ਸ਼ੇਰੇ ਪੰਜਾਬ - ਕੰਵਲਜੀਤ ਕੌਰ ਕੰਵਲ
ਓ ਰੱਬਾ ਵੇਖ ਕੇ ਅੱਜ ਦੀ ਰਾਜਨੀਤੀ,
ਅੱਖੀਂ ਖ਼ੂਨ ਦੇ ਹੰਝੂ ਆਉਂਦੇ ਨੇ ।
ਦੀਪ,ਸੰਦੀਪ ਤੇ ਸ਼ੁਭਦੀਪ ਵਰਗੇ ,
ਕਿੱਦਾਂ ਦਿਨ ਦਿਹਾੜੇ ਜਾਂਵਦੇ ਨੇ।
ਸ਼ੇਰੇ ਪੰਜਾਬ ਸ਼ਹਿਨਸ਼ਾਹ ਆ ਮੁੁਡ਼ ਕੇ,
ਤੇਰੇ ਪੰਜਾਬ ਦੇ ਲੋਕ ਬੁਲਾਂਵਦੇ ਨੇ।
ਓ ਇੱਥੇ ਚੋਰ ਤੇ ਕੁੱਤੀ ਰਲ ਗਏ ਨੇ,
ਆਮ ਲੋਕ ਹੀ ਦਰਦ ਹੰਢਾਂਵਦੇ ਨੇ।
ਓ ਰਾਜੇ ਰਣਜੀਤ ਜਿਹਾ ਇਨਸਾਫ ਹੈ ਨਹੀੰ,
ਓ ਲੋਕੀ ਹਾਕਾਂ ਮਾਰ ਬੁਲਾਉਂਦੇ ਨੇ ।
ਸ਼ੇਰੇ ਪੰਜਾਬ ਸ਼ਹਿਨਸ਼ਾਹ ਆ ਮੁੁਡ਼ ਕੇ,
ਤੇਰੇ ਪੰਜਾਬ ਦੇ ਲੋਕ ਬੁਲਾਂਵਦੇ ਨੇ।
ਓ ਅੱਜ ਕੋਈ ਨਹੀੰ ਲੋਹੇ ਨੂੰ ਸੋਨਾ ਕਰਦਾ,
ਆਪਣੇ ਆਪ ਨੂੰ ਪਾਰਸ ਅਖਵਾਂਵਦੇ ਨੇ ।
ਕੋਈ ਨਲੂਏ ਜਿਹਾ ਨਾ ਜਰਨੈਲ ਹੋਇਆ,
ਓ ਲੋਕੀਂ ਅੱਜ ਵੀ ਕਿੱਸੇ ਗਾਂਵਦੇ ਨੇ।
ਸ਼ੇਰੇ ਪੰਜਾਬ ਸ਼ਹਿਨਸ਼ਾਹ ਆ ਮੁੁਡ਼ ਕੇ,
ਤੇਰੇ ਪੰਜਾਬ ਦੇ ਲੋਕ ਬੁਲਾਂਵਦੇ ਨੇ।
ਬੱਚੇ ਮਾਰ ਕੇ ਵੱਟੇ ਉਸ ਸ਼ਹਿਨਸ਼ਾਹ ਦੇ,
ਤਾਂ ਵੀ ਫਲ ਹੀ ਝੋਲੀ ਪਵਾਂਵਦੇ ਨੇ ।
ਹੁਣ ਤਾਂ ਹਉਮੈਂ ਹੰਕਾਰ ਹੀ ਰਹਿ ਗਿਆ ਇੱਥੇ,
ਫੋਕੀ ਟੌਹਰ 'ਚ ਰਾਜੇ ਮਰੀ ਜਾਂਵਦੇ ਨੇ।
ਸ਼ੇਰੇ ਪੰਜਾਬ ਸ਼ਹਿਨਸ਼ਾਹ ਆ ਮੁੁਡ਼ ਕੇ,
ਤੇਰੇ ਪੰਜਾਬ ਦੇ ਲੋਕ ਬੁਲਾਂਵਦੇ ਨੇ।
ਹਰ ਧਰਮ , ਇਨਸਾਨ ਦੇ ਬਣ ਰਾਖੇ,
ਕੋਈ ਨਾ ਸੇਵਾਦਾਰ ਅਖਵਾਉਂਦੇ ਨੇ ।
ਕੰਵਲ ਆਖੇ ਓ ਰੱਬਾ ਭੇਜ ਮੁੜ੍ਹਕੇ,
ਪਾਂਡੀ ਪਾਤਸ਼ਾਹ ਤਾਈਂ ਕੁਰਲਾਉਂਦੇ ਨੇ ।
ਸ਼ੇਰੇ ਪੰਜਾਬ ਸ਼ਹਿਨਸ਼ਾਹ ਆ ਮੁੁਡ਼ ਕੇ,
ਤੇਰੇ ਪੰਜਾਬ ਦੇ ਲੋਕ ਬੁਲਾਂਵਦੇ ਨੇ।
ਕੰਵਲਜੀਤ ਕੌਰ ਕੰਵਲ
ਮਹਿਮਾ ਚੱਕ/ਫਤਿਹਵਾਲੀ
ਗੁਰਦਾਸਪੁਰ
9915986343
ਮਿੰਨੀ ਕਹਾਣੀ : 'ਗਰੀਨ ਦੀਵਾਲੀ' - ਕੰਵਲਜੀਤ ਕੌਰ ਢਿੱਲੋਂ
ਰਾਜੂ ਕਾਪੀ ਪੈੱਨ ਲੈ ਕੇ ਦਾਦੀ ਦੇ ਕਮਰੇ ਵਿਚ ਆ ਗਿਆ ਅਤੇ ਦਾਦੀ ਨੂੰ ਗਲਵੱਕੜੀ ਪਾ ਕੇ ਕਹਿਣ ਲੱਗਾ 'ਦਾਦੀ ਜੀ ਅੱਜ ਸਾਡੀ ਟੀਚਰ ਨੇ ਰੌਸ਼ਨੀਆਂ ਦਾ ਤਿਓਹਾਰ ਦੀਵਾਲੀ ਵਿਸ਼ੇ 'ਤੇ ਲੇਖ ਲਿਖਣ ਲਈ ਕਿਹਾ ਹੈ ਅਤੇ ਇਸ ਦੇ ਨਾਲ ਹੀ ਸਾਨੂੰ ਸਾਰਿਆਂ ਨੂੰ ਗਰੀਨ ਦੀਵਾਲੀ ਮਨਾਉਣ ਲਈ ਵੀ ਕਿਹਾ ਹੈ। ਦਾਦੀ ਜੀ ਇਸ ਵਾਰੀ ਆਪਾਂ ਸਾਰੇ ਪ੍ਰਦੂਸ਼ਣ ਮੁਕਤ ਗਰੀਨ ਦੀਵਾਲੀ ਮਨਾਵਾਂਗੇ'। ਦਾਦੀ ਨੇ ਹੈਰਾਨੀ ਨਾਲ ਪੁੱਛਿਆ 'ਪੁੱਤਰ ਜੀ ਇਹ ਗਰੀਨ ਦੀਵਾਲੀ ਕੀ ਹੁੰਦੀ ਹੈ ਤਾਂ ਰਾਜੂ ਨੇ ਦਾਦੀ ਮਾਂ ਨੂੰ ਕਿਹਾ ਕਿ ਟੀਚਰ ਨੇ ਸਾਨੂੰ ਕਿਹਾ ਹੈ ਕਿ ਅਸੀਂ ਸਾਰੇ ਦੀਵਾਲੀ 'ਤੇ ਪਟਾਕੇ ਚਲਾਉਣ ਦੀ ਬਜਾਇ ਰੁੱਖ ਲਗਾਵਾਂਗੇ। ਦਾਦੀ ਤੁਹਾਨੂੰ ਪਤਾ ਪਟਾਕਿਆਂ ਵਿਚੋਂ ਨਿਕਲਦੀਆਂ ਜ਼ਹਿਰੀਲੀਆਂ ਗੈਸਾਂ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ, ਜਿਸ ਨਾਲ ਸਾਹ ਦੇ ਮਰੀਜ਼ਾਂ, ਬਜ਼ੁਰਗਾਂ ਅਤੇ ਛੋਟੇ ਬੱਚਿਆਂ ਨੂੰ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਉਥੇ ਹੀ ਰੁੱਖ ਸਾਨੂੰ ਧੁੱਪ ਵਿਚ ਛਾਂ ਦਿੰਦੇ ਹਨ। ਖਾਣ ਲਈ ਫ਼ਲ ਦਿੰਦੇ ਹਨ ਤੇ ਸਭ ਤੋਂ ਵੱਡੀ ਗੱਲ ਸਾਹ ਲੈਣ ਲਈ ਆਕਸੀਜਨ ਪ੍ਰਦਾਨ ਕਰਦੇ ਹਨ। ਦਾਦੀ ਜੀ ਟੀਚਰ ਇਹ ਵੀ ਕਹਿੰਦੇ ਹਨ ਕਿ ਦੀਵਾਲੀ 'ਤੇ ਬੇਧਿਆਨੀ ਨਾਲ ਚਲਾਏ ਪਟਾਕਿਆਂ ਨਾਲ ਕਈ ਵਾਰ ਜਾਨੀ ਤੇ ਮਾਲੀ ਨੁਕਸਾਨ ਵੀ ਹੁੰਦਾ ਹੈ। ਦਾਦੀ ਜੀ ਮੈਂ ਆਪਣੇ ਟੀਚਰ ਅਤੇ ਸਾਰੀ ਕਲਾਸ ਦੇ ਬੱਚਿਆਂ ਨੂੰ ਦੱਸਿਆ ਕਿ ਕਿਵੇਂ ਦੀਵਾਲੀ ਵਾਲੇ ਦਿਨ ਮੇਰੀ ਭੂਆ ਜੀ ਅਨਾਰ ਚਲਾਉਂਦਿਆਂ ਅਨਾਰ ਵਿਚਲੇ ਬੰਬ ਦੇ ਵਿਸਫੋਟ ਨਾਲ ਸੁਣਨ ਸ਼ਕਤੀ ਅਤੇ ਅੱਖਾਂ ਦੀ ਰੌਸ਼ਨੀ ਗੁਆ ਬੈਠੇ। ਦਾਦੀ ਨਾਲ ਦੇ ਮੰਜੇ 'ਤੇ ਸੁੱਤੀ ਪਈ ਆਪਣੀ ਧੀ ਰੌਸ਼ਨੀ ਦੇ ਸਿਰ 'ਤੇ ਹੱਥ ਫੇਰਦਿਆਂ ਸੋਚ ਰਹੀ ਸੀ ਕਿ ਕਾਸ਼ ਇਹ 'ਗਰੀਨ ਦੀਵਾਲੀ' ਮਨਾਉਣ ਦਾ ਫ਼ੈਸਲਾ ਕੁਝ ਸਾਲ ਪਹਿਲਾਂ ਲਿਆ ਹੁੰਦਾ ਤਾਂ ਅੱਜ ਉਸ ਦੀ ਧੀ ਰੌਸ਼ਨੀ ਦੀ ਜਿੰਦਗੀ ਵਿਚ ਇੰਝ ਹਨੇਰਾ ਨਾ ਪਸਰਦਾ। ਰਾਜੂ ਹੁਣ ਦਾਦੀ ਦੇ ਕੋਲ ਬੈਠਾ ਲੇਖ ਲਿਖ ਰਿਹਾ ਸੀ ਕਿ 'ਰੌਸ਼ਨੀਆਂ ਦਾ ਤਿਓਹਾਰ ਦੀਵਾਲੀ'
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
9478793231
Email:kanwaldhillon16@gmail.com
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ - ਕੰਵਲਜੀਤ ਕੌਰ ਢਿੱਲੋਂ
ਸ੍ਰ: ਭਗਤ ਸਿੰਘ ਦਾ ਜਨਮ ਜੱਟ ਸਿੱਖ ਸੰਧੂ ਪਰਿਵਾਰ ਵਿੱਚ ਪਿਤਾ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਵਿਦਿਆਵਤੀ ਦੀ ਕੁੱਖੋਂ 28 ਸਤੰਬਰ , 1907 ਨੂੰ ਚੱਕ ਨੰਬਰ 105 ਪਿੰਡ ਬੰਗਾਂ ਤਹਿਸੀਲ ਜੜਾਵਾਲਾਂ ਜਿਲ੍ਹਾ ਲਾਇਲਪੁਰ (ਪਾਕਿਸਤਾਨ) ਵਿਖੇ ਹੋਇਆ। ਸ੍ਰ: ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ ਨਵਾ ਸ਼ਹਿਰ(ਪੰਜਾਬ) ਵਿੱਚ ਸਥਿਤ ਹੈ। ਸਰਕਾਰ ਦੁਆਰਾ ਨਵਾਂ ਸ਼ਹਿਰ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਨਗਰ ਰੱਖ ਦਿੱਤਾ ਗਿਆ ਹੈ।
ਭਗਤ ਸਿੰਘ ਨੇ ਆਪਣੀ ਮੁੱਢਲੀ ਸਿੱਖਿਆ ਲਾਇਲਪੁਰ ਦੇ ਪ੍ਰਾਇਮਰੀ ਸਕੂਲ ਤੋਂ ਲਈ ਅਤੇ 1916-17 ਈ.ਵਿੱਚ ਡੀ.ਏ.ਵੀ. ਸਕੂਲ ਲਹੌਰ ਵਿੱਚ ਦਾਖਲ ਹੋਇਆ। ਇਸ ਸਕੂਲ ਨੂੰ ਅੰਗਰੇਜ਼ਾ ਦੁਆਰਾ ''ਰਾਜ ਵਿਰੋਧੀ ਸਰਗਰਮੀਆਂ ਦੀ ਨਰਸਰੀ'' ਕਿਹਾ ਗਿਆ। ਇਸ ਸਕੂਲ ਵਿੱਚ ਪੜ੍ਹਦਿਆਂ ਹੀ ਉਸਨੇ ਅੰਗਰੇਜ਼ੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਸਿੱਖੀਆਂ ਅਤੇ ਉਮਰ ਦੇ ਵੱਖ-ਵੱਖ ਪੜ੍ਹਾਵਾਂ ਦੇ ਚਲਦਿਆਂ ਗੁਰਮੁੱਖੀ , ਹਿੰਦੀ ਅਤੇ ਬੰਗਾਲੀ ਭਾਸ਼ਾ ਵੀ ਗ੍ਰਹਿਣ ਕੀਤੀਆਂ। ਸ੍ਰ: ਭਗਤ ਸਿੰਘ ਆਪਣੇ ਚਾਚੇ ਅਜੀਤ ਸਿੰਘ ਦੀ ਸ਼ਖਸ਼ੀਅਤ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ ਅਤੇ ਇਸ ਤੋਂ ਇਲਾਵਾ ਭਗਤ ਸਿੰਘ ਦੇ ਬਾਲ ਮਨ ਤੇ ਕਰਤਾਰ ਸਿੰਘ ਸਰਾਭਾ ਦੀ ਸ਼ਹੀਦੀ ਦਾ ਬਹੁਤ ਡੂੰਘਾ ਅਸਰ ਪਿਆ। ਭਗਤ ਸਿੰਘ ਹਮੇਸ਼ਾ ਕਰਤਾਰ ਸਿੰਘ ਸਰਾਭੇ ਦੀ ਫ਼ੋਟੋ ਆਪਣੀ ਜੇਬ ਵਿੱਚ ਰੱਖਿਆ ਕਰਦਾ ਸੀ, ਜੋ ਗ੍ਰਿਫ਼ਤਾਰੀ ਸਮੇਂ ਵੀ ਉਸ ਕੋਲੋ ਪ੍ਰਾਪਤ ਹੋਈ ਸੀ ।
