Kuldip Chand

ਬਾਬੂ ਮੰਗੂ ਰਾਮ ਮੂਗੋਵਾਲੀਆ : ਗਦਰ ਤੋਂ ਆਦਿ ਧਰਮ ਤੱਕ - ਕੁਲਦੀਪ ਚੰਦ

ਹਿੰਦੋਸਤਾਨ ਲੰਮਾ ਸਮਾਂ ਗੁਲਾਮ ਰਿਹਾ ਹੈ। ਇਸ ਮੁਲਕ ਦੀ ਸਮਾਜਿਕ ਬਣਤਰ ਕਾਰਨ ਸਮਾਜ ਦੇ ਕੁੱਝ ਵਰਗਾਂ, ਵਿਸ਼ੇਸ਼ ਤੌਰ 'ਤੇ ਸ਼ੂਦਰਾਂ ਨੂੰ ਵਿਦੇਸ਼ੀ ਸ਼ਾਸਕਾਂ ਤੋਂ ਇਲਾਵਾ ਆਪਣੇ ਲੋਕਾਂ ਦੀ ਗੁਲਾਮੀ ਦਾ ਵੀ ਸ਼ਿਕਾਰ ਹੋਣਾ ਪਿਆ ਹੈ। ਭਾਰਤੀ ਸਮਾਜ ਵਿਚ ਫੈਲੀ ਜਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨ ਅਤੇ ਸਭ ਮੁਲਕ ਵਾਸੀਆਂ ਨੂੰ ਬਰਾਬਰ ਦਾ ਦਰਜਾ ਦੇਣ ਲਈ ਸਮੇਂ ਸਮੇਂ ਵੱਖ ਵੱਖ ਸਮਾਜ ਸੁਧਰਾਕਾਂ ਨੇ ਅੰਦੋਲਨ ਚਲਾਏ। ਇਨ੍ਹਾਂ ਵਿਚ ਇਕ ਨਾਮ ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਹੈ ਜਿਨ੍ਹਾਂ ਨੇ ਸੰਘਰਸ਼ ਕੀਤਾ ਅਤੇ ਲਿਤਾੜੇ ਵਰਗਾਂ ਦੇ ਵਿਕਾਸ ਲਈ ਕੰਮ ਕੀਤਾ।
      ਬਾਬੂ ਮੰਗੂ ਰਾਮ ਮੂਗੋਵਾਲੀਆ ਦਾ ਜਨਮ 14 ਜਨਵਰੀ 1886 ਨੂੰ ਪਿੰਡ ਮੂਗੋਵਾਲ ਤਹਿਸੀਲ ਮਾਹਿਲਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਇਕ ਅਛੂਤ ਪਰਿਵਾਰ ਵਿਚ ਹੋਇਆ। ਬਾਬੂ ਜੀ ਦੇ ਮਾਤਾ ਦਾ ਨਾਮ ਅਤਰੀ ਅਤੇ ਪਿਤਾ ਜੀ ਦਾ ਨਾਮ ਹਰਨਾਮ ਦਾਸ ਸੀ। ਉਨ੍ਹਾਂ ਦਾ ਪਰਿਵਾਰ ਚਮੜੇ ਦੇ ਧੰਦੇ ਨਾਲ ਜੁੜਿਆ ਹੋਇਆ ਸੀ। ਉਨ੍ਹਾਂ ਦੀ ਉਮਰ ਤਕਰੀਬਨ ਤਿੰਨ ਸਾਲ ਦੀ ਸੀ ਜਦੋਂ ਉਨ੍ਹਾਂ ਦੀ ਮਾਤਾ ਦੀ ਮੌਤ ਹੋ ਗਈ। ਬਾਬੂ ਜੀ ਨੇ ਜਾਤ ਆਧਾਰਿਤ ਵਿਤਕਰੇ ਨੂੰ ਆਪਣੀ ਅੱਖੀਂ ਦੇਖਿਆ ਅਤੇ ਪਿੰਡੇ ਉੱਤੇ ਹੰਢਾਇਆ। ਉਨ੍ਹਾਂ ਨੇ ਪੰਜਾਬੀ ਦੀ ਸਿੱਖਿਆ ਆਪਣੇ ਪਿੰਡ ਵਿਚ ਹੀ ਇਕ ਡੇਰੇ ਦੇ ਸਾਧੂ ਤੋਂ ਪ੍ਰਾਪਤ ਕੀਤੀ, ਉਹ ਬਾਅਦ ਵਿਚ ਬਜਵਾੜਾ ਸਕੂਲ ਤੇ ਦੇਹਰਾਦੂਨ ਵਿਚ ਪੜ੍ਹੇ ਅਤੇ ਅੰਗਰੇਜ਼ੀ ਵਿਚ ਗਿਆਨ ਹਾਸਲ ਕੀਤਾ। ਬਾਬੂ ਜੀ ਬਹੁਤੇ ਸਕੂਲਾਂ ਵਿਚ ਦਾਖਲ ਹੋਣ ਵਾਲੇ ਪਹਿਲੇ ਦਲਿਤ ਵਿਦਿਆਰਥੀ ਸਨ ਅਤੇ ਉਨ੍ਹਾਂ ਨੂੰ ਕਈ ਵਾਰ ਕਲਾਸ ਦੇ ਕਮਰੇ ਤੋਂ ਬਾਹਰ ਬੈਠ ਕੇ ਹੀ ਪੜ੍ਹਨਾ ਪੈਂਦਾ ਸੀ। ਇਕ ਦਿਨ ਜਦੋਂ ਭਾਰੀ ਮੀਂਹ ਪੈਣ ਕਾਰਨ ਬਾਬੂ ਜੀ ਕਲਾਸ ਅੰਦਰ ਚਲੇ ਗਏ ਤਾਂ ਸਕੂਲ ਵਿਚ ਹਾਜ਼ਰ ਉੱਚ ਜਾਤ ਅਧਿਆਪਕ ਨੇ ਉਨ੍ਹਾਂ ਦੀ ਬੇਰਹਿਮੀ ਨਾਲ ਕੁਟਾਈ ਕੀਤੇ ਅਤੇ ਕਲਾਸ ਦਾ ਸਾਰਾ ਫਰਨੀਚਰ ਬਾਹਰ ਸੁਟਵਾ ਦਿਤਾ।
       ਬਾਬੂ ਜੀ 1909 ਵਿਚ ਅਮਰੀਕਾ ਚਲੇ ਗਏ। ਇੱਥੇ ਉਨ੍ਹਾਂ ਨੇ ਕੁੱਝ ਸਾਲ ਪਿੰਡ ਦੇ ਹੀ ਜ਼ਿਮੀਂਦਾਰਾਂ ਕੋਲ ਖੇਤਾਂ ਵਿਚ ਹੀ ਕੰਮ ਕੀਤਾ ਪਰ ਇੱਥੇ ਵੀ ਜਾਤ ਆਧਾਰਿਤ ਵਿਤਕਰੇ ਦਾ ਹੀ ਸਾਹਮਣਾ ਕਰਨਾ ਪਿਆ। ਇਸ ਦੌਰਾਨ ਗਦਰ ਲਹਿਰ ਦੇ ਆਗੂਆਂ ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ ਅਤੇ ਹੋਰ ਆਗੂਆਂ ਦੇ ਸੰਪਰਕ ਵਿਚ ਆ ਗਏ ਅਤੇ ਗਦਰ ਲਹਿਰ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਗਦਰ ਲਹਿਰ ਵਲੋਂ ਇਕ ਖਾਸ ਮਿਸ਼ਨ ਉਲੀਕਿਆ ਗਿਆ ਜਿਸ ਵਿਚ ਆਜ਼ਾਦੀ ਦੀ ਲੜਾਈ ਲਈ ਹਥਿਆਰਾਂ ਦਾ ਇਕ ਜਹਾਜ਼ ਸਮੁੰਦਰ ਰਸਤੇ ਭਾਰਤ ਲਿਜਾਉਣਾ ਸੀ। ਇਸ ਕਾਰਜ ਦੀ ਜ਼ਿੰਮੇਵਾਰੀ ਬਾਬੂ ਜੀ ਨੂੰ ਦਿੱਤੀ ਗਈ ਪਰ ਇਸ ਦੀ ਖਬਰ ਪਹਿਲਾਂ ਹੀ ਬਰਤਾਨੀਆ ਸਰਕਾਰ ਨੂੰ ਲੱਗ ਗਈ ਅਤੇ ਇਸ ਦੀ ਜਾਸੂਸੀ ਸ਼ੁਰੂ ਕਰ ਦਿਤੀ ਗਈ। ਇਹ ਮਿਸ਼ਨ ਜੋ 1915 ਵਿਚ ਚੱਲਿਆ ਅਤੇ ਜਿਸ ਨੂੰ ਗਦਰ ਲਹਿਰ ਦੇ ਪੰਜ ਆਗੂ ਲੈ ਕੇ ਆ ਰਹੇ ਸਨ, ਬਰਤਾਨੀਆ ਸਰਕਾਰ ਨੇ ਸਮੁੰਦਰ ਵਿਚ ਤੋਪਾਂ ਨਾਲ ਉਡਾ ਦਿਤਾ। ਬਾਬੂ ਜੀ ਕਿਸੇ ਤਰੀਕੇ ਨਾਲ ਬਚ ਗਏ ਅਤੇ ਇਸ ਤੋਂ ਬਾਅਦ ਫਿਲਪੀਨਜ਼, ਸ੍ਰੀਲੰਕਾ ਹੁੰਦੇ ਹੋਏ ਆਖਰ ਸੋਲਾਂ ਸਾਲ ਬਾਅਦ 1925 ਵਿਚ ਹਿੰਦੋਸਤਾਨ ਆਣ ਪਹੁੰਚੇ।
       ਇਸ ਦੌਰਾਨ ਬਾਬੂ ਜੀ ਦੀ ਕੋਈ ਵੀ ਖਬਰਸਾਰ ਨਾ ਮਿਲਣ ਕਾਰਨ ਪਰਿਵਾਰ ਨੇ ਬਾਬੂ ਜੀ ਨੂੰ ਮਰਿਆ ਮੰਨ ਕੇ ਉਨ੍ਹਾਂ ਦੀ ਪਤਨੀ ਨੂੰ ਦੂਜੇ ਭਰਾ ਨਾਲ ਵਿਆਹ ਦਿਤਾ ਸੀ। ਬਾਬੂ ਜੀ ਨੇ ਪੰਜਾਬ ਵਿਚ ਆ ਕੇ ਵੇਖਿਆ ਕਿ ਬੇਸ਼ੱਕ ਮੁਲਕ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਲਈ ਲੜਾਈ ਲੜੀ ਜਾ ਰਹੀ ਹੈ ਪਰ ਸਦੀਆਂ ਤੋਂ ਗੁਲਾਮ ਅਛੂਤਾਂ ਦੇ ਵਿਕਾਸ ਅਤੇ ਆਜ਼ਾਦੀ ਲਈ ਕੋਈ ਕੁਝ ਵੀ ਨਹੀਂ ਕਰ ਰਿਹਾ ਹੈ। ਉਸ ਸਮੇਂ ਦਲਿਤਾਂ ਦੀ ਕੋਈ ਵੀ ਆਪਣੀ ਪਛਾਣ ਨਹੀਂ ਸੀ। 1925 ਦੇ ਅੰਤ ਵਿਚ ਬਾਬੂ ਜੀ ਨੇ ਪਿੰਡ ਵਿਚ ਲਿਤਾੜੇ ਵਰਗ ਦੇ ਇਨ੍ਹਾਂ ਬੱਚਿਆਂ ਨੂੰ ਸਿੱਖਿਆ ਦੇਣ ਲਈ ਪਹਿਲਾ ਆਦਿ ਧਰਮ ਪ੍ਰਾਇਮਰੀ ਸਕੂਲ ਖੋਲ੍ਹਿਆ ਅਤੇ ਬੱਚਿਆਂ ਨੂੰ ਪੜ੍ਹਾਉਣਾ ਸ਼ੁਰੂ ਕਰ ਦਿਤਾ। 