫੋਨ ਅੰਦਰ ਲੈ ਕੇ ਜਾਣ ਦੀ ਇਜਾਜਤ ਦਿੰਦੀਆਂ ਹਨ? ਜਦੋਂ ਖੇਤੀ ਸਮੇਤ ਸਮੁੱਚੇ ਕਾਰਖਾਨਿਆਂ ਦਾ ਮਾਲਕ ਇੱਕ ਹੋਇਆ ਫਿਰ ਇਹ ਫੋਨ ਅਤੇ ਨੈੱਟ ਨਹੀਂ ਚੱਲਣੇ ਨਾ ਹੀ ਫਿਰ ਧਰਨੇ ਮੁਜਾਹਰੇ ਹੋਣੇ ਹਨ ਫਿਰ ਤਾਂ ਮਜ਼ਦੂਰੀ ਮੰਗਣ ਲਈ ਵੀ ਬੇਨਤੀਆਂ ਹੀ ਕਰਨੀਆਂ ਪੈਣਗੀਆਂ ਫਿਰ ਪਤਾ ਲੱਗੇਗਾ ਕਿ ਅਸਲੀ ਗੁਲਾਮੀ ਕੀ ਹੁੰਦੀ ਹੈ, ਪਹਿਲਾਂ ਤਾਂ ਅੰਗ੍ਰੇਜਾਂ ਨੇ ਸਾਡੇ ਤੇ ਧੱਕੇ ਨਾਲ ਕਬਜਾ ਕੀਤਾ ਸੀ ਜੋ ਲੋਕਾਂ ਨੇ ਛੁੱਡਾ ਵੀ ਲਿਆ ਸੀ, ਹੁਣ ਅਗਲਿਆਂ ਨੇ ਕਬਜ਼ਾ ਨਹੀਂ ਕਰਨਾ ਹੁਣ ਤਾਂ ਤੁਹਾਡੀ ਜਮੀਨ ਤੁਹਾਡੇ ਕੋਲੋਂ ਮੁੱਲ ਖਰੀਦਣੀ ਹੈ ਵੇਚੀ ਹੋਈ ਵਸਤੂ ਤੇ ਵੇਚਣ ਵਾਲੇ ਦਾ ਹੱਕ ਸਦਾ ਲਈ ਖਤਮ ਹੋ ਜਾਂਦਾ ਹੈ। ਮੇਰਾ ਇਸ ਤਰ੍ਹਾਂ ਕਹਿਣ ਤੋ ਭਾਵ ਇਹ ਨਹੀਂ ਹੈ ਕਿ ਆਪਾਂ ਨੈੱਟ ਨੂੰ ਤਿਆਗ ਹੀ ਦੇਈਏ, ਨਹੀਂ ਤਿਆਗਣਾ ਨਹੀਂ ਹੈ ਪਰ ਇਸ ਦੀ ਵਰਤੋਂ ਆਪਣੀ ਜਰੂਰੀ ਲੋੜ ਲਈ ਹੀ ਕਰੀਏ, ਕਿਤੇ ਇਹ ਨਾ ਹੋਵੇ ਕਿ ਅਸੀਂ ਨੈੱਟ ਨੂੰ ਬੇਲੋੜਾ ਵਰਤਦੇ ਰਹੀਏ ਨੈੱਟ ਸਾਨੂੰ ਹੀ ਵਰਤ ਜਾਵੇ। ਅੱਜ ਦੇਸ਼ ਦੀ ਵਾਂਗਡੋਰ ਉਹਨਾ ਮਾੜੇ ਲੀਡਰਾਂ ਦੇ ਹੱਥ ਵਿੱਚ ਆ ਚੁੱਕੀ ਹੈ ਜੋ ਕਾਰਪੋਰੇਟਾਂ ਦੀਆਂ ਕਠਪੁਤਲੀਆਂ ਬਣ ਕੇ ਦੇਸ਼ ਦੀ ਜੰਤਾ ਦੇ ਭਲੇ, ਨੌਜੁਆਨੀ ਨੂੰ ਆਪਣੇ ਦੇਸ਼ ਨਾਲ ਜੋੜਨ ਅਤੇ ਖੇਤੀ ਨੂੰ ਲਾਹੇਬੰਦ ਧੰਦਾ ਬਣਾਉਣ ਦੀ ਥਾਂ ਸਾਨੂੰ ਜਾਤਾਂ, ਧਰਮਾਂ, ਸੂਬਿਆਂ ਦੇ ਝਗੜਿਆਂ ਅਤੇ ਇੱਕ ਦੂਜੇ ਦੇ ਵਿਰੁੱਧ ਲੜਵਾ ਕੇ ਖੁਦ ਦੇਸ਼ ਨੂੰ ਵੇਚਣ ਤੇ ਲੱਗੇ ਹੋਏ ਹਨ।ਇਸ ਲਈ ਸਾਨੂੰ ਸਾਰਿਆਂ ਜਾਤਾਂ, ਧਰਮਾਂ, ਸੂਬਿਆਂ ਦੇ ਝਗੜਿਆਂ ਅਤੇ ਇੱਕ ਦੂਜੇ ਦੇ ਵਿਰੋਧਾਂ ਨੂੰ ਛੱਡ ਕੇ ਸਾਡੇ ਦੇਸ਼ ਦੀ ਸਮੁੱਚੀ ਮਨੁੱਖਤਾ ਦੇ ਭਲੇ ਲਈ ਇੱਕ ਹੋ ਕੇ ਖੁਦ ਸੋਚਣਾ ਪਵੇਗਾ ਕਿ ਅਸੀਂ ਆਪਣੀ ਧਰਤੀ, ਹੋਂਦ, ਕਿਰਤ ਅਤੇ ਸੱਭਿਆਚਾਰ ਨੂੰ ਕਿਵੇਂ ਬਚਾਉਣਾ ਹੈ।
ਤਾਰੀਖ 08-08-2024
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
e-mail :- harlajsingh7@gmail.com
ਮੇਰੀ ਲਿਖੀ ਜਾ ਰਹੀ ਪੁਸਤਕ :- ਮੇਰੀਆਂ ਹੱਡਬੀਤੀਆਂ ਵਿੱਚੋਂ - ਹਰਲਾਜ ਸਿੰਘ ਬਹਾਦਰਪੁਰ
ਆਪਣੀ ਕਿਰਤ ਕਮਾਈ ਕਰਕੇ ਪੈਸਾ ਜੋੜੋ, ਜਾਤਾਂ ਧਰਮਾਂ ਆਦਿ ਦੇ ਝਗੜਿਆਂ ਤੋਂ ਬਚੋ।
ਸਾਡੇ ਪਿੰਡ ਦੇ ਡੇਰੇ ਤੇ 2001 ਵਿੱਚ ਹੋਏ ਪਾਠ ਦੇ ਭੋਗ ਤੋਂ ਬਾਅਦ ਡੇਰੇ ਵਿੱਚ ਲੱਗੇ ਨਕਲੀਆਂ (ਭੰਡਾਂ) ਦੇ ਅਖਾੜੇ ਤੋਂ ਦੁੱਖੀ ਹੋਏ ਮੈਂ ਅਤੇ ਬਾਬਾ ਧਰਮ ਸਿੰਘ ਗ੍ਰੰਥੀ ਨੇ 18 ਸਤੰਬਰ 2001 ਨੂੰ ਅਕਾਲ ਤਖਤ ਦੇ ਜੱਥੇਦਾਰ ਨੂੰ ਚਿੱਠੀ ਲਿਖੀ, ਇਹ ਚਿੱਠੀ ਮੈਂ ਧਰਮ ਸਿੰਘ ਦੇ ਨਾਮ ਤੇ ਲਿਖੀ ਸੀ ।
ਸਤਿਕਾਰ ਯੋਗ ਸਿੰਘ ਸਾਹਿਬ ਜੋਗਿੰਦਰ ਸਿੰਘ ਜੀ ਜਥੇਦਾਰ ਅਕਾਲ ਤਖਤ ਸਾਹਿਬ ਸ੍ਰੀ ਅੰਮ੍ਰਿਤਸਰ,
ਬੇਨਤੀ ਹੈ ਕਿ ਅਸੀਂ ਗੁਰੂ ਘਰਾਂ ਦੇ ਗ੍ਰੰਥੀ ਕੀ ਕਰੀਏ ਕੀ ਨਾ ਕਰੀਏ, ਜੋ ਪਿੰਡਾਂ ਸ਼ਹਿਰਾਂ ਦੇ ਗੁਰੂ ਘਰਾਂ ਦੀਆਂ ਲੋਕਲ ਕਮੇਟੀਆਂ ਹਨ ਜਿੰਨਾ ਦੇ ਮੈਂਬਰ ਬੇਅੰਮ੍ਰਿਤੀਏ ਜਾਂ ਗੁਰਮਤਿ ਤੋਂ ਅਣਜਾਣ ਹੀ ਹੁੰਦੇ ਹਨ, ਜਿਸ ਕਾਰਨ ਅੱਜ ਡੇਰੇ, ਕਬਰਾਂ, ਮੜੀਆਂ ਆਦਿ ਥਾਵਾਂ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਪ੍ਰਕਾਸ਼ ਹੁੰਦੇ ਹਨ। ਜਿੱਥੇ ਸੱਭ ਕੁੱਝ ਗੁਰਮਤਿ ਦੇ ਉਲਟ ਹੁੰਦਾ ਹੈ, ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮੈਂਬਰ ਹੀ ਡੇਰਾ ਪ੍ਰਬੰਧਕ ਕਮੇਟੀਆਂ ਦੇ ਮੈਂਬਰ ਹੁੰਦੇ ਹਨ। ਜਿਸ ਦੇ ਕਾਰਨ ਗ੍ਰੰਥੀਆਂ ਨੂੰ ਵੀ ਡੇਰਿਆਂ ਮੜੀਆਂ ਆਦਿ ਥਾਵਾਂ ਤੇ ਮਜਬੂਰਨ ਜਾਣਾ ਪੈਂਦਾ ਹੈ, ਜੇ ਕੋਈ ਗ੍ਰੰਥੀ ਸਿੰਘ ਮਨਮਤਿ ਦਾ ਵਿਰੋਧ ਕਰਦਾ ਹੈ ਤਾਂ ਉਸ ਦੀ ਛੁੱਟੀ ਕਰ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਭਾਈ ਮਾਨ ਸਿੰਘ (ਹੈੱਡ ਗ੍ਰੰਥੀ ਤਖਤ ਸ੍ਰੀ ਦਮਦਮਾ ਸਾਹਿਬ) ਦੀ ਕੀਤੀ ਗਈ ਹੈ। ਅੱਜ ਕੱਲ੍ਹ ਤਾਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰੂ ਘਰਾਂ ਵਿੱਚ ਵੀ ਪੰਥਕ ਮਰਯਾਦਾ ਲਾਗੂ ਨਹੀਂ ਹੈ। ਹਰ ਡੇਰੇਦਾਰ ਸੰਤ ਦੀ ਵੱਖੋ ਵੱਖਰੀ ਮਰਯਾਦਾ ਹੈ ਜਿਸ ਕਰਕੇ ਗ੍ਰੰਥੀ ਸਿੰਘਾਂ ਨੂੰ ਪਿੰਡਾਂ ਵਿੱਚ ਵੱਖ ਵੱਖ ਘਰਾਂ ਵਿੱਚ ਵੱਖਰੀ ਵੱਖਰੀ ਮਰਯਾਦਾ ਅਨੁਸਾਰ ਪਾਠ ਕਰਨੇ ਪੈਂਦੇ ਹਨ। ਇਸ ਲਈ ਜਥੇਦਾਰ ਅਕਾਲ ਤਖਤ ਸਾਹਿਬ ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਂਦਾ ਹੈ ਕਿ ਸਿੱਖ ਪੰਥ ਨੂੰ ਹੁਕਮਨਾਮਾਂ ਜਾਰੀ ਕਰੇ ਕਿ ਡੇਰੇ, ਕਬਰਾਂ,ਮੜੀਆਂ ਆਦਿ ਥਾਵਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਪ੍ਰਕਾਸ਼ ਨਾ ਕੀਤਾ ਜਾਵੇ। ਹਰੇਕ ਗੁਰੁ ਘਰ ਵਿੱਚ ਇੱਕੋ ਪੰਥਕ ਮਰਯਾਦਾ ਲਾਗੂ ਹੋਵੇ, ਇਸ ਕਾਰਜ ਨੂੰ ਨੂੰ ਨੇਪਰੇ ਚਾੜਨ ਲਈ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਗੁਰਮਤਿ ਨਿਗਰਾਨ ਕਮੇਟੀਆਂ ਦਾ ਗੰਠਨ ਕੀਤਾ ਜਾਵੇ ਜੋ ਪਿੰਡਾਂ ਸਹਿਰਾਂ ਦੇ ਗੁਰੂ ਘਰਾਂ ਵਿੱਚ ਜਾ ਕੇ ਆਪ ਜਾਇਜਾ ਲੈਣ, ਜਿਹੜੇ ਗੁਰੂ ਘਰ ਵਿੱਚ ਪੰਥਕ ਮਰਯਾਦਾ ਤੋਂ ਉਲਟ ਕੋਈ ਮਨਮਤਿ ਹੁੰਦੀ ਹੋਵੇ, ਉਸ ਗੁਰੂ ਘਰ ਦੇ ਗ੍ਰੰਥੀ ਅਤੇ ਸਬੰਧਤ ਕਮੇਟੀ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਂਦਾ, ਇਸ ਲਈ ਲੋੜ ਹੈ ਠੋਸ ਕਦਮ ਚੁੱਕਣ ਦੀ, ਆਸ ਹੈ ਕਿ ਦਾਸ ਦੀ ਬੇਨਤੀ ਵੱਲ ਜਰੂਰ ਧਿਆਨ ਦੇਉਂਗੇ।
ਗੁਰੁ ਪੰਥ ਦਾ ਦਾਸ ਧਰਮ ਸਿੰਘ ਗ੍ਰੰਥੀ ਗੁਰਦੁਆਰਾ ਜੰਡਸਰ ਸਾਹਿਬ, ਪਿੰਡ ਬਹਾਦਰਪੁਰ ਡਾਕਖਾਨਾ ਖਾਸ, ਤਹਿਸੀਲ ਬੁਢਲਾਡਾ, ਜਿਲਾ ਮਾਨਸਾ, ਪਿੰਨ ਕੋਡ 151501
ਮਿਤੀ 18-9 2001
16 ਨਵੰਬਰ 2001 ਵਿੱਚ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ, 17 ਨਵੰਬਰ ਨੂੰ ਇਹ ਖਬਰ ਅਖਬਾਰਾਂ ਵਿੱਚ ਆ ਗਈ, ਕਿ ਜਥੇਦਾਰ ਵੇਦਾਂਤੀ ਵੱਲੋਂ ਪਾਵਨ ਸਰੂਪ ਕਬਰਾਂ, ਮਜਾਰਾਂ, ਖਾਨਗਾਹਾਂ ਆਦਿ ਤੇ ਲਿਜਾ ਕੇ ਅਖੌਡਪਾਠ ਰੱਖਣ ਦੀ ਮਨਾਹੀ। ਜਦੋਂ ਮੈਂ ਤੇ ਬਾਬਾ ਧਰਮ ਸਿੰਘ ਗ੍ਰੰਥੀ ਨੇ ਲਾਇਬ੍ਰੇਰੀ ਵਿੱਚ ਬੈਠਿਆਂ ਇਹ ਖਬਰ ਵੇਖੀ ਤਾਂ ਸਾਨੂੰ ਬਹੁਤ ਖੁਸ਼ੀ ਹੋਈ ਕਿ ਆਪਣੀ ਭੇਜੀ ਚਿੱਠੀ ਤੇ ਜਥੇਦਾਰ ਨੇ ਆਪਣੇ ਲਿਖੇ ਅਨੁਸਾਰ ਹੀ ਹੁਕਮਨਾਮਾ ਜਾਰੀ ਕਰ ਦਿੱਤਾ ਹੈ। ਫਿਰ ਪਿੰਡ ਵਿੱਚ ਬਸੰਤ ਮੁਨੀ ਦੇ ਡੇਰੇ ਤੇ ਰਹਿੰਦੇ ਸਾਧ ਬੋਹੜ ਦਾਸ ਨੇ ਡੇਰੇ ਵਿੱਚ ਪਾਠ ਪ੍ਰਕਾਸ਼ ਕਰਵਾਉਣਾ ਸੀ, ਇਸ ਡੇਰੇ ਵਿੱਚ ਮੂਰਤੀਆਂ ਵੀ ਸਨ, ਜਿੰਨਾ ਵਿੱਚ ਸ੍ਰੀ ਚੰਦ ਦੀ ਵੱਡੀ ਮੂਰਤੀ ਅਤੇ ਸ਼ਿਵਜੀ, ਪਾਰਵਤੀ, ਗਣੇਸ਼ ਆਦਿ ਦੀਆਂ ਛੋਟੀਆਂ ਛੋਟੀਆਂ ਮੂਰਤੀਆਂ ਸਨ, ਇਹਨਾਂ ਛੋਟੀਆਂ ਮੂਰਤੀਆਂ ਬਾਰੇ ਸਾਨੂੰ ਕੋਈ ਜਾਣਕਾਰੀ ਵੀ ਨਹੀਂ ਸੀ, ਸਾਨੂੰ ਤਾਂ ਸਿਰਫ ਸ੍ਰੀ ਚੰਦ ਦੀ ਵੱਡੀ ਮੂਰਤੀ ਦਾ ਹੀ ਪਤਾ ਸੀ, ਉਹ ਅਸੀਂ ਪਹਿਲਾਂ ਹੀ ਡੇਰੇ ਵਿੱਚ ਵੇਖੀ ਹੋਈ ਸੀ। ਮੈਂ ਅਤੇ ਬਾਬਾ ਧਰਮ ਸਿੰਘ ਨੇ ਅਕਾਲ ਤਖਤ ਸਾਹਿਬ ਦੇ ਹੁਕਮ ਨਾਮੇ ਅਨੁਸਾਰ ਇਸ ਡੇਰੇ ਵਿੱਚ ਕਰਵਾਏ ਜਾ ਰਹੇ ਪਾਠ ਦਾ ਵਿਰੋਧ ਕੀਤਾ ਅਤੇ ਇਸ ਸਬੰਧ ਵਿੱਚ ਅਕਾਲ ਤਖਤ, ਧਰਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੋਮਣੀ ਖਾਲਸਾ ਪੰਚਾਇਤ, ਅਖਬਾਰਾਂ, ਸਪੋਕਸਮੈਨ ਮਾਸਿਕ ਨੂੰ ਆਦਿ ਨੂੰ ਚਿੱਠੀ ਪੱਤਰ, ਫੈਕਸ ਆਦਿ ਭੇਜਦੇ ਰਹੇ, ਧਰਮ ਪਰਚਾਰ ਕਮੇਟੀ ਅੰਮ੍ਰਿਤਸਰ ਵੱਲੋਂ ਜਗਤਾਰ ਸਿੰਘ ਜੰਗੀਆਣਾ, ਨਿੱਕਾ ਸਿੰਘ, ਗੁਰਨਾਮ ਸਿੰਘ ਖਿਉਵਾਲਾ ਆਦਿ ਪ੍ਰਚਾਰਕ ਡੇਰੇ ਵਿੱਚ ਭੇਜੇ ਗਏ, ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਵੀ ਪ੍ਰਚਾਰਕ ਸਿੰਘ ਆਉਂਦੇ ਰਹੇ ਜੋ ਵਿੱਚਕਾਰਲਾ ਜਿਹਾ ਰਸਤਾ ਅਪਣਾ ਕੇ ਗੱਲ ਨੂੰ ਅੱਧ ਵਿੱਚਕਾਰ ਹੀ ਛੱਡ ਕੇ ਜਾਂਦੇ ਰਹੇ, ਕਿਉਂਕਿ ਅਕਾਲ ਤਖਤ ਦੇ ਹੁਕਮਨਾਮੇ ਅਨੁਸਾਰ ਤਾਂ ਅਸੀਂ ਸਹੀ ਹੁੰਦੇ ਸੀ, ਪਰ ਇਸ ਪਾਸੇ ਅਸੀਂ ਦੋ ਜਣੇ ਹੀ ਹੁੰਦੇ ਸੀ, ਦੂਜੇ ਪਾਸੇ ਸਾਡੇ ਵਿਰੁੱਧ ਡੇਰੇ ਵਾਲਿਆਂ ਦੇ ਪੱਖ ਵਿੱਚ ਲੋਕ ਜਿਆਦਾ ਹੁੰਦੇ ਸਨ, ਹੁਕਮਨਾਮਾਂ ਲਾਗੂ ਕਰਵਾਉਣ ਆਉਂਦੇ ਪ੍ਰਚਾਰਕ ਡੇਰਾ ਪੱਖੀਆਂ ਦੀ ਬਹੁ ਗਿਣਤੀ ਦੇ ਵਿਰੁੱਧ ਸਹੀ ਫੈਸਲਾ ਲੈਣ ਦੀ ਥਾਂ ਗੱਲ ਨੂੰ ਗੋਲਮੋਲ ਕਰ ਜਾਂਦੇ ਸੀ। ਪਿੰਡ ਵਿੱਚ ਸਾਡਾ ਵਿਰੋਧ ਵੀ ਬਹੁਤ ਹੋਇਆ, ਪਿੰਡ ਦੇ ਆਗੂ ਕਹਾਂਉਦੇ ਸਿੱਖ ਵੀ ਸਾਡੇ ਵਿਰੋਧ ਵਿੱਚ ਅਕਾਲ ਤਖਤ ਦੇ ਜੱਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਕੋਲੋਂ ਡੇਰੇ ਵਿੱਚ ਪਾਠ ਕਰਨ ਦੀ ਆਗਿਆ ਲੈ ਕੇ ਆਂਉਦੇ ਰਹੇ ਸਨ, ਇਹ ਕਲੇਸ਼ ਬਹੁਤ ਸਮਾਂ ਚਲਦਾ ਰਿਹਾ, ਸਾਡਾ ਪਿੰਡ ਚਰਚਾ ਵਿੱਚ ਵੀ ਰਿਹਾ, ਫਿਰ ਹੋਰ ਪਿੰਡਾਂ ਦੇ ਲੋਕ ਵੀ ਸਾਡੇ ਕੋਲ ਆਉਣ ਲੱਗ ਗਏ ਕਿ ਸਾਡੇ ਪਿੰਡ ਦੇ ਡੇਰੇ ਵਿੱਚੋਂ ਵੀ ਪਾਠ ਰੁਕਵਾਓ, ਅਸੀਂ ਉਹਨਾ ਦਾ ਚਿੱਠੀ ਪੱਤਰ ਵੀ ਇਸੇ ਤਰਾਂ ਭੇਜਦੇ ਰਹੇ, ਹੌਲੀ ਹੌਲੀ ਕੁੱਝ ਡੇਰਿਆਂ ਵਿੱਚ ਪਾਠ ਹੋਣੇ ਬੰਦ ਹੋ ਗਏ। ਸਪੋਕਸਮੈਨ ਮਾਸਿਕ ਨਾਲ ਤਾਂ ਮੈਂ ਪਹਿਲਾਂ ਹੀ ਜੁੜਿਆ ਹੋਇਆ ਸੀ, 2003 ਵਿੱਚ ਸਪੋਕਸਮੈਨ ਵੱਲੋਂ ਸੱਦੇ ਗਏ ਵਿਸ਼ਵ ਸਿੱਖ ਸਮੇਲਨ ਵਿੱਚ ਵੀ ਮੈਂ ਆਪਣੇ ਪਿੰਡੋਂ ਦੋ ਗੱਡੀਆਂ ਰਾਹੀਂ ਬੰਦੇ ਬੁੜੀਆਂ (ਪੁਰਸ਼ ਇਸਤਰੀਆਂ) ਲੈ ਕੇ ਗਿਆ ਸੀ। ਫਿਰ 2005 ਤੋਂ ਸਪੋਕਸਮੈਨ ਦੇ ਪ੍ਰੈਸ ਰਿਪੋਰਟਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਡੇਰਾਬਾਦ ਦੇ ਪਖੰਡ ਦਾ ਵਿਰੋਧ ਤਾਂ ਦਿਮਾਗ ਵਿੱਚ ਪਹਿਲਾਂ ਹੀ ਸੀ, ਪੱਤਰਕਾਰ ਬਣ ਕੇ ਵੀ ਇਹ ਵਿਰੋਧ ਉਸੇ ਤਰ੍ਹਾਂ ਜਾਰੀ ਰਿਹਾ, ਪਿੰਡ ਕਾਹਨਗੜ੍ਹ ਦੇ ਡੇਰੇ ਦਾ ਸਾਧ ਗੌਤਮ ਦਾਸ ਡੇਰੇ ਵਿੱਚ ਦਲਿਤਾਂ ਨਾਲ ਵਿਤਕਰਾ ਕਰਦਾ ਸੀ, ਇੱਕ ਬਾਰ ਮੂਰਤੀ ਦੀ ਸੋਭਾ ਯਾਤਰਾ ਕੱਢਦੇ ਸਮੇਂ ਉਸ ਨੇ ਇੱਕ ਦਲਿਤ ਔਰਤ ਨੂੰ ਲੱਤ ਮਾਰ ਦਿੱਤੀ ਸੀ, 3 ਫਰਵਰੀ 2006 ਨੂੰ ਮੈਂ ਇਹ ਖਬਰ ਰੋਜਾਨਾ ਸਪੋਕਸਮੈਨ ਵਿੱਚ ਲਾ ਦਿੱਤੀ ਕਿ ਸਾਧ ਨੇ ਦਲਿਤ ਔਰਤ ਨੂੰ ਲੱਤ ਮਾਰ ਦਿੱਤੀ, ਇਸ ਖਬਰ ਦੇ ਵਿਰੁੱਧ ਸਾਧ ਨੇ ਮੇਰੇ ਉੱਤੇ ਅਦਾਲਤ ਵਿੱਚ ਕੇਸ ਕਰ ਦਿੱਤਾ ਸੀ, ਇਸ ਕੇਸ ਵਿੱਚ 12 ਦਸੰਬਰ 2009 ਨੂੰ ਮੇਰੀ ਪਹਿਲੀ ਪੇਸ਼ੀ ਸੀ, 10 ਸਤੰਬਰ 2012 ਨੂੰ ਇਹ ਕੇਸ ਰੱਦ ਹੋ ਗਿਆ ਸੀ। ਅਫਸੋਸ ਪਿੰਡ ਦੇ ਹੋਰ ਦਲਿਤਾਂ ਨੇ ਤਾਂ ਮੇਰਾ ਕੀ ਸਾਥ ਦੇਣਾ ਸੀ, ਜਿਹੜੀ ਇਸਤਰੀ ਦੇ ਲੱਤ ਮਾਰੀ ਸੀ ਉਸ ਨੇ ਵੀ ਮੇਰਾ ਸਾਥ ਨਹੀਂ ਦਿੱਤਾ। ਇਸੇ ਸਾਧ ਨੇ ਫਿਰ ਪਿੰਡ ਖੁਡਾਲ ਕਲਾਂ ਦੇ ਡੇਰੇ ਵਿੱਚ ਦਲਿਤਾਂ ਨੂੰ ਸੇਵਾ ਕਰਨ ਤੋਂ ਰੋਕ ਕੇ ਉਹਨਾ ਨੂੰ ਜਾਤੀ ਤੌਰ ਤੇ ਅਪਮਾਨਿਤ ਕੀਤਾ, 1 ਸਤੰਬਰ 2009 ਨੂੰ ਮੈਂ ਇਹ ਖਬਰ ਵੀ ਰੋਜਾਨਾ ਸਪੋਕਸਮੈਨ ਵਿੱਚ ਲਾ ਦਿੱਤੀ ਕਿ ਸਾਧ ਨੇ ਇਸ ਤਰ੍ਹਾਂ ਦਲਿਤਾਂ ਦਾ ਅਪਮਾਨ ਕੀਤਾ ਹੈ, ਇਸ ਬਾਰ ਵੀ ਸਾਧ ਨੇ ਮੇਰੇ ਉੱਤੇ ਅਦਾਲਤ ਵਿੱਚ ਫਿਰ ਕੇਸ ਕਰ ਦਿੱਤਾ। ਇਸ ਕੇਸ ਦੀ ਪਹਿਲੀ ਪੇਸ਼ੀ 2 ਅਗਸਤ 2014 ਦੀ ਸੀ, 7 ਸਤੰਬਰ 2015 ਨੂੰ ਇਹ ਕੇਸ ਵੀ ਰੱਦ ਹੋ ਗਿਆ ਸੀ। ਇਸ ਕੇਸ ਵਿੱਚ 8-10 ਬੰਦਿਆਂ ਨੇ ਅੱਗੇ ਹੋ ਕੇ ਖਬਰ ਦਿੱਤੀ ਸੀ, ਪਰ ਅਖੀਰ ਦੋ ਬੰਦੇ ਹੀ ਮੇਰੇ ਨਾਲ ਰਹਿ ਗਏ ਸਨ ਬਾਕੀ ਸੱਭ ਪਿੱਛੇ ਹਟ ਗਏ ਸਨ। ਇੱਕ ਬਾਰ 13 ਮਾਰਚ 2009 ਨੂੰ ਪਿੰਡ ਭਖੜਿਆਲ ਦੇ ਸਾਧ ਗੁਰਮੇਲ ਦਾਸ ਨੇ ਉੱਥੋਂ ਦੇ ਐੱਸ ਸੀ ਸਰਪੰਚ ਮਹਿੰਦਰ ਸਿੰਘ ਸਮੇਤ ਪਿੰਡ ਦੇ ਸਮੂੰਹ ਦਲਤਿਾਂ ਨੂੰ ਇੱਕ ਭੰਡਾਰੇ ਸਮੇਂ ਡੇਰੇ ਦੇ ਅੰਦਰਲੇ ਗੇਟ ਤੋਂ ਅਗਲੇ ਪਾਸੇ ਬਹਿ ਕੇ ਲੰਗਰ ਛੱਕਣ ਤੋਂ ਰੋਕ ਦਿੱਤਾ ਸੀ, ਉਹਨਾ ਨੇ ਖੁਦ ਪ੍ਰੈਸਨੋਟ ਟਾਇਪ ਕਰਵਾ ਕੇ ਸਰਪੰਚ ਦੀ ਮੋਹਰ ਅਤੇ ਦਸਤਖਤ ਕਰਵਾ ਕੇ ਦਿੱਤਾ ਸੀ, ਅਸੀਂ (ਮੈਂ ਅਤੇ ਅਜੀਤ ਅਖਬਾਰ ਦਾ ਪੱਤਰਕਾਰ) ਖੁਦ ਵੀ ਸਰਪੰਚ ਦੇ ਘਰ ਜਾ ਕੇ ਗੱਲਬਾਤ ਕੀਤੀ, ਫਿਰ ਡੇਰੇ ਦੇ ਸਾਧ ਨੂੰ ਵੀ ਮਿਲੇ, ਸਾਧ ਨੇ ਵੀ ਸਰਪੰਚ ਵੱਲੋਂ ਦੱਸੀਆਂ ਗੱਲਾਂ ਦੀ ਪੁਸ਼ਟੀ ਕਰਦਿਆਂ ਕਿਹਾ ਸੀ ਕਿ ਡੇਰੇ ਵਿੱਚ ਵਿਤਕਰਾ ਤਾਂ ਕੋਈ ਨਹੀਂ ਹੈ ਪਰ ਦਲਿਤਾਂ ਦੀ ਪੰਗਤ ਇਸ ਚਾਰਦਿਵਾਰੀ ਤੋਂ ਬਾਹਰ ਹੁੰਦੀ ਹੈ, ਉਹ ਅੰਦਰਲੇ ਪਾਸੇ ਬਹਿ ਕੇ ਲੰਗਰ ਨਹੀਂ ਛੱੱਕ ਸਕਦੇ, ਸਮਾਧ ਨੂੰ ਮੱਥਾ ਤਾਂ ਟੇਕ ਸਕਦੇ ਹਨ, ਪਰ ਚਾਰਦਿਵਾਰੀ ਤੋਂ ਬਾਹਰ ਖੜ੍ਹ ਕੇ ਹੀ ਟੇਕ ਸਕਦੇ ਹਨ ਅੰਦਰ ਨਹੀਂ ਆ ਸਕਦੇ, ਉਸ ਸਮੇਂ 13 ਮਾਰਚ 2009 ਨੂੰ ਵੀ ਇਹ ਖਬਰ ਸਿਰਫ ਮੈਂ ਹੀ ਲਾਈ ਸੀ, ਇਸ ਖਬਰ ਤੇ ਪੜਤਾਲ ਵੀ ਹੋਈ ਸੀ, ਇਸ ਖਬਰ ਦੇ ਅਧਾਰ ਤੇ ਹੀ ਕਿਸੇ ਸਮੇਂ ਬਹੁਜਨ ਸਮਾਜ ਪਾਰਟੀ ਦੇ ਕਿਸਾਨ ਵਿੰਗ ਪੰਜਾਬ ਦੇ ਪ੍ਰਧਾਨ ਰਹੇ ਮੇਜਰ ਪ੍ਰਿਤਪਾਲ ਸਿੰਘ ਵੀ ਲੁਧਿਆਣੇ ਤੋਂ ਪਿੰਡ ਭਖੜਿਆਲ ਸਰਪੰਚ ਨੂੰ ਮਿਲ ਕੇ ਗਏ ਸੀ, ਪਰ ਕਿਸੇ ਹੋਰਨੇ ਧੰਨਵਾਦ ਤਾਂ ਕੀ ਕਰਨਾ ਸੀ, ਉਲਟਾ ਉਸ ਸਮੇਂ ਐੱਸ ਸੀ ਕਮਿਸ਼ਨ ਦੇ ਚੇਅਰਮੈਨ ਦਲੀਪ ਸਿੰਘ ਪਾਂਧੀ ਦਾ ਫੋਨ ਆਇਆ ਸੀ ਕਿ ਅਜਿਹੀਆਂ ਖਬਰਾਂ ਨਾ ਲਾਇਆ ਕਰੋ।
ਬੇਸ਼ੱਕ ਕੁੱਝ ਡੇਰਿਆਂ ਵਿੱਚ ਹੁੰਦੇ ਪਾਠ ਵੀ ਬੰਦ ਹੋ ਗਏ, ਦੋਹੇਂ ਬਾਰ ਕੇਸ ਵੀ ਮੈਂ ਜਿੱਤ ਗਿਆ ਸੀ, ਪਰ ਸਿੱਖਣ ਨੂੰ ਕਾਫੀ ਕੁੱਝ ਮਿਲਿਆ, ਕਿ ਜਿਸ ਅਕਾਲ ਤਖਤ ਨੂੰ ਊਚਾ ਤੇ ਸੱਚਾ ਸਮਝਦੇ ਸੀ, ਜਿਸ ਦੇ ਹੁਕਮ ਨੂੰ ਮੰਨਦਿਆਂ ਪੂਰੇ ਪਿੰਡ ਦੇ ਵਰੁੱਧ ਅਸੀਂ ਦੋ ਜਣੇ ਡੱਟ ਕੇ ਖੜ੍ਹ ਗਏ ਸੀ, ਉਸ ਅਕਾਲ ਤਖਤ ਨੇ ਆਪਣੇ ਹੁਕਮ ਨੂੰ ਲਾਗੂ ਕਰਵਾਉਣ ਲਈ ਵੀ ਸਾਡਾ ਸਾਥ ਦੇਣ ਦੀ ਥਾਂ ਸਾਡੇ ਪੱਲੇ ਨਿਰਾਸ਼ਾ ਹੀ ਪਾਈ ਸੀ, ਜਿੰਨਾ ਦਲਿਤਾਂ ਦੇ ਅਪਮਾਨ ਦੇ ਵਿਰੁੱਧ ਸਾਧਾਂ ਦਾ ਅਤੇ ਸਾਧਾਂ ਦੇ ਅਮੀਰ ਸਾਥੀਆਂ ਦੇ ਵਿਰੋਧ ਦਾ ਸਾਹਮਣਾ ਕਰਦਿਆਂ, ਸਮਾਂ ਅਤੇ ਪੈਸਾ ਬਰਬਾਦ ਕਰਨ ਦੇ ਨਾਲ ਨਾਲ ਚਾਰ ਸਾਲ ਅਦਾਲਤਾਂ ਵਿੱਚ ਧੱਕੇ ਖਾਧੇ, ਉਹ ਨਿਮਾਣੇ ਸਮਝੇ ਜਾਂਦੇ ਦਲਿਤ ਵੀ ਨਾਲ ਨਾ ਖੜ੍ਹੇ, ਦਲਿਤਾਂ ਦਾ ਸਨਮਾਨ ਬਹਾਲ ਕਰਵਾਉਣ ਦੇ ਨਾਮ ਤੇ ਮਿਲੀ ਕੁਰਸੀ ਤੇ ਬੈਠਾ ਅਨੰਦ ਮਾਣ ਰਿਹਾ ਐੱਸ ਸੀ ਕਮਿਸ਼ਨ ਦਾ ਚੇਅਰਮੈਨ ਪਾਂਧੀ ਵੀ ਦਲਿਤਾਂ ਦੀ ਥਾਂ ਦਲਿਤਾਂ ਦਾ ਅਪਮਾਨ ਕਰਨ ਵਾਲੇ ਸਾਧ ਦੇ ਪੈਰਾਂ ਵਿੱਚ ਬੈਠਾ ਵਿਖਾਈ ਦਿੱਤਾ। ਜਿਸ ਸਪੋਕਸਮੈਨ ਨੂੰ ਸਿੱਖ ਕੌਮ ਦੀ ਅਵਾਜ ਸਮਝ ਕੇ ਉਸ ਦੀ ਨਿਸ਼ਕਾਮ ਸੇਵਾ ਕਰਦੇ ਰਹੇ, ਉਸ ਸਪੋਕਸਮੈਨ ਨੇ ਪੈਸੇ ਦੀ ਕਾਮਨਾ ਕਰਦਿਆਂ ਜੇ ਕਿਸੇ ਦੇ ਵਿਰੁੱਧ ਕੋਈ ਖਬਰ ਹੁੰਦੀ ਤਾਂ ਉਸ ਨਾਲ ਸੌਦੇਵਾਜੀ ਕਰਕੇ ਮੇਰੀਆਂ ਖਬਰਾਂ ਮਿਸ ਕਰਨੀਆਂ ਸ਼ੁਰੂ ਕਰਕੇ ਮੇਰੀ ਅਵਾਜ ਬੰਦ ਕਰਨੀ ਸ਼ੁਰੂ ਕਰ ਦਿੱਤੀ ਸੀ, ਕਦੇ ਕਿਸੇ ਕੇਸ ਸਮੇਂ ਹਾਲ ਤੱਕ ਨਹੀਂ ਸੀ ਪੁੱਛਿਆ। 16 ਨਵੰਬਰ 2001 ਵਿੱਚ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਏ ਹੁਕਮਨਾਮੇ ਤੋਂ ਲੈ ਕੇ ਸਾਧ ਦੇ ਕੇਸ ਵਾਲੀ 7 ਸਤੰਬਰ 2015 ਦੀ ਆਖਰੀ ਪੇਸ਼ੀ ਤੱਕ 12 ਸਾਲ 10 ਮਹੀਨੇ ਆਪਣੇ ਘਰ ਦੇ ਕੰਮ ਛੱਡਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਕਰਨ ਤੋਂ ਇਲਾਵਾ ਕੁੱਝ ਵੀ ਨਹੀਂ ਖੱਟਿਆ, ਅਕਾਲ ਤਖਤ ਦੇ ਹੁਕਮਨਾਮਿਆਂ ਦਾ ਪੱਖ, ਡੇਰਾਬਾਦ ਦਾ ਵਿਰੋਧ, ਦਲਿਤਾਂ ਦੇ ਮਾਨ ਸਨਮਾਨ ਲਈ, ਸਿੱਖ ਕੌਮ ਦੀ ਅਵਾਜ ਸਮਝਦਿਆਂ ਸਪੋਕਸਮੈਨ ਦੀ ਸੇਵਾ ਕਰਦਿਆਂ ਜਿੰਦਗੀ ਦੇ 13 ਸਾਲ ਬਰਬਾਦ ਕਰ ਲਏ। ਬੇਸ਼ੱਕ ਮੈਨੂੰ ਇਹ ਸੱਭ ਕੁੱਝ ਕਰਨ ਤੇ ਕੋਈ ਅਫਸੋਸ ਨਹੀਂ ਹੈ, ਮੈਨੂੰ ਤਾਂ ਮਾਣ ਹੈ ਕਿ ਮੈਂ ਕੁੱਝ ਵੀ ਗਲਤ ਨਹੀਂ ਸੀ ਕੀਤਾ, ਕੋਈ ਮਾੜਾ ਕੰਮ ਨਹੀਂ ਕੀਤਾ, ਕੋਈ ਹੇਰਾ ਫੇਰੀ ਠੱਗੀ ਚੋਰੀ ਨਹੀਂ ਸੀ ਕੀਤੀ, ਜੋ ਵੀ ਕੀਤਾ, ਤਨੋ ਮਨੋ ਕੀਤਾ, ਸੇਵਾ ਸਮਝ ਕੇ ਕੀਤਾ ਸੀ। ਪਰ ਇਹ ਸੱਭ ਕੁੱਝ ਕਰਨ ਤੋਂ ਬਾਅਦ ਪਤਾ ਚੱਲਿਆ ਕਿ ਇੱਥੇ ਹਰ ਕੋਈ ਕਮਾਈ ਕਰ ਰਿਹਾ, ਕੋਈ ਧਰਮ ਦੇ ਨਾਮ ਤੇ, ਕੋਈ ਦਲਿਤਾਂ ਦੇ ਨਾਮ ਤੇ, ਕੋਈ ਡੇਰੇ ਦੇ ਨਾਮ ਤੇ, ਕੋਈ ਪ੍ਰੈਸ ਦੇ ਨਾਮ ਤੇ, ਕੋਈ ਸਿੱਖ ਜਾਂ ਹੋਰ ਆਪਣੀ ਕੌਮ ਦੀ ਅਵਾਜ ਦੇ ਨਾਮ ਤੇ। ਜਿਸ ਤਰ੍ਹਾਂ ਮੈਂ ਬਿਨਾ ਕੁੱਝ ਕਮਾਈ ਕੀਤਿਆਂ ਇਹ ਸੱਭ ਕੁੱਝ ਸਮਰਪਿਤ ਹੋ ਕੇ ਸੇਵਾ ਭਾਵਨਾ ਨਾਲ ਪੱਲਿਉਂ ਖਰਚਾ ਕਰਕੇ ਕਰਦਾ ਰਿਹਾ, ਉਹਨਾ ਹਾਲਾਤਾਂ ਅਨੁਸਾਰ ਤਾਂ ਮੈਂ ਅੱਜ ਰੋਟੀ ਤੋਂ ਵੀ ਭੁੱਖਾ ਮਰਨਾ ਸੀ, ਇਹ ਤਾਂ ਧੰਨਵਾਦ ਮੇਰੇ ਬਾਪੂ ਜੱਗਰ ਸਿੰਘ ਜੀ ਦਾ ਜਿਸ ਨੇ ਦਿਨ ਰਾਤ ਮਿਹਨਤ ਨਾਲ ਖੇਤੀ ਕਰਕੇ ਜਾਇਦਾਦ ਬਣਾ ਕੇ ਜਮੀਨ ਦੇ ਸਾਨੂੰ ਦੋਹਾਂ ਭਰਾਵਾਂ ਨੂੰ 19 ਕਿੱਲੇ ਦਿੱਤੇ ਸਨ, ਜਿੰਨਾ ਕਰਕੇ ਮੇਰੇ ਘਰ ਪ੍ਰੀਵਾਰ ਦਾ ਖਰਚਾ ਚਲਦਾ ਰਿਹਾ। ਮੈਂ ਇਹ ਅਜਿਹੀ ਲੋਕ ਸੇਵਾ ਕਰਦਾ ਰਿਹਾ, ਛੋਟਾ ਭਰਾ ਰਾਮਲਾਜ ਸਿੰਘ ਲੀਡਰੀ ਵਿੱਚ ਪੈ ਗਿਆ ਸੀ, ਜਿਸ ਕਾਰਨ ਸਾਡੇ ਪੰਜ ਕਿੱਲੇ ਜਮੀਨ ਦੇ ਵਿਕ ਗਏ ਸਨ, 19 ਦੀ ਥਾਂ 14 ਰਹਿ ਗਏ ਕਿੱਲਿਆਂ ਵਿੱਚੋਂ ਹੁਣ ਸਾਡੇ ਦੋਹਾਂ ਭਰਾਵਾਂ ਕੋਲ ਸੱਤ ਸੱਤ ਕਿੱਲੇ ਜਮੀਨ ਦੇ ਹਨ। ਮੇਰੇ 13 ਸਾਲ ਦੇ ਉਸ ਸਮੇਂ ਦੇ ਤੁਜਰਬੇ ਵਿੱਚੋਂ ਮੈਂ ਇਹੀ ਸਿੱਖਿਆ ਹੈ ਕਿ ਇੱਥੇ ਹਰ ਕੋਈ ਕਮਾਈ ਕਰਦਾ ਹੈ, ਇਹ ਧਰਮ, ਪ੍ਰੈਸ, ਦਲਿਤ ਆਦਿ ਚਲਾਕ ਲੋਕਾਂ ਵੱਲੋਂ ਬਣਾਏ ਗਏ ਕਮਾਈ ਕਰਨ ਦੇ ਸੰਦ ਹਨ, ਜੋ ਲੋਕਾਂ ਨੂੰ ਜਾਤਾਂ ਧਰਮਾਂ ਵਿੱਚ ਵੰਡ ਕੇ ਉਹਨਾ ਨੂੰ ਆਪਸ ਵਿੱਚ ਲੜਾ ਕੇ ਰਾਜ ਕਰਦੇ ਹਨ, ਇੱਥੇ ਕਿਸੇ ਧਰਮ ਜਾਂ ਜਾਤ ਨੂੰ ਕੋਈ ਖਤਰਾ ਨਹੀਂ ਹੈ, ਜੇ ਕੋਈ ਖਤਰਾ ਹੈ ਤਾਂ ਉਸ ਦਾ ਹੱਲ ਵੀ ਕੋਈ ਨਹੀਂ ਕਰਦਾ, ਕਿਸੇ ਵੀ ਕਿਸਮ ਦੇ ਖਤਰੇ ਦਾ ਰੌਲਾ ਪਾਉਣ ਵਾਲੇ ਚਲਾਕ ਲੋਕ ਤੁਹਾਨੂੰ ਗੁਮਰਾਹ ਕਰਕੇ ਉਸਕਾਅ ਕੇ, ਲੜਾ ਕੇ ਆਪਣਾ ਕੰਮ ਕੱਢ ਜਾਂਦੇ ਹਨ, ਇਸ ਲਈ ਐਵੇਂ ਭਾਵੁਕ ਹੋ ਕੇ ਕਿਸੇ ਲਈ ਕਮਾਈ ਦਾ ਸੰਦ ਬਣਕੇ ਆਪਣਾ ਸਮਾਂ ਅਤੇ ਪੈਸਾ ਬਰਬਾਦ ਨਾ ਕਰੋ, ਇਹਨਾ ਜਾਤਾਂ ਧਰਮਾਂ ਦੀਆਂ ਵੰਡੀਆਂ ਦੇ ਝਗੜਿਆਂ ਵਿੱਚ ਇਹੀ ਚੱਲਦਾ ਹੈ ਕਿ ਜਾਂ ਤਾਂ ਤੁਸੀਂ ਕਿਸੇ ਨੂੰ ਵਰਤ ਜਾਓ, ਜਾਂ ਕੋਈ ਤੁਹਾਨੂੰ ਵਰਤ ਜਾਵੇਗਾ, ਇਸ ਲਈ ਇਹਨਾ ਦੇ ਚੱਕਰਾਂ ਵਿੱਚੋਂ ਨਿਕਲ ਕੇ ਆਪਣੇ ਲਈ ਕੰਮ ਕਰੋ, ਪੈਸਾ ਕਮਾਓ, ਬੇਸ਼ੱਕ ਪੈਸਾ ਸੱਭ ਕੁੱਝ ਨਹੀਂ ਹੁੰਦਾ ਪਰ ਬਹੁਤ ਕੁੱਝ ਹੁੰਦਾ, ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਤੁਹਾਨੂੰ ਕੋਈ ਨਹੀਂ ਪਹਿਚਾਣੇਗਾ, ਲੋਕ ਤੁਹਾਨੂੰ ਬੁਲਾਉਣਾ ਵੀ ਪਸੰਦ ਨਹੀਂ ਕਰਨਗੇ, ਜੇ ਤੁਹਾਡੇ ਕੋਲ ਪੈਸਾ ਹੈ ਤਾਂ ਆਪਣੀ ਜਿੰਦਗੀ ਚੰਗੀ ਤਰਾਂ ਜੀਅ ਸਕੋਂਗੇ, ਤੁਹਾਨੂੰ ਪੈਸੇ ਦੀ ਮੋਹ ਮਮਤਾ ਤੂੰ ਦੂਰ ਰਹਿਣ ਦਾ ਉਪਦੇਸ ਦੇਣ ਵਾਲਿਆਂ ਦੇ ਧਾਰਮਿਕ ਅਸਥਾਨ ਵੀ ਪੈਸੇ ਤੋਂ ਵਗੈਰ ਨਹੀਂ ਚੱਲਦੇ, ਸੋਚ ਕੇ ਵੇਖਿਓ ਤੁਹਾਨੂੰ ਪੈਸੇ ਦਾ ਤਿਆਗ ਕਰਨ ਦਾ ਪ੍ਰਚਾਰ ਕਰਨ ਵਾਲੇ ਅਖੌਤੀ ਤਿਆਗੀ ਧਰਮੀ ਤੁਹਾਡੇ ਤੋਂ ਦਾਨ ਦੇ ਨਾਮ ਤੇ ਪੈਸਾ ਲੈਣ ਲਈ ਕਿਵੇਂ ਲੇਹਲੜੀਆਂ ਕੱਢ ਰਹੇ ਹੁੰਦੇ ਹਨ, ਕਿਉਂਕਿ ਇਹ ਨਾਮ ਧਰੀਕ ਵਿਖਾਵੇ ਵਾਲੇ ਭੇਖੀ ਧਰਮ ਕਿਸੇ ਦੀ ਲੋੜ ਨਹੀਂ ਹਨ, ਪਰ ਪੈਸਾ ਹਰ ਇੱਕ ਦੀ ਲੋੜ ਹੈ, ਹਾਂ ਪੈਸਾ ਕਮਾਉਣ ਲਈ ਕਿਸੇ ਤੇ ਜੁਰਮ ਨਾ ਕਰੋ, ਆਪਣੀ ਕਿਰਤ ਕਮਾਈ ਕਰਕੇ ਪੈਸਾ ਜਰੂਰ ਜੋੜੋ, ਜਾਤਾਂ, ਧਰਮਾਂ, ਡੇਰਿਆਂ, ਪਾਰਟੀਆਂ ਆਦਿ ਦੇ ਝਗੜਿਆਂ ਤੋਂ ਬਚੋ।
10-5-2023
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
ਮੋਬਾਇਲ-94170-23911
harlajsingh7@gmail.com
ਸਾਡੇ ਰਿਸ਼ਤੇ ਅਤੇ ਹੱਕ - ਹਰਲਾਜ ਸਿੰਘ ਬਹਾਦਰਪੁਰ
ਸਾਡੇ ਰਿਸ਼ਤਿਆਂ, ਪਿਆਰ ਅਤੇ ਸਮਾਜ ਦਾ ਆਪਸ ਵਿੱਚ ਗੂੜਾ ਸਬੰਧ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਇਹ ਗੂੜੇ ਸਬੰਧ ਬਹੁਤ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਇਹਨਾ ਦੇ ਫਿੱਕੇ ਪੈਣ ਦਾ ਕਾਰਨ ਸਾਡੀ ਉਹ ਜਿੱਦ ਹੁੰਦੀ ਹੈ ਜੋ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੀ ਹੁੰਦੀ ਹੈ, ਬੱਸ ਇਹੀ ਕਾਰਨ ਹੁੰਦਾ ਹੈ ਜੋ ਸਾਡੇ ਖੂਨ ਦੇ ਰਿਸਤਿਆਂ ਨੂੰ ਵੀ ਖੂਨੀ ਬਣਾ ਦਿੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਲੜਕੀ ਅਤੇ ਲੜਕਾ ਮਾਪਿਆਂ ਜਾਂ ਜਾਤਾਂ ਧਰਮਾਂ ਦੀ ਰਜਾਬੰਦੀ ਤੋਂ ਵਗੈਰ ਵਿਆਹ ਕਰਵਾਉਣਾ ਚਹੁੰਦੇ ਹਨ, ਤਾਂ ਸਾਡਾ ਸਮਾਜ ਉਸ ਨੂੰ ਮਾਨਤਾ ਨਹੀਂ ਦਿੰਦਾ, ਸਮਾਜ ਵਿੱਚ ਅਪਣੀਆਂ ਜਿੱਦਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਦੀਆਂ ਬੰਦਸ਼ਾਂ ਅਨੁਸਾਰ ਆਪਣੇ ਆਪ ਨੂੰ ਸਹੀ ਰੱਖਣ ਲਈ, ਮਾਪੇ ਆਪਣੇ ਸੱਭ ਤੋਂ ਨੇੜਲੇ ਅਤੇ ਪਿਆਰੇ ਖੂਨ ਦੇ ਰਿਸ਼ਤੇ ਦੇ ਖੂਨੀ ਬਣ ਜਾਂਦੇ ਹਨ, ਪਰ ਇਸ ਖੂਨ ਦੇ ਹੋਣ ਨਾਲ ਸੱਭ ਕੁੱਝ ਬਦਲ ਜਾਂਦਾ ਹੈ, ਸੱਭ ਤੋਂ ਨੇੜਲੇ ਅਤੇ ਪਿਆਰੇ ਰਿਸਤੇ ਦੇ ਪੁੱਤ ਧੀ ਕਤਲ ਹੋ ਕੇ ਲਾਸ਼ਾਂ ਬਣ ਜਾਂਦੇ ਹਨ ਅਤੇ ਮਾਂ ਪਿਉ ਕਾਤਲ ਬਣ ਕੇ ਮੁਜਰਿਮ ਹੋ ਜਾਂਦੇ ਹਨ, ਜਿਸ ਸਮਾਜ ਵਿੱਚ ਆਪਣੇ ਆਪ ਨੂੰ ਸਹੀ ਰੱਖਣ ਲਈ ਇਹ ਕਦਮ ਚੁੱਕਿਆ ਜਾਂਦਾ ਹੈ, ਉਹ ਸਮਾਜ ਤੁਰੰਤ ਹੀ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਅੱਧੇ ਕਹਿਣਗੇ ਬੇਇੱਜਤੀ ਨਾਲੋਂ ਤਾਂ ਬੱਚਿਆਂ ਨੂੰ ਮਾਰ ਕੇ ਜੇਲ੍ਹ ਜਾਣਾ ਹੀ ਚੰਗਾ ਹੈ, ਅੱਧੇ ਕਹਿਣਗੇ ਬੱਚਿਆਂ ਨੂੰ ਮਾਰ ਕੇ ਜੇਲ੍ਹ ਜਾਣ ਨਾਲੋਂ ਤਾਂ ਬੱਚਿਆਂ ਨਾਲ ਸਹਿਮਤ ਹੋਣਾ ਚੰਗਾ ਸੀ, ਸਮਾਜ ਦੋ ਹਿੱਸਿਆਂ ਵਿੱਚ ਕਿਉਂ ਵੰਡਿਆ ਗਿਆ? ਕਿਉਂਕਿ ਜੇ ਕਤਲ ਕਾਰਨ ਵਾਲੇ ਸਮਾਜ ਦਾ ਹਿੱਸਾ ਸਨ ਤਾਂ ਕਤਲ ਹੋਣ ਵਾਲੇ ਵੀ ਸਾਡੇ ਸਮਾਜ ਵਿੱਚੋਂ ਹੀ ਸਨ, ਸੋਚੋ ਅਜਿਹਾ ਕਰਕੇ ਕੀ ਮਿਲਿਆ? ਰਿਸ਼ਤੇ ਵੀ ਗਏ, ਪਿਆਰ ਵੀ ਗਿਆ, ਬੱਚੇ ਵੀ ਗਵਾ ਲਏ, ਆਪਣੀ ਜਿੰਦਗੀ ਵੀ ਨਰਕ ਬਣਾ ਲਈ ਅਤੇ ਸਮਾਜ ਵੀ ਨਹੀਂ ਰਿਹਾ। ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਕਿ ਵੱਡੇ (ਮਾਪੇ) ਹੀ ਛੋਟਿਆਂ (ਬੱਚਿਆਂ) ਉੱਤੇ ਆਪਣੀ ਸੋਚ ਥੋਪਦੇ ਹਨ, ਨਹੀਂ। ਸਮੇਂ ਅਨੁਸਾਰ ਛੋਟੇ (ਬੱਚੇ) ਵੀ ਵੱਡਿਆਂ (ਮਾਪਿਆਂ) ਉੱਤੇ ਆਪਣੀ ਸੋਚ ਵੀ ਉਵੇਂ ਹੀ ਥੋਪਦੇ ਹਨ, ਕਿਉਂਕਿ ਸਾਡੀ ਮਾਨਸਿਕਤਾ ਹੀ ਅਜਿਹੀ ਬਣੀ ਹੋਈ ਹੁੰਦੀ ਹੈ ਜਿਸ ਵਿੱਚ ਅਜਾਦੀ ਦੀ ਥਾਂ ਗੁਲਾਮੀ ਵਾਲੀ ਸੋਚ ਭਾਰੂ ਹੁੰਦੀ ਹੈ, ਜਿਸ ਕਾਰਨ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੇ ਹੁੰਦੇ ਹਾਂ। ਉਦਾਹਰਣ ਦੇ ਤੌਰ ਤੇ ਮੰਨ ਲਓ ਕਿ ਕਿਸੇ ਪਤੀ ਪਤਨੀ ਦੇ ਬੱਚੇ ਪੈਦਾ ਹੋਣ ਤੋਂ ਬਾਅਦ ਉਹਨਾ ਵਿੱਚੋਂ ਪਤੀ ਜਾਂ ਪਤਨੀ ਮਰ ਜਾਵੇ ਤਾਂ ਸਾਡਾ ਸਮਾਜ ਉਹਨਾ ਵਿੱਚੋਂ ਬਚੇ ਹੋਏ ਇੱਕ ਵੱਲੋਂ ਦੁਬਾਰਾ ਵਿਆਹ ਕਰਵਾਉਣ ਨੂੰ ਠੀਕ ਨਹੀਂ ਸਮਝਦਾ, ਜਿਵੇਂ ਕਿ ਜੇ ਪਤੀ ਦੀ ਮੌਤ ਤੋਂ ਬਾਅਦ ਪਤਨੀ ਵਿਆਹ ਕਰਵਾਉਣਾ ਚਾਹੇ ਤਾਂ ਪਤਨੀ ਨੂੰ ਸਮਾਜ ਕਹੇਗਾ ਬੱਸ ਤੇਰੇ ਕਰਮਾ ਵਿੱਚ ਪਤੀ ਦਾ ਇੰਨਾ ਹੀ ਸੁੱਖ ਸੀ ਹੁਣ ਤੂੰ ਆਪਣੇ ਇਸੇ ਬੱਚੇ ਨਾਲ ਸਮਾਂ ਕੱਟ, ਤੇਰੇ ਬੱਚੇ ਦਾ ਕੀ ਬਣੂ, ਖਬਰੈ ਅੱਗੇ ਕਿਹੋ ਜਿਹਾ ਮਾੜਾ ਬੰਦਾ ਟੱਕਰੇਗਾ, ਰੱਬ ਨੇ ਤੈਨੂੰ ਪੁੱਤ/ਧੀ ਦੇ ਦਿੱਤਾ ਇਸ ਨੂੰ ਪਾਲ਼, ਹੁਣ ਤੂੰ ਵਿਆਹ ਕਰਵਾਉਂਦੀ ਚੰਗੀ ਨਹੀਂ ਲੱਗਦੀ, ਜੇ ਬੱਚੇ ਛੋਟੇ ਹੋਏ ਤਾਂ ਕਹਿਣਗੇ ਹੁਣ ਤੂੰ ਵਿਆਹ ਕਰਵਾ ਕੇ ਸਾਨੂੰ ਰੋਲ਼ੇਂਗੀ, ਜੇ ਵੱਡੇ ਹੋਏ ਤਾਂ ਕਹਿਣਗੇ ਹੁਣ ਅਸੀਂ ਜਵਾਨ ਜਾਂ ਬਾਲ ਬੱਚਿਆਂ ਵਾਲੇ ਹੋ ਗਏ ਹਾਂ ਹੁਣ ਤੂੰ ਸਾਡੀ ਇੱਜਤ ਪੱਟੇਂਗੀ, ਹੁਣ ਤੈਨੂੰ ਵਿਆਹ ਦੀ ਕੀ ਲੋੜ ਹੈ ਆਦਿ। ਇਸੇ ਤਰ੍ਹਾਂ ਜੇ ਕਿਸੇ ਦੀ ਪਤਨੀ ਮਰ ਜਾਵੇ ਤਾਂ ਪਤੀ ਨੂੰ ਸਮਾਜ ਕਹੇਗਾ ਬੱਸ ਤੇਰੇ ਕਰਮਾ ਵਿੱਚ ਪਤਨੀ ਦਾ ਇੰਨਾ ਹੀ ਸੁੱਖ ਸੀ ਹੁਣ ਤੂੰ ਆਪਣੇ ਇਸੇ ਬੱਚੇ ਨਾਲ ਸਮਾਂ ਕੱਟ, ਤੇਰੇ ਬੱਚੇ ਦਾ ਕੀ ਬਣੂ, ਖਬਰੈ ਅੱਗੇ ਕਿਹੋ ਜਿਹੀ ਮਾੜੀ ਤੀਵੀਂ ਟੱਕਰੇਗੀ, ਮਤੇਰ ਮਾਂ ਤਾਂ ਚੰਗੀ ਹੋ ਹੀ ਨਹੀਂ ਸਕਦੀ, ਰੱਬ ਨੇ ਤੈਨੂੰ ਪੁੱਤ/ਧੀ ਦੇ ਦਿੱਤਾ ਇਸ ਨੂੰ ਪਾਲ਼, ਹੁਣ ਤੂੰ ਵਿਆਹ ਕਰਵਾਉਂਦਾ ਚੰਗਾ ਨਹੀਂ ਲੱਗਦਾ, ਜੇ ਬੱਚੇ ਛੋਟੇ ਹੋਏ ਤਾਂ ਕਹਿਣਗੇ ਹੁਣ ਤੂੰ ਵਿਆਹ ਕਰਵਾ ਕੇ ਸਾਨੂੰ ਰੋਲ਼ੇਂਗਾ, ਜੇ ਵੱਡੇ ਹੋਏ ਤਾਂ ਕਹਿਣਗੇ ਹੁਣ ਅਸੀਂ ਜਵਾਨ ਜਾਂ ਬਾਲ ਬੱਚਿਆਂ ਵਾਲੇ ਹੋ ਗਏ ਹਾਂ ਹੁਣ ਤੂੰ ਸਾਡੀ ਇੱਜਤ ਪੱਟੇਂਗਾ, ਹੁਣ ਤੈਨੂੰ ਵਿਆਹ ਦੀ ਕੀ ਲੋੜ ਹੈ ਆਦਿ। ਇਹ ਹੈ ਸਾਡਾ ਪਿਆਰ, ਰਿਸ਼ਤੇ ਅਤੇ ਸਮਾਜ। ਅਜਿਹੇ ਸਮਾਜ ਨੂੰ ਸਵਾਲ ਤਾਂ ਕਰਨਾ ਬਣਦਾ ਹੀ ਹੈ, ਕਿ ਕੀ ਮਾਪਿਆਂ ਦੀ ਸੋਚ ਅਨੁਸਾਰ ਹੀ ਬੱਚਿਆਂ ਦਾ ਵਿਆਹ ਕਰਵਾਉਣਾ ਜਾਂ ਕੀ ਬੱਚਿਆਂ ਦੀ ਸੋਚ ਅਨੁਸਰ ਹੀ ਮਾਪਿਆਂ ਦਾ ਵਿਆਹ ਨਾ ਕਰਵਾਉਣਾ ਹੀ ਚੰਗਾ ਹੈ? ਕੀ ਇਨਸਾਨ ਦੀ ਆਪਣੀ ਕੋਈ ਜਿੰਦਗੀ ਨਹੀਂ ਹੈ ਜੋ ਉਹ ਆਪਣੀ ਸੋਚ ਅਨੁਸਾਰ ਜਿਉਂ ਸਕੇ? ਕੀ ਜਿੰਦਗੀ ਦਾ ਮਨੋਰਥ ਬੱਚੇ ਪੈਦਾ ਕਰਕੇ ਪਲਣ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੁੰਦਾ? ਅਸੀਂ ਆਪਣੇ ਲਈ ਕਦੋਂ ਜਿਉਂਣਾ ਸਿੱਖਾਂਗੇ ਜਾਂ ਜਿਉਣ ਲੱਗਾਂਗੇ, ਪਹਿਲਾਂ ਬੱਚੇ ਮਾਪਿਆਂ ਅਨੁਸਾਰ ਜਿਉਂਣ, ਫਿਰ ਮਾਪੇ ਬੱਚਿਆਂ ਅਨੁਸਾਰ ਜਿਉਂਣ, ਜਿੰਨਾ ਜਵਾਨ ਬੱਚਿਆਂ ਨੂੰ ਮਾਪਿਆਂ ਵੱਲੋਂ ਆਪਣੀ ਸੋਚ ਅਨੁਸਾਰ ਨਾ ਚੱਲਣ ਦੇਣਾ ਜਾਂ ਆਪਣੀ ਪਸੰਦ ਦਾ ਵਿਆਹ ਨਾ ਕਰਵਾਉਣ ਦੇਣਾ ਗਲਤ ਹੈ, ਉਨਾ ਹੀ ਜਵਾਨ ਬੱਚਿਆਂ ਵੱਲੋਂ ਮਾਪਿਆਂ ਨੂੰ ਆਪਣੀ ਸੋਚ ਅਨੁਸਾਰ ਨਾ ਚੱਲਣ ਦੇਣਾ, ਆਪਣੀ ਲੋੜ ਮੁਤਾਬਿਕ ਵਿਆਹ ਨਾ ਕਰਵਾਉਣ ਦੇਣਾ ਜਾਂ ਉਹਨਾ ਦੀਆਂ ਵੰਡੀਆਂ ਪਾਉਣਾ ਵੀ ਗਲਤ ਹੈ। ਕਿਤੇ ਮਾਪੇ ਬੱਚਿਆਂ ਦੇ ਭੋਲੇਪਣ ਜਾਂ ਨਿਆਣੇਪਣ ਅਤੇ ਆਪਣੇ ਵੱਡੇਪਣ ਦਾ ਲਾਭ ਉਠਾਉਂਦਿਆਂ ਬੱਚਿਆਂ ਨੂੰ ਆਪਣੀ ਸੋਚ ਅਨੁਸਾਰ ਜਾਤੀ ਜਾਂ ਧਾਰਮਿਕ ਰੰਗਾਂ ਵਿੱਚ ਰੰਗ ਰਹੇ ਹਨ, ਮੈਂ ਅਜਿਹੇ ਮਾਪਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਸਮਝਦਾਰ ਬੱਚੇ ਵੀ ਰੋਂਦੇ ਵੇਖੇ ਹਨ। ਕਿਤੇ ਜਵਾਨ ਹੋਏ ਬੱਚੇ ਆਪਣੀ ਤਾਕਤ ਅਤੇ ਮਾਪਿਆਂ ਦੀ ਬੇਵਸੀ ਦਾ ਨਾਜਾਇਜ ਫਾਇਦਾ ਉਠਾਉਂਦਿਆਂ ਆਪਣੀ ਸੋਚ ਅਨੁਸਾਰ ਮਾਪਿਆਂ ਦੀ ਸੋਚ ਦੇ ਰੰਗਾਂ ਨੂੰ ਉਤਾਰ ਰਹੇ ਹਨ, ਅਜਿਹੇ ਬੱਚਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਮਾਪੇ ਆਪਣੇ ਹੰਝੂ ਛੁੱਪਾ ਕੇ ਰੋਂਦੇ ਵੀ ਵੇਖੇ ਹਨ, ਜਿੰਨਾ ਦੇ ਬੱਚੇ ਅੱਡ ਹੋਣ ਸਮੇਂ ਮਾਂ ਪਿਓ ਨੂੰ ਇਕੱਠਿਆਂ ਰੋਟੀ ਦੇਣ ਦੀ ਥਾਂ ਜਾਇਦਾਦ ਦੇ ਨਾਲ਼ ਨਾਲ਼ ਉਹਨਾ ਨੂੰ ਵੀ ਅੱਧੋ ਅੱਧ ਵੰਡ ਕੇ ਵੱਖ ਵੱਖ ਕਰਦਿਆਂ ਇਕੱਲੇ ਇਕੱਲੇ ਨੂੰ ਤੜਪ ਤੜਪ ਕੇ ਰੋਣ ਲਈ ਮਜਬੂਰ ਕਰ ਦਿੰਦੇ ਹਨ, ਜਿੱਥੇ ਉਹਨਾ ਦੇ ਕੋਈ ਹੰਝੂ ਪੂੰਝਣ ਵਾਲਾ ਵੀ ਨਹੀਂ ਹੁੰਦਾ, ਅਜਿਹੇ ਮਾਪੇ ਆਪਣੇ ਘਰ ਵਿੱਚ ਹੀ ਕੈਦੀ ਬਣ ਕੇ ਰਹਿ ਜਾਂਦੇ ਹਨ, ਨਾਰੀਨਿਕੇਤਨਾਂ ਵਿੱਚ ਰੁਲ਼ ਰਹੇ ਬੱਚੇ ਅਤੇ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੇ ਮਾਪੇ ਸਾਡੇ ਇਸ ਵਰਤਾਰੇ ਦੀਆਂ ਪਰਤੱਖ ਉਦਾਹਰਣਾ ਹਨ। ਮਾਪੇ ਬੱਚਿਆਂ ਦੀ ਖੁਸ਼ੀ ਲਈ ਹਰ ਸੰਭਵ ਅਸੰਭਵ ਯਤਨ ਕਰਦੇ ਹਨ, ਮਾਪੇ ਆਪਣਾ ਸੁੱਖ ਅਰਾਮ ਤਿਆਗ ਕੇ ਬੱਚਿਆਂ ਦੇ ਵੇਖਣ, ਸੁਣਨ, ਖਾਣ-ਪੀਣ, ਪਹਿਨਣ ਅਤੇ ਰਹਿਣ ਸਹਿਣ ਦੀ ਹਰ ਵਸਤੂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਦੇ, ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਮਾਪਿਆਂ ਨੂੰ ਆਪਣੇ ਮਨ ਪਸੰਦ ਦਾ ਵੇਖਣਾ, ਸੁਣਣਾ, ਖਾਣਾ-ਪੀਣਾ, ਪਹਿਨਣਾ ਅਤੇ ਰਹਿਣਾ ਸਹਿਣਾ ਚੰਗਾ ਨਹੀਂ ਲੱਗਦਾ, ਅਜਿਹਾ ਕੁੱਝ ਚੰਗਾ ਉਹਨਾ ਨੂੰ ਵੀ ਬੱਚਿਆਂ ਵਾਂਗ ਹੀ ਲੱਗਦਾ ਹੁੰਦਾ ਹੈ, ਪਰ ਉਹ ਬੱਚਿਆਂ ਦੀਆਂ ਖੁਸ਼ੀਆਂ ਲਈ ਆਪਣੀਆਂ ਖੁਸ਼ੀਆਂ ਅਤੇ ਪਸੰਦਾਂ ਉੱਤੇ ਕਾਬੂ ਪਾ ਕੇ ਰੱਖਦੇ ਹਨ, ਕਿ ਆਪਣਾ ਤਾਂ ਕੀ ਹੈ, ਪਰ ਇਹ ਚੀਜਾਂ ਬੱਚਿਆਂ ਨੂੰ ਮਿਲਣੀਆਂ ਚਾਹੀਂਦੀਆਂ ਹਨ। ਪਰ ਆਪਣੇ ਬੱਚਿਆਂ ਨੂੰ ਹਰ ਸੈਅ ਮੁਹੱਈਆ ਕਰਵਾਉਣ ਵਾਲੇ ਮਾਪੇ ਅਖੀਰ ਹਰ ਸੈਅ ਤੋਂ ਵਾਂਝੇ ਹੋ ਕੇ ਆਪਣੀ ਜਿੰਦਗੀ ਨੂੰ ਖੁਦ ਲਈ ਨਾ ਜਿਉਣ ਦੇ ਪਛੋਤਾਵੇ ਵਿੱਚ ਬੈਠੇ ਮੌਤ ਦੀ ਉਡੀਕ ਕਰ ਰਹੇ ਹੁੰਦੇ ਹਨ। ਜਿਹੜੇ ਘਰਾਂ ਵਿੱਚ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤਿਆਂ ਅਤੇ ਪਿਆਰ ਦੇ ਰੰਗ ਗੂੜ੍ਹੇ ਹਨ, ਜੋ ਇੰਨਸਾਨੀ ਕਦਰਾਂ ਕੀਮਤਾਂ ਨੂੰ ਸਮਝਦੇ ਹਨ, ਉਹਨਾ ਘਰਾਂ ਵਿੱਚ ਨਸ਼ੇ, ਲੜਾਈਆਂ-ਝਗੜੇ, ਕਤਲ ਜਾਂ ਖੁਦਕੁਸੀਆਂ ਜਿਹੀਆਂ ਸਮਾਜਿਕ ਬੁਰਾਈਆਂ ਜਨਮ ਨਹੀਂ ਲੈਂਦੀਆਂ। ਪਰ ਜਿਹੜੇ ਘਰਾਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਦੀ ਘਾਟ, ਆਪਸੀ ਤਾਲਮੇਲ, ਇੱਕ ਦੂਜੇ ਦੀਆਂ ਸੋਚਾਂ ਅਤੇ ਲੋੜਾਂ ਨੂੰ ਸਮਝਣ, ਸਮਝਾਉਣ ਦੀ ਕਮੀਂ ਹੁੰਦੀ ਹੈ ਉੱਥੇ ਹੀ ਨਸ਼ੇ, ਲੜਾਈਆਂ-ਝਗੜੇ, ਕਤਲ ਜਾਂ ਖੁਦਕੁਸੀਆਂ ਵਰਗੀਆਂ ਭੈੜੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਅਫਸੋਸ ਕਿ ਅਸੀਂ ਆਪਣੇ ਅੰਦਰ ਝਾਤੀ ਮਾਰਨ ਜਾਂ ਆਪਣੀਆਂ ਕਮੀਆਂ ਨੂੰ ਸਮਝਣ ਦੀ ਥਾਂ ਸਾਰੇ ਦੋਸ਼ ਸਰਕਾਰਾਂ ਸਿਰ ਮੜ੍ਹ ਕੇ ਆਪ ਸੁਰਖਰੂ ਹੋ ਜਾਂਦੇ ਹਾਂ, ਜਿਸ ਕਾਰਨ ਇਹ ਵਰਤਾਰਾ ਵੱਧ ਰਿਹਾ ਹੈ। ਬੇਸੱਕ ਸਰਕਾਰਾਂ ਵੀ ਆਪਣੀ ਡਿਉਟੀ ਸਹੀ ਨਹੀਂ ਨਿਭਾਅ ਰਹੀਆਂ, ਪਰ ਕੀ ਅਸੀਂ ਆਪਣੇ ਫਰਜਾਂ ਨੂੰ ਸਮਝ ਰਹੇ ਹਾਂ? ਨਹੀਂ। ਸਾਡੇ ਰਿਸ਼ਤਿਆਂ ਅਤੇ ਪਿਆਰ ਦੇ ਰੰਗ ਤਾਂ ਇੰਨੇ ਫਿੱਕੇ ਪੈ ਚੁੱਕੇ ਹਨ ਕਿ ਅਸੀਂ ਸਾਡੀਆਂ ਪਰਿਵਾਰਕ ਕਮੀਆਂ, ਲੜਾਈਆਂ ਝਗੜਿਆਂ ਕਾਰਨ ਛੋਟੇ ਵੱਡਿਆਂ ਵੱਲੋਂ ਕੀਤੀਆਂ ਖੁਦਕੁਸੀਆਂ ਨੂੰ ਬੇਰੁਜਗਾਰੀ ਅਤੇ ਆਰਥਿਕਤਾ ਨਾਲ ਜੋੜ ਕੇ ਉਸ ਦਾ ਵੀ ਮੁੱਲ ਵੱਟ ਲੈਂਦੇ ਹਾਂ। ਇਹ ਹੈ ਸਾਡੇ ਰਿਸਤਿਆਂ, ਪਿਆਰ ਅਤੇ ਸਮਾਜ ਦੀ ਤਰਾਸਦੀ। ਬੱਚਿਓ ਅਤੇ ਮਾਪਿਓ ਸਮਝ ਜਾਓ, ਆਪਣੀਆਂ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੂੰ ਛੱਡ ਕੇ ਆਪਣੇ ਰਿਸ਼ਤਿਆਂ ਅਤੇ ਪਿਆਰ ਨੂੰ ਬਚਾ ਕੇ ਸੋਹਣਾ, ਪਿਆਰਾ ਅਤੇ ਅਜਾਦ ਸਮਾਜ ਸਿਰਜ ਲਓ, ਇਹਨਾ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੇ ਤੁਹਾਡੇ ਕੋਲ ਸੱਭ ਕੁੱਝ ਪੈਸਾ, ਕਾਰਾਂ, ਕੋਠੀਆਂ ਆਦਿ ਹੁੰਦਿਆਂ ਵੀ ਜਿੰਦਗੀ ਦਾ ਅਨੰਦ ਨਹੀਂ ਆਉਣ ਦੇਣਾ। ਇਸ ਲਈ ਆਓ ਅਸੀਂ ਸਾਰੇ ਰਲ਼ ਕੇ ਅਪਣੀਆਂ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੂੰ ਛੱਡ ਕੇ ਇੱਕ ਦੂਜੇ ਉੱਤੇ ਆਪਣੀ ਸੋਚ ਥੋਪ ਕੇ ਪਿਆਰੇ ਰਿਸ਼ਤਿਆਂ ਦੇ ਰੰਗਾਂ ਨੂੰ ਫਿੱਕਾ ਕਰਕੇ ਨਫਰਤਾਂ ਫੈਲਾਉਣ, ਨਸ਼ੇ ਜਾਂ ਖੁਦਕੁਸ਼ੀਆਂ ਕਰਨ ਦੀ ਥਾਂ ਆਪੋ ਆਪਣੀ ਸੋਚ ਅਨੁਸਾਰ ਜਿੰਦਗੀ ਜਿਉਣ ਲਈ ਇੱਕ ਦੂਜੇ ਦਾ ਸਾਥ ਦੇ ਕੇ ਪਿਆਰੇ ਰਿਸ਼ਤਿਆਂ ਦੇ ਰੰਗਾਂ ਨੂੰ ਹੋਰ ਵੀ ਗੂੜਾ ਕਰੀਏ। ਇੱਥੇ ਮੇਰਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਇੱਕ ਦੂਜੇ ਦੀ ਗੱਲ ਨਹੀਂ ਮੰਨਣੀ ਚਾਹੀਂਦੀ ਜਾਂ ਆਪੋ ਧਾਪੀ ਕਰਨੀ ਚਾਹੀਂਦੀ ਹੈ, ਨਹੀਂ ਮੈਂ ਤਾਂ ਚਾਹੁੰਦਾ ਹਾਂ ਕਿ ਸਾਨੂੰ ਰਿਸ਼ਤਿਆਂ ਵਿੱਚ ਪਿਆਰ ਕਾਇਮ ਰੱਖਣ ਲਈ ਆਪਣਿਆਂ ਬੱਚਿਆਂ/ਮਾਪਿਆਂ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਦਾ ਧਿਆਨ ਰੱਖਦਿਆਂ ਹਰ ਗੱਲ ਤੇ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਂਦੀ ਹੈ, ਕਿਸੇ ਦੀ ਗੱਲ ਨੂੰ ਵੱਡਿਆਂ ਜਾਂ ਛੋਟਿਆਂ ਦੀ ਇੱਜਤ ਦਾ ਸਵਾਲ ਬਣਾਉਣ ਜਾਂ ਦੂਜੇ ਦੀ ਜਿੰਦਗੀ ਵਿੱਚ ਰੁਕਾਵਟ ਪਾਉਣ ਦੀ ਥਾਂ ਸਹਿਯੋਗ ਦੇਣਾ ਚਾਹੀਂਦਾ ਹੈ, ਬੇਸ਼ੱਕ ਕਾਨੂੰਨ ਨੇ ਸਾਨੂੰ ਸੱਭ ਨੂੰ ਅਜਿਹੇ ਹੱਕ ਦਿੱਤੇ ਹੋਏ ਹਨ, ਕਿ ਕੋਈ ਕਿਸੇ ਦੀ ਨਿੱਜੀ ਜਿੰਦਗੀ ਵਿੱਚ ਦਖਲ ਨਹੀਂ ਦੇ ਸਕਦਾ, ਪਰ ਜੇ ਉਹ ਜਾਇਜ ਹੱਕ ਵੀ ਅਸੀਂ ਆਪਸ ਵਿੱਚ ਲੜ ਕੇ, ਰਿਸ਼ਤੇ ਅਤੇ ਪਿਆਰ ਗਵਾ ਕੇ ਪ੍ਰਾਪਤ ਕੀਤੇ ਫਿਰ ਵੀ ਕੀ ਫਾਇਦਾ ਹੋਇਆ, ਕਿੰਨਾ ਚੰਗਾ ਹੋਵੇ ਕਿ ਜੇ ਅਸੀਂ ਇੱਕ ਦੂਜੇ ਤੋਂ ਹੱਕ ਲੈਣ ਲਈ ਲੜ ਕੇ ਹੱਥ ਉਠਾਉਣ ਦੀ ਥਾਂ, ਇੱਕ ਦੂਜੇ ਨੂੰ ਉਸ ਦੇ ਹੱਕ ਦੇਣ ਲਈ ਪਿਆਰ ਨਾਲ ਹੱਥ ਅੱਗੇ ਵਧਾਈਏ, ਫਿਰ ਉਹਨਾ ਉੱਠੇ ਹੱਥਾਂ ਵਿੱਚੋਂ ਨਫਰਤ ਦੀ ਥਾਂ ਸਾਡੇ ਰਿਸ਼ਤਿਆਂ ਦਾ ਪਿਆਰ ਝੱਲਕੇਗਾ ਅਤੇ ਸਾਡਾ ਸਾਰਾ ਸਮਾਜ ਹੀ ਪਿਆਰ ਦੇ ਗੂੜੇ ਰੰਗ ਵਿੱਚ ਰੰਗਿਆ ਜਾਵੇਗਾ।
