25 ਸਾਲ ਲਗਾਤਾਰ ਜੇਲ੍ਹਾਂ ਵਿੱਚ ਗੁਜਾਰਨ ਮਗਰੋਂ ਆਪਣੇ ਸਪੁੱਤਰ ਦੇ ਅਨੰਦ ਕਾਰਜ ਮੌਕੇ ਪੈਰੋਲ ਤੇ ਪੁੱਜੇ ਵੀਰ ਦਇਆ ਸਿੰਘ ਨੂੰ ਵਧਾਈਆਂ
'' ਸੇਵਾ ਜਿੰਦੜੀਏ ਕੌਮ ਦੀ ਬੜੀ ਔਖੀ ਗੱਲਾਂ ਕਰਨੀਆਂ ਢੇਰ ਸੁਖੱਲੀਆਂ ਨੇ ,ਜਿਹਨਾਂ ਏਸ ਸੇਵਾ ਵਿੱਚ ਪੈਰ ਪਾਇਆ ਉਹਨਾਂ ਲੱਖਾਂ ਮੁਸੀਬਤਾਂ ਝੱਲੀਆਂ ਨੇ"
ਪਿੰਡ ਦੇ ਸਿਆਣੇ ਬਜੁਰਗਾਂ ਪਾਸੋਂ ਕਈ ਵਾਰ ਸੁਣਦੇ ਹੁੰਦੇ ਸੀ ਕਿ ਕੋਈ ਇਨਸਾਨ ਆਪਣੀ ਜਿੰਗਦੀ ਵਿੱਚ ਤਿੰਨ ਵਾਰ ਸਭ ਤੋਂ ਖੁਸ਼ੀ ਮਹਿਸੂਸ ਕਰਦਾ ਹੈ । ਪਹਿਲਾ ਜਿਸ ਦਿਨ ਉਸਦਾ ਆਪਣਾ ਵਿਆਹ ਹੋਵੇ,ਦੂਸਰਾ ਜਿਸ ਦਿਨ ਅਕਾਲ ਪੁਰਖ ਵਾਹਿਗੁਰੂ ਉਸ ਦੇ ਘਰ ਪੁੱਤਰ ਜਾਂ ਧੀ ਦੀ ਦਾਤ ਬਖਸ਼ਦਾ ਹੈ ਅਤੇ ਉਸ ਦੀ ਅਗਲੀ ਪੀੜ੍ਹੀ ਦਾ ਆਗਾਜ਼ ਹੁੰਦਾ ਹੈ ਅਤੇ ਤੀਜਾ ਖੁਸ਼ੀ ਵਾਲਾ ਉਹ ਦਿਨ ਦੱਸਿਆ ਕਰਦੇ ਸਨ ਜਿਸ ਦਿਨ ਉਸ ਦੇ ਪੁੱਤਰ ਜਾਂ ਧੀਅ ਦਾ ਵਿਆਹ ਹੁੰਦਾ ਹੈ ।ਅੱਜ 14 ਫਰਵਰੀ 2020 ਵਾਲਾ ਦਿਨ ਅਜਿਹਾ ਹੋ ਨਿੱਬੜਿਆ ਜਦੋਂ ਇੱਕ ਬਾਪ 25 ਸਾਲ ਪਹਿਲਾਂ ਆਪਣੇ ਪੰਜ ਸਾਲ ਦੇ ਪੁੱਤਰ ਤੋਂ ਅਲੱਗ ਹੋਇਆ । ਅਮਰੀਕਾ ਅਤੇ ਭਾਰਤ ਦੀਆਂ ਜੇਲ੍ਹਾਂ ਵਿੱਚ 25 ਸਾਲ ਗੁਜਾਰ ਦਿੱਤੇ । ਪੁੱਤਰ ਅਮਰੀਕਾ ਤੋਂ ਅਨੰਦ ਕਾਰਜ ਕਰਵਾਉਣ ਲਈ ਪੰਜਾਬ ਪਰਤਿਆ ਤਾਂ ਭਾਰਤ ਸਰਕਾਰ ਵਲੋਂ ੁੰਮਰ ਕੈਦ ਕੱਟ ਰਹੇ ਉਸ ਸਤਿਕਾਰਯੋਗ ਬਾਪ ਨੂੰ 20 ਦਿਨ ਦੀ ਪੈਰੋਲ ਦਿੱਤੀ ਗਈ ਕਿ ਉਸ ਆਪਣੇ ਪੁੱਤਰ ਦੇ ਅਨੰਦ ਕਾਰਜ ਵਿੱਚ ਸ਼ਾਮਲ ਹੋ ਸਕੇ । ਇਹ ਕੋਈ ਆਮ ਵਿਆਕਤੀ ਨਹੀਂ ਬਲਕਿ ਸਿੱਖਾਂ ਹੱਕਾਂ ,ਹਿੱਤ ਅਤੇ ਕੌਮੀ ਅਜਾਦੀ ਲਈ ਚੱਲ ਰਹੇ ਸੰਘਰਸ਼ ਦਾ ਨਾਇਕ ਅਤੇ ਸਾਡਾ ਬਹੁਤ ਹੀ ਪਿਆਰਾ ਹਮਸਫਰ ਵੀਰ ਭਾਈ ਦਇਆ ਸਿੰਘ ਉਰਫ ਲਾਹੌਰੀਆ ਹੈ । ਜਿਸ ਨੇ ਆਪਣੀ ਜਵਾਨੀ ਅਤੇ ਜਵਾਨੀ ਦੀ ਸਿਖਰ ਦੁਪਹਿਰ ਸਿੱਖ ਕੌਮ ਦੇ ਲੇਖੇ ਲਗਾ ਦਿੱਤੀ । ਅੱਜ ਦੀ ਘੜੀ ਤੱਕ ਵੱਖ ਵੱਖ ਸਮਿਆਂ ਦੌਰਾਨ ਤੀਹ ਸਾਲ ਤੋਂ ਜਿਆਦਾ ਵਕਤ ਜੇਲ੍ਹਾਂ ਵਿੱਚ ਗੁਜ਼ਾਰ ਚੁੱਕਾ ਹੈ ।ਸਭ ਤੋਂ ਪਹਿਲਾਂ ਉਸ ਯੋਧੇ ਬਹੁਤ ਹੀ ਪਿਆਰੇ ਵੀਰ ਭਾਈ ਦਇਆ ਸਿੰਘ ਲਾਹੌਰੀਆਂ ,ਭੈਣ ਕਮਲਜੀਤ ਕੌਰ ਨੂੰ ਕਾਕਾ ਸੁਰਿੰਦਰ ਸਿੰਘ ਸੰਧੂ ਦੇ ਅਨੰਦ ਕਾਰਜ ਦੀਆਂ ਤਹਿ ਦਿਲੋਂ ਮੁਬਾਰਕਾਂ ਦੇਈਏ ਅਤੇ ਅਰਦਾਸ ਕਰੀਏ ਕਿ ਵਾਹਿਗੁਰੂ ਕਾਕਾ ਸੁਰਿੰਦਰ ਸਿੰਘ ਸੰਧੂ ਅਤੇ ਬੱਚੀ ਸੁਖਵੀਰ ਕੌਰ ਦੀ ਸੁਭਾਗ ਜੋੜੀ ਨੂੰ ਪਰਸਪਰ ਪਿਆਰ,ਆਪਸੀ ਇਤਫਾਕ ,ਆਪਸੀ ਵਿਸ਼ਵਾਸ਼ ਅਤੇ ਗੁਰਸਿੱਖੀ ਜੀਵਨ ਦੀ ਦਾਤ ਬਖਸਣ ਅਤੇ ਭਾਈ ਦਇਆ ਸਿੰਘ ਲਾਹੌਰੀਆ ਨੂੰ ਜੇਲ੍ਹ ਤੋਂ ਪੱਕੀ ਰਿਹਾਈ ਬਖਸ਼ਣ ।
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਲੋਂ ਚਲਾਈ ਹੋਈ ਦਮਦਮੀ ਟਕਸਾਲ ਦੇ ਜਥੇਦਾਰ ਅਤੇ ਵੀਹਵੀਂ ਸਦੀ ਦੇ ਮਹਾਨ ਸ਼ਹੀਦ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਲੋਂ ਅਰੰਭੇ ਹੋਏ ਸੰਘਰਸ਼ ਵਿੱਚ ਯੋਗਦਾਨ ਪਾਉਣ ਵਾਲਿਆਂ ਦੀ ਕਤਾਰ ਬਹੁਤ ਲੰਬੀ ਹੈ ।ਹਜ਼ਾਰਾਂ ਸਿੱਖਾਂ ਨੇ ਇਸ ਸੰਘਰਸ਼ ਵਿੱਚ ਆਪਣੇ ਆਖਰੀ ਸੁਆਸ ਭੇਂਟ ਕਰ ਦਿੱਤੇ ,ਉੱਥੇ ਹਜ਼ਾਰਾਂ ਸਿੱਖਾਂ ਨੇ ਸੰਘਰਸ਼ ਲੜਦਿਆਂ ਪੁਲਿਸ ਦਾ ਅਕਿਹ ਅਤੇ ਅਸਿਹ ਤਸ਼ੱਦਦ ਝੱਲਿਆ,ਜੇਹਲਾਂ ਕੱਟੀਆਂ ਅਤੇ ਵਿਦੇਸ਼ਾਂ ਵਿੱਚ ਵਸਦੇ ਅਨੇਕਾਂ ਸਿੱਖ ਇਸ ਕਰਕੇ ਅੱਜ ਤਾਈਂ ਜਲਾਵਤਨੀ ਕੱਟ ਰਹੇ ਹਨ ਕਿ ਉਹਨਾਂ ਨੇ ਪੰਜਾਬ ਵਿੱਚ ਆਪਣੇ ਸਿੱਖ ਭਰਾਵਾਂ ਤੇ ਹੋ ਰਹੇ ਜ਼ੁਲਮ ਨੂੰ ਨਾ ਸਹਾਰਿਆ ਅਤੇ ਉਹਨਾਂ ਤੇ ਹੋ ਰਹੇ ਜ਼ੁਲਮਾਂ ਖਿਲਾਫ ਅਵਾਜ ਬੁਲੰਦ ਕੀਤੀ ,ਸ਼ਹੀਦ ਸਿੰਘਾਂ ਦੇ ਪਰਿਵਾਰਾਂ ਅਤੇ ਜੇਹਲਾਂ ਵਿੱਚ ਬੰਦ ਸਿੰਘਾਂ ਦੀ ਉਹਨਾਂ ਵਲੋਂ ਲਈ ਗਈ ਅਤੇ ਲਈ ਜਾ ਰਹੀ ਸਾਰ ਨੂੰ ਭਾਰਤ ਸਰਕਾਰ ਬਰਦਾਸ਼ਤ ਨਾ ਕਰ ਸਕੀ ।