ਇਨਸਾਫ਼ ਅਤੇ ਖੁੱਲ੍ਹੀ ਚਰਚਾ ਬਾਰੇ ਫ਼ਿਕਰਮੰਦੀ - ਹਰਵਿੰਦਰ ਭੰਡਾਲ
ਲੇਖਕ ਆਪਣੇ ਸਮਾਜ ਦਾ ਸ਼ੀਸ਼ਾ ਹੀ ਨਹੀਂ, ਜ਼ਮੀਰ ਵੀ ਹੁੰਦਾ ਹੈ। ਸ਼ਾਇਦ ਪੂੰਜੀ ਅਤੇ ਮੰਡੀ ਦੇ ਸਰਵਵਿਆਪੀਕਰਨ ਦੇ ਯੁੱਗ ਵਿਚ ਸਰਗਰਮ ਹਰ ਲੇਖਕ ਦੇ ਪ੍ਰਸੰਗ ਵਿਚ ਅਜਿਹਾ ਨਹੀਂ ਕਿਹਾ ਜਾ ਸਕਦਾ। ਵਿਚਾਰਾਂ ਦੀ ਮੰਡੀ ਵਿਚ ਆਪਣੀ ਜਿਣਸ ਲੈ ਖੜ੍ਹਾ ਲੇਖਕ ਹਰ ਵੇਲ਼ੇ ਨਿਜ਼ਾਮ ਦੀ ਸਲਾਮਤੀ ਲਈ ਲਾਜ਼ਮੀ ਵਿਚਾਰਧਾਰਾਵਾਂ ਅਤੇ ਬਿੰਬਾਂ/ਭਰਮਾਂ ਦਾ ਹੀ ਉਤਪਾਦਨ ਅਤੇ ਪੁਨਰ-ਉਤਪਾਦਨ ਕਰਦਾ ਰਹਿੰਦਾ ਹੈ। ਅਜੋਕੇ ਯੁੱਗ ਦੇ ਬਹੁਤੇ 'ਬੈੱਸਟ ਸੈੱਲਰ' ਲੇਖਕ/ਅਲੇਖਕ ਇਸੇ ਤਰ੍ਹਾਂ ਦੀ ਪ੍ਰਕਿਰਿਆ ਵਿਚ ਰੁੱਝੇ ਦੇਖੇ ਜਾ ਸਕਦੇ ਹਨ। ਗ੍ਰਾਮਸ਼ੀ ਨੇ ਜਿਨ੍ਹਾਂ ਨੂੰ 'ਆਰਗੈਨਿਕ ਬੁੱਧੀਜੀਵੀ' ਆਖਿਆ ਸੀ, ਉਨ੍ਹਾਂ ਦੀਆਂ ਲਿਖਤਾਂ ਸਚਮੁਚ ਸਮਾਜ ਦਾ ਸ਼ੀਸ਼ਾ ਅਤੇ ਜ਼ਮੀਰ ਹੋਣ ਤੋਂ ਬਿਨਾ ਹੋਰ ਕੁਝ ਨਹੀਂ ਹੋ ਸਕਦੀਆਂ।
ਬੀਤੇ ਦਿਨੀਂ ਅਜਿਹਾ ਹੀ ਸ਼ੀਸ਼ਾ ਤੇ ਜ਼ਮੀਰ ਬਣਦਿਆਂ, ਸੰਸਾਰ ਦੀਆਂ ਸਾਹਿਤ, ਕਲਾ ਅਤੇ ਬੁੱਧੀਜੀਵੀ ਖੇਤਰ ਦੀਆਂ 153 ਹਸਤੀਆਂ ਨੇ ਖੁੱਲ੍ਹਾ ਖ਼ਤ ਪ੍ਰਕਾਸ਼ਤ ਕੀਤਾ। 'ਇਨਸਾਫ਼ ਤੇ ਖੁੱਲ੍ਹੀ ਚਰਚਾ ਬਾਰੇ ਖ਼ਤ' ਦੇ ਸਿਰਲੇਖ ਹੇਠ ਇਹ ਆਨਲਾਈਨ 'ਹਾਰਪਰਜ਼ ਮੈਗਜ਼ੀਨ' ਵਿਚ ਛਪਿਆ ਤੇ ਇਸ ਨੂੰ ਸੰਸਾਰ ਦੇ ਹੋਰ ਪਰਚਿਆਂ ਵਿਚ ਛਪਣ ਲਈ ਵੀ ਭੇਜਿਆ ਗਿਆ। ਇਸ ਖੁੱਲ੍ਹੇ ਖ਼ਤ ਉੱਤੇ ਦਸਤਖ਼ਤ ਕਰਨ ਵਾਲ਼ਿਆਂ ਵਿਚ ਨੋਮ ਚੌਮਸਕੀ, ਸਲਮਾਨ ਰਸ਼ਦੀ, ਮਾਰਗਰੇਟ ਐਟਵੁਡ, ਜੇਕੇ ਰਾਊਲਿੰਗ, ਮੀਰਾ ਨੰਦਾ, ਪਾਲ ਬਰਮਨ, ਫਰਾਂਸਿਸ ਫ਼ੂਕੋਯਾਮਾ, ਲਿੰਡਾ ਗਰੀਨਹਾਊਸ, ਸਾਰਾਹ ਹੈਦਰ, ਖਾਲਿਦ ਖਲੀਫ਼ਾ, ਪਰਾਗ ਖੰਨਾ, ਫਰੀਦ ਜ਼ਕਰੀਆ, ਕੈਰੀ ਨੈਲਸਨ, ਜਾਰਜ ਪੈਕਰ, ਡਾਇਨਾ ਸੈਨੇਚਲ, ਐਨਡਰਿਊ ਸੋਲੋਮਨ, ਕੈਰੋਲਿਨ ਵੈਬਰ ਜਿਹੇ ਵੱਖ ਅਨੁਸ਼ਾਸਨਾਂ ਦੇ ਲੋਕ ਹਨ। ਸਿਆਹਫ਼ਾਮ ਪਿਤਾ ਅਤੇ ਗੋਰੀ ਮਾਂ ਦੇ ਪੁੱਤਰ ਲੇਖਕ ਥੌਮਸ ਚੈਟਰਟਨ ਵਿਲਿਅਮਜ਼ ਦੀ ਪਹਿਲਕਦਮੀ ਉੱਤੇ ਇਸ ਖ਼ਤ ਦੀ ਇਬਾਰਤ ਬਣਨੀ ਸ਼ੁਰੂ ਹੋਈ, ਜਿਸ ਬਾਰੇ ਉਹ ਆਖਦਾ ਹੈ ਕਿ ਇਹ ਕਿਸੇ ਇੱਕ ਵਿਸ਼ੇਸ਼ ਘਟਨਾ ਦੇ ਪ੍ਰਤੀਕਰਮ ਵਜੋਂ ਨਹੀਂ ਲਿਖਿਆ ਗਿਆ। ਇਹ ਖ਼ਤ ਦਰਅਸਲ, ਪਿਛਲੇ ਦਿਨਾਂ ਵਿਚ ਸਾਹਮਣੇ ਆ ਰਹੇ ਵਿਚਾਰਾਂ ਦੀ ਅਸਹਿਣਸ਼ੀਲਤਾ ਦੇ ਰੁਝਾਨ ਨੂੰ ਦੇਖਦਿਆਂ ਲਿਖਿਆ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਖ਼ਤ ਵੀ ਉੱਤਰ-ਸੱਚ ਯੁੱਗ ਵਿਚ ਪ੍ਰਚੱਲਤ ਅਸਹਿਣਸ਼ੀਲਤਾ ਦੇ ਚੱਬ ਵਿਚ ਆ ਕੇ ਵਿਵਾਦਪੂਰਨ ਬਣ ਗਿਆ ਹੈ।
ਖ਼ਤ ਅਨੁਸਾਰ ਸਾਡੀਆਂ ਸੱਭਿਆਚਾਰਕ ਸੰਸਥਾਵਾਂ ਇਮਤਿਹਾਨ ਦੇ ਪਲ 'ਚੋਂ ਗੁਜ਼ਰ ਰਹੀਆਂ ਹਨ। ਸੰਸਾਰ 'ਚ ਨਸਲੀ ਤੇ ਸਮਾਜਿਕ ਇਨਸਾਫ਼ ਲਈ ਹੋਏ ਜ਼ਬਰਦਸਤ ਮੁਜ਼ਾਹਰਿਆਂ ਨੇ ਜੀਵਨ ਦੇ ਸਾਰੇ ਖੇਤਰਾਂ ਵਿਚ ਸਮਾਜ ਦੇ ਸਾਰੇ ਤਬਕਿਆਂ ਦੀ ਭਾਗੀਦਾਰੀ ਅਤੇ ਬਰਾਬਰੀ ਦੀ ਲੋੜ ਨੂੰ ਉਭਾਰਿਆ ਹੈ ਪਰ ਇਸ ਨੇ ਨਾਲ਼ ਹੀ ਅਜਿਹੇ ਨਵੇਂ ਨੈਤਿਕ ਮਾਪ-ਦੰਡ ਅਤੇ ਸਿਆਸੀ ਕੱਟੜਤਾ ਵੀ ਪ੍ਰਗਟ ਕੀਤੀ ਹੈ ਜਿਨ੍ਹਾਂ ਕਾਰਨ ਖੁੱਲ੍ਹੀ ਵਿਚਾਰ ਚਰਚਾ ਅਤੇ ਵਿਰੋਧੀ/ਵੱਖਰੇ ਵਿਚਾਰਾਂ ਪ੍ਰਤੀ ਸਹਿਣਸ਼ੀਲਤਾ ਦੀਆਂ ਪਰੰਪਰਾਵਾਂ ਲਈ ਖਤਰੇ ਖੜ੍ਹੇ ਹੋਏ ਹਨ। ਇਸ ਖ਼ਤ ਨੇ ਪਹਿਲੀ ਹਾਲਤ ਨੂੰ ਮੁਬਾਰਕ ਆਖਦਿਆਂ ਦੂਸਰੀ ਬਾਰੇ ਫ਼ਿਕਰ ਦਾ ਇਜ਼ਹਾਰ ਕੀਤਾ ਹੈ।