24-01-2022
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911
e-mail : harlajsingh7@gmail.com
ਮਨੁੱਖੀ ਅਧਿਕਾਰ ਦਿਵਸ਼ ਤੇ ਵਿਸ਼ੇਸ : ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੋ। - ਹਰਲਾਜ ਸਿੰਘ ਬਹਾਦਰਪੁਰ
ਸਮੁੱਚੇ ਜੀਵ ਪ੍ਰਾਣੀਆਂ ਵਿੱਚੋਂ ਆਪਣੇ ਆਪ ਨੂੰ ਸੂਝਵਾਨ ਕਹਾਉਣ ਵਾਲਾ ਇੱਕੋ ਜੀਵ ਹੈ ਮਨੁੱਖ। ਇਹ ਸੱਚ ਵੀ ਹੈ, ਮਨੁੱਖੀ ਸੋਚ ਨੇ ਤਰੱਕੀ ਵੀ ਬਹੁਤ ਕੀਤੀ ਹੈ, ਆਪਣੇ ਲਈ ਸੁੱਖ ਸਹੂਲਤਾਂ ਦੇ ਸਾਧਨ ਵੀ ਬਹੁਤ ਤਿਆਰ ਕੀਤੇ ਹਨ। ਮਨੁੱਖ ਨੇ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਅਤੇ ਆਪਣੇ ਹੱਕਾਂ ਲਈ ਕੁੱਝ ਨਿਯਮ ਵੀ ਬਣਾਏ ਹਨ, ਜਿੰਨਾ ਨੂੰ ਮਨੁੱਖੀ ਅਧਿਕਾਰਾਂ ਦਾ ਨਾਮ ਦਿੱਤਾ ਗਿਆ ਹੈ। ਇਹਨਾ ਨਿਯਮਾਂ ਅਨੁਸਾਰ ਸਾਰੇ ਮਨੁੱਖ ਬਰਾਬਰ ਦੇ ਹੱਕਦਾਰ ਹਨ, ਕੋਈ ਊਚ ਜਾਂ ਨੀਚ ਨਹੀਂ ਹੈ, ਨਾ ਕੋਈ ਕਿਸੇ ਦਾ ਹੱਕ ਖੋਹ ਸਕਦਾ ਹੈ, ਨਾ ਕੋਈ ਕਿਸੇ ਨੂੰ ਤੰਗ ਕਰ ਸਕਦਾ ਹੈ, ਨਾ ਕੋਈ ਕਿਸੇ ਨੂੰ ਮਾਰ ਸਕਦਾ ਹੈ, ਨਾ ਕੋਈ ਕਿਸੇ ਨੂੰ ਗੁਲਮ ਬਣਾ ਸਕਦਾ ਹੈ, ਭਾਵ ਕਿ ਕੋਈ ਵੀ ਕਿਸੇ ਨੂੰ ਕਿਸੇ ਤਰਾਂ ਦੀ ਵੀ ਤਕਲੀਫ ਨਹੀਂ ਦੇ ਸਕਦਾ, ਸੱਭ ਨੂੰ ਆਪਣੇ ਦਾਇਰੇ ਵਿੱਚ ਰਹਿ ਕੇ ਖੁਸ਼ੀ-ਖੁਸ਼ੀ ਆਪਣੀ ਵਧੀਆ ਜਿੰਦਗੀ ਜਿਉਣ ਦਾ ਹੱਕ ਹੈ, ਜੋ ਬਹੁਤ ਵਧੀਆ ਸੋਚ ਹੈ। ਪਰ ਅਫਸੋਸ ਕਿ ਮਨੁੱਖ ਅਤੇ ਮਨੁੱਖੀ ਅਧਿਕਾਰਾਂ ਨੂੰ ਖਤਰਾਂ ਵੀ ਮਨੁੱਖ ਤੋਂ ਹੀ ਹੈ। ਕਿਉਂਕਿ ਮਨੁੱਖੀ ਹੱਕਾਂ ਦੀ ਰਾਖੀ ਦਾ ਢੰਡੋਰਾ ਪਿੱਟਣ ਵਾਲਾ ਮਨੁੱਖ ਹੀ ਮੰਤਰੀਆਂ ਦੇ ਰੂਪ ਵਿੱਚ ਜਾਤਾਂ ਧਰਮਾਂ ਦੇ ਨਾਵਾਂ ਤੇ ਨਫਰਤਾਂ ਫੈਲਾਅ ਕੇ ਮਨੁੱਖਾਂ ਦਾ ਕਤਿਲੇਆਮ ਕਰਵਾਉਂਦਾ ਹੈ, ਮਨੁੱਖ ਹੀ ਮਨੁੱਖ ਦੇ ਚੋਰੀਆਂ ਕਰਦਾ ਹੈ, ਅਤੇ ਮਨੁੱਖਤਾ ਦੇ ਘਾਣ ਲਈ ਨਸ਼ਿਆਂ ਦਾ ਵਪਾਰ ਕਰਦੈ, ਫਿਰ ਮਨੁੱਖ ਹੀ ਪੁਲਿਸ ਦੇ ਰੂਪ ਵਿੱਚ ਚੋਰਾਂ ਦਾ ਸਾਥ ਦਿੰਦਾ ਹੈ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਦਿੰਦਾ ਹੈ, ਮਨੁੱਖ ਹੀ ਅਫਸਰਾਂ ਦੇ ਰੂਪ ਵਿੱਚ ਆਪਣੇ ਘਰ ਭਰਨ ਲਈ ਮੋਟੀਆਂ ਰਿਸਵਤਾਂ ਲੈਂਦਾ ਹੈ, ਮਨੁੱਖ ਹੀ ਮਨੁੱਖਾਂ ਨੂੰ ਬਚਾਉਣ ਲਈ ਡਾਕਟਰੀ ਦਾ ਕੋਰਸ ਕਰਕੇ, ਮਨੁੱਖਾਂ ਨੂੰ ਮਾਰ ਰਿਹਾ ਹੈ, ਮਨੁੱਖ ਹੀ ਆਪਣੇ ਵੱਧ ਮੁਨਾਫੈ ਦੀ ਦੌੜ ਕਾਰਨ ਦੁਕਾਨਦਾਰਾਂ ਦੇ ਰੂਪ ਵਿੱਚ ਸਹਿਰਾਂ ਦੀਆਂ ਸੜਕਾਂ ਤੇ ਨਾਜਾਇਜ ਕਬਜੇ ਕਰਦਾ ਅਤੇ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਦਾ ਹੈ, ਕਿਸਾਨ ਦੇ ਰੂਪ ਵਿੱਚ ਗੁਆਢੀਆਂ ਦੀਆਂ ਵੱਟਾਂ ਵੱਢਦੈ, ਰਾਹਾਂ ਤੇ ਨਾਜਾਇਜ ਕਬਜੇ ਕਰਦੈ ਅਤੇ ਫਸਲਾਂ ਵਿੱਚ ਜਹਿਰ ਘੋਲਦਾ ਹੈ, ਭਾਵ ਕਿ ਹਰ ਬੁਰਾਈ ਜਿਸ ਨੂੰ ਮਨੁੱਖ ਮਾੜੀ ਕਹਿੰਦਾ ਹੈ, ਉਸ ਬੁਰਾਈ ਨੂੰ ਮਨੁੱਖ ਹੀ ਕਰਦਾ ਹੈ। ਜਦੋਂ ਮਨੁੱਖ ਆਪਣੇ ਬਣਾਏ ਨਿਯਮਾਂ ਨੂੰ ਤੋੜ ਕੇ ਹੋਰਾਂ ਲਈ ਖਤਰਾ ਬਣਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਇੱਥੇ ਤਾਂ ਜੰਗਲੀ ਰਾਜ ਹੋ ਗਿਆ ਹੈ ਜਦਕਿ ਜੰਗਲੀ ਰਾਜ ਵੀ ਅਜੋਕੇ ਮਨੁੱਖ ਦੇ ਵਹਿਸੀਪੁਣੇ ਜਿੰਨਾ ਮਾੜਾ ਕਦੇ ਵੀ ਨਹੀਂ ਰਿਹਾ। ਮੈਂ ਤਾਂ ਕਈ ਬਾਰ ਸੋਚਦਾ ਹੁੰਦਾ ਹਾਂ ਕਿ ਜੇ ਮਨੁੱਖ ਦੀ ਸੋਚ ਵਿਕਾਸ ਨਾ ਕਰਦੀ, ਇਹ ਜੰਗਲ ਦੇ ਜਾਨਵਰਾਂ ਵਾਂਗ ਹੀ ਇੱਕ ਜਾਨਵਰ ਹੋ ਕੇ ਕੁਦਰਤੀ ਜਿੰਦਗੀ ਜਿਉਂਦਾ ਹੁੰਦਾ ਤਾਂ ਇੱਥੇ ਸੱਭ ਕੁੱਝ ਕੁਦਰਤੀ ਹੋਣਾ ਸੀ, ਜੇ ਕਿਸੇ ਨੂੰ ਬਚਾਉਣ ਲਈ ਨਿਯਮ/ਕਾਨੂੰਨ ਨਹੀਂ ਸੀ ਹੋਣੇ ਤਾਂ ਕਿਸੇ ਨੂੰ ਮਾਰਨ ਲਈ ਅਜੋਕੇ ਮਾਰੂ ਹਥਿਆਰ ਵੀ ਨਹੀਂ ਸੀ ਹੋਣੇ। ਮਨੁੱਖੀ ਸੋਚ ਨੇ ਆਪਣੇ ਸੁੱਖਾਂ ਲਈ ਜਿੱਥੇ ਕੁਦਰਤੀ ਵਾਤਵਰਣ ਦੇ ਨਾਨ ਨਾਲ ਧਰਤੀ ਉਤੇ ਵਸਦੇ ਹਰ ਜੀਵ ਦੇ ਹੱਕਾਂ ਦਾ ਘਾਣ ਕੀਤਾ ਹੈ ਉਥੇ ਮਨੁੱਖਤਾ ਲਈ ਖਤਰਾ ਵੀ ਮਨੁੱਖ ਹੀ ਬਣਿਆਂ ਹੈ। ਫਿਰ ਕੀ ਸਿਰਫ ਹੋਰਾਂ ਲਈ ਖਤਰਾ ਬਣਨਾ ਹੀ ਮਨੁੱਖ ਦੀ ਸਿਆਣਪ ਹੈ? ਇਸ ਸਿਆਣਪ ਦਾ ਕਿਸੇ ਨੂੰ ਤਾਂ ਕੀ, ਖੁਦ ਮਨੁੱਖ ਨੂੰ ਵੀ ਕੀ ਲਾਭ ਹੋਇਆ? ਗੱਲ ਤਾਂ ਸਿਰਫ ਜਿਉਣ ਦੀ ਅਤੇ ਆਪਣੇ ਬੱਚੇ ਪਾਲਣ ਦੀ ਹੀ ਹੈ। ਇਹ ਤਾਂ ਜੰਗਲਾਂ ਵਿੱਚ ਜਾਨਵਰ ਵੀ ਜਿਉਂ ਰਹੇ ਹਨ ਅਤੇ ਆਪਣੇ ਬੱਚੇ ਪਾਲ਼ ਰਹੇ ਹਨ, ਉੱਥੇ ਨਾ ਕੋਈ ਉਹਨਾ ਦੇ ਹੱਕਾਂ ਦੀ ਰਾਖੀ ਕਰਦਾ ਹੈ ਨਾ ਹੀ ਉਹਨਾ ਨੇ ਆਪਣੀ ਸੁਰੱਖਿਆ ਜਾਂ ਸੁੱਖਾਂ ਲਈ ਮਨੁੱਖ ਵਾਂਗ ਸਾਧਨ ਪੈਦਾ ਕੀਤੇ ਹੋਏ ਹਨ। ਜੰਗਲਾਂ ਵਿੱਚ ਜਾਨਵਰ ਆਪਣਾ ਪੇਟ ਭਰਨ ਲਈ ਆਪਣੇ ਤੋਂ ਮਾੜਿਆਂ ਨੂੰ ਮਾਰ ਕੇ ਖਾ ਜਾਂਦੇ ਹਨ, ਪਰ ਉਹ ਬੇਸਮਝ ਨਾ ਤਾਂ ਆਉਣ ਵਾਲੀਆਂ ਪੀੜੀਆਂ ਲਈ ਧਨ ਜੋੜਨ ਲਈ ਕਿਸੇ ਦੇ ਹੱਕ ਮਾਰਦੇ ਹਨ, ਨਾ ਹੀ ਦੇਸ਼ਾਂ, ਜਾਤਾਂ ਧਰਮਾਂ, ਦੀ ਵੰਡ ਦੇ ਨਾਂਅ ਤੇ ਨਫਰਤਾਂ ਫੈਲਾਅ ਕੇ ਕਤਲੇਆਮ ਕਰਵਾਉਂਦੇ ਹਨ।
ਬੇਸਮਝ ਜਾਨਵਰਾਂ ਜਾਂ ਪਸੂਆਂ ਨੂੰ ਉਹਨਾ ਦੇ ਅਧਿਕਾਰਾਂ ਵਾਰੇ ਕੁੱਝ ਵੀ ਦੱਸਣ ਦੀ ਲੋੜ ਨਹੀਂ ਹੁੰਦੀ, ਪਰ ਪੜ੍ਹੇ ਲਿਖੇ ਸਮਝਦਾਰ ਮਨੁੱਖ ਨੂੰ ਮਨੁੱਖੀ ਅਧਿਕਾਰਾਂ ਵਾਰੇ ਸਮਝਾਅ ਸਮਝਾਅ ਕੇ ਵੀ ਨਹੀਂ ਸਮਝਾਇਆ ਜਾ ਸਕਦਾ। ਫਿਰ ਅਸੀਂ ਬੇਸਮਝਾਂ ਨਾਲੋਂ ਸਿਆਣੇ ਕਿਵੇਂ ਹੋਏ? ਕਿਉਂਕਿ ਸਾਡੇ ਸਿਆਣਿਆਂ ਦੇ ਮਨੁੱਖੀ ਰਾਜ ਨਾਲੋਂ ਤਾਂ ਜੰਗਲੀ ਰਾਜ ਬਹੁਤ ਚੰਗਾ ਹੈ। ਹਾਸੀ ਆਉਂਦੀ ਹੁੰਦੀ ਹੈ ਜਦੋਂ ਮਨੁੱਖ ਜਾਨਵਰਾਂ ਦੇ ਭਲੇ ਦੀਆਂ ਗੱਲਾਂ ਕਰ ਰਿਹਾ ਹੁੰਦਾ ਹੈ, ਜਿਵੇਂ ਕਿ ਜਾਨਵਰਾਂ ਲਈ ਲੱਕੜ ਦੇ ਆਹਲਣੇ ਬਣਾਉਣ ਦਾ ਪਰਉਪਕਾਰ ਕਰ ਕੇ ਮੀਡੀਏ ਤੇ ਫੋਟੋਆਂ ਪਾ ਰਿਹਾ ਹੁੰਦਾ ਹੈ, ਇਸ ਨੂੰ ਕੁਦਰਤ ਪੁੱਛੇ ਕਿ ਪਰਉਪਕਾਰੀਆ ਜਾਨਵਰਾਂ ਦੇ ਆਹਲਣੇ ਉਜਾੜੇ ਕਿਸ ਨੇ ਹਨ ? ਕਦੇ ਦਰਖਤ ਲਾ ਕੇ ਵਾਤਵਰਣ ਨੂੰ ਸੁੱਧ ਕਰਨ ਦਾ ਪਰਉਪਕਾਰ ਕਰਨ ਵਾਲੇ ਨੂੰ ਕੁਦਰਤ ਪੁੱਛੇ ਕਿ ਦਰਖਤਾਂ ਦੀ ਕਟਾਈ ਕਰਕੇ ਵਾਤਾਵਰਣ ਜਹਿਰੀਲਾ ਕਿਹੜੇ ਜਾਨਵਰਾਂ ਨੇ ਕੀਤਾ ਹੈ? ਤਾਂ ਇਸ ਸਿਆਣੇ ਸਮਝਦਾਰ ਕੋਲ ਕੋਈ ਜਵਾਬ ਨਹੀਂ ਹੋਵੇਗਾ। ਜਾਨਵਰਾਂ ਦਾ ਭਲਾ ਤਾਂ ਦੂਰ ਰਿਹਾ ਹਾਲੇ ਤੱਕ ਤਾਂ ਮਨੁੱਖ (ਇਸਤਰੀ/ਪੁਰਸ਼) ਆਪਣੇ ਹੀ ਬੱਚਿਆਂ ਦਾ ਕਤਲ (ਮਾਦਾ ਭਰੂਣ ਹੱਤਿਆ) ਕਰਨੋ ਨਹੀਂ ਹਟਿਆ। ਮਨੁੱਖ ਦੇ ਅਜਿਹਾ ਕਰਨ ਦਾ ਕਾਰਨ ਇਹ ਨਹੀਂ ਹੈ ਕਿ ਮਨੁੱਖ ਨੂੰ ਸੋਝੀ ਨਹੀਂ ਹੈ,
ਸੋਝੀ ਹੈ ਪਰ ਇਸ ਸੋਝੀ ਨੂੰ ਸਮੁੱਚੀ ਮਨੁੱਖਤਾ ਦੇ ਭਲੇ ਦੀ ਥਾਂ ਸਿਰਫ ਨਿੱਜੀ ਭਲੇ ਲਈ ਇਸ ਤਰਾਂ ਵਰਤ ਰਿਹਾ ਹੈ ਕਿ ਦੂਜਿਆਂ ਦੇ ਜਾਇਜ ਹੱਕ ਮਾਰ ਕੇ ਵੀ ਮੈਨੂੰ ਨਾਜਾਇਜ ਲਾਭ ਮਿਲ ਜਾਣ। ਜਦੋਂ ਅਸੀਂ ਕਿਸੇ ਦੂਜੇ ਦਾ ਹੱਕ ਮਾਰਾਂਗੇ ਤਾਂ ਅਸੀਂ ਵੀ ਕਿਸੇ ਲਈ ਦੂਜੇ ਹੋਵਾਂਗੇ, ਤਾਂ ਕੋਈ ਸਾਡੇ ਹੱਕਾਂ ਨੂੰ ਵੀ ਮਾਰੇਗਾ। ਇਹੀ ਇਸ ਦੀ ਸਿਆਣਪ ਦੀ ਮੂਰਖਤਾ ਹੈ, ਜਿਸ ਕਾਰਨ ਮਨੁੱਖ ਸੁੱਖਾਂ ਦੀ ਥਾਂ ਦੁੱਖਾਂ ਦੇ ਖੂਹ ਵਿੱਚ ਡਿੱਗ ਰਿਹਾ ਹੈ, ਅਜਿਹੇ ਮਨੁੱਖ ਵਾਰੇ ਹੀ ਭਗਤ ਕਬੀਰ ਜੀ ਨੇ ਕਿਹਾ ਹੈ ਕਿ :- ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥(ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 1376) ਜੇ ਮਨੁੱਖ ਨੇ ਸਹੀ ਅਰਥਾਂ ਵਿੱਚ ਮਨੁੱਖੀ ਹੱਕਾਂ ਦਾ ਪਹਿਰੇਦਾਰ ਬਣਨਾ ਹੈ ਤਾਂ ਇਹ ਹੋਰ ਪ੍ਰਜਾਤੀਆਂ ਦੇ ਜਾਨਵਰਾਂ ਦੇ ਭਲੇ ਕਰਨ ਦੀ ਡਰਾਮੇਬਾਜੀਆਂ ਦੀਆਂ ਗੱਲਾਂ ਛੱਡ ਕੇ ਪਹਿਲਾਂ ਸਿਰਫ ਆਪਣੀ ਮਨੁੱਖਾ ਜਾਤੀ ਦੇ ਭਲੇ ਲਈ ਹੀ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰ ਲਵੇ, ਇਸ ਨਾਲ ਹੀ ਬਹੁਤ ਭਲਾਈ ਹੋ ਜਾਵੇਗੀ, ਮਨੁੱਖ ਆਪਣੀ ਸੁਰੱਖਿਆ ਲਈ ਬਣਾਏ ਨਿਯਮਾਂ ਉੱਤੇ ਆਪ ਹੀ ਪਹਿਰਾ ਦੇ ਲਵੇ ਇਸ ਨਾਲ ਹੀ ਮਨੁੱਖ ਦੇ ਨਾਲ ਨਾਲ ਹੋਰ ਪ੍ਰਜਾਤੀਆਂ ਦੇ ਜਾਨਵਰਾਂ ਦਾ ਭਲਾ ਵੀ ਆਪਣੇ ਆਪ ਹੋ ਜਾਵੇਗਾ। ਮਨੁੱਖ ਜਾਨਵਰਾਂ ਉੱਤੇ ਤੁਜਰਬੇ ਕਰਕੇ ਬਣਾਈਆਂ ਦਵਾਈਆਂ ਨੂੰ ਮਨੁੱਖਤਾ ਦੇ ਭਲੇ ਲਈ ਹੀ ਵਰਤੇ, ਆਪਣੇ ਮੁਨਾਫੇ ਲਈ ਘਟੀਆ ਦਵਾਈਆਂ ਤਿਆਰ ਕਰਕੇ ਮਨੁੱਖਤਾ ਦਾ ਘਾਣ ਨਾ ਕਰੇ, ਨਿਯਮਾ ਅਨੁਸਾਰ ਬਣਾਈਆਂ ਆਪਣੇ ਦੇਸ਼ਾਂ ਦੀਆਂ ਹੱਦਾਂ ਅੰਦਰ ਰਹੇ, ਮਨੁੱਖ ਜਾਤਾਂ ਧਰਮਾਂ ਦੇ ਨਾਵਾਂ ਤੇ ਨਫਰਤਾਂ ਫੈਲਾਅ ਕੇ ਮਨੁੱਖਾਂ ਦਾ ਕਤਿਲੇਆਮ ਨਾ ਕਰੇ, ਠੱਗੀਆਂ, ਚੋਰੀਆਂ ਅਤੇ ਨਸ਼ਿਆਂ ਦੇ ਵਪਾਰ ਬੰਦ ਕਰੇ, ਚੋਰਾਂ ਦਾ ਸਾਥ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਆਪਣੇ ਘਰ ਭਰਨ ਲਈ ਰਿਸਵਤਾਂ ਲੈਣੀਆਂ ਛੱਡੇ, ਸਹਿਰਾਂ ਦੀਆਂ ਸੜਕਾਂ ਤੇ ਨਾਜਾਇਜ ਕਬਜੇ, ਅਤੇ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਨੀਆਂ, ਗੁਆਢੀਆਂ ਦੀਆਂ ਵੱਟਾਂ ਵੱਢਣ, ਰਾਹਾਂ ਤੇ ਨਾਜਾਇਜ ਕਬਜੇ ਕਰਨੇ ਅਤੇ ਫਸਲਾਂ ਵਿੱਚ ਜਹਿਰ ਘੋਲਣਾ ਬੰਦ ਕਰੇ, ਕਿਸੇ ਦਾ ਹੱਕ ਮਾਰ ਕੇ ਨਾ ਖਾਵੇ, ਆਪਣੀ ਕਿਰਤ ਕਮਾ ਕੇ ਖਾਵੇ, ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੇ, ਫਿਰ ਹੀ ਮਨੁੱਖੀ ਅਧਿਕਾਰ ਜੀਵਤ ਰਹਿਣਗੇ। ਫਿਰ ਨਾ ਮਾਰੂ ਹਥਿਆਰਾਂ ਦੀ ਲੋੜ ਰਹਿਣੀ, ਨਾ ਪੁਲਿਸ ਅਤੇ ਫੌਜਾਂ ਦੀ ਲੋੜ, ਨਾ ਜੇਲਾਂ ਤੇ ਥਾਣਿਆਂ ਦੀ ਲੋੜ, ਨਾ ਘਰਾਂ ਨੂੰ ਤਾਲਿਆਂ ਦੀ ਲੋੜ, ਫਿਰ ਨਾ ਕੋਈ ਦੂਜਾ ਸਾਡਾ ਦੁਸਮਣ ਹੋਣਾ, ਨਾ ਅਸੀਂ ਕਿਸੇ ਦੇ ਹੋਣੇ, ਫਿਰ ਸਮੁੱਚੇ ਮਨੁੱਖ ਹੀ ਸਾਡੇ ਮਿੱਤਰ ਪਿਆਰੇ ਹੋਣਗੇ। ਫਿਰ ਹੀ ਅਸੀਂ ਕਹਿ ਸਕਾਂਗੇ ਕਿ ਅਸੀਂ ਸੂਝਵਾਨ ਮਨੁੱਖ ਹਾਂ ਸਾਨੂੰ ਮਨੁੱਖੀ ਅਧਿਕਾਰਾਂ ਦੀ ਸੋਝੀ ਹੈ। ਫਿਰ ਅਜਿਹੀ ਮਨੁੱਖਤਾ ਵਾਰੇ ਹੀ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ :- ਧਨਾਸਰੀ ਮ& 5 ॥ ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥ ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥1॥ ਸਾਧਸੰਗਿ ਚਿੰਤ ਬਿਰਾਨੀ ਛਾਡੀ ॥ ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥1॥ ਰਹਾਉ ॥ ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥2॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥3॥ ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥4॥ (ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 671)
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
harlajsingh7@gmail.com