ਅੱਜ ਵੀ ਭਾਈ ਮੇਜਰ ਸਿੰਘ ਪਿਛਲੇ ਚੌਵੀ ਸਾਲ ਅਤੇ ਭਾਈ ਲਾਲ ਸਿੰਘ ਅਕਾਲਗੜ੍ਹ ਪਿਛਲੇ ਬਾਈ ਸਾਲ ਉਮਰ ਕੈਦ ਦੀ ਸਜਾ ਅਧੀਨ ਜੇਹਲਾਂ ਵਿੱਚ ਗੁਜ਼ਾਰ ਚੁੱਕੇ ਹਨ ।ਭਾਈ ਦਇਆ ਸਿੰਘ ਲਾਹੌਰੀਆ ਪਿਛਲੇ ਸਾਢੇ ਸਤਾਰਾਂ ਸਾਲ ਤੋਂ ਜੇਹਲਾਂ ਵਿੱਚ ਬੰਦ ਹੈ । ਭਾਈ ਦਇਆ ਸਿੰਘ ਲਾਹੌਰੀਆ ਦਾ ਜਨਮ ਸ੍ਰ, ਕਿਰਪਾਲ ਸਿਘ ਦੇ ਘਰੇ ਪਿੰਡ ਕਸਬਾ ਭਰਾਲ ਥਾਣਾ ਮਲੇਰਕੋਟਲਾ ਜਿਲ੍ਹਾ ਸੰਗਰੂਰ ਵਿਖੇ ਹੋਇਆ ।ਭਾਈ ਲਾਹੌਰੀਆ ਨੇ ਮੱਢਲੀ ਵਿਦਿਆ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ ਅਤੇ ਦਸਵੀਂ ਪਾਸ ਕਰਨ ਮਗਰੋਂ ਕਾਲਜ ਵਿੱਚ ਦਾਖਲਾ ਲੈ ਲਿਆ ।ਚਾਰ ਅਗਸਤ 1982 ਨੂੰ ਸ੍ਰਲ਼ੋਮਣੀ ਅਕਾਲੀ ਦਲ ਵਲੋਂ ਧਰਮ ਯੁੱਧ ਮੋਰਚਾ ਅਰੰਭ ਕੀਤਾ ਗਿਆ ।ਇਸ ਸਮੇਂ ਦੁਨੀਆਂ ਭਰ ਦੇ ਸਿੱਖਾਂ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਅਗੰਮੀ ਸਖਸ਼ੀਅਤ ,ਨਿਰਭੈ ਸਰੂਪ ,ਨਿਰਵੈਰ ਸੁਭਾਅ ਅਤੇ ਕੌਮ ਪ੍ਰਸਤੀ ਦੇ ਚਰਚੇ ਪੂਰੇ ਜੋਲ਼ਰਾਂ ਤੇ ਸਨ ਅਤੇ ਸੰਤ ਜੀ ਸਿੱਖ ਨੌਜਵਾਨਾਂ ਦੇ ਬਹੁਤ ਹੀ ਹਰਮਨ ਪਿਆਰੇ ਧਾਰਮਿਕ ਅਤੇ ਇਨਕਲਾਬੀ ਆਗੂ ਬਣ ਚੁੱਕੇ ਸਨ ।ਇੱਕ ਤਰਾਂ ਨਾਲ ਸੰਤ ਜੀ ਨੂੰ ਨੌਜਵਾਨ ਆਪਣੇ ਦਿਲਾਂ ਦੀ ਧੜਕਣ ਵਾਂਗ ਕਬੂਲ ਕਰ ਚੁੱਕੇ ਸਨ ਅਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ ਦਾ ਸੰਤਾਂ ਨਾਲ ਬਹੁਤ ਹੀ ਪਿਆਰ ਸੀ ।ਸੰਤਾਂ ਵਲੋਂ ਧਰਮ ਅਤੇ ਕੁਰਬਾਨੀ ਦੇ ਰੰਗ ਵਿੱਚ ਰੰਗੇ ਗਏ ਇਸ ਅਦੁੱਤੀ ਵਰਤਾਰੇ ਦਾ ਅਸਰ ਹੋਰਨਾਂ ਨੌਜਵਾਨਾਂ ਵਾਂਗ ਭਾਈ ਦਇਆ ਸਿੰਘ ਲਾਹੌਰੀਆ ਤੇ ਹੋਣਾ ਵੀ ਕੁਦਰਤੀ ਸੀ ।ਕਿਉਂ ਕਿ ਭਾਈ ਲਹੌਰੀਆ ਦਾ ਪਰਿਵਾਰ ਸਿੱਖ ਵਿਚਾਰਧਾਰਾ ਨੂੰ ਪੂਰੀ ਤਰਾਂ ਸਮਰਪਤ ਸੀ। ਸੰਤਾਂ ਵਲੋਂ ਸਿੱਖਾਂ ਨਾਲ ਭਾਰਤ ਸਰਕਾਰ ਵਲੋਂ ਕੀਤੇ ਜਾ ਰਹੇ ਵਿਤਕਰਿਆਂ ਬਾਰੇ ਵਿਸਥਾਰ ਸਹਿਤ ਜਦੋਂ ਭਾਈ ਦਇਆ ਸਿੰਘ ਨੇ ਜਾਣਿਆ ਤਾਂ ਉਸ ਨੂੰ ਸਿੱਖ ਕੌਮ ਭਾਰਤ ਵਿੱਚ ਪੂਰੀ ਤਰਾਂ ਬ੍ਰਾਹਮਣਵਾਦ ਦੀ ਗੁਲਾਮੀਂ ਦੇ ਜੂਲੇ ਵਿੱਚ ਜਕੜੀ ਪ੍ਰਤੀਤ ਹੋਈ ।ਇਸ ਕੌਮੀ ਗੁਲਾਮੀ ਨੂੰ ਗਲੋਂ ਲਾਹੁਣ ਲਈ 1982 ਭਾਈ ਦਇਆ ਸਿੰਘ ਨੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵਿੱਚ ਸ਼ਮੂਲੀਅਤ ਕਰ ਲਈ ਜੋ ਕਿ ਉਸ ਵਕਤ ਸਿੱਖ ਨੌਜਵਾਨਾਂ ਦੀ ਸ਼ਕਤੀਸਾਲੀ ਅਤੇ ਭਾਰਤ ਵਿੱਚ ਇੱਕ ਵਿਦਿਆਰਥੀ ਜਥੇਬੰਦੀ ਵਜੋਂ ਰਜਿਸਟਰਡ ਜਥੇਬੰਦੀ ਸੀ ।ਭਾਈ ਦਇਆ ਸਿੰਘ ਨੇ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਖਿਲਾਫ ਅਵਾਜ ਬੁਲੰਦ ਕਰਨ ਲਈ ਨੌਜਵਾਨਾਂ ਨੂੰ ਫੈਡਰੇਸ਼ਨ ਵਿੱਚ ਭਰਤੀ ਕਰਨ ਦਾ ਕਾਰਜ ਬੜੀ ਲਗਨ ਨਾਲ ਕੀਤਾ ਅਤੇ 1983 ਭਾਈ ਦਇਆ ਸਿੰਘ ਨੂੰ ਸੰਗਰੂਰ ਜਿਲ੍ਹੇ ਦਾ ਮੀਤ ਪ੍ਰਧਾਨ ਚੁਣ ਲਿਆ ਗਿਆ।ਬਤੌਰ ਮੀਤ ਪ੍ਰਧਾਨ ਭਾਈ ਦਇਆ ਸਿੰਘ ਨੇ ਦਿਨ ਰਾਤ ਸਿੱਖੀ ਦਾ ਪ੍ਰਚਾਰ ਕੀਤਾ । ਪਰ ਜੂਨ 1984 ਦੌਰਾਨ ਸਿੱਖ ਤਵਾਰੀਖ ਵਿੱਚ ਤੀਸਰਾ ਘੱਲੂਘਾਰਾ ਵਾਪਰ ਗਿਆ ।ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਹੁਕਮ ਤੇ ਭਾਰਤੀ ਫੌਜ ਨੇ ਟੈਂਕਾਂ ਅਤੇ ਤੋਪਾਂ ਨਾਲ ਸ੍ਰੀ ਦਰਬਾਰ ਸਾਹਿਬ ਤੇ ਅੱਤ ਵਾਹਿਸ਼ੀ ਹਮਲਾ ਕਰ ਦਿੱਤਾ ।ਸਾਹਿਬ ਸ੍ਰੀ ਗੁਰੁ ਗੋਬਿੰਦ ਸਿੰਘ ਜੀ ਵਲੋਂ ਚਲਾਈ ਹੋਈ ਸਤਿਕਾਰਯੋਗ ਦਮਦਮੀ ਟਕਸਾਲ ਦੇ ਜਥੇਦਾਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ,ਭਾਈ ਅਮਰੀਕ ਸਿੰਘ ਜੀ ਸਮੇਤ ਅਨੇਕਾਂ ਸਿੰਘ ਆਖਰੀ ਦਮ ਤੱਕ ਭਾਰਤੀ ਫੌਜ ਨਾਲ ਜੂਝਦੇ ਹੋਏ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਰਾਖੀ ਕਕਰਦੇ ਹੋਏ ਸ਼ਹੀਦ ਹੋ ਗਏ ।ਭਾਰਤੀ ਫੌਜ ਨੇ ਆਪਣੀ ਅਖੌਤੀ ਬਹਾਦਰੀ ਦਾ ਪ੍ਰਗਟਾਵਾ ਕਰਨ ਲਈ ਅਣਗਿਣਤ ਨਿਰਦੋਸ਼ ਸਿੱਖਾਂ ਨੂੰ ਹੱਥ ਬੰਨ੍ਹ ਬੰਨ੍ਹ ਕੇ ਗੋਲੀਆਂ ਨਾਲ ਭੁੰਨ ਦਿੱਤਾ ,ਸਿੱਖ ਰੈਫਰੈਂਸ ਲਾਇਬਰੇਰੀ ਨੂੰ ਅੱਗ ਲਗਾ ਕੇ ਭਾਰਤੀ ਫੌਜ ਨੇ ਸਾੜ ਦਿੱਤਾ ।