1919 ਈ. ਵਿੱਚ ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦਾ ਸ੍ਰ: ਭਗਤ ਸਿੰਘ ਦੇ ਮਨ ਤੇ ਬਹੁਤ ਗਹਿਰਾ ਪ੍ਰਭਾਵ ਪਿਆ। ਉਹ ਇਸ ਘਟਨਾ ਤੋਂ ਦੂਜੇ ਦਿਨ ਜਲ੍ਹਿਆਂਵਾਲੇ ਬਾਗ ਅੰਮ੍ਰਿਤਸਰ ਗਿਆ ਅਤੇ ਖੂਨ ਨਾਲ ਭਿੱਜੀ ਮਿੱਟੀ ਲੈ ਕੇ ਵਾਪਸ ਆ ਗਿਆ। ਇਸ ਘਟਨਾ ਨੇ ਉਸ ਦੇ ਮਨ ਵਿੱਚ ਅੰਗਰੇਜ਼ਾਂ ਪ੍ਰਤੀ ਰੋਹ ਭਰ ਦਿੱਤਾ। ਫਰਵਰੀ 1921 ਨੂੰ ਨਨਕਾਣਾ ਸਾਹਿਬ ਗੁਰਦੁਆਰੇ ਦੇ ਮੋਰਚੇ ਨੇ ਭਗਤ ਸਿੰਘ ਦੇ ਮਨ ਤੇ ਡੂੰਘੀ ਛਾਪ ਛੱਡੀ। ਉਹ ਆਪਣੇ ਪਿੰਡ ਵਿੱਚੋਂ ਲੰਘਦੇ ਜਾਂਦੇ ਅੰਦੋਲਨਕਾਰੀਆਂ ਨੂੰ ਲੰਗਰ ਛਕਾਇਆ ਕਰਦੇ ਸਨ। 1921 ਵਿੱਚ ਭਗਤ ਸਿੰਘ ਨੇ ਆਪਣੀ ਦਸਵੀਂ ਦੀ ਪੜਾਈ ਵਿਚਾਲੇ ਛੱਡ ਦਿੱਤੀ ਅਤੇ ਨਾ-ਮਿਲਵਰਤਣ ਲਹਿਰ ਵਿਚ ਸਰਗਰਮ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਸੰਨ 1921-1922 ਈ: ਵਿੱਚ ਲਹੌਰ ਵਿਖੇ ਦੇਸ਼ ਭਗਤਾਂ ਦੁਆਰਾ ਨੈਸ਼ਨਲ ਕਾਲਜ ਬਣਾਇਆ ਗਿਆ ਜਿਸ ਵਿਚ ਭਗਤ ਸਿੰਘ ਨੂੰ ਇੱਕ ਕਠਿਨ ਪ੍ਰੀਖਿਆ ਪਾਸ ਕਰ ਕਾਲਜ ਦੇ ਪਹਿਲੇ ਸਾਲ ਵਿੱਚ ਦਾਖਲਾ ਮਿਲ ਗਿਆ। ਇਥੇ ਜੈਦੇਵ ਗੁਪਤਾ ਅਤੇ ਸੁਖਦੇਵ ਉਸ ਦੇ ਜਮਾਤੀ ਸਨ। ਭਗਤ ਸਿੰਘ ਦਾ ਸੁਖਦੇਵ ਨਾਲ ਕਾਲਜ ਦਾ ਇਹ ਸਾਥ ਫਾਂਸੀ ਦੇ ਤਖ਼ਤੇ ਤੱਕ ਗਿਆ। ਕਾਲਜ ਵਿੱਚ ਪੜ੍ਹਾਈ ਦੇ ਦੌਰਾਨ ਉਸ ਨੇ ਕਾਲਜ ਦੇ ਨੈਸ਼ਨਲ ਨਾਟਕ ਕਲੱਬ ਦੇ ਅੰਤਰਗਤ ਇਨਕਲਾਬੀ ਡਰਾਮੇ ਖੇਡੇ। ਸੋਹਣੀ ਸ਼ਕਲ ਸੂਰਤ ਅਤੇ ਸੁਰੀਲੀ ਅਵਾਜ਼ ਦੀ ਬਦੌਲਤ ਭਗਤ ਸਿੰਘ ਨੇ ਬਹੁਤ ਸਾਰ ਨਾਟਕਾਂ ਵਿੱਚ ਨਾਇਕ ਦੀ ਭੂਮਿਕਾ ਨਿਭਾਉਂਦੇ ਹੋਏ ਇਨਕਲਾਬੀ ਗੀਤ ਗਾਏ।
13 ਮਾਰਚ 1926 ਈ: ਨੂੰ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਮਿਲਕੇ ਨੌਜਵਾਨ ਭਾਰਤ ਸਭਾ ਦੀ ਸਥਾਪਨਾ ਕੀਤੀ, ਜੋ ਕਿ ਇਨਕਲਾਬੀ ਗਤੀਵਿਧੀਆਂ ਲਈ ਇੱਕ ਖੁੱਲਾ ਮੰਚ ਸੀ। ਸ੍ਰ: ਭਗਤ ਸਿੰਘ ਜਿੱਥੇ ਇੱਕ ਸਿਰਕੱਢ ਕ੍ਰਾਂਤੀਕਾਰੀ ਸੀ ਉੱਥੇ ਉੱਘਾ ਵਿਦਵਾਨ ਸੀ। ਉਸਨੇ ਇੰਨੀ ਛੋਟੀ ਉਮਰ ਵਿੱਚ ਬਹੁਤ ਵੱਡੀਆਂ ਪੁਲਾਘਾਂ ਭਰੀਆ। ਸ੍ਰ:ਭਗਤ ਸਿੰਘ ਨੇ ਵਿਦੇਸ਼ੀ ਅਜ਼ਾਦੀ ਘੁਲਾਟੀਆਂ ਦੀਆਂ ਸਵੈ-ਜੀਵਨੀਆਂ ਦਾ ਭਾਰਤੀ ਭਾਸ਼ਾ ਵਿੱਚ ਅਨੁਵਾਦ ਕਰਨ ਦੇ ਨਾਲ-ਨਾਲ ਖੁਦ ਵੀ ਕਿਤਾਬਾਂ ਅਤੇ ਪਰਚੇ ਲਿਖੇ। ਉਸਨੂੰ ਕਿਤਾਬਾਂ ਪੜ੍ਹਨ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਸੀ। ਉਹ ਆਪਣੇ ਨਾਲ ਹਰ ਵੇਲੇ ਕਿਤਾਬ ਅਤੇ ਪਸਤੌਲ ਰੱਖਦਾ ਸੀ।
30 ਅਕਤੂਬਰ 1928 ਈ: ਨੂੰ ਸਾਈਮਨ ਕਮਿਸ਼ਨ ਲਹੌਰ ਪਹੁੰਚਿਆਂ। ਇਸ ਕਮਿਸ਼ਨ ਦੇ ਖਿਲਾਫ਼ ਨੌਜਵਾਨ ਭਾਰਤ ਸਭਾ ਨੇ ਜਲੂਸ ਕੱਢਿਆ ਅਤੇ ਸਾਈਮਨ ਕਮਿਸ਼ਨ ਗੋ ਬੈਕ ਦੇ ਨਾਹਰੇ ਲਗਾਏ। ਇਸ ਜਲੂਸ ਵਿਚ ਭਗਤ ਸਿੰਘ ਨੇ ਵੀ ਹਿੱਸਾ ਲਿਆ। ਪੁਲਿਸ ਦੇ ਰੋਕਣ ਦੇ ਬਾਵਜੂਦ ਜਲੂਸ ਅੱਗੇ ਵੱਧਦਾ ਗਿਆ ਜਿਸ ਨੂੰ ਰੋਕਣ ਲਈ ਅੰਗਰੇਜ਼ ਹਕੂਮਤ ਨੇ ਲਾਠੀ ਚਾਰਜ਼ ਕੀਤਾ ਜਿਸ ਵਿੱਚ ਲਾਲਾ ਲਾਜਪਤ ਰਾਏ ਦੇ ਸਿਰ ਵਿੱਚ ਗਹਿਰੀ ਸੱਟ ਲੱਗਣ ਕਾਰਨ ਕੁੱਝ ਦਿਨਾਂ ਬਾਅਦ ਉਹਨਾਂ ਦੀ ਮੌਤ ਹੋ ਗਈ। ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ ਲੈਣ ਲਈ ਇਨਕਲਾਬੀਆਂ ਨੇ ਇੱਕ ਯੋਜਨਾ ਬਣਾਈ ਜਿਸ ਦੇ ਅੰਤਰਗਤ ਸਕਾਟ ਨੂੰ ਗੋਲੀ ਮਾਰਨੀ ਸੀ। ਮੌਕੇ ਤੇ ਸਕਾਟ ਦੀ ਜਗ੍ਹਾਂ ਸਹਾਇਕ ਪੁਲਿਸ ਮੁੱਖੀ ਜੇ.ਪੀ.ਸਾਂਡਰਸ ਮੋਟਰਸਾਈਕਲ ਤੇ ਦਫ਼ਤਰੋ ਬਾਹਰ ਆ ਗਿਆ ਅਤੇ ਕ੍ਰਾਂਤੀਕਾਰੀਆ ਦੀ ਗੋਲੀ ਦਾ ਨਿਸ਼ਾਨਾ ਬਣ ਗਿਆ। ਇਸ ਤਰ੍ਹਾਂ ਕ੍ਰਾਂਤੀਕਾਰੀਆ ਨੇ ਲਾਲਾ ਜੀ ਦੀ ਮੌਤ ਦਾ ਬਦਲਾ ਲੈ ਲਿਆ।
ਸ੍ਰ: ਭਗਤ ਸਿੰਘ ਖੂਨ-ਖਰਾਬੇ ਦੇ ਬਿਲਕੁੱਲ ਹੱਕ ਵਿੱਚ ਨਹੀਂ ਸੀ। ਉਸਨੇ ਪਬਲਿਕ ਸੇਫ਼ਟੀ ਬਿਲ ਅਤੇ ਟਰੇਡ ਡਿਸਪਿਊਟਸ ਬਿਲ ਦੇ ਖਿਲਾਫ ਅਸੰਬਲੀ ਵਿੱਚ ਨਕਲੀ ਬੰਬ ਸੁੱਟ ਕੇ ਅੰਗਰੇਜ਼ੀ ਹਕੂਮਤ ਦਾ ਵਿਰੋਧ ਕਰਨਾ ਚਾਹਿਆ। ਇਸ ਲਈ ਸ੍ਰ: ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੇ 8 ਅ੍ਰਪੈਲ 1929 ਨੂੰ ਕੇਂਦਰੀ ਅਸੰਬਲੀ ਦੇ ਸੈਂਟਰਲ ਹਾਲ ਵਿੱਚ ਖਾਲੀ ਥਾਂ ਤੇ ਨਕਲੀ ਬੰਬ ਸੁੱਟਿਆ ਅਤੇ ਪਰਚੇ ਸੁੱਟਦੇ ਹੋਏ ਇਨਕਲਾਬ-ਜਿੰਦਾਬਾਦ ਦੇ ਨਾਹਰੇ ਲਾਏ। ਸਾਰਾ ਹਾਲ ਧੂੰਏਂ ਨਾਲ ਭਰ ਗਿਆ ਉਹ ਚਾਹੁੰਦੇ ਤਾਂ ਉੱਥੋ ਭੱਜ ਸਕਦੇ ਸਨ। ਪਰ ਉਹਨਾਂ ਨੇ ਆਪਣੀ ਇੱਛਾਂ ਨਾਲ ਪੁਲਿਸ ਨੂੰ ਗ੍ਰਿਫ਼ਤਾਰੀ ਦਿੱਤੀ। ਜਦੋਂ ਭਗਤ ਸਿੰਘ ਨੂੰ ਨਕਲੀ ਬੰਬ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਸਨੇ ਉੱਤਰ ਦਿੱਤਾ ਕਿ ਉਹਨਾਂ ਦਾ ਉਦੇਸ਼ ਕਿਸੇ ਨੂੰ ਜਾਨੀ ਨੁਕਸਾਨ ਪਹੁੰਚਾਉਣਾ ਨਹੀਂ ਸੀ ਸਗੋਂ ਸੱਤ-ਸਮੁੰਦਰ ਪਾਰ ਬੈਠੀ ਬੋਲੀ ਸਰਕਾਰ ਦੇ ਕੰਨ ਖੋਲਣਾ ਸੀ। ਇਨਕਬਾਲ ਜਿੰਦਾਬਾਦ ਦਾ ਨਾਹਰਾ ਪਹਿਲੀ ਵਾਰ ਸ੍ਰ: ਭਗਤ ਸਿੰਘ ਨੇ ਦਿੱਤਾ ਸੀ, ਜੋ ਅੱਗੇ ਚੱਲ ਕੇ ਸਾਰੇ ਦੇਸ਼ ਦਾ ਨਾਹਰਾ ਬਣ ਗਿਆ।
ਸ੍ਰ: ਭਗਤ ਸਿੰਘ ਅਤੇ ਬੀ.ਕੇ.ਦੱਤ ਵਿਰੁੱਧ ਚਲਾਨ ਏ.ਡੀ.ਐਮ. ਦਿੱਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਹਨਾਂ ਨੇ ਆਪਣੀ ਕਨੂੰਨੀ ਚਾਰਾਜੋਈ ਲਈ ਕੋਈ ਵੀ ਵਕੀਲ ਨਹੀਂ ਕੀਤਾ ਅਤੇ ਆਪਣੀ ਵਕਾਲਤ ਖੁੱਦ ਕਰਦੇ ਰਹੇ। 10 ਜੂਨ, 1929 ਨੂੰ ਅਦਾਲਤ ਦੀ ਸੁਣਵਾਈ ਖਤਮ ਹੋ ਗਈ ਅਤੇ ਦੋਵਾਂ ਨੂੰ ਉਮਰ ਕੈਂਦ ਦੀ ਸਜ਼ਾ ਸੁਣਾ ਦਿੱਤੀ ਗਈ। ਸਾਂਡਰਸ ਕਤਲ ਦੇ ਕੇਸ ਦਾ ਮੁਕੱਦਮਾ 10 ਜੁਲਾਈ 1929 ਈ: ਨੂੰ ਜੇਲ੍ਹ ਵਿਚ ਹੀ ਵਿਸ਼ੇਸ ਮੈਜਿਸਟਰੇਟ ਦੀ ਅਦਾਲਤ ਵਿੱਚ ਸ਼ੁਰੂ ਕੀਤਾ ਗਿਆ। ਇਸ ਮੁਕਦਮੇ ਵਿੱਚ 25 ਵਿਅਕਤੀ ਨਾਮਜ਼ਦ ਕੀਤੇ ਗਏ। ਸ੍ਰ:ਭਗਤ ਸਿੰਘ ਤੇ ਉਸਦੇ ਸਾਥੀਆਂ ਦੇ ਮੁਕਦਮੇ ਦੀ ਕਾਰਵਾਈ ਲਈ ਇੱਕ ਟ੍ਰਿਬਿਊਨਲ ਗਠਿਤ ਕੀਤਾ ਗਿਆ ਜਿਸ ਦੇ ਤਿੰਨ ਜੱਜ ਮੈਂਬਰ ਸਨ। ਇਸ ਟ੍ਰਿਬਿਊਨਲ ਨੇ 7 ਅਕਤੂਬਰ 1930 ਨੂੰ ਫ਼ੈਸਲਾ ਸੁਣਾਉਂਦੇ ਹੋਏ ਭਗਤ ਸਿੰਘ, ਸੁਖਦੇਵ ਥਾਪੜ ਅਤੇ ਸ਼ਿਵਰਾਮ ਰਾਜਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਅਤੇ ਕਮਲਨਾਥ ਤਿਵਾੜੀ, ਵਿਜੈ ਕੁਮਾਰ ਸਿਨਹਾ, ਜੈਦੇਵ ਕਪੂਰ, ਸਿਵ ਵਰਮਾ, ਗਆ ਪ੍ਰਸ਼ਾਦ , ਕਿਸ਼ੋਰੀ ਲਾਲ ਅਤੇ ਮਹਾਂਵੀਰ ਸਿੰਘ ਨੂੰ ਉਮਰ ਕੈਦ , ਕੁੰਦਨ ਲਾਲ ਨੂੰ ਸੱਤ ਅਤੇ ਪ੍ਰੇਮ ਦੱਤ ਨੂੰ ਤਿੰਨ ਸਾਲ ਕੈਦ ਦੀ ਸ਼ਜਾ ਸੁਣਾਈ। ਅਸਲ ਵਿੱਚ ਇਹ ਹੁਕਮ ਤਾਂ ਸੱਤ ਸਮੁੰਦਰੋਂ ਪਾਰ ਤੋਂ ਆਇਆ ਸੀ।
ਭਗਤ ਸਿੰਘ , ਸੁਖਦੇਵ ਅਤੇ ਰਾਜਗੁਰੂ ਨੂੰ ਫਾਂਸੀ ਲਾਉਣ ਦੀ ਮਿਤੀ 24 ਮਾਰਚ, 1931 ਮੁਕਰਰ ਕੀਤੀ ਗਈ ਸੀ। ਪਰੰਤੂ ਲੋਕਾਂ ਦਾ ਇਕੱਠ 23 ਮਾਰਚ ਸਵੇਰ ਤੋਂ ਜੇਲ੍ਹ ਦੇ ਗੇਟ ਬਾਹਰ ਇਕੱਠਾ ਹੋਣ ਲੱਗਾ। ਲੋਕਾਂ ਦੀ ਬਗਾਵਤ ਤੋਂ ਡਰਦਿਆਂ ਅੰਗਰੇਜ਼ ਹਕੂਮਤ ਨੇ ਇੱਕ ਕੋਝੀ ਚਾਲ ਚਲਦਿਆਂ 23 ਮਾਰਚ,1931 ਨੂੰ ਸ਼ਾਮ 7:30 ਵਜੇ ਫਾਂਸੀ ਦੇਣ ਦੀ ਯੋਜਨਾ ਬਣਾਈ। ਸ੍ਰ:ਭਗਤ ਸਿੰਘ ਅਤੇ ਉਸਦੇ ਸਾਥੀਆਂ ਨੇ ਫਾਂਸੀ ਦੇ ਤਖਤੇ ਤੇ ਪਹੁੰਚ ਕੇ ਆਖਰੀ ਇੱਛਾਂ ਪ੍ਰਗਟਾਉਦਿਆਂ ਕਿਹਾ ਕਿ ਉਹ ਆਪਸ ਵਿੱਚ ਗਲੇ ਮਿਲਣਾ ਚਾਹੁੰਦੇ ਹਨ ਅਤੇ ਫਾਂਸੀ ਦਾ ਰੱਸਾ ਚੁੰਮਣਾ ਚਾਹੁੰਦੇ ਹਨ। ਉਹਨਾਂ ਦੀ ਇਹ ਮੰਗ ਪੂਰੀ ਕਰ ਦਿੱਤੀ ਗਈ ਅਤੇ ਤਿੰਨੇ ਯੋਧੇ ਲਹੌਰ ਜੇਲ੍ਹ ਵਿੱਚ ਫਾਂਸੀ ਤੇ ਲਟਕਾ ਦਿੱਤੇ ਗਏ। ਇਸ ਸਮੇਂ ਭਗਤ ਸਿੰਘ ਦੀ ਉਮਰ 23 ਸਾਲ , 5 ਮਹੀਨੇ ਅਤੇ 27 ਦਿਨ ਸੀ। ਲੋਕਾਂ ਦੇ ਇਕੱਠ ਤੋਂ ਡਰਦਿਆਂ ਜੇਲ੍ਹ ਦੀ ਪਿਛਲੀ ਦੀਵਾਰ ਤੋੜ ਕੇ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀਆਂ ਲਾਸ਼ਾਂ ਹੁਸੈਨੀਵਾਲਾ (ਫਿਰੋਜ਼ਪੁਰ) ਸਤਲੁਜ ਦਰਿਆਂ ਦੇ ਕੰਢੇ ਤੇ ਜਲ੍ਹਾ ਦਿੱਤੀਆਂ ਗਈਆਂ। ਲੋਕਾਂ ਦੇ ਡਰ ਤੋਂ ਅਧਜਲੀਆਂ ਲਾਸ਼ਾਂ ਸਤਲੁਜ ਦਰਿਆ ਵਿਚ ਬਹਾ ਦਿੱਤੀਆਂ ਗਈਆਂ। ਇਸ ਤਰ੍ਹਾਂ ਇਹ ਮਰਜੀਵੜੇ ਇਸ ਬੇਰਹਿਮ ਅਤੇ ਫ਼ਾਨੀ ਦੁਨੀਆਂ ਨੂੰ ਸਦਾ ਲਈ ਅਲਵਿਦਾ ਕਹਿ ਗਏ। ਅੱਜ ਲੋੜ ਹੈ ਉਹਨਾਂ ਦੇ ਵਿਖਾਏ ਰਸਤੇ ਤੇ ਚੱਲਣ ਦੀ। ਬੇਸ਼ੱਕ ਭਗਤ ਸਿੰਘ ਤੇ ਉਸਦੇ ਸਾਥੀ ਅੱਜ ਜੀਵਤ ਨਹੀਂ ਹਨ ਪਰ ਉਹ ਸਾਡੇ ਦਿਲਾਂ ਵਿੱਚ ਹਮੇਸ਼ਾ ਅਮਰ ਰਹਿਣਗੇ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email :kanwaldhillon16@gmail.com
20 March 2019
ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਜੀ - ਕੰਵਲਜੀਤ ਕੌਰ ਢਿੱਲੋਂ
ਜਦੋ ਵੀ ਕਦੀ ਹਰ ਛੋਟੇ ਜਾਂ ਵੱਡੇ ਵਿਅਕਤੀ ਦੀ ਜ਼ਿੰਦਗੀ ਵਿੱਚ ਦਾਨ ਕਰਨ ਦਾ ਸਮਾਂ ਆਉਂਦਾ ਹੈ ਤਾਂ ਹਰ ਇਨਸਾਨ ਆਪਣੀ ਹੈਸੀਅਤ ਮੁਤਾਬਕ ਦਾਨ ਕਰਨ ਲੱਗਿਆ ਵੀ ਕਈ ਵਾਰ ਸੋਚਦਾ ਹੈ। ਸਿਆਣਿਆ ਦਾ ਕਥਨ ਹੈ ਕਿ ਸਰੀਰ ਵੇਖ ਕੇ ਇਸ਼ਨਾਨ ਅਤੇ ਹੈਸੀਅਤ ਵੇਖ ਕੇ ਦਾਨ। ਪਰੰਤੂ ਇੱਕ ਵਾਰ ਵੀ ਨਹੀਂ ਸੋਚਿਆ ਉਸ ਰਹਿਬਰ ਨੇ ਆਪਣੀ ਕੌਮ ਅਤੇ ਦੇਸ਼ ਵਾਸਤੇ ਆਪਣਾ ਸਰਬੰਸ ਦਾਨ ਕਰਨ ਲੱਗਿਆ। ਕਲਯੁੱਗ ਦੇ ਮਹਾਨ ਰਹਿਬਰੀ ਪੁਰਸ਼ ਕਲਮ ਅਤੇ ਤਲਵਾਰ ਦੇ ਧਨੀ ਸਾਹਿਬੇ ਕਮਾਲ , ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਸਨ ਇਹੋ ਜਿਹੇ ਮਹਾਨ ਇਨਸਾਨ । ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 1666 ਈ : ਨੂੰ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਵਿਖੇ ਪਟਨਾ ਸਾਹਿਬ ਜੀ ਦੀ ਪਵਿੱਤਰ ਧਰਤੀ 'ਤੇ ਹੋਇਆ । ਗੁਰੂ ਜੀ ਦੇ ਅਲੌਕਿਕ ਰੂਪ ਦਾ ਪਤਾ ਤਾ ਬਚਪਨ ਵਿੱਚ ਹੀ ਲੱਗ ਗਿਆ ਸੀ, ਜਦੋਂ ਆਪ ਨੇ ਸਈਅਦ ਪੀਰ ਭੀਖਮ ਸ਼ਾਹ ਦੁਆਰਾ ਲਿਆਦੇ ਦੋਹਾਂ ਕਟੋਰਿਆਂ ਤੇ ਦੋਵੇ ਹੱਥ ਰੱਖ ਕੇ ਸਰਬ - ਸਾਂਝੀਵਾਲਤਾ ਦਾ ਸੁਨੇਹਾ ਦਿੱਤਾ ਸੀ। 9 ਸਾਲ ਦੀ ਬਾਲ ਉਮਰ ਵਿੱਚ ਆਪਣੇ ਪਿਤਾ ਨੂੰ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਕੁਰਬਾਨ ਹੋਣ ਲਈ ਤੋਰਨਾ ਵੀ ਕਿਸੇ ਆਮ ਬਾਲਕ ਦੇ ਵੱਸ ਦੀ ਗੱਲ ਨਹੀਂ ਸੀ।
ਸਿੱਖ ਧਰਮ ਦੀ ਸਥਾਪਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਕੀਤੀ ਗਈ ਸੀ। ਪਰ ਸਿੱਖਾਂ ਨੂੰ ਸਿੰਘ ਸਜਾਉਣ ਵਾਲੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ। ਗੁਰੂ ਜੀ ਨੇ 13 ਅਪ੍ਰੈਲ 1699 ਈ: ਨੂੰ ਸ੍ਰੀ ਕੇਸਗੜ੍ਹ ਦੀ ਪਾਵਨ ਧਰਤੀ ਤੇ ਦੀਵਾਨ ਸਜਾਏ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੇ ਹੋਏ ਸ਼ਰਧਾਲੂਆਂ ਕੋਲੋ ਸੀਸ ਦੀ ਮੰਗ ਕੀਤੀ । ਸੀਸ ਦੇਣ ਲਈ ਤੱਤਪਰ ਹੋਏ ਪਹਿਲੇ ਪੰਜ ਸ਼ਰਧਾਲੂ ਖੰਡੇ ਬਾਟੇ ਦੀ ਪਾਹੁਲ ਲੈ ਕੇ ਪੰਜ ਪਿਆਰੇ ਅਖਵਾਏ। ਗੁਰੂ ਜੀ ਨੇ ਪੰਜ ਪਿਆਰਿਆ ਨੂੰ ਇੱਕੋ ਬਾਟੇ ਵਿੱਚੋਂ ਅੰਮ੍ਰਿਤ ਛਕਾ ਕੇ ਊਚ -ਨੀਚ ਦੇ ਭੇਦ ਭਾਵ ਨੂੰ ਖਤਮ ਕਰ ' ਮਾਨਸ ਕੀ ਜਾਤ ਸਭੈ ਏਕੋ ਪਹਿਚਾਬੋ ' ਦੇ ਸਿਧਾਂਤ ਨੂੰ ਲੋਕਾਂ ਦੇ ਸਹਾਮਣੇ ਲਿਆਦਾਂ । ਪੰਜਾਂ ਪਿਆਰਿਆ ਵਿੱਚ ਭਾਈ ਦਇਆ ਸਿੰਘ , ਭਾਈ ਧਰਮ ਸਿੰਘ , ਭਾਈ ਹਿੰਮਤ ਸਿੰਘ , ਭਾਈ ਮੋਹਕਮ ਸਿੰਘ ਅਤੇ ਭਾਈ ਸਾਹਿਬ ਸਿੰਘ ਜੀ ਸਨ। ਪੰਜ ਪਿਆਰਿਆ ਕੋਲੋ ਗੁਰੂ ਜੀ ਨੇ ਆਪ ਅੰਮ੍ਰਿਤ ਛੱਕਿਆ ਅਤੇ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸੱਜ ਗਏ। ਗੁਰੂ ਜੀ ਨੇ ਪੰਜਾਂ ਪਿਆਰਿਆਂ ਕੋਲੋਂ ਅ੍ਰੰਮਿਤ ਛੱਕ 'ਆਪੇ ਗੁਰ ਚੇਲਾ' ਦੇ ਕਥਨ ਨੂੰ ਸਹੀ ਕਰ ਵਿਖਾਇਆ।
ਗੁਰੂ ਗੋਬਿੰਦ ਸਿੰਘ ਜੀ ਜਿੱਥੇ ਇੱਕ ਸੰਤ ਸਨ ਉਥੇ ਇੱਕ ਸਿਪਾਹੀ ਵੀ ਸਨ। ਉਹ ਇੱਕ ਮਹਾਨ ਯੋਧਾ ਵੀ ਸਨ। ਉਹਨਾਂ ਨੇ ਮਜ਼ਲੂਮਾਂ ਦੀ ਰੱਖਿਆ ਕਰਨ ਲਈ ਕਈ ਲੜਾਈਆਂ ਲੜੀਆਂ । ਇਹਨਾਂ ਵਿੱਚ ਅਨੰਦਪੁਰ ਸਾਹਿਬ ਦੀ ਲੜਾਈ , ਭੰਗਾਣੀ ਦਾ ਯੁੱਧ, ਚਮਕੌਰ ਦੀ ਲੜਾਈ ਅਤੇ ਖਿਦਰਾਣੇ ਦੀ ਢਾਬ (ਮੁਕਤਸਰ) ਦੀਆ ਲੜਾਈਆਂ ਪ੍ਰਮੁੱਖ ਹਨ।ਸਰਸਾ ਨਦੀ ਪਾਰ ਕਰਦਿਆ ਆਪ ਦਾ ਸਾਰਾ ਪਰਿਵਾਰ ਆਪ ਤੋ ਵਿਛੜ ਗਿਆ। ਗੁਰੂ ਜੀ ਦੇ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਅਤੇ ਛੋਟੇ ਸਹਿਬਜ਼ਾਦਿਆਂ ਨੂੰ ਸਰਹੰਦ ਦੇ ਨਵਾਬ ਵਜ਼ੀਰ ਖਾਂ ਦੇ ਹੁਕਮ ਅਨੁਸਾਰ ਜਿਊਂਦੇ ਜੀਅ ਨੀਹਾਂ ਵਿੱਚ ਚਿਣਵਾਂ ਦਿੱਤਾ ਗਿਆ। ਮਾਤਾ ਗੁਜਰੀ ਜੀ ਵੀ ਸਰਹੰਦ ਵਿੱਚ ਹੀ ਸ਼ਹੀਦੀ ਪਾ ਗਏ। ਗੁਰੂ ਜੀ ਨੇ ਮਨੁੱਖਤਾ ਦੀ ਭਲਾਈ ਅਤੇ ਮਜ਼ਲੂਮਾਂ ਦੀ ਰੱਖਿਆ ਲਈ ਆਪਣਾ ਸਰਬੰਸ ਵਾਰ ਕੇ ਸਰਬੰਸਦਾਨੀ ਦਾ ਰੁਤਬਾ ਹਾਸਲ ਕੀਤਾ।
ਗੁਰੂ ਜੀ ਇੱਕ ਉੱਘੇ ਸਹਿਤਕਾਰ ਵੀ ਸਨ, ਸਹਿਤ ਰਚਨਾ ਵਿੱਚ ਗੁਰੂ ਜੀ ਨੇ ਬਹੁਮੱਲਾ ਯੋਗਦਾਨ ਪਾਇਆ । ਗੁਰੂ ਜੀ ਨੇ ਆਪਣੀ ਸਵੈ-ਜੀਵਨੀ ਨੂੰ ਕਲਮਬੱਧ ਕਰ 'ਬਚਿੱਤ੍ਰ ਨਾਟਕ 'ਦੀ ਰਚਨਾ ਕੀਤੀ। ਜਫ਼ਰਨਾਮਾ ਆਪ ਵੱਲੋ ਔਰਗਜੇਬ ਨੂੰ ਫ਼ਾਰਸੀ ਵਿੱਚ ਲਿੱਖੀ ਗਈ ਚਿੱਠੀ ਹੈ। ਇਸੇ ਤਰ੍ਹਾਂ ਜਾਪੁ ਸਾਹਿਬ , ਚੰਡੀ ਦੀ ਵਾਰ ਆਪ ਦੀ ਪ੍ਰਮੁੱਖ ਰਚਨਾ ਦੇ ਵਿੱਚ ਆਉਂਦੇ ਹਨ। ਆਪ ਜੀ ਦੁਆਰਾ ਰਚਿਤ ਬਾਣੀ ਦਸਮ ਗ੍ਰੰਥ ਵਿੱਚ ਦਰਜ ਹੈ।