ਮਨੁੱਖੀ ਅਧਿਕਾਰ ਦਿਵਸ਼ ਤੇ ਵਿਸ਼ੇਸ : ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੋ। - ਹਰਲਾਜ ਸਿੰਘ ਬਹਾਦਰਪੁਰ
ਸਮੁੱਚੇ ਜੀਵ ਪ੍ਰਾਣੀਆਂ ਵਿੱਚੋਂ ਆਪਣੇ ਆਪ ਨੂੰ ਸੂਝਵਾਨ ਕਹਾਉਣ ਵਾਲਾ ਇੱਕੋ ਜੀਵ ਹੈ ਮਨੁੱਖ। ਇਹ ਸੱਚ ਵੀ ਹੈ, ਮਨੁੱਖੀ ਸੋਚ ਨੇ ਤਰੱਕੀ ਵੀ ਬਹੁਤ ਕੀਤੀ ਹੈ, ਆਪਣੇ ਲਈ ਸੁੱਖ ਸਹੂਲਤਾਂ ਦੇ ਸਾਧਨ ਵੀ ਬਹੁਤ ਤਿਆਰ ਕੀਤੇ ਹਨ। ਮਨੁੱਖ ਨੇ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਅਤੇ ਆਪਣੇ ਹੱਕਾਂ ਲਈ ਕੁੱਝ ਨਿਯਮ ਵੀ ਬਣਾਏ ਹਨ, ਜਿੰਨਾ ਨੂੰ ਮਨੁੱਖੀ ਅਧਿਕਾਰਾਂ ਦਾ ਨਾਮ ਦਿੱਤਾ ਗਿਆ ਹੈ। 10 ਦਸੰਬਰ 1948 ਵਿੱਚ ਸ਼ੁਰੂ ਹੋਏ ਅਤੇ ਹੁਣ ਹਰ ਸਾਲ 10 ਦਸੰਬਰ ਨੂੰ ਪੂਰੀ ਦੁਨੀਆਂ ਵਿੱਚ ਮਨਾਏ ਜਾਂਦੇ ਮਨੁੱਖੀ ਅਧਿਕਾਰ ਦਿਵਸ਼ ਦੇ ਨਿਯਮਾਂ ਅਨੁਸਾਰ ਸਾਰੇ ਮਨੁੱਖ ਬਰਾਬਰ ਦੇ ਹੱਕਦਾਰ ਹਨ, ਕੋਈ ਊਚ ਜਾਂ ਨੀਚ ਨਹੀਂ ਹੈ, ਨਾ ਕੋਈ ਕਿਸੇ ਦਾ ਹੱਕ ਖੋਹ ਸਕਦਾ ਹੈ, ਨਾ ਕੋਈ ਕਿਸੇ ਨੂੰ ਤੰਗ ਕਰ ਸਕਦਾ ਹੈ, ਨਾ ਕੋਈ ਕਿਸੇ ਨੂੰ ਮਾਰ ਸਕਦਾ ਹੈ, ਨਾ ਕੋਈ ਕਿਸੇ ਨੂੰ ਗੁਲਮ ਬਣਾ ਸਕਦਾ ਹੈ, ਜਾਤ, ਧਰਮ, ਰੰਗ, ਨਸਲ, ਇਲਾਕਾ, ਲਿੰਗ, ਭਾਸਾ ਆਦਿ ਦੇ ਅਧਾਰ ਤੇ ਕੋਈ ਵੀ ਕਿਸੇ ਨਾਲ ਵਿਤਕਰਾ ਨਹੀਂ ਕਰ ਸਕਦਾ, ਭਾਵ ਕਿ ਕੋਈ ਵੀ ਕਿਸੇ ਨੂੰ ਕਿਸੇ ਤਰਾਂ ਦੀ ਵੀ ਤਕਲੀਫ ਨਹੀਂ ਦੇ ਸਕਦਾ, ਸੱਭ ਨੂੰ ਆਪਣੇ ਦਾਇਰੇ ਵਿੱਚ ਰਹਿ ਕੇ ਖੁਸ਼ੀ-ਖੁਸ਼ੀ ਆਪਣੀ ਵਧੀਆ ਜਿੰਦਗੀ ਜਿਉਣ ਦਾ ਹੱਕ ਹੈ, ਜੋ ਬਹੁਤ ਵਧੀਆ ਸੋਚ ਹੈ। ਪਰ ਅਫਸੋਸ ਕਿ ਮਨੁੱਖ ਅਤੇ ਮਨੁੱਖੀ ਅਧਿਕਾਰਾਂ ਨੂੰ ਖਤਰਾਂ ਵੀ ਮਨੁੱਖ ਤੋਂ ਹੀ ਹੈ। ਕਿਉਂਕਿ ਮਨੁੱਖੀ ਹੱਕਾਂ ਦੀ ਰਾਖੀ ਦਾ ਢੰਡੋਰਾ ਪਿੱਟਣ ਵਾਲੇ ਦੇਸ਼ ਹੀ ਸਿੱਧੇ ਜਾਂ ਅਸਿੱਧੇ ਰੂਪ ਵਿੱਚ ਦੂਜੇ ਦੇਸ਼ਾਂ ਨੂੰ ਆਪਣੇ ਗੁਲਾਮ ਬਣਾਉਣ ਲਈ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੇ ਹਨ, ਮਨੁੱਖੀ ਅਧਿਕਾਰਾਂ ਦੇ ਰਾਖੇ ਕਹਾਉਣ ਵਾਲੇ ਮਨੁੱਖ ਹੀ ਮੰਤਰੀਆਂ ਦੇ ਰੂਪ ਵਿੱਚ ਜਾਤਾਂ ਧਰਮਾਂ ਦੇ ਨਾਵਾਂ ਤੇ ਨਫਰਤਾਂ ਫੈਲਾਅ ਕੇ ਮਨੁੱਖਾਂ ਦਾ ਕਤਿਲੇਆਮ ਕਰਵਾ ਰਹੇ ਹਨ, ਮਨੁੱਖ ਹੀ ਮਨੁੱਖ ਦੇ ਚੋਰੀਆਂ ਕਰਦਾ ਹੈ, ਅਤੇ ਮਨੁੱਖਤਾ ਦੇ ਘਾਣ ਲਈ ਨਸ਼ਿਆਂ ਦਾ ਵਪਾਰ ਕਰਦੈ, ਫਿਰ ਮਨੁੱਖ ਹੀ ਪੁਲਿਸ ਦੇ ਰੂਪ ਵਿੱਚ ਚੋਰਾਂ ਦਾ ਸਾਥ ਦਿੰਦਾ ਹੈ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਦਿੰਦਾ ਹੈ, ਮਨੁੱਖ ਹੀ ਅਫਸਰਾਂ ਦੇ ਰੂਪ ਵਿੱਚ ਆਪਣੇ ਘਰ ਭਰਨ ਲਈ ਮੋਟੀਆਂ ਰਿਸਵਤਾਂ ਲੈਂਦਾ ਹੈ, ਮਨੁੱਖ ਹੀ ਮਨੁੱਖਾਂ ਨੂੰ ਬਚਾਉਣ ਲਈ ਡਾਕਟਰੀ ਦਾ ਕੋਰਸ ਕਰਕੇ, ਮਨੁੱਖਾਂ ਨੂੰ ਲੁੱਟ ਕੇ ਮਾਰ ਰਿਹਾ ਹੈ, ਮਨੁੱਖ ਹੀ ਆਪਣੇ ਵੱਧ ਮੁਨਾਫੇ ਦੀ ਦੌੜ ਕਾਰਨ ਦੁਕਾਨਦਾਰਾਂ ਦੇ ਰੂਪ ਵਿੱਚ ਸਹਿਰਾਂ ਦੀਆਂ ਸੜਕਾਂ ਤੇ ਨਾਜਾਇਜ ਕਬਜੇ ਕਰਦਾ ਅਤੇ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਦਾ ਹੈ, ਕਿਸਾਨਾਂ ਦੇ ਰੂਪ ਵਿੱਚ ਗੁਆਢੀਆਂ ਦੀਆਂ ਵੱਟਾਂ ਵੱਢਦੈ, ਰਾਹਾਂ ਤੇ ਨਾਜਾਇਜ ਕਬਜੇ ਕਰਦੈ ਅਤੇ ਫਸਲਾਂ ਵਿੱਚ ਜਹਿਰ ਘੋਲਦਾ ਹੈ, ਭਾਵ ਕਿ ਹਰ ਬੁਰਾਈ ਜਿਸ ਨੂੰ ਮਨੁੱਖ ਮਾੜੀ ਕਹਿੰਦਾ ਹੈ, ਉਸ ਬੁਰਾਈ ਨੂੰ ਮਨੁੱਖ ਹੀ ਕਰਦਾ ਹੈ। ਜਦੋਂ ਮਨੁੱਖ ਆਪਣੇ ਬਣਾਏ ਨਿਯਮਾਂ ਨੂੰ ਤੋੜ ਕੇ ਹੋਰਾਂ ਲਈ ਖਤਰਾ ਬਣਦਾ ਹੈ ਫਿਰ ਅਸੀਂ ਕਹਿੰਦੇ ਹਾਂ ਕਿ ਇੱਥੇ ਤਾਂ ਜੰਗਲੀ ਰਾਜ ਹੋ ਗਿਆ ਹੈ ਜਦਕਿ ਜੰਗਲੀ ਰਾਜ ਵੀ ਅਜੋਕੇ ਮਨੁੱਖ ਦੇ ਵਹਿਸੀਪੁਣੇ ਜਿੰਨਾ ਮਾੜਾ ਕਦੇ ਵੀ ਨਹੀਂ ਰਿਹਾ। ਮੈਂ ਤਾਂ ਕਈ ਬਾਰ ਸੋਚਦਾ ਹੁੰਦਾ ਹਾਂ ਕਿ ਜੇ ਮਨੁੱਖ ਦੀ ਸੋਚ ਵਿਕਾਸ ਨਾ ਕਰਦੀ, ਇਹ ਜੰਗਲ ਦੇ ਜਾਨਵਰਾਂ ਵਾਂਗ ਹੀ ਇੱਕ ਜਾਨਵਰ ਹੋ ਕੇ ਕੁਦਰਤੀ ਜਿੰਦਗੀ ਜਿਉਂਦਾ ਹੁੰਦਾ ਤਾਂ ਇੱਥੇ ਸੱਭ ਕੁੱਝ ਕੁਦਰਤੀ ਹੋਣਾ ਸੀ, ਜੇ ਕਿਸੇ ਨੂੰ ਬਚਾਉਣ ਦੇ ਸਾਧਨ, ਨਿਯਮ/ਕਾਨੂੰਨ ਨਹੀਂ ਸੀ ਹੋਣੇ ਤਾਂ ਕਿਸੇ ਨੂੰ ਮਾਰਨ ਲਈ ਅਜੋਕੇ ਮਾਰੂ ਹਥਿਆਰ ਵੀ ਨਹੀਂ ਸੀ ਹੋਣੇ। ਮਨੁੱਖੀ ਸੋਚ ਨੇ ਆਪਣੇ ਸੁੱਖਾਂ ਲਈ ਜਿੱਥੇ ਕੁਦਰਤੀ ਵਾਤਵਰਣ ਦੇ ਨਾਨ ਨਾਲ ਧਰਤੀ ਉੱਤੇ ਵਸਦੇ ਹਰ ਜੀਵ ਦੇ ਹੱਕਾਂ ਦਾ ਘਾਣ ਕੀਤਾ ਹੈ ਉਥੇ ਮਨੁੱਖਤਾ ਲਈ ਖਤਰਾ ਵੀ ਮਨੁੱਖ ਹੀ ਬਣਿਆਂ ਹੈ। ਫਿਰ ਕੀ ਸਿਰਫ ਹੋਰਾਂ ਲਈ ਖਤਰਾ ਬਣਨਾ ਹੀ ਮਨੁੱਖ ਦੀ ਸਿਆਣਪ ਹੈ? ਇਸ ਸਿਆਣਪ ਦਾ ਕਿਸੇ ਨੂੰ ਤਾਂ ਕੀ, ਖੁਦ ਮਨੁੱਖ ਨੂੰ ਵੀ ਕੀ ਲਾਭ ਹੋਇਆ? ਗੱਲ ਤਾਂ ਸਿਰਫ ਜਿਉਣ ਦੀ ਅਤੇ ਆਪਣੇ ਬੱਚੇ ਪਾਲਣ ਦੀ ਹੀ ਹੈ। ਇਹ ਤਾਂ ਜੰਗਲਾਂ ਵਿੱਚ ਜਾਨਵਰ ਵੀ ਜਿਉਂ ਰਹੇ ਹਨ ਅਤੇ ਆਪਣੇ ਬੱਚੇ ਪਾਲ਼ ਰਹੇ ਹਨ, ਉੱਥੇ ਨਾ ਕੋਈ ਉਹਨਾ ਦੇ ਹੱਕਾਂ ਦੀ ਰਾਖੀ ਕਰਦਾ ਹੈ ਨਾ ਹੀ ਉਹਨਾ ਨੇ ਆਪਣੀ ਸੁਰੱਖਿਆ ਜਾਂ ਸੁੱਖਾਂ ਲਈ ਮਨੁੱਖ ਵਾਂਗ ਸਾਧਨ ਪੈਦਾ ਕੀਤੇ ਹੋਏ ਹਨ। ਜੰਗਲਾਂ ਵਿੱਚ ਜਾਨਵਰ ਆਪਣਾ ਪੇਟ ਭਰਨ ਲਈ ਆਪਣੇ ਤੋਂ ਮਾੜਿਆਂ ਨੂੰ ਮਾਰ ਕੇ ਖਾ ਜਾਂਦੇ ਹਨ, ਪਰ ਉਹ ਬੇਸਮਝ ਨਾ ਤਾਂ ਆਉਣ ਵਾਲੀਆਂ ਪੀੜੀਆਂ ਲਈ ਧਨ ਜੋੜਨ ਲਈ ਕਿਸੇ ਦੇ ਹੱਕ ਮਾਰਦੇ ਹਨ, ਨਾ ਹੀ ਦੇਸ਼ਾਂ, ਜਾਤਾਂ ਧਰਮਾਂ, ਦੀ ਵੰਡ ਦੇ ਨਾਂਅ ਤੇ ਨਫਰਤਾਂ ਫੈਲਾਅ ਕੇ ਕਤਲੇਆਮ ਕਰਵਾਉਂਦੇ ਹਨ। ਉਹਨਾ ਬੇਸਮਝ ਜਾਨਵਰਾਂ ਜਾਂ ਪਸੂਆਂ ਨੂੰ ਉਹਨਾ ਦੇ ਅਧਿਕਾਰਾਂ ਵਾਰੇ ਕੁੱਝ ਵੀ ਦੱਸਣ ਦੀ ਲੋੜ ਨਹੀਂ ਹੁੰਦੀ, ਪਰ ਪੜ੍ਹੇ ਲਿਖੇ ਸਮਝਦਾਰ ਮਨੁੱਖ ਨੂੰ ਮਨੁੱਖੀ ਅਧਿਕਾਰਾਂ ਵਾਰੇ ਸਮਝਾਅ ਸਮਝਾਅ ਕੇ ਵੀ ਨਹੀਂ ਸਮਝਾਇਆ ਜਾ ਸਕਦਾ। ਫਿਰ ਅਸੀਂ ਬੇਸਮਝਾਂ ਨਾਲੋਂ ਸਿਆਣੇ ਕਿਵੇਂ ਹੋਏ? ਕਿਉਂਕਿ ਸਾਡੇ ਸਿਆਣਿਆਂ ਦੇ ਮਨੁੱਖੀ ਰਾਜ ਨਾਲੋਂ ਤਾਂ ਜੰਗਲੀ ਰਾਜ ਬਹੁਤ ਚੰਗਾ ਹੈ। ਹਾਸੀ ਆਉਂਦੀ ਹੁੰਦੀ ਹੈ ਜਦੋਂ ਮਨੁੱਖ ਜਾਨਵਰਾਂ ਦੇ ਭਲੇ ਦੀਆਂ ਗੱਲਾਂ ਕਰ ਰਿਹਾ ਹੁੰਦਾ ਹੈ, ਜਿਵੇਂ ਕਿ ਜਾਨਵਰਾਂ ਲਈ ਲੱਕੜ ਦੇ ਆਹਲਣੇ ਬਣਾਉਣ ਦਾ ਪਰਉਪਕਾਰ ਕਰ ਕੇ ਮੀਡੀਏ ਤੇ ਫੋਟੋਆਂ ਪਾ ਰਿਹਾ ਹੁੰਦਾ ਹੈ, ਇਸ ਨੂੰ ਕੁਦਰਤ ਪੁੱਛੇ ਕਿ ਪਰਉਪਕਾਰੀਆ ਜਾਨਵਰਾਂ ਦੇ ਆਹਲਣੇ ਉਜਾੜੇ ਕਿਸ ਨੇ ਹਨ? ਕਦੇ ਦਰਖਤ ਲਾ ਕੇ ਵਾਤਵਰਣ ਨੂੰ ਸੁੱਧ ਕਰਨ ਦਾ ਪਰਉਪਕਾਰ ਕਰਨ ਵਾਲੇ ਨੂੰ ਕੁਦਰਤ ਪੁੱਛੇ ਕਿ ਦਰਖਤਾਂ ਦੀ ਕਟਾਈ ਕਰਕੇ ਵਾਤਾਵਰਣ ਜਹਿਰੀਲਾ ਕਿਹੜੇ ਜਾਨਵਰਾਂ ਨੇ ਕੀਤਾ ਹੈ? ਤਾਂ ਇਸ ਸਿਆਣੇ ਸਮਝਦਾਰ ਕੋਲ ਕੋਈ ਜਵਾਬ ਨਹੀਂ ਹੋਵੇਗਾ। ਜਾਨਵਰਾਂ ਦਾ ਭਲਾ ਤਾਂ ਦੂਰ ਰਿਹਾ ਹਾਲੇ ਤੱਕ ਤਾਂ ਮਨੁੱਖ (ਇਸਤਰੀ/ਪੁਰਸ਼) ਆਪਣੀ ਮਨੁੱਖਤਾ ਦਾ ਘਤਣ ਕਰਨੋ ਨਹੀਂ ਹਟਿਆ। ਮਨੁੱਖ ਦੇ ਅਜਿਹਾ ਕਰਨ ਦਾ ਕਾਰਨ ਇਹ ਨਹੀਂ ਹੈ ਕਿ ਮਨੁੱਖ ਨੂੰ ਸੋਝੀ ਨਹੀਂ ਹੈ, ਸੋਝੀ ਹੈ ਪਰ ਇਸ ਸੋਝੀ ਨੂੰ ਸਮੁੱਚੀ ਮਨੁੱਖਤਾ ਦੇ ਭਲੇ ਦੀ ਥਾਂ ਸਿਰਫ ਨਿੱਜੀ ਭਲੇ ਲਈ ਇਸ ਤਰਾਂ ਵਰਤ ਰਿਹਾ ਹੈ ਕਿ ਦੂਜਿਆਂ ਦੇ ਜਾਇਜ ਹੱਕ ਮਾਰ ਕੇ ਵੀ ਮੈਨੂੰ ਨਾਜਾਇਜ ਲਾਭ ਮਿਲ ਜਾਣ। ਜਦੋਂ ਅਸੀਂ ਕਿਸੇ ਦੂਜੇ ਦਾ ਹੱਕ ਮਾਰਾਂਗੇ ਤਾਂ ਅਸੀਂ ਵੀ ਕਿਸੇ ਲਈ ਦੂਜੇ ਹੋਵਾਂਗੇ, ਤਾਂ ਕੋਈ ਸਾਡੇ ਹੱਕਾਂ ਨੂੰ ਵੀ ਮਾਰੇਗਾ। ਇਹੀ ਇਸ ਦੀ ਸਿਆਣਪ ਦੀ ਮੂਰਖਤਾ ਹੈ, ਜਿਸ ਕਾਰਨ ਮਨੁੱਖ ਸੁੱਖਾਂ ਦੀ ਥਾਂ ਦੁੱਖਾਂ ਦੇ ਖੂਹ ਵਿੱਚ ਡਿੱਗ ਰਿਹਾ ਹੈ, ਅਜਿਹੇ ਮਨੁੱਖ ਵਾਰੇ ਹੀ ਭਗਤ ਕਬੀਰ ਜੀ ਨੇ ਕਿਹਾ ਹੈ ਕਿ :- ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥216॥(ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 1376) ਜੇ ਮਨੁੱਖ ਨੇ ਸਹੀ ਅਰਥਾਂ ਵਿੱਚ ਮਨੁੱਖੀ ਹੱਕਾਂ ਦਾ ਪਹਿਰੇਦਾਰ ਬਣਨਾ ਹੈ ਤਾਂ ਇਹ ਹੋਰ ਪ੍ਰਜਾਤੀਆਂ ਦੇ ਜਾਨਵਰਾਂ ਦੇ ਭਲੇ ਕਰਨ ਦੀ ਡਰਾਮੇਬਾਜੀਆਂ ਦੀਆਂ ਗੱਲਾਂ ਛੱਡ ਕੇ ਪਹਿਲਾਂ ਸਿਰਫ ਆਪਣੀ ਮਨੁੱਖਾ ਜਾਤੀ ਦੇ ਭਲੇ ਲਈ ਹੀ ਮਨੁੱਖੀ ਅਧਿਕਾਰਾਂ ਦੀ ਪਾਲਣਾ ਕਰ ਲਵੇ, ਇਸ ਨਾਲ ਹੀ ਬਹੁਤ ਭਲਾਈ ਹੋ ਜਾਵੇਗੀ, ਮਨੁੱਖ ਆਪਣੀ ਸੁਰੱਖਿਆ ਲਈ ਬਣਾਏ ਨਿਯਮਾਂ ਉੱਤੇ ਆਪ ਹੀ ਪਹਿਰਾ ਦੇ ਲਵੇ ਇਸ ਨਾਲ ਹੀ ਮਨੁੱਖ ਦੇ ਨਾਲ ਨਾਲ ਹੋਰ ਪ੍ਰਜਾਤੀਆਂ ਦੇ ਜਾਨਵਰਾਂ ਦਾ ਭਲਾ ਵੀ ਆਪਣੇ ਆਪ ਹੋ ਜਾਵੇਗਾ। ਮਨੁੱਖ ਜਾਨਵਰਾਂ ਉੱਤੇ ਤੁਜਰਬੇ ਕਰਕੇ ਬਣਾਈਆਂ ਦਵਾਈਆਂ ਨੂੰ ਮਨੁੱਖਤਾ ਦੇ ਭਲੇ ਲਈ ਹੀ ਵਰਤੇ, ਆਪਣੇ ਮੁਨਾਫੇ ਲਈ ਘਟੀਆ ਦਵਾਈਆਂ ਤਿਆਰ ਕਰਕੇ ਮਨੁੱਖਤਾ ਦਾ ਘਾਣ ਨਾ ਕਰੇ, ਨਿਯਮਾ ਅਨੁਸਾਰ ਬਣਾਈਆਂ ਆਪਣੇ ਦੇਸ਼ਾਂ ਦੀਆਂ ਹੱਦਾਂ ਅੰਦਰ ਰਹੇ, ਮਨੁੱਖ ਜਾਤਾਂ ਧਰਮਾਂ ਦੇ ਨਾਵਾਂ ਤੇ ਨਫਰਤਾਂ ਫੈਲਾਅ ਕੇ ਮਨੁੱਖਾਂ ਦਾ ਕਤਿਲੇਆਮ ਨਾ ਕਰੇ, ਠੱਗੀਆਂ, ਚੋਰੀਆਂ ਅਤੇ ਨਸ਼ਿਆਂ ਦੇ ਵਪਾਰ ਬੰਦ ਕਰੇ, ਚੋਰਾਂ ਦਾ ਸਾਥ ਅਤੇ ਬੇਗੁਨਾਹਾਂ ਤੇ ਝੂਠੇ ਕੇਸ ਪਾ ਆਪਣੇ ਘਰ ਭਰਨ ਲਈ ਰਿਸਵਤਾਂ ਲੈਣੀਆਂ ਛੱਡੇ, ਸਹਿਰਾਂ ਦੀਆਂ ਸੜਕਾਂ ਤੇ ਨਾਜਾਇਜ ਕਬਜੇ, ਅਤੇ ਖਾਣ ਪੀਣ ਦੇ ਸਮਾਨ ਵਿੱਚ ਮਿਲਾਵਟਾਂ ਕਰਨੀਆਂ, ਗੁਆਢੀਆਂ ਦੀਆਂ ਵੱਟਾਂ ਵੱਢਣ, ਰਾਹਾਂ ਤੇ ਨਾਜਾਇਜ ਕਬਜੇ ਕਰਨੇ ਅਤੇ ਫਸਲਾਂ ਵਿੱਚ ਜਹਿਰ ਘੋਲਣਾ ਬੰਦ ਕਰੇ, ਕਿਸੇ ਦਾ ਹੱਕ ਮਾਰ ਕੇ ਨਾ ਖਾਵੇ, ਆਪਣੀ ਕਿਰਤ ਕਮਾ ਕੇ ਖਾਵੇ, ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੇ, ਫਿਰ ਹੀ ਮਨੁੱਖੀ ਅਧਿਕਾਰ ਜੀਵਤ ਰਹਿਣਗੇ। ਫਿਰ ਨਾ ਮਾਰੂ ਹਥਿਆਰਾਂ ਦੀ ਲੋੜ ਰਹਿਣੀ, ਨਾ ਪੁਲਿਸ ਅਤੇ ਫੌਜਾਂ ਦੀ ਲੋੜ, ਨਾ ਜੇਲਾਂ ਤੇ ਥਾਣਿਆਂ ਦੀ ਲੋੜ, ਨਾ ਘਰਾਂ ਨੂੰ ਤਾਲਿਆਂ ਦੀ ਲੋੜ, ਫਿਰ ਨਾ ਕੋਈ ਦੂਜਾ ਸਾਡਾ ਦੁਸਮਣ ਹੋਣਾ, ਨਾ ਅਸੀਂ ਕਿਸੇ ਦੇ ਹੋਣੇ, ਫਿਰ ਸਮੁੱਚੇ ਮਨੁੱਖ ਹੀ ਸਾਡੇ ਮਿੱਤਰ ਪਿਆਰੇ ਹੋਣਗੇ। ਫਿਰ ਹੀ ਅਸੀਂ ਕਹਿ ਸਕਾਂਗੇ ਕਿ ਅਸੀਂ ਸੂਝਵਾਨ ਮਨੁੱਖ ਹਾਂ ਸਾਨੂੰ ਮਨੁੱਖੀ ਅਧਿਕਾਰਾਂ ਦੀ ਸੋਝੀ ਹੈ। ਫਿਰ ਹੀ ਸਾਡੇ ਵੱਲੋਂ ਮਨਾਏ ਜਾਂਦੇ ਮਨੁੱਖੀ ਅਧਿਕਾਰ ਦਿਵਸ਼ ਸਾਰਥਿਕ (ਸਫਲ) ਸਿੱਧ ਹੋਣਗੇ॥
ਫਿਰ ਅਜਿਹੀ ਮਨੁੱਖਤਾ ਵਾਰੇ ਹੀ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ ਕਿ :- ਧਨਾਸਰੀ ਮ& 5 ॥ ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥ ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥1॥ ਸਾਧਸੰਗਿ ਚਿੰਤ ਬਿਰਾਨੀ ਛਾਡੀ ॥ ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥1॥ ਰਹਾਉ ॥ ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥ ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥2॥ ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥3॥ ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥ ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥4॥3॥(ਗੁਰੂ ਗ੍ਰੰਥ ਸਾਹਿਬ ਜੀ ਪੰਨਾ ਨੰਬਰ 671)