ਇਸ ਖੂਨੀ ਘੱਲੂਘਾਰੇ ਨਾਲ ਭਾਈ ਦਇਆ ਸਿੰਘ ਬਹੁਤ ਦੁਖੀ ਹੋਇਆ ।ਹੁਣ ਉਸਨੂੰ ਆਪਣੀ ਜਿੰਦਗੀ ਇੱਕ ਬੋਝ ਜਿਹਾ ਜਾਪਣ ਲੱਗ ਪਈ ।ਉਸ ਨੇ ਇੱਕ ਹੀ ਨਿਸ਼ਾਨਾ ਮਿਥ ਲਿਆ ਕਿ ਮੈਂ ਆਪਣਾ ਜੀਵਨ ਗੁਰੁ ਪੰਥ ਨੂੰ ਪੂਰੀ ਤਰਾਂ ਅਰਪਣ ਕਰਕੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਅਤੇ ਭਾਈ ਅਮਰੀਕ ਸਿੰਘ ਜੀ ਪ੍ਰਧਾਨ ਵਲੋਂ ਵਿੱਢੇ ਕਾਰਜ ਵਿੱਚ ਯੋਗਦਾਨ ਪਾਉਣਾ ਹੈ । ਪਰ ਹੁਣ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਸਰਕਾਰ ਨੇ ਪਬੰਦੀ ਲਗਾਈ ਹੋਈ ਸੀ ਇਸ ਕਰਕੇ ਭਾਈ ਦਇਆ ਸਿੰਘ ਲਈ ਕਾਰਜ ਕਠਿਨ ਸੀ । ਭਾਈ ਦਇਆ ਸਿੰਘ ਦਾ ਦੁਚਿੱਤੀ ਅਤੇ ਬੇਚੈਨੀ ਵਿੱਚ ਸਮਾਂ ਬਤੀਤ ਹੋ ਰਿਹਾ ਸੀ ਕਿ ਐਪਰੈਲ 1985 ਨੂੰ ਖਾਲਸਾ ਪੰਥ ਦੇ ਪ੍ਰਗਟ ਦਿਹਾੜੇ ਤੇ ਪੰਜਾਬ ਦੇ ਗਵਰਨਰ ਨੇ ਫੈਡਰੇਸ਼ਨ ਤੋਂ ਪਬੰਦੀ ਹਟਾ ਦਿੱਤੀ । ਹੁਣ ਭਾਈ ਦਇਆ ਸਿੰਘ ਬੀ ,ਏ ਦੇ ਆਖਰੀ ਸਾਲ ਵਿੱਚ ਪੜਾਈ ਕਰ ਰਿਹਾ ਸੀ ।ਪਬੰਦੀ ਹਟਣ ਤੋਂ ਬਾਅਦ ਭਾਈ ਦਇਆ ਸਿੰਘ ਨੂੰ ਸਿੱਖ ਸਟੂਡੈਂਟਸ ਫੈਡਰੇਸ਼ਨ ਦਾ ਸੰਗਰੂਰ ਜਿਲ੍ਹੇ ਦਾ ਪ੍ਰਧਾਨ ਥਾਪ ਦਿੱਤਾ ਗਿਆ ।ਇਸ ਸਮੇਂ ਪੁਲਿਸ ਦੀਆਂ ਨਿਗਾਹਾਂ ਵੀ ਭਾਈ ਦਇਆ ਸਿੰਘ ਦਾ ਪਿੱਛਾ ਕਰ ਰਹੀਆਂ ਸਨ ਕਿਉਂ ਕਿ 27 ਮਾਰਚ 84 ਨੂੰ ਜਦੋਂ ਪੁਲੀਸ ਨੇ ਗ੍ਰਿਫਤਾਰ ਕੀਤਾ ਸੀ ਤਾਂ ਨੌਂ ਮਹੀਨੇ ਪਟਿਆਲਾ ਜੇਹਲ ਵਿੱਚ ਬੰਦ ਕਰੀ ਰੱਖਿਆ।ਇਸ ਤੋਂ ਬਾਅਦ ਭਾਈ ਦਇਆ ਸਿੰਘ ਕੁੱਝ ਸਮਾਂ ਘਰੇ ਰਿਹਾ ਸੀ । ਪਰ ਅਕਤੂਬਰ 1985 ਵਿੱਚ ਜਦੋਂ ਪੁਲੀਸ ਨੇ ਛਾਪੇ ਮਾਰਨੇ ਸ਼ੁਰੂ ਕੀਤੇ ਤਾਂ ਭਾਈ ਦਇਆ ਸਿੰਘ ਘਰੋਂ ਭੱਜ ਗਿਆ । ਰੂਪੋਸ਼ ਰਹਿੰਦਿਆਂ ਭਾਈ ਦਇਆ ਸਿੰਘ ਨੇ ਕੌਮ ਦੀ ਮਹਾਨ ਸੇਵਾ ਕੀਤੀ ।