ਗੁਰੂ ਜੀ ਨੇ ਆਪਣੇ ਜੀਵਲ ਕਾਲ ਦਾ ਆਖਰੀ ਸਮਾਂ ਨਾਂਦੇੜ (ਮਹਾਂਰਾਸ਼ਟਰ )ਵਿੱਚ ਗੁਜਾਰਿਆ ਅਤੇ ਇਥੇ ਹੀ ਆਪ 1708 ਈ: ਨੂੰ ਜੋਤੀ - ਜੋਤਿ ਸਮਾਂ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਆਮ ਆਦਮੀ ਦੀ ਤਰ੍ਹਾਂ ਆਪਣਾ ਜੀਵਨ ਬਸਰ ਕੀਤਾ । ਉਹਨਾਂ ਦੁਆਰਾ ਕੀਤੀਆ ਗਈਆਂ ਕੁਰਬਾਨੀਆਂ ਦੀ ਮਸਾਲ ਨਾ ਤਾ ਇਤਿਹਾਸ ਵਿੱਚ ਪਹਿਲਾਂ ਕਦੇ ਵੇਖਣ ਨੂੰ ਮਿਲੀ ਹੈ ਤੇ ਨਾਂ ਹੀ ਕਦੇ ਵਰਤਮਾਨ ਵਿੱਚ ਮਿਲੇਗੀ। ਉਹ ਇੱਕ ਪੂਰਨ ਇਨਸਾਨ ਸਨ। ਗੁਰੂ ਜੀ ਨੇ ਆਪਣਾ ਸਾਰਾ ਜੀਵਨ ਸੰਘਰਸ਼ ਕਰਦਿਆਂ ਹੋਇਆ ਮਨੁੱਖਤਾ ਦੇ ਭਲੇ ਲਈ ਗੁਜ਼ਾਰਿਆ। ਗੁਰੂ ਜੀ ਦੇ ਪਾਵਨ ਜਨਮ ਦਿਹਾੜੇ ਤੇ ਸਾਨੂੰ ਸਭ ਨੂੰ ਗੁਰੂ ਜੀ ਦੁਆਰਾ ਪਾਏ ਗਏ ਪੂਰਨਿਆਂ ਤੇ ਚਲਣ ਦਾ ਪ੍ਰਣ ਕਰਨਾ ਚਾਹੀਦਾ ਹੈ। ਊਚ ਨੀਚ ਅਤੇ ਜਾਤ ਪਾਤ ਦੇ ਭੇਦ ਭਾਵ ਨੂੰ ਮਿਟਾ ਕੇ ਸਰਬ-ਸਾਂਝੀਵਾਲਤਾ ਦਾ ਸੰਦੇਸ਼ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਉਂਦੇ ਹੋਏ ਨਿਰੋਏ ਸਮਾਜ਼ ਦੀ ਸਿਰਜਣਾ ਕਰਨੀ ਚਾਹੀਦੀ ਹੈ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ।
9478793231
Emai :kanwaldhillon16@gmail.com
12 Jan. 2019
ਸਰਦ ਰੁੱਤ ਦਾ ਤਿਉਹਾਰ ਲੋਹੜੀ - ਕੰਵਲਜੀਤ ਕੌਰ ਢਿੱਲੋਂ
ਜ਼ਿੰਦਗੀ ਨੂੰ ਜੀਊਣ, ਰਸਮਾਂ ਰਿਵਾਜ਼ਾ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾਂ ਹੀ ਸਭ ਤੋਂ ਅੱਗੇ ਰਹੇ ਹਨ। ਹਲਾਤ ਕਿਹੋ ਜਿਹੇ ਵੀ ਰਹੇ ਹੋਣ ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ ਵਿੱਚ ਰਾਜ਼ੀ ਰਹਿੰਦੇ ਹਨ। ਕਦੀ ਹਲਾਤਾਂ ਅਨੁਸਾਰ ਖੁੱਦ ਢੱਲ ਜਾਂਦੇ ਤੇ ਕਦੇ ਹਲਾਤਾਂ ਨੂੰ ਆਪਣੇ ਅਨੁਸਾਰ ਢਾਲ ਲੈਂਦੇ। ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ ਸਮੇਂ ਇੰਨ੍ਹਾਂ ਦੇ ਆੜੇ ਨਹੀਂ ਆਉਦੇ। ਅਜਿਹਾ ਹੀ ਇੱਕ ਤਿਉਹਾਰ ਹੈ ਲੋਹੜੀ, ਜੋ ਭਰ ਸਰਦੀ ਵਿੱਚ ਪੋਹ ਮਹੀਨੇ ਦੇ ਆਖਰੀ ਦਿਨ ਮਨਾਇਆ ਜਾਂਦਾ ਹੈ। ਇਸ ਤਿਉਹਾਰ ਤੋਂ ਕੁੱਝ ਦਿਨ ਪਹਿਲਾ ਹੀ ਕੁੜੀਆਂ ਮੁੰਡੇ ਟੋਲੀਆਂ ਬਣਾ ਘਰੋਂ-ਘਰ ਜਾ ਕੇ ਲੋਹੜੀ ਮੰਗਦੇ ਹਨ। ਮੁੰਡਿਆਂ ਵੱਲੋਂ ਲੋਹੜੀ ਮੰਗਦੇ ਸਮੇਂ ਜਿਆਦਾਤਰ ਸੁੰਦਰ-ਮੁੰਦਰੀਏ ਦਾ ਗੀਤ ਬੋਲਿਆ ਜਾਂਦਾ ਹੈ। ਇੱਕ ਮੁੰਡਾ ਗੀਤ ਬੋਲਦਾ ਅਤੇ ਬਾਕੀ ਦੇ ਮੁੰਡੇ ਪਿੱਛੇ ਹੋ -ਹੋ ਦੀ ਅਵਾਜ਼ ਲਗਾਉਂਦੇ ਹਨ:-
ਸੁੰਦਰ ਮੁੰਦਰੀਏ ਹੋ
ਤੇਰਾ ਕੌਣ ਵਿਚਾਰਾ ਹੋ
ਦੁੱਲਾ ਭੱਟੀ ਵਾਲਾ ਹੋ
ਦੁੱਲੇ ਧੀ ਵਿਆਹੀ ਹੋ
ਸੇਰ ਸ਼ੱਕਰ ਪਾਈ ਹੋ
ਕੁੜੀ ਦਾ ਸ਼ਾਲੂ ਪਾਟਾ ਹੋ
ਕੁੜੀ ਦਾ ਜੀਵੇ ਚਾਚਾ ਹੋ
ਕੁੜੀਆਂ ਵੀ ਲੋਹੜੀ ਮੰਗਦੀਆਂ ਹੋਈਆਂ ਫੁੱਲੇ , ਤਿਲ, ਚੌਲ , ਗੁੜ ਦੀ ਰੋੜੀ ਦੀ ਮੰਗ ਕਰਦੀਆਂ ਹਨ। ਉਹ ਲੋਹੜੀ ਮੰਗਦੀਆਂ ਹੋਈਆਂ ਅਸੀਸਾਂ ਦੀ ਝੜੀ ਲਾ ਦਿੰਦੀਆਂ।
ਤੀਲੀ ਹਰੀ ਹੈ ਭਰੀ
ਤੀਲੀ ਮੋਤੀਆਂ ਜੜੀ
ਤੀਲੀ ਓਸ ਵੇਹੜੇ ਜਾ
ਜਿੱਥੇ ਗਿੱਗੇ ਦਾ ਵਿਆਹ
ਗਿੱਗਾ ਜੰਮਿਆਂ ਸੀ
ਗੁੜ ਵੰਡਿਆਂ ਸੀ
ਗੁੜ ਦੀਆਂ ਰੋੜੀਆਂ ਹੋ
ਭਰਾਵਾਂ ਜੋੜੀਆਂ ਹੋ
ਤੁਹਾਡੀ ਜੋੜੀ ਦਾ ਵਿਆਹ
ਸਾਨੂੰ ਫੁੱਲੜਿਆ ਦਾ ਚਾਅ
ਦੇ ਮਾਈ ਲੋਹੜੀ
ਤੇਰੀ ਜੀਵੇ ਜੋੜੀ
ਜੇ ਕੋਈ ਲੋਹੜੀ ਦੇਣ ਲੱਗਿਆ ਦੇਰ ਕਰ ਦਿੰਦਾ ਤਾਂ ਕੁੜੀਆਂ ਕਹਿਣ ਲੱਗ ਜਾਂਦੀਆਂ :-
ਸਾਡੇ ਪੈਰਾਂ ਹੇਠ ਸਲਾਈਆਂ
ਅਸੀਂ ਕੌਣ ਵੇਲੇ ਦੀਆਂ ਆਈਆਂ
ਸਾਡੇ ਪੈਰਾਂ ਹੇਠ ਰੋੜ
ਸਾਨੂੰ ਛੇਤੀ ਛੇਤੀ ਤੋਰ
ਲੋਹੜੀ ਵਾਲੇ ਦਿਨ ਉਹਨਾਂ ਘਰਾਂ ਵਿੱਚ ਹੀ ਲੋਹੜੀ ਮੰਗੀ ਜਾਂਦੀ ਹੈ ਜਿੰਨਾਂ ਦੇ ਘਰ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ ਜਾਂ ਫਿਰ ਮੁੰਡਾ ਜੰਮਿਆਂ ਹੋਵੇ। ਸਮੇਂ ਦੇ ਬਦਲਣ ਨਾਲ ਅੱਜ ਕੁੱਝ ਘਰਾਂ ਵਿੱਚ ਕੁੜੀ ਦੇ ਜੰਮਣ ਤੇ ਵੀ ਲੋਹੜੀ ਮਨਾਈ ਜਾਣ ਲੱਗ ਪਈ ਹੈ। ਪਰੰਤੂ ਅਜਿਹੇ ਲੋਕ ਬਹੁਤ ਘੱਟ ਹਨ। ਕੁੱਝ ਸਮਾਜਿਕ ਸੰਸਥਾਵਾਂ ਵੱਲੋ ਵੀ ਕੁੜੀਆਂ ਦੀ ਲੋਹੜੀ ਮਨਾਉਣ ਦੀ ਪਹਿਲ ਕਦਮੀ ਕੀਤੀ ਜਾ ਰਹੀ ਹੈ। ਕੁੱਝ ਰਾਜਨੀਤਿਕ ਪਾਰਟੀਆਂ ਅਤੇ ਸਮਾਜਿਕ ਸੰਸਥਾਵਾਂ ਕੁੜੀਆਂ ਦੀ ਲੋਹੜੀ ਮਨਾਉਣ ਲਈ ਉੱਭਰ ਕੇ ਸਾਹਮਣੇ ਆਈਆਂ । ਇਹਨਾਂ ਦੇ ਸਾਂਝੇ ਉਪਰਾਲੇ ਤਹਿਤ ਪਿਛਲੇ ਕੁੱਝ ਸਾਲਾਂ ਵਿੱਚ ਵੱਖ - ਵੱਖ ਜਗ੍ਹਾਂ ਤੇ ਕੁੜੀਆਂ ਦੀ ਲੋਹੜੀ ਮਨਾਈ ਗਈ।
ਲੋਹੜੀ ਵਾਲੇ ਦਿਨ ਬੱਚੇ ਅਤੇ ਨੌਜਵਾਨ ਪਤੰਗਬਾਜ਼ੀ ਕਰਦੇ ਵੇਖੇ ਜਾਂਦੇ ਹਨ। ਬਹੁਤ ਸਾਰੇ ਲੋਕ ਪਤੰਗਬਾਜ਼ੀ ਕਰਨ ਲਈ ਚਾਇਨਾਂ ਡੋਰ ਦੀ ਵਰਤੋਂ ਕਰਦੇ ਹਨ। ਜਿਸ ਕਾਰਨ ਕਈ ਵਾਰ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ। ਬੇਸ਼ੱਕ ਸਰਕਾਰ ਵੱਲੋ ਅਜਿਹੀ ਡੋਰ ਦੀ ਵਰਤੋਂ ਤੇ ਪਬੰਧੀ ਲਗਾਈ ਗਈ ਹੈ, ਪਰੰਤੂ ਫਿਰ ਵੀ ਦੁਕਾਨਦਾਰ ਲੁੱਕ-ਛਿਪ ਕੇ ਮਹਿੰਗੇ ਮੁੱਲ ਤੇ ਚਾਇਨਾ ਡੋਰ ਵੇਚ ਰਹੇ ਹਨ ਅਤੇ ਲੋਕ ਇਸ ਨੂੰ ਖ਼ਰੀਦ ਰਹੇ ਹਨ। ਕੋਈ ਵੀ ਸ਼ੌਕ ਉਦੋਂ ਤੱਕ ਹੀ ਚੰਗਾ ਹੈ ਜਦੋਂ ਤੱਕ ਉਹ ਕਿਸੇ ਨੂੰ ਨੁਕਸਾਨ ਨਾ ਪਹੁੰਚਾਵੇ। ਜਦੋਂ ਕੋਈ ਸ਼ੌਕ ਮਾਰੂ ਬਣ ਜਾਵੇ ਤਾਂ ਉਸ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਇਸੇ ਪ੍ਰਕਾਰ ਕਈ ਲੋਕ ਲੋਹੜੀ ਵਾਲੇ ਦਿਨ ਸ਼ਰਾਬ ਪੀਂਦੇ ਹਨ। ਅਜਿਹਾ ਕਰ ਉਹ ਆਰਥਿਕ ਪੱਖੋਂ ਹੀ ਨਹੀ ਸਰੀਰਕ ਪੱਖੋਂ ਵੀ ਨੁਕਸਾਨ ਉਠਾਉਂਦੇ ਹਨ।
ਲੋਹੜੀ ਤੋਂ ਪਹਿਲਾ ਪੇਕੇ ਘਰ ਵੱਲੋਂ ਨਵੀਂਆਂ ਵਿਆਹੀਆਂ ਕੁੜੀਆਂ ਨੂੰ ਭਾਜੀ ਪਾਈ ਜਾਂਦੀ ਹੈੇ। ਪੇਕੇ ਪਰਿਵਾਰ ਵਾਲੇ ਭਾਜੀ ਲੈ ਕੇ ਕੁੜੀ ਦੇ ਸਹੁਰੇ ਘਰ ਜਾਂਦੇ ਹਨ ਅਤੇ ਕੁੜੀ ਨੂੰ ਲੋਹੜੀ ਤੇ ਕੁੱਝ ਦਿਨ ਲਈ ਪੇਕੇ ਘਰ ਲੈ ਆਉਂਦੇ ਹਨ। ਕੁੜੀਆਂ ਨੂੰ ਦਿੱਤੀ ਜਾਣ ਵਾਲੀ ਭਾਜੀ ਵਿੱਚ ਸ਼ਾਮਿਲ ਹੁੰਦੇ ਹਨ ਮੈਦੇ ਅਤੇ ਪੰਜੀਰੀ ਤੋਂ ਬਣੇ ਲੱਡੂ, ਬੂੰਦੀ ਦੇ ਲੱਡੂ, ਪਤਾਸੇ ਜਾਂ ਫਿਰ ਪਿੰਨੀਆਂ। ਬਹੁਤ ਸਾਰੇ ਮਾਪੇ ਆਪਣੀ ਸਮਰੱਥਾ ਦੇ ਅਨੁਸਾਰ ਧੀਆਂ ਨੂੰ ਹਰ ਸਾਲ ਲੋਹੜੀ ਤੇ ਕੁੱਝ ਨਾ ਕੁੱਝ ਤਿਉਹਾਰ ਵੱਜੋਂ ਭੇਜਦੇ ਹਨ।
ਲੋਹੜੀ ਵਾਲੇ ਦਿਨ ਘਰਾਂ ਵਿੱਚ ਸਰੋਂ ਦਾ ਸਾਗ ,ਰੌਹ ਦੀ ਖ਼ੀਰ ਅਤੇ ਖਿਚੜੀ ਬਣਾਈ ਜਾਂਦੀ ਹੈ। ਸਾਗ ਅਤੇ ਖਿਚੜੀ ਲੋਹੜੀ ਤੋਂ ਅਗਲੇ ਦਿਨ ਮਾਘ ਦੀ ਸੰਗਰਾਦ ਵਾਲੇ ਦਿਨ ਖਾਣਾ ਸ਼ੁੱਭ ਮੰਨਿਆਂ ਜਾਂਦਾ ਹੈ। ਇਸ ਬਾਰੇ ਅਕਸਰ ਕਿਹਾ ਜਾਂਦਾ ਹੈ:-
ਪੋਹ ਰਿਧੀ, ਮਾਘ ਖਾਧੀ
ਲੋਹੜੀ ਦੀ ਰਾਤ ਭੁੱਗਾ ਬਾਲਿਆ ਜਾਂਦਾ ਹੈ। ਭੁੱਗੇ ਦਾ ਸੇਕ ਅੱਤ ਦੀ ਠੰਡ ਤੋਂ ਰਾਹਤ ਦਵਾਉਂਦਾ ਮਹਿਸੂਸ ਹੁੰਦਾ ਹੈ। ਔਰਤਾਂ ਅਤੇ ਮਰਦ ਭੁੱਗੇ ਦੇ ਆਲੇ-ਦੁਆਲੇ ਬੈਠ ਜਿੱਥੇ ਅੱਗ ਸੇਕਦੇ ਉੱਥੇ ਮੂੰਗਫ਼ਲੀਆਂ , ਰਿਉੜੀਆਂ, ਚਿਰਵੜੇ , ਫੁੱਲੇ, ਗੱਚਕ ਆਦਿ ਖਾਂਦੇ ਹਨ। ਭੁੱਗੇ ਦੇ ਆਲੇ-ਦੁਆਲੇ ਕੁੜੀਆਂ ਮੁੰਡੇ ਨੱਚਦੇ ਗਾਉਂਦੇ ਤੇ ਖੁਸ਼ੀ ਮਨਾਉਂਦੇ ਹਨ। ਭੁੱਗੇ ਦੀ ਅੱਗ ਨੂੰ ਤਿਲ, ਚੌਲ ਮੂੰਗਫਲੀ ਆਦਿ ਭੇਟ ਕੀਤੇ ਜਾਂਦੇ ਹਨ ਅਤੇ ਨਾਲ ਹੀ ਕਿਹਾ ਜਾਂਦਾ ਹੈ :-