11-12 ਜੂਨ 1926 ਨੂੰ ਇਸ ਸਕੂਲ ਵਿਚ ਅਛੂਤਾਂ ਦੀ ਮੀਟਿੰਗ ਬੁਲਾਈ ਗਈ ਜਿਸ ਵਿਚ ਆਦਿ ਧਰਮ ਮੁਹਿੰਮ ਚਲਾਉਣ ਦਾ ਫੈਸਲਾ ਕੀਤਾ ਗਿਆ। ਇਸ ਤੋਂ ਬਾਅਦ ਆਦਿ ਧਰਮ ਮੰਡਲ ਦੀ ਸਥਾਪਨਾ ਕੀਤੀ ਗਈ ਜਿਸ ਵਿਚ ਦਲਿਤ ਵਰਗ ਦੀਆਂ ਤਕਰੀਬਨ 36 ਜਾਤਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ। ਇਸ ਲਹਿਰ ਦਾ ਪਹਿਲਾ ਪ੍ਰਧਾਨ ਬਾਬੂ ਮੰਗੂ ਰਾਮ ਨੂੰ ਬਣਾਇਆ ਗਿਆ ਅਤੇ ਪ੍ਰਬੰਧਕ ਕਮੇਟੀ ਮੈਂਬਰਾਂ ਹਜ਼ਾਰਾ ਰਾਮ ਪਿਪਲਾਂਵਾਲਾ, ਪੰਡਤ ਹਰੀਰਾਮ, ਸੰਤ ਰਾਮ, ਰਾਮ ਚੰਦ, ਹਰਦਿੱਤ ਮੱਲ, ਰੇਸ਼ਮ ਲਾਲ ਬਾਲਮੀਕਿ, ਬਿਹਾਰੀ ਲਾਲ, ਰਾਮ ਸਿੰਘ, ਚਮਨ ਰਾਮ ਆਦਿ ਦੀ ਚੋਣ ਕੀਤੀ ਗਈ।
      ਨਵੰਬਰ 1926 ਵਿਚ ਜਲੰਧਰ ਵਿਚ ਆਦਿ ਧਰਮ ਸੰਗਠਨ ਦਾ ਪਹਿਲਾ ਦਫਤਰ ਖੋਲ੍ਹਿਆ ਗਿਆ ਅਤੇ ਬਾਬੂ ਜੀ ਜਲੰਧਰ ਰਹਿਣ ਲੱਗ ਪਏ ਜਿੱਥੇ ਉਹ 1940 ਤੱਕ ਰਹੇ ਅਤੇ ਆਦਿ ਧਰਮ ਮਿਸ਼ਨ ਅਤੇ ਅਛੂਤਾਂ ਦੀ ਭਲਾਈ ਲਈ ਕੰਮ ਕੀਤਾ। ਇਸ ਦੌਰਾਨ ਬਰਤਾਨੀਆ ਸਰਕਾਰ ਨੇ ਭਾਰਤ ਵਿਚ ਲੋਕਾਂ, ਵਿਸ਼ੇਸ਼ ਤੌਰ 'ਤੇ ਦਲਿਤਾਂ ਦੇ ਹਾਲਾਤ ਦਾ ਜਾਇਜ਼ਾ ਲੈਣ ਲਈ ਸਰ ਜੌਹਨ ਸਾਇਮਨ ਦੀ ਅਗਵਾਈ ਵਿਚ ਕਮਿਸ਼ਨ ਨਿਯੁਕਤ ਕੀਤਾ ਜਿਸ ਨੂੰ ਸਾਇਮਨ ਕਮਿਸ਼ਨ ਕਿਹਾ ਜਾਂਦਾ ਹੈ। ਭਾਰਤ ਵਿਚ ਕਈ ਕਾਂਗਰਸੀ ਆਗੂਆਂ ਨੇ ਇਸ ਕਮਿਸ਼ਨ ਦਾ ਵਿਰੋਧ ਕੀਤਾ। ਬਾਬੂ ਮੰਗੂ ਰਾਮ ਨੇ ਸਾਇਮਨ ਕਮਿਸ਼ਨ ਅੱਗੇ ਅਪਣਾ ਪੱਖ ਪੇਸ਼ ਕਰਦਿਆਂ ਕਿਹਾ : ਅਸੀਂ ਨਾ ਹਿੰਦੂ, ਨਾ ਮੁਸਲਿਮ, ਨਾ ਸਿੱਖ ਅਤੇ ਨਾ ਹੀ ਈਸਾਈ ਹਾਂ। ਉਨ੍ਹਾਂ ਸਬੂਤਾਂ ਸਮੇਤ ਦੱਸਿਆ ਕਿ ਉਹ ਆਦਿ ਧਰਮੀ ਹਨ ਜੋ ਕਿਸੇ ਵੇਲੇ ਇਸ ਮੁਲਕ ਦੇ ਸ਼ਾਸਕ ਰਹੇ ਹਨ। ਅੰਤ ਲੰਮੇ ਸੰਘਰਸ਼ ਅਤੇ ਬਹਿਸ ਤੋਂ ਬਾਅਦ ਦਲਿਤਾਂ ਨੂੰ ਆਦਿ ਧਰਮ ਦਾ ਨਾਮ ਮਿਲਿਆ। ਇਸ ਦੌਰਾਨ ਹੀ ਦਲਿਤਾਂ ਨੂੰ ਪੜ੍ਹਨ, ਜਾਇਦਾਦ ਖਰੀਦਣ ਅਤੇ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ।