ਇਸੇ ਦੌਰਾਨ 20 ਅਗਸਤ 1987 ਨੂੰ ਭਾਈ ਦਇਆ ਸਿੰਘ ਦਾ ਅਨੰਦ ਕਾਰਜ ਬੀਬੀ ਕਮਲਜੀਤ ਕੌਰ ਨਾਲ ਹੋ ਗਿਆ ।ਭਾਈ ਦਇਆ ਸਿੰਘ ਨੂੰ 25 ਮਾਰਚ 1988 ਗ੍ਰਿਫਤਾਰ ਕਰ ਲਿਆ ਗਿਆ ਅਤੇ ਬੀਬੀ ਕਮਲਜੀਤ ਕੌਰ ਨੂੰ ਮਈ 1988 ਨੂੰ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਜਦੋਂ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਗਏ ਅਤੇ ਬਲੈਕ ਥੰਡਰ ਹੋ ਗਿਆ ।ਪਲੀਸ ਨੇ ਗ੍ਰਿਫਤਾਰ ਕਰਕੇ ਜੇਹਲ ਭੇਜ ਦਿੱਤਾ । ਦੂਜੇ ਪਾਸੇ ਭਾਈ ਦਇਆ ਸਿੰਘ ਤੇ ਇਸ ਵਾਰ ਪੁਲੀਸ ਨੇ ਬਹੁਤ ਹੀ ਜਿਆਦਾ ਤਸ਼ੱਦਦ ਕੀਤਾ ,ਕਾਫੀ ਸਮਾਂ ਗੈਰ ਕਨੂੰਨੀ ਹਿਰਾਸਤ ਰੱਖਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 12 ਕੇਸ ਦਰਜ ਕਰਕੇ ਨਾਭਾ ਜੇਹਲ ਵਿੱਚ ਬੰਦ ਕਰ ਦਿੱਤਾ ਗਿਆ। ਇਸ ਸਮੇਂ ਅਸੀ ਨਾਭਾ ਜੇਹਲ ਵਿੱਚ ਇਕੱਠੇ ਇੱਕ ਬੈਰਕ ਵਿੱਚ ਕਾਫੀ ਸਮਾਂ ਬਤੀਤ ਕੀਤਾ।ਭਾਈ ਦਇਆ ਸਿੰਘ ਵਿੱਚ ਅੱਜ ਵੀ ਉਹੀ ਦ੍ਰਿੜਤਾ ,ਉਹੀ ਕੌਮੀ ਜ਼ਜ਼ਬਾ ਕਾਇਮ ਹੈ ਉੱਥੇ ਉਸੇ ਹਸਮੁੱਖ ਸੁਭਾਅ ਦਾ ਧਾਰਨੀ ਹੈ ਭਾਵੇਂ ਕਿ ਉਸ ਵਕਤ ਨਾਭਾ ਅਤੇ ਸੰਗਰੂਰ ਦੀਆਂ ਸਕਿਉਰਟੀ ਜੇਹਲਾਂ ਵਿੱਚ ਸਿੰਘਾਂ ਦੀ ਗਿਣਤੀ ਬਹੁਤ ਜਿਆਦਾ ਸੀ ਅਤੇ ਹਰ ਦਿਨ ਬੜੀ ਤੇਜੀਲ਼ ਨਾਲ ਬਤੀਤ ਹੁੰਦਾ ਪ੍ਰਤੀਤ ਹੋਇਆ ਕਰਦਾ ਸੀ ।ਪਰ ਭਾਈ ਦਇਆ ਸਿੰਘ ਨੇ ਪੰਜਾਬ ਤੋਂ ਬਾਹਰਲੀਆਂ ਜੇਹਲਾਂ ਵਿੱਚ ਲੰਬਾ ਸਮਾਂ ਬਹੁਤ ਹੀ ਇਕੱਲਤਾ ਵਿੱਚ ਗੁਜਾਰਿਆ ,ਇਸ ਵਕਤ ਉਸਨੇ ਦਿਨ ਦਾ ਜਿਆਦਾ ਵਕਤ ਗੁਰਬਾਣੀ ਅਤੇ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਿਆਂ ਬਤੀਤ ਕੀਤਾ । ਖੈਰ 19 ਦਸੰਬਰ 1989 ਨੂੰ ਕੁੱਝ ਕੇਸਾਂ ਵਿੱਚੋਂ ਜ਼ਮਾਨਤਾਂ ਅਤੇ ਕੁੱਝ ਕੇਸ ਖਾਰਜ ਹੋਣ ਕਰਕੇ ਰਿਹਾਅ ਕਰ ਦਿੱਤਾ ਗਿਆ । ਪਰ ਪੁਲਿਸ ਨੇ ਭਾਈ ਦਇਆ ਸਿੰਘ ਦਾ ਪਿੱਛਾ ਨਾ ਛੱਡਿਆ 17 ਜੂਨ 1990 ਬਠਿੰਡਾ ਤੋਂ ਫੇਰ ਗ੍ਰਿਫਤਾਰ ਕਰ ਲਿਆ ਗਿਆ ਅਤੇ ਭਾਰੀ ਤਸ਼ੱਦਦ ਮਗਰੋਂ ਸੰਗਰੁਰ ਜੇਹਲ ਵਿੱਚ ਬੰਦ ਕਰ ਦਿੱਤਾ ਗਿਆ ਜਿੱਥੋਂ ਮਾਰਚ 1991 ਨੂੰ ਰਿਹਾਈ ਹੋਈ ।