ਲੋਹੜੀਏ ਵਿਚਾਰੀਏ,
ਭਰੀ ਆਵੀ ਤੇ ਸੱਖਣੀ ਜਾਵੀ।
ਇਸ ਪ੍ਰਕਾਰ ਲੋਹੜੀ ਦਾ ਤਿਉਹਾਰ ਭਰ ਜਾਂਦਾ ਹੈ ਸਾਡੀ ਝੋਲੀ ਖੁਸ਼ੀਆਂ ਨਾਲ ਚਿਹਰੇ ਤੇ ਖਿਲਾਰ ਦਿੰਦਾ ਹੈ ਬੇਸ਼ਕੀਮਤੀ ਮੁਸਕਰਾਹਟਾਂ ਅਤੇ ਅਸੀਂ ਫਿਰ ਤੋਂ ਜੁੜ ਜਾਂਦੇ ਹਾਂ ਅਗਲੀ ਲੋਹੜੀ ਦੀ ਉਡੀਕ ਵਿੱਚ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email kanwaldhillon16@gmail.com
12 Jan. 2019
ਨਵੇਂ ਸਾਲ 'ਤੇ ਵਿਸ਼ੇਸ਼ - ਖੁਸ਼ੀਆਂ ਭਰਿਆ ਹੋਵੇ ਨਵਾਂ ਸਾਲ - ਕੰਵਲਜੀਤ ਕੌਰ ਢਿੱਲੋਂ
365 ਦਿਨ ਅਤੇ 12 ਮਹੀਨਿਆਂ ਦਾ ਚੱਕਰ ਕੱਟ ਪੁਰਾਣਾ ਸਾਲ ਇਤਿਹਾਸ ਦਾ ਹਿੱਸਾ ਬਣਨ ਵਾਲਾ ਹੈ ਅਤੇ ਸਾਲ 2019 ਸਾਡੇ ਬੂਹੇ ਤੇ ਦਸਤਕ ਦੇ ਰਿਹਾ ਹੈ। ਹੋ ਸਕਦਾ ਹੈ ਆਰਟੀਕਲ ਪ੍ਰਕਾਸ਼ਿਤ ਹੋਣ ਜਾਂ ਪੜ੍ਹੇ ਜਾਣ ਤੱਕ ਨਵਾਂ ਸਾਲ ਚੜ੍ਹ ਚੁੱਕਾ ਹੋਵੇ ਅਤੇ ਨਵੇ ਸਾਲ ਵਿੱਚ ਨਿਕਲੇ ਸੂਰਜ ਦੀਆਂ ਕਿਰਨਾਂ ਖਿੜਕੀ ਜਾਂ ਰੌਸ਼ਨਦਾਨ ਰਾਹੀ ਹੁੰਦੀਆਂ ਹੋਈਆ ਤੁਹਾਡੇ ਘਰ ਵਿੱਚ ਚਾਨਣ ਖਿਲਾਰ ਰਹੀਆਂ ਹੋਣ। ਪਤਾ ਹੀ ਨਹੀ ਚੱਲਿਆ ਕਿ ਕਦੋਂ ਕੰਲੈਡਰ ਤੋਂ ਤਰੀਖ਼ਾ ਬਦਲਦਿਆਂ -ਬਦਲਦਿਆਂ ਕੰਲੈਡਰ ਹੀ ਬਦਲ ਗਿਆ ਅਤੇ ਉਸ ਦੀ ਜਗ੍ਹਾਂ ਨਵੇਂ ਸਾਲ ਦੇ ਕੰਲੈਡਰ ਨੇ ਲੈ ਲਈ। ਬਦਲਾਓ ਪ੍ਰਕਿਰਤੀ ਦਾ ਨਿਯਮ ਹੈ। ਚਾਹੇ ਉਹ ਅੱਤ ਦੀ ਗਰਮੀ ਤੋਂ ਬਾਅਦ ਹੱਡ ਚੀਰਵੀ ਠੰਡ ਦਾ ਅਹਿਸਾਸ ਹੋਵੇ ਜਾਂ ਫਿਰ ਪਤਝੜ ਦੀ ਰੁੱਤ ਤੋਂ ਬਾਅਦ ਬਹਾਰ ਦਾ ਆਉਣਾ । ਅਸੀਂ ਹਮੇਸ਼ਾ ਇਹੀ ਉਮੀਦ ਕਰਦੇ ਹਾਂ ਕਿ ਕੋਈ ਵੀ ਬਦਲਾਓ ਜ਼ਿੰਦਗੀ ਵਿੱਚ ਖੁਸ਼ੀਆਂ ਖੇੜੇ ਹੀ ਲੈ ਕੇ ਆਵੇ। ਬੇਸ਼ੱਕ ਸਾਡੀ ਜ਼ਿੰਦਗੀ ਵਿੱਚ ਆਉਣ ਵਾਲਾ ਹਰ ਦਿੱਨ ਦੋਬਾਰਾ ਨਹੀਂ ਆਉਣਾ ਹੁੰਦਾ। ਪਰ ਅਸੀਂ ਦਿਨ ਜਾਂ ਮਹੀਨਿਆਂ ਨੂੰ ਉਹ ਮਹੱਤਤਾ ਨਹੀਂ ਦਿੰਦੇ ਜੋ ਸਾਲ ਨੂੰ ਦਿੰਦੇ ਹਾਂ।
ਸਾਲ ਸ਼ੁਰੂ ਹੋਣ ਤੋਂ ਪਹਿਲਾ ਹੀ ਸ਼ੁਰੂ ਹੋ ਜਾਂਦਾ ਹੈ ਸ਼ੁਭਕਾਮਨਾਵਾ ਦਾ ਸਿਲਸਿਲਾ ਜੋ ਨਵੇਂ ਸਾਲ ਦੇ ਆ ਜਾਣ ਤੋਂ ਬਾਅਦ ਵੀ ਚਲਦਾ ਰਹਿੰਦਾ ਹੈ। ਨਵੇਂ ਵਰੇ ਨਾਲ ਸਾਡੀਆਂ ਬਹੁਤ ਸਾਰੀਆਂ ਉਮੀਦਾਂ ਜੁੜ ਜਾਂਦੀਆ ਹਨ। ਇੱਥੋਂ ਤੱਕ ਕੇ ਕੁੱਝ ਲੋਕ ਤਾਂ ਆਪਣੀ ਕਿਸਮਤ ਦੀ ਡੋਰ ਵੀ ਨਵੇਂ ਸਾਲ ਦੇ ਹੱਥ ਫੜਾ ਸ਼ੁਰਖਰੂ ਹੋ ਜਾਂਦੇ ਹਨ। ਅਜਿਹੇ ਲੋਕਾਂ ਵਿੱਚ ਅਸੀਂ ਉਹਨਾਂ ਨੂੰ ਸ਼ਾਮਿਲ ਕਰ ਸਕਦੇ ਹਾਂ, ਜ਼ੋ ਕਿ ਕਿਸੇ ਵੀ ਖੇਤਰ ਵਿੱਚ ਬਿਨ੍ਹਾਂ ਮਿਹਨਤ ਕੀਤੇ ਸਫ਼ਲਤਾ ਹਾਸਿਲ ਕਰਨਾ ਚਾਹੁੰਦੇ ਹਨ। ਅਜਿਹੇ ਲੋਕ ਆਪਣੀ ਅਸਫ਼ਲਤਾ ਦਾ ਦੋਸ਼ ਕਿਸਮਤ ਜਾਂ ਬੀਤੇ ਵਰੇ ਨੂੰ ਦਿੰਦੇ ਹੋਏ ਅਕਸਰ ਦੇਖੇ ਜਾਂ ਸਕਦੇ ਹਨ। ਨਵੇਂ ਵਰੇ ਨਾਲ ਕਿਸਮਤ ਬਦਲਣ ਅਤੇ ਕਾਮਯਾਬੀ ਹਾਸਿਲ ਕਰਨ ਦੇ ਸੁਪਨੇ ਵੇਖਣਾ ਬੁਰੀ ਗੱਲ ਨਹੀਂ। ਲੋੜ ਹੈ ਤਾਂ ਉਸ ਅਣਥੱਕ ਮਿਹਨਤ ਦੀ ਜੋ ਸਾਡੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਸਕੇ। ਸਾਲ ਦੇ ਬਦਲਣ ਨਾਲ ਅਸੀਂ ਆਪਣੇ ਕੰਮ ਕਰਨ ਦੇ ਤਰੀਕਿਆਂ ਵਿੱਚ ਬਦਲਾਓ ਲਿਆ ਸਕਦੇ ਹਾਂ। ਆਪਣੀ ਜ਼ਿੰਦਗੀ ਵਿੱਚ ਕੋਈ ਟੀਚਾ ਮਿੱਥ ਕੇ ਉਸ ਨੂੰ ਆਪਣੀ ਕਾਬਲੀਅਤ ਅਤੇ ਮਿਹਨਤ ਸਦਕਾ ਹਾਸਿਲ ਕਰ ਸਕਦੇ ਹਾਂ। ਜਿਹੜੇ ਲੋਕ ਮਿਹਨਤ ਕਰਦੇ ਹਨ ਮੰਜ਼ਿਲ ਵੀ ਉਹਨਾਂ ਦੇ ਹੀ ਪੈਰ ਚੁੰਮਦੀ ਹੈ।
ਬੀਤੇ ਵਰੇ ਦੌਰਾਨ ਬਹੁਤ ਸਾਰੇ ਰਿਸ਼ਤੇਦਾਰ , ਸਾਕ-ਸਨੇਹੀ, ਸੱਜਣ ਮਿੱਤਰ ਸਾਡਾ ਸਾਥ ਛੱਡ ਇਸ ਦੁਨੀਆਂ ਤੋਂ ਸਦਾ ਲਈ ਰੁਖਸਤ ਹੋ ਗਏ। ਉਹਨਾਂ ਦਾ ਸਾਡੇ ਨਾਲ ਸਾਥ ਬੱਸ ਇੰਨ੍ਹਾਂ ਹੀ ਹੋਵੇਗਾ। ਧੁਰ ਦਰਗਾਹੋ ਲਿਖਿਆ ਨੂੰ ਅਸੀਂ ਮਿਟਾ ਨਹੀਂ ਸਕਦੇ। ਬਹੁਤ ਸਾਰੇ ਸੱਜਣ ਮਿੱਤਰ ਅਜਿਹੇ ਹੋਣਗੇ ਜਿੰਨ੍ਹਾਂ ਜ਼ਿੰਦਗੀ ਦੇ ਪੰਧ ਤੇ ਚਲਦਿਆਂ ਅਚਾਨਕ ਹੀ ਆਪਣਾ ਰਸਤਾ ਬਦਲ ਲਿਆ ਹੋਣਾ। ਜਹਾਨੋਂ ਤੁਰ ਜਾਣ ਵਾਲਿਆ ਨੂੰ ਜਾਂ ਜ਼ਿੰਦਗੀ 'ਚੋ ਚਲੇ ਜਾਣ ਵਾਲਿਆਂ ਨੂੰ ਤਾਂ ਅਸੀਂ ਵਾਪਿਸ ਨਹੀਂ ਲਿਆ ਸਕਦੇ। ਪਰ ਕੋਸ਼ਿਸ਼ ਕਰੋ ਜੋ ਰੁੱਸ ਗਏ ਹਨ ਉਹਨਾਂ ਨਾਲ ਗਿਲੇ ਸ਼ਿਕਵੇ ਦੂਰ ਕਰ ਨਵੇਂ ਵਰੇ ਵਿੱਚ ਮਨ੍ਹਾ ਲਿਆ ਜਾਵੇ।
ਆਪਣੇ ਨਿੱਜ ਤੋਂ ਉਪਰ ਉਠ ਜਦੋਂ ਅਸੀਂ ਸਮਾਜ ਦੀ ਗੱਲ ਕਰਦੇ ਹਾਂ ਤਾਂ ਆਸ-ਪਾਸ ਅਜਿਹੀਆਂ ਅਨੇਕਾਂ ਘਟਨਾਵਾਂ ਵਾਪਰ ਰਹੀਆਂ ਹਨ ਜੋ ਸਾਡੀ ਰੂਹ ਨੂੰ ਛੱਲਣੀ ਕਰ ਦਿੰਦੀਆਂ ਹਨ। ਸਾਲ 2018 ਦੇ ਦੌਰਾਨ ਸ਼ਾਇਦ ਹੀ ਕੋਈ ਅਜਿਹਾ ਦਿਨ ਬੀਤਿਆਂ ਹੋਵੇ ਜਿਸ ਦਿਨ ਸਾਨੂੰ ਅਖ਼ਬਾਰ ਵਿੱਚ ਕਿਸੇ ਕਰਜ਼ਾਈ ਕਿਸਾਨ ਦੀ ਖ਼ਦਕੁਸ਼ੀ ਦੀ ਖ਼ਬਰ ਪੜ੍ਹਨ ਨੂੰ ਨਾ ਮਿਲੀ ਹੋਵੇ, ਜਾਂ ਫਿਰ ਕੋਈ ਨਾਬਾਲਗ ਬਲਾਤਕਾਰ ਦਾ ਸ਼ਿਕਾਰ ਨਾ ਹੋਈ ਹੋਵੇ। ਸ਼ਰਾਰਤੀ ਅਨਸਰਾਂ ਵੱਲੋ ਧਰਮ ਅਤੇ ਫਿਰਕਾਪ੍ਰਸਤੀ ਦੇ ਨਾਮ ਤੇ ਭਰਾਵਾਂ ਨੂੰ ਭਰਾਵਾਂ ਨਾਲ ਲੜਾ ਦਿੱਤਾ ਗਿਆ। ਹਰ ਪਾਸੇ ਭ੍ਰਿਸ਼ਟਾਚਾਰ ਦਾ ਬੋਲ ਬਾਲਾ ਹੈ । ਅੱਜ ਵੀ ਨਵ-ਵਿਆਹੀਆਂ ਦਾਜ ਦੀ ਬਲੀ ਚੜ੍ਹ ਰਹੀਆਂ ਹਨ। ਨੌਜਵਾਨ ਕੁੜੀਆਂ ਮੁੰਡੇ ਨਸ਼ਿਆ ਦੇ ਛੇਵੇ ਦਰਿਆ ਵਿੱਚ ਡੁੱਬਦੇ ਜਾ ਰਹੇ ਹਨੇ। ਦਿੱਨ-ਬ-ਦਿੱਨ ਵੱਧਦੀ ਬੇਰੁਜ਼ਗਾਰੀ ਨੌਜਵਾਨ ਪੀੜ੍ਹੀ ਨੂੰ ਸੜਕਾ ਰੋਕਣ, ਧਰਨੇ ਲਾਉਣ ਅਤੇ ਆਤਮਦਾਹ( ਆਤਮਹੱਤਿਆ) ਕਰਨ ਲਈ ਮੰਜਬੂਰ ਕਰ ਰਹੀ ਹੈ।
ਨਵੇਂ ਵਰੇ ਵਿਚ ਜਿੱਥੇ ਲੋਕਾਂ ਨੂੰ ਆਪਣੀ ਸੋਚ ਵਿੱਚ ਬਦਲਾਓ ਲਿਆਉਣ ਦੀ ਲੋੜ ਹੈ, ਉਥੇ ਹੀ ਸਮੇਂ ਦੀ ਸਰਕਾਰ ਵੱਲੋ ਨਵੀਆਂ ਨੀਤੀਆਂ ਘੜੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਨਵੇਂ ਕੰਨੂਨ ਬਣਾਏ ਜਾਣੇ ਚਾਹੀਦੇ ਹਨ ਜਿੰਨ੍ਹਾਂ ਦੇ ਅਧੀਨ ਭ੍ਰਿਸ਼ਟਾਚਾਰ , ਚੋਰਬਜ਼ਾਰੀ , ਬਲਾਤਕਾਰ , ਨਸ਼ਾਖੋਰੀ , ਆਤਮਹੱਤਿਆਂ, ਬੇਰੋਜ਼ਗਾਰੀ ਵਰਗੀਆਂ ਅਣਗਿਣਤ ਸਮੱਸਿਆਵਾਂ ਨੂੰ ਰੋਕਿਆ ਜਾ ਸਕੇ।
ਪ੍ਰਮਾਤਮਾ ਕਰੇ ਕਿ ਨਵੇਂ ਵਰੇ ਵਿੱਚ ਕਿਸੇ ਕਿਸਾਨ ਦੀ ਖ਼ੁਦਕੁਸ਼ੀ ਦੀ ਖਬਰ ਅਖ਼ਬਾਰ ਦੀ ਸੁਰਖੀ ਨਾ ਬਣੇ। ਧਰਮ ਦੇ ਨਾ ਤੇ ਕਤਲੋਗਾਰਤ ਨਾ ਹੋਵੇ। ਕੋਈ ਮਸੂਮ ਬਲਾਤਕਾਰ ਦਾ ਸ਼ਿਕਾਰ ਨਾ ਹੋਵੇ। ਕਿਸੇ ਬੇਰੁਜ਼ਗਾਰ ਨੂੰ ਪਾਣੀ ਵਾਲੀ ਟੈਂਕੀ ਤੇ ਚੜ੍ਹ ਆਪਣੇ ਆਪ ਨੂੰ ਅੱਗ ਨਾ ਲਾਉਣੀ ਪਵੇ। ਕੋਈ ਬੁੱਢਾ ਬਾਪ ਆਪਣੇ ਜਵਾਨ ਪੁੱਤ ਦੀ ਚਿਤਾ ਨੂੰ ਲਾਬੂ ਨਾ ਲਾਵੇ। ਰੱਬ ਕਰੇ ਕੇ ਆਉਣ ਵਾਲਾ ਵਰ੍ਹਾਂ ਸਾਰੀਆਂ ਸਮੱਸਿਆਵਾ ਦਾ ਹੱਲ ਹੋਵੇ ਅਤੇ ਸਾਡੇ ਸੱਭ ਲਈ ਖੁਸ਼ੀਆਂ ਲੈ ਕੇ ਆਵੇ, ਆਮੀਨ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email : kanwaldhillon16@gmail.com
ਪੰਚਾਇਤੀ ਚੋਣਾ 'ਤੇ ਵਿਸ਼ੇਸ਼ : 'ਸਰਵਪੱਖੀ ਵਿਕਾਸ' - ਕੰਵਲਜੀਤ ਕੌਰ ਢਿੱਲੋਂ
ਪੰਚਾਇਤੀ ਚੋਣਾਂ ਦੀ ਨੋਟੀਫਿਕੇਸ਼ਨ ਹੋਣ ਦੇ ਨਾਲ ਹੀ ਸਰਪੰਚ ਅਤੇ ਪੰਚ ਬਣਨ ਦੇ ਚਾਹਵਾਨ ਉਮੀਦਵਾਰ ਘਰ-ਘਰ ਜਾ ਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੰਦੇ ਹਨ। ਵੋਟਾਂ ਮੰਗਣ ਦਾ ਅਧਾਰ ਹੁੰਦਾ ਹੈ ਪਿੰਡ ਦਾ ਸਰਵਪੱਖੀ ਵਿਕਾਸ। ਸਰਵਪੱਖੀ ਵਿਕਾਸ ਦੀ ਡੁੱਗਡੁਗੀ ਵੋਟਾਂ ਪੈਣ ਵਾਲੇ ਦਿੱਨ ਤੱਕ ਵੱਜਦੀ ਰਹਿੰਦੀ ਹੈ। ਵੋਟਰਾਂ ਦੇ ਮਨ ਵਿੱਚ ਵੀ ਸਰਵਪੱਖੀ ਵਿਕਾਸ ਦੀ ਇੱਕ ਉਮੀਦ ਜਾਗਦੀ ਹੈ। ਉਹ ਸਰਵਪੱਖੀ ਵਿਕਾਸ ਜਿਸ ਦਾ ਵੋਟਰਾਂ ਨੇ ਕੇਵਲ ਨਾਂ ਹੀ ਸੁਣਿਆ ਹੈ, ਪਰ ਅਸਲ ਵਿਚ ਵੇਖਿਆ ਨਹੀ। ਆਮ ਤੌਰ 'ਤੇ ਵੇਖਣ ਵਿਚ ਆਇਆ ਹੈ ਕਿ ਸਰਵਪੱਖੀ ਵਿਕਾਸ ਦੇ ਨਾਂਅ 'ਤੇ ਪਿੰਡ ਦੀਆਂ ਪਹਿਲਾਂ ਤੋਂ ਹੀ ਬਣੀਆਂ ਹੋਈਆਂ ਗਲੀਆਂ ਨਾਲੀਆਂ ਨੂੰ ਤੁੜਵਾ ਕੇ ਦੁਬਾਰਾ ਬਣਾ ਦਿੱਤਾ ਜਾਂਦਾ ਹੈ ਜਾਂ ਫਿਰ ਇੱਕ ਗਲੀ ਵਿੱਚੋਂ ਇੱਟਾਂ ਪੁਟਵਾ ਕੇ ਦੂਸਰੀ ਗਲੀ ਵਿਚ ਲਗਵਾ ਕੇ ਖਰਚਾ ਪਾ ਦਿੱਤਾ ਜਾਂਦਾ ਹੈ।
ਜਿਆਦਾਤਰ ਵੇਖਣ ਵਿਚ ਆਇਆ ਹੈ ਕਿ ਪਿੰਡ ਵਿਚ ਸਰਪੰਚ ਅਤੇ ਪੰਚ ਦੀ ਚੋਣ ਲੜਨ ਵਾਲਾ ਉਮੀਦਵਾਰ ਇਸ ਕਾਬਲ ਹੀ ਨਹੀਂ ਹੁੰਦਾ ਕਿ ਉਹ ਸਰਪੰਚ ਜਾਂ ਮੈਬਰ ਪੰਚਾਇਤ ਬਣ ਸਕੇ। ਬਹੁਤੇ ਉਮੀਦਵਾਰਾਂ ਦੇ ਪਿੱਛੇ ਤਾਂ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਹੱਥ ਹੁੰਦਾ ਹੈ। ਇਹ ਸਿਆਸੀ ਪਾਰਟੀਆਂ ਆਪਣੀ ਮਰਜ਼ੀ ਮੁਤਾਬਿਕ ਸਰਪੰਚ ਅਤੇ ਪੰਚ ਬਣਾਉਦੀਆਂ ਹਨ। ਜੇਕਰ ਕੋਈ ਯੋਗ ਵਿਅਕਤੀ ਚੋਣ ਲੜਨਾ ਵੀ ਚਾਹੇ ਤਾਂ ਉਹ ਤੱਦ ਤੱਕ ਜਿੱਤ ਪ੍ਰਾਪਤ ਨਹੀਂ ਕਰ ਸਕਦਾ ਜਦੋਂ ਤੱਕ ਕਿ ਉਸ ਦੇ ਪਿੱਛੇ ਕਿਸੇ ਸਿਆਸੀ ਆਗੂ ਜਾਂ ਕਿਸੇ ਸਿਆਸੀ ਪਾਰਟੀ ਦਾ ਹੱਥ ਨਾ ਹੋਵੇ। ਕਈ ਵਾਰ ਅਜਿਹੇ ਯੋਗ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਸਿਆਸੀ ਦਬਾਅ ਦੇ ਚੱਲਦਿਆਂ ਰੱਦ ਕਰਵਾ ਦਿੱਤੇ ਜਾਂਦੇ ਹਨ। ਇਨ੍ਹਾਂ ਸਿਆਸੀ ਆਗੂਆਂ ਜਾਂ ਪਿੰਡ ਦੇ ਚੰਦ ਲੋਕਾਂ ਦੀ ਪ੍ਰਤੀਨਿਧਤਾ ਕਰਨ ਵਾਲਾ ਵਿਅਕਤੀ ਅਸਲ ਵਿਚ ਉਨ੍ਹਾਂ ਦੇ ਹੱਥਾਂ ਦੀ ਕੱਠਪੁਤਲੀ ਮਾਤਰ ਹੁੰਦਾ ਹੈ ਅਤੇ ਉਹ ਉਸਨੂੰ ਆਪਣੇ ਅਨੁਸਾਰ ਨਚਾਉਂਦੇ ਹਨ। ਅਜਿਹੇ ਵਿਚ ਸਰਵਪੱਖੀ ਵਿਕਾਸ ਦੀ ਗੱਲ ਕਰਨਾ ਤਾਂ ਆਪਣੇ ਆਪ ਨੂੰ ਧੋਖਾ ਦੇਣ ਦੇ ਬਰਾਬਰ ਹੈ, ਪਰ ਇਸ ਸਭ ਲਈ ਜਿੰਮੇਵਾਰ ਤਾਂ ਅਸੀਂ ਲੋਕ ਹੀ ਹਾਂ ਕਿਉਂਕਿ ਪਿੰਡ ਦਾ ਸਰਪੰਚ ਜਾਂ ਪੰਚ ਚੁਣਿਆਂ ਤਾਂ ਸਾਡੀਆਂ ਹੀ ਵੋਟਾਂ ਦੁਆਰਾ ਜਾਂਦਾ ਹੈ। ਅੱਜ ਦੇ ਵੋਟਰ ਕਾਫੀ ਸੂਝਵਾਨ ਹੋ ਗਏ ਹਨ ਅਤੇ ਉਹ ਆਪਣੇ ਹੱਕਾਂ ਪ੍ਰਤੀ ਕਾਫੀ ਸੁਚੇਤ ਹੋ ਚੁੱਕੇ ਹਨ, ਪਰ ਇਸ ਦੇ ਬਾਵਜੂਦ ਕੁਝ ਵੋਟਰ ਚੰਦ ਰੁਪਿਆ ਦੀ ਖਾਤਿਰ ਆਪਣੀ ਵੋਟ ਗਲਤ ਉਮੀਦਵਾਰ ਨੂੰ ਵੇਚ ਦਿੰਦੇ ਹਨ। ਇਹ ਲਾਲਚ ਸਿਰਫ ਰੁਪਿਆਂ ਤੱਕ ਸੀਮਿਤ ਨਹੀਂ, ਇਸ ਤੋਂ ਇਲਾਵਾ ਚੋਣ ਮੈਦਾਨ ਵਿਚ ਖੜ੍ਹੇ ਉਮੀਦਵਾਰ ਚੋਣਾਂ ਦੇ ਦਿਨਾਂ ਵਿਚ ਵੋਟਰਾਂ ਨੂੰ ਸ਼ਰਾਬ ਅਤੇ ਕਈ ਹੋਰ ਪ੍ਰਕਾਰ ਦੇ ਨਸ਼ਿਆਂ ਦਾ ਲਾਲਚ ਵੀ ਦਿੰਦੇ ਹਨ ਅਤੇ ਇਹੀ ਨਸ਼ੇ ਕਈ ਵਾਰ ਵੋਟਰਾਂ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ। ਕਈ ਪਿੰਡਾਂ ਵਿਚ ਤਾਂ ਔਰਤ ਵਰਗ ਦੀਆਂ ਵੋਟਾਂ ਖਰੀਦਣ ਲਈ ਉਹਨਾਂ ਨੂੰ ਉਪਹਾਰ ਅਤੇ ਕੱਪੜੇ ਆਦਿ ਵੀ ਵੰਡੇ ਜਾਂਦੇ ਹਨ। ਇਸ ਤਰ੍ਹਾਂ ਉਮੀਦਵਾਰ ਵੋਟਾਂ ਹਥਿਆਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਵਰਤਦੇ ਹਨ। ਇਹ ਨਿੱਕੇ-ਨਿੱਕੇ ਨਿੱਝੀ ਲਾਲਚ ਸਾਨੂੰ ਅਤੇ ਸਾਡੇ ਪਿੰਡਾਂ ਨੂੰ ਵਿਕਾਸ ਦੀ ਰਾਹ ਤੋਂ ਕਿਤੇ ਦੂਰ ਲੈ ਜਾਂਦੇ ਹਨ ਤੇ ਫਿਰ ਅਸੀਂ ਪੂਰੇ ਪੰਜ ਸਾਲ ਅੱਡੀਆਂ ਚੁੱਕ-ਚੁੱਕ ਤੇ ਸਰਵਪੱਖੀ ਵਿਕਾਸ ਦੀ ਉਡੀਕ ਕਰਦੇ ਰਹਿੰਦੇ ਹਾਂ। ਅਜੇ ਵੀ ਡੁੱਲ੍ਹੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਅਸੀਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਯੋਗ ਉਮੀਦਵਾਰ ਦੀ ਚੋਣ ਕਰ ਸਕਦੇ ਹਾਂ। ਫਿਰ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੇ ਸਾਰੇ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ ਅਤੇ ਪੰਜਾਬ ਦੇ ਸਾਰੇ ਪਿੰਡ ਸਰਵਪੱਖੀ ਵਿਕਾਸ ਵੱਲ ਪੁਲਾਂਘਾਂ ਭਰਦੇ ਨਜਰ ਆਉਣਗੇ। ਇਹ ਵਿਕਾਸ ਸਿਰਫ ਪਿੰਡਾਂ ਦਾ ਹੀ ਨਹੀਂ, ਬਲਕਿ ਪੂਰੇ ਪੰਜਾਬ ਅਤੇ ਪੂਰੇ ਦੇਸ਼ ਦਾ ਸਰਵਪੱਖੀ ਵਿਕਾਸ ਹੋਵੇਗਾ, ਪਰ ਇਸ ਦੀ ਸ਼ੁਰੂਆਤ ਸਾਨੂੰ ਆਪਣੇ ਆਪ ਤੋਂ ਹੀ ਕਰਨੀ ਪਵੇਗੀ। ਮੈ ਇਸ ਆਰਟੀਕਲ ਦੇ ਸਹਿਯੋਗ ਨਾਲ ਵੋਟਰਾਂ ਨੂੰ ਇਹ ਸ਼ੰਦੇਸ਼ ਦੇਣਾ ਚਾਹੁੰਦੀ ਹਾਂ ਕਿ ਉਹ ਬਿਨਾਂ ਕਿਸੇ ਡਰ ਅਤੇ ਲਾਲਚ ਤੋਂ ਆਪਣਾ ਕੀਮਤੀ ਵੋਟ ਇਕ ਯੋਗ ਉਮੀਦਵਾਰ ਨੂੰ ਪਾਉਣ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
9478793231
Email:kanwaldhillon16@gmail.com
26 ਅਕਤੂਬਰ ਨੂੰ ਜਨਮ ਦਿਹਾੜੇ ਤੇ ਵਿਸ਼ੇਸ਼ - ਕੰਵਲਜੀਤ ਕੌਰ ਢਿੱਲੋਂ
ਧੰਨੁ ਧੰਨੁ ਰਾਮਦਾਸ ਗੁਰੂ ਜਿਨਿ ਸਿਰਿਆ ਤਿਨੈ ਸਵਾਰਿਆ॥
ਪਵਿੱਤਰ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਪਹਿਲਾ ਰਾਮਦਾਸਪੁਰ ਅਤੇ ਉਸ ਤੋਂ ਪਹਿਲਾ ਗੁਰੂ ਕਾ ਚੱਕ ਨਾਮ ਨਾਲ ਜਾਣੀ ਜਾਂਦੀ ਸੀ ਦੇ ਰਚਣਹਾਰ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਹਨ। ਗੁਰੂ ਰਾਮਦਾਸ ਜੀ ਦਾ ਸਾਦਗੀ ਭਰਪੂਰ ਜੀਵਨ ਅਤੇ ਉਹਨਾਂ ਦੁਆਰਾ ਰਚਿਤ ਬਾਣੀ ਅੱਜ ਵੀ ਸਾਨੂੰ ਜਿੱਥੇ ਚੰਗੀ ਜੀਵਨ ਜਾਚ ਸਿਖਾਉਂਦੀ ਹੈ, ਉਥੇ ਹੀ ਸਾਡਾ ਮਾਰਗਦਰਸ਼ਨ ਕਰਦੀ ਹੈ।