ਖ਼ਤ 'ਚ ਲਿਖਿਆ ਹੈ- ''ਸੂਚਨਾਵਾਂ ਤੇ ਵਿਚਾਰਾਂ ਦਾ ਖੁੱਲ੍ਹਾ ਲੈਣ-ਦੇਣ ਜੋ ਕਿਸੇ ਖੁੱਲ੍ਹ-ਖਿਆਲੀਏ (liberal) ਸਮਾਜ ਦੀ ਜਿੰਦ ਜਾਨ ਹੁੰਦਾ ਹੈ, ਸੁੰਗੜ ਰਿਹਾ ਹੈ। ਰੈਡੀਕਲ ਸੱਜੇ-ਪੱਖੀਆਂ ਤੋਂ ਤਾਂ ਅਸੀਂ ਅਜਿਹੀ ਆਸ ਹੀ ਕਰ ਸਕਦੇ ਸਾਂ, ਇਹ ਨਿਖੇਧਾਤਮਕਤਾ ਸਾਡੇ ਸੱਭਿਆਚਾਰ ਵਿਚ ਵੀ ਦੂਰ ਤੱਕ ਫੈਲ ਰਹੀ ਹੈ। ਸਾਡੇ ਅੰਦਰ ਵੀ ਵਿਰੋਧੀ ਵਿਚਾਰਾਂ ਬਾਰੇ ਅਸਹਿਣਸ਼ੀਲਤਾ, ਜਨਤਕ ਲਾਹਣਤਾਂ-ਫਿਟਕਾਰਾਂ, ਆਪਣੀ ਧਿਰ ਦੇ ਗੱਦਾਰ ਹੋਣ ਦੇ ਫ਼ਤਵੇ ਦੇਣਾ ਅਤੇ ਗੁੰਝਲਦਾਰ ਨੀਤੀਗਤ ਮੁੱਦਿਆਂ ਨੂੰ ਅੰਨ੍ਹੀ ਨੈਤਿਕ ਨਿਸ਼ਚਿਤਤਾ 'ਚ ਘੋਲ਼ ਦੇਣ ਦੇ ਰੁਝਾਨ ਪੈਦਾ ਹੋ ਰਹੇ ਹਨ।" ਖ਼ਤ ਦੇ ਲੇਖਕ ਬਿਨਾ ਕੋਈ ਲੁਕਾਅ ਰੱਖਦਿਆਂ, ਆਪਣੇ ਆਪ ਨੂੰ ਸੰਸਾਰ ਦੀਆਂ ਵੱਖ ਵੱਖ ਲੋਕ-ਲੁਭਾਉਣੀਆਂ ਤਾਨਾਸ਼ਾਹ (populist authoritarian) ਹਕੂਮਤਾਂ ਤੋਂ ਵੱਖ ਕਰ ਕੇ, ਖੱਬੇ-ਪੱਖੀ ਅਤੇ ਜਮਹੂਰੀ ਖੁੱਲ੍ਹ-ਖਿਆਲੀ ਹਲਕਿਆਂ ਦੀ ਧਿਰ ਨਾਲ਼ ਜੋੜਦੇ ਹਨ।
ਲੋਕ-ਲੁਭਾਉਣੀਆਂ ਤਾਨਾਸ਼ਾਹ ਹਕੂਮਤਾਂ ਉਸੇ ਰੈਡੀਕਲ ਸੱਜੇ ਪੱਖ ਦੀ ਪ੍ਰਤੀਨਿਧਤਾ ਕਰਦੀਆਂ ਹਨ ਜਿਸ ਦਾ ਬੋਲਬਾਲਾ ਇਸ ਵੇਲ਼ੇ ਸਾਡੇ ਆਪਣੇ ਮੁਲਕ ਸਮੇਤ ਦੁਨੀਆਂ ਦੇ ਸਾਰੇ ਵੱਡੇ ਮੁਲਕਾਂ ਵਿਚ ਹੈ। ਆਪਣੇ ਮੁਲਕਾਂ ਦੀਆਂ ਜਮਹੂਰੀ ਪਰੰਪਰਾਵਾਂ ਦੀ ਮਜ਼ਬੂਤੀ ਜਾਂ ਕਮਜ਼ੋਰੀ ਅਨੁਸਾਰ ਇਹ ਹਕੂਮਤਾਂ ਵੱਧ ਜਾਂ ਘੱਟ ਤਾਨਾਸ਼ਾਹ ਹਨ। ਸਾਡੇ ਮੁਲਕ ਦੀ ਹਕੂਮਤ ਤਾਂ ਫਾਸ਼ੀਵਾਦ ਦੀਆਂ ਅਲਾਮਤਾਂ ਦੇ ਨੇੜੇ-ਤੇੜੇ ਵਿਚਰ ਰਹੀ ਹੈ। ਹਰ ਤਰ੍ਹਾਂ ਦੇ ਵਿਰੋਧੀ ਵਿਚਾਰਾਂ ਦਾ ਗਲ਼ਾ ਘੁੱਟਣ ਦੀ ਆਪਣੀ ਮਨਸ਼ਾ ਇਸ ਨੇ ਕਦੇ ਲੁਕੋ ਕੇ ਨਹੀਂ ਰੱਖੀ। ਹਕੂਮਤ ਦੇ ਹਰ ਆਲੋਚਕ ਦੇ ਮੱਥੇ ਉੱਤੇ ਲਾਉਣ ਲਈ ਇਸ ਕੋਲ਼ ਰਾਸ਼ਟਰ ਵਿਰੋਧੀ ਹੋਣ ਦਾ ਇੱਕੋ ਇੱਕ ਠੱਪਾ ਹੈ। ਸੁਧਾ ਭਾਰਦਵਾਜ ਜਿਹੀ ਨਿਸ਼ਕਾਮ ਸਮਾਜ ਸੇਵਕਾ, ਵਰਵਰਾ ਰਾਓ ਜਿਹੇ ਸਾਹਿਤਕਾਰ, ਗੌਤਮ ਨਵਲੱਖਾ ਜਿਹੇ ਜਮਹੂਰੀ ਹੱਕਾਂ ਲਈ ਕਾਰਕੁਨ, ਅਨੰਦ ਤੇਲਤੁੰਬੜੇ ਜਿਹੇ ਖੱਬੇ-ਪੱਖੀ/ਅੰਬੇਦਕਰਵਾਦੀ ਵਿਚਾਰਵਾਨ ਅਤੇ ਜਾਮੀਆ ਮਿਲੀਆ ਇਸਲਾਮੀਆ ਦੀ ਰਿਸਰਚ ਸਕਾਲਰ ਸਫ਼ੂਰਾ ਜ਼ਰਗਰ, ਸਭ ਉੱਤੇ ਲਾਉਣ ਲਈ ਇਸ ਕੋਲ਼ ਦੇਸ਼ ਧ੍ਰੋਹ ਦੀ ਹੀ ਸਭ ਤੋਂ ਕਾਰਗਰ ਕਾਨੂੰਨੀ ਧਾਰਾ ਹੈ। ਕਿਸੇ ਵੀ ਲੇਖਕ ਜਾਂ ਪੱਤਰਕਾਰ ਦਾ ਗਲ਼ਾ ਘੁੱਟਣ ਲਈ, ਉਸ ਵਿਰੁੱਧ ਮੁਲਕ ਦੀ ਕਿਸੇ ਵੀ ਨੁੱਕਰ ਵਿਚ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰ ਲਿਆ ਜਾਂਦਾ ਹੈ। ਕਿਸੇ ਮਾਮੂਲੀ ਤੋਂ ਮਾਮੂਲੀ ਟਿੱਪਣੀ ਨੂੰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਸਾਧਨ ਐਲਾਨ ਦਿੱਤਾ ਜਾਂਦਾ ਹੈ। ਬਹੁਗਿਣਤੀ ਦੀ ਧਾਰਮਿਕਤਾ ਦੇ ਅਧਿਕਾਰ ਨੂੰ, ਪ੍ਰਗਟਾਵੇ ਦੀ ਸੁਤੰਤਰਤਾ ਸਮੇਤ ਹੋਰ ਸਭਨਾਂ ਮੌਲਿਕ ਅਧਿਕਾਰਾਂ ਤੋਂ ਉੱਤਮ ਅਤੇ ਨਿਰੰਕੁਸ਼ ਬਣਾ ਦਿੱਤਾ ਗਿਆ ਹੈ। ਇਲੈਕਟਰੌਨਿਕ ਅਤੇ ਸੋਸ਼ਲ ਮੀਡੀਆ ਉੱਤੇ ਆਪਣੀ ਅਜਾਰੇਦਾਰੀ ਰਾਹੀਂ ਇਹ ਭਾਰਤੀ ਸੱਜੇ ਪੱਖ ਹਰ ਪਲ ਨਵੀਂ ਸਮੂਹਕ ਨੈਤਿਕਤਾ ਘੜ ਰਿਹਾ ਹੈ, ਜਿਸ ਵਿਚੋਂ ਹੌਲ਼ੀ ਹੌਲ਼ੀ ਧਰਮ ਨਿਰਪੇਖਤਾ, ਸੰਘਵਾਦ, ਸਮਾਜਵਾਦ ਜਿਹੀਆਂ ਕਦਰਾਂ-ਕੀਮਤਾਂ ਅਤੇ ਧਾਰਨਾਵਾਂ ਨੂੰ ਖਾਰਜ ਕੀਤਾ ਜਾ ਰਿਹਾ ਹੈ। ਇਹ ਕੋਈ ਇਤਫ਼ਾਕ ਨਹੀਂ ਕਿ ਕਰੋਨਾ ਮਹਾਮਾਰੀ ਦੌਰਾਨ ਵਿੱਦਿਆ ਦੇ ਕੇਂਦਰੀ ਬੋਰਡ ਸੀਬੀਐੱਸਈ ਨੇ ਆਪਣੇ ਪਾਠਕ੍ਰਮ ਵਿਚੋਂ ਇਨ੍ਹਾਂ ਵਿਸ਼ਿਆਂ ਨਾਲ਼ ਸੰਬੰਧਤ ਪਾਠਾਂ ਨੂੰ ਹੀ ਮੱਖਣ ਵਿਚੋਂ ਵਾਲ਼ ਵਾਂਗ ਕੱਢ ਕੇ ਪਰ੍ਹਾਂ ਮਾਰਿਆ ਹੈ।