      ਬਾਬੂ ਮੰਗੂ ਰਾਮ ਦੇ ਸੰਘਰਸ਼ ਤੋਂ ਬਾਅਦ 1931 ਵਿਚ ਹਿੰਦੋਸਤਾਨ ਅੰਦਰ ਹੋਈ ਮਰਦਮਸ਼ੁਮਾਰੀ ਦੌਰਾਨ ਪਹਿਲੀ ਵਾਰ ਆਦਿ ਧਰਮ ਨੂੰ ਜੋੜਿਆ ਗਿਆ। ਉਸ ਵੇਲੇ ਪੰਜਾਬ ਵਿਚ ਤਕਰੀਬਨ ਸਵਾ ਚਾਰ ਲੱਖ (418,789) ਲੋਕਾਂ ਜੋ ਕੁੱਲ ਅਬਾਦੀ ਦਾ ਤਕਰੀਬਨ 1.5 ਫੀਸਦੀ ਸਨ, ਨੇ ਆਪਣਾ ਧਰਮ ਆਦਿ ਧਰਮ ਲਿਖਾਇਆ ਸੀ। ਉਸ ਵੇਲੇ ਗ੍ਰੇਟਰ ਪੰਜਾਬ ਦੀ ਕੁੱਲ ਅਬਾਦੀ ਤਕਰੀਬਨ 284,91,000 ਸੀ। 1930-31-32 ਵਿਚ ਲੰਡਨ ਵਿਚ ਹੋਈਆ ਗੋਲਮੇਜ਼ ਕਾਨਫਰੰਸਾਂ ਵਿਚ ਇਹ ਸਾਬਤ ਕਰਨ ਲਈ ਕਿ ਭਾਰਤੀ ਦਲਿਤਾਂ ਦੇ ਅਸਲੀ ਆਗੂ ਡਾਕਟਰ ਭੀਮ ਰਾਓ ਅੰਬੇਡਕਰ ਹਨ, ਬਾਬੂ ਮੰਗੂ ਰਾਮ ਨੇ ਪੰਜਾਬ ਅਤੇ ਹੋਰ ਸੂਬਿਆਂ ਤੋਂ ਦਲਿਤ ਆਗੂਆਂ ਤੋਂ ਪੱਤਰ ਅਤੇ ਤਾਰਾਂ ਭੇਜੀਆਂ। ਇਨ੍ਹਾਂ ਗੋਲਮੇਜ਼ ਕਾਨਫਰੰਸਾਂ ਤੋਂ ਬਾਅਦ ਬਰਤਾਨੀਆ ਸਰਕਾਰ ਨੇ ਦਲਿਤਾਂ ਲਈ ਅਲੱਗ ਚੋਣ ਵਿਵਸਥਾ ਦੀ ਮਨਜ਼ੂਰੀ ਦੇ ਦਿਤੀ ਜਿਸ ਨੂੰ ਕਮਿਊਨਲ ਐਵਾਰਡ ਦਾ ਨਾਮ ਦਿਤਾ ਗਿਆ। ਇਸ ਕਮਿਊਨਲ ਐਵਾਰਡ ਦੇ ਵਿਰੋਧ ਵਿਚ ਕਾਂਗਰਸੀ ਆਗੂ ਮਹਾਤਮਾ ਗਾਂਧੀ ਜਿਸ ਨੇ ਪਹਿਲਾਂ ਗੋਲਮੇਜ਼ ਕਾਨਫਰੰਸ ਵਿਚ ਵੀ ਡਾਕਟਰ ਅੰਬੇਡਕਰ ਦੇ ਦਾਖਲੇ ਦਾ ਵਿਰੋਧ ਕੀਤਾ ਸੀ, ਨੇ ਯੇਰਵੜਾ ਜੇਲ੍ਹ ਵਿਚ 20 ਸਤੰਬਰ 1932 ਨੂੰ ਮਰਨ ਵਰਤ ਰੱਖ ਲਿਆ। ਗਾਂਧੀ ਦੇ ਵਿਰੋਧ ਵਿਚ ਆਦਿ ਧਰਮ ਆਗੂਆਂ ਨੇ ਵੀ ਮਰਨ ਵਰਤ ਰੱਖ ਲਿਆ।
