Kulwant-Kahlon-Kelly

ਦਿਲ ਦਾ ਹਾਲ ਸੁਣਾ ਦੇਵਾਂ - ਕੁਲਵੰਤ ਕਾਹਲੋਂ (ਕੈਲੀ)

ਦਿਲ ਦਾ ਹਾਲ ਸੁਣਾ ਦੇਵਾਂ
ਦੇਵੇਂ ਜੇ ਕਰ ਇਜਾਜ਼ਤ,
ਬਚਪਨ ਮੌਜਾਂ ਭਰਿਆ ਸੀ
ਜੋਬਨ ਰੰਗਾਂ ਚ ਬੇਹਿਸਾਬਕ।
ਵਿਰਸੇ ਦੇ ਵਿੱਚ ਮਿਲੀ ਗ਼ੈਰਤ
ਵੱਡ-ਵਡੇਰਿਆਂ ਦੇ ਬਾਬਤ,
ਵਿੱਚ ਪਰਦੇਸਾਂ ਬੇਬੱਸ ਹੋਏ
ਸਕੇ ਨਾਂ ਕਰ ਕੁਝ ਸਾਬਤ।
ਮਾਣ ਨਾਲ ਸਿਰ ਉੱਚਾ ਹੋਇਆ
ਪੜ੍ਹ ਪੰਜਾਬੀਆਂ ਦੀ ਸ਼ਹਾਦਤ,
ਵਿਯੋਗ ਚ ਮਾਲਾ-ਮਾਲ ਹੋਕੇ
ਲੱਗ ਪਏ ਕਰਨ ਇਬਾਦਤ।
ਲਿਖਣ ਲੱਗੇ ਜਜ਼ਬਾਤ ਜਦੋਂ
ਫੜ੍ਹ ਲਈ ਕਲਮ ਤੇ ਕਾਗ਼ਜ਼,
ਆਖਿਰ ਇਸ਼ਕ ਹਕੀਕੀ ਚੜਿਆ
ਲ਼ਿਖਦਉ ‘ਕੁਲਵੰਤ’ਕਿਤਾਬਤ।
ਕੁਲਵੰਤ ਕਾਹਲੋਂ (ਕੈਲੀ)

‘ਰੱਬ ਜਿਨਾਂਦੜੇ ਵੱਲ’ - ਕੁਲਵੰਤ ਕਾਹਲੋਂ (ਕੈਲੀ) ਬਰਲਿਨ

ਤੱਤੀ ਵਾਅ ਨੀ ਲਗਦੀ
ਠੰਡ ਵਰਤੇ ਹਰ ਪਲ,
ਜਿੱਤਣ ਬਾਜ਼ੀ ਇਸ਼ਕ ਦੀ
ਅੱਜ ਜਿੱਤਣ ਭਾਵੇਂ ਕਲ,
ਰੱਬ ਜਿਨਾਂਦੜੇ ਵੱਲ
‘ਵੇ ਝੱਲਿਆ’ਰੱਬ ਜਿਨਾਂਦੜੇ ਵੱਲ।

ਲੱਥੇ ਮੈਲ ਜਨਮਾਂਦੜੀ
ਭਾਵੇਂ ਧੋਵਣ ਮਿੱਟੀ ਮੱਲ,
ਫ਼ਕੀਰ ਬੈਠਾ ਬਿਨ ਕੰਬਲ਼ੀ
ਤਾਂ ਵੀ,ਚਹੁੰ ਪਾਸੀਂ ਗੱਲ,
ਰੱਬ ਜਿਨਾਂਦੜੇ ਵੱਲ
‘ਵੇ ਝੱਲਿਆ’ਰੱਬ ਜਿਨਾਂਦੜੇ ਵੱਲ।

ਫਿਰਦੇ ਪਾਪ ਕਮਾਂਵਦੇ
ਬੈਠੇ ਧੌਲਰ ਨੂੰ ਮੱਲ,
ਆਪ ਮੁਹਾਰੇ ‘ਉਸ’ਡਾਹਢੇ ਨੇ
ਪਾ ਦੇਣੀ ਏ ਠੱਲ੍ਹ।
ਰੱਬ ਜਿਨਾਂਦੜੇ ਵੱਲ
‘ਵੇ ਝੱਲਿਆ’ਰੱਬ ਜਿਨਾਂਦੜੇ ਵੱਲ।

ਤੈਥੋਂ ਉਹ ਵੀ ਹੋ ਜਾਵਣਾ
ਭੋਰਾ ਨੀ,ਜਿਸ ਦਾ ਵੱਲ,
ਬਖ਼ਸ਼ਣਹਾਰੇ ਬਖ਼ਸ਼ਿਆ
ਹਰ ਮੁਸ਼ਕਿਲ ਦਾ ਹੱਲ,
ਰੱਬ ਜਿਨਾਂਦੜੇ ਵੱਲ
‘ਵੇ ਝੱਲਿਆ’ਰੱਬ ਜਿਨਾਂਦੜੇ ਵੱਲ।

ਭੁੱਲਿਆ ਫਿਰੇ ਤੂੰ ਰੱਬ ਨੂੰ
ਤੇ ਫਿਰੇਂ ਖਿਲਾਰੀ ਝੱਲ,
‘ਕੁਲਵੰਤ’ਉਸ ਸਭ ਨੂੰ ਦੇਵਣਾਂ
ਕੀਤੇ ਕਰਮਾਂ ਦਾ ਫਲ,
ਰੱਬ ਜਿਨਾਂਦੜੇ ਵੱਲ
‘ਵੇ ਝੱਲਿਆ’ਰੱਬ ਜਿਨਾਂਦੜੇ ਵੱਲ।

ਕੁਲਵੰਤ ਕਾਹਲੋਂ (ਕੈਲੀ) ਬਰਲਿਨ
Kellysinghk@yahoo.com