ਜਿਵੇਂ ਪਿਛਲੀ ਸਦੀ ਦੇ ਇਤਿਹਾਸ ਨੇ ਸਿੱਧ ਕੀਤਾ ਹੈ, ਅਵਾਮ ਦੀ ਬਹੁਗਿਣਤੀ ਦੇ ਅਵਚੇਤਨ ਅੰਦਰ ਪਈ ਕਿਸੇ ਮਨੋ-ਗ੍ਰੰਥੀ ਦਾ ਫਾਇਦਾ ਉਠਾ ਕੇ ਸੱਤਾ ਵਿਚ ਆਉਣ ਵਾਲ਼ੇ ਸੱਜੇ-ਪੱਖ ਦਾ ਟਾਕਰਾ, ਸਾਰੀਆਂ ਖੁੱਲ੍ਹ-ਖਿਆਲੀ ਅਤੇ ਖੱਬੇ-ਪੱਖੀ ਧਿਰਾਂ ਵੱਲੋਂ ਮਿਲ਼ ਕੇ ਹੀ ਕੀਤਾ ਜਾ ਸਕਦਾ ਹੈ। ਇਸ ਲਈ ਇਸ ਟਾਕਰੇ ਦੇ ਸੱਭਿਆਚਾਰ ਅੰਦਰ ਸਹਿਣਸ਼ੀਲਤਾ ਅਤੇ ਖੁੱਲ੍ਹੀ ਵਿਚਾਰ ਚਰਚਾ ਦੀ ਜ਼ਰੂਰਤ ਅਤੇ ਥਾਂ ਹੁੰਦੀ ਹੈ। ਇਹ ਟਾਕਰਾ ਦੋ ਸੱਭਿਆਚਾਰਾਂ ਦਾ ਟਾਕਰਾ ਬਣ ਜਾਂਦਾ ਹੈ। ਸੱਜੇ-ਪੱਖੀ ਸੱਭਿਆਚਾਰ ਅਤੀਤਮੁਖੀ ਸਰੋਕਾਰਾਂ ਵਾਲ਼ਾ, ਅਸਹਿਣਸ਼ੀਲਤਾ ਅਤੇ ਨਿਰਦਈ ਹਿੰਸਾ ਦਾ ਸੱਭਿਆਚਾਰ ਹੈ। ਇਸ ਅੰਦਰ ਸਮਾਜਿਕ ਗੁਲਾਮੀ, ਦਮਨ ਅਤੇ ਨਾਬਾਰਬਰੀ ਦਾ ਜਸ਼ਨ ਹੁੰਦਾ ਹੈ। ਇਸ ਨਾਲ਼ ਟਕਰਾਉਂਦੀਆਂ ਮਿਹਨਤਕਸ਼ ਜਮਾਤਾਂ ਆਪਣੇ ਆਜ਼ਾਦੀ ਅਤੇ ਬਰਾਬਰੀ ਆਧਾਰਤ ਉੱਜਲ਼ੇ ਭਵਿੱਖ ਦਾ ਸੁਫ਼ਨਾ ਸਾਕਾਰ ਕਰਨ ਦੀ ਕੋਸ਼ਿਸ਼ ਕਰਦੀਆਂ ਹਨ। ਇਸੇ ਪੱਖ ਤੋਂ 'ਇਨਸਾਫ਼ ਅਤੇ ਖੁੱਲ੍ਹੀ ਚਰਚਾ ਬਾਰੇ ਖ਼ਤ' ਵਿਚਲਾ ਦੂਸਰਾ ਫ਼ਿਕਰ ਮਹੱਤਵਪੂਰਨ ਬਣ ਜਾਂਦਾ ਹੈ।
ਕਿਸੇ ਵੀ ਚਲਦੀ ਲਹਿਰ ਦੌਰਾਨ ਉਪਜੇ ਆਵੇਸ਼ ਅਤੇ ਉਪਭਾਵੁਕਤਾ ਕਾਰਨ, ਸਿਆਸੀ ਕੱਟੜਤਾ ਅਤੇ ਉਸ ਆਧਾਰਤ ਨੈਤਿਕਤਾ ਦੇ ਸਾਹਮਣੇ ਆਉਣ ਦਾ ਵੱਡਾ ਖ਼ਤਰਾ ਹੁੰਦਾ ਹੈ। ਇਹ ਸਿਆਸੀ ਕੱਟੜਤਾ ਅਤੇ ਨੈਤਿਕਤਾ ਆਪਣਿਆਂ ਨੂੰ ਵੀ ਵਿਰੋਧੀਆਂ ਵਾਲ਼ੀ ਭਾਸ਼ਾ ਵਿਚ ਸੰਬੋਧਤ ਹੋਣ ਲਈ ਮਜਬੂਰ ਕਰਦੀ ਹੈ। ਚੇਤਨਤਾ ਦੇ ਮਾਲਕ ਵਜੋਂ ਬੰਦਾ ਗੁੰਝਲ਼ਦਾਰ ਪ੍ਰਾਣੀ ਹੈ। ਇਸ ਲਈ ਹਰ ਕਿਸੇ ਤੋਂ ਇੱਕੋ ਇਕਹਿਰੀ ਸੋਚ ਅਤੇ ਇੱਕੋ ਇੱਕ ਰਾਹ ਉੱਤੇ ਤੁਰਨ ਦੀ ਤਵੱਕੋ ਵਿਚਾਰਕ ਸਿੱਧੜਪੁਣੇ (naive) ਤੋਂ ਬਿਨਾ ਹੋਰ ਕੁਝ ਨਹੀਂ ਹੁੰਦਾ। ਕਿਸੇ ਵਿਅਕਤੀ ਜਾਂ ਵਰਤਾਰੇ ਬਾਰੇ ਨਿਰਣੇ ਦਾ ਆਧਾਰ ਇਕਹਿਰਾ ਨਹੀਂ ਹੋ ਸਕਦਾ, ਜਿਵੇਂ ਜੌਰਜ ਫਲਾਇਡ ਦੇ ਕਤਲ ਪਿੱਛੋਂ ਉੱਭਰੀ ਲੋਕ ਲਹਿਰ ਵਿਚ ਸ਼ਾਮਿਲ ਕੁਝ ਤੱਤੇ ਖੱਬੇ-ਪੱਖੀਆਂ ਨੇ ਇਨ੍ਹਾਂ ਲੇਖਕਾਂ ਦੀਆਂ ਗੱਲਾਂ ਬਾਰੇ ਕਰਨ ਦਾ ਯਤਨ ਕੀਤਾ ਹੈ। ਇੱਕ ਦਾ ਕਹਿਣਾ ਹੈ ਕਿ ਇਹ ਲੇਖਕ ''ਅਪ੍ਰਸੰਗਕ ਹੋਣ ਦੇ ਡਰੋਂ" ਅਜਿਹੀਆਂ ਗੱਲਾਂ ਕਰ ਰਹੇ ਹਨ। ਕੁਝ ਨੇ ਰਾਊਲਿੰਗ ਦੇ ਨਾਂ ਉੱਤੇ ਹੀ ਇਤਰਾਜ਼ ਪ੍ਰਗਟ ਕਰ ਦਿੱਤਾ, ਕਿਉਂਕਿ ਉਨ੍ਹਾਂ ਅਨੁਸਾਰ ਰਾਊਲਿੰਗ ਨੇ ਟਰਾਂਸ-ਜੈਂਡਰ ਲੋਕਾਂ ਵਿਰੁੱਧ ਜਾਣ ਵਾਲ਼ੀ ਕੋਈ ਟਿੱਪਣੀ ਕੀਤੀ ਸੀ। ਇਹ ਰਾਊਲਿੰਗ, ਉਹੀ ਜੇਕੇ ਰਾਊਲਿੰਗ ਹੈ ਜਿਸ ਦੇ ਹੈਰੀ ਪਾਟਰ ਨਾਵਲਾਂ ਅਤੇ ਉਸ ਉੱਤੇ ਬਣੀਆਂ ਫ਼ਿਲਮਾਂ ਨੂੰ ਦੇਖਦਿਆਂ ਇੱਕ ਪੀੜ੍ਹੀ ਜਵਾਨ ਹੋਈ ਹੈ। ਕਈ ਸਮਾਜ ਵਿਗਿਆਨਕ ਅਧਿਐਨਾਂ ਨੇ ਇਹ ਦਿਖਾਇਆ ਹੈ ਕਿ ਹੈਰੀ ਪਾਟਰ ਪੜ੍ਹਨ ਜਾਂ ਦੇਖਣ ਵਾਲ਼ੇ ਬੱਚੇ ਤੇ ਕਿਸ਼ੋਰ, ਹੋਰਾਂ ਦੇ ਮੁਕਾਬਲੇ ਵੱਧ ਜਮਹੂਰੀਅਤ ਪਸੰਦ ਅਤੇ ਖੁੱਲ੍ਹ-ਖਿਆਲੀਏ ਬਣੇ ਹਨ। ਫ਼ਾਸ਼ੀਵਾਦ ਵਿਰੁੱਧ ਜਿੰਨੀਆਂ ਸੂਖ਼ਮ ਗੱਲਾਂ ਇਨ੍ਹਾਂ ਨਾਵਲਾਂ ਵਿਚ ਹਨ, ਉਹ ਬੱਚਿਆਂ ਲਈ ਹੋਰ ਕਿਰਤਾਂ ਵਿਚ ਕਿਤੇ ਘੱਟ ਹੀ ਲੱਭਦੀਆਂ ਹਨ। ਅਜਿਹੀਆਂ ਕਿਰਤਾਂ ਦੀ ਲੇਖਕ ਨੂੰ ਤੁਸੀਂ ਵਿਰੋਧੀ ਦੇ ਖੇਮੇ ਵਿਚ ਕਿਵੇਂ ਰੱਖ ਸਕਦੇ ਹੋ?