ਤਾਰੀਖ 9-12-2021
ਹਰਲਾਜ ਸਿੰਘ ਬਹਾਦਰਪੁਰ,
ਪਿੰਡ ਤੇ ਡਾਕਖਾਨਾ ਬਹਾਦਰਪੁਰ,
ਤਹਿਸੀਲ ਬੁੱਢਲਾਡਾ, ਜਿਲਾ ਮਾਨਸਾ ਪੰਜਾਬ ।
ਪਿੰਨ ਕੋਡ :-151501, ਫੋਨ ਨੰਬਰ :- 9417023911
e-mail :- harlajsingh7@gmail.com
ਸਾਡੇ ਰਿਸ਼ਤੇ, ਪਿਆਰ ਅਤੇ ਸਮਾਜ - ਹਰਲਾਜ ਸਿੰਘ ਬਹਾਦਰਪੁਰ
ਸਾਡੇ ਰਿਸ਼ਤਿਆਂ,ਪਿਆਰ ਅਤੇ ਸਮਾਜ ਦਾ ਆਪਸ ਵਿੱਚ ਗੂੜਾ ਸਬੰਧ ਹੁੰਦਾ ਹੈ ਅਤੇ ਇਹ ਹੋਣਾ ਵੀ ਚਾਹੀਂਦਾ ਹੈ, ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਇਹ ਗੂੜੇ ਸਬੰਧ ਬਹੁਤ ਛੇਤੀ ਹੀ ਫਿੱਕੇ ਪੈ ਜਾਂਦੇ ਹਨ। ਇਹਨਾ ਦੇ ਫਿੱਕੇ ਪੈਣ ਦਾ ਕਾਰਨ ਸਾਡੀ ਉਹ ਜਿੱਦ ਹੁੰਦੀ ਹੈ ਜੋ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੀ ਹੁੰਦੀ ਹੈ, ਬੱਸ ਇਹੀ ਕਾਰਨ ਹੁੰਦਾ ਹੈ ਜੋ ਸਾਡੇ ਖੂਨ ਦੇ ਰਿਸਤਿਆਂ ਨੂੰ ਵੀ ਖੂਨੀ ਬਣਾ ਦਿੰਦਾ ਹੈ। ਉਦਾਹਰਣ ਦੇ ਤੌਰ ਤੇ ਇੱਕ ਲੜਕੀ ਅਤੇ ਲੜਕਾ ਮਾਪਿਆਂ ਜਾਂ ਜਾਤਾਂ ਧਰਮਾਂ ਦੀ ਰਜਾਬੰਦੀ ਤੋਂ ਵਗੈਰ ਵਿਆਹ ਕਰਵਾਉਣਾ ਚਹੁੰਦੇ ਹਨ, ਤਾਂ ਸਾਡਾ ਸਮਾਜ ਉਸ ਨੂੰ ਮਾਨਤਾ ਨਹੀਂ ਦਿੰਦਾ, ਸਮਾਜ ਵਿੱਚ ਅਪਣੀਆਂ ਜਿੱਦਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਦੀਆਂ ਬੰਦਸ਼ਾਂ ਅਨੁਸਾਰ ਆਪਣੇ ਆਪ ਨੂੰ ਸਹੀ ਰੱਖਣ ਲਈ, ਮਾਪੇ ਆਪਣੇ ਸੱਭ ਤੋਂ ਨੇੜਲੇ ਅਤੇ ਪਿਆਰੇ ਖੂਨ ਦੇ ਰਿਸ਼ਤੇ ਦੇ ਖੂਨੀ ਬਣ ਜਾਂਦੇ ਹਨ, ਪਰ ਇਸ ਖੂਨ ਦੇ ਹੋਣ ਨਾਲ ਸੱਭ ਕੁੱਝ ਬਦਲ ਜਾਂਦਾ ਹੈ, ਸੱਭ ਤੋਂ ਨੇੜਲੇ ਅਤੇ ਪਿਆਰੇ ਰਿਸਤੇ ਦੇ ਪੁੱਤ ਧੀ ਕਤਲ ਹੋ ਕੇ ਲਾਸ਼ਾਂ ਬਣ ਜਾਂਦੇ ਹਨ ਅਤੇ ਮਾਂ ਪਿਉ ਕਾਤਲ ਬਣ ਕੇ ਮੁਜਰਿਮ ਹੋ ਜਾਂਦੇ ਹਨ, ਜਿਸ ਸਮਾਜ ਵਿੱਚ ਆਪਣੇ ਆਪ ਨੂੰ ਸਹੀ ਰੱਖਣ ਲਈ ਇਹ ਕਦਮ ਚੁੱਕਿਆ ਜਾਂਦਾ ਹੈ, ਉਹ ਸਮਾਜ ਤੁਰੰਤ ਹੀ ਦੋ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ, ਅੱਧੇ ਕਹਿਣਗੇ ਬੇਇੱਜਤੀ ਨਾਲੋਂ ਤਾਂ ਬੱਚਿਆਂ ਨੂੰ ਮਾਰ ਕੇ ਜੇਲ੍ਹ ਜਾਣਾ ਹੀ ਚੰਗਾ ਹੈ, ਅੱਧੇ ਕਹਿਣਗੇ ਬੱਚਿਆਂ ਨੂੰ ਮਾਰ ਕੇ ਜੇਲ੍ਹ ਜਾਣ ਨਾਲੋਂ ਤਾਂ ਬੱਚਿਆਂ ਨਾਲ ਸਹਿਮਤ ਹੋਣਾ ਚੰਗਾ ਸੀ, ਸਮਾਜ ਦੋ ਹਿੱਸਿਆਂ ਵਿੱਚ ਕਿਉਂ ਵੰਡਿਆ ਗਿਆ? ਕਿਉਂਕਿ ਜੇ ਕਤਲ ਕਾਰਨ ਵਾਲੇ ਸਮਾਜ ਦਾ ਹਿੱਸਾ ਸਨ ਤਾਂ ਕਤਲ ਹੋਣ ਵਾਲੇ ਵੀ ਸਾਡੇ ਸਮਾਜ ਵਿੱਚੋਂ ਹੀ ਸਨ, ਸੋਚੋ ਅਜਿਹਾ ਕਰਕੇ ਕੀ ਮਿਲਿਆ? ਰਿਸ਼ਤੇ ਵੀ ਗਏ, ਪਿਆਰ ਵੀ ਗਿਆ, ਬੱਚੇ ਵੀ ਗਵਾ ਲਏ, ਆਪਣੀ ਜਿੰਦਗੀ ਵੀ ਨਰਕ ਬਣਾ ਲਈ ਅਤੇ ਸਮਾਜ ਵੀ ਨਹੀਂ ਰਿਹਾ। ਇਹ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਕਿ ਵੱਡੇ (ਮਾਪੇ) ਹੀ ਛੋਟਿਆਂ (ਬੱਚਿਆਂ) ਉੱਤੇ ਆਪਣੀ ਸੋਚ ਥੋਪਦੇ ਹਨ, ਨਹੀਂ। ਸਮੇਂ ਅਨੁਸਾਰ ਛੋਟੇ (ਬੱਚੇ) ਵੀ ਵੱਡਿਆਂ (ਮਾਪਿਆਂ) ਉੱਤੇ ਆਪਣੀ ਸੋਚ ਵੀ ਉਵੇਂ ਹੀ ਥੋਪਦੇ ਹਨ, ਕਿਉਂਕਿ ਸਾਡੀ ਮਾਨਸਿਕਤਾ ਹੀ ਅਜਿਹੀ ਬਣੀ ਹੋਈ ਹੁੰਦੀ ਹੈ ਜਿਸ ਵਿੱਚ ਅਜਾਦੀ ਦੀ ਥਾਂ ਗੁਲਾਮੀ ਵਾਲੀ ਸੋਚ ਭਾਰੂ ਹੁੰਦੀ ਹੈ, ਜਿਸ ਕਾਰਨ ਅਸੀਂ ਇੱਕ ਦੂਜੇ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਨੂੰ ਸਮਝਣ ਦੀ ਥਾਂ ਉਹਨਾ ਉੱਤੇ ਆਪਣੀ ਸੋਚ ਥੋਪਣਾ ਚਾਹੁੰਦੇ ਹੁੰਦੇ ਹਾਂ। ਉਦਾਹਰਣ ਦੇ ਤੌਰ ਤੇ ਮੰਨ ਲਓ ਕਿ ਕਿਸੇ ਪਤੀ ਪਤਨੀ ਦੇ ਬੱਚੇ ਪੈਦਾ ਹੋਣ ਤੋਂ ਬਾਅਦ ਉਹਨਾ ਵਿੱਚੋਂ ਪਤੀ ਜਾਂ ਪਤਨੀ ਮਰ ਜਾਵੇ ਤਾਂ ਸਾਡਾ ਸਮਾਜ ਉਹਨਾ ਵਿੱਚੋਂ ਬਚੇ ਹੋਏ ਇੱਕ ਵੱਲੋਂ ਦੁਬਾਰਾ ਵਿਆਹ ਕਰਵਾਉਣ ਨੂੰ ਠੀਕ ਨਹੀਂ ਸਮਝਦਾ, ਜਿਵੇਂ ਕਿ ਜੇ ਪਤੀ ਦੀ ਮੌਤ ਤੋਂ ਬਾਅਦ ਪਤਨੀ ਵਿਆਹ ਕਰਵਾਉਣਾ ਚਾਹੇ ਤਾਂ ਪਤਨੀ ਨੂੰ ਸਮਾਜ ਕਹੇਗਾ ਬੱਸ ਤੇਰੇ ਕਰਮਾ ਵਿੱਚ ਪਤੀ ਦਾ ਇੰਨਾ ਹੀ ਸੁੱਖ ਸੀ ਹੁਣ ਤੂੰ ਆਪਣੇ ਇਸੇ ਬੱਚੇ ਨਾਲ ਸਮਾਂ ਕੱਟ, ਤੇਰੇ ਬੱਚੇ ਦਾ ਕੀ ਬਣੂ, ਖਬਰੈ ਅੱਗੇ ਕਿਹੋ ਜਿਹਾ ਮਾੜਾ ਬੰਦਾ ਟੱਕਰੇਗਾ, ਰੱਬ ਨੇ ਤੈਨੂੰ ਪੁੱਤ/ਧੀ ਦੇ ਦਿੱਤਾ ਇਸ ਨੂੰ ਪਾਲ਼, ਹੁਣ ਤੂੰ ਵਿਆਹ ਕਰਵਾਉਂਦੀ ਚੰਗੀ ਨਹੀਂ ਲੱਗਦੀ, ਜੇ ਬੱਚੇ ਛੋਟੇ ਹੋਏ ਤਾਂ ਕਹਿਣਗੇ ਹੁਣ ਤੂੰ ਵਿਆਹ ਕਰਵਾ ਕੇ ਸਾਨੂੰ ਰੋਲ਼ੇਂਗੀ, ਜੇ ਵੱਡੇ ਹੋਏ ਤਾਂ ਕਹਿਣਗੇ ਹੁਣ ਅਸੀਂ ਜਵਾਨ ਜਾਂ ਬਾਲ ਬੱਚਿਆਂ ਵਾਲੇ ਹੋ ਗਏ ਹਾਂ ਹੁਣ ਤੂੰ ਸਾਡੀ ਇੱਜਤ ਪੱਟੇਂਗੀ, ਹੁਣ ਤੈਨੂੰ ਵਿਆਹ ਦੀ ਕੀ ਲੋੜ ਹੈ ਆਦਿ। ਇਸੇ ਤਰ੍ਹਾਂ ਜੇ ਕਿਸੇ ਦੀ ਪਤਨੀ ਮਰ ਜਾਵੇ ਤਾਂ ਪਤੀ ਨੂੰ ਸਮਾਜ ਕਹੇਗਾ ਬੱਸ ਤੇਰੇ ਕਰਮਾ ਵਿੱਚ ਪਤਨੀ ਦਾ ਇੰਨਾ ਹੀ ਸੁੱਖ ਸੀ ਹੁਣ ਤੂੰ ਆਪਣੇ ਇਸੇ ਬੱਚੇ ਨਾਲ ਸਮਾਂ ਕੱਟ, ਤੇਰੇ ਬੱਚੇ ਦਾ ਕੀ ਬਣੂ, ਖਬਰੈ ਅੱਗੇ ਕਿਹੋ ਜਿਹੀ ਮਾੜੀ ਤੀਵੀਂ ਟੱਕਰੇਗੀ, ਮਤੇਰ ਮਾਂ ਤਾਂ ਚੰਗੀ ਹੋ ਹੀ ਨਹੀਂ ਸਕਦੀ, ਰੱਬ ਨੇ ਤੈਨੂੰ ਪੁੱਤ/ਧੀ ਦੇ ਦਿੱਤਾ ਇਸ ਨੂੰ ਪਾਲ਼, ਹੁਣ ਤੂੰ ਵਿਆਹ ਕਰਵਾਉਂਦਾ ਚੰਗਾ ਨਹੀਂ ਲੱਗਦਾ, ਜੇ ਬੱਚੇ ਛੋਟੇ ਹੋਏ ਤਾਂ ਕਹਿਣਗੇ ਹੁਣ ਤੂੰ ਵਿਆਹ ਕਰਵਾ ਕੇ ਸਾਨੂੰ ਰੋਲ਼ੇਂਗਾ, ਜੇ ਵੱਡੇ ਹੋਏ ਤਾਂ ਕਹਿਣਗੇ ਹੁਣ ਅਸੀਂ ਜਵਾਨ ਜਾਂ ਬਾਲ ਬੱਚਿਆਂ ਵਾਲੇ ਹੋ ਗਏ ਹਾਂ ਹੁਣ ਤੂੰ ਸਾਡੀ ਇੱਜਤ ਪੱਟੇਂਗਾ, ਹੁਣ ਤੈਨੂੰ ਵਿਆਹ ਦੀ ਕੀ ਲੋੜ ਹੈ ਆਦਿ। ਇਹ ਹੈ ਸਾਡਾ ਪਿਆਰ, ਰਿਸ਼ਤੇ ਅਤੇ ਸਮਾਜ। ਅਜਿਹੇ ਸਮਾਜ ਨੂੰ ਸਵਾਲ ਤਾਂ ਕਰਨਾ ਬਣਦਾ ਹੀ ਹੈ, ਕਿ ਕੀ ਮਾਪਿਆਂ ਦੀ ਸੋਚ ਅਨੁਸਾਰ ਹੀ ਬੱਚਿਆਂ ਦਾ ਵਿਆਹ ਕਰਵਾਉਣਾ ਜਾਂ ਕੀ ਬੱਚਿਆਂ ਦੀ ਸੋਚ ਅਨੁਸਰ ਹੀ ਮਾਪਿਆਂ ਦਾ ਵਿਆਹ ਨਾ ਕਰਵਾਉਣਾ ਹੀ ਚੰਗਾ ਹੈ? ਕੀ ਇਨਸਾਨ ਦੀ ਆਪਣੀ ਕੋਈ ਜਿੰਦਗੀ ਨਹੀਂ ਹੈ ਜੋ ਉਹ ਆਪਣੀ ਸੋਚ ਅਨੁਸਾਰ ਜਿਉਂ ਸਕੇ? ਕੀ ਜਿੰਦਗੀ ਦਾ ਮਨੋਰਥ ਬੱਚੇ ਪੈਦਾ ਕਰਕੇ ਪਲਣ ਤੋਂ ਵੱਧ ਹੋਰ ਕੁੱਝ ਵੀ ਨਹੀਂ ਹੁੰਦਾ? ਅਸੀਂ ਆਪਣੇ ਲਈ ਕਦੋਂ ਜਿਉਂਣਾ ਸਿੱਖਾਂਗੇ ਜਾਂ ਜਿਉਣ ਲੱਗਾਂਗੇ, ਪਹਿਲਾਂ ਬੱਚੇ ਮਾਪਿਆਂ ਅਨੁਸਾਰ ਜਿਉਂਣ, ਫਿਰ ਮਾਪੇ ਬੱਚਿਆਂ ਅਨੁਸਾਰ ਜਿਉਂਣ, ਜਿੰਨਾ ਜਵਾਨ ਬੱਚਿਆਂ ਨੂੰ ਮਾਪਿਆਂ ਵੱਲੋਂ ਆਪਣੀ ਸੋਚ ਅਨੁਸਾਰ ਨਾ ਚੱਲਣ ਦੇਣਾ ਜਾਂ ਆਪਣੀ ਪਸੰਦ ਦਾ ਵਿਆਹ ਨਾ ਕਰਵਾਉਣ ਦੇਣਾ ਗਲਤ ਹੈ, ਉਨਾ ਹੀ ਜਵਾਨ ਬੱਚਿਆਂ ਵੱਲੋਂ ਮਾਪਿਆਂ ਨੂੰ ਆਪਣੀ ਸੋਚ ਅਨੁਸਾਰ ਨਾ ਚੱਲਣ ਦੇਣਾ, ਆਪਣੀ ਲੋੜ ਮੁਤਾਬਿਕ ਵਿਆਹ ਨਾ ਕਰਵਾਉਣ ਦੇਣਾ ਜਾਂ ਉਹਨਾ ਦੀਆਂ ਵੰਡੀਆਂ ਪਾਉਣਾ ਵੀ ਗਲਤ ਹੈ। ਕਿਤੇ ਮਾਪੇ ਬੱਚਿਆਂ ਦੇ ਭੋਲੇਪਣ ਜਾਂ ਨਿਆਣੇਪਣ ਅਤੇ ਆਪਣੇ ਵੱਡੇਪਣ ਦਾ ਲਾਭ ਉਠਾਉਂਦਿਆਂ ਬੱਚਿਆਂ ਨੂੰ ਆਪਣੀ ਸੋਚ ਅਨੁਸਾਰ ਜਾਤੀ ਜਾਂ ਧਾਰਮਿਕ ਰੰਗਾਂ ਵਿੱਚ ਰੰਗ ਰਹੇ ਹਨ, ਮੈਂ ਅਜਿਹੇ ਮਾਪਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਸਮਝਦਾਰ ਬੱਚ ਵੀ ਰੋਂਦੇ ਵੇਖੇ ਹਨ। ਕਿਤੇ ਜਵਾਨ ਹੋਏ ਬੱਚੇ ਆਪਣੀ ਤਾਕਤ ਅਤੇ ਮਾਪਿਆਂ ਦੀ ਬੇਵਸੀ ਦਾ ਨਾਜਾਇਜ ਫਾਇਦਾ ਉਠਾਉਂਦਿਆਂ ਆਪਣੀ ਸੋਚ ਅਨੁਸਾਰ ਮਾਪਿਆਂ ਦੀ ਸੋਚ ਦੇ ਰੰਗਾਂ ਨੂੰ ਉਤਾਰ ਰਹੇ ਹਨ, ਅਜਿਹੇ ਬੱਚਿਆਂ ਦੀਆਂ ਵਧੀਕੀਆਂ ਦਾ ਸ਼ਿਕਾਰ ਹੋਏ ਮਾਪੇ ਆਪਣੇ ਹੰਝੂ ਛੁੱਪਾ ਕੇ ਰੋਂਦੇ ਵੀ ਵੇਖੇ ਹਨ, ਜਿੰਨਾ ਦੇ ਬੱਚੇ ਅੱਡ ਹੋਣ ਸਮੇਂ ਮਾਂ ਪਿਓ ਨੂੰ ਇਕੱਠਿਆਂ ਰੋਟੀ ਦੇਣ ਦੀ ਥਾਂ ਜਾਇਦਾਦ ਦੇ ਨਾਲ਼ ਨਾਲ਼ ਉਹਨਾ ਨੂੰ ਵੀ ਅੱਧੋ ਅੱਧ ਵੰਡ ਕੇ ਵੱਖ ਵੱਖ ਕਰਦਿਆਂ ਇਕੱਲੇ ਇਕੱਲੇ ਨੂੰ ਤੜਪ ਤੜਪ ਕੇ ਰੋਣ ਲਈ ਮਜਬੂਰ ਕਰ ਦਿੰਦੇ ਹਨ, ਜਿੱਥੇ ਉਹਨਾ ਦੇ ਕੋਈ ਹੰਝੂ ਪੂੰਝਣ ਵਾਲਾ ਵੀ ਨਹੀਂ ਹੁੰਦਾ, ਅਜਿਹੇ ਮਾਪੇ ਆਪਣੇ ਘਰ ਵਿੱਚ ਹੀ ਕੈਦੀ ਬਣ ਕੇ ਰਹਿ ਜਾਂਦੇ ਹਨ, ਨਾਰੀਨਿਕੇਤਨਾਂ ਵਿੱਚ ਰੁਲ਼ ਰਹੇ ਬੱਚੇ ਅਤੇ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੇ ਮਾਪੇ ਸਾਡੇ ਇਸ ਵਰਤਾਰੇ ਦੀਆਂ ਪਰਤੱਖ ਉਦਾਹਰਣਾ ਹਨ। ਮਾਪੇ ਬੱਚਿਆਂ ਦੀ ਖੁਸ਼ੀ ਲਈ ਹਰ ਸੰਭਵ ਅਸੰਭਵ ਯਤਨ ਕਰਦੇ ਹਨ, ਮਾਪੇ ਆਪਣਾ ਸੁੱਖ ਅਰਾਮ ਤਿਆਗ ਕੇ ਬੱਚਿਆਂ ਦੇ ਵੇਖਣ, ਸੁਣਨ, ਖਾਣ-ਪੀਣ, ਪਹਿਨਣ ਅਤੇ ਰਹਿਣ ਸਹਿਣ ਦੀ ਹਰ ਵਸਤੂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਦੇ, ਇਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਮਾਪਿਆਂ ਨੂੰ ਆਪਣੇ ਮਨ ਪਸੰਦ ਦਾ ਵੇਖਣਾ, ਸੁਣਣਾ, ਖਾਣਾ-ਪੀਣਾ, ਪਹਿਨਣਾ ਅਤੇ ਰਹਿਣਾ ਸਹਿਣਾ ਚੰਗਾ ਨਹੀਂ ਲੱਗਦਾ, ਅਜਿਹਾ ਕੁੱਝ ਚੰਗਾ ਉਹਨਾ ਨੂੰ ਵੀ ਬੱਚਿਆਂ ਵਾਂਗ ਹੀ ਲੱਗਦਾ ਹੁੰਦਾ ਹੈ, ਪਰ ਉਹ ਬੱਚਿਆਂ ਦੀਆਂ ਖੁਸ਼ੀਆਂ ਲਈ ਆਪਣੀਆਂ ਖੁਸ਼ੀਆਂ ਅਤੇ ਪਸੰਦਾਂ ਉੱਤੇ ਕਾਬੂ ਪਾ ਕੇ ਰੱਖਦੇ ਹਨ, ਕਿ ਆਪਣਾ ਤਾਂ ਕੀ ਹੈ, ਪਰ ਇਹ ਚੀਜਾਂ ਬੱਚਿਆਂ ਨੂੰ ਮਿਲਣੀਆਂ ਚਾਹੀਂਦੀਆਂ ਹਨ। ਪਰ ਆਪਣੇ ਬੱਚਿਆਂ ਨੂੰ ਹਰ ਸੈਅ ਮੁਹੱਈਆ ਕਰਵਾਉਣ ਵਾਲੇ ਮਾਪੇ ਅਖੀਰ ਹਰ ਸੈਅ ਤੋਂ ਵਾਂਝੇ ਹੋ ਕੇ ਆਪਣੀ ਜਿੰਦਗੀ ਨੂੰ ਖੁਦ ਲਈ ਨਾ ਜਿਉਣ ਦੇ ਪਛੋਤਾਵੇ ਵਿੱਚ ਬੈਠੇ ਮੌਤ ਦੀ ਉਡੀਕ ਕਰ ਰਹੇ ਹੁੰਦੇ ਹਨ। ਜਿਹੜੇ ਘਰਾਂ ਵਿੱਚ ਮਾਪਿਆਂ ਅਤੇ ਬੱਚਿਆਂ ਦੇ ਰਿਸ਼ਤਿਆਂ ਅਤੇ ਪਿਆਰ ਦੇ ਰੰਗ ਗੂੜ੍ਹੇ ਹਨ, ਜੋ ਇੰਨਸਾਨੀ ਕਦਰਾਂ ਕੀਮਤਾਂ ਨੂੰ ਸਮਝਦੇ ਹਨ, ਉਹਨਾ ਘਰਾਂ ਵਿੱਚ ਨਸ਼ੇ, ਲੜਾਈਆਂ-ਝਗੜੇ, ਕਤਲ ਜਾਂ ਖੁਦਕੁਸੀਆਂ ਜਿਹੀਆਂ ਸਮਾਜਿਕ ਬੁਰਾਈਆਂ ਜਨਮ ਨਹੀਂ ਲੈਂਦੀਆਂ। ਪਰ ਜਿਹੜੇ ਘਰਾਂ ਵਿੱਚ ਇਨਸਾਨੀ ਕਦਰਾਂ ਕੀਮਤਾਂ ਦੀ ਘਾਟ, ਆਪਸੀ ਤਾਲਮੇਲ, ਇੱਕ ਦੂਜੇ ਦੀਆਂ ਸੋਚਾਂ ਅਤੇ ਲੋੜਾਂ ਨੂੰ ਸਮਝਣ, ਸਮਝਾਉਣ ਦੀ ਕਮੀਂ ਹੁੰਦੀ ਹੈ ਉੱਥੇ ਹੀ ਨਸ਼ੇ, ਲੜਾਈਆਂ-ਝਗੜੇ, ਕਤਲ ਜਾਂ ਖੁਦਕੁਸੀਆਂ ਵਰਗੀਆਂ ਭੈੜੀਆਂ ਘਟਨਾਵਾਂ ਵਾਪਰਦੀਆਂ ਹਨ, ਪਰ ਅਫਸੋਸ ਕਿ ਅਸੀਂ ਆਪਣੇ ਅੰਦਰ ਝਾਤੀ ਮਾਰਨ ਜਾਂ ਆਪਣੀਆਂ ਕਮੀਆਂ ਨੂੰ ਸਮਝਣ ਦੀ ਥਾਂ ਸਾਰੇ ਦੋਸ਼ ਸਰਕਾਰਾਂ ਸਿਰ ਮੜ੍ਹ ਕੇ ਆਪ ਸੁਰਖਰੂ ਹੋ ਜਾਂਦੇ ਹਾਂ, ਜਿਸ ਕਾਰਨ ਇਹ ਵਰਤਾਰਾ ਵੱਧ ਰਿਹਾ ਹੈ। ਬੇਸੱਕ ਸਰਕਾਰਾਂ ਵੀ ਆਪਣੀ ਡਿਉਟੀ ਸਹੀ ਨਹੀਂ ਨਿਭਾਅ ਰਹੀਆਂ, ਪਰ ਕੀ ਅਸੀਂ ਆਪਣੇ ਫਰਜਾਂ ਨੂੰ ਸਮਝ ਰਹੇ ਹਾਂ? ਨਹੀਂ। ਸਾਡੇ ਰਿਸ਼ਤਿਆਂ ਅਤੇ ਪਿਆਰ ਦੇ ਰੰਗ ਤਾਂ ਇੰਨੇ ਫਿੱਕੇ ਪੈ ਚੁੱਕੇ ਹਨ ਕਿ ਅਸੀਂ ਸਾਡੀਆਂ ਪਰਿਵਾਰਕ ਕਮੀਆਂ, ਲੜਾਈਆਂ ਝਗੜਿਆਂ ਕਾਰਨ ਛੋਟੇ ਵੱਡਿਆਂ ਵੱਲੋਂ ਕੀਤੀਆਂ ਖੁਦਕੁਸੀਆਂ ਨੂੰ ਬੇਰੁਜਗਾਰੀ ਅਤੇ ਆਰਥਿਕਤਾ ਨਾਲ ਜੋੜ ਕੇ ਉਸ ਦਾ ਵੀ ਮੁੱਲ ਵੱਟ ਲੈਂਦੇ ਹਾਂ। ਇਹ ਹੈ ਸਾਡੇ ਰਿਸਤਿਆਂ, ਪਿਆਰ ਅਤੇ ਸਮਾਜ ਦੀ ਤਰਾਸਦੀ। ਬੱਚਿਓ ਅਤੇ ਮਾਪਿਓ ਸਮਝ ਜਾਓ, ਆਪਣੀਆਂ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੂੰ ਛੱਡ ਕੇ ਆਪਣੇ ਰਿਸ਼ਤਿਆਂ ਅਤੇ ਪਿਆਰ ਨੂੰ ਬਚਾ ਕੇ ਸੋਹਣਾ, ਪਿਆਰਾ ਅਤੇ ਅਜਾਦ ਸਮਾਜ ਸਿਰਜ ਲਓ, ਇਹਨਾ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੇ ਤੁਹਾਡੇ ਕੋਲ ਸੱਭ ਕੁੱਝ ਪੈਸਾ, ਕਾਰਾਂ, ਕੋਠੀਆਂ ਆਦਿ ਹੁੰਦਿਆਂ ਵੀ ਜਿੰਦਗੀ ਦਾ ਅਨੰਦ ਨਹੀਂ ਆਉਣ ਦੇਣਾ। ਇਸ ਲਈ ਆਓ ਅਸੀਂ ਸਾਰੇ ਰਲ਼ ਕੇ ਅਪਣੀਆਂ ਜਿੱਦਾਂ, ਬੰਦਸਾਂ, ਅਖੌਤੀ ਇੱਜਤਾਂ, ਜਾਤਾਂ ਅਤੇ ਧਰਮਾਂ ਨੂੰ ਛੱਡ ਕੇ ਇੱਕ ਦੂਜੇ ਉੱਤੇ ਆਪਣੀ ਸੋਚ ਥੋਪ ਕੇ ਪਿਆਰੇ ਰਿਸ਼ਤਿਆਂ ਦੇ ਰੰਗਾਂ ਨੂੰ ਫਿੱਕਾ ਕਰਕੇ ਨਫਰਤਾਂ ਫੈਲਾਉਣ, ਨਸ਼ੇ ਜਾਂ ਖੁਦਕੁਸ਼ੀਆਂ ਕਰਨ ਦੀ ਥਾਂ ਆਪੋ ਆਪਣੀ ਸੋਚ ਅਨੁਸਾਰ ਜਿੰਦਗੀ ਜਿਉਣ ਲਈ ਇੱਕ ਦੂਜੇ ਦਾ ਸਾਥ ਦੇ ਕੇ ਪਿਆਰੇ ਰਿਸ਼ਤਿਆਂ ਦੇ ਰੰਗਾਂ ਨੂੰ ਹੋਰ ਵੀ ਗੂੜਾ ਕਰੀਏ। ਇੱਥੇ ਮੇਰਾ ਇਹ ਮਤਲਬ ਨਹੀਂ ਹੈ ਕਿ ਸਾਨੂੰ ਇੱਕ ਦੂਜੇ ਦੀ ਗੱਲ ਨਹੀਂ ਮੰਨਣੀ ਚਾਹੀਂਦੀ ਜਾਂ ਆਪੋ ਧਾਪੀ ਕਰਨੀ ਚਾਹੀਂਦੀ ਹੈ, ਨਹੀਂ ਮੈਂ ਤਾਂ ਚਾਹੁੰਦਾ ਹਾਂ ਕਿ ਸਾਨੂੰ ਰਿਸ਼ਤਿਆਂ ਵਿੱਚ ਪਿਆਰ ਕਾਇਮ ਰੱਖਣ ਲਈ ਆਪਣਿਆਂ ਬੱਚਿਆਂ/ਮਾਪਿਆਂ ਦੀਆਂ ਭਾਵਨਾਵਾਂ (ਲੋੜਾਂ ਅਤੇ ਸੋਚਾਂ) ਦਾ ਧਿਆਨ ਰੱਖਦਿਆਂ ਹਰ ਗੱਲ ਤੇ ਆਪਸ ਵਿੱਚ ਮਿਲ ਬੈਠ ਕੇ ਵਿਚਾਰ ਕਰਨੀ ਚਾਹੀਂਦੀ ਹੈ, ਕਿਸੇ ਦੀ ਗੱਲ ਨੂੰ ਵੱਡਿਆਂ ਜਾਂ ਛੋਟਿਆਂ ਦੀ ਇੱਜਤ ਦਾ ਸਵਾਲ ਬਣਾਉਣ ਜਾਂ ਦੂਜੇ ਦੀ ਜਿੰਦਗੀ ਵਿੱਚ ਰੁਕਾਵਟ ਪਾਉਣ ਦੀ ਥਾਂ ਸਹਿਯੋਗ ਦੇਣਾ ਚਾਹੀਂਦਾ ਹੈ, ਬੇਸ਼ੱਕ ਕਾਨੂੰਨ ਨੇ ਸਾਨੂੰ ਸੱਭ ਨੂੰ ਅਜਿਹੇ ਹੱਕ ਦਿੱਤੇ ਹੋਏ ਹਨ, ਕਿ ਕੋਈ ਕਿਸੇ ਦੀ ਨਿੱਜੀ ਜਿੰਦਗੀ ਵਿੱਚ ਦਖਲ ਨਹੀਂ ਦੇ ਸਕਦਾ, ਪਰ ਜੇ ਉਹ ਜਾਇਜ ਹੱਕ ਵੀ ਅਸੀਂ ਆਪਸ ਵਿੱਚ ਲੜ ਕੇ, ਰਿਸ਼ਤੇ ਅਤੇ ਪਿਆਰ ਗਵਾ ਕੇ ਪ੍ਰਾਪਤ ਕੀਤੇ ਫਿਰ ਵੀ ਕੀ ਫਾਇਦਾ ਹੋਇਆ, ਕਿੰਨਾ ਚੰਗਾ ਹੋਵੇ ਕਿ ਜੇ ਅਸੀਂ ਇੱਕ ਦੂਜੇ ਤੋਂ ਹੱਕ ਲੈਣ ਲਈ ਲੜ ਕੇ ਹੱਥ ਉਠਾਉਣ ਦੀ ਥਾਂ, ਇੱਕ ਦੂਜੇ ਨੂੰ ਉਸ ਦੇ ਹੱਕ ਦੇਣ ਲਈ ਪਿਆਰ ਨਾਲ ਹੱਥ ਅੱਗੇ ਵਧਾਈਏ, ਫਿਰ ਉਹਨਾ ਉੱਠੇ ਹੱਥਾਂ ਵਿੱਚੋਂ ਨਫਰਤ ਦੀ ਥਾਂ ਸਾਡੇ ਰਿਸ਼ਤਿਆਂ ਦਾ ਪਿਆਰ ਝੱਲਕੇਗਾ ਅਤੇ ਸਾਡਾ ਸਾਰਾ ਸਮਾਜ ਹੀ ਪਿਆਰ ਦੇ ਗੂੜੇ ਰੰਗ ਵਿੱਚ ਰੰਗਿਆ ਜਾਵੇਗਾ।
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911
e-mail : harlajsingh7@gmail.com
ਭਖਦਾ ਮਸਲਾ : ਕੀ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣੀ ਸਿੱਖ ਰਹਿਤ ਮਰਯਾਦਾ ਦੇ ਵਿਰੁੱਧ ਹੈ ? - ਹਰਲਾਜ ਸਿੰਘ ਬਹਾਦਰਪੁਰ
ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਰਾਹੀਂ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੇਣ ਦੀ ਆਗਿਆ ਦੇਣ ਦਾ ਮਤਾ ਪਾਸ ਕਰਨਾ ਕੋਈ ਨਵੀਂ ਜਾਂ ਮਾੜੀ ਗੱਲ ਨਹੀਂ ਹੈ, ਇਹ ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਦੀ ਹੀ ਪ੍ਰੋੜਤਾ ਕੀਤੀ ਗਈ ਹੈ। ਸਾਨੂੰ ਅਫਸੋਸ ਹੋਣਾ ਚਾਹੀਂਦਾ ਸੀ ਕਿ ਜੋ ਸਿੱਖੀ ਅਸੂਲਾਂ ਨੂੰ ਅਸੀਂ ਭੁੱਲਾ ਰਹੇ ਸੀ ਸਰਕਾਰ ਨੂੰ ੳਹਨਾ ਪ੍ਰਤੀ ਸਾਨੂੰ ਸੁਚੇਤ ਕਰਵਾਉਣ ਲਈ ਮਤਾ ਪਾਸ ਕਰਨਾ ਪਿਆ, ਪਰ ਸਿੱਖੀ ਭੇਖ ਵਿੱਚ ਛੁੱਪੇ ਸਿੱਖੀ ਦੇ ਦੁਸ਼ਮਣਾਂ ਨੂੰ ਇਸ ਚੰਗੇ ਫੈਂਸਲੇ ਨਾਲ ਖੁਸ਼ੀ ਦੀ ਥਾਂ ਅੱਗ ਲੱਗ ਚੁੱਕੀ ਹੈ। ਸਾਨੂੰ ਇਸ ਫੈਂਸਲੇ ਦਾ ਸਵਾਗਤ ਕਰਦਿਆਂ ਇਸ ਨੂੰ ਤੁਰੰਤ ਲਾਗੂ ਕਰਨਾ ਚਾਹੀਂਦਾ ਹੈ, ਅਤੇ ਸਿੱਖ ਬੀਬੀਆਂ ਤੋਂ ਮੁਆਫੀ ਵੀ ਮੰਗਣੀ ਚਾਹੀਂਦੀ, ਕਿਉਂਕਿ ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਦੇ ਉਲਟ ਹੁਣ ਤੱਕ ਸਿੱਖ ਬੀਬੀਆਂ ਨੂੰ ਉਹਨਾ ਦੇ ਹੱਕਾਂ ਤੋਂ ਵਾਝਾਂ ਰੱਖਿਆ ਗਿਆ ਹੈ, ਮੈਂ ਤਾਂ ਚਾਹੁੰਦਾ ਹਾਂ ਕਿ ਜੋ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਤੋਂ ਅਯੋਗ ਸਮਝਦੇ ਹਨ ਉਹਨਾ ਉੱਤੇ ਮਾਨਹਾਨੀ ਦੇ ਪ੍ਰਚੇ ਦਰਜ ਹੋਣੇ ਚਾਹੀਂਦੇ ਹਨ। 73-74 ਸਾਲਾਂ ਤੋਂ ਲਗਾਤਾਰ ਛਪ ਰਹੀ ਸਿੱਖ ਰਹਿਤ ਮਰਯਾਦਾ ਨਾਂ ਦੀ ਛੋਟੀ ਜਿਹੀ ਪੁਸਤਕ ਵਿੱਚ ਸਿੱਖ ਪੰਥ ਲਈ ਕੁੱਝ ਹਦਾਇਤਾਂ/ਨਿਯਮ ਦਰਜ ਹਨ ਕਿ ਸਿੱਖ ਨੇ ਕੀ ਕਰਨਾ ਅਤੇ ਕੀ ਨਹੀਂ ਕਰਨਾ। ਇਸ ਸਿੱਖ ਰਹਿਤ ਮਰਯਾਦਾ ਦੇ ਪੰਨਾ ਨੰ: 8 ਤੇ ਸਿੱਖ ਦੀ ਤਾਰੀਫ ਦੇ ਨਾਂ ਹੇਠ ਦਰਜ ਹੈ ਕਿ :- ਜੋ ਇਸਤਰੀ ਜਾਂ ਪੁਰਖ ਇੱਕ ਅਕਾਲ ਪੁਰਖ, ਦਸ ਗੁਰੂ ਸਹਿਬਾਨ (ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ), ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਸਿੱਖਿਆ ਅਤੇ ਦਸਮੇਸ਼ ਜੀ ਦੇ ਅੰਮ੍ਰਿਤ ਉੱਤੇ ਨਿਸ਼ਚਾ ਰੱਖਦਾ ਅਤੇ ਕਿਸੇ ਹੋਰ ਧਰਮ ਨੂੰ ਨਹੀਂ ਮੰਨਦਾ, ਉਹ ਸਿੱਖ ਹੈ। ਅੱਗੇ ਪੰਨਾ ਨੰਬਰ 15 ਉੱਤੇ ਕੀਰਤਨ ਸਿਰਲੇਖ ਹੇਠ ਲਿਖਿਆ ਹੈ ਕਿ ਸੰਗਤ ਵਿੱਚ ਕੀਰਤਨ ਕੇਵਲ ਸਿੱਖ ਹੀ ਕਰ ਸਕਦਾ ਹੈ, ਸਪਸਟ ਹੈ ਕਿ ਸਿੱਖ ਸਬਦ ਇਸਤਰੀ ਅਤੇ ਪੁਰਸ਼ ਦੋਹਾਂ ਲਈ ਵਰਤਿਆ ਗਿਆ ਹੈ। ਅੰਮ੍ਰਿਤ ਸੰਸਕਾਰ ਦੇ ਨਾਂ ਹੇਠ ਪੰਨਾ ਨੰ: 24 ਤੇ ਸਪੱਸ਼ਟ ਲਿਖਿਆ ਹੈ ਕਿ ਅੰਮ੍ਰਿਤ ਛਕਾਉਣ ਲਈ ਸਿੰਘਾਂ ਦੇ ਨਾਲ ਸਿੰਘਣੀਆਂ ਵੀ ਸ਼ਾਮਿਲ ਹੋ ਸਕਦੀਆਂ ਹਨ। ਸਿੱਖ ਰਹਿਤ ਮਰਯਾਦਾ ਦੇ ਨਿਯਮ ਇਸਤਰੀ ਅਤੇ ਪੁਰਖ ਲਈ ਵੱਖੋ-ਵੱਖ ਨਹੀਂ ਹਨ। ਇਸ ਵਿੱਚ ਦਰਜ ਰਹਿਤਾਂ ਅਤੇ ਕੁਰਹਿਤਾਂ ਹਰ ਸਿੱਖ (ਇਸਤਰੀ/ਪੁਰਸ਼) ਲਈ ਇੱਕਸਾਰ ਹਨ। ਕਿਉਂਕਿ ਗੁਰਮਤਿ ਦੇ ਅਸੂਲ ਹੀ ਪ੍ਰਾਣੀ ਮਾਤਰ ਲਈ ਬਰਾਬਰ ਹਨ। ਇਸਤਰੀ ਨੂੰ ਸਾਰੇ ਹੀ ਧਰਮ/ਮੱਤਾਂ ਵੱਲੋਂ ਨੀਵਾਂ ਦਰਜਾ ਦਿੱਤਾ ਹੋਇਆ ਸੀ ।ਕਹੇ ਜਾਂਦੇ ਸਿੱਖ ਮੱਤ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ :- ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਪੰਨਾ ਨੰ: 473) ਵਾਲੇ ਸ਼ਬਦ ਰਾਹੀਂ ਇਸਤਰੀ ਦੀ ਨਿਰਾਦਰੀ ਦੇ ਵਿੱਰੁਧ ਅਤੇ ਇਸਤਰੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਦਿਆਂ ਇਸਤਰੀ ਦੇ ਸਮਾਜਿਕ ਯੋਗਦਾਨ ਦੀ ਹਮਾਇਤ ਕੀਤੀ ਅਤੇ ਉਸ ਸਮੇਂ ਦੇ ਧਾਰਮਿਕ ਆਗੂਆਂ ਨੂੰ ਸਮਝਾਇਆ ਸੀ ਕਿ ਜਿਸ ਇਸਤਰੀ ਨੂੰ ਤੁਸੀਂ ਨੀਚ ਸਮਝਦੇ ਹੋ ਇਸ ਇਸਤਰੀ ਤੋਂ ਬਿਨ੍ਹਾਂ ਸੰਸਾਰਿਕ ਵਿਹਾਰ ਦੀ ਕਲਪਨਾ ਵੀ ਨਹੀਂ ਹੋ ਸਕਦੀ। ਵੱਡੇ-ਵੱਡੇ ਮਹਾਪੁਰਸ਼ ਅਤੇ ਰਾਜੇ ਵੀ ਇਸਤਰੀ ਦੀ ਕੁੱਖ ਤੋਂ ਹੀ ਪੈਦਾ ਹੁੰਦੇ ਹਨ। ਫਿਰ ਬੀਬੀਆਂ ਨੂੰ ਬਰਾਬਰਤਾ ਦੇਣੀ ਗੁਰਮਤਿ ਦੇ ਵਿਰੁੱਧ ਕਿਵੇਂ ਹੋਈ ? ਇਸ ਲਈ ਸਿੱਖ ਬੀਬੀਆਂ ਨੂੰ ਬਰਾਬਰਤਾ ਦੇਣ ਲਈ ਅਜੋਕੇ ਸੰਤਾਂ, ਜਥੇਦਾਰਾਂ, ਲੀਡਰਾਂ, (ਜੋ ਇਸ ਬਰਾਬਰਤਾ ਦਾ ਵਿਰੋਧ ਕਰ ਰਹੇ ਹਨ) ਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ, ਕਿਉਂਕਿ ਇਹ ਬਰਾਬਰਤਾ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਦੇ ਦਿੱਤੀ ਸੀ। ਇਸਤਰੀ ਅਤੇ ਪੁਰਸ਼ ਦੋਵੇਂ ਹੀ ਇੱਕ ਸਿੱਕੇ ਦੇ ਦੋ ਪਹਿਲੂ ਹਨ। ਇਸਤਰੀ ਅਤੇ ਪੁਰਸ਼ ਦੋਵੇਂ ਰਲ ਕੇ ਹੀ ਇੱਕ ਸੰਪੂਰਨ ਮਨੁੱਖ ਕਹਾ ਸਕਦੇ ਹਨ। ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ ॥ (ਪੰਨਾ ਨੰ: 788) ਵਾਲਾ ਸ਼ਬਦ ਵੀ ਇਸਤਰੀ ਅਤੇ ਪੁਰਸ਼ ਦੇ ਇੱਕ ਹੋਣ ਦਾ ਹੀ ਪ੍ਰਮਾਣ ਦੇ ਰਿਹਾ ਹੈ। ਮਾਈ ਭਾਗ ਕੌਰ (ਮਾਈ ਭਾਗੋ) ਜਿਹੀਆਂ ਸਿੱਖ ਬੀਬੀਆਂ 40-40 ਸਿੰਘਾਂ ਦੇ ਜਥੇ ਦੀ ਅਗਵਾਈ ਕਰ ਸਕਦੀਆਂ ਹਨ, ਆਪਣੇ ਬੱਚਿਆਂ ਦੇ ਟੋਟੇ ਕਰਵਾ ਕੇ ਗਲਾਂ ਵਿੱਚ ਹਾਰ ਪਵਾ ਸਕਦੀਆਂ ਹਨ ਅਤੇ ਹੋਰ ਵੀ ਅਜਿਹੀਆਂ ਅਨੇਕਾਂ ਘਟਨਾਵਾਂ ਹਨ ਜਿੰਨ੍ਹਾਂ ਰਾਹੀਂ ਸਿੱਖ ਬੀਬੀਆਂ ਨੇ ਆਪਣੇ ਸਿੱਖ ਭਰਾਵਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਪੰਥ ਲਈ ਕੁਰਬਾਨੀਆਂ ਕੀਤੀਆਂ ਅਤੇ ਤਸੀਹੇ ਝੱਲੇ ਹਨ। ਨਾਲੇ ਫਿਰ ਜਦੋਂ ਸਾਰੇ ਨਿਯਮ (ਅਸੂਲ) ਮਰਦਾਂ ਵਾਲੇ ਸਿੱਖ ਇਸਤਰੀਆਂ ਤੇ ਲਾਗੂ ਹੁੰਦੇ ਹਨ। ਫਿਰ ਇਹ ਦੋ ਕਾਰਜਾਂ (ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ) ਲਈ ਬੀਬੀਆਂ ਤੇ ਪਾਬੰਦੀ ਕਿਉਂ ? ਜਦੋਂ ਕਿ ਸਿੱਖ ਬੀਬੀਆਂ ਅੰਮ੍ਰਿਤਧਾਰੀ ਹੋ ਕੇ ਸਿੱਖ ਰਹਿਤ ਮਰਯਾਦਾ ਤੇ ਪਹਿਰਾ ਦਿੰਦੀਆਂ ਹੋਈਆਂ ਹੋਰ ਗੁਰੂ ਘਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਪਾਠ ਅਤੇ ਕੀਰਤਨ ਕਰ ਸਕਦੀਆਂ ਹਨ, ਫਿਰ ਦਰਬਾਰ ਸਾਹਿਬ ਲਈ ਇਹ ਵਿਖਰੇਵਾਂ ਕਿਉਂ ? ਜੇਕਰ ਸਿੱਖ ਵੀ ਬੀਬੀਆਂ ਨੂੰ ਇੰਨੀਆਂ ਹੀ ਅਪਵਿੱਤਰ ਮੰਨਦੇ ਹਨ ਕਿ ਉਹਨਾਂ ਦੇ ਕੀਰਤਨ ਕਰਨ ਨਾਲ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਹੁੰਦੀ ਹੈ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ ਨਾਲ ਅੰਮ੍ਰਿਤ, ਅੰਮ੍ਰਿਤ ਨਹੀਂ ਰਹਿ ਜਾਂਦਾ ਤਾਂ ਫਿਰ ਇਹਨਾਂ ਅਪਵਿੱਤਰ ਇਸਤਰੀਆਂ ਨੂੰ ਨਾ ਤਾਂ ਦਰਬਾਰ ਸਾਹਿਬ ਵਿੱਚ ਦਾਖਿਲ ਹੋਣ ਦੇਣਾ ਚਾਹੀਦਾ ਹੈ ਅਤੇ ਨਾ ਹੀ ਇਹਨਾਂ ਨੂੰ ਅੰਮ੍ਰਿਤ ਛਕਾਉਣਾ ਚਾਹੀਦਾ ਹੈ। ਨਾਲੇ ਫਿਰ ਅਪਵਿੱਤਰ ਇਸਤਰੀ ਦੇ ਅਪਵਿੱਤਰ ਖੂਨ ਤੋਂ ਪੈਦਾ ਹੋਇਆ ਮਰਦ ਆਪਣੇ ਆਪ ਨੂੰ ਕਿਵੇਂ ਪਵਿੱਤਰ ਕਹਾ ਸਕਦਾ ਹੈ। ਵਾਹ ਕੈਸੀ ਕਮਾਲ ਦੀ ਗੱਲ ਹੈ ! ਸਮਝ ਨਹੀਂ ਆਉਂਦੀ ਇਹਨਾਂ ਪਵਿੱਤਰ ਮਹਾਂਪੁਰਸ਼ਾਂ ਦੀ ਰੂੜ੍ਹੀਵਾਦੀ ਸੋਚ ਦੀ । ਇਹਨਾਂ ਨੂੰ ਇਹ ਨਹੀਂ ਪਤਾ ਕਿ ਸਿੱਖ ਧਰਮ ਵੱਚ ਇਹੀ ਵਿਲੱਖਣਤਾ ਅਤੇ ਵਿਸ਼ਾਲਤਾ ਹੈ ਕਿ ਕਿਸੇ ਵੀ ਧਰਮ, ਜਾਤ, ਨਸਲ ਜਾਂ ਦੇਸ਼ ਦਾ ਮਨੁੱਖ (ਇਸਤਰੀ ਜਾਂ ਪੁਰਸ਼) ਖੰਡੇ ਦੀ ਪਹੁਲ ਛਕ ਕੇ ਗੁਰਮਤਿ ਨੂੰ ਸਮਰਪਿਤ ਹੋ ਕੇ ਸਿੱਖ ਪੰਥ ਦਾ ਮੈਂਬਰ (ਸਿੱਖ) ਬਣ ਸਕਦਾ ਹੈ ਅਤੇ ਸਿੱਖੀ ਦੀ ਹਰ ਰਹੁ ਰੀਤ ਵਿੱਚ ਸ਼ਾਮਿਲ ਹੋ ਸਕਦਾ ਹੈ। ਇੱਕ ਪਾਸੇ ਤਾਂ ਅਸੀਂ ਹੋਰਨਾਂ ਧਰਮਾਂ, ਜੋ ਇਸਤਰੀ ਨੂੰ ਨੀਵਾਂ ਸਮਝਦੇ ਹਨ ਤੇ ਕਿੰਤੂ ਪ੍ਰੰਤੂ ਕਰਦੇਨਹੀਂਥੱਕਦੇ ਅਤੇ ਇਸਤਰੀ ਨੂੰ ਬਰਾਬਰਤਾ ਦੇਣ ਵਾਲੇ ਸਿੱਖੀ ਦੇ ਗੁਣ ਦੇ ਸੋਹਲੇ ਗਾ ਗਾ ਕੇ ਆਪਣੇ ਆਪ ਨੂੰ ਅਗਾਂਹਵਧੂ ਅਤੇ ਵਿਗਿਆਨਕ ਧਰਮ ਦੇ ਪੈਰੋਕਾਰ ਹੋਣ ਦਾ ਡਰਾਮਾ ਕਰ ਰਹੇ ਹਾਂ, ਪਰ ਜੇ ਸਿੱਖ ਬੀਬੀਆਂ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਜਾਂ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਪੰਜਾਂ ਪਿਆਰਿਆਂ ਵਿੱਚ ਸ਼ਾਮਿਲ ਹੋਣ ਦੀ ਮੰਗ ਕਰਨ ਤਾਂ ਇਸ ਨੂੰ ਸਿੱਖ ਰਹਿਤ ਮਰਯਾਦਾ ਦੇ ਉਲਟ ਹੋਣ ਦਾ ਸ਼ੋਰ ਪਾ ਕੇ ਇਸਦਾ ਵਿਰੋਧ ਕਰਨ ਲੱਗ ਜਾਂਦੇ ਹਾਂ। ਜਦਕਿ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਨਾ ਕਰਨ ਦੇਣਾ ਅਤੇ ਪੰਜ ਪਿਆਰਿਆਂ ਵਿੱਚ ਸ਼ਾਮਿਲ ਨਾ ਕਰਨਾ ਹੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਦੇ ਉਲਟ ਹੈ। ਦੁੱਖ ਦੀ ਗੱਲ ਇਹ ਹੈ ਕਿ ਜਿੰਨ੍ਹਾਂ ਡੇਰੇਦਾਰਾਂ, ਅਖੌਤੀ ਸੰਤਾਂ ਨੇ ਕਦੇ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਮੰਨਿਆ ਹੀ ਨਹੀਂ, ਉਹੀ ਲੋਕ (ਆਰ.