        24 ਸਤੰਬਰ 1932 ਨੂੰ ਡਾਕਟਰ ਅੰਬੇਡਕਰ ਅਤੇ ਮਹਾਤਮਾ ਗਾਂਧੀ ਵਿਚਕਾਰ ਸਮਝੌਤਾ ਹੋਇਆ ਜਿਸ ਨੂੰ ਪੂਨਾ ਪੈਕਟ ਕਿਹਾ ਜਾਂਦਾ ਹੈ। ਇਸ ਸਮਝੌਤੇ ਵਿਚ ਦਲਿਤਾਂ ਨੂੰ ਵੱਖਰੀ ਚੋਣ ਵਿਵਸਥਾ ਦੀ ਥਾਂ ਕੁੱਝ ਸੀਟਾਂ ਦਾ ਰਾਖਵਾਂਕਰਨ ਦਿੱਤਾ ਗਿਆ ਜਿਸ ਅਨੁਸਾਰ ਹਿੰਦੋਸਤਾਨ ਦੀਆਂ ਵੱਖ ਵੱਖ ਵਿਧਾਨ ਸਭਾਵਾਂ ਲਈ ਕੁੱਲ 148 ਸੀਟਾਂ ਦਲਿਤਾਂ ਲਈ ਰਾਖਵੀਆਂ ਰੱਖੀਆਂ ਗਈਆਂ। ਇਨ੍ਹਾਂ ਵਿਚ ਉਸ ਵੇਲੇ ਪੰਜਾਬ ਦੀਆਂ 8 ਸੀਟਾਂ ਸਨ। 1937 ਵਿਚ ਪੰਜਾਬ ਵਿਚ ਹੋਈਆ ਚੋਣਾਂ ਵਿਚ ਆਦਿ ਧਰਮ ਮੰਡਲ ਨੇ ਬਾਬੂ ਮੰਗੂ ਰਾਮ ਮੂਗੋਵਾਲੀਆ ਦੀ ਅਗਵਾਈ ਵਿਚ ਰਾਖਵੀਆਂ 8 ਸੀਟਾਂ ਵਿਚੋਂ 7 ਉੱਤੇ ਜਿੱਤ ਹਾਸਲ ਕੀਤੀ। 1946 ਵਿਚ ਬਾਬੂ ਮੰਗੂ ਰਾਮ ਆਪ ਵੀ ਵਿਧਾਇਕ ਬਣੇ।
        ਆਜ਼ਾਦ ਭਾਰਤ ਵਿਚ ਵੀ ਬਾਬੂ ਮੰਗੂ ਰਾਮ ਨੇ ਆਦਿ ਧਰਮ ਲਹਿਰ ਚਲਾਉਣ ਲਈ ਲਗਾਤਾਰ ਸੰਘਰਸ਼ ਕੀਤਾ। ਅੰਤ 22 ਅਪਰੈਲ 1980 ਨੂੰ ਗਦਰ ਲਹਿਰ ਅਤੇ ਆਦਿ ਧਰਮ ਅੰਦੋਲਨ ਦਾ ਇਹ ਦਲਿਤ ਆਗੂ ਸਦੀਵੀ ਵਿਛੋੜਾ ਦੇ ਗਿਆ। ਸਰਕਾਰਾਂ ਨੇ ਹੋਰ ਕਈ ਆਜ਼ਾਦੀ ਘੁਲਾਟੀਆਂ ਵਾਂਗ ਇਸ ਆਗੂ ਨੂੰ ਵੀ ਭੁਲਾ ਦਿਤਾ ਹੈ। ਮੁਲਕ ਦੀ ਆਜ਼ਾਦੀ ਲਈ ਕੀਤੇ ਸੰਘਰਸ਼ ਅਤੇ ਸਦੀਆਂ ਤੋਂ ਲਿਤਾੜੇ ਵਰਗਾਂ ਦੀ ਭਲਾਈ ਲਈ ਚੁੱਕੇ ਗਏ ਕਦਮਾਂ ਕਾਰਨ ਬਾਬੂ ਮੰਗੂ ਰਾਮ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਸੰਪਰਕ : 94175-63054

14 Dec. 2019