ਸ੍ਰੀ ਗੁਰੂ ਰਾਮਦਾਸ ਜੀ ਦਾ ਜਨਮ ਇਤਿਹਾਸ ਅਨੁਸਾਰ 24 ਸਤੰਬਰ 1534 ਈ: ਨੂੰ ਪਿਤਾ ਹਰਿਦਾਸ ਜੀ ਦੇ ਗ੍ਰਹਿ ਵਿਖੇ ਮਾਤਾ ਦਯਾ ਜੀ ਦੀ ਕੁੱਖੋਂ ਚੂਨਾ ਮੰਡੀ ਲਾਹੌਰ ਵਿਖੇ ਹੋਇਆ। ਆਪ ਦਾ ਬਚਪਨ ਦਾ ਨਾਮ ਭਾਈ ਜੇਠਾ ਸੀ। ਬਚਪਨ ਵਿੱਚ ਹੀ ਆਪ ਦੇ ਮਾਤਾ-ਪਿਤਾ ਅਕਾਲ ਚਲਾਣਾ ਕਰ ਗਏ। ਆਪ ਨੇ ਆਪਣਾ ਬਚਪਨ ਨਾਨਕੇ ਘਰ ਪਿੰਡ ਬਾਸਰਕੇ ਗਿੱਲਾਂ ਜਿਲ੍ਹਾ ਅੰਮ੍ਰਿਤਸਰ ਵਿਖੇ ਬਤੀਤ ਕੀਤਾ। ਘਰ ਵਿੱਚ ਬਹੁਤ ਗਰੀਬੀ ਹੋਣ ਕਾਰਨ ਆਪ ਨੂੰ ਜੀਵਨ ਨਿਰਵਾਹ ਲਈ ਘੁੰਗਣੀਆਂ ਵੇਚਣੀਆਂ ਪਈਆ। ਇਸ ਪ੍ਰਕਾਰ ਆਪ ਬਚਪਨ ਤੋਂ ਹੀ ਹੱਥੀ ਕਿਰਤ ਕਰਨ ਲੱਗ ਪਏ ਸੀ। ਮਨ ਵਿੱਚ ਗੁਰੂ ਅਮਰਦਾਸ ਜੀ ਨੂੰ ਮਿਲਣ ਦੀ ਤਾਂਘ ਲੈ ਆਪ ਗੋਇੰਦਵਾਲ ਸਾਹਿਬ ਪਹੁੰਚ ਗਏ। ਉਥੇ ਆਪ ਦਿਨ ਰਾਤ ਕੀਰਤਨ ਸੁਣਦੇ ਅਤੇ ਗੁਰੂ ਘਰ ਦੀ ਸੇਵਾ ਕਰਦੇ। ਇਥੇ ਵੀ ਆਪ ਨੇ ਆਪਣਾ ਜੀਵਨ ਨਿਰਵਾਹ ਘੁੰਗਣੀਆਂ ਵੇਚ ਕੇ ਹੀ ਕੀਤਾ। ਅਮਰਦਾਸ ਜੀ ਨੇ ਭਾਈ ਜੇਠਾ ਜੀ ਦੀ ਕਿਰਤ ਕਰਨ ਦੀ ਲਗਨ ਅਤੇ ਗੁਰੂ ਘਰ ਨਾਲ ਸ਼ਰਧਾ ਨੂੰ ਵੇਖਦਿਆ ਹੋਇਆ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਦਾ ਵਿਆਹ ਭਾਈ ਜੇਠਾ ਨਾਲ ਕਰ ਦਿੱਤਾ। ਗੁਰੂ ਅਮਰਦਾਸ ਜੀ ਨੇ ਭਾਈ ਜੇਠਾ ਦਾ ਨਾਮ ਬਦਲ ਕੇ ਰਾਮਦਾਸ ਰੱਖ ਦਿੱਤਾ। ਗੁਰੂ ਅਮਰਦਾਸ ਜੀ ਨੇ ਗੁਰਿਆਈ ਦੇਣ ਲਈ ਭਾਈ ਰਾਮਾ ਅਤੇ ਭਾਈ ਜੇਠਾ(ਰਾਮਦਾਸ) ਜੀ ਦੀ ਪ੍ਰੀਖਿਆ ਲਈ। ਗੁਰੂ ਜੀ ਨੇ ਦੋਵਾਂ ਨੂੰ ਹੀ ਥੜ੍ਹਾ ਬਣਾਉਣ ਲਈ ਕਿਹਾ। ਗੁਰੂ ਅਮਰਦਾਸ ਜੀ ਕੋਈ ਨਾ ਕੋਈ ਕਮੀ ਕੱਢ ਥੜ੍ਹਾ ਢੁਆ ਦਿੰਦੇ ਰਹੇ। ਅਜਿਹਾ ਦੇਖ ਭਾਈ ਰਾਮਾ ਜੀ ਦਾ ਸਿਦਕ ਡੋਲ ਗਿਆ ਪਰੰਤੂ ਭਾਈ ਜੇਠਾ ਜੀ ਹਰ ਵਾਰੀ 'ਸਤਿ ਬਚਨ' ਕਹਿ ਦੁਬਾਰਾ ਥੜ੍ਹਾ ਬਣਾਉਣ ਲੱਗ ਪੈਂਦੇ। ਇਸ ਪ੍ਰਕਾਰ ਗੁਰੂ ਅਮਰਦਾਸ ਜੀ ਦੀ ਗੁਰਿਆਈ ਲਈ ਯੋਗ ਵਿਅਕਤੀ ਦੀ ਭਾਲ ਖਤਮ ਹੋ ਗਈ । ਸਤੰਬਰ 1574 ਈ: ਨੂੰ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਸੌਂਪ ਦਿੱਤੀ।
ਗੁਰੂ ਅਮਰਦਾਸ ਜੀ ਦੇ ਕਹੇ ਅਨੁਸਾਰ ਆਪ ਨੇ ਗੁਰੂ ਕਾ ਚੱਕ(ਰਾਮਦਾਸਪੁਰ) ਦੀ ਨੀਂਹ 1574 ਈ. ਵਿੱਚ ਰੱਖੀ। ਗੁਰੂ ਘਰ ਦੀ ਇਮਾਰਤ ਬਣਾਉਣ, ਧਰਮਸ਼ਾਲਾ ਅਤੇ ਸਰੋਵਰ ਦੀ ਉਸਾਰੀ ਲਈ ਬਹੁਤ ਧੰਨ ਦੀ ਜਰੂਰਤ ਸੀ। ਗੁਰੂ ਜੀ ਨੇ ਮਸੰਦ ਪ੍ਰਥਾ ਸ਼ੁਰੂ ਕੀਤੀ,ਇਸ ਪ੍ਰਥਾ ਦੇ ਅਧੀਨ ਸੰਗਤਾਂ ਨੂੰ ਗੁਰੂ ਘਰ ਵਿੱਚ ਹੋਣ ਵਾਲੇ ਕਾਰਜਾਂ ਤੋਂ ਜਾਣੂ ਕਰਵਾਇਆ ਜਾਂਦਾ ਸੀ ਅਤੇ ਉਹਨਾਂ ਵੱਲੋਂ ਭੇਟ ਕੀਤੀ ਗਈ ਮਾਇਆ ਨੂੰ ਸ੍ਰੀ ਦਰਬਾਰ ਸਾਹਿਬ ਵਿੱਚ ਜਮ੍ਹਾਂ ਕਰਵਾ ਦਿੱਤਾ ਜਾਂਦਾ। ਆਪ ਦੇ ਗ੍ਰਹਿ ਵਿਖੇ ਤਿੰਨ ਪੁਤਰਾਂ ਪ੍ਰਿਥੀ ਚੰਦ, ਮਹਾਂਦੇਵ ਅਤੇ ਅਰਜਨ ਦੇਵ ਦਾ ਜਨਮ ਹੋਇਆ। ਗੁਰੂ ਘਰ ਪ੍ਰਤੀ ਸੱਚੀ ਲਗਨ ਅਤੇ ਨਿਸ਼ਟਾ ਨੂੰ ਵੇਖਦਿਆਂ ਹੋਇਆ ਆਪ ਨੇ ਅਰਜਨ ਦੇਵ ਜੀ ਨੂੰ 1 ਸਤੰਬਰ 1581 ਨੂੰ ਗੁਰਿਆਈ ਬਖ਼ਸ਼ ਦਿੱਤੀ ਅਤੇ ਇਸੇ ਦਿਨ ਹੀ ਆਪ ਜੋਤਿ -ਜੋਤ ਸਮਾਂ ਗਏ।
ਗੁਰੂ ਜੀ ਦੀ ਰਚਿਤ ਬਾਣੀ ਵਿੱਚ ਸ਼ਬਦ, ਸਲੋਕ, ਘੋੜੀਆਂ, ਲਾਵਾਂ , ਕਰਹਲੇ ਅਤੇ ਵਾਰਾਂ ਸ਼ਾਮਿਲ ਹਨ। ਗੁਰੂ ਜੀ ਦੀ ਬਾਣੀ ਵਾਹਿਗੁਰੂ ਦਾ ਨਾਮ ਸਿਮਰਨ ਕਰਨ,ਚੰਗੇ ਕਰਮ ਕਰਨ,ਹਾਉਮੈ ਹੰਕਾਰ ਨੂੰ ਤਿਆਗਣ ਦਾ ਸ਼ੰਦੇਸ ਦਿੰਦੀ ਹੈ। ਆਪ ਜੀ ਦਾ ਜਨਮ ਦਿਹਾੜਾ ਸਭ ਸੰਗਤਾਂ ਵੱਲੋਂ ਮਿਤੀ 26 ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਇਸ ਮੌਕੇ ਸਭ ਸਿੱਖ ਸੰਗਤਾਂ ਹੁੰਮ -ਹਮਾ ਕੇ ਗੁਰੂ ਘਰ ਜਾਣ ਅਤੇ ਗੁਰੂ ਜੀ ਵੱਲੋ ਰਚਿਤ ਬਾਣੀ ਦਾ ਓਟ ਆਸਰਾ ਲੈਣ।
ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email: kanwaldhillon16@gmail.com
25 Oct. 2018
21 ਅਕਤੂਬਰ ਵਿਸ਼ਵ ਆਇਓਡੀਨ ਦਿਵਸ ਤੇ ਵਿਸ਼ੇਸ਼ : ਸਿਹਤ ਲਈ ਜ਼ਰੂਰੀ ਹੈ ਆਇਓਡੀਨ - ਕੰਵਲਜੀਤ ਕੋਰ ਢਿੱਲੋਂ
ਅੱਜ ਦਾ ਆਧੁਨਿਕ ਜੀਵਨ ਬਹੁਤ ਸੰਘਰਸ਼ਮਈ ਹੋ ਗਿਆ ਹੈ। ਸਾਡੇ ਕੋਲ ਆਪਣੇ ਆਪ ਲਈ ਵੀ ਸਮਾਂ ਨਹੀਂ ਹੈ। ਅਸੀਂ ਆਪਣੀ ਜਿੰਦਗੀ ਵਿਚ ਇਕ-ਦੂਜੇ ਤੋਂ ਅੱਗੇ ਨਿਕਲਣ ਦੀ ਦੌੜ ਵਿਚ ਕਈ ਵਾਰ ਆਪਣੀ ਸਿਹਤ ਨਾਲ ਖਿਲਵਾੜ ਕਰ ਲੈਂਦੇ ਹਾਂ। ਸਾਡਾ ਸਰੀਰ ਕੁਦਰਤ ਵੱਲੋਂ ਸਾਨੂੰ ਦਿੱਤਾ ਹੋਇਆ ਇਕ ਅਨਮੋਲ ਤੋਹਫ਼ਾ ਹੈ, ਜਿਸਦੀ ਸੰਭਾਲ ਵੱਲ ਧਿਆਨ ਦੇਣਾ ਅਸੀਂ ਭੁੱਲ ਜਾਂਦੇ ਹਾਂ। ਅਜਿਹੀ ਲਾਪਰਵਾਹੀ ਕਾਰਨ ਸਾਡਾ ਸਰੀਰ ਬਹੁਤ ਸਾਰੀਆਂ ਘਾਤਕ ਬਿਮਾਰੀਆਂ ਦੀ ਲਪੇਟ ਵਿਚ ਆ ਜਾਂਦਾ ਹੈ। ਇਸ ਲਈ ਬਿਮਾਰੀ ਚਾਹੇ ਛੋਟੀ ਹੋਵੇ ਜਾਂ ਵੱਡੀ, ਉਸਦਾ ਇਲਾਜ ਸਮੇਂ ਰਹਿੰਦਿਆਂ ਕਰਵਾਉਣਾ ਚਾਹੀਦਾ ਹੈ। ਸਿਆਣਿਆਂ ਨੇ ਕਿਹਾ ਹੈ ਕਿ ਇਲਾਜ ਨਾਲੋਂ ਪ੍ਰਹੇਜ਼ ਚੰਗਾ। ਇਸ ਲਈ ਅਸੀਂ ਕੁਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖ ਆਪਣੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾ ਸਕਦੇ ਹਾਂ। ਸਾਡੇ ਸਰੀਰ ਵਿਚ ਅਨੇਕਾਂ ਹੀ ਤੱਤ ਮੌਜੂਦ ਹਨ, ਜਿੰਨਾਂ ਦੀ ਕਮੀ ਅਤੇ ਬਹੁਤਾਤ ਅਨੇਕਾਂ ਬਿਮਾਰੀਆਂ ਦਾ ਕਾਰਣ ਬਣਦੀ ਹੈ। ਅਜਿਹਾ ਹੀ ਇਕ ਤੱਤ ਹੈ ਆਇਓਡੀਨ। ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਆਇਓਡੀਨ ਕੀ ਹੈ? ਅਤੇ ਇਸਦੀ ਸਾਡੇ ਸਰੀਰ ਲਈ ਕੀ ਮਹੱਤਤਾ ਹੈ? ਆਇਓਡੀਨ ਇਕ ਖੁਰਾਕੀ ਤੱਤ ਹੈ, ਖ਼ਾਸ ਤੌਰ ਤੇ ਇਹ ਸਾਨੂੰ ਮੱਛੀ, ਆਂਡਿਆਂ, ਦੁੱਧ ਤੋਂ ਬਣੇ ਪਦਾਰਥਾਂ, ਕੁੱਝ ਸ਼ਬਜੀਆਂ ਅਤੇ ਆਇਓਡਾਈਜ਼ਡ ਨਮਕ ਵਿਚੋਂ ਪ੍ਰਾਪਤ ਹੁੰਦਾ ਹੈ। ਆਇਓਡੀਨ ਦੀ ਮਾਤਰਾ ਉਮਰ ਦੇ ਵੱਖ-ਵੱਖ ਪੱਧਰ ਅਨੁਸਾਰ ਨਿਸ਼ਚਿਤ ਹੈ। ਜਿਵੇਂ ਕਿ 1 ਤੋਂ 8 ਸਾਲ ਦੇ ਬੱਚਿਆਂ ਲਈ 90 ਮਾਈਕ੍ਰਰੋਗ੍ਰਾਮ ਆਇਓਡੀਨ, 9 ਤੋਂ 13 ਸਾਲ ਦੇ ਬੱਚਿਆਂ ਲਈ 120 ਮਾਈਕ੍ਰਰੋਗ੍ਰਾਮ ਆਇਓਡੀਨ, ਔਰਤਾਂ ਅਤੇ ਮਰਦਾਂ ਵਿੱਚ ਰੋਜ਼ਾਨਾ 100 ਤੋਂ 150 ਮਾਈਕ੍ਰਰੋਗ੍ਰਾਮ ਆਇਓਡੀਨ ਦੀ ਜ਼ਰੂਰਤ ਹੁੰਦੀ ਹੈ। ਆਇਓਡੀਨ ਦੀ ਸਹੀ ਵਰਤੋਂ ਜਿਥੇ ਸਾਡੇ ਸਰੀਰਕ ਵਿਕਾਸ ਵਿਚ ਯੋਗਦਾਨ ਪਾਉਂਦੀ ਹੈ, ਉਥੇ ਹੀ ਸਾਡੇ ਮਾਨਸਿਕ ਅਤੇ ਬੌਧਿਕ ਵਿਕਾਸ ਵਿੱਚ ਵੀ ਸਹਾਇਤਾ ਕਰਦੀ ਹੈ। ਆਇਓਡੀਨ ਦੀ ਕਮੀ ਜ਼ਿਆਦਾਤਰ ਗਰਭਵਤੀ ਔਰਤਾਂ ਵਿੱਚ ਪਾਈ ਜਾਂਦੀ ਹੈ। ਗਰਭਵਤੀ ਔਰਤ ਦੇ ਸਰੀਰ ਵਿਚ ਆਇਓਡੀਨ ਦੀ ਕਮੀ ਕਈ ਵਾਰ ਗਰਭਪਾਤ ਦਾ ਕਾਰਣ ਵੀ ਬਣ ਸਕਦੀ ਹੈ। ਜੇਕਰ ਆਇਓਡੀਨ ਕਮੀ ਯੁਕਤ ਬੱਚਾ ਪੈਦਾ ਹੋ ਵੀ ਜਾਵੇ ਤਾਂ ਉਸ ਵਿਚ ਜਮਾਂਦਰੂ ਤੌਰ ਤੇ ਭੈਂਗਾਪਣ, ਬੋਲਾਪਣ, ਗੂੰਗਾਪਣ ਆ ਜਾਂਦਾ ਹੈ ਅਤੇ ਬੱਚਾ ਮੰਦਬੁੱਧੀ ਵੀ ਹੋ ਸਕਦਾ ਹੈ। ਆਮ ਤੌਰ ਤੇ ਬੱਚਿਆਂ ਵਿਚ ਆਇਓਡੀਨ ਦੀ ਕਮੀ ਹੋਣ ਨਾਲ ਗਿੱਲ੍ਹੜ ਰੋਗ , ਦਿਮਾਗੀ ਵਿਕਾਸ ਦਾ ਘੱਟ ਹੋਣਾ ਅਤੇ ਸਰੀਰ ਦਾ ਵਿਕਾਸ ਰੁਕ ਜਾਣਾ ਹੈ।