ਭਾਰਤ ਦੇ ਖੱਬੇ-ਪੱਖੀ ਹਲਕਿਆਂ ਵਿਚ ਵੀ ਇਹ ਰੁਝਾਨ ਮੌਜੂਦ ਹਨ। ਪਿਛਲੇ ਦਿਨੀਂ ਰਾਮ ਚੰਦਰ ਗੁਹਾ ਅਤੇ ਅਪੂਰਵਾਨੰਦ ਜਿਹੇ ਐਲਾਨੀਆ ਫਾਸ਼ੀਵਾਦ ਵਿਰੋਧੀ ਚਿੰਤਕਾਂ ਵੱਲੋਂ ਕੀਤੀਆਂ ਕੁਝ ਟਿੱਪਣੀਆਂ ਦੇ ਪ੍ਰਸੰਗ ਵਿਚ ਉਨ੍ਹਾਂ ਨੂੰ ਬਹੁਤ ਬੋਲ ਕੁਬੋਲ ਬੋਲੇ ਗਏ, ਬਿਨਾ ਇਸ ਗੱਲ ਦਾ ਅਹਿਸਾਸ ਕਰਦਿਆਂ ਕਿ ਸਾਡੇ ਆਪਣਿਆਂ ਨੂੰ ਵੀ ਅਸਹਿਮਤ ਹੋਣ ਅਤੇ ਵੱਖਰੀ ਰਾਏ ਰੱਖਣ ਦਾ ਹੱਕ ਹੁੰਦਾ ਹੈ। ਸੋਸ਼ਲ ਮੀਡੀਆ ਉੱਤੇ ਹੁੰਦੀਆਂ ਬਹਿਸਾਂ ਵਿਚ ਖਾਸ ਤੌਰ ਉੱਤੇ ਅਜਿਹੇ ਰੁਝਾਨ ਦੇਖਣ ਨੂੰ ਮਿਲ਼ ਰਹੇ ਹਨ। ਅਜਿਹੇ ਰੁਝਾਨ ਰੱਖਣ ਵਾਲੇ ਖੱਬੇ-ਪੱਖੀ ਵੀ ਸੱਜੇ-ਪੱਖੀਆਂ ਨੂੰ ਲੱਗੇ ਰੋਗ ਤੋਂ ਹੀ ਪੀੜਤ ਹੁੰਦੇ ਹਨ। ਉਨ੍ਹਾਂ ਦੀਆਂ ਜੜ੍ਹਾਂ ਵੀ ਸੱਜੇ-ਪੱਖੀਆਂ ਵਾਂਗ ਹੀ ਥਿਰ ਹੁੰਦੀਆਂ ਹਨ, ਬਿਨਾ ਅਤੀਤ ਨੂੰ ਸਮਝਿਆਂ ਅਤੀਤ ਵਿਚੋਂ ਊਰਜਾ ਲੈਣ ਵਾਲ਼ੀਆਂ। ਵਿਚਾਰਾਂ ਸਮੇਤ ਹਰ ਕਿਸਮ ਦੇ ਦਮਨ ਦਾ ਮੁਕਾਬਲਾ, ਬਰਾਬਰੀ ਦੇ ਦਮਨ ਨਾਲ਼ ਨਹੀਂ ਕੀਤਾ ਜਾ ਸਕਦਾ। ਅਜਿਹਾ ਕਰਦਿਆਂ ਇੱਕ ਸੱਤਾ ਨੂੰ ਦੂਜੀ ਸੱਤਾ ਨਾਲ਼ ਵਟਾਇਆ ਹੀ ਜਾ ਰਿਹਾ ਹੁੰਦਾ ਹੈ। ਸੱਤਾ ਦੀ ਮੌਜੂਦਗੀ ਵਿਚ ਸੱਚੀ ਬਰਾਬਰੀ ਅਤੇ ਅਜ਼ਾਦੀ ਸੰਭਵ ਨਹੀਂ ਹੋ ਸਕਦੀ।
ਖੁੱਲ੍ਹੀ ਚਰਚਾ ਦੇ ਸੱਭਿਆਚਾਰ ਨੂੰ ਜਾਨਣ ਲਈ ਰੂਸੀ ਇਨਕਲਾਬ ਤੋਂ ਤੁਰੰਤ ਬਾਅਦ ਦੇ ਵਿਚਾਰਕ ਹਲਕਿਆਂ ਵਿਚਲੇ ਸੰਵਾਦ ਤੋਂ ਪ੍ਰੇਰਨਾ ਲਈ ਜਾ ਸਕਦੀ ਹੈ। ਇਸ ਸਮੇਂ ਹੀ ਅਸਲ ਜਮਹੂਰੀ ਪ੍ਰਕਿਰਿਆਵਾਂ ਨੂੰ ਸ਼ੁਰੂ ਹੁੰਦਿਆਂ ਦੇਖਿਆ ਜਾ ਸਕਦਾ ਹੈ। ਕਿਸੇ ਮੈਕਸਿਮ ਗੋਰਕੀ ਨੂੰ ਇਨਕਲਾਬ ਦਾ ਵਿਰੋਧ ਕਰਨ ਦੇ ਬਾਵਜੂਦ ਦੁਸ਼ਮਣਾਂ ਦੇ ਖੇਮੇ ਵਿਚ ਨਹੀਂ ਸੀ ਰੱਖਿਆ ਜਾਂਦਾ। ਵੱਖਰੇ ਵਿਚਾਰ ਰੱਖਣ ਦਾ ਹੱਕ ਹਰ ਕਿਸੇ ਨੂੰ ਸੀ। ਖੱਬੇ-ਪੱਖੀਆਂ ਲਈ ਇਹ ਇਤਿਹਾਸਕ ਦੁਖਾਂਤ ਹੈ ਕਿ ਰੂਸੀ ਖਾਨਾਜੰਗੀ ਦੇ ਐਂਮਰਜੈਂਸੀ ਹਾਲਾਤ ਦੌਰਾਨ ਚੁੱਕੇ ਗਏ ਕਦਮ ਕਦੇ ਵਾਪਸ ਨਾ ਹੋ ਸਕੇ ਅਤੇ ਇਨਕਲਾਬ ਦੇ ਸ਼ਾਨਦਾਰ ਸੁਫ਼ਨੇ ਸੱਚ ਹੋਣ ਤੋਂ ਉਰਾਂ ਹੀ ਰਹਿ ਗਏ। ਰੂਸੀ ਕ੍ਰਾਂਤੀ ਦੀ ਸ਼ਤਾਬਦੀ ਦੌਰਾਨ ਵੀ ਅਸੀਂ ਇਸ ਦੀਆਂ ਅਸਲ ਰੌਆਂ ਨੂੰ ਮੁੜ ਫੜਨ ਤੋਂ ਨਾਕਾਮ ਰਹਿ ਗਏ। ਪਰੰਪਰਾਵਾਂ ਵਜੋਂ ਝੋਲ਼ੀ ਵਿਚ ਪਵਾਈ 'ਸੋਧਵਾਦੀ', 'ਗੱਦਾਰ' ਜਾਂ 'ਭਗੌੜਾ' ਵਰਗੀ ਸ਼ਬਦਾਵਲੀ ਉੱਤੇ ਅਜੇ ਤੱਕ ਵਿਚਾਰ ਨਹੀਂ ਕਰ ਸਕੇ।
ਖ਼ਤ ਦੀਆਂ ਆਖਰੀ ਸਤਰਾਂ ਵਿਚ ਲੇਖਕ ਲਿਖਦੇ ਹਨ, ''ਅਸੀਂ ਇਨਸਾਫ਼ ਅਤੇ ਆਜ਼ਾਦੀ ਵਿਚਲੀ ਕਿਸੇ ਝੂਠੀ ਚੋਣ ਨੂੰ ਮੰਨਣ ਤੋਂ ਇਨਕਾਰ ਕਰਦੇ ਹਾਂ, ਦੋਹਾਂ ਦੀ ਇੱਕ ਦੂਸਰੇ ਤੋਂ ਬਿਨਾ ਹੋਂਦ ਸੰਭਵ ਹੀ ਨਹੀਂ ਹੈ। ਲੇਖਕ ਵਜੋਂ ਸਾਨੂੰ ਅਜਿਹਾ ਸੱਭਿਆਚਾਰ ਲੋੜੀਂਦਾ ਹੈ, ਜਿਸ ਵਿਚ ਅਸੀਂ ਨਵੇਂ ਪ੍ਰਯੋਗ ਕਰ ਸਕੀਏ, ਜੋਖਮ ਉਠਾ ਸਕੀਏ, ਤੇ ਇੱਥੋਂ ਤੱਕ ਕਿ ਗਲਤੀਆਂ ਵੀ ਕਰ ਸਕੀਏ।"
ਕਿਹਾ ਜਾ ਸਕਦਾ ਹੈ ਕਿ ਅਜਿਹਾ ਸੱਭਿਆਚਾਰ ਲੇਖਕ ਹੀ ਨਹੀਂ, ਬੰਦੇ ਦੇ ਉਸ 'ਤੱਤ' ਨੂੰ ਸਾਕਾਰ ਕਰਨ ਲਈ ਵੀ ਲੋੜੀਂਦਾ ਹੈ ਜਿਸ ਦੀ ਗੱਲ ਕਾਰਲ ਮਾਰਕਸ ਨੇ ਆਪਣੇ ਸਮਿਆਂ ਵਿਚ ਕੀਤੀ ਸੀ।
ਸੰਪਰਕ : 98550-36890