ਐਸ.ਐਸ. ਦੇ ਹੱਥ ਠੋਕੇ) ਗੁਰਮਤਿ ਅਨੁਸਾਰੀ ਫੈਸਲਿਆਂ ਦੇ ਵਿਰੋਧ ਵਿੱਚ ਕਾਵਾਂਰੌਲੀ ਪਾ ਦਿੰਦੇ ਹਨ। ਇਹ ਓਹੀ ਲੋਕ ਹਨ ਜੋ ਕਦੇ ਪੂਰਨ ਸਿੰਘ ਦੇ ਰੂਪ ਵਿੱਚ ਮੱਧ ਪ੍ਰਦੇਸ਼ ਦੇ ਸ਼ਹਿਰ ਗੁਨਾ ਦੇ ਪੀ.ਸੀ.ਓ. ਤੋਂ ਹੁਕਮਨਾਮੇ ਜਾਰੀ ਕਰਦੇ ਹਨ, ਕਦੇ ਗੁਰਬਚਨ ਸਿੰਘ ਦੇ ਰੂਪ ਵਿੱਚ ਸਿੱਖ ਕੌਮ ਦੀ ਵੱਖਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਖਤਮ ਕਰ ਦਿੰਦੇ ਹਨ, ਕਦੇ ਗੁਰੂ ਗੋਬਿੰਦ ਸਿੰਘ ਜੀ ਨੂੰ ਅਪਮਾਨਿਤ ਕਰਨ ਵਾਲੀ ਅਸ਼ਲੀਲ ਕਵਿਤਾ ਤ੍ਰਿਆ ਚਰਿਤ੍ਰਾਂ ਦਾ ਵਿਰੋਧ ਕਰਨ ਵਾਲੇ ਪ੍ਰੋ: ਦਰਸ਼ਨ ਸਿੰਘ ਨੂੰ ਪੰਥ ਵਿੱਚੋਂ ਛੇਕਣ ਦੀ ਘਿਨੋਣੀ ਕਾਰਵਾਈ ਕਰਦੇ ਹਨ। ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਨੂੰ ਇਹ ਲਾਗੂ ਹੋਣ ਹੀ ਨਹੀਂ ਦਿੰਦੇ। ਬੇਸ਼ੱਕ ਸ਼੍ਰੋ:ਗੁ:ਪ੍ਰ:ਕਮੇਟੀ ਲੱਖਾਂ ਰੁਪਏ ਬਰਬਾਦ ਕਰਕੇ ਸਿੱਖ ਰਹਿਤ ਮਰਯਾਦਾ ਦੀਆਂ ਕਾਪੀਆਂ ਮੁਫਤ ਵੰਡਦੀ ਹੈ, ਪਰ ਇਹ ਮਰਯਾਦਾ ਦਰਬਾਰ ਸਾਹਿਬ ਅਤੇ ਅਕਾਲ ਤਖਤ ਤੇ ਵੀ ਲਾਗੂ ਨਹੀਂ ਹੈ। ਜੇ ਇਸ ਰਹਿਤ ਮਰਯਾਦਾ ਨੂੰ ਲਾਗੂ ਹੀ ਨਹੀਂ ਕਰਨਾ ਤਾਂ ਫਿਰ ਇਸ ਨੂੰ ਛਾਪਣ ਤੇ ਲੱਖਾਂ ਰੁਪਿਆ ਕਿਉਂ ਬਰਬਾਦ ਕੀਤਾ ਜਾ ਰਿਹਾ ਹੈ ? ਕਹਿੰਦੇ ਕਹਾਉਂਦੇ ਸਿੱਖਾਂ ਦੇ ਬੱਚੇ (ਸਿੱਖ) ਕੇਸ ਕਤਲ ਕਰਵਾ ਰਹੇ ਹਨ, ਤੰਬਾਕੂ, ਸ਼ਰਾਬ ਆਦਿ ਹਰ ਤਰ੍ਹਾਂ ਦੇ ਨਸ਼ਿਆਂ ਦੀ ਵਰਤੋਂ ਅਤੇ ਬਲੈਕ ਕਰ ਰਹੇ ਹਨ। ਗੁਰਦੁਆਰਿਆਂ, ਡੇਰਿਆਂ 'ਚ ਬਲਾਤਕਾਰ ਹੋ ਰਹੇ ਹਨ, ਗੁਰਬਾਣੀ ਦੇ ਪਾਠ ਮੰਤਰਾਂ ਵਾਂਗ ਤੋਤਾ ਰਟਣੀ ਰਾਹੀਂ ਸੌ-ਸੌ ਗੁਰੂ ਗ੍ਰੰਥ ਸਾਹਿਬ ਇੱਕਠੇ ਪ੍ਰਕਾਸ਼ ਕਰਕੇ ਹੋ ਰਹੇ ਹਨ। ਮਰੇ ਹੋਏ ਪ੍ਰਾਣੀਆਂ ਦੇ ਫੁੱਲ ਚੁਗ ਕੇ ਗੰਗਾ ਦੀ ਨਕਲ ਤੇ ਗੁਰੂ ਘਰਾਂ ਵਿੱਚ ਪਾਏ ਜਾ ਰਹੇ ਹਨ। ਗੁਰੂ ਘਰਾਂ ਵਿੱਚ ਪੁੱਛਾਂ, ਧਾਗੇ ਤਬੀਤ ਦਿੱਤੇ ਜਾ ਰਹੇ ਹਨ। ਬ੍ਰਾਹਮਣਾਂ ਵਾਂਗ ਗੁਰੂ ਘਰਾਂ ਵਿੱਚ ਵੀ ਸ਼ਰਾਧ ਖਵਾਏ ਜਾ ਰਹੇ ਹਨ। ਡੇਰੇਦਾਰਾਂ ਵੱਲੋਂ ਸਿੱਖ ਰਹਿਤ ਮਰਯਾਦਾ ਨੂੰ ਚੁਣੌਤੀ ਦੇ ਕੇ ਆਪੋ-ਆਪਣੇ ਡੇਰਿਆਂ ਦੀਆਂ ਵੱਖੋ-ਵੱਖਰੀਆਂ ਮਰਯਾਦਾ ਚਾਲੂ ਕੀਤੀਆਂ ਹੋਈਆਂ ਹਨ, ਕੀ ਇਹ ਸਿੱਖ ਰਹਿਤ ਮਰਯਾਦਾ ਦੀ ਉਲੰਘਣਾ ਨਹੀਂ ? ਸਿੱਖ ਮੱਤ ਵਿੱਚ ਡੇਰਾਵਾਦ ਦਾ ਜਾਲ ਅਮਰਵੇਲ ਵਾਂਗ ਫੈਲ ਰਿਹਾ ਹੈ। ਜੋ ਪੰਥ ਲਈ ਘਾਤਕ ਸਿੱਧ ਹੋ ਰਿਹਾ ਹੈ ਅਤੇ ਅੱਗੇ ਨੂੰ ਹੋਰ ਵੀ ਹੋਵੇਗਾ। ਸਿੱਖ ਪੰਥ ਨੇ ਕੁਰਬਾਨੀਆਂ ਕਰਕੇ ਮਹੰਤਾਂ ਤੋਂ ਗੁਰੂ ਘਰਾਂ ਨੂੰ ਅਜਾਦ ਕਰਵਾਇਆ ਸੀ ਤਾਂ ਇਹ ਸ਼੍ਰੋ:ਗੁ:ਪ੍ਰ:ਕਮੇਟੀ ਹੋਂਦ ਵਿੱਚ ਆਈ ਸੀ। ਪਰ ਅੱਜ ਫਿਰ ਡੇਰਾਵਾਦ ਦੇ ਵੱਧਦੇ ਪ੍ਰਭਾਵ ਕਾਰਨ ਉਹੀ ਮਹੰਤੀ ਸੋਚ ਇੰਨੀ ਭਾਰੂ ਹੋ ਚੁੱਕੀ ਹੈ, ਜੋ ਕਿਸੇ ਗੁਰਮਤਿ ਅਨੁਸਾਰ ਲਏ ਫੈਸਲੇ ਨੂੰ ਵੀ ਰਹਿਤ ਮਰਯਾਦਾ ਦੇ ਉਲਟ ਕਹਿ ਕੇ ਕਾਵਾਂ ਰੌਲੀ ਪਾ ਦਿੰਦੀ ਹੈ ਅਤੇ ਆਪਣੇ ਗੁਰਮਤਿ ਵਿਰੋਧੀ ਫੈਸਲਿਆਂ ਨੂੰ ਸ਼੍ਰੋ:ਗੁ:ਪ੍ਰ:ਕਮੇਟੀ ਅਤੇ ਅਕਾਲ ਤਖਤ ਸਾਹਿਬ ਰਾਹੀਂ ਲਾਗੂ ਕਰਵਾ ਦਿੰਦੀ ਹੈ। ਸਿੱਖ ਧਰਮ ਉੱਤੇ ਭਾਰੂ ਪੈ ਰਹੀ ਬ੍ਰਾਹਮਣਵਾਦੀ ਸੋਚ ਨੂੰ ਜੇ ਅਸੀਂ ਨਾ ਸਮਝੇ ਤਾਂ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਦੀ ਆਗਿਆ ਦੇਣੀ ਤਾਂ ਦੂਰ ਰਹੀ, ਬੀਬੀਆਂ ਨੂੰ ਤਾਂ ਐਸਾ ਕਲੰਕਿਤ ਕੀਤਾ ਜਾਣਾ ਹੈ ਕਿ ਇਹ ਤਾਂ ਕਿਸੇ ਨੂੰ ਮੂੰਹ ਵਿਖਾਉਣ ਜੋਗੀਆਂ ਵੀ ਨਹੀਂ ਰਹਿਣੀਆਂ। ਕਿਉਂਕਿ ਸਿੱਖੀ ਭੇਖ ਵਿੱਚ ਵਿਚਰ ਰਹੀ ਡੇਰਾਵਾਦੀ ਸੋਚ ਨੇ ਇਸਤਰੀ ਨੂੰ ਅਤਿ ਘਟੀਆ ਦਰਜੇ ਦੀ ਬਦਚਲਨ ਪੇਸ਼ ਕਰਨ ਵਾਲੇ ਅਖੌਤੀ ਦਸ਼ਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਅਖੌਤੀ ਦਸ਼ਮ ਗ੍ਰੰਥ ਵਿੱਚ ਇਸਤਰੀ ਦੀ ਇੰਨੀ ਤੌਹੀਨ ਕੀਤੀ ਗਈ ਹੈ ਕਿ ਜੋ ਲੋਕ ਇਸ ਨੂੰ ਪੜ੍ਹ ਕੇ ਸੱਚ ਮੰਨ ਲੈਣਗੇ, ਉਹ ਇਸਤਰੀ ਉੱਪਰ ਵਿਸ਼ਵਾਸ਼ ਹੀ ਨਹੀਂ ਕਰ ਸਕਣਗੇ। ਜੇ ਕਿਸੇ ਨੂੰ ਇਸ ਗੱਲ ਉੱਪਰ ਸ਼ੱਕ ਹੋਵੇ (ਖਾਸ ਕਰਕੇ ਬੀਬੀਆਂ ਨੂੰ) ਤਾਂ ਉਹ ਅਖੌਤੀ ਦਸ਼ਮ ਗ੍ਰੰਥ ਦੇ ਵਿੱਚ ਲਿਖੇ ਹੋਏ ਇਸਤਰੀਆਂ ਦੇ ਸਬੰਧੀ 400 ਤੋਂ ਵੱਧ ਚਰਿਤ੍ਰ ਪੜ੍ਹ ਕੇ ਵੇਖ ਲੈਣ। ਇਸ ਲਈ ਸਿੱਖ ਬੀਬੀਆਂ ਨੂੰ ਚਾਹੀਦਾ ਹੈ ਕਿ ਉਹ ਗੁਰਮਤਿ ਤੇ ਪਹਿਰਾ ਦਿੰਦੀਆਂ ਹੋਈਆਂ ਗੁਰੂ ਨਾਨਕ ਵੱਲੋਂ ਦਿੱਤੇ ਬਰਾਬਰਤਾ ਦੇ ਹੱਕ ਦੀ ਭੀਖ ਮੰਗਣ ਦੀ ਵਜਾਏ ਮੈਦਾਨ ਵਿੱਚ ਨਿਤਰਣ ਅਤੇ ਜੱਥਿਆਂ ਦੇ ਰੂਪ ਵਿੱਚ ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਜਾਣ, ਜਦੋਂ ਬੀਬੀਆਂ ਨੂੰ ਇਹ ਧਰਮ ਦੇ ਠੇਕੇਦਾਰ ਕੀਰਤਨ ਕਰਨ ਤੋਂ ਰੋਕਣਗੇ ਤਾਂ ਸਾਰੀ ਦੁਨੀਆਂ ਵੇਖਗੀ ਕਿ ਆਪਣੇ ਆਪ ਨੂੰ ਅਗਾਂਹਵਧੂ ਅਤੇ ਵਿਗਿਆਨਕ ਧਰਮ ਦੇ ਪਹਿਰੇਦਾਰ ਕਹਾਉਣ ਵਾਲੇ, ਜੋ ਸਿੱਖ ਧਰਮ ਵਿੱਚ ਔਰਤਾਂ ਨੂੰ ਬਰਾਬਰਤਾ ਦੇਣ ਦੇ ਦਮਗਜੇ ਮਾਰਦੇ ਹਨ ਉਹ ਅੱਜ ਔਰਤਾਂ (ਜੋ ਸਿੱਖੀ ਰਹਿਤ ਵਿੱਚ ਪਰਪੱਕ ਹਨ) ਨੂੰ ਕੀਰਤਨ ਕਿਉਂ ਨਹੀਂ ਕਰਨ ਦਿੰਦੇ। ਜਦੋਂਕਿ ਗੁਰਬਾਣੀ ਅਤੇ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਇਸਤਰੀ ਨੂੰ ਬਰਾਬਰਤਾ ਦਾ ਦਰਜਾ ਦਿੱਤਾ ਗਿਆ ਹੈ। ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਅਤੇ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਪੰਜ ਪਿਆਰਿਆਂ ਵਿੱਚ ਸ਼ਾਮਿਲ ਹੋਣ ਦਾ ਅਪਣਾ ਹੱਕ ਪ੍ਰਾਪਤ ਕਰਨ ਦੇ ਨਾਲ-ਨਾਲ ਇਸਤਰੀ ਨੂੰ ਅਤਿ ਘਟੀਆ ਦਰਜੇ ਦੀ ਬਦਚਲਨ ਪੇਸ਼ ਕਰਨ ਵਾਲੇ ਅਖੌਤੀ ਦਸ਼ਮ ਗ੍ਰੰਥ ਦਾ ਵੀ ਵਿਰੋਧ ਕਰਨਾ ਚਾਹੀਦਾ ਹੈ।ਸਿੱਖ ਬੀਬੀਆਂ ਨੂੰ ਚਾਹੀਂਦਾ ਹੈ, ਕਿ ਉਹ ਸਿੱਖ ਬੀਬੀਆਂ ਨੂੰ ਦਰਬਾਰ ਸਾਹਿਬ ਵਿੱਚ ਕੀਰਤਨ ਕਰਨ ਤੇ ਅਯੋਗ ਕਹਿਣ ਵਾਲਿਆਂ ਅਤੇ ਇਸਤਰੀ ਨੂੰ ਅੱਤ ਘਟੀਆ ਦਰਜੇ ਦੀ ਚਰਿਤਰਹੀਣ ਪੇਸ ਕਰਨ ਵਾਲੇ ਅਖੌਤੀ ਦਸਮ ਗ੍ਰੰਥ ਉੱਤੇ ਪਾਬੰਦੀ ਲਾਉਣ ਦੀ ਮੰਗ ਕਰਨ। ਸਿੱਖ ਬੀਬੀਆਂ ਆਰ.ਐਸ.ਐਸ. ਦੇ ਗੁਲਾਮਾਂ ਸ਼੍ਰੋ:ਗੁ:ਪ੍ਰ:ਕਮੇਟੀ ਦੇ ਪ੍ਰਧਾਨ ਅਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਸਵਾਲ ਕਰਨ ਕਿ ਅਕਾਲ ਤਖਤ ਸਾਹਿਬ ਦੀ ਪ੍ਰਮਾਣਿਕਤਾ ਦੀ ਦੁਹਾਈ ਪਾਉਣ ਵਾਲਿਓ ਧਰਮ ਦੇ ਠੇਕੇਦਾਰੋ ਅਕਾਲ ਤਖਤ ਸਾਹਿਬ ਵੱਲੋਂ ਪ੍ਰਮਾਣਿਤ ਸਿੱਖ ਰਹਿਤ ਮਰਯਾਦਾ ਵਿੱਚ ਇਸਤਰੀ ਨੂੰ ਦਿੱਤਾ ਬਰਾਬਰਤਾ ਦਾ ਹੱਕ ਕਿਉਂ ਖਤਮ ਕਰ ਰਹੇ ਹੋਂ ਅਤੇ ਇਸੇ ਸਿੱਖ ਰਹਿਤ ਮਰਯਾਦਾ ਦੇ ਉਲਟ ਇਸਤਰੀ ਦੀ ਬੇਇੱਜਤੀ ਕਰਨ ਵਾਲੇ ਅਖੌਤੀ ਦਸ਼ਮ ਗ੍ਰੰਥ ਨੂੰ :- ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ (ਪੰਨਾ ਨੰ: 473) ਦਾ ਹੋਕਾ ਦੇਣ ਵਾਲੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕਿਉੇਂ ਪ੍ਰਕਾਸ਼ ਕਰ ਰਹੇ ਹੋ ? ਸਿੱਖ ਕੌਮ ਨੂੰ ਜਾਗਣ ਦੀ ਲੋੜ ਹੈ ਨਹੀਂ ਇਹ ਆਰ.ਐਸ.ਐਸ. ਨੂੰ ਵਿਕੇ ਹੋਏ ਧਰਮ ਦੇ ਠੇਕੇਦਾਰ ਨਾਨਕਸ਼ਾਹੀ ਕੈਲੰਡਰ ਵਾਂਗ ਸਿੱਖ ਰਹਿਤ ਮਰਯਾਦਾ ਵਿੱਚ ਇਸਤਰੀਆਂ ਨੂੰ ਬਰਾਬਰਤਾ ਦੇਣ ਅਤੇ ਅਖੌਤੀ ਦਸ਼ਮ ਗ੍ਰੰਥ ਨੂੰ ਪ੍ਰਕਾਸ਼ ਨਾ ਕਰਨ ਵਾਲੀਆਂ ਮਦਾਂ ਦਾ ਵੀ ਭੋਗ ਪਾ ਦੇਣਗੇ। ਮਿਤੀ 12-11-2019,
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ ਪਿੰਨ - 151501
ਤਹਿ: ਬੁਢਲਾਡਾ, ਜਿਲ੍ਹਾ ਮਾਨਸਾ (ਪੰਜਾਬ)
ਮੋ : 94170-23911, e-mail : harlajsingh7 @ gmail.com
ਪੱਗ - ਹਰਲਾਜ ਸਿੰਘ ਬਹਾਦਰਪੁਰ
ਗੁਰਬਾਣੀ ਦੇ ਵਿੱਚ ਸਾਬਤ ਸੂਰਤ ਦਸਤਾਰ ਸਿਰਾ ਕਹਿਕੇ, ਗੁਰੂਆਂ ਸਮਝਾਇਆ ਸੀ ਕੀ ਹੈ ਅਸਲੀ ਪੱਗ ।
ਫਰੀਦ ਜੀ ਨੇ ਵੀ ਕਿਹਾ ਸੀ ਕਿ ਤੇਰੇ ਸਿਰ ਨੂੰ ਮਿੱਟੀ ਨੇ ਖਾ ਜਾਣਾ, ਤੂੰ ਕਹੇਂ ਕੇ ਮਤ ਮੈਲੀ ਹੋ ਜਾਵੇ ਪੱਗ ।
ਗੁਰਬਾਣੀ ਪੜਦਿਆਂ ਇਹ ਸਮਝ ਆਇਆ ਕਿ ਭੇਖ ਦੀ ਥਾਂ, ਉੱਚੇ ਆਚਰਣ ਨੂੰ ਕਿਹਾ ਗਿਆ ਹੈ ਪੱਗ ।
ਹੁਣ ਸਿੱਖਾਂ ਨੇ ਇਸ ਨੂੰ ਆਪਣੇ ਨਾਲ ਜੋੜ ਲਿਆ, ਗੁਰੂ ਨਾਨਕ ਜੀ ਤੋਂ ਪਹਿਲਾਂ ਵੀ ਬੰਨੀ ਜਾਂਦੀ ਸੀ ਪੱਗ ।
ਪਹਿਲਾਂ ਹਿੰਦੂ ਤੇ ਮੁਸਲਮਾਨ ਵੀ ਬੰਨਦੇ ਸਨ, ਪਰ ਹੁਣ ਛੱਡ ਗਏ ਜਦੋਂ ਦਾ ਸਿੱਖਾਂ ਨੇ ਕਿਹਾ ਹੈ ਸਾਡੀ ਪੱਗ ।
ਹਵਾਈ ਅੱਡਿਆਂ ਤੇ ਵਿਦੇਸ਼ੀ ਜੇ ਤਲਾਸੀ ਲਈ ਲਹਾਉਣ ਇਸ ਨੂੰ, ਤਾਂ ਕੌਮੀ ਮਸਲਾ ਬਣ ਜਾਂਦੀ ਹੈ ਪੱਗ ।
ਉਦੋਂ ਪੱਗਾਂ ਵਾਲੇ ਵੀ ਖੁਸ਼ ਹੁੰਦੇ ਜਦੋਂ ਧੜੇਵੰਦੀਆਂ ਕਾਰਨ, ਗੁਰੂ ਘਰਾਂ ਵਿੱਚ ਉਤਾਰੀ ਜਾਵੇ ਸਿੱਖ ਦੀ ਪੱਗ ।
ਆਪਣਿਆਂ ਦੀ ਆਪ ਲਾਹੀਏ ਜੈਕਾਰਾ ਬੋਲ ਕੇ, ਜਦੋਂ ਦੂਜਾ ਲਾਹੇ ਤਾਂ ਸਿੱਖ ਕੌਮ ਦੀ ਅਣਖ ਹੈ ਪੱਗ ।
ਕਦੇ ਵੀ ਸ਼ਾਨ ਨਹੀਂ ਬਣਦੀ ਮਾੜੇ ਬੰਦਿਆਂ ਲਈ, ਵੇਖਣ ਨੂੰ ਭਾਵੇਂ ਬੰਨੀ ਫਿਰਦੇ ਹੋਣ ਵੱਡੀ ਸੋਹਣੀ ਪੱਗ ।
ਮਜਲੂਮਾਂ ਦੇ ਰਾਖਿਆਂ ਸਿਰ ਤੇ ਲਪੇਟਿਆ ਕੱਪੜਾ ਹੀ, ਕਿਰਦਾਰ ਦੇ ਮਾਣ ਕਾਰਨ ਕਹਾਉਂਦਾ ਹੈ ਪੱਗ ।
ਅੱਜ ਮੈਲ਼ੀ ਹੋ ਕੇ ਪੈਰਾਂ ਵਿੱਚ ਇੱਜਤ ਸਾਡੀ ਰੁਲ ਰਹੀ ਹੈ, ਪਰ ਸਿਰ ਤੇ ਸਜਾਈ ਹੋਈ ਹੈ ਚਿੱਟੀ ਪੱਗ ।
ਬੰਦੇ ਨੂੰ ਉਸ ਦੇ ਗੁਣ ਤੇ ਔਗੁਣ ਬਣਾਉਣ ਊਚਾ ਨੀਵਾਂ, ਇਸ ਵਿੱਚ ਕਦੇ ਵੀ ਦਖਲ ਨਹੀਂ ਦਿੰਦੀ ਪੱਗ ।
ਬੇਗੈਰਤਾਂ ਲਈ ਕੱਪੜੇ ਦੇ ਟੁਕੜੇ ਤੋਂ ਵੱਧ ਕੁੱਝ ਨਹੀਂ ਹੁੰਦੀ, ਗੈਰਤਮੰਦਾ ਵਾਸਤੇ ਸਿਰ ਦਾ ਤਾਜ ਹੈ ਪੱਗ ।
ਹਰ ਬੰਦੇ ਦੀ ਆਪੋ ਆਪਣੀ ਸੋਚ ਤੇ ਮੱਤ ਹੁੰਦੀ, ਹਰੇਕ ਦੇ ਬੰਨੀ ਨੂੰ ਨਹੀਂ ਕਹਿਣਾ ਚਾਹੀਂਦਾ ਕੌਮ ਦੀ ਪੱਗ ।
ਉੱਝ ਤਾਂ ਸਿਰ ਢੱਕਣ ਲਈ ਕੱਪੜਾ ਹੀ ਹੁੰਦਾ ਹੈ,ਪਰ ਅਣਖੀ ਬਹਾਦਰਾਂ ਸਿਰ ਸਜਿਆ ਕਹਾਉਂਦਾ ਹੈ ਪੱਗ ।
ਇੱਜਤ ਉਹਨਾ ਦੀ ਵੀ ਹੁੰਦੀ ਹੈ ਮੇਰੇ ਦੋਸਤੋ, ਜਿੰਨਾ ਸਿਰ ਤੇ ਕਦੇ ਵੀ ਨਹੀਂ ਸਜਾਈ ਹੁੰਦੀ ਪੱਗ ।
ਚੰਗੇ ਗੁਣ ਧਾਰਨ ਕਰ ਲੈ ਬਹਾਦਰਪੁਰ ਦੇ ਹਰਲਾਜ ਸਿੰਘਾ, ਫਿਰ ਹੀ ਸਤਿਕਾਰਤ ਬਣੇਗੀ ਤੇਰੀ ਪੱਗ ।
ਤਾਰੀਖ 26-07-2019,
ਹਰਲਾਜ ਸਿੰਘ ਬਹਾਦਰਪੁਰ
ਪਿੰਡ ਤੇ ਡਾਕ : ਬਹਾਦਰਪੁਰ
ਤਹਿ: ਬੁਢਲਾਡਾ,ਜਿਲ੍ਹਾ ਮਾਨਸਾ (ਪੰਜਾਬ)
ਪਿੰਨਕੋਡ-151501
ਮੋਬਾਇਲ-94170-23911
harlajsingh7@gmail.com