ਇਸ ਸਮੇਂ ਆਪਦੀ ਧਰਮ ਸਪੁਤਨੀ ਬੀਬੀ ਕਮਲਜੀਤ ਕੌਰ ਵੀ ਕਾਫੀ ਸਮਾਂ ਜੇਹਲ ਵਿੱਚ ਗੁਜ਼ਾਰ ਚੁੱਕੀ ਸੀ। ਅਖੀਰ ਭਾਈ ਦਇਆ ਸਿੰਘ ਨੇ ਆਪਣੇ ਸਾਥੀਆਂ ਸਿੰਘਾਂ ਦੀ ਸਲਾਹ ਮੰਨ ਕੇ ਵਿਦੇਸ਼ ਜਾਣ ਜਾ ਫੈਂਸਲਾ ਕਰ ਲਿਆ ਅਤੇ 3 ਅਗਸਤ 1995 ਨੂੰ ਆਪਣੀ ਧਰਮ ਸੁਪਤਨੀ ਬੀਬੀ ਕਮਲਜੀਤ ਕੌਰ ਨਾਲ ਅਮਰੀਕਾ ਪੁੱਜ ਗਏ ,ਜਿੱਥੇ ਮਾਈਨਐਪਲਸ ਹਵਾਈ ਅੱਡੇ ਤੇ ਉਤਰਦੇ ਵਕਤ ਹੀ ਗ੍ਰਿਫਤਾਰ ਕਰ ਲਿਆ ਗਿਆ । ਦੋ ਕੇਸਾਂ ਵਿੱਚ ਕੇਸਾਂ ਵਿੱਚ 17 ਜਨਵਰੀ 1997 ਨੂੰ ਅਮਰੀਕਾ ਤੋਂ ਭਾਰਤ ਡਿਪੋਰਟ ਕਰ ਦਿੱਤਾ ਗਿਆ । ਇਸ ਸਮੇਂ ਕਾਕਾ ਸੁਰਿੰਦਰ ਸਿੰਘ ਦੀ ਉਮਰ ਅਤੇ ਪੰਜ ਕੁ ਸਾਲ ਸੀ । ਜਿਸ ਨੂੰ ਕਿ ਅਮਰੀਕਾ ਵਿੱਚ ਰਹਿਣ ਦੀ ਇਜਾਜਤ ਦੇ ਦਿੱਤੀ ਗਈ । ਭਾਰਤ ਵਾਪਸੀ ਤੇ ਦੋ ਮਹੀਨੇ ਪੁਲੀਸ ਰਿਮਾਂਡ ਚੱਲਿਆ । ਮਨਿੰਦਰਜੀਤ ਬਿੱਟਾ ਤੇ ਕਾਤਲਾਨਾ ਹਮਲਾ ਕਰਨ ਅਤੇ ਰਜਿੰਦਰ ਮਿਰਧਾ, ਪੁੱਤਰ ਰਾਮ ਨਿਵਾਸ ਮਿਰਧਾ ਐਕਸ ਯੂਨੀਅਨ ਮਨਿਸਟਰ ਇੰਡੀਆ ਨੂੰ ਅਗਵਾ ਕਰਨ ਦਾ ਕੇਸ ਚਲਾਇਆ ਗਿਆ। ਬਿੱਟਾ ਤੇ ਕਾਤਲਾਨਾ ਹਮਲਾ ਕਰਨ ਦੇ ਕੇਸ ਵਿੱਚੋਂ ਬਾਇੱਜਤ ਬਰੀ ਕਰ ਦਿੱਤਾ ਗਿਆ ਪਰ ਮਿਰਧਾ ਕੇਸ ਵਿੱਚ ਉਮਰ ਕੈਦ ਹੋ ਗਈ ਅਤੇ ਉਹਨਾਂ ਦੀ ਧਰਮਸੁਪਤਨੀ ਬੀਬੀ ਕਲਮਜੀਤ ਕੌਰ ਨੂੰ ਸੱਤ ਸਾਲ ਦੀ ਸਜ਼ਾ ਸੁਣਾਈ ਗਈ । ਜਦੋਂ ਇਹਨਾਂ ਦੋਹਾਂ ਨੂੰ ਭਾਰਤ ਵਾਪਸ ਭੇਜਿਆ ਗਿਆ ਸੀ ਤਾਂ ਇਹ ਹਾਵਾਲਗੀ 1931 ਦੀ ਕਾਮਨਵੈਲਥ ਸੰਧੀ ਅਧੀਨ ਹੋਈ ਸੀ ।ਪਰ ਭਾਰਤ ਲਿਆ ਕੇ 364 ਕਿੱਡਨੈਪ ਏ .ਆਈ . ਪੀ ਸੀ ਦੀ ਧਾਰਾ ਲਗਾ ਗਈ ਅਤੇ ਦੋ ਕੇਸਾਂ ਵਿੱਚ ਹਵਾਲਗੀ ਹੋਣ ਦੇ ਬਾਵਜੂਦ ਭਾਰਤ ਲਿਆ ਕੇ ਨੌਂ ਹੋਰ ਪਾ ਦਿੱਤੇ ਗਏ । ਜਿਹਨਾਂ ਵਿੱਚ ਹਾਵਾਲਗੀ ਨਹੀਂ ਹੋਈ ਸੀ । ਜਦੋਂ ਭਾਰਤ ਹਾਵਲਾਗੀ ਹੋਈ ਤਾਂ ਉਸ ਅਨੁਸਾਰ ਨਾ ਤਾਂ ਪੁਲਿਸ ਤਸ਼ੱਦਦ ਕਰ ਸਕਦੀ ਸੀ ਅਤੇ ਨਾ ਹੀ ਹੋਰ ਕੇਸ ਪਾਇਆ ਜਾ ਸਕਦਾ ਸੀ ਪਰ ਭਾਈ ਦਇਆ ਸਿੰਘ ਤੇ ਪੁਲਿਸ ਰਿਮਾਂਡ ਵਿੱਚ ਤਸ਼ੱਦਦ ਵੀ ਕੀਤਾ ਗਿਆ ਅਤੇ ਨੌੰ ਹੋਰ ਕੇਸ ਵੀ ਪਾਏ ਗਏ ।ਮਿਰਧਾ ਅਗਵਾ ਕੇਸ ਵਿੱਚ ਭਾਈ ਦਇਆ ਸਿੰਘ ਨੂੰ ਉਮਰ ਕੈਦ ਅਤੇ ਬੀਬੀ ਕਮਲਜੀਤ ਕੌਰ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ ।ਅੱਜ 21 ਸਾਲ ਹੋ ਚੁੱਕੇ ਹਨ ਅਜੇ ਵੀ ਕੋਈ ਆਸ ਨਹੀਂ ਕਿ ਕਦੋਂ ਸਾਡਾ ਬਹੁਤ ਹੀ ਪਿਆਰਾ ਵੀਰ ਰਿਹਾਅ ਹੋਵੇਗਾ ।ਜਦਕਿ 14 ਸਾਲ ਬਾਅਦ ਆਮ ਤੌਰ ਤੇ ਉਮਰ ਕੈਦੀ ਦੀ ਰਿਹਾਈ ਨਕਸ਼ਾ ਪਾਸ ਹੋਣ ਤੇ ਹੋ ਜਾਂਦੀ ਹੈ ਜੋ ਕਿ 12 ਦਸੰਬਰ 1978 ਤੋਂ ਪਹਿਲਾਂ ਉਮਰ ਕੈਦੀ ਦੀ ਰਿਹਾਈ ਸੱਤ ਸਾਲ ਬਾਅਦ ਨਕਸ਼ਾ ਪਾਸ ਹੋਣ ਤੇ ਹੋ ਜਾਂਦੀ ਸੀ । ਪਰ ਸਿੱਖ ਭਾਵੇਂ 25 ਸਾਲ ਵੀ ਜੇਹਲ ਵਿੱਚ ਗੁਜ਼ਾਰ ਦੇਣ ਉਹਨਾਂ ਦੀ ਰਿਹਾਈ ਨਹੀਂ ਹੁੰਦੀ ਕਿਉਂ ਕਿ ਭਾਰਤੀ ਕਨੂੰਨ ਇੱਕ ਹੈ ਪਰ ਇਸਦਾ ਸਿੱਖਾਂ ਪ੍ਰਤੀ ਰਵੱਈਆ ਹੋਰ ਹੈ ਅਤੇ ਹਿੰਦੂਆਂ ਪ੍ਰਤੀ ਰਵੱਈਆ ਹੋਰ ਹੈ। ਇਸ ਦਾ ਕਾਰਨ ਇੱਕੋ ਇੱਕ ਹੈ ਕਿ ਸਿੱਖ ਭਾਰਤ ਵਿੱਚ ਗੁਲਾਮ ਹਨ ਅਤੇ ਸਿੱਖਾਂ ਨੂੰ ਇਸ ਗੁਲਾਮੀਂ ਦਾ ਪੂਰੀ ਤਰਾਂ ਅਹਿਸਾਸ ਕਰਕੇ ਕੌਮੀ ਅਜਾਦੀ ਹਿੱਤ ਚੱਲ ਰਹੇ ਅਜਾਦ ਸਿੱਖ ਰਾਜ ਖਾਲਿਸਤਾਨ ਲਈ ਸੰਘਰਸ਼ ਕਰ ਰਹੇ ਕਾਫਲੇ ਦੇ ਹਮਸਫਰ ਬਣਨ ਦੀ ਲੋੜ ਹੈ। ਅਰਦਾਸ ਹੈ ਕਿ ਵਾਹਿਗੁਰੂ ਸਾਡੇ ਵੀਰ ਭਾਈ ਦਇਆ ਸਿੰਘ ਲਾਹੌਰੀਆ ਦੀ ਜਲਦੀ ਬੰਦ ਖਲਾਸੀ ਕਰਨ ,ਤਾਂ ਕਿ ਬੁਢਾਪੇ ਦੀਆਂ ਦਹਿਲੀਜ਼ਾਂ ਤੇ ਪੁੱਜ ਚੁੱਕਾ ਸਾਡਾ ਭਰਾ ਰਹਿੰਦੀ ਜਿੰਦਗੀ ਆਪਣੇ ਪਰਿਵਾਰ ਵਿੱਚ ਬਿਤਾ ਸਕੇ ।
ਗੁਰੂ ਪੰਥ ਦਾ ਦਾਸ --ਲਵਸ਼ਿੰਦਰ ਸਿੰਘ ਡੱਲੇਵਾਲ ਯੂ,ਕੇ ,ਫੋਨ -- 00447825 813301