ਅਸੀਂ ਕੁਝ ਗੱਲਾਂ ਦਾ ਧਿਆਨ ਰੱਖਦੇ ਹੋਏ ਉਪਰੋਕਤ ਦੱਸੀਆਂ ਬਿਮਾਰੀਆਂ ਤੋਂ ਬਚ ਸਕਦੇ ਹਾਂ। ਜਿਵੇਂ ਕਿ ਅਸੀਂ ਘਰ ਵਿਚ ਆਇਓਡੀਨ ਯੁਕਤ ਨਮਕ ਦੀ ਹੀ ਵਰਤੋਂ ਕਰੀਏ। ਨਮਕ ਖ਼ਰੀਦ ਦੇ ਸਮੇਂ ਇਹ ਜਾਂਚ ਕਰ ਲੈਣੀ ਚਾਹੀਦੀ ਹੈ ਕਿ ਨਮਕ ਆਇਓਡੀਨ ਯੁਕਤ ਹੈ ਜਾਂ ਨਹੀਂ। ਆਇਓਡੀਨ ਯੁਕਤ ਨਮਕ ਦੀ ਵਰਤੋਂ ਛੇ ਮਹੀਨੇ ਦੇ ਅੰਦਰ-ਅੰਦਰ ਹੋ ਜਾਣੀ ਚਾਹੀਦੀ ਹੈ। ਆਇਓਡੀਨ ਨਮਕ ਨੂੰ ਨਿਸ਼ਚਿਤ ਪੈਕਿੰਗ ਵਿਚ ਹੀ ਰਹਿਣ ਦਿੱਤਾ ਜਾਵੇ ਅਤੇ ਇਸਨੂੰ ਅੱਗ ਤੇ ਸਲ੍ਹਾਬ ਤੋਂ ਦੂਰ ਰੱਖਿਆ ਜਾਵੇ। ਅੱਜ ਵੀ ਬਹੁਤ ਸਾਰੇ ਲੋਕ ਆਇਓਡੀਨ ਦੀ ਮਹੱਤਤਾ ਨੂੰ ਨਾ ਜਾਣਦੇ ਹੋਏ ਇਸਦੀ ਕਮੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕਾਂ ਨੂੰ ਜਾਗਰੂਕ ਕਰਨ ਦੇ ਮੱਦੇਨਜ਼ਰ ਹੀ 21 ਅਕਤੂਬਰ ਦਾ ਦਿਨ ਵਿਸ਼ਵ ਭਰ ਵਿਚ ਆਇਓਡੀਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਿਹਤ ਵਿਭਾਗ ਵੱਲੋ ਵੀ ਆਇਓਡੀਨ ਦੀ ਕਮੀ ਤੋਂ ਹੋਣ ਵਾਲੀਆਂ ਬਿਮਾਰੀਆਂ ਬਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਂਦਾ ਹੈ ਅਤੇ ਲੋਕਾਂ ਨੂੰ ਆਇਓਡੀਨ ਯੁਕਤ ਨਮਕ ਦੀ ਹੀ ਵਰਤੋਂ ਕਰਨ ਲਈ ਪ੍ਰੇਰਿਆ ਜਾਂਦਾ ਹੈ। ਇਸ ਸਬੰਧੀ ਸਿਹਤ ਵਿਭਾਗ ਦੁਆਰਾ ਸੈਮੀਨਾਰ ਕਰਵਾਏ ਜਾਂਦੇ ਹਨ, ਤਾਂ ਜੋ ਭਵਿੱਖ ਵਿਚ ਕੋਈ ਔਰਤ ਮੰਦਬੁੱਧੀ ਬੱਚੇ ਨੂੰ ਜਨਮ ਨਾ ਦੇਵੇ ਅਤੇ ਕੋਈ ਵੀ ਬੱਚਾ ਭੈਂਗੇਪਣ ਅਤੇ ਬੋਲੇਪਣ ਦਾ ਸ਼ਿਕਾਰ ਨਾ ਹੋਵੇ।
ਕੰਵਲਜੀਤ ਕੋਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email :- kanwaldhillon16@gmail.com
18 Oct. 2018
5 ਅਕਤੂਬਰ ਵਿਸ਼ਵ ਮੁਸਕੁਰਾਹਟ ਦਿਵਸ 'ਤੇ ਵਿਸ਼ੇਸ਼ : ਮੁਸਕੁਰਾਉਣਾ ਵੀ ਇਕ ਅਦਾ ਹੈ - ਕੰਵਲਜੀਤ ਕੌਰ ਢਿੱਲੋਂ
ਅੱਜ ਦੇ ਇਸ ਆਧੁਨਿਕ ਅਤੇ ਤਕਨੀਕੀ ਯੁੱਗ ਦੇ ਵਿਚ ਸਾਨੂੰ ਇਕ ਦੂਜੇ ਤੋਂ ਅੱਗੇ ਨਿਕਲ ਜਾਣ ਦੀ ਏਨੀ ਕੁ ਕਾਹਲ ਹੈ ਕਿ ਅਸੀਂ ਮੁਸਕੁਰਾਉਣਾ ਹੀ ਭੁੱਲ ਗਏ ਹਾਂ।ਕਦੀ-ਕਦੀ ਲੱਗਦਾ ਹੈ ਕਿ ਜਿਵੇਂ ਰੋਜ ਦੀ ਭੱਜ ਦੌੜ ਵਿਚ ਮੁਸਕੁਰਾਹਟ ਸਾਡੇ ਪੈਰਾਂ ਹੇਠ ਆ ਕੇ ਲਤਾੜੀ ਗਈ ਹੋਵੇ ਅਤੇ ਮਨੁੱਖ ਜਿਵੇਂ ਹੱਸਣਾ ਹੀ ਭੁੱਲ ਗਿਆ ਹੋਵੇ, ਹੱਸਣਾ ਸਾਡੇ ਸਿਹਤ ਲਈ ਇਕ ਦਵਾਈ ਹੈ। ਮੁਸਕੁਰਾਹਟ ਇਕ ਐਸੀ ਚਾਬੀ ਹੈ, ਜੋ ਸਾਰਿਆਂ ਦੇ ਦਿਲਾਂ ਦਾ ਤਾਲਾ ਖੋਲ੍ਹਦੀ ਹੈ।ਸ਼ਾਇਦ ਮੁਸਕੁਰਾਹਟ ਦੀ ਮਹੱਤਤਾ ਨੂੰ ਸਮਝਦਿਆਂ ਹੋਇਆਂ ਹੀ ਹਾਰਵੇ ਬਾਲ ਨੇ ਅਕਤੂਬਰ ਮਹੀਨੇ ਦੇ ਪਹਿਲੇ ਸੁੱਕਰਵਾਰ ਨੂੰ ਮੁਸਕੁਰਾਹਟ ਦੇ ਨਾਂਅ ਕਰ ਦਿੱਤਾ। ਇਸ ਤਰ੍ਹਾਂ 1999 ਵਿਚ ਅਕਤੂਬਰ ਮਹੀਨੇ ਦੇ ਪਹਿਲੇ ਸੁੱਕਰਵਾਰ ਤੋਂ ਵਿਸ਼ਵ ਮੁਸਕੁਰਾਹਟ ਦਿਵਸ ਮਨਾਉਣ ਦੀ ਸੁਰੂਆਤ ਹੋਈ। ਹਾਰਵੇ ਬਾਲ ਸਮਾਈਲ ਫੇਸ ਦਾ ਨਿਰਮਾਤਾ ਸੀ, ਜਿਨ੍ਹਾਂ ਦੀ ਵਰਤੋਂ ਅੱਜ ਕੱਲ੍ਹ ਸ਼ੋਸ਼ਲ ਮੀਡੀਆ ਨਾਲ ਜੁੜਿਆ ਹਰ ਵਿਅਕਤੀ ਕਰ ਰਿਹਾ ਹੈ।
ਜਿੰਦਗੀ ਵਿਚ ਇਕ ਖੁਸ਼ੀ ਤੁਹਾਡੀ ਮੁਸਕੁਰਾਹਟ ਦਾ ਕਾਰਨ ਬਣਦੀ ਹੈ, ਪਰ ਕਦੀ-ਕਦੀ ਇਕ ਮੁਸਕੁਰਾਹਟ ਹੀ ਤੁਹਾਡੀ ਖੁਸ਼ੀ ਦਾ ਸਰੋਤ ਹੋ ਸਕਦੀ ਹੈ। ਚਿਹਰੇ 'ਤੇ ਆਈ ਇਕ ਹਲਕੀ ਜਿਹੀ ਮੁਸਕੁਰਾਹਟ ਇਕ ਆਮ ਚਿਹਰੇ ਨੂੰ ਵੀ ਆਕਰਸ਼ਿਤ ਬਣਾ ਦਿੰਦੀ ਹੈ। ਮੁਸਕੁਰਾਹਟ ਜਿਥੇ ਚਿਹਰੇ ਦੀ ਸੁੰਦਰਤਾ ਵਿਚ ਚਾਰ ਚੰਨ੍ਹ ਲਗਾਉਂਦੀ ਹੈ, ਉਥੇ ਹੀ ਬਹੁਤ ਸਾਰੇ ਦੁੱਖਾਂ ਦੀ ਦਵਾ ਵੀ ਬਣ ਜਾਂਦੀ ਹੈ। ਦਫ਼ਤਰ ਤੋਂ ਥੱਕ ਹਾਰ ਕੇ ਆਏ ਪਤੀ ਦਾ ਸਵਾਗਤ ਜੇ ਪਤਨੀ ਵਲੋਂ ਮੁਸਕੁਰਾ ਕੇ ਕੀਤਾ ਜਾਵੇ ਤਾਂ ਉਸ ਦੀ ਦਿਨ ਭਰ ਦੀ ਥਕਾਵਟ ਪਲਾਂ ਵਿਚ ਹੀ ਗਾਇਬ ਹੋ ਜਾਂਦੀ ਹੈ। ਆਪਣੇ ਬੱਚਿਆਂ ਨੂੰ ਮੁਸਕੁਰਾਉਂਦਿਆਂ ਦੇਖ ਕੇ ਇਕ ਮਾਂ ਆਪਣੇ ਸਾਰੇ ਦੁੱਖ ਭੁੱਲ ਜਾਂਦੀ ਹੈ। ਹੱਸਦੇ ਮੁਸਕੁਰਾਉਂਦੇ ਚਿਹਰੇ ਜਿਥੇ ਆਕਰਸ਼ਣ ਦਾ ਕੇਂਦਰ ਹੁੰਦੇ ਹਨ, ਉਥੇ ਅਜਿਹੇ ਇਨਸਾਨਾਂ ਨਾਲ ਹਰ ਕੋਈ ਆਪਣਾ ਰਿਸ਼ਤਾ ਬਣਾਉਣਾ ਚਾਹੁੰਦਾ ਹੈ।ਬੁੱਲਾਂ ਦੇ ਆਈ ਮੁਸਕੁਰਾਹਟ ਕਈ ਵਾਰੀ ਤੁਹਾਡੇ ਵਿਰੋਧੀ ਨੂੰ ਤੁਹਾਡੇ ਹੱਕ ਵਿਚ ਕਰ ਦਿੰਦੀ ਹੈ।
ਜੇ ਤੁਸੀਂ ਕਿਸੇ ਦੀਆਂ ਅੱਖਾਂ ਵਿਚ ਦਰਦ ਦੇਖੋ ਤਾਂ ਉਸ ਦੇ ਹੰਝੂ ਵੰਡਾਓ ਅਤੇ ਜੇਕਰ ਤੁਸੀਂ ਖੁਸ਼ੀਆਂ ਵੇਖੋ ਤਾਂ ਉਸ ਨਾਲ ਉਸ ਦੀ ਮੁਸਕੁਰਾਹਟ ਵੰਡਾਓ। ਮੁਸਕੁਰਾਹਟ ਇਕ ਅਜਿਹੀ ਦਵਾ ਹੈ, ਜੋ ਤੁਹਾਡੀ ਸਿਹਤ ਦੇ ਨਾਲ ਨਾਲ ਤੁਹਾਡੇ ਸੁਭਾਅ ਨੂੰ ਵੀ ਸੁਧਾਰਦੀ ਹੈ। ਇਕ ਮੁਸਕੁਰਾਹਟ ਹੀ ਤੁਹਾਡੀ ਉਮਰ ਨੂੰ ਵਧਾਉਂਦੀ ਹੈ ਅਤੇ ਤੁਹਾਡੀ ਜਿੰਦਗੀ ਨੂੰ ਤਨਾਅ ਮੁਕਤ ਕਰਦੀ ਹੈ। ਸਿਆਣੇ ਡਾਕਟਰ ਵੀ ਅਕਸਰ ਸਾਨੂੰ ਦਵਾਈ ਦੇਣ ਦੇ ਨਾਲ-ਨਾਲ ਖੁਸ਼ ਅਤੇ ਮੁਸਕੁਰਾਉਂਦੇ ਰਹਿਣ ਦੀ ਸਲਾਹ ਦਿੰਦੇ ਹਨ। ਕਈ ਵਾਰੀ ਮਰੀਜ ਨੂੰ ਡਾਕਟਰ ਵੱਲੋਂ ਮੁਸਕੁਰਾ ਕੇ ਦਿੱਤਾ ਗਿਆ ਹੌਂਸਲਾ ਉਸ ਉੱਪਰ ਦਵਾ ਵਾਂਗ ਕੰਮ ਕਰਦਾ ਹੈ। ਮੁਸਕੁਰਾਉਣ ਦੇ ਨਾਲ Endoform ਹਾਰਮੋਨ ਪੈਦਾ ਹੁੰਦੇ ਹਨ, ਜੋ ਸਾਡੀ ਜਿੰਦਗੀ 'ਚੋਂ ਤਨਾਅ ਨੂੰ ਦੂਰ ਕਰਨ ਵਿਚ ਸਹਾਈ ਹੁੰਦੇ ਹਨ। ਤੁਹਾਡੇ ਬੁੱਲ੍ਹਾਂ ਦੀ ਮੁਸਕੁਰਾਹਟ ਤੁਹਾਡੇ ਅੰਦਰ ਦੀਆਂ ਭਾਵਨਾਵਾਂ ਨੂੰ ਦੂਸਰਿਆਂ ਤੱਕ ਵਿਅਕਤ ਕਰਦੀ ਹੈ।
ਅੱਜ ਕੱਲ੍ਹ ਹਰ ਪਾਸੇ ਗਲੈਮਰ ਦਾ ਬੋਲਬਾਲਾ ਹੈ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੁੰਦਰਤਾ ਮੁਕਾਬਲੇ ਵਿਚ ਸੁੰਦਰੀਆਂ ਆਪਣੀ ਮੁਸਕੁਰਾਹਟ ਦਾ ਜਾਦੂ ਖਿਲਾਰਦੀਆਂ ਅਕਸਰ ਨਜ਼ਰ ਆ ਜਾਂਦੀਆਂ ਹਨ। ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ''ਮਧੂਬਾਲਾ'' ਦੀ ਮੁਸਕੁਰਾਹਟ ਨੂੰ ਅੱਜ ਤੱਕ ਅਸੀਂ ਭੁਲਾ ਨਹੀਂ ਸਕੇ। ਇਕ ਮੁਸਕੁਰਾਉਂਦਾ ਚਿਹਰਾ ਵਹਿੰਦੇ ਹੋਏ ਪਾਣੇ ਦੇ ਝਰਨੇ ਵਾਂਗ ਹੈ, ਜਿਸ ਨਾਲ ਤੁਹਾਡੇ ਆਸ-ਪਾਸ ਦਾ ਵਾਤਾਵਰਨ ਮੁਸਕੁਰਾਉਂਦਾ ਹੋਇਆ ਨਜ਼ਰ ਆਵੇਗਾ।
ਹਮੇਸ਼ਾਂ ਖੁਸ਼ ਰਹਿਣ ਅਤੇ ਮੁਸਕੁਰਾਹਟਾਂ ਵੰਡਣ ਦੀ ਕੋਸ਼ਿਸ਼ ਕਰੋ। ਇਕ ਮੁਸਕਾਨ ਹੀ ਐਸਾ ਗਹਿਣਾ ਹੈ, ਜਿਸ ਨੂੰ ਤੁਸੀਂ ਪਹਿਨੋਗੇ ਤਾਂ ਤੁਹਾਡੇ ਚੰਗੇ ਦੋਸਤ ਬਣਨਗੇ। ਹਮੇਸ਼ਾਂ ਮੁਸਕੁਰਾਉਂਦੇ ਰਹੋ, ਕਿਉਂਕਿ ਤੁਸੀਂ ਇਸ ਗੱਲ ਤੋਂ ਹਮੇਸ਼ਾਂ ਅਨਜਾਣ ਹੋ ਕਿ ਕੋਈ ਤੁਹਾਨੂੰ ਦੇਖ ਰਿਹਾ ਹੈ ਅਤੇ ਇਹ ਯਾਦ ਰੱਖੋ ਕਿ ਮੁਸਕਰਾਉਣਾ ਵੀ ਇਕ ਅਦਾ ਹੈ, ਜਿਸ ਦੀ ਵਰਤੋਂ ਕਰਕੇ ਅਸੀਂ ਲੋਕਾਂ ਦੇ ਦਿਲਾਂ 'ਤੇ ਰਾਜ ਕਰ ਸਕਦੇ ਹਾਂ।
-ਕੰਵਲਜੀਤ ਕੌਰ ਢਿੱਲੋਂ
ਤਰਨ ਤਾਰਨ
ਸੰਪਰਕ 9478793231
Email kanwaldhillon16@gmail.com
04 Oct. 2018